Babal Ji : Shiv Kumar Batalvi
ਬਾਬਲ ਜੀ : ਸ਼ਿਵ ਕੁਮਾਰ ਬਟਾਲਵੀ
ਬਾਬਲ ਜੀ
ਅਸਾਂ ਮਰੂਆ ਗੋਡਣ ਜਾਣਾ
ਨੈਣਾਂ ਦੇ ਖੂਹ ਗੇੜ ਦੁਮਾਹਲੇ
ਮਰੂਏ ਪਾਣੀ ਲਾਣਾ
ਬਾਬਲ ਜੀ
ਅਸਾਂ ਮਰੂਆ ਗੋਡਣ ਜਾਣਾ ।
ਮਰੂਆ ਉੱਗਦਾ ਬਾਬਲ ਜੀ
ਜਿਥੇ ਦੇਸ਼ ਮਾਹੀ ਦੇ ਵੱਸੇ
ਮਰੂਏ ਦੇ ਫੁੱਲ ਮੇਰੇ ਰੰਗ ਦੇ
ਮਾਹੀ-ਰੰਗੇ ਪੱਤੇ
ਮਰੂਏ ਦੀ ਛਾਂ ਬਾਬਲ ਜੀ
ਜਿਉਂ ਚੁੰਮਣ ਹੋਠੀਂ ਲਾਣਾ
ਬਾਬਲ ਜੀ
ਅਸਾਂ ਮਰੂਆ ਗੋਡਣ ਜਾਣਾ ।
ਮਰੂਆ ਖਿੜਦਾ ਬਾਬਲ ਜੀ
ਜਦ ਚੇਤਰ ਮਾਹ ਆਵੇ
ਜਦ ਹਰ ਬੂਟਾ ਮਹਿਕ ਹੰਢਾਵੇ
ਪਰ ਹਰਮਲ ਸੁੱਕ ਜਾਵੇ
ਬਾਬਲ ਜੀ
ਜੋ ਲੇਖੀਂ ਲਿਖਿਆ
ਉਹ ਕਿਸ ਆਣ ਮਿਟਾਣਾ
ਬਾਬਲ ਜੀ
ਅਸਾਂ ਮਰੂਆ ਗੋਡਣ ਜਾਣਾ ।
ਬਾਬਲ ਜੀ
ਕਿਸ ਕਾਰਨ ਚਿੰਤਾ
ਕਿਸ ਕਾਰਨ ਦਿਲਗੀਰੀ
ਨਾ ਸਾਡੇ ਤਨ ਕੋਈ ਰੋਗ ਅਵੱਲੜਾ
ਨਾ ਸਾਡੀ ਉਮਰ ਅਖ਼ੀਰੀ
ਬਾਬਲ ਜੀ
ਅਸਾਂ ਸੂਰਜ ਦਾ ਮੁੱਖ
ਡੁੱਬਦੇ ਤਕ ਮੁੜ ਆਣਾ
ਬਾਬਲ ਜੀ
ਅਸਾਂ ਮਰੂਆ ਗੋਡਣ ਜਾਣਾ ।
ਨੈਣਾਂ ਦੇ ਖੂਹ ਗੇੜ ਦੁਮਾਹਲੇ
ਮਰੂਏ ਪਾਣੀ ਲਾਣਾ
ਬਾਬਲ ਜੀ
ਅਸਾਂ ਮਰੂਆ ਗੋਡਣ ਜਾਣਾ ।