Athre Athru (Poems Collection) : Man Singh

ਅੱਥਰੇ ਅੱਥਰੂ (ਕਾਵਿ-ਸੰਗ੍ਰਹਿ) : ਮਾਨ ਸਿੰਘ


ਅੱਥਰੇ ਅੱਥਰੂ

ਅੱਥਰੂ ਮੇਰੇ ਅੱਥਰੇ, ਕਿਰਦੇ ਆਪ ਮੁਹਾਰੇ । ਇਨ੍ਹਾਂ ਤੱਤਿਆਂ ਦੀ ਲਿਸ਼ਕ ਨਿਰਾਲੀ, ਭਾਵੇਂ ਕਰਮਾਂ ਮਾਰੇ। ਵਰਜਣ ਦੀ ਨਾ ਵਾਦੀ ਮੈਨੂੰ, ਜੀ ਆਇਆਂ ਨਿੱਤ ਆਖਾਂ, ਕੀ ਹੋਇਆ ਇਹ ਨਸ਼ਰ ਨੇ ਕਰਦੇ, ਪਿਆਰ ਮੇਰਾ ਜਗ ਸਾਰੇ ।

ਝਰਨਾਂ

ਕੇਲੀਆਂ ਸਾਵੀਆਂ ਕਚੂਰ, ਇਕੋ ਘੜੀ ਦੀਆਂ ਜੰਮ ਪਲ ਮਿਚ ਮਿਚ ਵੇਖਣ ਜੋਬਨ ਆਪਣੇ ਨੂੰ, ਲੈਣ ਅੰਗੜਾਈਆਂ ਕਰ ਕਰ ਨਾਜ਼ ਫੁਲਾਂ ਆਪਣਿਆਂ ਤੇ, ਸੂਹੇ ਸੂਹੇ, ਗੁਲਾਬੀ ਗੁਲਾਬੀ, ਪੀਲੇ ਪੀਲੇ, ਉਨਾਬੀ ਉਨਾਬੀ, ਜੋ ਵੇਖਣ ਮੂੰਹ ਆਪਣੇ ਵਗ ਰਹੀ ਕੂਲ ਪਾਣੀ ਦੇ ਵਿਚ । ... ... ... ਕੁਲ ਜੋਬਨ ਮੱਤੀ ਲਕੋ ਕੇ ਸੁਹੱਪਣ ਫੁਲਾਂ ਦਾ ਜਾਏ ਨੱਸੀ ਆਪਣੇ ਦੂਰ ਵਸੇਂਦੇ ਮਾਹੀ ਵਲ ਪਲੋ ਪਲ। ਸੜ ਗਏ ਤਾਰੇ ਅਕਾਸ਼ ਦੇ ਧਰਤੀ ਤੇ ਨਚਦਾ ਪਿਆਰ ਵੇਖ, ਗਏ ਦੌੜ ਕੋਲ ਚੰਨ ਦੇ ਜਿਸ ਦੇ ਮੱਥੇ ਲਗੀ ਕਾਲਖ ਬੇਵਫਾਦੀ ਦੀ। ਜਰ ਨਾ ਸਕਿਆ ਪਿਆਰ ਵੇਖ ਕੂਲ ਦਾ, ਪਾਈ ਫਿਟਕਾਰ ਪ੍ਰਿਥਵੀ ਨੂੰ ਓਸ ਬੁੜਕ ਕੇ । ਪ੍ਰਿਥਵੀ ਲਿਆ ਲਕੋ ਕੂਲ ਨੂੰ ਹਿਕ ਵਿਚ, ਪਿਆਰ ਨੂੰ ਦਿਤਾ ਡੇਰਾ ਭਵਾ ਕੇ ਉਸ ਦਾ ਵੇਗ ਕੁਝ ਸਮੇਂ ਲਈ। ... ... ... ਫੇਰ ਚਮਕਿਆ ਪਿਆਰ ਅਪਾਰ ਧਰਤੀ ਹੋਈ ਲੰਗਾਰ ਉਮਲ ਪਈ ਫਿਰ ਕੂਲ ਮਿਲਣ ਆਪਣੇ ਸ਼ਹੁ ਨੂੰ, ਦਿਤੀ ਭਾਰੀ ਹਾਰ ਉਸ ਬ੍ਰਹਿਮੰਡ ਨੂੰ।

ਲੋਹੜੀ

ਕਈ ਸਦੀਆਂ ਬੀਤ ਗਈਆਂ ਇਹ ਸੁਣਦੇ ਸੁਣਦੇ ‘ਸੁੰਦਰ ਮੁੰਦਰੀਏ ਤੇਰਾ ਕੌਣ ਵੀਚਾਰਾ ? ਦੁੱਲਾ ਭੱਟੀ ਵਾਲਾ' ਪਰ ਨਹੀਂ ਥਕੇ ਕੰਨ ਅੱਜ ਤੀਕ ਤੇ ਨਹੀਂ ਥਕਣਗੇ ਕਦੇ ਕਈ ਆਉਣ ਵਾਲੀਆਂ ਸਦੀਆਂ ਤੀਕ । ਲੋਹੜੀ ਫੇਰਾ ਪਾਂਦੀ ਵਰ੍ਹੇ ਦੇ ਵਰ੍ਹੇ ਸਿਆਲ ਦੇ ਭਰ ਜੋਬਨ ਵਿਚ ਜਦ ਕੜਕਦੇ ਹੱਡ ਕਈਆਂ ਗਰੀਬਾਂ ਦੇ ਠੁਰ ਠੁਰ ਕਰਦੇ । ਇਹ ਲੋਹੜੀ ਯਾਦ ਕਰਾਂਦੀ ਗਰੀਬੀ ਮੇਰੇ ਪੰਜਾਬ ਦੀ ਤੇ ਨਾਲ ਹੀ ਝੂਣਾ ਦੇ ਜਾਂਦੀ ਗਰੀਬਾਂ ਦੀਆਂ ਧੀਆਂ ਦੀ ਅਣਖ ਦਾ । ਲੋਹੜੀ ਦਾ ਤਿਉਹਾਰ ਜਿਸ ਦੀ ਗੂੰਜ ਵਿਚ ਲੁਕਿਆ ਪਿਆ ਹੈ ਪਿਆਰ ਮੇਰੇ ਪੰਜਾਬ ਦੀ ਸਾਂਝੀਵਾਲਤਾ ਦਾ । ਨਿਆਣੇ ਨਿਕੇ ਵਡੇ ਕੋਈ ਕਿਸੇ ਦਾ, ਕੋਈ ਕਿਸੇ ਦਾ ਮੰਗਦੇ ਫਿਰਦੇ ਚਾਓ ਚਾਈਂ ਮੋਹ ਮਾਹੀ ਫੜ ਫੜ ਪੱਲੇ ਕੋਈ ਕਿਸੇ ਦਾ, ਕੋਈ ਕਿਸੇ ਦਾ । ਫੇਰ ਰਾਤ ਲੋਹੜੀ ਦੀ ਰਲ ਕੇ ਮਿਲ ਕੇ ਬਾਲ ਲੈਂਦੇ ਨੇ ਅੱਗ ਤੇ ਗਾ ਲੈਂਦੇ ਨੇ ਗੀਤ ਵੰਨ ਸੁਵੰਨੇ ਖਾ ਖਾ ਫੁੱਲੇ ਤੇ ਰੇਉੜੀਆਂ ਚਿੜਵੇ ਬਹਿ ਕੇ ਦਵਾਲੇ ਅੱਗ ਦੇ । ਪਰ ਬਦਲ ਗਿਆ ਹੈ ਮੇਰਾ ਪੰਜਾਬ, ਬਦਲ ਗਈ ਹੈ ਇਹਦੀ ਆਬ, ਬਦਲ ਗਏ ਨੇ ਇਹਦੇ ਖਾਬ, ਗਰੀਬਾਂ ਦੀਆਂ ਜਵਾਨ ਧੀਆਂ ਵਲ ਅੱਖ ਹੋ ਰਹੀ ਹੈ ਮੈਲੀ ਤੇ ਨਮਾਣੀਆਂ ਕੂੰਜਾਂ ਦਾ ਬੇ-ਜ਼ਬਾਨ ਮਾਸੂਮਾਂ ਦਾ ਨਹੀਂ ਦਿਸਦਾ ਵਾਲੀ ਵਾਰਸ ਕਿਧਰੇ ਵੀ । ਅੱਜ ਲੋਹੜੀ ਹੈ ਫੇਰ ਇਨ੍ਹਾਂ ਸੁੰਦਰ ਮੁੰਦਰੀਆਂ ਦੇ ਰਖਵਾਲੇ ਕਿਸੇ ਸ਼ੇਰ ਮਰਦ ‘ਦੁੱਲੇ ਭਟੀ' ਦੀ ਹੈ ਲੋੜ ਜੋ ਦੇ ਕੇ ਸਾਲੂ ਸੂਹਾ ਆਪਣੇ ਕੋਲੋਂ ਤੇ ਪਾ ਕੇ ਪੱਲੇ ਸੇਰ ਸ਼ੱਕਰ ਦਾ ਕੱਜ ਲਏ ਪੱਤ ਇਨ੍ਹਾਂ ਦੀ ।

ਭਗਤੀ

ਸੰਖ ਵਜਾ ਕੇ, ਬਾਂਗਾਂ ਦੇ ਜ਼ੋਰ ਯਾ ਟੱਲ ਖੜਕਾ ਕੇ ਭਰ ਲੈਂਦੇ ਨੇ ਮੰਦਰ, ਮਸੀਤਾਂ ਤੇ ਗੁਰਦਵਾਰੇ, ਪਾਂਧੇ, ਮੁੱਲਾਂ ਤੇ ਭਾਈ ਬੀਚਾਰੇ, ਪਾ ਭਗਤੀ ਦਾ ਵਾਸਤਾ ਆਪਣੇ ਪੇਟ ਲਈ। ਸ਼ਰਧਾਲੂ ਸਾਰੇ ਕੀ ਗਰੀਬ ਕੀ ਅਮੀਰ, ਚਾੜ੍ਹ ਜਾਂਦੇ ਨੇ ਤਿਲ ਫੁਲ ਮੁਤਾਬਕ ਆਪੋ ਆਪਣੀ ਮਨੌਤ ਦੇ । ਵਾਹ ਭਗਤੀ ! ਤੇਰੇ ਰੰਗ, ਰੱਬ ਦੇ ਨਾਂ ਥੱਲੇ ਦੁਕਾਨਦਾਰੀ, ਚੋਰ ਬਾਜ਼ਾਰੀ, ਹੇਰਾ ਫੇਰੀ, ਰਿਸ਼ਵਤ ਖੋਰੀ। ... ... ... ਬੜੇ ਬੜੇ ਸਾਧ ਸੰਤ, ਰੋਂਡ ਮੋਂਡ, ਬ੍ਰਹਮਚਾਰੀ, ਜਟਾ ਧਾਰੀ, ਚਕਰ ਧਾਰੀ, ਪਉਣ ਅਹਾਰੀ, ਦੁਧਾ ਧਾਰੀ, ਭੇਖ ਧਾਰੀ, ਅੱਖਾਂ ਮੁੰਦ, ਤਾੜੀ ਲਾ, ਪੁਠੇ ਲਟਕ ਖੂਹਾਂ ਵਿਚ, ਸਿਰਾਂ ਵਿਚ ਪਾ ਪਾ ਰੁਗ ਸਵਾਹ ਦੇ, ਕਰਦੇ ਨੇ ਭਗਤੀ ਖੌਰੇ ਕੇਹੜੇ ਰੱਬ ਦੀ ? ਮੰਗ ਖਾਣਾ ਤੇ ਮਲੰਗ ਰਹਿਣਾ ਕੌਣ ਕਹਿੰਦੈ ਇਹ ਨੇ ਲੱਛਣ ਭਗਤੀ ਦੇ ? ਕਈ ਦੇਖੇ ਨੇ ਭਗਤ ਭਰੇ ਕ੍ਰੋਧ ਦੇ, ਭਰੇ ਈਰਖਾ ਦੇ, ਭਰੇ ਦਵੈਖ ਦੇ, ਕੰਮ ਚੋਰ, ਹਰਾਮਖੋਰ, ਚੋਬਰ, ਕਾਮੀਂ, ਮੋਮੋਂ ਠਗਨੇ, ਚਾਰੇ ਐਬ ਸ਼ਰੇਈ । ਭੋਲੇ ਲੋਕ ਡਰਦੇ ਸਮਝ ਨਿੰਦਿਆ ਸਾਧ ਦੀ ਖੁਭੇ ਬੈਠੇ ਨੇ ਇਨ੍ਹਾਂ ਦੇ ਫਰੇਬ ਵਿਚ। ... ... ... ਜੇ ਪਪੀਹੇ ਦੀ ਪੀ ਪੀ, ਚਕਵੀ ਦੀ ਤੂ ਤੂ, ਕੋਇਲ ਦੀ ਕੂ ਕੂ, ਚਿੜੀਆਂ ਦੀ ਚੂ ਚੂ, ਤੇ ਟਟੀਰੀ ਦੀ ਰੀ ਰੀ, ਭਗਤੀ ਏ ਸਿਰਜਨਹਾਰ ਦੀ ਤੇ ਪੂਰਨ ਹੁੰਦੀਆਂ ਨੇ ਆਸਾਂ ਬਿਨਾਂ ਮੰਗੇ ਨਿਤ ਇਨ੍ਹਾਂ ਪੰਖੇਰੂਆਂ ਦੀਆਂ, ਫੇਰ ਮੈਂ ਕਿਉਂ ਕਰਾਂ ਡੰਡੌਤ ਲੋੜਾਂ ਆਪਣੀਆਂ ਲਈ ? ਰੱਬ ਮਾਂ ਨਹੀਂ ਜੋ ਦੇਵੇ ਦੁੱਧ ਰੋਂਦਾ ਵੇਖ ਬੱਚੇ ਆਪਣੇ ਨੂੰ ! ਆਹ ! ਅਸਾਂ ਪਾ ਲਈਆਂ ਨੇ ਉਂਗਲਾਂ ਕੰਨਾਂ ਵਿਚ ਤੇ ਨਹੀਂ ਸੁਣਦੇ ਗੁਰੂ ਨਾਨਕ ਦੀ ਇਹ ਆਵਾਜ਼ ਕਿ "ਦੇਂਦਾ ਰਹੇ ਨਾ ਚੂਕੇ ਭੋਗ'' ਤੇ ਸਹੇੜੀ ਬੈਠੇ ਹਾਂ ਆਪਣੇ ਆਪ ਕਈ ਰੋਗ। ਨਰਕ ਕੋਈ ਨਹੀਂ, ਸਵਰਗ ਕੋਈ ਨਹੀਂ, ਜਮ ਕੋਈ ਨਹੀਂ, ਦੇਉਤੇ ਕੋਈ ਨਹੀਂ, ਸੰਕਲਪ ਆਪੋ ਆਪਣੇ ਘੇਰੀ ਬੈਠੇ ਨੇ ਮਨੁੱਖ ਨੂੰ । ਡਰਦਾ ਏ ਮਨੁੱਖ, ਤ੍ਰਬ੍ਹਕਦਾ ਏ ਮਨੁੱਖ, ਰੋਂਦਾ ਏ ਮਨੁੱਖ, ਹੱਸਦਾ ਏ ਮਨੁੱਖ, ਜਮ ਏ ਮਨੁੱਖ, ਦੇਉਤਾ ਏ ਮਨੁੱਖ, ਪਰ ਸਮਝਦਾ ਨਹੀਂ ਕਦੀ ਆਪਣਾ ਦੁਖ ਸੁਖ, ਆਪਣੇ ਕ੍ਰਿਆ ਕਰਮ, ਕਿ ਆਪਣੇ ਦਿਲ ਦਾ ਸ਼ੀਸ਼ਾ ਨਹੀਂ ਕਰਦਾ ਸਾਫ਼ ਕਦੀ। ਦੁਖ ਵੰਡਾਣਾ ਦੂਜੇ ਦਾ ਤੇ ਕ੍ਰਿਤ ਕਰਨੀ ਨੇਕ, ਰਜ਼ਾ ਵਿਚ ਰਹਿ ਕੇ। ਬਸ, ਪ੍ਰਵਾਨ ਹੈ ਰੱਬ ਨੂੰ ਇਹੋ ਭਗਤੀ ਮਨੁੱਖ ਦੀ, ਜੋ ਕਰ ਦਏ ਭਉਜਲ ਪਾਰ ਮਨੁੱਖ ਨੂੰ।

ਮੌਤ

ਮੌਤ ! ਤੂੰ ਕੀ ਏਂ ? ਮੈਨੂੰ ਪਤਾ ਨਹੀਂ, ਪਰ ਰਿਸ਼ਤਾ ਤੇਰਾ ਮੇਰਾ ਹੈ ਜ਼ਰੂਰ ਏਸ ਲਈ ਮੈਂ ਤੇਰਾ ਸਤਿਕਾਰ ਕਰਦਾ ਹਾਂ। ਤੂੰ ਆ, ਨਾ ਆ, ਮੈਂ ਤੇਰਾ ਇੰਤਜ਼ਾਰ ਕਰਦਾ ਹਾਂ । ... ... ... ਮੇਰੀ ਦੁਨੀਆਂ, ਮੇਰੇ ਦੁਖ, ਮੇਰੇ ਗ਼ਮ, ਰਹਿਣ ਦੇ ਤੂੰ ਮੇਰੇ ਲਈ, ਤੂੰ ਨਾ ਭਾਰ ਮੇਰੇ ਸਹੀਂ, ਕੀ ਹੋਇਆ ਮੇਰੇ ਪਰਬਤ ਦੇ ਨਾਲ, ਠੰਡੀਆਂ ਹਵਾਵਾਂ ਆ ਆ ਨਹੀਂ ਟਕਰਾਂਦੀਆਂ ਤੇ ਕਿਸੇ ਦੀ ਮੇਹਰ ਦੇ ਮੀਂਹ ਤੂੰ ਵਾਂਜਾ ਹਾਂ ਮੈਂ । ਆਸਾਂ ਦੇ ਤੀਲੇ ਵੀ ਭਾਵੇਂ ਸੁੱਕ ਗਏ, ਸੜ ਗਏ, ਝੜ ਗਏ, ਪਰ ਅਜੇ ਵੀ ਨਾ ਆਵੀਂ ਤੂੰ ਮੇਰੀਏ ਜੁਗਾਂ ਜੁਗਾਂ ਦੀਏ ਸਹੇਲੀਏ । ਮੈਨੂੰ ਪਿਛਲੇ ਜਨਮਾਂ ਦੀਆਂ ਯਾਦਾਂ ਹੁਣ ਭੁਲ ਗਈਆਂ, ਏਸ ਜਨਮ ਦੀਆਂ ਯਾਦਾਂ ਕਿਵੇਂ ਮੈਂ ਯਾਦ ਰਖ ਸਕਾਂਗਾ ਅਗੋਂ ? ਕੀ ਦਿਵਾ ਸਕਨੀ ਏਂ ਭਰੋਸਾ ਤੂੰ ਆਪਣੇ ਕਿਸੇ ਗਵਾਂਢੀ ਫਰਿਸ਼ਤੇ ਕੋਲੋਂ ? ਅਜੇ ਤੇ ਮੈਂ ਬੀਤੇ ਭਲੇ ਦਿਨ ਤਕ ਲੈਨਾਂ, ਘੜੀ ਦੋ ਘੜੀ ਹੱਸ ਲੈਨਾਂ, ਦੁੱਖਾਂ ਦੀ ਭਾਰੀ ਪੰਡ ਪੈਰਾਂ ਦੇ ਥੱਲੇ ਧਰ ਕੇ ਆਪਣੇ ... ... ... ਜਦ ਤਕ ਹੌਕੇ ਮੇਰੇ ਨਹੀਂ ਮੁਕਦੇ, ਹੰਝੂ ਮੇਰੇ ਨਹੀਂ ਸੁਕਦੇ, ਤੇ ਵਿਸਰਦੀਆਂ ਯਾਦਾਂ ਨਹੀਂ, ਤੇ ਅਹੁੜਦੀਆਂ ਫਰਿਆਦਾਂ ਨਹੀਂ, ਜੀ ਲੈਣ ਦੇ, ਦੋ ਘੁੱਟ ਕੌੜੇ ਹੋਰ ਪੀ ਲੈਣ ਦੇ, ਆਖਰ ਮੈਂ ਤੇਰਾ ਸਤਿਕਾਰ ਕਰਦਾ ਹਾਂ ਤੇਰਾ ਇੰਤਜ਼ਾਰ ਕਰਦਾ ਹਾਂ।

ਨਿਹੁੰ

ਪਾਪੀ ਲੋਕ ਜਹਾਨ ਦੇ, ਕਿਉਂ ਬਦਨਾਮ ਨਿਹੁੰ ਨੂੰ ਕਰਦੇ ? ਲੰਘਦੀ ਕੋਲੋਂ ਵੇਖ ਜਵਾਨੀ, ਕਿਉਂ ਨੇ ਹੌਕੇ ਭਰਦੇ ? 'ਜ਼ੋਰੀ ਲਾਇਆ ਲਗਦਾ ਨਹੀਂ, ਤੋੜਿਆਂ ਇਹ ਨਹੀਂ ਟੁਟਦਾ।' ਖੂਨੇ ਜਿਗਰ ਨਾਲ ਲਿਖ ਕੇ ਧਰ ਗਏ, ਆਸ਼ਕ ਸੂਲੀ ਚੜ੍ਹਦੇ ।

ਸੋਹਣੀ

ਸੋਹਣੀ ! ਕੌਣ ਸੋਹਣੀ ? ਉਹ ਘੁਮਾਰਨ ਜੋ ਘੜੇ ਚੱਕ ਤੇ ਚਾੜ੍ਹਦੀ ਚਾੜ੍ਹਦੀ ਆਪ ਕੱਚੀ, ਗੋਈ ਹੋਈ ਮਿੱਟੀ ਚਿੱਟੀ ਪੋਚੇ ਵਾਲੀ ਪਲੋਈ ਹੋਈ ਰੱਬ ਦੇ ਨੂਰ ਵਿਚ, ਚੜ੍ਹ ਗਈ ਮਹੀਂਵਾਲ ਦੇ ਪਿਆਰ-ਚੱਕ ਤੇ । ਉਹੋ ਸੋਹਣੀ ਜਿਦ੍ਹੇ ਮਹੀਂਵਾਲ ਨੂੰ ਘੁਮਿਆਰਾਂ ਮਾਰ ਮਾਰ ਛਾਂਟਾਂ ਪਾ ਦਿਤੀਆਂ ਛਾਂਟਾਂ ਤੇ ਚਾੜ ਦਿਤਾ ਪਾਰ ਝਨਾਂ ਤੋਂ ? ਉਹੋ ਸੋਹਣੀ ਭੁਖੀ ਪਿਆਰ ਦੀ ਕਰ ਜਾਂਦੀ ਪਾਰ ਝਨਾਂ ਨੂੰ ਘੜੇ ਦੇ ਸਹਾਰੇ ਟੁੱ ਬੀ ਲਾ ਕੇ ਲੰਮੀ ਇਕੋ ਸਾਹੇ ਤੇ ਨੁਚੜਦੇ ਕਪੜੀਂ ਧੜਕਦੇ ਦਿਲ ਨਾਲ ਵਿਲਕਦੇ ਅਰਮਾਨਾਂ ਨਾਲ ਛਲਕਦੇ ਨੈਣਾਂ ਨਾਲ ਪਾ ਗਲਵਕੜੀ ਬੁਝਾ ਲੈਂਦੀ ਅੱਗ ਬਿਰਹੋਂ ਦੀ ਉਡੀਕ ਵਿਚ ਬੈਠੇ ਨਾਲ ਮਹੀਂ ਵਾਲ ਦੇ । ਆਹੋ ਵੇਖੀ ਸੀ ਉਹ ਸੋਹਣੀ ਲੜ ਕੇ ਨਨਾਣ ਨਾਲ ਰੁੱਸ ਕੇ ਦਿਓਰਾਂ ਨਾਲ ਖਾਵੇ ਪਈ ਮੱਛੀ ਬੈਠੀ ਧੂਣੀ ਯਾਰ ਦੀ ਤੇ ਲਾ ਲਾ ਪਚਾਕੇ ਓਧਰ ਘਊਂ ਮਊਂ ਹੁੰਦਾ ਜਾਵੇ ਦਿਲ ਮਹੀਂਵਾਲ ਦਾ ਵੇਖ ਵੇਖ ਚੰਨ ਮੁਖੜਾ । ਉਹੋ ਸੋਹਣੀ ਭਾਂਬੜ ਇਸ਼ਕ ਦਾ ਜਿਨ੍ਹਾਂ ਰਾਹਾਂ ਤੋਂ ਜਾਏ ਲੰਘਦੀ ਲਾਈ ਜਾਏ ਮੁਆਤੇ ਅਮੀਰਾਂ ਦੇ ਮੁਨਾਚਿਆਂ ਨੂੰ ਜੋ ਤਾੜ ਤਾੜ ਚੁਬਾਰਿਆਂ ਤੋਂ ਅੱਖਾਂ ਮੈਲੀਆਂ ਨਾਲ ਭਰਨ ਠੰਢੇ ਸਾਹ ਭੌਂਕਣ ਅੰਨ੍ਹੇ ਵਾਹ ਬੇਪ੍ਰਵਾਹ ਸਮਝ ਜਵਾਨੀ ਗਰੀਬੜੀ ਕੁੜੀ ਘੁਮਾਰਾਂ ਦੀ ਮੂੜ੍ਹ ਗਵਾਰਾਂ ਦੀ। ਉਹੋ ਸੋਹਣੀ ਠੀਕ ! ਠੀਕ !! ਜਿਹਦੀ ਵੈਰਨ ਨਨਾਣ ਜ਼ਨਾਨੀ ਹੋ ਕੇ ਜ਼ਨਾਨੀ ਦੀ ਪਾਕ ਪ੍ਰੀਤ ਸਮਝ ਨਾ ਸਕੀ ਸੋਹਣੀ ਦੇ ਹਿਕ-ਉਭਾਰਾਂ ਅੰਦਰ ਚੜ੍ਹ ਰਹੀਆਂ ਇਸ਼ਕ ਦੀਆਂ ਕਾਂਗਾਂ ਵੇਖ ਵੇਖ ਝਨਾਂ ਦੇ ਗੇਰੀ ਰੰਗੇ ਪਾਣੀ ਨੂੰ ਹੜ੍ਹਾਂ ਦੇ ਦਿਨੀਂ ਜਰ ਨ ਸਕੀ ਸੜ ਬਲ ਜਾਣੀ ਭੈਣ ਕੈਦੋ ਲੰਙੇ ਦੀ। ਜਿਸ ਇਕ ਕਾਲੀ ਬੋਲੀ ਮੀਂਹ ਕਣੀ ਦੀ ਰਾਤੀ ਰੱਖ ਦਿਤਾ ਘੜਾ ਪੱਕੇ ਦੀ ਥਾਂ ਕੱਚਾ ਤੇ ਯਮਲੀ ਹੋ ਕੇ ਮਾਰਨ ਲਗੀ ਘੁਰਾੜੇ ਝੂਠੇ ਪੈ ਕੇ ਪਸਾਰ ਵਿਚ ਪਰ ਕੀ ਉਹ ਸੋਹਣੀ ਡਰ ਗਈ ਵੇਖ ਘੜਾ ਕੱਚਾ ? ਨਾ, ਬਿਲਕੁਲ ਨਾ, ਸਗੋਂ ਉਠ ਤੁਰੀ ਉਛਾਲੇ ਖਾਂਦੇ ਦਰਿਆ ਵਲ ਪੋਲੇ ਪੈਰੀਂ ਦੱਬੇ ਪੈਰੀਂ ਨੰਗੇ ਪੈਰੀਂ ਕੱਛੇ ਮਾਰ ਘੜੇ ਨੂੰ ਪੱਕਿਆਂ ਕਰਨ ਰਹਿੰਦੀ ਦੁਨੀਆਂ ਤੀਕ ਆਪਣੇ ਇਸ਼ਕ ਦੇ ਸੇਕ ਨਾਲ । ਆਹ ! ਮੈਂ ਵੇਖੀ ਉਹ ਸੋਹਣੀ ਠਿੱਲ੍ਹਦੀ ਵਿਚ ਤੂਫਾਨ ਦੇ ਕਰ ਕੇ ਮੂੰਹ ਆਪਣੇ ਪਾਰ ਉਡੀਕਦੇ ਮਾਹੀ ਵਲ ਗਾਂਦੀ ਗੀਤ ਪ੍ਰੀਤ ਦੇ ‘ਨੈਂ ਤਰਦੀ ਰਾਤੀਂ’ ਆ ਰਹੀ ਓ... ... ... ਮੈਂ ਆ ਰਹੀ ਮੈਂ ਆ ਰਹੀ ਮੇਰੇ ਪਾਰ ਵਸੇਂਦੇ ਮਾਹੀ ਮੈਂ ਆ ਰਹੀ। ਡੁਬਦੀ ਜਾਂਦੀ ਸੋਹਣੀ ਨਾਲ ਡੁਬਦੇ ਜਾਂਦੇ ਗੀਤ ਦੀ ਆਵਾਜ਼ ਸੁਣ ਮਾਰ ਦਿਤੀ ਛਾਲ ਮਹੀਂ ਵਾਲ ਨੇ ਤੇ ਲਿਪਟ ਕੇ ਨਾਲ ਆਪਣੀ ਨਾਜੋ ਦੇ ਲੁਕਾ ਲਿਆ ਪਾਣੀ ਦੀ ਗੋਦ ਵਿਚ ਦਿਲ ਦੀ ਟੋਟੀ ਨੂੰ ਜਿਗਰ ਦੀ ਬੋਟੀ ਨੂੰ ਕਮਜ਼ਾਤ ਸਮਾਜ ਕੋਲੋਂ ਸਦਾ ਲਈ-

ਗ਼ਰੀਬੀ

ਗ਼ਰੀਬੀ! ਨਾ ਘਬਰਾ, ਨਾ ਫੜਫੜਾ, ਨਾ ਲੜਖੜਾ, ਤੂੰ ਨਹੀਂ ਹੋ ਸਕਦੀ ਖਤਮ ਜਹਾਨ ਵਿਚੋਂ । ਮਾਰਕਸ ਦੀਆਂ ਥੀਊਰੀਆਂ ਲੈਨਿਨ ਦੀਆਂ ਲੂਹਰੀਆਂ ਤੇ ਸਟਾਲਿਨ ਦੀਆਂ ਘੂਰੀਆਂ ਕੀ ਵਿਗਾੜ ਸਕੀਆਂ ਤੇਰਾ ? ਤੇਰਾ ਹਲਦੀ ਵਰਗਾ ਰੰਗ, ਤੇਰੀਆਂ ਗੌਤਮ ਵਰਗੀਆਂ ਹੜਬਾਂ, ਤੇਰਾ ਫਕੀਰਾਂ ਵਰਗਾ ਵੇਸ ਹੈ ਨਾ ਵੈਸੇ ਦਾ ਵੈਸਾ ਅਨ-ਛੋਹ ? ... ... ... ਅਮੀਰੀ ! ਜੜ੍ਹ ਪਾਪਾਂ ਦੀ, ਐਵੇਂ ਨਹੀਂ ਕਹਿ ਗਏ ਸਿਆਣੇ : "ਢਿਡ ਭਰਿਆ ਤੇ ਰੱਬ ਡਰਿਆ।” ਅਮੀਰਾਂ ਦੀ ਮਹਿਲੀਂ ਸੋਨਾ, ਚਾਂਦੀ, ਹੀਰੇ, ਮੋਤੀ, ਰੇਸ਼ਮ, ਅਬਰੇਸ਼ਮ, ਵੈਲਵਟ, ਮਖ਼ਮਲ, ਸ਼ਰਾਬ, ਕਬਾਬ, ਨਾਚ ਰੰਗ, ਦਗਾ ਫਰੇਬ, ਬੇ-ਹਯਾਈ, ਬੇ-ਵਫਾਈ, ਬਦਕਾਰੀ, ਸਿਤਮਗਾਰੀ, ਮਨੁੱਖ ਮਨੁੱਖ ਲਈ ਅਦਾਵਤ, ਤੇ ਰੱਬ ਤੋਂ ਬਗ਼ਾਵਤ, ਛੀਹ ! ਛੀਹ ! ਛੀਹ !!! ... ... ... ਗਰੀਬੀ ! ਤੇਰੀਆਂ ਝੁੱਗੀਆਂ ਤੇਰੇ ਛੰਨੇ ਢਾਰੇ ਰਹਿਣਗੇ ਆਬਾਦ ਪਰਲੋ ਤੀਕ ਜਿਸ ਵਿਚ ਵੱਸੇ ਸਬਰ, ਸਿਦਕ, ਭਰੋਸਾ, ਦੁੱਖ, ਦਰਦ, ਹਿੰਮਤ, ਮੇਹਨਤ, ਆਚਾਰ, ਪਿਆਰ, ਹਯਾ, ਵਫਾ, ਤੇ ਛਹਿਬਰ ਲਗੀ ਰਹੇ ਰੱਬ ਦੇ ਨਾਂ ਦੀ, ਆਉਣ ਆਵਾਜ਼ਾਂ ਦੂਰੋਂ ਅੱਲਾ ਹੂ ਦੀਆਂ । ਗ਼ਰੀਬੀ। ਜੈ ਜੈ ਜੈ—ਗ਼ਰੀਬੀ।

ਗੁਰੂ ਨਾਨਕ

ਨਾਨਕ ! ਮਾਤਾ ਤ੍ਰਿਪਤਾ ਦੀ ਅੱਖ ਦਾ ਤਾਰਾ, ਕਾਲੂ ਦੁਲਾਰਾ, ਨਾਨਕੀ ਦਾ ਵੀਰ, ਆ ਗਿਆ, ਆ ਗਿਆ, ਦੇਣ ਲਈ ਧੀਰ ਸੰਸਾਰ ਨੂੰ ਪੀਰ ਜਗਤ ਦਾ। ... ... ... ਦਾਈ- ਭਾਗਾਂ ਵਾਲੀ, ਜਿਸ ਪਾਇਆ ਦਰਸ਼ਨ ਬਾਲ ਰੂਪ ਵਿਚ ਨਿਰੰਕਾਰ ਦਾ ਚੋਜੀ ਕਰਤਾਰ ਦਾ ਸਭ ਸ੍ਰਿਸ਼ਟੀ ਤੋਂ ਪਹਿਲਾਂ, ਤੇ ਹੋ ਗਈ ਖੀਵੀ ਵੇਖ ਨੂਰ ਅੱਲਾ ਦੇ ਨੂੰ ਉਤਰਿਆ ਤਲਵੰਡੀ ਰਾਇ ਭੋਏ ਦੀ ਵਿਚ । ... ... ... ਮੁਲਾਂ ਕੋਲ ਵੀ ਗਿਆ, ਨਾਨਕ, ਪਾਂਧੇ ਕੋਲ ਵੀ ਗਿਆ, ਨਾਨਕ, ਘੋਖਣ ਕੁਰਾਨ ਨੂੰ, ਗੀਤਾ ਦੇ ਗਿਆਨ ਨੂੰ ਬਾਲੜੀ ਉਮਰੇ, ਨਿਕੇ ਨਿਕੇ ਹੱਥਾਂ ਵਿਚ ਫੜ ਕੇ ਪੱਟੀ, ਕੱਛੇ ਮਾਰ ਕੈਦਾ ਅਲਫ ਬੇ ਵਾਲਾ, ਕਾ ਖਾ ਵਾਲਾ। ਕਸਤੂਰੀ ਦੀ ਖੁਸ਼ਬੂ ਫੈਲ ਉਠੀ ਤਲਵੰਡੀ ਮਹਿਕ ਉਠੀ ਸੁਣ ਸੁਣ ਗਲਾਂ ਮੁੱਲਾਂ ਪਾਂਧੇ ਦੀਆਂ ਜੋ ਹੋ ਗਏ ਹੈਰਾਨ ਵੇਖ ਨਿਰਾਲਾ ਵਿਦਿਆਰਥੀ। ਖੇਤ ਝੂਮ ਉਠੇ, ਸੱਪ ਨਸ਼ਿਆ ਗਏ, ਤੇ ਰਾਏ ਬੁਲਾਰ ਕਰ ਦਿਤਾ ਉਜਾਗਰ ਵਲੀਆਂ ਦੇ ਵਲੀ ਨੂੰ ਜਗ ਵਿਚ । ... ... ... ਬਾਝੋਂ ਜਦ ਜਵਾਨੀ ਚੜ੍ਹਿਆ, ਦੁਨੀਆਂਦਾਰੀ ਦਾ ਰਾਹ ਫੜਿਆ । ਗ੍ਰਿਹਸਤ ਵੀ ਕੀਤਾ ਵਿਹਾਰ ਵੀ ਕੀਤਾ ਸੰਤਾਂ ਸਾਧਾਂ ਦਾ ਅਧਾਰ ਵੀ ਕੀਤਾ ਤੇ ਲਾ ਕੇ ਚੁਭੀ ਵਈਂ ਨਦੀ ਵਿਚ ‘ਤੇਰਾ ਤੇਰਾ’ ਜਪਣ ਵਾਲਾ ਨਿਕਲ ਤੁਰਿਆ ਪੈਦਲੋ ਪੈਦਲ ਬਾਲੇ ਮਰਦਾਨੇ ਨੂੰ ਲੈ ਕੇ ਨਾਲ, ਖਾਲੀ ਹੱਥ, ਸੋਧਣ ਧਰਤ ਲੁਕਾਈ ਨੂੰ। ... ... ... ਜੋਗੀ ਤਾਰੇ, ਭੋਗੀ ਤਾਰੇ, ਜਟਾ ਜੂਟ ਸੰਨਿਆਸੀ ਤਾਰੇ, ਵੇਦਾਂ ਦੇ ਅਭਿਆਸੀ ਤਾਰੇ। ਪੱਥਰ ਤਾਰੇ ਹੈਵਾਨ ਵੀ ਤਾਰੇ ਵੀ ਤਾਰੇ। ਬਾਬਰ ਜਿਹੇ ਸੁਲਤਾਨ ਵੀ ਤਾਰੇ। ... ... ... ਤੀਰਥ ਕੀਤੇ ਹੱਜ ਵੀ ਕੀਤੇ ਰਾਹੇ ਪਾਣ ਦੇ ਪੱਜ ਵੀ ਕੀਤੇ ਪਰ ਮਨੁੱਖਤਾ ਅਜੇ ਵੀ ਅੰਨ੍ਹੀ-ਬੋਲੀ-

ਤਾਜ

ਤਾਜ ! ਤੂੰ ਨਹੀਂ ਮੁਥਾਜ ਕਿਸੇ ਕਵੀ-ਲੇਖਕ-ਕਲਾਕਾਰ ਦਾ। ਤੈਨੂੰ ਵੇਖਦਿਆਂ ਸਿਮਦੇ ਨੇ ਖਿਆਲ, ਫੁਟਦੀ ਏ ਕਵਿਤਾ, ਉਘੜਦੇ ਨੇ ਨਕਸ਼, ਤੇ ਔਹੜਦੀਆਂ ਨੇ ਯਾਦਾਂ ਓਸ ਯੁਗ ਦੀਆਂ ਜਦ ਕਰਦਾ ਪਿਆਰ ਸੀ ਸ਼ਾਹ ਜਹਾਨ ਆਪਣੀ ਮੁਮਤਾਜ਼ ਨੂੰ। ... ... ... ਤਾਜ ! ਤੂੰ ਏਂ ਸੋਹਣਾ ਯਾ ਸੋਹਣੀ ਸੀ ਮੁਮਤਾਜ਼ ? ਆਹ ! ਖੋਲ੍ਹਣ ਵਾਲਾ ਇਹ ਰਾਜ਼, ਤੇਰੀ ਗੋਦ ਵਿਚ ਉਹ ਸੁੱਤਾ ਪਿਐ ‘ਗਰੀਬ ਨਵਾਜ਼' ਲੰਮੀ ਚਾਦਰ ਤਾਣ ਕੇ । ... ... ... ਤਾਜ ! ਨੱਢੀਆਂ ਹੋ ਗਈਆਂ ਬੁੱਢੀਆਂ ਰਗੜ ਰਗੜ ਕੇ ਪੱਥਰ ਤੇਰੇ ਮਰਮਰੀ ਕਰਦੀਆਂ ਮਜੂਰੀ ਸਾਲਾਂ ਦੇ ਸਾਲ ਈ । ਸੰਗ ਤ੍ਰਾਸ਼ਾਂ ਮਕਬਰਾ ਨਹੀਂ ਤਰਾਸ਼ਿਆ ਤਰਾਸ਼ਿਐ ਪਿਆਰ ਓਸ ਮੁਗਲ ਪਠਾਨ ਦਾ ਬਾਬਰ ਦੀ ਸੰਤਾਨ ਦਾ ਸ਼ਾਹ ਜਹਾਨ ਦਾ ਜੋ ਡੁੱਬਾ ਮੋਹ ਵਿਚ ਵੰਡਦਾ ਫਿਰਦਾ ਸੀ ਦੀਨਾਰ ਚੋਰੀ ਚੋਰੀ ਅੱਧੀ ਅੱਧੀ ਰਾਤ ਤਕ ਮੁਮਤਾਜ਼ ਦਿਆਂ ਕਾਮਿਆਂ ਨੂੰ ਝੋਲਾਂ ਭਰ ਭਰ ਆਪਣੀ ... ... ... ਤਾਜ ! ਤੇਰੇ ਚੌਗਿਰਦੇ ਵੰਡੀਦਾ ਵੇਖ ਪਿਆਰ ਪੰਡਾਂ ਭਰ ਭਰ ਤੀਵੀਆਂ ਮਰਦਾਂ ਨੂੰ, ਪਸ਼ੂਆਂ-ਪੰਛੀਆਂ ਨੂੰ ਮਿੱਟੀ ਨੂੰ, ਪੱਥਰ ਨੂੰ, ਚੂਨੇ ਨੂੰ, ਸੁਰਖੀ ਨੂੰ, ਤੇ ਸੀ ਨੂੰ, ਕਾਂਡੀ ਨੂੰ, ਲੰਗਰ ਦੀ ਸਾਂਝੀ ਹਾਂਡੀ ਨੂੰ, ਦੂਰ ਵਗੇਂਦੀ ਜਮਨਾ ਨੂੰ ਪੈ ਗਈ ਕਨਸੋ, ਬਾਵਰੀ ਗਈ ਹੋ, ਕਰਦੀ ਮਾਰੋ ਮਾਰ, ਰਾਹ ਛੱਡ ਆਪਣਾ ਆ ਢੱਠੀ ਤੇਰੇ ਦਵਾਰ ਤੇ ਲਕੋ ਲਿਆ ਪਿਆਰ ਸਦਾ ਲਈ ਆਪਣੀ ਨਿਰਮਲ ਧਾਰਾ ਵਿਚ ... ... ... ਤਾਜ ! ਤੂੰ ਹੈਂ ਇਕੋ ਇਕ ਤੀਰਥ ਸਾਡੀ ਧਰਤੀ ਦੀ ਹਿਕ ਤੇ ਜਿਸਨੂੰ ਕਰਨ ਸਿਜਦੇ ਆ ਆ ਭਿਕਸ਼ੂ ਦੂਰੋਂ ਦੂਰੋਂ ਬਿਨਾਂ ਭਿੰਨ ਭੇਦ ਦੇ ਸੰਭਾਲ ਸੰਭਾਲ ਪਿਆਰ ਆਪਣੀ ਹਿਕ ਵਿਚ। ਤੇ ਪਹੁੰਚਦੇ ਹੀ ਦਰ ਤੇ ਤੇਰੇ ਕਰ ਕੇ ਚੰਨਾਂ ਤੇਰਾ ਦੀਦ ਮਨਾ ਲੈਂਦੇ ਨੇ ਆਪਣੀ ਈਦ ਤੇ ਕਰ ਦੇਂਦੇ ਨੇ ਭੇਟਾ ਤੇਰੀ ਆਪਣੇ ਪਿਆਰ ਨੂੰ ਕੇਰ ਕੇਰ ਅੱਥਰੂ ਆਪਣੇ। ... ... ... ਤਾਜ ! ਤੂੰ ਜੀ ਜੀ ਪਰਲੋ ਤੀਕ ਜੀ- ਐ ਕਾਅਬੇ ਪਿਆਰ ਦੇ ਵੇ ਜੀ ! ਜੀ !! ਜੀ !!!

ਪੰਜਾਬ ਦੀ ਕੁੜੀ

ਸਹਿਕ ਸਹਿਕ ਤੈਨੂੰ ਰੱਬ ਨੇ ਘੜਿਆ, ਨੀ ਕਲੀਏ ਜੱਨਤ ਦੇ ਬਾਗ ਦੀਏ । ਪਿਆਰ-ਸਾਗਰ ਨੂੰ ਤਰਨਾ ਜਾਣੇਂ, ਨੀ ਲਹਿਰੇ ਮੇਰੇ ਚਨਾਬ ਦੀਏ । ਸ਼ਰਮ, ਧਰਮ ਤੇ ਗ਼ੈਰਤ, ਇਜ਼ਤ, ਤੈਨੂੰ ਦਾਤਾਂ ਰੱਬ ਨੇ ਦਿਤੀਆਂ, ਤੇਜ ਤੇਰੇ ਦੀ ਝਾਲ ਕੌਣ ਝੱਲੇ ? ਨੀ ਕੁੜੀਏ ਦੇਸ਼ ਪੰਜਾਬ ਦੀਏ।

ਬਾਲਾ ਪ੍ਰੀਤਮ

ਪੋਹ ਦੀ ਰੁੱਤੇ ਵੇਖ ਪ੍ਰਕਾਸ਼ ਨੂਰੀ ਜੋਤ ਦਾ ਚੁੰਧਿਆ ਗਈਆਂ ਅੱਖੀਆਂ ਕਿਸੇ ਪਾਰਖੂ ਦੀਆਂ ਅੱਲਾ ਦੇ ਪਿਆਰੇ ਦੀਆਂ ਸਾਈਂ ਦੇ ਸਵਾਰੇ ਦੀਆਂ ਜੋ ਝੁਕ ਗਿਆ ਵਿਚ ਸਿਜਦੇ ਲਹਿੰਦੇ ਦੀ ਥਾਂ ਚੜ੍ਹਦੇ ਤੇ ਛੱਡ ਘਰ ਬਾਰ ਤੁਰ ਪਿਆ ਕਰਦਾ ਮਾਰੋ ਮਾਰ ਵਲ ਪਟਨੇ ਦੇ । ਰਾਏ ਬੁਲਾਰ ਪਛਾਣਿਆ ਨਾਨਕ ਨੂੰ ਭੀਖਣ ਸ਼ਾਹ ਜਾਣਿਆ ਗੋਬਿੰਦ ਨੂੰ। ... ... ... ਜੁਗਾਂ ਦੇ ਜਾਗ ਪਏ ਭਾਗ ਗੰਗਾ ਦੇ ਜਿਸ ਪਾ ਵਾਸਤਾ ਪਾਰਬਤੀ ਦੇ ਰਾਗ ਦਾ ਸ਼ਿਵਾਂ ਦੇ ਕਾਲੇ ਨਾਗ ਦਾ ਬਿਧਰ ਦੇ ਅਲੂਣੇ ਸਾਗ ਦਾ ਕੱਢ ਕੇ ਬਾਂਹ ਗੋਰੀਆਂ ਗੰਨੇ ਦੀਆਂ ਪੋਰੀਆਂ ਆਲੇ ਭੋਲੇ ਨਾਥ ਦੀ ਜਾਈ ਨੇ ਦੀਦ ਦੀ ਤਿਹਾਈ ਨੇ ਲੁਹਾ ਲਏ ਕੜੇ ਲਾਲਾਂ ਜੜੇ ਹੀਰਿਆਂ ਜੜੇ ਪੰਨਿਆਂ ਜੜੇ ਬਾਲੇ ਪ੍ਰੀਤਮ ਦੇ ਚੋਜੀ ਪ੍ਰੀਤਮ ਦੇ ਅਰਸ਼ੀ ਪ੍ਰੀਤਮ ਦੇ । ... ... ... ਫੇਰ ਰਾਣੀ ਵੀ ਤਰ ਗਈ ਊਣੀ ਊਣੀ ਸਖਣੀ ਸਖਣੀ ਝੋਲ ਉਹਦੀ ਭਰ ਗਈ ਗਲ ਨਾਲ ਲਾ ਕੇ ਗੋਦ ਵਿਚ ਬਠਾ ਕੇ ਛੋਲੇ ਖੁਆ ਕੇ ਨਿਕੇ ਜਿਹੇ ਬਾਲ ਨੂੰ, ਮਾਤਾ ਗੁਜਰੀ ਦੇ ਲਾਲ ਨੂੰ, ਆਪ ਅਕਾਲ ਨੂੰ।

ਪਿਆਰ

ਮੇਰਾ ਪਿਆਰ ! ਕਿੰਨਾ ਕੁ ਮੇਰਾ ਪਿਆਰ ? ਅੜਿਆ ਇਹ ਨਾ ਪੁਛ ਮੈਥੋਂ, ਕਰਮਾਂ ਵਾਲਿਆ ਇਹ ਨਾ ਪੁਛ । ਦਿਲ ਦੀ ਧੜਕਣ ਗਿਣ ਲਈ ਲੋਕਾਂ ਖੂਨ ਦੀ ਗਰਮੀ ਮਿਣ ਲਈ ਲੋਕਾਂ, ਕਈ ਬਣ ਗਏ ਥਰਮਾ ਮੀਟਰ, ਲੈਕਟੋਮੀਟਰ, ਬੈਰੋਮੀਟਰ, ਤੇ ਕੀ ਕੀ ਨਹੀਂ ਬਣ ਰਿਹਾ ਹੋਰ । ਰੱਬ ਨੇ ਸਭ ਕੁਛ ਬਣਾਇਆ ਮਨੁਖ ਲਈ ਤੇ ਮਨੁਖ ਨੇ ਬਹੁਤ ਕੁਛ ਲਿਆ ਲਭ ਏਸ ਖਿਲਰ ਖਲੇਰ ਵਿਚੋਂ ਆਪਣੇ ਸੁਖ ਲਈ, ਤੇ ਅਜੇ ਅਗੇ ਹੀ ਅਗੇ ਇਹਦੀ ਤੋਰ। ਡਿਗਦੀ ਬਿਜਲੀ ਦੀ ਵੋਲਟੇਜ ਨਾਪਨ ਲਈ ਦਿਨ ਰਾਤ ਸੋਚਦੇ ਨੇ ਇੰਜੀਨੀਅਰ ਬੈਠ ਵਡੀਆਂ ਵਡੀਆਂ ਲਬਾਰੇਟਰੀਆਂ ਵਿਚ, ਪਰ ਅਰਸ਼ੋਂ ਡਿਗਦੀ ਬਿਜਲੀ ਕਰ ਜਾਂਦੀ ਏ ਭਸਮ ਹਰ ਵਾਰੀ ਸਾਰੇ ਮਨਸੂਬੇ ਏਸ ਚਾਤਰ ਇਨਸਾਨ ਦੇ । ਹੋ ਸਕਦੈ ਹਮਾਲੀਆ ਦੀ ਚੋਟੀ ਵਾਂਗੂੰ ਕਲ੍ਹ ਪਾ ਲਏ ਜਿਤ ਇਨਸਾਨ, ਅੰਬਰਾਂ ਤੇ ਕੜਕਦੀ ਤੇ ਚਮਕਦੀ ਏਸ ਬਿਜਲੀ ਦੀ ਤਾਕਤ ਤੇ ਵੀ, ਪਰ ਝਨਾਂ ਜਿਹੇ ਦਰਿਆ, ਤੇ ਰੱਸੇ ਫਾਂਸੀ ਦੇ, ਆਰੇ ਦੋ ਧਾਰੇ, ਤਿਖੇ ਤੇਸੇ ਤੇ ਰੰਬੀਆਂ, ਪਿਆਲੇ ਜ਼ਹਿਰ ਦੇ, ਤੇ ਗੁਸੇ ਕਹਿਰ ਦੇ, ਸਾਰੇ ਪੁਕਾਰ ਪੁਕਾਰ ਰਹੇ ਨੇ ਸੁਣਾ ਪਿਆਰ ਜੇ ਰੱਬ ਵਾਂਗ ਅਬਾਹ, ਫੇਰ ਜੀਵਨ ਜੋਗਿਆ ਮੈਂ ਕੀ ਦਸਾਂ ਕਿੰਨਾ ਕੁ ਮੇਰਾ ਪਿਆਰ ।

ਨਹਿਰੂ

ਨਹਿਰੂ ਜਿਹਾ ਨਾ ਲੀਡਰ ਦਿਸੇ, ਅੱਜ ਧਰਤੀ ਤੇ ਸਾਰੇ। ਅਕਲ ਜ੍ਹਿਦੀ ਦੇ ਤੀਰਾਂ ਅਗੇ, ਐਟਮਾਂ ਵਾਲੇ ਹਾਰੇ । ਦਰਦ ਜਗ ਦਾ ਸਾਂਭੀ ਬੈਠਾ, ਆਪਣੀ ਹਿੱਕ ਦੇ ਅੰਦਰ । ਭਾਰਤ ਮਾਂ ਦੀ ਅੱਖ ਤਾਰਾ, ਡਲ੍ਹਕ ਨਿਰਾਲੀ ਮਾਰੇ ।

ਸੁੰਦਰਤਾ

ਸੁੰਦਰਤਾ ! ਤੈਨੂੰ ਨਮਸਕਾਰ, ਸੌ ਸੌ ਵਾਰ ਨਮਸਕਾਰ । ਉਹ ਸੁੰਦਰਤਾ ਜੋ ਮੁੱਠ ਕਾਨਿਆਂ ਦੀ ਅੱਧ ਨੰਗੀ ਲਿਭੜੀ ਗਲੇਠੀ ਧੂੜੇ ਨਾਲ ਸ਼ਿੰਗਾਰੀ ਮਟਕਾਈ ਲਾਲ ਗੁਲਾਬੀ ਰੰਗਾਂ ਨਾਲ, ਬਣ ਚੁਕੀ ਜੋ ਨਿਰੀ ਅੱਗ; ਜਿਸ ਦੀਆਂ ਜ਼ੁਲਫਾਂ ਬਣ ਬਣ ਨਾਗ ਡਸਨ ਜਿਸ ਦੇ ਅਬਰੂ ਕਮਾਨਾਂ ਕਸਨ ਤੇ ਅਜੇ ਵੀ ਜਿਸ ਨੂੰ ਨਿਉਂ ਨਿਉਂ ਕਰੇ ਸਲਾਮਾਂ, ਭੁਖਾ ਜਗ । ਜਿਸ ਦੇ ਮੈਖਾਨਿਆਂ ਵਿਚ ਬੁਲ੍ਹਾਂ ਉਨ੍ਹਾਂ ਦਿਆਂ ਤੇ ਗੂੰਜ ਰਹੇ ਨੇ ਰਾਗ, ਜਿਨ੍ਹਾਂ ਦੇ ਮਲੇਛ ਹੱਥਾਂ ਵਿਚ ਛਲਕ ਰਹੇ ਨੇ ਜਾਮ ਤੇ ਸੀਨਿਆਂ ਵਿਚ ਭੜਕ ਰਹੇ ਨੇ ਕਾਮ । ਜਿਸ ਦੇ ਮੱਥੇ ਲਗੇ ਪਏ ਨੇ ਬੇ ਹਯਾਈ ਦੇ ਕਈ ਦਾਗ਼, ਮੇਰਾ ਉਸ ਸੁੰਦਰਤਾ ਨੂੰ, ਧ੍ਰਿਕਾਰ, ਮੇਰੀ ਉਸ ਸੁੰਦਰਤਾ ਨੂੰ ਫਿਟਕਾਰ । ਮੇਰਾ ਹੈ ਨਮਸਕਾਰ ਉਸ ਸੁੰਦਰਤਾ ਨੂੰ ਜੋ ਬੁੱਢੀ ਹੋਵੇ ਯਾ ਹੋਵੇ ਜਵਾਨ, ਸਿਆਣੀ ਹੋਵੇ ਯਾ ਹੋਵੇ ਅੰਝਾਣ, ਗੋਰੀ ਹੋਵੇ ਭਾਵੇਂ ਕਾਲੀ ਹੋਵੇ, ਅਮੀਰੀ ਛਣਕੇ ਭਾਵੇਂ ਲਮਕਦੀ ਕੰਗਾਲੀ ਹੋਵੇ, ਪਰ ਸ਼ਰਮ ਹਯਾ ਦੀ ਪਿਆਲੀ ਹੋਵੇ ਇਜ਼ਤ ਦੀ ਰਖਵਾਲੀ ਹੋਵੇ । ਅੰਗ ਹੋਵਣ ਅਨਛੋਹ, ਦਿਲ ਹੋਵੇ ਨਿਰ-ਮੋਹ, ਕਿੱਸੇ ਜਿਸ ਦੇ ਸੁਣਾਨ ਢਾਡੀ ਲੋਰਾਂ ਵਿਚ ਗਾ ਗਾ ਅੰਦਰ ਗਿਰਜਿਆਂ, ਮੰਦਰਾਂ, ਮਸੀਤਾਂ, ਗੁਰਦਵਾਰਿਆਂ, ਦੇਵੀ ਦਵਾਰਿਆਂ, ਠਾਕਰ ਦਵਾਰਿਆਂ, ਤੇ ਕਾਇਮ ਰਖਣ ਲਈ ਸਨਮਾਨ ਜਿਸ ਦਾ ਹੋ ਜਾਣ ਕੁਰਬਾਨ ਗਭਰੂ ਦੇਸ ਦੇ । ਐਸਾ ਉਚਾ ਜਿਸ ਦਾ ਹੋਏ ਆਚਾਰ, ਐਸਾ ਸੁਚਾ ਜਿਸਦਾ ਹੋਏ ਪਿਆਰ, ਐਸੀ ਸੁੰਦਰਤਾ ! ਤੈਨੂੰ ਨਮਸਕਾਰ, ਸੌ ਸੌ ਵਾਰ ਨਮਸਕਾਰ।

ਚਿੱਟੇ ਹਾਥੀ

ਬਿਰਲਾ ਮੰਦਰ ਦੇ ਚਿਟੇ ਹਾਥੀ ਵੇਖ ਦਿਲ ਘਬਰਾਏ । ਸੰਗ-ਤ੍ਰਾਸ਼ਾਂ ਹੁਨਰ ਦੇ ਬਦਲੇ, ਭਾਵੇਂ ਹੋਣ ਬਣਾਏ। ਟਾਟਾ, ਬਾਟਾ, ਡਾਲਮੀਆਂ, ਬਿਰਲਾ, ਇਹ ਨੇ ਯਾਦ ਕਰਾਂਦੇ । ਮਜ਼ਦੂਰਾਂ ਦਾ ਖੂਨ ਚੂਸ ਚੂਸ, ਜਿਨ੍ਹਾਂ ਪੇਟ ਵਧਾਏ।

ਝੱਲੀ

ਉਹ ਮੈਨੂੰ ਦੌੜ ਕੇ ਮਿਲੀ, ਲਿਪਟ ਗਈ ਭਰ ਕੇ ਕਲਾਵਾ, ਵਿਛੜੀ ਹੋਈ ਚਿਰਾਂ ਦੀ । ਹੱਟ ਗਈ ਪਰ ਇਕ ਦਮ ਜਿਵੇਂ ਬਿਜਲੀ ਛੂਹ ਜਾਏ ਕਿਸੇ ਨੂੰ, ਮੈਂ ਠਠੰਬਰ ਗਿਆ । ਉਸ ਮੇਰੀ ਛਾਤੀ ਵਿਚ ਦੋ ਦਿਲ ਸਮਝੇ ਤੇ ਭੜਕ ਪਈ ਅੱਗ ਈਰਖਾ ਦੀ ਝਟ ਪਟ । ਮੇਰੇ ਪਿਆਰ ਨੂੰ ਉਸ ਝੂਠਾ ਜਾਤਾ, ਮੇਰੇ ਸਜੇ ਪਾਸੇ ਦੇ ਦਿਲ ਦੀ ਧੜਕਣ ਉਹਨੂੰ ਦੇ ਗਈ ਧੋਖਾ। ਝੱਲੀ ਕੀ ਜਾਣੇ ? ਇਹ ਉਹਦਾ ਦਿਲ ਸੀ ਧੜਕ ਰਿਹਾ, ਮੇਰੀ ਹਿਕ ਵਿਚ ।

ਖੜਕ ਸਿੰਘ

ਖੜਕ ਸਿੰਘ ਸਰਦਾਰ ਦੀ ਸ਼ਾਨ ਵੇਖੋ, ਪੁਤਲਾ ਬੀਰਤਾ ਤੇ ਕੁਰਬਾਨੀਆਂ ਦਾ, ਇਹਦੇ ਹੱਠ ਦੀ ਚਰਚਾ ਜਹਾਨ ਸਾਰੇ, ਨਾਂ ਰੋਸ਼ਨ ਕੀਤਾ ਹਿੰਦੁਸਤਾਨੀਆਂ ਦਾ। ਇਹ ਬੋਲ ਤੇ ਤੋਲ ਦਾ ਮਰਦ ਪੂਰਾ, ਜੋ ਕਿਹਾ ਸੋ ਕਰ ਵਖਾ ਦਿਤਾ। ਇਹ ਦੇਵੀ ਆਜ਼ਾਦੀ ਪਰਨਾ ਆਇਆ, ਡੇਰਾ ਕੂਚ ਕਰ ਇੰਗਲਿਸਤਾਨੀਆਂ ਦਾ।

ਝੜੀ

ਬਾਰਾਂ ਪਹਿਰਾਂ ਦੀ ਨਾ ਮੰਨੀ ਕਿਸੇ ਦੇਉਤੇ ਤੇ ਮੰਨ ਲਈ ਔੜ ਬਾਰਾਂ ਸਾਲਾਂ ਦੀ, ਖੌਰੇ ਏਸ ਲਈ ਕਿ ਮੀਂਹ ਕਣੀ ਵਿਚ ਭਾਵੇਂ ਸਾਵਣ ਹੋਵੇ ਯਾ ਮਾਘ, ਛਲਕ ਪੈਂਦੇ ਨੇ ਜਾਮ, ਜਾਗ ਪੈਂਦੇ ਨੇ ਅਰਮਾਨ, ਉਛਲ ਪੈਂਦੇ ਨੇ ਦਿਲ, ਭਰ ਭਰ ਪੈਂਦੇ ਨੇ ਨੈਣ, ਪੁੰਘਰ ਪੈਂਦੀਆਂ ਨੇ ਯਾਦਾਂ ਤੇ ਫੁਟ ਪੈਂਦੇ ਨੇ ਸੋਮੇਂ ਪਿਆਰ ਦੇ, ਉਹ ਦੇਉਤਾ ਜਿਸਦਾ ਸ਼ਾਇਦ ਹੋਣੈ ਜੋਗ ਅਧੂਰਾ, ਸਬਰ ਅਧੂਰਾ, ਪਿਆਰ ਅਧੂਰਾ, ਨਾ ਕਰ ਸਕਿਆ ਇਕ ਲੰਮੀ ਝੜੀ – ਪਰ ਮੈਂ ਤੇ ਦੇਉਤਾ ਨਹੀਂ, ਮੈਂ ਹਾਂ ਇਕ ਇਨਸਾਨ ਭਰਿਆ ਉਨਸ ਦਾ। ਮੇਰਾ ਸਬਰ ਮਹਾਨ, ਮੇਰਾ ਤੱਪ ਮਹਾਨ, ਮੇਰਾ ਇਸ਼ਕ ਮਹਾਨ, ਮੈਨੂੰ ਨਹੀ ਕੋਈ ਥੋੜ ਮੇਰੀ ਪ੍ਰੇਮਕਾ ਮਿਲੇ ਨਾ ਮਿਲੇ ਮੈਂ ਨਹੀਂ ਮੰਗਦਾ ਔੜ । ਛਲਕਦੇ ਵੇਖ ਕੇ ਜਾਮ, ਮਚਲਦੇ ਵੇਖ ਕੇ ਅਰਮਾਨ, ਉਛਲਦੇ ਵੇਖ ਕੇ ਦਿਲ, ਭਰਦੇ ਵੇਖ ਕੇ ਨੈਨ, ਮੈਂ ਨਾ ਹੋਵਾਂ ਬੇਚੈਨ, ਬਿਰਹੋਂ ਕੁੱਠੀ ਹਾਲਤ ਵਿਚ ਵੀ ਜੋੜੀਆਂ ਜੁੜੀਆਂ ਵੇਖ ਦਵਾਲੇ ਚੜ੍ਹ ਜਾਂਦੈ ਮੈਨੂੰ ਲੋਰ, ਤੇ ਈਦ ਕਿਸੇ ਦੀ ਲਈ ਮੈਂ ਮੰਗਾਂ ਘੜੀ ਘੜੀ ਲੰਮੀ ਨਿਤ ਝੜੀ, ਆਪਣੇ ਲੰਮੇ ਰੋਜੇ ਛਿਕੇ ਟੰਗ ਕੇ, ਕਿ ਮੈਂ ਹਾਂ ਇਕ ਇਨਸਾਨ- ਦੇਉਤਾ ਨਹੀਂ।

ਕੌਣ ਜਾਣੇ ?

ਦਿਲ ਦੀ ਝੋਲੀ ਅੱਡ ਕੇ, ਡਿੱਠਾ ਮੰਗਦਾ ਭਰੇ ਬਜ਼ਾਰ । ਅਨੋਖੀ ਸੀ ਉਹਦੀ ਤਕਨੀ, ਅਨੋਖੀ ਉਹਦੀ ਗੁਫ਼ਤਾਰ । ਸੈ ਸਖੀਆਂ ਦੀ ਭਿਛਿਆ, ਉਹ ਮੂਲ ਨਾ ਕਰੇ ਕਬੂਲ, ਦਾਨੀ ਰੂਪ ਕੀ ਜਾਣਦਾ ? ਕਿਥੇ ਵਜੇ ਉਹਦੀ ਸਤਾਰ ।

ਪਤਝੜ

ਸੁੱਕੇ ਪੱਤੇ, ਪੀਲੇ ਪੱਤੇ, ਬਗੇ ਪੱਤੇ, ਝੜਦੇ ਪੱਤੇ, ਵੇਖ ਵੇਖ ਤੂੰ ਸਮਝਣੈਂ ਪਤਝੜ ਦੀ ਰੁਤ ਆਈ ਏ ? ਨਹੀਂ, ਐਉਂ ਨਹੀਂ। ਤੈਨੂੰ ਪਤੈ ਸਰਦ ਫਜ਼ਾ ਵਿਚ ਬਰਫਾਨੀ ਹਵਾ ਵਿਚ ਰਹਿਣ ਵਾਲਿਆਂ ਦੀਆਂ ਚੋਂਦੀਆਂ ਨੇ ਲਾਲੀਆਂ ਤੇ ਫਿਰ ਜਾਂਦੀ ਏ ਪਲਿਤਨ ਮੂੰਹਾਂ ਉਨ੍ਹਾਂ ਦਿਆਂ ਤੇ, ਜੇਠ ਹਾੜ ਦੇ ਮਹੀਨੇ, ਲੋਆਂ ਦੇ ਦਿਨਾਂ ਵਿਚ । ਪਰ ਉਲਟ ਇਸਦੇ ਦਰੱਖ਼ਤ ਹੋ ਜਾਂਦੇ ਨੇ ਟੁੰਡ ਮੁੰਡ ਨਾਲ ਠੰਡ ਦੇ, ਤੇ ਭੋਲੀ ਦੁਨੀਆਂ ਕਹਿੰਦੀ ਏ ਰੁਤ ਪਤਝੜ ਦੀ ਆਈ ਏ । ਲੁਕਵੀਂ ਰਮਜ਼ ਹੈ ਇਹ ਕਿ ਰੱਬ ਕਰਦੈ ਪਿਆਰ ਮਨੁਖ ਨੂੰ, ਪਸ਼ੂ ਨੂੰ ਪੰਛੀ ਨੂੰ, ਤੇ ਬਰਫਾਨੀ ਰੁਤੇ ਲੋੜ ਹੈ ਇਨ੍ਹਾਂ ਜੀਆਂ ਨੂੰ ਟਿਕਵੀਂ ਧੁਪ ਦੀ ਹਡ ਖਲਾਰਨ ਲਈ, ਤੇ ਕਾਦਰ ਆਪਣੀ ਕੁਦਰਤ ਨੂੰ ਕਰ ਕੇ ਕੁਰਬਾਨ ਲੈ ਆਉਂਦੈ ਰੁਤ ਪਤਝੜ ਦੀ । ਫੇਰ ਗਰਮੀ ਦੇ ਰੁਤੇ ਪਿਆਰਿਆਂ ਰੱਬ ਦਿਆਂ ਨੂੰ ਲੋੜ ਹੈ ਸਰਦ ਹਵਾਵਾਂ ਦੀ ਠੰਡੀਆਂ ਛਾਵਾਂ ਦੀ, ਤੇ ਨਵੇਂ ਨਿਕਲੇ ਕੂਲੇ ਕੂਲੇ, ਹਰੇ ਹਰੇ ਪੱਤੇ, ਝੱਲ ਲੈਂਦੇ ਨੇ ਧੂਪਾਂ ਆਪਣੇ ਸਿਰ ਤੇ ਖਿੜੇ ਮੱਥੇ ਬਿਨਾਂ ਝੁਲਸੇ, ਬਿਨਾਂ ਕਮਲਾਏ ਤੇ ਪਾਂਦੇ ਨੇ ਠੰਡ ਜੋ ਵੀ ਆਏ ਸ਼ਰਨ ਇਨ੍ਹਾਂ ਦੀ। ਰੱਬ ਹੈ ਅਨੋਖਾ, ਉਹਦਾ ਪਿਆਰ ਹੈ ਅਨੋਖਾ, ਉਹਦੀਆਂ ਬਹਾਰਾਂ ਦਾ ਖਲਾਰ ਹੈ ਅਨੋਖਾ, ਜੋ ਦੇਵੇ ਸੁਨੇਹਾ ਕੁਰਬਾਨੀ ਦਾ, ਆਪਾ ਵਾਰਨ ਦਾ।

ਅੱਥਰੂ

ਦਿਲ ਨੂੰ ਮਰੋੜ ਕੇ, ਨੈਣਾਂ ਨੂੰ ਨਚੋੜ ਕੇ, ਦੋ ਪਿਆਲੀਆਂ ਮੈਂ ਭਰ ਦਿਤੀਆਂ ਬੇਵਫਾ ਦੇ ਅਗੇ ਧਰ ਦਿਤੀਆਂ। ਮਹੀਨਾ ਪੋਹ ਦਾ, ਪਾਲਾ ਆਪਣੇ ਭਰ ਜੋਬਨ ਵਿਚ, ਰਾਤ ਝੜੀ ਵਾਲੀ ਅੰਨ੍ਹੀ ਬੋਲੀ ਸਿਆਹ ਕਾਲੀ, ਪਿਆਲੀਆਂ ਦੇ ਪਾਸੇ ਠਰ ਗਏ ਤਕ ਤਕ ਉਹਦੇ ਵਲ ਕਿੰਨਾ ਈ ਚਿਰ ਪਰ ਨਿਮੀ ਨਿਮੀਂ ਹਵਾੜ ਉਠੀ ਜਾਏ ਵਿਚੋਂ ਪਿਆਲੀਆਂ ਦੇ ਇਕੋ ਤਾਰੇ ਤੇ ਉਬਲਦਾ ਪਾਣੀ ਨਾ ਹੋਇਆ ਸੀਤ ਕਿੰਨਾ ਈ ਚਿਰ। ਪਾਣੀ ਨੂੰ ਕਾਹੜੋ, ਕਿੰਨਾ ਈ ਸਾੜੋ, ਹੋ ਜਾਂਦੈ ਠੰਡਾ ਇਹ ਉਹਦੀ ਏ ਰੀਤ ਜੁਗਾਂ ਦੀ। ਪਰ ਪਿਆਲੀਆਂ ਦੀ ਹਵਾੜ ਨਾ ਹੁੰਦੀ ਵੇਖ ਬੰਦ, ਪਥਰਾ ਗਈਆਂ ਅੱਖਾਂ ਉਹਦੀਆਂ ਤੇ ਉਹ ਸਿਤਮਗਾਰ ਛੋਹ ਬੈਠਾ ਇਕ ਪਿਆਲੀ ਦਾ ਬਾਹਰਵਾਰ ਜੋ ਸੀ ਠੰਡਾ ਠਾਰ ਵਾਂਗੂੰ ਮੁਰਦੇ ਦੇ । ਪਿਆਰ-ਹੀਨ ਦਿਲ ਨਾ ਸਮਝ ਸਕਿਆ ਜਾਦੂ ਪਿਆਰ ਦਾ ਤੇ ਜਾਂ ਲਗਾ ਡੋਬਨ ਉੱਗਲੀ ਆਪਣੀ ਵਿਚ ਪਿਆਲੀ ਵੇ, ਮੈਂ ਟੋਕ ਦਿਤਾ, ਫੜ ਕੇ ਬਾਂਹ ਰੋਕ ਦਿਤਾ। ਝਿਮਣੀਆਂ ਚੁਕ ਕੇ ਅੱਖਾਂ ਤੋਂ, ਫੇਰ ਕੇ ਜੀਭ ਬੁਲਾਂ ਤੇ, ਸੁਕੇੜ ਕੇ ਗਲ੍ਹਾਂ ਨੂੰ, ਘਰੇੜ ਕੇ ਸੰਘ ਨੂੰ, ਪੁੱਛ ਬੈਠਾ ; ‘ਕੀ ਹੈ ਭੇਦ ਪਿਆਲੀਆਂ ਦਾ, ਜੋ ਬਾਹਰੋਂ ਠੰਡੀਆਂ। ਅੰਦਰੋਂ ਤਤੀਆਂ, ਛਡੀ ਜਾਣ ਹਵਾੜ ਭਰੀਆਂ ਅਨੋਖੇ ਪਾਣੀ ਨਾਲ ?' ਮੈਂ ਆਖਿਆ : ‘ਉਹ ਪਾਣੀ ਜੋ ਦਿਸਦਾ ਚਾਰ ਚੁਫੇਰੇ ਸੋਮਾਂ ਉਹਦਾ ਪਰਬਤਾਂ ਦੀ ਯਖ ਬਰਫ਼ ਨੇ ਕਹਿੰਦੇ ਜੋ ਸੜ ਬਲ ਕੇ ਵੀ ਹੋ ਜਾਂਦੈ ਠੰਡਾ ਆਪਣੀ ਮਾਂ ਦੀ ਕੁੱਖ ਵਾਂਗੂੰ । ਇਹ ਪਾਣੀ ਜੋ ਪਿਆਲੀਆਂ ਅੰਦਰ, ਇਹਨੂੰ ਕੋਈ ਰੁਤ ਨਾ ਸਕੇ ਠਾਰ, ਇਹਦਾ ਸੋਮਾਂ ਏ ਪਿਆਰ ਨਿੱਘਾ, ਸੰਘਣਾ, ਬਿਰਹੋਂ ਕੁੱਠਾ, ਜੋ ਠਰ ਠਰ ਹੋਵੇ ਤੱਤਾ, ਜਿਨੂੰ ਕਰਨ ਸਲਾਮਾਂ ਝੁਕ ਝੁਕ ਦਿਲ ਵਾਲੇ, ਤੇ ਮੁਲ ਪਾਂਦੇ ਮੋਤੀਆਂ ਤੋਂ ਵਧ ਨਿਹੁੰ ਵਾਲੇ ਨਾਉਂ ਰਖਿਆ ਜਿਨ੍ਹਾਂ ਇਹਦਾ – ਅੱਥਰੂ !

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਮਾਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ