Ashoka Cheti : Amrita Pritam

ਅਸ਼ੋਕਾ ਚੇਤੀ : ਅੰਮ੍ਰਿਤਾ ਪ੍ਰੀਤਮ


ਅਸ਼ੋਕਾ ਚੇਤੀ

(ਅਸ਼ੋਕਾ ਅਤੇ ਚੇਤੀ ਦੋ ਫੁੱਲਾਂ ਦੇ ਮਿਲਾਪ ਤੋਂ ਬਣਿਆ ਦਖਣ ਭਾਰਤ ਦਾ ਇੱਕ ਲਾਲ ਫੁੱਲ ਹੈ, ਜਿਸ ਦੀ ਇਕ ਡੰਡੀ ਵਿਚੋਂ ਸੱਤਰ ਨਿੱਕੀਆਂ ਡੰਡੀਆਂ ਹੋਰ ਨਿਕਲਦੀਆਂ ਹਨ ਅਤੇ ਹਰ ਡੰਡੀ ਨੂੰ ਚਾਰ-ਚਾਰ ਪੱਤੀਆਂ ਲਗਦੀਆਂ ਹਨ । ਇਹ ਫੁੱਲ ਹਰ ਮੌਸਮ ਵਿਚ ਮਿਲ ਸਕਦਾ ਹੈ ।) ਸੂਹਾ ਫੁੱਲ ਅਸ਼ੋਕਾ ਚੇਤੀ ਚੌੜੇ ਪੱਤਰ ਸਾਵੇ ਜਿਉਂ ਸਾਗਰ ਦੀਆਂ ਲਹਿਰਾਂ ਵਿਚੋਂ ਸੂਰਜ ਚੜ੍ਹਦਾ ਆਵੇ ਨਾ ਇਹ ਸੂਰਜ ਉੱਚਾ ਹੋਵੇ ਨਾ ਇਹ ਸੂਰਜ ਲੱਥੇ ਧਰਤੀ ਜਿਵੇਂ ਖਲੋ ਜਾਵੇ ਤੇ ਸਮਾਂ ਕੀਲਿਆ ਜਾਵੇ ਤੇਰਾ ਪਿਆਰ ਅਸ਼ੋਕਾ ਚੇਤੀ ਮੇਰੇ ਦਿਲ ਵਿਚ ਖਿੜਿਆ ਇਕ ਨਜ਼ਰ ਦੀ ਡੰਡੀ ਉੱਤੇ ਸੱਤਰ ਸੁਪਨਾ ਜੁੜਿਆ ਮਿਲਣ ਘੜੀ ਦਾ ਰੱਤਾ ਜਾਦੂ ਚਹੁੰ ਕੰਨੀਆਂ ਵਿਚ ਬੱਝਾ ਹਰ ਇਕ ਮੌਸਮ ਏਸ ਦਹਿਲੀਜ਼ੇ ਸੀਸ ਝੁਕਾ ਕੇ ਮੁੜਿਆ ਤੇਰਾ ਪਿਆਰ ਅਸ਼ੋਕਾ ਚੇਤੀ ਧਰਤੀ ਝੱਲ ਨਾ ਸੱਕੇ ਮਨ ਦੇ ਫੁੱਲ ਮਨਾਂ ਵਿਚ ਖਿੜਦੇ ਅੱਖੀਆਂ ਨੇ ਨਾ ਤੱਕੇ ਪੌਣਾਂ ਦੇ ਵਿਚ ਹੌਕੇ ਵਸਦੇ ਕਣੀਆਂ ਦੇ ਵਿਚ ਹੰਝੂ ਲੱਖ ਅਸ਼ੋਕਾ ਚੇਤੀ ਇਸ ਦੇ ਮਾਰੂਥਲ ਵਿਚ ਮੁੱਕੇ । ਮੁੱਕੇ ਲੱਖ ਅਸ਼ੋਕਾ ਚੇਤੀ ਮੁੱਕੇ ਆਸ਼ਕ ਕੇਤੀ ਲੱਖਾਂ ਨਗ਼ਮੇ ਤੜਪ ਤੜਪ ਕੇ ਆਖਣ ਹੋਠਾਂ ਸੇਤੀ ਸਾਡੇ ਸੁਚਿਆਂ ਸਾਹਵਾਂ ਅੰਦਰ ਸੁਚੀਆਂ ਪੌਣਾਂ ਘੋਲੋ ਦੁਨੀਆਂ ਦੇ ਇਸ ਵਿਹੜੇ ਅੰਦਰ ਖਿੜੇ ਅਸ਼ੋਕਾ ਚੇਤੀ

ਕੰਨਿਆ ਕੁਮਾਰੀ

ਸ਼ਿਵਾਂ ਨੂੰ ਪਿਆਰ ਕਰਨ ਵਾਲੀ ਇਕ ਕੁਮਾਰੀ ਜੁ ਦੱਖਣੀ ਭਾਰਤ ਦੀ ਆਖ਼ਰੀ ਚਟਾਨ ਕੋਲ, ਸਾਗਰਾਂ ਦੇ ਸੰਗਮ ਉੱਤੇ ਹਜ਼ਾਰਾਂ ਵਰ੍ਹਿਆਂ ਤੋਂ ਪੱਥਰ ਦਾ ਬੁੱਤ ਬਣੀ ਸ਼ਿਵਾਂ ਨੂੰ ਉਡੀਕ ਰਹੀ ਹੈ । ਆਖਦੇ ਹਨ ਕੁਮਾਗੇ ਦਾ ਤੇ ਸ਼ਿਵਾਂ ਦਾ ਵਿਆਹ-ਦਿਨ ਮਿਥਿਆ ਗਿਆ ਸੀ । ਸਵੇਰ ਸਾਰ ਕਿਸੇ ਕਾਂ ਦੇ ਬੋਲਣ ਤੋਂ ਪਹਿਲਾਂ ਵਿਆਹ ਹੋਣਾ ਜ਼ਰੂਰੀ ਸੀ, ਪਰ ਕਿਸੇ ਦੋਖੀ ਨੇ ਕਾਂ ਦੀ ਝੂਠੀ ਆਵਾਜ਼ ਵਿਚ ਕੁਰਲਾ ਦਿਤਾ ਤੇ ਵਿਆਹ ਦੀ ਘੜੀ ਉਲੰਘੀ ਗਈ । ਕੁਮਾਰੀ ਦੇ ਹੱਥ ਵਿਚ ਫੜੇ ਹੋਏ ਚੌਲ ਤੇ ਸੰਧੂਰ ਡੁੱਲ੍ਹ ਗਏ । ਉਹ ਚੌਲ ਹੁਣ ਪੱਥਰ ਹੋ ਕੇ ਸਾਗਰ ਦੇ ਕੰਕਰ ਸਿੱਪੀਆਂ ਬਣ ਗਏ ਹਨ ਤੇ ਸੰੰਧੂਰ ਦੇ ਡੁੱਲ੍ਹਣ ਕਰਕੇ ਉਥੋਂ ਦੀ ਸਾਰੀ ਮਿੱਟੀ ਲਾਲ ਰੰਗ ਦੀ ਹੁੰਦੀ ਹੈ । ਸਾਗਰ ਦੇ ਵਿਚ ਸਾਗਰ ਮਿਲਿਆ ਕੌਣ ਲਕੀਰਾਂ ਪਾਵੇ ਲਹਿਰਾਂ ਜੀਕਣ ਨੀਲਮ ਪਰੀਆਂ ਝੁੰਮਰ ਛਿੜਦਾ ਜਾਵੇ ਰਾਤਾਂ ਜੀਕਣ ਰੂਪ ਸੁਰਾਹੀਆਂ ਹੋਠਾਂ ਉੱਤੇ ਉੜੀਆਂ ਕਿਹਾ ਸਰਾਪ ਦਿਤੋ ਈ ਸਾਨੂੰ ਬੂੰਦ ਨਾ ਪੀਤੀ ਜਾਵੇ ਸਾਰੇ ਸਗਣ ਜ਼ਿਮੀ ਤੇ ਡੁੱਲ੍ਹੇ ਦੋਵੇਂ ਤਲੀਆਂ ਖ਼ਾਲੀ ਪੱਥਰ ਬਣ ਕੇ ਅਜ ਖਲੋਤੀ ਤੇਰੀ ਸਗਣਾਂ ਵਾਲੀ ਤੇਰੇ ਮੂੰਹ ਦਾ ਸਦਕਾ ਸਾਨੂੰ ਜੱਗ ਬਿਗਾਨ ਹੋਇਆ ਭਰੀ ਜਵਾਨੀ ਪੱਥਰ ਕਰਕੇ ਲਾਜ ਇਸ਼ਕ ਦੀ ਪਾਲੀ ਇਸ ਧਰਤੀ ਦੀਆਂ ਲੱਖਾਂ ਧੀਆਂ ਮੈਂ ਨਾ ਇਕ ਕੁਮਾਰੀ ਇਸ਼ਕ ਸਮੇਂ ਦਾ ਪੱਥਰ ਹੋਇਆ ਪਥਰ ਹੋ ਗਈ ਨਾਰੀ ਲੱਖਾਂ ਆਸ਼ਕ ਫੜਦੇ ਰਹਿ ਗਏ ਮਿਲਣ ਘੜੀ ਨਾ ਆਈ ਝੂਠੇ ਕਾਉਂ ਅਜੇ ਨਾ ਮੁੱਕੇ ਬੋਲਣ ਵਾਰੋ ਵਾਰੀ ਲੱਖਾਂ ਬੰਧਨ ਬਣ ਕੁਰਲਾਣੇ ਕਾਂਵਾਂ ਰੂਪ ਵਟਾਇਆ ਨੀਤੀ ਵਿਕਦੀ ਵਾਦ ਵਿਕੇ'ਦਾ ਸਿੱਕਾ ਕੂੜ ਚਲਾਇਆ ਚਾਵਲ ਕਣੀਆਂ ਪੱਥਰ ਹੋਈਆਂ ਵੇਖ ਅਸਾਡਾ ਜੀਣਾ ਮਿੱਠਾ ਫਲ ਇਸ਼ਕ ਦੀ ਟਾਹਣੀ ਕਿਸੇ ਨਾ ਦੰਦੀਂ ਲਾਇਆ

ਤੂੰ ਨਹੀਂ ਆਇਆ

ਚੇਤਰ ਨੇ ਪਾਸਾ ਮੋੜਿਆ ਰੰਗਾਂ ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ ਤੂੰ ਨਹੀਂ ਆਇਆ ਹੋਈਆਂ ਦੁਪਹਿਰਾਂ ਲੰਮੀਆਂ ਦਾਖਾਂ ਨੂੰ ਲਾਲੀ ਛੋਹ ਗਈ ਦਾਤੀ ਨੇ ਕਣਕਾਂ ਚੁੰਮੀਆਂ ਤੂੰ ਨਹੀਂ ਆਇਆ ਬੱਦਲਾਂ ਦੀ ਦੁਨੀਆ ਛਾ ਗਈ ਧਰਤੀ ਨੇ ਬੁੱਕਾਂ ਜੋੜ ਕੇ ਅੰਬਰਾਂ ਦੀ ਰਹਿਮਤ ਪੀ ਲਈ ਤੂੰ ਨਹੀਂ ਆਇਆ ਰੁੱਖਾਂ ਨੇ ਜਾਦੂ ਕਰ ਲਿਆ ਜੰਗਲ ਦੀ ਛੋਂਹਦੀ ਪੌਣ ਦੇ ਹੋਠਾਂ 'ਚ ਸ਼ਹਿਦ ਭਰ ਗਿਆ ਤੂੰ ਨਹੀਂ ਆਇਆ ਰੁੱਤਾਂ ਨੇ ਜਾਦੂ ਛੋਹਣੀਆਂ ਚੰਨਾਂ ਨੇ ਪਾਈਆਂ ਆਣ ਕੇ ਰਾਤਾਂ ਦੇ ਮੱਥੇ ਦੌਣੀਆਂ ਤੂੰ ਨਹੀਂ ਆਇਆ ਅੱਜ ਫੇਰ ਤਾਰੇ ਕਹਿ ਗਏ ਉਮਰਾਂ ਦੇ ਮਹਿਲੀਂ ਅਜੇ ਵੀ ਹੁਸਨਾਂ ਦੇ ਦੀਵੇ ਬਲ ਰਹੇ ਤੂੰ ਨਹੀਂ ਆਇਆ ਕਿਰਣਾਂ ਦਾ ਝੁਰਮਟ ਆਖਦਾ ਰਾਤਾਂ ਦੀ ਗੂਹੜੀ ਨੀਂਦ ਚੋਂ ਹਾਲੇ ਵੀ ਚਾਨਣ ਜਾਗਦਾ ਤੂੰ ਨਹੀਂ ਆਇਆ

ਮਾਨ ਸਰੋਵਰ

ਦਿਲ ਦਾ ਮਾਨ ਸਰੋਵਰ ਭਰਿਆ ਤੇਰੀਆਂ ਯਾਦਾਂ ਈਕਣ ਆਈਆਂ ਜਿਉਂ ਹੰਸਾਂ ਦੀ ਡਾਰ ਵੇ । ਰਾਹਵਾਂ ਨੇ ਅਜ ਕੇਸਰ ਧੂੜੇ ਪਾਣੀ ਪੀਣ ਛੰਭ ਦੇ ਕੰਢੇ ਲੱਥੀ ਜਿਵੇਂ ਬਹਾਰ ਵੇ । ਕਿਰਣਾਂ ਜਿਉਂ ਮੌਲੀ ਦੀਆਂ ਲੜੀਆਂ ਮੇਢੀ ਦੇ ਵਿਚ ਗੁੰਦਣ ਲੱਗੀ ਰਾਤ ਹੋਈ ਮੁਟਿਆਰ ਵੇ । ਸੱਤ ਸਰਘੀਆਂ ਮਹਿੰਦੀ ਘੋਲਣ ਧਰਤੀ ਦੇ ਇਸ ਸਾਲੂ ਦਾ ਪਰ ਲਹਿੰਦਾ ਜਾਏ ਲੰਗਾਰ ਵੇ । ਭੋਲਾ ਇਸ਼ਕ ਧੂੜਦਾ ਜਾਦੂ ਰੇਤ ਥਲਾਂ ਵਿਚ ਚੰਬਾ ਖਿੜਿਆ ਚੁਣ ਚੁਣ ਗਈਆਂ ਹਾਰ ਵੇ । ਅੱਜ ਉਡੀਕਾਂ ਜ਼ਖ਼ਮੀ ਹੋਈਆਂ ਨਾ ਕੋਈ ਤੇਰੀ ਵਾਜ ਸੁਣੀਂਦੀ ਨਾ ਕੋਈ ਪਵੇ ਨੁਹਾਰ ਵੇ । ਦਿਲ ਦਾ ਮਾਨ ਸਰੋਵਰ ਭਰਿਆ ਅੱਖੀਓੁਂ ਸੁੱਚੇ ਮੋਤੀ ਚੁਗਦੀ ਇਹ ਹੰਸਾਂ ਦੀ ਡਾਰ ਵੇ । ਦਿਲ ਦਾ ਮਾਨ ਸਰੋਵਰ ਭਰਿਆ...

ਸ਼ੌਕ ਸੁਰਾਹੀ

ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਕੀਕਣ ਦਿਹੁੰ ਗੁਜ਼ਾਰੇ ? ਜਿੰਦ ਕਹੇ "ਮੈਂ ਸੁਪਨੇ ਤੇਰੇ ਮਹਿੰਦੀ ਨਾਲ ਸ਼ਿੰਗਾਰੇ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਕੀਕਣ ਨੈਣ ਰੋਵੰਦੇ ? ਜਿੰਦ ਕਹੇ "ਮੈਂ ਲੱਖਾਂ ਤਾਰੇ ਜ਼ੁਲਫ਼ ਤੇਰੀ ਵਿਚ ਗੁੰਦੇ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਕੀਕਣ ਬਲੇ ਸਵਾਈ ? ਜਿੰਦ ਕਹੇ "ਮੈਂ ਆਤਸ਼ ਤੇਰੀ ਪੱਛੀ ਹੇਠ ਲੁਕਾਈ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਕੀਕਣ ਵਰ੍ਹੇ ਬਿਤਾਏ ? ਜਿੰਦ ਕਹੇ "ਮੈਂ ਸ਼ੌਕ ਤੇਰੇ ਨੂੰ ਸੂਲਾਂ ਦੇ ਵੇਸ ਹੰਢਾਏ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਘਾਉ ਕਹੇ ਕੁ ਚੰਗੇ ? ਜਿੰਦ ਕਹੇ "ਮੈਂ ਰੱਤ ਜਿਗਰ ਦੀ ਸਗਣਾਂ ਦੇ ਸਾਲੂ ਰੰਗੇ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਕਰਮ ਕਹੇ ਕੁ ਕੀਤੇ ? ਜਿੰਦ ਕਹੇ "ਤੇਰੀ ਸ਼ੌਕ ਸੁਰਾਹੀਓਂ ਦੁੱਖਾਂ ਦੇ ਦਾਰੂ ਪੀਤੇ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਕੀਕਣ ਉਮਰਾ ਬੀਤੀ ? ਜਿੰਦ ਕਹੇ "ਮੈਂ ਨਾਮ ਤੇਰੇ ਤੋਂ ਸਦ ਕੁਰਬਾਨੇ ਕੀਤੀ ।" ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ਆਸ਼ਕ ਦਾ ਕੀ ਕਹਿਣਾ? ਜਿੰਦ ਕਹੇ "ਤੇਰਾ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ।"

ਚਾਤ੍ਰਿਕ

ਮੇਰੀ ਕਲਮ ਵਿੱਚੋਂ ਸ਼ਾਹੀਆਂ ਸੁੱਕ ਗਈਆਂ ਮੂੰਹੋ ਬੋਲਿਆ ਇੱਕ ਨਾ ਬੋਲ ਜਾਵੇ ਤੇਰੀ ਮੌਤ ਨੇ ਜਿਹਾ ਸਵਾਲ ਪਾਇਆ ਜਿਹਦਾ ਹੰਝੂਆਂ ਵਿੱਚ ਜਵਾਬ ਆਵੇ। ਰੁੱਤਾਂ ਔਂਦੀਆਂ ਤੇ ਰੁੱਤਾਂ ਜਾਂਦੀਆਂ ਨੇ ਹੁੰਦੇ ਦਿਹੁੰ ਮੁੜ ਕੇ ਰਾਤ ਫੇਰ ਹੁੰਦੀ ਕਦੇ ਓਹੋ ਜਹੀ ਰਾਤ ਵੀ ਆਣ ਪੈਂਦੀ ਜਿਨ੍ਹਾਂ ਰਾਤਾਂ ਦੀ ਨਹੀਂ ਸਵੇਰ ਹੁੰਦੀ । ਹੂਰਾਂ ਪਰੀ ਇਹ ਸਮੇਂ ਦੀ ਠਹਿਰਦੀ ਨਾ ਨਾਗਣ ਮੇਢੀਆਂ ਇਹਦੀਆਂ ਕੌਣ ਗੁੰਦੇ ਕਦੇ ਰੋਇਆਂ ਨਸੀਬ ਜੇ ਵੱਟ ਜਾਂਦੇ ਲੱਖਾਂ ਮੂੰਹ, ਤੇ ਦੂਣੇ ਦਰਿਆ ਹੁੰਦੇ ਮੇਲੇ ਉੱਖੜੇ ਤੇ ਛਿੰਝਾਂ ਠਹਿਰ ਗਈਆਂ ਸੁੱਕੇ ਸਉਣ ਤੇ ਹੋਈਆਂ ਵੀਰਾਨ ਤੀਆਂ ਮਹਿਫ਼ਲ ਉਜੜੀ ਕਲਮ ਦੇ ਆਸ਼ਕਾਂ ਦੀ ਸੁਖ਼ਨ-ਵਰ ਨਾ ਹੁੰਦੇ ਨੇ ਰੋਜ਼ ਮੀਆਂ ਕਲਮ ਇੰਜ ਨਾ ਕਿਸੇ ਦਾ ਕਿਹਾ ਮੰਨੇ ਇਸ਼ਕ ਰੋਜ਼ ਨਹੀਂਉਂ ਮਿਹਰਬਾਨ ਹੁੰਦਾ ਤੇਰੇ ਜਹੇ ਕੋਈ ਰਿੰਦ ਨਾ ਰੋਜ਼ ਆਉਂਦੇ ਸਾਕੀ ਜਿੰਨ੍ਹਾਂ ਤੋਂ ਆਪ ਕੁਰਬਾਨ ਹੁੰਦਾ ਤੇਰੇ ਪੈਰਾਂ ਨੇ ਮੰਜ਼ਲਾਂ ਮਾਰੀਆਂ ਨੇ ਏਸ ਇਸ਼ਕ ਦੇ ਲੰਬੜੇ ਰਾਹ ਮੀਆਂ ! ਸੱਚਾ ਸੁਖ਼ਨ ਤੇਰਾ, ਤੇਰੇ ਹੱਥ ਫੜਿਆ ਸੱਚੀ ਕਲਾ ਦੀ ਇਕ ਦਰਗਾਹ ਮੀਆਂ ! ਲੱਖਾਂ 'ਰਾਧਕਾਂ' ਤੈਨੂੰ ਸੰਦੇਸ਼ ਦਿੱਤਾ ਲੱਖਾਂ 'ਦਿਲ' ਦੀ ਗੱਲ ਨੂੰ ਕਹਿਣਗੇ ਵੇ ! ਤੇਰੇ ਨਾਉਂ ਦੀ ਛਿੜੇਗੀ ਵਾਰ ਓਥੇ ਜਿੱਥੇ ਚਾਰ ਬੰਦੇ ਰਲ ਬਹਿਣਗੇ ਵੇ ! ਮੇਰੀ ਕਲਮ ਵਿੱਚੋ ਸ਼ਾਹੀਆਂ ਸੁੱਕ ਗਈਆਂ... (ਧਨੀ ਰਾਮ 'ਚਾਤ੍ਰਿਕ' ਜੀ ਦੀ ਮੌਤ ਤੇ ਲਿਖਿਆ ਮਰਸੀਆ-ਪ.ਕ.)

ਵਾਪਸੀ

(ਦੱਖਣੀ ਵੀਅਤਨਾਮ ਦੇ ਪ੍ਰਸਿੱਧ ਕਵੀ ਸ੍ਵਨ ਜ਼ਿਆਓ ਨੇ ਇਕ ਕਵਿਤਾ ਮੈਨੂੰ ਸੁਗਾਤ ਦਿਤੀ ਸੀ । ਉਸ ਵਿਚਲੇ ਮਨੁਖੀ ਉਤਸ਼ਾਹ ਨੂੰ ਆਪਣੇ ਲੋਕਾਂ ਤੱਕ ਪੁਚਾਣ ਲਈ ਮੈਂ ਉਸ ਦਾ ਇਹ ਅਨੁਵਾਦ ਕੀਤਾ ਹੈ :) ਜੀਵੇ ਕੌਮ ਮਨੁੱਖਤਾ ਵਾਲੀ ਜੀਵੇ ਜੱਗ ਕਬੀਲਾ ਏਸ ਮਨੁੱਖੀ ਦੁਨੀਆਂ ਦਾ ਹੈ ਟੱਬਰ ਛੈਲ ਛਬੀਲਾ ਦੋ ਪਲਕਾਂ ਜਿਉ ਬਾਲ-ਅੱਖ ਦਾ ਖੋਲਣ ਨੀਲਾ ਬੂਹਾ ਕੁੜੀਆਂ ਦੇ ਹੋਠਾਂ ਨਾਲ ਹੋਵੇ ਸਰਘੀ ਵੇਲਾ ਸੂਹਾ ਟੱਬਰ ਦੇ ਵਿਚ ਪਰਤ ਪਵਾਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ । ਜਿਵੇਂ ਰਾਤ ਦੀ ਭਰੀ ਨਦੀ ਵਿਚ ਤਰਦੀ ਇਕ ਖੁਸ਼ਬੋ ਪਿਆਰ ਕਰਦੀਆਂ ਅੱਖੀਆਂ ਅੰਦਰ ਇਕ ਸ਼ਰਮੀਲੀ ਲੋਅ ਜਿਵੇਂ ਪਛਾਤੇ ਤੇ ਲਡਿਆਂਦੇ ਹੱਥ ਕਿਸੇ ਨੂੰ ਛੋਹਣ ਜਾਂ ਬੱਚੇ ਦੇ ਹੋਠ ਮਾਂ ਦੀ ਛਾਤੀ ਚੁੰਘਦੇ ਹੋਣ ਜ਼ਿੰਦਗੀ ਦੇ ਵਿਚ ਛਲਕ ਪਵਾਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ । ਮੇਰੀ ਜ਼ਿੰਦਗੀ ਮਾਂ ਅੱਜ ਗੌਂਦੀ ਬਾਹਵਾਂ ਅਡਦੀ ਜਾਪੇ ਇਕ ਤਰੇਲ ਦੇ ਟੇਪੇ ਅੰਦਰ ਆਪਣਾ ਆਪ ਸਿੰਝਾਪੇ ਕੀ ਤੈਨੂੰ ਵੀ ਚੇਤਾ ਮੇਰਾ ? ਕਿਸੇ ਰੁੱਖ ਨੂੰ ਪੁੱਛਾਂ ਤੁਸਾਂ ਲਈ ਮੈ ਸਹਿਕ ਰਿਹਾ ਸਾਂ ਘਾਹਵਾਂ ਨੂੰ ਮੈਂ ਆਖਾਂ ਫੁੱਲਾਂ ਦੇ ਵਿਚ ਫੁੱਲ ਖਿੜਾਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ । ਰਾਤਾਂ ਦਾ ਇਕ ਖੜਕ ਸੁਣੀਵੇ ਅਤੇ ਦਿਨਾਂ ਦੀ ਆਹਟ ਕੰਨਾਂ ਵਿਚ ਆਵਾਜ਼ ਕਿਸੇ ਦੀ ਹੋਠਾਂ ਤੇ ਝਰਨਾਹਟ ਇੱਕ ਚੁੰਘਣੀ ਪੀਂਦਾ ਬੱਚਾ ਖੇਡੇ ਦੂਜੀ ਨਾਲ ਜੀਵਨ ਜੋਗੇ ਏਸ "ਅੱਜ" ਨੂੰ ਦੇਂਦਾ "ਕੱਲ੍ਹ" ਉਛਾਲ ਰਜਵਾਂ ਰਜਵਾਂ ਪਿਆਰ ਕਰਾਂਗਾ। ਫੇਰ ਮੁੜਾਂਗਾ--ਫੇਰ ਮੁੜਾਂਗਾ । ਲਹੂ ਮਾਸ ਦਾ ਬਣਿਆ ਹੋਇਆ ਬੁੱਤ ਮਨੁੱਖੀ ਜੀਵੇ ਧਰਤੀ ਦਾ ਸੰਗੀਤ ਜਦੋਂ ਅਸਮਾਨਾਂ ਵਿਚ ਸੁਣੀਵੇ ਨੀਲੇ ਬੱਦਲਾਂ ਨੂੰ ਇਹ ਜਾ ਕੇ ਦੇਂਦਾ ਫੇਰ ਬੁਲਾਵੇ ਅਤੇ ਨੀਲੀਆਂ ਲਹਿਰਾਂ ਨੂੰ ਇਹ ਮੁੜਕੇ ਸੱਦਣ ਜਾਵੇ ਦੂਰ ਕਿਵੇਂ ਮੈਂ ਠਹਿਰ ਸਕਾਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ । ਜਿਵੇਂ ਖੜਾਵਾਂ ਪਾ ਕੇ ਆਉਂਦੀ ਹਰ ਇਕ ਨਵੀਂ ਸਵੇਰ ਅੱਜ ਸੁਨਹਿਰੀ ਧੁੱਪਾਂ ਨੱਚਣ ਕੰਮਾਂ ਭਰੀ ਚੰਗੇਰ ਅਜ ਮਸ਼ੀਨਾਂ ਰੇਸ਼ਮ ਕੱਤਣ ਪੈਰ ਛਣਕਦਾ ਜਾਵੇ ਅੱਜ ਘੂਕਦੀ ਲੱਕੜ ਮੇਰੀ ਬਾਰੀ ਦੇ ਵਿਚ ਗਾਵੇ ਕੰਮਾਂ ਦਾ ਸੰਗੀਤ ਸੁਣਾਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ । ਅੱਜ ਭਾਫ਼ ਦੇ ਇੰਜਨ ਮੇਰੇ ਜਿਵੇਂ ਸਾਹ ਪਏ ਲੈਦੇ ਹਸਦੇ ਗੌਂਦੇ ਬੁੱਤ ਲੋਹੇ ਦੇ ਜੋਸ਼ ਸੀਟੀਆਂ ਦੇਂਦੇ ਹਸਦੀ ਖਿੜਦੀ ਗੱਲਾਂ ਕਰਦੀ ਨਵੀਂ ਮਨੁੱਖਤਾ ਗਾਵੇ ਕਿਹੜਾ ਏਸ ਉਸਾਰੀ ਵਿਚ ਨਾ ਆਪਣਾ ਹਿੱਸਾ ਪਾਵੇ ਨਵਾਂ ਮਨੁੱਖੀ ਗੀਤ ਰਚਾਂਗਾਂ । ਫੇਰ ਮੁੜਾਂਗਾ--ਫੇਰ ਮੁੜਾਂਗਾ । ਜ਼ੋਰ ਜ਼ਬਰ ਦਾ ਅਤੇ ਕਹਿਰ ਦਾ ਔਖਾ ਵੇਲਾ ਹੜਿਆ ਮੇਰਾ ਵੀਅਤਨਾਮ ਹੁਣ ਹਸਦੇ ਫੁੱਲਾਂ ਵਾਂਗਣ ਖਿੜਿਆ ਮੇਰੇ ਵੀਅਤਨਾਮ ਦੀਆਂ ਧੀਆਂ ਪੱਛੀ ਚੁੱਕ ਕੇ ਖੜੀਆਂ ਬੈਕ ਨਿਨਾਹ ਦੇ ਵਾਂਗ ਸੋਹਣੀਆਂ ਸਭਨੀਂ ਥਾਵੀਂ ਕੁੜੀਆਂ ਫੇਰ ਪਿਆਰ ਦਾ ਗੀਤ ਗਵਾਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ । ਕੰਮੀਂ ਰੁੱਝੇ ਹੱਥਾਂ ਉਤੇ ਫੁੱਲ ਖੁਸ਼ੀ ਦੇ ਮਹਿਕੇ ਰੌਣਕ ਅੱਜ ਮਨੁੱਖੀ ਵੇਹੜੇ ਆਉਣ ਲਈ ਪਈ ਸਹਿਕੇ ਕੇਡਾ ਜੀਊਂਦਾ ਕੇਡਾ ਪਿਆਰਾ ਅਜ ਮਨੁੱਖੀ-ਵੇਹੜਾ ਏਸ ਮਨੁੱਖੀ ਮਹਿਫ਼ਲ ਵਿੱਚੋਂ ਦੂਰ ਜਾਏਗਾ ਕੇਹੜਾ ! ਜਿੰਦਗੀ ਨੂੰ ਮੈਂ ਆਖ ਦਿਆਂਗਾ । ਫੇਰ ਮੁੜਾਂਗਾ--ਫੇਰ ਮੁੜਾਂਗਾ ।

ਦਿਲਾਂ ਦੇ ਭੇਤ

ਮਾਂ: ਪੰਜਾਬ ਦੀ ਤਵਾਰੀਖ਼ ਧੀ: ਸਮੇਂ ਦੀ ਜਵਾਨੀ ਪ੍ਰਵੇਸ਼

ਧੀ

"ਸੁਣ ਨੀ ਮਾਏ ਮੇਰੀਏ ! ਅੱਜ ਇਕ ਗੱਲ ਸੁਣਾ ਭੇਤ ਦਿਲਾਂ ਦੇ ਰਾਂਗਲੇ ਮੇਰੇ ਨਾਲ ਵਟਾ?”

ਮਾਂ

“ਸੁਣ ਨੀ ਧੀਏ ਮੇਰੀਏ ! ਅਜੇ ਤੂੰ ਅਲ੍ਹੜ ਜਾਨ ਸੁੱਚੇ ਮੋਤੀ ਦਿਲਾਂ ਦੇ ਐਵੇਂ ਨਾ ਰੁਲ ਜਾਣ"

ਧੀ

"ਸੁਣ ਨੀ ਮਾਏ ਮੇਰੀਏ ! ਜਾਣ ਦਿਲਾਂ ਦੀ ਸਾਰ ਅੰਗਣ ਦੇ ਵਿਚ ਖੇਡਦੀ ਮੈਂ ਹੋਈ ਮੁਟਿਆਰ"

ਮਾਂ

"ਬਿਖੜਾ ਇਸ਼ਕ ਲੁਕਾਈ ਦਾ ਮਗੇ ਜੀਵਨ ਦਾਨ ਔਖਾ ਹਰਫ਼ ਪਛਾਨਣਾ ਔਖਾ ਨਾਉਂ ਲਿਖਾਣ"

ਧੀ

"ਸੁਣ ਨੀ ਜੀਵਨ ਦਾਤੀਏ ! ਦੇਹ ਮੈਨੂੰ ਪਹਿਚਾਣ ਪੀਂਘਾਂ ਪੀਹੜੇ ਰਾਂਗਲੇ ਦਿਲ ਨੂੰ ਨਾ ਪਰਚਾਣ"

ਮਾਂ

"ਸੁਣ ਨੀ ਜੀਵਨ ਜੋਗੀਏ ! ਦੁਨੀ ਸੁਹਾਵਾ ਦੇਸ ਥਾਂ ਥਾਂ ਫੜਣ ਸੁਰੰਧੀਆਂ ਕਰ ਕਰ ਰੰਗਲੇ ਵੇਸ"

ਧੀ

"ਸੁਣ ਨੀ ਮਾਏ ਭੋਲੀਏ ! ਵਾਜਾਂ ਮਾਰੇ ਪੌਣ ਸੁਪਨੇ ਦੇ ਵਿਚ ਆਣ ਕੇ ਪਰਬਤ ਚੀਰੇ ਕੌਣ ?"

ਮਾਂ

"ਸੁਣ ਨੀ ਧੀਏ ਮੇਰੀਏ ! ਸੁਪਨੇ ਝੂਠਾ ਦੇਸ ਨਾਮ "ਜਵਾਨੀ" ਆਖਦੇ ਬੜਾ ਛਲਾਵਾ ਵੇਸ"

ਧੀ

"ਸੁਣ ਨੀ ਮਾਏ ਮੇਰੀਏ ! ਸਾਗਰ ਦਿਆਂ ਹੰਗਾਲ ਰਾਤਾਂ ਦੇ ਇਸ ਰਾਹ ਤੇ ਸੂਰਜ ਦੇਵਾਂ ਬਾਲ"

ਮਾਂ

"ਸੁਣ ਨੀ ਧੀਏ ਮੇਰੀਏ ! ਪੌਣਾਂ ਹੱਥ ਨਾ ਔਣ ਨਾਗਾਂ ਜਹੀਆਂ ਮੇਢੀਆਂ ਕੀਲ ਸਕੇਗਾ ਕੌਣ"

ਧੀ

"ਸੁਣ ਨੀ ਮਾਏ ਮਹਿਰਮੇ ! ਚਿਣਗ ਜਿੰਨ੍ਹਾਂ ਦੇ ਵਿੱਚ ਪੈਂਡੇ ਬੈਠ ਉਡੀਕਦੇ ਮੰਜ਼ਲ ਲੈਂਦੀ ਖਿੱਚ" ਤਵਾਰੀਖ਼ ਨੇ ਹੱਸ ਕੇ ਵਰਕੇ ਦਿੱਤੇ ਖੋਹਲ "ਸੁਣ ਨੀ ਧੀਏ ਸੋਹਣੀਏ ! ਬਹਿ ਜਾ ਮੇਰੇ ਕੋਲ :

"ਧਰਤੀ ਅੰਗਣ ਮ੍ਹੋਕਲਾ ਲੋਕ ਵੱਡਾ ਪਰਵਾਰ ਭਾਰਤ ਪੀਹੜਾ ਰਾਂਗਲਾ ਅੰਗਣ ਦੇ ਵਿਚਕਾਰ । ਚੌਦਾਂ ਅੰਗ ਸਹੇਲੀਆਂ ਉੱਚੇ ਪੀਹੜੇ ਬਹਿਣ ਕੱਖੀਂ ਭਾਹ ਛੁਪਾਈਏ ਲਾਟਾਂ ਬਲ ਬਲ ਪੈਣ । ਸੱਭੇ ਕੁੜੀਆਂ ਸੋਹਣੀਆਂ ਗੁੱਝੀ ਰਹੇ ਨਾ ਹੀਰ, ਬੰਨ੍ਹ ਕਥੂਰੀ ਰੱਖੀਏ ਜਾਏ ਵਲਿੱਖਾਂ ਚੀਰ । ਧਰਤੀ ਦੇਸ ਪੰਜਾਬ ਦੀ ਹੂਰਾਂ ਵਿੱਚੋਂ ਹੂਰ, ਵਾਵਾਂ ਝੱਲਣ ਪੱਖੀਆਂ ਮੱਥਾ ਚੁੰਮੇ ਨੂਰ । ਅੰਬਰ ਲਹਿੰਗਾ ਭੇਜਿਆ ਧਰਤ ਲੁਆਈ ਲੌਣ, ਪੈਰੀਂ ਤਾਰੇ ਬੰਨ੍ਹ ਕੇ ਰਾਤਾਂ ਝੁੰਮਰ ਪੌਣ । ਇਸ ਦੇ ਪਹਿਲੇ ਵਾਕ ਨੂੰ ਕਹਿੰਦੇ ਪਹਿਲਾ ਵੇਦ, ਦੀਵਾ ਬਾਲ ਕੇ ਰੱਖਿਆ ਮੰਜ਼ਲ ਵਾਲੀ ਸੇਧ ।

"ਅਗਲਾ ਬੋਲ ਜੁ ਬੋਲਿਆ ਫੁੱਲਾਂ ਭਰੀ ਚੰਗੇਰ ਘੁਲੀਆਂ ਸੱਤ ਸੁਗੰਧੀਆਂ ਪੌਣਾਂ ਵਿਚ ਚੁਫ਼ੇਰ । ਠੰਢੇ ਸੀਰੇ ਪਿਆਰ ਦੀ ਕਿਤੇ ਨਾ ਦਿੱਸੇ ਥੋੜ ਹੱਥੀਂ ਛਾਵਾਂ ਆਖਦੇ ਇਸ ਦੇ ਪਿੱਪਲ ਬੋਹੜ! ਧਰਤੀ ਕਾਜ ਰਚਾਉਂਦੀ ਚੇਤਰ ਆਵੇ ਮੇਲ ਗਿੱਧਾ ਮਾਹੀਆ ਭੰਗੜਾ ਬੂਹੇ ਚੋਂਦਾ ਤੇਲ ਘਰ ਘਰ ਮੰਡਲ ਵੱਜਦਾ ਘੋੜੀ ਚੜ੍ਹੇ ਵਸਾਖ ਧਰਤੀ ਮੱਥਾ ਚੁੰਮ ਕੇ ਝੋਲੀ ਪਾਵੇ ਦਾਖ਼ ਕਣਕਾਂ ਡੋਲੀ ਪੈਂਦੀਆਂ ਕੁੜੀਆਂ ਗੌਣ ਸੁਹਾਗ ਜੇਠ ਜੁ ਪਾਣੀ ਵਾਰਦਾ ਧੁੱਪਾਂ ਮੰਗਣ ਲਾਗ ਅੰਬ ਜੁ ਪੱਕਣ ਹਾੜ ਦੇ ਆਵੇ ਰਸੀਆ ਸਉਣ ਕੋਇਲਾਂ ਗਾਵਣ ਸੋਹਿਲੇ ਕਣੀਆਂ ਝੁੰਮਰ ਪੌਣ ਬੱਦਲ ਭਰਦਾ ਮਿਹਰ ਦਾ ਉੱਛਲੇ ਕੰਢਿਆਂ ਤੀਕ ਘੜਾ ਜੁ ਭਰਦਾ ਭਾਦਰੋਂ ਪੈਲੀ ਲਾਵੇ ਡੀਕ ਰੁੱਤ ਫਿਰੇ ਲਟਬਾਵਰੀ ਸੌਂਦੀ ਅੰਬਰ ਤਾਣ ਬੱਦਲ ਜ਼ੁਲਫ਼ਾਂ ਕਾਲੀਆਂ ਅਸੂੰ ਗੁੰਦੇ ਆਣ ਕੱਤਕ ਫੁੱਲ ਕਪਾਹ ਦੇ ਰੇਸ਼ਮ ਪੈ ਜਾਏ ਮਾਤ ਮੋਘਰ ਚਰਖਾ ਰਾਂਗਲਾ ਕੱਤੇ ਪੋਹ ਦੀ ਰਾਤ ਮਾਘ ਜੁ ਭਾਂਡਾ ਮ੍ਹੋਕਲਾ ਫੱਗਣ ਘੋਲੇ ਰੰਗ ਖੇਤ ਜਿਵੇਂ ਫੁਲਕਾਰੀਆਂ ਚੇਤਰ ਲਈਆਂ ਮੰਗ ਕਿਰਤੀ ਬਾਹਵਾਂ ਇਹਦੀਆਂ ਸੁਪਨੇ ਦੇਣ ਉਸਾਰ ਹਲ ਪੰਜਾਲੀ ਰਾਂਗਲੀ ਦੇਂਦੀ ਖੇਤ ਖਿਲਾਰ ਪੰਜੇ ਪਾਣੀ ਆਖਦੇ ਧਰਤੀ ਨੂੰ ਪ੍ਰਣਾਮ ਮਲ ਮਲ ਨ੍ਹਾਵਣ ਗੋਰੀਆਂ ਲੈਣ ਗੁਰਾਂ ਦਾ ਨਾਮ ਇਸ਼ਕ ਤਪੇ ਤੰਦੂਰ ਜਿਉਂ ਜਿੰਦਾਂ ਬਾਲਣ ਪਾਣ ਪੇੜੇ ਟੁੱਕਣ ਦਿਲਾਂ ਦੇ ਹੁਸਨ ਪਲੇਥਣ ਲਾਣ : "ਮਾਰ ਲੈ ਛਲੜੇ ਅਪਣੇ ਤੇ ਸਾਡਾ ਦਿਲ ਮੋੜ ਕੱਚਾ ਧਾਗਾ ਪਿਆਰ ਦਾ ਟੁੱਟ ਸਕੇ ਤਾਂ ਤੋੜ ! ਸ਼ੱਕਰ ਹੋਵੇ ਵੰਡ ਲਾਂ ਰੂਪ ਨਾ ਵੰਡਿਆ ਜਾਏ ਧਾਗਾ ਹੋਵੇ ਤੋੜ ਲਾਂ ਪ੍ਰੀਤ ਨਾ ਤੋੜੀ ਜਾਏ ਜੇ ਤੂੰ ਚੱਲਿਓਂ ਚਾਕਰੀ ਸਾਨੂੰ ਬੋਝੇ ਪਾ ! ਜਿੱਥੇ ਆਵੇ ਰਾਤੜੀ ਕੱਢ ਕਲੇਜੇ ਲਾ !"

"ਸੁਣ ਨੀ ਧੀਏ ਮੇਰੀਏ ! ਇਹ ਮੇਰਾ ਪੰਜਾਬ, ਬੈਠ ਹਜੂਰੀ ਏਸ ਦੀ ਇਹ ਇਕ ਪਾਕ ਕਿਤਾਬ । ਹਰਫ਼ ਸੁਨਹਿਰੀ ਏਸ ਦੇ ਅਮਨ, ਅਹਿੰਸਾ, ਤਿਆਗ, ਸਮਿਆਂ ਵਾਲੀ ਰਾਤ ਵਿਚ ਜਗਦੇ ਜਿਵੇਂ ਚਿਰਾਗ਼ । ਰੰਗ ਜੁ ਇਸ਼ਕ ਖੁਦਾਇ ਦਾ ਰੱਤਾ ਸ਼ੇਖ ਫ਼ਰੀਦ, ਖ਼ੈਰ ਜੁ ਮੰਗੀ ਬੰਦਗੀ ਆਸ਼ਕ ਪਾਈ ਦੀਦ । "ਫ਼ਰੀਦਾ ਖ਼ਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ਮੰਦਾ ਕਿਸਨੋ ਆਖੀਐ ਤਿਸੁ ਬਿਨ ਕੋਈ ਨਾਹਿ” "ਜੰਗਲ ਜੰਗਲ ਕਿਆ ਭਵਹਿ ਵਣਿ ਕੰਡਾ ਮੋੜੇਹਿ ਵਸੀ ਰਬੁ ਹਿਆਲੀਐ ਜੰਗਲ ਕਿਆ ਢੂੰਢੇਹਿ" “ਦਰ ਦਰਵੇਸੀ ਗਾਖੜੀ" ਦੇਂਦਾ ਇਸ਼ਕ ਆਵਾਜ਼ । "ਰਾਤ ਕਥੂਰੀ ਵੰਡੀਐ"? ਲਈ ਫ਼ਰੀਦ ਵਿਹਾਜ । ਸਗਵਾਂ ਸਗਵਾਂ ਚੰਨ ਫਿਰ ਅਰਸ਼ੋਂ ਲੱਥਾ ਆਣ ਧਰਤੀ ਮੱਥੇ ਸੋਭਦਾ ਨਾਨਕ ਸੱਚ ਨਿਸ਼ਾਣ । ਅੰਬਰ ਵੁੱਠੇ ਮੇਘਲਾ ਧਰਤੀ ਫੁੱਟੇ ਆਸ ਪੌਣ ਸੁਗੰਧਾਂ ਝੁੱਲੀਆਂ ਰੰਗਾਂ ਪਾ ਲਈ ਰਾਸ "ਕੋਟਿ ਕੋਟੀ ਮੇਰੀ ਆਰਜਾ" ਧਰਤੀ ਹੋਈ ਨਿਹਾਲ "ਆਪੋ ਬਹੁ ਬਿਧਿ ਰੰਗਲਾ ਸਖੀਏ ਮੇਰਾ ਲਾਲ" ਮਾਨ ਸਰੋਵਰ ਆਖਦਾ : ਕੁਦਰਤ ਤੋ ਬਲਿਹਾਰ ਹੰਸ ਮੇਰੇ ਘਰ ਆਇਆ ਮੋਤੀ ਦੇਵਾਂ ਵਾਰ ! ਰੁੱਤਾਂ ਗਾਵਣ ਸੋਹਿਲੇ ਧੰਨ ਭਲਾ ਸੰਜੋਗ, ਧੰਨ ਭਲੀ ਉਹ ਥਾਉਂ ਹੈ ਮਿਲੇ ਰਾਜ ਤੇ ਜੋਗ ! ਰਲ ਕੇ ਬਹਿਣ ਸਹੇਲੀਆਂ ਚਾਨਣ ਭਿੱਜੀ ਰਾਤ, ਮਿਲ ਕੇ ਕਰਨ ਕਹਾਣੀਆਂ ਸਾਹਬ ਮੇਰੇ ਦੀ ਬਾਤ ਬਾਤਾਂ ਸਾਹਿਬ ਸੰਦੀਆਂ ਵੱਟ ਗਈ ਤਕਦੀਰ, ਕਾਲਾ ਕੱਪੜ ਭੇਖ ਦਾ ਨਾਨਕ ਦਿੱਤਾ ਚੀਰ । "ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ" ਇਕ ਦਰ ਮੰਡਪ ਮਾੜੀਆਂ ਇਕ ਦਰ ਨਾ ਸੀ ਢੋਕ, ਰਾਜੇ ਰੱਤ ਨਚੋੜਦੇ ਛਿੱਲਾਂ ਵਰਗੇ ਲੋਕ । ਕਰਮ ਕਾਂਡ ਦਾ ਵੇਲਣਾ ਛਿੱਲਾਂ ਦਏ ਨਪੀੜ, ਦੁੱਖਾਂ ਖੋਰੀ ਜਿੰਦ ਦੀ ਕਿਸੇ ਨਾਂ ਜਾਤੀ ਪੀੜ । ਉਤੋਂਂ ਕੋਂਹਦਾ ਜਿੰਦ ਨੂੰ "ਕਲਿਕਾਤੀ" ਦਾ ਵਾਰ, ਸਹਿਮੀ ਜਿੰਦੂ ਸਿਸਕਦੀ ਘਾਇਲ ਪੰਛੀ ਹਾਰ : "ਜਿੰਨ੍ਹੀ ਸੱਚ ਨਬੇੜਿਆ ਮੈ ਕੁਰਬਾਨੇ ਤੁੱਧ "ਹੱਕ ਪਰਾਇਆ ਰੱਤ ਹੈ ਮਿਹਨਤ ਸੁੱਚਾ ਦੁੱਧ" “ਪੀਰ ਮੁਰੀਦਾ ਪਿਰਹੜੀ" ਗਾਵੇ ਫਿਰ ਗੁਰਦਾਸ "ਹਉਂ ਤਿਸ ਵਿਟਹੁ ਵਾਰਿਆ" ਸਮਾਂ ਰਚਾਵੇ ਰਾਸ ਸੌ ਮੁਸ਼ਕੰਬਰ ਘੋਲਕੇ ਕੇਸਰ ਰੰਗ ਰਲਾਇ ਮਿਹਰ ਮੁਹੱਬਤ ਆਸ਼ਕੀ ਛੁਪਦੀ ਨਾਹਿ ਛੁਪਾਇ ਲਖ ਲਖ ਬਾਵਨ ਚੰਦਨਾ ਪਹੁੰਚਣ ਨਾ ਉਸ ਤੀਕ ਲੱਖ ਕਪੂਰ ਕਥੂਰੀਆਂ ਲੰਘ ਨਾ ਸੱਕੀਆਂ ਲੀਕ ਬਦਲ ਭਰਿਆ ਮਿਹਰ ਦਾ ਮੋਰਾਂ ਬੱਧੀ ਪੈਲ ਗੁਰਮੁਖ ਪੈਰ ਸਕਾਰਥੇ ਮਾਰਗ ਹੋ ਗਏ ਸਹਿਲ । ਜਿੰਦ ਤਿਹਾਈ ਪਾਣੀਓਂ ਸਾਂਹਵੇਂ ਮੀਲਾਂ ਰੇਤ ਲੱਭਾ ਸ਼ਾਹ ਹੁਸੈਨ ਨੇ ਸਾਹਿਬ ਸੰਦਾ ਭੇਤ । ਰੱਤਾ ਰੰਗ ਜੁ ਸਾਹਿਬ ਦਾ ਰੋਗ ਮਜੀਠਾ ਲਾਲ : “ਰਾਂਝਣ ਰਾਂਝਣ ਕੂਕਦੀ ਰਾਂਝਣ ਮੇਰੇ ਨਾਲ ਧੂੰਏਂ ਫੋਲ ਹੁਸੈਨ ਨੇ ਲੀਤੇ ਲਾਲ ਪਛਾਣ, ਹੁਸਨ ਸੁਹਾਵਾ ਤਿੰਨ੍ਹਾਂ ਦਾ ਇਸ਼ਕ ਜਿੰਨ੍ਹਾਂ ਦੇ ਹਾਣ । ਮੁੱਖ ਭਲੇਰੇ ਤਿੰਨ੍ਹਾਂ ਦੇ ਸਾਈਂ ਜਿੰਨ੍ਹਾਂ ਦੀ ਛਾਪ, ਅੰਦਰ ਆਪੇ ਬਾਹਰ ਆਪੇ ਮਹਿਰਮ ਹੋਇਆ ਆਪ । ਵੇਦ ਕਤੇਬਾਂ ਕਹਿੰਦੀਆਂ ਅੱਜ ਅਸੀਂ ਕੁਰਬਾਨ ਸੱਚਾ ਅੱਖਰ ਇਸ਼ਕ ਦਾ ਬੁੱਲ੍ਹੇ ਲਿਆ ਪਛਾਣ : "ਇਸ਼ਕ ਅੱਲਾ ਦੀ ਜ਼ਾਤ ਭੱਠ ਨਿਮਾਜ਼ਾਂ ਸਭ ਰਲ ਮਿਲ ਦਿਓ ਵਧਾਈਆਂ ਮੈਂ ਵਰ ਲੱਧਾ ਰੱਬ । ਇਹ ਜੁ ਝੰਗੀ ਇਸ਼ਕ ਦੀ ਵਿੱਚ ਬੁਲੇਂਦਾ ਮੋਰ ਮੰਦਰ ਮੱਕਾ ਵੇਖਿਆ ਤੈਥੋਂ ਨਾ ਕੁਝ ਹੋਰ । ਲੋਕਾਂ ਭਾਣੇ ਚਾਕ ਨੀ ਮੇਰਾ ਮੁਰਸ਼ਦ ਸੋਇ ਜਿੱਥੇ ਸੱਜਣ ਸੁਣੀਂਦਾ ਉੱਥੇ ਕਾਬਾ ਹੋਇ ।”

  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ