Baba Wajeed ਬਾਬਾ ਵਜੀਦ

ਬਾਬਾ ਵਜੀਦ (ਜਨਮ 1718 ਈ ?) ਇੱਕ ਪੰਜਾਬੀ ਸੂਫ਼ੀ ਕਵੀ ਸਨ। ਇਨ੍ਹਾਂ ਦੇ ਜਨਮ ਸਾਲ ਅਤੇ ਸਥਾਨ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵਿਦਾਰ ਹਨ ।ਬਾਬਾ ਵਜੀਦ ਖਾਂ ਪਠਾਣ ਸਨ। ਆਪ ਪਹਿਲਾਂ ਫ਼ੌਜ਼ ਵਿੱਚ ਰਹੇ ਫਿਰ ਸਾਧ ਸੰਗਤ ਵਿੱਚ ਆ ਕੇ ਤਿਆਗੀ ਬਣ ਗਏ ।ਰਾਮਾ ਕ੍ਰਿਸ਼ਨ ਲਾਜਵੰਤੀ ਮੁਤਾਬਕ ਵਜੀਦ ਜੀ ਨੇ ਭਾਰਤ ਆ ਕੇ ਸਿੰਧ ਦੇ ਆਪਣੇ ਗੁਰੂ ਕੋਲੋਂ ਰੂਹਾਨੀ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਆਪ ਨੇ ਭਾਰਤ ਵਿੱਚ ਰਹਿ ਕੇ ਅਨੇਕਾਂ ਯੋਗ ਸੰਬੰਧੀ ਕਿਰਿਆਵਾਂ ਹਾਸਿਲ ਕੀਤੀਆਂ । ਆਪ ਨੇ ਮੂਲ ਰੂਪ ਵਿੱਚ ਤੌਹੀਦ (ਫ਼ਨਾ) ਦਾ ਸਿਧਾਂਤ ਸਥਾਪਤ ਕੀਤਾ ਜੋ ਮਗਰੋਂ ਆ ਕੇ ਸੂਫ਼ੀ ਮਤ ਦਾ ਕੇਂਦਰੀ ਧੁਰਾ ਬਣਿਆ ।ਆਪ ਸੰਤ ਦਾਦੂ ਦਯਾਲ ਦੇ ਚੇਲੇ ਬਣੇ।ਬਾਬਾ ਵਜੀਦ ਦੀ ਰਚਨਾ ਪੰਜਾਬੀ ਤੇ ਹਿੰਦੀ ਦੋਹਾਂ ਭਾਸਾਵਾਂ ਵਿੱਚ ਹੀ ਮਿਲਦੀ ਹੈ। ਪਿਆਰਾ ਸਿੰਘ ਪਦਮ ਨੇ ਵਜੀਦ ਦੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ: 2 ਸ਼ਬਦ (ਰਾਗ ਤਿਲੰਗ ਕਾਫੀ, ਰਾਗ ਬਿਲਾਵਲ), 40 ਸਲੋਕ, 33 ਤੂਤੀਏ, 1 ਮਾਝ, 1 ਦੋਹਰਾ ਅਤੇ 150 ਅੜਿੱਲ ।ਇਸ ਤੋਂ ਇਲਾਵਾ ਆਪ ਦੇ ਰਚਿਤ 14 ਗ੍ਰੰਥ ਵੀ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਉਤਪਤੀਨਾਮਾ, ਗਰਜਨਾਮਾ, ਪ੍ਰੇਮ ਨਾਮਾ ਤੇ ਗੁਣਨਾਮ ਮਾਲਾ ਆਦਿ ਆਉਂਦੇ ਹਨ ।

ਸਲੋਕ ਬਾਬਾ ਵਜੀਦ

1
ਦੁਇ ਦੁਇ ਭਾਰ ਉਠਾਇ ਚਲਦਾ ਸਭਨਾ ਦੇ ਮੁਹੁ ਭਰ ।
ਢੱਠਾ ਹੋਇਆ ਉਠ ਨਾ ਚਲਦਾ ਦੇਹੁ ਧਰ ।
ਨਿਕਲ ਗਿਆ ਈ ਭੌਰ ਨਾ ਆਇਆ ਵਤ ਘਰ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

2
ਦੇਖ ਤਮਾਸਾ ਅਜਬ ਕਾਨੀ ਲਗੀ ਪਠਾਣ ਨੂੰ ।
ਹੋਇਆ ਖੜਾ ਨਿਹੰਗ ਪਕੜ ਗਿਆਨ ਨੂੰ ।
ਖੜਿਆ ਖੜਿਆ ਲੁਟਾਈ ਅਪਣੀ ਸਭ ਜਰ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

3
ਗਨਕਾ ਚੜ੍ਹੀ ਬਿਮਾਨ, ਕਮਾਈ ਕਿਆ ਕਰੀ
ਅਜਾਮਲ ਕੌਣ ਪੁਨੀਤ, ਜੋ ਗਿਆ ਸੁਰਗਪੁਰੀ
ਹਰੀਚੰਦ ਵਿਕਾਣਾ ਜਾਇ ਚੰਡਾਲ ਘਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

4
ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ
ਪੰਡਤ ਪੈਰ ਪਿਆਦੇ ਪਾਟੇ ਜੋੜਿਆਂ
ਕਰਦੇ ਸੁਘੜ ਮਜੂਰੀ ਮੂਰਖ ਦੇ ਜਾਇ ਘਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

5
ਕੀਓਸੁ ਮੇਰੁ ਮਧਾਣਾ, ਬਾਸਕ ਡਾਲ ਕਰ
ਖਾਰਾ ਕੀਓ ਸਮੁੰਦਰ, ਰਤਨ ਨਿਕਾਲ ਕਰ
ਚੰਦ ਕਲੰਕ ਲਗਾਇਆ, ਸਿਆਹੀ ਵਿਚ ਧਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

6
ਉਤਪਤ ਸਭੇ ਪੈਦਾਇਸ ਇਕਸੇ ਰਬ ਦੀ ।
ਇਕ ਸਾਹਿਬ ਦੁਇ ਰਚੀ ਰੂਹ ਸਭ ਦੀ ।
ਇਕਨਾ ਰਾਹ ਸਰੀਅਤ ਇਕਨਾ ਰਾਮ ਹਰਿ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

7
ਗਊਆਂ ਦੇਂਦਾ ਘਾਹੁ ਮਲੀਦਾ ਕੁੱਤਿਆਂ
ਜਾਗਦਿਆਂ ਤੋਂ ਖੋਹੁ, ਦੇਂਦਾ ਸੁੱਤਿਆਂ
ਚਹੁੰ ਕੂਟਾ ਹੈ ਪਾਣੀ, ਤਾਲ ਸਰ ਬਸਰ
ਵਜੀਦਾ ਕੌਣ ਸਾਹਿਬ ਨੋ ਆਖੇ ਇੰਞ ਨਹੀ ਇੰਞ ਕਰ

8
ਏਤਾ ਮਾਣ ਨਾ ਕਰੀਏ ਡਰੀਏ ਕਾਦਰੋਂ
ਕੇਤੀ ਭਰ ਭਰ ਗਈ ਸਮੁੰਦਰੋਂ ਸਾਗਰੋਂ
ਅਨਲੁੜੀਂਦੇ ਢੇਰ ਲੁੜੀਂਦੇ ਜਾਣ ਮਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

9
ਸਾਹ ਸਿਕੰਦਰ ਢੂੰਡੇ ਆਬ ਹਿਯਾਤ ਨੂੰ ।
ਵਿਚਿ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ ।
ਪੀਤੋਸੁ ਨਾਹਿੰ ਪਿਯਾਲਾ ਆਪਣੇ ਦਸਤ ਭਰ ।
(ਆਈ ਆਬ ਹਿਯਾਤ ਨਾ ਪੀਤਾ ਬੁਕ ਭਰ ।)
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

10
ਰਾਵਣ ਵਡਾ ਹੰਕਾਰੀ ਲੰਕਾ ਜਿਤ ਘਰ ।
ਕੋਟ ਤੇਤੀਸ ਦੇਵ ਬੰਦੀ ਜਿਤਿ ਘਰ ।
ਦਿਤੋਸੁ ਖਾਕ ਰਲਾਇ ਇਕਸੇ ਪਲਕ ਭਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ
11
ਦੁਰਜੋਧਨ ਵਡਾ ਹੰਕਾਰੀ ਕਿਸੈ ਨ ਜਾਣਦਾ
ਕ੍ਰਿਸਨ ਫਿਰੈ ਰੈਬਾਰੀ ਸੁਲਹ ਕਰਾਇਦਾ
ਤਾਕੀ ਦੇਹੀ ਗਿਰਝ ਨ ਖਾਈ ਈਵੇ ਗਈ ਸੜ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

12
ਚੋਰਾਂ ਦੇ ਘਰ ਵਗ ਜੁ ਮਾਨਸ ਘਾਇਦੇ
ਖੁਸੀਆਂ ਮਾਣਨ ਠਗ ਜੁ ਫਾਹੇ ਪਾਇਦੇ
ਏਹ ਕੁਦਰਤ ਵਰਤੈ ਤੇਰੀ ਰੱਬਾ ਤੁੱਧ ਘਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

13
ਚੋਰ ਜੋ ਕਰਦੇ ਚੋਰੀ ਲਿਆਵਣ ਲੁੱਟ ਘਰ
ਖਾਂਦੇ ਦੁੱਧ ਮਲਾਈਆ ਮਲੀਦੇ ਕੁੱਟ ਕਰ
ਜੋ ਰਹਿੰਦੇ ਤੇਰੀ ਆਸ, ਸੁ ਜਾਂਦੇ ਭੁਖੇ ਮਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

14
ਲਉਬਾਲੀ ਦਰਗਾਹਿ ਅੰਤ ਹਿਸਾਬ ਹੈ
ਜਿਨਿ ਜਿਨਿ ਓੜਕ ਸਾਧਿਆ ਤੇਈ ਖਰਾਬ ਹੈ
ਕੇਤੀ ਗਈ ਵਜਾਇ ਨ ਆਇਉ ਵਤਿ ਫਿਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

15
ਨਬੀਆਂ ਦਾ ਸਿਰਦਾਰ ਰਸੂਲ ਖ਼ੁਦਾਇ ਦਾ
ਸਭਨਾ ਦਾ ਮਕਬੂਲ ਥੰਮ ਦਰਗਾਹਿ ਦਾ
ਉੱਮਤ ਦੇ ਪੁੱਤਰ ਜੀਵਨ, ਉਸ ਦੇ ਜਾਣ ਮਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

16
ਇਕਨਾ ਮਹਿਲ ਉਸਾਰੇ ਮਮਟ ਮਾੜੀਆਂ
ਇਕ ਬੰਨਣ ਸਿਰ ਤੇ ਭਾਰ ਉਠਾਇਨ ਖਾਰੀਆਂ
ਇਕਨਾ ਦੇ ਹੇਠ ਤੁਰੇ ਇਕ ਫਿਰਦੇ ਦਰਬਦਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

17
ਘੜੀ ਘੜੀ ਘੜਿਆਲ ਕਿ ਵਾਜੇ ਕਹਿਤ ਹੈ
ਬਹੁਤੀ ਗਈ ਵਿਹਾਇ ਕਿ ਥੋੜੀ ਰਹਿਤ ਹੈ
ਸਾਈ ਬੇਗਿ ਸਮਾਲ ਕਿ ਜਮ ਕੀ ਰਾਰ ਹੈ
ਵਜੀਦਾ ਜਮ ਕੈ ਹਾਥ ਗੁਲੇਲ ਪਟਾਕਾ ਪਾਰ ਹੈ ।

18
ਸੁਦਾਮਾ ਕੋ ਧਨ ਦੀਆ ਬਿਪਤ ਦਿਖਾਲ ਕਰ
ਬਧਕ ਮੁਕਤ ਪਠਾਇਆ ਖੰਭ ਪਰਹਾਰ ਕਰ
ਗੋਲਾ ਬਿਦਰ ਉਧਾਰਿਆ ਭਾਜੀ ਖਾਇ ਕਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

19
ਰਵਦਾਸ ਭਗਤ ਅਰਾਧਿਆ ਕੇਵਲ ਕ੍ਰਿਸਨ ਹਰਿ
ਵਾ ਕੀ ਦਮੜੀ ਲੀਨੀ ਗੰਗਾ ਭੁਜਾ ਪਸਾਰ ਕਰਿ
ਨਾਈ ਸੈਣ ਧਿਆਇਆ ਸੰਤਾ ਸੇਵ ਕਰਿ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

20
ਧੰਨੇ ਠਾਕੁਰ ਪਾਇਆ ਪਹਿਰ ਅਰਾਧ ਕਰ
ਗਜਪਤਿ ਸੁਰਗੁ ਸਿਧਾਰਿਆ ਇਕ ਖਿਨ ਚੇਤ ਹਰਿ
ਅਟਲ ਰਾਜ ਧਰੂ ਪਾਇਆ ਜਾਇ ਕੈਲਾਸ ਪਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

21
ਪ੍ਰਹਿਲਾਦ ਭਗਤ ਕੀ ਰਖਿਆ ਕੀਨੀ ਆਪ ਹਰਿ
ਹਰਨਾਖਸ ਨਖਹਿ ਬਿਦਾਰਿਆ ਨਰਸਿੰਘ ਰੂਪ ਧਰ
ਦਰੁਪਤਿ ਸੁਤਾ ਕੇ ਕਾਰਨ ਨ ਲਾਇਉ ਬਿਲਮ ਹਰਿ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

22
ਭਗਤ ਪਈ ਪਰਵਾਨ ਸਿੰਘਾਸਨ ਆਇਆ
ਹਰੀਚੰਦ ਸਣੇ ਕੁਟੰਬ ਸੁਰਗ ਸਿਧਾਇਆ
ਮਨ ਵਿਚਿ ਕੀਆ ਗੁਮਾਨ ਅਧਵਾਟੇ ਰਹਿਆ ਅੜ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

23
ਕੰਜਰੀਆਂ ਅਤੇ ਭੰਡਾਂ ਮਿਲਦੇ ਮਾਲ ਜਰ
ਬੈਲ ਉਠਾਵਨ ਭਾਰ ਤੁਰੇ ਖਾਨ ਘਰ
ਬ੍ਰਾਹਮਣ ਅਤੇ ਸਈਅਦ ਫਿਰਦੇ ਦਰਬਦਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

24
ਘਿਉ ਸ਼ੱਕਰ ਤੇ ਮਲੀਦਾ ਮਿਲੇ ਭਿਰਾਈਆਂ
ਕੌਡੀ ਕੌਡੀ ਮਿਲੇ ਗੁਰਾਂ ਗੁਸਾਈਆਂ
ਗੰਗਾ ਨੀਰ ਤਿਆਗਣ ਪੂਜਣ ਹੋਰ ਸਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

25
ਦਾਸ ਕਬੀਰ ਜੁਲਾਹੇ ਅਰਾਧਿਆ ਇਕ ਹਰਿ
ਨਾਮਦੇਵ ਛੀਂਬੇ ਧਿਆਇਆ ਇਕ ਚਿਤ ਲਾਇ ਕਰ
ਬਾਲਮੀਕ ਜੋ ਜੰਮਿਆਂ ਜਾਇ ਚੰਡਾਲ ਘਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

26
ਜ਼ਕਰੀਏ ਆਪ ਚਿਰਾਇਆ ਸਿਰ ਸਿਰ ਕਲਵਤ ਧਰ
ਸੁਲੇਮਾਨ ਮਲੀਹੁ ਉਠਾਇਆ, ਆਪਣੇ ਸੀਸ ਪਰ
ਹਜ਼ਰਤ ਦਾ ਦਾਮਾਦ, ਰੁਲਾਇਆ ਖ਼ਾਕ ਪਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

27
ਭਜ ਲੇ ਹਰਿ ਕਾ ਨਾਮ ਸੂਆ ਤਾਕ ਮੈ ।
ਤੇਰਾ ਦਿਨਸ ਚਾਰ ਮੋ ਰੰਗ ਮਿਲੈਗਾ ਖਾਕ ਮੈ ।
ਸਾਈ ਬੇਗ ਸਮਾਲ ਕਿ ਜਮ ਸੋ ਰਾਰ ਹੈ ।
ਵਜੀਦਾ ਜਮ ਕੇ ਹਾਥ ਗੁਲੇਲ ਪਟਾਕਾ ਪਾਰ ਹੈ ।

28
ਨਾ ਕਰ ਖੁਦੀ ਗੁਮਾਨ ਜੁਆਨ ਮਰ ਜਾਇੰਗਾ
ਧੰਨ ਜੋਬਨ ਥਿਰ ਨਾਹਿ ਅੰਤ ਪਛੁਤਾਹਿੰਗਾ
ਜੈਸੀ ਕਚ ਕੀ ਚੂੜੀ, ਤੈਸੀ ਦੇਹ ਹੈ
ਵਜੀਦਾ ਥਿਰ ਸਾਹਿਬ ਦਾ ਨਾਮ, ਹੋਰ ਸਭ ਖੇਹ ਹੈ

29
ਸ਼ਾਹਾਂ ਦੇ ਪੁੱਤ ਫਕੀਰ ਫਕੀਰਾਂ ਦੇ ਦੁਨੀਦਾਰ ।
ਮੁਗਲ ਪਠਾਣਾਂ ਰੈਯਤ ਖਤਰੀ ਫੌਜਦਾਰ ।
ਕੰਚਨ ਕੀਚੈ ਵਸਿ ਲੇਹ ਸੰਗਿ ਤੋੜੀਐ ।
ਵਜੀਦਾ ਕਲਮ ਰਬਾਣੀ ਵਗੀ ਕਿਨੇ ਨਹਿ ਮੋੜੀਐ ।

30
ਜੈਸੀ ਬੋਲਹੁ ਬਾਣੀ ਤੈਸੀ ਬਹੁੜ ਹੋ ।
ਅੰਤਰਿ ਵਸੈ ਕਪਟ ਕਿ ਮੁਹੁ ਸੇ ਕਿਆ ਕਹੋ ।
ਕਹੀ ਸੁਣਾਈ ਬਾਤ ਜੁ ਬੋਲਹੁ ਪੀਆ ਕੀ ।
ਵਜੀਦਾ ਕਹਿਣੇ ਕੋ ਇਹ ਬਾਤ ਫਲੇਗੀ ਜੀਆ ਕੀ ।

31
ਕੇਤੇ ਹੋਏ ਪਾਤਿਸਾਹਿ ਕੇਤੇ ਹੋ ਜਾਣਗੇ ।
ਕੇਤੇ ਰਾਣੇ ਰਾਉ ਕਮਾਈ ਖਾਣਗੇ ।
ਕੇਤੇ ਲਈਅਨ ਗੜ ਕੋਟ ਲਾਇ ਕੇਤੇ ਜਾਮ ਕੀ ।
ਵਜਦਾ ਤੀਨ ਲੋਕ ਨਵ ਖੰਡ ਦੁਹਾਈ ਰਾਮ ਕੀ ।

32
ਕਿਆ ਸਮਝਾਈਐ ਗਿਆਨ ਅਗਿਆਨੀ ਜੀਉ ਕਉ ।
ਪੜੀ ਭਰਮ ਕੀ ਚੂਕ ਭਜੇ ਨਹੀਂ ਪੀਉ ਕਉ ।
ਨਿੰਮ ਨਾ ਮੀਠੀ ਹੋਇ ਸਿੰਚ ਗੁੜ ਘੀਉ ਸਿਉ ।
ਵਜੀਦਾ ਜੈਸਾ ਹੋਇ ਸੁਭਾਉ ਜਾਇਗਾ ਜੀਉ ਸਿਉ ।

33
ਦੋ ਦੋ ਦੀਵੈ ਬਾਲ ਮਹਿਲ ਮਹਿ ਸੋਵਤੇ ।
ਪਰ ਨਾਰੀ ਕਾ ਸੰਗ ਪਲਕ ਨਹੀਂ ਮੋਵਤੇ ।
ਚੋਆ ਚੰਦਨ ਲਾਇਕੇ ਦੇਹੀ ਚਾਮ ਕੀ ।
ਵਜੀਦਾ ਗਰਦ ਮਰਦ ਹੋਇ ਜਾਰੁ ਦੁਹਾਈ ਰਾਮ ਕੀ ।

34
ਕਹਿਓ ਸਤਿ ਸਲਾਮ ਹਮਾਰੀ ਰਾਮ ਕਉ ।
ਰਹੇ ਨੈਣ ਝਰ ਲਾਇ ਤੁਮਾਰੇ ਨਾਮ ਸਿਉ ।
ਥੋੜੀ ਕਰੀ ਹੈ ਟਹਿਲ ਬਹੁਤ ਕਰਿ ਜਾਨੀਏ ।
ਵਜੀਦਾ ਬੰਦਾ ਖਿਜਮਤਗਾਰ ਨਫਰ ਕਰ ਮਾਨੀਏ ।

35
ਘੜੀ ਘੜੀ ਘੜਿਆਲ ਪੁਕਾਰੇ ਕਹਿਤ ਹੈ ।
ਬਹੁਤੀ ਗਈ ਵਿਹਾਇ ਅਲਪ ਸੀ ਰਹਿਤ ਹੈ ।
ਸਾਈ ਬੇਗ ਸਮਾਲ ਕਿ ਜਮਾ ਸਿਉ ਰਾਰ ਹੈ ।
ਵਜੀਦਾ ਜਮ ਕੇ ਹਾਥ ਕਮਾਣ ਪਟਾਕਾ ਪਾਰ ਹੈ ।

36
ਵਜੀਦਾ ਪੂਤ ਪਠਾਣ ਕੇ ਦੇਤੇ ਦਲਾਂ ਕਉ ਮੋੜ ।
ਅਬ ਸਰਣਿ ਪਰੇ ਗੋਪਾਲ ਕੀ ਸਕੇ ਨਾ ਤਿਨਕਾ ਤੋੜ ।

37
ਸਮਝ ਦੇਖਿ ਮਨ ਮੂੜ ਧੂੜ ਹੋਇ ਜਾਹਿਗਾ ।
ਕਿਆ ਲਪਟਾਵਹਿ ਝੂਠ ਅੰਤ ਪਛੁਤਾਹਿਗਾ ।
ਇਹ ਜਗ ਬਿਨਸਿ ਜਾਇਗਾ ਦੇਖਹੁ ਨੈਣ ਸਿਉ ।
ਵਜੀਦਾ ਚਾਰ ਦਿਨਸੁ ਮਜਮਾਨ ਵਿਗਾੜਹੁ ਕਉਣ ਸਿਉ ।

38
ਇਕਨਾ ਦੇ ਧਨ ਪੱਲੇ ਸ਼ਾਹ ਸਦਾਇੰਦੇ
ਪਹਿਰਨ ਮਲਮਲ ਖਾਸਾ ਮੁਸ਼ਕ ਹੰਢਾਇੰਦੇ
ਇਕਨਾ ਭੀਖ ਨਾ ਪੈਂਦੀ ਫਿਰਦੇ ਦਰ ਬਦਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

39
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ
ਬਹੁਤੀ ਬਹੁਤੀ ਮਾਇਆ ਚੱਲੀ ਆਵਈ
ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀ ਇੰਞ ਕਰ

40
ਦਰਦਵੰਦ ਦਰਵੇਸ਼ ਮੁਖਹੁ ਨਹੀਂ ਬੋਲਦੇ ।
ਹਿਕ ਆਵੇ ਪਾ ਆਨਾਜ ਤਾਂ ਰੋਜਾ ਖੋਲਦੇ ।
ਚੋਰ ਉਚੱਕੇ ਖਾਣ ਮਲੀਦਾ ਤਰਬਤਰ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ ।

41
ਕਾਬਲ ਬਹੁਤਾ ਮੇਵਾ ਮੁਗ਼ਲਾਂ ਖਾਵਣਾ
ਸੋਨਾ ਤੇ ਚੌਤਾਰਾ ਅੰਗ ਹੰਢਾਵਨਾ
ਬਿੰਦਰਾਬਨ ਵਿੱਚ ਪੀਂਝੂ, ਜਿਥੇ ਆਪ ਹਰਿ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

42
ਘਿਉ ਤੇ ਸਕਰ ਮੈਦਾ ਮਿਲਦਾ ਕੁੱਤਿਆਂ ।
ਜਿਨਾ ਦਾ ਪੀਂਦੇ ਦੁਧੁ ਸੁ ਮਰਦਾ ਭੁੱਖਿਆਂ ।
ਬੀਜਣ ਗਾਹਣ ਵਾਹਣ ਮੌਰ ਬੰਨ ਕਰ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ ।

43
ਪਰ ਨਾਰੀ ਕੋ ਦੇਖ ਚਿਤੁ ਨਾ ਲਾਈਐ ।
ਜੇ ਲਗਾ ਹੋਵੇ ਚਿਤੁ ਤਾਂ ਨਿਤੁ ਨਾ ਜਾਈਐ ।
ਜੇ ਜਾਣਾ ਹੋਵੇ ਨਿਤੁ ਤਾਂ ਰੈਣ ਨਾ ਸੋਈਐ ।
ਵਜੀਦਾ ਅਲਗਰਜ ਜੋ ਮਾਰਿਆ ਜਾਇ ਬਹੁੜਿ ਕਿਉਂ ਰੋਈਐ ।

44 ਇਕਨਾ ਨੂੰ ਰੱਬ ਦੌਲਤ ਦਿੱਤੀ ਅਗਲੀ
ਇਕ ਮੂੰਹੋਂ ਜੋ ਆਖਨ ਸੱਚ ਹਿਰਦੇ ਨਹੀਂ ਲਗਦੀ
ਇਕ ਮੂੰਹੋਂ ਆਖਣ ਝੂਠ ਜੋ ਮੰਨਦੇ ਸੱਚ ਕਰ
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ

45
ਇਕਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ
ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ
ਇਕਨਾਂ ਦੇ ਘਰ ਇਕ ਹੀ, ਜੰਮ ਕੇ ਜਾਏ ਮਰ
ਵਜੀਦਾ ਕੌਣ ਸਾਹਿਬ ਨੋਂ ਆਖੇ ਇੰਞ ਨਹੀਂ ਇੰਞ ਕਰ

46
ਇਕ ਕਰਦੇ ਜੁਹਦ ਮਸਕਤ ਕਰਨ ਮਜੂਰੀਆਂ ।
ਇਕ ਘਰਿ ਹੀ ਬੈਠੇ ਖਾਣ ਕੁਟ ਕੁਟ ਚੂਰੀਆਂ ।
ਤਿਨਾ ਗਰੀਬਾਂ ਨੂੰ ਲੈ ਆਵਣ ਬੰਨ ਕਰ ।
ਵਜੀਦਾ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਇੰਞ ਕਰ ।

(ਨੋਟ: ਬਾਬਾ ਵਜੀਦ ਦੀ ਰਚਨਾ ਦੇ ਉਤਾਰਿਆਂ ਵਿਚ ਪਾਠ ਭੇਦ
ਬਹੁਤ ਹੈ । ਇੰਞ ਦੀ ਥਾਂ ਐਉਂ, ਅੰਞ ਅਤੇ ਸਾਹਿਬ ਦੀ ਥਾਂ
ਸਾਈਂ ਸ਼ਬਦ ਲਿਖਿਆ ਮਿਲਦਾ ਹੈ ।)