Dr. Amarjit Tanda Bahut Suchet Ate Jaagrook Kavi Hai : Surjit Patar

ਡਾ. ਅਮਰਜੀਤ ਟਾਂਡਾ ਬਹੁਤ ਸੁਚੇਤ ਅਤੇ ਜਾਗਰੂਕ ਕਵੀ ਹੈ : ਡਾ ਸੁਰਜੀਤ ਪਾਤਰ

ਪੀ ਏ ਯੂ ਖੇਤੀਬਾੜੀ ਅਤੇ ਵਿਗਿਆਨ ਦੀ ਯੂਨੀਵਰਸਿਟੀ ਹੈ ਪਰ ਇਸ ਦਾ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨਾਲ ਰਿਸ਼ਤਾ ਵੀ ਬਹੁਤ ਗੂੜ੍ਹਾ ਹੈ । ਇਹ ਪੰਜਾਬ ਦੇ ਯੁਗ- ਪੁਰਸ਼ ਡਾ ਮਹਿੰਦਰ ਸਿੰਘ ਰੰਧਾਵਾ ਦੇ ਪਿਆਰ ਅਤੇ ਸੋਚ ਸਦਕਾ ਸੰਭਵ ਹੋਇਆ ਜਿਹੜੇ ਕਈ ਸਾਲ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ । ਉਹ ਮਹਾ-ਕਵੀ ਮੋਹਨ ਸਿੰਘ ਨੂੰ ਏਥੇ ਲੈ ਕੇ ਆਏ, ਕੁਲਵੰਤ ਸਿੰਘ ਵਿਰਕ ਨੂੰ , ਗੁਲਜ਼ਾਰ ਸਿੰਘ ਸੰਧੂ ਨੂੰ, ਸੰਤ ਸਿੰਘ ਸੇਖੋਂ ਨੂੰ । ਡਾ ਸਾਧੂ ਸਿੰਘ, ਪ੍ਰੋ ਅਮਰਜੀਤ ਸਿੰਘ, ਸ ਸ ਦੁਸਾਂਝ, ਸ ਨ ਸੇਵਕ, ਅਜਾਇਬ ਚਿਤ੍ਰਕਾਰ, ਕ੍ਰਿਸ਼ਨ ਅਦੀਬ, ਮੋਹਨਜੀਤ, ਰਣਧੀਰ ਸਿੰਘ ਚੰਦ, ਆਤਮ ਹਮਰਾਹੀ, ਗੁਰਭਜਨ ਗਿੱਲ, ਫ਼ਕੀਰ ਚੰਦ ਸ਼ੁਕਲਾ, ਡਾ ਜਗਦੀਸ਼ ਕੌਰ, ਦੇਵਿੰਦਰ ਦਿਲਰੂਪ, ਮਨੂ ਸ਼ਰਮਾ ਤੇ ਹੋਰ ਬਹੁਤ ਸਾਰੇ ਸਾਹਿਤਕਾਰਾਂ ਦੇ ਨਾਮ ਇਸ ਯੂਨੀਵਰਿਸਟੀ ਦੇ ਸਟਾਫ਼ ਵਿਚ ਸ਼ਾਮਲ ਹਨ ।

ਇਸ ਦੀਆਂ ਫ਼ਿਜ਼ਾਵਾਂ ਵਿਚ ਸਾਹਿਤ ਸਦਾ ਘੁਲਿਆ ਰਿਹਾ ।ਇਸ ਦੇ ਪੱਥਰਾਂ ਤੇ ਵੀ ਕਵਿਤਾ ਉੱਕਰੀ ਹੋਈ ਹੈ । ਸ਼ਾਇਦ ਏਹੀ ਕਾਰਣ ਹੈ ਕਿ ਇਸ ਦੇ ਵਿਦਆਰਥੀਆਂ ਵਿਚੋਂ ਵੀ ਬਹੁਤ ਸਾਰਿਆਂ ਨੇ ਸਾਹਿਤ ਦੀ ਦੁਨੀਆ ਵਿਚ ਨਾਮ ਕਮਾਇਆ : ਅਮਰਜੀਤ ਗਰੇਵਾਲ, ਸੁਖਚੈਨ, ਸੁਖਪਾਲ, ਗੁਰਸ਼ਰਨ ਰੰਧਾਵਾ, ਜਨਮੇਜਾ ਜੌਹਲ, ਸ਼ਰਨਜੀਤ ਮਣਕੂ । ਬੰਗਾਲ ਦਾ ਜੰਮਿਆ ਪ੍ਰਦੀਪ ਬੋਸ ਵੀ ਏਥੇ ਆ ਕੇ ਪੰਜਾਬੀ ਵਿਚ ਕਵਿਤਾ ਲਿਖਣ ਲੱਗ ਪਿਆ।

ਇਨ੍ਹਾਂ ਵਿਦਆਰਥੀਆਂ ਵਿਚ ਹੀ ਸ਼ਾਮਲ ਹੈ ਡਾ ਅਮਰਜੀਤ ਸਿੰਘ ਟਾਂਡਾ ਦਾ ਨਾਮ । ਡਾ ਅਮਰਜੀਤ ਟਾਂਡਾ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਵੀ ਰਿਹਾ ਤੇ ਫਿਰ ਇਸ ਦੇ ਸਟਾਫ਼ ਵਿਚ ਹੀ ਕੀਟ ਵਿਗਆਨੀ ਦੇ ਤੌਰ ਤੇ ਸ਼ਾਮਲ ਰਿਹਾ ।

ਹੁਣ ਬਹੁਤ ਸਾਲਾਂ ਤੋਂ ਉਹ ਆਸਟ੍ਰੇਲੀਆ ਦਾ ਵਾਸੀ ਹੈ।

ਕਵਿਤਾ ਦੇ ਖੇਤਰ ਵਿਚ ਕੁਝ ਕਰ ਗੁਜ਼ਰਨ ਦੀ ਤੜਪ, ਲਗਨ ਅਤੇ ਮਿਹਨਤ ਡਾ ਅਮਰਜੀਤ ਟਾਂਡਾ ਦੀ ਅਨੂਠੀ ਵਿਸ਼ੇਸ਼ਤਾ ਹੈ।

ਉਹ ਬਹੁਤ ਸੁਚੇਤ ਅਤੇ ਜਾਗਰੂਕ ਕਵੀ ਹੈ ।

ਉਸ ਦੀਆਂ ਕਵਿਤਾਵਾਂ ਕਵਿਤਾ ਦੇ ਜਗਤ ਦੀਆਂ ਬਹਤ ਸਾਰੀਆਂ ਮਸ਼ਹੂਰ ਰੀਤਾਂ ਨੂੰ ਆਤਮਸਾਤ ਕਰਦੀਆਂ ਹਨ ।

ਉਸ ਦੀ ਕਾਵਿ-ਭਾਸ਼ਾ ਤੋਂ ਇਹ ਅਹਿਸਾਸ ਬੜੀ ਸ਼ਿੱਦਤ ਨਾਲ ਹੁੰਦਾ ਹੈ ਕਿ ਉਹ ਸਿਰਫ਼ ਕਵਿਤਾ ਦਾ ਲਿਖਾਰੀ ਹੀ ਨਹੀਂ ਕਵਿਤਾ ਦਾ ਬਹੁਤ ਸੁਜੱਗ ਤੇ ਨਿਰੰਤਰ ਪਾਠਕ ਵੀ ਹੈ ।

ਉਹ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਤੋਂ ਵੀ ਅਣਭਿੱਜ ਨਹੀਂ । ਇਨ੍ਹਾਂ ਘਟਨਾਵਾਂ ਅਤੇ ਵਰਤਾਰਿਆਂ ਦੀ ਕਲਾਮਈ ਪੇਸ਼ਕਾਰੀ ਉਸਦੀ ਕਵਿਤਾ ਨੂੰ ਸਮੇਂ ਦੀ ਹਾਣੀ ਬਣਾਉਂਦੀ ਹੈ । ਸਿਰਫ਼ ਪੇਸ਼ਕਾਰੀ ਹੀ ਨਹੀਂ, ਇਨ੍ਹਾਂ ਦਾ ਮੁੱਲੰਕਣ ਅਤੇ ਨਿਰਖ ਪਰਖ ਵੀ ਉਸ ਦੀ ਕਵਿਤਾ ਦਾ ਹਿੱਸਾ ਬਣਦੇ ਹਨ ।

ਸਰੋਦੀ ਵਹਾਅ ਉਸ ਦੀ ਕਵਿਤਾ ਨੂੰ ਸਫ਼ਿਆਂ ਤੇ ਫੈਲਣ ਦੀ ਤੌਫ਼ੀਕ ਬਖ਼ਸ਼ਦਾ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਵਲ ਤੇ ਲੇਖ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ