Bahadur Shah Zafar ਬਹਾਦੁਰ ਸ਼ਾਹ ਜ਼ਫ਼ਰ
ਬਹਾਦੁਰ ਸ਼ਾਹ ਜ਼ਫ਼ਰ (ਅਕਤੂਬਰ, ੧੭੭੫-੭ ਨਵੰਬਰ, ੧੮੬੨) ਭਾਰਤ ਦੇ ਅੰਤਿਮ ਮੁਗ਼ਲ ਬਾਦਸ਼ਾਹ ਸਨ । ਉਹ ੨੮ ਸਿਤੰਬਰ ੧੮੩੭ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਦ ਬਾਦਸ਼ਾਹ ਬਣੇ । ਉਨ੍ਹਾਂ ਦਾ ਰਾਜ ਲਗਭਗ ਲਾਲ ਕਿਲੇ ਦੀਆਂ ਦੀਵਾਰਾਂ ਤੱਕ ਸੀਮਿਤ ਸੀ । ਉਨ੍ਹਾਂ ਨੇ ਉਰਦੂ ਵਿੱਚ ਕਾਫੀ ਗ਼ਜ਼ਲਾਂ ਲਿਖੀਆਂ, ਜੋ 'ਕੁਲੀਯਾਤੇ-ਜ਼ਫ਼ਰ' ਵਿਚ ਦਰਜ਼ ਹਨ । ਉਨ੍ਹਾਂ ਦੇ ਨਾਂ-ਧਰੀਕ ਦਰਬਾਰ ਵਿੱਚ ਗ਼ਾਲਿਬ, ਦਾਗ਼, ਮੋਮਿਨ ਅਤੇ ਜ਼ੌਕ ਦਾ ਆਉਣਾ ਜਾਣਾ ਆਮ ਸੀ । ਉਹ ਪੱਕੇ ਸੂਫੀ ਸਨ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਸਨ ।ਉਨ੍ਹਾਂ ਨੇ ੧੮੫੭ ਦੀ ਜੰਗੇ-ਆਜ਼ਾਦੀ ਵਿੱਚ ਹਿੱਸਾ ਲਿਆ । ਅਮਗ੍ਰੇਜ਼ਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੰਗੂਨ (ਬਰਮਾ) ਭੇਜ ਦਿੱਤਾ । ਉਨ੍ਹਾਂ ਨੂੰ ਕੈਦ ਵਿੱਚ ਲਿਖਣ ਲਈ ਕਾਗਜ਼ ਤੇ ਕਲਮ ਨਾ ਦਿੱਤੇ ਗਏ । ਉਨ੍ਹਾਂ ਨੇ ਆਪਣੀ ਮਸ਼ਹੂਰ ਗ਼ਜ਼ਲ 'ਲਗਤਾ ਨਹੀਂ ਹੈ ਜੀ (ਦਿਲ) ਮੇਰਾ ਉਜੜੇ ਦਯਾਰ ਮੇਂ' ਆਪਣੇ ਕਮਰੇ ਦੀਆਂ ਕੰਧਾਂ ਉੱਤੇ ਜਲੀ ਹੋਈ ਲਕੜੀ ਨਾਲ ਲਿਖੀ ।