Aurh Te Barsat (Ghazals) : Gurdeep Singh Saini
ਔੜ 'ਤੇ ਬਰਸਾਤ (ਗ਼ਜ਼ਲ-ਸੰਗ੍ਰਹਿ) : ਗੁਰਦੀਪ ਸਿੰਘ ਸੈਣੀ
ਜ਼ਮਾਨੇ ਨੇ ਕਦ ਉਹ ਡੁਬੋਏ ਨਹੀਂ
ਜ਼ਮਾਨੇ ਨੇ ਕਦ ਉਹ ਡੁਬੋਏ ਨਹੀਂ । ਇਰਾਦੇ ਜਿਨ੍ਹਾਂ ਦੇ ਨਰੋਏ ਨਹੀਂ । ਕਿਸੇ ਦਿਲ 'ਚ ਤਾਂ ਹੀ ਸਮਾਂ ਨਾ ਸਕੇ, ਅਸੀਂ ਐਬ ਅਪਣੇ ਲੁਕੋਏ ਨਹੀਂ । ਕਿਸੇ ਦੇ ਬੜੇ ਖ਼ੁਆਬ ਦੇਖੇ ਮਗਰ, ਕਿਸੇ ਦਾ ਅਸੀਂ ਖ਼ੁਆਬ ਹੋਏ ਨਹੀਂ । ਉਨ੍ਹਾਂ ਕੌਲ ਕੀਤਾ ਸੀ ਮੁੜ ਆਣ ਦਾ, ਅਸੀਂ ਬਾਰ ਅੱਜ ਤੀਕ ਢੋਏ ਨਹੀਂ । ਕਿਵੇਂ ਜ਼ੁਲਮ ਦੇ ਸਾਮ੍ਹਣੇ ਚੁੱਪ ਨੇ? ਜ਼ਮੀਰੋਂ ਜੇ ਲੋਕੀਂ ਇਹ ਮੋਏ ਨਹੀਂ । ਅਜੇਹੇ ਦਲੇਰਾਂ ਨੂੰ ਕੀ ਮੈਂ ਕਹਾਂ? ਜੋ ਜ਼ਾਲਿਮ ਦੇ ਅੱਗੇ ਖਲੋਏ ਨਹੀਂ । ਤੇਰਾ ਇਸ਼ਕ ਤੇਰੇ ਲਈ ਭਾਰ ਹੈ, ਜੇ ਤੂੰ ਹੁਸਨ ਦੇ ਨਾਜ਼ ਢੋਏ ਨਹੀਂ । ਲੋਕਾਈ ਦੇ ਗ਼ਮ 'ਤੇ ਕਹੀ ਹਰ ਗ਼ਜ਼ਲ, ਅਸੀਂ ਰੋਣੇ ਅਪਣੇ ਹੀ ਰੋਏ ਨਹੀਂ । ਦੁਖੀ ਉਸ ਨੂੰ ਕਰਦੀ ਮੇਰੀ ਚੜ੍ਹਤ ਵੀ, ਉਦ੍ਹੇ ਅਪਣੇ ਰਾਹ ਦੇ ਹੀ ਟੋਏ ਨਹੀਂ । ਮੇਰੇ ਮੇਹਰਬਾਨਾਂ ਨੇ 'ਸੈਣੀ' ਕਦੋਂ? ਮੇਰੀ ਪਿੱਠ 'ਚ ਖ਼ੰਜਰ ਖ਼ੁਭੋਏ ਨਹੀਂ । ISS ISS ISS IS
ਦਿਲੋਂ ਟੁੱਟ ਕੇ ਜੇਕਰ ਦੁਬਾਰਾ ਬਣੀ ਹੈ
ਦਿਲੋਂ ਟੁੱਟ ਕੇ ਜੇਕਰ ਦੁਬਾਰਾ ਬਣੀ ਹੈ । ਤਾਂ ਬਸ ਚਾਰ ਦਿਨ ਦੀ ਹੀ ਇਹ ਚਾਨਣੀ ਹੈ । ਅਮੀਰੀ 'ਚ ਤੇਰਾ ਨਹੀਂ ਕੋਈ ਸਾਨੀ, ਅਦਬ ਦੀ ਅਗਰ ਕੋਲ ਤੇਰੇ ਮਣੀ ਹੈ । ਮੁਹੱਬਤ 'ਚ ਮੰਜ਼ਿਲ ਮਿਲ਼ੇ ਨਾ ਮਿਲ਼ੇ ਪਰ, ਵਫ਼ਾ ਦੀ ਸਦਾ ਘਾਲਣਾ ਘਾਲਣੀ ਹੈ । ਉਡੀਕੀ ਚਲਾ ਜਾਹ ਮੁਹੱਬਤ 'ਚ ਖ਼ੁਸ਼ੀਆਂ, ਅਗਰ ਗ਼ਲਤ ਫ਼ਹਿਮੀ ਦਿਲਾ! ਪਾਲਣੀ ਹੈ । ਉਦੋਂ ਦੇ ਮਨਾਉਂਦੇ ਪਏ ਗ਼ੈਰ ਖ਼ੁਸ਼ੀਆਂ, ਜਦੋਂ ਦੀ ਤੇਰੇ ਤੇ ਮੇਰੇ ਵਿਚ ਠਣੀ ਹੈ । ਦਿਖਾਉਂਦੀ ਏ ਤਾਰੇ ਦਿਨੇ ਹੀ ਅਸਾਨੂੰ, ਤੇਰੀ ਦੋਸਤੀ ਵੀ ਨਿਰੀ ਦੁਸ਼ਮਣੀ ਹੈ । ਕਟਾਰਾਂ ਦੀ ਲੱਗੀ ਦੁਖੇ ਨਾ ਦੁਖੇ ਪਰ, ਜ਼ਬਾਨੋਂ ਕਹੀ ਖਟਕਣੀ ਖਟਕਣੀ ਹੈ । ਨਾ ਪਾਲ਼ੀਂ ਤੂੰ ਅਗਲੇ ਜਨਮ ਦੇ ਭੁਲੇਖੇ, ਜੋ ਕੀਤੀ ਹੈ ਇਸ ਹੀ ਜਨਮ ਭੁਗਤਣੀ ਹੈ । ਤੂੰ ਦੁਨੀਆਂ ਨੂੰ ''ਸੈਣੀ'' ਕਹੀ ਚੱਲ ਅਪਣਾ, ਇਹ ਦੁਨੀਆਂ ਭਲਾ ਦੱਸ ਕਿਸੇ ਦੀ ਬਣੀ ਹੈ? ISS ISS ISS ISS
ਹਰਿਕ ਨੂੰ ਹੀ ਕਰਨੀ ਨਸੀਹਤ, ਬੁਰੀ ਹੈ
ਹਰਿਕ ਨੂੰ ਹੀ ਕਰਨੀ ਨਸੀਹਤ, ਬੁਰੀ ਹੈ । ਖ਼ੁਦੀ ਵਿੱਚ ਫ਼ਸੀ ਵੀ ਲਿਆਕਤ ਬੁਰੀ ਹੈ । ਮੁਸੀਬਤ ਤੋਂ ਭੱਜਣਾ ਜੇ ਫ਼ਿਤਰਤ ਹੈ ਤੇਰੀ, ਤੇਰੇ ਵਾਸਤੇ ਹਰ ਹਕੀਕਤ ਬੁਰੀ ਹੈ । ਕਰਾ ਨਾ ਲਵੀਂ, ਏਸ ਉਮਰੇ ਫਜ਼ੀਹਤ, ਬੁਢਾਪੇ 'ਚ ਹੋਣੀ ਮੁਹੱਬਤ ਬੁਰੀ ਹੈ । ਖ਼ੁਦਾ ਦੀ ਕਰੋ ਬੰਦਿਆਂ ਦੀ ਨਹੀਂ ਨਾਂ, ਕਦੋਂ ਆਖ਼ਦਾਂ ਮੈਂ ਇਬਾਦਤ ਬੁਰੀ ਹੈ । ਦੁਖੀ ਏਾ ਤਾਂ ਫਿਰ ਵੀ ਕਰੀਂ ਨਾ ਸ਼ਿਕਾਇਤ, ਮੁਹੱਬਤ 'ਚ ਕਰਨੀ ਸ਼ਿਕਾਇਤ ਬੁਰੀ ਹੈ । ਲਿਆਉਂਦੀ ਏ ਹੰਕਾਰ ਜੋ ਨਾਲ਼ ਆਪਣੇ, ਬੁਰੀ ਹੈ, ਬੁਰੀ ਹੈ, ਉਹ ਦੌਲਤ ਬੁਰੀ ਹੈ । ਮੁਹੱਬਤ, ਵਚਨ, ਦੋਸਤੀ, ਧਰਮ, ਰਿਸ਼ਤਾ, ਹਰਿਕ ਚੀਜ਼ ਦੇ ਵਿੱਚ ਸਿਆਸਤ ਬੁਰੀ ਹੈ । ਖਰੀ ਹੈ ਅਦਾਲਤ ਦੇ ਵਸ ਵਿੱਚ ਹਕੂਮਤ, ਹਕੂਮਤ ਦੇ ਹੱਥ ਵਿੱਚ ਅਦਾਲਤ ਬੁਰੀ ਹੈ । ਨਹੀਂ ਤੇਰੇ ਵਸ ਦੀ ਸਿਆਸਤ ਐ 'ਸੈਣੀ', ਸਿਆਸਤ 'ਚ ਐਨੀ ਸ਼ਰਾਫ਼ਤ ਬੁਰੀ ਹੈ । ISS ISS ISS ISS
ਜੇ ਦੰਗਿਆਂ ਦੀ ਅੱਗ ਦੀ ਜ਼ਦ ਵਿਚ
ਜੇ ਦੰਗਿਆਂ ਦੀ ਅੱਗ ਦੀ ਜ਼ਦ ਵਿਚ, ਉਸ ਦਾ ਅਪਣਾ ਘਰ ਨਾ ਆਉਂਦਾ । ਦੂਜੇ ਦਾ ਘਰ ਫ਼ੂਕਣ ਲੱਗਿਆਂ, ਦਿਲ ਵਿਚ ਉਸ ਦੇ ਡਰ ਨਾ ਆਉਂਦਾ । ਦੁਨੀਆਂਦਾਰੀ ਦੇ ਇਸ ਖੇਲ੍ਹ 'ਚ ਫਾਡੀ ਕਿੱਦਾਂ ਰਹਿ ਸਕਦੇ ਸਾਂ? ਨਕਲੀ ਪਿਆਰ ਮੁਹੱਬਤ ਦਾ ਜੇ, ਢੋਂਗ ਅਸਾਨੂੰ ਕਰਨਾ ਆਉਂਦਾ । ਕਿਸਮਤ ਦੇ ਦੁੱਖਾਂ ਦਾ ਪਰਬਤ, ਰੋਕ ਨਹੀਂ ਸਕਦਾ ਸੀ ਮੈਨੂੰ, ਸੰਗਦਿਲਾ! ਤੇਰੀ ਫ਼ੁਰਕਤ ਦਾ, ਰਾਹ ਵਿਚ ਜੇ ਪੱਥਰ ਨਾ ਆਉਂਦਾ । ਝਲਕ ਉਦ੍ਹੀ ਇਕ ਪਾ ਕੇ, ਤੇਰੀ ਸਾਰੀ ਤਲਖ਼ੀ ਜਾਂਦੀ ਲੱਗੀ, ਤੈਨੂੰ ਤਾਂ ਮਹਿਰਮ 'ਤੇ ਐ ਦਿਲ! ਗੁੱਸਾ ਵੀ ਨਈਂ ਕਰਨਾ ਆਉਂਦਾ । ਮੇਰੀ ਹਰ ਕੋਸ਼ਿਸ਼ ਨੂੰ ਲੱਗੇ, ਹਿੰਮਤ ਦੇ ਜੇ ਪਰ ਨਾ ਹੁੰਦੇ, ਮੇਰੀ ਮਾੜੀ ਕਿਸਮਤ ਹਿੱਸੇ, ਇਹ ਸਾਰਾ ਅੰਬਰ ਨਾ ਆਉਂਦਾ । ਜਿਸ ਨੂੰ 'ਸੈਣੀ' ਹਰ ਵੇਲੇ ਹੀ, ਡੁੱਬਣ ਦਾ ਡਰ ਲਗਦਾ ਰਹਿੰਦੈ, ਉਸ ਬੰਦੇ ਨੂੰ ਉਮਰਾਂ ਭਰ ਨਈਂ, ਇਸ਼ਕ ਸਮੁੰਦਰ ਤਰਨਾ ਆਉਂਦਾ । SS SS SS SS SS SS SS SS
ਗ਼ਮ ਤੇਰੇ ਦੀ ਤਰਜ਼ ਹੈ ਤੇ ਜ਼ਿੰਦਗੀ ਦਾ ਸਾਜ਼ ਹੈ
ਗ਼ਮ ਤੇਰੇ ਦੀ ਤਰਜ਼ ਹੈ ਤੇ ਜ਼ਿੰਦਗੀ ਦਾ ਸਾਜ਼ ਹੈ । ਹਰ ਗ਼ਜ਼ਲ ਮੇਰੀ 'ਚ ਤੇਰੇ ਹਿਜਰ ਦੀ ਆਵਾਜ਼ ਹੈ । ਸ਼ਾਨ ਝੂਠੀ ਛੱਡ ਜੇ ਗੁਰਬਤ ਚੁਣੀ ਕਿਰਦਾਰ ਨੇ, ਇਸ ਲਈ ਮੈਨੂੰ ਮੇਰੇ ਕਿਰਦਾਰ ਉੱਤੇ ਨਾਜ਼ ਹੈ । ਹੁਣ ਤੇਰਾ ਮੇਰਾ ਮਿਲਨ, ਦੇਂਦਾ ਹੈ ਗ਼ੈਰਾਂ ਨੂੰ ਜਲਨ, ਹਰ ਖ਼ੁਸ਼ੀ ਮੇਰੀ 'ਚ ਉਹਨਾਂ ਦੇ ਗ਼ਮਾਂ ਦਾ ਰਾਜ਼ ਹੈ । ਜਦ ਕਿ ਮੇਰੀ ਜ਼ਿੰਦਗੀ ਹੀ ਬਣ ਗਈ ਦੁੱਖਾਂ ਦਾ ਘਰ, ਕਿਉਂ ਰਕੀਬਾਂ ਦੀ ਤਬੀਅਤ ਫੇਰ ਵੀ ਨਾਸਾਜ਼ ਹੈ? ਮੈਂ ਕਿਸੇ ਠੋਕਰ 'ਤੇ ਵੀ ਨਾ ਰੋਕਿਆ ਅਪਣਾ ਸਫ਼ਰ, ਸੋਚ ਕੇ ਤੁਰਿਆ ਰਿਹਾ ਕੇ ਬਸ ਇਹੋ ਆਗ਼ਾਜ਼ ਹੈ । ਗੱਲ ''ਸੈਣੀ'' ਸਾਫ਼ ਸੁਥਰੀ ਹੀ ਕਰੇ ਜਦ ਵੀ ਕਰੇ, ਗੱਲ ਦਿਲ ਦੀ ਕਹਿਣ ਦਾ ਉਸ ਦਾ ਜੁਦਾ ਅੰਦਾਜ਼ ਹੈ । SISS SISS SISS SIS
ਸ਼ਬਾਬਾਂ ਦੇ ਖ਼ਾਬਾਂ 'ਚ ਫਸਿਆ ਰਿਹਾ ਤੂੰ
ਸ਼ਬਾਬਾਂ ਦੇ ਖ਼ਾਬਾਂ 'ਚ ਫਸਿਆ ਰਿਹਾ ਤੂੰ । ਕੰਡੀਲੇ ਗੁਲਾਬਾਂ 'ਚ ਫ਼ਸਿਆ ਰਿਹਾ ਤੂੰ । ਕਿਵੇਂ ਚੜ੍ਹਦੀ ਪਰਵਾਨ ਤੇਰੀ ਮੁਹੱਬਤ? ਸਵਾਲਾਂ, ਜਵਾਬਾਂ 'ਚ ਫ਼ਸਿਆ ਰਿਹਾ ਤੂੰ । ਵਫ਼ਾ ਲੋਚਦੀ ਸੀ ਲਹੂ ਤੇਰੇ ਦਿਲ ਦਾ, ਹਿਸਾਬਾਂ, ਕਿਤਾਬਾਂ 'ਚ ਫ਼ਸਿਆ ਰਿਹਾ ਤੂੰ । ਜਨਮ ਇਹ ਤੇਰਾ ਤਾਂ ਇਬਾਦਤ ਲਈ ਸੀ, ਸ਼ਰਾਬਾਂ, ਕਬਾਬਾਂ 'ਚ ਫ਼ਸਿਆ ਰਿਹਾ ਤੂੰ । ਹਰਿਕ ਮੌਜ ਮਾਣੀ ਉਨ੍ਹਾਂ ਜ਼ਿੰਦਗੀ ਦੀ, ਜਿਨ੍ਹਾਂ ਦੇ ਅਜ਼ਾਬਾਂ 'ਚ ਫ਼ਸਿਆ ਰਿਹਾ ਤੂੰ । ਤੇਰੇ ਘਰ 'ਚ ਆਉਂਦੀ ਗ਼ਰੀਬੀ ਕਿਵੇਂ ਨਾ? ਅਖੌਤੀ ਨਵਾਬਾਂ 'ਚ ਫ਼ਸਿਆ ਰਿਹਾ ਤੂੰ । ਸਜ਼ਾ ਦੇ ਹਿਸਾਬਾਂ 'ਚ ''ਸੈਣੀ'' ਨ ਪੈ ਹੁਣ, ਗੁਨਾਹ ਬੇਹਿਸਾਬਾਂ 'ਚ ਫ਼ਸਿਆ ਰਿਹਾ ਤੂੰ । ISS ISS ISS ISS
ਭਲਾ ਕੋਈ ਕਿਸੇ ਦੀ ਕਿਉਂ ਤਰੱਕੀ
ਭਲਾ ਕੋਈ ਕਿਸੇ ਦੀ ਕਿਉਂ ਤਰੱਕੀ ਜਰ ਨਹੀਂ ਸਕਦਾ? ਬੁਰਾ ਸੋਚੇ ਬਿਨਾਂ ਕੀ ਆਦਮੀਂ ਦਾ ਸਰ ਨਹੀਂ ਸਕਦਾ? ਬੁਰਾ ਸੁਣਕੇ ਬੁਰਾ ਹੀ ਬੋਲਣਾ ਫ਼ਿਤਰਤ ਨਹੀਂ ਮੇਰੀ, ਬੁਰਾ ਮੈਂ ਝੱਲ ਸਕਦਾਂ ਹਾਂ, ਬੁਰਾ ਪਰ ਕਰ ਨਹੀਂ ਸਕਦਾ । ਧਰਾਂ ਹੁਣ ਪੈਰ ਨਰਕਾਂ ਵਿੱਚ ਨਹੀਂ ਜਿਉਂਦੇ ਜੀ ਇਹ ਮੁਮਕਿਨ, ਪਰਾਇਆ ਹੱਕ ਮੈਂ ਅਪਣੀ ਜੀਭ ਉੱਤੇ ਧਰ ਨਹੀਂ ਸਕਦਾ । ਮੈਂ ਆਸ਼ਿਕ ਖ਼ੂਬਸੂਰਤ ਦਿਲ ਅਤੇ ਕਿਰਦਾਰ ਦਾ ਹਾਂ ਬਸ, ਅਦਾਵਾਂ ਤੇ ਨਿਗਾਹਾਂ, ਸੂਰਤਾਂ 'ਤੇ ਮਰ ਨਹੀਂ ਸਕਦਾ । ਜਿਨੂੰ ਭੁੱਖ ਦੀ ਅਗਨ ਪਰਿਵਾਰ ਦੇ ਹੈ ਢਿੱਡ ਵਿਚ ਦਿਖਦੀ, ਨਹੀਂ ਤਪ ਹਾੜ ਵਿਚ ਸਕਦਾ ਉਹ ਪੋਹ ਵਿਚ ਠਰ ਨਹੀਂ ਸਕਦਾ । ਗਿਲਾ ਨਾ ਕਰ ਤੇਰਾ ਮੁਖ ਛੂਹ ਗਈ ਜੇ ਨਮ ਨਜ਼ਰ ਮੇਰੀ, ਮੈਂ ਅਪਣੇ ਦਰਦ 'ਤੇ ਹਉਕਾ ਵੀ ਦੱਸ ਕੀ ਭਰ ਨਹੀਂ ਸਕਦਾ? ਇਹ ਲਾਜ਼ਿਮ ਹੈ ਸਚਾਈ ਨਾਲ਼ ਬੰਦਾ ਰੂਬਰੂ ਹੋਵੇ, ਭੁਲੇਖੇ ਪਾਲ਼ ਕੇ ਉਹ ਹੋ ਕਦੀ ਬਿਹਤਰ ਨਹੀਂ ਸਕਦਾ । ਇਰਾਦਾ ਕਰ ਲਿਆ ਹੋਵੇ ਬਗ਼ਾਵਤ ਦਾ ਅਗਰ ਦਿਲ ਵਿਚ, ਗ਼ੁਲਾਮੀ 'ਚੋਂ ਬਸ਼ਰ ਕੋਈ ਕਿਵੇਂ ਉੱਭਰ ਨਹੀਂ ਸਕਦਾ? ISSS ISSS ISSS ISSS
ਮੈਂ ਬੇਗਾਨੀ ਆਸ 'ਤੇ ਤੁਰਦਾ ਨਹੀਂ
ਮੈਂ ਬੇਗਾਨੀ ਆਸ 'ਤੇ ਤੁਰਦਾ ਨਹੀਂ । ਜਾਗਦਾ ਕਿਰਦਾਰ ਹਾਂ ਮੁਰਦਾ ਨਹੀਂ । ਕਰਮ ਨੂੰ ਹੀ ਧਰਮ ਸਮਝਾਂ ਆਪਣਾ, ਚਮਕਦੀ ਤਕਦੀਰ ਨੂੰ ਝੁਰਦਾ ਨਹੀਂ । ਇਕ ਖ਼ੁਦਾ ਦੀ ਬੰਦਗੀ ਨੂੰ ਛੱਡ ਕੇ, ਸਾਥ ਬੰਦੇ ਦਾ ਕੋਈ ਧੁਰ ਦਾ ਨਹੀਂ । ਸ਼ਾਇਰੀ ਦੇ ਨਾਲ਼ ਧੋਖਾ ਨਾ ਕਮਾ, ਜੇ ਸੱਚਾਈ ਕਹਿਣ ਦਾ ਗੁਰਦਾ ਨਹੀਂ । ਅੰਤ ਨੂੰ ਇਹ ਪੈ ਹੀ ਜਾਂਦਾ ਅਕਲ 'ਤੇ, ਸ਼ੱਕ ਦਾ ਪੱਥਰ ਕਦੀ ਖੁਰਦਾ ਨਹੀਂ । ਕਦ ਵਿਛੋੜੇ ਦੀ ਸੁਣਾ ਦੇਵੇ ਗ਼ਜ਼ਲ, ਭੇਦ ਕੋਈ ਵਕਤ ਦੇ ਸੁਰ ਦਾ ਨਹੀਂ । ਵਲਵਲਾ ਉਠਦਾ ਹੈ ਗੁੱਝੀ ਚੋਟ 'ਚੋਂ, ਸ਼ਿਅਰ ਮੈਨੂੰ ਬੇਵਜ੍ਹਾ ਫ਼ੁਰਦਾ ਨਹੀਂ । SISS SISS SIS
ਕਿਉਂ ਸਜਾ ਲਏ ਦਿਲਾ!
ਕਿਉਂ ਸਜਾ ਲਏ ਦਿਲਾ! ਉਨ੍ਹਾਂ ਦੇ ਖ਼ਾਬ ਬੇਹਿਸਾਬ? ਕਰ ਗਏ ਨ ਹੁਣ ਖ਼ਰਾਬ ਉਹ ਜਨਾਬ ਬੇਹਿਸਾਬ । ਦੇ ਗਏ ਅਸਾਂ ਨੂੰ ਉਹ ਜਵਾਬ ਇਸ ਹਿਸਾਬ ਨਾਲ਼, ਹੋ ਗਏ ਨੇ ਜ਼ਿੰਦਗੀ ਦੇ ਸਭ ਹਿਸਾਬ, ਬੇਹਿਸਾਬ । ਉਸ ਦਾ ਸਾਫ਼ ਹੀ ਜਵਾਬ ਕਰ ਗਿਆ ਖੜ੍ਹੇ ਸਵਾਲ, ਸਭ ਸਵਾਲ ਗ਼ਮ ਦਾ ਬਣ ਗਏ ਸੈਲਾਬ ਬੇਹਿਸਾਬ । ਇਸ਼ਕ ਵਿੱਚ ਨ ਭੁੱਲ ਕੇ ਖ਼ੁਸ਼ੀ ਦੀ ਕਰ ਲਵੀਂ ਤੂੰ ਆਸ, ਇਸ਼ਕ ਵਿੱਚ ਨੇ ਬਸ ਅਜ਼ਾਬ ਹੀ ਅਜ਼ਾਬ ਬੇਹਿਸਾਬ । ਇਸ਼ਕ ਦੀ ਬਹਾਰ ਦੀ ਤੇ ਪਾ ਲਈ ਹੈ ਮੈਂ ਸੌਗਾਤ, ਦਿਲ ਮੇਰੇ ਦਾ ਪੀ ਗਏ ਲਹੂ ਗੁਲਾਬ ਬੇਹਿਸਾਬ । ਜੋ ਅਵਾਮ ਦੀ ਅਵਾਜ਼ ਬਣ ਸਕੇ ਉਹੀ ਏ ਖ਼ਾਸ, ਉਂਝ ਤੇ ਛਪ ਰਹੀ ਕਿਤਾਬ ਤੇ ਕਿਤਾਬ ਬੇਹਿਸਾਬ । ਇਨਕਲਾਬ ਹੈ ਨਹੀਂ ਕਿਸੇ ਬਹਾਰ ਦਾ ਮੁਹਤਾਜ, ਇਸ ਦੇ ਖ਼ਾਬ ਦੀ ਪਲ਼ੇ ਲਹੂ 'ਚ ਦਾਬ ਬੇਹਿਸਾਬ । SISI SISI SISI SISI
ਕਿਸੇ ਮਾਸੂਮ ਚਿਹਰੇ 'ਤੇ ਵਫ਼ਾ
ਕਿਸੇ ਮਾਸੂਮ ਚਿਹਰੇ 'ਤੇ ਵਫ਼ਾ ਦੇ ਰੰਗ ਦਿਸਦੇ ਨੇ । ਵਫ਼ਾ ਦੇ ਨਾਮ 'ਤੇ ਖਾਧੇ ਜੋ ਉਸ ਨੇ ਡੰਗ ਦਿਸਦੇ ਨੇ । ਗ਼ਜ਼ਲ ਮੇਰੀ 'ਚ ਭਰਦਾ ਜਾਨ ਅਕਸਰ ਜ਼ਿਕਰ ਤੇਰਾ ਹੀ, ਮੇਰੇ ਸਭ ਸ਼ਿਅਰ ਤੇਰੇ ਨਾਂ ਬਿਨਾਂ ਬੇਰੰਗ ਦਿਸਦੇ ਨੇ । ਜਦੋਂ ਤਕ ਰੰਗ ਫ਼ਿਤਰਤ ਦੇ ਨਜ਼ਰ ਆਉਂਦੇ ਨਹੀਂ ਅਸਲੀ, ਉਦੋਂ ਤਕ ਲੋਕ ਸਾਰੇ ਆਪਣੇ ਹੀ ਸੰਗ ਦਿਸਦੇ ਨੇ । ਕਿਤੇ ਫਿਰ ਇਸ਼ਕ ਦੀ ਓਹੀ ਕਹਾਣੀ ਰੋਣ ਪਿੱਟਣ ਦੀ, ਕਿਤੇ ਫਿਰ ਬੇਵਫ਼ਾਈ ਦੇ ਨਵੇਂ ਹੀ ਢੰਗ ਦਿਸਦੇ ਨੇ । ਮੁਹੱਬਤ ਦਾ ਵਿਖਾਵਾ ਤਾਂ ਖਰਾ ਕਰਦੇ ਨੇ ਕੁਝ ਲੋਕੀਂ, ਮੁਹੱਬਤ ਦੇ ਮਗਰ ਅਹਿਸਾਸ ਤੋਂ ਉਹ ਨੰਗ ਦਿਸਦੇ ਨੇ । ਤੁਰੇ ਫਿਰਦੇ ਕਈ ਕਿਰਦਾਰ ਲੈ ਕੇ ਯਾਰ ਯਾਰੀ ਵਿਚ, ਬੜੇ ਦਿਲਦਾਰ ਹੋ ਕੇ ਵੀ, ਦਿਲਾਂ ਦੇ ਤੰਗ ਦਿਸਦੇ ਨੇ । ਗ਼ਮਾਂ ਦੇ ਵਿਚ ਗੁਜ਼ਾਰੀ ਇਸ ਤਰ੍ਹਾਂ ਮੈਂ ਜ਼ਿੰਦਗੀ ''ਸੈਣੀ'', ਗ਼ਮਾਂ ਦੇ ਅਕਸ ਵੀ ਮੈਨੂੰ ਮੇਰੇ ਹੀ ਅੰਗ ਦਿਸਦੇ ਨੇ । ISSS ISSS ISSS ISSS
ਜੋ ਸਿਆਸਤ ਦਾ ਖਿਡੌਣਾ ਹੋ ਗਿਆ
ਜੋ ਸਿਆਸਤ ਦਾ ਖਿਡੌਣਾ ਹੋ ਗਿਆ । ਸਮਝ ਉਹ ਕਿਰਦਾਰ ਬੌਣਾ ਹੋ ਗਿਆ । ਝੁਲਸਿਆ ਜਦ ਵਾਸਨਾ ਦੀ ਅੱਗ ਵਿੱਚ, ਇਸ਼ਕ ਦਾ ਚਿਹਰਾ ਘਿਨੌਣਾ ਹੋ ਗਿਆ । ਅਰਥ ਦਿਲ ਤੋਂ ਚਾਹੁਣ ਦਾ ਫੁੱਲਾਂ ਨੂੰ ਹੁਣ, ਕੰਡਿਆਂ ਦੇ ਨਾਲ਼ ਸੌਣਾ ਹੋ ਗਿਆ । ਆ ਗਏ, ਪਰਚਾ ਲਿਆ ਦਿਲ, ਤੁਰ ਗਏ, ਦਿਲ ਨਹੀਂ ਮੇਰਾ, ਖਿਡੌਣਾ ਹੋ ਗਿਆ । ਯਾਦ ਤੇਰੀ, ਪੀੜ, ਗ਼ਮ, ਹੰਝੂ ਮੇਰੇ, ਦਿਲ 'ਚ 'ਕੱਠਾ ਫੇਰ ਚੌਣਾ ਹੋ ਗਿਆ । ਹਿਜਰ ਦਾ ਮੰਜਾ ਰਜਾਈ ਪੀੜ ਦਾ, ਲੈ ਤੇਰਾ ''ਸੈਣੀ'' ਵਿਛੌਣਾ ਹੋ ਗਿਆ । SISS SISS SIS
ਚਮਕਣ ਜਦ ਕੁਝ ਢਾਰੇ ਲੱਗੇ
ਚਮਕਣ ਜਦ ਕੁਝ ਢਾਰੇ ਲੱਗੇ । ਤੜਫ਼ਣ ਮਹਿਲ, ਮੁਨਾਰੇ ਲੱਗੇ । ਗ਼ੈਰਾਂ ਨੂੰ ਗ਼ਮ ਭਾਰੇ ਲੱਗੇ । ਜਿਉਂ ਜਿਉਂ ਹੋਣ ਨਿਤਾਰੇ ਲੱਗੇ । ਨੀਅਤ ਦੇ ਹਲਕੇ ਗ਼ੈਰਾਂ ਨੂੰ , ਬੋਝ ਵਫ਼ਾ ਦੇ ਭਾਰੇ ਲੱਗੇ । ਥੋੜ੍ਹੇ ਲੱਗੇ ਤਾਰੇ ਮੈਨੂੰ, ਐਨੇ ਉਸ ਦੇ ਲਾਰੇ ਲੱਗੇ । ਦੁੱਖਾਂ ਸਾਨੂੰ ਤਨਹਾ ਕੀਤਾ, ਦੁੱਖ ਹੀ ਦੇਣ ਸਹਾਰੇ ਲੱਗੇ । ਸਾਡੀ ਬੇੜੀ ਡੁੱਬੀ ਉਦੋਂ, ਜਦ ਮਰ ਟੁੱਟ ਕਿਨਾਰੇ ਲੱਗੇ । ਐਸਾ ਉਹਨੇ ਚੰਨ ਚੜ੍ਹਾਇਆ, ਦਿਨ ਨੂੰ ਦਿੱਖਣ ਤਾਰੇ ਲੱਗੇ । ਸਾਡੇ ਲੇਖੇ ਪਿਆਰ ਤੇਰੇ ਵਿੱਚ, ਅਕਲੋਂ ਵੱਧ ਖ਼ਿਲਾਰੇ ਲੱਗੇ । ਲੱਖ ਸਿਤਮ ਤੇਰੇ ਦੁਖਦਾਈ, ਫਿਰ ਵੀ ਸਾਨੂੰ ਪਿਆਰੇ ਲੱਗੇ । SS SS SS SS
ਮੁਫ਼ਤ ਦਾ ਰਾਸ਼ਨ 'ਤੇ ਜਾਂ ਵਿਕਦਾ ਨਸ਼ਾ ਹਾਂ
ਮੁਫ਼ਤ ਦਾ ਰਾਸ਼ਨ 'ਤੇ ਜਾਂ ਵਿਕਦਾ ਨਸ਼ਾ ਹਾਂ। ਮੈਂ ਸਿਆਸੀ ਦਬਦਬੇ ਦਾ ਟੋਟਕਾ ਹਾਂ। ਸ਼ਰਮ ਜਿਸ ਨੇ ਵੇਚ ਵੱਟ ਕੇ ਖਾ ਲਈ ਹੈ, ਅਹੁਦਿਆਂ 'ਤੇ ਕਬਜ਼ਿਆਂ ਦੀ ਲਾਲਸਾ ਹਾਂ। ਕੱਲ੍ਹ ਸੱਤਾ ਦੇ ਨਸ਼ੇ ਦੀ ਸੀ ਬੜ੍ਹਕ ਮੈਂ, ਚੌਧਰਾਂ ਦੇ ਜਾਣ ਦਾ ਅੱਜ ਹੇਰਵਾ ਹਾਂ। ਬਣ ਗਿਆ ਹਾਂ ਰਾਜਨੀਤਿਕ ਸੰਤ ਅੱਜ-ਕੱਲ੍ਹ, ਮੇਮਣੇ ਦੇ ਭੇਸ ਅੰਦਰ ਭੇੜੀਆ ਹਾਂ। ਖ਼ੁਦ ਸਹੇੜੀ ਬਦਨਸੀਬੀ ਜਿਸ ਨੇ ਅਪਣੀ, ਬੇਵਫ਼ਾ ਦੇ ਨਾਲ਼ ਨਿਭਦੀ ਉਹ ਵਫ਼ਾ ਹਾਂ। ਮੈਂ ਨਹੀਂ ਮੁਹਤਾਜ਼ ਸ਼ਬਦਾਂ, ਬੋਲੀਆਂ ਦੀ, ਮੈਂ 'ਤੇ ਹਿਚਕੀ ਹਾਂ,ਦਿਲਾਂ ਦੀ ਵਾਰਤਾ ਹਾਂ। ਜ਼ਖ਼ਮ ਦੇਵੇ ਜੋ ਸ਼ਫ਼ਾ ਚਾਹਾਂ ਉਸੇ ਤੋਂ, ਸੋਚਦਾ ਹਾਂ ਮੈਂ ਵੀ ਕਿੰਨਾਂ ਸਿਰਫਿਰਾ ਹਾਂ। ਨਾਜ਼ੁਕੀ ਮੇਰੀ ਹੀ ਮੇਰੀ ਜ਼ਿੰਦਗੀ ਹੈ, ਮੈਂ ਗ਼ਜ਼ਲ ਹਾਂ, ਜ਼ਿੰਦਗੀ ਦਾ ਫ਼ਲਸਫ਼ਾ ਹਾਂ। ਕਿਉਂ ਸਜ਼ਾ ਕੱਟਾਂ ਨਾ ਹੁਣ ਤਨਹਾਈਆਂ ਦੀ, ਸੱਚ ਨੂੰ ਸੱਚ ਕਹਿਣ ਦਾ ਇਕ ਹੌਸਲਾ ਹਾਂ। SISS SISS SISS
ਹਰ ਤਜੁਰਬੇ ਨੂੰ ਜਦੋਂ ਸ਼ਬਦਾਂ 'ਚ ਪਾ ਕੇ ਤੋਲਿਆ
ਹਰ ਤਜੁਰਬੇ ਨੂੰ ਜਦੋਂ ਸ਼ਬਦਾਂ 'ਚ ਪਾ ਕੇ ਤੋਲਿਆ। ਸ਼ਾਇਰੀ ਹੁੰਦਾ ਗਿਆ ਮੈਂ ਜ਼ਿੰਦਗੀ ਤੋਂ ਜੋ ਲਿਆ। ਦਰਦ ਲੋਕਾਂ ਦਾ ਵੀ ਅਪਣੇ ਦਰਦ ਵਿੱਚ ਸੰਜੋ ਲਿਆ। ਮੈਂ ਤੇਰੇ ਗ਼ਮ ਵਿੱਚ ਕਵੀ ਹੋਣਾਂ ਸੀ ਆਖ਼ਿਰ ਹੋ ਲਿਆ। ਘੋਲਣਾ ਸੀ ਜ਼ਹਿਰ ਲੋਕਾਂ ਨੇ ਰਹੇ ਨਿੱਤ ਘੋਲ਼ਦੇ, ਸੁਣ ਲਿਆ ਉਹ ਵੀ ਤੁਸੀਂ ਜੋ ਮੈਂ ਨਹੀਂ ਸੀ ਬੋਲਿਆ। ਇਸ ਤਰ੍ਹਾਂ ਵੀ ਬਿਨ ਤੇਰੇ ਕੁਝ ਤੋਰਿਆ ਤੋਰਾ ਅਸੀਂ, ਮਹਿਫ਼ਿਲਾਂ ਵਿਚ ਹੱਸ ਲਿਆ ਤਨਹਾਈਆਂ ਵਿੱਚ ਰੋ ਲਿਆ। ਜੋ ਨਹੀਂ ਹੁੰਦੀ ਬਹਾਰਾਂ ਦੀ 'ਤੇ ਮੌਸਮ ਦੀ ਮੁਹਤਾਜ਼, ਸ਼ਾਇਰਾ! ਤੂੰ ਸ਼ਾਇਰੀ ਅਪਣੀ 'ਚ ਉਹ ਖ਼ੁਸ਼ਬੋ ਲਿਆ। ਮਿਲ਼ ਗਿਆ ਪੀੜਾਂ 'ਚ ਵੀ ਦਿਲ ਨੂੰ ਮੇਰੇ ਆਰਾਮ ਫਿਰ, ਜਦ ਵਫ਼ਾ ਦੇ ਹੰਝੂਆਂ ਵਿੱਚ ਫੱਟ ਜਿਗਰ ਦਾ ਧੋ ਲਿਆ। ਹੌਕਿਆਂ 'ਤੇ ਹਾੜਿਆਂ ਨੂੰ ਬਦਲਿਆ ਤਦਬੀਰ ਵਿੱਚ, ਤਾਂ ਕਿਤੇ ਬਦਕਿਸਮਤੀ ਮੇਰੀ ਦਾ ਪੱਥਰ ਡੋਲਿਆ। ਆਕੜਾਂ, ਹੰਕਾਰ ਉਸ ਦੇ ਲੱਭਿਆਂ ਵੀ ਨਾ ਮਿਲ਼ੇ, ਮਰਨ ਵਾਲ਼ੇ ਦੇ ਸਿਵੇ ਨੂੰ ਵੀ ਬਥੇਰਾ ਫੋਲਿਆ। ਕਾਲ਼ਿਆਂ ਇਲਮਾਂ ਦੇ ਜਾਦੂ ਟੂਣਿਆਂ ਦੀ ਟੇਕ 'ਤੇ , ਆਦਮੀ ਨੇ ਖ਼ੁਦ ਹੀ ਆਪਾ ਨਰਕ ਵੱਲ੍ਹ ਨੂੰ ਢੋ ਲਿਆ। SISS SISS SISS SIS