ਬਾਬਾ ਫ਼ਰੀਦ ਦਾ ਗਿਰਾਈਂ - ਜ਼ਹੂਰ ਹੁਸੈਨ ਜ਼ਹੂਰ : ਗੁਰਭਜਨ ਗਿੱਲ

ਜ਼ਹੂਰ ਹੁਸੈਨ ਜ਼ਹੂਰ ਨਾਲ ਮੇਰੀ ਪਹਿਲੀ ਮੁਲਾਕਾਤ ਹੀ ਅਖੀਰੀ ਹੋ ਗਈ । ਪਹਿਲੀ ਵਾਰ 1998 ਵਿਚ ਪਾਕਿਸਤਾਨ ਜਾਣ ਦਾ ਵਸੀਲਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ । ਇਕ ਸ਼ਰਧਾਲੂ ਵਜੋਂ ਮੈਂ ਤੇ ਮੇਰੀ ਜੀਵਨ-ਸਾਥਣ ਜਸਵਿੰਦਰ ਕੌਰ ਨਵੰਬਰ 1997 ਵਿਚ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਥੇ ਵਿਚ ਨਨਕਾਣਾ ਸਾਹਿਬ ਜਾ ਪਹੁੰਚੇ । ਪਹਿਲੀ ਰਾਤ ਨੂੰ ਹੀ ਯਾਤਰੀਆਂ ਵਿਚ ਘੁਸਰ ਮੁਸਰ ਸੁਣੀ ਕਿ ਕੱਲ੍ਹ ਰਾਤ ਨੂੰ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਕਵੀ-ਦਰਬਾਰ ਹੈ । ਹਰ ਵਰ੍ਹੇ ਵਾਂਗ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਅਤੇ ਪੰਜਾਬ ਦੇ ਦੂਰ ਦਰਾਜ਼ ਦੇ ਜ਼ਿਲ੍ਹਿਆਂ ਤੋਂ ਪੰਜਾਬੀ ਕਵੀ ਆ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ । ਕਦੇ ਕਦਾਈਂ ਜਥੇ ਵਿਚ ਵੀ ਕੋਈ ਲਿਖਣ ਪੜ੍ਹਨ ਵਾਲਾ ਹੋਵੇ ਤਾਂ ਬੜੇ ਅਦਬ ਨਾਲ ਸੁਣਿਆ ਜਾਂਦਾ ਹੈ । ਮੈਂ ਆਪਣੀ ਜੀਵਨ-ਸਾਥਣ ਨੂੰ ਨਾਲ ਲੈ ਕੇ ਕਵੀ-ਦਰਬਾਰ ਵਾਲੀ ਥਾਂ ਤੇ ਪਹੁੰਚਿਆ । ਜਿਹੜੇ ਚਿਹਰੇ ਮੈਨੂੰ ਕੁਝ ਵਾਕਿਫ਼ ਜਾਪੇ, ਉਨ੍ਹਾਂ ਨੇ ਮੇਰੇ ਨਾਲ ਅੱਖ ਹੀ ਨਾ ਮਿਲਾਈ ਜਿਨ੍ਹਾਂ ਵਿਚ ਪ੍ਰਿੰਸੀਪਲ ਗੁਲਾਮ ਰਸੂਲ ਚੌਧਰੀ ਪ੍ਰਮੁੱਖ ਸੀ। ਪਰ ਮੇਰੇ ਵਲੋਂ, ਆਪਣਾ ਨਾਂ ਦੱਸਣ ਤੇ ਪਹਿਲੀ ਵਾਰ ਮਿਲੇ ਸ਼ਾਇਰਾਂ/ਅਦੀਬਾਂ ਪ੍ਰੋ. ਸਾਰਬ ਅਨਸਾਰੀ, ਅਬਦੁਲ ਗਫ਼ੂਰ ਦਰਸ਼ਨ ਅਤੇ ਮੁਬਾਰਕ ਅਲੀ ਕੰਵਲ ਨੇ ਜਿੰਨਾ ਦੁਲਾਰ ਤੇ ਪਿਆਰ ਦਿੱਤਾ ਉਹ ਅੱਜ ਵੀ ਮੈਨੂੰ ਸਰਸ਼ਾਰ ਕਰ ਜਾਂਦੈ । ਏਥੇ ਹੀ ਮੇਰੀ ਮੁਲਾਕਾਤ ਪੰਜਾਬੀ ਜ਼ਬਾਨ ਦੇ ਅਜ਼ੀਮ ਸ਼ਾਇਰ ਜ਼ਹੂਰ ਹੁਸੈਨ ਜ਼ਹੂਰ ਜੀ ਨਾਲ ਹੋਈ । ਇਕ ਨੂਰਾਨੀ ਚਿਹਰਾ, ਜਿਵੇਂ ਮੈਦੇ ਵਿਚ ਸੰਧੂਰ ਗੁੰਨ੍ਹ ਕੇ ਕਿਸੇ ਸਚਿਆਰੀ ਮਾਂ ਨੇ ਘੜਿਆ ਹੋਵੇ । ਉਸ ਤੋਂ ਵੀ ਸੋਹਣੀ ਉਹਦੀ ਬੇਗ਼ਮ ਉਹਦੇ ਅੰਗ ਸੰਗ ਸੀ । ਜ਼ਹੂਰ ਹੁਰਾਂ ਨੂੰ ਮਿਲਣਾ ਮੇਰੇ ਲਈ ਵੱਡਾ ਸੁਭਾਗ ਸੀ ਕਿਉਂਕਿ ਜਿਸ ਦਿਨ ਦਾ ਮੈਂ ਪਾਕਿਸਤਾਨੋਂ ਆਇਆ ਇਹ ਸ਼ਿਅਰ

ਸੋਚਾਂ ਦੀ ਮੱਈਅਤ ਨੂੰ ਲੈ ਕੇ, ਹੁਣ ਮੈਂ ਕਿਹੜੇ ਦਰ ਜਾਵਾਂਗਾ ।
ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ ।

ਪੜ੍ਹਿਆ ਸੀ ਉਸੇ ਦਿਨ ਵੀ ਮੇਰੇ ਮਨ ਵਿਚ ਤੜਪ ਸੀ ਇਸ ਸ਼ਾਇਰ ਨੂੰ ਜ਼ਰੂਰ ਮਿਲਾਂ । ਉਹ ਇੱਕ ਵਾਰ ਦਿੱਲੀ ਵਿਖੇ ਹੋਏ ਇਕ ਮੁਸ਼ਾਇਰੇ ਵਿਚ ਆ ਕੇ ਪਰਤ ਗਿਆ ਸੀ । ਪੰਜਾਬ ਵਿਚ ਹਾਲਾਤ ਚੰਗੇ ਸਨ, ਪੰਜਾਬ ਦਾ ਵੀਜ਼ਾ ਨਾ ਮਿਲਣ ਕਰਕੇ ਉਹ ਦਿੱਲੀਉਂ ਹੀ ਮੁੜ ਗਿਆ । ਪਰ ਜਿਸ ਵੇਲੇ ਮੈਨੂੰ ਇਹ ਪਤਾ ਲੱਗਾ ਕਿ ਮੈਂ ਜ਼ਰੂਰ ਹੁਸੈਨ ਦੇ ਸਨਮੁਖ ਹਾਂ ਤਾਂ ਸੱਚ ਜਾਣਿਉਂ ਮੇਰੇ ਸਾਰੇ ਰੋਮਾਂ ਵਿਚ ਅਜੀਬ ਕੰਬਣੀ ਸੀ । ਸੁਆਦ ਸੁਆਦ, ਇੱਕ ਰੱਜ ਵਰਗਾ ਅਹਿਸਾਸ ! ਅਣਕਿਆਸਿਆ ਲੁਤਫ਼ ! ਹੋਰ ਵੀ ਵੱਡੀ ਗੱਲ ਕਿ ਕਵੀ-ਦਰਬਾਰ ਦੇ ਪ੍ਰਬੰਧਕਾਂ ਨੇ ਮੰਚ ਤੇ ਵੀ ਸਾਨੂੰ ਕੋਲੋ ਕੋਲ ਬਿਠਾ ਦਿੱਤਾ। ਮੈਨੂੰ ਸ਼ਬਦ ਨਹੀਂ ਸਨ ਅਹੁੜ ਰਹੇ । ਗੱਲ ਕਿੱਥੋਂ ਸ਼ੁਰੂ ਕਰਾਂ । ਜ਼ਹੂਰ ਹੁਰਾਂ ਆਪ ਹੀ ਪੁੱਛ ਲਿਆ ਕਿ ਤੁਸੀਂ ਕਿੱਥੋਂ ਆਏ ਓ? ਮੈਂ ਦੱਸਿਆ ਕਿ ਮੇਰੇ ਵੱਡੇ ਵਡੇਰੇ ਏਥੋਂ ਹੀ 1947 ਵਿਚ ਸਿਆਲਕੋਟ ਜ਼ਿਲ੍ਹੇ ਦੀ ਨਾਰੋਵਾਲ ਤਹਿਸੀਲ ਵਿਚੋਂ ਉੱਜੜ ਕੇ ਗਏ ਸਨ । ਰਾਵੀ ਪਾਰ ਸਾਨੂੰ ਤਾਂ ਰੁੱਖ ਵੀ ਨਹੀਂ ਸਨ ਜਾਣਦੇ! ਮੈਂ 1975 ਵਿਚ ਲਿਖੇ ਆਪਣੇ ਗੀਤ ਦੇ ਬੋਲ ਸੁਣਾ ਕੇ ਸਾਂਝ ਵਧਾਈ ।

ਤੇਰੇ ਪਿੰਡ ਵਿਚ ਉੱਗੇ ਰੁੱਖ ਦਾ, ਮੈਂ ਅਦਨਾ ਪਰਛਾਵਾਂ ।
ਸੰਨ ਸੰਤਾਲੀ ਖਾ ਗਿਆ ਜੀਹਦੇ, ਟਾਹਣ ਸਣੇ ਹੀ ਛਾਵਾਂ।

ਉਸਨੇ ਮੈਨੂੰ ਗੱਲਵਕੜੀ ਵਿਚ ਲਿਆ ਤੇ ਰੁਮਾਲ ਨਾਲ ਅੱਖਾਂ ਪੂੰਝੀਆਂ । ਉਸ ਦਾ ਮੇਰੇ ਵਿਚ ਦਿਲਚਸਪੀ ਲੈਣਾ ਮੈਨੂੰ ਚੰਗਾ ਵੀ ਲੱਗਾ ਅਤੇ ਮੇਰੇ ਵਲੋਂ ਵਾਰਤਾਲਾਪ ਕਰਨ ਦਾ ਰਾਹ ਵੀ ਖੁੱਲ੍ਹ ਗਿਆ । ਮੰਚ ਸੰਚਾਲਕ ਪ੍ਰਿੰਸੀਪਲ ਗੁਮਾਲ ਰਸੂਲ ਚੌਧਰੀ ਨੇ ਮੁਸ਼ਾਇਰੇ ਦੀ ਰਸਮੀ ਸ਼ੁਰੂਆਤ ਲਈ ਜਦੋਂ ਲਾਹੌਰ ਡਿਵੀਯਨ ਦੇ ਕਮਿਸ਼ਨਰ ਅਤੇ ਅੰਗਰੇਜ਼ੀ ਕਵੀ ਜਨਾਬ ਅਤਹਾਰ ਤਾਹਿਰ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਦੇ ਸੰਬੋਧਨ ਵਿਚ ਜ਼ਹੂਰ ਹੁਸੈਨ ਜ਼ਹੂਰ ਦਾ ਜ਼ਿਕਰ ਆਇਆ । ਖਾਸ ਕਰਕੇ ਮੁੱਖ ਮਹਿਮਾਨ ਵਲੋਂ ਇਹ ਆਖਣਾ ਕਿ ਮੈਂ ਵੱਡੇ ਭਾਗਾਂ ਵਾਲਾ ਹਾਂ ਜੋ ਉਸ ਮੰਚ ਤੇ ਬੈਠਾਂ ਜਿਥੇ ਜ਼ਹੂਰ ਹੁਸੈਨ ਜ਼ਹੂਰ ਹੁਰੀਂ ਬੈਠੇ ਨੇ । ਵਾਰੀ ਆਉਣ ਤੇ ਉਨ੍ਹਾਂ ਆਪਣੀ ਚਿਰਾਂ ਪੁਰਾਣੀ ਨਜ਼ਮ ਛੇੜੀ ਜੋ ਉਨ੍ਹਾਂ ਨੇ ਕਦੇ ਕੰਵਰ ਮਹਿੰਦਰ ਸਿੰਘ ਬੇਦੀ ਦੇ ਪਾਕਿਸਤਾਨ ਜਾਣ ਮੌਕੇ ਉਨ੍ਹਾਂ ਦੇ ਆਦਰ ਵਿਚ ਹੋਏ ਪਾਕਪਟਨ ਵਾਲੇ ਮੁਸ਼ਾਇਰੇ ਵਿਚ ਪੜ੍ਹਨੀ ਸੀ । ਪਰ ਸੱਦਾ ਨਾ ਮਿਲਣ ਕਰਕੇ ਸੁਣਾ ਨਾ ਸਕੇ । ਕਵਿਤਾ ਲਿਖ ਕੇ ਘੱਲੀ ਤਾਂ ਕਿਤੇ ਬੇਦੀ ਸਾਹਿਬ ਨਾਲ ਮੁਲਾਕਾਤ ਹੋਈ ।

ਜੀਅ ਆਇਆਂ ਨੂੰ ਜੀਅ ਸਰਦਾਰਾ ।
ਤੂੰ ਮੇਰੇ ਪੰਜਾਬ ਦਾ ਪੁੱਤਰ, ਤੂੰ ਮੈਨੂੰ ਮੈਂ ਤੈਨੂੰ ਪਿਆਰਾ ।

ਹੋਰ ਅੱਗੇ ਵਧਿਆ ਤਾਂ ਆਖਣ ਲੱਗਾ

ਦੌਲਤ ਵਿਚ ਦਫ਼ਨਾ ਕੇ ਆਪਣੀ, ਕਲਮ ਨੂੰ ਕਤਲ ਕਰਾ ਨਹੀਂ ਸਕਦਾ।
ਮੈਂ ਅੱਖਰਾਂ ਨੂੰ ਜ਼ਿੰਦਾ ਕਰਨਾ, ਮੈਂ ਸਦੀਆਂ ਤੱਕ ਮਰ ਨਹੀਂ ਸਕਦਾ ।

ਜ਼ਰੂਰ ਹੁਸੈਨ ਜ਼ਹੂਰ ਨੇ ਸਰੋਤਿਆਂ ਦੀ ਫਰਮਾਇਸ਼ ਤੇ ਆਪਣੀ ਉਹ ਨਜ਼ਮ ਵੀ ਇਸ ਮੁਸ਼ਾਇਰੇ ਵਿਚ ਸੁਣਾਈ ਜੋ ਉਨ੍ਹਾਂ ਨੇ ਸੈਂਟਰਲ ਜੇਲ੍ਹ ਸਾਹੀਵਾਲ ਵਿਚ ਕੈਦ ਹੋ ਕੇ ਲਿਖੀ ਸੀ । ਇਹ ਓਹੀ ਕੈਦਖਾਨਾ ਸੀ ਜਿਥੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਬਾਗੀ ਸ਼ਾਇਰ, ‘ਪਸੇ ਦੀਵਾਰੇ ਜ਼ਿੰਦਾਂ’ ਨਾਂ ਹੇਠ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਕਿਤਾਬ ਲਿਖਣ ਵਾਲੇ ਪੱਤਰਕਾਰ/ਅਦੀਬ ਅਤੇ ਚੱਟਾਨ ਦੇ ਸੰਪਾਦਕ ਸੋਰਸ਼ ਕਸ਼ਮੀਰੀ ਨੂੰ ਕੈਦ ਕੀਤਾ ਗਿਆ ਸੀ । ਮਗਰੋਂ ਜ਼ੁਲਫ਼ਕਾਰ ਅਲੀ ਭੁੱਟੋ ਵੀ ਫਾਂਸੀ ਲੱਗਣ ਤੋਂ ਪਹਿਲਾ ਏਥੇ ਹੀ ਕੈਦ ਰਿਹਾ । ਬਾਗ਼ੀ ਨਜ਼ਮਾਂ ਲਿਖਣ ਕਰਕੇ ਹੀ ਜ਼ਹੂਰ ਹੁਸੈਨ ਜ਼ਹੂਰ ਨੂੰ ਇਸ ‘ਕੈਦ’ ਦਾ ਸਨਮਾਨ ਮਿਲਿਆ ਸੀ । ਜ਼ਹੂਰ ਹੁਸੈਨ ਜ਼ਹੂਰ ਜਦੋਂ ਇਹ ਨਜ਼ਮ ਪੜ੍ਹ ਰਹੇ ਸਨ ਤਾਂ ਚਿਹਰਾ ਹੋਰ ਵੀ ਸੁਰਖ਼ ਸੀ । ਸ਼ਬਦ ਅੰਗਿਆਰ ਸਨ, ਦਹਿਕਦੇ ਅੰਗਿਆਰ!

ਮੋਟੇ ਮੋਟੇ ਜੰਦਰੇ ਬੰਦ।
ਸ਼ਾਮੀਂ ਸਾਰੇ ਅੰਦਰ ਬੰਦ।
ਘੰਟੀ ਵੱਜਦੀ ਕੁੰਜੀਆਂ ਫੜਦਾ ।
ਕਾਗਜ਼ ਦਾ ਇਕ ਸ਼ੇਰ ਆ ਵੜਦਾ ।
ਮਜਬੂਰੀ ਦਾ ਸੀਨਾ ਸੜਦਾ ।
ਬੰਦਾ ਡਿੱਗਦਾ ਢਹਿੰਦਾ ਤੜਦਾ ।
ਉਲਟਾ ਲਾਅ ਇਸ ਚਿੜੀਆ ਘਰ ਦਾ ।
ਬਾਂਦਰ ਬਾਹਰ ਕਲੰਦਰ ਬੰਦ
ਸ਼ਾਮੀਂ ਸਾਰੇ ਅੰਦਰ ਬੰਦ

ਇਹ ਕਵਿਤਾ ਸੁਣ ਕੇ ਉਹ ਪੂਰੀ ਤਰ੍ਹਾਂ ਹਫ਼ ਗਿਆ ਸੀ । ਸਿਆਲੂ ਰਾਤੇ ਵੀ ਚਿਹਰੇ ਤੇ ਤਰੇਲੀਆਂ ਕੁਝ ਮਹੀਨੇ ਪਹਿਲਾਂ ਹੀ ਦੂਸਰਾ ਹਾਰਟ ਅਟੈਕ ਹੋ ਕੇ ਹਟਿਆ ਏ, ਦਵਾਈ ਅਜੇ ਚੱਲਦੀ ਏ” ਇਹ ਗੱਲ ਜ਼ਰੂਰ ਹੁਰਾਂ ਦੀ ਬੇਗ਼ਮ ਨੇ ਸਰੋਤਿਆ ਵਿਚ ਬੈਠੀ ਮੇਰੀ ਜੀਵਨ-ਸਾਥਣ ਨੂੰ ਦੱਸੀ ਜੋ ਮਗਰੋਂ ਉਸਨੇ ਮੈਨੂੰ ਦੱਸੀ । ਪਰ ਸਰੋਤਿਆਂ ਦੀ ਮੁਹੱਬਤ ਜ਼ਹੂਰ ਹੁਰੀਂ ਆਪਣੀ ਸਿਹਤ ਦੀ ਪਰਵਾਹ ਕਰੇ ਬਗ਼ੈਰ ਹੀ ਰੇਸ਼ਮੀ ਥਾਨ ਵਾਂਗ ਉੱਧੜ ਰਹੇ ਸਨ! ਪੰਜਾਬੀ ਜ਼ੁਬਾਨ ਬਾਰੇ ਉਨ੍ਹਾਂ ਦੀ ਇਸ ਨਜ਼ਮ ਦੀ ਬਾਰ ਬਾਰ ਫਰਮਾਇਸ਼ ਹੋ ਰਹੀ ਸੀ । ਉਹ ਬੋਲੇ :

ਇਸ ਮਿੱਟੀ ਮੈਨੂੰ ਮੂੰਹ ਦਿੱਤਾ,
ਇਸ ਆਲ੍ਹਣੇ ਵਿਚ ਚੁੰਝ ਖੋਲ੍ਹੀ ਏ ।
ਮੈਂ ਇਸ ਪੰਜਾਬ ਦਾ ਪੁੱਤਰ ਹਾਂ,
ਪੰਜਾਬੀ ਮੇਰੀ ਬੋਲੀ ਏ ।

ਲਾ ਡੀਕਾਂ ਏਥੇ ਅਕਲਾਂ ਨੇ,
ਇਲਮਾਂ ਦੇ ਸਮੁੰਦਰ ਪੀਤੇ ਨੇ ।
ਇਹ ਬੁੱਲ੍ਹੇ ਸ਼ਾਹ ਦੀ ਧਰਤੀ ਏ,
ਇਸ ਨਾਨਕ ਪੈਦਾ ਕੀਤੇ ਨੇ ।
ਇਹ ਟਿੱਲਾ ਬਾਲਾਂ ਨਾਥਾਂ ਦਾ,
ਇਹ ਵਾਰਿਸ ਸ਼ਾਹ ਦੀ ਟੋਲੀ ਏ ।
ਮੈਂ ਇਸ ਪੰਜਾਬ ਦਾ ਪੁੱਤਰ ਹਾਂ,
ਪੰਜਾਬੀ ਮੇਰੀ ਬੋਲੀ ਏ ।

ਸ਼ਾਇਰੀ ਦੇ ਵੰਨ-ਸੁਵੰਨੇ ਰੰਗਾਂ ਦੀ ਫੁਲਕਾਰੀ ਨੂੰ ਆਪਣੇ ਸਾਹਾਂ ਵਿਚ ਸਮੋ ਕੇ ਉਸਨੇ ਅੱਗੇ ਪਿੱਛੇ ਤੇ ਬਾਲ ਪਰਵਾਰ ਬਾਰੇ ਜਾਨਣ ਦੀ ਭੁੱਖ ਮੇਰੇ ਮਨ ਵਿਚ ਹੋਰ ਤੇਜ਼ ਹੋ ਗਈ । ਮੇਰੇ ਇਕੋ ਸਵਾਲ ਦੇ ਜਵਾਬ ਵਿਚ ਉਸਨੇ ਅਨੇਕ ਉੱਤਰ ਇਕੱਠੇ ਪਰਤਾ ਦਿੱਤੇ । “ਪਾਕਪਟਨ ਵਿਚ ਜੰਮਿਆ ਸਾਂ 1942 ਵੇਲੇ, ਮਹੀਨਾ ਤੇ ਤਰੀਕ ਮਾਂ ਬਾਪ ਨੂੰ ਵੀ ਚੇਤੇ ਨਹੀਂ । ਮੇਰੇ ਅੱਬਾ ਗ਼ੁਲਾਮ ਮੁਸਤਫ਼ਾ ਮਲਿਕ ਸਨ । ਜਦੋਂ ਦੇਸ਼ ਵਿਚ ਆਜ਼ਾਦੀ ਦੇ ਨਾਂ ਤੇ ਵੱਸਦੇ ਰੱਸਦੇ ਘਰਾਂ ਵਿਚ ਭਾਜੜਾਂ ਪਈਆਂ, ਨਹੁੰਆਂ ਨਾਲੋਂ ਮਾਸ ਵੱਖ ਹੋਇਆ, ਮੈਂ ਉਦੋਂ ਪੰਜ ਵਰ੍ਹਿਆਂ ਦਾ ਸਾਂ । ਪਿੰਡ ਦੇ ਸਕੂਲੋਂ ਪ੍ਰਾਇਮਰੀ ਅਤੇ ਮਿਡਲ ਦੀ ਪੜ੍ਹਾਈ ਕਰਕੇ ਸੁਨਿਆਰੇ ਦਾ ਕੰਮ ਸਿੱਖ ਲਿਆ । ਪਾਕਪਟਨ ਵਿਚ ਉਦੋਂ ਬਾਬਾ ਫ਼ਰੀਦ ਤੋਂ ਵੱਖਰਾ ਇਕ ਹੋਰ ਮੇਲਾ ‘ਸਖੀ ਗ਼ੁਲਾਮ ਕਾਦਰ ਅਤੇ ਚੰਨ ਪੀਰ ਦਾ ਮੇਲਾ” ਲੱਗਦਾ ਹੁੰਦਾ ਸੀ । ਏਥੇ ਹਰ ਵਰ੍ਹੇ ਆਲਮ ਲੋਹਾਰ, ਨੂਰਜਹਾਂ, ਆਸ਼ਕ ਜੱਟ, ਇਨਾਇਤ ਹੁਸੈਨ ਭੱਟੀ ਅਤੇ ਹਾਮਦ ਅਲੀ ਬੇਲਾ ਵਰਗੇ ਸਿਰਕੱਢ ਗਵੱਈਏ ਆਉਂਦੇ ਹੁੰਦੇ ਸਨ । ਮੇਰੀ ਆਵਾਜ਼ ਪਹਿਲੇ ਪੈਰੋਂ ਹੀ ਚੰਗੀ ਸੀ । ਮੇਰੇ ਮਨ ਵਿਚ ਗਾਇਕ ਕਲਾਕਾਰ ਬਣਨ ਦੀ ਰੀਝ ਪੈਦਾ ਹੋ ਗਈ ਤੇ ਮੈਂ ਮੀਆਂ ਦਾਦ ਖਾਂ ਕੱਵਾਲ ਨੂੰ ਨਾਲ ਰਲਾ ਕੇ ਕੱਵਾਲ ਬਣ ਗਿਆ । ਮੈਂ ਬਚਪਨ ਤੋਂ ਹੀ ਰਸਮਾਂ ਅਤੇ ਸਾਜ਼ਾਂ ਤੋਂ ਵਾਕਿਫ਼ ਸੀ । ਹਾਰਮੋਨੀਅਮ ਖੁਦ ਵਜਾਉਂਦਾ । ਪੀਰਾਂ ਫ਼ਕੀਰਾਂ ਦੇ ਮਜ਼ਾਰਾਂ ਤੇ ਕੱਵਾਲੀਆਂ ਦੇ ਅਖਾੜੇ ਲਾਉਣ ਲੱਗ ਪਿਆ । ਪਰ ਪੈਸਿਆਂ ਲਈ ਨਹੀਂ, ਬਿਨਾਂ ਟਿਕਟੋਂ । ਕੰਨਾਂ ਵਿਚ ਮੁੰਦਰਾਂ ਪਾ ਲਈਆਂ ਅਤੇ ਆਪਣੀ ‘ਹੀਰ’ ਦੀ ਭਾਲ ਵਿਚ ਲੱਗਾ ਰਹਿੰਦਾ । ਵਿਚ ਵਿਚ ਆਪਣੇ ਲਿਖੇ ਸ਼ਿਅਰ ਵੀ ਲੋਕਾਂ ਨੂੰ ਸੁਣਾਉਂਦਾ । ਚੋਖੀ ਦਾਦ ਮਿਲਦੀ । ਇਕ ਦਿਨ ਮੇਰੀ ਮਾਂ ਨੇ ਮੈਨੂੰ ਕੱਵਾਲੀ ਗਾਉਂਦੇ ਨੂੰ ਫੜ ਕੇ ਘਰ ਲੈ ਆਂਦਾ ਤੇ ਆਖਣ ਲੱਗੀ ਕਿ ਜੇ ਗਾਉਣਾ ਹੀ ਏ ਤਾਂ ਹਜ਼ਰਤ ਮੁਹੰਮਤ ਸਾਹਿਬ ਦੀ ਸ਼ਾਨ ਵਿਚ ਨਾਅਤਾਂ ਗਾ । 1960 ਵਿਚ ਮੈਂ ਏਧਰ ਨੂੰ ਮੁੜ ਪਿਆ । ਪਹਿਲਾਂ ਹਜ਼ਰਤ ਮੁਹੰਮਤ ਸਾਹਿਬ ਜੀ ਦੀ ਸ਼ਾਨ ਵਿਚ ਤੇ ਫੇਰ ਬਾਬਾ ਫ਼ਰੀਦ ਦੀ ਸ਼ਾਨ ਵਿਚ ਨਾਤੀਆ ਕਲਾਮ ਲਿਖਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ । 1965 ਵਿਚ ਜਦੋਂ ਸਾਡੀ ਤੁਹਾਡੇ ਨਾਲ ਜੰਗ ਹੋਈ ਤਾਂ ਮੈਂ ਜੰਗੀ ਤਰਾਨੇ ਵੀ ਲਿਖੇ ਤੇ ਗਾਏ । ਫਿਰ ਮੇਰੇ ਮਨ ਵਿਚ ਆਇਆ ਕਿ ਮੈਂ ਆਪਣੇ ਫਨ ਨੂੰ ਅਜਾਈਂ ਗੁਆ ਰਿਹਾਂ ! ਮੈਂ ਵਰਤਿਆ ਜਾ ਰਿਹਾਂ ! ਹੋਰਨਾਂ ਦੇ ਹੱਥ ਵਿਚ ਹਥਿਆਰ ਬਣ ਗਿਆਂ । ਫੇਰ ਮੈਂ ਪੰਜਾਬੀ ਵੱਲ ਮੋੜਾ ਪਾ ਲਿਆ । ਮੈਨੂੰ ਲੱਗਿਆ ਕਿ ਪਾਕਪਟਨ ਦਾ ਜੰਮਿਆ ਜਾਇਆ ਹਾਂ, ਬਾਬੇ ਫ਼ਰੀਦ ਦਾ ਗਿਰਾਈਂ, ਪੰਜਾਬੀ ਮਾਂ ਬੋਲੀ ਲਿੱਸਿਆਂ ਤੇ ਕਮਜ਼ੋਰ ਲੋਕਾਂ ਦੀ ਜ਼ਬਾਨ ਏਂ, ਇਸ ਦਾ ਪਹਿਰੇਦਾਰ ਬਣਨਾ ਮੇਰਾ ਈਮਾਨ ਬਣਨਾ ਚਾਹੀਦੈ । ਮੈਂ 1970 ਵਿਚ ‘ਪੀਪਲਜ਼ ਪਾਰਟੀ ਤੇ ਫੋਰਮ ਤੋਂ ਆਪਣਾ ਕਲਾਮ ਬੋਲਣਾ ਆਰੰਭਿਆ । ਸਿਆਸੀ ਜਲਸਿਆਂ ਵਿਚ ਤਿੱਖੀਆਂ ਲੋਕ-ਪੱਖੀ ਕਵਿਤਾਵਾਂ ਪੜ੍ਹਨ ਕਰਕੇ ਨਜ਼ਰਬੰਦੀ ਨਸੀਬ ਹੋ ਗਈ । ਪੀਪਲਜ਼ ਪਾਰਟੀ ਦੀ ਹਕੂਮਤ ਆਈ ਤਾਂ ਮੇਰੇ ਜਿਹੇ ਪਰਿੰਦੇ ਫੇਰ ਆਜ਼ਾਦ ਹੋ ਗਏ । ਮਾਰਸ਼ਲ ਲਾਅ ਦੇ ਖਿਲਾਫ਼ ਰੱਜ ਕੇ ਲਿਖਿਆ । 8 ਅਗਸਤ 1979 ਨੂੰ ਮੀਆਂ ਚੰਨੂ ਵਿਖੇ ਹੋਏ ਇਕ ਮੁਸ਼ਾਇਰੇ ਵਿਚ ਪਹਿਲੀ ਵਾਰ ਮੈਂ “ਸੋਚਾਂ ਦੀ ਮੱਈਅਤ ਨੂੰ ਲੈ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ । ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ” ਲਿਖ ਕੇ ਸੁਣਾਈ । ਇਸ ਮੁਸ਼ਾਇਰੇ ਦੀ ਪ੍ਰਧਾਨਗੀ ਪ੍ਰਸਿੱਧ ਉਰਦੂ ਸ਼ਾਇਰ ਅਹਿਸਾਨ ਦਾਨਿਸ਼ ਜੀ ਨੇ ਕੀਤੀ ਸੀ । 11 ਅਗਸਤ 1979 ਨੂੰ ਜਦ ਇਹੀ ਨਜ਼ਮ ਓਕਾੜੇ ਪੜ੍ਹੀ ਤਾਂ ਅਗਲੀ ਸਵੇਰ ਹੀ ਹਕੂਮਤੀ ਡੰਡਿਆਂ ਵਾਲੇ ਮੇਰੇ ਬੂਹੇ ਤੇ ਸਨ। 12 ਅਗਸਤ ਨੂੰ ਸੈਂਟਰਲ ਜੇਲ੍ਹ ਸਾਹੀਵਾਲ ਪਹੁੰਚਿਆ । 13 ਅਗਸਤ 1979 ਨੂੰ ਰਾਤ ਢਾਈ ਵਜੇ ‘ਸਮਰੀ ਟਰਾਇਲ' ਹੋਇਆ ਤੇ ਇਨਸਾਫ਼ ਵਾਲਿਆਂ ਨੇ ਮੈਨੂੰ ਨਜ਼ਮ ਬਦਲੇ 19 ਦਿਨ ਦੀ ਬਾਮੁਸ਼ੱਕਤ ਕੈਦ ਸੁਣਾ ਦਿੱਤੀ । ਇਹ ‘ਇਨਾਮ’ ਹਾਸਲ ਕਰਕੇ ਮੇਰਾ ਪ੍ਰਤੀਕਰਮ ਸੀ ।

ਕਦੇ ਕਦੇ ਦੋ ਟਕਿਆਂ ਬਦਲੇ,
ਵਿਕ ਜਾਂਦੇ ਇਨਸਾਨ ਸਵੱਲੇ ।
ਬੱਲੇ ਬੱਲੇ... ਬੱਲੇ ਬੱਲੇ ।

1 ਅਕਤੂਬਰ 1981 ਨੂੰ ਉਰਦੂ ਸ਼ਾਇਰ ਕੰਵਰ ਮਹਿੰਦਰ ਸਿੰਘ ਬੇਦੀ ਸਾਹਿਬ ਪਾਕਿਸਤਾਨ ਆਏ । ਉਹ ਆਪਣੇ ਪਿੰਡ "ਚੱਕ ਬੇਦੀਆਂ" ਵੀ ਗਏ । ਡਿਪਟੀ ਕੁਲੈਕਟਰ ਸਾਹੀਵਾਲ ਹਫ਼ੀਜ਼ ਅਖਤਰ ਰੰਧਾਵਾ ਨੇ ਉਨ੍ਹਾਂ ਦੇ ਆਦਰ ਵਿਚ ਮੁਸ਼ਾਹਿਰਾ ਕਰਵਾਇਆ ਪਰ ਮੈਨੂੰ ਦਾਅਵਤਨਾਮਾ ਨਾ ਦਿੱਤਾ ਗਿਆ । ਮੈਂ ਆਪਣੀ ਨਜ਼ਮ ਜੀ ਆਇਆਂ ਨੂੰ ਜੀਅ ਸਰਦਾਰਾ” ਲਿਖ ਕੇ ਘੱਲੀ ਤਾਂ ਅਸਿਸਟੈਂਟ ਕੁਲੈਕਟਰ ਪਾਕਪਟਨ ਨੂੰ ਭੇਜ ਕੇ ਮੈਨੂੰ ਮਿਲਣ ਲਈ ਬੁਲਾਇਆ । ਮੁਲਾਕਾਤ ਵੇਲੇ ਬੇਦੀ ਸਾਹਿਬ ਨੇ ਮੇਰੇ ਮੂੰਹੋਂ ਇਹ ਨਜ਼ਮ ਦੋ ਵਾਰ ਸੁਣੀ ਅਤੇ ਧਾਹਾਂ ਮਾਰ ਕੇ ਰੋ ਪਏ । ਬੱਗੀ ਦਾੜ੍ਹੀ ਤ੍ਰਿਪ ਤ੍ਰਿਪ ਹੰਝੂਆਂ ਵਿਚ ਗੜੁੱਚ ਸੀ । ਘੁੱਟ ਕੇ ਜੱਫੀ ਪਾ ਲਈ ਤੇ ਫਿਰ ਮਿਲਣ ਦੇ ਵਾਅਦੇ ਨਾਲ ਨਿੱਖੜ ਗਏ ।

ਇਸ ਗਲਵੱਕੜੀ ਤੋਂ ਕੁਝ ਦਿਨ ਬਾਦ ਹੀ ਮੈਨੂੰ ਪਹਿਲਾਂ “ਬਾਬਾ ਫਰੀਦ ਐਵਾਰਡ' ਦੇਣ ਦਾ ਐਲਾਨ ਹੋ ਗਿਆ । ਮੇਰੀ ਸਾਹਿਤ ਸਿਰਜਣਾ ਵਿਚ ਵੀ ਤੇਜ਼ੀ ਤੇ ਪ੍ਰਪੱਕਤਾ ਆ ਗਈ । 1985 ਵਿਚ ਪਹਿਲਾ ਹਾਰਟ ਅਟੈਕ ਹੋ ਗਿਆ । ਉਦੋਂ ਹੀ ਮੇਰੀ ਪਹਿਲੀ ਕਾਵਿ-ਕਿਤਾਬ “ਕੌੜੇ ਘੁੱਟ” ਛਪੀ ਸੀ । ਦਿੱਲੀ ਵਿਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਬੁਲਾਵਾ ਤਾਂ ਆਇਆ ਪਰ ਏਧਰੋਂ ਜਾਣ ਦੀ ਪ੍ਰਵਾਨਗੀ ਨਾ ਮਿਲੀ । ਮੇਰੀ ਦੂਜੀ ਕਿਤਾਬ “ਕੂੰਜਾਂ ਦੱਸ ਕੁਰਲਾਵਣ ਛਪੀ ਤਾਂ ਤਿੰਨ ਐਵਾਰਡ ਮਿਲੇ । ਪਹਿਲਾਂ ਬਾਬਾ ਬੁੱਲ੍ਹੇਸ਼ਾਹ ਐਵਾਰਡ, ਫੇਰ ਵਾਰਿਸ਼ ਸ਼ਾਹ ਐਵਾਰਡ, ਤੇ ਮੁੜ ਬਾਬਾ ਫ਼ਰੀਦ ਐਵਾਰਡ । 23 ਮਾਰਚ 1994 ਨੂੰ ਲਾਹੌਰ ਵਿਖੇ ਹੋਏ ‘ਜਮਹੂਰ ਮੇਲੇ" ਵਿਚ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਮੀਆਂ ਮਨਜ਼ੂਰ ਅਹਿਮਦ ਬੱਟ ਨੇ ਐਵਾਰਡ ਦਿੱਤਾ ਤੇ ਅੱਜ ਤੁਸੀਂ ਆਪ ਹੀ ਹਾਜ਼ਰ ਹੋ । ਏਥੇ ਵੀ ਮੈਨੂੰ ‘ਫ਼ਖਰੇ ਪੰਜਾਬ" ਦੇ ਐਜ਼ਾਜ਼ ਨਾਲ ਸਨਮਾਨਿਆ ਗਿਐ ।

ਸਰਦਾਰ ਜੀ, ਮੈਂ ਦੋਹੜੇ ਵੀ ਲਿਖੇ ਨੇ, ਟੱਪੇ ਵੀ ਤੇ ਲੋਕ ਤਰਜ਼ਾਂ ਵਾਲੇ ਗੀਤ ਵੀ । ਸ਼ਾਇਰੀ ਕਰਨ ਵੇਲੇ ਕਦੇ ਨਹੀਂ ਭੁੱਲਦਾ ਕਿ ਮੇਰੇ ਪੜ੍ਹਨ ਸੁਣਨ ਵਾਲੇ ਲੋਕ ਕਿਹੜੇ ਨੇ? ਉਨ੍ਹਾਂ ਨੂੰ ਮੈਂ ਕੁਨੀਨ ਤਾਂ ਦੇਣੀ ਨਹੀਂ । ਸ਼ਬਦ ਉਨ੍ਹਾਂ ਦੇ, ਦਰਦ ਉਨ੍ਹਾਂ ਦਾ । ਮੁਕਤੀ ਉਨ੍ਹਾਂ ਨੇ ਹਾਸਲ ਖੁਦ ਕਰਨੀ ਹੈ, ਮੈਂ ਤਾਂ ਸਿਰਫ਼ ਸ਼ਬਦ ਗੁੰਨ੍ਹ ਕੇ ਨਜ਼ਮ ਹੀ ਪਕਾਉਣੀ ਏਂ । ਮੈਨੂੰ ਨਿੱਜੀ ਦੁੱਖ ਕਦੇ ਰਸਤਿਓਂ ਨਹੀਂ ਭਟਕਾ ਸਕੇ ਪਰ ਮੇਰੇ ਪੁੱਤਰ ਸ਼ਬੀਰ ਉਲ ਹਸਨਖਾਨੀ ਦੀ ਚਾਕੂ ਮਾਰ ਕੇ ਹਤਿਆਰਿਆਂ ਵੱਲੋਂ ਕੀਤੀ ਹੱਤਿਆ ਨੇ ਮੈਨੂੰ 28 ਫਰਵਰੀ 1990 ਤੋਂ ਮਗਰੋਂ ਕਮਜ਼ੋਰ ਕਰ ਦਿੱਤਾ ਹੈ । ਮੈਂ ਸੋਚਦਾਂ ਸ਼ਾਇਰ ਕਿਸੇ ਦਾ ਕੀ ਵਿਗਾੜਦੇ ਨੇ । ਸ਼ਬਦਾਂ ਦੀਆਂ ਤਿਤਲੀਆਂ ਨੂੰ ਮਾਰ ਕੇ ਕਿਸੇ ਨੂੰ ਕੀ ਮਿਲਿਆ । ਦੂਜਾ ਹਾਰਟ ਅਟੈਕ ਅਜੇ ਕੁਝ ਮਹੀਨੇ ਪਹਿਲਾਂ ਹੀ ਹੋ ਕੇ ਹਟਿਐ! ਮੇਰੀ ਸਮੁੱਚੀ ਸ਼ਾਇਰੀ ਵੀ ਇੱਕ ਜਿਲਦ ਵਿਚ ਛਪ ਰਹੀ ਏ । ਅਗਲੀ ਵਾਰ ਜੇ ਮੈਂ ਤੁਹਾਡੇ ਪੰਜਾਬ ਆਇਆ ਤਾਂ ਲੈ ਕੇ ਆਵਾਂਗਾ । ਜੇ ਤੁਸੀਂ ਫੇਰ ਆਏ ਤਾਂ ਦੱਸ ਦੇਣਾ, ਮੈਂ ਪਹੁੰਚਾ ਦੇਵਾਂਗਾ ।

ਸਾਡੀ ਮੁਲਾਕਾਤ 13 ਨਵੰਬਰ 1997 ਦੀ ਰਾਤ ਨੂੰ ਹੋਈ ਤੇ 30 ਨਵੰਬਰ 1997 ਨੂੰ ਹੀ ਜ਼ਰੂਰ ਹੁਸੈਨ ਜ਼ਹੂਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ । ਪੂਰੇ 17 ਦਿਨ ਬਾਅਦ!

ਅਹੁ ਗਏ ਸੱਜਣ ਅਹੁ ਗਏ, ਲੰਘ ਗਏ ਦਰਿਆ ।
ਅਸਾਂ ਰੱਜ ਨਾ ਗੱਲਾਂ ਕੀਤੀਆਂ, ਸਾਡੇ ਮਨੋ ਨਾ ਲੱਥੜਾ ਚਾਅ ।

(113-ਐਫ਼, ਸ਼ਹੀਦ ਭਗਤ ਸਿੰਘ ਨਗਰ,
ਲੁਧਿਆਣਾ-141013)

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ