Arthur Victor ਆਰਥਰ ਵਿਕਟਰ
ਅਰਥਵਾਨ ਸ਼ਬਦ ਸਾਧਕ, ਸੁਰੀਲੇ ਅੰਦਾਜ਼ ਦਾ ਸਵਾਮੀ ਕਵੀ ਆਰਥਰ ਵਿਕਟਰ ਇਸ ਸਮੇਂ ਅਮਰੀਕਾ ਦੇ ਸ਼ਹਿਰ ਮਿਨਾਸਿਸ(ਵਰਜੀਨੀਆ ਸਟੇਟ) ਚ ਵੱਸਦਾ ਹੈ। ਪੰਜਾਬ ਰਹਿੰਦਿਆਂ ਉਸ ਦੀ ਕਵਿਤਾ ਸੁਰੀਲੇ ਅੰਦਾਜ਼
ਕਾਰਨ ਕਵੀ ਦਰਬਾਰਾਂ ਦੀ ਸ਼ਾਨ ਬਣਦੀ ਸੀ। ਮੈਨੂੰ ਮਾਣ ਹੈ ਕਿ ਉਹ ਮੇਰਾ ਨਿੱਕਾ ਵੀਰ ਹੈ ਜੋ ਸਾਡੇ ਗਵਾਂਢੀ ਪਿੰਡ ਸ਼ਿਕਾਰ ਮਾਛੀਆਂ (ਗੁਰਦਾਸਪੁਰ) ਚ ਪਲਿਆ। ਉਸ ਦੇ ਸਤਿਕਾਰ ਯੋਗ ਪਿਤਾ ਜੀ ਵਿਕਟਰ ਜਗਨ ਨਾਥ ਇਸ
ਪਿੰਡ ਦੇ ਮਿਸ਼ਨ ਸਕੂਲ ਦੇ ਮੁੱਖ ਅਧਿਆਪਕ ਸਨ।
ਆਰਥਰ ਵਿਕਟਰ ਦਾ ਜਨਮ 13 ਅਪ੍ਰੈਲ 1956 ਨੂੰ ਮਾਤਾ ਜੀ ਮੈਰੀ ਵਿਕਟਰ ਦੀ ਕੁਖੋਂ ਵਿਕਟੋਰੀਆ ਜੁਬਲੀ ਹਸਪਤਾਲ ਅੰਮ੍ਰਿਤਸਰ ਵਿਖੇ ਹੋਇਆ। ਆਰਥਰ ਨੇ ਮੁਢਲੀਆਂ ਪੰਜ ਜਮਾਤਾਂ ਮਿਸ਼ਨ ਸਕੂਲ ਸ਼ਿਕਾਰ ਮਾਛੀਆਂ ਤੋਂ
ਕਰਕੇ ਦਸਵੀਂ ਸਰਕਾਰੀ ਹਾਈ ਸਕੂਲ ਧਾਰੋਵਾਲੀ (ਗੁਰਦਾਸਪੁਰ) ਤੋਂ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਉਚੇਰੀ ਸਿੱਖਿਆ ਲੈਣੀ ਆਰੰਭੀ। ਇਥੇ ਪਹਿਲੇ ਸਾਲ ਵਿੱਚ ਹੀ ਉਸ ਦੀ ਕਾਵਿ ਪ੍ਰਤਿਭਾ ਨੂੰ
ਸ੍ਵਃ ਪ੍ਰੋਫੈਸਰ ਰਤਨ ਸਿੰਘ ਚਾਹਲ ਨੇ ਪਛਾਣ ਲਿਆ ਤੇ ਉਸ ਦੀ ਕਵਿਤਾ ਕਾਮਾ ਨੂੰ ਪਹਿਲੇ ਪੁਰਸਕਾਰ ਨਾਲ ਸਨਮਾਨਿਆ। ਇਹ ਕਵਿਤਾ ਕਾਲਿਜ ਮੈਗਜ਼ੀਨ ਦੀਪ ਸ਼ਿਖ਼ਾ ਵਿੱਚ ਛਪੀ ਤਾਂ ਪੜ੍ਹਨ ਸਾਰ ਬਟਾਲਾ ਤੋਂ ਛਪਦੇ ਸਪਤਾਹਿਕ
ਪੱਤਰ ਲੋਕ ਮਾਰਗ ਦੇ ਸੰਪਾਦਕ ਕਵੀਰਾਜ ਸਿੰਘ ਰੰਧਾਵਾ ਆਰਥਰ ਨੂੰ ਮਿਲਣ ਲਈ ਕਾਲਿਜ ਆਏ। ਉਸ ਦੀਆਂ ਕਵਿਤਾਵਾਂ ਲੋਕ ਮਾਰਗ ਚ ਅਕਸਰ ਛਪਦੀਆਂ। ਉਤਸ਼ਾਹ ਵਧਿਆ ਤਾਂ ਉਸ ਆਪਣੀਆਂ ਕਵਿਤਾਵਾਂ ਨਾਗਮਣੀ
ਮਾਸਿਕ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਜੋ ਨਾਲੋ ਨਾਲ ਛਪਦੀਆਂ ਰਹੀਆਂ। ਇਸ ਨਾਲ ਉਸ ਨੂੰ ਉਚੇਰੀ ਸਾਹਿੱਤਕ ਪਛਾਣ ਮਿਲੀ।
ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕਰ ਕੇ ਉਸ ਐੱਮ ਏ ਪੰਜਾਬੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਦਾਖ਼ਲਾ ਲੈ ਲਿਆ। ਇਥੋਂ ਹੀ ਆਪ ਨੇ ਡਾਃ ਗੁਰਬਖ਼ਸ਼ ਸਿੰਘ
ਫਰੈਂਕ ਜੀ ਦੀ ਅਗਵਾਈ ਹੇਠ ਸਃ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦਾ ਸਭਿਆਚਾਰਕ ਅਧਿਐਨ ਵਿਸ਼ੇ ਤੇ ਐੱਮ ਫਿੱਲ ਦੀ ਡਿਗਰੀ ਹਾਸਲ ਕੀਤੀ। 1960-80 ਦੌਰਾਨ ਲਿਖੀ ਗਈ ਪੰਜਾਬੀ ਕਵਿਤਾ ਦੇ ਇਤਿਹਾਸਕ ਪਰਿਵੇਸ਼
ਬਾਰੇ ਡਾਃ ਸਤਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੀ ਐੱਚ ਡੀ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਯੂ ਪੀ ਐੱਸ ਸੀ ਰਾਹੀਂ ਪ੍ਰੋਗ਼ਾਮ ਨਿਰਮਾਤਾ ਵਜੋਂ ਅਕਾਸ਼ਵਾਣੀ ਲਈ ਚੋਣ ਹੋ ਜਾਣ ਕਾਰਨ ਪੜ੍ਹਾਈ ਵਿੱਚੇ ਛੱਡਣੀ ਪਈ। ਆਰਥਰ ਨੇ ਇੱਕ ਸਾਲ ਸ ਲ ਬਾਵਾ ਡੀ ਏ ਵੀ ਕਾਲਿਜ ਬਟਾਲਾ ਵਿੱਚ ਵੀ ਪੜ੍ਹਾਇਆ।
ਨਾਟਕ ਅਦਾਕਾਰੀ ਵੀ ਉਸ ਦੇ ਸ਼ੌਕ ਦਾ ਹਿੱਸਾ ਹੋਣ ਕਾਰਨ ਡਾਃ ਆਤਮਜੀਤ ਦੇ ਲਿਖੇ ਨਾਟਕ ਅੰਨ੍ਹੇ ਕਾਣੇ ਵਿੱਚ ਉਸ ਮੁੱਖ ਭੂਮਿਕਾ ਨਿਭਾਈ।
ਸੁਰਗਵਾਸੀ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਅਤੇ ਹਰਭਜਨ ਮਲਿਕਪੁਰੀ ਦੀ ਸੁਰਵੰਤੀ ਆਵਾਜ਼ ਤੋਂ ਪ੍ਰਭਾਵਤ ਹੋ ਕੇ ਉਸ ਨੇ ਗਾਇਨ ਵਿੱਚ ਵੀ ਪ੍ਰਬੀਨਤਾ ਹਾਸਲ ਕੀਤੀ ਜਿਸ ਕਰਕੇ ਉਹ 1979 ਵਿੱਚ ਹੀ ਅਕਾਸ਼ਵਾਣੀ ਦਾ ਪ੍ਰਵਾਨਤ ਕਲਾਕਾਰ ਬਣ ਗਿਆ।
ਅਕਾਸ਼ਵਾਣੀ ਸੇਵਾ ਉਸ ਨੇ 29 ਅਕਤੂਬਰ 1984 ਨੂੰ ਜੰਮੂ ਤੋਂ ਆਰੰਭੀ। ਆਕਾਸ਼ਵਾਣੀ ਨਵੀਂ ਦਿੱਲੀ ਵਿਖੇ ਸੇਵਾ ਨਿਭਾਉਂਦਿਆਂ ਉਹ ਦੂਰਦਰਸ਼ਨ ਵਿੱਚ ਤਬਦੀਲ ਹੋ ਗਿਆ। ਇਥੋਂ ਹੀ ਉਹ ਫਿਲਮ ਤੇ ਟੈਲੀਵੀਯਨ ਇੰਸਟੀਚਿਊਟ ਪੂਨੇ ਵਿੱਚ ਇੱਕ ਸਾਲ ਦੇ ਡਿਪਲੋਮਾ ਕੋਰਸ
ਲਈ ਚਲਾ ਗਿਆ। ਮੁੜਨਸਾਰ ਉਸ ਨੂੰ ਦੁਰਦਰਸ਼ਨ ਦੇ ਸੈਂਟਰਲ ਪ੍ਰੋਡਕਸ਼ਨ ਯੂਨਿਟ ਵਿੱਚ ਲੈ ਲਿਆ ਗਿਆ। ਇਸ ਮਹੱਤਵਪੂਰਨ ਕਾਰਜ ਲਈ ਅਕਸਰ ਬੜੇ ਸੀਨੀਅਰ ਅਧਿਕਾਰੀ ਲਾਏ ਜਾਂਦੇ ਹਨ। ਇਥੇ ਕੰਮ ਕਰਦਿਆਂ ਉਸ ਅਨੇਕਾਂ ਨਾਟਕਾਂ ਤੇ ਲੜੀਵਾਰ ਡਰਾਮਿਆਂ ਦੀ ਨਿਰਦੇਸ਼ਨਾ ਕੀਤੀ।
ਦੂਰਦਰਸ਼ਨ ਨੇ ਜਦ ਡੀ ਡੀ ਸਪੋਰਟਸ ਤੇ ਇੰਟਰਨੈਸ਼ਨਲ ਨਿਊਜ਼ ਚੈਨਲ ਆਰੰਭਿਆ ਤਾਂ ਦੋਹਾਂ ਦਾ ਹੀ ਵੱਖ ਵੱਖ ਸਮੇਂ ਆਰਥਰ ਨੂੰ ਹੀ ਪ੍ਰੋਡਿਊਸਰ ਬਣਾਇਆ ਗਿਆ।
ਮਾਪੇ ਤੇ ਪਰਿਵਾਰ ਦੇ ਬਹੁਤੇ ਜੀਅ ਅਮਰੀਕਾ ਵੱਸਦੇ ਹੋਣ ਕਾਰਨ ਉਹ ਵੀ ਸਾਲ 2000 ਵਿੱਚ ਅਮਰੀਕਾ ਚਲਾ ਗਿਆ ਤੇ ਪੱਕੇ ਤੌਰ ਤੇ ਉਥੋਂ ਦਾ ਹੀ ਹੋ ਗਿਆ।
1989 ਚ ਉਸ ਦੀ ਇਕਲੌਤੀ ਕਾਵਿ ਪੁਸਤਕ ਸਮੇਂ ਦਾ ਸੱਚ ਛਪੀ ਜਿਸ ਬਾਰੇ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖਿਆ ਕਿ ਇਨ੍ਹਾਂ ਨਜ਼ਮਾਂ ਵਿੱਚ ਨਾਅਰਾ ਮੁਕਤ ਕਰਾਂਤੀ ਦੇ ਪੱਬਾਂ ਦੀ ਆਵਾਜ਼ ਹੈ ਜੋ ਤਿੱਖੜ ਦੁਪਹਿਰੇ ਵੰਗਾਂ ਟੁੱਟਣ ਦੀ ਆਵਾਜ਼ ਸੁਣਾਂਦੀ ਹੈ ਤਾਂ ਰਾਹਗੀਰਾਂ ਨੂੰ ਕੁਝ ਨਹੀਂ ਆਖਦੀ,
ਉਹ ਸਿੱਧਾ ਚੇਤਨਾ ਦੇ ਕਲੇਜੇ ਵਿੱਚ ਰੁੱਗ ਭਰਦੀ ਹੈ। ਸਿਰਫ਼ ਅਜਿਹੀ ਕਰਾਂਤੀ ਉਹ ਰਬਾਬ ਹੋ ਸਕਦੀ ਹੈ ਜਿਹਦੀ ਸੁਰ ਉੱਤੇ ਬਾਣੀ ਨਾਜ਼ਲ ਹੁੰਦੀ ਹੈ ਤੇ ਸਿਰਫ਼ ਅਜਿਹੀ ਕਰਾਂਤੀ ਉਹ ਨਮਾਜ਼ ਹੋ ਸਕਦੀ ਹੈ ਜੋ ਸੀਮਾ ਮੁਕਤ ਹੋ ਕੇ ਕਾਫ਼ਰ ਅਖਵਾ ਸਕਦੀ ਹੈ। ਮੈਂ ਖ਼ੁਸ਼ ਹਾਂ ਕਿ ਆਰਥਰ ਨੇ
ਅਜਿਹੀ ਕਰਾਂਤੀ ਦੇ ਪੈਰਾਂ ਦੀ ਆਵਾਜ਼ ਸੁਣੀ ਹੈ। ਆਰਥਰ ਵਿਕਟਰ ਦੀ ਕਵਿਤਾ ਵਿੱਚੋਂ ਪੰਜਾਬ ਬੋਲਦਾ ਹੈ ਲਗਾਤਾਰ।-ਗੁਰਭਜਨ ਗਿੱਲ।