Art : Prof. Puran Singh

ਆਰਟ : ਪ੍ਰੋਫੈਸਰ ਪੂਰਨ ਸਿੰਘ

ਅਸੀ ਹਿੰਦੁਸਤਾਨ ਵਿੱਚ ਅਕਲੀ ਚਾਲਾਕੀਆਂ ਵਲ ਇਵੇਂ ਪਏ ਹਾਂ ਕਿ ਸਾਨੂੰ ਨਾ ਖੁਦਾ ਹੀ ਮਿਲਿਆ ਹੈ ਨਾ ਸਨਮ, ਨਾ ਇਸ ਜੀਵਨ ਦਾ ਸੁਖ ਪ੍ਰਾਪਤ ਹੋਇਆ ਹੈ ਤੇ ਨਾ ਅਗਲੀ ਦੁਨੀਆਂ ਦਾ ਹੀ ਕੁਛ ਪਤਾ ਲੱਗਾ ਹੈ, ਭਾਵੇਂ ਅਸੀ ਆਪਣੇ ਆਪ ਨੂੰ ਲਗਾਤਾਰ ਸਦੀਆਂ ਥੀਂ ਧੋਖਾ ਦੇਈ ਆ ਰਹੇ ਹਾਂ, ਕਿ ਅਸੀ ਬੜੀ ਅਗੱਮ ਦੀ ਰੂਹਾਨੀਅਤ ਨੂੰ ਪਹੁੰਚ ਪਏ ਹਾਂ । ਇਹ ਸਾਡਾ ਅਕਲੀ ਬੁਖਾਰ ਤਦ ਉਤਰਦਾ ਹੈ ਜਦ ਅਸੀ ਜਾਪਾਨ ਜੈਸੇ ਮੁਲਕ ਜਾ ਕੇ ਦੇਖੀਏ, ਕਿ ਲੋਕੀ ਕਿਸ ਤਰਾਂ ਰਹਿੰਦੇ ਬਹਿੰਦੇ ਹਨ । ਉਨ੍ਹਾਂ ਆਪਣੇ ਬਾਗ ਕਿਸ ਤਰਾਂ ਸੁਰਗ ਦੇ ਨੰਦਨ-ਬਣ ਵਾਂਗ ਸਜਾਏ ਹੋਏ ਹਨ । ਉਨਾਂ ਨੇ ਕੁਦਰਤ ਨੂੰ ਕਿਸ ਤਰਾਂ ਆਪਣੇ ਅੰਦਰ ਵਸਾਯਾ ਹੋਇਆ ਹੈ ਤੇ ਆਪ ਉਸ ਅੰਦਰ ਵੱਸੇ ਹੋਏ ਹਨ ਤੇ ਉਨਾਂ ਦਾ ਜੀਵਨ ਕਿਸ ਤਰਾਂ ਮੌਤ ਥੀਂ ਅਭੈ ਹੈ ਤੇ ਉਨਾਂ ਦੀਆਂ ਰਿਸ਼ਤਾਦਾਰੀਆਂ ਤੇ ਦੋਸਤੀਆਂ ਤੇ ਪਿਆਰ ਆਪੇ ਵਿੱਚ ਕਿਸ ਤਰਾਂ ਫੁਲ ਵਰਗੇ ਕੋਮਲ ਤੇ ਫੁੱਲਾਂ ਵਾਂਗ ਸੁਹਣੇ ਤੇ ਸਬਕ ਹਨ । ਜੇ ਉਨਾਂ ਨੂੰ ਪੁੱਛੋ ਰੱਬ ਕੀ ਹੈ, ਦੁਨੀਆਂ ਕਦ ਬਣੀ ਹੈ, ਕਿੰਝ ਬਣੀ ਹੈ, ਕਿਸ ਬਣਾਈ ਹੈ? ਤਦ ਵੱਡੇ ਥੀਂ ਵੱਡਾ ਜਾਪਾਨ ਦਾ ਦਾਨਾ ਸਿਰ ਨੂੰ ਖੁਰਕ ਕੇ ਬਾਲਕ ਵਾਂਗ ਬਿਹਬਲ ਜਿਹਾ ਹੋ ਜਾਂਦਾ ਹੈ ਤੇ ਹੈਰਾਨ ਹੁੰਦਾ ਹੈ, ਕਿ ਕੋਈ ਇਹੋ ਜਿਹੇ ਵੱਡੇ ਸਵਾਲਾਂ ਤੇ ਗੱਲ ਕਰਨ ਦਾ ਹੀਯਾ ਹੀ ਕੀਕਰ ਕਰਦਾ ਹੈ? ਨਿਮ੍ਰਤਾ, ਮਿੱਠਾ ਬੋਲਣਾ ਤੇ ਅਦਬ ਉਸ ਵਿੱਚ ਦੇਵਤਿਆਂ ਵਰਗਾ ਹੈ। ਉਸਦਾ ਪਰਛਾਵਾਂ ਕੋਈ ਨਹੀਂ, ਤੇ ਉਹਦਾ ਪਿਆਰ ਬ੍ਰਿੱਛਾਂ, ਫੁੱਲਾਂ ਨਾਲ ਤੀਬਰ ਇਸ਼ਕ ਦੇ ਦਰਜੇ ਤਕ ਸਹਿਜ ਸੁਭਾ ਅੱਪੜਿਆ ਹੋਇਆ ਹੈ । ਕੋਈ ਸਵਾਣੀ ਘਰ ਵਿੱਚ ਫੁੱਲਾਂ ਬਿਨਾ ਜੀ ਨਹੀਂ ਸਕਦੀ। ਜਾਪਾਨ ਵਿੱਚੋਂ ਜੇ ਸਾਰੇ ਫੁੱਲ ਪਦਮ ਤੇ ਚੈਰੀ ਉਡਾ ਦਿੱਤੇ ਜਾਣ, ਤਦ ਮੇਰਾ ਖਿਆਲ ਹੈ ਜਾਪਾਨੀ ਕੌਮ ਮਰ ਜਾਏਗੀ। ਕੌਮ ਦੀ ਜਿੰਦ ਫੁੱਲਾਂ ਵਿਚ ਹੈ, ਉਨਾਂ ਦੇ ਪਰਬਤ ਉਨਾਂ ਨੂੰ ਆਪੇ ਵਾਂਗ ਪਿਆਰੇ ਹਨ, ਫੁਜੀਯਾਮਾ ਦੀ ਬਰਫਾਨੀ ਤੇ ਦਿਵਯ ਚੋਟੀ ਜਾਪਾਨੀਆਂ ਦੇ ਪੱਖਿਆਂ ਉੱਪਰ ਹਰ ਇਕ ਦੇ ਹੱਥ ਵਿੱਚ ਹੈ, ਦਿਲ ਵਿੱਚ ਹੈ, ਜਾਪਾਨ ਦੇ ਸਮੁੰਦ੍ਰ ਤੇ ਕਿਸ਼ਤੀਆਂ ਉਨ੍ਹਾਂ ਆਪਣੀ ਸੁਰਤੀ ਵਿਚ ਇਸ ਧਿਆਨ ਨਾਲ ਬੰਨ੍ਹੀਆਂ ਹੋਈਆਂ ਹਨ ਕਿ ਅਜ ਕਲ ਜਿੱਥੇ ਜਾਪਾਨ ਦਾ ਨਾਮ ਜਾਂਦਾ ਹੈ, ਉੱਥੇ ਉਨਾਂ ਦੇ ਸਮੁੰਦਰ ਤੇ ਕਿਸ਼ਤੀਆਂ ਦੇ ਝਾਕੇ ਸੋਹਣੀਆਂ ਤਸਵੀਰਾਂ ਵਿੱਚ ਲਹਿਰਦੇ ਪਹਿਲਾਂ ਅੱਪੜਦੇ ਹਨ। ਆਪ ਦੇ ਪੰਛੀ ਆਪ ਦੇ ਮਨ ਵਿੱਚ ਫਿਰਦੇ ਹਨ, ਉਨਾਂ ਦੇ ਰੰਗਾਂ ਦੀ ਉਲਾਰ, ਉਨਾਂ ਦਾ ਇਲਾਹੀ ਰਾਗ, ਆਪ ਮੂਰਤੀ-ਮਾਨ ਕਰਕੇ ਸਿੱਧੇ ਸਾਦੇ ਖਿੱਚੇ ਚਿਤ੍ਰਾਂ ਨੂੰ ਜਾਨ ਪਾ ਦਿੰਦੇ ਹਨ॥

ਹੱਥ ਕੋਈ ਵੇਹਲਾ ਨਹੀਂ ਰਹਿੰਦਾ। ਬਤਖਾਂ ਪਾਣੀਆਂ ਵਿੱਚ ਤਰਦੀਆਂ, ਚਿੱਤ੍ਰਾਂ ਵਿਚ ਹਿਲਦੀਆਂ ਦਿਸਦੀਆਂ ਹਨ। ਇਉਂ ਜਾਪਾਨ ਦੇ ਹੱਥਾਂ ਵਿਚ ਕਰਤਾਰੀ ਕਿਰਤ ਹੈ, ਪਰ ਸ਼ਾਂਤੀ ਬੁੱਧ ਮਤ ਦੇ ਨਿਵਾਰਨ ਵਾਲੀ ਇੰਨੀ ਹੈ, ਕਿ ਆਪ ਦੇ ਘਰ ਆਏ ਆਪ ਦੇ ਜਜ਼ੀਰੇ ਦੇ ਅੰਦਰ ਆਣ ਲਹਿਰੇ ਸਮੁੰਦ੍ਰ (Inland Sea) ਇਕ ਮਾਨ ਸਰੋਵਰ ਹੈ, ਇਥੇ ਪੱਛਮੀ ਪਾਰਖੀ ਆ ਕੇ ਜਾਪਾਨ ਦੀ ਸ਼ਾਂਤੀ ਦਾ ਭਾਨ ਕਰਦੇ ਹਨ। ਉਹ ਕਿਨਾਰੇ ਪੁਰ ਬਾਂਸ ਤੇ ਕੱਖਾਂ ਦੀਆਂ ਚਮਕਦੀਆਂ ਝੁੱਗੀਆਂ ਜੇਹੜੀਆਂ ਜਾਪਾਨੀ ਚਿੱਤ੍ਰਾਂ ਵਿਚ ਬਰਲਿਨ ਯਾ ਨਿਉਯਾਰਕ ਦੇਖੀਆਂ ਸਨ, ਹੂ-ਬਹੂ ਓਹੋ ਹੀ ਚਿੱਤ੍ਰ ਰੂਪ ਚਮਕਦੀ ਸਾਦਗੀ ਵਿੱਚ ਸਮੁੰਦਰ ਦੇ ਕਿਨਾਰੇ ਪਿੰਡ ਰੂਪ ਵਿਚ ਹਨ। ਕਾਮਾਕੁਰਾ ਤੇ ਏਨੋਸ਼ੀਆ ਆਦਿ, ਨਿਕੋ ਤੇ ਹਾਕੋਨੋ ਆਦਿ ਜਿਸ ਤਰਾਂ ਚਿਤ੍ਰਾਂ ਵਿੱਚ ਦੇਖੇ ਸਨ, ਉਸੀ ਤਰਾਂ ਹਨ। ਇਕ ਸ਼ਾਂਤੀ, ਜੀਂਦੀ ਸ਼ਾਂਤੀ ਸਾਰੇ ਦੇਸ ਵਿੱਚ ਜਿਵੇਂ ਚੰਨੇ ਦੀ ਚਾਨਣੀ ਰਾਤ ਝੁਗੀਆਂ ਤੇ ਜੰਗਲਾਂ ਉੱਪਰ ਪੈ ਕੇ ਉਨਾਂ ਨੂੰ ਅਪੂਰਵ ਸ਼ਾਂਤੀ ਵਿੱਚ ਧੋ ਦਿੰਦੀ ਹੈ, ਇਸ ਤਰਾਂ ਦਿਨ ਦਿਹਾੜੀ ਉਸ ਅੱਧੀ ਰਾਤ ਚਾਨਣੀ ਦਾ ਸ਼ਾਂਤ ਪ੍ਰਭਾਵ ਹੈ। ਫਜੂਲ ਗੱਲ ਕੋਈ ਨਹੀਂ ਕਰਦਾ, ਖਾਹਮਖਾਹ ਕੋਈ ਜ਼ੋਰ ਨਹੀਂ, ਬੱਚਾ ਕੋਈ ਰੋਂਦਾ ਨਹੀਂ, ਜਨਾਨੀ ਲੜਦੀ ਨਹੀਂ, ਖਾਵੰਦ ਕੋਈ ਜਨਾਨੀ ਤੇ ਗੁੱਸੇ ਨਹੀਂ ਹੁੰਦਾ। ਕਾਮ, ਕ੍ਰੋਧ, ਲੋਭ ਅਹੰਕਾਰ ਸਭ ਹਨ, ਪਰ ਸ਼ਾਂਤ ਰਸ ਦੇ ਹਨ, ਸਗੁਣ ਜੀਵਨ ਵਿੱਚ ਘੁਲਿਆ ਹੋਇਆ ਹੈ, ਰਜੋਗੁਣ ਕਦੀ ਕਦੀ ਆਉਂਦਾ ਹੈ ਤੇ ਉਸ ਦਾ ਜੋਰ ਸਾਰਾ ਕਿਸੀ ਦੀ ਆਪਣੀ ਨਿਮਾਣੀ ਜਿੰਦ ਤੇ ਪੈਂਦਾ ਹੈ, ਤਾਂ ਦੂਸਰੇ ਕਿਸੇ ਨੂੰ ਕੋਈ ਖੇਚਲ ਨਹੀਂ ਦਿੱਤੀ ਜਾਂਦੀ। ਜਾਪਾਨ ਦਾ ਵਜ਼ੀਰ-ਆਜ਼ਮ ਸਾਇਕੋ ਦਾ ਲਿਖਿਆ ਹੈ, ਘੜੀਆਂ ਹੀ ਆਪਣੇ ਮਿਤ੍ਰਾਂ ਦੇ ਦਰਵਾਜੇ ਉੱਪਰ ਜਾ ਕੇ ਬਾਹਰ ਖੜਾ ਰਹਿੰਦਾ ਸੀ ਅਤੇ ਬੂਹਾ ਖੋਹਲਣ ਨਾਲ ਤੇ ਬੂਹੇ ਨਾਲ ਲੱਗ ਪਿੱਤਲ ਦੀ ਘੰਟੀ ਵੱਜਣ ਨਾਲ ਮੇਰੇ ਅੰਦਰ ਬੈਠੇ ਮਿਤ੍ਰਾਂ ਦੇ ਅੰਤ੍ਰੀਵ ਦੇ ਸੁਖ ਤੇ ਚੁੱਪ ਵਿੱਚ ਕੋਈ ਖਲਲ ਪਵੇ । ਆਹਿੰਸਾ ਦੀ ਹਦ ਹੋ ਗਈ, ਨਿਰਵਾਨ ਦਾ ਪਤਾ ਸਾਰੇ ਮੁਲਕ ਦੇ ਨਿੱਕੇ ਵੱਡੇ ਨੂੰ ਲਗ ਗਿਆ, ਮੌਤ ਥੀਂ ਪਰੇ ਦੇਸ਼ ਹਨ । ਉਨ੍ਹਾਂ ਨਾਲ ਸਿਦਕ ਦੇ ਰਾਹੀ ਆਵਾ-ਜਾਵੀ ਸਭ ਲਈ ਖੁੱਲ੍ਹ ਗਈ, ਬਾਗ ਤੇ ਜੰਗਲ ਘਰਾਂ ਵਿੱਚ ਆ ਵੱਸੇ ਤੇ ਆਪਣੀ ਏਕਾਂਤ ਘਰਾਂ ਨੂੰ ਦੇਣ ਲਗ ਪਏ ਤੇ ਘਰ ਉੱਠ ਕੇ ਆਪਣੀ ਫੰਗਾਂ ਵਰਗੀਆਂ ਫੁੱਲਾਂ ਦੀਆਂ ਪੰਖੜੀਆਂ ਵਰਗੀਆਂ ਦੀਵਾਰਾਂ ਸਮੇਤ ਜੰਗਲਾਂ ਤੇ ਨੰਦਨ ਬਾਗਾਂ ਵਿੱਚ ਜਾ ਵੱਸੇ ਤੇ ਓਥੇ ਸ਼ਹਿਰਾਂ ਦੀ ਚਹਿਲ ਬਹਿਲ ਲੱਗਣ ਲਗ ਪਈ । ਆਦਮੀ ਇਕ ਇਕ ਆਪ ਕੁਦਰਤ ਧਾਰੀ ਹੋ ਗਿਆ ਤੇ ਕੁਦਰਤ ਆਦਮੀ ਧਾਰੀ ਬਣ ਗਿਆ॥

ਇਉਂ ਜਾਪਾਨ ਸਦੀਆਂ ਤਕ ਬੁੱਧ ਮਤ ਨੂੰ ਪਾ ਕੇ ਚੁਪ ਰਿਹਾ ਜਿਵੇਂ ਪੱਤੀਆਂ ਵਿੱਚ ਢੱਕੀ ਗੁਲਾਬ ਦੀ ਡੋਡੀ । ਗੁਲਾਬ ਦੀ ਡੋਡੀ ਡਾਢੀ ਜੀਵਨ-ਚੰਚਲਤਾ ਵਿੱਚ ਵੀ ਸੁਫਨੇ ਰਸ ਵਿੱਚ ਟਿਕੀ ਹੋਈ ਹੈ, ਜਦ ਬਸੰਤ ਦਾ ਸੁਗੰਧਿਤ ਸਵਾਸ ਕਿਧਰੇ ਆਣ ਲਗਦਾ ਹੈ, ਕਰਾਮਾਤ ਵਾਂਗੂ ਇਕ ਦਮਬਦਮ ਵਿੱਚ ਸਾਰਾ ਖਿੜਿਆ ਫੁੱਲ ਬਣ ਪ੍ਰਕਾਸ਼ਦੀ ਹੈ। ਗੁਲਾਬ ਦੀ ਡੋਡੀ ਦੀ ਨੀਂਦਰ ਯੋਗ ਦੀ ਨੀਂਦਰ ਹੈ । ਗੁਲਾਬ ਦੀ ਡੋਡੀ ਸੱਚੀ ਸਮਾਧੀ ਵਿਚ ਹੈ। ਜੀਵਨ ਚੁੱਪ ਹੈ ਠੀਕ ਉਸੀ ਤਰਾਂ ਜਾਪਾਨ ਆਪਣੇ ਅੰਦਰ ਹੀ ਬੁਧ ਦੇਵ ਦੇ ਨਿਰਵਾਨ ਤੇ ਨਿਰਵਾਨ ਦੀ ਸਮਾਧੀ ਦੇ ਅਨੰਦ ਨੂੰ ਜਰਦਾ ਰਿਹਾ ਤੇ ਜਦ ਬਾਹਰ ਆਇਆ ਤਾਂ ਸਾਰਾ ਜਾਪਾਨ ਮੰਦਰਾਂ, ਬੁੱਧ ਦੇ ਸੋਹਣੇ ਬੁਤਾਂ, ਆਪਣੀ ਰਸਿਕ ਕਿਰਤ ਦੀਆਂ ਅਨੇਕ ਗੁਲਕਾਰੀਆਂ, ਆਪਣੇ ਬਣਾਏ ਨੰਦਨ ਬਾਗ, ਆਪਣੇ ਸਜਾਏ ਬਣ, ਸਾਰੇ ਇਕ ਸਹਸ੍ਰ ਦਲ ਕੰਵਲ ਵਾਂਗ ਖਿੜਿਆ ਦਿੱਸਿਆ। ਆਪ ਦੇ ਬਾਗਾਂ ਵਿੱਚ ਸਦੀਆਂ ਦੇ ਭਾਵ ਨਾਲ ਧੋਤੇ ਪਿਆਰ ਕਾਂਬਿਆਂ ਨਾਲ ਪੱਬਰ ਦੀਆਂ ਪੌੜੀਆਂ ਬਣਾ ਰੱਖੀਆਂ ਹਨ ਤੇ ਉਨਾਂ ਦੇ ਸਾਹਮਣੇ ਸੇਧ ਵਿੱਚ ਪੱਥਰਾਂ ਦਾ ਰਾਹ ਬਣਾਇਆ ਹੈ ਤੇ ਰਾਹ ਦੇ ਦੋਵੇਂ ਪਾਸੇ ਪੱਥਰਾਂ ਦੀਆਂ ਲਾਲਟੈਨਾਂ, ਪੱਥਰ ਦੇ ਥੰਮਾਂ ਤੇ ਰੱਖੀਆਂ ਹਨ। ਸਦੀਆਂ ਥੀਂ ਬਣੀਆਂ ਹਨ, ਸਦੀਆਂ ਥੀਂ ਉਸ ਉੱਪਰ ਬੁੱਧ ਦੇ ਪਿਆਰੇ ਭਗਤ ਸਦਾ ਟੁਰਦੇ ਰਹੇ ਹਨ, ਪੌੜੀਆਂ ਚੜ੍ਹਦੇ ਰਹੇ ਹਨ, ਜਾ ਕਿੱਥੇ ਰਹੇ ਹਨ, ਜਿੱਥੇ ਯਾਤਰੂ ਜਾਂਦੇ ਹਨ, ਇਹ ਪੌੜੀਆਂ ਚੜ੍ਹਨਾ ਹੀ ਧਰਮ ਹੈ ਕਿਦਰੇ ਨ ਆਪਣਾ ਹੀ ਰਸ ਦਾ ਇੰਤਜਾਰ ਹੈ ਸੱਦਯਾਂ ਚੈਰੀ ਦੇ ਫੁੱਲ ਦੀਆਂ ਪੰਖੜੀਆਂ ਨੂੰ ਬਸੰਤ-ਹਵਾਵਾਂ ਉਨ੍ਹਾਂ ਰਾਹਾਂ ਤੇ ਵਿਛਾਂਦੀਆਂ ਹਨ ਤੇ ਸਾਵੀ ਮਖਮਲ ਵਾਂਗ ਕਾਈ ਪੱਥਰਾਂ। ਉੱਪਰ ਜੰਮ ਰਹੀ ਹੈ, ਉਸ ਵਿੱਚ ਸੱਦਯਾਂ ਦੇ ਪਿਆਰ ਦੀ ਖੁਸ਼ਬੂ ਹੈ। ਕਈ ਵੇਰੀ ਇਨ੍ਹਾਂ ਲੰਮੀਆਂ ਸੱਥਾਂ ਵਿੱਚ ਸ਼ਾਮਾਂ ਵੇਲੇ ਭਗਤਾਂ ਨੇ ਲਾਲਟੈਨਾਂ ਵਿੱਚ ਦੀਵੇ ਬਾਲੇ, ਲੱਖਾਂ ਵੇਰੀ ਇੱਥੇ ਨਮੋ-ਬੁੱਧ ਦੇ ਮੰਤ੍ਰਾਂ ਦੇ ਪਾਠ ਹੋਏ। ਅੱਜ ਇਨ੍ਹਾਂ ਭਾਵਾਂ ਤੇ ਭਾਵਨਾਂ ਦੇ ਸਮੂਹ ਦੇ ਅਮਲਾਂ ਨੇ ਇਨ੍ਹਾਂ ਪੱਥਰਾਂ ਨੂੰ ਵੀ ਇਉਂ ਜਾਪਦਾ ਹੈ, ਨਿਰਵਾਨ ਦਾ ਸੁਖ ਦੇ ਦਿੱਤਾ ਹੈ। ਪੱਥਰ ਰੂਹ ਹੋ ਗਏ ਹਨ ਜਦ ਪੱਛਮੀ ਲੋਕੀ ਇਥੇ ਆਉਂਦੇ ਹਨ ਤਦ ਵੇਖ ਵੇਖ ਹੈਰਾਨ ਹੁੰਦੇ ਹਨ ਕਿ ਪੱਥਰ ਇਕ ਇਕ ਪੱਥਰ ਕਿਸ ਤਰਾਂ ਮੰਦਰ ਰੂਪ ਹੋ ਰਹੇ ਹਨ, ਨੰਗੇ ਪੈਰ ਇਨਾਂ ਪਰ ਜਾਣ ਤੇ ਰੂਹ ਕਰਦਾ ਹੈ, ਇਨ੍ਹਾਂ ਨੂੰ ਚੁੰਮਣ ਤੇ ਦਿਲ ਕਰਦਾ ਹੈ, ਇਨ੍ਹਾਂ ਪੌੜੀਆਂ ਨੂੰ ਮੱਥਾ ਟੇਕਣ ਤੇ ਦਿਲ ਕਰਦਾ, ਮਲੋ-ਮਲੀ ਸ਼ਾਂਤ ਰਸ ਛਾਂਦਾ ਹੈ, ਮਲੋ-ਮਲੀ ਪੂਜਾ ਦੇ ਭਾਵ ਨਾਲ ਜਕੜੇ ਜਾਂਦੇ ਹਨ, ਹਿੱਲਣ ਤੇ ਦਿਲ ਨਹੀਂ ਕਰਦਾ, ਸਮਾਧੀ ਜੇਹੀ ਛਾਂਦੀ ਹੈ ਪਰ ਇਸ ਸਾਦਾ ਜੇਹੀ ਥਾਂ ਤੇ ਅਨੇਕ ਰੂਹਾਂ ਦੇ ਪਿਆਰਾਂ ਦੇ ਮੀਂਹ ਪਏ ਹਨ, ਅਨੇਕ ਰੂਹਾਂ ਦੀ ਸਮਾਧੀ ਇਥੇ ਵੱਸਦੀ ਹੈ, ਉਹ ਅਦ੍ਰਿਸ਼ਟ ਤਾਂ ਦਿੱਸਦਾ ਨਹੀਂ ਪਰ ਅਸਰ ਇਹ ਹੈ॥

ਇਕ ਜਾਪਾਨ ਦੀ ਗਾਉਣ ਵਾਲੀ ਨਾਯਕਾ, (ਗੈਸ਼ਾ) ਨੂੰ ਇਨ੍ਹਾਂ ਮਤਬਰਕ ਪੌੜੀਆਂ ਨੂੰ ਵੇਖ ਕੇ ਓਹ ਅਨੰਦ ਮਿਲਦਾ ਹੈ, ਜੋ ਇਕ ਜਾਪਾਨ ਦੇ ਬਾਦਸ਼ਾਹ ਦੀ ਮਲਕਾ ਨੂੰ, ਇਸ ਸਿਮ੍ਰਨ ਦੇ ਸੰਗ੍ਰੇ ਦੇ ਭਾਵ ਹੇਠ ਗੈਸ਼ਾ ਦੇ ਨੈਣ ਇਲਾਹੀ ਰਸਦੇ ਅਥਰੂਆਂ ਨਾਲ ਸਜਲ ਹੁੰਦੇ ਹਨ। ਖੜੀ ਓਏਨ ਦੇ ਚੈਰੀ ਬਾਗ ਵਿੱਚ, ਉਨਾਂ ਪੁਰਾਣੀਆਂ ਪੌੜੀਆਂ ਤੇ ਕਹਿੰਦੀ ਹੈ, ਨਮੋ ਬੁੱਧਾ, ਤੇ ਆਖਦੀ ਹੈ ਹੇ ਮਾਲਕ! ਮੈਂ ਨਿਕਾਰੀ ਵੀ ਤੇਰੇ ਵਲ ਜਾਂਦੇ ਰਾਹ ਦੀ ਪੌੜੀਆਂ ਤੇ ਖੜੀ ਹਾਂ, ਮੈਂ ਵੀ ਸਦਾ ਤੇਰੇ ਵੱਲ ਜਾ ਰਹੀਆਂ, ਸੁਖੀ ਵੱਸਣ ਉਹ, ਜਿਨ੍ਹਾਂ ਇਹ ਪੌੜੀਆਂ ਹਰ ਖਾਸ ਆਮ ਵਾਸਤੇ ਬਣਾ ਦਿੱਤੀਆਂ, ਰਾਹ ਬਣਾ ਦਿੱਤੇ ਤੇ ਸਬ ਕੋਈ ਤੇ ਮੈਂ ਵੀ ਇਨ੍ਹਾਂ ਰਾਹਾਂ ਤੇ ਟੁਰ ਸੱਕਦੀ ਹਾਂ, ਮੈਂ ਵੀ ਆਪਣੀ ਨੈਣ ਆਪ ਵੱਲ ਮੋੜ ਸੱਕਦੀ ਹਾਂ, ਨੈਣ ਮੇਰੇ ਆਪ ਦੇ ਪਦਮ ਚਰਣਾਂ ਨੂੰ ਛੋਹ ਸਕਦੇ ਹਨ, ਮੇਰੇ ਨਿਮਾਣੀ ਦੇ ਦਿਲ ਥੀਂ ਅਸੀਸ ਨਿਕਲਦੀ ਹੈ, ਮੈਂ ਕੀ ਭੇਟ ਕਰ ਸਕਦੀ ਹਾਂ? ਆਪ ਦੇ ਇਹ ਚੈਰੀ ਦੇ ਫੁੱਲਾਂ ਦੇ ਬਾਗ ਵਿੱਚੋਂ ਫੁੱਲ ਤੋੜ ਕੇ ਦੇਵਾਂ, ਮੈਂ ਤਾਂ ਸਾਰੇ ਬਾਗ ਇਹ ਸਾਰੇ ਮਿਲਖ ਫੁੱਲਾਂ ਦੇ ਆਪ ਦੇ ਅਰਪਣ ਕਰਦੀ ਹਾਂ । ਓਧਰ ਇਕ ਮਹਾਰਾਨੀ ਐਮਪ੍ਰੈਸ ਕੋਮੀਓ ਬੁੱਧ ਮਤ ਤੇ ਘੋਲ ਘੁਮਾਈ ਹੋਈ ਆਪਣੀ ਲੜਕੀ ਸਮੇਤ ਜਿਹਦਾ ਨਾਮ ਕੋਕਿਨ ਸੀ ਤੇ ਜੋ ਓਹਦੇ ਬਾਦ ਤਖਤ ਤੇ ਬੈਠੀ, ਬੁੱਧ ਦੇ ਮੰਦਰ ਬਣਵਾ ਰਹੀ ਹੈ। ਆਪ ਖੜੀ ਹੋਈ ਹੈ ਤੇ ਪੱਥਰ ਘੜੇ ਜਾ ਰਹੇ ਹਨ ਤੇ ਘਾੜਤ ਕਰਨ ਵਾਲਿਆਂ ਦੇ ਹੱਥਾਂ ਵਿੱਚ ਫੜੇ ਲੋਹੇ ਦੇ ਹਥਿਯਾਰ ਲੱਗ ਕੇ ਪੱਥਰ ਵਿੱਚੋਂ ਅਰਦਾਸ ਵਰਗੇ ਕਾਂਬੇ ਨਿਕਲ ਰਹੇ ਹਨ, ਇਕ ਅਨੋਖੇ ਜੋਸ਼ ਵਿੱਚ ਐਮਪ੍ਰੈਸ ਦੀ ਛਾਤੀ ਫਟ ਕੇ ਇਹ ਅਰਦਾਸ ਨਿਕਲਦੀ ਹੈ "ਇਹ ਸ਼ਬਦ ਜੋ ਇਨ੍ਹਾਂ ਔਜ਼ਾਰਾਂ ਨਾਲ ਇੱਥੇ ਹੋ ਰਿਹਾ ਹੈ, ਇਹੋ ਮੁਬਾਰਕ ਗੂੰਜ ਸਵਰਗਾਂ ਵਿੱਚ ਗੂੰਜੇ, ਇਹੋ ਮੁਬਾਰਕ ਆਵਾਜ ਧਰਤੀ ਦੇ ਦਿਲ ਨੂੰ ਪਿਆਰ ਚੀਰਾਂ ਪਾਣ, ਪਿਤਾਵਾਂ ਮਹਾਪਿਤਾਵਾਂ ਦੀ ਖਾਤਰ ਇਹ ਉਹੀ ਮਾਵਾਂ ਮਹਾਂ ਮਾਵਾਂ ਦੀ ਖਾਤਰ ਇਹ ਹੋਵੇ, ਸਰਬਤ ਦੇ ਭਲੇ ਲਈ ਇਹ ਹੋਵੇ ਤੇ ਇਹੋ ਐਮਪ੍ਰੈਸ ਮਾਂ ਇਕ ਸਦਾ ਕਵਿਤਾ ਲਿਖਦੀ ਹੈ। ਜਦ ਉਹ ਫੁੱਲ ਬੁੱਧ ਨੂੰ ਚੜ੍ਹਾਨ ਦੇ ਜੋਸ਼ ਵਿੱਚ ਆਉਂਦੀ ਹੈ "ਜੇ ਮੈਂ ਤੋੜਾਂ ਤਦ ਮੇਰੇ ਹੱਥ ਦੀ ਮੈਲ ਫੁੱਲਾਂ ਨੂੰ ਮੈਲਾ ਕਰੇਗੀ, ਇਸ ਕਰਕੇ ਮੈਂ ਇਨਾਂ ਹਰੇ ਖੇਤਾਂ ਵਿੱਚ ਖੜੀ ਹਵਾ ਨਾਲ ਹਿਲਦੇ ਫੁੱਲਾਂ ਨੂੰ ਆਦ ਜੁਗਾਦ ਤੇ ਹੁਣ ਦੇ ਬੁੱਲ੍ਹਾਂ ਨੂੰ ਚੜ੍ਹਾਂਦੀ ਹਾਂ" ॥

ਬੁੱਧ ਦੇ ਨਿਰਵਾਨ ਦੇ ਸਮੇਂ ਵਿੱਚ ਅਨੇਕ ਡੋਡੀਆਂ ਦਾ ਖਿੜਿਆ ਹੋਇਆ ਫੁੱਲ ਵਰਗਾ ਜਾਪਾਨ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਏਸ਼ੀਆ ਦੇ ਹੋਰ ਮੁਲਕਾਂ ਖਾਸ ਕਰ ਹਿੰਦਸਤਾਨ ਦੇ ਕਾਲੇ ਹਨੇਰੇ ਤਲੇ ਦੇ ਚਿੱਕੜਾਂ ਵਿੱਚ ਉੱਗਿਆ ਇਕ ਫੁੱਲ ਦਾ ਬ੍ਰਿਛ ਟੇਢਾ ਹੋ ਸੂਰਜ ਦੀ ਸੁਨਹਿਰੀ ਕਿਰਣ, ਨੂੰ ਟੋਲਦਾ ਪੇਚ ਜਿਹੇ ਖਾਂਦਾ ਤਿੱਬਤ, ਚੀਨ, ਮਲਾਯਾ ਦੇ ਜਜ਼ੀਰਿਆਂ ਉੱਪਰੋਂ ਹੁੰਦਾ ਆਖਰ ਜਾਪਾਨ ਵਿੱਚ ਜਾ ਕੇ ਖਿੜਿਆ ਤੇ ਓਥੇ ਇਹਦੇ ਫੁੱਲਾਂ ਦਾ ਕੋਈ ਅੰਤ ਨਾ ਰਿਹਾ। ਸੋ ਜਦ ਕਦੀ ਏਸ਼ੀਆ ਦੇ ਆਰਟ ਦਾ ਪ੍ਰਭਾਵ ਦੇਖਣਾ ਹੋਵੇ, ਤਦ ਜਾਪਾਨ ਦੇ ਆਰਟ ਵਿੱਚ ਹੀ ਦੇਖ ਸੱਕੀਦਾ ਹੈ ਤੇ ਆਰਟ ਸਭ ਥਾਂ ਪਹਿਲਾਂ ਲੋਕਾਂ ਦੇ ਆਪਣੇ ਜੀਵਨ ਵਿੱਚ ਆਉਂਦਾ ਹੈ ਉੱਥੇ ਰਸ ਰੂਪ ਹੋ ਸਿੰਜਰਦਾ ਹੈ, ਝਰਦਾ ਹੈ ਤੇ ਜਦ ਗਿਰਾ ਵਿੱਚੋਂ ਦੀ ਫੁੱਟਦਾ ਹੈ ਤਦ ਉਹ ਕਵਿਤਾ ਹੈ, ਜਦ ਹੱਥਾਂ ਵਿੱਚ ਦੀ ਫੁੱਟਦਾ ਹੈ ਤਦ ਉਹ ਚਿਤ੍ਰਕਾਰੀ, ਪੱਥਰਾਂ ਦੇ ਬੁੱਤ ਦੇ ਚਿਤ੍ਰ ਬਨਾਣ ਵਿੱਚ ਪੂਰਣਤਾ ਨੂੰ ਪ੍ਰਾਪਤ ਹੁੰਦਾ ਹੈ। ਜਦ ਦਿਲ ਵਿੱਚੋਂ ਫੁੱਟਦਾ ਹੈ ਤਦ ਭਗਤੀ ਹੋ ਨਿਬੜਦਾ ਹੈ। ਤੇ ਮਨੁੱਖਾਂ ਜੁੜੇ ਸਮੂਹਾਂ ਦੇ ਦਿਲ ਵਿੱਚ ਦੀ ਫੁਟਦਾ ਹੈ, ਤਦ ਉਨ੍ਹਾਂ ਦੇ ਰਹਿਣ ਵਾਲੀ ਧਰਤ ਅਕਾਸ਼ ਨੂੰ ਅਨੋਖੇ ਗਹਿਣੇ ਪਾ ਇਉਂ ਸਜਾ ਦਿੰਦਾ ਹੈ, ਜਿਵੇਂ ਦੇਵੀ ਦੇਵਤਿਆਂ ਦਾ ਸਵਰਗ ਇਹੋ ਹੈ ਸੋ ਬੁੱਧ ਜੀ ਦਾ ਨਿਰਵਾਨ ਰਸ ਤੇ ਅਲੌਕਿਕ ਸਮਾਧੀ ਜਾਪਾਨ ਦੇ ਸਮੂਹਾਂ ਪਰ ਅੰਮ੍ਰਿਤ ਵਰਖਾ ਵਾਂਗ ਪਈ ਤੇ ਨਿਰਾ ਇਕ ਇਕ ਹੀ ਨਿਹਾਲ ਨਹੀਂ ਹੋਇਆ, ਸਾਰੀ ਕੌਮ ਦੀ ਕੌਮ ਵੱਡਾ ਨਿੱਕਾ, ਪਾਪੀ ਪੁੰਨੀ ਸਭ ਨਿਹਾਲ ਹੋਏ ਤੇ ਸੱਦਯਾਂ (ਸਦੀਆਂ) ਇਹ ਗੁਣ ਉਹ ਆਪਣੇ ਅੰਦਰ ਸਿੰਜਰਦੇ ਰਹੇ। ਹੁਣ ਨ ਰਸਿਕ ਸਖਸੀਅਤ ਸਦਾ ਕਰਤਾਰੀ ਹੁੰਦੀ ਹੈ ਜਿਵੇਂ ਰੱਬ ਦੀ ਕੁਦਰਤ ਕਰਤਾਰੀ ਸੁਹਣੱਪ, ਸੁਹਜ, ਧਰਮ, ਦਇਆ, ਦਰਦ ਆਦਿ ਦੀ ਉਪਜਾਊ ਹੈ। ਤਿਵੇਂ ਮਨੁੱਖ ਵੀ ਕੁਦਰਤ ਵਾਂਗ ਕਰਤਾਰੀ ਤੇ ਉਪਜਾਊ ਹੋਣ ਬਿਨਾ ਰਹਿ ਨਹੀਂ ਸੱਕਦਾ। ਆਰਟ ਕਈ ਤਰਾਂ ਦੀ ਰਸਿਕ ਕਿਰਤ ਹੈ, ਜਿਵੇਂ ਪਰਬਤਾਂ ਥੀਂ ਰਵਾਨਾ ਹੋਇਆ ਦਰਿਯਾ ਬਾਗਾਂ ਵਿੱਚ ਫੁੱਲ ਤੇ ਫਲ ਉਪਜਾਊ ਹੈ ਤਿਵੇਂ ਇਹ ਦਿਵਯ ਇਨਸਾਨੀਅਤ ਦਾ ਦਰਿਯਾ ਜਦ ਕੌਮਾਂ ਦੇ ਦਿਲਾਂ ਵਿੱਚੋਂ ਉਨਾਂ ਦੀ ਤੀਬਰ ਸੰਗਿਮ ਦੇ ਦੀਵਾਰਾਂ ਤੇ ਦਰਵਾਜਿਆਂ ਦੇ ਕੁਫਲ ਤੋੜ ਕੇ ਬਾਹਰ ਨਿਕਲਦਾ ਹੈ, ਤਦ ਰਸਿਕ ਕਿਰਤ ਦੀਆਂ ਅਨੇਕ ਤੇ ਸਮੂਹੀ ਕਰਾਮਾਤਾਂ ਵਿੱਚ ਬਦਲਦਾ ਹੈ ਪਰ ਕੇਵਲ ਉਸ ਹਾਲਤ ਵਿੱਚ ਜਦ ਭਗਤੀ ਧਯਾਨੀ ਹੋਵੇ, ਸਮਾਧੀ ਸ਼ਖਸੀ ਹੋਵੇ, ਪਿਆਰ ਕਿਸੀ ਆਦਰਸ਼ ਮਨੁੱਖ ਦਾ ਹੋਵੇ ।ਜਿਸ ਤਰਾਂ ਬੁੱਧ ਮਤ ਵਿੱਚ ਬੁੱਧ ਜੀ ਦਾ, ਜਿਸ ਤਰਾਂ ਈਸਾਈ ਮਤ ਵਿਚ ਈਸਾ ਜੀ ਦਾ, ਤੇ ਸਿੱਖ ਮਤ ਵਿਚ ਗੁਰੂ ਸਾਹਿਬਾਨ ਦਾ, ਬਿਨਾ ਇਸ ਉੱਚੀ ਦਿਵਯ, ਗੁਰਮੁਖ ਦੀ ਪੂਜਾ ਦੇ ਧਨ ਦੇ ਸਿਮਰਣ ਦੇ ਨਾਮ ਦੇ ਆਰਟ ਨਹੀਂ ਉਪਜਦਾ। ਨਿਰਗੁਣ ਬ੍ਰਹਮ ਦਾ ਧਯਾਨ ਜਿਸ ਤਰਾਂ ਦੇ ਪੁਰਾਣੇ ਬ੍ਰਾਹਮਣਾਂ ਨੇ ਚਲਾਇਆ ਸ਼ੂਨਯ ਦਾ ਧਯਾਨ ਹੈ ਉੱਥੇ ਨਾਮਰੂਪ ਮਿਥਯਾ ਹੋਇਆ, ਓਥੇ ਦੇਵੀ ਦੇਵਤਾ ਸੋਹਣਾ ਕੋਝਾ ਹੋਇਆ ਹੀ ਕੋਈ ਨਾ, ਓਥੇ ਆਰਟ ਨਹੀਂ ਉਪਜਦਾ, ਨਾ ਕਿਰਤ ਉਪਜਦੀ ਹੈ, ਓਥੇ ਆਲਸ, ਮੌਤ ਤੇ ਅਪੇਖਯਾ ਆਦਿ ਸ਼ਖਸੀ ਔਗੁਣ ਤੇ ਕੌਮੀ ਮੌਤ ਆਉਂਦੀ ਹੈ। ਬ੍ਰਾਹਮਣਾਂ ਦੇ ਨਿਰਗੁਣ ਬ੍ਰਹਮ ਦੇ ਫਿਲਾਸਫੀ ਦੇ ਚਿੰਤਨ ਕਰਕੇ ਹੀ ਬੁੱਧ ਦੇਵ ਦਾ ਧਯਾਨ ਇਸ ਮੁਲਕ ਵਿੱਚ ਨਾ ਠਹਿਰ ਸਕਿਆ, ਉਹ ਇਸ ਚੌਗਿਰਦੇ ਵਿੱਚ ਜੀ ਨੀ ਨਹੀਂ ਸੱਕਿਆ। ਈਸਾ ਤੇ ਉਹਦੇ ਹਵਾਰੀਆਂ ਨੇ ਪੈਲਿਸਟੀਨ ਵਿੱਚ ਜਾ ਪਨੀਰੀ ਗੱਡੀ ਤੇ ਯੂਰਪ ਵਿੱਚ ਥੋਹੜੇ ਚਿਰ ਲਈ ਉਹੋ ਬੁਧ ਦੇਵ ਦੀ ਸ਼ਖਸੀ ਭਗਤੀ ਵਾਲਾ ਰਸ ਸਿੰਜਰਿਆ ਤੇ ਇਟਲੀ ਦਾ ਆਰਟ ਉਪਜਿਆ ਤੇ ਮੁੜ ਪੰਜਾਬ ਦੀ ਧਰਤੀ ਵਿੱਚ ਗੁਰੂ ਸਾਹਿਬਾਨ ਨੇ ਉਹੋ ਨਾਮ ਸਿਮਰਣ ਤੇ ਸ਼ਖਸੀ ਧਯਾਨ ਅਨੰਤ ਪਿਛੋਕੜ ਨੂੰ ਸਾਹਮਣੇ ਉਗਾ ਕਰਕੇ ਆਦਿ ਕੀਤਾ ਇਸ ਅਨੰਤ ਦੀ ਪਿਛੋਕੜ ਨਾਲ ਸ਼ਖਸੀ ਧਯਾਨ ਅਨੰਤ ਨੂੰ ਸੰਭਾਲ ਸੱਕਦਾ ਹੈ ਪਰ ਬ੍ਰਾਹਮਣਾਂ ਦੇ ਬ੍ਰਹਮ ਆਦਿ ਦੇ ਪੁਰਾਣੇ ਫਲਿਸਫੇ ਨੇ ਗੁਰੂ ਸਾਹਿਬਾਨ ਦੇ ਬਾਗ ਨੂੰ ਉੱਗਣ ਹੀ ਨਾ ਦਿੱਤਾ, ਕੁਛ ਦੇਸ ਦੇ ਰਾਜਿਆਂ ਨੇ ਸਿੱਖੀ ਨੂੰ ਮਾਰਿਆ ਤੇ ਅੰਦਰੋਂ ਬ੍ਰਾਹਮਣਾਂ ਦੇ ਸ਼ਾਸਤ੍ਰਾਂ ਨੇ ਜ਼ਹਿਰ ਦਿੱਤਾ। ਹੁਣ ਆਸ਼ਾ ਹੈ ਜੇ ਗੁਰੂ ਸਾਹਿਬਾਨ ਦੇ ਨਾਮ-ਲੇਵਾ ਜਾਪਾਨ (ਨਵੇਂ ਜਾਪਾਨ ਦੇ ਨਹੀਂ, ਓਥੇ ਵੀ ਹੁਣ ਉਹ ਗੱਲ ਪੱਛਮੀ ਮੁਲਕਗੀਰੀ ਤੇ ਡਾਲਰ ਪੂਜਾ ਦੇ ਖੋਹਰੇਪਨ ਨੇ ਸ਼ਾਯਦ ਗੁੰਮ ਕਰ ਦੇਣੀ ਹੈ) ਤੇ ਇਟਲੀ ਦੇ ਪੁਰਾਣੇ ਜੀਵਨ ਤੇ ਆਰਟ ਨੂੰ ਅਨੁਭਵ ਕਰਕੇ ਉਸ ਥਾਂ ਮਗਰ ਸ਼ਾਯਦ ਗੁਰੂ ਸਾਹਿਬਾਨ ਦਾ ਸੱਜਰਾ ਤੇ ਨਵੇਂ ਜ਼ਮਾਨੇ ਦਾ ਕੁਦਰਤ ਦਾ ਆਰਟ ਤੇ ਮਜ਼੍ਹਬ ਸਮਝ ਸੱਕਣ ਤੇ ਹੋ ਸੱਕਦਾ ਹੈ, ਕਿ ਉਨ੍ਹਾਂ ਗੰਭੀਰ ਜੀਵਨ ਦੇ ਰਾਜ਼ਾਂ ਨੂੰ ਲੱਭ ਕੇ ਗੁਰੂ ਸਾਹਿਬਾਨ ਦੇ ਆਦਰਸ਼ ਦੁਨੀਆਂ ਨੂੰ ਦੱਸ ਸੱਕਣ, ਪਰ ਬੜੀ ਹੀ ਸਮੂਹਾਂ ਦੀਆਂ ਕੌਮਾਂ ਦੀ ਤਿਆਰੀ ਤੇ ਪਿਆਰ ਤੇ ਭਗਤੀ ਦੀ ਲੋੜ ਹੈ, ਅਕੱਲਾ ਦੁਕੱਲਾ ਜੇ ਸਮਝਿਆ ਵੀ ਤਦ ਗੁਰੂ ਸਾਹਿਬਾਨ ਦੇ ਆਦਰਸ਼ ਇਕ ਵਿੱਚ ਨਹੀਂ ਸਮੂਹਾਂ ਵਿੱਚ ਖਿੜ ਸੱਕਦੇ ਹਨ । ਸ਼ਾਯਦ ਨਿਰੋਲ ਬੁੱਧ ਦੇ ਨਿਰਵਾਨ ਬ੍ਰਿਛ ਵਾਂਗ ਗੁਰਸਿੱਖੀ ਦਾ ਬ੍ਰਿੱਛ ਵੀ ਕਿਸੇ ਨਵੇਂ ਸਮੁੰਦ੍ਰ ਥੀਂ ਜੰਮੇ, ਮੁਲਕ ਵਿੱਚ ਕੋਈ ਟਾਹਣ ਫੁੱਲ ਲਿਆ ਕੇ ਮੁੜ ਦੁਨੀਆਂ ਨੂੰ ਨਿਹਾਲ ਕਰ ਸੱਕੇ॥

ਏਸ਼ੀਆ ਦੇ ਆਰਟ ਅਥਵਾ ਰਸਿਕ ਕਿਰਤ ਦੇ ਵਿਕਾਸ਼ ਲਈ ਜ਼ਰੂਰੀ ਹੈ, ਕਿ ਧਯਾਨ ਦੇ ਸਿਦਕ ਵਿੱਚ ਇਹ ਪੱਕਾ ਪ੍ਰਤੀਤ ਹੋਵੇ ਕਿ ਦੇਵੀ ਦੇਵਤਿਆਂ ਦੀ ਦੁਨੀਆਂ ਹੈ, ਬੁੱਧ ਦੇਵ ਜੀ ਦਾ ਸਵਰਗ ਜਿੱਥੇ ਬੁੱਧ ਆਦਿ ਜੁਗਾਦਿ ਰਹਿੰਦੇ ਹਨ, ਅਥਵਾ ਗੁਰੂ ਸਾਹਿਬਾਨ ਦਾ ਪਰਲੋਕ ਜਿੱਥੇ-

ਸਰਮ ਖੰਡ ਕੀ ਬਾਣੀ ਰੂਪੁ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾਕੀਆ ਗਲਾ ਕਥੀਆ ਨਾ ਜਾਹਿ ॥
ਜੇ ਕੋ ਕਹੈ ਪਿਛੈ ਪਛੁਤਾਇ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧ॥
ਕਰਮ ਖੰਡ ਕੀ ਬਾਣੀ ਜੋਰੁ ॥
ਤਿਥੈ ਹੋਰੁ ਨ ਕੋਈ ਹੋਰੁ॥
ਤਿਥੈ ਜੋਧ ਮਹਾ ਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰੁ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ॥

ਮੁੜ ਉਹ ਸੋਹਣੇ ਧਯਾਨ ਸਿੱਧ ਹੋ ਸਾਡੇ ਦਿਲਾਂ ਦੇ ਅਕਾਸ਼ ਵਿਚ ਆਣ ਸਾਨੂੰ ਆਪਣੀ ਸੋਹਣੀਆਂ ਸੂਰਤਾਂ ਨਾਲ ਠੰਢ ਪਾਣ। "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ" ਤੇ ਉਨ੍ਹਾਂ ਦੇ ਰੂਪ, ਰਾਗ, ਰੰਗ ਸਾਡੀ ਸੁਰਤਿ ਨੂੰ ਭਰਣ, ਸਾਡੀ ਸੁਰਤਿ ਉਹ ਰੂਪ ਦੇ ਸਮੁੰਦਰਾਂ ਨੂੰ ਆਪਣੇ ਅੰਦਰ ਸਮਾਵੇ, ਸਦੀਆਂ ਤਕ ਇਹ ਵਾਕਫੀਅਤ ਪੂਰਣ ਹੋਵੇ, ਤੇ ਫੁਟ ਫੁਟ ਕੇ ਪਦਮ ਦੇ ਫੁੱਲਾਂ ਵਾਂਗ ਫਿਰ ਉਹ ਖੁਸ਼ੀ, ਰਸ ਤੇ ਧਯਾਨ ਮੂਰਤਾਂ ਸਾਡੇ ਅੰਦਰੋਂ ਬਾਹਰ ਆ ਕੇ ਸਾਡੇ ਰਹਿਣ ਵਾਲੇ ਸਥਾਨਾਂ ਮੁਲਕਾਂ ਨੂੰ ਅਨੇਕ ਰੂਪਾਂ ਦੇ ਸਿੰਗਾਰ ਨਾਲ ਸਿੰਗਾਰਣ। ਇਨ੍ਹਾਂ ਦਰਸ਼ਨਾਂ, ਸਮਾਧੀਆਂ, ਰਸਾਂ ਨਾਲ ਸਾਡੀ ਹੱਡੀ ਮਾਸ ਮੱਝ ਧਯਾਨ ਵਿੱਚ ਵੱਸੇ, ਰੂਪ ਨਾਮ ਰਸ ਗੰਧ, ਸਪਰਸ਼ ਦੇ ਓੜਕ ਦਿਵਯ ਸੁਖਾਂ ਨਾਲ ਦਿਵਯ ਹੋ ਵੰਝੇ, ਦਿਲ ਦੀ ਵਸਤੀ ਵੱਸੇ। ਪਰੀਆਂ, ਦੇਵੀ ਦੇਵਤਿਆਂ ਦੀ ਚਹਿਲ ਬਹਿਲ ਹੋਵੇ, ਇਉਂ ਅੰਦਰ ਸਮਾਧੀ ਦਾ ਜੀਵਨ, ਚੁੱਪ ਰਸਿਕ ਕਿਰਤ ਦੀ ਖੇਡ ਸਦੀਆਂ ਤਕ ਸਾਨੂੰ ਲੁਕਾਈਆਂ ਡੋਡੀਆਂ ਵਾਂਗ ਜੋਬਨ ਦਾ ਰੰਗ ਦੇਕੇ ਇਕ ਬਸੰਤ ਦੇ ਦਿਨ ਸਾਨੂੰ ਖਿੜੇ ਕੰਵਲਾਂ ਵਾਂਗ, ਗੁਲਾਬਾਂ ਵਾਂਗ ਬਾਹਰ ਕੱਢੇ। ਇਹ ਪਤਾ ਨਹੀਂ ਕਿ ਉਹ ਬਾਹਰ ਨਿਕਲਣਾ ਹੈ ਕਿ ਹੋਰ ਅੰਤਰੀਵ ਵਿੱਚ ਜਾ ਕੇ ਰੱਬ ਨਾਲ ਇਕ ਹੋਣਾ ਹੈ। ਗੁਲਾਬ ਦਾ ਖਿੜਿਆ ਫੁੱਲ ਤਾਂ ਮੰਜ਼ਲ ਮਕਸੂਦ ਤੇ ਪਹੁੰਚ ਗਿਆ, ਪਰ ਬਣਾਂ ਨੂੰ, ਬਾਗਾਂ ਨੂੰ, ਪਰਬਤਾਂ ਨੂੰ, ਦਰਿਯਾਵਾਂ ਨੂੰ, ਧਰਤਿ ਨੂੰ, ਅਕਾਸ਼ ਨੂੰ, ਇਨ੍ਹਾਂ ਸਮੂਹਾਂ ਨੂੰ ਤਾਂ ਆਦਮੀਆਂ ਧਯਾਨ ਸਥਿਤ ਰਸਿਕਾਂ ਨੇ ਪਹੁੰਚਾਣਾ ਹੈ ਤੇ ਤੀਸਰੀ ਗੱਲ ਇਹ ਹੈ, ਕਿ ਸ਼ਰੀਰ ਤੇ ਸਰੀਰਕ ਜੀਵਨ ਨੂੰ ਸੁੱਚਾ, ਸੱਚਾ, ਸੁਥਰਾ, ਸੋਹਣਾ ਬਨਾਣ ਲਈ ਅੰਦਰ ਇਕ ਬੇਚੈਨੀ ਹੋਵੇ ਕਿ ਸ਼ਹਿਰ ਸਾਡੇ ਹਰੀ ਮੰਦਰ ਹੋਣ, ਬਣ ਸਾਡੇ ਨੰਦਨ ਬਾਗ ਹੋਣ, ਪਰਬਤ ਸਾਡੇ ਭਰਾ ਹੋਣ ਤੇ ਰਾਹ ਸਾਡੇ ਪਿਆਰੇ ਦੇ ਦੇਸ਼ ਅਥਵਾ ਨਿਰਵਾਨ ਸੁਖ ਨੂੰ ਲੈ ਜਾਨ ਵਾਲ ਹੋਣ॥

"ਇਹ ਜਗੁ ਸਚੇ ਕੀ ਹੈ ਕੋਠੜੀ
ਸਚੇ ਕਾ ਵਿਚਿ ਵਾਸੁ"॥
"ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ॥
ਕੁਦਰਤ ਖਾਣਾ ਪੀਣਾ ਪੈਨਣੁ
ਕੁਦਰਤਿ ਸਰਬ ਪਿਆਰੁ"॥
ਤੇ ਸਾਡੇ ਅੰਦਰ ਨਾਜ਼ਕ ਖਿਆਲੀ ਹੋਵੇ ਜਿਹੜੀ ਕਿਸੀ ਕਿਸਮ ਦੀ ਮੈਲ, ਮੰਦਪੁਣਾ, ਕਰੂਪਤਾ, ਕੋਝ ਸਹਾਰ ਨਾ ਸੱਕੇ। ਇਮਾਰਤ ਭੱਦੀ ਜੇਹੀ, ਭੈੜੀ ਜਿਹੀ ਬਣਾ ਨਾ ਸੱਕੇ, ਗਲੀ ਗੰਦੀ ਹੋ ਨਾ ਸੱਕੇ, ਅੰਦਰ ਗੰਦ ਮੰਦ ਨਾ ਹੋਵੇ, ਬਾਹਰ ਨਾ ਹੋਵੇ, ਸਰਲਤਾ ਅੰਦਰ, ਸਾਦਗੀ ਬਾਹਰ, ਨਿਰੀ ਆਪਣੇ ਸਰੀਰ ਦੀ ਪੋਚਾ ਪਾਚੀ ਨਾ ਹੋਵੇ, ਸ਼ਹਿਰ ਦਾ ਸਰੀਰ ਭੀ ਸੋਹਣਾ ਚਮਕੇ, ਲਕੀਰ ਕੋਈ ਵਾਹੀ ਨਾ ਜਾਵੇ, ਜਿਹੜੀ ਉਸ ਪਿਆਰੇ ਵਲ ਨਾ ਜਾਵੇ। ਸਾਡੀ ਜਾਤੀ ਦੇ ਤੀਰਥ ਵੇਖੋ ਤਦ ਉਹ ਗੰਦੇ, ਸ਼ਹਿਰ ਗੰਦੇ, ਘਰ ਗੰਦੇ, ਸੁਭਾਉ ਗੰਦੇ, ਰਹਿਣ ਬਹਿਣ ਹੈਵਾਨਾਂ ਵਾਲਾ ਤੇ ਓਥੇ ਆਰਟ ਕਿਸ ਤਰਾਂ ਆ ਸਕਦਾ ਹੈ?

ਆਰਟ ਜੀਵਨ ਦਾ ਬੇਚੈਨ ਬਿਹਬਲ ਜਿਹਾ ਭੈੜੀ ਛੋ ਕੋਈ ਸਹ ਨ ਸੱਕਣ ਵਾਲਾ ਕਰਤਾਰੀ ਉਪਜਾਊ ਸੁਭਾਉ ਹੈ, ਪਰ ਜਿਥੇ ਜੀਵਨ ਥੀਂ ਹੀ ਅਪੇਖਯਾ ਸਿਖਾਈ ਜਾਏ, ਸ਼ਕਤੀ ਮੌਤ ਦਾ ਨਾਮ ਹੋਵੇ, ਸੋਹਣਾ ਹੀ ਕੋਈ ਨਾ ਹੋਵੇ, ਰੱਬ ਵੀ ਇਕ ਸ਼ੇਸ਼ ਸ਼ੂਨਯ ਹੋਵੇ, ਓਥੇ ਜੀਵਨ ਦੀ ਇਹ ਕ੍ਰਿਯਾ ਅਸਲ ਵਿੱਚ ਆ ਨਹੀਂ ਸੱਕਦੀ। ਜੇ ਆਵੇ ਤਦ ਕੋਈ ਸੁਹਣੱਪ ਨੂੰ ਨਹੀਂ ਉਪਜਾ ਸੱਕਦੀ, ਏਸ਼ੀਆ ਦਾ ਆਰਟ ਬੁਧ ਦੇਵ ਦੇ ਸਾਏ ਹੇਠ ਪਲਿਆ, ਵੱਡਾ ਹੋਯਾ ਤੇ ਜੀ ਰਿਹਾ ਹੈ। ਤਿੱਬਤ ਤੇ ਚੀਨ ਵਿੱਚ ਆਰਟ ਹੋਵੇ ਥੋੜ੍ਹਾ ਜਿਹਾ ਤਿੱਬਤ ਦੇ ਆਸਰੇ ਕਸ਼ਮੀਰ ਵਿੱਚ ਵੀ ਹੋਵੇ ਪਰ ਹਿੰਦੁਸਤਾਨ ਵਿੱਚ ਕੋਈ ਰੂਪ ਨਾ ਘੜਨ ਹੋਣ, ਤੇ ਜੇ ਮਥਰਾ ਦੇ ਮੰਦਰਾਂ ਵਿੱਚ ਕ੍ਰਿਸ਼ਨ ਦੀ ਪੂਜਾ ਵੀ ਹੋਵੇ ਤਾਂ ਕੋਈ ਸੋਹਣੇ ਬੁੱਤ ਨਾ ਤ੍ਰਾਸ਼ੇ ਜਾਣ, ਭੈੜੇ ਜਿਹੇ ਕਾਲੇ ਜਿਹੇ ਭੱਦੇ ਜਿਹੇ , ਜਰਮਨੀ ਦੇ ਬਣੇ ਚਿੱਤ੍ਰ ਤੇ ਪੱਥਰ ਦੀਆਂ ਮੂਰਤੀਆਂ ਸਾਡੀ ਦੇਵੀ ਦੇਵਤੇ ਹੋਣ, ਇਹ ਸਭ ਕੁਛ ਦੱਸਦਾ ਹੈ ਕਿ ਸਾਡੀ ਸੁਰਤਿ ਧਿਆਨੀ ਰਸ ਥੀਂ ਖਾਲੀ ਹੈ, ਸ਼ਖਸੀ ਪੂਜਾ ਥੀਂਂ ਵਾਂਜੀ ਹੋਈ ਹੈ, ਸਾਨੂੰ ਉੱਚੇ ਆਰਟ ਆਦਰਸ਼ ਦਿੱਸ ਹੀ ਕਿਸ ਤਰਾਂ ਸੱਕਦੇ ਹਨ? ਤੇ ਬੁੱਧ ਮਤ ਜੈਸੇ ਆਰਟਿਸਟਕ ਪਿਆਰ ਸਾਡੀ ਵਰਤਣ ਵਿੱਚ ਕਿਸ ਤਰਾਂ ਆ ਸੱਕਦੇ ਹਨ ? ਤੇ ਜੇ ਕੁਛ ਸੀ ਕਦੀ ਤਦ ਓਹ ਹੋ ਚੁੱਕੀ ਕੋਈ ਸ਼ਾਨ ਸੀ:-

ਉਕਾਕਰਾ (ਲੇਖਕ-"Ideal of the East".) ਲਿਖਦਾ ਹੈ, ਅਸ਼ੋਕ ਦੀ ਉੱਚੀ ਸ਼ਾਨ ਤੇ , ਪਾਦਸ਼ਾਹੀ ਜੋ ਏਸ਼ੀਆ ਦੇ ਬਾਦਸ਼ਾਹਾਂ ਦਾ ਇਕ ਆਦ੍ਰਸ਼ ਨਮੂਨਾ ਹੈ, ਜਿਹਦੇ ਅਹਕਾਮ ਐਨਟੀਆਕ ਤੇ ਐਲਗਜ਼ੰਡ੍ਰਾ ਦੇ ਮਹਾਰਾਜਿਆਂ ਥੀਂ ਆਪਣੀ ਈਨ ਮਨਾਉਂਦੇ ਸਨ, ਅਜ ਤਕਰੀਬਨ ਅਸੀ ਭਾਰਹੂਤ ਤੇ ਬੁੱਧ ਗਯਾ ਦੇ ਕਿਰ ਕਿਰ ਕਰਦੇ ਪੱਥਰਾਂ ਵਿੱਚ ਭੁਲ ਚੁੱਕੇ ਹਾਂ। ਵਿਕ੍ਰਮਾਦਿਤ ਦਾ ਜਵਾਹਰਾਤ ਨਾਲ ਸਜਿਆ ਦਰਬਾਰ ਬਸ ਇਕ ਗੁੰਮ ਗਿਆ ਸੁਫਨਾ ਹੈ, ਐਸਾ ਗੁੰਮਿਆ ਹੈ ਕਿ ਕਾਲੀਦਾਸ ਦਾ ਵਾਕਯ ਭੀ ਚੇਤੇ ਨਹੀਂ ਕਰਾ ਸੱਕਦਾ, …ਤੇ ਅਸੀ ਅਜੰਤਾਂ ਦੀਆਂ ਮੁਸੀਆਂ ਦੀਵਾਰਾਂ ਵਿੱਚ ਇਕ ਗੁਜਰ ਗਈ ਸ਼ਾਨ ਨੂੰ ਟੋਲਦੇ ਹਾਂ ਯਾ ਇਲੋਰਾ ਦੇ ਦੁਖਿਤ ਬੁੱਤਾਂ ਵਿੱਚ, ਯਾ ਪਹਾੜਾਂ ਵਿੱਚ ਉੱਕਰੇ ਔੜੀਸਾ ਦੇ ਚਿੱਤ੍ਰਾਂ ਦੀਆਂ ਚੁੱਪ ਆਹਾਂ ਵਿੱਚ, ਤੇ ਯਾ ਹਵਸ ਨਾਲ ਅਸੀ ਪੁਰਾਣੇ ਆਰਟ ਨੂੰ ਹਿੰਦੁਸਤਾਨ ਦੇ ਇਕ ਸੋਹਣੇ ਘਰੋਗੀ ਜੀਵਨ ਵਿੱਚ ਚਮਕਦੇ ਬਰਤਨਾਂ ਦੇ ਰੂਪਾਂ ਵਿੱਚ ਜਿਨ੍ਹਾਂ ਵਿੱਚ ਸੁਹੱਪਣ ਉਦਾਸੀਨ ਵੈਰਾਗੀ ਹੋਕੇ ਮਜ਼੍ਹਬ ਨਾਲ ਆਲਿੰਗਣ ਕਰ ਰਹੀ ਹੈ, ਵੇਖਦੇ ਹਾਂ ॥

ਕੁਛ ਬਾਕੀ ਨਹੀਂ ਰਿਹਾ। ਬ੍ਰਾਹਮਣਾਂ ਨੇ ਅੰਦਰੋਂ ਧਿੱਕਾ ਦਿੱਤਾ ਤੇ ਬਾਹਰ ਵੀ ਆਏ ਵੰਡਾਲਾਂ ਨੇ ਸਾਨੂੰ ਬਾਹਰੋਂ ਮਾਰਿਆ, ਇਸ ਪਛੋਕੜ ਨੂੰ ਕਾਇਮ ਕਰਦੇ ਹੋਏ ਏਸ਼ੀਆ ਦੇ ਆਰਟ ਨੂੰ ਉਕਾਕੁਰਾ ਸੋਹਣੇ ਅੱਖਰਾਂ ਵਿੱਚ ਇਉਂ ਦੱਸਦਾ ਹੈ:-
"ਆਰਟ ਇਉਂ ਮਜ਼੍ਹਬ ਦਾ ਇਕ ਘੜੀ ਦੀ ਘੜੀ ਦਾ ਸਾਹ ਲੈਣਾ ਹੈ, ਯਾ ਉਹ ਖਿਣ ਹੈ ਜਿਸ ਵਿੱਚ ਪ੍ਰੀਤ ਅੱਧੀ ਬੇਹੋਸ਼ ਜਿਹੀ ਅਨੰਤ ਦੇ ਭਾਲ ਦੀ ਯਾਤ੍ਰਾ ਵਿੱਚ ਜਾਂਦੀ ਠਹਿਰ ਜਾਂਦੀ ਹੈ ਤੇ ਬੜੀ ਮਾਮਤਾ ਨਾਲ ਮੁਕ ਚੁੱਕੇ ਪਿੱਛੇ ਨੂੰ ਵੇਖਦੀ ਹੈ ਤੇ ਧੁੰਧਲੇ ਜਿਹੇ ਅਗੇ ਨੂੰ ਲੋਚਦੀ ਹੈ ਦਿੱਸਣ ਵਾਲੇ ਦਿਸਦੇ-ਕਿਸੇ ਅਣਖੁਲ੍ਹੇ ਜਿਹੇ ਰਾਜ਼ ਦੇ ਇਸ਼ਾਰੇ ਮਾਤ੍ਰ ਦਾ ਸੁਫਨਾ ਇਸ ਥੀਂ ਵਧ ਕੋਈ ਠੋਸ ਚੀਜ ਨਾਂਹ, ਪਰ ਰੂਹ ਦੇ ਹੋਣ ਦਾ ਪੂਰਾ ਇਸ਼ਾਰਾ, ਇਸ ਉੱਚੇ ਸੱਚ ਦੀ ਉੱਤਮਤਾ ਥੀਂ ਘਟ ਨਾਂਹ" ॥

ਫਿਰ ਆਪ ਜੋਸ਼ ਵਿੱਚ ਆਏ ਲਿਖਦੇ ਹਨ:-
"ਕੁਦਰਤ ਦੇ ਉਹ ਕਾਵਯ ਟੁਕੜੇ ਜਿਥੇ ਉਹ ਆਪਣਾ "ਆਤਮ-ਸੁਹਣੱ੫ ਰਾਗ ਗਾਂਦੀ ਹੈ, ਕਾਲੇ ਬੱਦਲ ਵਿਚ ਸੁਤੇ ਬਿਜਲੀ ਦੇ ਸ਼ਰਾਰੇ, ਦਿਉਦਾਰਾਂ ਤੇ ਚੀਲਾਂ ਦੇ ਜੰਗਲਾਂ ਦੀ ਬਲਵਾਨ ਚੁੱਪ, ਤਲਵਾਰ ਦੀ ਉਹ ਨਾਕੰਪਾਯਮਾਨ ਸਤੋਗੁਣਤਾ, ਕਾਲੇ ਪਏ ਪਾਣੀਆਂ ਵਿੱਚ ਉੱਠਦੇ ਕੰਵਲ ਫੁਲ ਦੀ ਉਹ ਪ੍ਰਿਭ ਜੋਤ ਪਵਿਤ੍ਰਤਾ, ਉਹ ਪਦਮ ਦੇ ਫੁੱਲਾਂ ਦਾ ਤਾਰਿਆਂ ਵਾਲਾ ਸ੍ਵਾਸ, ਕੰਵਾਰੀ ਕੰਨਯਾ ਦੇ ਕੰਵਾਰੀ ਪੋਸ਼ਾਕਾਂ ਉੱਪਰ ਉਹ ਪੁੰਨਯ ਪਿੱਛੇ ਜਾਣ ਦੇਣ ਵਾਲੀ ਬਹਾਦੁਰੀ ਦੇ ਬੇਗੁਨਾਹ ਖੂਨ ਦੇ ਦਾਗ, ਵੀਰ ਵਰਿਯਾਮ ਪੁਰਸ਼ ਦੇ ਆਪਣੀ ਬੁੱਢੀ ਉਮਰ ਵਿੱਚ ਕੇਰੇ ਅੱਬਰੂ, ਜੰਗ ਦੇ ਮਿਲਵੇਂ ਦਰਦ ਤੇ ਡਰ, ਕਿਸੀ ਵੱਡੀ ਸ਼ਾਨ ਦੀ ਢਹਣ ਵੇਲੇ ਦੀ ਫਿਕੀ ਪੈਂਦੀ ਰੋਸ਼ਨੀ-ਇਹ ਸਭ ਆਰਟਿਸਟ ਦੀ ਸੁਰਤਿ ਦੀ ਚਿੰਨ੍ਹ ਤੇ ਅੰਦਾਜ਼ ਹਨ, ਜਿਨ੍ਹਾਂ ਵਿਚ ਰਸਿਕ ਕਰਤਾਰ ਦੀ ਸੁਰਤਿ ਪਹਿਲਾਂ ਚੁੱਭੀ ਮਾਰ ਕੇ ਫਿਰ ਉੱਪਰ ਆਉਂਦੀ ਹੈ ਤੇ ਆਪਣੇ ਦਰਸ਼ਨ ਕਰਾਣ ਵਾਲੇ ਹੱਥਾਂ ਨਾਲ ਉਸ ਪਰਦੇ ਨੂੰ ਪਰੇ ਕਰਦੀ ਹੈ, ਜਿਸ ਪਰਦੇ ਵਿੱਚ ਜਗਤ ਦਾ ਰੂਹ ਛੁਪਿਆ ਹੋਇਆ ਹੈ"॥

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ