ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ : ਗੁਰਭਜਨ ਗਿੱਲ


ਬਾਬਾ ਬੂਝਾ ਸਿੰਘ ਇਨਕਲਾਬੀ ਦੇਸ਼ ਭਗਤ ਸੂਰਮੇ ਸਨ ਜੋ ਗਦਰ ਪਾਰਟੀ ਦੇ ਦੂਜੇ ਦੌਰ ਵਿੱਚ ਅਰਜਨਟਾਈਨਾ ਵਿਖੇ ਸਰਗਰਮ ਹੋਏ। ਬਰਾਸਤਾ ਮਾਸਕੋ ਭਾਰਤ ਪਰਤ ਕੇ ਉਹ ਕਿਰਤੀ ਪਾਰਟੀ ਦੇ ਕੌਮੀ ਆਗੂ ਬਣੇ । ਇਸ ਸਮੇਂ ਦੌਰਾਨ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਪੁਲਸ ਦਾ ਦੋ ਮਹੀਨੇ ਜਬਰ ਝੱਲਿਆ , ਦੋ ਸਾਲ ਦਿਉਲਾਲੀ ਕੈਂਪ ਦਾ ਨਰਕ ਭੋਗਿਆ । ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਇਹਨਾਂ ਕਿਰਤੀਆਂ ਨੇ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਾਇਆ । ਫੇਰ ਨੇਤਾ ਜੀ ਨੂੰ ਕਾ. ਸਟਾਲਿਨ ਨਾਲ ਮਾਸਕੋ ਵਿਖੇ ਮਿਲਾਉਣ ਲਈ ਆਪ ਦੀ ਡਿਊਟੀ ਲੱਗੀ। ਬਾਬਾ ਜੀ ਦੀ ਗ੍ਰਿਫਤਾਰੀ ਹੋਣ ਕਾਰਨ ਨੇਤਾ ਜੀ ਦਾ ਰੂਸ ਪੁੱਜਣਾ ਅਸੰਭਵ ਹੋ ਗਿਆ ਤੇ ਉਹਨਾਂ ਨੂੰ ਜਾਪਾਨ ਜਾਣਾ ਪੈ ਗਿਆ। ਕਿਰਤੀ ਪਾਰਟੀ ਅਤੇ ਸੀ ਪੀ ਆਈ ਦੀ ਏਕਤਾ ਹੋਣ ਤੇ ਬਾਬਾ ਜੀ ਕਮਿਉਨਿਸਟ ਪਾਰਟੀ ਚ ਸ਼ਾਮਲ ਹੋਏ। ਪਾਰਟੀ ਨੀਤੀਆਂ ਨਾਲ ਅਸਹਿਮਤੀ ਕਾਰਨ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਲਾਲ ਕਮਿਉਨਿਸਟ ਪਾਰਟੀ ਬਣਾ ਲਈ।

ਇਹਨਾਂ ਮਾਲਵੇ ਦੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ । ਸਾਰੇ ਸਾਥੀ ਮੁੜ ਦੋਬਾਰਾ ਫਿਰ ਕਮਿਉਨਿਸਟ ਪਾਰਟੀ ਚ ਆ ਗਏ ਅਤੇ ਫਿਰ ਬਾਬਾ ਜੀ ਸੀ ਪੀ ਆਈ ( ਐਮ) ਵਿੱਚ ਸਰਗਰਮ ਹੋਏ ।

ਨਵਾਂ ਸ਼ਹਿਰ ਦੇ ਬੰਗਾ ਨੇੜੇ ਪਿੰਡ ਚੱਕ ਮਾਈਦਾਸ ਦੇ ਜੰਮਪਲ ਬਾਬਾ ਬੂਝਾ ਸਿੰਘ ਨੂੰ ਜੁਝਾਰੂ ਲੋਕ-ਨਾਇਕ ਦਾ ਨਾਮਕਰਨ ਕਰ ਲਈਏ ਤਾਂ ਇਹ ਅਤਿ ਕਥਨੀ ਨਹੀਂ। 1968 ਵਿੱਚ ਬਾਬਾ ਬੂਝਾ ਸਿੰਘ ਪੰਜਾਬ ਵਿੱਚ ਨਕਸਲਬਾੜੀ ਲਹਿਰ ਦੇ ਉਭਾਰ ਕਾਰਨ ਇਸ ਵਿੱਚ ਸ਼ਾਮਿਲ ਹੋ ਗਏ। ਤਿੱਖੇ ਹਥਿਆਰਬੰਦ ਘੋਲ ਤੋ ਸਹਿਮੀ ਹਕੂਮਤ ਦੀਆ ਅੱਖਾਂ ‘ਚ ਇਹ ਸੂਰਮੇ ਬਹੁਤ ਰੜਕਦੇ ਸਨ । ਬਾਬਾ ਬੂਝਾ ਸਿੰਘ ਨੂੰ ਪੁਲੀਸ ਨੇ ਨਗਰ(ਨੇੜੇ ਫਿਲੌਰ) ਤੋਂ 27 ਜੁਲਾਈ ਦੀ ਦੁਪਹਿਰ ਨੂੰ ਚੁੱਕਿਆ ਤੇ ਪਹਿਲਾਂ ਲਗ ਪਗ 80-82 ਸਾਲ ਦੇ ਬਾਬੇ ਤੇ ਫਿਲੌਰ ਦੇ ਕਿਲ੍ਹੇ ਵਿੱਚ ਡਾਢਾ ਤਸ਼ੱਦਦ ਕੀਤਾ। ਮਗਰੋਂ ਬੰਗਾ ਥਾਣੇ ਵਿੱਚ ਉਨ੍ਹਾਂ ਰਹਿੰਦੀ ਕਸਰ ਪੂਰੀ ਕੀਤੀ।

ਉਸ ਵੇਲੇ ਦੇ ਅਖ਼ਬਾਰਾਂ ਮੁਤਾਬਕ ਨਵਾਂ ਸ਼ਹਿਰ ਚੰਡੀਗੜ੍ਹ ਸੜਕ ਤੇ ਸਥਿਤ ਪਿੰਡ ਨਾਈ ਮਜਾਰਾ ਦਾ ਉਜਾੜ ਪੁਲ਼ ਵੇਖ ਕੇ ਪੁਲਿਸ ਨੇ ਮੁਕਾਬਲਾ ਬਣਾ ਕੇ ਵਿਖਾ ਦਿੱਤਾ।

ਸੂਰਮਾ ਬਾਬਾ ਬੂਝਾ ਸਿੰਘ ਤਾਂ ਉਸੇ ਰਾਤ ਮਰ ਗਿਆ ਪਰ ਉਸ ਦੀਆਂ ਬਾਤਾਂ ਰਹਿੰਦੀ ਦੁਨੀਆਂ ਤੀਕ ਗੂੰਜਣਗੀਆਂ।

27-28 ਜੁਲਾਈ 1970 ਦੀ ਰਾਤ ਹਾਲੇ ਵੀ ਸ਼ਰਮਸਾਰ ਹੈ ਕਿ ਉਸ ਨੇ ਨਿਹੱਕਾ ਖ਼ੂਨ ਡੁੱਲ੍ਹਦਾ ਵੇਖਿਆ।

ਇਸ ਕਿਸਮ ਦੇ ਕਤਲੇਆਮ ਦੀ ਭਾਵੇਂ ਅੱਗੇ ਹੋਰ ਲੰਮੀ ਲੜੀ ਹੈ ਪਰ ਇਸ ਦੇ ਆਦਿ ਬਿੰਦੂ ਬਾਬਾ ਬੂਝਾ ਸਿੰਘ ਹੀ ਬਣੇ। ਸਰਕਾਰੀ ਫਾਈਲਾਂ ਦੱਸਦੀਆਂ ਨੇ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ।

ਨਵਾਂ ਸ਼ਹਿਰ ਵੱਸਦੇ ਪ੍ਰਬੁੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਬਾਬਾ ਬੂਝਾ ਸਿੰਘ ਜੀ ਦੇ ਜੀਵਨ ਤੇ ਘਾਲਣਾ ਬਾਰੇ ਮੁੱਲਵਾਨ ਪੁਸਤਕ “ਇੱਕ ਅਣਕਹੀ ਕਹਾਣੀ ਬਾਬਾ ਬੂਝਾ ਸਿੰਘ ਗਦਰ ਤੋਂ ਨਕਸਲਬਾੜੀ ਤੀਕ” ਲਿਖੀ ਹੈ। ਇਹ ਕਿਤਾਬ ਅੰਗਰੇਜ਼ੀ ਅਤੇ ਬੰਗਲਾ 'ਚ ਵੀ ਅਨੁਵਾਦ ਹੋ ਚੁਕੀ ਹੈ।

ਮਾਨਸਾ ਵਿੱਚ ਉਨ੍ਹਾਂ ਦੀ ਯਾਦ ਵਿੱਚ “ਬਾਬਾ ਬੂਝਾ ਸਿੰਘ ਭਵਨ”ਬਣਾਇਆ ਗਿਆ ਹੈ। ਮੈਨੂੰ ਇਹ ਤਾਂ ਪਤਾ ਸੀ ਕਿ ਲਾਲ ਸਿੰਘ ਦਿਲ , ਸੰਤ ਰਾਮ ਉਦਾਸੀ ਤੇ ਪਾਸ਼ ਤੋਂ ਇਲਾਵਾ ਸ਼ਿਵ ਕੁਮਾਰ ਬਟਾਲਵੀ ਜੀ ਨੇ ਵੀ ਬਾਬਾ ਬੂਝਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵਿਤਾ “ਫਾਂਸੀ” ਲਿਖੀ ਸੀ । ਜਿਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਨਿਰੂਪਮਾ ਦੱਤ ਨੇ ਬਹੁਤ ਪਹਿਲਾਂ ਕੀਤਾ ਸੀ ਤੇ ਉਨ੍ਹਾਂ ਸਮਿਆਂ ਚ ਇੰਡੀਅਨ ਐਕਸਪ੍ਰੈੱਸ ਨੇ ਛਾਪਿਆ ਸੀ। ਪਰ ਹੁਣ ਪਿਛਲੇ ਦਿਨੀਂ ਪੁਰਾਣੇ ਵਰਕੇ ਫੋਲਦਿਆਂ ਸਾਹਿੱਤ ਸਭਾ ਪੱਟੀ ਵੱਲੋਂ 1975 ਵਿੱਚ ਸ. ਸੰਤੋਖ ਸਿੰਘ ਧੀਰ ਜੀ ਦੇ ਸਨਮਾਨ ਵੇਲੇ ਪ੍ਰਕਾਸ਼ਿਤ ਕਿਤਾਬਚਾ “ਕਰਵਟ” ਲੱਭਿਆ। ਇਸ ਵਿੱਚ ਇੱਕ ਕਵਿਤਾ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਬਾਰੇ ਪੜ੍ਹਨ ਨੂੰ ਮਿਲੀ। ਮੈਨੂੰ ਆਪਣੀ ਅਗਿਆਨਤਾ ਦੀ ਸੰਗ ਲੱਗੀ। ਸੋਚਿਆ ਤੁਸੀਂ ਇਹ ਸਭ ਕਵਿਤਾਵਾਂ ਜ਼ਰੂਰ ਪੜ੍ਹੋ।

ਇਸ ਸੂਚਨਾ ਨਾਲ ਪੇਸ਼ ਉੱਪਰਲਾ ਕੰਪਿਊਟਰੀ ਰੰਗੀਲ ਚਿਤਰ ਆਸਿਫ਼ ਰਜ਼ਾ ਨੇ ਮੇਰੀ ਬੇਨਤੀ ਬਾਦ ਕੁਝ ਸਮਾਂ ਪਹਿਲਾਂ ਬਣਾਇਆ ਸੀ ਜੋ ਸੰਭਾਲਣ ਯੋਗ ਹੈ।

ਕਵਿਤਾਵਾਂ ਪੇਸ਼ ਹਨ।



ਫਾਂਸੀ : ਸ਼ਿਵ ਕੁਮਾਰ

ਮੇਰੇ ਪਿੰਡ ਦੇ ਕਿਸੇ ਰੁੱਖ ਨੂੰ
ਮੈਂ ਸੁਣਿਐ ਜੇਲ੍ਹ ਹੋ ਗਈ ਹੈ
ਉਹਦੇ ਕਈ ਦੋਸ਼ ਹਨ
ਉਹਦੇ ਪੱਤ ਸਾਵਿਆਂ ਦੀ ਥਾਂ
ਹਮੇਸ਼ਾ ਲਾਲ ਉਗਦੇ ਸਨ
ਬਿਨਾਂ 'ਵਾ ਦੇ ਵੀ ਉੱਡਦੇ ਸਨ

ਉਹ ਪਿੰਡ ਤੋਂ ਬਾਹਰ ਨਹੀਂ
ਪਿੰਡ ਦੇ ਸਗੋਂ ਉਹ ਖੂਹ 'ਚ ਉੱਗਿਆ ਸੀ
ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਵਾਂ ਹਿਲਾਂਦਾ ਸੀ
ਤੇ ਧੁੱਪਾਂ ਨੂੰ ਡਰਾਂਦਾ ਸੀ
ਤੇ ਰਾਹੀਆਂ ਨੂੰ ਤੁਰੇ ਜਾਂਦੇ 
ਉਹ ਧੁੱਪਾਂ ਤੋਂ ਬਚਾਂਦਾ ਸੀ
ਤੇ ਪਾਣੀ ਭਰਦੀਆਂ ਕੁੜੀਆਂ ਨੂੰ
ਧੀ ਕਹਿ ਕੇ ਬੁਲਾਂਦਾ ਸੀ

ਤੇ ਇਹ ਵੀ ਸੁਣਨ ਵਿਚ ਆਇਐ
ਕਿ ਉਸਦੇ ਪੈਰ ਵੀ ਕਈ ਸਨ
ਤੇ ਉਹ ਰਾਤਾਂ ਨੂੰ ਤੁਰਦਾ ਸੀ
ਤੇ ਪਿੰਡ ਦੇ ਸਾਰਿਆਂ ਰੁੱਖਾਂ ਨੂੰ 
ਮਿਲ ਕੇ ਰੋਜ਼ ਮੁੜਦਾ ਸੀ
ਤੇ ਅੱਧ-ਰੈਣੀ ਹਵਾ ਦੀ 
ਗੱਲ ਕਰਕੇ ਰੋਜ਼ ਝੁਰਦਾ ਸੀ
ਭਲਾ ਯਾਰੋ ਅਜਬ ਗੱਲ ਹੈ
ਮੈਂ ਸਾਰੀ ਉਮਰ ਸਭ ਰੁੱਖਾਂ ਦੀਆਂ
ਸ਼ਾਖਾਂ ਤਾਂ ਤੱਕੀਆਂ ਸਨ
ਕੀ ਰੁੱਖਾਂ ਦੇ ਵੀ ਮੇਰੇ ਦੋਸਤੋ
ਕਿਤੇ ਪੈਰ ਹੁੰਦੇ ਨੇ ?

ਤੇ ਅੱਜ ਅਖ਼ਬਾਰ ਵਿਚ ਪੜ੍ਹਿਐ
ਕਿ ਉਹ ਹਥਿਆਰ-ਬੰਦ ਰੁੱਖ ਸੀ
ਉਹਦੇ ਪੱਲੇ ਬੰਦੂਕਾਂ, 
ਬੰਬ ਤੇ ਲੱਖਾਂ ਸੰਗੀਨਾਂ ਸੀ

ਮੈਂ ਰੁੱਖਾਂ ਕੋਲ 
ਸਦਾ ਰਹਿੰਦੀਆਂ
ਛਾਵਾਂ ਤਾਂ ਸੁਣੀਆਂ ਸਨ
ਪਰ ਬੰਬਾਂ ਦੀ ਅਜਬ ਗੱਲ ਹੈ ?

ਤੇ ਇਹ ਝੂਠੀ ਖ਼ਬਰ ਪੜ੍ਹ ਕੇ
ਮੈਨੂੰ ਇਤਬਾਰ ਨਹੀਂ ਆਉਂਦਾ
ਕਿ ਉਸਨੇ ਪਿੰਡ ਦੇ
ਇਕ ਹੋਰ ਰੁੱਖ ਨੂੰ ਮਾਰ ਦਿੱਤਾ ਹੈ
ਜਿਹੜਾ ਪਿੰਡ ਦੇ 
ਸ਼ਾਹਵਾਂ ਦੇ ਘਰ
ਵਿਹੜੇ 'ਚ ਉੱਗਿਆ ਸੀ
ਜਿਸ ਤੋਂ ਰੋਜ਼ ਕੋਈ ਕਾਗ
ਚੁਗਲੀ ਕਰਨ ਉੱਡਿਆ ਸੀ

ਤੇ ਅੱਜ ਕਿਸੇ ਯਾਰ ਨੇ ਦੱਸਿਐ
ਜੋ ਮੇਰੇ ਪਿੰਡ ਤੋਂ ਆਇਐ
ਕਿ ਮੇਰੇ ਉਸ ਪਿੰਡ ਦੇ ਰੁੱਖ ਨੂੰ
ਫਾਂਸੀ ਵੀ ਹੋ ਰਹੀ ਹੈ
ਤੇ ਉਹਦਾ ਪਿਉ ਕਿੱਕਰਾਂ ਵਰਗਾ
ਤੇ ਮਾਂ ਬੇਰੀ ਜਿਹੀ ਹੋ ਰਹੀ ਹੈ ।

ਹੁਣ ਪੜ੍ਹੋ ਦੂਸਰੀ ਕਵਿਤਾ

ਇਨਾਮ : ਸੰਤੋਖ ਸਿੰਘ ਧੀਰ

ਚਾਲ੍ਹੀ ਵਰ੍ਹੇ 
ਦੇਸ਼ ਦੀ ਆਜ਼ਾਦੀ ਲਈ ਜੂਝਿਆ 
ਰਾਜੇ ਨਾਲ ਲੜਿਆ 
ਅੰਗ੍ਰੇਜ਼ ਨਾਲ ਲੜਿਆ 
ਤੇ ਫੇਰ ਬੁੱਢਾ ਹੋ ਗਿਆ ।

ਜਵਾਨੀ - ਲੋਹੇ ਵਰਗੀ 
ਸਫ਼ੈਦ ਚਾਂਦੀ ਬਣ ਗਈ 
ਆਕਾਸ਼ ਵਰਗਾ ਮੱਥਾ 
ਸਮੁੰਦਰ ਵਰਗਾ ਜੇਰਾ 
ਆਜ਼ਾਦੀ ਦੀਆਂ ਤਾਕਤਾਂ ਨੇ 
ਉਸ ਨੂੰ “ਬਾਬਾ” ਆਖਿਆ ।
ਫੇਰ ਯੁੱਗ ਬਦਲਿਆ 
ਤੇ ਦੇਸ਼ ਆਜ਼ਾਦ ਹੋ ਗਿਆ 
ਗੋਰਾ ਹਾਕਮ ਲੱਥਾ 
ਤੇ ਕਾਲਾ ਗੱਦੀ ਬਹਿ ਗਿਆ 
ਏਧਰ ਕੋਹ ਹਿਮਾਲਾ 
ਤੇ ਓਧਰ ਰਾਸ ਕੁਮਾਰੀ ਤਕ 
“ਇਹ ਆਪਣੀ ਸਰਕਾਰ ਹੈ'' 
ਦਾ ਨਾਹਰਾ ਉੱਚਾ ਹੋ ਗਿਆ ।

ਬਾਬੇ ਬੁੱਢੇ ਦੇਖਿਆ : 
ਇਹ ਆਪਣੀ ਸਰਕਾਰ ਨਹੀਂ-
ਟਾਟੇ ਅਤੇ ਬਿਰਲੇ ਦਾ 
ਮੁਫ਼ਾਦ ਗੱਦੀ ਬਹਿ ਗਿਆ ! 
ਮੈਂ ਰਾਜੇ ਨਾਲ ਲੜਿਆ
ਅੰਗ੍ਰੇਜ਼ ਨਾਲ ਲੜਿਆ 
ਪਰ ਰਾਜੇ ਤੇ ਅੰਗ੍ਰੇਜ਼ ਦਾ 
ਮੁਫ਼ਾਦ ਗੱਦੀ ਬਹਿ ਗਿਆ !
ਸਿਰਫ਼ ਚੰਮ ਬਦਲਿਆ 
ਮੁਫ਼ਾਦ ਨਹੀਂ ਬਦਲਿਆ !

ਬਾਬੇ ਬੁੱਢੇ ਆਖਿਆ :
ਕਿਸਾਨ ਨਾਲ ਧੋਖਾ 
ਮਜੂਰ ਨਾਲ ਧੋਖਾ 
ਕਲਰਕ ਨਾਲ ਧੋਖਾ 
ਮੁਜ਼ਾਰੇ ਨਾਲ ਧੋਖਾ 
ਗ਼ਰੀਬਾਂ ਨਾਲ ਧੋਖਾ 
ਬੀਮਾਰਾਂ ਨਾਲ ਧੋਖਾ 
 ਮਾਸੂਮਾਂ ਨਾਲ ਧੋਖਾ 
ਯਤੀਮਾਂ ਨਾਲ ਧੋਖਾ
ਏਧਰ ਕੋਹ ਹਿਮਾਲਾ ਤੇ 
ਓਧਰ ਰਾਸਕੁਮਾਰੀ ਤਕ 
ਇਸ ਮਹਾਨ ਧੋਖੇ ਬਾਰੇ 
ਬਿਰਧ ਬਾਬਾ ਬੋਲਿਆ ।

ਪਹਿਲਾਂ ਉਸ ਨੇ 
ਗਾਂਧੀ ਦਾ ਤਿਰੰਗਾ 
ਉੱਚਾ ਕੀਤਾ ਸੀ 
ਹੁਣ ਬਾਬੇ ਲੱਕ ਬੱਧਾ 
ਤੇ ਦਾਤੀ ਤੇ ਹਥੌੜੇ ਵਾਲਾ 
ਲਾਲ ਝੰਡਾ ਫੜ ਲਿਆ
ਲੜਾਈ 
ਜੋ ਅਧੂਰੀ ਸੀ 
ਉਹ ਪੂਰੀ ਕਰਨ ਤੁਰ ਪਿਆ ।
ਆਕਾਸ਼ ਵਰਗਾ ਮੱਥਾ 
ਸਮੁੰਦਰ ਵਰਗਾ ਜੇਰਾ 
ਬਾਈ ਵਰ੍ਹੇ ਦੇਸ਼ ਦੀ 
ਆਜ਼ਾਦੀ ਪਿਛੋਂ ਜੂਝਿਆ ।

ਭਰਵੱਟੇ ਚਿੱਟੇ ਹੋ ਗਏ 
ਸਮੁੰਦਰ ਦੀਆਂ ਲਹਿਰਾਂ ਵਾਂਗ 
ਚਿੱਟੀ ਦਾੜ੍ਹੀ ਲਹਿਲਹਾਂਦੀ ।

ਪੌਣੀ ਸਦੀ ਬੀਤ ਗਈ 
ਬਾਬਾ ਬਿਰਧ - 
ਲੜਦਾ ਲੜਦਾ 
ਅੱਸੀ ਵਰ੍ਹੇ ਦਾ ਹੋ ਗਿਆ ।

ਅਚਾਨਕ ਖ਼ਬਰ ਆਈ :
ਬਾਬਾ ਗ੍ਰਿਫ਼ਤਾਰ ਕਰਕੇ 
ਕਤਲ ਕੀਤਾ ਗਿਆ ਹੈ, 
ਉਹ ਨਕਸਲੀ ਗੁਰੀਲਾ ਸੀ 
ਤੇ ਗ੍ਰਿਫਤਾਰ ਕਰਨ ਵੇਲੇ 
ਪੁਲਸ ਦਾ, 
ਹਥਿਆਰਾਂ ਨਾਲ 
ਮੁਕਾਬਲਾ ਕਰ ਰਿਹਾ ਸੀ। 
ਅੱਸੀ ਵਰ੍ਹੇ ਦੀ ਉਮਰ 
ਤੇ ਪੁਲਸ ਦਾ ਮੁਕਾਬਲਾ !
ਅੱਸੀ ਵਰ੍ਹੇ ਦੀ ਉਮਰ ਤੇ 
ਨਕਸਲੀ ਗੁਰੀਲਾ ! 
ਕਹਾਣੀ ਕਿੰਨੀ ਸੱਚੀ ਸੀ ?

ਬਾਬਾ ਘਰੋਂ ਫੜਿਆ 
ਤੇ ਪੁਲਸ ਬਾਹਰ ਲੈ ਕੇ ਆਈ 
ਦਰਖ਼ਤ ਨਾਲ ਬੰਨ੍ਹਿਆ 
ਦਰਖ਼ਤ ਨਾਲ ਨੂੜਿਆ।
ਤੇ ਫੇਰ ਪੁਲਸ ਆਖਣ ਲੱਗੀ 
“ਬੋਲ ਕਿਥੇ ਤੇਰੇ ਨਕਸਲੀ 
ਤੇ ਕਿਥੇ ਤੇਰਾ ਇਨਕਲਾਬ ?”

ਬਾਬਾ ਬੁੱਢਾ ਬੋਲਿਆ :
"ਮੈਂ ਸੂਰਬੀਰ, ਦੇਸ਼-ਭਗਤ, 
ਚਾਲੀ ਵਰ੍ਹੇ ਦੇਸ਼ ਦੀ 
ਆਜ਼ਾਦੀ ਲਈ ਜੂਝਿਆ 
ਰਾਜੇ ਨਾਲ ਲੜਿਆ 
ਅੰਗ੍ਰੇਜ਼ ਨਾਲ ਲੜਿਆ 
ਤੇ ਫੇਰ ਬੁੱਢਾ ਹੋ ਗਿਆ । 
ਮੈਂ ਪੂਜਨੀਕ ਯੋਧਾ ਸਾਂ 
ਮੈਂ ਦੇਸ਼ ਦਾ ਸਿਪਾਹੀ ਸਾਂ 
ਤੁਸੀਂ, ਮੇਰੀਆਂ ਕਰਨੀਆਂ ਦਾ, 
ਇਹ ਇਨਾਮ ਦੇਂਦੇ ਹੋ ?
“ਦੱਸੋ ! ਮੇਰਾ ਕੀ ਕਸੂਰ ?

ਏਧਰ ਕੋਹ ਹਿਮਾਲਾ ਤੇ 
ਓਧਰ ਰਾਸਕੁਮਾਰੀ ਤਕ 
ਮੈਂ ਦੇਸ਼ ਵਿਚ, ਗਰੀਬੀ  ਦੀ ਥਾਂ, 
ਚੰਗਾ ਜੀਵਨ ਚਾਹੁੰਦਾ ਹਾਂ 
ਟਾਟੇ ਅਤੇ ਬਿਰਲੇ ਦੀ ਥਾਂ 
ਕਿਰਤੀ ਅਤੇ ਕਿਸਾਨ ਨੂੰ ਮੈਂ 
ਗੱਦੀ ਦੇਣੀ ਚਾਹੁੰਦਾ ਹਾਂ 
ਇਹੋ ਹੈ ਨਾ ਮੇਰਾ ਦੇਸ਼ ?”

ਜੱਲਾਦ - ਜਿਸ ਨੂੰ 
ਗੋਲੀ ਮਾਰਨ ਦਾ 
ਹੁਕਮ ਹੋਇਆ ਹੋਇਆ ਸੀ
ਥੋੜਾ ਲੱਗਾ ਸੋਚਣ 
ਤੇ ਉਸ ਦੇ ਹੱਥ ਕੰਬਣ ਲੱਗੇ। 
ਬਾਕੀ ਸਭ ਸਿਪਾਹੀ ਵੀ 
ਇਸ ਸੱਚ ਤੋਂ ਪ੍ਰਭਾਵਤ ਸਨ ।

ਵੱਡਾ ਅਫ਼ਸਰ ਆਇਆ 
ਤੇ ਛੋਟਿਆਂ ਨੂੰ ਆਖਣ ਲੱਗਾਃ
“ਅਜੇ ਕੰਮ ਮੁਕਾਇਆ ਨਹੀਂ ? 
ਛੇਤੀ ਖ਼ਤਮ ਕਰੋ ਇਹ ਕੰਮ !”

ਫੇਰ ਸ਼ਰਾਬ ਖੁੱਲ੍ਹੀ
ਤੇ ਰੱਜ ਰੱਜ ਕੇ ਪੀਤੀ ਗਈ 
ਦੇਸ਼-ਭਗਤ ਨੂੰ ਮਾਰਨ ਲਈ 
ਸ਼ਰਾਬ ਤੋਂ ਤਾਕਤ ਮੰਗੀ ਗਈ। 
ਸ਼ਰਾਬ ਨੇ ਤਾਕਤ ਦਿੱਤੀ 
ਤੇ ਜਿਹੜੇ ਹੱਥ ਕੰਬੇ ਸਨ। 
ਉਹੀਓ ਹੱਥ ਉੱਠੇ 
ਤੇ ਰਫ਼ਲ ਸਿੱਧੀ ਕਰਨ ਲੱਗੇ !
ਇਕ, ਦੋ, ਤਿੰਨ, ਚਾਰ 
ਦੇਸ਼-ਭਗਤ ਲਹੂ ਲੁਹਾਨ 
ਦਰਖ਼ਤ ਨਾਲ ਬੰਨ੍ਹਿਆ 
ਦਰਖ਼ਤ ਨਾਲ ਨੂੜਿਆ 
ਉਹ ਫ਼ੀਤਾ ਫ਼ੀਤਾ ਉਡ ਗਿਆ। 
ਚਾਲੀ ਵਰ੍ਹੇ ਦੇਸ਼ ਦੀ 
ਆਜ਼ਾਦੀ ਲਈ ਉਹ ਜੂਝਿਆ 
ਤੇ ਇਹ ਇਨਾਮ ਦਿਤਾ ਗਿਆ !

ਸੋਨੇ ਦੀ ਥਾਂ, ਛਾਤੀ ਉਤੇ,
ਲਾਲ ਸੁਰਖ਼ ਤਕਮੇ ਸਨ !
ਇਸ ਇਨਾਮ ਦਾ ਕੀ ਹੈ ਨਾਂ ? 
ਪਦਮ ਸ਼੍ਰੀ 
ਜਾਂ ਹੋਰ ਕੋਈ ਸ਼੍ਰੀ ? 
ਵੀਰ ਚੱਕਰ 
ਜਾਂ ਹੋਰ ਕੋਈ ਚੱਕਰ ? 
ਸ਼ਾਇਦ, 
ਇਸ ਇਨਾਮ ਦਾ ਨਾਂ 
ਸਰਕਾਰ ਨੇ ਅਜੇ ਰੱਖਣਾ ਹੈ ! 
ਸਰਕਾਰ—
ਜਿਹੜੀ ਦੇਸ਼ ਵਿਚ 
ਸ਼ਮਾਜਵਾਦ ਦੀ ਸਿਰਜਣਾ ਲਈ 
ਰੋਜ਼ ਵਿਆਕੁਲ ਹੁੰਦੀ ਹੈ।

-ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ