Athwara : Baba Bulleh Shah

ਅਠਵਾਰਾ : ਬਾਬਾ ਬੁੱਲ੍ਹੇ ਸ਼ਾਹ

ਛਨਿਛਰਵਾਰ

ਦੋਹਰਾ-
ਛਨਿਛਰਵਾਰ ਉਤਾਵਲੇ, ਵੇਖ ਸੱਜਣ ਦੀ ਸੋ।
ਅਸਾਂ ਮੁੜ ਘਰ ਫੇਰ ਨਾ ਆਵਣਾ, ਜੋ ਹੋਈ ਹੋਗ ਸੋ ਹੋ।

ਵਾਹ ਵਾਹ ਛਨਿਛਰਵਾਰ ਵਹੇਲੇ, ਦੁਖ ਸੱਜਣ ਦੇ ਮੈਂ ਵਲ ਪੇਲੇ,
ਢੂੰਡਾਂ ਔਝੜ ਜੰਗਲ ਬੇਲੇ, ਓਹੜਾ ਰੈਣ ਕਵੱਲੜੇ ਵੇਲੇ,
ਬਿਰਹੋਂ ਘੇਰੀਆਂ।

ਘੜੀ ਤਾਂਘ ਤੁਸਾਡੀਆਂ ਤਾਂਘਾਂ, ਰਾਤੀਂ ਸੁੱਤੜੇ ਸ਼ੇਰ ਉਲਾਂਘਾਂ,
ਉੱਚੀ ਚੜ੍ਹ ਕੇ ਕੂਕਾਂ ਚਾਂਘਾਂ, ਸੀਨੇ ਅੰਦਰ ਰੜਕਣ ਸਾਂਗਾਂ,
ਪਿਆਰੇ ਤੇਰੀਆਂ।

ਐਤਵਾਰ

ਦੋਹਰਾ-
ਐਤਵਾਰ ਸੁਨੇਤ ਹੈ, ਜੋ ਜੋ ਕਦਮ ਧਰੇ।
ਉਹ ਵੀ ਆਸ਼ਕ ਨਾ ਕਹੋ, ਸਿਰ ਦੇਂਦਾ ਉਜ਼ਰ ਕਰੇ।

ਐਤ ਐਤਵਾਰ ਭਾਇਤ, ਵਿੱਚੋਂ ਜਾਇ ਹਿਜਰ ਦੀ ਸਾਇਤ,
ਮੇਰੇ ਦੁੱਖ ਦੀ ਸੁਣੋ ਹਕਾਇਤ, ਆ ਇਨਾਇਤ ਕਰੇ ਹਦਾਇਤ,
ਤਾਂ ਮੈਂ ਤਾਰੀਆਂ।

ਤੇਰੀ ਯਾਰੀ ਜਹੀ ਨਾ ਯਾਰੀ, ਤੇਰੇ ਪਕੜ ਵਿਛੋੜੇ ਮਾਰੀ,
ਇਸ਼ਕ ਤੁਸਾਡਾ ਕਿਆਮਤ ਸਾਰੀ, ਤਾਂ ਮੈਂ ਹੋਈਆਂ ਵੇਦਨ ਭਾਰੀ,
ਕਰ ਕੁਝ ਕਾਰੀਆਂ।

ਸੋਮਵਾਰ

ਦੋਹਰਾ-
ਬੁੱਲ੍ਹਾ ਰੋਜ਼ ਸੋਮਵਾਰ ਦੇ, ਕਿਆ ਚਲ ਚਲ ਕਰੇ ਪੁਕਾਰ।
ਅੱਗੇ ਲੱਖ ਕਰੋੜ ਸਹੇਲੀਆਂ, ਮੈਂ ਕਿਸ ਦੀ ਪਾਣੀਹਾਰ।

ਮੈਂ ਦੁਖਿਆਰੀ ਦੁੱਖ ਸਵਾਰ, ਰੋਣਾ ਅੱਖੀਆਂ ਦਾ ਰੁਜ਼ਗਾਰ,
ਮੇਰੀ ਖ਼ਬਰ ਨਾ ਲੈਂਦਾ ਯਾਰ, ਹੁਣ ਮੈਂ ਜਾਤਾਂ ਮੁਰਦੇ ਹਾਰ, ਮੋਇਆਂ ਨੂੰ ਮਾਰਦਾ।

ਮੇਰੀ ਓਸੇ ਨਾਲ ਲੜਾਈ, ਜਿਸ ਨੇ ਮੈਨੂੰ ਬਰਛੀ ਲਾਈ,
ਸੀਨੇ ਅੰਦਰ ਭਾਹ ਭੜਕਾਈ, ਕੱਟ ਕੱਟ ਖਾਇ ਬਿਰਹੋਂ ਕਸਾਈ,
ਪਛਾਇਆ ਯਾਰ ਦਾ।

ਮੰਗਲਵਾਰ

ਦੋਹਰਾ-
ਮੰਗਲ ਮੈਂ ਗਲ ਪਾਣੀ ਆ ਗਿਆ, ਲਬਾਂ ਤੇ ਆਵਣਹਾਰ।
ਮੈਂ ਘੁੰਮਣ ਘੇਰਾਂ ਘੇਰੀਆਂ, ਉਹ ਵੇਖੇ ਖਲਾ ਕਿਨਾਰ।

ਮੰਗਲ ਬੰਦੀਵਾਨ ਦਿਲਾਂ ਦੇ, ਛੱਟੇ ਸ਼ਹੁ ਦਰਿਆਵਾਂ ਪਾਂਦੇ,
ਕਪੜ ਕੜਕ ਦੁਪਹਿਰੀਂ ਖਾਂਦੇ, ਵਲ ਵਲ ਗ਼ੋਤਿਆਂ ਦੇ ਮੂੰਹ ਆਂਦੇ,
ਮਾਰੇ ਯਾਰ ਦੇ।

ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮਰਗ ਉਨ੍ਹਾਂ ਦਾ ਹਾਸਾ,
ਦਿਲ ਮੇਰੇ ਵਿੱਚ ਆਇਆ ਸੂ ਆਸਾ, ਵੇਖਾਂ ਦੇਸੀ ਕਦੋਂ ਦਿਲਾਸਾ,
ਨਾਲ ਪਿਆਰ ਦੇ।

ਬੁੱਧਵਾਰ

ਦੋਹਰਾ-
ਬੁੱਧ ਸੁੱਧ ਰਹੀ ਮਹਿਬੂਬ ਦੀ, ਸੁੱਧ ਆਪਣੀ ਰਹੀ ਨਾ ਹੋਰ।
ਮੈਂ ਬਲਿਹਾਰੀ ਓਸ ਦੇ, ਜੋ ਖਿੱਚਦਾ ਮੇਰੀ ਡੋਰ।

ਬੁੱਧ ਸੁੱਧ ਆ ਗਿਆ ਬੁੱਧਵਾਰ, ਮੇਰੀ ਖ਼ਬਰ ਨਾ ਲਏ ਦਿਲਦਾਰ,
ਸੁੱਖ ਦੁੱਖਾਂ ਤੋਂ ਘੱਤਾਂ ਵਾਰ, ਦੁੱਖਾਂ ਆਣ ਮਿਲਾਇਆ ਯਾਰ,
ਪਿਆਰੇ ਤਾਰੀਆਂ।

ਪਿਆਰੇ ਚੱਲਣ ਨਾ ਦੇਸਾਂ ਚਲਿਆ, ਲੈ ਕੇ ਨਾਲ ਜ਼ੁਲਫ਼ ਦੇ ਵਲਿਆ,
ਜਾਂ ਉਹ ਚਲਿਆ ਤਾਂ ਮੈਂ ਵਲਿਆ, ਤਾਂ ਮੈਂ ਰੱਖਸਾਂ ਦਿਲ ਵਿਚ ਰਲਿਆ,
ਲੈਸਾਂ ਵਾਰੀਆਂ।

ਜੁੰਮੇਰਾਤ

ਦੋਹਰਾ-
ਜੁੰਮੇਰਾਤ ਸੁਹਾਵਣੀ, ਦੁੱਖ ਦਰਦ ਨਾ ਆਹਾਂ ਪਾਪ।
ਉਹ ਜਾਮਾ ਸਾਡਾ ਪਹਿਨ ਕੇ, ਆਇਆ ਤਮਾਸ਼ੇ ਆਪ।

ਅੱਗੋਂ ਆ ਗਈ ਜੁੰਮੇਰਾਤ, ਸ਼ਰਾਬੋਂ ਗਾਗਰ ਮਿਲੀ ਬਰਾਤ,
ਲੱਗ ਗਿਆ ਮਸਤ ਪਿਆਲਾ ਹਾਤ, ਮੈਨੂੰ ਭੁੱਲ ਗਈ ਜ਼ਾਤ ਸਫ਼ਾਤ,
ਦੀਵਾਨੀ ਹੋ ਰਹੀ।

ਐਸੀ ਜ਼ਹਿਮਤ ਲੋਕ ਨਾ ਪਾਵਣ, ਮੁੱਲਾਂ ਘੋਲ ਤਵੀਜ਼ ਪਿਲਾਵਣ,
ਪੜ੍ਹਨ ਅਜ਼ੀਮਤ ਜਿੰਨ ਬੁਲਾਵਣ, ਸਈਆਂ ਸ਼ਾਹ ਮਦਾਰ ਖਿਡਾਵਣ,
ਮੈਂ ਚੁੱਪ ਹੋ ਰਹੀ।

ਜੁੰਮਾ

ਦੋਹਰਾ-
ਰੋਜ਼ ਜੁੰਮੇ ਦੇ ਬਖਸ਼ੀਆਂ, ਮੈਂ ਜਹੀਆਂ ਅਉਗਣਹਾਰ।
ਫਿਰ ਉਹ ਕਿਉਂ ਨਾ ਬਖਸ਼ਸ਼ੀ, ਜਿਹੜੀ ਪੰਜ ਮੁਕੀਮ ਗੁਜ਼ਾਰ।

ਜੁੰਮੇ ਦੀ ਹੋਰੋਂ ਹੋਰ ਬਹਾਰ, ਹੁਣ ਮੈਂ ਜਾਤਾ ਸਹੀ ਸਤਾਰ,
ਬੀਬੀ ਬਾਂਦੀ ਬੇੜਾ ਪਾਰ, ਸਿਰ ਤੇ ਕਦਮ ਧਰੇਂਦਾ ਯਾਰ,
ਸੁਹਾਗਣ ਹੋ ਰਹੀ।

ਆਸ਼ਕ ਹੋ ਹੋ ਗੱਲਾਂ ਦੱਸੇਂ, ਛੋੜ ਮਸ਼ੂਕਾਂ ਕਂੈ ਵੱਲ ਨੱਸੇਂ,
ਬੁੱਲ੍ਹਾ ਸ਼ਹੁ ਅਸਾਡੇ ਵੱਸੇਂ, ਨਿੱਤ ਉਠ ਖੇਡੇਂ ਨਾਲੇ ਹੱਸੇਂ,
ਗਲ ਲੱਗ ਸੋ ਰਹੀ।

ਜੁੰਮੇ ਦੀ ਹੋਰੋ ਹੋਰ ਬਹਾਰ।
ਜੁੰਮੇ ਦੀ ਹੋਰੋ ਹੋਰ ਬਹਾਰ।

ਪੀਰ ਅਸਾਂ ਨੂੰ ਪੀੜਾਂ ਲਾਈਆਂ, ਮੰਗਲ ਮੂਲ ਨਾ ਸੁਰਤਾਂ ਆਈਆਂ,
ਇਸ਼ਕ ਛਨਿਛਰ ਘੋਲ ਘੁਮਾਈਆਂ, ਬੁੱਧ ਸੁੱਧ ਲੈਂਦਾ ਨਹੀਂਉਂ ਯਾਰ।
ਜੁੰਮੇ ਦੀ ਹੋਰੋ ਹੋਰ ਬਹਾਰ।

ਪੀਰ ਵਾਰ ਰੋਜ਼ੇ ਤੇ ਜਾਵਾਂ, ਸਭ ਪੈਗੰਬਰ ਪੀਰ ਮਨਾਵਾਂ,
ਜਦ ਪੀਆ ਦਾ ਦਰਸ਼ਨ ਪਾਵਾਂ, ਕਰਦੀ ਹਾਰ ਸ਼ਿੰਗਾਰ।
ਜੁੰਮੇ ਦੀ ਹੋਰੋ ਹੋਰ ਬਹਾਰ।

ਮੰਨਤਕ ਮਾਨ੍ਹੇ ਪੜ੍ਹਾਂ ਨਾ ਅਸਲਾਂ, ਵਾਜਬ ਫ਼ਰਜ਼ ਨਾ ਸੁੰਨਤ ਨਕਲਾਂ,
ਕੰਮ ਕਿਸ ਆਈਆਂ ਸ਼ਰ੍ਹਾ ਦੀਆਂ ਅਕਲਾਂ, ਕੁਝ ਨਹੀਂ ਬਾਝੋਂ ਦੀਦਾਰ।
ਜੁੰਮੇ ਦੀ ਹੋਰੋ ਹੋਰ ਬਹਾਰ।

ਸ਼ਾਹ ਇਨਾਇਤ ਦੀਨ ਅਸਾਡਾ, ਦੀਨ ਦੁਨੀ ਮਕਬੂਲ ਅਸਾਡਾ,
ਖੁੱਬੀ ਮੀਂਢੀ ਦਸਤ ਪਰਾਂਦਾ, ਫਿਰਾਂ ਉਜਾੜ ਉਜਾੜ।
ਜੁੰਮੇ ਦੀ ਹੋਰੋ ਹੋਰ ਬਹਾਰ।

ਭੁੱਲੀ ਹੀਰ ਸਲੇਟੀ ਮਰਦੀ, ਬੋਲੇ ਮਾਹੀ ਮਾਹੀ ਕਰਦੀ,
ਕੋਈ ਨਾ ਮਿਲਦਾ ਦਿਲ ਦਾ ਦਰਦੀ, ਮੈਂ ਮਿਲਸਾਂ ਰਾਂਝਣ ਯਾਰ।
ਜੁੰਮੇ ਦੀ ਹੋਰੋ ਹੋਰ ਬਹਾਰ।

ਬੁੱਲ੍ਹਾ ਭੁੱਲਾ ਨਮਾਜ਼ ਦੁਗਾਨਾ, ਜਦ ਦਾ ਸੁਣਿਆਂ ਤਾਨ ਤਰਾਨਾ,
ਅਕਲ ਕਹੇ ਮੈਂ ਜ਼ਰਾ ਨਾ ਮਾਨਾ, ਇਸ਼ਕ ਕੂਕੇਂਦਾ ਤਾਰੋ ਤਾਰ।
ਜੁੰਮੇ ਦੀ ਹੋਰੋ ਹੋਰ ਬਹਾਰ।

  • ਮੁੱਖ ਪੰਨਾ : ਮੁਕੰਮਲ ਕਲਾਮ ਬਾਬਾ ਬੁੱਲ੍ਹੇ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ