Badshah Darvesh Guru Gobind Singh : Inderjit Singh Tulsi

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ : ਇੰਦਰਜੀਤ ਸਿੰਘ ਤੁਲਸੀ


ਕਲਮੇਂ ਮੇਰੀਏ

ਚੂਪ ਨੀ ਕਲਮੇਂ ਮੇਰੀਏ ਰਸ ਦੀ ਪੋਰੀ ਚੂਪ ਸਤਿਗੁਰ ਚਰਨੀਂ ਬੈਠ ਕੇ ਖੇਡਾਂ ਖੇਡ ਅਨੂਪ ਖੋਲ੍ਹ ਨੀ ਕਲਮੀਂ ਮੇਰੀਏ ਮਨ ਦੀ ਘੁੰਡੀ ਖੋਲ੍ਹ ਡੋਲ੍ਹ ਨੀ ਕਲਮੇਂ ਮੇਰੀਏ ਦਿਲ ਦੀ ਰੰਗਤ ਡੋਲ੍ਹ ਪਹਿਣ ਨੀ ਕਲਮੇਂ ਮੇਰੀਏ ਨੂਰੀ ਕੋਈ ਲਿਬਾਸ ਦਸਮ ਦਵਾਰੇ ਚਾੜ੍ਹ ਲੈ ਆਪਣੇ ਸਾਸ ਸਵਾਸ ਗਾ ਨੀ ਕਲਮੇਂ ਮੇਰੀਏ ਅਣਗਾਇਆ ਕੋਈ ਗੀਤ ਛੋਹ ਨੀ ਕਲਮੇਂ ਮੇਰੀਏ ਅਣਛੋਹਿਆ ਸੰਗੀਤ ਬੋਲ ਨੀ ਕਲਮੇਂ ਮੇਰੀਏ ਕੀ ਮੰਗਣੀ ਏਂ ਹੋਰ ਵੱਸ ਗਿਆ ਹੈ ਸੱਸੀਏ ਤੇਰਾ ਸ਼ਹਿਰ ਭੰਭੋਰ ਰਾਮ ਕਥਾ ਜੁਗ ਜੁਗ ਅਟੱਲ ਬੋਲ ਰਹੀ ਰਾਮਾਇਣ ਲਿਖ ਦੇ ਗੁਰੂ ਗੋਬਿੰਦ ਦੀ ਤੂੰ ਵੀ ਗੋਬਿੰਦਾਇਣ ।

ਹੇਮ ਕੁੰਟ ਪਰਬਤ ਹੈ ਜਹਾਂ

ਦੱਸ ਨੀ ਕਲਮੇਂ ਮੇਰੀਏ ਪਿਛਲੇ ਜੁਗ ਦੀ ਬਾਤ ਕਿੰਜ ਮਿਲੀ ਇਸ ਜਗ ਨੂੰ ਇਕ ਇਲਾਹੀ ਦਾਤ ਸੁਣਿਐਂ ਕੁਲ ਹਿਮਾਲੀਆ ਉਸ ਦਿਨ ਉੱਠਿਆ ਨੱਚ ਜਿਸ ਦਮ ਹੇਠਾਂ ਲੱਥਿਆ ਆਦਿ ਜੁਗਾਦੀ ਸੱਚ ਸੁਣਿਐਂ ਸਪਤ ਸਰਿੰਗ ਤੇ ਹੋਇਆ ਜਦ ਪਰਕਾਸ਼ ਧਰਤੀ ਤਾਈਂ ਟੇਕਿਆ ਮੱਥਾ ਖ਼ੁਦ ਆਕਾਸ਼ ਹਿਮਗਰੀਆਂ ਤੇ ਉੱਠਿਆ ਕੋਈ ਨਿਰਾਲਾ ਨੂਰ ਸਾਰਾ ਪਰਬਤ ਹੋ ਗਿਆ ਜਲਵਾ-ਏ-ਕੋਹਤੂਰ ਨੀਲੀ ਭਾਹ ਸੀ ਮਾਰਦੀ ਬਰਫ਼ਾਂ ਦੀ ਲਿਸ਼ਕਾਰ ਕੁਦਰਤ ਰਾਸ ਰਚਾਂਵਦੀ ਬਣ ਕੇ ਕ੍ਰਿਸ਼ਨ ਮੁਰਾਰ ਹੇਮਕੁੰਟ ਦੀ ਬਰਫ਼ `ਚੋਂ ਜੋਤ ਹੋਈ ਪ੍ਰਚੰਡ ਕੀਤੀ ਜਿਸ ਦੀ ਆਰਤੀ ਸਾਰੇ ਹੀ ਬ੍ਰਹਿਮੰਡ ਬੈਠਾ ਮਹਾਂ ਤਪੱਸਵੀ ਹੋ ਕੇ ਅਛੂ ਅਛੇਦ ਬਿਰਤੀ ਪੁਰਖ ਅਕਾਲ ਦੇ ਚਰਣਾਂ ਵਿਚ ਅਭੇਦ ਮਹਾਂ ਨੂਰ ਦੇ ਨੂਰ ਦਾ ਨੂਰੀ ਇਕ ਆਕਾਰ ਸੁਗਮ ਸੁਯੰਭ੍ਵ ਰੂਪ ਹੈ ਤੇਜਵੰਤ ਦੀਦਾਰ ਜਿਸ ਦੀ ਲਗਨ ਅਡਿੱਗ ਹੈ ਜਿਸ ਦਾ ਸਬਰ ਅਡੋਲ ਜਿਸ ਦਾ ਹਰ ਇਕ ਹੌਸਲਾ ਪਰਬਤ ਜਿਹਾ ਅਤੋਲ ਅਜ ਦਵੈ ਤੋਂ ਹੋ ਗਿਆ ਇਕੋ ਰੂਪ ਸਰੂਪ ਚਾਨਣ ਦਾ ਹੜ੍ਹ ਆ ਗਿਆ ਭਰ ਗਏ ਅੰਧਲੇ ਕੂਪ ਕਲ ਵਲ ਵਹਿੰਦੀ ਰੋਸ਼ਨੀ ਦੌੜੀ ਧਰਤੀ ਵੱਲ ਚੁੰਮ ਰਹੀ ਆਕਾਸ਼ ਨੂੰ ਉਸ ਦੀ ਹਰ ਇਕ ਛੱਲ ਗੰਗਾ ਵਿਚ ਵੀ ਜਾ ਮਿਲੀ ਬਣ ਕੇ ਗੰਗ ਤਰੰਗ ਜਮਨਾ ਨਾਲ ਵੀ ਟੁਰ ਪਈ ਕਰ ਕਰਕੇ ਸਤ ਸੰਗ ਸਰਸਵਤੀ ਦੀ ਜੋਤਿਕਾ ਜਾ ਪਹੁੰਚੀ ਪਰਯਾਗ ਮਾਨਵਤਾ ਦੀ ਮਾਂਗ ਦਾ ਗਾਉਂਦੀ ਫਿਰੇ ਸੁਹਾਗ ਕਰ ਕਰ ਤੀਰਥ ਯਾਤਰਾ ਨਾਵੇਂ ਗੁਰੂ ਹਜ਼ੂਰ ਰਹਿੰਦੇ ਅੱਠੇ ਪਹਿਰ ਸੀ ਬਾਣੀ ਵਿਚ ਮਖ਼ਮੂਰ ਤੇਗ਼ ਬਹਾਦਰ ਸਾਹਿਬ ਨੂੰ ਹੋਇਆ ਇਕ ਇਲਹਾਮ ਪੀਣਾ ਪਊ ਸ਼ਹਾਦਤੀ ਇਕ ਦਿਨ ਅਰਸ਼ੀ ਜਾਮ ਧਰਮ ਧੁਰਿੰਦਰ ਹਰ ਘੜੀ ਏਹੀਓ ਸੋਚ ਦੁੜੌਣ ਕਰੂ ਧਰਮ ਦੀ ਰੱਖਿਆ ਸਾਡੇ ਪਿਛੋਂ ਕੌਣ ਕਿਸ ਨੇ ਜ਼ਿੰਦਾ ਰਖਣੀ ਦੇਸ਼ ਧਰਮ ਦੀ ਸ਼ਾਨ ਮੁਰਦਾ ਕੌਮ 'ਚ ਪਾਵਣੀ ਕਿਸ ਨੇ ਮੁੜ ਕੇ ਜਾਨ ਸਤਿਗੁਰ ਕਰਦੇ ਬੇਨਤੀ ਸੁਣ ਮੇਰੇ ਸਿਰਜਨਹਾਰ ਬਖ਼ਸ਼ੋ ਦਸਵੀਂ ਜੋਤ ਨੂੰ ਖੋਲ੍ਹੋ ਦਸਮ ਦਵਾਰ ਅਰਜ਼ ਸੁਣੀਂ ਦਾਤਾਰ ਨੇ ਤੁੱਠੇ ਪੁਰਖ ਅਕਾਲ ਮਹਾਂ ਤੇਜ ਨੇ ਤੇਜ ਨੂੰ ਲਾਇਆ ਛਾਤੀ ਨਾਲ ਬੋਲੇ ਸਿਰਜਨਹਾਰ ਸੀ ਉੱਠ ਮੇਰੇ ਲਾਲ ਅਟੱਲ ਮੁਸ਼ਕਲ ਪਰਚਾ ਵਕਤ ਦਾ ਤੂੰਹੀਓਂ ਕਰਣਾ ਹੱਲ ਮੈਂ ਆਪਣਾ ਸੂਤ ਅੱਜ ਤੋਂ ਤੈਨੂੰ ਦਿਆਂ ਨਿਵਾਜ ਉੱਠ ਮੇਰੇ ਪੁੱਤਰ ਲਾਡਲੇ ਰੱਖ ਧਰਮ ਦੀ ਲਾਜ ਪੰਥ ਮੇਰਾ ਇਕ ਸਾਜ ਦੇ ਖ਼ਾਲਸ ਤੇ ਬਲਬੀਰ ਟੋਰੀਂ ਮੇਰੀ ਜਗ ਤੇ ਅਸਲੀ ਤੂੰ ਤਸਵੀਰ ਅਗੋਂ ਸਿਰਜਨਹਾਰ ਨੂੰ ਕਿਹਾ ਇਲਾਹੀ ਨੂਰ ਚਰਣਾਂ 'ਚੋਂ ਦਾਤਾਰ ਜੀ ਮੈਨੂੰ ਕਰੋ ਨਾ ਦੂਰ ਤੁੱਛ ਜਿਹਾ ਮੈਂ ਭਗਤ ਹਾਂ ਅਜੇ ਨਿਮਾਣਾ ਬਾਲ ਸ਼ਾਇਦ ਸੱਕਾਂ ਤੋੜ ਨਾ ਮੋਹ ਮਮਤਾ ਦੇ ਜਾਲ ਬੋਲੇ ਤਦ ਦਾਤਾਰ ਸੀ ਸੁਣ ਮੇਰੇ ਸੁਤ ਗੋਬਿੰਦ ਸਭ ਕੁਝ ਹੱਥੀਂ ਵਾਰ ਕੇ ਬਣਨਾਂ ਤੂੰ ਬਖ਼ਸ਼ਿੰਦ ਉਠ ਮੇਰੇ ਬੀਰ ਬਹਾਦਰਾ ਮੇਰੀ ਫ਼ਤਹਿ ਗਜਾ ਝੰਡਾ ਇਕ ਓਅੰਕਾਰ ਦਾ ਦੁਨੀਆਂ ਵਿਚ ਝੁਲਾ ਹੱਥ ਜੋੜ ਗੋਬਿੰਦ ਨੇ ਇੰਜ ਚਲਾਈ ਬਾਤ “ਮੇਰਾ ਮੁਝ ਮੇਂ ਕੁਛ ਨਹੀਂ ਸਭ ਕੁਛ ਤੇਰੀ ਦਾਤ" ਮੱਨੋ ਮੇਰੀ ਬੇਨਤੀ ਅਰਜ਼ ਕਰਾਂ ਸਿਰ ਨਿਆਏ “ਪੰਥ ਚਲੇ ਤਬ ਜਗਤ ਮੈਂ ਜਬ ਤੁਮ ਹੋਹੁ ਸਹਾਏ" ਦੇ ਕੇ ਕੰਡ ਤੇ ਥਾਪੜਾ ਹੱਥੀਂ ਪੁਰਖ ਅਕਾਲ ਧਰਤੀ ਉਤੇ ਟੋਰਿਆ ਆਪਣਾ ਗੋਬਿੰਦ ਲਾਲ ਦੱਸ ਨੀ ਕਲਮੇਂ ਮੇਰੀਏ ਓਸ ਸਮੇਂ ਦਾ ਹਾਲ ਜਿਸ ਦਮ ਆਏ ਜਗ ਤੇ ਦੁਨੀਆਂ ਦੇ ਪ੍ਰਿਤਪਾਲ ਓਸ ਵਕਤ ਦੇ ਦਸ ਦੇ ਸਾਰੇ ਅੱਤਿਆਚਾਰ ਦਯਾ ਧਰਮ ਤੇ ਹੋ ਰਹੇ ਕਿੱਦਾਂ ਦੇ ਸਨ ਵਾਰ ਇਹ ਵੀ ਕਲਮੇਂ ਦਸ ਦੇ ਸੱਚੇ ਸਿਰਜਨਹਾਰ ਕਿੱਦਾਂ ਲਾਇਆ ਆਪਣਾ ਸੱਚ ਖੰਡ ਵਿਚ ਦਰਬਾਰ ਕਿੱਦਾਂ ਕੀਤੀ ਧਰਤ ਨੇ ਆਪਣੀ ਕੂਕ ਪੁਕਾਰ ਕਿੱਦਾਂ ਸੁਣ ਕੇ ਬੇਨਤੀ ਬਹੁੜੇ ਬਹੁੜਣ ਹਾਰ ਕਿੱਦਾਂ ਬਦਲੀ ਰੱਬ ਨੇ ਜ਼ੁਲਮਾਂ ਵਾਲੀ ਰੁੱਤ ਸੱਚ ਖੰਡ ਵਿਚੋਂ ਟੋਰਿਆ ਕਿੱਦਾਂ ਆਪਣਾ ਪੁੱਤ ਸੁਣ ਵੇ ਕਵੀਆ ਤੁਲਸੀਆ ਕਰਦੀ ਕਲਮ ਬਿਖਾਨ ਓਸ ਵਕਤ ਦੇ ਹਾਲ ਨੂੰ ਏਦਾਂ ਕਰਾਂ ਬਿਆਨ :-

ਧਰਤੀ ਕਰੇ ਪੁਕਾਰ ਬਹੁੜੋ ਹੇ ਕਰਤਾਰ

(ਆਗਮਨ) ਜਦ ਭਾਰਤ ਦੇ ਵਿਚ ਵਧ ਗਏ ਸਨ ਥਾਂ ਥਾਂ ਅਤਿਆਚਾਰ ਜਦ ਮੰਡੀ ਲੱਗੀ ਲਹੂ ਦੀ ਸਨ ਲੋਥਾਂ ਦੇ ਬਿਓਪਾਰ ਜਦ ਦੇਸ਼ ਮਸਾਣਾਂ ਹਾਰ ਸੀ ਤੇ ਕੌਮਾਂ ਸਨ ਮੁਰਦਾਰ ਜਦ ਆਪੋ ਧਾਪੀ ਪੈ ਗਈ ਜਦ ਵੱਧ ਗਈ ਮਿੱਤਰ ਮਾਰ ਜਦ ਭੂਤ ਚੁੜੇਲਾਂ ਡੈਣ ਦਾ ਸੀ ਘਰ ਘਰ ਭਰਮ ਵਿਚਾਰ ਜਦ ਜਾਦੂ ਟੂਣੇ ਵਰਤਦੇ ਸਨ ਮੂਰਖ ਮੂੜ੍ਹ ਗਵਾਰ ਜਦ ਧਰਤੀ ਦੀ ਹਿੱਕ ਆਫ਼ਰੀ ਤੇ ਜੀਣਾ ਸੀ ਦੁਸ਼ਵਾਰ ਜਦ ਰਾਜਾ ਪਰਜਾ ਕੂੜ ਸੀ ਜਦ ਕੂੜਾ ਸੀ ਸੰਸਾਰ ਜਦ ਕੂੜੇ ਮੰਡਪ ਮਾੜੀਆਂ ਜਦ ਕੂੜੇ ਬੈਸਣਹਾਰ ਜਦ ਕੂੜਾ ਰੁਪਾ ਸੋਇਨਾ ਜਦ ਕੂੜਾ ਪੈਨੁਣ ਹਾਰ ਜਦ ਕਾਇਆਂ ਕਪੜ ਕੂੜ ਸੀ ਜਦ ਕੂੜਾ ਰੂਪ ਅਪਾਰ ਜਦ ਚੇਲੇ ਸਾਜ਼ ਵਜਾਂਵਦੇ ਜਦ ਨੱਚਣ ਗੁਰੂ ਨਚਾਰ ਜਦ ਫੱਕੜ ਸਾਧੂ ਸੰਤ ਵੀ ਸਨ ਦੇਂਦੇ ਪਏ ਬੇਗਾਰ ਜਦ ਕਾਮੇ ਦੇ ਹੱਡ ਤੋੜ ਕੇ ਤੇ ਚਰਬੀ ਲਈ ਪੰਘਾਰ ਜਦ ਹੱਥੀਂ ਵੱਢ ਕੇ ਕਾਫ਼ਲੇ ਨਚ ਉੱਠੇ ਸਨ ਸਰਦਾਰ ਜਦ ਸੰਨ੍ਹ ਲਾਈਆਂ ਆਪ ਹੀ ਘਰ ਘਰ ਵਿਚ ਪਹਿਰੇਦਾਰ ਜਦ ਮੰਗਦੇ ਸੀ ਮੂੰਹ ਪਾੜ ਕੇ ਖ਼ੁਦ ਵੱਢੀ ਅਹੁਦੇਦਾਰ ਜਦ ਖੇਤ ਨੂੰ ਖਾ ਕੇ ਵਾੜ ਨੇ ਸਨ ਮਾਰੇ ਭੁਸ ਡਕਾਰ ਜਦ ਹੁਸਨ ਬਜ਼ਾਰੀਂ ਚੜ੍ਹ ਗਿਆ ਸੁਣ ਪੈਸੇ ਦੀ ਛਣਕਾਰ ਜਦ ਧੂਹ ਕੇ ਲੈ ਗਏ ਡੋਲੀਓਂ ਖ਼ੁਦ ਦੁਲਹਨ ਆਪ ਕਹਾਰ ਜਦ ਪਿੱਟੀ ਮਾਰ ਦੁਹੱਥੜਾਂ ਸਭ ਸਤ ਸਤਵੰਤੀ ਨਾਰ ਜਦ ਪੁੰਨ ਦਾ ਬੇੜਾ ਡੁੱਬਿਆ ਜਦ ਪਾਪ ਦਾ ਬੇੜਾ ਪਾਰ ਜਦ ਚਾਨਣ ਦਾ ਢਿੱਡ ਪਾੜ ਕੇ ਨੌਂਹ ਪੂੰਝੇ ਸਨ ਅੰਧਿਆਰ ਜਦ ਸੜ ਕੇ ਕੋਲੇ ਹੋ ਗਏ ਕੁਲ ਧੌਲਰ ਮਹਲ ਮਿਨਾਰ ਜਦ ਸੁੰਝਾਂ ਬਣ ਕੇ ਹੋਣੀਆਂ ਡੱਫ ਗਈਆਂ ਸ਼ਹਿਰ ਬਜ਼ਾਰ ਜਦ ਜ਼ਿੰਦਾ ਗੱਡ ਮਨੁੱਖ ਨੂੰ ਕਰ ਦੇਂਦੇ ਸਨ ਸੰਗਸਾਰ ਜਦ ਜ਼ਹਿਰ ਮਿਲਾ ਕੇ ਵੇਚਦੇ ਸਨ ਸ਼ਰਬਤ ਵਿਚ ਅਤਾਰ ਜਦ ਗੱਲ ਗੱਲ ਉਤੇ ਚਲਦੀ ਪਈ ਮਾੜੇ ਗਲ ਤਲਵਾਰ ਜਦ ਜਿੱਲ੍ਹਾ ਕਰੇ ਨਵਾਬੀਆਂ ਤੇ ਝੂਰਣ ਪਏ ਹੁਸ਼ਿਆਰ ਜਦ ਸ਼ਮ੍ਹਾਂ ਸ਼ਮ੍ਹਾਂ ਦਾ ਬਣ ਗਿਆ ਅੱਕ ਟਿੱਡਾ ਦਾਹਵੇਦਾਰ ਜ਼ਦ ਕੁਲ ਤ੍ਰਿਲੋਕੀ ਹੋ ਗਈ ਤਪਦਿਕ ਦੇ ਨਾਲ ਬੀਮਾਰ ਜਦ ਸੁੱਟਣ ਲੱਗੀ ਖੰਘ ਕੇ ਲਹੂ ਭਿੱਜੇ ਹੋਏ ਖੰਘਾਰ ਜਦ ਪਿੰਨੀਆਂ ਪਿੰਜਰ ਸੁੱਕ ਕੇ ਸਨ ਹੋ ਗਏ ਛੌਡਿਆਂ ਹਾਰ ਜਦ ਗਈਆਂ ਵਰਤ ਪਿਲੱਤਣਾਂ ਤਨ ਪੀਲੇ ਵਾਂਙ ਵਸਾਰ ਜਦ ਕੁਦਰਤ ਦਾ ਮੂੰਹ ਚੂੰਢ ਕੇ ਲੁੱਟ ਖੜਿਆ ਕਿਸੇ ਨਿਖਾਰ ਜਦ ਬਾਂਗਾਂ ਹੋਈਆਂ ਬਉਰੀਆਂ ਸਭ ਮੁੱਲਾਂ ਸਨ ਲਾਚਾਰ ਜਦ ਵੱਜ ਵੱਜ ਬੋਲੀ ਹੋ ਗਈ ਕੁਲ ਟੱਲੀਆਂ ਦੀ ਟੁਣਕਾਰ ਤਦ ਧਰਤੀ ਚੀਕਾਂ ਮਾਰੀਆਂ ਤੇ ਕੀਤੀ ਹਾਹਾਕਾਰ ਤਦ ਸਤ ਅਸਮਾਨੀਂ ਚੀਰ ਕੇ ਜਾ ਕੂਕੀ ਇੰਜ ਪੁਕਾਰ ਤੇਰੀ ਰਚਨਾ ਮਿੱਟੀ ਹੋ ਗਈ ਮੁੜ ਬਹੁੜੀਂ ਬਹੁੜਣਹਾਰ ਝਟ ਉਖੜੀ ਬਿਰਤੀ ਓਸ ਦੀ ਜੋ ਸਭ ਦਾ ਸਿਰਜਣਹਾਰ ਉਸ ਆਸੇ ਪਾਸੇ ਵੇਖਿਆ ਸੀ ਹਾਜ਼ਰ ਕੁਲ ਦਰਬਾਰ ਉਥੇ ਹਾਜ਼ਰ ਬਿਸ਼ਨ ਮਹੇਸ਼ ਸੀ ਨਾਲੇ ਵਿਸ਼ਨੂੰ ਕ੍ਰਿਸ਼ਨ ਮੁਰਾਰ ਉਥੇ ਬੈਠੇ ਬ੍ਰਹਮਾ ਬੁੱਧ ਸੀ ਮਹਾਂਵੀਰ ਰਾਮ ਅਵਤਾਰ ਉਥੇ ਬਮਬਮ ਭੋਲੇ ਨਾਥ ਸੀ ਜਿਦ੍ਹੇ ਗਲ ਸਰਪਾਂ ਦੇ ਹਾਰ ਜਿਦ੍ਹੇ ਜੂੜੇ ਵਿਚੋਂ ਵਗਦੀ ਪਈ ਗੰਗਾ ਦੀ ਇਕ ਧਾਰ ਉਥੇ ਜੋਗੀ ਅਤੇ ਜੋਗੀਸ਼ਰੀ ਸਨ ਬੈਠੇ ਮੁਨੀ ਹਜ਼ਾਰ ਉਥੇ ਤਾ ਕੇ ਬੈਠੇ ਧੂਣੀਆਂ ਕਈ ਸਿਰ ਵਿਚ ਭਸਮ ਖਿਲਾਰ ਉਥੇ ਸਿੱਧ ਚੁਰਾਸੀ ਬੈਠ ਕੇ ਪਏ ਕਰਦੇ ਸਨ ਤਕਰਾਰ ਉਥੇ ਇੰਦਰ ਲਈ ਅਪੱਸਰਾਂ ਆ ਲੱਗੀਆਂ ਗਾਉਣ ਮਲ੍ਹਾਰ ਕਿਤੇ ਵਿਸ਼ਵਾ ਮਿੱਤਰ ਮੇਨਕਾ ਕਿਤੇ ਨੱਚਦੇ ਫਿਰਣ ਨਚਾਰ ਕਿਤੇ ਨਾਰਦ ਬੈਠਾ ਝੂਮ ਕੇ ਟੁਣਕਾਈ ਜਾਵੇ ਤਾਰ ਉਥੇ ਹਜ਼ਰਤ ਈਸਾ ਵੇਖਿਆ ਜਿਹੜਾ ਹਸ ਹਸ ਚੜ੍ਹਿਆ ਦਾਰ ਉਥੇ ਹਜ਼ਰਤ ਮੂਸਾ ਵੇਖਿਆ ਕੋਹਿਤੂਰ ਦਾ ਦਾਅਵੇਦਾਰ ਉਥੇ ਵਲੀ ਮੁਹੰਮਦ ਸਾਹਿਬ ਸੀ ਜਿਦ੍ਹੀ ਕਾਹਬੇ ਵਲ ਨੁਹਾਰ ਉਥੇ ਬੈਠਾ ਹਜ਼ਰਤ ਨੂਹ ਸੀ ਲੈ ਬੇੜੀ ਤੇ ਪਤਵਾਰ ਉਥੇ ਬੈਠੇ ਨਾਨਕ ਪਾਤਿਸ਼ਾਹ ਪਏ ਜਪਦੇ ਸਤਿ ਕਰਤਾਰ ਉਥੇ ਬਾਕੀ ਸੱਤੇ ਸ਼ਹਿਨਸ਼ਾਹ ਸਨ ਬੈਠੇ ਚੌਂਕੜ ਮਾਰ ਉਥੇ ਹੋਰ ਵੀ ਦੂਜੇ ਔਲੀਆ ਸਨ ਬੈਠੇ ਬੇਸ਼ੁਮਾਰ ਤਦ ਸੋਚ ਸੋਚ ਕੇ ਰੱਬ ਨੇ ਇਕ ਕੀਤੀ ਇਹੋ ਵਿਚਾਰ ਮੈਂ ਸਮੇਂ ਸਮੇਂ ਹਾਂ ਭੇਜਦਾ ਵਿਚ ਦੁਨੀਆਂ ਦੇ ਅਵਤਾਰ ਅਜ ਕਿਹਨੂੰ ਭੇਜਾਂ ਉਪਰੋਂ ਮੈਂ ਕਲਜੁਗ ਦੇ ਵਿਚਕਾਰ ਜੋ ਤੇਗ਼ ਬਹਾਦਰ ਸਾਹਿਬ ਦਾ ਇਕ ਹੋਵੇ ਰੂਪ ਅਪਾਰ ਜੋ ਜਿੱਤੇ ਨਵਖੰਡ ਮੇਧਨੀ ਸਤਿਨਾਮ ਦਾ ਡੰਕਾ ਮਾਰ ਜਿਦ੍ਹੇ ਚਰਨ ਦਬਾਵਣ ਦੇਵਤੇ ਤੇ ਗਾਵਣ ਮੰਗਲਾਚਾਰ ਜੋ ਕੁਲ ਮੇਰੀ ਮਖ਼ਲੂਕ ਦਾ ਬਣ ਜਾਵੇ ਪਹਿਰੇਦਾਰ ਚਹੁੰ ਵਰਣਾਂ ਤੇ ਚਹੁੰ ਧਰਮ ਦੀ ਜੋ ਬੰਨ੍ਹੇ ਇਕ ਕਤਾਰ ਜੋ ਕਾਇਰਤਾ ਪਾਖੰਡ ਦਾ ਦਏ ਕਾਲਾ ਘੁੰਡ ਉਤਾਰ ਜੋ ਸੋਮਾ ਹੋਵੇ ਅਣਖ ਦਾ, ਜੋ ਸੱਚਾ ਸੁੱਚਾ ਪਿਆਰ ਜੋ ਚੜ੍ਹਦਿਓਂ ਲਹਿੰਦੇ ਤੀਕਰਾਂ ਦਏ ਪ੍ਰੇਮ ਦੀ ਚੋਗ ਖਿਲਾਰ ਜੋ ਹੋਕਾ ਦੇਵੇ ਹੱਕ ਦਾ ਜੋ ਆਖੇ ਸਤਿਕਰਤਾਰ ਹਰ ਇਕ ਦੀ ਬਾਬਤ ਸੋਚਿਆ ਤਦ ਦਾਤੇ ਵਾਰੋ ਵਾਰ ਫਿਰ ਦੂਜੀ ਵਾਰੀ ਤੱਕਿਆ ਰੱਬ ਭਰਿਆ ਕੁਲ ਦਰਬਾਰ ਤਦ ਟਿੱਕ ਗਈ ਨਜ਼ਰ ਦਾਤਾਰ ਦੀ ਇੰਜ ਬੋਲੇ ਸਿਰਜਣਹਾਰ ਮੈਂ ਲੱਭ ਲਿਆ ਦੁਨੀਆਂ ਵਾਲਿਓ ਤ੍ਰਿਲੋਕੀ ਦਾ ਸ਼ਿੰਗਾਰ ਜਿਦ੍ਹਾ ਮਸਤਕ ਨੂਰੋ ਨੂਰ ਹੈ ਜਿਦ੍ਹੀ ਮੇਰੇ ਜੇਹੀ ਨੁਹਾਰ ਮੈਂ ਆਪਣਾ ਆਪ ਹਾਂ ਭੇਜਦਾ ਗੁਰ ਗੋਬਿੰਦ ਜਾਮਾ ਧਾਰ ਇਹ ਦਸਵਾਂ ਨਾਨਕ ਥਾਪਿਆ ਮੈਂ' ਦੁਨੀਆਂ ਦੇ ਵਿਚਕਾਰ ਓਏ ਧੰਨ ਧੰਨ ਆਖੋ ਪ੍ਰਾਣੀਓ ਤੇ ਜਾਵੋ ਸਦ ਬਲਿਹਾਰ ਧੰਨ ਸੋਲ੍ਹਾਂ ਸੌ ਛਿਆਠ ਹੈ ਧੰਨ ਬਾਈ ਦਸੰਬਰ ਵਾਰ ਧੰਨ ਤੇਗ਼ ਬਹਾਦਰ ਸਾਹਿਬ ਨੇ ਜਿਹਨੂੰ ਬੰਦਨਾਂ ਬਾਰੰਬਾਰ ਧੰਨ ਮਾਤਾ ਗੁਜਰੀ ਹੋ ਗਈ ਧੰਨ ਉਸ ਦੀ ਕੁੱਖ ਅਪਾਰ ਧੰਨ ਧਰਤੀ ਪਟਨਾ ਸਾਹਿਬ ਦੀ ਹੈ ਧੰਨ ਧੰਨ ਪ੍ਰਾਂਤ ਬਿਹਾਰ ਫਿਰ ਪਰਗਟ ਹੋਇਆ ਜਗ ਤੇ ਇਕ ਐਸਾ ਸੱਚ ਸਚਿਆਰ ਜਿਹਨੇ ਕਲਜੁਗ ਵਿਚ ਵਟਾਵਣਾ ਹੈ ਕਲਜੁਗ ਦਾ ਆਕਾਰ ਜਿਦ੍ਹੇ ਆਉਂਦਿਆਂ ਚਾਨਣ ਹੋ ਗਿਆ ਸਭ ਮਿਟਿਆ ਅੰਧ ਗ਼ੁਬਾਰ ਅਜ ਚਾਰੇ ਕੂੰਟਾਂ ਡਿੱਗੀਆਂ ਵਿਚ ਸੱਜਦੇ ਤੇ ਸਤਿਕਾਰ ਉਹਨੂੰ ਗੋਬਿੰਦ ਗੋਬਿੰਦ ਆਖਦੇ ਹਨ ਦੁਨੀਆਂ ਦੇ ਨਰ ਨਾਰ ਜਿਸ ਧਰਤੀ ਤੇ ਅਸਮਾਨ ਦੇ ਹਨ ਖੋਲ੍ਹੇ ਦਸਮ ਦੁਵਾਰ ਹੋ ਸਾਵਧਾਨ ਵਡਭਾਗੀਓ ਪਈ ਆਉਂਦੀ ਜੇ ਸਰਕਾਰ ਸਭ ਪਲਕਾਂ ਨੈਣ ਵਿਛਾ ਦਿਓ ਗੁਰ ਗੋਬਿੰਦ ਰਹੇ ਪਧਾਰ ਹੈ ਧੰਨ ਧੰਨ ਪੋਹ ਸੁਦੀ ਸਤਮੀ ਧੰਨ ਵਾਰ ਹੋਇਆ ਰਵੀਵਾਰ ਧੰਨ ਪੈੱਦੀ ਦਾਈ ਹੋ ਗਈ ਜਿਸ ਛੂਹਿਆ ਇਕ ਓਅੰਕਾਰ ਕਹੋ ਗੱਜ ਕੇ ਗੁਰਮੁਖ ਪਿਆਰਿਓ ਧੰਨ ਧੰਨ ਧੰਨ ਹੈ ਕਰਤਾਰ ਧੰਨ ਧੰਨ ਧੰਨ ਹੈ ਕਰਤਾਰ ਧੰਨ ਧੰਨ ਧੰਨ ਹੈ ਕਰਤਾਰ ਗੋਬਿੰਦ
ਗੁਰੂ ਗੋਬਿੰਦ ਸਿੰਘ

ਪੈੱਦੀ ਦਾਈ ਖ਼ਬਰ ਸੁਣਾਈ

(ਗੀਤ) ਲਾਲ ਜੰਮਿਆਂ ਨੀ ਸੋਹਣਾ ਲਾਲ ਜੰਮਿਆਂ ਗੁਜਰੀ ਦੀ ਕੁੱਖ 'ਚੋਂ ਗੋਪਾਲ ਜੰਮਿਆਂ ਪੈਦਾ ਹੋਇਆ ਜਗ ਉਤੇ ਰੱਬ ਦਾ ਕੋਈ ਨੂਰ ਨੀ ਜਾਪਦਾ ਏ ਮੈਨੂੰ ਉਹ ਤਾਂ ਜ਼ਾਹਿਰਾ ਜ਼ਹੂਰ ਨੀ ਰੂਪ ਝੱਲਿਆ ਨ ਜਾਵੇ ਤੇਜ ਅੱਖ ਚੁੰਧਿਆਵੇ ਐਸਾ ਰੱਬ ਦਾ ਦੁਲਾਰਾ ਬਾ-ਕਮਾਲ ਜੰਮਿਆਂ ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆਂ ਰੋਂਦਾ ਆਇਆ ਜਗ ਨੀ ਇਹ ਧੁਰੋਂ ਆਇਆ ਹੱਸਦਾ ਇਹ ਤਾਂ ਸਾਡੇ ਰੋਮ ਰੋਮ ਵਿਚ ਜਾਵੇ ਵੱਸਦਾ ਜਦੋਂ ਆਇਆ ਬਲਕਾਰੀ ਰੋਇਆ ਇਕ ਵੀ ਨ ਵਾਰੀ ਉਹ ਤਾਂ ਬੁੱਲ੍ਹੀਆਂ ਤੇ ਪਾਉਂਦਾ ਨੀ ਧਮਾਲ ਜੰਮਿਆਂ ਲਾਲ ਜੰਮਿਆਂ ਨੀ ਸੋਹਣਾ ਲਾਲ ਜੰਮਿਆਂ ਫਿੱਕਾ ਫਿੱਕਾ ਪਈ ਜਾਂਦਾ ਚੰਨ ਦਾ ਹੈ ਚਾਨਣਾ ਸਮਿਆਂ ਦੇ ਬਾਦਸ਼ਾਹ ਨੂੰ ਸਮੇਂ ਹੀ ਪਛਾਨਣਾ ਮੰਦ ਮੰਦ ਮੁਸਕਾਵੇ ਇਕ ਉਂਗਲੀ ਉਠਾਵੇ ਇਹ ਤਾਂ ਸਾਰਿਆਂ ਦਾ ਸਾਂਝਾ ਸਾਂਝੀਵਾਲ ਜੰਮਿਆਂ ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆਂ ਜਾਪਦਾ ਏ ਏਦਾਂ ਇਹਦੇ ਕਦਮਾਂ ਨਹੀਂ ਰੁੱਕਣਾ ਮੁੱਕਣਾ ਅਮੁੱਕ ਏਹਦੇ ਹੌਂਸਲੇ ਨਹੀਂ ਮੁੱਕਣਾ ਸੁੱਤੀ ਕੌਮ ਨੂੰ ਜਗਾਉਣਾ ਏਸੇ ਦੇਸ਼ ਨੂੰ ਬਚਾਉਣਾ ਇਹ ਤਾਂ ਯੋਧਿਆਂ 'ਚੋਂ ਯੋਧਾ ਬੇਮਿਸਾਲ ਜੰਮਿਆਂ ਲਾਲ ਜੰਮਿਆਂ ਨੀ ਸੋਹਣਾ ਲਾਲ ਜੰਮਿਆਂ ਗੁਜਰੀ ਦੀ ਕੁੱਖ 'ਚੋਂ ਗੋਪਾਲ ਜੰਮਿਆਂ

ਭੀਖਨ ਖੜਾ ਦੁਆਰ

ਪਟਨੇ 'ਚੋਂ ਗਲੀ ਗਲੀ ਗਲੀਆਂ ਚੋਂ ਸ਼ਹਿਰ ਸ਼ਹਿਰ, ਸ਼ਹਿਰਾਂ ਵਿਚੋਂ ਦੂਰ ਦੂਰ ਖ਼ਬਰਾਂ ਜਾਂ ਪੁੱਜੀਆਂ ਰੱਬ ਦਾ ਭਿਖਾਰੀ ਜਿਹਾ ਭੀਖ ਸ਼ਾਹ ਫ਼ਕੀਰ ਇਕ, ਗੁਰੂ ਦੇ ਦਵਾਰੇ ਲਏ ਕੇ ਆਇਆ ਸੀ . ਦੋ ਕੁੱਜੀਆਂ ਇਕ ਕੁੱਜੀ ਹਿੰਦੂਆਂ ਤੇ ਦੂਜੀ ਇਸਲਾਮ ਦੀ ਹੈ, ਦਿਲ ਵਿਚ ਆਇਆ ਏਹੋ ਧਾਰਨਾ ਉਹ ਧਾਰਦਾ ਵੇਖੀਏ ਇਹ ਪੁੱਤ ਸਾਂਝੀਵਾਲਤਾ ਦੇ ਰਾਖਿਆਂ ਦਾ, ਕਿਹੜੀ ਕੁੱਜੀ ਉਤੇ ਹੱਥ ਆਪਣਾ ਹੈ ਮਾਰਦਾ ਦੋਹਾਂ ਉਤੇ ਹੱਥ ਜਦ ਰੱਖਿਆ ਗੋਬਿੰਦ ਰਾਏ, ਸਿਜਦੇ 'ਚ ਡਿੱਗ ਕੇ ਫ਼ਕੀਰ ਏਦਾਂ ਬੋਲਿਆ ਅੱਲ੍ਹਾ ਦਾ ਹੀ ਰੂਪ ਹੈਂ ਤੂੰ ਮੌਲਾ ਦਾ ਹੀ ਰੂਪ ਹੈਂ, ਤੈਨੂੰ ਅੱਜ ਰੱਬਾ ਮੈਂ ਕਰੋੜਾਂ ਵਿਚੋਂ ਟੋਲਿਆ ਝਟ ਪਟ ਉਠ ਕੇ ਫ਼ਕੀਰ ਨੱਠਾ ਵਾਹੋ ਦਾਹੀ, ਬੁਲ੍ਹੋ ਬੁਲ੍ਹ ਕੰਨੋਂ ਕੰਨ ਖ਼ਬਰਾਂ ਸੁਣਾ ਗਿਆ ਦੁਖੜੇ ਮਿਟਾਉਣ ਵਾਲਾ ਮੁਖੜੇ ਹਸਾਉਣ ਵਾਲਾ, ਅਣਖਾਂ ਜਗਾਉਣ ਵਾਲਾ ਆ ਗਿਆ ਭਈ ਆ ਗਿਆ ਚੌਕੀਆਂ ਤੇ ਝੰਡਿਆਂ ਨੂੰ ਖੜਗਾਂ ਤੇ ਖੰਡਿਆਂ ਨੂੰ, ਨੇਜ਼ਿਆਂ ਤੇ ਭਾਲਿਆਂ ਨੂੰ ਇਹੋ ਹੀ ਸੰਭਾਲੇਗਾ ਕੀੜੀਆਂ ਕਰਾੜਾਂ ਤਾਂਈਂ ਥਾਪ ਦੇਊ ਬਾਦਸ਼ਾਹੀਆਂ, ਬਾਦਸ਼ਾਹਾਂ ਨਾਲ ਘਾਹੀ ਆਪਣੇ ਬਿਠਾਲੇਗਾ ਤਾਰਿਆਂ ਦੀ ਲੋਏ ਲੋਏ ਚਾਨਣਾ ਦੇ ਖ਼ੂਨ ਹੋਏ, ਚਾਨਣੀ ਦੇ ਕਾਤਲਾਂ ਨੂੰ ਚੁਣ ਚੁਣ ਮਾਰੇਗਾ ਡਿੱਗਿਆਂ ਤੇ ਢੱਠਿਆਂ ਨੂੰ ਮਾੜਿਆਂ ਤੇ ਮੱਠਿਆਂ ਨੂੰ, ਕਰ ਕੇ ਇਕੱਠਾ ਇਕ ਇਕ ਨੂੰ ਪਿਆਰੇਗਾ ਹੱਥੋ ਹੱਥ ਆਪਣੇ ਨਿਬੇੜੇਗਾ ਇਹ ਫ਼ੈਸਲੇ, ਪੈਰੋ ਪੈਰ ਫ਼ਾਸਲੇ ਤੇ ਫ਼ਾਸਲਾ ਨਿਬੇੜੇਗਾ ਦੂਜਿਆਂ ਦੇ ਪੱਲਿਆਂ ਤੇ ਛਿੱਟਾ ਵੀ ਨ ਪੈਣ ਦੇਊ, ਲਹੂ ਵਿਚ ਚੋਲਾ ਭਾਵੇਂ ਆਪਣਾ ਲਿਬੇੜੇਗਾ ਸੈਂਕੜੇ ਸੁਮੇਰ ਤੇ ਕੁਬੇਰ ਡੋਲ ਜਾਣ ਭਾਵੇਂ, ਇਹਦਾ ਪੈਰ ਆਪਣੇ ਨਿਸ਼ਾਨੇ ਤੋਂ ਨ ਡੋਲੇਗਾ ਦੁਨੀਆਂ ਨੂੰ ਪਿਛੇ ਲਾ ਕੇ ਸਮਿਆਂ ਤੋਂ ਅਗੇ ਜਾ ਕੇ, ਇਕ ਨਵੇਂ ਯੁਗ ਦਾ ਵਿਸ਼ਾਲ ਪਟ ਖੋਲ੍ਹੇਗਾ ਨਵੇਂ ਨਵੇਂ ਰਾਹ ਕਢੂ ਨਵੀਂ ਨਵੀਂ ਗੱਲ ਕਰੂ, ਤੋੜ ਮੋੜ ਛੱਡੂ ਸਭ ਰਸਮਾਂ ਪੁਰਾਣੀਆਂ ਚੱਪੇ ਚੱਪੇ ਉਤੋਂ ਮੇਟ ਜਾਏਗਾ ਕਦੂਰਤਾਂ, ਜ਼ੱਰੇ ਜ਼ੱਰੇ ਉਤੇ ਲਿਖ ਜਾਏਗਾ ਕਹਾਣੀਆਂ

ਬੋਲ ਹਿਮਾਲੇ ਪੁੱਤਰੀ

(ਗੀਤ) ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆ ਖੇਡ ਕੇ ਕੰਢੇ ਤੇਰੇ ਗੋਬਿੰਦ ਮੌਜਾਂ ਮਾਣੀਆਂ ਆ ਸੁਣਾ ਮੈਨੂੰ ਕਹਾਣੀ ਓ ਹਿਮਾਲੇ ਪੁੱਤਰੀ ਕਿਸ ਤਰ੍ਹਾਂ ਤੇਰੇ ਕਿਨਾਰੇ ਫ਼ੌਜ ਉਹਦੀ ਉਤਰੀ ਕਿਸ ਤਰ੍ਹਾਂ ਮੁੰਡਿਆਂ ਦੀਆਂ ਬੰਨ੍ਹ ਬੰਨ੍ਹ ਕੇ ਫਿਰਿਆ ਢਾਣੀਆਂ ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆਂ ਸੁੱਟ ਕੇ ਸੋਨੇ ਦਿਆਂ ਕੜਿਆਂ ਨੂੰ ਲੋਹਾ ਪਿਆਰਿਆ ਯੋਧਿਆਂ ਦਾ ਵੇਸ ਜਿਨ੍ਹੇ ਬਚਪਨੇ ਵਿਚ ਧਾਰਿਆ ਬਖ਼ਸ਼ਿਸ਼ਾਂ ਗੋਬਿੰਦ ਦੀਆਂ ਸਾਂਭੀਆਂ ਨਹੀਂ ਜਾਣੀਆਂ ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆਂ ਮਾਰ ਕੇ ਕਿੱਦਾਂ ਗੁਲੇਲੇ ਮਟਕੀਆਂ ਨੂੰ ਤੋੜਿਆ ਕਿਸ ਤਰ੍ਹਾਂ ਸੰਸਾਰ ਦੇ ਟੁੱਟੇ ਦਿਲਾਂ ਨੂੰ ਜੋੜਿਆ ਕਿਸ ਤਰ੍ਹਾਂ ਸੁਲਝਾ ਗਿਆ ਸੀ ਉਲਝੀਆਂ ਉਹ ਤਾਣੀਆਂ ਹਰੇ ਗੰਗਾ ਹਰੇ ਹਰ ਹਰ ਹਰੇ ਠੰਡਿਆ ਪਾਣੀਆਂ ਤੋਤਲੀ ਬੋਲੀ 'ਚੋਂ ਕਿੱਦਾਂ ਬੋਲਦੀ ਸੀ ਤੋਤਲਾ ਭੁੱਲ ਜਾਂਦੀ ਕੂਕਣਾ ਉਸ ਦੇ ਸੀ ਅੱਗੇ ਕੋਕਲਾ ਕਿਸ ਤਰ੍ਹਾਂ ਨਾਨਕ ਦੀਆਂ ਪੜ੍ਹਦਾ ਸੀ ਪੰਜੇ ਬਾਣੀਆਂ ਹਰੇ ਨ੍ਹਾਈਆਂ ਹਰੇ ਧੋਈਆਂ ਹਰੇ ਠੰਡਿਆ ਪਾਣੀਆਂ ਬਖਸ਼ਿਸ਼ਾਂ ਗੋਬਿੰਦ ਦੀਆਂ ਸਾਂਭੀਆਂ ਨਹੀਂ ਜਾਣੀਆਂ

ਗੰਗਾ ਕਰੇ ਬਿਆਨ

(ਬਿਹਾਰੀ ਗੋਬਿੰਦਾ) ਗੋਬਿਦਾ ਗੋਬਿੰਦਾ ਆਇਆ - ਗੋ-ਬਿੰਦਾ ਲੇ ਕੇ ਤੀਰਵਾ ਕਮਾਨਵਾ - ਗੋ-ਬਿੰਦਾ ਵਾ ਕੀ ਚਾਲਵਾ ਛਬੀਲੀ ਵਾ ਕੀ ਅੱਖੀਆਂ ਕਟੀਲੀ ਵਾ ਕੀ ਯੇਹੀ ਪਹਿਚਾਨਵਾ - ਗੋ-ਬਿੰਦਾ ਐਸੀ ਬੱਤੀਆਂ ਬਣਾਏ ਐਸਾ ਖੇਲਵਾ ਰਚਾਏ ਸਾਰਾ ਪਟਨਾ ਹੈਰਾਨਵਾ - ਗੋ-ਬਿੰਦਾ ਦਊ ਫ਼ੌਜਵਾ ਬਣਾਈ ਲੜੇ ਨਕਲੀ ਲੜਾਈ ਜੀਤ ਲੇਤਾ ਹੈ ਮੈਦਾਨਵਾ - ਗੋ-ਬਿੰਦਾ ਕਹੇ ਗੀਤਵਾ ਸੁਣਾਓ ਮੋਰਾ ਹੀਆ ਹੁਲਸਾਓ ਰੋਜ਼ ਲਗਤੇ ਦੀਵਾਨਵਾ - ਗੋ-ਬਿੰਦਾ ਕਭੀ ਮਾਰ ਪੀਟ ਜਾਏ ਕਭੀ ਗਰਵਾ ਲਗਾਏ ਐਸੋ ਮਨ ਕਾ ਮਹਾਨਵਾ - ਗੋ-ਬਿੰਦਾ ਜਬ ਬਣੀਆਂ ਫ਼ਰੇਬੀ ਕਮ ਤੋਲਤਾ ਜਲੇਬੀ ਲੂਟ ਲੇਤਾ ਹੈ ਦੁਕਾਨਵਾ - ਗੋ-ਬਿੰਦਾ ਪੜਾ ਕਾਲ ਜੋਰੋ ਜੋਰੀ ਬਾਂਟੇ ਗੇਹੂਆਂ ਕੀ ਬੋਰੀ ਕਰਕੇ ਕਿਸਾਨਵਾ - ਗੋ-ਬਿੰਦਾ ਗੰਗਾ ਘਾਟ ਪੇ ਜੋ ਜਾਏ ਗੰਗਾ ਦੌੜੀ ਦੌੜੀ ਆਏ ਬੋਲੇ ਮੈਂ ਹੂੰ ਕੁਰਬਾਨਵਾ - ਗੋ-ਬਿੰਦਾ ਰਾਮ ਕਹੇ ਸ਼ਿਵਦੱਤ ਅੱਲਾ ਕਹੇ ਸੂਫ਼ੀ ਮੱਤ ਲੋਕ ਕਹੇਂ ਭਗਵਾਨਵਾ - ਗੋ-ਬਿੰਦਾ ਐਸੇ ਬਾਲਾ ਫ਼ਰਮਾਏ ਮੁਝੇ ਕਹੋ ਨ ਖ਼ੁਦਾਏ ਮੈਂ ਹੂੰ ਮਾਨਵਾ ਨਿਮਾਨਵਾ - ਗੋ-ਬਿੰਦਾ ਕਹੇ ਗੁਜਰੀ ਮਾਤਾਰੀ ਮੈਂ ਤੋ ਜਾਊਂ ਬਲਿਹਾਰੀ ਮੇਰੀ ਕੋਖ ਕੀ ਹੈ ਸ਼ਾਨਵਾ - ਗੋ-ਬਿੰਦਾ ਗੋਬਿੰਦਾ ਗੋਬਿੰਦਾ ਆਇਆ - ਗੋ-ਬਿੰਦਾ

ਸਤਿਗੁਰ ਜੀ ਦੀ ਖੇਡ ਦਾ ਅੰਤ ਨਾ ਪਾਰਾਵਾਰ (ਬਾਲ ਲੀਲਾ)

ਬਾਲਾ ਪ੍ਰੀਤਮ ਖੇਡਦਾ ਖੇਡਾਂ ਕਈ ਹਜ਼ਾਰ ਉਸ ਦੀ ਇਕ ਇਕ ਖੇਡ ਦਾ ਅੰਤ ਨਾ ਪਾਰਾਵਾਰ ਲੰਘਿਆ ਕੋਈ ਨਵਾਬ ਜਾਂ ਲਗੇ ਕਹਿਣ ਗ਼ੁਲਾਮ ਮੁੰਡਿਓ ਖੇਡਣ ਵਾਲਿਓ ਝੁਕ ਝੁਕ ਕਰੋ ਸਲਾਮ ਅਗੋਂ ਗੋਬਿੰਦ ਬੋਲਿਆ ਮੁੰਡਿਆਂ ਦਾ ਸਰਦਾਰ ਸਾਡਾ ਸਿਰ ਹੈ ਝੁਕਦਾ ਸਤਿਗੁਰ ਦੇ ਦਰਬਾਰ ਫੇਰ ਝੁਕਾ ਕੇ ਦੰਦੀਆਂ ਖੋਲ੍ਹੀ ਇੰਜ ਜ਼ਬਾਨ ਪੈਦਾ ਕੀਤੇ ਰੱਬ ਨੇ ਇਕੋ ਜਏ ਇਨਸਾਨ ਮੁਸਲਮਾਨ ਸੀ ਆਖਦੇ ਅੱਲਾ ਦਾ ਹੈ ਨੂਰ ਹਿੰਦੂ ਹੈ ਸਨ ਆਖਦੇ ਸਾਡਾ ਸ੍ਰੀ ਹਜ਼ੂਰ ਪੰਡਿਤ ਸ਼ਿਵਦੱਤ ਆਖਦਾ ਕਰ ਕਰ ਕੇ ਪਰਨਾਮ ਜਾਂ ਇਹ ਮੇਰਾ ਕ੍ਰਿਸ਼ਨ ਹੈ ਜਾਂ ਹੈ ਮੇਰਾ ਰਾਮ ਯਾਦ ਕਰਾਂ ਜਦ ਰਾਮ ਨੂੰ ਲਾਵਾਂ ਜਦੋਂ ਧਿਆਨ ਆ ਬਹਿੰਦਾ ਮੇਰੇ ਕੋਲ ਹੈ ਫੜ ਕੇ ਤੀਰ ਕਮਾਨ ਯਾਦ ਕਰਾਂ ਜਦ ਕ੍ਰਿਸ਼ਨ ਨੂੰ ਇਹੀਓ ਪੁੱਛੇ ਵਾਤ ਪੋਲੇ ਪੈਰੀਂ ਆਣ ਕੇ ਕਹੇ ‘‘ਪੰਡਤ ਜੀ ਝਾਤ” ਇਹ ਵੀ ਤੋੜੇ ਮਟਕੀਆਂ ਉਂਜ ਗੁਲੇਲੇ ਮਾਰ ਜਿਦਾਂ ਹੈ ਸਨ ਤੋੜਦੇ ਮਟਕੀ ਕ੍ਰਿਸ਼ਨ ਮੁਰਾਰ ਜਿਹੜੇ ਰੂਪ 'ਚ ਵੇਖਣਾਂ ਉਹੀਓ ਵੇਖੋ ਰੂਪ ਲਿਖਿਆ ਠੀਕ ਗਿਆਨੀਆਂ ਬੱਚਾ ਰੱਬ ਸਰੂਪ ਇਕ ਫ਼ਤਿਹ ਚੰਦ ਨਾਮ ਦਾ ਰਾਜਾ ਮੈਨੀ ਜ਼ਾਤ ਉਸ ਨੂੰ ਹੋਈ ਨਸੀਬ ਨਾ ਪੁੱਤਰ ਵਾਲੀ ਦਾਤ ਕਿਸੇ ਚੀਜ਼ ਦੀ ਥੋੜ ਨਾ ਮਿਲਖ ਜਗੀਰਾਂ ਬਾਗ਼ ਉਮਰਾ ਘਟਦੀ ਜਾ ਰਹੀ ਬੁੱਝਦੇ ਜਾਣ ਚਿਰਾਗ਼ ਖਾਈ ਜਾਂਦਾ ਦੁੱਖ ਸੀ ਰਾਜੇ ਨੂੰ ਦਿਨ ਰਾਤ ਰਾਣੀ ਅੱਫਲ ਰੁੱਖ ਹੈ ਇਕ ਨਾ ਲੱਗਾ ਪਾਤ ਸ਼ਿਵਦੱਤ ਕੋਲੋਂ ਪੁੱਛਦਾ ਕਦ ਬਹੁੜੂ ਭਗਵਾਨ ਸਾਡੀ ਝੋਲੀ ਪਾਵਣਾ ਕਦ ਉਸ ਪੁੱਤਰ ਦਾਨ ਸ਼ਿਵਦੱਤ ਕਹਿੰਦਾ ਰਾਜਿਆ ਦਿਲ ਨਾ ਰਤਾ ਡੁਲਾ ਏਸੇ ਪਟਨੇ ਸ਼ਹਿਰ ਵਿਚ ਰੱਬ ਗਿਆ ਈ ਆ ਜਾ ਕੇ ਘਰ ਵਿਚ ਬੈਠ ਜਾ ਲਾ ਕੇ ਮੁਗਧ ਧਿਆਨ ਰਾਣੀ ਜੀ ਨੂੰ ਆਖਣਾ ਉਦੇ ਹੋਏਗਾ ਭਾਨ ਰਾਜਾ ਰਾਣੀ ਬਹਿ ਗਏ ਦੋਵੇਂ ਕਰ ਇਸ਼ਨਾਨ ਰਾਣੀ ਕਹਿੰਦੀ ਹੇ ਪ੍ਰਭੂ ਦੇਵੋ ਪੁੱਤ ਨਿਸ਼ਾਨ “ਧੇਨ ਦੁਧੇ ਤੇ ਬਾਹਿਰੀ ਕਿਤੇ ਨਾ ਆਵੇ ਕਾਮ ਜਲ ਬਿਨੁ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ" ਆ ਜਾ ਬਾਲਾ ਪ੍ਰੀਤਮਾਂ ਮੈਂ ਮਨ ਚਾਓ ਘਣਾ "ਹਰ ਦਰਸਨ ਕਉ ਮਨੁ ਲੋਚਦਾ ਨਾਨਕ ਪਿਆਸ ਮਣਾ" ਆ ਕੇ ਗੋਦੀ ਬਹਿ ਗਿਆ ਨਿਰਾ ਪੁਰਾ ਇਕ ਨੂਰ ਰਾਣੀ ਕਹਿੰਦੀ ਮਾਲਕਾ ਕੁੱਖ ਹੋਈ ਭਰਪੂਰ ਘੁੱਟ ਘੱਟ ਪਾਵੇ ਜਫੀਆਂ ਲਾਵੇ ਸੀਨੇ ਨਾਲ ਚੁੰਮ ਚੁੰਮ ਨੂਰੀ ਮੁਖੜਾ ਕੀਤਾ ਲਾਲੋ ਲਾਲ ਬਾਲਾ ਪ੍ਰੀਤਮ ਬੋਲਦਾ ਬਸ ਕਰ ਬਸ ਕਰ ਮਾਂ ਰਾਣੀ ਅਗੋਂ ਆਖਦੀ ਨਾ ਵੇ ਪੁੱਤਰ ਨਾ ਅੱਖੀਂ ਵੇਖ ਨਾ ਰੱਜੀਆਂ ਓ ਮੇਰੇ ਘਣਸ਼ਾਮ “ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੇ ਰਾਮ" ਰਾਜਾ ਲੈ ਕੇ ਆ ਗਿਆ ਅੰਦਰੋਂ ਦੁੱਧ ਜਲੇਬ ਪ੍ਰੀਤਮ ਕਹਿੰਦੇ ਹੋ ਗਿਆ ਸਾਡੇ ਨਾਲ ਫ਼ਰੇਬ ਕਿੱਥੇ ਨੇ ਉਹ ਪੂਰੀਆਂ ਤਲੀਆਂ ਸੀ ਜੋ ਆਪ ਚੀਜ਼ ਲੁਕਾਉਣੀ ਪੁੱਤ ਤੋਂ ਰਾਣੀ ਮਾਂ ਹੈ ਪਾਪ ਘੁੰਘਣੀਆਂ ਦੇ ਮਾਰਣੇ ਫੱਕੇ ਅਸਾਂ ਜ਼ਰੂਰ ਰੱਖੋ ਦੁੱਧ ਮਲਾਈਆਂ ਸਾਡੇ ਕੋਲੋਂ ਦੂਰ ਰਾਜਾ ਕਹਿੰਦਾ ਰਾਣੀਏ ਹੁਣ ਨਾ ਮੰਗੀਂ ਪੁੱਤ ਇਸ ਦੇ ਕੋਲੋਂ ਹੋਰ ਨਾ ਸੋਹਣੀ ਕੋਈ ਰੁੱਤ ਏਹੀਓ ਸਾਡੇ ਬਾਗ਼ ਦਾ ਖਿੜਿਆ ਫੁੱਲ ਗੁਲਾਬ ਹੋਇਆ ਅਜ ਨਸੀਬ ਹੈ ਪੁੱਤਰ ਲਾਜਵਾਬ ਰਾਜੇ ਦੇ ਫਿਰ ਬਾਗ਼ ਨੂੰ ਗੋਬਿੰਦ ਲਾਏ ਭਾਗ ਉਜੜੇ ਹੋਏ ਬਾਗ਼ ਦਾ ਸਤਿਗੁਰ ਬਣੇ ਸੁਹਾਗ “ਵਣ ਤਿਣੁ ਪ੍ਰਭ ਸੰਗ ਮਉਲਿਆ ਸੰਮ੍ਰਥ ਪੁਰਖ ਅਪਾਰ ਹਰ ਮਿਲਣੇ ਨੋ ਮਨੁ ਲੋਚਦਾ ਕਰਮ ਮਿਲਾਵਣ ਹਾਰ" ਹੁਣ ਨਾ ਆਲ ਉਲਾਦ ਦੀ ਰਾਜਾ ਆਖੇ ਭੁੱਖ ਸਭੇ ਇੱਛਾਂ ਪੁਨੀਆਂ ਸਫ਼ਲੀ ਹੋਈ ਕੁੱਖ ਪੈਰ ਪੈਰ ਤੇ ਸਤਿਗੁਰੂ ਤਾਰੇ ਕਈ ਗ਼ਰੀਬ ਜਿਸ ਜਿਸ ਦਰਸ਼ਨ ਪਾ ਲਿਆ ਹੋਇਆ ਖ਼ੁਸ਼ਨਸੀਬ ਚਸ਼ਮਾ ਹੈ ਇਹ ਫ਼ੈਜ਼ ਦਾ ਕਹੇ ਨਵਾਬ ਕਰੀਮ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਹੇ ਨਵਾਬ ਰਹੀਮ ਦੀਨ ਦੁਖੀ ਦਾ ਬਣ ਗਿਆ ਬਾਲਾ ਜੀ ਗ਼ਮਖ਼ਾਰ ਸਾਰਾ ਪਟਨਾ ਸ਼ਹਿਰ ਹੀ ਜਾਂਦਾ ਸੀ ਬਲਿਹਾਰ ਨਕਲੀ ਕਰੇ ਲੜਾਈਆਂ ਬਾਲਾਂ ਦੀ ਲਏ ਫ਼ੌਜ ਗੰਗਾ ਲਹਿਰਾਂ ਵਾਂਗਰਾਂ ਉਠੇ ਮਨ ਦੀ ਮੌਜ ਕੀਤਾ ਨਹੀਂ ਹਜ਼ੂਰ ਨੇ ਸੋਨੇ ਨਾਲ ਪਿਆਰ ਸਵੱਰਨ ਕੜਾ ਸੀ ਸੁਟਿਆ ਗੰਗਾ ਦੇ ਵਿਚਕਾਰ ਕਿਥੇ ਸੁੱਟਿਆ ਪੁੱਛਦੀ ਆ ਕੇ ਗੁਜਰੀ ਮਾਂ ਦੂਜੇ ਨੂੰ ਵੀ ਸੁੱਟ ਕੇ ਕਹਿਣ ਲੱਗੇ ਉਸ ਥਾਂ ਤੇਗ਼ ਬਹਾਦਰ ਸਾਹਿਬ ਸਨ ਉਸ ਵੇਲੇ ਆਸਾਮ ਝਟ ਪਟ ਉਨ੍ਹਾਂ ਭੇਜਿਆ ਪਟਨੇ ਇਹ ਪੈਗ਼ਾਮ ਲੈ ਕੇ ਗੋਬਿੰਦ ਲਾਲ ਨੂੰ ਪਹੁੰਚੋ ਪੁਰੀ ਅਨੰਦ ਸਾਮਰਾਜ ਦੇ ਜ਼ੁਲਮ ਦੇ ਖੱਟੇ ਕਰੀਏ ਦੰਦ ਪਟਨੇ ਘਲ ਸੁਨੇਹੁੜਾ ਆਲੀ ਗੁਰੂ ਜਨਾਬ ਸਿੱਧੇ ਟੁਰੇ ਆਸਾਮ ਤੋਂ ਪਹੁੰਚੇ ਸਨ ਪੰਜਾਬ ਖ਼ਬਰਾਂ ਸੁਣੀਆਂ ਸ਼ਹਿਰ ਨੇ ਹੋ ਗਏ ਲੋਕ ਉਦਾਸ ਦੌੜੇ ਦੌੜੇ ਪਹੁੰਚਦੇ ਮਾਤਾ ਗੁਜਰੀ ਪਾਸ ਕਹਿੰਦੇ ਪਟਨੇ ਸ਼ਹਿਰ ਦੀ ਨਿਕਲਣ ਲੱਗੀ ਜਿੰਦ ਟੁਰ ਜਾਊ ਏਥੋਂ ਜ਼ਿੰਦਗੀ ਟੁਰਿਆ ਜੇ ਗੋਬਿੰਦ “ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ” ਕਹਿੰਦਾ ਸ਼ਿਵਦੱਤ ਰਾਮ ਨੇ ਫੇਰ ਲਿਆ ਬਨਬਾਸ ਕੁਲ ਅਜੁਧਿਆ ਰੋ ਰਹੀ ਟੁੱਟ ਗਈ ਧਰਵਾਸ ਸਤਿਗੁਰ ਦੇਣ ਤਸੱਲੀਆਂ ਹੋਣਾ ਨਹੀਂ ਨਿਰਾਸ ਜਦ ਤਕ ਦੁਨੀਆਂ ਕਾਇਮ ਹੈ ਰਹੂੰ ਤੁਹਾਡੇ ਪਾਸ ਜਦ ਤਕ ਜਗ ਤੇ ਅੰਮੀਆਂ ਬੱਚਿਆਂ ਦਾ ਸੰਸਾਰ ਹਰ ਬੱਚੇ ਚੋਂ ਵੇਖਣਾ ਮੇਰੇ ਨਕਸ਼ ਨੁਹਾਰ ਕਰ ਕਰ ਕੱਠੇ ਪੂਜਣਾ ਆਪਣੇ ਬਾਲ ਗੁਪਾਲ ਆਵਣ ਵਾਲੇ ਵਕਤ ਦੀ ਕਰਨੀ ਜਿਨ੍ਹਾਂ ਸੰਭਾਲ ਚੁੰਮ ਚੁੰਮ ਰੱਖਣੇ ਮੁਖੜੇ ਕਿਰਤਾਂ ਵਾਲੇ ਹੱਥ ਚੁੰਮ ਚੁੰਮ ਰੱਖਣੇ ਪੈਰ ਉਹ ਜਿਨ੍ਹਾਂ ਬਣਾਉਣੇ ਪੱਥ ਇਕ ਦਿਨ ਐਸਾ ਆਏਗਾ ਦੁਨੀਆਂ ਵਿਚ ਜ਼ਰੂਰ ਆਣ ਮਿਲੇਗਾ ਆਪ ਹੀ ਮੂਸਾ ਨੂੰ ਕੋਹਤੂਰ ਨਾ ਕੋਈ ਹਿੰਦੂ ਰਹੇਗਾ ਨਾ ਕੋਈ ਮੁਸਲਮਾਨ ਇਸ ਦੁਨੀਆਂ ਤੇ ਰਹੇਗਾ ਖਾਲਸ ਇਕ ਇਨਸਾਨ ਧਰਮ ਹੋਊ ਮਾਨੁੱਖਤਾ ਆਦਮ ਹੋਸੀ ਨਾਮ ਓਹੀਓ ਅੱਲਾ ਵਾਹਿਗੁਰੂ ਓਹੀਉ ਕ੍ਰਿਸ਼ਨ ਤੇ ਰਾਮ ਨਾ ਕੋਈ ਛੋਟਾ ਰਹੇਗਾ ਨਾ ਉੱਚਾ ਅਭਿਮਾਨ ਇਕੋ ਪੰਗਤ ਬੈਠਿਆਂ ਮਿਲਣਾ ਪਹਿਨਣ ਖਾਨ ਘੜਣੀ ਇਨ੍ਹਾਂ ਬੱਚਿਆਂ ਐਸੀ ਹੈ ਤਕਦੀਰ ਰਾਜੇ ਨਾਲ ਬਰਾਬਰੀ ਉਠ ਕੇ ਕਰੂ ਫ਼ਕੀਰ

ਪਟਨੇ ਤੋਂ ਰਵਾਨਗੀ :

ਸੰਮਤ ਸਤਰਾਂ ਸੌ ਤੇ ਚੜ੍ਹੇ ਅਠਾਈ ਸਾਲ ਟੁਰਿਆ ਪਟਨਾ ਛੱਡ ਕੇ ਗੁਜਰੀ ਦਾ ਜਦ ਲਾਲ ਦੇ ਕੇ ਪ੍ਰੇਮ ਨਿਸ਼ਾਨੀਆਂ ਟੁਰ ਪਏ ਬਖਸ਼ਨ ਹਾਰ ਲੋਕ ਪੰਘੂੜਾ ਓਸ ਦਾ ਚੁੰਮਣ ਵਾਰੋ ਵਾਰ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਇੰਦਰਜੀਤ ਸਿੰਘ ਤੁਲਸੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ