Biography Baba Wajeed : Dr Dharam Singh

ਜੀਵਨੀ ਬਾਬਾ ਵਜੀਦ ਡਾਕਟਰ ਧਰਮ ਸਿੰਘ

ਬਾਬਾ ਵਜੀਦ, ਵਜੀਦ, ਵਜੀਦ ਖਾਂ ਅਤੇ ਬਾਯਜੀਦ ਪਠਾਨ ਆਦਿ ਮਿਲਦੇ ਵੱਖ-ਵੱਖ ਨਾਵਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਹ ਮਸਲਾ ਕਾਫੀ ਉਲਝਾਅ ਦਿੱਤਾ ਹੈ ਅਤੇ ਨਾਲ ਹੀ ਜੀਵਨ ਕਾਲ ਦਾ ਵੀ। ਬਹੁਤੇ ਸਾਹਿਤ-ਇਤਿਹਾਸਕਾਰ ਬਾਬਾ ਵਜੀਦ, ਵਜੀਦ ਜਾਂ ਵਜੀਦ ਖਾਂ ਦਾ ਜਨਮ 1130 ਹਿਜਰੀ ਮੁਤਾਬਿਕ 1718 ਈ: ਵਿਚ ਹੋਇਆ ਮੰਨਦੇ ਹਨ। ਡਾ: ਮੋਹਨ ਸਿੰਘ ਦੀਵਾਨਾ ਅਤੇ ਉਸ ਦਾ ਇਕ ਚੇਲਾ ਡਾ: ਧਰਮਪਾਲ ਸਿੰਗਲ ਇਸ ਨੰ ਬਾਯਜੀਦ ਪਠਾਨ ਕਹਿ ਕੇ ਇਸ ਦਾ ਜੀਵਨ ਕਾਲ 1550-1660 ਈ: ਦੱਸਦੇ ਹਨ। ਡਾ: ਦੀਵਾਨਾ ਦਾ ਮੰਨਣਾ ਹੈ ਕਿ ਇਸ ਦੀ ਕਵਿਤਾ ਵਿਚ ਬਾਦਸ਼ਾਹ ਜਹਾਂਗੀਰ ਵੱਲ ਸੰਕੇਤ ਹੈ, ਇਸ ਲਈ ਇਹ ਪ੍ਰਸਿੱਧ ਪੰਜਾਬੀ ਸੂਫੀ ਕਵੀ ਸੁਲਤਾਨ ਬਾਹੂ ਦਾ ਪਿਤਾ ਸੀ। ਉਸ ਦਾ ਇਹ ਵੀ ਵਿਚਾਰ ਹੈ ਕਿ ਸੁਲਤਾਨ ਬਾਹੂ ਦੇ ਖਾਨਦਾਨ ਦਾ ਸੰਬੰਧ ਸ਼ਾਹ ਜਹਾਨੀ ਅਹਿਦ ਦੇ ਇਕ ਜਗੀਰਦਾਰ ਨਾਲ ਸੀ, ਜੋ ਪਿੰਡ ਸ਼ੋਰਕੋਟ ਜ਼ਿਲ੍ਹਾ ਝੰਗ (ਅੱਜਕਲ੍ਹ ਪਾਕਿਸਤਾਨ) ਦਾ ਇਕ ਸਰਦਾ-ਪੁੱਜਦਾ ਜ਼ਿਮੀਂਦਾਰ ਸੀ।
ਕਹਿਣ ਦੀ ਲੋੜ ਨਹੀਂ ਕਿ ਮੋਹਨ ਸਿੰਘ ਦੀਵਾਨਾ ਕੋਲ ਬਾਬਾ ਵਜੀਦ ਅਤੇ ਬਾਯਜੀਦ ਪਠਾਣ ਦਰਮਿਆਨ ਡੇਢ ਸੌ ਸਾਲਾਂ ਦੇ ਵਕਫੇ ਦਾ ਕੋਈ ਜਵਾਬ ਨਹੀਂ। ਸੁਲਤਾਨ ਬਾਹੂ ਬਾਰੇ ਜਿੰਨੀਆਂ ਵੀ ਕਿਤਾਬਾਂ ਮਿਲਦੀਆਂ ਹਨ, ਉਨ੍ਹਾਂ ਵਿਚ ਸੁਲਤਾਨ ਬਾਹੂ ਦੇ ਪਿਤਾ ਦਾ ਨਾਂਅ ਬਾਯਜੀਦ ਪਠਾਣ ਲਿਖਿਆ ਜ਼ਰੂਰ ਮਿਲਦਾ ਹੈ ਪਰ ਕਿਸੇ ਨੇ ਵੀ ਉਸ ਨੂੰ ਬਾਬਾ ਵਜੀਦ ਸਿੱਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਬਾ ਵਜੀਦ ਦੇ ਨਾਂਅ 'ਤੇ ਮਿਲਦੀ ਰਚਨਾ ਦੀ ਕਿਸੇ ਅੰਦਰੂਨੀ ਗਵਾਹੀ ਤੋਂ ਵੀ ਸੁਲਤਾਨ ਬਾਹੂੂ ਦੇ ਪਿਤਾ ਦੇ ਸਰਦੇ-ਪੁਜਦੇ ਜ਼ਿਮੀਂਦਾਰ ਜਾਂ ਖੁਸ਼ਹਾਲ ਹੋਣ ਦੀ ਗਵਾਹੀ ਨਹੀਂ ਮਿਲਦੀ। ਉਲਟਾ ਇਹ ਦੱਸਿਆ ਜਾਂਦਾ ਹੈ ਕਿ ਬਾਬਾ ਵਜੀਦ ਬੜਾ ਸਿਹਤਮੰਦ ਅਤੇ ਚੰਗੇ ਡੀਲ-ਡੌਲ ਵਾਲਾ ਸੀ, ਜੋ ਆਰੰਭਲੇ ਜੀਵਨ ਵਿਚ ਫੌਜ ਵਿਚ ਭਰਤੀ ਹੋ ਕੇ ਵੱਡਾ ਅਫਸਰ ਵੀ ਬਣ ਗਿਆ ਸੀ। ਬਾਬਾ ਵਜੀਦ ਦੇ ਨਾਂਅ 'ਤੇ ਮਿਲਦੀ ਕਾਵਿ-ਰਚਨਾ ਸ਼ੈਲੀ ਅਤੇ ਭਾਸ਼ਾ ਵਿਚੋਂ ਵੀ ਇਹ ਸਾਬਤ ਨਹੀਂ ਹੁੰਦਾ ਕਿ ਇਹ ਸਾਰੀ ਕਿਸੇ ਇਕ ਹੀ ਕਵੀ ਦੀ ਹੀ ਰਚਨਾ ਹੈ। ਸੋ, ਅਸੀਂ ਡਾ: ਮੋਹਨ ਸਿੰਘ ਦੀਵਾਨਾ ਦੀਆਂ ਧਾਰਨਾਵਾਂ ਨਾਲ ਸਹਿਮਤ ਨਾ ਹੋ ਕੇ ਬਾਬਾ ਵਜੀਦ ਅਤੇ ਬਾਯਜੀਦ ਪਠਾਣ ਨੂੰ ਵੱਖ-ਵੱਖ ਵਿਅਕਤੀ ਮੰਨਦੇ ਹਾਂ।
ਬਾਬਾ ਵਜੀਦ 18ਵੀਂ ਸਦੀ ਦਾ ਕਵੀ ਹੈ, ਜਿਸ ਨੂੰ ਤਕਨੀਕੀ ਸ਼ਬਦਾਵਲੀ ਵਿਚ ਲੋਕ ਕਵੀ ਤਾਂ ਨਹੀਂ ਕਿਹਾ ਜਾ ਸਕਦਾ ਪਰ ਉਸ ਦੀ ਇਕ ਕਾਵਿ-ਪੰਕਤੀ 'ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ, ਇੰਜ ਕਰ' ਲੋਕੋਕਤੀ ਦਾ ਦਰਜਾ ਜ਼ਰੂਰ ਹਾਸਲ ਕਰ ਚੁੱਕੀ ਹੈ। ਵਜੀਦ ਦੇ ਜੀਵਨ ਬਾਰੇ ਪ੍ਰਮਾਣਿਕ ਰੂਪ ਵਿਚ ਕੁਝ ਨਹੀਂ ਮਿਲਦਾ ਪਰ ਬਹੁਤੇ ਵਿਦਵਾਨਾਂ ਦਾ ਮਤ ਹੈ ਕਿ ਉਹ ਪਠਾਣ ਕੌਮ ਵਿਚੋਂ ਸੀ ਅਤੇ ਉਹ ਕਾਬਲ (ਅਫ਼ਗਾਨਿਸਤਾਨ) ਦਾ ਜੰਮਪਲ ਸੀ। ਕੁਝ ਵਿਦਵਾਨ ਵਜੀਦ ਨੂੰ ਜਲੰਧਰ ਦਾ ਜੰਮਪਲ ਦੱਸਦੇ ਹਨ, ਕਿਉਂਕਿ ਉਸ ਦੇ ਸਲੋਕਾਂ ਵਿਚ ਪੰਜਾਬੀ ਭਾਸ਼ਾ ਦੀ ਜੋ ਠੇਠਤਾ, ਸਾਦਗੀ ਅਤੇ ਰਵਾਨੀ ਹੈ, ਉਹ ਕਿਸੇ ਗ਼ੈਰ-ਪੰਜਾਬੀ ਵਿਚ ਹੋ ਹੀ ਨਹੀਂ ਸਕਦੀ। ਇਹ ਸੰਭਵ ਹੈ ਕਿ ਬਾਬਾ ਵਜੀਦ ਦੇ ਵੱਡੇ-ਵਡੇਰੇ ਕਾਬਲ ਵਿਚ ਰਹਿੰਦੇ ਹੋਣ ਅਤੇ ਮਗਰੋਂ ਹਿਜਰਤ ਕਰਕੇ ਪੰਜਾਬ ਆ ਵਸੇ ਹੋਣ। ਮੌਲਾ ਬਖਸ਼ ਕੁਸ਼ਤਾ ਦਾ ਕਹਿਣਾ ਹੈ ਕਿ ਕਿਸੇ ਹਿੰਦੂ ਸਾਧੂ ਦੀ ਸੰਗਤ ਕਰਕੇ ਉਹ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਤੇ ਸਭ ਕੁਝ ਛੱਡ-ਛਡਾਅ ਕੇ ਦਰਵੇਸ਼ ਹੋ ਗਿਆ। ਇਕ ਇਹ ਵੀ ਰਵਾਇਤ ਹੈ ਕਿ ਵਜੀਦ ਸੰਤ ਦਾਦੂ ਦਿਆਲ ਦਾ ਚੇਲਾ ਸੀ, ਹਾਲਾਂਕਿ ਦੋਵਾਂ ਦਰਮਿਆਨ ਕਾਫੀ ਕਾਲਾਂਤਰ ਹੈ। ਜੇਕਰ ਇਹ ਮੰਨ ਲਈਏ ਕਿ ਬਾਬਾ ਵਜੀਦ, ਦਾਦੂ ਦਿਆਲ ਦਾ ਚੇਲਾ ਨਹੀਂ ਸੀ, ਤਾਂ ਵੀ ਇਹ ਗੱਲ ਸੱਚ ਕਿ ਉਹ ਕਿਸੇ ਹਿੰਦੂ ਸਾਧੂ ਦੀ ਸੰਗਤ ਵਿਚ ਰਿਹਾ ਹੋਵੇਗਾ। ਸੰਤ ਦਾਦੂ ਦਿਆਲ ਦਾ ਕਾਰਜ ਖੇਤਰ ਵਧੇਰੇ ਕਰਕੇ ਰਾਜਸਥਾਨ ਸੀ ਪਰ ਵਜੀਦ ਦੇ ਸਲੋਕਾਂ ਵਿਚਲੀ ਇਹ ਰੰਗਤ ਸਾਬਤ ਕਰਦੀ ਹੈ ਕਿ ਉਹ ਪੰਜਾਬ ਦਾ ਹੀ ਜੰਮਪਲ ਸੀ ਜਾਂ ਉਸ ਨੇ ਬਹੁਤਾ ਸਮਾਂ ਪੰਜਾਬ ਵਿਚ ਹੀ ਗੁਜ਼ਾਰਿਆ।
ਭਗਤ ਵਜੀਦ ਦੀ ਸਮੁੱਚੀ ਕਾਵਿ-ਰਚਨਾ ਵਿਚ ਉਸ ਦੇ ਛੋਟੇ-ਵੱਡੇ 14 ਗ੍ਰੰਥਾਂ ਦੀ ਸੂਚਨਾ ਮਿਲਦੀ ਹੈ ਪਰ ਅੱਜ ਸਾਡੇ ਕੋਲ ਉਸ ਦੇ ਕੇਵਲ ਚੋਣਵੇਂ ਸਲੋਕ, ਕੁਝ ਸ਼ਬਦ, ਮਾਝਾਂ ਅਤੇ ਫੁੱਟਕਲ ਛੰਦ ਹੀ ਮਿਲਦੇ ਹਨ। ਵਜੀਦ ਦੀ ਕਵਿਤਾ ਦੀਆਂ ਦੋ ਵਿਸ਼ੇਸ਼ਤਾਵਾਂ ਉਲੇਖਯੋਗ ਹਨ। ਪਹਿਲੀ ਇਹ ਕਿ ਉਸ ਨੂੰ ਮਨੁੱਖੀ ਜੀਵਨ ਦਾ ਡੂੰਘਾ ਅਤੇ ਵਿਸ਼ਾਲ ਅਨੁਭਵ ਹੈ। ਸਮਾਜਿਕ ਜੀਵਨ ਵਿਚਲੇ ਵਿਰੋਧਾਂ, ਅਸਮਾਨਤਾਵਾਂ ਅਤੇ ਵਿਭਿੰਨਤਾਵਾਂ ਉੱਪਰ ਜਿਸ ਤਰ੍ਹਾਂ ਦੀ ਪਕੜ ਵਜੀਦ ਦੀ ਹੈ, ਉਹ ਉਸ ਦੇ ਹੀ ਹਿੱਸੇ ਆਉਂਦੀ ਹੈ। ਕਿਧਰੇ ਸਮਾਜਿਕ ਨਾਬਰਾਬਰੀ, ਕਿਧਰੇ ਔਲਾਦ ਦੀ ਬਹੁਲਤਾ ਅਤੇ ਕਿਤੇ ਥੁੜੋਂ, ਕਿਤੇ ਮੂਰਖਾਂ ਦੀ ਸਰਦਾਰੀ ਅਤੇ ਕਿਤੇ ਬੁੱਧੀਮਾਨਾਂ ਦੀ ਖੁਆਰੀ ਹੈ। ਉਹ ਸਾਹਿਬ ਦੀਆਂ ਬੇਪ੍ਰਵਾਹੀਆਂ 'ਤੇ ਵਿਅੰਗ ਕੱਸਦਾ ਹੈ ਪਰ ਸੂਫੀ ਹੋਣ ਦੇ ਨਾਤੇ ਇਹ ਵੀ ਮੰਨਦਾ ਹੈ ਕਿ ਆਪਣੀ ਕੀਤੀ ਨੂੰ ਉਹ ਆਪ ਹੀ ਜਾਣਦਾ ਹੈ। ਉਹ ਇਸ ਗੱਲ ਪ੍ਰਤੀ ਵੀ ਸੁਚੇਤ ਹੈ ਕਿ ਪਰਮਾਤਮਾ ਸਰਬਸ਼ਕਤੀਮਾਨ ਹੈ ਅਤੇ ਉਸ ਦੀ ਮਰਜ਼ੀ ਬਗੈਰ ਪੱਤਾ ਵੀ ਨਹੀਂ ਹਿੱਲ ਸਕਦਾ। ਮਨੁੱਖ ਉਸ ਦੇ ਸਾਹਮਣੇ ਬੇਵੱਸ ਅਤੇ ਲਾਚਾਰ ਹੈ। ਵੱਡੇ-ਵੱਡੇ ਹੰਕਾਰੀਆਂ ਨੂੰ ਖਿਣ ਵਿਚ ਰਾਖ ਕਰ ਦਿੰਦਾ ਹੈ। ਸਦਾਚਾਰਕ ਸਿੱਖਿਆਵਾਂ ਉੱਪਰ ਵੀ ਬਲ ਹੈ।
ਬਾਬਾ ਵਜੀਦ ਦੀ ਕਾਵਿ-ਸ਼ੈਲੀ ਬੜੀ ਵਿਲੱਖਣ ਅਤੇ ਨਾਟਕੀ ਹੈ। ਇਸ ਵਿਚ ਉੱਭਰਵਾਂ ਰੰਗ ਵਿਅੰਗ ਜਾਂ ਨਟਾਖੁਸ਼ ਦਾ ਹੈ ਪਰ ਇਹ ਵਿਅੰਗ ਮਨੁੱਖ ਉੱਪਰ ਘੱਟ ਅਤੇ ਉਸ ਦੇ ਖਾਲਕ ਉੱਪਰ ਵਧੇਰੇ ਹੈ। ਸੂਫੀਆਂ ਵਾਂਗ ਇਹ ਸੋਚ ਹਰ ਪਲ ਉਸ ਉੱਪਰ ਹਾਵੀ ਰਹਿੰਦੀ ਹੈ ਕਿ ਉਸ ਦੇ ਵਿਛੋੜੇ ਵਿਚ ਲੁੱਛਦੇ ਵਿਅਕਤੀ ਦਾ ਟਿਕਾਣਾ ਉਸ ਨਾਲ ਵਸਲ ਵਿਚ ਹੀ ਹੈ। ਭਾਵੇਂ ਭਗਤ ਜੱਲਣ ਅਤੇ ਸੁਥਰੇ ਆਦਿ ਕਵੀਆਂ ਦੀ ਰਚਨਾ ਵਿਚ ਵੀ ਇਹ ਜੁਗਤ ਮਿਲਦੀ ਹੈ ਪਰ ਉਥੇ ਇਹ ਵਿਅੰਗ ਵਧੇਰੇ ਜਟਕਾ ਅਤੇ ਗ੍ਰਾਮੀਣ ਭਾਂਤ ਦਾ ਹੈ, ਜਦਕਿ ਵਜੀਦ ਦਾ ਵਿਅੰਗ ਸੂਖਮ ਅਤੇ ਗਹਿਰਾ ਹੈ। ਇਸ ਤੋਂ ਬਿਨਾਂ ਜੋ ਰਵਾਨੀ ਅਤੇ ਕਲਾ ਵਜੀਦ ਵਿਚ ਹੈ, ਉਹ ਸੁਥਰੇ ਅਤੇ ਜੱਲਣ ਵਿਚ ਨਹੀਂ। ਵਜੀਦ ਨਾ ਕੇਵਲ ਆਪਣੇ ਧਰਮ ਇਸਲਾਮ ਅਤੇ ਸੱਭਿਆਚਾਰ ਤੋਂ ਜਾਣੂ ਹੈ, ਸਗੋਂ ਉਹ ਹਿੰਦੂ ਧਰਮ ਅਤੇ ਇਸ ਦੇ ਇਤਿਹਾਸ, ਮਿਥਿਹਾਸ ਦਾ ਵੀ ਗਿਆਤਾ ਹੈ। ਸ਼ਾਹ ਹੁਸੈਨ ਤੋਂ ਬਾਅਦ ਸ਼ਾਇਦ ਵਜੀਦ ਹੀ ਅਜਿਹਾ ਮੁਸਲਮਾਨ ਕਵੀ ਹੈ, ਜਿਸ ਵਿਚ ਗੰਗਾ ਜਮਨਾ ਤਹਿਜੀਬ ਇਕ ਜਾਨ ਹੋਈ ਨਜ਼ਰੀਂ ਪੈਂਦੀ ਹੈ। ਉਸ ਦਾ ਸੰਘਰਸ਼ ਕਿਸੇ ਇਕ ਧਰਮ ਦੇ ਪੈਰੋਕਾਰਾਂ ਲਈ ਨਹੀਂ, ਸਗੋਂ ਇਹ ਸਰਬ-ਸਾਂਝੀਵਲਤਾ ਦਾ ਹੈ। ਗੰਗਾ ਜਮਨੀ ਤਹਿਜੀਬ ਦੀ ਇਕ ਵੰਨਗੀ ਵੇਖੋ :
ਪ੍ਰਹਿਲਾਦ ਭਗਤ ਦੀ ਰੱਖਿਆ,
ਕੀਨੀ ਆਪ ਹਰਿ।
ਹਰਨਾਖਸ਼ ਨਖੀਂ ਬਿਦਾਰਿਆ,
ਨਰ ਸਿੰਘ ਰੂਪ ਧਰਿ।
ਪੈਜ ਦਰੋਪਤੀ ਰਾਖੀ,
ਤਾ ਕਿ ਆਇ ਘਰਿ।
ਵਜੀਦਾ ਕੌਣ ਸਾਂਈ ਨੂੰ ਆਖੈ,
ਇੰਜ ਨਹੀਂ ਇੰਜ ਕਰਿ।
ਅੱਜ 21ਵੀਂ ਸਦੀ ਵਿਚ ਖਲੋ ਕੇ ਜਦੋਂ ਅਸੀਂ ਬਾਬਾ ਵਜੀਦ ਦੀ ਕਵਿਤਾ ਉੱਪਰ ਪਿਛਲਝਾਤ ਪਾਉਂਦੇ ਹਾਂ ਤਾਂ ਵੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਵਿਵਸਥਾਵਾਂ ਦੇ ਬਦਲ ਜਾਣ ਦੇ ਬਾਵਜੂਦ ਵਿਰੋਧ, ਅਸਮਾਨਤਾਵਾਂ ਅਤੇ ਵਿਭਿੰਨਤਾਵਾਂ ਅੱਜ ਵੀ ਪੂਰੇ ਜਲਵੇ ਨਾਲ ਕਾਇਮ ਹਨ, ਜਿਸ ਕਰਕੇ ਵਜੀਦ 18ਵੀਂ ਸਦੀ ਦਾ ਕਵੀ ਹੋਣ ਦੇ ਬਾਵਜੂਦ ਅੱਜ ਵੀ ਸਾਡੇ ਸਮਿਆਂ ਦੇ ਹਾਣ ਦਾ ਹੈ। ਇੰਜ ਬਾਬਾ ਵਜੀਦ ਅਤੇ ਉਸ ਦੀ ਕਵਿਤਾ ਪੰਜਾਬੀਆਂ ਦਾ ਵਿਰਸਾ ਹੀ ਨਹੀਂ, ਵਰਤਮਾਨ ਵੀ ਹੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ