Autobiography : Hari Kishan Ratan

ਸਵੈ ਜਾਣ ਪਛਾਣ : ਹਰੀ ਕਿਸ਼ਨ 'ਰਤਨ'

ਪਿਆਰੇ ਦੋਸਤੋ !

ਮੇਰਾ ਜਨਮ ਪਿੰਡ ਦਿਹੜੂ ਜ਼ਿਲ੍ਹਾ ਲੁਧਿਆਣੇ ੧੫ ਜਨਵਰੀ ੧੯੧੮ ਨੂੰ ਹੋਇਆ । ਮੁਢਲੀ ਵਿਦਿਆ ਪਿੰਡ ਦੇ ਮਿਡਲ ਸਕੂਲ ਤੋਂ ਪ੍ਰਾਪਤ ਕੀਤੀ। ਇਹ ਸਕੂਲ ਹੁਣ ਹਾਈ ਹੋ ਗਿਆ ਹੈ। ਦੋ ਸਾਲ ਏ, ਐਸ. ਹਾਈ ਸਕੂਲ ਖੰਨਾ ਵਿਚ ਪੜ੍ਹ ਕੇ ਦਸਵੀਂ ਦਾ ਇਮਤਿਹਾਨ ਚੰਗੇ ਨੰਬਰ ਲੈ ਕੇ ਪਾਸ ਕੀਤਾ।

ਦਸਵੀਂ ਪਾਸ ਕਰਨ ਮਗਰੋਂ ਕੁਝ ਮਹੀਨੇ ਏ. ਐਸ. ਹਾਈ ਸਕੂਲ ਖੰਨੇ ਵਿਚ ਹੀ ਮੁੰਡਿਆਂ ਨੂੰ ਪੜ੍ਹਾਂਦਾ ਰਿਹਾ। ਫੇਰ ਮੁਨਸ਼ੀ ਫ਼ਾਜ਼ਲ ਦਾ ਇਮਤਿਹਾਨ ਪਾਸ ਕਰਕੇ ੧੯੩੫ ਵਿਚ ਡੀ. ਏ. ਵੀ. ਹਾਈ ਸਕੂਲ ਸ਼ਾਹਪੁਰ ਫ਼ਾਰਸੀ ਉਰਦੂ ਪੜ੍ਹਾਣ ਲਈ ਨੀਯਤ ਕੀਤਾ ਗਿਆ। ਉਥੇ ਇਕ ਸਾਲ ਦੇ ਕਰੀਬ ਰਹਿ ਕੇ ੧੯੩੬ ਵਿਚ ਲਭੂ ਰਾਮ ਦੁਆਬਾ ਹਾਈ ਸਕੂਲ ਜਲੰਧਰ ਆ ਗਿਆ। ਇਥੇ ਮੈਂ ਦਸ ਸਾਲ ਕੰਮ ਕੀਤਾ ਅਤੇ ੧੯੪੬ ਵਿਚ ਫ਼ਾਰਸੀ ਦਾ ਐਮ. ਏ. ਕਰਕੇ ਮੈਂ ਡੀ. ਸੀ. ਜੈਨ ਕਾਲਜ ਫੀਰੋਜ਼ਪੁਰ ਵਿਚ ਫ਼ਾਰਸੀ, ਉਰਦੂ ਪੜ੍ਹਾਉਣ ਲਗ ਗਿਆ। ੧੯੪੭ ਵਿਚ ਦੇਸ਼ ਦੀ ਵੰਡ ਹੋ ਗਈ। ਲੋਕ ਪੱਛਮੀ ਪੰਜਾਬ ਤੋਂ ਆ ਕੇ ਪੂਰਬ ਵਿਚ ਵੱਸ ਗਏ, ਉਰਦੂ, ਫਾਰਸੀ ਦਾ ਦੀਵਾ ਬੁਝ ਗਿਆ ਅਤੇ ਅਸੀਂ ਘਰ ਵਿਚ ਹੀ ਬੈਠੇ ਬੈਠੇ ਸ਼ਰਣਾਰਥੀ ਬਣ ਗਏ । ੧੯੫੦ ਵਿਚ ਮੈਂ ਏ. ਐਸ. ਕਾਲਜ ਖੰਨੇ ਆ ਗਿਆ ਅਤੇ ਇਥੇ ੧੯੫੧ ਵਿਚ ਪੰਜਾਬੀ ਦਾ ਐਮ. ਏ. ਕਰ ਲਿਆ। ਸੰਨ ੫੦ ਤੋਂ ਹੀ ਪੰਜਾਬੀ ਪੜ੍ਹਾ ਰਿਹਾ ਹਾਂ । ਕੁਝ ਪੰਜਾਬੀ ਬੋਲੀ ਦੀ ਉੱਨਤੀ ਦਾ ਮੈਨੂੰ ਵਹਿਮ ਜਿਹਾ ਰਹਿੰਦਾ ਹੈ, ਜਿਸ ਲਈ ਕੁਝ ਹੱਥ ਪੈਰ ਮਾਰਦਾ ਰਹਿੰਦਾ ਹਾਂ। ਇਹ ਪੁਸਤਕ (ਗ਼ਜ਼ਲ ਗੁਲਜ਼ਾਰ) ਵੀ ਉਸੇ ਸਿਲਸਿਲੇ ਦੀ ਇਕ ਕੜੀ ਹੈ ।

ਹਰੀ ਕਿਸ਼ਨ ‘ਰਤਨ'
ਖੰਨਾ (ਨਵੀਂ ਆਬਾਦੀ)
੩੦ ਦਸੰਬਰ, ੧੯੫੯

ਮੇਰੀਆਂ ਰਚਨਾਵਾਂ

੧. ਸਿੱਧੇ ਰਾਹ—ਸੁਧਾਰਕਕ ਕਵਿਤਾਵਾਂ ਦਾ ਇਹ ਸੰਗ੍ਰਹਿ ਪਹਿਲਾਂ ੧੯੫੪ ਵਿਚ ਪ੍ਰਕਾਸ਼ਤ ਹੋਇਆ । ਇਸ ਪੁਸਤਕ ਦਾ ਦੂਜਾ ਐਡੀਸ਼ਨ ੧੯੫੬ ਵਿਚ ਨਿਕਲਿਆ ਇਹ ਪੁਸਤਕ ਵਿਚਾਰਾਂ ਦੀ ਉੱਚਤਾ ਦੇ ਕਾਰਨ ਕਾਫ਼ੀ ਹਰਮਨ ਪਿਆਰੀ ਹੋਈ ਹੈ। ਬੋਲੀ ਇਸ ਦੀ ਠੇਠ ਰਖਣ ਦਾ ਜਤਨ ਕੀਤਾ ਹੈ। ਸਾਰੀ ਦੀ ਸਾਰੀ ਪੁਸਤਕ ਦੋਹਰੇ ਦੇ ਰੂਪ ਵਿਚ ਹੈ । ਪ੍ਰਧਾਨ ਵਿਸ਼ੇ ਜਿਨ੍ਹਾਂ ਤੇ ਕਵਿਤਾਵਾਂ ਲਿਖੀਆਂ ਗਈਆਂ ਹਨ, ਉਹ ਇਹ ਹਨ-ਕਰਤਾ ਇਸ ਸੰਸਾਰ ਦਾ, ਰਚਨਾ ਇਹ ਕਰਤਾਰ ਦੀ, ਪ੍ਰੇਮ, ਦੇਸ਼ ਪਿਆਰ, ਸਾਡੇ ਬੱਚੇ ਆਦਿ ।

੨. ਇਹ ਰੰਗ ਗ਼ਜ਼ਲ ਦਾ—ਇਹ ਮੇਰੀਆਂ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਹੈ। ਇਸ ਪੁਸਤਕ ਨੇ ੧੯੫੬ ਵਿਚ ਪ੍ਰੈਸ ਦਾ ਮੂੰਹ ਦੇਖਿਆ। ਮੇਰੇ ਖਿਆਲ ਵਿਚ ਗੁਰਮੁਖੀ ਅੱਖਰਾਂ ਵਿਚ ਗ਼ਜ਼ਲਾਂ ਦਾ ਇਹ ਪਹਿਲਾ ਹੀ ਸੰਗ੍ਰਹਿ ਹੈ, ਜੋ ਪੰਜਾਬੀ ਲਿਪੀ ਵਿਚ ਪ੍ਰਕਾਸ਼ਤ ਹੋਇਆ ਹੈ । ਇਹ ਗ਼ਜ਼ਲਾਂ ਵਧੇਰੇ ਕਰਕੇ ਅਧਿਆਤਮਕ ਰੰਗ ਵਿਚ ਹਨ। ਜਿਨ੍ਹਾਂ ਸੱਜਣਾਂ ਨੇ ਉਰਦੂ, ਫ਼ਾਰਸੀ ਪੜ੍ਹੀ ਹੋਵੇ, ਉਹ ਇਨ੍ਹਾਂ ਗਜ਼ਲਾਂ ਦੀ ਕਦਰ ਵਧੇਰੇ ਕਰ ਸਕਦੇ ਹਨ। ਮੈਨੂੰ ਇਨ੍ਹਾਂ ਗ਼ਜ਼ਲਾਂ ਤੇ ਕਾਫੀ ਮਾਣ ਹੈ।

੩. ਉਮੰਗਾਂ—ਇਹ ਪੁਸਤਕ ੧੯੫੮ ਵਿਚ ਛਪੀ । ਇਹ ਫੁਟਕਲ ਕਵਿਤਾਵਾਂ ਦਾ ਸੰਗ੍ਰਹਿ ਹੈ। ਕਈ ਰੰਗ ਇਸ ਪੁਸਤਕ ਵਿਚ ਮਿਲ ਸਕਦੇ ਹਨ ।ਗ਼ਜ਼ਲਾਂ, ਰੁਬਾਈਆਂ ਵੀ ਹਨ, ਸੁਧਾਰਕ ਕਵਿਤਾਵਾਂ ਵੀ ਹਨ ਅਤੇ ਬਹੁਤ ਕੁਝ ਹੋਰ ਵੀ ।ਇਸ ਪੁਸਤਕ ਨੂੰ ਕਾਫੀ ਪ੍ਰਸੰਸਾ ਮਿਲੀ ਹੈ। ਮੈਂ ਉਹਨਾਂ ਸਭ ਸਜਨਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹਨਾਂ ਪੁਸਤਕਾਂ ਦੀ ਵਿਕਰੀ ਵਿਚ ਮੇਰੀ ਸਹਾਇਤਾ ਕੀਤੀ ।

੪. ਗ਼ਜ਼ਲ ਗੁਲਜ਼ਾਰ—ਇਹ ਗ਼ਜ਼ਲਾਂ ਦਾ ਦੂਜਾ ਸੰਗ੍ਰਹਿ ਤੁਹਾਡੇ ਹੱਥ ਵਿਚ ਹੈ। ਮੇਰੀਆਂ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਅਪਰੈਲ ੧੯੫੬ ਵਿਚ ਪਰਕਾਸ਼ਤ ਹੋਇਆ। ਉਸ ਵੇਲੇ ਮੈਨੂੰ ਇਹ ਖ਼ਿਆਲ ਸੀ ਕਿ ਮੈਂ ਸ਼ਾਇਦ ਪੰਜਾਬੀ ਵਿਚ ਹੋਰ ਗ਼ਜ਼ਲਾਂ ਨਹੀਂ ਲਿਖ ਸਕਾਂਗਾ। ਪਰ ਜਿਸ ਤਰ੍ਹਾਂ ਕਿਸੇ ਦਰਿਆ ਵਿਚ ਹੜ ਆਉ ਦਾ ਹੈ ਉਸੇ ਤਰਾਂ ਕਦੇ ਕਦੇ ਮੇਰੇ ਮਨ ਵਿਚ ਅਜਿਹਾ ਜੋਸ਼ ਆ ਜਾਂਦਾ ਹੈ ਕਿ ਕਵਿਤਾ ਅਪਣੇ ਆਪ ਫੁਟ ਵਗਦੀ ਹੈ । ਇਹੀ ਹਾਲ ਇਸ ਸਾਲ ਹੋਇਆ । ਗ਼ਜ਼ਲਾਂ ਦਾ ਇਕ ਹੜ ਜਿਹਾ ਆ ਗਿਆ ਅਤੇ ਇਹ ਸੰਗ੍ਰਹਿ ਹੈ ਬਣ ਕੇ ਤਿਆਰ ਹੋ ਗਿਆ।

ਧੰਨਵਾਦ

ਹਰੀ ਕਿਸ਼ਨ ‘ਰਤਨ'
ਨਵੀਂ ਆਬਾਦੀ, ਖੰਨਾ
੩੦ ਦਸੰਬਰ ੧੯੫੯

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰੀ ਕਿਸ਼ਨ 'ਰਤਨ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ