Samein Da Sach : Arthur Victor

ਸਮੇਂ ਦਾ ਸੱਚ (ਕਾਵਿ ਸੰਗ੍ਰਹਿ) : ਆਰਥਰ ਵਿਕਟਰਗੀਤ-ਮੈਂ ਪੰਜਾਬ ਹਾਂ !

ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !! ਤਿਰਸ਼ੂਲ, ਖੰਡੇ ਸਲੀਬ ਦੀ ਸਾਂਝੀ ਮਿੱਸੀ ਤਹਿਜ਼ੀਬ ਦੀ ਮੈਂ ਸਮੇਂ ਦੇ ਗਰਦੋ-ਗੁਬਾਰ ਦੀ ਸਦੀਆਂ ਪੁਰਾਣੀ ਕਿਤਾਬ ਹਾਂ ਮੈਂ ਪੰਜਾਬ ਹਾਂ ।...ਪੰਜਾਬ ਹਾਂ !! ਮੈਂ ਦੁਆ ਕਿਸੇ ਹਾਂ ਫ਼ਕੀਰ ਦੀ ਰਹਿਮਤ ਅੱਲਹ ਬੇਨਜ਼ੀਰ ਦੀ ਮੈਂ ਕਟਾ ਕੇ ਸੀਸ ਸਮੇਂ-ਸਮੇਂ ਸੱਜਦਾ ਰਿਹਾ ਜੋ ਗੁਲਾਬ ਹਾਂ ਮੈਂ ਪੰਜਾਬ ਹਾਂ !...... ਹਾਂ !! ਮੇਰੇ ਬੋਲ ਵੇਦ ਗਰੰਥ ਨੇ ਸੱਭ ਨੇ ਸਲਾਹੇ ਬੇਅੰਤ ਨੇ ਨਾਜ਼ਲ ਜਿਹਦੀ ਸੁਰ ਤੇ ਹੋਈ ਬਾਣੀ ਮੈਂ ਉਹੋ ਰਬਾਬ ਹਾਂ ਮੈਂ ਪੰਜਾਬ ਹਾਂ ! ਮੈਂ ...... ਹਾਂ !! ਮੇਰੇ ਪੈਰਾਂ ਹੇਠ ਬੁਲੰਦੀਆਂ ਫ਼ਿਤਰਤ 'ਚ ਅਮਨ ਪਸੰਦੀਆਂ ਮੈਂ ਸਮੇਂ ਦੇ ਅੱਥਰੇ ਘੋੜੇ ਦੀ ਕਾਠੀ ਲਗਾਮ ਰਕਾਬ ਹਾਂ ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !! ਮੈਂ ਲਹੂ-ਲੁਹਾਨ ਕਿਉਂ ਹੋ ਗਿਆ ਮੈਨੂੰ ਵੇਖ ਹਰ ਕੋਈ ਰੋ ਪਿਆ। ਮੇਰਾ ਸਬਰ ਟੁੱਟਦਾ ਜਾ ਰਿਹਾ ਪੱਛਿਆ ਗਿਆ ਬੇਹਿਸਾਬ ਹਾਂ । ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !!

ਗੀਤ-ਪੰਜਾਬ ਤੈਨੂੰ ਕੀ ਹੋ ਗਿਐ

ਪੰਜਾਬ ਤੈਨੂੰ ਕੀ ਹੋ ਗਿਐ ਤੈਨੂੰ ਵੇਖ ਮੇਰਾ ਦਿਲ ਰੋ ਪਿਐ ਕਿੱਥੇ ਟੱਲੀਆਂ ਤੇ ਸੰਖ ਕਿੱਥੇ ਗੁਰੂ ਸੂਫ਼ੀ ਸੰਤ ਕਿੱਥੇ ਸੁਬਹ ਦੀ ਗੁਆਚ ਗਈ ਅਜ਼ਾਨ । ਓ...ਪੰਜਾਬ ਓ...ਪੰਜਾਬ-। ਤੇਰੇ ਪਾਣੀਆਂ ’ਚ ਸੇਕ ਗੁੱਸੇ ਜਾਪਦੈ ਹਰੇਕ ਕੁਝ ਬੋਲਦਾ ਕਿਉਂ ਨਈਂ ਰਿਹੈਂ ਚੁੱਪ-ਚਾਪ ਵੇਖ ਇਥੇ ਹੋ ਗਏ ਨੇ, ਕਿੱਦਾਂ ਦੇ ਇਨਸਾਨ । ਓ .. ਪੰਜਾਬ...ਓ...ਪੰਜਾਬ ਇਹ ਜੋ ਹੋਈ ਅਣਹੋਈ ਏਦਾਂ ਕਦੇ ਵੀ ਨਾ ਹੋਈ ਇਥੇ ਦਰਦੀ ਨਾ ਕੋਈ ਕਾਫ਼ੀ ਬੁਲ੍ਹੇ ਸ਼ਾਹ ਦੀ ਰੋਈ ਕਿੱਥੇ ਗਿਆ ਸਾਡਾ ਦੀਨ-ਈਮਾਨ ਪੰਜਾਬ... ਪੰਜਾਬ... ਪੰਜਾਬ ਅੱਜ ਆਪਣੇ ਹੀ ਖ਼ੂਨ ਕੀਤਾ ਜ਼ਖਮੀ ਸਕੂਨ ਜੀਣਾ ਹੋ ਗਿਆ ਮੁਹਾਲ ਕੈਸੀ ਚੰਦਰੀ ਇਹ ਜੂਨ ਅਸੀਂ ਆਪਣੀ ਹੀ ਭੁੱਲ ਗਏ ਪਛਾਣ ਪੰਜਾਬ... ਪੰਜਾਬ...ਪੰਜਾਬ

ਵਕਤ ਬਨਾਮ ਵਕਤ

ਚਿੰਤਾਵਾਂ ਦੀ ਸਲੀਬ ਤੇ ਲਟਕਿਆ ਮੈਂ ਆਦਿ ਕਾਲ ਤੋਂ ਹੀ ਵਕਤ ਨੂੰ ਮੁਆਫ਼ ਕਰਦਾ ਆ ਰਿਹਾ ਹਾਂ ਵਕਤ ਭਲਾ ਹੈ ਕੀ ਏ ? ਤੁਹਾਥੋਂ ਪੁੱਛਿਆ ਤਾਂ ਸਿਰਫ ਹੱਸ ਛੱਡਗੇ ਉਂਜ ਵਕਤ ਬੜੀ ਨਾਮੁਰਾਦ ਸ਼ੈਅ ਦਾ ਨਾਂ ਹੈ ਜੋ ਕਦੇ ਮਰਦਾ ਨਹੀਂ ਸਿਰਫ ਆਪਣੇ ਨਾਂਓ ਬਦਲਦਾ ਹੈ ਵਕਤ ਜੋ ਵਰਤਮਾਨ ਦੇ ਸਿਆੜਾਂ 'ਚ ਭਵਿੱਖ ਦੇ ਬੀਆਂ ਦਾ ਛੱਟਾ ਦੇਂਦਾ ਹੈ ਇਕ ਅਸਲੋਂ ਹੀ ਚੰਦਰੀ ਸ਼ੈਅ ਦਾ ਨਾਂ ਹੈ ਪਰ ਤੁਸੀਂ ਇੰਜ ਕਿੱਥੇ ਮੰਨੋਗੇ ਜਿੰਨੀ ਦੇਰ ਪੀੜਾ ਦੀ ਸਰਦਲ ਤੇ ਪੈਰ ਹੀ ਨਹੀਂ ਧਰਦੇ ਤੇ ਵਕਤ ਦੀ ਦਸਤਕ ਦਾ ਸਿਰਨਾਵਾਂ ਹੀ ਨਹੀਂ ਪੜ੍ਹਦੇ ਮੇਰੇ ਪੈਰਾਂ ਵਿਚ ਭੂਤ ਦੇ ਕਿੱਲ ਨੇ ਹੱਥਾਂ ਚੋਂ ਵਰਤਮਾਨ ਕਿਰਦਾ ਹੈ ਤੇ ਸਿਰ 'ਚ ਭਵਿੱਖ ਛੱਲਕਦਾ ਹੈ ਤੁਸੀਂ ਜੇ ਮੇਰੇ ਮੁਰਦਾ ਹੋਣ ਦੀ ਅਜ਼ਮਾਇਸ਼ ਵੱਜੋਂ ਕੁੱਝ ਪੁੱਛੋਗੇ ਤਾਂ ਜੁਗਾ ਤੋਂ ਲੱਗੀ ਭੁੱਖ ਤੁਹਾਡੀ ਝੋਲੀ 'ਚ ਟਪਕੇਗੀ ਖੈਰ ! ਛੱਡੋ ਤੁਸੀਂ ਇੰਜ ਕਿੱਥੇ ਮੰਨੋਗੇ ਤੁਸੀਂ ਜੋ ਵਕਤ ਦੀ ਪੱਸਰੀ ਧੁੰਦ ਅੱਗੇ ਸਿਰਫ ਅੱਖਾਂ ਹੀ ਝੱਮਕ ਛੱਡਦੇ ਇੰਜ ਕਿੱਥੇ ਮੰਨੋਗੇ ਤੁਸੀਂ ਜੋ ਸ਼ਹਿ ਲਾਈ ਬੈਠੇ ਵਕਤ ਨੂੰ ਮਹਿਜ਼ ਕਿਸੇ ਬੀਬੇ ਕਬੂਤਰ ਹੋਣ ਦੇ ਭਰਮ 'ਚ ਹੋ ਤੁਹਾਨੂੰ ਕੀ ਪਤਾ ਏ ਵਕਤ ਬਾਜ਼ ਦੀ ਗੰਧਲੀ ਅੱਖ ਹੈ !

ਗੀਤ-ਕੌਣ ਨੀ ਮੁਹੱਬਤਾਂ ਦੇ

ਕੌਣ ਨੀ ਮੁਹੱਬਤਾਂ ਦੇ ਮਿਸ਼ਰੀ ਜਿਹੇ ਪਾਣੀਆਂ 'ਚ ਗਿਆ ਈ ਕੁੜੱਤਣਾ ਘੋਲ । ਤੁਰੇ ਜਾਂਦੇ ਪਾਣੀਆਂ 'ਚ ਚਿਰਾਂ ਦਿਆਂ ਹਾਣੀਆਂ 'ਚ ਚੜ੍ਹਕੇ ਸ਼ਰੀਕਾਂ ਹੱਥੀਂ ਅੰਮੀ ਜਾਏ ਵੀਰਿਆਂ ਨੇ ਆਪਣੀ ਹੀ ਰੱਤ ਲਈ ਡੋਲ੍ਹ । ਸੁੰਝੀਆਂ ਦਹਿਲੀਜ਼ਾਂ ਰੋਈਆਂ ਪੂਰੀਆਂ ਨਾ ਰੀਝਾਂ ਹੋਈਆਂ ਮੁੜਕੇ ਆਵਾਜ਼ ਕਦੇ ਆਈ ਨ ਜੋ ਆਖਦੀ ਸੀ ਮੈਂ ਹੀ ਆਂ ਬੂਹਾ ਤੂੰ ਉੱਠ ਖੋਲ੍ਹ । ਵੇਖੀਆਂ ਨਾ ਜਾਣ ਰੁੱਤਾਂ ਜਿੱਥੇ ਮਾਂਵਾਂ ਬਾਝ ਪੁੱਤਾਂ ਰੋਂਦੀਆਂ ਨੇ ਕੰਧੀ ਲਗ ਸਾਂਭ ਕੇ ਨਿਸ਼ਾਨੀ ਪੱਗ ਮੁੜਦੇ ਘਰਾਂ ਨੂੰ ਨਈਓਂ ਢੋਲ !

ਮੈਨੂੰ ਡਰ ਹੈ !

ਖ਼ਤ ! ਜੋ ਮੈਂ ਆਪਣੀ ਨਿੱਜੀ ਫਾਈਲ ਵਿਚ ਡਿਗਰੀਆਂ ਵਾਗ ਸਾਂਭ ਰਖੇ ਨੇ ਅਚਾਨਕ ਮੇਰੇ ਵੱਲ ਗਲੀ ਦੇ ਅਵਾਰਾ ਕੁੱਤਿਆਂ ਵਾਂਗ ਭੌਂਕਦੇ ਨੇ ਤੇ ਇਸ ਰੌਲੇ ਨੂੰ ਚੀਰਦੀ ਹੋਈ ਇਕ ਜਾਣੀ ਪਛਾਣੀ ਅਵਾਜ਼ ਇਨਾਂ ਕੁੱਤਿਆਂ ਨੂੰ ਪੁੱਚਕਾਰਦੀ ਹੈ ਤੇ ਮੈਥੋਂ ਮੇਰੀ ਨੀਯਤ ਦਾ ਸਿਰਨਾਵਾਂ ਪੁੱਛਦੀ ਹੈ ਮੇਰੇ ਉਤਰ ਦੇਣ ਤੋਂ ਪਹਿਲਾਂ ਹੀ ਆਵਾਜ਼ ਖ਼ਤਾਂ ਵਿਚ ਮੁੜ ਅਲੋਪ ਹੋ ਗਈ ਹੈ ਪਰ ! ਮੈਨੂੰ ਆਪਣੇ ਪੁਰਾਣੇ ਖ਼ਤਾਂ ਦੇ ਹਲਕਾਏ ਜਾਣ ਦਾ ਡਰ ਅਜੇ ਵੀ, ਤਾਰੇ ਦੇ ਟੁੱਟਣ ਦੇ ਵਹਿਮ ਵਰਗਾ ਹੈ ।

ਹੱਦ

ਉਨ੍ਹਾਂ ਨੂੰ ਮੇਰੇ ਤਾਰੇ ਤੋੜ ਲੈਣ ਤੱਕ ਦੀ ਆਸ ਸੀ । ਹੁੰਦੀ ਵੀ ਕਿਉਂ ਨਾ ਬਚਪਨ ਤੋਂ ਹੀ ਉਨ੍ਹਾਂ ਨੂੰ ਮੇਰੇ ਕੁਝ ਕਰ ਗੁਜ਼ਰਣ ਦਾ ਬੜਾ ਹੀ ਮਾਣ ਸੀ ਉਹ ਤਾਂ ਚਾਹੁੰਦੇ ਸਨ; ਪੁਲਾੜ 'ਚ ਛੱਡੇ ਮਸਨੂਈ ਸਿਆਰੇ ਵਾਂਗ ਖ਼ਬਰਾਂ ਦੇ ਹਰ ਬੁਲੇਟਿਨ 'ਚ ਉਨ੍ਹਾਂ ਦੇ ਲਾਲ ਦਾ ਵੀ ਜ਼ਿਕਰ ਹੋਵੇਗਾ ਪਰ ! ਕੀ ਪਤਾ ਸੀ ਮੈਂ ਆਪਣੇ ਹੀ ਮਲਬੇ ਹੇਠ ਦੱਬ ਕੇ ਰਹਿ ਜਾਵਾਂਗਾ ਤੇ ਚਿੱਬ-ਖੜੱਬੇ ਬਰਤਨ ਵਾਂਗ ਸਿਰਫ਼ ਘਰ ਦੇ ਨਿੱਕੇ-ਮੋਟੇ ਕੰਮ ਲਈ ਹੀ ਵਰਤਿਆ ਜਾਵਾਂਗਾ ਨਾਲੇ ਕੋਈ ਪਤਾ ਥੋੜ੍ਹਾ ਸੀ ! ਮੈਂ ਕੱਦੂ 'ਚ ਭੱਜੇ ਫਿਰਦੇ, ਡੰਗਰਾਂ ਦੇ ਪੈਰਾਂ ਗਾੜੀ ਪਲਛੇਟੇ ਖਾਂਦੇ ਪਾਣੀ ਵਾਂਗੂੰ ਸਮੇਂ ਦੇ ਪਿੰਡੇ 'ਤੇ ਕੋਈ ਦਾਗ਼ ਹੀ ਨਹੀਂ ਪਾ ਸਕਣਾ ਮੈਂ ਤਾਂ ਬਣ ਕੇ ਰਹਿ ਗਿਆ ਹਾਂ ਕਿਸੇ ਭੌਂ ਹੀਣ ਖੇਤ ਮਜ਼ਦੂਰ ਦਾ ਕਿਸੇ ਬੰਬੀ ਵਾਲੇ ਸਰਦਾਰ ਪਾਸੋਂ ਪਾਣੀ ਦੀ ਵਾਰੀ ਪੁੱਛ ਰਿਹਾ ਇਕ ਤਰਲਾ ਆਪਣੀ ਤਾਂ ਹੋਂਦ ਕਿਸੇ ਰਾਜਸੀ ਨੇਤਾ ਦੇ ਨਿਕਟੀ-ਰਿਸ਼ਤੇਦਾਰ ਦੇ ਘਰ ਬਿਨਾ ਰਾਸ਼ਨ ਕਾਰਡ ਦੇ ਪੁੱਜੀ ਡਿੱਪੂ ਦੀ ਖੰਡ ਵਰਗੀ ਹੈ ਜਿਸ ਦੀ ਕਿਸਮਤ ਫਕਿਆਂ 'ਚ ਉਡ ਜਾਣ ਤੋਂ ਲੈ ਕੇ ਕਿਸੇ ਦੂਰੋਂ ਆਏ ਗਏ ਲਈ ਚਾਹ ਜਾਂ ਸ਼ਰਬਤ 'ਚ ਖੁਰਨਾ ਹੈ । ਚਾਹ ਜਾਂ ਸ਼ਰਬਤ 'ਚ ਖੁਰਨਾ ਹੈ !!

ਅਸੀਂ ਤਾਂ

ਪ੍ਰਯੋਗਸ਼ਾਲਾ ਦੀ ਟੀਸੀ 'ਤੇ ਲੱਗੇ ਹਵਾ ਦਿਸ਼ਾ-ਸੂਚਕ ਯੰਤਰ ਹਾਂ 'ਵਾ ਚਾਹੇ ਪੁਰੇ ਦੀ ਹੋਵੇ ਚਾਹੇ ਪੱਛੋਂ ਦੀ- ਆਪਣੇ ਨਾਲ ਤਾਂ ਹਮੇਸ਼ਾਂ ਜ਼ਬਰਦਸਤੀ ਹੁੰਦੀ ਏ ਏਸ ਜ਼ਬਰਦਸਤੀ ਨੂੰ ਚੁੱਪ ਚਾਪ ਸਹਿਣਾ ਹੀ ਸਾਡਾ ਧਰਮ ਮੰਨਿਆ ਜਾਂਦਾ ਹੈ ! ਅਸੀਂ ਤਾਂ ਸਦਾ ਖਾਂਦੇ ਰਹੇ ਭਾਸ਼ਣਾ ਦੀ ਖਿੱਚੜੀ ਤੇ ਸਕੀਮਾਂ ਦਾ ਦਲੀਆ ਸ਼ਾਮ ਦੇ ਘੁਸ-ਮੁੱਸੇ 'ਚ ਤਿਤਲੀਆਂ ਦੇ ਰੰਗ ਪਹਿਚਾਨਣਾ ਕਦੇ ਵੀ ਆਪਣਾ ਸ਼ੌਕ ਨਹੀਂ ਹੋ ਸਕਿਆ !

ਕਾਮਾ

ਉਸ ਕਾਮੇ ਬਾਰੇ ਕਦੇ ਸੋਚਿਆ ਈ ? ਪੱਠੇ ਕੁੱਤਰਦਿਆਂ ਹੱਥ ਜਿਸਦਾ ਟੋਕੇ ਵਿਚ ਵੱਢਿਆ ਗਿਆ ਸੀ ਉਹ ਨਾ ਰੋਇਆ ਨਾ ਘਬਰਾਇਆ ਨਾ ਡਾਕਟਰ ਲਈ ਪੁਕਾਰ ਰਿਹਾ ਸੀ ਉਹ ਤਾਂ ਬੱਸ ! ਹੱਕੜੇ-ਭੱਕੜੇ ਆਪਣੇ ਵੱਢੇ ਪੋਟਿਆਂ ਨੂੰ ਫੜ ਕੇ ਮਨ ਆਪਣੇ ਵਿਚ, ਵਿਚਾਰ ਰਿਹਾ ਸੀ ਫੜਾਂਗਾ ਕਿਵੇਂ ਹੱਥ ਵਿਚ ਥੱਬੇ ਤੇ ਕਰਾਂਗਾ ਹੁਣ ਮੁਸ਼ੱਕਤ ਕਿਵੇਂ !

ਖ਼ੂਨ ਦਾਨ

ਕੱਢ ਲਓ ! ਖ਼ੂਨ ਸਾਰਾ ਹੀ ਤੇ ਲੈ ਲਓ ਇਕ-ਇਕ ਬੋਟੀ ਪਰ ! ਦੇ ਦਿਓ ਭੁੱਖੇ ਬਾਲਾਂ ਨੂੰ ਗਿਣ ਕੇ ਇਕ-ਇਕ ਰੋਟੀ । ਇਹ ਮੇਰਾ ਖ਼ੂਨ ਹੱਡ-ਭੰਨਵੀਂ ਮਿਹਨਤ ਤੋਂ ਬਣਿਆ ਜੇ ਪਸੀਨਾ ਪੁਣ ਮੁਸ਼ੱਕਤ ਦਾ ਇਹ ਖ਼ੂਨ ਸ਼ੁੱਧ ਬਣਿਆ ਜੇ ਇਹਦੀ ਜ਼ਰਾ, ਰੰਗਤ ਨੂੰ ਵੇਖਿਓ ਤੇ ਫਿਰ, ਕਿਸੇ ਮਜ਼ਦੂਰ ਮਰਦੇ ਨੂੰ ਇਹ ਮੇਰਾ ਖ਼ੂਨ ਦੇ ਦਿਓ ! ਇਹ ਮੇਰਾ ਖ਼ੂਨ ਦੇ ਦਿਓ !!

ਵਿਸ਼ਵ ਵਿਦਿਆਲੇ ਦੀ ਨਿੱਕੀ ਕੁੜੀ ਦੇ ਨਾਂ

ਅਸਲੋਂ ਹੀ ਸੋਹਲ ਜਿਹੀ ਨਿੱਕੀ ਕੁੜੀਏ ਮੈਂ ਤੈਨੂੰ ਚੀਚ-ਵਹੁੱਟੀ ਕਹਾਂ ਜਾਂ ਉੱਡਣਾ ਸਿੱਖ ਰਹੀ ਘੁੱਗੀ ਤੂੰ ਏਨਾ ਬਣ-ਠਣ ਕੇ ਨਿਕਲਿਆ ਨ ਕਰ ਤੇ ਮੇਰੇ ਸਣੇ ਕਿਸੇ ਚੰਦਰੇ ਦੀ ਨਜ਼ਰ ਲਗ ਜਾਵੇ ਤੂੰ ਜਿੱਥੇ ਵਸਦੀ ਏਂ ਤੇਰੇ ਸ਼ਹਿਰ ਦਾ ਚਿੜੀਆ-ਘਰ ਨਹੀਂ ਘਣਾ ਜੰਗਲ ਐ ਜਿੱਥੇ ਵੱਸਦੇ ਨੇ ਸਾਰੇ ਦੇ ਸਾਰੇ ਆਦਿ-ਮਾਨਵ ਤੇ ਉਹ ਜਦੋਂ ਬੋਲਦੇ ਨੇ ਸਿਰਫ਼ ਤੇ ਸਿਰਫ਼, ਖੰਜਰ ਹੀ ਉਗਲਦੇ ਨੇ ਖਲੋ ਕੇ ਨਿੱਤਰੇ ਪਾਣੀਆਂ ਦੇ ਕੰਢੇ ਤੂੰ ਚਿਰਾਂ ਤੋੜੀ ਆਪਣਾ ਅਕਸ ਨ ਵੇਖਿਆ ਕਰ ਗਹਿਰ ਜੇ ਉੱਗੜ ਆਈ ਤਾਂ ਘੁਲ ਜਾਵੇਗਾ ਤੇਰਾ ਅਕਸ ਹਮੇਸ਼ਾਂ ਹਮੇਸ਼ਾਂ ਵਾਸਤੇ । ਅਸਲੋਂ ਹੀ ਸੋਹਲ ਜਿਹੀ ਨਿੱਕੀ ਕੁੜੀਏ ਮੈਂ ਤੈਨੂੰ ਚੀਚ-ਵਹੁਟੀ ਕਹਾਂ ਜਾ ਉੱਡਣਾ ਸਿੱਖ ਰਹੀ ਘੁੱਗੀ ।

ਮੱਥੇ ਦੀ ਧੁਆਂਖ

ਬਿਰਧ ਬਾਪ ਦੀ ਦੱਬਵੀਂ ਆਵਾਜ਼ 'ਚ ਥਿੜਕਦੇ ਬੋਲ- 'ਕਿਉਂ ਪੁੱਤ ! ਹੋਇਐ ਕੋਈ ਰੁਜ਼ਗਾਰ ਦਾ ਚਾਰਾ ?' ਮੇਰੇ ਕੰਨਾਂ ਵਿਚ ਪ੍ਰੈਸ਼ਰ ਹਾਰਨ ਦੀ ਆਵਾਜ਼ ਵਾਂਗ ਸਾਂ ਸਾਂ ਕਰਦੇ ਹਨ ਤੇ ਮੈਂ ਸੜਕ ਦੇ ਵਿਚਕਾਰ ਆਵਾਰਾ ਕੁੱਤਿਆਂ ਵਾਂਗ ਸੁੰਦਰ ਕਾਰਾਂ ਪਿੱਛੇ ਦੌੜਨ ਦੀ ਬਜਾਏ ਨੰਗੇ ਪੈਰੀਂ ਸੜਕ ਦੇ ਖੱਬੇ ਹੱਥ ਤੁਰਨ ਲਗ ਪੈਂਦਾ ਹਾਂ । ਸੂਰਜ ਦੁਆਲੇ ਗੇੜੇ ਕਢਦਿਆਂ ਇਸ ਬੁੱਢੇ ਬੋਹੜ ਦੀ ਛਾਵੇਂ ਮੇਰੀ ਉਮਰ ਦਾ ਤੇਈਵਾਂ ਮੁੱਕਣ ਵਾਲਾ ਏ ਪਰ । ਮੈਂ ਅਜੇ ਤੋੜੀ ਕੋਸ਼ਿਸ਼ 'ਚ ਹੀ ਮਸ਼ਰੂਫ ਹਾਂ ਸੌ ਵਾਰ, ਪਰੋਲੇ ਫੇਰਨ ਤੇ ਵੀ ਮੱਥੇ ਦੀ ਧੁਆਂਖ ਉਭਰ ਆਉਂਦੀ ਐ ਜਿਸ ਕਿਸੇ ਮੇਰਾ ਮੱਥਾ ਚੁੰਮਿਐ ਉਸਦਾ ਮੂੰਹ ਕਸੈਲਿਆ ਗਿਐ ਤੇ ਉਹ ਮੈਥੋਂ ਦੂਰ ਚਲਾ ਗਿਐ ਇਸ ਵਿਚ ਕਸੂਰ ਤੁਰ ਜਾਣ ਵਾਲੇ ਦਾ ਨਹੀਂ ਮੇਰੇ ਵਿਰਸੇ 'ਚ ਮਿਲੀ ਮੱਥੇ ਦੀ ਧੁਆਂਖ ਦਾ ਏ ।

ਤੂੰ ਠੀਕ ਕਿਹੈ !

ਤੂੰ ਠੀਕ ਕਿਹੈ ਸੱਜਣਾ । ਮੈਂ ਤੈਨੂੰ ਆਪਣੇ ਉਦਾਸ ਚਿਹਰੇ ਤੇ ਓਪਰੀ ਮੁਸਕਾਨ 'ਚੋਂ ਟਾਈਮ ਵਿਸ਼ ਤੋਂ ਇਲਾਵਾ ਕਦੇ ਕੁਝ ਨਹੀਂ ਆਖਦਾ ਤੈਨੂੰ ਇਹ ਵੀ ਗਿਲਾ ਹੋਣੈ ਮੈਂ ਤੇਰੇ ਨਾਲ ਤਾਜ਼ੇ-ਕਟੇ ਘਾਹ ਤੇ ਬੈਠ ਚਾਹ ਦਾ ਪਿਆਲਾ ਵੀ ਸਾਂਝਾ ਨਹੀਂ ਕਰਦਾ ਤੂੰ ਯਕੀਨਨ ਇਹ ਸੋਚਿਆ ਹੋਣੈ ਮੈਂ ਪਿਆਰ ਤੋਂ ਸੱਖਣਾ ਚਾਹ ਦੇ ਖਾਲੀ ਕੱਪ ਵਰਗਾ ਹਾਂ ਪਰ ! ਅਫਸੋਸ ਹੈ ਮੇਰੇ ਲਈ 'ਪਿਆਰ' ਦੇ ਅਰਥ ਬਦੋ ਬਦੀ ਬਦਲ ਜਾਂਦੇ ਨੇ ਜਾਂ ਇੰਜ ਸਮਝ ਲੈ ਮੈਂ 'ਪਿਆਰ' ਸ਼ਬਦ ਦਾ ਉਚਾਰਨ ਕਰਨ ਲੱਗਿਆਂ ‘ਰ' ਪਹਿਲਾਂ ਪੜ੍ਹ ਜਾਨਾਂ ਵਾਂ।

ਨਕਲੀ ਕੋਹੜਾ

ਮੇਰੇ ਦੋਸਤ ! ਤੂੰ ਕਿਸੇ ਦੀ ਹਾਏ 'ਤੇ ਕਿਸੇ ਦੀ ਕੁਰਲਾਟ 'ਤੇ ਝੱਟ ਤਰਸ ਖਾ ਜਾਵੇਂ ਰੁਪੱਈਆ ਭਾਨ ਜਾਂ ਕੁਝ ਹੋਰ ਤੂੰ ਖ਼ੈਰਾਤ ਪਾ ਜਾਵੇਂ ਪਰ ! ਤੇਰਾ ਦਾਨ ਤੇਰੀ ਖ਼ੈਰਾਤ ਨਹੀਂ ਕਬੂਲ...? ਤੇਰਾ ਉਹ ਮੋਮ ਬਣ ਕੇ ਪੰਘਰਨਾ ਬਿਲਕੁਲ ਫਜ਼ੂਲ...? ਕਿਉਂ...? ਕਿਉਕਿ ਤੂੰ ਨਫਰਤ ਦੇ ਮਾਰੇ ਘਿਰਣਾ ਕੁਰੈਤ ਦੇ ਮਾਰੇ ਆਪਾ, ਕੋੜ੍ਹੇ ਤੋਂ ਪਰਾਂ-ਪਰਾਂ ਰਖਿਆ ? ਹੱਥ ਦਾਨ ਵੇਲੇ ਉਤ੍ਹਾਂ-ਉਤ੍ਹਾਂ ਰਖਿਆ ? ਨਹੀਂ...ਤੂੰ ਦਾਨ ਵੇਲੇ ਨਕਲੀ ਕੋਹੜਾ ਨਾ ਤੱਕਿਆ !

ਵੰਙਾਂ ਟੁੱਟਣ ਦੀ 'ਵਾਜ

ਰੁਕੋ ! ਸੁਣੋ ਰਾਹਗੀਰੋ !! ਤਿੱਖੜ-ਦੁਪਹਿਰੇ, ਵੰਙਾਂ ਟੁੱਟਣ ਦੀ 'ਵਾਜ ਇਕ ਅਨੂਠਾ ਰਾਜ਼ ਹਾਏ ! ਰੱਬ ਨਾ ਕਰੇ ... ਜਾਣਦੇ ਓ ? ਨਹਿਸ਼ ਹੁੰਦਾ ਏ ਵੰਙਾਂ ਦਾ ਟੁੱਟਣਾ ਕਿਸੇ ਦਾ ਨਸੀਬ ਫੁੱਟਣਾ । ਮੁਆਫ਼ ਕਰਨਾ, ਸ਼ਾਇਦ ਇਹ ਸੰਗੀਤ ਤੁਹਾਨੂੰ ਠੀਕ ਨਹੀਂ ਭਾਇਆ ਤੁਰੇ ਜਾਓ, ਆਪਣੀ ਤੋਰੇ , ਮੰਜ਼ਿਲ ਵੱਲੇ ਪੱਥਰ ਦੀਆਂ ਇਹ ਚਿੱਪਰਾਂ ਮੈਨੂੰ ਆਪੇ ਦਸ ਦੇਣਗੀਆਂ ਕਿ ਢਿੱਡੋਂ ਭੁੱਖੀ, ਪੱਥਰ ਕੁੱਟਦੀ ਮੁਟਿਆਰ ਦੀਆਂ ਵੰਙਾਂ ਸਾਥੋਂ ਭੱਜੀਆਂ ਨੇ ! ਸਾਥੋਂ ਭੱਜੀਆਂ ਨੇ !!

ਗ਼ਜ਼ਲ-ਰੱਕੜ ਵਿਚ ਕੱਲੇ ਰੁੱਖ ਵਾਂਗੂੰ

ਰੱਕੜ ਵਿਚ ਕੱਲੇ ਰੁੱਖ ਵਾਂਗੂੰ ਕਦੇ ਚਾਹਿਆ ਸੀ ਜੰਗਲ ਬਣ ਜਾਂ । ਜਾਂ ਲਰਜ਼ ਰਹੇ ਦੋ ਹੋਠਾਂ 'ਤੇ ਇਕ ਹਾਂ ਵਰਗੀ ਕੋਈ ਗੱਲ ਬਣ ਜਾਂ । ਤੂੰ ਪਾਣੀ ਵਗਦੇ ਦਰਿਆ ਦਾ ਮੈਂ ਲਹਿਰ ਨਿਗੂਣੀ ਹੋਂਦ ਮੇਰੀ ਮੇਰੀ ਹਸਰਤ ਕੰਢਿਆਂ ਨਾਲ ਕਿਤੇ ਉਠ ਕੇ ਡਿੱਗਦੀ ਇਕ ਛੱਲ ਬਣ ਜਾਂ । ਤੂੰ ਮਾਰੂਥਲ ਦਾ ਮਿਰਗ ਸਹੀ ਮੈਂ ਕੋਸਾ ਨੀਰ ਸਰੋਵਰ ਦਾ ਤੇਰੀ ਪਿਆਸ ਬੁਝਾ ਜੇ ਨਹੀਂ ਸਕਦਾ ਤਾਂ ਚਾਹਵਾਂ ਮਾਰੂਥਲ ਬਣ ਸਾਂ । ਦਰਵਾਜ਼ਾ ਬਣ ਕੇ ਕੀ ਲੈਣਾ ਹਰ ਦਸਤਕ ਤੇ ਜੇ ਖੁਲ੍ਹ ਜਾਣਾ । ਦਰਵਾਜ਼ੇ ਨਾਲੋਂ ਤਾਂ ਬਿਹਤਰ ਦਰਵਾਜ਼ੇ ਦੀ ਸਰਦਲ ਬਣ ਜਾਂ ।

ਗ਼ਜ਼ਲ-ਕੁੱਝ ਕੁ ਲੋਕਾਂ ਦੀ ਸਦਾ

ਕੁੱਝ ਕੁ ਲੋਕਾਂ ਦੀ ਸਦਾ ਚਲਦੀ ਰਹੀ । ਰਾਤ ਚਰਚਾ ਏਸ ਹੀ ਗੱਲ ਦੀ ਰਹੀ। ਮਰ-ਮਰੀ ਹੱਥਾਂ 'ਚ ਲੈ ਕੇ ਰੌਸ਼ਨੀ । ਸੋਚ ਵਾਂਗਰ ਲਾਟ ਦੇ ਬਲਦੀ ਰਹੀ । ਕਿਸ ਤਰ੍ਹਾਂ ਦਾ ਮੇਲ ਸੀ ਉਹ ਮੇਲ ਵੀ । ਯਾਦ ਵੀ ਨਾ ਦੋ ਘੜੀ ਪਲ ਦੀ ਰਹੀ । ਨਾ ਕਹੀ ਦਿਲ ਦੀ ਨਾ ਦਿੱਤੀ ਕਹਿਣ ਹੀ । ਤੈਨੂੰ ਤੇ ਬਸ ਜਾਣ ਦੀ ਜਲਦੀ ਰਹੀ । ਕਿਸ ਤਰ੍ਹਾਂ ਦਾ ਹਾਦਸਾ ਹੈ ਜ਼ਿੰਦਗੀ । ਅੱਜ ਨੂੰ ਚਿੰਤਾ ਸਦਾ ਕਲ ਦੀ ਰਹੀ । ਜ਼ਖ਼ਮ ਬਣ ਕੇ ਮੈਂ ਰਿਹਾ ਹਾਂ ਮਹਿਕਦਾ । ਉਹ ਮਰਹਮ ਹੱਥ ਯਾਦ ਦੇ ਘੱਲਦੀ ਰਹੀ ।

ਗ਼ਜ਼ਲ-ਕੀ ਪਤਾ ਉਸ ਨੇ ਕਦੋਂ

ਕੀ ਪਤਾ ਉਸ ਨੇ ਕਦੋਂ ਹੈ ਆਵਣਾ ਰਾਤ ਐਵੇਂ ਖੜ ਰਹੀ ਤਾਰੇ ਜੜੀ । ਬਾਂਗ ਨਾ ਦਿੱਤੀ ਸੁਬ੍ਹਾ ਨੇ ਵੀ ਅਜੇ ਕਿਸ ਕਾਫ਼ਰ ਨਮਾਜ਼ ਪਹਿਲਾਂ ਜਾਂ ਪੜ੍ਹੀ । ਰਾਤ ਸਾਰੀ ਚਾਨਣੀ ਸਿੰਮਦੀ ਰਹੀ ਤੜਕ ਸਾਰੇ ਇਹ ਕਿੱਥੋਂ ਲਾਲੀ ਚੜ੍ਹੀ । ਕੜਕਦੀ ਧੁੱਪੇ ਜੋ ਪੰਛੀ ਬੋਲਿਆ ਜਾਨ ਉਹਦੀ ਜਿਸਮ ਦੇ ਪਿੰਜਰੇ ਅੜੀ । ਕੁਝ ਤਾਂ ਐਵੇਂ ਆਪ ਮੈਂ ਸੰਗਦਾ ਰਿਹਾ ਕੁਝ ਉਹਦੀ ਅੱਖੀਆਂ 'ਚ ਸੀ ਲੱਜਿਆ ਬੜੀ । ਪੱਗ ਬਦਲ ਕੇ ਰੋਜ਼ ਜੋ ਬੰਨ੍ਹਦਾ ਰਿਹਾ ਓਸ ਦੀ ਲੋਕਾਂ 'ਚ ਹੈ ਚਰਚਾ ਬੜੀ । ਕੌਣ ਸੀ ਆਇਆ ਜੋ ਮੇਰੀ ਕਬਰ 'ਤੇ ਮੂੰਹ ਉਦਾਸੀ ਹੱਥ 'ਚ ਲੈ ਫੁੱਲਝੜੀ ।

ਗ਼ਜ਼ਲ-ਕਲ ਕਿਤਾਬਾਂ ਵਿਚੋਂ ਜਿਸਦਾ

ਕਲ ਕਿਤਾਬਾਂ ਵਿਚੋਂ ਜਿਸਦਾ ਲੱਭਿਆ ਸੀ ਸਿਰਨਾਵਾਂ । ਉਸ ਨੂੰ ਅੱਜ ਮੈਂ ਸੋਚਾਂ ਖ਼ਤ ਕੋਈ ਪਾਵਾਂ ਕੇ ਨਾ ਪਾਵਾਂ । ਸ਼ਹਿਰ ਤੇਰੇ ਵਿੱਚ ਕੌਣ ਹੈ ਮੋਇਆ ਝੰਡਿਆਂ ਦੇ ਸਿਰ ਨਿਉਂ ਗਏ ਸਹਿਮੇ-ਸਹਿਮੇ ਚਿਹਰੇ ਕਿਸ ਦੀ ਰੂਹ ਲਈ ਕਰਨ ਦੁਆਵਾਂ । ਬੇਵਿਸ਼ਵਾਸੀ ਸਹਿਮ ਤੇ ਸ਼ੰਕੇ ਦਾ ਜਦ ਤੀਕਰ ਪਹਿਰਾ ਕਿਸ ਦੇ ਗਲ ਨੂੰ ਲਗ ਕੇ ਰੋਵਾਂ ਕਿਸ ਨੂੰ ਹਾਲ ਸੁਣਾਵਾਂ । ਹੋਣੀ ਦੇ ਨਾਲ ਦੋ-ਚਾਰ ਹੁੰਦਿਆਂ ਏਦਾਂ ਵੀ ਹੈ ਹੋਇਆ ਕਿਸੇ ਦਾ ਤਰਕਸ਼ ਟੰਗਿਆ ਰਹਿ ਗਿਆ ਮਰ ਗਿਆ ਬਾਝ ਭਰਾਵਾਂ । ਮੁਸ਼ਕਿਲ ਹੈ ਛਾਂ ਵੰਡਣੀ ਫਿਰ ਵੀ ਗੱਲ ਜਦੋਂ ਕੋਈ ਕਰਦਾ ਥਰ-ਥਰ ਕੰਬਦੀਆਂ, ਰੁੱਖ ਦੀਆਂ ਟਾਹਣਾ, ਲੁਕ-ਲੁਕ ਰੋਵਣ ਮਾਵਾਂ ।

ਗ਼ਜ਼ਲ-ਵਗਦੇ ਪਾਣੀ 'ਤੇ ਤੇਰਾ ਪਰਛਾਵਾਂ ਸੀ

ਵਗਦੇ ਪਾਣੀ 'ਤੇ ਤੇਰਾ ਪਰਛਾਵਾਂ ਸੀ । ਮੇਰੇ ਲੇਖਾਂ ਦਾ ਕਿਹੜਾ ਸਰਨਾਵਾਂ ਸੀ । ਆਪਣੀ ਹੋਂਦ ਗੁਆ ਕੇ ਰਹਿ ਗਏ ਉਹ ਰਾਹੀ ਰਾਹਾਂ ਦੇ ਵਿੱਚ ਮਾਣੀਆਂ ਜਿੰਨ੍ਹਾਂ ਛਾਵਾਂ ਸੀ । ਮਨ ਦਾ ਪੰਛੀ ਕਿਹੜੇ ਬਾਗੀਂ ਜਾ ਬਹਿੰਦਾ ਚੰਦਰਾ ਮੌਸਮ ਪਤਝੜ ਵਾਂਗ ਬਲਾਵਾਂ ਸੀ । ਇਕ ਚਿੜੀ ਦੀ ਮੌਤ ਤੇ ਆਖਿਰ ਕਿਉਂ ਏਨਾ ਚੀਕ ਚਿਹਾੜਾ ਰਲ ਕੇ ਪਾਇਆ ਕਾਵਾਂ ਸੀ ।

ਗ਼ਜ਼ਲ-ਕਲ ਤਕ ਜੋ ਹਰ ਮਹਿਫਲ ਦੇ ਵਿਚ

ਕਲ ਤਕ ਜੋ ਹਰ ਮਹਿਫਲ ਦੇ ਵਿਚ ਬਣਦਾ ਰਿਹਾ ਸ਼ਿੰਗਾਰ । ਅੱਜ ਕਲ ਆਪਣੀ ਚੁੱਪ 'ਚ ਮਰਦਾ ਜਾਵੇ ਉਹ ਫ਼ਨਕਾਰ । ਮੇਰੀ ਅਰਥੀ ਪਿੱਛੇ ਤਾਂ ਸੀ ਸੱਭ ਦੇ ਵਤਸਰ ਚਿੱਟੇ । ਪਰ ਉਹ ਸਿਰ ਤੇ ਲੈ ਕੇ ਆਇਆ ਫੁਲਕਾਰੀ ਰੰਗਦਾਰ । ਨਾ ਮਿਰਦੰਗ ਨਾ ਰਾਧਾ ਘੁੰਗਰੂ ਨਾ ਰੌਣਕ ਨਾ ਵਿਹੜਾ ਹੁਣ ਤਾਂ ਐਵੇਂ ਅਵਚੇਤਨ ਵਿੱਚ ਗੂੰਜ ਰਹੀ ਛਣਕਾਰ । ਹਾਸੇ ਦੀ ਜਦ ਚੇਪੀ ਉਸ ਦੇ ਮੂੰਹ ਤੋਂ ਕਿਸੇ ਉਤਾਰੀ ਉਹ ਫਿਰ ਅੰਬਰੀ-ਬਿਜਲੀ ਬਣ ਕੇ ਰੋ ਪਿਆ ਜ਼ਾਰੋ ਜ਼ਾਰ । ਲੋਕੋ ਬੋਚ ਲਵਾਂ ਦਿਲ ਕਰਦਾ ਟੁੱਟ ਕੇ ਡਿੱਗਦਾ ਤਾਰਾ ਨਹੀਂ ਤੇ ਉਸਦੇ ਵੀ ਹੋ ਜਾਣੇ ਟੁੱਕੜੇ ਲੱਖ-ਹਜ਼ਾਰ !

ਗ਼ਜ਼ਲ-ਦੂਜਿਆਂ ਦੇ ਹਿੱਤਾਂ ਲਈ ਜੋ

ਦੂਜਿਆਂ ਦੇ ਹਿੱਤਾਂ ਲਈ ਜੋ ਮਰ ਜਾਂਦਾ ਏ । ਨਾਂ ਰੌਸ਼ਨ ਦੁਨੀਆਂ ਤੇ ਉਹ ਕਰ ਜਾਂਦਾ ਏ । ਓਸ ਪਾਰ ਜੇ ਜਾਣਾ 'ਡੀਕ ਨਾ ਮਾਜ਼ੀ ਨੂੰ ਹਿੰਮਤ ਵਾਲਾ ਘੜਿਆਂ ਤੇ ਤਰ ਜਾਂਦਾ ਏ । ਤੂੰ ਚਾਹੇ ਹੁਣ ਆਵੀਂ ਚਾਹੇ ਆਵੀਂ ਨਾ ਤੇਰੀ ਯਾਦ ਸਹਾਰੇ ਹੁਣ ਸਰ ਜਾਂਦਾ ਏ । ਉਸ ਰਾਹੀ ਨੇ ਮੰਜ਼ਿਲ ਯਾਰੋ ਕੀ ਪਾਉਣੀ ਜੋ ਆਪਣੇ ਪਰਛਾਵੇਂ ਤੋਂ ਡਰ ਜਾਦਾ ਏ । ਰੋਜ਼ੀ ਦੀ ਭਟਕਣ ਵਿਚ ਹਾਲਤ ਐਸੀ ਹੈ ਇਕ ਸ਼ਿਕਾਰੀ ਹੱਥ ਖਾਲੀ ਘਰ ਜਾਂਦਾ ਏ ।

ਗ਼ਜ਼ਲ-ਕਦ ਤਕ ਤਣਿਆ ਰਹਿਣਾ ਯਾਰੋ

ਕਦ ਤਕ ਤਣਿਆ ਰਹਿਣਾ ਯਾਰੋ ਕਾਲਾ ਘੁੱਪ ਹਨੇਰਾ । ਆਖਿਰ ਨੂੰ ਤਾਂ ਚੜ੍ਹ ਕੇ ਰਹਿਣਾ ਸੱਜਰਾ ਸੁਰਖ ਸਵੇਰਾ । 'ਵਾ ਜੇ ਇੰਜ ਹੀ ਵਗਦੀ ਰਹਿਣੀ ਤਾਂ ਫਿਰ ਜਰ ਨਹੀਂ ਹੋਣਾ । ਡੰਗ ਸਮੇਂ ਦੇ ਸਹਿੰਦਿਆਂ ਅੱਗੇ ਲੰਘ ਗਿਆ ਵਕਤ ਬਥੇਰਾ । ਪੈਰਾਂ ਹੇਠ ਮਧੋਲ ਨਾ ਅੜਿਆ ਬਾਗ ਅਸਾਂ ਹੈ ਲਾਇਆ । ਆਪ ਲਗਾ ਕੇ ਉਜੜਣ ਦੇਵੇ ਕਿਸ ਮਾਲੀ ਦਾ ਜੇਰਾ । ਸੱਪ ਵੀ ਮਾਰੇ ਜ਼ਹਿਰ ਵੀ ਚੂਸੇ ਉਹ ਜੋਗੀ ਮੈਂ ਢੂੰਡਾਂ ਉਂਜ ਚਿਰੋਕਾ ਬੀਨ ਵਜਾਉਂਦਾ ਫਿਰਦਾ ਇਕ ਸਪੇਰਾ ।

ਗ਼ਜ਼ਲ-ਜ਼ਮਾਨੇ ਵਿਚ ਕਿਸੇ ਅੰਦਰ

ਜ਼ਮਾਨੇ ਵਿਚ ਕਿਸੇ ਅੰਦਰ ਰਤੀ ਭਰ ਜੇ ਵਫ਼ਾ ਹੋਵੇ । ਨਾ ਫ਼ਿਰ ਹਰ ਇਕ ਜ਼ੁਬਾਂ ਉਤੇ ਕਦੇ ਹਰਫ਼ੇ ਗਿਲਾ ਹੋਵੇ । ਇੱਕਲ ਵਿਚ ਯਾਦ ਤੇਰੀ ਨੇ ਬੜਾ ਮੈਨੂੰ ਸਤਾਇਆ ਪਰ ਸਮਝ ਬੈਠਾ ਮੁਹੱਬਤ ਦਾ ਸ਼ਾਇਦ ਇਹੀ ਸਿਲਾ ਹੋਵੇ । ਅਚਾਨਕ ਯਾਦ ਤੇਰੀ ਜਦ ਕਦੇ ਸੁੱਤਿਆ ਜਗਾ ਦੇਂਦੀ ਇਵੇਂ ਲੱਗਦਾ ਜਿਵੇਂ ਆਇਆ ਕੋਈ ਇਹ ਜ਼ਲਜ਼ਲਾ ਹੋਵੇ ! ਮੁਸਲ-ਸਲ ਹਿਜਰ ਦੀ ਗਰਮੀ ਨੇ ਮੈਨੂੰ ਸਾੜ ਹੀ ਸੁਟਿਆ ਮੇਰਾ ਆਪਾ ਹਮੇਸ਼ਾ ਹੁਣ ਮੇਰੇ ਉਤੇ ਖਫ਼ਾ ਹੋਵੇ ।

ਗ਼ਜ਼ਲ-ਮੇਰੇ ਲਈ ਜੋ ਬੇੜੀ ਦੇ

ਮੇਰੇ ਲਈ ਜੋ ਬੇੜੀ ਦੇ ਪੱਤਵਾਰ ਜਿਹਾ । ਉਹਦੇ ਲਈ ਮੈਂ ਇਕ ਡੰਗ ਦੇ ਅਖਬਾਰ ਜਿਹਾ । ਦਿਲਜੋਈ ਜਦ ਕਰਦਾ ਮੈਨੂੰ ਇਉਂ ਲਗਦਾ ਘਟੀਆ ਲੀਡਰ ਦੇ ਵਧੀਆ ਪਰਚਾਰ ਜਿਹਾ । ਮੁੱਦਤ ਮਗਰੋਂ ਮਿਲ ਕੇ ਵੀ ਪਹਿਚਾਣ ਲਵੂੰ ਉਸ ਦੀ ਗੱਲ ਤੇ ਆਉਂਦਾ ਨਾ ਇਤਬਾਰ ਜਿਹਾ । ਗੱਲ ਮਤਲਬ ਦੀ ਲੰਬੇ ਖਤ ਵਿੱਚ ਇਕੋ ਸੀ ਬਾਕੀ ਤਾਂ ਉਸ ਗੱਲ ਦਾ ਸੀ ਵਿਸਥਾਰ ਜਿਹਾ । ਭਾਵੇਂ ਉਸ ਦੇ ਅਮਲਾਂ ਤੇ ਅਫਸੋਸ ਬੜਾ ਫਿਰ ਵੀ ਕਰਦਾ ਦਿਲ ਉਸ ਦਾ ਸਤਿਕਾਰ ਜਿਹਾ ।

ਗ਼ਜ਼ਲ-ਜਦ ਮੈਂ ਆਪਣੇ ਸ਼ਹਿਰ ਦਾ

ਜਦ ਮੈਂ ਆਪਣੇ ਸ਼ਹਿਰ ਦਾ ਯਾਰਾ ਖ਼ਬਰਨਾਮਾ ਹਾਂ ਪੜ੍ਹਦਾ । ਇਉਂ ਲਗਦਾ ਜਿਉਂ ਪਾਕ ਮੁਹੱਬਤ ਦਾ ਕੋਈ ਫੁੱਲ ਹੈ ਸੜਦਾ ! ਆ ਗਏ ਗਲੀ ਮੁਹੱਲੇ ਤੇਰੇ ਪ੍ਰੇਮ ਖੇਡ ਜੇ ਖੇਡਣ, ਕੀ ਰਖੇਂਗਾ ਨਾਂ ਤੂੰ ਦੱਸੀਂ ਸਿਰ ਤੋਂ ਸੱਖਣੇ ਧੜਦਾ । ਸੱਚ ਦਾ ਸੂਰਜ ਡੁੱਬਿਐ ਕਿਧਰੇ ਜਿਸ ਨੇ ਚਾਨਣ ਕਰਨਾ ਹੁਣ ਦਿਨ ਦੀਵੀਂ ਅਸਲੋਂ ਚੰਦਰਾ ਰੋਜ਼ ਨਵਾਂ ਚੰਨ ਚੜ੍ਹਦਾ । ਮੁਸ਼ਕਿਲ ਹੈ ਛਾਂ ਵੰਡਣੀ ਫ਼ਿਰ ਵੀ ਗੱਲ ਜਦੋਂ ਕੋਈ ਕਰਦਾ ਥਰ-ਥਰ ਕੰਬਦੀਆਂ ਰੁੱਖ ਦੀਆਂ ਟਾਣ੍ਹਾਂ ਸਿਦਕ ਥਿੜਕਦਾ ਜੜ੍ਹਦਾ ਹਰ ਕੋਈ ਜਾਣੇ, ਵੇਖੇ ਸਮਝੇ ਪਰ ਕੋਈ ਨਾ ਬੋਲੇ ਹਰ ਪਲ ਸਿਗਰਟ ਦੇ ਗੁੱਲ ਵਾਂਗੂੰ ਧੁੱਖ-ਧੁੱਖ ਕੇ ਝੜਦਾ ।

ਮੇਰੇ ਪਿੰਡ ਦਿਓ ਮੁੰਡਿਓ

ਮੁੰਡਿਓ ! ਮੇਰੇ ਪਿੰਡ ਦਿਓ ਮੁੰਡਿਓ !! ਨਦੀ ਦੇ ਕੋਲ ਨਾ ਜਾਣਾ ਤੁਸਾਂ ਦੀ ਜਾਨ ਜਾ ਸਕਦੀ ਨਦੀ ਦਾ ਕੁਝ ਨਹੀਂ ਜਾਣਾ ਮੇਰੇ ਪਿੰਡ ਦਿਓ ਮੁੰਡਿਓ ! ਨਦੀ ਦੇ ਕਦੇ ਪਾਣੀ ਤੋਂ ਉੱਕਾ ਹੀ ਨਾ ਘਬਰਾਣਾ ਨਦੀ ਦੇ ਸ਼ੁਕਦੇ ਪਾਣੀ ਨੇ ਆਖ਼ਿਰ ਨੂੰ ਹੈ ਲਹਿ ਜਾਣਾ ਮੇਰੇ ਪਿੰਡ ਦਿਓ ਮੁੰਡਿਓ ਤ ੁਹਾਨੂੰ ਅੱਥਰੀ ਜਵਾਨੀ ਦੀ ਸੌਂਹ ਨਦੀ ਦੇ ਕੋਲ ਨਾ ਜਾਣਾ ਮੁਆਫ ਕਰਨਾ । ਤੁਹਾਡੇ ਬੁਲੰਦ ਹੌਂਸਲਿਆਂ ਨੂੰ ਕੌਣ ਨਹੀਂ ਜਾਣਦਾ ਇਹ ਤੁਹਾਡੇ ਇਮਤਿਹਾਨ ਦੀ ਘੜੀ ਨਹੀਂ ਤੁਹਾਡਾ ਖੂਨ ਕਿਉਂ ਖ਼ੌਲ ਰਿਹੈ ਸ਼ਾਂਤ ਕਿਉਂ ਨਹੀਂ ਹੋ ਜਾਂਦੇ ਟੀਸੀਆਂ ਤੇ ਬੈਠਣ ਵਾਲੇ ਓਕਾਬ ਨਿਆਈਆਂ ਤੋਂ ਬੇਪ੍ਰਵਾਹ ਹੁੰਦੇ ਨੇ

ਤੁਸੀਂ ਜ਼ਰੂਰ ਪੁੱਛੋਗੇ

ਤੁਸੀਂ ਜ਼ਰੂਰ ਪੁੱਛੋਗੇ ਮੈਂ ਜੋ ਕਲ ਤੀਕ ਤੁਹਾਡੇ ਵਰਗਾ ਸਾਂ ਹੁਣ ਉਹ ਕਿਉਂ ਨਹੀਂ ਰਿਹਾ ਬੜਾ ਸੁਭਾਵਿਕ ਹੈ, ਰਾਤੋ-ਰਾਤ ਮੇਰੇ ਮੱਥੇ 'ਤੇ ਉਗੇ ਖਲੋਤੇ ਸਿੰਙਾਂ ਬਾਰੇ ਤੁਹਾਡਾ ਇਹ ਬੁਨਿਆਦੀ ਸੁਆਲ ਮੈ ਜੋ ਕਲ ਤੀਕ ਤੁਹਾਡੇ ਵਰਗਾ ਹੀ ਸਾਂ ਕੀ ਤੋਂ ਕੀ ਹੋ ਗਿਆ ਹਾਂ, ਰਾਤੋ-ਰਾਤ ਆਖਿਰ ! ਮੈਂ ਤੁਹਾਡੇ ਵਰਗਾ ਹੀ ਤਾਂ ਸਾਂ ਤੁਹਾਡੇ ਵਿਚੋਂ ਹੀ ਤਾਂ ਸਾਂ ਕਲ ਤੀਕ ਇਕ ਚੀਕ ਸ਼ਰੀਕ !

ਕਿੰਨਾ ਸੌਖਾ ਹੁੰਦੈ

ਕਿੰਨਾ ਸੌਖਾ ਹੁੰਦੈ ਮੋਹ-ਭਿੱਜੇ ਪਲਾਂ 'ਚ ਕਿਸੇ ਦੇ ਸਦਾ-ਸਦਾ ਲਈ ਹੋ ਜਾਣਾ ਜਾਂ ਕਿਸੇ ਨੂੰ ਆਪਣਾ ਬਣਾ ਲੈਣਾ ਸਮੇਂ ਦੇ ਸੱਚ ਨੂੰ ਛਿੱਕੇ 'ਤੇ ਟੰਗ ਕੇ ਕਿਸੇ ਰੇਸ਼ਮੀ ਸੁਫ਼ਨੇ ਨੂੰ ਸਾਕਾਰ ਹੁੰਦਾ ਵੇਖਣ ਲਈ ਤਰਲੋ-ਮੱਛੀ ਹੋਏ ਫਿਰਨਾ ਤੇ ਅੰਬਰਾਂ ਜਿੱਡੇ ਵਾਅਦੇ ਕਰਨਾ ਵਾਅਦੇ ਜੋ ਕਦੇ ਵੀ ਟੁੱਟ ਸਕਦੇ ਹਨ ਵਾਅਦੇ ਜਿੰਨਾ ਵਿੱਚ ਕਦੇ ਵੀ ਗੁੰਝਲਾਂ ਪੈ ਸਕਦੀਆਂ ਹਨ ਵਾਅਦੇ ਜਿੰਨ੍ਹਾਂ 'ਤੇ ਤੁਰਦਿਆਂ ਕਦੇ ਵੀ ਪੈਰ ਤਿਲਕ ਸਕਦੇ ਹੋਣ ਵਾਅਦੇ, ਜੋ ਕਦੇ ਵੀ ਕਿਸੇ ਹੋਰ ਨਾਲ ਕੀਤੇ ਜਾ ਸਕਦੇ ਹੋਣ ਵਾਅਦੇ ਜੋ ਮਹਿਜ਼ ਵਾਅਦੇ ਹੀ ਹੁੰਦੇ ਨੇ ਵਾਅਦੇ, ਜੋ ਸਿਰਫ਼ ਰਸਮੀ ਤੌਰ ਤੇ ਕੀਤੇ ਜਾਂਦੇ ਹਨ ਦਿਲ ਜਿੱਤਣ ਲਈ ਜਾਂ ਤੋੜਨ ਲਈ ਵਾਅਦੇ, ਤਾਂ ਮੁਹੱਬਤ ਦੇ ਪੈਮਾਨੇ ਹੁੰਦੇ ਨੇ ਜਿੰਨ੍ਹਾਂ ਦੇ ਟੁੱਟਣ ਨਾਲ ਬਹੁਤ ਕੁਝ ਟੁੱਟ ਭੱਜ ਜਾਂਦਾ ਹੈ ਪਰ ਕਿੰਨਾ ਸੌਖਾ ਹੁੰਦੈ ਵਾਅਦੇ ਕਰਦੇ ਰਹਿਣਾ ਤੇ ਤੋੜਦੇ ਰਹਿਣਾ ਜਿਊਣ ਲਈ ਕੁਝ ਭਰਮ ਸਿਰਜਦੇ ਰਹਿਣਾ

ਭੁੱਲ ਜਾਣ ਤੋਂ ਪਹਿਲਾਂ

ਏਸ ਤੋਂ ਪਹਿਲਾਂ ਕਿ ਭੁੱਲ ਜਾਈਏ ਇਕ ਦੂਜੇ ਦਾ ਨਾਂ ਆ ! ਇਕ ਵੇਰ ਮਿਲੀਏ, ਪਹਿਲਾਂ ਵਾਂਗ ਤੇ ਮੁਕਰ ਜਾਈਏ ਕਿ ਅਸੀਂ ਕਦੇ ਮਿਲੇ ਸਾਂ । ਇਹ ਗੱਲ ਜਾਣਕੇ ਖੌਰੇ ਤੈਨੂੰ ਚੰਗਾ ਲੱਗੇ ਜਾਂ ਬੁਰਾ ਜਾਂ ਦੋਵੇਂ ਜਾਂ ਦੋਵਾਂ ਚੋਂ ਕੁਝ ਵੀ ਨਾ ਕਿ ਮੇਰੇ ਚੇਤਿਆਂ 'ਚ ਅਜੇ ਵੀ ਤੇਰਾ ਨਾਂ ਜਿਉਂ ਤਾਂ ਤਿਉਂ ਹੈ, ਮਹਿਫੂਜ਼ ਸਾਕਾਰ ਸੁਫ਼ਨੇ ਵਰਗਾ ਸਰੋਵਰ ਦੇ ਨਿੱਤਰੇ ਪਾਣੀ ਵਰਗਾ ਤੂੰ ਇਸ ਨੂੰ ਜਨੂਨ ਸਮਝੇਂ ਜਾਂ ਇਕ-ਪਾਸੜ ਜਿਹਾ ਮੋਹ ਆਖ਼ਿਰ ਕੁਝ ਤਾਂ ਸੀ ਜੋ ਹੁਣ ਵੀ ਹੈ ਸਹਿਕ ਰਿਹਾ ਪਰ ਜ਼ਿੰਦਾ ਉਂਜ ਮੈਨੂੰ ਭਲੀਭਾਂਤ ਪਤਾ ਹੈ ਤੇਰੇ ਐਲਾਨਨਾਮੇ ਦਾ ਕਿ ਅਸਾਂ ਦੋਹਾਂ ਵਿਚਕਾਰ ਹੁਣ ਕੁਝ ਵੀ ਨਹੀਂ ਜਿਸ ਨੂੰ ਕੋਈ ਨਾਂ ਦਿੱਤਾ ਜਾ ਸਕੇ ਫੇਰ ਵੀ ਪਤਾ ਨਹੀਂ ਕਿਉਂ ਕਦੇ ਨਾ ਕਦੇ ਤੇਰਾ ਜ਼ਿਕਰ ਆਉਂਦਿਆਂ ਹੀ । ਮਨ ਦੀਆਂ ਪਰਤਾਂ 'ਚ ਤਰਥੱਲੀ ਜਿਹੀ ਮੱਚ ਉਠਦੀ ਹੈ ਮੈਂ ਹੱਥਲ ਹੋਏ ਯੋਧੇ ਵਾਂਗ ਆਪਣੀ ਬੇਵੱਸੀ 'ਤੇ ਅੱਖਾਂ 'ਚੋਂ ਵਹਿ ਜਾਨਾ ਹਾਂ ਜਾਂ ਫਿਰ ਆਪਣੀ ਹੀ ਬੇਬਸੀ ਦੀ ਖਿੱਲੀ ਉਡਾਉਂਦਾ ਹਾਂ ਬਿਲਾ ਸ਼ੱਕ । ਤੇਰੇ ਸ਼ਹਿਰ ਨਾਲ ਮੇਰੀ ਭਾਵੁਕ ਸਾਂਝ ਦਾ ਕਾਰਨ ਕੁਝ ਵੀ ਮਿਥਿਆ ਜਾ ਸਕਦੈ ਮੇਰਾ ਉਥੇ ਸਾਹ ਲੈਣ ਦੀ ਪ੍ਰਕਿਰਿਆ ਤੋਂ ਦੁਨੀਆਂ ਨੂੰ ਪਹਿਲੀ ਵੇਰ ਤੱਕਣ ਦਾ ਆਗਾਜ਼-ਸਥਲ ਜਾਂ ਤੇਰੀ ਬੇਪਨਾਹ-ਮੁਹੱਬਤ 'ਚ ਗੁਜ਼ਰੇ ਹੋਏ ਪਲ ਜਿਨ੍ਹਾਂ ਦੀ ਝਰਨਾਹਟ ਅਜੇ ਵੀ ਤਰੋਤਾਜ਼ਾ ਹੈ ਤੂੰ ਕੁਝ ਵੀ ਕਹੇਂ ਤੇਰਾ ਸ਼ਹਿਰ ਮੇਰਾ ਸ਼ਹਿਰ ਹੈ ਸ਼ਹਿਰ ਜੋ ਪੂਜਣ ਯੋਗ ਹੈ ਤੇਰੇ ਲਈ ਮੇਰੇ ਲਈ ਗੱਲ ਕੀ, ਅਸਾਂ ਸਭਨਾਂ ਲਈ ਏਸੇ ਲਈ ਤੇ ਧੁਰ ਤੀਕ ਕੰਬ ਜਾਨਾ ਹਾਂ ਜਦੋਂ ਪੈਂਦੀ ਹੈ ਕੋਈ ਸੁਲਗਦੀ ਹੋਈ ਮੇਰੇ ਕੰਨਾਂ 'ਚ ਉਹਦੇ ਨਾਲ ਸੰਬੰਧਿਤ ਖ਼ਬਰ ਖ਼ਬਰ ! ਕਿ ਜਿਸ 'ਚ ਮੈਂ ਹੀ ਰੋਜ਼ ਮਰਦਾ ਹਾਂ ਕਦੇ ਕਿਤੇ ਕਦੇ ਕਿਤੇ ਮਰਨਾ ਮੇਰਾ ਜੀਵਨ ਹੀ ਹੋ ਨਿਬੜਿਆ ਹੈ ਇਹ ਲੋਕ ਪਤਾ ਨਹੀਂ ਕਿਉਂ ਮੈਨੂੰ ਕਿਸ਼ਤਾਂ ਵਿਚ ਮਾਰਨਾ ਚਾਹੁੰਦੇ ਨੇ ਮੈਂ ਜਦ ਬੜੀ ਅਸਾਨੀ ਨਾਲ ਮਰ ਰਿਹਾਂ ਇਹ ਕਿਉਂ ਨਹੀਂ ਸਮਝਦੇ ਮੈਂ ਹੋਰ ਕੁਝ ਨਹੀਂ ਕਰ ਸਕਦਾ। ਸਿਰਫ਼, ਮਰ ਹੀ ਸਕਦਾ ਹਾਂ ਤੇ ਖ਼ਬਰ ਬਣ ਸਕਦਾ ਹਾਂ ਮੈਂ ਜਦੋਂ ਖ਼ਬਰ ਦੀ ਪੁਸ਼ਾਕ 'ਚ ਤੇਰੀਆਂ ਦਹਿਲੀਜ਼ਾਂ 'ਤੇ ਠੇਡਾ ਲੱਗੇ ਦੌੜਾਕ ਵਾਂਗ ਆਣ ਡਿੱਗਦਾ ਹਾਂ ਤੂੰ ਨੀਝ ਨਾਲ ਮੈਨੂੰ ਪਛਾਨਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕਰਦੀ ਤੂੰ ਆਖੇਂਗੀ ਭਲਾ ! ਖ਼ਬਰ ਦੀ ਵੀ ਕੋਈ ਤਮੰਨਾ ਹੁੰਦੀ ਹੈ ? ਖਾਹਿਸ਼ ਹੁੰਦੀ ਹੈ ? ਖ਼ਬਰ ! ਜੋ ਜੀਵਤ ਵੀ ਹੁੰਦੀ ਹੈ ਮੁਰਦਾ ਵੀ, ਖਬਰ, ਜੋ ਧਾਰਮਿਕ ਵੀ ਹੁੰਦੀ ਹੈ ਮੂਲਵਾਦੀ ਵੀ ਖ਼ਬਰ ਜੋ ਸੱਚੀ ਵੀ ਹੁੰਦੀ ਹੈ । ਮਸਨੂਈ ਵੀ ਖ਼ਬਰ ਜੋ ਤਾਜ਼ਾ ਵੀ ਹੁੰਦੀ ਹੈ ! ਬੱਈ ਵੀ ਖ਼ਬਰ ਜੋ ਖ਼ਬਰ ਵੀ ਹੁੰਦੀ ਹੈ ਨਹੀਂ ਵੀ ਤੇ ਹੋਰ ਬਹੁਤ ਕੁਝ ਪਰ ! ਹਰ ਖ਼ਬਰ ਦੀ ਤਮੰਨਾ ਹੁੰਦੀ ਹੈ ਖਾਹਿਸ਼ ਹੁੰਦੀ ਹੈ ਕਿ ਪਾਠਕ ਜਾਂ ਸ੍ਰੋਤਾ ਉਸ ਨੂੰ ਆਪਣਿਆਂ ਵਾਂਗ ਮਿਲੇ ਉਸ ਦੀ ਵੱਕਤ ਜਾਣੇ ਉਸ ਨੂੰ ਗੌਲੇ ਆਪਣੀ ਜ਼ਮੀਰ ਨਾਲ ਸੰਵਾਦ ਰਚਾਵੇ ਖਾਮੋਸ਼ੀ ਚੋਂ ਬਾਹਰ ਨਿਕਲੇਂ ਤੂੰ ! ਖਾਮੋਸ਼ੀ ਨੂੰ ਤੋੜੇਂ ਕੁਝ ਤੇ ਕਹੇਂ ਸੰਵਾਦ ਤੇ ਰਚੇ ਏਸੇ ਲਈ ਮੈਂ ਰੋਜ਼ ਖ਼ਬਰ ਬਣ ਕੇ ਤੇਰੇ ਦਰ 'ਤੇ ਦਸਤਕ ਦੇਂਦਾ ਰਵਾਂਗਾ ਤੂੰ ! ਕਦੇ ਤੇ ਖ਼ਬਰ ਵਿੱਚ ਮੇਰਾ ਮੁਹਾਂਦਰਾ ਸਿਆਣ ਲਵੇਂ ਤੇ ਮੈਨੂੰ ਪੁੱਛੇਂ ਤੂੰ ਰੋਜ਼ ਕਿਉ ਮਰਦੈਂ ? ਤੂੰ ਕਦੋਂ ਤੀਕ ਮਰਦਾ ਰਵ੍ਹੇਂਗਾ ? ਤੂੰ ਮੇਰਾ ਕੁਝ ਵੀ ਨਾ ਸਹੀ ਫਿਰ ਵੀ ਇਹ ਮੇਰੀ ਹਸਰਤ ਹੈ । ਇਸ ਤੋਂ ਪਹਿਲਾਂ ਕਿ ਭੁੱਲ ਜਾਈਏ ਇਕ ਦੂਜੇ ਦੇ ਨਾਂ ਆ ! ਇਕ ਵੇਰ ਮਿਲੀਏ, ਪਹਿਲਾਂ ਵਾਂਗ ਤੇ ਮੁਕਰ ਜਾਈਏ ਕਿ ਅਸੀਂ ਕਦੇ ਮਿਲੇ ਸਾਂ

ਅੰਮ੍ਰਿਤਾ ਦੇ ਨਾਂ...

ਉੱਠ ਵੇਖ ਨੀ ! ਅੰਮ੍ਰਿਤ ਬੀਬੀਏ ਤੇਰਾ ਰੁੱਸਿਆ ਫਿਰੇ ਪੰਜਾਬ ਕਿਵੇਂ ਪੱਤੀ-ਪੱਤੀ ਹੋ ਰਿਹੈ ਇਹ ਡਾਢਾ ਸੁਰਖ਼ ਗੁਲਾਬ ਹੋਈ ਵੈਰਨ ਮਿੱਟੀ ਆਪਣੀ ਕਿੱਥੇ ਇਸ਼ਕ ਦੀ ਗਈ ਕਿਤਾਬ ਇਹ ਬਾਬ ਕਿਹੜਾ, ਤਵਾਰੀਖ ਦਾ ਜਿਹਦਾ ਏਨਾ ਵਕਤ ਖ਼ਰਾਬ ਖੁਸ਼ੀਆਂ ਤੇ ਹਾਸੇ ਭੁੱਲ ਗਏ ਭੁੱਲ ਗਏ ਨੇ ਅਦਬ-ਅਦਾਬ ਇਹ ਦੋਸ਼ ਕਿਹਦੇ ਸਿਰ ਮੜ੍ਹ ਦਈਏ ਤੂੰ ਆਪੇ ਕਰੀਂ ਹਿਸਾਬ ਬਣ ਗਏ ਨੇ ਦੋਖੀ ਆਪਣੇ ਪਾਈ ਫਿਰਦੇ ਸੱਭ ਨਕਾਬ ਇਹ ਖੇਡ ਕਦੋਂ ਤਕ ਚੱਲਣੀ ਨਹੀਂ ਲੱਭਦਾ ਪਿਆ ਜਵਾਬ ਉੱਠ ਵੇਖ ਨੀ ! ਅੰਮ੍ਰਿਤ ਬੀਬੀਏ ਤੇਰਾ ਰੁੱਸਿਆ ਫਿਰੇ ਪੰਜਾਬ ਕਿਵੇਂ ਪੱਤੀ-ਪੱਤੀ ਹੋ ਰਿਹੈ ਇਹ ਡਾਢਾ ਸੁਰਖ਼ ਗੁਲਾਬ

ਗੀਤ-ਅਸੀਂ ਪੰਜ ਪਾਣੀ !

ਅਸੀਂ ਪੰਜ ਪਾਣੀ ! ਅਸੀਂ ਪੰਜ ਪਾਣੀ !! ਜਿਹਲਮ, ਸਤਲੁਜ, ਬਿਆਸ, ਝਨਾਂ ਤੇ , ਵਗਦੀ ਰਾਵੀ ਦੇ ਅਸੀਂ ਪਾਣੀ ਪੰਜ ਪਾਣੀ ਜੇ ਖ਼ੌਲ ਰਹੇ ਨੇ ਅਕਲਾਂ ਵਾਲੇ ਕਰ ਘੋਲ ਰਹੇ ਨੇ ਕੋਈ ਨ ਜਿਸਨੇ ਨਬਜ਼ ਪਛਾਣੀ ਅਸੀਂ ਪੰਜ ਪਾਣੀ... ਵੇਦ ਕੁਰਾਨ ਗਰੰਥ ਨੇ ਰੋਂਦੇ ਰੋ-ਰੋ ਦਾਗ਼ ਸਿੱਤਮ ਦੇ ਧੋਂਦੇ ਬੇਕਦਰਾਂ ਨੇ ਕਦਰ ਨਾ ਜਾਣੀ ਅਸੀਂ ਪੰਜ ਪਾਣੀ......... ਇਹ ਜੋ ਕਾਂਗ ਸਮੇਂ ਦੀ ਆਈ ਖੌਫ ਤਕੱਬਰ ਨਾਲ ਲਿਆਈ ਅੱਜ ਆਈ ਹੈ ਕਲ ਟੁਰ ਜਾਣੀ ਅਸੀਂ ਪੰਜ ਪਾਣੀ ਅਸੀਂ ਪੰਜ ਪਾਣੀ ਜੇਹਲਮ, ਸਤਲੁਜ, ਬਿਆਸ, ਝਨ੍ਹਾਂ ਤੇ ਵਗਦੀ ਰਾਵੀ ਦੇ ਅਸੀਂ ਪਾਣੀ

ਤੇਈ ਮਾਰਚ ਦੇ ਸ਼ਹੀਦਾਂ ਦੇ ਨਾਂ .....

ਦੇਸ਼ ਲਈ ਮਰ ਮਿਟਣ ਵਾਲਿਓ । ਮੈਂ, ਉਸੇ ਰੁਖ ਦੀ ਛਾਵੇਂ ਪਲਿਆ ਇਕ ਅਦਨਾ ਜਿਹਾ-ਬੰਦਾ ਤੁਹਾਨੂੰ ਮੁਖ਼ਾਤਿਬ ਹਾਂ ਜਿਸ ਨੂੰ ਤੁਸੀਂ ਆਪਣੇ ਹੱਥੀਂ ਲਾਇਆ ਹੀ ਨਹੀਂ ਸਗੋਂ ਆਪਣੇ ਖ਼ੂਨ ਨਾਲ ਸਿੰਜਿਆ ਵੀ ਸੀ ਮੇਰੇ, ਬਹੁਤ ਪਿਆਰੇ, ਸਤਿਕਾਰਤ ਸਾਥਿਓ ! ਤੁਹਾਡਾ ਲਾਇਆ ਹੋਇਆ ਉਹੀ ਰੁੱਖ ਹੁਣ, ਪੂਰੀ ਤਰ੍ਹਾਂ ਵਧ ਫੁੱਲ ਚੁੱਕਾ ਹੈ ਪਰ - ਪਤਾ ਨਹੀਂ ਕਿਉਂ ਪਿਛਲੇ ਕੁਝ ਅਰਸੇ ਤੋਂ ਜਿਵੇਂ-ਜਿਵੇਂ ਰੁੱਖ ਨੇ ਆਪਣੀ ਸੰਘਣੀ ਛਾਂ ਦਾ ਘੇਰਾ ਵਿਸ਼ਾਲ ਕਰਨ ਦਾ ਜਤਨ ਕੀਤਾ ਹੈ ਛਾਂ ਮਾਨਣ ਵਾਲਿਆਂ ਦੀਆਂ ਸੋਚਾਂ ਨਿੱਕੇ-ਨਿੱਕੇ ਘੇਰਿਆਂ ਤੱਕ ਮਹਿਦੂਦ ਹੁੰਦੀਆਂ ਗਈਆਂ ਨੇ ਹੁਣ ਸੱਚ ਪੁੱਛੋ ਤਾਂ ਮੈਂ ਵੀ ਕਈ ਵੇਰ ਨੀਂਦ ਚੋਂ ਤ੍ਰੱਬਕ-ਤ੍ਰੱਬਕ ਉਠਦਾ ਹਾਂ ਇਉਂ ਲਗਦੈ ਜਿਵੇਂ ਰੁੱਖ ਆਪਣੀ ਹੀ ਛਾਂ ਨੂੰ ਡੰਗ ਰਿਹਾ ਹੋਵੇ ਭੋਰਾ-ਭੋਰਾ ਟੁੱਕ ਰਿਹਾ ਹੋਵੇ । ਆਹਲਣਿਆਂ 'ਚ ਬੈਠੇ ਬੋਟ ਗਾ-ਚੁਗਣ ਗਏ ਆਪਣੇ ਮਾਪਿਆਂ ਦੇ ਸਹੀ-ਸਲਾਮ ਪਰਤਣ ਲਈ ਲੰਮੀਆਂ-ਲੰਮੀਆਂ ਦੁਆਵਾਂ ਕਰਦੇ ਨੇ ਸੁੱਖਣਾ ਸੁੱਖਦੇ ਨੇ ਅਸੁਰਖਿਅਤਾ ਛਾਂ ਦੇ ਸੰਘਣੇ ਘੇਰੇ ਤੋਂ ਕਿਤੇ ਵਧੀਕ ਫੈਲ ਚੁੱਕੀ ਹੈ ਅਣਸੁਖਾਵੀਆਂ ਘਟਨਾਵਾਂ ਆਏ ਦਿਨ ਹੀ ਪੱਤਝੜ ਦੇ ਪੱਤਿਆਂ ਵਾਂਗ ਸਾਡੇ ਕੰਨਾਂ 'ਚ ਪਿਘਲੇ ਹੋਏ ਸਿੱਕੇ ਵਾਂਗ ਡਿੱਗਦੀਆਂ ਨੇ ਕੋਈ ਟੱਸ ਤੋਂ ਮੱਸ ਨਹੀਂ ਹੁੰਦਾ । ਕੋਈ ਸੀਅ ਤੱਕ ਨਹੀਂ ਕਰਦਾ ਘਟਨਾ ਰੋਜ਼ ਖ਼ਬਰ ਬਣਦੀ ਹੈ ਸ਼ੁਰਲੀ ਵਾਂਗ ਚਲਦੀ ਹੈ ਤੇ ਫਿਰ ਠੁਸ ਹੋ ਰਹਿ ਜਾਂਦੀ ਹੈ ਬਸ। ਜੀਵਨ, ਫੇਰ ਵੀ, ਆਪਣੀ ਤੋਰੇ ਤੁਰ ਰਿਹੈ ਪਹਿਲਾਂ ਵਾਂਗ, ਆਮ ਵਾਂਗ ਹੁਣ, ਕੁਝ ਵੀ ਓਪਰਾ ਨਹੀਂ ਲੱਗਦਾ ਘਟਨਾਵਾਂ ਸਿਰਫ਼ ਨਾਂ ਤੇ ਥਾਂ ਹੀ ਬਦਲਦੀਆਂ ਨੇ ਨੌਬਤ ਇਥੋਂ ਤੀਕ ਅੱਪੜ ਚੁੱਕੀ ਹੈ ਕਿ ਅਸੀਂ ਆਪਣੀ ਸੁੱਧ-ਬੁੱਧ ਹੀ ਗੁਆ ਬੈਠੇ ਲਗਦੇ ਹਾਂ ਗੱਲ ਕੀ ਪੂਰੀ ਤਰ੍ਹਾਂ ਹੱਥਲ ਹੋਏ ਬੈਠੇ ਹਾਂ ਅਸੀਂ ਜਿਸ ਰੱਥ ਤੇ ਸੁਆਰ ਹਾਂ ਉਸ ਦੇ ਪਹੀਈਆਂ 'ਚ ਝੋਲ ਹੈ । ਸਾਰਥੀ ਅਡੋਲ ਹੈ ਸਾਰਥੀ ਸਾਡੀ ਬੇਵੱਸੀ ਦੀ ਸਾਡੀ ਮਸੂਮੀਅਤ ਦੀ ਖਿੱਲੀ ਉਡਾਉਂਦਾ ਹੋਇਆ ਆਖਦਾ ਹੈ, ਕਿ ''ਅਸੀਂ, ਬਿਲਕੁਲ ਝੱਲੇ ਹਾਂ ਐਵੇਂ ਹੀ ਡਰੇ ਫਿਰਦੇ ਹਾਂ'' ਉਹ, ਰੱਥ ਨੂੰ ਖਿੱਚ ਰਹੇ ਘੋੜਿਆਂ ਤੇ ਚਾਬੁਕ ਮਾਰਦਾ ਹੈ। ਤੇ ਖਿੜ-ਖਿੜ ਹੱਸਦਾ ਹੈ ਅਸੀਂ ਉਸ ਦੇ ਕਥਿੱਤ ਸਹਾਰਿਆਂ ਦੇ ਸਾਏ 'ਚ ਆਪਣੇ ਆਪ ਨੂੰ ਮਹਿਫੂਜ਼ ਸਮਝੀ ਬੈਠੇ ਹਾਂ ਤੁਸੀਂ ਮੇਰੀ ਕਥਾ ਤੇ ਸੁਣ ਰਹੇ ਹੋ ਨਾ ਮੇਰੇ ਸਭ ਤੋਂ ਵਧੀਕ ਪਿਆਰਨ ਯੋਗ ਦੋਸਤੋ ਤੁਸੀਂ ਜਿਹੜੀ ਦੌੜੇ ਸਓ ਉਹ ਸਾਨੂੰ ਪੂਰੀ ਤਰਾਂ ਯਾਦ ਹੈ ਅਸੀਂ ਵੀ ਉਹ ਦੌੜ ਦੌੜਨੀ ਚਾਹੁੰਦੇ ਹਾਂ ਜਿੱਤਣ ਜਾਂ ਹਾਰਨ ਲਈ ਨਹੀਂ ਨਾ ਮਹਿਜ਼ ਦੌੜਨ ਵਾਸਤੇ ਨਾ ਸਿਰਫ ਇਸ ਕਰਕੇ , ਕਿ ਅਸੀਂ ਦੌੜ ਸਕਦੇ ਹਾਂ ਸਗੋਂ ਇਸ ਲਈ ਕਿ ਉਸ ਇਤਿਹਾਸਕ ਦੌੜ ਨੂੰ ਮੁੜ ਜੀਉ ਕੇ ਵੇਖਿਆ ਜਾਵੇ ਮਾਣਿਆ ਜਾਵੇ ਤੇ ਉਨ੍ਹਾ ਦੌੜਾਕਾਂ ਦੇ ਵਾਰਿਸ ਬਣਿਆ ਜਾਵੇ ਜਿਹੜਾ, ਬਹੁਤ ਮੁਸ਼ਕਿਲ ਹੈ ਇਸ ਕਰਕੇ ਨਹੀਂ ਕਿ ਅਸੀਂ ਦੌੜਨਾ ਨਹੀਂ ਚਾਹੁੰਦੇ ਜਾਂ ਅਸੀਂ ਦੌੜ ਨਹੀਂ ਸਕਦੇ ਸਗੋਂ ਇਸ ਕਰਕੇ ਕਿ ਹੁਣ ਤੇ ਸਾਰਾ ਕੁਝ ਬਦਲ ਚੁੱਕਾ ਹੈ ਅਸੀਂ ਤੇ , ਬੁੱਥਿਆਂ 'ਤੇ ਨੰਗੇ ਪੈਰੀਂ ਦੌੜਨ ਲਈ ਤਿਆਰ ਹਾਂ ਪਰ ਪੁੱਠੇ ਪੈਰੀ ਨਹੀਂ ਤੁਹਾਨੂੰ ਇਹ ਜਾਣਕੇ ਹੈਰਾਨੀ ਵੀ ਹੋਊ ਤੇ ਦੁੱਖ ਵੀ ਕਿ ਹੁਣ ਤੇ ਜਿਵੇਂ ਆਵਾ ਹੀ ਊਤ ਚੁੱਕਾ ਹੈ ਇਸ ਪੁੱਠੇ ਪੈਰਾਂ ਦੀ ਦੌੜ ਦਾ ਕੀ ਬਣੇਗਾ ਸਮੇਂ ਨੂੰ ਪੁੱਠਾ ਗੇੜ ਦੇਣ ਵਾਲਿਆਂ ਦੀ ਕੋਈ ਪੇਸ਼ ਜਾਵੇ ਜਾਂ ਨਾ, ਪਰ ! ਉਹ ਪੂਰਾ ਟਿੱਲ ਲਾਉਣ ਤੇ ਤੁਲੇ ਹੋਏ ਨੇ ਅਸੀਂ ਜਾਣਦੇ ਹਾਂ ਇਹ ਉਹਨਾਂ ਦਾ ਮਹਿਜ਼ ਇਕ ਭਰਮ ਹੈ ਫੇਰ ਵੀ ਇਸ ਸਭ ਕਾਸੇ ਲਈ ਸ਼ਰਮਸਾਰ ਹਾਂ ਕਿਉਂ ਜੋ ਇਹ ਉਸ ਸਮੇਂ ਦਾ ਸੱਚ ਹੈ ਜਿਸ ਚੋਂ ਅਸੀਂ ਰੀਂਗਦੇ ਹੋਏ ਗੁਜ਼ਰ ਰਹੇ ਹਾਂ । ਇਸ ਤੋਂ ਪਹਿਲਾਂ ਕਿ ਹੋ ਜਾਵੇ ਯਖ਼ ਠੰਢਾ ਸਾਡੇ ਜੁੱਸਿਆਂ 'ਚ ਗਰਦਸ਼ ਕਰ ਰਿਹਾ ਖ਼ੂਨ ਜਿਸ ਦਾ ਗਰੁੱਪ ਤੁਹਾਡੇ ਬੇਸ਼ਕੀਮਤ ਖ਼ੂਨ ਨਾਲ ਮਿਲਦਾ ਹੈ ਅਸੀਂ, ਉਸ ਦੀ ਲਾਜ ਰੱਖਾਂਗੇ ਸਾਥੋਂ ਜਿਵੇਂ ਵੀ ਸਰਿਆ ਅਸੀਂ ਅਖ਼ਰੀ ਸਾਹ ਤੀਕ ਡਟਾਂਗੇ ਤੇ ਦਿਆਂਗੇ ਪਹਿਰਾ ਉਸ ਅਹਿਦ ’ਤੇ ਉਸ ਹਲਫ਼ 'ਤੇ ਜਿਹੜਾ ਤੁਸਾਂ , ਫ਼ਾਂਸੀ ਦੇ ਰੱਸੇ ਚੁੰਮਣ ਵੇਲੇ ਕੀਤਾ ਸੀ

ਵਿਸ਼ਵਾਸੀ

ਮੇਰੀ ਓਟ ਮੇਰੇ ਸਵਰਗੀ-ਪਿਤਾ ਕਹਿਣ ਨੂੰ ਮੈਂ, ਤੇਰਾ ਵਿਸ਼ਵਾਸੀ ਹਾਂ, ਮੇਰੇ ਮਾਲਕ ਤੇਰੇ ਨਾਲ ਮੇਰਾ ਜੋ ਵੀ ਰਿਸ਼ਤਾ ਹੈ ਉਸ ਦੀ ਬੁਨਿਆਦ ਹੈ ਵਿਸ਼ਵਾਸ ਹਾਂ, ਮੇਰੇ ਮਾਲਕ ਨਿਰਾ ਵਿਸ਼ਵਾਸ ਜੋ ਚਟਾਨ ਵਾਂਗ ਪੱਕਾ ਵੀ ਹੋ ਸਕਦਾ ਹੈ ਸ਼ੀਸ਼ੇ ਵਾਂਗ ਸੱਚਾ ਵੀ ਤੇ ਕੱਚ ਵਾਂਗ ਕੱਚਾ ਵੀ ਮੇਰੇ ਨਜਾਤ-ਦਹਿੰਦਾ ਮੇਰੇ ਵਿਸ਼ਵਾਸ਼ ਨੂੰ ਸਲਾਮਤੀ ਬਖਸ਼ੀਂ ਤੇਰੇ ਹਜ਼ੂਰ ਇਹ ਮੇਰੀ ਦਿਲੀ ਦੁਆ ਹੈ ਆਮੀਨ ! ਮੇਰੇ ਪਰਵਰਦਿਗਾਰ । ਮੇਰੇ ਵਿੱਚ, ਤੇਰੇ ਜਿਹਾ ਕੁਝ ਵੀ ਨਹੀਂ ਫਿਰ ਵੀ ਮੇਰੇ ਉਤੇ ਤੇਰੀ ਰਹਿਮੱਤ ਦਾ ਸਾਇਆ ਹੈ ਮੈਂ, ਤੇਰਾ ਅਥਾਹ ਰਿਣੀ ਹਾਂ ਰਬ ਦੇ ਪੁੱਤਰ ! ਤੈਨੂੰ ਰੱਬ ਦਾ ਵਾਸਤਾ ਤੂੰ ਸਲੀਬ ਤੋਂ ਹੇਠਾਂ ਉਤਰ ਆ ਤੂੰ ਕਦੋਂ ਤੀਕ ਸਲੀਬ 'ਤੇ ਲਟਕਿਆ ਰਵੇਂਗਾ । ਮੇਰੇ ਗੁਨਾਹ ਬਖਸ਼ਣ ਖ਼ਾਤਿਰ । ਮੇਰਾ ਕੀ ਹੈ ਮੈਂ ਤੇ ਆਪਣੇ ਨਿੱਕੇ-ਨਿੱਕੇ ਸਵਾਰਥਾਂ ਲਈ ਕੁਝ ਵੀ ਕਰ ਸਕਨਾਂ ਵਾ ਆਖ਼ਿਰ ਤੂੰ ਕਿੰਨੀ ਵੇਰ ਮੁੜ-ਮੁੜ ਸਲੀਬ ਦੀ ਮੌਤ ਜਰੇਂਗਾ ਮੈਨੂੰ ਪਤਾ ਹੈ ਮੌਤ ਤੇਰਾ ਕੁਝ ਵੀ ਵਿਗਾੜ ਨਹੀਂ ਸਕਦੀ ਤੇਰੇ ਹੱਥਾਂ-ਪੈਰਾਂ ਦਿਆਂ ਛੇਕਾਂ ਚੋਂ ਰਿਸਦਾ ਹੋਇਆ ਲਹੂ ਮੇਰੇ ਲਈ; ਸਦੀਪਕ ਜੀਵਨ ਦਾ ਚਸ਼ਮਾ ਹੈ ਮੇਰੀ ਮਿੰਨਤ ਹੈ ਮੈਨੂੰ ਆਪਣੇ ਪਿੱਛੇ ਆਪਣੀ ਸਲੀਬ ਆਪ ਚੁੱਕਣ ਦਾ ਕਿਸੇ ਨਾ ਕਿਸੇ ਤਰਾਂ ਵਲ ਸਿਖਾ ਦੇ ਕਿ ਮੇਰੇ ਅੰਦਰ ਸਲੀਬੀ ਮੌਤ ਦੀ ਨਿਮੋਸ਼ੀ ਤਸੀਹਿਆਂ ਦਾ ਦਰਦ ਸਹਿਣ ਦਾ ਹੌਂਸਲਾ ਤੇ ਸਭ ਕੁਝ ਸਹਿਕੇ ਵਿਰੋਧੀਆਂ ਨੂੰ ਮੁਆਫ਼ ਕਰਨ ਦਾ ਅਹਿਸਾਸ ਪੈਦਾ ਹੋ ਸਕੇ ਹੇ ! ਅਮਨਪ੍ਰਸਤ ਸੁਲਾਹ ਦੇ ਸ਼ਹਿਜਾਦੇ ਮੈਨੂੰ ਆਪਣਾ ਧੀਰਜ ਤੇ ਸਤ ਅਤਾ ਫ਼ਰਮਾ ਕਿ ਮੈਂ, ਤੇਰੀ ਸਾਖੀ ਭਰਨ ਦੇ ਯੋਗ ਹੋ ਸਕਾਂ ਪਤਾ ਨਹੀ ਤੂੰ ਮੈਨੂੰ ਪਛਾਣ ਵੀ ਲਿਆ ਹੈ ਕਿ ਨਹੀਂ ਮੇਰੇ ਪੁੱਭੂ, ਮੈਂ ਉਹ ਹੀ ਆਂ ਜਿਸ ਨੇ ਤੇਰੀ ਦੋਸਤੀ ਨੂੰ ਸਿਰਫ਼ ਚਾਂਦੀ ਦੇ ਤੀਹ ਸਿੱਕਿਆਂ 'ਚ ਵੇਚ ਛਡਿਆ ਸੀ ਤੈਨੂੰ ਮੇਰੀ ਕਮਜ਼ੋਰੀ ਦਾ ਭਲੀ-ਭਾਂਤ ਪਤਾ ਵੀ ਸੀ ਫਿਰ ਵੀ ਤੇ ਦੋਸਤੀ ਵਿੱਚ ਡਿੱਕ ਨਹੀਂ ਸੀ ਪੈਣ ਦਿੱਤੀ ਸਗੋਂ ਹਮੇਸ਼ਾ ਵਾਂਗ ਇਕੋ ਥਾਲੀ 'ਚ ਰੋਟੀ ਖਾਦੀ ਸੀ । ਮੈਂ, ਤੇਰੇ ਇਮਤਿਹਾਨ ਦੀਆਂ ਘੜੀਆਂ 'ਚ ਤੇਰਾ ਸਾਥ ਤਾਂ ਛੱਡ ਹੀ ਗਿਆ ਸਗੋਂ ਇਥੋਂ ਤੀਕ ਕਿ ਤੇਰੇ ਨਾਲ ਆਪਣੇ ਰਿਸ਼ਤੇ ਤੋਂ ਮੁਨਕਰ ਵੀ ਹੋ ਗਿਆ ਤੈਨੂੰ ਫਾਹੇ ਲਾਉਣ ਲਈ ਜਿੱਦ ਕਰਨ ਵਾਲਿਆਂ ਵਿੱਚ ਮੈਂ ਵੀ ਤਾਂ ਸ਼ਾਮਿਲ ਸਾਂ ਇਹ ਸਾਰਾ ਕੁਝ ਜਾਣਦਿਆਂ ਹੋਇਆਂ ਤੂੰ ਮੈਨੂੰ ਆਪਣੇ ਗਲ ਨਾਲ ਕਿਵੇਂ ਲਾਈ ਫਿਰਨਾ ਏਂ ਮੈਂ ਜੋ ਆਪਣੇ ਅਣਗਿਣਤ ਗੁਨਾਹਾਂ ਦੇ ਭਾਰ ਹੇਠ ਰੀਂਗ ਰਿਹਾ ਹਾਂ ਫਿਸ ਰਿਹਾ ਹਾਂ ਤੂੰ ਮੇਰਾ ਸਾਰਾ ਭਾਰ ਆਪ ਚੁੱਕਣ ਵਾਸਤੇ ਝੱਟ-ਪੱਟ ਤਿਆਰ ਹੋ ਬੈਠਾ ਏਂ ? ਇਹ ਤੇਰਾ ਅਜੀਬ ਕਿਸਮ ਦਾ ਪਿਆਰ ਹੈ ਜਿਸ ਦੀਆਂ ਛੱਲਾਂ ਸੰਗ ਗੱਲਵਕੜੀਆਂ ਪਾ-ਪਾ ਖੇਡਣ ਦਾ ਆਪਣਾ ਹੀ ਸੁਆਦ ਹੈ ਹੁਣ ਮੈਂ ਪੂਰੀ ਤਰਾਂ ਤੇਰੀ ਬੇਪਨਾਹ ਮੁਹੱਬਤ ਦੇ ਸਾਗਰ ਵਿੱਚ ਸਰਸ਼ਾਰ ਹਾਂ ਤੂੰ ਵਾਕਿਆ ਈ ਬਖਸ਼ਣਹਾਰ ਹੈਂ ਮੈਂ ਭੁੱਲਣਹਾਰ । ਲੋਕ ਜੋ ਤੈਨੂੰ ਨਿੱਜੀ ਮਲਕੀਅਤ ਸਮਝਦੇ ਨੇ ਇਕ ਕਿਤਾਬ ਸਮਝਦੇ ਨੇ ਇਕ ਚਿੰਨ੍ਹ ਸਮਝਦੇ ਨੇ ਤੂੰ ਉਨ੍ਹਾਂ ਦੀ ਗ੍ਰਿਫ਼ਤ ਵਿਚੋਂ ਬਾਹਰ ਕਿਉਂ ਨਹੀਂ ਆ ਜਾਂਦਾ ਮੈਂ, ਦੋਸਤਾਂ ਸੰਗ ਤੇਰਾ ਰਾਹ ਤਿਆਰ ਕਰਣ ਦੇ ਆਹਰ ਵਿੱਚ ਰੁੱਝਣਾ ਚਾਹੁੰਦਾ ਹਾਂ ਲੋਕ ਜੋ ਤੈਨੂੰ ਵੰਡੀਆਂ ਵਿੱਚ ਵੰਡੀ ਤੁਰੇ ਜਾ ਰਹੇ ਹਨ ਐਨ ਉਸੇ ਤਰਾਂ ਜਿਵੇਂ ਤੇਰੀ ਮੌਤ ਦੇ ਛੜਯੰਤਰ ਸਮੇਂ ਕੁੱਰਾ ਪਾ ਕੇ ਵੰਡਿਆ ਸੀ ਤੇਰੇ ਤਨ ਦਾ ਚੋਲਾ ਲੋਕ ਜੋ ਤੇਰੇ ਦਾਵੇਦਾਰ ਬਣੇ ਫਿਰਦੇ ਨੇ ਤੇਰੇ , ਆਪਣੇ ਹੋਣ ਦਾ ਭਰਮ ਪਾਲੀ ਫਿਰਦੇ ਨੇ ਤੈਨੂੰ ਭੋਰਾ-ਭੋਰਾ ਕਰਕੇ ਵੇਚਣਾ ਚਾਹੁੰਦੇ ਨੇ ਆਪਣੇ ਨਿੱਕੇ-ਨਿੱਕੇ ਮੁਫਾਦਾਂ ਕਰਕੇ ਤੂੰ ਉਨ੍ਹਾਂ ਦੀਆਂ ਅੱਖਾਂ ਦੇ ਪਰਦੇ ਹਟਾ ਕਿਉਂ ਨਹੀਂ ਦੇਂਦਾ । ਏਸ ਤੋਂ ਪਹਿਲਾਂ ਮੇਰੇ ਤੋਂ ਕੋਈ ਗੁਸਤਾਖੀ ਹੋ ਜਾਵੇ ਤੂੰ ਆਪ ਹੀ ਉਨ੍ਹਾਂ ਨੂੰ ਸਮਝਦਾਰੀ ਦੀਆਂ ਮਿਸ਼ਾਲਾਂ ਦੇ ਕਿਉਂ ਜੋ ਤੈਨੂੰ ਨਵੇਂ ਸਿਰਿਓਂ ਫੇਰ ਸਲੀਬ ਤੇ ਚੜ੍ਹਨਾ ਨਾ ਪਵੇ ਮੈਥੋਂ ਹੋ ਜਾਣ ਵਾਲੇ ਗੁਨਾਹਾਂ ਬਦਲੇ ।

ਕਵਿਤਾ

ਮੈਂ, ਇੰਨ੍ਹੀਂ-ਦਿਨੀਂ ਤੇਰੇ ਤੋਂ ਬਹੁਤ ਡਰਦਾ ਹਾਂ ਕਵਿਤਾ । ਤੂੰ ਜੋ ਮੈਨੂੰ ਇਥੋਂ ਤੀਕ ਲੈ ਆਈ ਹੈਂ ਕਵਿਤਾ, ਜਿਸ ਤੋਂ ਮੈਂ ਜੀਉਣ ਦਾ ਵਲ ਸਿਖਿਆ ਹੈ ਕਵਿਤਾ ਜੋ ਆਇਤਾਂ ਬਣ ਸਕਦੀ ਹੈ ਸਹੀ-ਸੇਧ ਬਣ ਸਕਦੀ ਹੈ ਦਿਲਾਂ ਦੀ ਕਹਿ ਸਕਦੀ ਹੈ ਸੁਣ ਵੀ ਸਕਦੀ ਹੈ ਗੱਲ ਕੀ ਕਾਇਆਨਾਤ ਦੀ ਕਿਸੇ ਵੀ ਸ਼ੈਅ ਨਾਲ ਸਾਗਰ, ਪਹਾੜਾਂ, ਫੁੱਲਾ ਤਾਰਿਆਂ ਅੰਬਰ, ਸੂਰਜ ਜਾਂ ਦਿਸਦੇ ਚੋਂ ਅਣਦਿਸਦੇ ਨਾਲ ਸੰਵਾਦ ਰਚਾ ਸਕਦੀ ਹੈ ਸਦੀਆਂ ਤੋਂ ਸਦੀਆਂ ਤੀਕ ਯੁੱਗਾ ਤੋਂ ਯੁੱਗਾਂ ਤੀਕ ਲੋਕ ਮਨਾਂ 'ਤੇ ਰਾਜ ਕਰ ਸਕਦੀ ਹੈ ਸਾਨੂੰ ਹਸਾ ਸਕਦੀ ਹੈ ਰਵਾ ਸਕਦੀ ਹੈ ਮਨ ਹੌਲਾ ਕਰ ਸਕਦੀ ਹੈ ਕਵਿਤਾ ਜੋ ਮਨ ਦੀਆਂ ਪਰਤਾਂ ਫੋਲ ਸਕਦੀ ਹੈ ਮਨੁੱਖ ਦਾ ਜਨਮ ਤੋਂ ਅੰਤ ਤੀਕ ਸਾਥ ਦੇਂਦੀ ਹੈ ਕਵਿਤਾ, ਜਿਸ ਦੇ ਨਾਂ ਤੇ ਲਿਖੀ ਜਾਂਦੀ ਹੈ ਧੜਾ-ਧੜ ਕਵਿਤਾ ਕਵਿਤਾ ਜੋ ਸ਼ੌਕ ਨਹੀਂ ਲੋੜ ਹੁੰਦੀ ਹੈ ਜੋ ਕਦੇ ਮਰਦੀ ਨਹੀਂ ਅਮਰ ਰਹਿੰਦੀ ਹੈ ਅਤਿ ਸੂਖ਼ਮ ਹੁੰਦੀ ਹੈ ਝੂਠ, ਬਰਦਾਸ਼ਤ ਨਹੀਂ ਕਰਦੀ ਇਨ੍ਹੀਂ ਦਿਨੀਂ, ਮੇਰੇ ਕੋਲ ਰੋਜ਼ ਆਉਂਦੀ ਹੈ ਮੈਂ ਉਹਦੇ ਸਨਮੁੱਖ ਹੋਣ ਤੋਂ ਡਰਦਾ ਹਾਂ ਕੰਬਦਾ ਹਾਂ ਤ੍ਰਹਿੰਦਾ ਹਾਂ ਮੈਂ ਲੱਖਵਾਰ ਆਖ ਚੁੱਕਾ ਹਾਂ ਮੈਂ ਕੋਈ ਸ਼ਾਇਰ ਨਹੀ ਜੋ ਤੈਨੂੰ ਸ਼ਬਦਾਂ ਅਲੰਕਾਰਾਂ ਨਾਲ ਸਜਾ ਸਕਾਂ ਰਿਝਾਅ ਸਕਾਂ ਕਵਿਤਾ, ਸਿਸਕਦੀ ਹੋਈ ਆਖਦੀ ਹੈ ਮੈਂ ਤੇਰੀ ਕਲਮ ਦੀ ਨੋਕ 'ਤੇ ਤੇਰੇ ਸਾਹਵੇਂ ਦਮ ਤੋੜ ਦਿਆਂਗੀ ਕਵਿਤਾ, ਬਜ਼ਿੱਦ ਹੈ ਮੈਂ ਉਸ ਨੂੰ ਸ਼ਬਦਾਂ ਵਿੱਚ ਢਾਲਦਿਆਂ । ਤੂੰ ਜਿਵੇਂ ਆਖਦੀ ਏਂ ਤੈਨੂੰ ਉਸੇ ਤਰਾਂ ਸਿਰਕੇ ਮੇਰੇ ਨਾਲ ਕੀ ਬੀਤੇਗਾ ਕਦੀ ਇਸ ਬਾਰੇ ਸੋਚਿਆ ਈ ? ਮੈਂ ਕੋਈ ਸੁਕਰਾਤ, ਮਸੀਹਾ ਜਾਂ ਮਨਸੂਰ ਨਹੀਂ ਮੈਂ ਤੇ ਅਦਨਾ ਜਿਹਾ ਬੰਦਾ ਹਾਂ ਜਿਸ ਦੇ ਮੋਢਿਆਂ 'ਤੇ ਰੋਟੀ ਦਾ ਅਜਿਹਾ ਸਵਾਲ ਹੈ ਜਿਹੜਾ ਮੈਥੋਂ ਕੁਝ ਵੀ ਕਰਵਾ ਸਕਦਾ ਹੈ ਪਰ ਕਵਿਤਾ ਨਹੀ ਲਿਖਵਾ ਸਕਦਾ ਹੈ ਕਿਉਂਕਿ ਕਵਿਤਾ ਰੋਟੀ ਨਹੀਂ ਹੁੰਦੀ ਕਵਿਤਾ ਤੇ ਸੀਸ ਤਲੀ 'ਤੇ ਧਰਕੇ ਯਾਰ ਦੀ ਗਲੀ ਜਾਣਾ ਹੁੰਦਾ ਹੈ ਕਵਿਤਾ ਮੈਂ ਤੈਨੂੰ ਹਰਗਿਜ਼ ਇਨਕਾਰ ਨਾ ਕਰਦਾ ਸੱਚ ਜਾਣੀ ਇਨ੍ਹੀਂ ਦਿਨੀ ਤੇਰੇ ਤੋਂ ਬਹੁਤ ਡਰਦਾ ਹਾਂ ਤੂੰ ਮੈਨੂੰ ਵਾਰ-ਵਾਰ ਸੱਚ ਬੋਲਣ ਲਈ ਮਜਬੂਰ ਨਾ ਕਰ, ਮੇਰੀ ਕਵਿਤਾ ! ਤੂੰ ਕਦੇ ਫੇਰ ਆਵੀਂ ਸੁਖਾਵੇਂ ਮਹੌਲ ਅੰਦਰ ਉਹ ਦਿਨ, ਕਦੇ ਪਰਤ ਹੀ ਆਉਣਗੇ ਮੈਂ, ਮੈਂ ਹਰ ਸੂਰਤ ਤੈਨੂੰ ਗੀਤਾਂ ਗ਼ਜ਼ਲਾਂ ਵਿੱਚ ਢਾਲ ਦਿਆਂਗਾ ਤੂੰ ਮੇਰੀ ਬੇਵੱਸੀ 'ਤੇ ਤਰਸ ਕਿਉਂ ਨਹੀਂ ਖਾਂਦੀ ਮੈਂ ਖ਼ੁਦ ਕਿੰਨ੍ਹਾ ਟੁੱਟ ਚੁੱਕਾ ਹਾਂ ਇਨ੍ਹਾਂ ਦਿਨਾਂ ਵਿੱਚ ਮੈਂ ਤੇਰੇ ਸਨਮੁਖ ਜ਼ਰੂਰ ਹੋਵਾਂਗਾ ਹਾਲ ਦੀ ਘੜੀ ਮੈਂ ਮੁਆਫੀ ਚਾਹੁੰਦਾ ਹਾਂ ਕਵਿਤਾ, ਹੋ ਸਕੇ ਤਾਂ ਮੈਨੂੰ ਮੁਆਫ ਕਰ ਦੇਵੀਂ ਮੈਂ ਤੇਰਾ ਦੇਣਦਾਰ ਹਾਂ ਮੈਂ ਤੇਰੇ ਲਈ ਜਿਉਣਾ ਚਾਹੁੰਦਾ ਹਾਂ ਤੇਰੇ ਅੰਗ-ਸੰਗ ਵਿਚਰਨਾ ਚਾਹੁੰਦਾ ਹਾਂ ਸੰਵਾਦ ਵਿਹੂਣਾ ਇਹ ਸਮਾਂ ਜਿਵੇਂ ਕਿਵੇਂ ਗੁਜ਼ਰ ਜਾਣ ਦੇ ਤੂੰ ਮੇਰੇ ਅੰਦਰ ਮਹਿਫੂਜ਼ ਏਂ ਮੈਨੂੰ ਕਲਮ ਦੀ ਹਾਜ਼ਰੀ 'ਚ ਹੋਰ ਸ਼ਰਮਿੰਦਾ ਨਾ ਕਰ ਮੇਰੀ ਪਿਆਰੀ ਕਵਿਤਾ ਮੈਂ ਰੂਹ ਤੀਕ ਤੇਰੇ ਅੰਦਰ ਡੁਬਕੇ ਤੈਨੂੰ ਜੀਉਣ ਦੀ ਲੋਚਾ ਲਈ ਫਿਰਦਾ ਹਾਂ ਤੇਰੇ ਬਗ਼ੈਰ ਮੈਂ ਖੁਦ ਕਿੰਨਾ ਉਦਾਸ ਹੋ ਜਾਵਾਂਗਾ ਇਸ ਦਾ ਅੰਦਾਜ਼ਾ ਸ਼ਾਇਦ ਤੂੰ ਲਾ ਸਕੇਂ ਕਿ ਨਾ ਪਰ ਇੰਨਾ ਜ਼ਰੂਰ ਹੈ ਕਿ ਤੇਰੇ ਬਿਨਾਂ ਮੇਰੀ ਵੀ ਗਤੀ ਨਹੀਂ।

ਨੈਲਸਨ ਮੰਡੇਲਾ ਦੇ ਨਾਂ.....

ਮੇਰੇ ਬਹੁਤ ਪਿਆਰੇ ਨੈਲਸਨ ਮੰਡੇਲਾ ! ਮੇਰੀ ਸਲਾਮ ਕਬੂਲ ਕਰਨਾ -ਪਿਆਰੇ ਨੈਲਸਨ ਤੇਰੇ ਮੇਰੇ ਵਿਚਲਾ ਕੋਹਾਂ ਮੀਲਾਂ ਦਾ ਫ਼ਾਸਲਾ ਤਾਂ ਉਸ ਦਿਨ ਹੀ ਖ਼ਤਮ ਹੋ ਗਿਆ ਸੀ ਜਿਸ ਦਿਨ ਪਹਿਲੀ ਵੇਰ, ਤੇਰੇ ਹੱਥ ਹਵਾ ਵਿਚ ਲਹਿਰਾਏ ਸਨ ਆਪਣੇ ਹੱਕਾਂ ਵਾਸਤੇ ਉਸ ਭੇੜੀਏ ਦੀਆਂ ਵਰਾਛਾਂ ਵਿਚੋਂ ਰਾਲਾਂ ਤੇ ਝੱਗ ਵਗ ਤੁਰੀ ਸੀ ਤੇਰੇ ਖੌਲਦੇ ਹੋਏ ਖੂਨ ਨਾਲ ਹਰ ਮਨੁੱਖ ਅੰਦਰ ਝੁਣਝਣੀ ਜਿਹੀ ਛਿੜੀ ਸੀ ਤੇਰੇ ਬੋਲਾਂ 'ਚ ਘੁਲੀ ਹੋਈ ਇਨਕਬਾਲੀ ਖੁਸ਼ਬੋ ਮੇਰੇ ਤੀਕ ਅੱਖ਼ ਦੇ ਫੋਰ ਨਾਲ ਸਤ ਸਮੁੰਦਰੋਂ ਪਾਰ ਆ ਪੁੱਜੀ ਸੀ । ਸੀਖਾਂ ਪਿੱਛੇ ਬੁੱਕਦੇ ਸ਼ੇਰਾ ਮੈਂ ਉਸ ਰਾਤ ਵੀ ਤੇਰੇ ਨਾਲ ਸਾਂ ਜਦੋਂ ਤੈਨੂੰ ਹਨੇਰ ਕੋਠਰੀ ਵਿੱਚ ਜਾ ਡੱਕਿਆ ਸੀ ਤੇਰੀ ਗਰਜ਼ ਇਥੇ ਰੋਜ਼ ਸੁਣੀਂਦੀ ਹੈ ਸੋਟੀ ਵਾਲੇ ਬਾਬੇ ਤੋਂ ਤਾਂ ਤੂੰ ਭਲੀਭਾਂਤ ਵਾਕਿਫ਼ ਹੈਂ ਨਾ ਮੈਂ ਉਸੇ ਵਤਨ ਦਾ ਸ਼ਹਿਰੀ ਹਾਂ ਤੇਰਾ ਹਮਖ਼ਿਆਲ ਤੇਰਾ ਦੋਸਤ ਅਸੀਂ ਤੇ ਇਕ ਦੂਜੇ ਲਈ ਰਤੀ ਵੀ ਓਪਰੇ ਨਹੀਂ ਰੰਗਾਂ ਦੀ ਏਸ ਖੇਡ ਵਿੱਚ ਅਸੀਂ ਦੋਵੇਂ ਇਕੋ ਰੰਗ ਦੇ ਪੱਤੇ ਹਾਂ ਜਿਹੜੀ ਜੰਗ ਤੂੰ ਲੜ ਰਿਹਾ ਏਂ -ਇਸ ਵਿੱਚ ਤੂੰ ਕੱਲਾ ਨਹੀਂ ਮੁੱਢ ਕਦੀਮਾਂ ਤੋਂ ਲੜੀ ਜਾ ਰਹੀ ਏਸ ਜੰਗ ਵਿੱਚ ਅਸੀਂ ਸਾਰੇ ਤੇਰੇ ਨਾਲ ਮਰਾਂਗੇ ਤੇਰੇ ਨਾਲ ਜੀਵਾਂਗੇ ਸਿਦਕ ਤੇ ਸਿਰੜ ਦੀ ਇੰਤਹਾ ਪਿਆਰੇ ਨੈਲਸਨ ਸੀਖਾਂ ਪਿੱਛੇ ਤੂੰ ਉਦਾਸ ਨਾ ਹੋ ਜਾਵੀਂ ਸਮੇਂ ਦੀ ਘਿਣੌਨੀ ਚਾਲ ਕਦੋਂ ਤੀਕ ਚਲੇਗੀ ਪਾਣੀਆਂ ਨੂੰ ਆਖ਼ਿਰ ਪੁਲਾਂ ਹੇਠਾਂ ਹੀ ਲੰਘਣਾ ਹੈ ਅੱਜ, ਦਿਲ ਤੇ ਬੜਾ ਕਰਦਾ ਹੈ ਤੇਰੀ ਸਾਲ ਗਿਰ੍ਹਾ 'ਤੇ ਜਿਹੜੀ ਤੂੰ ਐਂਤਕੀ ਫਿਰ ਕੱਲਿਆਂ ਹੀ ਮਨਾਏਂਗਾ ਦੇ ਮੌਕੇ 'ਤੇ ਹਾਜ਼ਿਰ ਹੋ ਸਕਾਂ ਤੇ ਤੈਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਤੇਰੇ ਹੱਥਾਂ ਨੂੰ ਚੁੰਮਾਂ ਜਿਹੜੇ ਕਦੇ ਹਵਾ ਵਿਚ ਲਹਿਰਾਏ ਸਨ ਤੇ ਜੰਗਲ ਦੇ ਭੇੜੀਏ ਗਿੜਗੜਾਏ ਸਨ ਆਖ਼ਰੀ ਸਾਹਾਂ ਤੀਕ ਲੜਨ ਵਾਲੇ ਯੋਧੇ ਮੇਰੀ ਸਲਾਮ ਕਬੂਲ ਕਰਨਾ ਤੂੰ ਜੁਗਾਂ ਤੀਕ ਲੜਨਾ ਜਦੋਂ ਤੀਕ ਰੰਗਾਂ ਵਿੱਚ ਵਿੱਤਕਰਾ ਹੈ ਤੇਰਾ ਖੂਨ ਆਵਣ ਵਾਲੀਆਂ ਪੁਸ਼ਤਾਂ ਦੀਆਂ ਰਗਾਂ ਵਿੱਚ ਸਰਪਟ ਦੌੜੇਗਾ ਸਮੇਂ ਦੇ ਭੇੜੀਏ ਤੇਰੇ ਨਾਂ ਤੋਂ ਖੌਫ਼ ਖਾਣਗੇ ਤੇਰੀ ਤੱਸਵੀਰ ਸਾਡੇ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣਨ ਤੋਂ ਲੈ ਕੇ ਪੁਸ਼ਤਾਂ ਦੀਆਂ ਰਗਾਂ ਵਿੱਚ ਲੋਕ ਗੀਤ ਵਾਂਗ ਘੁਲ ਜਾਵੇਗੀ ਪਿਆਰੇ ਨੈਲਸਨ ਮੰਡੇਲਾ ਹੁਣ ਤੇਰੇ ਟੱਬਰ ਦੇ ਜੀਆਂ ਦੀ ਸੰਖਿਆ ਬਹੁਤ ਵਧ ਚੁੱਕੀ ਹੈ ਤੂੰ ਜਦੋਂ ਆਵੇਂਗਾ ਅਸੀਂ ਤੈਨੂੰ ਅੱਖਾਂ ਤੇ ਬਿਠਾਵਾਂਗੇ ਤੂੰ ਆਪਣੀ ਜੰਗ ਹੋਰ ਤੇਜ਼ ਕਰ ਤਾਂ ਜੋ ਭੜਕ ਸਕੇ ਤੇਰੇ ਜਜ਼ਬਿਆਂ ਦੀ ਜਵਾਲਾ ਭੇੜੀਏ ਨਿਮੋਸ਼ੀ ਵਿੱਚ ਆਪਣੀ ਪੂਛ ਤੇ ਟੁੱਕ ਹੀ ਰਹੇ ਹਨ ਤੇਰੇ ਬੁਲੰਦ ਹੌਸਲੇ ਤੇ ਸਿਰੜ ਨੂੰ ਮੈਂ ਇਕ ਵਾਰੀ ਫੇਰ ਸਲਾਮ ਆਖਨਾ ਵਾਂ ਮੇਰੇ ਦੋਸਤ, ਨੈਲਸਨ ਮੰਡੇਲਾ ।

ਬੇਟੀ ਦੇ ਨਾਂ ...

ਪਿਆਰੀ ਬੇਟੀ ਇਸ ਤੋਂ ਪਹਿਲਾਂ ਕਿ ਪਿੱਤਰਾਂ ਦੀ ਏਸ ਪਾਵਨ ਧਰਤੀ ਬਾਰੇ ਇਹਦੇ ਇਤਿਹਾਸ ਬਾਰੇ ਇਹਦੇ ਮੱਥੇ 'ਤੇ ਪਈਆਂ ਤਿਊੜੀਆਂ ਬਾਰੇ ਤੂੰ, ਮੈਥੋਂ ਕੁੱਝ ਪੁੱਛ ਲਵੇਂ ਜਿਸ ਦੀ ਵਿਰਾਸਤ 'ਤੇ ਮੈਨੂੰ ਬੜਾ ਮਾਣ ਹੈ ਜਿਹਦੇ ਸਤਿਕਾਰ ਵਿੱਚ ਝੁੱਕ ਜਾਂਦਾ ਹੈ ਸਾਡਾ ਸਿਰ ਖੁਦਬਖ਼ੁਦ । ਮੈਂ ਤੈਨੂੰ ਕੁਝ ਆਖਣਾ ਹੈ । ਇਸ ਤੋਂ ਪਹਿਲਾਂ ਕਿ ਨਿਗਲ ਜਾਵੇ ਸਮੇਂ ਦਾ ਦਿਓ ਤੇਰੀ ਮਾਸੂਮੀਅਤ ਤੇ ਗੁਆਚ ਜਾਣ ਤੇਰੇ ਤੋਤਲੇ ਜਿਹੇ ਬੋਲ ਏਸ ਗੁਰਦ-ਗੁਬਾਰ ਵਿਚ । ਇਸ ਤੋਂ ਪਹਿਲਾਂ ਤੂੰ ਜਾਣ ਜਾਵੇਂ ਜ਼ਾਤ ਮਜ਼ਹਬ ਦੀ ਪਰਿਭਾਸ਼ਾ ਤੇ ਉੱਗ ਆਉਣ ਤੇਰੇ ਮਸਤਕ 'ਤੇ ਇੰਨ੍ਹਾਂ ਨਾਲ ਜੁੜੇ ਹੋਏ ਅਨੇਕਾਂ ਹੀ ਪ੍ਰਸ਼ਨ ਪਿਆਰੀ ਬੇਟੀ, ਤੂੰ, ਹਰਗਿਜ਼ ਵਿਸ਼ਵਾਸ਼ ਨਾ ਕਰੀਂ ਰਚੇ ਜਾ ਰਹੇ ਉਸ ਇਤਿਹਾਸ 'ਤੇ ਜਿਸ ਚੋਂ ਅੱਜ ਅਸੀਂ ਰੀਂਗਦੇ ਹੋਏ ਲੰਘ ਰਹੇ ਹਾਂ ਸਮੇਂ ਦਾ ਸੱਚ ਤੇ ਕੁਝ ਹੋਰ ਹੈ ਮੇਰੀ ਬੱਚੀ ਜਿਸ ਨੂੰ ਤੂੰ ਅਜੇ ਸਮਝ ਹੀ ਨਹੀਂ ਸਕੇਂਗੀ ਇਹ ਸਾਡੇ ਵਲੂੰਧਰੇ ਹੋਏ ਚਿਹਰੇ ਆਪਣੀਆਂ ਹੀ ਨਾਹੁੰਦਰਾਂ ਦੀ ਬਦੌਲਤ ਹਨ ਤੂੰ ਸਾਡਾ ਮੂੰਹ ਕਿਉਂ ਖਰੋਂਚਦੀ ਏਂ ਅਸੀਂ ਬਾਂਦਰ ਤੋਂ ਨਹੀਂ... ਬੰਦੇ ਤੋਂ ਬਾਂਦਰ ਬਣੇ ਜਾਪਦੇ ਹਾਂ ਸਾਡੀਆਂ ਦੇਹਾਂ ਅੰਦਰ ਦਫ਼ਨ ਹੋ ਚੁੱਕੀ ਹੈ ਇਨਸਾਨੀਅਤ ਜਦੋਂ, ਆਵਾ ਹੀ ਊਤ ਜਾਵੇ ਮੇਰੀ ਬੱਚੀ ਉਦੋਂ ਅਕਲ ਦੀ ਗੱਲ ਸੋਚਣੀ ਜਾਂ ਕਹਿਣੀ ਬੇਅਕਲੀ ਹੁੰਦੀ ਐ ਇਸੇ ਕਾਰਣ ਅਸੀਂ ਖਾਮੋਸ਼ ਹਾਂ ਵਿਹੰਦਿਆਂ ਹੀ ਵਿਹੰਦਿਆਂ ਭੁੱਲ ਗਏ ਹਾਂ ਪਿਆਰ ਦੀ ਮੁਹਾਰਨੀ ਮੁਹੱਬਤ ਤੇ ਖ਼ਲੂਸ ਦੀ ਇਬਾਰਤ ਜਿਹੜੀ ਸਾਨੂੰ ਪਿੱਤਰਾਂ ਨੇ ਸਿਖਾਈ ਸੀ ਪਿੱਤਰਾਂ ਦੀ ਇਹ ਪਾਵਨ ਧਰਤ ਹੁਣ ਮਹਿਜ਼ ਇਕ ਮੰਡੀ ਹੈ ਜਿਥੇ ਹਰ ਸ਼ੈਅ ਵਿੱਕਦੀ ਹੈ ਬੰਦਾ ਵਿੱਕਦਾ ਹੈ ਬੰਦਗੀ ਵਿੱਕਦੀ ਹੈ ਈਮਾਨ ਵਿੱਕਦਾ ਹੈ ਟੁੱਕੜਾ-ਟੁੱਕੜਾ ਹੋਇਆ ਰੱਬ ਵਿਕਦਾ ਹੈ ਕਿਸੇ ਕੋਲ ਰੱਬ ਦੀਆਂ ਜੜਾਵਾਂ ਕਿਸੇ ਕੋਲ ਰੱਬ ਦੀ ਖੜਾਵਾਂ ਪਿਆਰੀ ਬੱਚੀ ਪਹਿਲਾਂ ਏਦਾਂ ਕੁਝ ਵੀ ਨਹੀਂ ਸੀ ।

ਸਮੇਂ ਦਾ ਸੱਚ

ਬੜਾ ਮੁਸ਼ਕਿਲ ਹੈ ਅਸੀਮ 'ਸਮੇਂ' ਦੇ ਆਦਿ ਤੇ ਅੰਤ ਦਾ ਕੋਈ ਥਹੁ-ਪਤਾ ਲਗਾਉਣਾ ਮਹਿਜ਼ ਕਿਆਫ਼ੇ ਹੀ ਲਾਏ ਜਾਂਦੇ ਰਹੇ ਹਨ ਕਿਆਫ਼ੇ ਹੀ ਲਾਏ ਜਾ ਸਕਦੇ ਹਨ ਆਪਣੀ, ਜਗਿਆਸਾ ਦੀ ਤਸੱਲੀ ਵਾਸਤੇ । ਸਮੇਂ ਦੀ ਪੱਸਰੀ ਏਸ ਧੂੜ ਵਿੱਚ ਹਰ ਸ਼ੈਅ ਧੁੰਦਲਾਈ ਜਾ ਚੁੱਕੀ ਹੈ ਬੜਾ ਮੁਸ਼ਕਿਲ ਹੈ ਮੁਹਾਂਦਰੇ ਪਛਾਣ ਸਕਣਾ ਯੁੱਗਾਂ ਦੇ ਇਤਿਹਾਸਕ ਸੁਮੰਦਰ ਦੀਆਂ ਧੁਰ ਡੂੰਘਾਣਾਂ ਵਿੱਚ ਟੁੱਬੀਆਂ ਮਾਰ-ਮਾਰ ਧੁਰ ਹੇਠਾਂ ਉਤਰ ਸਕਣਾ ਤੇ 'ਸਮੇਂ ਦੇ ਸੱਚ' ਦੇ ਮੋਤੀ ਲੱਭ ਸਕਣਾ ਬੜਾ ਔਖਾ ਕੰਮ ਹੈ ਮਹਿਜ਼ ਟੇਵੇ ਲਗਾਏ ਜਾ ਸਕਦੇ ਨੇ ਅਟਕਲ-ਪੱਚੂ ਜਾਂ ਫ਼ਿਰ ਭਰਮ ਹੀ ਸਿਰਜੇ ਜਾ ਸਕਦੇ ਨੇ । ਤੁਸੀਂ ਆਪਣੀ ਗੱਲ ਨੂੰ ਕਿਤਿਓਂ ਵੀ ਸ਼ੁਰੂ ਕਰਨਾ ਚਾਹੋ ਸਮੇਂ ਦਾ ਮੂੰਹ ਸਿਰਾ ਫੜਨਾਂ ਅਜਗਰ ਦੇ ਮੂੰਹ ਹੱਥ ਦੇਣ ਵਾਲੀ ਗੱਲ ਹੈ । ਅਤਾ-ਪਤਾ ਫੇਰ ਵੀ ਮੁਮਕਿਨ ਨਹੀਂ ਖ਼ੈਰ ! ਤੁਸੀਂ ਛੱਡੋ ਤੁਸੀਂ ਸਹਿਮਤ ਹੋਵੋਂ ਜਾਂ ਨਾ ਤੁਹਾਡੀ ਮਰਜ਼ੀ ਹੈ ਪਰ ! ਮੇਰੀ ਕਹੀ ਵੀ- ਇਨੀ ਬੇਅਰਥੀ ਨਹੀਂ ਜਿੰਨੇ ਜ਼ੋਰ ਨਾਲ ਤੁਸੀ ਹੱਸੇ ਹੋ ਮੈਨੂੰ ਪਤਾ ਹੈ ਤੁਸੀਂ ਮੇਰੀ ਖਿੱਲੀ ਉਡਾਉਣੋਂ ਬਾਜ਼ ਨਹੀਂ ਰਹਿ ਸਕਦੇ ਇਹ ਤੁਹਾਡੀ ਫ਼ਿਤਰਤ ਦਾ ਹਿੱਸਾ ਹੈ ਆਪਣੀ ਹੀ ਬੇਸਮਝੀ ਨੂੰ ਠੱਠਾ ਕਰ ਸਕਣਾ ਮੈਂ ਉੱਚੀ-ਉੱਚੀ ਦੁਹਰਾਵਾਂਗਾ ਕਿ ਸਮੇਂ ਦੇ ਸੱਚ ਨੂੰ ਜਾਨਣਾ ਬਹੁਤ ਜ਼ਰੂਰੀ ਵੀ ਹੈ ਤੇ ਮੁਸ਼ਕਿਲ ਵੀ- ਯੁੱਗਾਂ, ਸਦੀਆਂ ਵਿਚ ਵੰਡੇ ਪ੍ਰਾਚੀਨ ਸਭਿਆਤਾਵਾਂ ਦੀਆਂ ਹਨੇਰੀਆਂ ਕੁੱਖਾਂ ਵਿਚ ਜਨਮੇ ਤੇ ਵਿਗਸੇ ਸਮੇਂ ਦੇ ਸੱਚ ਨੂੰ ਸਮਝਣ ਦੇ ਸਮਰਥ ਹੋਣਾ ਬੜਾ ਜ਼ਰੂਰੀ ਵੀ ਹੈ ਤੇ ਮੁਸ਼ਕਿਲ ਵੀ । ਸਾਡੀਆਂ ਰਗਾਂ ਵਿੱਚ ਦੌੜਦਾ ਖੂਨ ਦਰਾਵੜਾਂ, ਆਰੀਆਂ ਅਤੇ ਹੋਰ ਕਿਸ-ਕਿਸ ਦਾ ਹੈ । ਅਸੀਂ ਕਿੰਨੀ ਵੇਰ ਡਿੱਗੇ ਤੇ ਪੈਰੀਂ ਖਲੋਤੇ ਉੱਜੜੇ ਤੇ ਵੱਸੇ ਥਿਰਕੇ ਤੇ ਸੰਭਲੇ ਸਮੇਂ ਦਾ ਇਹ ਸੱਚ ਉਸ ਅਜਗਰ ਦੀ ਅਗੋਸ਼ ਵਿੱਚ ਮਹਿਫੂਜ਼ ਹੈ ਜਿਸ ਦੀ ਪੂਛ ਉਸ ਦੇ ਆਪਣੇ ਮੁੰਹ ਵਿੱਚ ਹੈ ਬਾਗੇ-ਅਦਨ ਦਾ ਕਿੱਸਾ ਤਾਂ ਤੁਸੀਂ ਕਈ ਵੇਰ ਸੁਣਿਆ ਹਊ ਮਾਈ ਹੱਵਾ ਨੂੰ ਵਰਜਿਤ ਫਲ ਕਿਸ ਨੇ ਖਵਾਇਆ ਸੀ ਉਹ ਕੌਣ ਸੀ ਤੇ ਕਿਸ ਦਾ ਭੇਜਿਆ ਕਿਥੋਂ ਆਇਆ ਸੀ ਜਿਸ ਨੇ ਸਿਧੀ-ਸਾਦੀ ਮਾਈ ਹੱਵਾ ਨੂੰ ਵਰਗਲਾਇਆ ਸੀ ਉਕਸਾਰਿਆ ਸੀ । ਤੇ ਗੱਲ ਇਥੇ ਹੀ ਬਸ ਨਹੀਂ ਸੀ ਹੋਈ ਬਾਬੇ ਆਦਮ ਤੀਕ ਜਾ ਪੁੱਜੀ ਸੀ ਜਿਸ ਨੇ ਬਕਬਕੇ ਫਲ ਦਾ ਸਵਾਦ ਹੀ ਤਾਂ ਚੱਖਿਆ ਸੀ ਆਖ਼ਿਰ ਉਹ, ਫਲ ਚੱਖਣ ਲਈ ਕਿਸ ਤੇ ਕਿਵੇਂ ਮਨਾਇਆ ਸੀ ਉਹ ਹਾਜ਼ਰ ਸੀ। ਜਾਂ ਗੈਰ-ਹਾਜ਼ਿਰ ਆਖ਼ਿਰ ਉਹ ਕੌਣ ਸੀ ਜਿਸ ਨੇ ਇਹ ਕਾਰਾ ਕਰਵਾਇਆ ਸੀ ਜਿਸ ਦੀ ਸਜ਼ਾ ਅਜੇ ਤੀਕ ਅਸੀਂ ਭੁਗਤ ਰਹੇ ਹਾਂ ਉਸ ਸਮੇਂ ਦਾ ਸੱਚ ਕੀ ਸੀ ਜਾਨਣਾ ਬੜਾ ਜ਼ਰੂਰੀ ਹੈ ਤੇ ਮੁਸ਼ਕਿਲ ਵੀ । ਬਨੀਨੌ ਇਨਸਾਨ ਦਾ ਇਹ ਪਹਿਲਾ ਸਵਾਲ ਹੀ ਉਸੇ ਤਰ੍ਹਾਂ ਅ-ਹੱਲ ਹੈ ਇਥੇ ਹੀ ਬਸ ਨਹੀਂ ਅਨੇਕਾਂ ਹੋਰ ਸਵਾਲ ਸਾਡੇ ਇਰਦ-ਗਿਰਦ ਗਰਦਸ਼ 'ਚ ਪਏ-ਪਏ ਥੱਕ ਜਾਣ ਵਾਲੇ ਨੇ ਸਵਾਲ ਦਰ ਸਵਾਲ ਸਾਡੀਆਂ ਰਾਹਾਂ ਮੱਲੀ ਬੈਠੇ ਨੇ ਜਿੰਨ੍ਹਾਂ ਤੋਂ ਭੈਭੀਤ ਹੋਇਆ ਮੈਂ ਸੁੱਤਿਆਂ ਵੀ ਅਸ਼ਾਂਤ ਹੀ ਹੁੰਦਾ ਹਾਂ ਤੇ ਕਵਿਤਾ ਦੇ ਸਨਮੁਖ ਹੋਣ ਤੋਂ ਡਰਦਾ ਹਾਂ, ਤ੍ਰਹਿੰਦਾ ਹਾਂ ਝੱਕਦਾ ਹਾਂ, ਕਤਰਾਉਦਾ ਹਾਂ ਕਵਿਤਾ ਜੋ ਮਹਿਜ਼ ਜ਼ਹਿਨੀ ਅੱਯਾਸ਼ੀ ਨਹੀਂ ਹੁੰਦੀ ਸਮੇਂ ਦੇ ਸੱਚ ਦਾ ਕੌੜਾ ਯਥਾਰਥ ਹੁੰਦੀ ਹੈ ।