Art Te Sikhi : Prof. Puran Singh

ਆਰਟ ਤੇ ਸਿੱਖੀ : ਪ੍ਰੋਫੈਸਰ ਪੂਰਨ ਸਿੰਘ

ਬੁੱਧ ਦੇਵ ਦਾ ਮੱਤ ਹਿੰਦੁਸਤਾਨੀ ਗਵਾ ਬੈਠੇ ਹਨ। ਇਨ੍ਹਾਂ ਪਾਸ ਇਸ ਨੂੰ ਰੱਖਣ ਦਾ ਬਰਤਨ ਨਹੀਂ ਸੀ। ਚੀਨ ਤੇ ਜਪਾਨ ਵਾਲਿਆਂ ਪਾਸ ਆਰਟ ਦੁਆਰਾ ਸੁੱਝੀ ਸੁਰਤ ਸੀ। ਆਰਟ ਦੁਆਰਾ ਮਨ ਟਿਕਾਇਆ ਹੋਇਆ ਸੀ। ਟਿਕੇ ਮਨ ਵਿਚ ਉਹ ਅਦਭੁੱਤ ਕਮਾਈ, ਜਿਸ ਨਾਲ ਬੁੱਧ ਦੇਵ ਦਾ ਸ਼ਾਂਤੀ ਭਰਿਆ ਮੁਖੜਾ ਗੰਧਾਰਾ ਦੇ ਨੀਲੇ ਪੱਥਰਾਂ ਵਿਚ ਉਕਰਿਆ ਹੈ, ਹੁਣ ਤਕ ਮਨੁੱਖ ਭਾਈਚਾਰਿਆਂ ਵਿਚ ਸਿੰਜਰ ਰਹੀ ਹੈ। ਜਪਾਨ ਦੇ ਬਾਲਕ ਮੁਸ਼ਕਲ ਹੀ ਰੋਂਦੇ ਹਨ। ਜਪਾਨ ਦੀਆਂ ਇਸਤਰੀਆਂ ਖਿੜੇ ਮੱਥੇ ਸਭ ਨੂੰ ਮਿਲਦੀਆਂ ਹਨ। ਉਨ੍ਹਾਂ ਦੇ ਵਚਨ, ਹੋਂਠ ਪਰੋਈਆਂ, ਮੱਧਮ-ਮੱਧਮ ਫੁੱਲ ਝਾੜਨ ਹਾਰ ਮੁਸਕਰਾਹਟਾਂ ਵਾਂਗ ਨਰਮ ਲਚਕਦਾਰ ਤੇ ਹਲਕੇ ਫੁੱਲ ਗੁਟਕਦੇ ਹਨ। ਇਹ ਨਹੀਂ ਕਿ ਸਾਡੇ ਵਾਂਗ ਉਤੋਂ-ਉਤੋਂ, ਯਾ ਸਿਰਫ਼ ਦਿਖਾਵੇ ਲਈ ਦਿਖਾਵਣ। ਪਰ ਘਰੋਗੀ ਜੀਵਨ ਦੇ ਅੰਦਰਲੇ ਥੀਂ ਅੰਦਰਲੀ ਤਹਿਆਂ ਵਿਚ ਤੇ ਪਤਲੇ ਤੋਂ ਪਤਲੇ ਮੁਲੰਮਿਆਂ ਵਿਚ ਉਹੋ 'ਮਿੱਠੇ ਬੋਲ' ਹਨ। ਆਪਣੇ ਕੰਮ ਨਾਲ ਵਾਸਤਾ; ਦੂਸਰੇ ਦੇ ਕੰਮਾਂ, ਗੱਲਾਂ ਵਿਚ ਕੋਈ ਦਖ਼ਲ ਨਾ ਦੇਣਾ, ਇਕ ਤਰ੍ਹਾਂ ਦੀ ਕੌਮੀ ਰੂਹ ਦੀ ਸਮਾਧੀ ਤੇ ਨਿਰਵਾਣ ਦਾ ਅਰਥ ਰੱਖਦੀ ਹੈ। ਮਿੱਠਾ ਬੋਲਣਾ, ਨਿਵ ਚੱਲਣਾ, ਆਪਾ ਨਾ ਜਣਾਵਣਾ, ਪਵਿੱਤਰਤਾ, ਸਾਦਗੀ, ਹਲਕਾਪਣ, ਆਪਣੇ ਕੰਮ 'ਚ ਮਗਨਤਾ; ਜਿਨ੍ਹਾਂ ਨਾਲ ਰਿਸ਼ਤੇ ਪੈਣ ਯਾ ਪਾਣੇ, ਉਹ ਇੰਨੇ ਡੂੰਘੇ ਨਾ ਪਾਣੇ ਜਿਸ ਕਰ ਕੇ ਬਖੇੜੇ ਨਿਕਲਣ, ਹਲਕੇ ਫੁੱਲ ਸਲੂਕ, ਕੋਮਲ ਰਿਸ਼ਤੇ ਪਾਣੇ ਇਕ ਤਰ੍ਹਾਂ ਦਾ ਕੌਮੀ ਵੈਰਾਗ ਤੇ ਤਿਆਗ ਦੇ ਚਿੰਨ੍ਹ ਹਨ।
ਜਪਾਨ ਵਿਚ ਕੋਈ ਆਦਮੀ ਸਾਰੀ ਧਰਤੀ ਫਿਰ ਕੇ ਕੁਲ ਮੁਲਕਾਂ ਨੂੰ ਮਿਲ ਕੇ ਆਇਆ ਹੋਵੇਗਾ, ਪਰ ਉਸ ਦੀ ਸ਼ਕਲ ਤੇ ਪਹਿਰਾਵੇ ਆਦਿ ਥੀਂ ਕੋਈ ਨਹੀਂ ਜਾਣ ਸਕਦਾ ਕਿ ਇਹ ਇਤਨਾ ਲਾਇਕ ਹੈ। ਇਹ ਉਸ ਸ਼ਖ਼ਸੀ ਰੂਪ ਵਿਚ ਭਿਖੂਆਂ ਦੀ ਸਾਧ ਭਰਾਵੇਂ ਦਾ ਵਟਿਆ ਕੌਮੀ ਰੂਪ ਹੈ। ਕੰਮ ਕਰਨਾ, ਬਾਹਰਲੀਆਂ ਗੱਲਾਂ ਨਾ ਕਰਨੀਆਂ, ਮਿਹਨਤ ਕਰ ਕੇ ਆਪਣੀ ਕਿਰਤ ਤੇ ਸੁੱਚੀ ਮਿਹਨਤ ਕਰ ਰੋਟੀ ਖਾਣੀ, ਇਹ ਉਸ ਸ਼ਖ਼ਸੀ ਸੰਜਮ ਦਾ ਵਟਾਇਆ ਰੂਪ ਹੈ। ਇਉਂ ਆਰਟ ਨੇ ਸੁਰਤ, ਮਨ ਤੇ ਦਿਲ ਮਾਂਜ ਕੇ ਸੰਵਾਰ ਕੇ ਰੱਖੇ ਹੋਏ ਹਨ। ਜਦ ਬੁੱਧ ਦੇ ਭਿਖੂਆਂ ਦਾ ਨਿਰਵਾਣ ਸੁੱਖ ਨਾਲ ਭਖਦਾ ਚਿਹਰਾ, ਮਨੁੱਖੀ ਚਰਿਤਰ ਦੇਖਿਆ; ਤਕ (ਕੇ) ਦ੍ਰਿੜ ਧਿਆਨ ਹੋ ਕੇ ਦਿਲ ਵਿਚ ਖੁਭ ਗਿਆ।
ਸਿੱਖੀ ਆਦਰਸ਼ ਨੇ ਭੀ ਇਸ ਤਰ੍ਹਾਂ ਦਾ ਮਨ ਆਪਣੇ ਨਿਵਾਸ ਲਈ ਟੋਲਿਆ ਸੀ। ਅਮੀਰਾਂ ਪਾਸ ਨਹੀਂ ਗਿਆ। ਜੋ ਸ਼ਰਨ ਆਇਆ, ਸੋ ਨਿਵਾਜਿਆ ਗਿਆ। ਉਹਨੂੰ ਲੋੜੀਂਦੀ ਗਰੀਬੀ ਬਖ਼ਸ਼ੀ। ਗਰੀਬੀ ਉਪਰ ਉਸ ਜ਼ੋਰ ਨਹੀਂ ਦਿਤਾ। ਜੋ ਗਰੀਬ ਸ਼ਰਨ ਆਇਆ, ਉਸੇ ਨੂੰ ਲੋੜੀਂਦੀ ਅਮੀਰੀ ਬਖ਼ਸ਼ੀ ਤੇ ਗਰੀਬੀ ਅਮੀਰੀ ਥੀਂ ਪਰੇ ਦਾ ਜੀਵਨ ਅੰਦਾਜ਼ ਸਿਖਾਇਆ। ਇਸ ਲਈ ਮਨ ਦੀਆਂ ਗਰੀਬੀਆਂ ਅਮੀਰੀਆਂ (ਤਾਂ) ਪੈਰ ਰੱਖਣ ਵਾਸਤੇ ਉਸ ਤਰ੍ਹਾਂ ਦੇ ਪੱਥਰ ਦੱਸੇ ਜਿਹੜੇ ਪਹਾੜਾਂ ਵਿਚ ਨਦੀਆਂ ਨੂੰ ਪਾਰ ਕਰਨ ਲਈ ਪਹਾੜੀ ਲੋਕ ਰੱਖ ਲੈਂਦੇ ਹਨ; ਝੱਟ ਦਾ ਝੱਟ ਲੰਘਾਉਣ ਲਈ, ਪਾਰ ਜਾਣ ਲਈ। ਗਰੀਬੀ-ਅਮੀਰੀ ਪੈਰ ਰੱਖਣ ਲਈ ਪੱਥਰ ਹਨ, ਪਰ ਸਿੱਖੀ ਆਦਰਸ਼ ਨੇ ਟੋਲ ਕੀਤੀ ਕਿ ਉਹ ਬੰਦੇ ਕਿਥੇ ਹਨ ਜਿਨ੍ਹਾਂ ਨੂੰ ਆਪਣੀ ਕਿਰਤ ਤੇ ਰਸਿਕ ਕਿਰਤ ਥੀਂ ਵਿਹਲ ਨਹੀਂ, ਤੇ ਜਿਹੜੇ ਕਿਰਤ ਦੁਆਰਾ ਤੇ ਖਾਸ ਕਰ ਰਸਿਕ ਕਿਰਤ ਦੁਆਰਾ ਆਪੇ ਵਿਚ ਮਿਟੇ ਸਿਕੇ ਚੁੱਪੇ ਬੰਦੇ ਹਨ?
ਬਾਬਾ (ਨਾਨਕ) ਜੀ, ਭਾਈ ਲਾਲੋ ਦੇ ਗੁੱਝੇ ਮਿੱਤਰ ਨਿਕਲੇ। ਉਨ੍ਹਾਂ ਦੇ ਘਰ ਜਾ ਕੇ ਮਹਿਮਾਨ ਹੋਏ। ਕਿਰਤ ਦੁਆਰਾ ਸੁਰਤੀ ਸੁਰਤ ਵਾਲੇ ਕਮਾਈ ਕਰਨ ਵਾਲੇ ਸਾਈਂ ਲੋਕ ਸਨ। ਗੁਰੂ ਨਾਨਕ ਦੇਵ ਜੀ ਦੀ ਪੂਰਨ ਸਿੱਖੀ ਤੇ ਪੂਰਨ ਬੁੱਧ ਹੋਣ ਦੀ ਕਿਰਤ ਆਤਮਿਕ ਕਿਰਤ ਗਲੋਖੜ ਲੋਕਾਂ ਵਿਚ ਜੜ੍ਹ ਨਹੀਂ ਪਕੜ ਸਕਦੀ ਸੀ। ਫ਼ਿਲਾਸਫ਼ੀ ਵਿਚ ਬਹਿ ਚੁੱਕੀ ਫੋਕੀ ਚਰਚਾ ਕਰਨ ਵਾਲੇ ਲੋਕ ਬਾਬਾ ਜੀ ਦੇ ਆਦਰਸ਼ ਨੂੰ ਧਾਰਨ ਨਹੀਂ ਕਰ ਸਕਦੇ। ਚੁੱਪ ਤੇ ਮਿਹਨਤੀ ਬੰਦੇ ਬਾਬਾ ਜੀ ਦੇ ਨਾਮ ਨੂੰ ਆਪਣੇ ਦਿਲ ਦਾ ਦੇਵਤਾ ਬਣਾ ਸਕਦੇ ਹਨ।
'ਓ' ਪਿਆਰ ਕਰਨ ਦਾ ਆਰਟ ਸਭ ਆਰਟਾਂ ਦੀ ਸ਼੍ਰੋਮਣੀ ਹੈ। ਸਭ ਆਰਟਾਂ ਥੀਂ ਵੱਧ ਪਿਆਰ, ਸੁਰਤ ਨੂੰ ਮਾਂਜਦਾ ਹੈ। ਦਿਲ ਨੂੰ ਟਿਕਾਅ ਵਿਚ ਲਿਆਂਦਾ ਹੈ 'ਪਰ' ਤੇ 'ਬਾਹਰ ਮੁਖੀ' ਮਨ ਦੀਆਂ ਕਰਤੂਤਾਂ ਥੀਂ ਉਪਰਾਮ ਕਰਕੇ ਪਿਆਰ ਚਿੰਤਨ ਵਿਚ ਚੇਤੇ ਨੂੰ ਇਕਰਾਰ ਸੂਤੇ ਕਰਦਾ ਹੈ। ਸੋ, ਬਾਬਾ ਜੀ ਨੇ ਹੋਰ ਆਰਟਾਂ ਦਾ ਆਸਰਾ ਨਾ ਲੈਂਦੇ ਹੋਏ, 'ਪਿਆਰ ਆਰਟ' ਨੂੰ ਮੁੱਖ ਰੱਖਿਆ ਹੈ।
ਇਹ 'ਪਿਆਰ ਆਰਟ' ਵੀ ਗੱਲਾਂ ਕਰਨ ਵਾਲੀਆਂ ਪਰ ਨਿੰਦਾ ਕਰਨ ਵਾਲੀਆਂ ਨਿਕੰਮੀਆਂ ਕੌਮਾਂ ਵਿਚ ਨਾ ਜੰਮ ਸਕਦਾ ਹੈ, ਨਾ ਵੱਡਾ ਹੋ ਸਕਦਾ ਹੈ। ਕੰਮ ਕਰਨ ਵਾਲੇ ਲੋਕਾਂ ਵਿਚ ਸੁਤੇ ਸਿੱਧ ਪਿਆਰ ਦੀ ਅੰਸ਼ ਜੰਮਦੀ ਉਗਦੀ ਤੇ ਬਲਦੀ ਹੈ, ਜੋ ਹੋਰ ਕਿਸੇ ਤਰ੍ਹਾਂ ਨਹੀਂ ਆ ਸਕਦੀ। ਕੰਮ ਕਰਨ ਨਾਲ ਸੁਤੇ ਸਿੱਧ ਆਪ ਨੂੰ ਭੁੱਲ ਜਾਂਦਾ ਹੈ। ਮਨੁੱਖ ਮਨ ਯਾ ਮਨ ਥੀਂ ਵੀ ਉਚੀ ਹਾਲਤ ਵਿਚ ਆਪ ਮੁਹਾਰਾ ਚੜ੍ਹ ਜਾਂਦਾ ਹੈ। ਹਰ ਕੋਈ ਚੜ੍ਹ ਜਾਂਦਾ ਹੈ ਤੇ ਆਪ ਮੁਹਾਰੀ ਪਿਆਰ ਦੀ ਕਣੀ ਦੁਨੀਆਂ ਦੇ ਦੁੱਖਾਂ ਸੁੱਖਾਂ 'ਚ ਨਿਵਾਸ ਕਰਦੀ ਦਿੱਸ ਪੈਂਦੀ ਹੈ।
ਇਕ ਗ਼ਰੀਬ ਜੋੜਾ ਇਕ ਵੇਰੀ ਕਿਸੀ ਬਿਪਤਾ ਕਰ ਕੇ ਪੂਅਰ ਹਾਊਸ (ਗ਼ਰੀਬਾਂ ਲਈ ਜੋ ਖਾਸ ਘਰ ਹੁੰਦੇ ਹਨ, ਜਿਥੇ ਉਨ੍ਹਾਂ ਨੂੰ ਮਜ਼ਦੂਰੀ ਤੇ ਮਿਹਨਤ ਕਰਨ ਨੂੰ ਮਿਲਦੀ ਹੈ) ਵਿਚ ਲਿਆਂਦਾ ਗਿਆ। ਗਰੀਬ ਕਿਸਾਨ ਕਿਰਤੀ ਮਿਹਨਤੀ ਜੋੜਾ ਸੀ ਤੇ ਮਰਦ ਨੂੰ ਮਰਦਾਂ ਵਿਚ ਥਾਂ ਦਿਤੀ ਗਈ ਤੇ ਉਹਦੀ ਬੰਨੜੀ ਨੂੰ ਜਨਾਨੀਆਂ ਵਿਚ ਥਾਂ ਦਿਤੀ ਗਈ। ਜਦ ਮਜ਼ਦੂਰੀ ਕਰ ਚੁੱਕਾ, ਰਾਤ ਪਈ ਸੌਂਣ ਦਾ ਵੇਲਾ ਆਇਆ, ਤਦ ਪੁੱਛਣ ਲੱਗਾ, "ਮੇਰੀ 'ਮੇਰੀ' ਕਿੱਥੇ ਹੈ?" ਜਵਾਬ ਮਿਲਦਾ ਹੈ, ਉਹ ਤਾਂ ਅੱਜ ਰਾਤ ਨੂੰ ਨਹੀਂ ਮਿਲ ਸਕਦੀ। ਉਹ ਗ਼ਰੀਬ ਬੰਦਾ ਹੈਰਾਨ ਹੋ ਕੇ ਕਹਿੰਦਾ ਹੈ, "ਹੈਂ! ਅੱਜ ਰਾਤ ਮੈਨੂੰ ਮੇਰੀ 'ਮੇਰੀ' ਦੇ ਦੀਦਾਰ ਨਹੀਂ ਹੋਣਗੇ? ਕਿਉਂ? ਚਾਲੀ ਸਾਲ ਹੋ ਗਏ ਹਨ, ਮੈਂ ਹਰ ਰਾਤ ਆਪਣੀ 'ਮੇਰੀ' ਨੂੰ ਗੁੱਡ ਨਾਈਟ ਦਾ ਪਿਆਰ ਦੇ ਲੈ ਕੇ ਸੌਣ ਜਾਂਦਾ ਰਿਹਾ ਹਾਂ।"
ਇਹ ਪਿਆਰ ਮਿਹਨਤੀ ਤੇ ਸੁੱਚੀ ਕਿਰਤ ਕਰਨ ਵਾਲਿਆਂ ਵਿਚ ਆਪ ਮੁਹਾਰਾ ਪੈਦਾ ਹੁੰਦਾ ਹੈ। ਉਨ੍ਹਾਂ ਨੂੰ ਪੈਸੇ ਰੁਪਏ ਥੀਂ ਬੰਦੇ ਵੱਧ ਪਿਆਰੇ ਲੱਗਦੇ ਹਨ। ਬਾਬਾ ਜੀ ਦਾ ਸਿੱਖੀ ਆਦਰਸ਼ ਕੰਮ ਕਰਨ ਵਾਲੀਆਂ ਇਹੋ ਜਿਹੀਆਂ ਸੋਹਣੀਆਂ ਜੋੜੀਆਂ ਵਿਚ ਸਮਾ ਸਕਦਾ ਹੈ। ਭੋਲੇ-ਭਾਲੇ ਮੂੰਹ ਤਲੇ ਕੀਤੇ ਕਿਰਤੀ ਲੋਕਾਂ ਵਿਚ ਆਪ ਮੁਹਾਰਾ ਸਿੰਜਰ ਸਕਦਾ ਹੈ। ਪਰ ਸਤਿਗੁਰੂ ਦੀ ਸਿੱਖੀ ਦੇ ਚਰਨ ਸ਼ਰਨ ਆਏ ਹੋਰ ਸਭ ਆਰਟ ਉਸ ਪਿਆਰ ਦੀ ਇਕ ਲਿਸ਼ਕ ਹਨ, ਜਿਹੜੀ ਸਾਡੇ ਸਿਰ ਪਏ ਝਮੇਲਿਆਂ ਕਰ ਕੇ ਅਜੇ ਨਹੀਂ ਲਿਸ਼ਕੀ। ਤੇ ਆਰਟ ਦੀ ਵ੍ਰਿਧੀ ਇਕ ਅੰਦਰਲੇ ਜੀਵਨ ਤੇ ਜੀਵਨ ਦੇ 'ਸੁਭਰ ਭਰੇ ਪ੍ਰੇਮ ਰਸ ਰੰਗ' ਦਾ ਆਪ ਮੁਹਾਰਾ ਛਿੜ ਪਿਆ ਰਾਗ ਹੈ। ਸਿੱਖੀ ਵਿਚ ਹਾਲੇ ਇਸ ਲਿਸ਼ਕ ਦਾ ਨਾ ਆਉਣਾ ਦੱਸਦਾ ਹੈ ਕਿ ਸਾਡੇ ਵਿਚ ਉਸ ਜਗਮਗ ਦਗ ਦਗ ਬਲਦੇ ਪਿਆਰ ਪ੍ਰਕਾਸ਼ ਦਾ ਘਾਟਾ ਹੈ। ਅਸੀਂ ਆਪਣੇ ਆਸ ਪਾਸ ਵਸਦੇ ਲੋਕਾਂ ਗਲੋਖੜ ਲੋਕਾਂ ਨਾਲ ਮਿਲ ਕੇ ਲਾਭਦਾਯਕ ਕਿਰਤ ਦਾ ਰਾਹ ਭੁੱਲੀ ਬੈਠੇ ਹਾਂ।
ਆਸ਼ਾ ਤ੍ਰਿਸ਼ਨਾ ਦੇ ਕਾਲੇ ਸਮੁੰਦਰ ਦੀਆਂ ਲਹਿਰਾਂ ਉਪਰ ਚੜ੍ਹ ਕੇ ਉਸ ਬੇ-ਨੈਣ ਕਸ਼ਮਕਸ਼ ਜਿਹੜੀ ਵਿਹਲੇ ਸ਼ਖ਼ਸਾਂ ਤੇ ਨਿਕੰਮੀਆਂ ਕੌਮਾਂ ਵਿਚ ਉਨ੍ਹਾਂ ਦੇ ਜੀਵਨ ਦੇ ਛੱਕੇ ਛੁੜਾਂਦੀ ਹੈ, ਵਿਚ ਪੈ ਕੇ ਆਪਣਾ ਉਸ ਚੁੱਪ ਰਸ ਭਰੇ ਲੱਖ ਨੈਣਾਂ ਵਾਲੇ ਜੀਵਨ ਆਦਰਸ਼ ਨੂੰ ਭੁਲਾ ਬੈਠੇ ਹਾਂ। ਨਹੀਂ ਤਾਂ ਜਦ ਇਟਲੀ ਨੂੰ ਈਸਾ ਦੇ ਪਿਆਰ ਦੀ ਚਿਣਗ ਮਿਲੀ ਸੀ, ਉਥੇ ਕੁਲ ਪੱਛਮੀ ਦੁਨੀਆਂ ਦਾ ਆਲੀਸ਼ਾਨ ਆਰਟ, ਰਫ਼ੈਲ ਤੇ ਮਾਈਕਲ ਏਂਜਲੋ ਤੇ ਲੀਨਾਰਡੋ ਆਦਿ ਦੀ ਜੀਨੀਅਸ ਵਿਚ ਪ੍ਰਗਟ ਹੋਇਆ। ਗਿਰਜੇ ਬਨਾਣ ਵਿਚ ਪਿਆਰ, ਆਰਟ ਰੂਪ ਹੋ ਛੁੱਪ ਗਿਆ। ਹੁਣ ਤਕ ਉਨ੍ਹਾਂ ਪਿਆਰ ਮੰਦਰਾਂ ਨੂੰ ਵੇਖ-ਵੇਖ ਈਸਾ ਦੇ ਨਾ ਮਨੇ ਜੋ ਉਤਸ਼ਾਹ (ਇਨਸਪੀਰੇਸ਼ਨ) ਕੁੱਝ ਪੱਛਮੀ ਸਭਿਅਤਾ ਨੂੰ ਦਿਤਾ, ਉਹ ਆਰਟ ਦੇ ਅਮੁੱਲ ਕਿਰਤਾਂ ਤੇ ਕਰਨੀਆਂ ਵਿਚ ਸਦਾ ਲਈ ਅੰਕਿਤ ਹੋਇਆ ਹੈ। ਕਦੀ ਅੱਖੋਂ ਓਹਲੇ ਨਹੀਂ ਹੋ ਸਕਦਾ। ਦਿਲ ਦੀ ਪਿਆਰ ਧੜਕਨ ਪੱਥਰ ਵਿਚ ਪ੍ਰਗਟ ਕਰਨਾ ਪਿਆਰ ਕਾਵਿ ਥੀਂ, ਪਿਆਰ ਰਾਗ ਥੀਂ, ਪਿਆਰ ਸੇਵਾ ਥੀਂ ਕਿਸੀ ਹਾਲਤ ਘੱਟ ਨਹੀਂ।
ਜਿਥੇ ਗੁਰੂ ਨਾਨਕ ਦੇਵ ਜੀ ਦਾ ਫੇਰਾ ਹੋਇਆ, ਉਥੇ ਸਾਡੇ ਪਿਆਰ ਨੇ ਮੁੜ ਫੇਰਾ ਉਸ ਤਰ੍ਹਾਂ ਨਹੀਂ ਪਾਇਆ। ਨਹੀਂ ਤਾਂ ਅੱਜ ਤਕ ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦਾ ਉਚ ਮਨੁੱਖੀ ਆਦਰਸ਼ ਤਾਰਿਆਂ ਦੇ ਅੱਖਰਾਂ ਵਿਚ ਕੁੱਲ ਦੁਨੀਆਂ ਦਾ ਆਕਾਸ਼ ਬਣਾ ਦੇਣਾ ਸੀ। ਸਾਡੇ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਜ ਮਹਲ ਨੂੰ ਫਿੱਕਾ ਪਾਣ ਵਾਲੀਆਂ ਹੋਣੀਆਂ ਚਾਹੀਦੀਆਂ ਸਨ। ਤਾਜ ਮਹਲ ਇਕ 'ਪੂਰੀ ਰੂਹ' ਦੇ ਪਿਆਰ ਵਿਚ ਬਣੀ ਮੂਰਤ ਹੈ; ਪਰ ਜਿਸ ਗੁਰੂ ਦੀ ਚਰਨ ਧੂੜ ਲੈ ਪਰੀ ਸੁਹੱਪਣ ਦਾ ਜਨਮ ਹੁੰਦਾ ਹੈ, ਉਸ ਗੁਰੂ ਦੇ ਨਾਮ ਵਿਚ ਹੁੰਦੀਆਂ ਥਾਂਵਾਂ ਹੁਣ ਤਕ ਸਾਡੇ ਪਿਆਰ ਨੇ ਚੰਨਾਂ ਨਾਲ ਜੜ੍ਹ ਛੱਡਣੀਆਂ ਲੋੜੀਦੀਆਂ ਸਨ। ਹਾਲੇ ਤਕ ਕੁੱਛ ਨਹੀਂ ਕਿਹਾ ਜਾ ਸਕਦਾ। ਅਸੀਂ ਗਰੀਬ ਕੌਮ ਹਾਂ, ਇਹ ਮਾਇਆ ਦੀਆਂ ਖੇਡਾਂ ਹਨ। ਈਸਾ ਦੇ ਹਵਾਰੀਆਂ ਪਾਸ ਕੋਈ ਮਾਇਆ ਦੀ ਖੇਡ ਨਹੀਂ ਸੀ। ਸੇਂਟ ਪਾਲ ਇਕ ਹੱਥਕੜੀ ਲੱਗਾ ਕੈਦੀ ਦੀ ਹੈਸੀਅਤ ਵਿਚ ਯਰੂਪ ਪਹੁੰਚਿਆ ਸੀ ; ਮਾਇਕਲ ਏਂਜਲੋ ਪਾਸ ਹੁਨਰ ਸੀ, ਪੈਸਾ ਨਹੀਂ ਸੀ; ਰਫ਼ੈਲ ਰਾਜਾ ਨਹੀਂ ਸੀ। ਇਹ ਜੀਨੀਅਸ ਅਰਸ਼ੋਂ ਉਤਰਦੇ ਹਨ। ਇਹ ਅਮੀਰੀ, ਰੱਬੀ, ਅਬਚਲੀ ਜੋਤ ਪਿਆਰ ਭਰੇ ਦਿਲਾਂ ਦੇ ਮੰਦਰਾਂ ਮਿਨਾਰਾਂ 'ਤੇ ਉਤਰਦੀ ਹੈ।
ਆਰਟ ਦੀ ਜੀਨੀਅਸ ਬਾਦਸ਼ਾਹੀਆਂ ਨੂੰ ਤਾਂ ਇੱਟਾਂ, ਗਾਰੇ, ਚੂਨੇ ਵਾਂਗ ਹੱਥਾਂ ਵਿਚ ਫੇਰਦੀ ਹੈ। ਪਿਆਰ ਸੁਫ਼ਨੇ ਰੂਪੀ ਧਨ ਦੀ ਲੋੜ ਹੈ, ਕਿਸੀ ਉਚੇ ਮਹਲ, ਕਿਸੀ ਤਾਜ ਦੇ ਬਨਾਣ ਵਾਲੇ ਦੀ ਲੋੜ ਹੈ। ਬਾਕੀ ਮਿਸਾਲ ਹੈ ਤੇ ਮਿਲ ਸਕਦੀ ਹੈ। ਮਿਸਾਲ 'ਤੇ ਉਹ ਸਿਦਕ ਰੱਖਦੇ ਹਨ, ਜਿਨ੍ਹਾਂ ਅੰਦਰ ਜੀਵਨ ਕਣੀ ਹੈ। ਉਹ ਚੀੜ ਦੇ ਬੂਟੇ ਵਾਂਗ ਜੀਂਦੀ ਸੈਲ ਸੁੱਕੀਆਂ ਚਟਾਨਾਂ ਵਿਚੋਂ ਆਪਣਾ ਭੋਜਨ ਖਿੱਚ ਲੈਂਦੀ ਹੈ। ਸੋ, ਜੀਵਨ ਕਣੀ ਵਾਲੀ ਜੀਨੀਅਸ ਦੀ ਲੋੜ ਹੈ। ਇਹ ਸੰਸਾਰ ਇਕੱਲਾ ਨਹੀਂ। ਉਪਰਲੇ ਮਹਾਂਪੁਰਖ ਜਿਉਂਦੇ ਹਨ। ਸਾਡੇ ਨਾਮ ਜਪਣ ਵਾਲੇ ਵੰਡ ਛੱਕਣ ਵਾਲੇ, ਕਮਾਈ ਵਾਲੇ ਸਿੱਖ ਸਤਿਗੁਰੂ ਜੀ ਦਾ ਅਕਾਲੀ ਬੇੜਾ ਸਾਡੀ ਚੋਣ (ਚੁਆਇਸ) ਨੂੰ ਵੇਖਦਾ ਹੈ। ਜੇ ਅਸਾਂ ਚੁਣੀ ਦੁਨੀਆਂਦਾਰੀ, ਮਾਇਆ, ਖ਼ੁਦਗਰਜ਼ੀ; ਤਦ ਉਹ ਪਰ੍ਹੇ ਹੋ ਗਏ, ਤੇ ਸਾਨੂੰ ਵੇਖਦੇ ਹਨ ਕਿ ਕਦ ਸੱਟ ਲੱਗੇ, ਕੱਦ ਹੋਸ਼ ਆਵੇ, ਜੋ ਅਸੀਂ ਇਨ੍ਹਾਂ ਮੂਰਖਾਂ ਦੀ ਮਦਦ ਕਰ ਸਕੀਏ।
ਜੇ ਅਸਾਂ ਚੁਣਿਆ ਸਤਿਗੁਰੂ ਦਾ ਪਿਆਰ, ਤੀਬਰ ਪਿਆਰ, ਮੁੜ ਪਿਆਰ, ਤਦ ਉਹ ਸਾਡੇ ਪਰ ਅਮੀਰੀ ਗੁਣਾਂ ਦੀ ਬਰਖਾ ਅਵਸ਼ਯ ਕਰ ਰਹੇ ਹਨ। ਬਰਤਨ ਸਿੱਧਾ ਹੋਏ ਤਦ ਪੈਸੀ, ਜੇ ਬਰਤਨ ਮੂਧਾ ਪਾ ਦਿਤਾ; ਤਦ ਮਿਹਰ ਦੇ ਹੜ੍ਹਾਂ ਦੇ ਹੜ੍ਹ ਉਪਰੋਂ ਲੰਘ ਜਾਂਦੇ ਹਨ।
ਵੇਲਾ ਹੈ ਕਿ ਅਸੀਂ ਆਪਣੇ ਦਿਲ ਵਿਚ ਕੰਘੀ ਮਾਰ ਕੇ ਦੇਖੀਏ ਕਿ ਸਾਡੀ ਚੋਣ (ਚੁਆਇਸ) ਕੀ ਹੈ?
ਪਿਆਰ ਕਿ ਗਾਲ੍ਹਾਂ;
ਕਮਾਈ ਕਿ ਨਿੰਦਾ, ਉਸਤਤ, ਝਗੜੇ;
ਮਿਹਰ ਕਣੀ ਦਾ ਪਾਲਣਾ ਕਿ ਮ੍ਰਿਗ ਤ੍ਰਿਸ਼ਨਾ ਵੱਲ ਦੌੜਨਾ;
ਅੰਤਰਮੁਖੀ ਕਿਰਤ ਦਵਾਰਾ ਹੋਣਾ ਕਿ... ਅਖ਼ਬਾਰਾਂ ਤੇ ਲੋਕਾਂ ਮਗਰ ਸਾਹੋ ਸਾਹੀ ਨੱਸੀ ਜਾਣਾ, ਬਦਫ਼ੈਲੀਆਂ ਵੱਲ ਆਪਣੇ ਆਤਮਾ ਦੇ ਟੋਟੇ ਕਰ ਕਰ ਸੁੱਟਣਾ।
ਆਪਣੇ ਮਨ, ਜਿਸਮ 'ਤੇ ਸੁਰਤ ਦੀ ਸਰੀਰਕ ਮਾਨਸਿਕ ਕੰਮ ਨਾਲ ਰੱਬ ਵੱਲ ਭਾਣਾ ਕਿ ਆਪੇ ਨੂੰ ਚੱਕ ਮਾਰ ਮਾਰ ਪੁੱਟਣਾ ਤੇ ਆਪਣੇ ਲਹੂ ਦਾ ਸਵਾਦ ਲੈਣਾ।
ਦੁਨੀਆਂ ਦਾ ਬਾਵਲ ਹੈ ਹੀ; ਪਰ ਸਤਿਗੁਰੂ ਦੇ ਆਦਰਸ਼ ਦਾ ਦਮ ਭਰਨ ਵਾਲਿਆਂ ਦੀ ਚੋਣ ਕੀ ਹੋਣੀ ਚਾਹੀਦੀ ਹੈ? ਹੁਣ ਵੇਲਾ ਹੈ ਕਿ ਹਰ ਸਿੱਖ ਸਿੱਖੀ ਨੂੰ ਧਾਰਨ ਕਰੇ ਤੇ ਪਾਲੇ। ਜਦ ਸਾਡੀ ਸ਼ਖ਼ਸੀ ਤੇ ਕੌਮੀ ਚੋਣ (ਚੁਆਇਸ) ਗੁਰਮੁਖਾਂ ਵਾਲੀ ਹੋ ਜਾਏਗੀ, ਤਦ ਗੁਰਮੁਖੀ ਗੁਣ ਜਿਨ੍ਹਾਂ ਵਿਚੋਂ ਇਕ ਪਿਆਰ ਕਿਰਤ ਥੀਂ ਪੈਦਾ ਹੋਈ ਰਸਿਕ ਕਿਰਤ ਹੈ, ਸਾਡੇ ਅੰਦਰ ਅਰਸ਼ਾਂ ਥੀਂ ਆਪ ਮੁਹਾਰੀ ਸਿੰਜਰੇਗੀ; ਤੇ ਜਦ ਤਕ ਸਹਿਜ ਵਿਚ ਸਹਿਜੇ ਸਹਿਜੇ ਅਰਸ਼ੀ ਗੁਣਾਂ ਨੂੰ ਸਿੰਜਨ ਦੀ ਥਾਂ ਨਹੀਂ ਦਿੰਦੇ, ਤਦ ਤਕ ਸ਼ਖ਼ਸੀਅਤ, ਸਿੱਖ ਪਰਸਨੈਲਿਟੀ, ਹੌਲੇ-ਹੌਲੇ ਡਿਸੀਪੇਟ, ਅਰਥਾਤ ਬੇਅਰਥ ਧੂੜ ਵਿਚ ਧੂੜ ਸਮਾਨ ਗੁੰਮ ਜਾਏਗੀ। ਤਦ ਸਿੱਖ ਪਰਸਨੈਲਿਟੀ ਅਰਥਾਤ ਸਿੱਖ ਸੂਰਤ ਆਪਣੀਆਂ ਬੇਚੈਨੀਆਂ ਤੇ ਬਾਹਰ ਮੁਖੀ ਨਿਕੰਮੀਆਂ ਗੱਲਾਂ ਵਿਚ, ਬਿਖੜੇ ਕੇਸਾਂ ਵਾਂਗ, ਉਲਝਾਵਾਂ ਵਿਚ, ਘਬਰਾਵਾਂ ਵਿਚ ਘੋਪ ਸੁੱਟਾਂਗੇ; ਤਦ ਕੀ ਪਿਆਰ ਤੇ ਕੀ ਆਰਟ ਤੇ ਕੀ ਹੋਰ ਮਨੁੱਖੀ ਗੁਣ ਸਭ ਥੀਂ ਵਾਂਝੇ ਜਾਵਾਂਗੇ।
ਹਰੀ-ਮੰਦਿਰ ਦਰਬਾਰ ਸਾਹਿਬ ਦੀ ਛੱਤ ਵਿਚ ਸਾਡੇ ਹੀਰੇ ਨਾ ਚਮਕਣਾ, ਪਰ ਸਾਡੀਆਂ ਜਨਾਨੀਆਂ ਦੇ ਕੰਨਾਂ ਵਿਚ ਹੀਰੇ ਲਟਕਣਾ ਦੱਸਦੇ ਹਨ ਕਿ ਸਾਡਾ ਗੁਰੂ ਨਾਲ ਪਿਆਰ ਹਾਲੇ ਉਸ ਤੀਬਰਤਾ 'ਤੇ ਨਹੀਂ ਪੁੱਜਾ, ਜਿਸ ਵਿਚ ਅਰਸ਼ਾਂ ਥੀਂ ਜੀਨੀਅਸ ਤੇ ਪਿਆਰ ਉਤਰਦਾ ਹੈ। ਨਨਕਾਣੇ ਸਾਹਿਬ ਜੀ ਦੀ ਇਮਾਰਤ ਹੀ ਇੰਨੀ ਆਲੀਸ਼ਾਨ ਹੋਣੀ ਚਾਹੀਦੀ ਹੈ ਕਿ ਸਾਰੀ ਦੁਨੀਆਂ ਦੇ ਆਰਟ ਰਸਿਕ ਉਹਦੇ ਦੀਦਾਰ ਨੂੰ ਆਉਣ। ਸਾਡੇ ਰਹਿਣ ਦੇ ਘਰਾਂ ਦੀ ਬਨਾਵਟ ਸਾਡਿਆਂ ਵਿਹੜਿਆਂ ਦੀ ਲੰਬਾਈ ਚੌੜਾਈ ਅਨੋਖੀ ਹੋਣੀ ਚਹੀਦੀ ਹੈ। ਜੇ ਸਿੱਖਾਂ ਦੇ ਵਿਹੜੇ ਵਿਚ ਸਾਰਾ ਜਸ ਨਾ ਮਿਟਿਆ, ਤਦ ਇਸ ਵਿਹੜੇ ਤੇ ਹੋਰਨਾਂ ਦੇ ਵਿਹੜੇ ਵਿਚ ਫਰਕ ਕੀ? ਸਿੱਖ ਦਾ ਪਿਆਰ ਚਾਨਣੀ ਰਾਤ ਵਾਂਗ ਅਮੀਰ ਗਰੀਬ 'ਤੇ ਇਕੋ ਜਿਹਾ ਨਾ ਪਿਆ, ਸਿੱਖ ਦੇ ਮੁਖੜੇ ਦਾ ਗੁਰਮੁਖੀ ਅਨੋਖਾਪਣ ਕੀ, ਜੇ ਬਿਨ ਗਹਿਣੇ ਸਿੱਖਣੀ ਤੇ ਸਿੱਖ ਦੇ ਕਿਸੀ ਥਾਂ 'ਤੇ ਖੜੋ ਜਾਣ ਨਾਲ ਹੀ ਉਹ ਸੁਹਾਵਾ ਤੇ ਪਿਆਰ ਪੈਦਾ ਕਰਨ ਵਾਲਾ ਨਵਾਂ ਕੇਂਦਰ ਨਾ ਬਣਿਆ? ਸਿੱਖਾਂ ਦੇ ਦਰਸ਼ਨ ਦਾ ਲਾਭ ਕੀ?
ਸੋ, ਹੇ ਸਤਿਗੁਰਾਂ ਦੀ ਸਜਾਈ ਕੌਮ! ਤੇਰਾ ਜਲ-ਪਾਣੀ ਸਤਿਗੁਰੂ ਦੀ ਨੀਲੀ ਅਕਾਲੀ ਪਿਆਰ ਪਾਤੀ ਵਿਚ ਹੈ। ਇਥੇ ਨਹੀਂ, ਜਿਥੇ ਨਿਰਾ ਜਾਨਵਰਾਂ ਦਾ ਚੋਗ ਧਰਿਆ ਹੈ। ਪਿਆਰ ਦੀ ਕਣੀ ਧਾਰਨ ਕਰਨ ਨਾਲ ਤੇਰੀ ਧਰਤੀ ਤੇਰੀ ਨਵੀਂ ਬਣੀ ਸੁਰਤਿ ਵਿਚ ਤੇਰੇ ਰਹਿਣ ਲਈ ਉਤਰੇਗੀ। ਤੂੰ ਤਾਂ ਉਹ ਹੈਂ ਜਿਸ ਦਾ ਹੁਕਮ ਤਾਰੇ ਤੇ ਚੰਦ ਮੰਨਣਗੇ। ਤੂੰ ਉਹ ਹੈਂ ਜਿਸ ਦੇ ਪਿਆਰ ਨਾਲ ਸਭ ਜਗਤ ਦਾ ਦਿਲ ਪਰੋਇਆ ਹੋਇਆ ਹੈ। ਅਰਸ਼ ਕੁਰਸ਼ ਤੇਰੀ ਵੱਲ ਵੇਖ ਰਹੇ ਹਨ। ਬੱਸ, ਚੋਣ ਗੁਰਮੁਖੀ ਕਰ ਤੇ ਦੇਵੀ ਦੇਵਤਿਆਂ ਦੇ ਸਮੂਹ ਤੇਰੇ ਸਤਿਗੁਰੂ ਜੀ ਦੀ ਆਗਿਆ 'ਚ ਤੇਰੀ ਮਦਦ ਲਈ ਖੜ੍ਹੇ ਹਨ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ