Azadi Di Vedi Te : Pritam Singh Kasad
ਆਜ਼ਾਦੀ ਦੀ ਵੇਦੀ 'ਤੇ : ਪ੍ਰੀਤਮ ਸਿੰਘ ਕਾਸਦ
1. ਅਜੇ ਤਾਂ ਸਾਡੀਆਂ ਰਗਾਂ 'ਚ ਕਲਗੀਧਰ ਦਾ ਖ਼ੂਨ ਹੈ
(੧੯੪੭ ਦੇ ਘਲੂਘਾਰ ਵਿਚ ਧਨੀ, ਪੁਠੋਹਾਰ ਤੇ ਬਾਕੀ
ਪੰਜਾਬ ਵਿਚ ਵਹਿਸ਼ੀ ਦਰਿੰਦਿਆਂ ਵਲੋਂ ਇਸਤ੍ਰੀ ਜਾਤੀ
ਉਤੇ ਜੋ ਜੋ ਜ਼ੁਲਮ ਢਾਹੇ ਗਏ ਹਨ, ਉਂਨ੍ਹਾਂ ਨੇ ਮਰਦ-ਜ਼ਾਤ ਨੂੰ
ਸਦਾ ਲਈ ਕਲੰਕਤ ਕਰ ਦਿੱਤਾ ਹੈ । ਇਨ੍ਹਾਂ ਦਰਿੰਦਿਆਂ
ਦੇ ਚੁੰਗਲ ਵਿਚ ਫਸੀਆਂ ਹੋਈਆਂ ਗੁਰੂ ਗੋਬਿੰਦ ਸਿੰਘ
ਦੀਆਂ ਹਜ਼ਾਰਾਂ ਸਪੁੱਤਰੀਆਂ ਨੇ ਆਪਣੀ ਜਾਨ ਤੋਂ ਵੀ
ਪਿਆਰੇ ਸਿਖ-ਧਰਮ, ਅਤੇ ਆਪਣੀ ਪੱਤ ਨੂੰ ਕਿਵੇਂ
ਬਚਾਇਆ, ਉਸ ਦਾ ਵਰਨਣ ਮੈਂ ਇਸ ਕਵਿਤਾ ਵਿਚ
ਇਤਿਹਾਸਕ ਉਦਾਹਰਣਾਂ ਰਾਹੀਂ ਕੀਤਾ ਹੈ ।
ਪਹਿਲੇ ਬੰਦ ਵਿਚ ਉਹ ਖ਼ੂਨੀ ਦਰਿੰਦਾ ਆਪਣੇ ਸ਼ਕੰਜੇ
ਵਿਚ ਕੱਸੀ ਹੋਈ ਸਿੰਘਣੀ ਨੂੰ ਮੌਤ ਦਾ ਡਰਾਵਾ ਦੇਂਦਾ ਹੈ,
ਅਤੇ ਬਾਕੀ ਦੀ ਸਾਰੀ ਕਵਿਤਾ ਸਿੰਘਣੀ ਦਾ ਅਣਖ਼ੀਲਾ
ਉੱਤਰ ਹੈ ।-ਕਾਸਦ)
ਕਾਫ਼ਰ ਦੀ ਬੱਚੀ ਹੋਸ਼ ਕਰ?
ਕੁਝ ਸੋਚ ਕਰ, ਕੁਝ ਸੋਚ ਕਰ।
ਕਰ ਦੇ ਜਿਸਮ ਮੇਰੀ ਨੱਜ਼ਰ,
ਕੱਜਲਈ ਅੱਖ, ਪਤਲੀ ਕੱਮਰ।
ਇਸਲਾਮ ਧਾਰਨ ਕਰਸੇਂ ਗਰ,
ਜੱਨਤ ਦਾ ਪਾਵੇਂਗੀ ਸਮਰ।
ਜੇ ਕਰ ਕਰੇਂ ਤੂੰ ਗਰ ਮਗਰ,
ਔਹ ਵੇਖ ਖੰਜਰ ਤੇਜ਼ ਤਰ,
ਤੇਰਾ ਕਲੇਜਾ ਚੀਰ ਕੇ
ਕੁੱਤਿਆਂ ਦੇ ਅਗੇ ਦੇਸਾਂ ਧਰ।
ਕਾਫ਼ਰ ਦੀ ਬੱਚੀ ਹੋਸ਼ ਕਰ,
ਕੁਝ ਸੋਚ ਕਰ, ਕੁਝ ਸੋਚ ਕਰ।
ਉਏ ਜ਼ਾਲਮਾ ਕਰ ਜ਼ੁਲਮ ਕਰ,
ਬੇਸ਼ਕ ਅੰਜਾਮੋਂ ਬੇ-ਖ਼ਬਰ।
ਓ ਬੇ-ਖ਼ਬਰ, ਕਰ ਲੈ ਜਬੱਰ
ਚੰਗੇਜ਼ ਵਾਂਗੂੰ ਬੇ-ਫ਼ਿਕਰ
ਦੁੱਰਾਨੀ ਵਾਂਗੂੰ ਕਸ ਕਮੱਰ
ਤਹਿ ਤੇਗ਼ ਕਰ, ਤਹਿ ਤੇਗ਼ ਕਰ
ਔਰੰਗੇ ਵਾਂਗੂੰ ਸਰ ਬਸਰ,
ਲੈ ਪਕੜ ਖੰਜਰ ਤੇਜ਼ ਤਰ
ਸੀਨੇ ਦੀ ਧੜਕਨ ਉਤੇ ਧਰ
ਤੇ ਚੀਰ ਦੇ ਮੇਰਾ ਜਿੱਗਰ
ਮੈਂ ਹਾਂ ਖੜੀ ਸੀਨਾ-ਸੱਪਰ।
ਸੀ ਵੀ ਜ਼ਬਾਨੋਂ ਨਿਕਲੇ ਗੱਰ,
ਨੀਂਵੀਂ ਜੇ ਹੋ ਜਾਵੇ ਨੱਜ਼ਰ,
ਟੇੜ੍ਹੀ ਜੇ ਹੋ ਜਾਵੇ ਕੱਮਰ,
ਇਕ ਰਤੀ ਭਰ ਝੁੱਕੇ ਜੇ ਸੱਰ
ਸਮਝੀਂ ਤੂੰ ਸਿੱਖੀ ਬੇ-ਅੱਸਰ।
ਤੇਰਾ ਜ਼ੁਲਮ, ਜ਼ਾਲਮ ਬਸ਼ੱਰ,
ਸਾਡੇ ਲਈ ਏ ਬੇ-ਅੱਸਰ,
ਸਿੱਖੀ ਦੀ ਮੰਨਜ਼ਲ ਪੁਰਖ਼ਤਰ।
ਤੂੰ ਆਜ਼ਮਾ ਸਾਡਾ ਸੱਬਰ,
ਲੁਟੇ ਤਾਂ ਲੁਟੇ ਮਾਲੋ ਜ਼ਰ,
ਛੁੱਟੇ ਤਾਂ ਛੁੱਟੇ ਅਪਨਾ ਘਰ,
ਸਰ ਨੂੰ ਹਥੇਲੀ ਉਤੇ ਧਰ
ਸਤਿਗੁਰ ਦੀ ਕਰਦੇ ਜੋ ਨੱਜ਼ਰ
ਦੋਹੀਂ ਜਹਾਨੀਂ ਨੇ ਅੱਮਰ।
ਇਹ ਹੈ ਸ਼ਹੀਦਾਂ ਦੀ ਕੱਦਰ।
ਇਹ ਹੈ ਸ਼ਹੀਦੀ ਦਾ ਸੱਮਰ ।
ਉਠ ਜ਼ਾਲਮਾਂ, ਸ਼ਹੀਦ ਕਰ,
ਸ਼ਹੀਦ ਕਰ, ਸ਼ਹੀਦ ਕਰ,
ਖੰਜਰ ਉਠਾ, ਖੰਜਰ ਉਠਾ,
ਭਈ ਤੇਜ਼ ਕਰ, ਭਈ ਤੇਜ਼ ਕਰ,
ਬੇਸ਼ਕ ਨਾ ਡਰ. ਬੇਸ਼ਕ ਨਾ ਡਰ,
ਕਿਉਂਕਿ ਸ਼ਹੀਦੀ ਸਿੱਖ ਦੀ
ਸਿੱਖੀ ਦੇ ਉੱਚੇ ਮਹਿਲ ਲਈ
ਫ਼ੌਲਾਦ ਦਾ ਸਤੂਨ ਹੈ।
ਕੋਈ ਜ਼ੁਲਮ, ਕੋਈ ਸਿੱਤਮ
ਸਾਨੂੰ ਝੁੱਕਾ ਸਕਦਾ ਨਹੀਂ,
ਅਜੇ ਤਾਂ ਸਾਡੀਆਂ ਰਗਾਂ 'ਚ
ਕਲਗੀਧਰ ਦਾ ਖ਼ੂਨ ਹੈ।
ਭਈ ਕਲਗੀਧਰ ਦਾ ਖ਼ੂਨ ਹੈ।
ਉਂਠ ਤੇਜ਼ ਕਰ ਕੁਹਾੜੀਆਂ,
ਉਏ ਬਰਛੀਆਂ ਤੇ ਆਰੀਆਂ,
ਕਰ ਜਿਸਮ ਦੀਆਂ ਫਾੜੀਆਂ,
ਆਪਣੇ ਮਿੱਲਾਂ ਮੈਂ ਆਹੜੀਆਂ,
ਜਿਨ੍ਹਾਂ ਨੇ ਜਿੰਦਾਂ ਪਿਆਰੀਆਂ
ਭਈ ਸੂਲੀ ਉੁੱਤੇ ਚਾਹੜੀਆਂ,
ਭਈ ਭੱਠੀਆਂ 'ਚ ਕਾਹੜੀਆਂ,
ਭਈ ਅੱਗਾਂ ਵਿਚ ਸਾੜੀਆਂ,
ਭਈ ਲਾੜਿਆਂ ਤੇ ਲਾੜੀਆਂ
ਏਦਾਂ ਨਿਭਾਈਆਂ ਯਾਰੀਆਂ
ਉਏ ਜਿਨ੍ਹਾਂ ਭੈਣਾਂ ਪਿਆਰੀਆਂ
ਖੂਹਾਂ 'ਚ ਛਾਲਾਂ ਮਾਰੀਆਂ
ਭਈ ਧੀਆਂ ਦੀਆਂ ਫਾੜੀਆਂ
ਕਰ ਗਰਦਨਾਂ ਸ਼ਿੰਗਾਰੀਆਂ।
ਰੋਈਆਂ ਨੇ ਖੱਡਾਂ ਖਾੜੀਆਂ,
ਰੋਈਆਂ ਨੇ ਮਹਿਲ ਮਾੜੀਆਂ,
ਰੋਈਆਂ ਨੇ ਬੂਟੇ ਝਾੜੀਆਂ,
ਰੋਈਆਂ ਨੇ ਪੰਛੀ ਡਾਰੀਆਂ,
ਉਏ ਖੇਤੀਆਂ ਤੇ ਬਾੜੀਆਂ,
ਉਏ ਸਾਉਣੀਆਂ ਤੇ ਹਾੜ੍ਹੀਆਂ,
ਉਏ ਸੁਕੀਆਂ ਪਹਾੜੀਆਂ.
ਰੋ ਰੋ ਕੇ ਹੰਝੂ ਹਾਰੀਆਂ ।
ਪਰ ! ਸਿੰਘਾਂ ਦੀਆਂ ਨਾੜੀਆਂ.
ਗ਼ੈਰਤ ਦੇ ਨਾਲ ਭਾਰੀਆਂ,
ਗ਼ੈਰਤ ਦੀਆਂ ਚਿੰਗਾਰੀਆਂ,
ਭਈ ਖ਼ੂਨੀ ਪਿਚਕਾਰੀਆਂ,
ਭਈ ਸਿੰਜੀਆਂ ਸੰਵਾਰੀਆਂ
ਨੇ ਸਿੱਖੀ ਦੀਆਂ ਕਿਆਰੀਆਂ,
ਪੁੱਤ ਚੀਰੇ ਆਰੀਆਂ
ਤੇ ਮਾਵਾਂ ਲਾਈਆਂ ਤਾੜੀਆਂ,
ਦਸਮੇਸ਼ ਦੀ ਦੁਲਾਰੀਆਂ,
ਵਿਆਹੀਆਂ ਤੇ ਕੰਵਾਰੀਆਂ,
ਹੱਸ ਹੱਸ ਕੇ ਜਿੰਦਾਂ ਵਾਰੀਆਂ,
ਪਰ ਹਿੰਮਤਾਂ ਨਾ ਹਾਰੀਆਂ ।
ਉਠ ! ਨੇਜ਼ਿਆਂ ਤੇ ਟੰਗ ਦੇ,
ਭਈ ਕਟ ਬੰਦ ਬੰਦ ਦੇ
ਭਈ ਭੱਠੀਆਂ 'ਚ ਝੌਂਕ ਦੇ,
ਭਈ ਆਰਿਆਂ ਨੂੰ ਸੌਂਪ ਦੇ,
ਮੇਰੀ ਜਵਾਨੀ ਸੜ ਕੇ ਵੀ
ਮੇਰੀ ਜਵਾਨੀ ਕੜ੍ਹ ਕੇ ਵੀ
ਗਾਵੇਗੀ ਇਕੋ ਰਾਗਨੀ
ਕਿ ਧਰਮ ਪਿਛੇ ਮਰਨ ਵਿਚ
ਦਸਮੇਸ਼ ਦੇ ਦੁਲਾਰਿਆਂ ਦੀ
ਜਿੰਦ ਲਈ ਸਕੂਨ ਹੈ।
ਕੋਈ ਜ਼ੁਲਮ, ਕੋਈ ਸਿੱਤਮ
ਸਾਨੂੰ ਝੁੱਕਾ ਸਕਦਾ ਨਹੀਂ,
ਅਜੇ ਤਾਂ ਸਾਡੀਆਂ ਰੱਗਾਂ 'ਚ
ਕਲਗੀਧਰ ਦਾ ਖ਼ੂਨ ਹੈ।
ਭਈ ਕਲਗੀਧਰ ਦਾ ਖ਼ੂਨ ਹੈ।
ਮੇਰੇ ਤੇ ਇਤਬਾਰ ਨਹੀਂ ?
ਤਾਂ ਔਰੰਗੇ ਦੀ ਰੂਹ ਤੋਂ ਪੁੱਛ,
ਸ਼ਹੀਦ ਗੰਜ ਦੇ ਖੂਹ ਤੋਂ ਪੁੱਛ,
ਤਲਵੰਡੀ ਵਾਲੀ ਜੂਹ ਤੋਂ ਪੁੱਛ।
ਭੱਠੀਆਂ ਤੋਂ ਪੁੱਛ, ਜੰਡਾਂ ਤੋਂ ਪੁੱਛ,
ਆਰੇ ਦਿਆਂ ਦੰਦਾਂ ਤੋਂ ਪੁੱਛ,
ਤਪੀਆਂ ਨੇ ਜੋ, ਤਵੀਆਂ ਤੋਂ ਪੁੱਛ,
ਗੰਡਾਸਿਆਂ, ਛਵੀਆਂ ਤੋਂ ਪੁੱਛ,
ਚਮਕੌਰ ਦੀਆਂ. ਗੜ੍ਹੀਆਂ ਤੋਂ ਪੁੱਛ,
ਬੀਰਾਂ ਦੀਆਂ ਮੜ੍ਹੀਆਂ ਤੋਂ ਪੁੱਛ,
ਸਰਹਿੰਦ ਦੀਆਂ ਕੰਧਾਂ ਤੋਂ ਪੁੱਛ,
ਫਾਂਸੀ ਦੀਆਂ ਤੰਦਾਂ ਤੋਂ ਪੁੱਛ,
ਦੇਗਾਂ ਤੋਂ ਪੁੱਛ, ਆਰੇ ਤੋਂ ਪੁੱਛ,
ਦਿੱਲੀ ਦੇ ਫ਼ੁਹਾਰੇ ਤੋਂ ਪੁੱਛ ।
ਬੋਹੜਾਂ ਦਿਆਂ ਪੱਤਿਆਂ ਤੋਂ ਪੁੱਛ,
ਚੱਕੀਆਂ ਦਿਆਂ ਚੱਕਿਆਂ ਤੋਂ ਪੁੱਛ,
ਰੰਬੀ ਦੀਆਂ ਧਾਰਾਂ ਤੋਂ ਪੁੱਛ ।
'ਮਨੂੰ' ਦੀਆਂ ਤਲਵਾਰਾਂ ਤੋਂ ਪੁੱਛ।
ਅਟੱਕ ਜਿਹੇ ਵਹਿਣਾਂ ਤੋਂ ਪੁੱਛ,
'ਭਾਗੋ' ਜਿਹੀਆਂ ਭੈਣਾਂ ਤੋਂ ਪੁੱਛ।
ਖ਼ੈਬਰ ਜਿਹੇ ਦਰਿਆਂ ਤੋਂ ਪੁੱਛ,
ਖੱਡਾਂ ਤੋਂ ਪੁੱਛ, ਰੜਿਆਂ ਤੋਂ ਪੁੱਛ।
'ਜਮਰੌਦ' ਜਿਹੇ ਕਿਲ੍ਹਿਆਂ ਤੋਂ ਪੁੱਛ,
ਫ਼ਰੰਗੀਆਂ ਬਿੱਲਿਆਂ ਤੋਂ ਪੁੱਛ।
ਇੰਜਣ ਦਿਆਂ ਪਹੀਆਂ ਤੋਂ ਪੁੱਛ।
ਪਿੰਡੀ ਦੀਆਂ 'ਲਈਆਂ' ਤੋਂ ਪੁੱਛ।
ਸਤਲੁੱਜ ਦਿਆਂ ਕੰਢਿਆਂ ਤੋਂ ਪੁੱਛ,
ਬੀ.ਟੀ. ਦਿਆਂ ਡੰਡਿਆਂ ਤੋਂ ਪੁੱਛ,
'ਬੱਜ-ਬੱਜ' ਦੇ ਘਾਟਾਂ ਤੋਂ ਪੁੱਛ,
'ਡਾਇਰ' ਜਿਹੇ ਲਾਟਾਂ ਤੋਂ ਪੁੱਛ।
ਅੰਗਰੇਜ਼ ਦੀਆਂ ਤੋਪਾਂ ਤੋਂ ਪੁੱਛ,
'ਜੈਤੋ' ਦੀਆਂ ਢੋਕਾਂ ਤੋਂ ਪੁੱਛ।
ਪੁੱਛ ਆਪਣੇ ਛੁਰਿਆਂ ਤੋਂ ਪੁੱਛ,
ਰੱਖਾਂ ਤੋਂ ਪੁੱਛ, ਭੁਰਿਆਂ ਤੋਂ ਪੁੱਛ ।
ਪੁੱਛ ਆਪਣੀ ਬਲੱਮ ਤੋਂ ਪੁੱਛ,
'ਕਾਸਦ' ਦੀ ਇਸ ਕਲਮ ਤੋਂ ਪੁੱਛ।
ਪੁੱਛ ਪੁੱਛ ਉ ਜ਼ਾਲਮ ਖ਼ੂਬ ਪੁੱਛ,
ਇਸਲਾਮ ਦੇ ਮਹਿਬੂਬ ਪੁੱਛ।
ਇਕੋ ਗਵਾਹੀ ਮਿਲੇਗੀ,
ਸਿੰਘਾਂ ਕਦੇ ਝੁੱਕਣਾ ਨਹੀਂ,
ਸਿੰਘਾਂ ਕਦੀ ਮੁੱਕਣਾ ਨਹੀਂ।
ਸਿੰਘ ਨੂੰ ਝੁਕਾਉਣ ਵਾਲੜਾ,
ਸਿੰਘ ਨੂੰ ਮੁਕਾਵਣ ਵਾਲੜਾ,
ਖ਼ਿਆਲ ਇਕ ਜਨੂੰਨ ਹੈ,
ਕੋਈ ਜ਼ੁਲਮ ਕੋਈ ਸਿੱਤਮ,
'ਕਾਸਦ' ਝੁਕਾ ਸਕਦਾ ਨਹੀਂ,
ਅਜੇ ਤਾਂ ਸਾਡੀਆਂ ਰੱਗਾਂ 'ਚ
ਕਲਗੀਧਰ ਦਾ ਖ਼ੂਨ ਹੈ
ਭਈ ਕਲਗੀਧਰ ਦਾ ਖ਼ੂਨ ਹੈ ।
(ਸਮਰ=ਫਲ, ਸੱਪਰ,ਸਿੱਪਰ=ਢਾਲ)
2. ਤੀਰਜ਼ਨ ਦਸਮੇਸ਼
ਚੰਨੋਂ ਸੋਹਣਾ ਚੰਨ ਮਾਤਾ ਗੁੱਜਰੀ ਦਾ ਚੰਨ,
ਜ੍ਹਿਨੂੰ ਵੇਖ ਵੇਖ ਪੁੰਨਿਆਂ ਦਾ ਚੰਨ ਅਸਮਾਨ 'ਚੋਂ।
ਬਦਲਾਂ ਦਾ ਉਹੜ ਕੇ ਦੁਪੱਟਾ ਸਿਰ ਨਸੀ ਜਾਏ,
ਮਤਾਂ ਚੰਨ 'ਗੁੱਜਰੀ' ਦਾ ਵੇਖ ਲਏ ਜਹਾਨ 'ਚੋਂ।
ਮਿੱਠੇ ਮਿੱਠੇ ਲਾਲ ਬੁੱਲ੍ਹ ਖਿੜੇ ਜਿਉਂ ਗੁਲਾਬੀ ਫੁਲ,
ਦੰਦ ਸੁੱਚੇ ਮੋਤੀ ਕਢੇ ਹੁਸਨਾਂ ਦੀ ਖਾਨ 'ਚੋਂ।
ਚੰਨੋਂ ਚਿੱਟੇ ਮੁੱਖੜੇ ਤੇ ਹਿਰਨਾਂ ਦੀ ਜੋੜੀ ਡੋਲੇ,
ਡੋਲੇ ਜਿਦਾਂ ਬੇੜੀ ਵਿਚ ਸਾਗਰੀਂ ਤੂਫ਼ਾਨ ਤੋਂ।
ਮਿੱਠੀ ਤੇ ਸੁਰੀਲੀ ਦਿਲ ਖਿੱਚਵੀਂ ਆਵਾਜ਼ ਸੁਣ,
ਧੌਣ ਹੇਠਾਂ ਸੁਟ ਕੋਇਲ ਬੋਲੀ ਨਾ ਜ਼ਬਾਨ 'ਚੋਂ।
ਸ਼ਰਮ ਦੇ ਪਸੀਨੇ ਵਿਚ ਭਿੱਜ ਭਿੱਜ ਨਸੀ ਜਾਏ
ਮੋਰ, ਚਾਲ ਮਾਹੀ ਦੀ ਨੂੰ ਵੇਖ ਬੀਆਬਾਨ 'ਚੋਂ।
ਹੁਸਨਾਂ ਦਾ ਮਾਲਕ ਅਜ ਆਸ਼ਕਾਂ ਨੂੰ ਵੱਢੀ ਜਾਏ,
ਹੁਸਨ ਵਾਲੀ ਤੇਗ਼ ਤਿੱਖੀ ਕੱਢ ਕੇ ਮਿਆਨ 'ਚੋਂ।
ਆਸ਼ਕਾਂ ਦੀ ਲਾਸ਼ਾਂ ਦੇ ਅੰਬਾਰ ਲੱਗ ਜਾਂਵਦੇ ਸੀ.
ਨੱਸ ਕੋਈ ਸਕਦਾ ਨਾ ਇਸ਼ਕ ਦੇ ਮੈਦਾਨ 'ਚੋਂ।
ਭਵਾਂ ਦੀ ਕਮਾਨ ਵਿ'ਚੋਂ ਤਿਖੇ ਕੂਲੇ ਪਲਕਾਂ ਦੇ,
ਤੀਰ ਜਦੋਂ ਛੁੱਟਦੇ ਸੀ ਬੀਰ ਦੀ ਕਮਾਨ 'ਚੋ'।
ਪ੍ਰੇਮੀਆਂ ਦਾ ਲੈਂਦਾ ਇਮਤਿਹਾਨ ਵੇਖੋ ਅੱਜ ਮਾਹੀ,
ਰੋਹ ਤੇ ਜਲਾਲ ਵਿਚ ਬੋਲਿਆ ਜ਼ਬਾਨ 'ਚੋਂ।
'ਉਠੋ ਮੇਰੀ ਤੇਗ ਦੀ ਪਿਆਸ ਨੂੰ ਬੁਝਾਵੋ ਕੋਈ',
ਦੁੱਧ ਪੀਣ ਵਾਲੇ ਨਸੇ ਮਜਨੂੰ ਦੀਵਾਨ 'ਚੋਂ।
ਪੰਜਾਂ ਸੱਚੇ ਪਿਆਰਿਆਂ ਨੇ ਲਾਜ ਰਖੀ ਆਸ਼ਕਾਂ ਦੀ,
ਸੋਹਣੇ ਦੀ ਅਦਾਅ ਉੱਤੇ ਦਿੱਤਾ ਬਲੀਦਾਨ ਕਉਂ।
ਸੇਵਕਾਂ ਨੂੰ ਪਹੁਲ ਖੰਡੇ ਵਾਲੀ ਸੀ ਛਕਾਈ ਜਦੋਂ,
ਲੜੇ ਨਾਲ ਹਾਥੀਆਂ, ਨਸਾਏ ਨੇ ਮੈਦਾਨ 'ਚੋਂ।
ਲੱਖਾਂ ਨਾਲ ਪੈਣ ਲੜ. ਸਿੰਘ ਤੇਰੇ ਨੰਗੇ ਧੱੜ.
ਬੀਰ ਰਸੀ ਘੋੜੇ ਚੜ੍ਹ, ਤੱਣ ਕੇ ਕਮਾਨ ਕਉਂ।
ਦੀਪ ਸਿੰਘ ਤੇਗਾ ਫੜ, ਰਖ ਕੇ ਹਥੇਲੀ ਸੱਰ,
ਬਿਨਾਂ ਸਿਰ ਧੱੜ ਲੜੇ ਸਦਕੇ ਜੁਆਨ ਤੋਂ।
ਯੁੱਧ ਜੋ 'ਭੰਗਾਣੀ' ਦਾ ਪਹਾੜੀਆਂ ਦੇ ਨਾਲ ਹੋਇਆ,
ਭੀਮ ਚੰਦ ਹੱਲਾ ਕੀਤਾ ਵੱਡੇ ਹੀ ਗੁਮਾਨ ਤੋਂ।
ਦੋਹਾਂ ਪਾਸੋਂ ਤੀਰਾਂ ਦੀ ਬੁਛਾੜ ਏਦਾਂ ਹੋਣ ਲੱਗੀ,
ਮੀਂਹ ਜਿਦਾਂ ਵਸਦਾ ਏ ਕਹਿਰ ਤੇ ਤੂਫ਼ਾਨ ਤੋਂ।
ਤੀਰ ਵੱਜੇ ਸੀਨੇ ਵਿਚ, ਸੀਨਾ ਚੀਰ ਪਾਰ ਹੋਏ,
ਲਹੂ ਇਨਾਂ ਵਗਿਆ ਕਿ ਵਹਿਣ ਬਣੇ ਵਾਹਣ ਤੋਂ।
ਹਰੀ ਚੰਦ ਯੋਧਾ ਆਇਆ ਗੁਰੂ ਜੀ ਦੇ ਸਾਹਮਣੇ,
ਤਾਂ ਪਹਿਲਾ ਤੀਰ ਛਡਿਆ, ਉਸ ਆਪਣੀ ਕਮਾਨ 'ਚੋਂ,
ਆਣ ਵੱਜਾ ਘੋੜੇ ਤਾਂਈਂ, ਫਿਰ ਆਇਆ ਚਾਂਈਂ ਚਾਂਈਂ,
ਦੂਜਾ ਤੀਰ ਛਡਿਆ ਜਾਂ ਰੋਹ ਦੇ ਜਹਾਨ 'ਚੋਂ-
ਖ਼ਾਲੀ ਗਿਆ ਵਾਰ, ਤੀਜਾ ਛਡਿਆ ਜਾਂ ਹਰੀ ਚੰਦ-
ਖ਼ਾਲੀ ਨਾ ਨਿਸ਼ਾਨਾ ਗਿਆ, ਲੱਗਿਆ ਸੁਜਾਨ ਕਉਂ।
ਵਾਰ ਕੀਤਾ ਗੁਰੂ ਜੀ ਨੇ, ਬੀਰ-ਰਸੀ ਘੋੜੇ ਚੜ੍ਹ,
ਤੀਰ ਉਤੇ ਤੀਰ ਪਿਆ ਨਿਕਲੇ ਕਮਾਨ 'ਚੋਂ।
ਸਰੜ ਸਰੜ ਤੜ, ਤੜਕ ਤੜਕ ਤੜ,
ਗੜ੍ਹਾ ਜਿਵੇਂ ਜ਼ਿਮੀਂ ਉਂਤੇ ਪੈਂਦਾ ਅਸਮਾਨ 'ਚੋਂ।
ਲਾਸ਼ ਉਤੇ ਲਾਸ਼ ਪਈ ਡਿੱਗਦੀ ਇਉਂ ਵੈਰੀਆਂ,
ਮੁਨਾਰੇ ਤੇ ਚੁਬਾਰੇ ਜਿਵੇਂ ਡਿੱਗਦੇ ਤੂਫ਼ਾਨ ਤੋਂ।
ਜ਼ਹਿਰ ਭਿੱਜੇ ਨਾਗ ਕਾਲੇ ਜਿਹਨੂੰ ਜਾ ਚਮੁੱਟਦੇ ਸੀ,
ਅੰਨ-ਪਾਣੀ ਉਸੇ ਦਾ ਸੀ ਮੁਕਦਾ ਜਹਾਨ 'ਚੋਂ।
ਗੁਰੂ ਜੀ ਦੇ ਤੀਰਾਂ ਛੇਕੀ ਛਾਤੀ ਹਰੀ ਚੰਦ ਵਾਲੀ,
ਤਿੱਖਾ ਤਿੱਖਾ ਸੁੰਬਾ ਜਿਵੇਂ ਕੱਢੇ ਛੇਕ ਛਾਣ 'ਚੋਂ।
ਹਰੀ ਚੰਦ ਜ਼ਿਮੀਂ ਉਤੇ ਡਿੱਗਿਆ ਮੁਨਾਰੇ ਵਾਂਗ,
ਤਕ ਪੈਰ ਉਖੜੇ ਸੀ ਵੈਰੀ ਦੇ ਮੈਦਾਨ 'ਚੋਂ।
ਤਕਿਆ ਪਹਾੜੀਆਂ ਵਿਰੋਲਾ ਤਿਖੇ ਤੀਰਾਂ ਵਾਲਾ,
ਕੰਨਾਂ ਨੂੰ ਵਲ੍ਹੇਟ ਨੱਠੇ ਕਰ ਪਿਆਰੀ ਜਾਨ ਕਉਂ।
ਵਾਹਿਗੁਰੂ ਦਾ ਖ਼ਾਲਸਾ ਤੇ ਵਾਹਿਗੁਰੂ ਦੀ ਫਤਿਹ ਹੋਈ,
ਜੈਕਾਰੇ ਤੇ ਜੈਕਾਰਾ ਪਿਆ ਗੂੰਜਦਾ ਮੈਦਾਨ 'ਚੋਂ।
ਬੰਦਿਆਂ ਕੀ ਠਹਿਰਨਾਂ ਸੀ ਗੁਰੂ ਜੀ ਦੇ ਤੀਰਾਂ ਅੱਗੇ,
ਪਰਬਤਾਂ ਨੂੰ ਚੀਰ ਤੀਰ ਜਾਂਦੇ ਅਸਮਾਨ ਕਉਂ।
ਪ੍ਰਿਥੱਵੀ ਆਕਾਸ਼ ਦੋਵੇਂ ਥੱਰ ਥੱਰ ਕੰਬਦੇ ਸੀ,
ਤੀਰ ਜਦੋਂ ਛੁੱਟਦੇ ਸੀ, ਬੀਰ ਦੀ ਕਮਾਨ 'ਚੋਂ।
3. ਮੈਂ ਤੈਨੂੰ ਪਿਆਰ ਕਰਦਾ ਹਾਂ
ਐ ਕਲਜੁਗ ਦੀ ਹਨੇਰੀ ਰਾਤ ਵਿਚ ਪੁਨਿਆਂ ਦੇ ਚੰਨ 'ਨਾਨਕ',
ਤੂੰ ਦੁਖੀਆਂ ਦੇ ਹਨੇਰੇ ਦਿਲ ਨੂੰ ਰੌਸ਼ਨ ਰਿਹੋਂ ਕਰਦਾ,
ਇਸੇ ਲਈ ਯਾਦ ਤੈਨੂੰ ਅੱਜ ਮੇਰੀ ਸਰਕਾਰ ਕਰਦਾ ਹਾਂ।
ਜਗਾਵਨ ਜੋਤ ਜੁਗਨੂੰ, ਚੰਨ, ਤਾਰੇ, ਤੇ ਸਿੱਯਾਰੇ ਸਭ,
ਮੈਂ ਤੇਰੇ ਨਾਮ ਦੀ ਜਗਦੀ ਸ਼ਮਾਂ ਦੀ, ਲਾਟ ਤੇ 'ਨਾਨਕ',
ਪਤੰਗੇ ਵਾਂਗ ਸੱੜ ਸੱੜ ਕੇ ਤੇਰਾ ਦੀਦਾਰ ਕਰਦਾ ਹਾਂ।
ਤੇਰੀ ਆਮਦ ਦੀ ਖ਼ੁਸ਼ੀਆਂ ਵਿਚ ਮੇਰਾ ਅੰਗ ਅੰਗ ਹੈ ਖਿੜ ਉੱਠਿਆ,
ਮੈਂ ਨੈਣਾਂ ਦੀ ਖਿੜੀ ਗੁਲਜ਼ਾਰ 'ਚੋਂ ਹੰਝੂਆਂ ਦੇ ਫੁੱਲ ਚੁਣ ਚੁਣ,
ਪਰੋ ਕੇ ਹਾਰ ਤੇਰੇ ਪੇਸ਼, ਮੈਂ ਦਿਲਦਾਰ ਕਰਦਾ ਹਾਂ।
ਕਿਸੇ ਦੀਵਾ, ਕਿਸੇ ਬੱਤੀ, ਕਿਸੇ ਬਿਜਲੀ ਜਗਾਈ ਏ,
ਮੈਂ ਦਿਲ ਦੇ ਚਹੁ-ਮੁੱਖੀ ਦੀਵੇ 'ਚ, ਚਰਬੀ ਢਾਲ ਕੇ ਅਪਣੀ,
ਜਗਾ ਕੇ ਜੋਤ ਤੇਰੀ, ਤੇਰਾ ਇੰਤਜ਼ਾਰ ਕਰਦਾ ਹਾਂ।
ਮੇਰੇ ਬਾਬਾ, ਤੂੰ ਰੁਸਿਆ ਹੈਂ, ਮਿਰੇ ਪਾਪਾਂ ਨੂੰ ਤੱਕ ਤੱਕ ਕੇ?
ਮੈਂ ਇਹ ਰੋਸਾ ਤਿਰਾ ਸਤਿਗੁਰ ਕਦੇ ਵੀ ਜਾਇਜ਼ ਨਹੀਂ ਮੰਨਦਾ,
ਮੇਰਾ ਕੰਮ ਹੈ ਗੁਨਾਹ ਕਰਨਾ, ਤੇਰਾ ਕੰਮ ਹੈ ਬਖ਼ਸ਼ ਦੇਣਾ,
ਕਲੇਜਾ ਚੀਰ ਕੇ ਤਕ ਲੈ, ਮੈਂ ਤੈਨੂੰ ਪਿਆਰ ਕਰਦਾ ਹਾਂ।
ਜੇ ਮੈਂ ਇਸ ਜਨਮ ਵਿਚ ਤੇਰਾ ਸਜਣ ਦੀਦਾਰ ਨਾ ਪਾਸਾਂ.
ਤਾਂ ਨੈਣਾਂ ਵਿਚ ਤੇਰੀ ਮੂਰਤ ਟਿਕਾਅ ਕੇ ਜਗ ਤੋਂ ਉੱਠ ਜਾਸਾਂ,
ਮੈਂ ਜੂਨੀ ਬ੍ਰਿੱਛ ਦੀ ਲੈ ਕੇ ਕਿਸੇ ਬਨ ਵਿਚ ਜਨਮ ਪਾਸਾਂ,
ਮੈਂ ਆਰੇ ਨਾਲ ਸੀਨਾ ਆਪਣਾ ਦੋਫਾੜ ਕਰਵਾਸਾਂ,
ਮੈਂ ਰੰਦਿਆਂ ਨਾਲ ਸੀਨਾ ਆਪਣਾ ਹਮਵਾਰ ਕਰਵਾਸਾਂ,
ਤੇ 'ਮਰਦਾਨੇ' ਦੇ ਹੱਥ ਦੀ ਮਿੱਠੜੀ ਸਿੱਤਾਰ ਬਣ ਜਾਸਾਂ,
ਮੇਰੇ ਦਿਲ ਦੀ ਰੱਗਾਂ ਨੂੰ ਜਦ ਤੇਰਾ 'ਮਰਦਾਨਾ' ਛੇੜੇ ਗਾ-
ਕਿਵੇਂ ਕਹਿਸੇਂ, ਐ 'ਕਾਸਦ' ਸੁਣਨ ਤੋਂ ਇਨਕਾਰ ਕਰਦਾ ਹਾਂ।
ਮਿਰੇ ਬਾਬਾ, ਮਿਰੇ ਸਤਿਗੁਰ, ਮਿਰੇ ਦਾਤਾ, ਮਿਰੇ ਰਾਹਬਰ,
ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੈਨੂੰ ਪਿਆਰ ਕਰਦਾ ਹਾਂ।
4. ਦੋਹਰਾ ਪ੍ਰੱਣ
ਮਿਰੇ 'ਕਾਹਬੇ' ਤੇ ਕੁੰਡਲ ਮਾਰ ਕੇ ਬੈਠੇ ਉ ਜ਼ਹਿਰੀ ਸੱਪ!
ਸੰਭਲ! ਭਾਰਤ ਦੀ ਫੂਕਾਂ ਤੋਂ ਤੇਰੀ ਜਾਗੀਰ ਟੁੱਟ ਜਾਸੀ।
ਮਿਰਾ ਸੀਨਾ, ਉਹ ਸੀਨਾ ਹੈ, ਜੋ ਇੰਜਣਾਂ ਲਈ ਬਣੇ ਪੱਟੜੀ,
ਇਹਨੂੰ ਅੰਗਰੇਜ਼, ਔਰੰਗਜ਼ੇਬ ਅਜ਼ਮਾਇਆ, ਤੂੰ ਅੱਜ਼ਮਾ ਲੈ,
ਤਿਰੀ ਜ਼ੁਲ਼ਮੀ ਜ਼ੰਗਾਲੀ ਲਹੂ-ਭਰੀ ਸ਼ਮਸ਼ੀਰ ਟੁੱਟ ਜਾਸੀ।
ਤੂੰ ਸਮਝੇਂ ਸੌਖਾ ਹੈ ਭਾਰਤ ਦੀ ਧਰਤੀ ਤੇ ਕਦਮ ਧਰਨਾ,
ਮੈਂ ਤੇਰੇ ਜਿਸਮ ਦੇ ਟੋਟੇ ਵੀ ਦੋ ਹੀ ਕਰ ਕੇ ਧਰ ਦੇਸਾਂ,
ਜਿੱਦਣ ਦੋ ਟੋਟਿਆਂ ਦੇ ਵਿਚ, ਮੇਰੀ 'ਕਸ਼ਮੀਰ' ਟੁੱਟ ਜਾਸੀ।
ਕੱਸਮ ਖਾ ਕੇ ਕਲਮ ਅਪਣੀ ਦੀ 'ਕਾਸਦ' ਕਸੱਦ ਕਰਦਾ ਹਾਂ,
ਮੈਂ ਕੌਮੀ ਅਣੱਖ਼ ਦੀ ਭੱਠੀ 'ਚ ਚਰਬੀ ਅਪਣੀ ਢਾਲਾਂਗਾ,
ਜਾਂ ਮੈਂ ਟੁੱਟਸਾ, ਜਾਂ ਭਾਰਤ-ਵੰਡ ਦੀ ਲੱਕੀਰ ਟੁੱਟ ਜਾਸੀ।
ਗੁਰੂ ਨਾਨਕ ਦਾ 'ਨਨਕਾਣਾ' ਮੈਂ ਬੇਸ਼ਕ ਤੱਕ ਨਹੀਂ ਸਕਦਾ,
ਮੈਂ ਜਿਸ ਦਿਨ ਸੱਰ ਨੂੰ ਰੱਖ ਕੇ ਦਾਰ ਤੇ ਸਰਦਾਰ ਬਣ ਤੁਰਿਆ,
ਉਸੇ ਦਿਨ ਮੇਰੀ ਮਜਬੂਰੀ ਦੀ ਇਹ ਜ਼ੰਜੀਰ ਟੁੱਟ ਜਾਸੀ।
ਜਾਹ 'ਕਾਸਦ' ਕਹਿ ਦੇ 'ਨਾਨਕ', 'ਨਾਨਕੀ' ਦੇ ਵੀਰ ਨੂਰੀ ਨੂੰ,
ਮੈਂ ਉਸ ਦਿਨ ਕੱਢ ਕਲੇਜਾ ਆਪਣਾ ਕੁੱਤਿਆਂ ਨੂੰ ਪਾ ਦੇਸਾਂ,
ਜਿੱਦਣ ਸੁੰਦਰ, ਅੱਤੀ ਕੋਮਲ, ਅੱਤੀ ਉੱਜਲ, ਅੱਤੀ ਨਿਰਮਲ,
ਮਿਰੇ ਨੈਣਾਂ ਦੇ ਮੰਦਰ 'ਚੋਂ, ਤੇਰੀ ਤਸਵੀਰ ਟੁੱਟ ਜਾਸੀ ।
5. ਅਮਨ ਦੇ ਆਸਮਾਂ ਤੇ ਜੰਗ ਦੇ ਕਾਲੇ ਸਿਆਹ ਬਦਲੋ-ਗ਼ਜ਼ਲ
ਅਮਨ ਦੇ ਆਸਮਾਂ ਤੇ ਜੰਗ ਦੇ ਕਾਲੇ ਸਿਆਹ ਬਦਲੋ।
ਬਦਲ ਲਉ ਅਪਣੀ ਮੰਜ਼ਲ ਦੋਸਤੋ, ਹੁਣ ਅਪਣੀ ਰਾਹ ਬਦਲੋ।
ਕਿਆਮਤ-ਖ਼ੇਜ਼ ਬਿਜਲੀ ਬਣ ਗਏ ਹਉਕੇ ਗ਼ਰੀਬਾਂ ਦੇ,
ਭਸਮ ਹੋ ਜਾਓਗੇ, ਸੰਭਲੋ, ਹੈ ਮੇਰੀ ਇਲਤਜਾ, ਬਦਲੋ।
ਨਾ ਬਦਲੋਗੇ, ਬਦਲ ਡਾਲੇਗਾ ਤੂਫਾਂ ਫਿਰ ਜ਼ਮਾਨੇ ਦਾ,
ਖ਼ੁਦਾ ਦੇ ਵਾਸਤੇ ਲਾਲਚ ਭਰੀ ਅਪਣੀ ਨਿਗਾਹ ਬਦਲੋ।
ਨਹੀਂ ਹੁਣ ਲੋੜ ਸ਼ਾਇਰੋ, ਦੇਸ਼ ਨੂੰ ਸਾਕੀ ਦੇ ਪਿਆਲੇ ਦੀ,
ਪਿਆਲੇ ਤੋੜ ਕੇ ਮਿਤਰੋ, ਮੈਖ਼ਾਨੇ ਦੀ ਫ਼ਿਜ਼ਾ ਬਦਲੋ।
ਉਠੋ ! ਮਜ਼ਲੂਮੋ ਅਪਣੇ ਖ਼ੂਨ ਦੀ ਗਰਮੀ ਕਰੋ ਸਾਂਝੀ,
ਤੁਹਾਡੇ ਖ਼ੂਨ ਤੇ ਜੋ ਪਲ ਰਹੇ ਨੇ ਬਾਦਸ਼ਾਹ ਬਦਲੋ।
ਬਦਲ ਡਾਲੋ ਗ਼ਰੀਬੋ ਪੂੰਜੀਦਾਰਾਂ ਦੀ ਹਕੂਮਤ ਨੂੰ,
ਇਨ੍ਹਾਂ ਬੇਤਰਸ ਲੋਕਾਂ ਦਾ, ਧਰਮ ਬਦਲੋ, ਖ਼ੁਦਾ ਬਦਲੋ।
ਖ਼ੁਦਾ ਵੀ ਜ਼ਾਲਮਾਂ ਦੀ ਮਦਦ ਤੇ ਆਏ ਅਗਰ 'ਕਾਸਦ',
ਇਹੋ ਜਿਹੇ ਸੰਗਦਿਲ ਅੱਲ੍ਹਾ ਨੂੰ ਵੀ ਮੇਰੀ ਸਲਾਹ ਬਦਲੋ।