Aqeedat : Nawab Khan

ਅਕੀਦਤ : ਨਵਾਬ ਖਾਨ


ਅਕੀਦਤ

ਸ਼ੁਰੂ ਕਰਦਾਂ ਹਾਂ ਉਸ ਪਾਕ ਹਸਤੀ ਦੇ ਨਾਮ ਤੋਂ ਜੋ ਨਿਹਾਇਤ ਮਿਹਰਬਾਨ ਤੇ ਰਹਿਮ ਕਰਨ ਵਾਲਾ ਹੈ। ਬੇਸ਼ੱਕ ਸਾਰੀਆਂ ਤਾਰੀਫ਼ਾਂ ਉਸੇ ਦੇ ਲਈ ਹਨ। ਜੋ ਸਾਰੇ ਸੰਸਾਰਾਂ ਦਾ ਪਾਲਣਹਾਰ ਤੇ ਸਿਰਜਣਹਾਰ ਹੈ। ‘ਅਕੀਦਤ’ ਦੀ ਗਾਥਾ ‘ਕੁਨ ਫਾਇਆ ਕੁਨ’ ਤੋਂ ਉਰੇ ਅਤੇ ਪਰਲੋ ਤੋਂ ਪਰੇ ਦੀ ਹੈ। ਰਾਈ ਦੇ ਦਾਣੇ ਤੋਂ ਲੈ ਕੇ ਪਰਬਤਾਂ ਦੀ ਵਿਸ਼ਾਲਤਾ ਤੱਕ ਸਗਲ ਕਾਇਨਾਤ ਦੇ ਵਜੂਦ ਦਾ ਹਰ ਹਿੱਸਾ ਸ਼ਰਧਾ ਵਿੱਚ ਲੀਨ ਹੈ, ‘ਅਕੀਦਤ’ ਵਿੱਚ ਚੂਰ ਹੈ । ‘ਅਕੀਦਤ’ ਵਾਰਤਾ ਹੈ ਓਸ ਮੰਡਲ ਦੀ ਜਿੱਥੇ ਨਾਚ ਹੁੰਦਾ ਹੈ ਰੂਹਾਂ ਦਾ ਬਗੈਰ ਕਿਸੇ ਤਾਲ ਤੋਂ। ਜਿੱਥੇ ਕਿ ਨੱਕੋ-ਨੱਕ ਭਰੇ ਹੋਏ ਜਾਮ ਹੀ ਨਹੀਂ ਬਲਕਿ ਛਲਕਦੇ ਸਾਗਰ ਹਨ ਮਹਿਖਾਨਿਆਂ ਦੇ ਰੂਪ ਵਿੱਚ ।ਜਿੱਥੇ ਕਿ ਸਾਕੀ ਦੇ ਹੱਥ ਦੀ ਸੁਰਾਹੀ ਨਾਪ-ਤੋਲ ਤੋਂ ਕਿਤੇ ਪਰੇ ਹੈ। ਜਿੱਥੇ ਸਹਾਬਾ ਦੇ ਖ਼ੁਤਬਿਆਂ ਦੀ ਗੂੰਜ ਹੈ। ਜਿੱਥੇ ਕਿ ਹਵਾਵਾਂ ਕੁਰਾਨ ਨੂੰ ਕੰਠ ਕਰਦੀਆਂ ਨੇ ਤੇ ਮੌਸਮ ਹਾਫ਼ਿਜ਼ ਨੇ। ਜਿੱਥੇ ਕਿ ਫ਼ਜ਼ਰ ਹੁੰਦੇ ਹੀ ਸਾਖੀਆਂ ਅਤੇ ਹਦੀਸਾਂ ਦੀ ਮਹਿਕ ਉੱਡਣੀ ਸ਼ੁਰੂ ਹੋ ਜਾਂਦੀ ਹੈ। ਸਾਹਾਂ ਦੀ ਚਾਲ ਤੇ ਧੜਕਣ ਦੀ ਤਾਲ ਵੀ ਅਕੀਦਤ ਹੀ ਹੈ। ਉਂਝ ਸਹਿਜ ਅਤੇ ਪਾਕੀਜ਼ਗੀ ਨਾਲ ਕੀਤਾ ਹਰ ਕਾਰਜ ਹੀ ਅਕੀਦਤ ਹੈ। ਫਿਰ ਤਾਂ ਬੋਲਣਾ ਕੀ ਤੇ ਕੀ ਖ਼ਾਮੋਸ਼ੀ ਇਬਾਦਤ ਹੀ ਹੋ ਜਾਂਦੈ ਬੰਦਗੀ ਹੀ ਹੋ ਨਿਬੜਦੈ। ਬੱਸ ਅਜਿਹਾ ਹੀ ਕਮਾਲ ਹੈ ਕਵਿਤਾ ਦਾ ਜੋ ਤੁਹਾਡੀ ਰੂਹ ਦੀ ਰੌਸ਼ਨੀ ਨੂੰ ਹੋਰ ਪੁਰਨੂਰ ਕਰ ਦਿੰਦਾ ਹੈ। ਸ਼ਬਦ ਵੀ ਤਾਂ ਦੀਵੇ ਹੀ ਨੇ ਤੇ ਨਜ਼ਮਾਂ ਮੋਮਬੱਤੀਆਂ ਜੋ ਬਦੀਆਂ ਦੇ ਹਨੇਰੇ ਨੂੰ ਦੂਰ ਕਰਕੇ ਪਵਿੱਤਰਤਾ ਤੇ ਅਨੰਦ ਦੇ ਇੱਕ ਵੱਖਰੇ ਚਾਨਣ ਵਿੱਚ ਪ੍ਰਵੇਸ਼ ਕਰਵਾ ਦਿੰਦੀਆਂ ਨੇ। ਕਹਿੰਦੇ ਨੇ ਕਿ ਜਦੋਂ ਯੋਧੇ ਜੰਗਾਂ ਤੇ ਯੁੱਧਾਂ ਲਈ ਜਾਇਆ ਕਰਦੇ ਸੀ ਤਾਂ ਉਹ ਜੰਗਨਾਮੇ ਅਤੇ ਵਾਰਾਂ ਗਾਉਂਦੇ ਹੋਏ ਰਣਾਂ ਵਿੱਚ ਪ੍ਰਵੇਸ਼ ਕਰਦੇ ਸੀ ਇਹ ਤਲਿਸਮ ਹੀ ਤਾਂ ਹੈ ਸ਼ਬਦਾਂ ਦਾ ਜੋ ਹੌਸਲਿਆਂ ਨੂੰ ਹੋਰ ਹੁਸਨ ਬਖ਼ਸ਼ ਦਿੰਦੈ। ਉਹ ਅਕੀਦਤ ਦਾ ਸਿਖਰ ਹੀ ਤਾਂ ਸੀ ਜਿਸਦੀ ਓਟ ਵਿੱਚ ਸੂਲੀਆਂ ਸੇਜ ਹੋ ਗਈਆਂ ਤੇ ਸਲੀਬਾਂ ਬਿਸਤਰ। ਇਹ ਕਿਤਾਬ ਵੀ ਅਕੀਦਤ ਹੀ ਹੈ ਸ਼ਰਧਾ ਹੀ ਹੈ।ਸ਼ਰਧਾ ਉਹਨਾਂ ਪਵਿੱਤਰ ਰੂਹਾਂ, ਨਬੀਆਂ, ਫ਼ਕੀਰਾਂ ਤੇ ਆਸ਼ਕਾਂ ਦੇ ਚਰਨਾਂ ਵਿੱਚ ਜਿਹਨਾਂ ਦੇ ਵਾਕ ਅਜ਼ਲ ਤੋਂ ਕਾਇਨਾਤ ਦੀ ਫਿਜ਼ਾ ਵਿੱਚ ਤੈਰਦੇ ਨੇ।ਸ਼ਰਧਾ ਉਸ ਨੂਰ ਪ੍ਰਤੀ ਜੋ ਗਾਰੇਹਿਰਾ ਤੇ ਤੂਰ ਵਿੱਚ ਪ੍ਰਕਾਸ਼ਵਾਨ ਹੋਇਆ।ਸ਼ਰਧਾ ਉਸ ਇਸ਼ਕ ਪ੍ਰਤੀ ਜਿਸਨੇ ਕਦੇ ਬੁੱਲ੍ਹੇ ਦੀ ਝਾਂਜਰ ਦਾ ਰੂਪ ਲਿਆ ਤੇ ਕਦੇ ਰਾਂਝੇ ਦੀ ਵੰਝਲੀ ਬਣਿਆ। ਮੈਨੂੰ ਜਾਪਦਾ ਹੁੰਦਾ ਕਿ ਉਹ ਰੇਤ ਜੋ ਪੈਗੰਬਰਾਂ, ਆਸ਼ਕਾਂ, ਰਸੂਲਾਂ ਤੇ ਫ਼ਕੀਰਾਂ ਦੀ ਕਦਮਬੋਸੀ ਕਰਕੇ ਅਕਾਸ਼ਾਂ ਵਿੱਚ ਫੈਲ ਗਈ ਉਸ ਰੇਤ ਦਾ ਕੋਈ ਕਣ ਮੇਰੇ ਤੱਕ ਅੱਪੜਿਆ ਹੋਵੇਗਾ । ਜਿਸਨੇ ਫਿਰ ਹਰਫਾਂ ਅਤੇ ਨਜ਼ਮਾਂ ਦਾ ਰੂਪ ਲੈ ਲਿਆ। ਤੇਰੇ ਪੈਰੋਂ ਉੱਡੀ ਧੂੜ ਦਾ ਕੋਈ ਕਿਣਕਾ ਉੱਡ ਕੇ ਆਇਆ ਹੋਣੈ ਜਾਂ ਫਿਰ ‘ਵਾ ਨੇ ਰੇਤਾ ਓਹੋ ਮੇਰੇ ਸਿਰੋਂ ਚੁਹਾਇਆ ਹੋਣੈ ਜਾਂ ਕਿ ਤੇਰੀ ਰਿਸਾਲਤ ਵਾਲੀ ਮਹਿਕ ਪੁਰਖਿਆਂ ਤੱਕੀ ਹੋਣੀ ਤੇ ਓਸ ਮਹਿਕ ਦਾ ਛਿੱਟਾ ਮੇਰੇ ਸਾਹਾਂ ਵਿੱਚ ਸਮਾਇਆ ਹੋਣੈ। ‘ਅਕੀਦਤ’ ਵਿੱਚ ਧੂੜ ਦਾ ਓਹੀ ਕਿਣਕਾ ਜਲਵਾਨੁਮਾ ਹੈ।ਹਰਫ਼ਾਂ ਅਤੇ ਨਜ਼ਮਾਂ ਦੇ ਰੂਪ ਵਿੱਚ ਤੁਹਾਨੂੰ ਉਸੇ ਦੇ ਦੀਦਾਰ ਹੋਣਗੇ। ਦੁਆ ਕਰਦਾਂ ਕਿ ਪੈਗੰਬਰਾਂ ਦੀ ਸ਼ਰਧਾ ਵਿੱਚ ਸੀਸ ਝੁਕਦੇ ਰਹਿਣ, ਮੁਹੱਬਤਾਂ ਦੀ ਮਹਿਕ ਉੱਡਦੀ ਰਹੇ, ਇਸ਼ਕ ਦੇ ਆਗਮਨ ਹੁੰਦੇ ਰਹਿਣ। ਆਮੀਨ। ਨਵਾਬ ਖਾਨ, ਫਤਿਹਗੜ੍ਹ ਸਾਹਿਬ ਸ਼ੇਰਪੁਰ ਮਾਜਰਾ।

ਜਿੱਥੇ ਨਿਮਰਤਾ ਅਤੇ ਮੁਹੱਬਤ ਦੇ ਆਗਮਨ ਹੁੰਦੇ ਨੇ

ਸਰਬੱਤ ਦੀ ਗੱਲ ਤਾਂ ਇਹੋ ਹੈ ਕਿ ਤੁਹਾਡੀ ਰਚਨਾ ਕਿਸੇ ਇੱਕ ਵਿਸ਼ੇ ਨਾਲ ਬੰਨ੍ਹੀ ਨਾ ਰਹੇ ਬਲਕਿ ਸਾਰੇ ਹੀ ਰੰਗਾਂ ਦਾ ਸੁਮੇਲ ਹੋ ਨਿੱਬੜੇ। ਜੇਕਰ ਬਾਗ਼ ਵਿੱਚ ਕੇਵਲ ਇੱਕੋ ਤਰ੍ਹਾਂ ਦੇ ਫੁੱਲ ਹੋਣ ਤਾਂ ਉਹ ਉਸ ਵਿਸ਼ੇਸ਼ ਫੁੱਲ ਦੇ ਆਸ਼ਕਾਂ ਨੂੰ ਤਾਂ ਖਿੱਚ ਸਕਦੇ ਨੇ ਪਰ ਬਾਕੀਆਂ ਲਈ ਖਿੱਚ ਦਾ ਕੇਂਦਰ ਨਹੀਂ ਬਣ ਸਕਣਗੇ। ਇੱਕ ਪਾਸੇ ਤੁਹਾਡੀ ਰਚਨਾ ਵਿੱਚ ਤੇਗ਼ਾਂ ਨੱਚਦੀਆਂ ਨਜ਼ਰ ਆਉਣ ਤੇ ਦੂਜੇ ਪਾਸੇ ਰਾਂਝੇ ਦੀ ਵੰਝਲੀ ਦੀ ਹੂਕ ਵੀ ਉਸੇ ਵਿਸ਼ਾਲਤਾ ਨਾਲ ਸੁਣਾਈ ਦੇਵੇ।ਇੱਕ ਪਾਸੇ ਝੰਗ ਸਿਆਲ ਦੀ ਬਾਤ ਪਵੇ ਤੇ ਦੂਜੀ ਤਰਫ਼ ਪਾਕਪਟਨ ਦੇ ਰਹੱਸ ਉਜਾਗਰ ਹੋਣ। ਇੱਕ ਤਰਫ਼ ਕਿਸੇ ਮੁਟਿਆਰ ਦੀ ਵੰਗ ਦੀ ਗੂੰਜ ਸੁਣੇ ਤੇ ਦੂਜੀ ਤਰਫ਼ ਬਾਬੇ ਬੁੱਲ੍ਹੇ ਦੇ ਪੈਰਾਂ ਦੀ ਝਾਂਜਰ ਦੀ ਰਹੱਸਮਈ ਅਵਾਜ਼। ਕਵਿਤਾ ਇੱਕ ਸਹਿਜ ਤੇ ਸੁਹਜ ਮਈ ਵਰਤਾਰਾ ਹੈ। ਬਿਲਕੁਲ ਗਹਿਰੇ ਸਾਗਰ ਵਿੱਚੋਂ ਮੋਤੀ ਕੱਢ ਲਿਆਉਣ ਜਿਹਾ। ਕਵਿਤਾ ਦੇ ਮੰਡਲ ਵਿੱਚ ਸਾਗਰ ਸ਼ਬਦਾਂ ਦਾ ਹੈ ਤੇ ਨਜ਼ਮਾਂ ਮੋਤੀ ਹਨ। ਮੈਨੂੰ ਕਵਿਤਾ ਇੱਕ ਰਹੱਸਮਈ ਜਿਹਾ ਖਿਆਲ ਜਾਪਦੀ ਹੁੰਦੀ ਹੈ। ਤਲਿੱਸਮ ਦੀ ਕਿਸੇ ਸੋਨੇ ਰੰਗੇ ਪਾਣੀ ਵਾਲੀ ਮਹਿਕਦੀ ਨਦੀ ਵਾਂਗ। ਉਹ ਨਦੀ ਜੋ ਬਦੀਆਂ ਨੂੰ ਹੜਾ ਕੇ ਲੈ ਜਾਂਦੀ ਹੈ। ਮਹਿਜ਼ ਨਿੱਜੀ ਤਾਹਨੇ ਮਿਹਣੇ ਤੇ ਸ਼ਬਦੀ ਹਿੰਸਾ ਹੀ ਕਵਿਤਾ ਨਹੀਂ ਹੁੰਦੇ। ਕਵਿਤਾ ਤਾਂ ਇੱਕ ਸੁੱਚਮ ਤੇ ਪਾਕ ਜਿਹਾ ਵਰਤਾਰਾ ਹੈ। ਕਵਿਤਾ ਤਾਂ ਤੁਹਾਡੀ ਕਲਪਨਾ ਦਾ ਨਮਾਜ਼ ਪੜ੍ਹਨਾ ਹੈ। ਕਵਿਤਾ ਤਾਂ ਸ਼ਬਦਾਂ ਦਾ ਵੁਜ਼ੂ ਹੈ। ਕਵਿਤਾ ਤਾਂ ਖਿਆਲਾਂ ਦਾ ਅਹਿਰਾਮ ਬੰਨ੍ਹ ਕੇ ਸਰਵ ਉੱਚ ਦਾ ਤਵਾਫ਼ ਕਰਨਾ ਹੈ। ਕਵਿਤਾ ਦਾ ਨਿੱਜ ਤੋਂ ਪਰੇ ਹੋ ਜਾਣਾ ਹੀ ਸਿਖਰ ਵੱਲ ਵਧਣਾ ਹੈ। ਰਚਨਾ ਉਦੋਂ ਸਿਰਮੌਰ ਤੇ ਸ਼ਾਹਕਾਰ ਹੋ ਨਿਬੱੜਦੀ ਹੈ ਜਦੋਂ ਰਚਨਾ ਚੋਂ ਰਚਣਹਾਰ ਗਾਇਬ ਹੋ ਜਾਵੇ ਤੇ ਕੇਵਲ ਰਚਨਾ ਬਾਕੀ ਰਹਿ ਜਾਵੇ। ਤਰਾਸਦੀ ਹੈ ਕਿ ਅਸੀਂ ਕਵਿਤਾ ਵਰਗੇ ਪਵਿੱਤਰ ਵਰਤਾਰੇ ਨੂੰ ਵੀ ਮੌਲਿਕ ਤੇ ਨਕਲ ਵਰਗੇ ਹਲਕੇ ਸ਼ਬਦਾਂ ’ਚ ਬੰਨ੍ਹ ਲਿਐ। ਜਿਸ ਮੰਡਲ ਵਿੱਚ ਜਾਕੇ ਵਾਸਤਵਿਕ ਰੂਪ ਵਿੱਚ ਕਵਿਤਾ ਦਾ ਆਗਮਨ ਹੁੰਦੈ ਉੱਥੇ ਮੌਲਿਕ ਤੇ ਅਨੁਕਰਨ ਵਰਗੇ ਸ਼ਬਦ ਤਾਂ ਬਾਕੀ ਹੀ ਨਹੀਂ ਰਹਿੰਦੇ। ਉੱਥੇ ਤਾਂ ਖੁਦ ਕਵੀ ਵੀ ਬਾਕੀ ਨਹੀਂ ਰਹਿੰਦਾ ਕੇਵਲ ਕਵਿਤਾ ਬਚ ਜਾਂਦੀ ਹੈ ਰਚਨਾ ਠਹਿਰ ਜਾਂਦੀ ਹੈ ਤੇ ਰਚਣਹਾਰ ਗਾਇਬ ਹੋ ਜਾਂਦੈ। ਮੌਲਿਕ ਕੀ ਤੇ ਕੀ ਅਨੁਕਰਨ ਹੈ ਛੱਡ ਇਹ ਮੈਂ ਨੂੰ ਤੂੰ ’ਚ ਖੋਣ ਦੇ ਅਕਲ, ਦਲੀਲਾਂ ਲੈ ਕੇ ਤੁਰਜਾ ਪਾਗਲਪਣ ਦੀ ਸਿਖਰ ਹੋਣ ਦੇ। ਖੁਦ ਦੀ ਸਿਰਮੌਰਤਾ ਜਾਂ ਵੱਡੇ ਕਵੀ ਹੋਣ ਦੇ ਭਰਮ ਤੁਹਾਨੂੰ ਵੱਡਾ ਨਹੀਂ ਬਣਾਉਂਦੇ ਬਲਕਿ ਵੱਡੀ ਤਾਂ ਉਹ ਅਵਸਥਾ ਹੈ ਜਿੱਥੇ ਵੱਡਾ ਜਾਂ ਛੋਟਾ ਰਹਿੰਦਾ ਹੀ ਨਹੀਂ। ਸਭ ਸਮਾਨ ਹੋ ਜਾਂਦਾ। ਉਂਝ ਸੰਪੂਰਨ ਵਰਤਾਰਾ ਹੀ ਨਕਲ ਹੈ ਅਸਲ ਦੀ ਮੌਲਿਕ ਨਹੀਂ। ਸਿਰਫ ਕਹਿਣ ਦਾ ਅੰਦਾਜ਼ ਬਦਲ ਜਾਂਦੈ ਨਹੀਂ ਤਾਂ ਕੋਈ ਗੱਲ ਨਵੀਨ ਨਹੀਂ। ਸਭ ਕੁਝ ਓਹੀ ਹੈ ਜੋ ਪਹਿਲਾਂ ਹੀ ਕਿਹਾ ਜਾ ਚੁੱਕਿਐ। ਮੌਲਿਕ ਤਾਂ ਕੇਵਲ ਪੈਗ਼ੰਬਰੀ ਬੋਲ ਹੀ ਹੋ ਸਕਦੇ ਨੇ। ਜਦੋਂ ਪੈਗੰਬਰ ਕੋਈ ਸ਼ਬਦ ਜਾਂ ਆਇਤ ਉਚਾਰਦੈ ਤਾਂ ਅਵਾਮ ਇਹੋ ਆਖਦੀ ਹੈ ਕਿ ਤੁਸੀਂ ਓਹ ਬਾਤ ਕਹਿ ਰਹੇ ਓ ਜੋ ਅਸੀਂ ਸਾਡੇ ਪੁਰਖਿਆਂ ਤੋਂ ਵੀ ਨਹੀਂ ਸੁਣੀ। ਬੱਸ ਇਹੋ ਹੈ ਮੌਲਿਕਤਾ। ਜਰਾ ਸੋਚੀਏ ਕਿ ਕਿਤੇ ਸਾਡਾ ਸਹਿਜ ਲਿਖਤਾਂ ਵਿੱਚ ਹੀ ਤਾਂ ਬਿਰਾਜਮਾਨ ਨਹੀਂ ਰਹਿ ਗਿਆ। ਤੇ ਹਕੀਕਤ ਵਿੱਚ- ‘ਜਿਨੁ ਮਨਿ ਹੋਰੁ ਮੁਖਿ ਹੋਰੁ’ ਸਾਦਗੀ ਜਾਂ ਹਲੀਮੀ ਤੋਂ ਬਗੈਰ ਕੀਤਾ ਹਰ ਕਾਰਜ ਹੀ ਵਿਅਰਥ ਹੈ। ਭਾਵੇਂ ਕੁਝ ਵੀ ਲਿਖਦੇ ਜਾਂ ਕਰਦੇ ਰਹੀਏ। ਦੁਆ ਕਰੀਏ ਕਿ ਭਾਵੇਂ ਕੁਝ ਵੀ ਲਿਖਦੇ ਜਾਂ ਕਰਦੇ ਰਹੀਏ ਪਰ ਉਸ ਰਾਹ ਵੱਲ ਪਿੱਠ ਨਾ ਹੋ ਜਾਵੇ ਜਿੱਥੇ ਨਿਮਰਤਾ ਅਤੇ ਮੁਹੱਬਤ ਦੇ ਆਗਮਨ ਹੁੰਦੇ ਨੇ।

ਹਮਦ

ਸਾਕੀ ਦੇ ਪੈਮਾਨਿਆਂ ’ਚ ਛਲਕਦਾ ਜਾਮ ਹੈ ਅਲਫ਼ ਤੋਂ ਸ਼ੁਰੂ ਜਿਹੜਾ ਕਾਰਜ ਉਹ ਧਾਮ ਹੈ ਸੂਹੇ ਜੇ ਗੁਲਾਬਾਂ ’ਚ ਲਪੇਟਿਆ ਪੈਗ਼ਾਮ ਹੈ ਸਾਰਿਆਂ ਕਮਾਲਾਂ ਤੋਂ ਕਮਾਲ ਤੇਰਾ ਨਾਮ ਹੈ।

ਨਾਅਤ (ਤੇਰੇ ਕਦਮਾਂ ਤੋਂ)

ਹੈ ਪੌਣਾਂ ਵਿੱਚ ਵਿਸਮਾਦ ਨੀਂ ਅੱਜ ਗੂੰਜਣ ਲੱਗੇ ਨਾਦ ਨੀਂ ਇਹ ਲੋਰਾਂ ਸਖੀਏ ਕਾਹਦੀਆਂ ਜੋ ਮਹਿਕਣ ਲੱਗੀਆਂ ਵਾਦੀਆਂ ਔਹ ਨੂਰ ਦੇ ਝਰਨੇ ਵਹਿ ਰਹੇ ਅੱਕ ਰੂਪ ਫੁੱਲਾਂ ਦਾ ਲੈ ਰਹੇ ਅੱਜ ਸ਼ੋਰ ਹੋ ਗਏ ਚੁੱਪ ਨੀਂ ਤੇ ਸੀਤਲ ਹੋ ਗਈ ਧੁੱਪ ਨੀਂ। ਅੱਜ ਫ਼ਲਕ ਨੇ ਪੀ ਲਏ ਜਾਮ ਨੀਂ ਹੋਈ ਸਗਲ ਧਰਮ ਅੱਜ ਧਾਮ ਨੀਂ ਅੱਜ ਰੰਗਤ ਚੜ੍ਹੇ ਤੌਹੀਦ ਦੀ ਤੇ ਕੁਦਰਤ ਲੱਗੀ ਗਾਉਂਣ ਇਹ ਕਿਸਦੇ ਪਾਕ ਸਰੂਰ ਨੇ ਸੀ ਗੁਜ਼ਰਿਆ ਇੱਥੋਂ ਕੌਣ? ਹਾਂ ਠੀਕ ਤੂੰ ਸਖੀਏ ਆਖਿਆ ਅੱਜ ਇਸ਼ਕ ਦੀ ਹੋਏ ਵਿਆਖਿਆ ਅੱਜ ਮੌਸਮ ਵੀ ਮਸਤਾ ਰਹੇ ਅਲ਼ ਕਾਫ਼ਿਰੂਨ ਨੂੰ ਗਾ ਰਹੇ। ਅੱਜ ਜ਼ਹਿਰਾਂ ਹੋਈਆਂ ਸ਼ਹਿਦ ਨੀਂ ਤੇ ਬਦੀਆਂ ਹੋਈਆਂ ਕੈਦ ਨੀਂ ਅੱਜ ਉੱਡੇ ਪ੍ਰੇਮ ਦੀ ਭਾਫ਼ ਨੀਂ ਕੁੱਲ ਧਰਤ ਹੋਈ ਕੋਹਕਾਫ਼ ਨੀਂ ਕਿਤੇ ਮਹਿਕ ਚੰਦੋਏ ਤਾਣਦੀ ਤੇ ਵਗੇ ਇਲਾਹੀ ਪੌਣ ਆ ਸਖੀਏ ਚੱਲ ਕੇ ਵੇਖੀਏ ਸੀ ਗੁਜ਼ਰਿਆ ਇੱਥੋਂ ਕੌਣ? ਔਹ ਵੇਖ ਨੀਂ ਸਖੀਏ ਜਾਪਦੇ ਕੀਹਦੇ ਨੂਰੀ ਕਦਮ ਨਿਸ਼ਾਨ ਜਰਾ ਜਾਕੇ ਕੌਤਕ ਵੇਖੀਏ ਹੈ ਕਿਸਦੀ ਅਜ਼ਮਤ ਸ਼ਾਨ । ਹੈ ਧੂੜ ਮੁਕੱਦਸ ਹੋ ਗਈ ਵਿੱਚ ਬੰਦਗੀ ਹੋਈ ਚੂਰ ਇਹ ਕੌਤਕ ਹੈਣ ਅਵੱਲੜੇ ਇਹ ਹੈਣ ਇਲਾਹੀ ਨੂਰ ਜੋ ਖ਼ੁਸ਼ਬੂ ਆਏ ਈਮਾਨ ਦੀ ਤੇ ਵੱਖਰਾ ਚੜ੍ਹੇ ਸਰੂਰ ਇਹ ਕਦਮ ਪੈਗੰਬਰੀ ਜਾਪਦੇ ਇੱਥੋਂ ਗੁਜ਼ਰੇ ਨਬੀ ਹਜ਼ੂਰ ਇੱਥੋਂ ਗੁਜ਼ਰੇ ਨਬੀ ਹਜ਼ੂਰ ।

ਮੌਨ ਟੁੱਟਣ ਅਸਮਾਨਾਂ ਦੇ

ਸੁਣਿਆ ਕਿ ਤੇਰੇ ਹੱਥਾਂ ਉੱਤੇ ਤਾਰੇ ਮਹਿੰਦੀ ਲਾਉਂਦੇ ਨੇ ਮਹਿਕਾਂ ਦੀ ਇੱਕ ਡਾਰ ਜਿਹੀ ਤੇਰੇ ਸਾਹਾਂ ਦੇ ਵਿੱਚ ਵਟਦੀ ਏ ਸੁਣਿਆ ਤੇਰੇ ਨੈਣਾਂ ਦੇ ਵਿੱਚ ਮੌਸਮ ਟਹਿਲਣ ਆਉਂਦੇ ਨੇ ਕਦੇ-ਕਦੇ ਤੇਰੇ ਕੇਸਾਂ ਦੇ ਵਿੱਚ ਰਾਤ ਵੀ ਰਾਤਾਂ ਕੱਟਦੀ ਏ। ਸੁਣਿਆ ਪਰੀਆਂ ਕਾਫ਼ ਵਾਲੀਆਂ ਖ਼ਿਦਮਤ ਤੇਰੀ ਕਰਦੀਆਂ ਨੇ ਸੁਣਿਆ ਤੇਰੀਆਂ ਪੈੜਾਂ ਜਿੱਥੇ ਚਸ਼ਮੇਂ ਫੁੱਟਣ ਲੱਗਦੇ ਨੇ ਇਹ ਵੀ ਸੁਣਿਆ ਤੇਰੇ ਪਿੰਡ ਦੇ ਮੋੜ ਵੀ ਜੰਨਤ ਵਰਗੇ ਨੇ ਸੁਣਿਆ ਤੇਰੇ ਦਰ ਤੋਂ ਦਰਿਆ ਹੁਸਨਾਂ ਵਾਲੇ ਵਗਦੇ ਨੇ। ਸੁਣਿਆ ਤੈਨੂੰ ਤੱਕ ਕੇ ਪੌਣ ਵੀ ਹੋ ਜਾਵੇ ਮਦਹੋਸ਼ ਜਿਹੀ ਸੁਣਿਆ ਤੇਰੀ ਝਾਂਜਰ ਦਾ ਵੀ ਵੱਖਰਾ ਇੱਕ ਅਲਾਪ ਜਿਹਾ ਏ ਇਹ ਵੀ ਸੁਣਿਆ ਤੇਰੇ ਮੁੱਖ ਦੀ ਚੰਨ ਪਰਿਕਰਮਾ ਕਰਦਾ ਏ ਸੁਣ ਰੱਖਿਆ ਕਿ ਅੰਬਰਾਂ ਦੇ ਲਈ ਨਾਮ ਤੇਰਾ ਇੱਕ ਜਾਪ ਜਿਹਾ ਏ। ਸੁਣਿਆ ਤੇਰੀ ਵੰਗ ਛਣਕੇ ਤਾਂ ਮੌਨ ਟੁੱਟਣ ਅਸਮਾਨਾਂ ਦੇ ਪੰਛੀ ਸੁਣਿਆ ਤੋਰ ਤੇਰੀ ਤੇ ਮਹਾਂਕਾਵਿ ਲਿਖ ਜਾਂਦੇ ਨੇ ਇਹ ਵੀ ਸੁਣਿਆ ਸੰਗ ਤੇਰੀ ਤਾਂ ਡੂੰਘੀ ਸਾਗਰ ਵਰਗੀ ਏ ਸੁਣਿਆ ਤੇਰੀ ਚੁੰਨੀ ਉੱਤੇ ਕੌਤਕ ਲੱਖਾਂ ਦਿਸ ਜਾਂਦੇ ਨੇ।

ਕਵੀ

ਇਹ ਕਵੀ-ਕੁਵੀ ਜੇ ਨਾਜ਼ੁਕ ਦਿਲ ਦੇ ਹੁੰਦੇ ਨੇ ਛੇਤੀ ਜਾਨ ਜੂਨ ਦੇਣ ਤੇ ਤੁਲ ਜਾਂਦੇ ਨੇ ਹਿਜਾਬ ਚਿਹਰੇ ਤੋਂ ਬਹੁਤਾ ਨਾ ਸਰਕਾਇਆ ਕਰ ਸ਼ਬਦ ਜੋ ਕਹਿਣੇ ਹੁੰਦੇ ਸਾਰੇ ਭੁੱਲ ਜਾਂਦੇ ਨੇ।

ਰੇਤ ਦਾ ਨੂਰ

ਤੱਕਿਆ ਜਾ ਸਕਦੈ ਅੱਖ ਤੋਂ ਬਿਨਾਂ ਵੀ ਤੇ ਭਰਮ ਵੀ ਹੋ ਸਕਦੈ ਜੋ ਨਜ਼ਰ ਵੇਂਹਦੀ ਹੈ ਬੋਲਿਆ ਜਾ ਸਕਦੈ ਜੀਭ ਤੋਂ ਬਿਨਾਂ ਵੀ ਤੇ ਕੂੜ ਵੀ ਹੋ ਸਕਦੈ ਜੋ ਜੁਬਾਨ ਕਹਿੰਦੀ ਹੈ ਲਿਖਿਆ ਜਾ ਸਕਦੈ ਕਲਮ ਤੋਂ ਬਗੈਰ ਵੀ ਲਿਖੇ ਕਲਮ ਦੇ ਹਰਫ਼ ਭੜਾਸ ਵੀ ਹੋ ਸਕਦੇ ਨੇ ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦੈ ਕਣ ਰੇਤ ਦੇ ਅਕਾਸ਼ ਵੀ ਹੋ ਸਕਦੇ ਨੇ। ਮੌਨ ਵੀ ਹੋ ਸਕਦੇ ਨੇ ਸ਼ੋਰ ਵਰਗੇ ਹੀ ਤੇ ਸ਼ੋਰ ਮੌਨ ਦਾ ਅਨੁਵਾਦ ਵੀ ਹੋ ਸਕਦੇ ਨੇ ਪਲਾਂ ਵਿੱਚ ਵੀ ਯੁਗਾਂ ਦੀ ਝਲਕ ਪੈ ਸਕਦੀ ਹੈ ਤੇ ਯੁਗ ਪਲ ਵਰਗੀ ਯਾਦ ਵੀ ਹੋ ਸਕਦੇ ਨੇ ਲੱਖਾਂ ਦੀਵਿਆਂ ਵਿੱਚ ਵੀ ਨੇਰ੍ਹ ਰਹਿ ਸਕਦੇ ਤੇ ਕਾਲੀ ਰਾਤ ਵਿੱਚ ਪ੍ਰਕਾਸ਼ ਵੀ ਹੋ ਸਕਦੇ ਨੇ ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦੈ ਕਣ ਰੇਤ ਦੇ ਅਕਾਸ਼ ਵੀ ਹੋ ਸਕਦੇ ਨੇ। ਪਾਣੀਆਂ ਚੋਂ ਵੀ ਅਗਨ ਦੀ ਝਲਕ ਪੈ ਸਕਦੀ ਹੈ ਤੇ ਤੱਕਿਆ ਜਾ ਸਕਦਾ ਹੈ ਭਾਂਬੜਾਂ ਚੋਂ ਵੀ ਨੀਰ ਨੂੰ ਦਰਵੇਸ਼ੀ ਜਾਮਿਆਂ ਵਿੱਚ ਕੁਫ਼ਰ ਵੀ ਹੋ ਸਕਦੇ ਨੇ ਤੇ ਕੁਫ਼ਰੀ ਰੌਲਿਆਂ ਵਿੱਚ ਵੀ ਖੋਜਿਆ ਜਾ ਸਕਦੈ ਪੀਰ ਨੂੰ ਗੂੰਜ ਸਕਦੀ ਹੈ ਚੜ੍ਹਦੀ ਕਲਾ ਚੀਰੀਆਂ ਦੇਹਾਂ ਚੋਂ ਵੀ ਤੇ ਜਿਉਂਦੇ ਜਿਸਮ ਮਹਿਜ਼ ਲਾਸ਼ ਵੀ ਹੋ ਸਕਦੇ ਨੇ ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦੈ ਕਣ ਰੇਤ ਦੇ ਅਕਾਸ਼ ਵੀ ਹੋ ਸਕਦੇ ਨੇ। ਜੋ ਜਾਹਿਰ ਦੇ ਦਾਇਰਿਆਂ ਤੋਂ ਦਿਸਦੇ ਨੇ ਬਹੁਤ ਦੂਰ ਭੇਤ ਉਹ ਉਜਾਗਰ ਅੰਦਰ ਵੀ ਹੋ ਸਕਦੇ ਨੇ ਕੋਹਾਂ ਦੂਰ ਤੋਂ ਜੋ ਇੱਕ ਨਦੀ ਦੇ ਸਮਾਨ ਨੇ ਨਜ਼ਦੀਕ ਜਾਕੇ ਤੱਕੀਏ ਤਾਂ ਸਮੁੰਦਰ ਵੀ ਹੋ ਸਕਦੇ ਨੇ ਪੈਗੰਬਰ ਦੇ ਹੱਥ ਤੇਗ਼ ਵੀ ਤਸਬੀ ਹੀ ਹੈ ਕੁਫ਼ਰ ਤੋਂ ਤਸਬੀ ਨਾ ਵਿਨਾਸ਼ ਵੀ ਹੋ ਸਕਦੇ ਨੇ ਤਾਰਿਆਂ ਵਿੱਚੋਂ ਵੀ ਰੇਤ ਦਾ ਨੂਰ ਦਿਸ ਸਕਦੈ ਕਣ ਰੇਤ ਦੇ ਅਕਾਸ਼ ਵੀ ਹੋ ਸਕਦੇ ਨੇ।

ਜ਼ਿਕਰ ਤੇਰਾ

ਲੈ ਫੇਰ ਛਿੜੀ ਹੈ ਬਾਤ ਤੇਰੀ ਪੌਣਾਂ ਚੋਂ ਚਾਨਣ ਲਮਕ ਰਿਹੈ ਔਹ ਵੇਖ ਅੰਬਰ ਤੇ ਚੰਨ ਨਹੀਂ ਤੇਰੇ ਇਸ਼ਕ ਦਾ ਸਿਮਰਨ ਚਮਕ ਰਿਹੈ। ਮੈਂ ਚਾਹੁੰਨਾ ਤੇਰੀਆਂ ਜ਼ੁਲਫ਼ਾਂ ਦੇ ਵਿੱਚ ਉਮਰ ਕੈਦ ਜਿਹੀ ਹੋ ਜਾਵੇ ਜ਼ਰਾ ਖੋਲ੍ਹ ਅੱਖਾਂ ਦੇ ਸਾਗਰ ਨੂੰ ਮੇਰਾ ਕੁੱਲ ਵਜੂਦ ਜਿਆ ਖੋ ਜਾਵੇ। ਮੈਨੂੰ ਸੂਰਜ ਦੀ ਧੁੱਪ ਲੱਗਦੀ ਏ ਤੇਰੇ ਗੁੱਸੇ ਦਾ ਅਨੁਵਾਦ ਕੋਈ ਜਾਂ ਜਿਵੇਂ ਕਿ ਅਮ੍ਰਿਤ ਵੇਲੇ ਹੀ ਆ ਜਾਏ ਮਾਸ਼ੂਕ ਦੀ ਯਾਦ ਕੋਈ। ਤੇਰੇ ਹਾਸੇ ਖੁਸ਼ਬੂ ਵਰਗੇ ਨੇ ਤੇਰੇ ਤਲੀਆਂ ਤੇ ਚੰਨ ਚੜ੍ਹਦੇ ਨੇ ਮੈਂ ਕੱਲ੍ਹ ਰਾਤੀਂ ਮਹਿਸੂਸ ਕੀਤਾ ਤੇਰੀ ਤਾਰੇ ਕਵਿਤਾ ਪੜ੍ਹਦੇ ਨੇ।

ਇਸ਼ਕ ਦੀ ਸ਼ੁਰੂਆਤ

ਸੁਣੇ ਬੇਲਿਆਂ ’ਚ ਗਾਂਵਦਾ ਕੋਈ ਹੀਰ ਮਾਂਏ ਨੀਂ ਮੈਨੂੰ ਖ਼ਾਬਾਂ ਵਿੱਚ ਦਿਸਣ ਫਕੀਰ ਮਾਂਏ ਨੀਂ ਰੂਹ ਤੇ ਇਤਰਾਂ ਦੀ ਹੋਣ ਬਰਸਾਤ ਲੱਗੀ ਏ ਸ਼ਾਇਦ ਇਸ਼ਕ ਦੀ ਹੋਣ ਸ਼ੁਰੂਆਤ ਲੱਗੀ ਏ। ਸੁਰੇ-ਫ਼ਾਤਿਹਾ ਦਾ ਹੋਇਆ ਮੇਰੇ ਸਾਹਾਂ ’ਚ ਨਿਵਾਸ ਪੌਣਾਂ ਵਿੱਚੋਂ ਸੁਣੇ ਮਾਂਏ ਮੈਨੂੰ ਜਪੁਜੀ-ਰਹਿਰਾਸ ਪੱਲੇ ਵਸਲਾਂ ਦੀ ਪੈਣ ਨੀਂ ਖ਼ੈਰਾਤ ਲੱਗੀ ਏ ਸ਼ਾਇਦ ਇਸ਼ਕ ਦੀ ਹੋਣ ਸ਼ੁਰੂਆਤ ਲੱਗੀ ਏ। ਮੇਰੇ ਚੇਤਿਆਂ ’ਚ ਗੂੰਜਣ ਪੈਗੰਬਰਾਂ ਦੇ ਬੋਲ ਦਿਸੇ ਸਰਸਾ ਦਾ ਨੀਰ ਸੱਚੇ ਪਾਤਸ਼ਾਹ ਅਡੋਲ ਪੈਣ ਮੀਰਾ ਅਤੇ ਰਾਬੀਆ ਦੀ ਬਾਤ ਲੱਗੀ ਏ ਸ਼ਾਇਦ ਇਸ਼ਕ ਦੀ ਹੋਣ ਸ਼ੁਰੂਆਤ ਲੱਗੀ ਏ। ਕਿਤੇ ਹੱਵਾ ਅਤੇ ਆਦਮ ਦਾ ਮੇਲ ਹੁੰਦਾ ਦਿਸੇ ਮੈਨੂੰ ਕੁਫ਼ਰ-ਈਮਾਨ ਦਾ ਸੁਮੇਲ ਹੁੰਦਾ ਦਿਸੇ ਹੁਣ ਸੁੰਨ ਵਿੱਚੋਂ ਸੁਣਨ ਕੋਈ ਨਾਅਤ ਲੱਗੀ ਏ ਸ਼ਾਇਦ ਇਸ਼ਕ ਦੀ ਹੋਣ ਸ਼ੁਰੂਆਤ ਲੱਗੀ ਏ।

ਬੰਦਗੀ

ਇਹ ਬੰਦਗੀ ਕਮੰਡਲ ਤੇ ਤਸਬੀ ਜਿਹੀ ਹੈ ਇਹ ਨਾਜ਼ਲ ਰਸੂਲਾਂ ਤੇ ਰੱਬੀ ਵਹੀ ਹੈ ਇਹ ਨਬੀਆਂ ਦੇ ਮੁੱਖ ਚੋਂ ਹੈ ਆਇਤਾਂ ਦਾ ਕਹਿਣਾ ਇਹ ਬੰਦਗੀ ਅਜ਼ਲ ਤੋਂ ਹੈ ਆਸ਼ਿਕ ਦਾ ਗਹਿਣਾ । ਇਹ ਹਿਰਦੇ ’ਚ ਖਿੜਦਾ ਕੋਈ ਫੁੱਲ ਹੈ ਅੰਗੂਰੀ ਇਹ ਰਾਂਝੇ ਦਾ ਕਾਸਾ ਇਹ ਹੀਰਾਂ ਦੀ ਚੂਰੀ ਹੈ ਬੰਦਗੀ ਮੁਜ਼ਾਹਿਦ ਦਾ ਬੰਦ-ਬੰਦ ਕਟਾਉਣਾ ਇਹ ਬੁੱਲ੍ਹੇ ਦਾ ਨੱਚਣਾ ਇਹ ਨਾਨਕ ਦਾ ਗਾਉਣਾ। ਕਿ ਇਸ਼ਕੇ ਲਈ ਮਰਨਾ ਤੇ ਜੀਣਾ ਹੈ ਬੰਦਗੀ ਸੁਕਰਾਤ ਦਾ ਜ਼ਹਿਰ ਨੂੰ ਪੀਣਾ ਹੈ ਬੰਦਗੀ ਹੈ ਬੰਦਗੀ ਕਿ ਤੂਰਾਂ ਤੋਂ ਨੂਰਾਂ ਦਾ ਦਿਸਣਾ ਹੈ ਬੰਦਗੀ ਕਿ ਸਾਹਾਂ ਚੋਂ ਮਹਿਕਾਂ ਦਾ ਰਿਸਣਾ। ਹੈ ਬੰਦਗੀ ਸਿਖਰ ਤੇ ਹੈ ਬੰਦਗੀ ਸਮੁੰਦਰ ਇਹ ਕੈਦੀ ਨਾ ਗਿਰਜੇ ਤੇ ਮੰਦਰ ਦੇ ਅੰਦਰ ਇਹ ਬੰਦਗੀ ਤਰੀਕਤ ਤੇ ਵਸਲਾਂ ਦੀ ਪੌੜੀ ਇਹ ਸੂਹੀ, ਬਿਲਾਵਲ ਹੈ ਆਸਾ ਤੇ ਗਉੜੀ। ਇਹ ਮਹਿਰਮ ਵੱਲ ਜਾਂਦੀ ਇਲਾਹੀ ਪਹੀ ਹੈ ਇਹ ਬੰਦਗੀ ਕਮੰਡਲ ਤੇ ਤਸਬੀ ਜਿਹੀ ਹੈ।

ਕਮਾਲ

ਹਾਲੇ ਤੇਰੀ ਸੂਰਤ ਤਾਂ ਖ਼ਾਬ ਵਿੱਚ ਤੱਕੀ ਏ ਕੈਸ ਜਿਹਾ ਸ਼ਾਇਰ ਦਾ ਹਾਲ ਹੋਣ ਵਾਲਾ ਏ ਰਾਂਝਾ, ਝੰਗ, ਚੂਰੀ ਹੁਣ ਚੇਤਿਆਂ ’ਚ ਆਉਂਦੇ ਨੇ ਕਵੀ ਖੁਦ ਵੰਝਲੀ ਦੀ ਤਾਲ ਹੋਣ ਵਾਲਾ ਏ ਹਾਲੇ ਤਾਂ ਮੁਹੱਬਤ ਦੇ ਕੁਝ ਛਿੱਟੇ ਪਏ ਨੇ ਅੱਗੇ ਚੱਲ ਹੋਰ ਵੀ ਕਮਾਲ ਹੋਣ ਵਾਲਾ ਏ।

ਬਖ਼ਸ਼ਿਸ਼ਾਂ ਦੀ ਜਾਈ (ਪੰਜਾਬੀ)

ਇੰਝ ਜਾਪਦੈ ਜਿਵੇਂ ਸਿੱਧਾਂ ਤੇ ਨਾਥਾਂ ਦੀਆਂ ਧੂਣੀਆਂ ਦੀ ਅੱਗ ਚੋਂ ਇਸਦਾ ਜਨਮ ‘ਕੁਕਨਸ’ ਵਾਂਗ ਹੋਇਆ ਹੋਵੇ। ਫਿਰ ਸ਼ੇਖ ਫਰੀਦ ਦੀ ਸੋਹਬਤ ਵਿੱਚ ਮਿੱਠਤ ਦੇ ਜ਼ਮਜ਼ਮ ਵਿੱਚੋਂ ਘੁੱਟਾਂ ਭਰਦੀ ਹੋਈ ਬਾਬੇ ਨਾਨਕ ਤੱਕ ਅੱਪੜੀ। ਤੇ ਤੇਰਾਂ ਤੋਂ ਤੇਰਾ ਤੱਕ ਦੇ ਸਫ਼ਰ ਨੂੰ ਨਿਹਾਰਦੇ ਹੋਏ ਰਹੱਸਾਂ ਦੀ ਉਚਾਈ ਤੱਕ ਪਹੁੰਚੀ। ਤੇ ਫਿਰ ਨੌਂ ਗੁਰੂਆਂ ਦੇ ਚਰਨਾਮਤ ਨੂੰ ਗ੍ਰਹਿਣ ਕਰਦੇ ਹੋਏ ਦਸਮ ਪਿਤਾ ਦੀ ਹਜ਼ੂਰੀ ਵਿੱਚ ਭੰਗਾਣੀ ਦੇ ਕੌਤਕਾਂ ਨੂੰ ਤੱਕਦੇ ਹੋਏ ਜਵਾਨ ਹੋਈ। ਬੁੱਲ੍ਹੇ ਦੀਆਂ ਕਾਫੀਆਂ ਤੇ ਵਾਰਿਸ ਦੀ ਹੀਰ ਇਸਦੇ ਸੁਹਜ ਤੇ ਸੁਹੱਪਣ ਦੀ ਸਿਖਰ ਹੈ। ਕਿੰਨੇ ਹੀ ਹੁਕਮਰਾਨ ਤੇ ਹਾਕਮ ਇੱਥੇ ਕਾਬਜ਼ ਹੋਏ ਤੇ ਖਾਕ ਹੋ ਗਏ ਪਰ ਇਸਦਾ ਸੁਹੱਪਣ ਜਿਉਂ ਦਾ ਤਿਉਂ ਹੈ ਸਗੋਂ ਹੋਰ ਸਿਖਰ ਵੱਲ ਵਧਿਆ ਹੈ। ਕਿੰਨਾ ਕਮਾਲ ਹੈ ਕਿ ਇਸਦੀ ਤਾਸੀਰ ਵਿੱਚ ਤੇਗ਼ ਤੇ ਰਬਾਬ ਦੋਵੇਂ ਰਲਕੇ ਦੌੜਦੇ ਨੇ। ਲੱਖਾਂ ਹੀ ਕੌਤਕ ਇਸਦੇ ਸ਼ਬਦਾਂ ਦੀ ਪਰਿਕਰਮਾ ਕਰਦੇ ਨੇ। ਕਿੰਨੇ ਹੀ ਤਲਿਸਮ ਇਸਦੇ ਰੂਪ ਵਿੱਚ ਬਿਰਾਜਮਾਨ ਨੇ। ਕਦੇ-ਕਦੇ ਮੈਨੂੰ ਖਿਆਲ ਆਉਂਦਾ ਹੁੰਦੈ ਕਿ ਤਸਬੀਆਂ ਫੇਰਦੇ ਹੱਥਾਂ ਦੀ ਵੈਰਾਗਮਈ ਕੈਫ਼ੀਅਤ ਅਤੇ ਰਣਾਂ ਵਿੱਚ ਜੂਝਦੇ ਸ਼ਾਸਤਰਾਂ ਦੀ ਲਿਸ਼ਕ ਨੂੰ ਇੱਕੋ ਭਾਂਡੇ ਵਿੱਚ ਪਿਘਲਾ ਕੇ ਇਸਦੀ ਨੁਹਾਰ ਤਿਆਰ ਕੀਤੀ ਗਈ ਹੋਵੇਗੀ। ਤਾਂ ਹੀ ਤਾਂ ਇਕਾਂਤ ਵਿੱਚ ਇਸਦੇ ਸ਼ਬਦਾਂ ਨੂੰ ਉਚਾਰ ਲੈਣਾ ਵੀ ਬੰਦਗੀ ਜਿਹਾ ਹੀ ਹੈ। ਬਿਲਕੁਲ ਗੰਭੀਰ ਮੌਨ ਵਿੱਚ ਉੱਤਰ ਜਾਣ ਜਿਹਾ। ਸ਼ਕਰਗੰਜ ਦੀ ਮਿੱਠਤ ਬਿਰਾਜਮਾਨ ਹੈ ਇਸਦੀ ਤਾਸੀਰ ਵਿੱਚ ਤੇ ਸੱਚੇ ਪਾਤਸ਼ਾਹ ਦੀ ਤੇਗ਼ ਦੀ ਚਮਕ ਗਰਦਿਸ਼ ਕਰਦੀ ਹੈ ਇਸਦੇ ਹੁਸਨ ਵਿੱਚ। ਹੁਣ ਜੋ ਭਾਸ਼ਾ ਪਾਕਪਟਨ ਦੇ ਰਹੱਸ ਤੇ ਭੰਗਾਣੀ ਦੇ ਕੌਤਕਾਂ ਨੂੰ ਸੀਨੇ ਵਿੱਚ ਸਮੋਈ ਬੈਠੀ ਹੋਵੇ ਉਸਦੀ ਹੋਂਦ ਨੂੰ ਖਤਮ ਕਰਨ ਦੀ ਆਸ ਰੱਖਣ ਵਾਲੀ ਮਾਨਸਿਕਤਾ ਤੇ ਤਰਸ ਅਤੇ ਹਾਸਾ ਹੀ ਆ ਸਕਦੈ। ਸ਼ਬਦ ਤਾਂ ਹੁੰਦੇ ਹੀ ਕਾਲ ਰਹਿਤ ਨੇ। ਅੱਖਰਾਂ ਨੂੰ ਤੁਸੀਂ ਕਿਸ ਸਮੇਂ ਵਿੱਚ ਬੰਨ੍ਹੋਗੇ। ਮੁੱਢਲੇ ਮਨੁੱਖ ਨੇ ਅੱਖਰਾਂ ਦੇ ਜੋ ਅਕਾਰ ਘੜੇ ਹੋਣਗੇ ਜਾਂ ਪੁਰਾਤਨ ਲਿਖਤਾਂ ਵਿੱਚ ਜੋ ਸ਼ਬਦ ਬਿਰਾਜਮਾਨ ਨੇ ਆਧੁਨਿਕ ਕਾਲ ਦੀਆਂ ਸਾਰੀਆਂ ਲਿੱਪੀਆਂ ਉਸੇ ਦਾ ਹੀ ਨਵੀਨ ਰੂਪ ਨੇ। ਪੁਰਾਣੇ ਸ਼ਿਲਾਲੇਖਾਂ ’ਚ ਜੋ ਹਰਫ਼ ਮੌਜੂਦ ਨੇ ਆਧੁਨਿਕ ਲਿੱਪੀਆਂ ਵੀ ਉਸੇ ਦਾ ਹੀ ਸਾਰ ਨੇ ਆਦਿ ਕਾਲ ਵਿੱਚ ਜਿਹੜੀ ਕਲਾ ਕਦੇ ਉਦੇ ਹੋਈ ਸਾਰੀਆਂ ਕਲਾਵਾਂ ਉਸੇ ਨੀਰ ਦੀ ਹੀ ਧਾਰ ਨੇ ਤੱਕੇ ਵਰਤਾਰੇ ਜਿਹੜੇ ਹੋਣੇ ਹਵਾ ਆਦਮ ਨੇ ਅੱਪੜੇ ਉਹ ਸਾਡੇ ਤੱਕ ਗੱਲਾਂ ਬਰਹੱਕ ਨੇ ਅੱਕਾਂ ਦੀ ਤਾਸੀਰ ਵਿੱਚ ਮਹਿਕਦੇ ਫੁੱਲ ਨੇ ਤੇ ਫੁੱਲਾਂ ਦੀ ਮਹਿਕ ’ਚ ਬਿਰਾਜ ਕਈ ਅੱਕ ਨੇ। ਆਧੁਨਿਕ ਪੈਂਤੀ ਦੇ ਅੱਖਰ ਵੀ ਪੰਜਾਬ ਦੀ ਆਬੋ-ਹਵਾ ਵਿੱਚ ਯੁਗਾਂ ਤੋਂ ਹੀ ਫਿਰਤ ਕਰਦੇ ਹੋਣਗੇ। ਬੱਸ ਇੱਕ ਸਮਾਂ ਆਇਆ ਤੇ ਇਹਨਾਂ ਨੇ ਲਿਖਤੀ ਰੂਪ ਧਾਰ ਲਿਆ। ਤੇ ਫਿਰ ਇਹਨਾਂ ਹੀ ਹਰਫ਼ਾਂ ਤੇ ‘ਹੁਮਾ’ ਪੰਛੀ ਦੇ ਤਲਿੱਸਮੀ ਖੰਭਾਂ ਦਾ ਸਾਇਆ ਪੈ ਗਿਆ ਹੋਣੈ ਜੋ ਇਸਨੂੰ ਸਦਾ ਦੀ ਬਾਦਸ਼ਾਹਤ ਬਖ਼ਸ਼ ਗਿਆ। ਜਿਸ ਭਾਸ਼ਾ ਨੂੰ ਗੁੜ੍ਹਤੀ ਹੀ ਬੰਦਗੀ ਵਿੱਚ ਲੀਨ ਰੂਹਾਂ ਦੇ ਹੱਥੋਂ ਮਿਲੀ ਹੋਵੇ ਉਸਦੀ ਚਮਕ ਅਤੇ ਰੋਸ਼ਨੀ ਦੇ ਜੁਗਾਦੀ ਹੋਣ ਵਿੱਚ ਕੀ ਸ਼ੱਕ ਹੋ ਸਕਦੈ। ਤੈਨੂੰ ਗੁੜ੍ਹਤੀ ਮਿਲੀ ਫਰੀਦ ਤੋਂ ਸ਼ਾਹ ਵਾਰਿਸ ਜਿਹੇ ਮੁਰੀਦ ਤੋਂ ਤੇਰੇ ਨੈਣੀਂ ਨੂਰ ਕਬੀਰ ਦਾ ਪਿੱਠ ਥਾਪੜਾ ਮੀਆਂ ਮੀਰ ਦਾ। ਤੈਨੂੰ ਬਖ਼ਸ਼ਿਸ਼ ਨਾਨਕ ਪੀਰ ਦੀ ਬੁੱਲ੍ਹੇ ਜਿਹੇ ਮਸਤ ਫਕੀਰ ਦੀ ਤੈਨੂੰ ਆਸਰਾ ਉੱਚ ਦੇ ਪੀਰ ਦਾ ਤੇ ਨਲੂਏ ਦੀ ਸ਼ਮਸ਼ੀਰ ਦਾ। ਤੇਰੇ ਮਹਿਕਾਂ ਸੁਰਮੇਂ ਪਾਉਂਦੀਆਂ ਤੈਨੂੰ ਹੀਰਾਂ ਸੱਸੀਆਂ ਗਾਉਂਦੀਆਂ ਤੇਰੇ ਸਾਹੀਂ ਬੰਦਗੀ ਮੇਲੵਦੀ ਮੱਥੇ ਵਿੱਚ ਰੌਣਕ ਖੇਲ੍ਹਦੀ । ਤੇਰੀ ਮਿੱਟੀ ਕਰੇ ਅਰਾਧਨਾ ਤੇ ਥੇਹਾਂ ਕਰਦੀਆਂ ਸਾਧਨਾ ਤੇਰੇ ਪੈਰੀਂ ਝਾਂਜਰ ਇਸ਼ਕ ਦੀ ਜੋ ਸਗਲ ਧਰਤ ਵਿੱਚ ਲਿਸ਼ਕਦੀ। ਜਿਉਂ ਡੇਲੇ ਫੁੱਟਣ ਕਰੀਰ ਚੋਂ ਆਏ ਖੁਸ਼ਬੂ ਤੇਰੀ ਤਾਸੀਰ ਚੋਂ ਤੇਰਾ ਅੱਖਰ-ਅੱਖਰ ਪਾਕ ਹੈ ਤੇਰਾ ਪੀਰਾਂ ਦੇ ਨਾਲ ਸਾਕ ਹੈ। ਤੂੰ ਕੌਤਕ ਦੀ ਕੋਈ ਕਿਸਮ ਹੈਂ ਤੇਰੇ ਰੂਪ ’ਚ ਕੋਈ ਤਲਿੱਸਮ ਹੈ ਤੂੰ ਹੈਂ ਪਰਵਾਜ਼ ਉਕਾਬ ਦੀ ਤੂੰ ਰੌਣਕ ਦੇਸ ਪੰਜਾਬ ਦੀ ਤੂੰ ਰੌਣਕ ਦੇਸ ਪੰਜਾਬ ਦੀ। ਅੱਜ ਵੀ ਤੁਸੀਂ ਉਹਨਾਂ ਸ਼ਬਦਾਂ ਨੂੰ ਰੋਹੀਆਂ ਅਤੇ ਬੇਲਿਆਂ ’ਚ ਗੂੰਜਦੇ ਸੁਣ ਸਕਦੇ ਹੋ ਜੋ ਕਦੇ ਸੁਖ਼ਨ ਦੇ ਵਾਰਿਸ ਨੇ ਮਲਿਕਾਹਾਂਸ ਦੀ ਮਸੀਤ ਵਿੱਚ ਉਚਾਰੇ ਸੀ। ਤੇ ਉਹ ਵਾਕ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਤੈਰਦੇ ਨੇ ਜੋ ਕਦੇ ਨਾਥਾਂ ਤੇ ਯੋਗੀਆਂ ਨੇ ਟਿੱਲਿਆਂ ਵਿੱਚ ਪੜ੍ਹੇ ਸੀ।

ਨੌਵੇਂ ਨਾਨਕ

ਐਸਾ ਕਿਤੇ ਮਾਰਫ਼ਤੀ ਨੂਰ ਨਈਂਓ ਤੱਕਿਆ ਲਿਸ਼ਕਦਾ ਸੀਸ ਚੋਂ ਜਮਾਲ ਨਈਂਓ ਵੇਖਿਆ ਬੜਾ ਕੁੱਝ ਵੇਖਿਆ ਏ ਨਜ਼ਰ ਨੇ ਹੁਣ ਤੱਕ ਪਰ ਤੈਥੋਂ ਵਧਕੇ ਕਮਾਲ ਨਈਂਓ ਵੇਖਿਆ।

ਦਸਵੇਂ ਨਾਨਕ

ਤੇਗ਼ਾਂ ਉੱਤੇ ਉੱਕਰੇ ਗਏ ਵਾਕ ’ਚੌਪਈ’ ਦੇ ਹਵਾ ਵਿੱਚ ਆਹਟ ਕੋਈ ਖੰਡਿਆਂ ਦੀ ਗੂੰਜ ਗਈ ਤੀਰਾਂ ਉੱਤੇ ਲਿਖ ਦਿੱਤਾ ਜਾਪੁ ਸਾਹਿਬ ਤੁਸਾਂ ਨੇ ਦੀਦ ਥੋਡੀ ਬਦੀਆਂ ਦੇ ਕਿਲਿਆਂ ਨੂੰ ਹੂੰਝ ਗਈ।

ਲਾਹੌਰ

ਚੇਤਿਆਂ ’ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ ਨਾਨਕ, ਫਰੀਦ ਵਾਲੇ ਸਾਕ ਜਿੰਦਾ ਰਹਿਣਗੇ ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਸਿੰਜੀ ਜਿਹੜੀ ਬਾਬਿਆਂ ਨੇ ਭੋਂ ਨਈਂਓ ਸੁੱਕਣੀ ਸਾਈਂ ਮੀਆਂ ਮੀਰ ਵਾਲੀ ਸਾਂਝ ਨਈਂਓ ਮੁੱਕਣੀ ਔਰੰਗੇ, ਮੱਸੇ, ਜ਼ਕਰੀਏ ਹੋਰ ਮੁੱਕ ਜਾਂਦੇ ਨੇ ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਝਨਾਂ ਦਿਆਂ ਨੀਰਾਂ ਤੇ ਪ੍ਰੀਤ ਰਹੂ ਤਰਦੀ ਬੇਲਿਆਂ ਚੋਂ ਵੰਝਲੀ ਦੀ ਹੂਕ ਨਈਂਓ ਮਰਦੀ ਕੈਦੋਂ ਸਾਰੇ ਪਲਕਾਂ ਦੇ ਫੋਰ ਮੁੱਕ ਜਾਂਦੇ ਨੇ ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਲੰਗਰਾਂ ਦੀ ਦਾਤ ਮਿਲੂ ਬਾਬੇ ਦਿਆਂ ਵੀਹਾਂ ਚੋਂ ਉੱਗ ਪੈਣੀ ਸ਼ਰਧਾ ਸਲੀਬਾਂ, ਸੂਲੀ, ਨੀਹਾਂ ਚੋਂ ਪੰਧ ਉੱਤੇ ਕੰਡੇ, ਸੂਲਾਂ, ਥੋਹਰ ਮੁੱਕ ਜਾਂਦੇ ਨੇ ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ।

ਰਾਵੀ ਦੇ ਪਾਣੀ

ਝੰਗ ਦਿਆਂ ਰਾਹਾਂ ਜਿਹੀ ਤੇਰੀ ਹੈ ਤਾਸੀਰ ਜਮਾਂ ਚਾਕ ਤਾਂ ਨਈਂ ਜੋਗੀਆਂ ਦੇ ਦਰ ਦਾ ਰਾਵੀ ਦਿਆਂ ਪਾਣੀਆਂ ’ਚ ਪੈਰ ਜਦੋਂ ਰੱਖਦੀ ਆਂ ਤੱਕਾਂ ਪਰਛਾਵਾਂ ਤੇਰਾ ਤਰਦਾ। ਝਨਾਂ ਦਿਆਂ ਨੀਰਾਂ ਜਿਹਾ ਮੱਥੇ ਤੇ ਜਲੌਅ ਹੈ ਤੇਰੇ ਕੇਸ ਤੇਰੇ ਲੰਮੜੇ ਬਿਆਸ ਤੋਂ ਸਾਡੀਆਂ ਤਾਂ ਅਕਲਾਂ ਦੀ ਹੱਦ ਬੜੀ ਛੋਟੀ ਚੰਨਾਂ ਤੂੰ ਤਾਂ ਪਰੇ ਸੋਚਦੈ ਅਕਾਸ਼ ਤੋਂ ਚਿੱਤ ਕਰੇ ਉੱਚੀ ਦੇਣੇ ਤਾਰਿਆਂ ਤੋਂ ਪੁੱਛ ਲਵਾਂ ਹਾਕ ਮਾਰ ਪਤਾ ਤੇਰੇ ਘਰ ਦਾ ਰਾਵੀ ਦਿਆਂ ਪਾਣੀਆਂ ’ਚ ਪੈਰ ਜਦੋਂ ਰੱਖਦੀ ਆਂ ਤੱਕਾਂ ਪਰਛਾਵਾਂ ਤੇਰਾ ਤਰਦਾ । ਮੱਠਾ-ਮੱਠਾ ਭੁੱਬਲ ’ਚ ਹੁੰਦਾ ਜਿਵੇਂ ਸੇਕ ਇੰਝ ਨੇਤਰਾਂ ’ਚ ਤੇਰੇ ਕੋਈ ਸਰੂਰ ਐ ਸਤਲੁਜ ਜਿਹੀ ਤੇਰੀ ਤੋਰ ’ਚ ਰਵਾਨੀ ਤੇਰੇ ਮੁੱਖ ਉੱਤੇ ਧੁੱਪ ਜਿਆ ਨੂਰ ਐ ਮਿੱਠੀ ਮਿੱਠੀ ਵਾਸ਼ਨਾ ਜੀ ਹਵਾ ਵਿੱਚ ਉੱਡੀ ਜਾਵੇ ਹੱਥ ਤੂੰ ‘ਜਾ ਤਲੀਆਂ ਤੇ ਧਰਦਾ ਰਾਵੀ ਦਿਆਂ ਪਾਣੀਆਂ ’ਚ ਪੈਰ ਜਦੋਂ ਰੱਖਦੀ ਆਂ ਤੱਕਾਂ ਪਰਛਾਵਾਂ ਤੇਰਾ ਤਰਦਾ। ਸਿੰਧ ਦਿਆਂ ਪਾਣੀਆਂ ’ਚ ਮਿਸ਼ਰੀ ਨੂੰ ਘੋਲ ਕੇ ਤੂੰ ਸੱਚੀਂ ਰੱਖ ਰੱਖਿਐ ਜੁਬਾਨ ਤੇ ਜੇਹਲਮ ਦਾ ਆਬ ਪੜ੍ਹੇ ਨਜ਼ਮਾਂ ਹਜ਼ੂਰ ਅਸੀਂ ਸੁਣਿਆ ਕਿ ਤੇਰੀ ਮੁਸਕਾਨ ਤੇ ਆਸ਼ਕ ਦੀ ਈਦ ਹੁੰਦੀ ਜਦੋਂ ਤੇਰੀ ਦੀਦ ਹੁੰਦੀ ਬੱਦਲ ਹੈ ਸੋਕਿਆਂ ਤੇ ਵਰ੍ਹਦਾ ਰਾਵੀ ਦਿਆਂ ਪਾਣੀਆਂ ’ਚ ਪੈਰ ਜਦੋਂ ਰੱਖਦੀ ਆਂ ਤੱਕਾਂ ਪਰਛਾਵਾਂ ਤੇਰਾ ਤਰਦਾ।

ਰਬਾਬ

ਸ਼ਬਦ ਪੀਰ ਭੱਥੇ ਤਕਦੀਰ ਹੋਏ ਜਾਪੁ, ਚੌਪਈ ਆਦਿ ਜੁਗਾਦਿ ਗੂੰਜੇ ਤੇਰੀ ਸੋਹਬਤ ਮਿਲੀ ਜਦ ਨੇਤਰਾਂ ਨੂੰ ਸਾਹਾਂ-ਸੁਰਤਾਂ ’ਚ ਇਸ਼ਕ ਦੇ ਨਾਦ ਗੂੰਜੇ ਕੀਹਨੇ ਠੱਲ੍ਹਣੇ ਵੇਗ਼ ਅਕੀਦਤਾਂ ਦੇ ਡੱਕੇ ਬੁੱਲ੍ਹਿਆਂ ਕਦੋਂ ਉਕਾਬ ਬਾਬਾ ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ ਵੱਜੇ ਦੇਹਾਂ ’ਚ ਤੇਰੀ ਰਬਾਬ ਬਾਬਾ। ਚੜ੍ਹੇ ਹੁਸਨ ਹੌਸਲੇ, ਜਜ਼ਬਿਆਂ ਨੂੰ ਸੁੱਚੇ ਇਸ਼ਕ ਦਾ ਜਦ ਪ੍ਰਕਾਸ਼ ਹੋਇਆ ਮੱਥੇ ਚਮਕੇ ਸਿਦਕ ਦੀ ਬਾਤ ਚੱਲੀ ਅਰਪਿਤ ਦੀਨ ਨੂੰ ਹਰ ਸੁਆਸ ਹੋਇਆ ਬ੍ਰਹਿਮੰਡ ਵੈਰਾਗ ’ਚ ਲੀਨ ਹੋਏ ਤੇਰੇ ਹੱਥਾਂ ਛੂਹੇ ਜਦ ਆਬ ਬਾਬਾ ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ ਵੱਜੇ ਦੇਹਾਂ ’ਚ ਤੇਰੀ ਰਬਾਬ ਬਾਬਾ। ਉੱਡੀ ਮਹਿਕ ਤੇਰੀ ਰਬਾਬ ਵਿੱਚੋਂ ਢਲਕੇ ਤੇਗ਼ਾਂ ’ਚ ਨਿਰਾ ਜਮਾਲ ਹੋਈ ਜੋਸ਼ ਗਏ ਤਰਾਸ਼ੇ ਆਣ ਪੰਧ ਉੱਤੇ ਬੰਦਗੀ ਹੋਰ ਦੀ ਹੋਰ ਕਮਾਲ ਹੋਈ ਵਾਕ ਬਾਣੀਆਂ ਦੇ ਤਰਨ ਪਾਣੀਆਂ ਤੇ ਗਾਥਾ ਇਸ਼ਕ ਦੀ ਗਾਏ ਪੰਜਾਬ ਬਾਬਾ ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ ਵੱਜੇ ਦੇਹਾਂ ’ਚ ਤੇਰੀ ਰਬਾਬ ਬਾਬਾ। ਨਿਰਭਉ ਨਿਰਵੈਰ ਦੇ ਹੁਕਮ ਹੋਏ ਮਿਟੇ ਫਾਸਲੇ ਮਜ਼੍ਹਬ ਤੇ ਜਾਤ ਵਾਲੇ ਰੱਤ ਵਿੱਚ ਚੰਡੀ ਦਾ ਵਾਸ ਹੋਇਆ ਪੀਤੇ ਘੁੱਟ ਤੇਰੀ ਜਦ ਦਾਤ ਵਾਲੇ ਬਰਸੇ ਮੇਘ ਜੀਕਣ ਅਸਮਾਨ ਵਿੱਚੋਂ ਰਚੀ ਸਿਦਕਾਂ ’ਚ ਐਸੀ ਤਾਬ ਬਾਬਾ ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ ਵੱਜੇ ਦੇਹਾਂ ’ਚ ਤੇਰੀ ਰਬਾਬ ਬਾਬਾ।

ਲਸ਼ਕਰ ਹੁਸਨ ਦਾ

ਲਸ਼ਕਰ ਹੁਸਨ ਦਾ ਰੂਹ ਤੇ ਕਰੇ ਹਮਲੇ ਤੀਰ ਉਡੇ ਨੇ ਓਹਦੀ ਮੁਸਕਾਨ ਵਿੱਚੋਂ ਉਹਦੇ ਨੈਣਾਂ ਦੀ ਤੇਗ਼ ਨੇ ਵਾਰ ਕੀਤੈ ਅਕਲ ਵਿਦਾ ਹੋਈ ਵੱਡੇ ਖਾਨ ਵਿੱਚੋਂ।

ਸਿਖਰਾਂ ਦਾ ਮੌਨ

ਸਿਖਰਾਂ ਦਾ ਮੌਨ ਹੋਵੇ ਵਗ ਰਹੀ ਪੌਣ ਹੋਵੇ ਮੱਠੀ-ਮੱਠੀ ਧੁੱਪ ਹੋਵੇ ਕਾਇਨਾਤ ਚੁੱਪ ਹੋਵੇ ਤੇਰੇ ਕੇਸੀਂ ਹੱਥ ਹੋਣ ਵਸਲਾਂ ਦੀ ਰਾਤ ਹੋਵੇ ਬੁੱਲ੍ਹੀਆਂ ਖ਼ਾਮੋਸ਼ ਹੋਣ ਨੈਣਾਂ ਰਾਹੀਂ ਬਾਤ ਹੋਵੇ। ਹੁਸਨ ਦੇ ਸਾਗਰਾਂ ’ਚ ਰੂਹ ਡੁੱਲ੍ਹ ਰਹੀ ਹੋਵੇ ਪੜ੍ਹੀ ਲਿਖੀ ਸਾਰੀ ਹੀ ਤਾਲੀਮ ਭੁੱਲ ਰਹੀ ਹੋਵੇ ਆਸ਼ਕਾਂ ਦੇ ਕਾਸਿਆਂ ’ਚ ਦੀਦ ਵਾਲੀ ਦਾਤ ਹੋਵੇ ਬੁੱਲ੍ਹੀਆਂ ਖ਼ਾਮੋਸ਼ ਹੋਣ ਨੈਣਾਂ ਰਾਹੀਂ ਬਾਤ ਹੋਵੇ। ਹਲਕੀ ਜੀ ਬੱਦਲੀ ’ਚ ਮੱਠੀ ਮੱਠੀ ਕਣੀ ਹੋਵੇ ਕੁਦਰਤ ਸਾਰੀ ਤੇਰੇ ਰੰਗ ਜਿਹੀ ਬਣੀ ਹੋਵੇ ਸੁੱਤੇ ਸਭ ਲੋਕ ਹੋਣ ਗੂੰਜ ਰਹੀ ਨਾਅਤ ਹੋਵੇ ਬੁੱਲ੍ਹੀਆਂ ਖ਼ਾਮੋਸ਼ ਹੋਣ ਨੈਣਾਂ ਰਾਹੀਂ ਬਾਤ ਹੋਵੇ। ਹੁਜ਼ਰੇ ’ਚ ਬੈਠਾ ਕੋਈ ਹੀਰ ਪੜ੍ਹ ਰਿਹਾ ਹੋਵੇ ਅੰਬਰਾਂ ਨੂੰ ਇਸ਼ਕੇ ਦਾ ਰੰਗ ਚੜ੍ਹ ਰਿਹਾ ਹੋਵੇ ਸ਼ਾਲਾ ਮਹਿਬੂਬ ਦੀਆਂ ਬਾਹਾਂ ’ਚ ਵਫ਼ਾਤ ਹੋਵੇ ਬੁੱਲ੍ਹੀਆਂ ਖ਼ਾਮੋਸ਼ ਹੋਣ ਨੈਣਾਂ ਰਾਹੀਂ ਬਾਤ ਹੋਵੇ।

ਵਸਲਾਂ ਦੀ ਠੰਢਕ

ਦੱਸੀਂ ਮਾਂਏ ਕਿਹੇ ਸੀ ਈਮਾਨ ਉਹਨਾਂ ਆਸ਼ਕਾਂ ਦੇ ਜਿਹੜੇ ਸੀ ਪਹਾੜਾਂ ਨੂੰ ਵੀ ਚੀਰਦੇ ਤਖ਼ਤ ਹਜ਼ਾਰਿਆਂ ਦੇ ਵੱਲ ਦੀ ਕੋਈ ਗੱਲ ਦੱਸੀਂ ਦੁੱਖੜੇ ਸੁਣਾਈ ਮਾਈ ਹੀਰ ਦੇ। ਵਸਲਾਂ ਦੀ ਠੰਢਕ ਦੇ ਬਾਰੇ ਦੱਸੀਂ ਮਾਂਏ ਮੈਨੂੰ ਪੀੜ ਦੱਸੀਂ ਬਿਰਹੋਂ ਦੀ ਚੀਸ ਦੀ ਈਸਾ ਤੇ ਯੋਹੰਨਾ ਦੀ ਵੀ ਬਾਤ ਕੋਈ ਦੱਸੀਂ ਮਾਂਏ ਵਾਰਤਾ ਸੁਣਾਈ ਕੋਈ ਹਦੀਸ ਦੀ। ਆਦਿ ਤੇ ਜੁਗਾਦਿ ਦੀਆਂ ਬਾਤਾਂ ਜਿੱਥੇ ਪੈਂਦੀਆਂ ਨੇ ਖ਼ਬਰ ਕੋਈ ਦੱਸੀਂ ਓਸ ਰਾਹ ਦੀ ਰਬਾਬ ਤੇ ਰਹੱਸ ਜਿੱਥੇ ਫਿਜ਼ਾ ਵਿੱਚ ਤੈਰਦੇ ਨੇ ਸਾਖੀ ਕੋਈ ਸੁਣਾਈ ਪਾਤਸ਼ਾਹ ਦੀ। ਇਸ਼ਕੇ ਦੇ ਨੂਰ ਦੇ ਸਰੂਰ ਕਿਵੇਂ ਚੜ੍ਹਦੇ ਨੇ ਕਿਵੇਂ ਰੂਹਾਂ ਜਾਂਦੀਆਂ ਨੇ ਰੰਗੀਆਂ? ਕਿਹੋ ਜਿਹਾ ਦਾਜ ਜੋੜ ਜਾਣਾ ਪੈਂਦਾ ਮਾਹੀ ਵੱਲ ਜਿੱਥੇ ਜਿੰਦਾਂ ਜਾਂਦੀਆਂ ਨੇ ਮੰਗੀਆਂ ? ਫ਼ਿਰਦੌਸ ਤੇ ਜਹੰਨਮ ਦੇ ਬਾਰੇ ਦੱਸੀਂ ਮਾਂਏ ਦੱਸੀਂ ਫ਼ਰਕ ਕੀ ਕੁਫ਼ਰ ਈਮਾਨ ’ਚ ਹਸ਼ਰਾਂ ਦੇ ਰੋਜ਼ ਦਾ ਨਜ਼ਾਰਾ ਦੱਸੀਂ ਮਾਂਏ ਮੈਨੂੰ ਜਿਸਦਾ ਏ ਜ਼ਿਕਰ ਕੁਰਾਨ ’ਚ।

ਇਤਰਾਂ ਦੀ ਜਾਈ

ਮਹਿਕਾਂ ਦੇ ਕੁੱਖੋਂ ਜਨਮੀਂ ਇਤਰਾਂ ਦੀ ਜਾਈ ਐ ਯੂਸਫ਼ ਦੇ ਸ਼ਹਿਰੋਂ ਏ ਜਾਂ ਫਿਰ ਹਮਸਾਈ ਐ। ਤੱਕਣੀ ਵਿੱਚ ਨੂਰ ਇਲਾਹੀ ਰੂਹਾਂ ਵਿੱਚ ਵੜਦੀ ਐ ਸਾਹਾਂ ਨਾਲ ਕਰੇ ਤਿਲਾਵਤ ਆਇਤਾਂ ਨੂੰ ਪੜ੍ਹਦੀ ਐ। ਆਸ਼ਕ ਦਹਿਲੀਜ਼ ਉਹਦੀ ਤੇ ਜਾਚਕ ਬਣ ਆਉਂਦੇ ਨੇ ਨਦੀਆਂ ਤੇ ਝਰਨੇ ਓਹਦੀ ਉਸਤਤ ਨੂੰ ਗਾਉਂਦੇ ਨੇ। ਪੀਰਾਂ ਦੀ ਤਸਬੀ ਵਰਗੀ ਹੀਰਾਂ ਦੀ ਚੂਰੀ ਐ ਮੁੱਖੜੇ ਤੇ ਪਰਤ ਹਯਾ ਦੀ ਨੈਣੀਂ ਕਸਤੂਰੀ ਐ। ਚੰਦਨ ਦੀ ਖੁਸ਼ਬੂ ਏ ਜਾਂ ਕਲਮੇਂ ਦਾ ਰੂਪ ਕੋਈ ਬੰਦਗੀ ਦੇ ਵਰਗੀ ਦਾ ਏ ਵੱਖਰਾ ਸਰੂਪ ਕੋਈ । ਵਾਸ਼ਨਾ ਖਿੰਡੇ ਚੁਫੇਰੇ ਖੋਲ੍ਹੇ ਜਦ ਕੇਸਾਂ ਨੂੰ ਤੱਕ ਕੇ ਉਹਦੇ ਕੌਤਕ ਭੁੱਲੇ ਬੰਦਗੀ ਦਰਵੇਸ਼ਾਂ ਨੂੰ ਫਜ਼ਰ ਦੀ ਰੰਗਤ ਹੈ ਜਾਂ ਢਲਦੀ ਸ਼ਾਮ ਜਿਹੀ ਅਰਸ਼ਾਂ ਤੋਂ ਨਾਜ਼ਲ ਹੋਏ ਰੱਬੀ ਪੈਗ਼ਾਮ ਜਿਹੀ।

ਅਲਫ਼ ਤੇ ਮੀਮ

ਛੱਲਾ ਮੇਰਾ ਜੀਅ ਢੋਲਾ ਕੰਨੀਂ ਵੰਝਲੀ ਦਾ ਸੁਰ ਪੈਂਦੈ ਇਸ਼ਕ ਅਵੱਲੜਾ ਹੁੰਦੈ ਛੱਡ ਤਖ਼ਤਾਂ ਨੂੰ ਤੁਰ ਪੈਂਦੈ। ਛੱਲਾ ਮੇਰਾ ਜੀਅ ਢੋਲਾ ਹੱਥ ਰੱਖਿਆ ਕੁਰਾਨ ਉੱਤੇ ਤੇਰਾ ਹੀ ਸਰੂਪ ਜਾਪਦੇ ਜਿੰਨੇ ਤਾਰੇ ਅਸਮਾਨ ਉੱਤੇ। ਛੱਲਾ ਮੇਰਾ ਜੀਅ ਢੋਲਾ ਸਭ ਭਰਮ ਫਿਜ਼ੂਲ ਹੋਏ ਗਿਰਜੇ ਚੋਂ ਸੁਣੇ ਆਰਤੀ ਜਦੋਂ ਇਸ਼ਕ ਨਜ਼ੂਲ ਹੋਏ। ਛੱਲਾ ਮੇਰਾ ਜੀਅ ਢੋਲਾ ਤੇਰਾ ਇਸ਼ਕ ਅਜ਼ੀਮ ਹੋਵੇ ਬਾਕੀ ਸਾਰਾ ਇਲਮ ਭੁੱਲੇ ਚੇਤੇ ਅਲਫ਼ ਤੇ ਮੀਮ ਹੋਵੇ। ਛੱਲਾ ਮੇਰਾ ਜੀਅ ਢੋਲਾ ਅੱਖ ਟਿਕੀ ਏ ਸਰੂਰ ਉੱਤੇ ਹਿਰਾ ਵਿੱਚ ਜਲਵਾ ਜੀਹਦੈ ਓਹੀ ਦਿਸਦਾ ਏ ਤੂਰ ਉੱਤੇ।

ਰਮਜ਼

ਕਿ ਤੇਰੀ ਖ਼ਾਮੋਸ਼ੀ ਦੇ ਅਰਥਾਂ ਤੇ ਜਾਵਾਂ ਜਾਂ ਨਾਦਾਂ ਹਵਾਵਾਂ ਦੇ ਸ਼ੋਰਾਂ ਨੂੰ ਸਮਝਾਂ? ਨੇ ਚੁੱਪੀ ’ਚ ਭੇਦ ਹਜ਼ਾਰਾਂ ਹੀ ਲਿਪਟੇ ਤੇ ਬੋਲੀ ’ਚ ਲੁਕੀਆਂ ਨੇ ਲੱਖਾਂ ਹੀ ਰਮਜ਼ਾਂ।

ਪੈਗੰਬਰਾਂ ਦੀ ਵਾਟ

ਆਹਟ ਚੁੱਪ ਤੇ ਮੌਨਾਂ ਵਾਲੇ ਵੇਗ਼ ਦੇ ਪਾੜੇ ਮਿਟ ਜਾਂਦੇ ਨੇ ਬਾਬਾ ਤੇਰੀ ਛੋਹ ਨਾਲ ਤਸਬੀ ਤੇਗ਼ ਦੇ ਪਾੜੇ ਮਿਟ ਜਾਂਦੇ ਨੇ। ਸਾਡਾ ਅਕੀਦਾ ਹੈ ਪਲਕਾਂ ਦੇ ਫੋਰ ਸਫ਼ਰ-ਏਮਿਰਾਜ਼ ਹੋ ਜਾਣ ਤੇ। ਸਾਨੂੰ ਵਿਸ਼ਵਾਸ ਹੈ ਕਿ ਤੇਗ਼ ਤੇ ਤਸਬੀ ਇੱਕੋ ਹੀ ਹੈ। ਜਦੋਂ ਤੁਹਾਡੀਆਂ ਰੂਹਾਂ ਤੇ ਰੂਹਾਨੀ ਕੌਤਕਾਂ ਦੀ ਛਾਂ ਹੋ ਜਾਵੇ ਤਾਂ ਲੋਹੇ ਨਾਲ ਮੜ੍ਹੇ ਹਾਥੀਆਂ ਨਾਲ ਟਕਰਾ ਜਾਣਾ ਤੇ ਦੇਹਾਂ ਨੂੰ ਆਰਿਆਂ ਨਾਲ ਚਿਰਵਾ ਲੈਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਸ਼ਕ ਦੇ ਰਾਹ ਦੇ ਪਾਂਧੀਆਂ ਲਈ ਦੇਹਾਂ ਲਿਬਾਸ ਮਾਤਰ ਹੀ ਹੋ ਜਾਂਦੀਆਂ ਨੇ। ਜਦੋਂ ਇਸ਼ਕ ਦੀ ਅੱਗ ਦੇਹਾਂ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਸੂਲੀਆਂ ਨੂੰ ਸਾਹਮਣੇ ਤੱਕ ਕੇ ਵੀ ਅਨਲਹੱਕ ਦੇ ਨਾਅਰੇ ਗੂੰਜ ਉੱਠਦੇ ਹਨ ਪਰ ਅਖੌਤੀ ਤਰਕ ਦੀ ਗਰਦ ਵਿੱਚ ਲਿੱਬੜੀਆਂ ਜੀਭਾਂ ਤਾਂ ਸੇਜਾਂ ਤੇ ਬੈਠ ਕੇ ਵੀ ਕੰਬ ਰਹੀਆਂ ਹੁੰਦੀਆਂ ਨੇ। ਮੈਨੂੰ ਖ਼ੈਬਰ ਦੀ ਜੰਗ ਦਾ ਵਾਕਿਆ ਚੇਤੇ ਆ ਰਿਹੈ। ਖ਼ੈਬਰ ਦੇ ਕਿਲੇ ਦਾ ਜੋ ਦਰਵਾਜ਼ਾ ਕਈ ਸਹਾਬੀਆਂ ਤੋਂ ਰਲਕੇ ਨਹੀਂ ਤੋੜਿਆ ਜਾ ਰਿਹਾ ਉਸਨੂੰ ਹਜ਼ਰਤ ਅਲੀ ਤੋੜਦੇ ਹਨ ਤੇ ਆਪਣੀ ਢਾਲ ਬਣਾ ਲੈਂਦੇ ਨੇ। ਕਿਲ੍ਹਾ ਫ਼ਤਿਹ ਤੋਂ ਬਾਅਦ ਮੌਜੂਦ ਹਜ਼ਰਾਤ ਨੇ ਪੁੱਛਿਆ ਕਿ ਹਜ਼ਰਤ ਅਜਿਹਾ ਕੀ ਕਮਾਲ ਸੀ ਕਿ ਜੋ ਕਾਰਜ ਕਈਆਂ ਤੋਂ ਰਲਕੇ ਨਹੀਂ ਹੋਇਆ ਤੁਸੀਂ ਇਕੱਲਿਆਂ ਹੀ ਕਰ ਦਿੱਤਾ। ਫ਼ੁਰਮਾਇਆ ਹਜ਼ਰਤ ਕਿ ਜਦੋਂ ਮੈਂ ਕਿਲ੍ਹੇ ਦੇ ਦਰਵਾਜ਼ੇ ਵੱਲ ਵਧ ਰਿਹਾ ਸੀ ਤਾਂ ਮੇਰੇ ਮਹਿਬੂਬ ਹਜ਼ਰਤ ਮੁਹੰਮਦ (ਸ) ਦੀ ਹਲਕੀ ਜਿਹੀ ਨਿਗਾਹ ਮੇਰੇ ਵੱਲ ਹੋ ਗਈ ਤੇ ਇਹ ਸਾਰਾ ਕਮਾਲ ਹੀ ਹਜ਼ੂਰ ਦੀ ਨਿਗਾਹ ਏ ਮੁਬਾਰਕ ਦਾ ਹੈ। ਹੁਣ ਜਦੋਂ ਪੈਗੰਬਰਾਂ ਦੀ ਸੁੱਚੀ ਨਜ਼ਰ ਤੁਹਾਡੇ ਵੱਲ ਹੋ ਜਾਵੇ ਤਾਂ ਖ਼ੈਬਰ ਦੇ ਦਰਵਾਜ਼ੇ ਨੂੰ ਢਾਲ ਬਣਾ ਲੈਣ ਵਰਗੇ ਵਰਤਾਰੇ ਸਹਿਜੇ ਹੀ ਹੋ ਜਾਇਆ ਕਰਦੇ ਨੇ। ਸਾਡੀ ਮਾਨਸਿਕਤਾ ਏਨੇ ਨਿਘਾਰ ਵੱਲ ਜਾ ਚੁੱਕੀ ਹੈ ਕਿ ਅਸੀਂ ਪੈਗੰਬਰਾਂ ਦੀ ਤੁਲਨਾ ਕੁਝ ਬੇਤੁਕੇ ਤਰਕਾਂ ਤੇ ਹੋਸ਼ੀਆ ਦਲੀਲਾਂ ਰਾਹੀਂ ਆਮ ਵਰਤਾਰਿਆਂ ਜਾਂ ਮਨੁੱਖਾਂ ਨਾਲ ਕਰਨ ਲੱਗੇ ਹਾਂ। ਉਸ ਵਰਤਾਰੇ ਦੀ ਵਿਆਖਿਆ ਅਸੀਂ ਅਕਲ ਦੇ ਘੋੜੇ ਦੌੜਾ ਕੇ ਬੌਧਿਕ ਤਲ ਤੋਂ ਕਰਦੇ ਹਾਂ ਜੋ ਰੂਹਾਨੀ ਤਲ ਤੇ ਵਾਪਰਿਆ। ਤੇ ਉੱਥੇ ਅਸੀਂ ਤਰਕਾਂ ਦੀ ਭਾਰੀ ਪੰਡ ਚੁੱਕੀ ਫਿਰਦੇ ਹਾਂ ਜੋ ਕੇਵਲ ਵਿਸ਼ਵਾਸ ਤੇ ਅਕੀਦੇ ਦਾ ਰਾਹ ਹੈ। ਤੇ ਫਿਰ ਅਸੰਤੁਸ਼ਟ ਪਰਤ ਆਉਂਦੇ ਹਾਂ ਭਰਮ ਦੇ ਬੱਦਲਾਂ ਵਿੱਚ ਲੁਪਤ ਹੋ ਕੇ ਖਾਲੀ ਹੱਥ। ਭਲਾ ਚਾਨਣ ਦਾ ਵੀ ਕਦੇ ਅਨੁਵਾਦ ਹੋਇਆ? ਰੋਸ਼ਨੀਆਂ ਨੂੰ ਵੀ ਕਿਸੇ ਨੇ ਕੈਦ ਕੀਤਾ? ਤੇ ਕਦੇ ਤਰਕਾਂ ਨੇ ਵੀ ਪੈਗੰਬਰਾਂ ਦੀ ਵਾਟ ਨਾਪੀ ਹੈ? ਤੁਹਾਡੀ ਬੌਧਿਕ ਪਹੁੰਚ ਦੀ ਹੱਦ ਕੇਵਲ ਕੀ, ਕਿਉਂ ਤੇ ਕਿਵੇਂ ਤੱਕ ਸੀਮਿਤ ਹੋ ਸਕਦੀ ਹੈ। ਪਰ ਵਿਸ਼ਵਾਸ ਦੇ ਪੰਧ ਦੇ ਰਾਹੀ ਜਾਣਦੇ ਨੇ ਕਿ ਕਿਵੇਂ ਸੀਸ ਨੂੰ ਤਲੀ ਤੇ ਰੱਖ ਕੇ ਮਹਿਬੂਬ ਦੀ ਗਲੀ ਵਿੱਚ ਦਾਖਲ ਹੋਣਾ ਹੈ। ਕਿਵੇਂ ਸੁੰਨ ਤੇ ਸਮਾਧੀਆਂ ’ਚ ਗੂੰਜਦੇ ਨੇ ਸਾਜ ਕਿਵੇਂ ਅੰਤ ਹੀ ਹਕੀਕਤਾਂ ’ਚ ਹੁੰਦੇ ਨੇ ਅਗਾਜ਼ ਕਿਹੇ ਹੁਮਾ ਕੋਲ ਕੌਤਕ ਕਿ ਬਖਸ਼ਦੈ ਤਾਜ ਕਿਵੇਂ ਪਲਕਾਂ ਦੇ ਫੋਰ ਹੁੰਦੇ ਸਫ਼ਰ-ਏ-ਮਿਰਾਜ਼ ਦਮ ਅਕਲਾਂ ਨੇ ਤੋੜੇ ਤੇਰੀ ਰਮਜ਼ ਵਿਰਾਟ ਕਦੋਂ ਤਰਕਾਂ ਨੇ ਨਾਪੀ ਏ ਪੈਗੰਬਰਾਂ ਦੀ ਵਾਟ। ਕਿਵੇਂ ਯੂਸਫ਼ ਨੇ ਤੱਕ ਲਏ ਹਕੀਕਤੀ ਖ਼ੁਆਬ ਕਿਵੇਂ ਕੋਹੇ ਤੂਰ ਉੱਤੇ ਕੋਈ ਲਿਸ਼ਕੀ ਸੀ ਤਾਬ ਕਿਵੇਂ ਰੱਤ ਵਿੱਚ ਚੰਡੀਆਂ ਦਾ ਵਾਸ ਕਰੇ ਆਬ ਕਿਵੇਂ ਤੇਗ਼ ਦੇ ਖੜਾਕ ਵਿੱਚੋਂ ਸੁਣਦੀ ਰਬਾਬ ਤਾਪ ਬੁੱਧੀਆਂ ਨੂੰ ਚੜ੍ਹੇ ਛਿੜੇ ਸੋਚੀਂ ਝਰਨਾਟ ਕਦੋਂ ਤਰਕਾਂ ਨੇ ਨਾਪੀ ਏ ਪੈਗੰਬਰਾਂ ਦੀ ਵਾਟ। ਕਿਵੇਂ ਪਲਾਂ ’ਚ ਸ਼ੈਤਾਨ ਹੋ ਗਿਆ ਇਬਲੀਸ ਕਿਵੇਂ ਤਬੀਆਂ ਤੇ ਬੈਠ ਕੇ ਸਕੂਨ ਹੋਜੇ ਚੀਸ ਕਿਵੇਂ ਰੱਖੇ ਵਿਸਮਾਦ ’ਚ ਕੋਈ ਤਲੀਆਂ ਤੇ ਸੀਸ ਕਿਵੇਂ ਕੁਫ਼ਰ ਦੇ ਰੌਲਿਆਂ ’ਚ ਗੂੰਜਦੀ ਹਦੀਸ ਕਿਸ ਬਿੰਦੂ ਉੱਤੇ ਜਾਕੇ ਮਿਲ ਜਾਂਦੇ ਨੀਰ-ਲਾਟ ਕਦੋਂ ਤਰਕਾਂ ਨੇ ਨਾਪੀ ਏ ਪੈਗੰਬਰਾਂ ਦੀ ਵਾਟ। ਕਿਵੇਂ ਸਗਲ ਕਾਇਨਾਤ ਹੋਈ ਕੁਨ ਤੋਂ ਤਾਮੀਰ ਕਿਵੇਂ ਰੱਬ ਰਾਂਝਾ ਅਤੇ ਸਭ ਦੇਹੀਆਂ ਨੇ ਹੀਰ ਤੱਕ ਆਰਿਆਂ ਨੂੰ ਹੱਸੇ ਓਹੋ ਕਿਹੇ ਸੀ ਫਕੀਰ ਕਿਵੇਂ ਰੂਹਾਂ ਨੂੰ ਵੀ ਬੈਅਤ ਕਰਵਾ ਦਿੰਦੈ ਪੀਰ ਕਿਵੇਂ ਨੌਂ ਦਰ ਲੰਘ ਖੁੱਲ੍ਹੇ ਦਸਵਾਂ ਕਪਾਟ ਕਦੋਂ ਤਰਕਾਂ ਨੇ ਨਾਪੀ ਏ ਪੈਗੰਬਰਾਂ ਦੀ ਵਾਟ। ਤਰਕ ਲਾਜ਼ਮੀ ਹੈ ਪਰ ਉਹਨਾਂ ਵਰਤਾਰਿਆਂ ਤੇ ਜੋ ਦਲੀਲਾਂ ਤੇ ਤਰਕਾਂ ਦੇ ਦਾਇਰੇ ਵਿੱਚ ਆਉਂਦੇ ਨੇ। ਕਈ ਵਰਤਾਰੇ ਦਲੀਲਾਂ, ਅਕਲਾਂ ਤੇ ਤਰਕਾਂ ਤੋਂ ਪਰ੍ਹੇ ਵੀ ਹੁੰਦੇ ਨੇ। ਕੁਝ ਗੱਲਾਂ ਦੀ ਤਾਂ ਵਿਆਖਿਆ ਵੀ ਨਹੀਂ ਹੁੰਦੀ। ਕਈ ਕਥਨ ਤਾਂ ਹੁੰਦੇ ਹੀ ਅਕੱਥ ਨੇ। ਮੈਨੂੰ ਬੜਾ ਹਾਸੋਹੀਣਾ ਜਿਹਾ ਜਾਪਦਾ ਹੁੰਦੈ ਜਦੋਂ ਕੋਈ ਮੌਨ ਦੀ ਵਿਆਖਿਆ ਬੋਲ ਕੇ ਕਰ ਰਿਹਾ ਹੁੰਦੈ । ਇਹ ਬਿਲਕੁਲ ਏਦਾਂ ਹੀ ਹੈ ਜਿਵੇਂ ਕੋਈ ਨੇਤਰਹੀਣ ਚਾਨਣ ਦੇ ਹੁਸਨ ਦਾ ਵਰਨਣ ਕਰਨ ਦੀ ਕੋਸ਼ਿਸ਼ ਕਰੇ। ਭਲਾ ਮੌਨ ਦੀ ਵਿਆਖਿਆ ਵੀ ਬੋਲ ਕੇ ਹੋ ਸਕਦੀ ਹੈ? ਮੌਨ ਦੀ ਵਿਆਖਿਆ ਤਾਂ ਖੁਦ ਮੌਨ ਹੋ ਜਾਣਾ ਹੀ ਹੈ। ਖ਼ੈਰ ਅਸੰਖ ਹੀ ਸੀਸ ਫਜ਼ਰ ਵੇਲੇ ਸਿਜਦਿਆਂ ਵਿੱਚ ਝੁੱਕ ਜਾਂਦੇ ਨੇ। ਕਿੰਨੇ ਹੀ ਮੁੱਖ ਅਮ੍ਰਿਤ ਵੇਲੇ ਜਪੁਜੀ ਸਾਹਿਬ ਦਾ ਪਾਠ ਕਰਦੇ ਨੇ। ਬੌਧਿਕ ਪੱਧਰ ਤੋਂ ਉਪਜੀਆਂ ਦਲੀਲਾਂ ਭਾਵੇਂ ਕਿੰਨਾ ਹੀ ਰਹੱਸਮਈ ਵਰਤਾਰਿਆਂ ਦੇ ਕੌਤਕਾਂ ਨੂੰ ਝੁਠਲਾਉਂਦੀਆਂ ਰਹਿਣ ਪਰ ਮਦੀਨੇ ਚੋਂ ਉੱਡੀ ਅਕੀਦੇ ਦੀ ਮਹਿਕ ਤੇ ਨਨਕਾਣਾ ਸਾਹਿਬ ਵਿੱਚ ਗੂੰਜੀ ਰਬਾਬ ਦੀ ਤਾਲ ਜੁਗਾਦਿ ਤੱਕ ਮਾਰਫ਼ਤ ਦੇ ਚਾਨਣ ਬਿਖੇਰਦੀ ਰਹੇਗੀ।

ਰਹਿਤਾਂ ਨੇ ਸੰਵਿਧਾਨ

ਓਟ ਮਿਲੇ ਮਦੀਨਿਓਂ ਤੇ ਸਾਹੀਂ ਵੱਸੇ ਕੁਰਾਨ ਪੈਗੰਬਰੀ ਬੋਲ ਕਾਨੂੰਨ ਨੇ ਤੇ ਰਹਿਤਾਂ ਨੇ ਸੰਵਿਧਾਨ।

ਬੁੱਧਾਂ ਦੇ ਮੌਨ

ਇਸ਼ਕ ਤਾਂ ਪੌਣਾਂ ਦੇ ਵਿਚਲੀ ਮਹਿਕ ਨੂੰ ਵੱਲ ਦੱਸਦੈ ਨੇਤਰਾਂ ਵਿੱਚ ਪਾਉਣ ਦਾ। ਮਿਸ਼ਰੀਆਂ ਵਿੱਚ ਲੌਂਗ ਚੰਦਨ ਪੀਸ ਕੇ ਲੇਪ ਹੈ ਇਹ ਮੱਥਿਆਂ ਤੇ ਲਾਉਣ ਦਾ। ਇਸ਼ਕ ਹੈ ਹਿਜ਼ਰਤ ਕਿ ਯਸ਼ਰਬ ਵੱਲ ਦੀ ਇਸ਼ਕ ਹੈ ਪੈਗ਼ਾਮ ਵਹੀ ਦੇ ਆਉਣ ਦਾ। ਇਸ਼ਕ ਦੀਵੇ ਮਾਰਫ਼ਤ ਦੇ ਬਾਲ ਕੇ ਨਾਮ ਹੁਜਰੇ ਰੂਹਾਂ ਦੇ ਮਹਿਕਾਉਣ ਦਾ। ਸੁਗੰਧ ਹੈ ਇਹ ਜੰਨਤ ਉਲ ਫ਼ਿਰਦੌਸ ਦੀ ਇਤਰ ਇਹ ਬਾਤਨ ਦੀ ਮੈਲ ਧੋਣ ਦਾ। ਵਾਸ਼ਨਾ ਨੂੰ ਰਿਸ਼ਮਾਂ ਵਿੱਚ ਲਪੇਟ ਕੇ ਢੰਗ ਹੈ ਇਹ ਸਾਹਾਂ ਤੇ ਛਿੜਕਾਉਣ ਦਾ । ਇਸ਼ਕ ਹੀ ਚੁੱਪਾਂ ਦੇ ਵਿਚਲਾ ਸ਼ੋਰ ਹੈ ਇਹ ਰੂਪ ਹੈ ਬੁੱਧਾਂ ਦੇ ਮੌਨ ਹੋਣ ਦਾ। ਪਾਕੀਜ਼ਗੀ ਇਹ ਮੂਸਾ ਤੇ ਹੁਸੈਨ ਦੀ ਅੰਤ ਇਹ ਯਜ਼ੀਦ ਤੇ ਫਿਰਔਨ ਦਾ।

ਵਿਸਮਾਦੀ ਰੰਗਤ

ਖ਼ਾਬਾਂ ’ਚ ਖੁੱਲ੍ਹੇ ਸੀ ਦਰਵਾਜ਼ੇ ਰੂਹ ਦੇ ਅੱਖੀਆਂ ਨੇ ਵੱਖਰੇ ਹੀ ਨੂਰ ਨੂੰ ਤੱਕਿਆ। ਕਿਤੇ ਤੱਕੇ ਲਲਾਰੀ ਮੈਂ ਰੰਗਦੇ ਫ਼ਿਜ਼ਾ ਨੂੰ ਕਿਤੇ ਵੱਖਰੇ ਰੂਹਾਨੀ ਸਰੂਰ ਨੂੰ ਤੱਕਿਆ । ਜਿੱਥੇ ਮੂਸਾ, ਮੁਹੰਮਦ ਨੂੰ ਬਖਸ਼ੀ ਪੈਗ਼ੰਬਰੀ ਉਹ ਗਾਰੇ-ਹਿਰਾ ਤੇ ਤੂਰ ਨੂੰ ਤੱਕਿਆ। ਜੋ ਧੁਰ ਹੀ ਸੂਲੀ, ਸਲੀਬਾਂ ਦੇ ਆਸ਼ਿਕ ਈਸਾ ਨੂੰ ਤੱਕਿਆ ਮਨਸੂਰ ਨੂੰ ਤੱਕਿਆ। ਤੱਕੀ ਰਚਦੀ ਮੈਂ ਪੌਣਾਂ ’ਚ ਵਿਸਮਾਦੀ ਰੰਗਤ ਬੰਦ ਅੱਖਾਂ ਨੇ ਜਦ ਸੀ ਹਜ਼ੂਰ ਨੂੰ ਤੱਕਿਆ।

ਗੂੰਜਦੇ ਨੇ ਨਾਦ

ਅੱਧੀ ਰਾਤੀਂ ਆਕੇ ਜਿਹੜਾ ਖ਼ਾਬਾਂ ’ਚ ਜਗਾਵੇ ਸਮਝ ਨਾ ਆਵੇ ਮੈਨੂੰ ਕੌਣ ਨੀਂ ਰਾਤਰੀ ਦੇ ਪਿਛਲੇ ਜੇ ਪਹਿਰ ਮੈਨੂੰ ਜਾਪਦੇ ਫ਼ਕੀਰ ਜਿਵੇਂ ਹੁਜ਼ਰੇ ’ਚ ਗਾਉਂਣ ਨੀਂ। ਗੂੰਜਦੇ ਨੇ ਨਾਦ ਸੁਣੇ ਵੰਝਲੀ ਵੀ ਕਾਹਨ ਦੀ ਤੇ ਸੁਣਦੇ ਨੇ ਮੰਦਰਾਂ ਚੋਂ ਟੱਲ ਨੀਂ ਟੂਣਾ ਕਿਹਾ ਕੀਤਾ ਉਹਨੇ ਰੂਹ ਉੱਤੇ ਮੇਰੇ ਤੁਰਾਂ ਮੱਲੋ-ਮੱਲੀ ਮੈਂ ਤਾਂ ਓਹਦੇ ਵੱਲ ਨੀਂ। ਚੰਦਨ ਦੀ ਮਹਿਕ ਨੂੰ ਇਤਰਾਂ ’ਚ ਘੋਲ ਗਿਆ ਸਹਿਜੇ ਹੀ ਰੂਹ ਤੇ ਛਿੜਕਾ ਨੀਂ ਸਾਹ ਓਹਦੇ ਇਸ਼ਕ ਦੀ ਹਾਮੀ ਭਰੀ ਜਾਣ ਅਤੇ ਧੜਕਣ ਬਣ ਗਈ ਗਵਾਹ ਨੀਂ। ਬਾਦਸ਼ਾਹ ਦੇ ਵਾਂਗ ਜਾਪੇ ਕਦੇ-ਕਦੇ ਵੇਸ ਉਹਦਾ ਜਾਪਦਾ ਏ ਕਦੇ ਦਰਵੇਸ਼ ਨੀਂ ਕਦੇ-ਕਦੇ ਜਾਪਦੈ ਫ਼ਰਿਸ਼ਤਾ ਨੀਂ ਮੈਨੂੰ ਉਹੋ ਜੀਹਦਾ ਫ਼ਿਰਦੌਸ ਨੇੜੇ ਦੇਸ਼ ਨੀਂ।

ਉੱਡਦੀ ਹਵਾ

ਤੂੰ ਪੀਰਾਂ ਦੀ ਇਬਾਦਤਾਂ ’ਚ ਮੰਗੀ ਹੋਈ ਦੁਆ ਏਂ ਤੂੰ ਰੋਹੀਆਂ ਤੇ ਬੇਲਿਆਂ ਚੋਂ ਉੱਡਦੀ ਹਵਾ ਏਂ। ਜਿਹੜਾ ਅਮ੍ਰਿਤ ਵੇਲੇ ਸੁਣੇ ਸੁਰ ਹੈਂ ਰਬਾਬ ਦਾ ਰਾਵੀ ਦੀ ਰਵਾਨੀ ਏ ਤੂੰ ਨੀਰ ਹੈਂ ਝਨਾਬ ਦਾ ਤੱਕਣੀ ਫ਼ਕੀਰਾਂ ਦੀ ਜਾਂ ਹੀਰਾਂ ਦੀ ਨਿਗਾਹ ਏ ਤੂੰ ਰੋਹੀਆਂ ਤੇ ਬੇਲਿਆਂ ਚੋਂ ਉੱਡਦੀ ਹਵਾ ਏਂ। ਕਰੇਂ ਪਰਦੱਖਣਾ ਤੂੰ ਟਿੱਬਿਆਂ ਦੀ ਘੁੰਮ ਕੇ ਖਾਕ ਕੋਹੇਨੂਰ ਹੋਜੇ ਪੈਰ ਤੇਰੇ ਚੁੰਮ ਕੇ ਤੂੰ ਸੋਹਣੀਆਂ ਤੇ ਸੱਸੀਆਂ ਦੇ ਪ੍ਰੇਮ ਦੀ ਗਵਾਹ ਏਂ ਤੂੰ ਰੋਹੀਆਂ ਤੇ ਬੇਲਿਆਂ ਚੋਂ ਉੱਡਦੀ ਹਵਾ ਏਂ। ਪੱਤਿਆਂ ਦੀ ਬੋਲੀ ਏਂ ਜਾਂ ਮਹਿਕ ਗੁਲਾਬ ਦੀ ਤੂੰ ਹਰਫ਼ ਜਾਂ ਤੁਕ ਕੋਈ ਫ਼ਾਰਸੀ ਕਿਤਾਬ ਦੀ ਤੂੰ ਤਖ਼ਤ ਜਾਂ ਝੰਗ ਵੱਲ ਜਾਂਦਾ ਕੋਈ ਰਾਹ ਏਂ ਤੂੰ ਰੋਹੀਆਂ ਤੇ ਬੇਲਿਆਂ ਚੋਂ ਉੱਡਦੀ ਹਵਾ ਏਂ। ਤੂੰ ਕਾਦਰ ਦੀ ਰਚਨਾ ਕੋਈ ਪਾਕ-ਸ਼ਾਹਕਾਰ ਨੀਂ ਰੂਪ ਮਹਿਤਾਬ ਦਾ ਤੂੰ ਫੁੱਲਾਂ ਦਾ ਅਕਾਰ ਨੀਂ ਚੁੱਪ ਤੂੰ ਪਹਾੜਾਂ ਦੀ ਜਨੌਰਾਂ ਦੀ ਕਲਾ ਏਂ ਤੂੰ ਰੋਹੀਆਂ ਤੇ ਬੇਲਿਆਂ ਚੋਂ ਉੱਡਦੀ ਹਵਾ ਏਂ।

ਈਮਾਨ

ਆ ਜਾਵੇਗਾ ਨਜ਼ਰ ਲੈਲਾ ਚੋਂ ਵੀ ਜੇ ਪੱਕਾ ਹੈ ਈਮਾਨ । ਪਰ ਮੁਸ਼ਕਿਲ ਹੈ ਬੇਯਕੀਨੀ ਨਾਲ ਤਾਂ ਲਾਇੱਲਾਹਾ ਚੋਂ ਵੀ।

ਲੌਂਗਾਂ ਦੀ ਸੁਗੰਧ

ਨੀਂ ਉਹ ਹਰਫਾਂ ’ਚ ਇਸ਼ਕ ਉਤਾਰਦਾ ਓਹਦਾ ਸੁਖ਼ਨ ਨੀਂ ਸੀਨਿਆਂ ਨੂੰ ਠਾਰਦਾ ਉਹ ਤਾਂ ਕਣੀਆਂ ’ਚ ਉੱਡਦੀ ਕੋਈ ਗੰਧ ਵਰਗਾ ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ। ਪੜ੍ਹੇ ਉੱਚੀ-ਉੱਚੀ ਵਾਰਿਸ ਦੀ ਹੀਰ ਨੀਂ ਨਿਰਾ ਤੱਕਣੀ ਤੋਂ ਜਾਪਦੈ ਫਕੀਰ ਨੀਂ ਨੀਂ ਉਹ ਹੱਜ ਵੱਲ ਜਾਂਦੇ ਕੋਈ ਪੰਧ ਵਰਗਾ ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ। ਉਹ ਤਾਂ ਜਾਪਦੈ ਸੁਹੱਪਣਾਂ ਦਾ ਮੇਲ ਨੀਂ ਨੂਰ ਮੁੱਖ ਤੇ ਜਿਉਂ ਫੁੱਲਾਂ ਤੇ ਤ੍ਰੇਲ ਨੀਂ ਨਸ਼ਾ ਨੇਤਰਾਂ ’ਚ ਪਦਮ ਦੇ ਡੰਗ ਵਰਗਾ ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ। ਨੀਂ ਉਹ ਬੁੱਲ੍ਹਾਂ ਨੂੰ ਛੁਹਾਉਂਦਾ ਜਦੋਂ ਵੰਝਲੀ ਖਿੰਡੇ ਚਹੁੰ ਕੂਟ ਮਹਿਕ ਕੋਈ ਸੰਦਲੀ ਕਿਸੇ ਮਹਾਂ ਕਾਵਿ ਵਿੱਚ ਲਿਖੇ ਬੰਦ ਵਰਗਾ ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ। ਉਹ ਤਾਂ ਬੁੱਝਦੈ ਖ਼ਾਮੋਸ਼ੀਆਂ ਚੋਂ ਬਾਤ ਨੀਂ ਓਹਦਾ ਇਸ਼ਕ ਹੀ ਮਜ਼੍ਹਬ ਜਾਤ ਨੀਂ ਨੀਂ ਉਹ ਵਸਲਾਂ ਦੀ ਪੂਣੀਆਂ ਦੇ ਤੰਦ ਵਰਗਾ ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ।

ਕਰਬਲਾ (ਕਥਨ ਪੈਗੰਬਰਾਂ ਦੇ)

ਦੇਹੀਆਂ ’ਚ ਅਲਫ਼ ਹੁਸੈਨੀਆਂ ਦੇ ਨੂਰ ਨੇ ਛੇੜਨੀ ਏ ਕੰਬਣੀ ਫ਼ਲਕ ਨੂੰ ਨਾਅਰੇ ਤਕਬੀਰ ਦੇ ਜੁਗਾਦਿ ਤੱਕ ਗੂੰਜਣਗੇ ਮੁੱਕਣੈ ਯਜ਼ੀਦ ਤਾਂ ਭਲਕ ਨੂੰ ਲੱਪ ਕੁ ਹਨੇਰਿਆਂ ਦੇ ਨਾਲ ਕਿੱਥੇ ਮਿਟਣਾ ਏ ਦਗ ਰਹੇ ਸੂਰਜਾਂ ਦੀ ਸ਼ਾਨ ਨੇ ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ ਰੱਤ ਵਿੱਚੋਂ ਉੱਗਣਾ ਈਮਾਨ ਨੇ। ਜੁੱਸਿਆਂ ’ਚ ਭਾਂਬੜ ਅਸੰਖ ਹੀ ਬਿਰਾਜ ਨੇ ਤੇ ਰੂਹਾਂ ਵਿੱਚ ਅੰਤਾਂ ਦੀ ਠਾਰ ਹੈ ਸਿਜਦੇ ਦੇ ਵਿੱਚ ਜਿਹੜੀ ਚੌਂਕੜਾ ਲਗਾਈ ਬੈਠੀ ਸੁਰਤ ਉਹ ਅੰਬਰਾਂ ਤੋਂ ਪਾਰ ਹੈ ਲਹੂ ਨਾਲ ਇਸ਼ਕ ਦੀ ਲਿਖਣਗੇ ਗਾਥਾ ਅੱਜ ਬਖਸ਼ੇ ਜੋ ਇਲਮ ਕੁਰਾਨ ਨੇ ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ ਰੱਤ ਵਿੱਚੋਂ ਉੱਗਣਾ ਈਮਾਨ ਨੇ। ਤੇਗ਼ਾਂ ਵਾਲੇ ਸਾਏ ਹੇਠ ਜ਼ਿਕਰ ਏ ਰਸੂਲ ਹੁੰਦਾ ਰਣਾਂ ਵਿੱਚ ਗੂੰਜ ਪੈਂਦੀ ਨਾਅਤ ਹੈ ਬਦੀਆਂ ਦੀ ਰਾਤ ਭਾਵੇਂ ਕਿੰਨੀ ਹੀ ਸਿਆਹ ਹੋਵੇ ਨੇਰੵ ਚੀਰ ਹੁੰਦੀ ਪ੍ਰਭਾਤ ਹੈ ਸਗਲ ਧਰਤ ’ਚ ਤਿਲਾਵਤ ਏ ਕੁਰਾਨ ਹੋਣੀ ਪੜ੍ਹਨੀ ਦਰੂਦ ਆਸਮਾਨ ਨੇ ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ ਰੱਤ ਵਿੱਚੋਂ ਉੱਗਣਾ ਈਮਾਨ ਨੇ। ਜਜ਼ਬੇ ਨੂੰ ਜਾਬਰਾਂ ਨੇ ਠੱਲ੍ਹ ਕਦੋਂ ਪਾਈ ਕਦੋਂ ਰੋਸ਼ਨੀ ਦੇ ਹੋਏ ਅਨੁਵਾਦ ਨੇ ਖ਼ੈਬਰ ’ਚ ਲਿਸ਼ਕੀ ਜੋ ਤੇਗ਼ ਸਾਨੂੰ ਚੇਤੇ ਹੈ ਰਹੱਸ ਗਾਰੇ ਹਿਰਾ ਦੇ ਵੀ ਯਾਦ ਨੇ ਬਾਤਨ ਦੇ ਮੰਡਲਾਂ ’ਚ ਮੌਨ ਵਿੱਚ ਰੂਹ ਬੈਠੀ ਜਾਹਿਰੀ ਜਿਹਾਦ ਦੇ ਤੁਫਾਨ ਨੇ ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ ਰੱਤ ਵਿੱਚੋਂ ਉੱਗਣਾ ਈਮਾਨ ਨੇ।

ਇਸ਼ਕ ਕਦੇ ਕਰਬਲਾ ਨੂੰ ਚੁਣਦੈ ਕਦੇ ਸਰਹਿੰਦ ਨੂੰ

ਬੱਸ ਇਸ਼ਕ ਦਾ ਹੀ ਪਸਾਰਾ ਹੈ ਚਹੁੰ ਤਰਫ਼ ਫਿਰ ਉਹ ਬਰਿੰਦਾਬਨ ਹੋਵੇ ਜਾਂ ਝੰਗ ਕੀ ਫ਼ਰਕ ਪੈਂਦੈ। ਕਦੇ- ਕਦੇ ਮੈਨੂੰ ਜਾਪਦਾ ਹੁੰਦੈ ਕਿ ਵੰਝਲੀ ਦੇ ਜਿਹੜੇ ਸੁਰਾਂ ਨੂੰ ਮਾਤਾ ਰਾਧਾ ਨੇ ਬਰਿੰਦਾਬਨ ਵਿੱਚ ਮਹਿਸੂਸਿਆ ਹੋਵੇਗਾ ਐਨ ਓਹੀ ਕਸ਼ਿਸ਼ ਹੀਰ ਨੇ ਝੰਗ ਦੇ ਬੇਲਿਆਂ ਵਿੱਚ ਤੱਕੀ ਹੋਵੇਗੀ। ਤੇ ਉਸੇ ਵੰਝਲੀ ਨੂੰ ਰਾਂਝੇ ਦੇ ਬੁੱਲ੍ਹਾਂ ਨੇ ਚੁੰਮਿਆ ਹੋਵੇਗਾ ਜਿਸਨੂੰ ਸ੍ਰੀ ਕ੍ਰਿਸ਼ਨ ਜੀ ਦੇ ਹੱਥਾਂ ਦੀ ਸੋਹਬਤ ਮਿਲੀ ਸੀ। ਕਮਾਲ ਹੈ ਇਸ਼ਕ ਦਾ ਆਗਮਨ ਵੀ ਸੁਰਤਾਂ ਦੀ ਬੇਸੁਰਤੀ ਨਾਲ ਹੀ ਲੈ ਆਉਂਦੈ। ਬੁੱਧੀਆਂ ਤਾਂ ਪਹਿਲਾਂ ਹੀ ਕਿੱਲੀਆਂ ਤੇ ਟੰਗੀਆਂ ਜਾਂਦੀਆਂ ਨੇ ਇਸਦੇ ਪ੍ਰਵੇਸ਼ ਕਰਨ ਤੋਂ। ਅਕਲਾਂ ਦੇ ਘੜਿਆਂ ਨੂੰ ਤੇੜ ਪੈ ਜਾਂਦੀ ਏ ਨਿੰਦਾ ਵਡਿਆਈ ਦੋਵੇਂ ਪਿੱਛੇ ਛੁੱਟ ਜਾਂਦੇ ਨੇ ਤੀਰ ਜਦ ਰੂਹਾਂ ਤੇ ਤਰੀਕਤਾਂ ਦਾ ਵੱਜਦੈ ਸੁਰਤਾਂ ਦੇ ਸਾਰੇ ਹੀ ਕਲਸ ਟੁੱਟ ਜਾਂਦੇ ਨੇ। ਮੈਨੂੰ ਹਜ਼ਰਤ ਅਲੀ ਦੇ ਦੌਰ ਦੀ ਸਾਖੀ ਚੇਤੇ ਆ ਰਹੀ ਏ। ਖਿਲਾਫ਼ਤ ਦਾ ਦੌਰ ਸੀ। ਕੁਝ ਲੋਕਾਂ ਦਾ ਖਿਆਲ ਸੀ ਕਿ ਖ਼ਲੀਫ਼ਾ ਹਜ਼ਰਤ ਅਲੀ ਨੂੰ ਹੋਣਾ ਚਾਹੀਦਾ ਤੇ ਕੁਝ ਦਾ ਖਿਆਲ ਸੀ ਕਿ ਹਜ਼ਰਤ ਅਮੀਰ ਮੁਆਵੀਆ ਨੂੰ। ਅਚਾਨਕ ਇੱਕ ਦਿਨ ਹਜ਼ਰਤ ਹੁਸੈਨ ਕਿਸੇ ਗਲੀ ਚੋਂ ਗੁਜ਼ਰ ਰਹੇ ਸੀ ਤਾਂ ਵੇਖਿਆ ਕਿ ਕੈਸ (ਮਜਨੂੰ) ਗਲੀਆਂ ਦੀ ਰੇਤ ਨੂੰ ਬੈਠਾ ਆਪਣੇ ਸਿਰ ਵਿੱਚ ਪਾ ਰਿਹੈ।ਆਪ ਰੁਕੇ ਤੇ ਫ਼ਰਮਾਇਆ ਕਿ ਕੈਸ ਤੈਨੂੰ ਕੀ ਲੱਗਦਾ ਕਿ ਖ਼ਲੀਫ਼ਾ ਕਿਸਨੂੰ ਹੋਣਾ ਚਾਹੀਦਾ? ਹਜ਼ਰਤ ਅਲੀ ਨੂੰ ਜਾਂ ਫਿਰ ਹਜ਼ਰਤ ਅਮੀਰ ਮੁਆਵੀਆ ਨੂੰ? ਕੈਸ ਬੋਲਿਆ ਕਿ ਹਜ਼ਰਤ ਮੈਨੂੰ ਰੇਤੇ ਵਿੱਚੋਂ ਵੀ ਜਿਸਦੇ ਦੀਦਾਰ ਹੋ ਰਹੇ ਨੇ ਖ਼ਲੀਫ਼ਾ ਤਾਂ ਮੇਰੀ ਲੈਲਾ ਨੂੰ ਹੀ ਹੋਣਾ ਚਾਹੀਦਾ। ਹੁਣ ਜਦੋਂ ਲੈਲਾ ਦਾ ਇਸ਼ਕ ਦੀਵਾਨਾ ਕਰ ਸਕਦਾ ਹੈ ਮਜਨੂੰ ਨੂੰ ਤਾਂ ਸੋਚੋ ਪੈਗੰਬਰਾਂ ਦੇ ਇਸ਼ਕ ਦੀ ਰੰਗਤ ਕੈਸੀ ਹੋਵੇਗੀ। ਬਜ਼ੁਰਗ ਕਹਿੰਦੇ ਨੇ ਕਿ ਜਦੋਂ ਸਹਾਬਾ (ਰਜ਼ੀ) ਦੇ ਸਾਹਮਣੇ ਪੈਗੰਬਰ (ਸ) ਦਾ ਨਾਮ ਏ ਮੁਬਾਰਕ ਲਿਆ ਜਾਂਦਾ ਸੀ ਤਾਂ ਇਸ ਤਰ੍ਹਾਂ ਝੂਮ ਉੱਠਦੇ ਸਨ ਜਿਵੇਂ ਕਿ ਹਵਾ ਦੇ ਵਗਣ ਨਾਲ ਰੁੱਖ ਝੂਮਣ ਲੱਗਦੇ ਨੇ। ਹੁਣ ਤਾਂ ਸਾਡੇ ਹੀ ਵਿਸ਼ਵਾਸ ਤੇ ਅਕੀਦੇ ਦਾ ਇਹ ਹਾਲ ਹੋ ਗਿਐ ਕਿ ਮਹਿਬੂਬ ਦੂਰ ਜਾਪਣ ਲੱਗਿਐ। ਨਹੀਂ ਤਾਂ ਮਹਿਬੂਬ ਤਾਂ ਦੂਰ ਹੈ ਹੀ ਨਹੀਂ। ਨਜ਼ਦੀਕ ਹੀ ਹੈ, ਸ਼ਾਹ ਰਗ ਤੋਂ ਵੀ ਨੇੜੇ। ਇੱਕ ਵਾਰ ਅੱਖਾਂ ਨੂੰ ਹੰਝੂਆਂ ਦੇ ਪਾਣੀ ਦਾ ਵੁਜ਼ੂ ਤਾਂ ਕਰਵਾਓ ਤੇ ਵੇਖਿਓ ਮਦੀਨਾ ਅੰਦਰ ਹੀ ਤਾਮੀਰ ਹੁੰਦਾ ਜਾਪੇਗਾ। ਫਿਰ ਮਹਿਬੂਬ ਦੇ ਰਾਹ ਚੱਲਦਿਆਂ ਤੁਹਾਡੇ ਕਦਮਾਂ ਤੱਕ ਦੇ ਨਿਸ਼ਾਨ ਵੀ ਬਾਕੀ ਨਹੀਂ ਰਹਿਣੇ।ਤੁਰੋਂਗੇ ਤੁਸੀਂ ਤੇ ਪੈੜਾਂ ਤੇ ਛਾਪ ਪਿਆਰੇ ਦੀ ਹੋ ਜਾਵੇਗੀ। ਜੁਬਾਨ ਤੁਹਾਡੀ ਹੋਵੇਗੀ ਤੇ ਸ਼ਬਦ ਮਹਿਬੂਬ ਦੇ ਹੋ ਜਾਣਗੇ। ਤੇ ਜੇਕਰ ਮਹਿਬੂਬ ਦੇ ਵੱਲ ਚੱਲਦਿਆਂ ਰਾਈ ਦੇ ਦਾਣੇ ਮਾਤਰ ਵੀ ਤੁਹਾਡੀ ਖੁਦੀ ਜੀਵਤ ਹੈ ਤਾਂ ਇਹ ਕਹਿਣਾ ਫਰੇਬ ਤੋਂ ਬਗੈਰ ਹੋਰ ਕੁਝ ਨਹੀਂ ਕਿ ਤੁਸੀਂ ਇਸ਼ਕ ਵਿੱਚ ਹੋ। ਇਸ਼ਕ ਦੇ ਵੱਖਰੇ-ਵੱਖਰੇ ਰੰਗ ਨੇ ਤੇ ਆਸ਼ਕਾਂ ਦੇ ਵੀ ਆਪਣੇ- ਆਪਣੇ ਹਾਲ। ਕਈ ਉਹ ਨੇ ਜੋ ਕੈਫ਼ੀਅਤ ਤੇ ਹਾਵੀ ਨੇ ਤੇ ਕਈ ਅਜਿਹੇ ਨੇ ਜਿਹਨਾਂ ਤੇ ਕੈਫ਼ੀਅਤ ਹਾਵੀ ਹੈ। ਬਾਬਾ ਅਲੀ ਹੁਜ਼ਵੇਰੀ ਸਾਹਿਬ ਫ਼ਰਮਾਇਆ ਕਰਦੇ ਸਨ ਕਿ ਜਿਵੇਂ ਕੋਈ ਸਖਸ਼ ਆਪਣੇ ਕੱਪੜੇ ਬਦਲਦਾ ਹੈ ਇਵੇਂ ਸਾਡੇ ਇਸ਼ਕ ਦੀ ਕੈਫ਼ੀਅਤ ਇਹ ਹੈ ਕਿ ਅੱਲ੍ਹਾ ਨੇ ਇਸ਼ਕ ਦੇ ਜਿੰਨੇ ਵੀ ਰੰਗ ਅਤਾ ਕੀਤੇ ਨੇ ਉਹਨਾਂ ਚੋਂ ਜੋ ਦਿਲ ਕਰੇ ਅਸੀਂ ਤਾਰੀ ਕਰ ਲਈਏ । ਦਿਲ ਕਰੇ ਤਾਂ ਹਿਜ਼ਰ ਨਾਜ਼ਲ ਹੋਵੇ ਦਿਲ ਕਰੇ ਤਾਂ ਵਸਲ , ਦਿਲ ਕਰੇ ਤਾਂ ਵਜ਼ਦ ਦਾ ਆਗਮਨ ਹੋਵੇ ਦਿਲ ਕਰੇ ਤਾਂ ਮਾਰਫ਼ਤ। ਤੁਸੀਂ ਇਸ਼ਕ ਨੂੰ ਨਹੀਂ ਲੱਭਦੇ ਬਲਕਿ ਇਸ਼ਕ ਲੱਭ ਲੈਂਦਾ ਹੈ ਤੁਹਾਨੂੰ ਆਪ-ਮੁਹਾਰੇ। ਇਸ਼ਕ ਕਦੇ ਕਰਬਲਾ ਨੂੰ ਚੁਣਦਾ ਹੈ ਤੇ ਕਦੇ ਸਰਹਿੰਦ ਨੂੰ ਤੇ ਆਸ਼ਿਕ ਵੀ ਤਾਂ ਹਰ ਵਾਰ ਵੱਖਰੇ ਹੁੰਦੇ ਨੇ। ਕਦੇ ਹਜ਼ਰਤ ਹਸਨ (ਰ) ਤੇ ਹੁਸੈਨ ਤੇ ਕਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ। ਆਸ਼ਿਕ ਹਰ ਵਾਰ ਵੱਖਰੇ ਹੁੰਦੇ ਨੇ ਪਰ ਇਸ਼ਕ ਤਾਂ ‘ਕੁਨ ਫਾਇਆ ਕੁਨ’ ਦੇ ਵੇਲੇ ਤੋਂ ਇੱਕੋ ਹੀ ਹੈ ਨਾ ਤੇ ਅਨੰਤ ਕਾਲ ਤੱਕ ਰਹੇਗਾ। ਦੁਆ ਕਰੀਏ ਕਿ ਸ਼ਰਾਬ ਦੀ ਉਸੇ ਸੁਰਾਹੀ ਚੋਂ ਕੁਝ ਛਿੱਟੇ ਸਾਨੂੰ ਵੀ ਨਸੀਬ ਹੋ ਜਾਣ ਓਹੀ ਸ਼ਰਾਬ ਜੋ ਜੁਨੈਦ ਨੂੰ ਪਿਆਈ। ਓਹੀ ਜਾਮ ਕਿ ਜਿਸਨੂੰ ਬਾਯਜੀਦ ਬਿਸਤਾਮੀ ਦੇ ਹੋਠਾਂ ਨੇ ਚੁੰਮਿਆ ਸੀ। ਕਿ ਜਿਸਦੇ ਪਿਆਲਿਆਂ ਦੀ ਰੰਗਤ ਨੇ ਪੁਰ ਨੂਰ ਕਰ ਦਿੱਤਾ ਮੌਲਾਨਾ ਰੂਮ ਨੂੰ। ਓਹੀ ਸ਼ਰਾਬ ਜਿਸਦੀ ਮਿਠਾਸ ਦਾ ਨਿੱਘ ਮਾਤਾ ਰਾਬੀਆ ਨੇ ਮਾਣਿਆ। ਕਿ ਜਿਸ ਮਹਿਖਾਨੇ ਦੇ ਛਿੱਟੇ ਧੋ ਕੇ ਰੱਖ ਦਿੰਦੇ ਹਨ ਬਦੀਆਂ ਨੂੰ ਤੇ ਬਾਕੀ ਰਹਿ ਜਾਂਦਾ ਕੇਵਲ ਉਸਦਾ ਨਾਮ। ਕੋਈ ਐਸਾ ਜਾਮ ਪਿਲਾ ਸਾਕੀ ਹੋ ਸਦਾ ਲਈ ਮਦਹੋਸ਼ ਜਾਵਾਂ ਤੱਕ ਛਲਕ ਰਹੇ ਮਹਿਖਾਨੇ ਨੂੰ ਭੁੱਲ ਜੱਗ ਸਾਰੇ ਦੀ ਹੋਸ਼ ਜਾਵਾਂ।

ਨਾਅਤ- ੨

ਉੱਥੇ ਸ਼ਾਮਾਂ ਆਇਤਾਂ ਪੜ੍ਹਦੀਆਂ ਨੇ ਤੇ ਰਾਤਾਂ ਰੁਕੂ ’ਚ ਖੜ੍ਹਦੀਆਂ ਨੇ ਉੱਥੇ ਨਾਅਤ ਹਵਾਵਾਂ ਗਾਉਂਦੀਆਂ ਨੇ ਉੱਥੇ ਮਹਿਕਾਂ ਝਾਂਜਰ ਪਾਉਂਦੀਆਂ ਨੇ। ਉੱਥੇ ਰਿਸ਼ਮਾਂ ਖਿੜੀਆਂ-ਖਿੜੀਆਂ ਵੀ ਉੱਥੇ ਪੜ੍ਹਨ ਤਹੱਜ਼ੁਦ ਚਿੜੀਆਂ ਵੀ ਉੱਥੇ ਬੰਦਗੀ ਵਿੱਚ ਪਰਿੰਦੇ ਨੇ ਉੱਥੇ ਮੇਘ ਵੀ ਖ਼ੁਤਬੇ ਦਿੰਦੇ ਨੇ। ਉੱਥੇ ‘ਵਾ ਵਿੱਚ ਸ਼ੋਰ ਈਮਾਨ ਦਾ ਹੈ ਕੰਠ ਫ਼ਿਜ਼ਾ ਨੂੰ ਪਾਠ ਕੁਰਾਨ ਦਾ ਹੈ ਉੱਥੇ ਰੁੱਤਾਂ ਦੇ ਹੱਥ ਕਾਸੇ ਨੇ ਤਲਬਾਂ ਵਿੱਚ ਨੈਣ ਪਿਆਸੇ ਨੇ। ਹੈ ਨਸ਼ਾ ਜਿਹਾ ਵਿੱਚ ਧੁੱਪਾਂ ਦੇ ਵਿੱਚ ਸ਼ੋਰ ਫ਼ਕੀਰੀ ਚੁੱਪਾਂ ਦੇ ਉੱਥੇ ਅੰਤ ਹੀ ਨੇ ਸ਼ੁਰੂਆਤ ਜਿਹੇ ਤੇ ਦਿਨ ਚੜ੍ਹਦੇ ਨੇ ਰਾਤ ਜਿਹੇ। ਉੱਥੇ ਤਸਬੀ ਹੱਥ ਫ਼ਕੀਰਾਂ ਦੇ ਉੱਥੇ ਚਸ਼ਮੇਂ ਜਮਜਮ ਨੀਰਾਂ ਦੇ ਉੱਥੇ ਇੱਕੋ-ਇੱਕ ਗ੍ਰੰਥ ਮਿਲੇ ਇੱਕੋ ਦੀਨ ਤੇ ਇੱਕੋ ਪੰਥ ਮਿਲੇ। ਉੱਥੇ ਫਜ਼ਰੀਂ ਪੜ੍ਹੇ ਕੁਰਾਨ ਕੋਈ ਕਿਤੇ ਲੈਅ ਵਿੱਚ ਕਰੇ ਅਜ਼ਾਨ ਕੋਈ ਤੇ ਮੌਸਮ ਰੋਜ਼ੇ ਰੱਖਦੇ ਨੇ ਜਿੱਥੇ ਨੂਰ ਸੱਜਣ ਦੀ ਅੱਖ ਦੇ ਨੇ।

ਸਿਰਮੌਰ ਰਚਨਾ

ਲੱਖਾਂ ਹੀ ਮਹਾਂ ਕਾਵਿ ਤੇਰੇ ਵਾਲਾਂ ’ਚ ਉਲਝੇ ਫਿਰਦੇ ਨੇ ਅਸੰਖ ਹੀ ਨਜ਼ਮਾਂ ਤੇਰੇ ਹੁਸਨ ਦਾ ਤਵਾਫ਼ ਕਰਦੀਆਂ ਨੇ ਤੇਰੇ ਕਦਮ ਪੁੱਟਦੇ ਹੀ ਸ਼ਬਦਾਂ ਦਾ ਮੰਗਲਾਚਰਨ ਅਰੰਭ ਹੋ ਜਾਂਦੈ ਤੇ ਸਭ ਤੋਂ ਸਿਰਮੌਰ ਰਚਨਾ ਦਾ ਰਾਹ ਤੇਰੇ ਨੈਣਾਂ ਵਿੱਚੋਂ ਦੀ ਹੋ ਕੇ ਜਾਂਦੈ।

ਰਾਤਾਂ ਜਿਹੇ ਕੇਸ

ਕਿੱਕਰਾਂ ਦੀ ਉੱਡੇ ਮਹਿਕ ਵੇ ਹਵਾ ਠਹਿਰ-ਠਹਿਰ ਮੇਰੇ ਕੋਲੋਂ ਲੰਘਦੀ ਵੇ ਰਾਤਾਂ ਜਿਹੇ ਕੇਸਾਂ ਵਾਲਿਆਂ ਤੈਨੂੰ ਸੁਣੇ ਨਾ ਅਵਾਜ਼ ਸਾਡੀ ਵੰਗ ਦੀ। ਟਿੱਬਿਆਂ ’ਚ ਕਾਹੀ ਮਹਿਕੇ ਰੰਗ ਸੂਹਾ ਹੋਈ ਜਾਂਦਾ ਏ ਤ੍ਰੇਲ ਦਾ ਅੱਕਾਂ ਵਿੱਚ ਘੁਲੀ ਮਿਸ਼ਰੀ ਮੈਨੂੰ ਖ਼ਾਬ ਰਾਤੀਂ ਆਇਆ ਸਾਡੇ ਮੇਲ ਦਾ ਸੀ ਤਾਰਿਆਂ ਦੀ ਰੋਸ਼ਨੀ ਜਿਹਾ ਕੇਹੀ ਉਸਤਤ ਕਰਾਂ ਤੇਰੇ ਰੰਗ ਦੀ ਵੇ ਰਾਤਾਂ ਜਿਹੇ ਕੇਸਾਂ ਵਾਲਿਆਂ ਤੈਨੂੰ ਸੁਣੇ ਨਾ ਅਵਾਜ਼ ਸਾਡੀ ਵੰਗ ਦੀ। ਕਿ ਫਿਜ਼ਾ ’ਚ ਸਰੂਰ ਘੁਲਿਆ ਪੌਣ ਇਤਰੀਂ ਸੁਗੰਧੀਆਂ ਖਿਲਾਰਦੀ ਨਫ਼ਲੀ ਨਮਾਜ਼ ਪੜ੍ਹਕੇ ਦੀਵੇ ਤੇਰੇ ਨਾਂ ਦੇ ਪਾਣੀਆਂ ’ਚ ਤਾਰਦੀ ਕਿ ਅੱਧੀ ਰਾਤੀਂ ਸੁਣੇ ਵੰਝਲੀ ਨਾਲੇ ਖ਼ਾਬਾਂ ਵਿੱਚ ਆਵੇ ਮਾਈ ਝੰਗ ਦੀ ਵੇ ਰਾਤਾਂ ਜਿਹੇ ਕੇਸਾਂ ਵਾਲਿਆਂ ਤੈਨੂੰ ਸੁਣੇ ਨਾ ਅਵਾਜ਼ ਸਾਡੀ ਵੰਗ ਦੀ। ਖ਼ੁਮਾਰੀਆਂ ਦੀ ਆਮਦ ਹੁੰਦੀ ਤੇਰੀ ਦੀਦ ਪਿੱਛੋਂ ਹੋਸ਼ ਜਿਆ ਖੋ ਜਾਵੇ ਕਿ ਬਾਹਰੋਂ ਸਭ ਆਮ ਹੀ ਰਹਿੰਦੈ ਪਰ ਅੰਦਰਾਂ ’ਚ ਖੜਕਾ ਜਿਆ ਹੋ ਜਾਵੇ ਵੇ ਅੰਬਰਾਂ ਦਾ ਅੰਤ ਕੋਈ ਨਾ ਹੁੰਦੀ ਹੱਦ ਨਈਂਓ ਅੱਲੜਾਂ ਦੀ ਸੰਗ ਦੀ ਵੇ ਰਾਤਾਂ ਜਿਹੇ ਕੇਸਾਂ ਵਾਲਿਆਂ ਤੈਨੂੰ ਸੁਣੇ ਨਾ ਅਵਾਜ਼ ਸਾਡੀ ਵੰਗ ਦੀ ਕਿ ਫਿਜ਼ਾ ’ਚ ਸਰੂਰ ਘੁਲਿਆ ਪੌਣ ਇਤਰੀਂ ਸੁਗੰਧੀਆਂ ਖਿਲਾਰਦੀ ਨਫ਼ਲੀ ਨਮਾਜ਼ ਪੜ੍ਹਕੇ ਦੀਵੇ ਤੇਰੇ ਨਾਂ ਦੇ ਪਾਣੀਆਂ ’ਚ ਤਾਰਦੀ ਕਿ ਅੱਧੀ ਰਾਤੀਂ ਸੁਣੇ ਵੰਝਲੀ ਨਾਲੇ ਖ਼ਾਬਾਂ ਵਿੱਚ ਆਵੇ ਮਾਈ ਝੰਗ ਦੀ ਵੇ ਰਾਤਾਂ ਜਿਹੇ ਕੇਸਾਂ ਵਾਲਿਆਂ ਤੈਨੂੰ ਸੁਣੇ ਨਾ ਅਵਾਜ਼ ਸਾਡੀ ਵੰਗ ਦੀ। ਖ਼ੁਮਾਰੀਆਂ ਦੀ ਆਮਦ ਹੁੰਦੀ ਤੇਰੀ ਦੀਦ ਪਿੱਛੋਂ ਹੋਸ਼ ਜਿਆ ਖੋ ਜਾਵੇ ਕਿ ਬਾਹਰੋਂ ਸਭ ਆਮ ਹੀ ਰਹਿੰਦੈ ਪਰ ਅੰਦਰਾਂ ’ਚ ਖੜਕਾ ਜਿਆ ਹੋ ਜਾਵੇ ਵੇ ਅੰਬਰਾਂ ਦਾ ਅੰਤ ਕੋਈ ਨਾ ਹੁੰਦੀ ਹੱਦ ਨਈਂਓ ਅੱਲੜਾਂ ਦੀ ਸੰਗ ਦੀ ਵੇ ਰਾਤਾਂ ਜਿਹੇ ਕੇਸਾਂ ਵਾਲਿਆਂ ਤੈਨੂੰ ਸੁਣੇ ਨਾ ਅਵਾਜ਼ ਸਾਡੀ ਵੰਗ

ਦਰਗਾਹ

ਤੇਰੇ ਨੈਣ ਚਿਰਾਗ਼ ਨੇ ਹੁਜ਼ਰਿਆਂ ਦੇ ਮਹਿਕ ਧੂਫ਼ਾਂ ਦੀ ਤੇਰੇ ਸਾਹ ਵਰਗੀ ਕੇਸ ਪੋਹ ਦੀ ਟਿਕੀ ਹੋਈ ਰਾਤ ਜਿਹੇ ਤੇਰੀ ਨਜ਼ਰ ਹੈ ਕਿਸੇ ਦਰਗਾਹ ਵਰਗੀ।

ਨੌਂ ਦਰ

ਹੈ ਅੰਦਰ ਵੀ ਉਹ ਬਾਹਰ ਵੀ ਹੈ ਬਾਤਨ ਵੀ ਉਹ ਜਾਹਿਰ ਵੀ । ਕਣ-ਕਣ ਵਿੱਚ ਨੂਰ ਨੀਂ ਜਿਸਦਾ ਏ ਨਾ ਲੁਕਦਾ ਏ ਨਾ ਦਿਸਦਾ ਏ। ਹੁਣ ਸੋਚੀਂ ਪਈਆਂ ਸਮਝਾਂ ਨੀਂ ਕੋਈ ਦੱਸੋ ਇਸ਼ਕ ਦੀਆਂ ਰਮਜ਼ਾਂ ਨੀਂ। ਦਰ ਨੌਂ ਲੰਘ ਸੁਣਿਆ ਮਿਲਦਾ ਏ ਜਿੱਥੇ ਬੂਟਾ ਇਸ਼ਕ ਦਾ ਖਿਲਦਾ ਏ। ਹੈ ਮਹਿਕ ਸੱਜਣ ਦੀਆਂ ਯਾਦਾਂ ਦੀ ਜਿੱਥੇ ਗੂੰਜ ਹੈ ਸੁਣਦੀ ਨਾਦਾਂ ਦੀ। ਅਜ਼ਲਾਂ ਤੋਂ ਓਹਦੀ ਤਲਾਸ਼ ਸਈਓਂ ਮੈਨੂੰ ਲੈ ਜਾਓ ਮਾਹੀ ਪਾਸ ਸਈਓ।

ਭੈਅ ਮਈ ਕਲਪਨਾ

ਦੂਰ-ਦੁਰਾਡੇ ਕਾਲੀ ਰਾਤ ’ਚ ਕਿਸੇ ਪਹਾੜੀ ਗੁਫਾ ਦੇ ਅੰਦਰੋਂ ਭੈਅ ਮਈ ਹਾਸਾ ਰੋਣ ਡਰਾਉਣਾ ਰੋਜ ਹੀ ਗੂੰਜੇ। ਜੀਕਣ ਕਿ ਕਿਸੇ ਰੋਹੀ ਦੇ ਵਿੱਚ ਚਿਰ ਤੋਂ ਭੁੱਖੀ ਪ੍ਰੇਤ ਆਤਮਾ ਤੇ ਕੋਈ ਡਾਇਣ ਵਾਲ ਖਿਲਾਰੀਂ ਹੱਡੀਆਂ ਹੂੰਝੇ। ਉਸੇ ਪਹਾੜੀ ਗੁਫਾ ਦੇ ਕੋਲੇ ਮੋਮਬੱਤੀਆਂ ਦੇ ਘੇਰੇ ਅੰਦਰ ਕਾਲੇ ਕੱਪੜਿਆਂ ਵਾਲੀ ਸ਼ੈਅ ਕੋਈ ਰਾਤੀਂ ਨੱਚੇ। ਨਾਚ ਓਸਦਾ ਏਦਾਂ ਜਾਪੇ ਜੀਕਣ ਕਿ ਸ਼ਮਸ਼ਾਨ ਘਾਟ ਵਿੱਚ ਕਿਸੇ ਅਮਾਵਸ ਵਾਲੀ ਰਾਤ ਨੂੰ ਮੁਰਦਾ ਮੱਚੇ।

ਜਜ਼ਬੇ ਦਾ ਸਿਖਰ

ਜੋਸ਼ ਸਮਝੀਂ ਨਾ ਢਲੇ ਹੋਏ ਨੇ ਕਥਨ ਪੈਗੰਬਰਾਂ ਦੇ ਸਾਡੀ ਰੱਤ ਵਿੱਚ ਰਲੇ ਹੋਏ ਨੇ। ਯਾਦ ਖ਼ੈਬਰ ਤੇ ਉਹਦ ਕਰੋ ਉਮਰ ਦੇ ਵੰਸ਼ਜ ਹੋ ਤੁਸੀਂ ਜਿਹਾਦ ਅਤੇ ਜ਼ੁਹਦ ਕਰੋ। ਗੂੰਜੇ ਦੇਹਾਂ ਵਿੱਚ ਵੇਗ ਮੀਆਂ ਬੰਦਗੀ ਤੇ ਜੰਗ ਇੱਕੋ ਹੈ ਇੱਕੋ ਤਸਬੀ ਤੇ ਤੇਗ਼ ਮੀਆਂ। ਚੇਤੇ ਨਬੀਆਂ ਦੀ ਦੀਦ ਆਵੇ ਜਜ਼ਬੇ ਦਾ ਸਿਖਰ ਹੁੰਦੈ ਜਦ-ਜਦ ਵੀ ਯਜ਼ੀਦ ਆਵੇ। ਬਾਤ ਪੈਂਦੀ ਏ ਤੌਹੀਦਾਂ ਦੀ ਪੈਗ਼ੰਬਰੀ ਬੋਲ ਸੁਣਦੇ ਰੂਹ ਠਰਦੀ ਮੁਰੀਦਾਂ ਦੀ। ਪਾਣੀ ਰਾਵੀ ਦੇ ਵਹਿੰਦੇ ਨੇ ਈਨ ਸਾਡੇ ਖੂਨ ਵਿੱਚ ਨਾ ਬੋਲ ਬਾਣੀਆਂ ਦੇ ਕਹਿੰਦੇ ਨੇ। ਸੀਸ ਤਲੀ ਰੱਖ ਲੜਦੇ ਨੇ ਆਰਿਆਂ ਨੂੰ ਤੱਕ-ਤੱਕ ਕੇ ਯੋਧੇ ਜਪੁਜੀ ਪੜ੍ਹਦੇ ਨੇ।

ਹੀਰ

ਸਾਨੂੰ ਤਾਂ ਪਿਆਰਾ ਤੇਰਾ ਤਖਤ ਹਜ਼ਾਰਾ ਜਿੱਥੇ ਚੜ੍ਹਦੀ ਸਵੇਰ ਸੂਹੇ ਰੰਗ ਦੀ। ਕੈਦੋਂਆਂ ਦੇ ਡੇਰੇ ਜਿੱਥੇ ਦਿਲਾਂ ’ਚ ਹਨੇਰੇ ਜਿੱਥੇ ਪਾਵਣੀ ਨਾ ਬਾਤ ਅਸਾਂ ਝੰਗ ਦੀ। ਹੋਰ ਕੀ ਸਬੂਤ ਰੱਖਾਂ ਰੂਹ-ਕਲਬੂਤ ਰੱਖਾਂ ਕਾਸਿਆਂ ਦੇ ਵਿੱਚ ਮਾਹੀ ਚਾਕ ਵੇ। ਦਿਨ ਅਤੇ ਰੈਣ ਮਾਹੀ ਅੱਖੀਆਂ ਬੇਚੈਨ ਮਾਹੀ ਤੱਕ ਤੈਨੂੰ ਹੁੰਨੀਆਂ ਮੈਂ ਪਾਕ ਵੇ। ਰੂਹ ਦਾ ਤੂੰ ਕੱਜਣ ਵੇ ਬਿਨ ਤੇਰੇ ਸੱਜਣ ਵੇ ਜਾਣੇ ਕੌਣ ਹਿਜ਼ਰਾਂ ਦੀ ਕੂਕ ਨੂੰ। ਇਸ਼ਕੇ ਦੀ ਗੰਧ ਆਵੇ ਪੌਣਾਂ ਚੋਂ ਸੁਗੰਧ ਆਵੇ ਸੁਣ ਤੇਰੀ ਵੰਝਲੀ ਦੀ ਹੂਕ ਨੂੰ। ਦੇਹੀਆਂ ਤੋਂ ਪਾਰ ਦੀ ਏ ਓਸ ਦਰਬਾਰ ਦੀ ਏ ਇਹੋ ਬਾਤ ਚੇਤੇ ਭੁੱਲੀ ਸੰਸਾਰ ਨੂੰ । ਜਿੰਦੜੀ ਜਾਗੀਰ ਤੇਰੀ ਅਜ਼ਲ ਤੋਂ ਹੀਰ ਤੇਰੀ ਮੱਥੇ ਤੇ ਸਜਾਇਆ ਤੇਰੇ ਪਿਆਰ ਨੂੰ।

ਪਿੰਡ ਵਾਲੀ ਢਾਬ

ਪਿੰਡ ਵਾਲੀ ਢਾਬ ਤੇਰੇ ਦੇਸਾਂ ਬਾਰੇ ਲਿਖਾਂਗੇ ਨਾਗ ਲੋਕ ਜਿਹੇ ਤੇਰੇ ਕੇਸਾਂ ਬਾਰੇ ਲਿਖਾਂਗੇ ਦੱਸਾਂਗੇ ਕਿ ਸੁਰਤ ਕਿਉਂ ਹੋ ਝੱਲੀ ਜਾਂਦੀ ਏ ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ। ਮਹਿੰਦੀ ਰੰਗੇ ਹੱਥ ਕਦੋਂ ਖ਼ਾਬਾਂ ਵਿੱਚ ਆਉਂਦੇ ਨੇ ਹਾਸੇ ਕਦੋਂ ਸੂਹੀ ਜਿਹੀ ਬਾਰਿਸ਼ ਕਰਾਉਂਦੇ ਨੇ ਕੇਸ ਵੇਲੇ ਅਕਲਾਂ ਦੀ ਹਵਾ ਠੱਲ੍ਹੀ ਜਾਂਦੀ ਏ ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ। ਹੁਸਨਾਂ ਦੇ ਟੋਟਕੇ ਕੀ ਹਾਲ ਕਰ ਦਿੰਦੇ ਨੇ ਦੱਸਾਂਗੇ ਖ਼ੁਮਾਰ ਕੇਹੀ ਚਾਲ ਕਰ ਦਿੰਦੇ ਨੇ ਪੌਣ ਹਾਲੇ ਕੂਲੇ ਜੇ ਪੈਗ਼ਾਮ ਘੱਲੀ ਜਾਂਦੀ ਏ ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ। ਕਿਹੜੇ ਪਲ ਹਾਵੀ ਹੁੰਦਾ ਇਸ਼ਕ ਈਮਾਨ ਤੇ ਲਿਖਾਂਗੇ ਰੁਬਾਈ ਇੱਕ ਤੇਰੀ ਮੁਸਕਾਨ ਤੇ ਦੱਸਾਂਗੇ ਕਿ ਜਿੰਦ ਕਿਵੇਂ ਹੋ ਕੱਲੀ ਜਾਂਦੀ ਏ ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ।

ਤਸੱਵੁਰ (ਨਬੀਆਂ ਦਾ ਸ਼ਹਿਰ)

ਨਬੀਆਂ ਦਾ ਸ਼ਹਿਰ ਹੋਵੇ ਕੋਲੇ ਕੋਈ ਨਹਿਰ ਹੋਵੇ ਤੂਰ ਦੀ ਅੰਜੀਲ ਚੋਂ ਕੋਈ ਬਾਤ ਪਾ ਰਿਹਾ ਹੋਵੇ ਬਾਤ ਦੇ ਰਹੱਸ ਵਿੱਚੋਂ ਨੂਰ ਰਿਸੀ ਜਾਂਦਾ ਹੋਵੇ। ਧੂਫ਼ਾਂ ਦੀ ਮਹਿਕ ਉੱਡੇ ਪੀਰਾਂ ਦੀ ਮਜ਼ਾਰ ਚੋਂ ਮਜ਼ਾਰ ’ਚ ਫ਼ਕੀਰ ਕੋਈ ਕੁਰਾਨ ਪੜ੍ਹ ਰਿਹਾ ਹੋਵੇ ਆਇਤਾਂ ਦਾ ਜਲਵਾ ਚੁਫੇਰੇ ਦਿਸੀ ਜਾਂਦਾ ਹੋਵੇ। ਆਇਤਾਂ ਦੀ ਗੂੰਜ ਹੋਵੇ ਫ਼ਾਤਿਹਾ ਦਾ ਸ਼ੋਰ ਹੋਵੇ ਹੁਜਰੇ ਦੇ ਆਲਿਆਂ ’ਚ ਦੀਪ ਜਗ ਰਹੇ ਹੋਣ ਦੀਵਿਆਂ ਵਿਚਾਲੇ ਕੋਈ ਪਾਠ ਕਰ ਰਿਹਾ ਹੋਵੇ। ਟਿਕੀ ਹੋਈ ਰਾਤ ਹੋਵੇ ਬਦੀ ਦੀ ਵਫ਼ਾਤ ਹੋਵੇ ਪੀਰ ਕੋਈ ਹਦੀਸ ਵਿੱਚੋਂ ਸਾਖੀ ਪੜ੍ਹੀ ਜਾਂਦਾ ਹੋਵੇ ਖਾਲੀ ਮਹਿਖਾਨਿਆਂ ’ਚ ਜਾਮ ਭਰ ਰਿਹਾ ਹੋਵੇ। ਇੱਕੋ ਇੱਕ ਜਾਤ ਹੋਵੇ ਸੁਣ ਰਹੀ ਨਾਅਤ ਹੋਵੇ ਅੱਲਾਹ ਦੇ ਪੈਗੰਬਰ ਦਾ ਜ਼ਿਕਰ ਕਮਾਲ ਹੋਵੇ ਬੰਦਗੀ ਦੀ ਹੁਜ਼ਰੇ ’ਚ ਸ਼ਮਾ ਮੱਚ ਰਹੀ ਹੋਵੇ। ਸ਼ਮਾ ਵਾਲੀ ਰੋਸ਼ਨੀ ’ਚ ਖੁੱਲ੍ਹਿਆ ਕੁਰਾਨ ਹੋਵੇ ਸ਼ਬਦਾਂ ਦੇ ਚਾਨਣ ‘ਨਾ ਰੋਸ਼ਨ ਈਮਾਨ ਹੋਵੇ ਬਾਹਰੋਂ ਸਭ ਸ਼ਾਂਤ ਹੋਵੇ ਰੂਹ ਨੱਚ ਰਹੀ ਹੋਵੇ।

ਖ਼ੁਮਾਰੀਆਂ

ਹੁੰਦਾ ਮੱਠਾ-ਮੱਠਾ ਭੁੱਬਲ ’ਚ ਸੇਕ ਜਿਉਂ ਜਾ ‘ਫੇ ਉੱਡਦੀ ਹੈ ਟਿੱਬਿਆਂ ’ਚ ਰੇਤ ਜਿਉਂ ਜਿਵੇਂ ਨਾਗ ਹੋਣ ਕੁੰਜ ਨੂੰ ਉਤਾਰਦੇ ਜਿਵੇਂ ਰੁਮਕਦੇ ਬੁੱਲ੍ਹੇ ਸੀਨਾ ਠਾਰਦੇ। ਜਿਵੇਂ ‘ਕੁਕਨਸ’ ਬਿਰਹਾ ’ਚ ਗਾਂਵਦੇ ਓਸ ਤਲਬ ’ਚ ਖੁਦ ਨੂੰ ਜਲਾਂਵਦੇ ਖਿੰਡ ਜਾਵੇ ਜਿੱਦਾਂ ਮਹਿਕ ਕੋਈ ਸੰਦਲੀ ਸੁਣੇ ਟਿੱਲਿਆਂ ਚੋਂ ਰਾਂਝਿਆਂ ਦੀ ਵੰਝਲੀ। ਜਿੱਦਾਂ ਚੋਟੀ ਬਰਫ਼ੀਲੀ ਕੋਈ ਖੁਰਜੇ ਛੱਡ ਤਖ਼ਤ ਕੋਈ ਝੰਗ ਵੱਲ ਤੁਰਜੇ ਜਿਵੇਂ ਚੰਦਨ ਕੋਈ ਸਾਹਾਂ ’ਚ ਨਿਚੋੜਜੇ ਨੀਂਦ ਸੁੱਤਿਆਂ ਖਿਆਲਾਂ ਦੀ ਕੋਈ ਤੋੜਜੇ। ਜਿਵੇਂ ਰੋਸ਼ਨੀ ਹਨੇਰਿਆਂ ’ਚ ਟਹਿਲਜੇ ਜਿਵੇਂ ਸ਼ੋਰਾਂ ਵਿੱਚ ਚੁੱਪ ਕੋਈ ਫੈਲਜੇ ਜਿਵੇਂ ਝਨਾਂ ’ਚ ਪ੍ਰੀਤ ਲਾਵੇ ਤਾਰੀਆਂ ਏਦਾਂ ਓਸ ਦੇ ਦੀਦਾਰ ’ਚ ਖ਼ੁਮਾਰੀਆਂ।

ਸੁੰਨ ਸਰੈਣ

ਭਰਮਾਂ ਦੇ ਸਭ ਪਰਦੇ ਸੜ ਕੇ ਖਾਕ ਹੋ ਗਏ ਨੇ ਦਾਨਾਵਾਦੀਂ ਸਾਹਿਬਾਂ ਦੇ ਅੱਜ ਸਾਕ ਹੋ ਗਏ ਨੇ ਨੂਰ ਯਾਕੂਬ ਦੀ ਅੱਖ ਦੇ ਆਖਿਰ ਵਾਪਿਸ ਆ ਗਏ ਨੇ ਸੁੰਨ ਸਰੈਣ ’ਚ ਜੋਗੀ ਕੋਈ ਮੱਠ ਬਣਾ ਗਏ ਨੇ। ਕੈਦੋਂ ਨੇ ਵੀ ਚਾਕ ਦੇ ਹੱਕ ’ਚ ਹਾਮੀ ਭਰਤੀ ਏ ਝੰਗ ਜਿਹੀ ਹੀ ਹੁੰਦੀ ਜਾਂਦੀ ਸਾਰੀ ਧਰਤੀ ਏ ਸਾਕੀ ਲੱਖਾਂ ਮਹਿਖਾਨੇ ਚੋਂ ਜਾਮ ਫੜਾ ਗਏ ਨੇ ਸੁੰਨ ਸਰੈਣ ’ਚ ਜੋਗੀ ਕੋਈ ਮੱਠ ਬਣਾ ਗਏ ਨੇ। ਫਿਰ ਤੋਂ ਕਿਸੇ ਨੇ ਕੋਹੇਤੂਰ ਉਜਾਲਾ ਤੱਕਿਆ ਏ ਸਿਰ ਇਬਲੀਸਾਂ ਨੇ ਵੀ ਸਜਦੇ ਦੇ ਵਿੱਚ ਰੱਖਿਆ ਏ ਆਬੇ-ਹਯਾਤ ਕੋਈ ਰੂਹਾਂ ਨੂੰ ਅੱਜ ਖ਼ਿਜ਼ਰ ਪਿਆ ਗਏ ਨੇ ਸੁੰਨ ਸਰੈਣ ’ਚ ਜੋਗੀ ਕੋਈ ਮੱਠ ਬਣਾ ਗਏ ਨੇ। ਕੋਈ ਮੁਸੱਬਰ ਫ਼ਲਕ ਤੇ ਸ਼ਾਹਕਾਰ ਬਣਾ ਗਿਆ ਏ ਖ਼ਾਬੀਂ ਪੀਰ ਕੋਈ ਆਕੇ ਅੱਜ ਮਹਾਂ-ਕਾਵਿ ਲਿਖਾ ਗਿਆ ਏ ਬਦੀਆਂ ਵਾਲੇ ਗੁੰਬਦ ਅੱਜ ਫ਼ਰਿਸ਼ਤੇ ਢਾਅ ਗਏ ਨੇ ਸੁੰਨ ਸਰੈਣ ’ਚ ਜੋਗੀ ਕੋਈ ਮੱਠ ਬਣਾ ਗਏ ਨੇ।

ਆਗਮਨ

ਹੈ ਕੌਣ ਜਿਹੜਾ ਇਸ਼ਕ ਨੂੰ ਸੁਰਜੀਤ ਮੁੱਢ ਤੋਂ ਕਰ ਰਿਹੈ ? ਅਜ਼ਲਾਂ ਤੋਂ ਫਿੱਕੇ ਜੁੱਸਿਆਂ ਵਿੱਚ ਰੰਗਤਾਂ ਨੂੰ ਭਰ ਰਿਹੈ। ਉਹ ਕੌਣ ਹੈ ਇਤਰਾਂ ਜਿਹਾ ਰੂਹਾਂ ਤੇ ਜਿਹੜਾ ਵਰੵ ਰਿਹੈ ? ਹੈ ਕੌਣ ਜਿਹੜਾ ਠੰਢਕਾਂ ਸਾਹਾਂ ਦੇ ਉੱਤੇ ਧਰ ਰਿਹੈ? ਸ਼ਾਹ ਰਗ ਤੋਂ ਵੀ ਨਜ਼ਦੀਕ ਹੈ ਜੋ ਧੜਕਨਾਂ ਦੇ ਪਾਸ ਹੈ ਹੈ ਕੌਣ ਜਿਸਦੇ ਨੇਤਰਾਂ ਵਿੱਚ ਰੋਸ਼ਨੀ ਦਾ ਵਾਸ ਹੈ? ਹੈ ਕੌਣ ਜਿਹੜਾ ਆਦਿ ਤੋਂ ਇੱਕ ਤਲਬ ਹੈ ਤੇ ਪਿਆਸ ਹੈ ? ਹੈ ਕੌਣ ਜੋ ਅੰਧਕਾਰ ਵਿੱਚ ਇੱਕ ਆਸ ਹੈ ਪ੍ਰਕਾਸ਼ ਹੈ? ਹੈ ਕੌਣ ਜਿਸਨੂੰ ਸੋਚ ਕੇ ਹੀ ਮੈਂ ਦੇ ਲਾਵੇ ਠਰ ਰਹੇ ਨੇ? ਹੈ ਕੌਣ ਜਿਸਦੇ ਆਗਮਨ ‘ਨਾ ਜਾਮ ਖਾਲੀ ਭਰ ਰਹੇ ਨੇ?

ਇੱਕੋ ਇੱਕ ਹਜ਼ੂਰ

ਨਬੀ ਦੀ ਝਲਕ ਵਿੱਚੋਂ ਨਾਨਕ ਦੀ ਪਲਕ ਵਿੱਚੋਂ ਕਾਅਬੇ ਦੀ ਬਾਤ ਵਿੱਚੋਂ ਅਕਸਾ ਦੀ ਝਾਤ ਵਿੱਚੋਂ। ਅਦਨ ਦੇ ਬਾਗ਼ ਵਿੱਚੋਂ ਸੰਖ ਤੇ ਰਾਗ ਵਿੱਚੋਂ ਤੂਰ ਦੇ ਨੂਰ ਵਿੱਚੋਂ ਸ਼ਮਸ਼-ਮਨਸੂਰ ਵਿੱਚੋਂ। ਅੰਤ ਅਗਾਜ਼ ਵਿੱਚੋਂ ਸ਼ਬ-ਏ ਮਿਰਾਜ਼ ਵਿੱਚੋਂ ਅਮ੍ਰਿਤ ਦੀ ਧਾਰ ਵਿੱਚੋਂ ਜਮਜਮ ਦੇ ਸਾਰ ਵਿੱਚੋਂ। ਤੇਗ਼ ਦੀ ਲਿਸ਼ਕ ਵਿੱਚੋਂ ਤਸਬੀ ਦੇ ਇਸ਼ਕ ਵਿੱਚੋਂ ਮੰਦਰ ਦੇ ਟੱਲ ਵਿੱਚੋਂ ਅੰਜੀਲ ਦੀ ਗੱਲ ਵਿੱਚੋਂ। ਹੋਸ਼-ਮਦਹੋਸ਼ ਵਿੱਚੋਂ ਦੋਜ਼ਖ਼-ਫ਼ਿਰਦੌਸ ਵਿੱਚੋਂ ਮੰਜ਼ਿਲ ਤੇ ਰਾਹਾਂ ਵਿੱਚੋਂ ਧੜਕਣ ਤੇ ਸਾਹਾਂ ਵਿੱਚੋਂ। ਚੁੱਪਾਂ ਤੇ ਸ਼ੋਰ ਵਿੱਚੋਂ ਅਸ਼ਕਾਂ ਤੇ ਲੋਰ ਵਿੱਚੋਂ ਪਏ ਜੀਹਦਾ ਨਜ਼ਰੀਂ ਨੂਰ ਬੱਸ ਇੱਕੋ-ਇੱਕ ਹਜ਼ੂਰ।

ਉਲਕਾ ਪਿੰਡ

ਤੇਰਾ ਹਾਸਾ ਮਿਲਕੀ ਵੇਅ ਟੱਪਜੇ ਤੇ ਟੁੱਟਦੇ ਉਲਕਾ ਪਿੰਡ ਕਈ ਸੁਣ ਹੁਸਨ ਤੇ ਪਰਦਾ ਰੱਖਿਆ ਕਰ ਐਵੇਂ ਤਾਰੇ ਜਾਂਦੇ ਖਿੰਡ ਕਈ। ਕੱਲ੍ਹ ਪਾਣੀਆਂ ਨੂੰ ਜੋ ਅੱਗ ਲੱਗੀ ਸਭ ਰੂਪ ਤੇਰੇ ਦੇ ਕਾਰੇ ਨੀਂ ਮੈਨੂੰ ਸੱਚ -ਸੱਚ ਦੱਸਦੇ ਹਾਣਦੀਏ ਤੂੰ ਕਿੰਨੇ ਸੂਰਜ ਠਾਰੇ ਨੀਂ। ਤੇਰੇ ਜਿਸਮ ਦੇ ਸੰਘਣੇਪਣ ਅੱਗੇ ਔਕਾਤ ਕੀ ਜੰਗਲ-ਜੁੰਗਲ ਦੀ ਤੂੰ ਲਾਲੀ ਖੋਹ ਕੇ ਰੱਖ ਲਈ ਮੈਂ ਸੁਣਿਆ ਮੰਗਲ-ਮੁੰਗਲ ਦੀ। ਮੈਂ ਸੁਣਿਆ ਤੇਰੇ ਹਾਸੇ ਤੋਂ ਆਹ ਚੰਨ-ਚੁੰਨ ਵੀ ਦੰਗ ਰਹਿੰਦੈ ਸੁਣ ਮਿਰਚਾਂ ਵਾਰ ਕੇ ਰੱਖਿਆ ਕਰ ਤੈਨੂੰ ਤੱਕ ਕੇ ਸ਼ਾਇਰ ਦੰਗ ਰਹਿੰਦੈ। ਤੇਰੇ ਪੈਰ ਵੀ ਸਿਮਰਨ, ਹੱਥ ਵੀ ਸਿਮਰਨ ਬੰਦਗੀ ਤੇਰੇ ਵਾਲ ਸੱਜਣ ਤੇਰੇ ਨਾਲ ਇਸ਼ਕ ਤਾਂ ਸਦੀਆਂ ਤੋਂ ਬੱਸ ਮਿਲੇ ਹਾਂ ਏਸੇ ਸਾਲ ਸੱਜਣ।

ਪਰਦਾ

ਜੋ ਹੋਸ਼,ਖ਼ੁਮਾਰੀ ਦੇ ਵਿਚਕਾਰ ਹੈ ਐਸਾ ਸੱਜਣ ਹਾਲ ਜਿਆ ਹੋਜੇ ਜੇਕਰ ਪਰਦਾ ਚੁੱਕ ਦੇਵੇਂ ਤਾਂ ਅੱਲ੍ਹਾ ਕਸਮ ਕਮਾਲ ਜਿਆ ਹੋਜੇ।

ਪਰਲੇ ਪਾਰ

ਜੋ ਰਾਹਾਂ ਨਿਗਾਹਾਂ ’ਚ ਨੂਰਾਂ ਦੇ ਵਾਂਗਰ ਕਿ ਰੂਹਾਂ ਦੇ ਵਿਚਲਾ ਇਹ ਸਾਰ ਕੀ ਹੈ? ਜੋ ਸੋਚਾਂ ਤੇ ਸਮਝੋਂ ਤੇ ਰਮਜ਼ੋ ਪਰੇ ਹੈ ਕਿ ਅਰਸ਼ਾਂ ਤੋਂ ਪਰਲੇ ਉਹ ਪਾਰ ਕੀ ਹੈ? ਕਿ ਸਾਹ ਨੇ ਸੁਗੰਧਿਤ ਤੇ ਧੜਕਣ ਵੀ ਮਹਿਕੇ ਇਹ ਉਲਫ਼ਤ,ਇਬਾਦਤ,ਖ਼ੁਮਾਰ ਕੀ ਹੈ? ਜੋ ਆਰੇ ਤੇ ਰੰਬੀਆਂ ਵੀ ਤੱਕ ਕੇ ਨਾ ਡੋਲੀ ਕਿ ਦੱਸਣਾ ਉਹ ਅਮ੍ਰਿਤ ਦੀ ਧਾਰ ਕੀ ਹੈ? ਮਿਟ ਆਸ਼ਿਕ ਮੁਹੱਬਤ ’ਚ ਵਾਕਿਫ਼ ਨੇ ਹੁੰਦੇ ਕਿ ਠੰਢਕ ਕੀ ਹੁੰਦੀ ਤੇ ਠਾਰ ਕੀ ਹੈ।

ਵਿਕਦਾ ਸ਼ਹਿਦ ਵੀ ਹੈ ਪਾਬੰਦੀ ਜ਼ਹਿਰ ਤੇ ਵੀ ਨਹੀਂ

ਉਹ ਜਾਣਦੇ ਹਨ ਕਿ ਫ਼ਾਕੇ ਸ਼ਹੀਦੀਆਂ ਅਤੇ ਸਾਕਿਆਂ ਨਾਲ ਕੌਮਾਂ ਦੇ ਪਤਨ ਨਹੀਂ ਹੁੰਦੇ ਬਲਕਿ ਕਰਬਲਾ ਤੋਂ ਬਾਅਦ ਤਾਂ ਹੋਰ ਤੀਬਰਤਾ ਨਾਲ ਚੜ੍ਹਦੀ ਕਲਾ ਦੇ ਬੋਲ ਅਤੇ ਤਕਬੀਰ ਦੇ ਨਾਅਰੇ ਗੂੰਜਦੇ ਨੇ। ਉਹਨਾਂ ਨੂੰ ਇਲਮ ਹੈ ਕਿ ਜੇਕਰ ਪੈਗੰਬਰਾਂ ਦੀ ਮੁਹੱਬਤ ਹੀ ਉੱਮਤ ਦੇ ਦਿਲਾਂ ਚੋਂ ਕੱਢ ਦਿੱਤੀ ਜਾਵੇ ਤਾਂ ਇਹ ਖੁਦ ਬ ਖੁਦ ਹੀ ਖਤਮ ਹੋ ਜਾਣਗੇ। ਇਸੇ ਲਈ ਤਾਂ ਅਖੌਤੀ ਮਸਤੀ ਦੇ ਕੇਂਦਰ ਖੁੱਲ੍ਹ ਗਏ ਨੇ। ਵਿਸ਼ਵਾਸ ਦੀ ਥਾਂ ਤਰਕ ਨੂੰ ਹਾਵੀ ਕੀਤਾ ਜਾ ਰਿਹੈ। ਦਰੂਦ ਸ਼ਰੀਫ਼ ਦੀ ਥਾਂ ਸਾਡੀ ਜੁਬਾਨ ਤੇ ਅਸ਼ਲੀਲਤਾ ਬਿਰਾਜਮਾਨ ਹੋ ਰਹੀ ਹੈ। ਤਸਬੀਆਂ ਦੀ ਥਾਂ ਹੱਥਾਂ ਨੂੰ ਚਿਲਮਾਂ ਦਾ ਸਪਰਸ਼ ਕਰਵਾਇਆ ਜਾ ਰਿਹੈ ।ਸੰਪੂਰਨ ਵਰਤਾਰੇ ਨੂੰ ਤੱਕ ਮੈਨੂੰ ਹਜ਼ਰਤ ਇਕਬਾਲ ਦੇ ਬੋਲ ਚੇਤੇ ਆ ਰਹੇ ਨੇ :- “ਯੇ ਫ਼ਾਕਾ ਕਸ਼ ਜੋ ਮੌਤ ਸੇ ਡਰਤਾ ਨਹੀਂ ਜ਼ਰਾ ਰੂਹ-ਏ-ਮੁਹੰਮਦ ਇਸਕੇ ਦਿਲ ਸੇ ਨਿਕਾਲ ਦੋ”। ਜਦੋਂ ਤਸਬੀਆਂ ਤੇ ਤੇਗ਼ਾਂ ਦੇ ਸਪਰਸ਼ ਨੂੰ ਮਾਣਦੀ ਕੌਮ ਦੇ ਹੱਥ ਚਿਲਮਾਂ ਅਤੇ ਅਖੌਤੀ ਮਸਤੀ ਦੇ ਹੋਰ ਪਦਾਰਥਾਂ ਵੱਲ ਵਧਣ ਲੱਗ ਜਾਣ ਤਾਂ ਉਸਦੇ ਭਵਿੱਖ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਬਾਦਤ ਤੇ ਖ਼ੁਮਾਰ ਦੇ ਪਾਂਧੀਆਂ ਨੂੰ ਬਾਹਰੀ ਨਸ਼ੇ ਦੀ ਕੀ ਲੋੜ? ਤੇ ਬੰਦਗੀ ਦਾ ਰਾਹ ਚਿਲਮਾਂ ਦਾ ਰਾਹ ਕਦ ਤੋਂ ਹੋ ਗਿਆ? ਇਹ ਸੂਲੀ ਤੇ ਚਾੜ੍ਹੇ ਸਲੀਬਾਂ ਦਾ ਪੰਧ ਹੈ ਸ਼ਰੀਅਤ, ਤਰੀਕਤ ਤੇ ਇਲਮਾਂ ਦਾ ਰਾਹ ਹੈ ਇਹ ਆਇਤਾਂ-ਰਬਾਬਾਂ ਤੇ ਤੇਗ਼ਾਂ ਦੀ ਗਾਥਾ ਭੇਖੀ ਹੈ ਕਹਿੰਦਾ ਜੋ ਚਿਲਮਾਂ ਦਾ ਰਾਹ ਹੈ। ਇਹ ਕੇਹੀ ਮਸਤੀ ਹੈ ਜੋ ਚੜ੍ਹਦੀ ਤੇ ਉੱਤਰਦੀ ਹੈ? ਜਦੋਂ ਵਾਸਤਵਿਕ ਮਸਤੀ ਦਾ ਆਗਮਨ ਹੋਣ ਲੱਗਦੈ ਤਾਂ ਬਾਤ ਦੇਹਾਂ ਤੋਂ ਤਾਂ ਕਿਤੇ ਅਗਾਂਹ ਚਲੀ ਜਾਂਦੀ ਹੈ। ਫਿਰ ਤਾਂ ਸੂਲੀਆਂ ਸੇਜ ਹੋ ਜਾਂਦੀਆਂ ਨੇ ਤੇ ਤਬੀਆਂ ਠਾਰ। ਪਰ ਹਾਲੇ ਸ਼ਾਇਦ ਸਾਡੀ ਅਖੌਤੀ ਮਸਤੀ ਚਿਲਮਾਂ ਦੇ ਧੂੰਏ ਅਤੇ ਬੀੜੀਆਂ ਦੀ ਲੋਰ ਤੱਕ ਸੀਮਿਤ ਹੈ। ਇਹ ਸੰਪੂਰਨ ਵਰਤਾਰਾ ਈਮਾਨ ਦੇ ਕੱਚੇਪਣ ਦੀ ਉੱਪਜ ਹੈ। ਅਸੀਂ ਆਪਣੀ ਤੁੱਛ ਬੁੱਧੀ ਤੋਂ ਸੋਚਣ ਲੱਗੇ ਹਾਂ ਕਿ ਇਸ ਰਾਹ ਤੇ ਪੈਗੰਬਰਾਂ ਦੇ ਕਦਮਾਂ ਦੇ ਉੱਲਟ ਵੀ ਚੱਲਿਆ ਜਾ ਸਕਦੈ ।ਨਬੀ ਦੇ ਕਦਮਾਂ ਦੇ ਉਲਟ ਭਾਵੇਂ ਕਿੰਨਾ ਹੀ ਤੁਰਦੇ ਰਹੀਏ,ਕਿੰਨੀਆਂ ਹੀ ਸਦੀਆਂ ਬੀਤ ਜਾਣ ਸਫ਼ਰ ਵਿੱਚ ਮੰਜ਼ਿਲ ਤਾਂ ਕੀ ਰਾਹਾਂ ਤੇ ਵੀ ਨਹੀਂ ਅੱਪੜ ਸਕਾਂਗੇ। ਮਸਜ਼ਿਦਾਂ ਪੱਕੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਸਾਡੇ ਈਮਾਨ ਕੱਚੇ। ਮੁਸੱਲੇ ਤੇ ਬੈਠ ਕੇ ਵੀ ਦਰੂਦ ਪੜ੍ਹਨ ਤੋਂ ਸ਼ਰਮ ਮਹਿਸੂਸ ਹੋਣ ਲੱਗੀ ਹੈ। ਤੇ ਕੁਰਬਾਨ ਜਾਈਏ ਹਜ਼ਰਤ ਬਿਲਾਲ ਹਬਸ਼ੀ (ਰ) ਦੇ ਇਸ਼ਕ ਦੇ ਕਿ ਕੋਲਿਆਂ ਦੀ ਸੇਜ ਵਿਛੀ ਹੈ ਤੇ ਉਸਤੇ ਲੇਟ ਕੇ ਦਰੂਦ ਸ਼ਰੀਫ ਪੜ੍ਹੀ ਜਾ ਰਹੀ ਹੈ। ਤੇ ਦੂਸਰੀ ਤਰਫ਼ ਜੰਗ ਏ ਬਦਰ ਦਾ ਮੈਦਾਨ ਹੈ ਤੇ ਸਹਾਬਾ (ਰ) ਵੱਲੋਂ ਤਲਵਾਰਾਂ ਦੇ ਸਾਏ ਹੇਠ ਜ਼ਿਕਰ ਏ ਰਸੂਲ ਕੀਤਾ ਜਾ ਰਿਹੈ। ਦਰੂਦ ਦੀ ਗੂੰਜ ਪੂਰੇ ਅਰਬ ਵਿੱਚ ਸੁਣਾਈ ਦੇ ਰਹੀ ਹੈ। ਵਿਕਦਾ ਸ਼ਹਿਦ ਵੀ ਹੈ ਤੇ ਪਾਬੰਦੀ ਜ਼ਹਿਰ ਤੇ ਵੀ ਨਹੀਂ। ਚੰਗਾ ਤੇ ਬੁਰਾ ਦੋਵੇਂ ਨਾਲੋਂ ਨਾਲ ਨੇ। ਹੁਣ ਇਹ ਤੁਹਾਡੀ ਨਜ਼ਰ ਤੇ ਨਿਰਭਰ ਹੈ ਕਿ ਉਹ ਪਵਿੱਤਰਤਾ ਵੱਲ ਜਾਂਦੀ ਹੈ ਜਾਂ ਬੇਹਯਾਈ ਵੱਲ। ਕਹਿੰਦੇ ਆਲਮਾ ਇਕਬਾਲ ਜਦੋਂ ਯੂਰਪ ਤੋਂ ਵਾਪਸ ਪਰਤੇ ਤਾਂ ਕਿਸੇ ਨੇ ਪੁੱਛਿਆ ਕਿ ਹਜ਼ਰਤ ਤੁਹਾਨੂੰ ਮੁਤਾਸਰ ਨਹੀਂ ਕੀਤਾ ਉੱਥੋਂ ਦੇ ਨੰਗੇਜ਼ ਨੇ। ਉੱਤਰ ਮਿਲਿਆ ਕਿ ਮੈਨੂੰ ਤਾਂ ਲੱਭਿਆ ਹੀ ਕੱਖ ਨਹੀਂ। ਫਰਮਾਇਆ- ਖ਼ੀਰਾ ਨਾ ਕਰ ਸਕਾ ਮੁਝੇ ਜਲਵਾ ਏ ਦਾਨਿਸ਼ ਏ ਫ਼ਰੰਗ ਸੁਰਮਾਂ ਹੈ ਮੇਰੀ ਆਂਖ ਕਾ ਖਾਕੇ ਮਦੀਨਾ ਓ ਨਜ਼ਫ਼। ਹੁਣ ਜਿਹੜੀਆਂ ਅੱਖਾਂ ਵਿੱਚ ਪੈਗੰਬਰ (ਸ) ਦੀ ਧਰਤੀ ਦੇ ਸੁਰਮੇਂ ਹੋਣ ਉਹ ਖ਼ਾਬ ਵਿੱਚ ਵੀ ਬੇਹਯਾਈ ਕਿਵੇਂ ਤੱਕ ਸਕਦੀਆਂ ਨੇ। ਤੇ ਉਹਨਾਂ ਹੀ ਅੱਖਾਂ ਨਾਲ ਕਿਵੇਂ ਵੇਖਿਆ ਜਾ ਸਕਦਾ ਕਿਸੇ ਗੈਰ ਨੂੰ ਜੋ ਮਹਿਬੂਬ ਲਈ ਰਾਖਵੀਆਂ ਹੋਣ।

ਸਰਬੱਤ

ਭਰਮਾਂ ਦੀ ਮੇਟ ਆਬਰੂ ਮਜੵਬਾਂ ਦੇ ਬੰਧਨ ਤੋੜ ਕੇ ਸੂਰਜ ਤੌਹੀਦੀ ਚੜ੍ਹ ਰਿਹੈ ਔਹ ਐਨ ਪਹਾੜੋਂ ਸਾਹਮਣੇ ਮਿੰਬਰ ਮਸਜ਼ਿਦਾਂ ਦਾ ਕੋਈ ਬਾਣੀਆਂ ਨੂੰ ਪੜ੍ਹ ਰਿਹੈ। ਔਹ ਮੰਦਰਾਂ ਚੋਂ ਆ ਰਹੀ ਹੈ ਮਹਿਕ ਭਿੱਜੀ ਵਾਜ ਦੇ ਵਿੱਚ ਸੱਦ ਕੋਈ ਅਜ਼ਾਨ ਦੀ ਕਿਤੇ ਮੱਠ ਦੇ ਵਿੱਚ ਪੜ੍ਹ ਰਿਹਾ ਹੈ ਬੋਧ ਭਿਖਸ਼ੂ ਵਜ਼ਦ ਅੰਦਰ ਆਇਤ ਕੋਈ ਕੁਰਾਨ ਦੀ ਕੋਈ ਹਵਨ ਕੁੰਡ ਦੇ ਮੰਤਰਾਂ ਦੀ ਅਗਨ ਸੁੱਚੀ ਹੱਥ ਤੇ ਰੱਖ ਗਿਰਜਿਆਂ ਵਿੱਚ ਵੜ ਰਿਹੈ ਔਹ ਐਨ ਪਹਾੜੋਂ ਸਾਹਮਣੇ ਮਿੰਬਰ ਮਸਜ਼ਿਦਾਂ ਦਾ ਕੋਈ ਬਾਣੀਆਂ ਨੂੰ ਪੜ੍ਹ ਰਿਹੈ। ਖਿੰਡ ਰਹੀ ਹੈ ਰੋਸ਼ਨੀ ਇਨਸਾਨੀਅਤ ਦੇ ਤੇਜ ਚੋਂ ਕੁਫਰਾਂ ਦੇ ਨੇਰ੍ਹੇ ਚੀਰ ਕੇ ਫ਼ੌਤ ਹੋ ਗਏ ਵੈਰ ਤੇ ਸਭ ਰੰਗ, ਨਸਲਾਂ ਚੱਲੀਆਂ ਨੇ ਕੱਠੀਆਂ ਹੋ ਪੀਰ ਕੇ ਕਿ ਪੰਛੀਆਂ ਦਾ ਝੁੰਡ ਕੋਈ ਬੰਨ੍ਹ ਕੇ ਅਹਿਰਾਮ ਨੂੰ ਅੱਜ ਬੰਦਗੀ ਵਿੱਚ ਖੜ੍ਹ ਰਿਹੈ ਔਹ ਐਨ ਪਹਾੜੋਂ ਸਾਹਮਣੇ ਮਿੰਬਰ ਮਸਜ਼ਿਦਾਂ ਦਾ ਕੋਈ ਬਾਣੀਆਂ ਨੂੰ ਪੜ੍ਹ ਰਿਹੈ। ਨਫ਼ਰਤਾਂ ਦੀ ਰਾਤ ਵਿੱਚ ਕੋਈ ਰੋਸ਼ਨੀ ਨੂੰ ਬਾਲ ਕੇ ਜੂਹਾਂ ਦੇ ਉੱਤੇ ਧਰ ਰਿਹੈ ਰਹਿਮਤਾਂ ਦਾ ਮੇਘ ਸੁੱਚਾ ਅਰਸ਼ ਤੋਂ ਅੱਜ ਬੇਪਨਾਹ ਬਿਨ ਬੱਦਲਾਂ ਹੀ ਵਰੵ ਰਿਹੈ ਕੋਈ ਟੋਲਾ ਭਟਕੀ ਭੀੜ ਦਾ ਸਰਬੱਤ ਦੇ ਵਿੱਚ ਬਦਲ ਕੇ ਮਜ਼ਲੂਮ ਦੇ ਲਈ ਲੜ੍ਹ ਰਿਹੈ ਔਹ ਐਨ ਪਹਾੜੋਂ ਸਾਹਮਣੇ ਮਿੰਬਰ ਮਸਜ਼ਿਦਾਂ ਦਾ ਕੋਈ ਬਾਣੀਆਂ ਨੂੰ ਪੜ੍ਹ ਰਿਹੈ।

ਪੌਣਾਂ ਸੀਤਲ-ਸੀਤਲ

ਹਵਨ ਕੁੰਡ ਦੇ ਮੰਤਰ ਸੁਣ ਪਏ ਆਇਤਾਂ ਗੂੰਜਣ ਲੱਗੀਆਂ ਤੂੰ ਸੱਜਣ ਜਦ ਆਇਆ ਪੌਣਾਂ ਸੀਤਲ-ਸੀਤਲ ਵਗੀਆਂ। ਚੁੱਪ ਦੇ ਬੱਸ ਪਸਾਰੇ ਹੋ ਗਏ ਮੁੱਠੀ ਦੇ ਵਿੱਚ ਤਾਰੇ ਹੋ ਗਏ ਅੱਕ ਵੀ ਖੁਸ਼ਬੂਦਾਰੇ ਹੋ ਗਏ ਦੀਵੇ ਰਿਸ਼ਮਾਂ ਜਗੀਆਂ ਤੂੰ ਸੱਜਣ ਜਦ ਆਇਆ ਪੌਣਾਂ ਸੀਤਲ-ਸੀਤਲ ਵਗੀਆਂ। ਸੁਰਤਾਂ ਦੇ ਸਭ ਬੂਹੇ ਖੁੱਲ੍ਹ ਗਏ ਪੜ੍ਹੇ ਲਿਖੇ ਸਭ ਅੱਖਰ ਭੁੱਲ ਗਏ ਤੁਪਕੇ ਸਾਗਰ ਦੇ ਵਿੱਚ ਡੁੱਲ੍ਹ ਗਏ ਨੂਰੀ ਕਿਰਨਾਂ ਮਘੀਆਂ ਤੂੰ ਸੱਜਣ ਜਦ ਆਇਆ ਪੌਣਾਂ ਸੀਤਲ-ਸੀਤਲ ਵਗੀਆਂ। ਚਾਨਣ-ਚਾਨਣ ਅੰਦਰੀਂ ਹੋਇਆ ਚੈਨ-ਵੈਨ ਤੈਨੂੰ ਤੱਕ ਕੇ ਖੋਇਆ ਇਤਰ ਮੇਘ ਦੇ ਵਿੱਚੋਂ ਚੋਇਆ ਰੂਹਾਂ ਗਈਆਂ ਠੱਗੀਆਂ ਤੂੰ ਸੱਜਣ ਜਦ ਆਇਆ ਪੌਣਾਂ ਸੀਤਲ-ਸੀਤਲ ਵਗੀਆਂ।

ਆਮਦ

ਅਕਲ ਦੇ ਕਲਸ ਤਿੜਕੇ ਨੇ ਸੁਰਤ ਹੈਰਾਨ ਹੋਈ ਹੈ ਨਜ਼ਰ ਨੇ ਵਜ਼ਦ ਤੱਕ ਨੇ ਤੇ ਖ਼ਾਬੀਂ ਔਲੀਏ ਨੱਚਦੇ ਹੈ ਧੜਕਣ ਬਣੀ ਤਾਲ ਸੱਜਣ । ਰੂਹਾਂ ਤੇ ਹਾਵੀ ਹੋਏ ਨੇ ਅਲਫ਼ ਤੇ ਮੀਮ ਦੇ ਇਸ਼ਕੇ ਲਬਾਂ ਨੇ ਫੇਰ ਛੋਹੀ ਹੈ ਕਾਹਨ ਦੀ ਵੰਝਲੀ ਓਹੀ ਤੇਰੀ ਆਮਦ ਦੇ ‘ਨਾ ਸੱਜਣ।

ਉਸਤਤ (ਰਸੂਲ ਸੱਲ.)

ਤੇਰੇ ਨੇਤਰਾਂ ਚੋਂ ਪੁੰਗਰੇ ਰੰਗ ਤੌਹੀਦ ਦੇ ਖ਼ੁਤਬਿਆਂ ਤੇ ਬੰਦਗੀ ਵਿੱਚ ਢਲ ਗਏ ਬੀਜ ਗਾਰੇ ਹਿਰਾ ’ਚ ਖਿਲਰੇ ਇਸ਼ਕ ਦੇ ਤੇਰੀ ਓਟ ਪੈਗ਼ੰਬਰੀ ਵਿੱਚ ਪਲ ਗਏ। ਕਿਹਾ ਤੂੰ ਜਜ਼ਬਾ ਰੂਹਾਂ ਵਿੱਚ ਪਰੁੰਨਿਆ ਜੋ ਕਰਬਲਾ ਵਿੱਚ ਗੂੰਜੇ ਨਗਮੇਂ ਇਸ਼ਕ ਦੇ ਤੇਰੀ ਅਲਫ਼ ਹੁਸੈਨੀਆਂ ਦੇ ਅੱਜ ਵੀ ਨੂਰ ਬਦਰ ਤੇ ਖ਼ੈਬਰਾਂ ਵਿੱਚ ਲਿਸ਼ਕਦੇ। ਨਜ਼ਰ ਤੇਰੀ ਲੋਅ ਤੋਂ ਲੈਕੇ ਆਸਰਾ ਗੁੰਬਦ ਹੋਏ ਤਾਮੀਰ ਸਿਦਕ ਈਮਾਨ ਨੇ ਤੇਰੀ ਸੰਗਤ ਦੇ ਪ੍ਰਤੱਖ ਅਕੀਦੇ ਝਲਕਦੇ ਮੱਥਿਆਂ ਵਿੱਚ ਅਲੀ,ਉਮਰ, ਉਸਮਾਨ ਦੇ। ਚਹੁੰ ਕੂਟ ਜੋ ਗੂੰਜੇ ਸੱਦ ਅਜ਼ਾਨ ਦੀ ਤੇਰਿਆਂ ਹੀ ਸਾਹਾਂ ਦੀ ਸੁਗੰਧ ਹੈ ਤੇਰਾ ਹਰ ਇੱਕ ਵਾਕ ਹੀ ਨਿਰਵਾਣ ਹੈ ਤੇਰਾ ਇੱਕ-ਇੱਕ ਸ਼ਬਦ ਰੱਬੀ ਪੰਧ ਹੈ।

ਤਿਲਾਵਤ ਪ੍ਰੇਮ ਦੀ

ਸਾਹ ਨੇ ਸ਼ਬਦ ਉਚਾਰਦੇ ਤੇ ਧੜਕਣ ਪੜ੍ਹੇ ਕੁਰਾਨ ਰੂਹ -ਜਿਸਮ ਦੋਹੇ ਅੱਜ ਮਿਲ ਕੇ ਤੇਰੇ ਇਸ਼ਕ ਦੀ ਉਸਤਤ ਗਾਣ । ਅੱਜ ਖਿਆਲਾਂ ਕੰਨ ਪੜਵਾ ਲਏ ਤੁਰੇ ਝੰਗ ਸਿਆਲੀਂ ਜਾਣ ਅੱਜ ਫੁੱਲ ਫਕੀਰ ਨੇ ਹੋ ਗਏ ਪਏ ਮਹਿਕਾਂ ਕਰਦੇ ਦਾਨ। ਅੱਜ ਧਰਤੀ ਰਾਗ ਅਲਾਪਦੀ ਸਰਗਮ ਛੇੜੇ ਅਸਮਾਨ ਅੱਜ ਜਾਮ ਰੁੱਤਾਂ ਨੇ ਪੀ ਲਏ ਤੇ ਮੌਸਮ ਪਏ ਸੁਸਤਾਣ। ਕਿਤੇ ਪਰੀਆਂ ਦੀ ਕੋਈ ਬਜ਼ਮ ਕਰੇ ਅੱਜ ਰਹਿਬਰ ਦਾ ਗੁਣ ਗਾਣ ਜਿਉਂ ਕਰੇ ਤਿਲਾਵਤ ਪ੍ਰੇਮ ਦੀ ਅੱਜ ਜਾਪੇ ਕੁੱਲ ਜਹਾਨ।

ਆਬੇ ਹਯਾਤ

ਆਬੇ-ਹਯਾਤ ਦਾ ਜਿੱਥੇ ਨੀਂ ਕੋਈ ਝਰਨਾ ਵਹਿੰਦੈ ਓਸ ਵਤਨ ਵਿੱਚ ਸਖੀਓ ਨੀਂ ਮੇਰਾ ਮਹਿਰਮ ਰਹਿੰਦੈ। ਜਿੱਥੇ ਕਿ ਸ਼ਬਨਮ ਦੀਆਂ ਬੂੰਦਾਂ ਚਮਕਣ ਰਾਤੀਂ ਕੁਦਰਤ ਜਿੱਥੇ ਇਸ਼ਕ ਸਿਖਾਉਂਦੀ ਗੱਲੀਂ- ਬਾਤੀਂ ਜਿੱਥੇ ਧੁੱਪਾਂ ਨੱਚਦੀਆਂ ਨੇ ਸੁੱਧ-ਬੁੱਧ ਖੋ ਕੇ ਆਸ਼ਿਕ ਜਿੱਥੇ ਫਿਰਦੇ ਨੇ ਮਦਹੋਸ਼ ਜੇ ਹੋ ਕੇ ਕਣ-ਕਣ ਚੋਂ ਜਿੱਥੇ ਕਾਦਰ ਦਾ ਝਲਕਾਰਾ ਪੈਂਦੈ ਓਸ ਵਤਨ ਵਿੱਚ ਸਖੀਓ ਨੀਂ ਮੇਰਾ ਮਹਿਰਮ ਰਹਿੰਦੈ। ਮਹਿਕਾਂ ਲੱਦੀ ਜਿੱਥੇ ਫਿਜ਼ਾ ’ਚ ਵਾ ਵਗਦੀ ਏ ਮੱਸਿਆ ਵੀ ਜਿੱਥੇ ਪੂਰਨਮਾਸ਼ੀ ਹੀ ਲੱਗਦੀ ਏ ਆਪਣਾ-ਆਪਣਾ ਜਿੱਥੇ ਨਾ ਏ ਮੌਲਾ ਕੋਈ ਮੰਦਰ-ਮਸਜ਼ਿਦ ਦਾ ਨਾ ਜਿੱਥੇ ਰੌਲਾ ਕੋਈ ਵਾਹਿਗੁਰੂ ਜਿੱਥੇ ਫਾਦਰ ਪੰਡਿਤ ਅੱਲ੍ਹਾ ਕਹਿੰਦੈ ਓਸ ਵਤਨ ਵਿੱਚ ਸਖੀਓ ਨੀਂ ਮੇਰਾ ਮਹਿਰਮ ਰਹਿੰਦੈ। ਪੌਣਾਂ ਚੋਂ ਜਿੱਥੇ ਸੁਬਹ ਵਾਸ਼ਨਾ ਡੁੱਲ੍ਹ ਜਾਂਦੀ ਏ ਜਿੱਥੇ ਫਿੱਕਿਆਂ ਦੇ ਵਿੱਚ ਰੰਗਤ ਘੁਲ ਜਾਂਦੀ ਏ ਜਿੱਥੇ ਗੌਤਮ ਅਲ-ਇਖ਼ਲਾਸ ਨੂੰ ਗਾਉਂਦੇ ਮਿਲਦੇ ਈਸਾ ਜਿੱਥੇ ਜਪੁਜੀ ਸਾਹਿਬ ਸੁਣਾਉਂਦੇ ਮਿਲਦੇ ਮਜ਼ੵਬ ਦਾ ਬੰਧਨ ਜਿੱਥੇ ਰੂਪ ਤੌਹੀਦ ਦਾ ਲੈਂਦੇ ਓਸ ਵਤਨ ਵਿੱਚ ਸਖੀਓ ਨੀਂ ਮੇਰਾ ਮਹਿਰਮ ਰਹਿੰਦੈ।

ਤੇਰੀ ਦੀਦ

ਤੇਰੀ ਦੀਦ ਏਦਾਂ ਜਿਵੇਂ ਅਜ਼ਾਨ ਕਿ ਮਿੰਬਰੋਂ ਉੱਡਦੀ- ਉੱਡਦੀ ਕੰਨਾਂ ਦੇ ਨਾਲ ਖਹਿ ਗਈ ਹੋਵੇ ਜਾਂ ਕਿ ਉੱਗਦੇ ਸੂਰਜ ਦੀ ਜਿਵੇਂ ਰੋਸ਼ਨੀ ਤ੍ਰੇਲ ਭਿੱਜੇ ਪੱਤਿਆਂ ਤੇ ਪੈ ਗਈ ਹੋਵੇ। ਜਾਂ ਤਿਲਾਵਤ ਦੇ ਲਈ ਜੀਕਣ ਪੀਰ ਨੇ ਰੱਖ ਦਿੱਤੈ ਹੱਥ ਜਿਉਂ ਕੁਰਆਨ ਤੇ ਜਾਂ ਜਿਵੇਂ ਕੋਈ ਖੰਭ ਲਾ ਕੇ ਹੌਸਲੇ ਦੇ ਸ਼ਾਮ ਢਲੀ ਤੋਂ ਚੜ੍ਹ ਗਿਐ ਅਸਮਾਨ ਤੇ। ਜੀਕਣ ਅਜ਼ਲਾਂ ਤੋਂ ਪਿਆਸੀ ਰੂਹ ਨੂੰ ਰਾਹ ਕਿਸੇ ਨੇ ਦੱਸ ਦਿੱਤੈ ਆਬ ਦਾ ਜਾਂ ਕਿ ਜੀਕਣ ਲੀਕਾਂ ਸੱਭੇ ਮੇਟ ਕੇ ਹੋ ਗਿਆ ਹੈ ਵਸਲ ਬਿਆਸ-ਝਨਾਬ ਦਾ ਜਾਂ ਜਿਵੇਂ ਹੁਜਰੇ ਵਿੱਚ ਦੀਵੇ ਬਾਲ ਕੇ ਵਜਦ ਦੇ ਵਿੱਚ ਗਾ ਰਿਹੈ ਕੋਈ ਹੀਰ ਨੂੰ ਜਾਂ ਜਿਵੇਂ ਅੱਜ ਮੌਨ ਡੂੰਘੇ ਤੋੜ ਕੇ ਬੁੱਧ ਨੇ ਹੱਥ ਪਾ ਲਿਐ ਸ਼ਮਸ਼ੀਰ ਨੂੰ।

ਮਿੱਟੀ ਦੇ ਪੁਤਲੇ

ਹਨੇਰਾ ਕਿੰਨਾ ਵੀ ਤੀਬਰ ਕਿਉਂ ਨਾ ਹੋਵੇ ਸਿਫ਼ਰ ਹੋ ਜਾਂਦੈ ਚਾਨਣ ਦੀ ਇੱਕ ਰਿਸ਼ਮ ਅੱਗੇ। ਬਦੀ ਦੀ ਰਾਤ ਭਾਵੇਂ ਕਿੰਨੀ ਹੀ ਸਿਆਹ ਤੇ ਕਾਲੀ ਹੋਵੇ ਫ਼ੌਤ ਹੋ ਜਾਂਦੀ ਹੈ ਈਮਾਨ ਦਾ ਸੂਰਜ ਉਦੇ ਹੁੰਦਿਆਂ ਹੀ। ਜ਼ਾਲਮ ਚਾਹੇ ਯਜ਼ੀਦ ਬਣਕੇ ਆਵੇ ਜਾਂ ਫਿਰਔਨ ਬੱਸ ਪਲਕਾਂ ਦੇ ਫੋਰ ਜਿੰਨੀ ਕੁ ਹੈ ਉਸਦੀ ਹਕੂਮਤ। ਪਰ ਉਹ ਤਕਬੀਰ ਦੇ ਨਾਅਰੇ ਤੇ ਚੜ੍ਹਦੀ ਕਲਾ ਦੇ ਬੋਲ ਜੁਗਾਦਿ ਤੱਕ ਗੂੰਜਦੇ ਰਹਿਣਗੇ ਜੋ ਕਦੇ ਕਰਬਲਾ ਵਿੱਚ ਉਚਾਰੇ ਗਏ ਸੀ। ਹੈ ਲਾਜ਼ਮ ਫੂਕ ਦੇ ਨਾਲ ਦੀਪ ਦਾ ਬੁਝ ਜਾਣਾ ਪਰ ਆਫ਼ਤਾਬ ਦੀ ਜਾਬਰ ਚਮਕ ਜੁਗਾਦੀ ਹੈ ਸਾਡੇ ਨੈਣਾਂ ਵਿੱਚ ਬਿਰਾਜ ਨੇ ਮੰਜ਼ਰ ਖ਼ੈਬਰ ਦੇ ਤੇ ਰੂਹਾਂ-ਰੱਤ ’ਚ ਕਰਬਲਾ ਦੀ ਵਾਦੀ ਹੈ। ਉਹ ਹੱਥ ਜੋ ਨੀਲ ਦਰਿਆ ਦੇ ਕੰਢੇ ਅਰਦਾਸ ਵਿੱਚ ਉੱਠਦੇ ਨੇ। ਓਹੀ ਹੱਥ ਪੈਗੰਬਰ ਮੁਹੰਮਦ (ਸ) ਦੀ ਸੋਹਬਤ ਵਿੱਚ ਤੇਗ਼ਾਂ ਦੇ ਸਪਰਸ਼ ਨੂੰ ਮਾਣਦੇ ਹੋਏ ਤਕਬੀਰ ਦੇ ਨਾਅਰੇ ਲਾਉਂਦੇ ਹਨ ਤੇ ਤਹਿਸ-ਨਹਿਸ ਕਰ ਦਿੰਦੇ ਹਨ ਕੂੜ ਦੀ ਸੱਤਾ ਨੂੰ। ਜਿੰਨੀ ਤੀਬਰਤਾ ਨਾਲ ਸਾਨੂੰ ਆਇਤਾਂ ਦੀ ਅਵਾਜ਼ ਸੁਣਦੀ ਹੈ ਓਨੀ ਹੀ ਵਿਸ਼ਾਲਤਾ ਨਾਲ ਸਾਡੀ ਰੱਤ ਵਿੱਚ ਤੇਗ਼ਾਂ ਗਰਦਿਸ਼ ਕਰਦੀਆਂ ਨੇ। ਇਸ ਉੱਮਤ ਦੀ ਰੱਤ ਵਿੱਚ ਤੇਗ਼ ਤੇ ਤਸਬੀ ਦੋਵੇਂ ਸਮਾਨ ਰੂਪ ਵਿਚ ਬਿਰਾਜਮਾਨ ਨੇ ।ਤਸਬੀਆਂ ਫੇਰਦੇ ਹੱਥਾਂ ਦਾ ਸ਼ਾਸਤਰਾਂ ਦੀ ਛਾਂ ਵੱਲ ਤੁਰ ਪੈਣ ਵਿੱਚ ਕੋਈ ਬਹੁਤਾ ਪਾੜਾ ਨਹੀਂ। ਮੁਜ਼ਾਹਿਦ-ਜਿਹਾਦਾਂ ਤੇ ਸ਼ਾਸਤਰ ’ਚ ਜਿਹੜੈ ਬੰਦਗੀ, ਮੁਹੱਦਿਸ ’ਚ ਓਹੀ ਸਰੂਪ ਐ ਜੋ ਗਾਰੇ ਹਿਰਾ ਦੀਆਂ ਵਹੀਆਂ ’ਚ ਰੋਸ਼ਨ ਖ਼ੈਬਰ ’ਚ ਓਹੀ ਤਾਂ ਤੇਗ਼ਾਂ ਦਾ ਰੂਪ ਐ। ਇਬਾਦਤ ਅਤੇ ਰਣਾਂ ਦੀ ਕੈਫ਼ੀਅਤ ਇੱਕੋ ਹੋ ਜਾਂਦੀ ਹੈ ਉਹਨਾਂ ਲਈ ਜਿਹਨਾਂ ਦਾ ਮੁੱਖ ਪੈਗੰਬਰ ਵੱਲ ਹੋ ਜਾਵੇ ਤੇ ਪਿੱਠ ਕੁਫ਼ਰ ਵੱਲ। ਜਦੋਂ ਜੁਲਮ ਤੇ ਸਿਤਮ ਸਿਖਰ ਗ੍ਰਹਿਣ ਕਰਦਾ ਹੈ ਉਦੋਂ ਹੀ ਅਕੀਦੇ ਤੇ ਜਜ਼ਬਿਆਂ ਨੂੰ ਹੋਰ ਤਰਾਸ਼ੇ ਜਾਣ ਦੀ ਗਾਥਾ ਅਰੰਭ ਹੁੰਦੀ ਹੈ। ਜਦੋਂ ਜਾਬਰ ਬਾਹਰੀ ਰੂਪ ਵਿੱਚ ਮਸਜ਼ਿਦਾਂ ਨੂੰ ਸ਼ਹੀਦ ਕਰ ਰਿਹਾ ਹੁੰਦੈ ਉਦੋਂ ਹੀ ਮੌਮਿਨਾਂ ਦੇ ਅੰਦਰ ਮਸਜਿਦਾਂ ਦੇ ਮਿੰਬਰ ਤਾਮੀਰ ਹੋ ਰਹੇ ਹੁੰਦੇ ਨੇ। ਤੇ ਹਿਜਰਤ ਤੋਂ ਐਨ ਬਾਅਦ ਜਲਦ ਹੀ ਸੂਰਤ ‘ਅਲ਼-ਫ਼ਤਿਹ ਦੇ ਉਚਾਰਣ ਹੁੰਦੇ ਨੇ। ਤੇ ਸਗਲ ਕਾਇਨਾਤ ਆਇਤਾਂ ਨਾਲ ਗੂੰਜ ਉੱਠਦੀ ਹੈ। ਕਾਇਨਾਤ ਦੇ ਜਰੇ-ਜਰੇ ਨੂੰ ਸੁਗੰਧਿਤ ਕਰਦੀ ਹੈ ਉਹ ਮਹਿਕ ਜੋ ਪੈਗੰਬਰ ਮੁਹੰਮਦ (ਸ) ਨੇ ਗਾਰੇ ਹਿਰਾ ਵਿੱਚ ਤੱਕੀ ਸੀ ਤੇ ਹੁਣ ਵੀ ਉਹਨਾਂ ਸ਼ਾਸਤਰਾਂ ਦੀ ਲਿਸ਼ਕ ਸਾਡੇ ਮੱਥਿਆਂ ’ਚ ਬਿਰਾਜਮਾਨ ਹੈ ਜੋ ਖ਼ੈਬਰਾਂ ਵਿੱਚ ਲਿਸ਼ਕੇ ਸੀ। ਦੁਨਿਆਵੀ ਤਖ਼ਤਾਂ ਤੇ ਹੋ ਸਕਦੀ ਹੈ ਫਿਰਔਨ ਤੇ ਨਮਰੂਦ ਦੀ ਹਕੂਮਤ ਤੇ ਜਾਂ ਫਿਰ ਬਿਨਸ ਜਾਣ ਵਾਲੇ ਮਹਿਲਾਂ ਤੇ। ਪਰ ਰੂਹਾਂ ਤੇ ਸਦਾ ਰਾਜ ਮੂਸਾ(ਅ) ਤੇ ਇਬਰਾਹਿਮ (ਅ) ਦਾ ਹੀ ਰਿਹਾ ਹੈ ਤੇ ਰਹੇਗਾ । ਸਦੀਵੀਂ ਤੇ ਜੁਗਾਦੀ ਸੱਤਾ ਉਸੇ ਦੀ ਹੈ ਜਿਸਨੇ ਆਦਿ ਵਿੱਚ ਕੁਨ ਫਾਇਆ ਕੁਨ ਉਚਾਰਿਆ ਤੇ ਅਕਾਰਹੀਣ ਰੋਸ਼ਨੀ ਠੋਸ ਅਕਾਰ ਧਾਰਨ ਕਰਨ ਲੱਗੀ। ਤੇ ਸਭ ਦਿਸਦਾ ਤੇ ਅਣਦਿਸਦਾ ਹੋਂਦ ਵਿੱਚ ਆਇਆ। ਸਗਲ ਕਾਇਨਾਤ ਤਾਮੀਰ ਹੋਈ। ਉਹ ਕਿ ਜਿਸਦੀ ਉਸਤਤ ਵਿੱਚ ਲਿਖੇ ਲੱਖਾਂ ਹੀ ਮਹਾਂ-ਕਾਵਿ ਤੇ ਸ਼ਬਦ ਫਿੱਕੇ ਨੇ। ਉਹ ਕਿ ਜੋ ਕਾਦਰ ਹੈ ਤੇ ਹਸ਼ਰ ਦੇ ਦਿਹਾੜੇ ਦਾ ਮਾਲਕ ਹੈ। ਕਿ ਜਿਸਦੀ ਉਸਤਤ ਨੂੰ ਲੱਖਾਂ ਹੀ ਜੀਭਾਂ ਮਿਲ ਕੇ ਵੀ ਬਿਆਨ ਕਰਨ ਤੋਂ ਅਸਮਰੱਥ ਨੇ। ਹਜ਼ਾਰਾਂ ਤੇ ਲੱਖਾਂ ਚਿਹਰਿਆਂ ਦੇ ਸੁਹੱਪਣ ਫਿੱਕੇ ਨੇ ਜਿਸਦੇ ਪਰਛਾਵੇਂ ਦੀ ਇੱਕ ਹਲਕੀ ਜਿਹੀ ਝਲਕ ਅੱਗੇ। ਜਦ ਕੁਝ ਵੀ ਨਹੀਂ ਸੀ ਤਾਂ ਉਹ ਸੀ ਤੇ ਜਦ ਕੁਝ ਵੀ ਨਹੀਂ ਹੋਵੇਗਾ ਤਾਂ ਉਹ ਹੋਵੇਗਾ। ਉਹ ਜੋ ‘ਆਦਿ ਸਚੁ ਜੁਗਾਦਿ ਸਚੁ’ ਹੈ। ਸਦੀਵੀਂ ਤੇ ਜੁਗਾਦੀ ਹਕੂਮਤ ਤਾਂ ਉਸੇ ਦੀ ਹੈ ਜੋ ਹੈ,ਸੀ, ਤੇ ਰਹੇਗਾ। ਬਾਕੀ ਸਭ ਤਰ੍ਹਾਂ ਦੇ ਅਖੌਤੀ ਤਖ਼ਤ, ਭਰਮਾਂ ਦੇ ਧੂੰਏ ਦੀਆਂ ਕੰਧਾਂ ਤੇ ਉੱਸਰੇ ਮਹਿਲ ਤੇ ਹਉਮੈ ਦੀਆਂ ਛੱਤਾਂ ਨਾਲ ਤਾਮੀਰ ਹੋਏ ਕਿਲੇ ਤਾਂ ਪਲਕਾਂ ਦੇ ਫੋਰ ਹੀ ਠਹਿ ਠੇਰੀ ਹੋ ਜਾਂਦੇ ਨੇ। ਭਲਾ ਬਿਨਸ ਜਾਣ ਵਾਲਿਆਂ ਦੇ ਕਿਹੇ ਸਿੰਘਾਸਣ ਤੇ ਕੇਹੀ ਸੱਤਾ? ਤੇ ਮਿੱਟੀ ਦੇ ਪੁਤਲਿਆਂ ਦੇ ਕੇਹੇ ਰਾਜ?

ਸਿਮਰਨ

ਤੈਨੂੰ ਸੁਣਨਾ ਕੰਨਾਂ ਦਾ ਬੋਲਣਾ ਜੁਬਾਨ ਦਾ ਲਿਖਣਾ ਕਲਮ ਦਾ ਤੇ ਤੇਰੇ ਬਾਰੇ ਸੋਚਣਾ ਖ਼ਿਆਲਾਂ ਦਾ ਸਿਮਰਨ ਹੈ।

ਅਕਾਲ ਹੈ

ਗੁਰੂ ਹੈ, ਰਸੂਲ ਹੈ, ਪੀਰ ਹੈ ਤੇਗ਼ ਹੈ, ਤਿਰਸ਼ੂਲ ਹੈ, ਤੀਰ ਹੈ। ਫਿਜ਼ਾ ਹੈ, ਹਵਾ ਹੈ, ਨੀਰ ਵੀ ਰਾਜਾ ਹੈ, ਵਜ਼ੀਰ ਹੈ, ਫਕੀਰ ਵੀ। ਵਾਹਿਦ ਹੈ ਕਰੀਮ-ਰਹਿਮਾਨ ਹੈ ਸਿੱਖ ਹੈ,ਇਸਾਈ-ਮੁਸਲਮਾਨ ਹੈ। ਤੌਰੇਤ ਹੈ, ਜ਼ਬੂਰ ਹੈ, ਪੁਰਾਣ ਹੈ ਗ੍ਰੰਥ ਹੈ, ਅੰਜੀਲ ਹੈ, ਕੁਰਾਨ ਹੈ। ਸਾਹ ਦੀ, ਕਲੂਬ ਦੀ ਜੋ ਤਾਲ ਹੈ ਅਕਾਲ ਹੈ ਅਕਾਲ ਹੈ ਅਕਾਲ ਹੈ।

ਸੁਰਤ ਦੇ ਟੁਕੜੇ

ਰੋਸ਼ਨ ਜੂਹਾਂ ਨੇ ਹੋਣੈ ਚਾਨਣ ਰਾਹਾਂ ਵਿੱਚ ਵਿਛਣੈ ਜੰਨਤ ਹੋ ਪਿੰਡ ਜਾਵਣਗੇ ਤੇਰੀ ਜਦ ਦੀਦ ਹੋਣੀ ਏ ਸੁਰਤ ਦੇ ਟੁਕੜੇ ਹੋ ਕੇ ਅੰਬਰ ਵਿੱਚ ਖਿੰਡ ਜਾਵਣਗੇ। ਇਸ਼ਕ ਦੇ ਵਤਨਾਂ ਵੱਲੋਂ ਮਹਿਕ ਕੋਈ ਉੱਡਦੀ-ਉੱਡਦੀ ਸਾਹਾਂ ਵਿੱਚ ਰਚ ਜਾਵੇਗੀ ਜਿਹੜੀ ਸੀ ਸੁਣੀ ਕਹਾਣੀ ਪਰੀਆਂ ਦੇ ਆਵਣ ਵਾਲੀ ਸੱਚੀਂ ਹੋ ਸੱਚ ਜਾਵੇਗੀ ਤੱਕ ਕੇ ਅਲੌਕਿਕ ਮੰਜ਼ਰ ਮੌਸਮ ਰੁੱਤਾਂ ਦੇ ਅੱਖੀਂ ਵੇਖੀਂ ਸੁਰਮਾਂ ਪਾਵਣਗੇ ਤੇਰੀ ਜਦ ਦੀਦ ਹੋਣੀ ਏ ਸੁਰਤ ਦੇ ਟੁਕੜੇ ਹੋ ਕੇ ਅੰਬਰ ਵਿੱਚ ਖਿੰਡ ਜਾਵਣਗੇ। ਨੂਰਾਂ ਦੀ ਵਰਖਾ ਹੋਣੀ ਰੰਗਤ ਜਿਹੀ ਛਾ ਜਾਵੇਗੀ ਸੱਤੇ ਅਸਮਾਨਾਂ ਉੱਤੇ ਕੰਪਨ ਜਿਆ ਛਿੜ ਜਾਵੇਗਾ ਇਸ਼ਕ ਜਦ ਹਾਵੀ ਹੋਣੈ ਮਹਿਰਮ ਈਮਾਨਾਂ ਉੱਤੇ ਬਿਨ ਤਾਲੋਂ ਨਾਚ ਛਿੜੇਗਾ ਰੂਹਾਂ ਦਾ ਵਜਦਾਂ ਅੰਦਰ ਪੰਛੀ ਨਜ਼ਮਾਂ ਗਾਵਣਗੇ ਤੇਰੀ ਜਦ ਦੀਦ ਹੋਣੀ ਏ ਸੁਰਤ ਦੇ ਟੁਕੜੇ ਹੋ ਕੇ ਅੰਬਰ ਵਿੱਚ ਖਿੰਡ ਜਾਵਣਗੇ। ਧੁੰਦ ਜਿਹੀ ਪੈ ਜਾਵੇਗੀ ਨਸ਼ਿਆਂ ਤੇ ਲੋਰਾਂ ਵਾਲੀ ਤਲੀਆਂ ਤੇ ਜਾਮ ਹੋਣਗੇ ਪੌਣਾਂ ਨੇ ਕਾਸਦ ਬਣਨੈ ਮਹਿਕਾਂ ਦੇ ਹੱਥੀਂ ਵਸਲਾਂ ਵਾਲੇ ਪੈਗ਼ਾਮ ਹੋਣਗੇ ਅਜ਼ਲਾਂ ਤੋਂ ਭਟਕੀ ਰੂਹ ਨੂੰ ਸੱਚੀਂ ਠਹਿਰਾਉ ਜਿਆ ਮਿਲਣੈ ਐਸੇ ਬੱਦਲ ਛਾਵਣਗੇ ਤੇਰੀ ਜਦ ਦੀਦ ਹੋਣੀ ਏ ਸੁਰਤ ਦੇ ਟੁਕੜੇ ਹੋ ਕੇ ਅੰਬਰ ਵਿੱਚ ਖਿੰਡ ਜਾਵਣਗੇ।

ਨੂਰ ਦਿਸਦੇ ਨੇ

ਮੈਨੂੰ ਪੌਣਾਂ ਉੱਤੇ ਉੱਕਰੀ ਕੁਰਾਨ ਦਿਸਦੀ ਏ ਰੋਜ ਮਹਿਕਾਂ ਚੋਂ ਨਬੀਆਂ ਦੀ ਸ਼ਾਨ ਦਿਸਦੀ ਏ ਹੁਣ ਖ਼ਾਬਾਂ ਵਿੱਚ ਗਾਰੇ-ਹਿਰਾ, ਤੂਰ ਦਿਸਦੇ ਨੇ ਕਿ ਹਨੇਰਿਆਂ ਦੇ ਅੰਦਰ ਵੀ ਨੂਰ ਦਿਸਦੇ ਨੇ। ਮਾਤਾ ਰਾਬੀਆ ਤੇ ਫਾਤਿਮਾ ਦੇ ਬੋਲ ਸੁਣਦੇ ਨੇ ਹੁਣ ਦੂਰੋਂ ਕਹੇ ਖ਼ੁਤਬੇ ਵੀ ਕੋਲ ਸੁਣਦੇ ਨੇ ਬੰਦ ਅੱਖਾਂ ਨੂੰ ਵੀ ਹੁਣ ਤਾਂ ਹਜ਼ੂਰ ਦਿਸਦੇ ਨੇ ਕਿ ਹਨੇਰਿਆਂ ਦੇ ਅੰਦਰ ਵੀ ਨੂਰ ਦਿਸਦੇ ਨੇ। ਕਿਤੇ ਖ਼ਿਜ਼ਰ ਦੀ ਦਿੱਤੀ ਹੋਈ ਅਸੀਸ ਸੁਣਦੀ ਏ ਹੁਣ ਰੋਜ ਹੀ ਸਹਾਬਾ ਤੋਂ ਹਦੀਸ ਸੁਣਦੀ ਏ ਹੁਣ ਖਾਲੀ ਹੋਏ ਜਾਮਾਂ ’ਚ ਸਰੂਰ ਦਿਸਦੇ ਨੇ ਕਿ ਹਨੇਰਿਆਂ ਦੇ ਅੰਦਰ ਵੀ ਨੂਰ ਦਿਸਦੇ ਨੇ। ਕਿਤੇ ਬੰਦਗੀ ’ਚ ਨੱਚਦੇ ਹੋਏ ਦਿਸਦੇ ਨੇ ਪੀਰ ਦਿਸੇ ਅਲਫ਼ ਹੁਸੈਨੀ ਅਤੇ ਉਮਰ ਦਾ ਤੀਰ ਨਿੱਤ ਵਸਲਾਂ ਦੀ ਬੇੜੀਆਂ ਦੇ ਪੂਰ ਦਿਸਦੇ ਨੇ ਕਿ ਹਨੇਰਿਆਂ ਦੇ ਅੰਦਰ ਵੀ ਨੂਰ ਦਿਸਦੇ ਨੇ।

ਤੇਰੀ ਆਮਦ

ਅੰਬਰ ਤਾਂ ਪਹਿਲਾਂ ਵੀ ਰੋਜ ਤੱਕੀਂ ਦਾ ਸੀ ਤੇ ਤਾਰੇ ਵੀ ਓਹੀ ਸਨ। ਪਰ ਹੁਣ ਜੋ ਮਹਿਸੂਸ ਹੋਣ ਲੱਗਿਐ ਉਹ ਬਿਲਕੁਲ ਅਲੱਗ ਹੈ ਅਸਲੋਂ ਨਵਾਂ। ਤੇਰੀ ਆਮਦ ਤੋ ਬਾਅਦ ਕੁੱਝ ਵੀ ਪਹਿਲਾਂ ਜਿਹਾ ਨਹੀਂ ਰਿਹਾ। ਪਤਾ ਨਹੀਂ ਕਾਇਨਾਤ ਹੋਰ ਹੁਸੀਨ ਹੋ ਗਈ ਹੈ ਜਾਂ ਫਿਰ ਮੇਰੀ ਨਜ਼ਰ ਤੇ ਹੀ ਕੋਈ ਹੁਸਨ ਨਾਜ਼ਲ ਹੋ ਗਿਐ।

ਸੀਸਾਂ ਚੋਂ ਲਿਸ਼ਕਾਂ ਮਾਰੇ

ਰੂਹਾਂ ਵਿੱਚ ਜਪੁਜੀ ਗੂੰਜੇ ਦੇਹਾਂ ਹੀ ਤੇਗ਼ਾਂ ਨੇ ਹੌਸਲੇ ਕੀ ਪਿਘਲਾਉਣੇ ਉੱਬਲਦੀਆਂ ਦੇਗ਼ਾਂ ਨੇ ਨੈਣ ਤਾਂ ਦਸਮ-ਦੁਆਰੀਂ ਕਰਦੇ ਨੇ ਜਾਪ ਸੱਜਣ ਦਾ ਸੀਸਾਂ ਚੋਂ ਲਿਸ਼ਕਾਂ ਮਾਰੇ ਨੂਰ ਖੁਦ ਆਪ ਸੱਜਣ ਦਾ। ਚੜ੍ਹਨੋਂ ਕਦ ਆਫ਼ਤਾਬ ਨੂੰ ਡੱਕਿਆ ਏ ਰਾਤਾਂ ਨੇ ਬਦੀਆਂ ਦੇ ਚੀਰ ਹਨੇਰੇ ਹੁੰਦੀਆਂ ਪ੍ਰਭਾਤਾਂ ਨੇ ਤਰਕ ਕਦ ਅੱਪੜੇ ਉੱਥੇ ਜਿੱਥੇ ਪ੍ਰਤਾਪ ਸੱਜਣ ਦਾ ਸੀਸਾਂ ਚੋਂ ਲਿਸ਼ਕਾਂ ਮਾਰੇ ਨੂਰ ਖੁਦ ਆਪ ਸੱਜਣ ਦਾ। ਜਾਮ ਜਦ ਰੂਹਾਂ ਪੀਵਣ ਕੈਫ਼ੀਅਤ ਹੋਰ ਹੁੰਦੀ ਆਲਮ ਮਹਿਖਾਨਾ ਬਣਜੇ ਚੁੱਪ ਹੀ ਤਾਂ ਸ਼ੋਰ ਹੁੰਦੀ ਸ਼ਹਾਦਤ ਵਸਲ ਹੋ ਜਾਵੇ ਬਰਸੇ ਜਦ ਤਾਪ ਸੱਜਣ ਦਾ ਸੀਸਾਂ ਚੋਂ ਲਿਸ਼ਕਾਂ ਮਾਰੇ ਨੂਰ ਖੁਦ ਆਪ ਸੱਜਣ ਦਾ।

ਸੁਹਜ

ਕੋਹਾਂ ਦੂਰ ਤੋਂ ਹੀ ਦਿਸਦਾ ਜਮਾਲ ਹੈ ਤੇਰੀ ਤੋਰ ਵਿੱਚ ਐਸਾ ਕੀ ਕਮਾਲ ਹੈ ਤੇਰੇ ਨੈਣ ਜਿਵੇਂ ਭਿੱਜੇ ਹੋਏ ਗੁਲਾਬ ਨੇ ਤੇਰੇ ਸੁਹਜ ’ਚ ਨੱਚਦੇ ਪੰਜਾਬ ਨੇ। ਤੇਰੇ ਹਾਸਿਆਂ ਚੋਂ ਉੱਡਦੀਆਂ ਡਾਰਾਂ ਨੇ ਐਨ ਸੇਲ੍ਹੀਆਂ ਤਾਂ ਤੇਜ ਤਲਵਾਰਾਂ ਨੇ ਤੇਰੇ ਕੇਸ ਨਿਰੇ ਖੁੱਲ੍ਹੀ ਹੋਈ ਕਿਤਾਬ ਨੇ ਤੇਰੇ ਸੁਹਜ ’ਚ ਨੱਚਦੇ ਪੰਜਾਬ ਨੇ। ਤੇਰੇ ਸਾਹ ਨਿਰੇ ਧੂਫ਼ ਨੇ ਮਜ਼ਾਰ ਦੀ ਇੱਕੋ ਛੋਹ ਤੇਰੀ ਭਾਂਬੜਾਂ ਨੂੰ ਠਾਰਦੀ ਲੱਖਾਂ ਮੱਥੇ ਵਿੱਚੋਂ ਉੱਡਦੇ ਉਕਾਬ ਨੇ ਤੇਰੇ ਸੁਹਜ ’ਚ ਨੱਚਦੇ ਪੰਜਾਬ ਨੇ। ਤੇਰੀ ਨਜ਼ਰ ਚੋਂ ਜਾਮ ਹੈ ਬਰਸਦਾ ਤੇਰੇ ਨੂਰ ਵਿੱਚ ਨੂਰ ਹੈ ਅਰਸ਼ ਦਾ ਤੇਰੀ ਦੀਦ ’ਚ ਹਯਾਤ ਵਾਲੇ ਆਬ ਨੇ ਤੇਰੇ ਸੁਹਜ ’ਚ ਨੱਚਦੇ ਪੰਜਾਬ ਨੇ। ਗੱਲਾਂ ਤੇਰੀਆਂ ਤਾਂ ਰਾਵੀ ਦੀਆਂ ਲਹਿਰਾਂ ਨੇ ਐਨ ਜੇਠ ਦੀਆਂ ਚਿਹਰੇ ਤੇ ਦੁਪਹਿਰਾਂ ਨੇ ਤੇਰੀ ਸਾਦਗੀ ’ਚ ਗੂੰਜਦੇ ਰਬਾਬ ਨੇ ਤੇਰੇ ਸੁਹਜ ’ਚ ਨੱਚਦੇ ਪੰਜਾਬ ਨੇ।

ਵਾਹਿਦ

ਵਾਹਿਦ ਨੂਰ ਹੀ ਚਮਕਦਾ ਸਭ ਥਾਈਂ ਹਰ ਰੰਗ,ਨਸਲ,ਹਰ ਜਾਤ ਵਿੱਚੋਂ ਜਲਵਾ ਦਿਨਾਂ ਦੀ ਰੋਸ਼ਨੀ ’ਚ ਜਿਸਦਾ ਹੈ ਲਿਸ਼ਕੇ ਨੂਰ ਉਸੇ ਦਾ ਰਾਤ ਵਿੱਚੋਂ।

ਬਹਿਸ਼ਤੀ ਨਹਿਰ

ਰਾਤ ਦੇ ਪਹਿਰ ਬਹਿਸ਼ਤੀ ਨਹਿਰ ਕੋਈ ਖ਼ਾਬ ’ਚ ਆਵੇ ਓਹਦੇ ਨਜ਼ਦੀਕ ਕੋਈ ਵਿੱਚ ਉਡੀਕ ਮਸਨਵੀ ਗਾਵੇ। ਸੁਗੰਧ ਉਹ ਕੇਹੀ ਚੰਦਨ ਦੇ ਜੇਹੀ ਨੂਰ ਨੇ ਵਰੵਦੇ ਕਿ ਪੜ੍ਹਦੀ ਆਇਤਾਂ ਜੋ ਨਾਲ ਰਹਿਤਾਂ ਮੁੱਖ ਤੇ ਪਰਦੇ। ਕਿ ਤੱਕਣ ਸਰੂਰ ਓਸਦੇ ਨੂਰ ਫ਼ਰਿਸ਼ਤੇ ਆਉਂਦੇ ਕਿ ਉਹਦਾ ਮੁਸੱਬਰ ਵਿੱਚ ਤਸੱਵੁਰ ਅਕਸ ਬਣਾਉਂਦੇ। ਜਿਸ ਪਲ ਗਾਵੇ ਨੂਰ ਛਿੜਕਾਵੇ ਵਾਸ਼ਨਾ ਖਿੰਡਦੀ ਕਿ ਨੈਣੀਂ ਫ਼ਕੀਰੀ ਸੱਸੀ ਜਾਂ ਸੀਰੀ ਹੀਰ ਦੇ ਪਿੰਡ ਦੀ। ਇਲਾਹੀ ਸੂਰਤ ਕੱਚ ਦੀ ਮੂਰਤ ਦਿਲ ਮੋਹ ਜਾਵੇ ਜੋ ਤੱਕੇ ਨਜ਼ਾਰਾ ਕਿ ਛੱਡ ਹਜ਼ਾਰਾ ਚਾਕ ਹੋ ਜਾਵੇ।

ਨਾਗਲੋਕ

ਸਾਡੀ ਅਕਲ ਦਾ ਫ਼ੌਤ ਹੋਣਾ ਜਾਇਜ਼ ਹੈ ਤੇਰੇ ਬੋਲ ਜੋ ਨੇ ਵਾਕ ਪਰਲੋਕ ਦੇ ਤੇਰੇ ਨੈਣ ਕਿਹੜਾ ਸਾਗਰਾਂ ਤੋਂ ਘੱਟ ਨੇ ਉੱਤੋਂ ਕੇਸ ਅਨੁਵਾਦ ਨਾਗ ਲੋਕ ਦੇ।

ਬਿਜਲੀ ਅਸਮਾਨਾਂ ਦੀ

ਹਵਾ ਵਗੀ ਤੋਂ ਵਾਲ ਤੇਰੇ ਜਦ ਢਾਕਾਂ ਦੇ ਨਾਲ ਖਹਿ ਜਾਂਦੇ ਨੇ ਕਸਮ ਅੱਲ੍ਹਾ ਦੀ ਨਾਜ਼ੁਕ ਦਿਲ ਤਾਂ ਥਾਂ ਹੀ ਡਿੱਗ ਕੇ ਰਹਿ ਜਾਂਦੇ ਨੇ। ਬਿਲਕੁਲ ਕੱਚ ਦੇ ਵਰਗੀ ਐਂ ਤੂੰ ਗਲ ਚੋਂ ਪਾਣੀ ਜਾਂਦਾ ਦਿਸਦਾ ਸੋਹਣੀਏ ਤੇਰੇ ਸਾਹਾਂ ਵਿੱਚੋਂ ਸੱਚੀਂ ਇਤਰ ਈਰਾਨ ਦਾ ਰਿਸਦਾ। ਪੌਣਾਂ ਦੇ ਵਿੱਚ ਹੁਸਨ ਤੇਰੇ ਦੇ ਚਰਚੇ ਗੂੰਜਣ ਸ਼ਾਮਾਂ ਨੂੰ ਹਾਸਾ ਤੇਰਾ ਸੋਹਣੀਏ ਨੀਂ ਤਿੜਕਾ ਦਿੰਦਾ ਏ ਜਾਮਾਂ ਨੂੰ। ਲੈਣਾ ਨੀਂ ਅੰਗੜਾਈਆਂ ਤੇਰਾ ਬਿਜਲੀ ਏ ਅਸਮਾਨਾਂ ਦੀ ਤਲੀਆਂ ਉੱਤੇ ਰੱਖ ਲਈ ਤੂੰ ਆਹਟ ਨਿਰੀ ਤੁਫਾਨਾਂ ਦੀ। ਕਦੇ-ਕਦੇ ਮੈਨੂੰ ਲੱਗਦਾ ਅੰਬਰ ਦੇ ਵਿੱਚ ਉੜਦੇ ਰੰਗ ਸੀ ਜੋ ਤੂੰ ਰੱਖ ਲਏ ਤਾਰ ਕੇ ਚਿਹਰੇ ਉੱਤੇ ਅੱਜਕਲ੍ਹ ਤੇਰੀ ਸੰਗ ਨੇ ਓਹ। ਆਸ਼ਕ ਤੇਰੀਆਂ ਰਾਹਾਂ ਦੇ ਵਿੱਚ ਫੁੱਲ ਵਿਛਾਉਂਦੇ ਫਿਰਦੇ ਨੇ ਤੋਰ ਤੇਰੀ ਨੂੰ ਤੱਕ ਕੇ ਤਾਰੇ ਪਿਘਲ-ਪਿਘਲ ਕੇ ਡਿੱਗਦੇ ਨੇ। ਸੂਰਤ ਤੇਰੀ ਸਾਫ਼-ਸਾਫ਼ ਜੀ ਲੱਗਦੀ ਮੈਨੂੰ ਪਾਣੀ ਤੋਂ ਕੀ ਦੱਸਾਂ ਕੀ ਹਾਸਿਲ ਕਰਦਾ ਆਸ਼ਕ ਇਸ਼ਕ ਕਹਾਣੀ ਤੋਂ।

ਅੰਬਰਾਂ ਦੇ ਦੇਸੋਂ

ਅੰਬਰਾਂ ਦੇ ਦੇਸੋਂ ਅਸੀਂ ਮਹਿੰਦੀਆਂ ਮੰਗਾ ਲਈਆਂ ਤਾਰਿਆਂ ਨੂੰ ਤੋੜ-ਤੋੜ ਝਾਂਜਰਾਂ ਬਣਾ ਲਈਆਂ ਹੁੰਦੀ ਜਾਂਦੀ ਸੰਧੂਰੀ ਜਿਹੀ ਸ਼ਾਮ ਵੇ ਤੇਰਾ ਰੂਹਾਂ ਨੇ ਪੜ੍ਹ ਲਿਆ ਨਾਮ ਵੇ। ਖੁਸ਼ੀਆਂ ਵੀ ਗਿੱਠ-ਗਿੱਠ ਵਧ ਗਈਆਂ ਮੇਰੀਆਂ ਅੱਖਾਂ ਅਸੀਂ ਤੱਕ ਲਈਆਂ ਜਦੋਂ ਦੀਆਂ ਤੇਰੀਆਂ ਸਾਨੂੰ ਮਿਲ ਗਏ ਗੁਲਾਬੀ ਜੇ ਈਨਾਮ ਵੇ ਤੇਰਾ ਰੂਹਾਂ ਨੇ ਪੜ੍ਹ ਲਿਆ ਨਾਮ ਵੇ। ਖੰਭ ਲਾਕੇ ਹਵਾ ਵਿੱਚ ਉੱਡ ਗਈ ਏ ਸੰਗ ਵੇ ਫੈਲੀ ਜਾਂਦਾ ਅੰਬਰਾਂ ‘ਚ ਨੀਲਾ ਜਿਆ ਰੰਗ ਵੇ ਕੋਈ ਹੋਇਆ ਜਿਵੇਂ ਇਲਹਾਮ ਵੇ ਤੇਰਾ ਰੂਹਾਂ ਨੇ ਪੜ੍ਹ ਲਿਆ ਨਾਮ ਵੇ। ਵੰਗ ਮੇਰੀ ਨਾਮ ਤੇਰਾ ਲੈ-ਲੈ ਕੇ ਗਾਉਂਦੀ ਏ ਖੁਸ਼ਬੂ ਕੋਈ ਲੌਂਗਾਂ ਵਾਲੀ ਹੱਥਾਂ ਵਿੱਚੋਂ ਆਉਂਦੀ ਏ ਹੁਣ ਪਾਣੀ ਵੀ ਲੱਗਦੇ ਨੇ ਜਾਮ ਵੇ ਤੇਰਾ ਰੂਹਾਂ ਨੇ ਪੜ੍ਹ ਲਿਆ ਨਾਮ ਵੇ। ਰੋਸ਼ਨੀ ਮੁਹੱਬਤ ਦੀ ਫੈਲੇ ਜਿਸ ਪਲ ਤੋਂ ਸਾਹਾਂ ਵਿੱਚ ਚਾਨਣ ਜਿਆ ਹੋਜੇ ਉਸ ਪਲ ਤੋਂ ਉੱਡੇ ਇਸ਼ਕ ਦਾ ਰੰਗ ਸਰੇਆਮ ਵੇ ਤੇਰਾ ਰੂਹਾਂ ਨੇ ਪੜ੍ਹ ਲਿਆ ਨਾਮ ਵੇ।

ਤਾਰਿਆਂ ਦੀ ਕਸਮ

ਸਰਘੀ ਦੇ ਵੇਲਿਆਂ ‘ਚ ਕੋਈ ਜੰਗਲਾਂ ‘ਚ ਮੋਰ ਸੁਣੇ ਵੰਗ ਤੇਰੀ ਵੀਣੀ ਛਣਕੇ ਪਰ ਅੰਬਰਾਂ ਤੇ ਸ਼ੋਰ ਸੁਣੇ। ਪੀਸ-ਪੀਸ ਤਲੀਆਂ ਤੇ ਲਾਈ ਤੇਰੇ ਨਾਂ ਦੀ ਮਹਿੰਦੀ ਏ ਲੰਬੇ-ਲੰਝੇ ਕੱਦ ਵਾਲਿਆ ਤੇਰੀ ਯਾਦ ਸੀਨੇ ਰਹਿੰਦੀ ਏ। ਤੇਰੀ ਜਦ ਸੂਰਤ ਤੱਕੀ ਲੱਗਾ ਅਕਲਾਂ ਨੂੰ ਤਾਲਾ ਨੀਂ ਹੁਸਨ ਤਾਂ ਨਿਰਾ ਹੀ ਤੇਰਾ ਜਾਪੇ ਇਲਮ ਕੋਈ ਕਾਲਾ ਨੀਂ। ਡਿੱਗਦੀ ਤ੍ਰੇਲ ਸੋਹਣਿਆ ਰੰਗ ਸੂਹੇ ਜੇ ਗੁਲਾਬਾਂ ਦੇ ਨੈਣ ਤੇਰੇ ਨੱਕੋ-ਨੱਕ ਵੇ ਭਰੇ ਮਟਕੇ ਸ਼ਰਾਬਾਂ ਦੇ। ਪੋਹ ਤੇ ਜਾਂ ਮਾਘ ਦੀ ਕੋਈ ਐਨ ਟਿਕੀ ਹੋਈ ਰਾਤ ਹੋਵੇ ਸੁੱਤਾ ਹੋਵੇ ਜੱਗ ਸਾਰਾ ਬੱਸ ਤੇਰੀ ਮੇਰੀ ਬਾਤ ਹੋਵੇ। ਮਿੱਠੀ-ਮਿੱਠੀ ਵਾਸ਼ਨਾ ਉੱਡੇ ਨੀਰ ਵਗਦਾ ਬਿਆਸਾਂ ਤੋਂ ਵਾਲ ਤੇਰੇ ਲੰਮੇ ਸੋਹਣਿਆ ਮੈਨੂੰ ਲੱਗਦੇ ਅਕਾਸ਼ਾਂ ਤੋਂ। ਦੀਪ ਰੱਖੇ ਆਲਿਆਂ ‘ਚ ਤੱਕਾਂ ਮਿਸ਼ਰੀ ਦੇ ਕੁੱਜਿਆਂ ਨੂੰ ਕੰਮ-ਕੁੰਮ ਭੁੱਲ ਜਾਂਦੇ ਨੇ ਤੇਰੇ ਇਸ਼ਕ ‘ਚ ਰੁੱਝਿਆਂ ਨੂੰ। ਤਾਰਿਆਂ ਦੀ ਕਸਮ ਲੱਗੇ ਤੇਰੀ ਸੂਰਤ ਸੁਣੱਖੀ ਕੱਚ ਤੋਂ ਝੂਠ ਤੇਰੇ ਸੱਚੀਂ ਸੋਹਣਿਆਂ ਸਾਨੂੰ ਲੱਗਦੇ ਪਿਆਰੇ ਸੱਚ ਤੋਂ

ਹਵਾ ਦਾ ਗ੍ਰੰਥ

ਤਾਰਿਆਂ ਦਾ ਦੀਨ ਕਿਹੜਾ ਹਵਾ ਦਾ ਗ੍ਰੰਥ ਕੈਸਾ? ਪਾਣੀਆਂ ਦਾ ਗੋਤ ਕਿਹੜਾ ਆਸ਼ਕਾਂ ਦਾ ਪੰਥ ਕੈਸਾ?

ਹੋਸ਼ ਰਹਿ ਜਾਂਦੈ

ਤੇਰੇ ਹਾਸੇ ਨੂੰ ਤੱਕ ਮਹਿਕਾਂ ਦੇ ਝੱਖੜ ਝੁੱਲ ਜਾਂਦੇ ਨੇ ਪਿਘਲ ਕੇ ਚੰਨ-ਸੂਰਜ ਧਰਤ ਉੱਤੇ ਡੁੱਲ੍ਹ ਜਾਂਦੇ ਨੇ ਕਿ ਤੇਰੇ ਖ਼ਾਬ ਮਾਤਰ ਨਾਲ ਪੌਣਾਂ ਮੌਨ ਹੋ ਜਾਵਣ ਅੰਬਰ ਖ਼ਾਮੋਸ਼ ਰਹਿ ਜਾਂਦੈ ਫ਼ਰਕ ਉਸ ਅੱਖ ਵਿੱਚ ਹੋਣੈ ਤੇਰੇ ਦੀਦਾਰ ਪਿੱਛੋਂ ਵੀ ਕਿ ਜਿਸਨੂੰ ਹੋਸ਼ ਰਹਿ ਜਾਂਦੈ। ਨੂਰ ਦੇ ਪਰਬਤਾਂ ਤੋਂ ਬਰਫ ਕਿਧਰੇ ਖੁਰਨ ਲੱਗਦੀ ਏ ਤੇਰੇ ਕੇਸਾਂ ਦੀ ਰੰਗਤ ਜਦ ਹਵਾ ਵਿੱਚ ਉੱਡਣ ਲੱਗਦੀ ਏ ਫੇ ਕਣ-ਕਣ ਕੁੱਲ ਖ਼ਲਕਤ ਦਾ ਵਜ਼ਦ ਦੇ ਇੱਕ ਛਿੱਟੇ ਨਾਲ ਹੀ ਮਦਹੋਸ਼ ਰਹਿ ਜਾਂਦੈ ਫ਼ਰਕ ਉਸ ਅੱਖ ਵਿੱਚ ਹੋਣੈ ਤੇਰੇ ਦੀਦਾਰ ਪਿੱਛੋਂ ਵੀ ਕਿ ਜਿਸਨੂੰ ਹੋਸ਼ ਰਹਿ ਜਾਂਦੈ। ਕੈਫ਼ੀਅਤ ਇਸ਼ਕ ਤੇਰੇ ਦੀ ਸੁਣੇ ਅਜ਼ਾਨ ਮੰਦਰ ਚੋਂ ਕਿ ਬਾਣੀ ਆਇਤ ਇੱਕੋ ਸਾਰ ਗੂੰਜਣ ਲੱਗੇ ਅੰਦਰ ਚੋਂ ਤੇਰੀ ਨਜ਼ਰ ਜਦ ਰੂਹਾਂ ਤੇ ਦਸਤਕ ਦੇਣ ਲੱਗਦੀ ਏ ਫਿੱਕਾ ਫ਼ਿਰਦੌਸ ਰਹਿ ਜਾਂਦੈ ਫ਼ਰਕ ਉਸ ਅੱਖ ਵਿੱਚ ਹੋਣੈ ਤੇਰੇ ਦੀਦਾਰ ਪਿੱਛੋਂ ਵੀ ਕਿ ਜਿਸਨੂੰ ਹੋਸ਼ ਰਹਿ ਜਾਂਦੈ। ਰੰਗਾਂ ਦੀ ਡਾਰ ਅੱਥਰੀ ਚਾਲ ਦੇ ਵਿੱਚ ਵਹਿਣ ਲੱਗਦੀ ਏ ਕੋਈ ਸਾਥੋਂ ਵੀ ਸੋਹਣਾ ਹੈ ਇਹ ਕੁਦਰਤ ਕਹਿਣ ਲੱਗਦੀ ਏ ਤੇਰੇ ਨੈਣਾਂ ਦੀ ਕਵਿਤਾ ਦੇ ਹਰਫ਼ ਤਾਂ ਬਹੁਤ ਉੱਚੇ ਨੇ ਕਿ ਨੀਵਾਂ ਕੋਸ਼ ਰਹਿ ਜਾਂਦੈ ਫ਼ਰਕ ਉਸ ਅੱਖ ਵਿੱਚ ਹੋਣੈ ਤੇਰੇ ਦੀਦਾਰ ਪਿੱਛੋਂ ਵੀ ਕਿ ਜਿਸਨੂੰ ਹੋਸ਼ ਰਹਿ ਜਾਂਦੈ।

ਮ੍ਰਿਗ ਤ੍ਰਿਸ਼ਨਾ

ਆਉਧ ਮੁੱਕ ਗਈ ਮ੍ਰਿਗ ਤ੍ਰਿਸ਼ਨਾ ਵਿੱਚ ਰਹਿਬਰ ਨੇੜੇ ਸੀ ਸਮਝ ਗਏ ਦੂਰੀਆਂ ਨੇ ਸਗਲ ਉਮਰ ਪਤਾ ਨਾ ਇਹ ਲੱਗਾ ਕਿ ਸਾਡੀ ਨਾਭੀ ਵਿੱਚ ਕਸਤੂਰੀਆਂ ਨੇ। ਚਾਨਣ ਰਾਤ ਨੂੰ ਹੁੰਦਾ ਹੈ ਬੱਤੀਆਂ ਦਾ ਦੀਵੇ ਦਿਨਾਂ ਦੇ ਵਿੱਚ ਨਹੀਂ ਰੱਖ ਹੁੰਦੇ ਮਹਿਕ ਇੱਕ ਹੀ ਹਵਾ ‘ਚ ਉੱਡਦੀ ਹੈ ਬੱਸ ਫੁੱਲਾਂ ਦੇ ਰੰਗ ਨੇ ਵੱਖ ਹੁੰਦੇ ਅਸਲ ਚਾਨਣ ਤਾਂ ਅੱਖਾਂ ਨੇ ਤੱਕਿਆ ਨਈਂ ਦਿਸਦੇ ਨੂਰ ਤੋਂ ਪਰੇ ਵੀ ਨੂਰੀਆਂ ਨੇ ਸਗਲ ਉਮਰ ਪਤਾ ਨਾ ਇਹ ਲੱਗਾ ਕਿ ਸਾਡੀ ਨਾਭੀ ਵਿੱਚ ਕਸਤੂਰੀਆਂ ਨੇ। ਨਸ਼ਾ ਸੁਬਹ ਹੀ ਲੱਥ ਜਾਏ ਜਾਮ ਵਾਲਾ ਤੇ ਇਸ਼ਕ ਦਾ ਸਦਾ ਸਰੂਰ ਰਹੇ ਬੇਲੇ ਰੋਜ ਹੀ ਸੱਦਦੇ ਰਾਂਝਿਆਂ ਨੂੰ ਬੱਸ ਅਸੀਂ ਹੀ ਝੰਗ ਤੋਂ ਦੂਰ ਰਹੇ ਸਾਡੇ ਪੈਰਾਂ ਨੇ ਤਖ਼ਤ ਹੀ ਛੱਡਿਆ ਨਾ ਹੱਥ ਹੀਰ ਦੇ ਕਦ ਦੀਆਂ ਚੂਰੀਆਂ ਨੇ ਸਗਲ ਉਮਰ ਪਤਾ ਨਾ ਇਹ ਲੱਗਾ ਕਿ ਸਾਡੀ ਨਾਭੀ ਵਿੱਚ ਕਸਤੂਰੀਆਂ ਨੇ। ਨਾੜ-ਨਾੜ ਤੇ ਅਕਸ ਹੈ ਮੁਰਸ਼ਦਾਂ ਦਾ ਪਰ ਭੇਖ ਨੂੰ ਫੇਰ ਵੀ ਪੀਰ ਕੀਤਾ ਮਹਿਲ ਬਾਹਰ ਤਾਂ ਲੱਖਾਂ ਹੀ ਸਾਜ ਲਏ ਗੁੰਬਦ ਇੱਕ ਨਾ ਅੰਦਰ ਤਾਮੀਰ ਕੀਤਾ ਅਸੀਂ ਇਲਮ ਨੂੰ ਸਿਰਾਂ ਤੇ ਰੱਖ ਲਿਆ ਰੂਹਾਂ ਇਸ਼ਕ ਦੇ ਬਿਨਾਂ ਅਧੂਰੀਆਂ ਨੇ ਸਗਲ ਉਮਰ ਪਤਾ ਨਾ ਇਹ ਲੱਗਾ ਕਿ ਸਾਡੀ ਨਾਭੀ ਵਿੱਚ ਕਸਤੂਰੀਆਂ ਨੇ।

ਚੜ੍ਹਦੀ ਕਲਾ

ਸਾਨੂੰ ਮਖ਼ਮਲ ਤੋਂ ਵੀ ਕੂਲੀਆਂ ਨੇ ਸੂਲਾਂ ਪੈਰਾਂ ਦੇ ਵਿੱਚ ਜੋ ਪੁੜਦੀਆਂ ਨੇ ਸਾਡੀ ਜੂਹ ‘ਚ ਨਜ਼ਮ ਦੀ ਹਵਾ ਵਗੇ ਸਾਡੀ ਸੱਥ ‘ਚ ਗ਼ਜ਼ਲਾਂ ਜੁੜਦੀਆਂ ਨੇ। ਸਾਡੇ ਖਿਆਲ ਨੇ ਉੱਚੇ ਪਰਬਤਾਂ ਤੋਂ ਗੱਲਾਂ ਅੰਬਰੀਂ ਵੱਜ ਕੇ ਮੁੜਦੀਆਂ ਨੇ ਸਾਡੀ ਚਾਲ ਦੇ ਵਿੱਚ ਤੂਫ਼ਾਨ ਨੱਚੇ ਪੌਣਾਂ ਰਸਤਿਆਂ ਤੇ ਨਾਲ ਤੁਰਦੀਆਂ ਨੇ। ਸਾਡੀ ਅਦਾ ‘ਚ ਚੜ੍ਹਦੀ ਕਲਾ ਗੂੰਜੇ ਸਾਨੂੰ ਚੀਸਾਂ ਵੀ ਪਿੰਨੀਆਂ ਗੁੜ ਦੀਆਂ ਨੇ ਸਾਨੂੰ ਸ਼ੱਕਰ ਦੇ ਵਾਂਗ ਹੀ ਪੀੜ ਲੱਗੇ ਸਾਡੇ ਖੂਨ ਚੋਂ ਅਣਖਾਂ ਫੁਰਦੀਆਂ ਨੇ। ਪਹੇ ਖੇਤ ਦੇ ਕਾਫੀਏ ਬਣ ਜਾਂਦੇ ਸਾਨੂੰ ਆਮਦਾਂ ਕਿੱਥੇ ਥੁੜ੍ਹਦੀਆਂ ਨੇ ਗੋਤ ਸ਼ਾਇਰੀ, ਪਿੰਡ ਰੁਬਾਈਪੁਰਾ ਸਾਡੇ ਘਰਾਂ ਚੋਂ ਆਇਤਾਂ ਉੜਦੀਆਂ ਨੇ।

ਮਿਸ਼ਰੀ

ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ ਗੱਲ ਸ਼ਹਿਦ ਤੋਂ ਤੇਰੀ ਸਵਾਦ ਲੱਗੇ ਤੇਰੀ ਦੀਦ ਹੈ ਈਦ ਦੇ ਦਿਨ ਵਰਗੀ ਸਾਨੂੰ ਹੱਜ ਜਿਹੀ ਤੇਰੀ ਯਾਦ ਲੱਗੇ।

ਸੁਰਮਾ

ਤੇਰੇ ਬਿਨਾਂ ਜਦੋਂ ਪਾਵਾਂ ਕਦੇ ਅੱਖਾਂ ਵਿੱਚ ਸੁਰਮਾ ਤਾਂ ਹੱਥ ਵਿੱਚ ਫੜ੍ਹੀ ਹੋਈ ਸਲਾਈ ਕੰਬਦੀ। ਮੈਨੂੰ ਨਦੀ ਦੇ ਕਿਨਾਰਿਆਂ ਚੋਂ ਦਿਸੇ ਤੇਰਾ ਮੁੱਖ ਕਹਿੰਦੇ ਇਸ਼ਕ ‘ਚ ਭੁੱਲ ਜਾਂਦੀ ਪਿਆਸ ਅਤੇ ਭੁੱਖ ਤੇਰੇ ਹੁਸਨ ਦੀ ਬਾਤ ਪਾਵੇ ਕੱਲਾ-ਕੱਲਾ ਰੁੱਖ ਜਦੋਂ ਸੁਪਨੇ ‘ਚ ਤੱਕਾਂ ਤੇਰੇ ਰਾਤਾਂ ਜਿਹੇ ਕੇਸ ਕੰਬੇ ਦਿਲ ਅਤੇ ਬਾਂਹ ਦੀ ਕਲਾਈ ਕੰਬਦੀ ਤੇਰੇ ਬਿਨਾਂ ਜਦੋਂ ਪਾਵਾਂ ਕਦੇ ਅੱਖਾਂ ਵਿੱਚ ਸੁਰਮਾ ਤਾਂ ਹੱਥ ਵਿੱਚ ਫੜ੍ਹੀ ਹੋਈ ਸਲਾਈ ਕੰਬਦੀ। ਬੁੱਝ ਕਿਹੜਾ ਸਕਿਆ ਏ ਆਸ਼ਕ ਦੀ ਜਾਤ ਨੂੰ ਅੱਖ ਕਿੱਥੇ ਲੱਗਦੀ ਏ ਵਸਲਾਂ ਦੀ ਰਾਤ ਨੂੰ ਤੇਰੀ ਗੱਲ ਕਰਾਂ ਜੇ ਮੈਂ ਸੁਣੇ ਕਾਇਨਾਤ ਨੂੰ ਹਲਕੀ ਜੀ ਦੀਦ ਜੇ ਮੈਂ ਖ਼ਾਬ ਵਿੱਚ ਵੇਖਾਂ ਕੰਬੇ ਅੱਖ ਅਤੇ ਅੱਖ ਦੀ ਬੀਨਾਈ ਕੰਬਦੀ ਤੇਰੇ ਬਿਨਾਂ ਜਦੋਂ ਪਾਵਾਂ ਕਦੇ ਅੱਖਾਂ ਵਿੱਚ ਸੁਰਮਾ ਤਾਂ ਹੱਥ ਵਿੱਚ ਫੜ੍ਹੀ ਹੋਈ ਸਲਾਈ ਕੰਬਦੀ। ਕੰਨ ਵਿੱਚ ਆਕੇ ਜਿਉਂ ਅਜ਼ਾਨ ਕੋਈ ਕਹਿ ਗਿਆ ਦੇਹਾਂ ਉੱਤੋਂ ਭਰਮ ਦਾ ਰੰਗ ਜਿਆ ਰਹਿ ਗਿਆ ਫਿੱਕਿਆਂ ਤੇ ਛਿੱਟਾ ਤੇਰੇ ਇਸ਼ਕ ਦਾ ਪੈ ਗਿਆ ਹੁਣ ਤੇਰੇ ਬਿਨਾਂ ਜਦੋਂ ਕੋਈ ਹਰਫ਼ ਮੈਂ ਲਿਖਾਂ ਕੰਬੇ ਕਾਗਜ ਤੇ ਕਲਮ-ਲਿਖਾਈ ਕੰਬਦੀ ਤੇਰੇ ਬਿਨਾਂ ਜਦੋਂ ਪਾਵਾਂ ਕਦੇ ਅੱਖਾਂ ਵਿੱਚ ਸੁਰਮਾ ਤਾਂ ਹੱਥ ਵਿੱਚ ਫੜ੍ਹੀ ਹੋਈ ਸਲਾਈ ਕੰਬਦੀ।

ਪਾਣੀਆਂ ਚੋਂ ਮਹਿਸੂਸ

ਕਰੀਂ ਪਾਣੀਆਂ ਚੋਂ ਮਹਿਸੂਸ ਮੈਨੂੰ ਇਸ਼ਕ ਤੱਕ ਲਈਂ ਮੇਰਾ ਤਾਰਿਆਂ ਤੇ ਮਿਲਾਂਗੇ ਸਾਗਰ-ਨਦੀਆਂ ਟੱਪ ਆਪਾਂ ਇਸ਼ਕ ਠਹਿਰਦਾ ਨਹੀਂ ਕਿਨਾਰਿਆਂ ਤੇ।

ਲਾਚੀਆਂ ਦਾ ਬਾਗ਼

ਦੂਰ ਤੱਕ ਫੈਲ ਜਾਂਦੀ ਵਾਸ਼ਨਾ ਜਦੋਂ ਬਾਗ਼ ਕੋਈ ਲਾਚੀਆਂ ਦਾ ਪੱਕ ਜੇ ਇਸ਼ਕ ਤੋਂ ਦੂਰੀ ਏਦਾਂ ਹੂਬਹੂ ਜਿਵੇਂ ਅੱਕ ਕੋਈ ਜੁਬਾਨ ਉੱਤੇ ਰੱਖਜੇ।

ਠੰਡਾ ਬੁਰਜ

ਜੋਸ਼ ਰੋਕਣੇ ਕੰਧਾਂ ਨੇ ਓਸਦੇ ਕੀ ਰੂਹ ਦੇਹਾਂ ਤੋਂ ਜਿਹੜੇ ਫ਼ਕੀਰ ਹੋ ਗਏ ਠੰਡੇ ਬੁਰਜ ਦੀ ਠਾਰ ਚੋਂ ਲੰਘ ਕੇ ਤਾਂ ਬੁਰਜ ਸਿਦਕ ਦੇ ਹੋਰ ਤਾਮੀਰ ਹੋ ਗਏ। ਨਾਜ਼ਲ ਨੂਰ ਹੁੰਦਾ ਜਦ ਇਸ਼ਕ ਵਾਲਾ ਫਿਰ ਨੀਂਹਾਂ ਦੇ ਅੰਦਰ ਵੀ ਜਾਪ ਹੁੰਦਾ ਦੀਪ ਜਗ ਪੈਂਦੇ ਨੇ ਖੰਡਰਾਂ ਵਿੱਚ ਜਦੋਂ ਸਿਖਰ ਉੱਤੇ ਪ੍ਰਤਾਪ ਹੁੰਦਾ ਉੱਡੇ ਰੰਗ ਜਿਹੜੇ ਨਨਕਾਣਿਓਂ ਸੀ ਓਹੀ ਤੇਗ਼ ਬਣੇ ਓਹੀ ਤੀਰ ਹੋ ਗਏ ਠੰਡੇ ਬੁਰਜ ਦੀ ਠਾਰ ਚੋਂ ਲੰਘ ਕੇ ਤਾਂ ਬੁਰਜ ਸਿਦਕ ਦੇ ਹੋਰ ਤਾਮੀਰ ਹੋ ਗਏ। ਧੰਨ ਰੂਹਾਂ ਦੇ ਅੰਦਰ ਜੋ ਨਾਮ ਵਾਲਾ ਕਦੋਂ ਜਾਬਰਾਂ ਨੇ ਦੱਸ ਲੁੱਟਿਆ ਏ ਕੀਹਨੇ ਰੋਸ਼ਨੀ ਨੂੰ ਦੱਸ ਕੈਦ ਕੀਤਾ ਕੀਹਨੇ ਹਵਾ ਨੂੰ ਮੁੱਠੀਆਂ ‘ਚ ਘੁੱਟਿਆ ਏ ਕੈਸਾ ਪੀਰ ਸੀ ਜੀਹਦੇ ਕੋਲ ਆਕੇ ਮਿੱਠੇ ਅਮ੍ਰਿਤ ਸਾਰੇ ਹੀ ਨੀਰ ਹੋ ਗਏ ਠੰਡੇ ਬੁਰਜ ਦੀ ਠਾਰ ਚੋਂ ਲੰਘ ਕੇ ਤਾਂ ਬੁਰਜ ਸਿਦਕ ਦੇ ਹੋਰ ਤਾਮੀਰ ਹੋ ਗਏ। ਗਹਿਰੇ ਮੌਨ ਚੋਂ ਨਿਕਲਦਾ ਯੁੱਧ ਕੋਈ ਸਾਡੀ ਅਕਲ ਨੂੰ ਮਹਿਜ਼ ਇੱਕ ਵੇਗ ਦਿਸੇ ਮੁਸਲਸਲ ਸੰਤ ਦੇ ਅੰਦਰ ਰਬਾਬ ਵੱਜੇ ਸਾਡੀ ਅੱਖ ਨੂੰ ਕੱਲੀ ਤੇਗ਼ ਦਿਸੇ ਫ਼ਤਿਹ-ਫ਼ਤਿਹ ਦੇ ਬੋਲ ਤਾਂ ਗੂੰਜਦੇ ਨੇ ਖਾਕ ਕਿੰਨੇ ਹੀ ਖਾਨ ਵਜ਼ੀਰ ਹੋ ਗਏ ਠੰਡੇ ਬੁਰਜ ਦੀ ਠਾਰ ਚੋਂ ਲੰਘ ਕੇ ਤਾਂ ਬੁਰਜ ਸਿਦਕ ਦੇ ਹੋਰ ਤਾਮੀਰ ਹੋ ਗਏ। ਬੜਾ ਕੁਝ ਹੈ ਸੁਰਤ ਤੋਂ ਉਰੇ ਹੁੰਦਾ ਬੜਾ ਕੁਝ ਹੈ ਕਲਪਨਾ ਤੋਂ ਪਰੇ ਐਧਰ ਚੜ੍ਹਦੀ ਕਲਾ ਦੀ ਬਾਤ ਪੈਂਦੀ ਲਸ਼ਕਰ ਕੂੜ ਦਾ ਖੇਮਿਆਂ ਵਿੱਚ ਡਰੇ ਰੂਹਾਂ ਸਦਾ ਸਲਾਮਤ ਰਹਿੰਦੀਆਂ ਨੇ ਬੱਸ ਬੁੱਤ ਹੀ ਸੀ ਜੋ ਚੀਰ ਹੋ ਗਏ ਠੰਡੇ ਬੁਰਜ ਦੀ ਠਾਰ ਚੋਂ ਲੰਘ ਕੇ ਤਾਂ ਬੁਰਜ ਸਿਦਕ ਦੇ ਹੋਰ ਤਾਮੀਰ ਹੋ ਗਏ।

ਮਹਿਬੂਬ

ਖਿਲਾਰ ਦਿੱਤਾ ਅੱਲ੍ਹਾ ਨੇ ਕਿਸੇ ਦਿਨ ਬਹੁਤ ਸਾਰੇ ਰੰਗਾਂ ਤੇ ਖੁਸ਼ਬੋਆਂ ਨੂੰ ਇਕੱਠਾ ਕਰ ਹਵਾ ਵਿੱਚ। ਤੇ ਫਿਰ ਉਹਨਾਂ ਹੀ ਰੰਗਾਂ ਤੇ ਖੁਸ਼ਬੋਆਂ ਤੋਂ ਜੋ ਅਕਾਰ ਬਣਿਆ ਉਹ ਤੁਸੀਂ ਹੋ ਮੇਰੇ ਮਹਿਬੂਬ।

ਲਾਹੌਰ ੨

ਉਹ ਮਸੀਤ ਬਾਦਸ਼ਾਹੀ ਅਤੇ ਬਾਗ਼ ਸ਼ਾਲਾਮਾਰ ਮੇਰੀ ਰੂਹ ਵਿੱਚ ਵਸੇ ਦਾਤਾ ਅਲੀ ਦਰਬਾਰ ਛਪੇ ਨਾੜ-ਨਾੜ ਉੱਤੇ ਤੇਰੇ ਰਾਹੀਆਂ ਦੇ ਪੈਰ ਮੈਨੂੰ ਖ਼ਾਬਾਂ ਵਿੱਚ ਦਿਸੇ ਮੇਰੇ ਬਾਬਿਆਂ ਦਾ ਸ਼ਹਿਰ। ਉੱਡੇ ਆਥਣ ਦੇ ਵੇਲੇ ਨਨਕਾਣੇ ਵੱਲੋਂ ਮਹਿਕ ਚਿੱਟੇ ਗੁੰਬਦਾਂ ਚੋਂ ਸੁਣਦੀ ਏ ਚਿੜੀਆਂ ਦੀ ਚਹਿਕ ਸੁਣੇ ਵੱਜਦੀ ਰਬਾਬ ਨੇੜੇ ਰੋਸ਼ਨੀ ਦੀ ਨਹਿਰ ਮੈਨੂੰ ਖ਼ਾਬਾਂ ਵਿੱਚ ਦਿਸੇ ਮੇਰੇ ਬਾਬਿਆਂ ਦਾ ਸ਼ਹਿਰ। ਬੱਸ ਦੇਹਾਂ ਦੂਰ ਹੁੰਦੀਆਂ ਨੇ ਰੂਹਾਂ ਨਈਂਓ ਦੂਰ ਰੋਜ਼ ਅੱਖਾਂ ਅੱਗੇ ਘੁੰਮਦਾ ਏ ਬੁੱਲ੍ਹੇ ਦਾ ‘ਕਸੂਰ’ ਕਦੋਂ ਲੀਕ ਪਾਈ ਦਿਲਾਂ ਤੇ ਸਿਆਸਤਾਂ ਦੇ ਕਹਿਰ ਮੈਨੂੰ ਖ਼ਾਬਾਂ ਵਿੱਚ ਦਿਸੇ ਮੇਰੇ ਬਾਬਿਆਂ ਦਾ ਸ਼ਹਿਰ। ਪਾਕਪਟਨ ਤੋਂ ਹੋਵੇ ਗੰਜ਼ਸ਼ਕਰ ਦੀ ਦੀਦ ਮੈਨੂੰ ਇੱਕੋ ਜਿਹੇ ਲੱਗਦੇ ਨੇ ਨਾਨਕ-ਫਰੀਦ ਦੱਸ ਸਾਂਝ ਕਦ ਮੁੱਕੀ ਕਹੇ ਪਾਣੀਆਂ ਦੀ ਲਹਿਰ ਮੈਨੂੰ ਖ਼ਾਬਾਂ ਵਿੱਚ ਦਿਸੇ ਮੇਰੇ ਬਾਬਿਆਂ ਦਾ ਸ਼ਹਿਰ।

ਚੰਨ

ਮੈਨੂੰ ਇਸ਼ਕ ਹੈ ਤੇਰੇ ਗੁੱਸੇ ਨਾਲ ਵੀ ਕਿਉਂਕਿ ਤਪਸ਼ ਤੋਂ ਬਗੈਰ ਸੂਰਜ ਕਿਸ ਕੰਮ ਦਾ। ਤੇ ਤੇਰੇ ਤੋਂ ਤਾਂ ਦੂਰੀ ਵੀ ਕਮਾਲ ਹੀ ਹੈ ਕਿਉਂਕਿ ਸੋਹਣਾ ਨਹੀਂ ਲੱਗਣਾ ਸੀ ਚੰਨ ਜੇਕਰ ਨਜ਼ਦੀਕ ਹੁੰਦਾ।

ਚਾਹ ਦੇ ਗਿਲਾਸ

ਸ਼ਾਇਰੀ ਤਾਂ ਤੇਰੀ ਮੁਸਕਾਨ ਲਿਖ ਜਾਂਦੀ ਏ ਖਾ-ਮਖਾ ਹੀ ਮੇਰੇ ਬੱਸ ਨਾਮ ਲੱਗੀ ਜਾਂਦੇ ਨੇ ਤੂੰ ਕੋਲ ਬੈਠਾ ਹੋਵੇਂ ਸੱਚ ਗੱਲ ਆਖਦੇ ਹਾਂ ਚਾਹ ਦੇ ਗਿਲਾਸ ਸਾਨੂੰ ਜਾਮ ਲੱਗੀ ਜਾਂਦੇ ਨੇ...

ਆਗਮਨ ਏ ਰਿਸਾਲਤ

ਤੌਹੀਦ ਦੇ ਚਸ਼ਮਿਆਂ ਵਿੱਚ ਇੱਕ ਵੱਖਰੀ ਕਸ਼ਿਸ਼ ਤੇ ਰਵਾਨੀ ਹੈ। ਇਸ਼ਕ ਦੀ ਗਾਥਾ ਨੂੰ ਇੱਕ ਨਵੇਂ ਸਿਰੇ ਤੋਂ ਲਿਖੇ ਜਾਣ ਦਾ ਅਰੰਭ ਹੋ ਰਿਹੈ। ਕੁਫ਼ਰ ਦੇ ਅੰਧਕਾਰ ਨੂੰ ਚੀਰਦੀ ਹੋਈ ਕੋਈ ਰਿਸ਼ਮ ਅਸਮਾਨ ਚੋਂ ਉਦੇ ਹੋ ਰਹੀ ਹੈ। ਹਵਾਵਾਂ ਅਲੌਕਿਕ ਵਜ਼ਦ ਵਿੱਚ ਇੱਕੋ ਸ਼ਬਦ ਵਾਰ-ਵਾਰ ਪੁਕਾਰ ਰਹੀਆਂ ਨੇ। ‘ਆਮਦ ਏ ਮੁਸਤਫਾ’ ‘ਆਮਦ ਏ ਮੁਸਤਫਾ’। ਬਦੀਆਂ ਦੇ ਕਲਸ ਤਿੜਕ ਗਏ ਜਦੋਂ ਮਾਂ ਆਮਿਨਾ ਦੀ ਕੁੱਖ ਚੋਂ ਪੈਗੰਬਰੀ ਨੂਰ ਉਦੇ ਹੋਇਆ। ਸਰਵਰ ਏ ਦੋ ਆਲਮ ਦੀ ਸੋਹਬਤ ਨਾਲ ਇੱਕ ਨਵੇਂ ਤੇ ਵਿਸਮਾਦੀ ਜਲੌਅ ਦੇ ਆਗਮਨ ਹੋਣ ਲੱਗੇ। ਈਮਾਨ ਦਾ ਚਾਨਣ ਤੇ ਪਾਕੀਜ਼ਗੀ ਦੀ ਮਹਿਕ ਫ਼ਿਜ਼ਾ ਵਿੱਚ ਤੈਰਨ ਲੱਗੀ। ਭਰਮ ਦੇ ਹਨੇਰਿਆਂ ਨੂੰ ਚੀਰਦੇ ਹੋਏ ਦੀਪ ਜਗਮਗਾਉਣ ਲੱਗੇ। ਤੇ ਉਹਨਾਂ ਦੀਵਿਆਂ ਦੀ ਰੋਸ਼ਨੀ ਨੂੰ ਵੀ ਜਿਵੇਂ ਜੁਬਾਨ ਮਿਲ ਗਈ ਸੀ ਤੇ ਪੁਕਾਰਨ ਲੱਗੀ। ਹੋ ਰਹੀ ਹੈ ਉਦੇ ਬਣਕੇ ਆਇਤ ਰੋਸ਼ਨੀ ਮਿੰਬਰਾਂ ਚੋਂ ਰਿਸ਼ਮ ਕੋਈ ਨੂਰ ਬਣਕੇ ਪਨਪਣੀ ਖ਼ੁਤਬਿਆਂ ਦੀ ਹਰਮ ਚੋਂ ਆ ਰਹੀ ਹੈ ਵਾਸ਼ਨਾ ਅਲ਼-ਫ਼ਤਿਹ ਦਾ ਸ਼ੋਰ ਹੈ ਰਹੀ ਗੂੰਜ ਹੈ ਕਿਧਰੇ ਸਨਾ। ਬ੍ਰਹਿਮੰਡ ਦਾ ਕਣ-ਕਣ ਅਨੋਖੀ ਕੈਫ਼ੀਅਤ ਵਿੱਚ ਲੀਨ ਹੈ ਜਿਵੇਂ ਕਿ ਅਜ਼ਲ ਤੋਂ ਇਸੇ ਪਲ ਦੀ ਉਡੀਕ ਕਰ ਰਿਹਾ ਸੀ। ਮੱਕਾ ਤਾਂ ਪਹਿਲਾਂ ਵੀ ਓਹੀ ਸੀ ਤੇ ਗਲੀਆਂ ਵੀ ਓਹੀ ਸਨ। ਪਰ ਪੈਗੰਬਰ(ਸ) ਦੀ ਆਮਦ ਤੋਂ ਬਾਅਦ ਕੁਝ ਵੀ ਪਹਿਲਾਂ ਜਿਹਾ ਨਹੀਂ ਰਿਹਾ ਸੀ। ਮੱਕੇ ਦੀਆਂ ਫ਼ਿਜ਼ਾਵਾਂ ਵੀ ਸੁਗੰਧਿਤ ਸੁਗੰਧਿਤ ਹੋ ਉੱਠੀਆਂ ਸਨ। ਹੁਣ ਮੱਕੇ ਦੀਆਂ ਗਲੀਆਂ ਵਿੱਚ ਪੈਗੰਬਰ (ਸ) ਦੇ ਕਦਮ ਹੀ ਫਿਰਤ ਨਹੀਂ ਸਨ ਕਰਦੇ ਬਲਕਿ ਆਪ ਦੀ ਆਮਦ ਨਾਲ ਮੱਕਾ ਸ਼ਰੀਫ ਦੇ ਚਹੁੰ ਤਰਫ਼ ਵਿਸਮਾਦ ਵੀ ਫੇਰੇ ਪਾਉਂਣ ਲੱਗਾ ਸੀ। ਇਸ਼ਕ ਦੇ ਆਗਮਨ ਹੋਣ ਲੱਗੇ ਸੀ। ਇਲਾਹੀ ਵਜਦਾਂ ਦੇ ਨਾਜ਼ਲ ਹੋਣ ਜੀ ਗਾਥਾ ਸ਼ੁਰੂ ਹੋ ਗਈ ਸੀ। ਜਿਸ ਇਲਾਹੀ ਬਾਣੀ ਦੀ ਤਾਬ ਝੱਲਣ ਤੋਂ ਸਗਲ ਖੰਡ-ਬ੍ਰਹਿਮੰਡ, ਅਕਾਸ਼ ਤੇ ਪਰਬਤ ਵੀ ਅਸਮਰੱਥ ਸਨ ਉਸਨੂੰ ਖੁਦਾ ਨੇ ਆਪਣੇ ਮਹਿਬੂਬ ਪੈਗੰਬਰ(ਸ) ਤੇ ਉਤਾਰਿਆ। ਆਪ ਗਾਰੇ ਹਿਰਾ ਵਿੱਚ ਤਸ਼ਰੀਫ਼ ਫ਼ਰਮਾਨ ਸਨ। ਅਚਾਨਕ ਅੱਲਾਹ ਦੇ ਫ਼ਰਿਸ਼ਤੇ ਜਿਬਰਾਈਲ (ਅਲੈ) ਦੀ ਆਮਦ ਹੁੰਦੀ ਹੈ। ਫ਼ਰਿਸ਼ਤੇ ਨੇ ਫ਼ਰਮਾਇਆ ਪੜ੍ਹੋ ਉਸ ਅੱਲਾਹ ਦੇ ਨਾਮ ਨਾਲ ਜਿਹੜਾ ਨਿਹਾਇਤ ਮਿਹਰਬਾਨ ਤੇ ਰਹਿਮ ਕਰਨ ਵਾਲਾ ਹੈ। ਪੈਗੰਬਰ (ਸ) ਨੇ ਫ਼ਰਮਾਇਆ ਮੈਂ ਅਨਪੜ੍ਹ ਹਾਂ। ਕਿਵੇਂ ਪੜ੍ਹ ਸਕਦਾਂ? ਤੇ ਫਿਰ ਅੱਖਾਂ ਦੇ ਸਨਮੁੱਖ ਕੋਈ ਕਲਾਮ ਜਾਂ ਕਿਤਾਬ ਵੀ ਤਾਂ ਨਹੀਂ ਸੀ ਜਿਸਨੂੰ ਕਿ ਪੜ੍ਹਿਆ ਜਾਂਦਾ। ਕੁਝ ਵੱਖਰਾ ਸੀ। ਅਲੌਕਿਕ ਸੀ। ਜਿਸਦਾ ਕਿ ਸਬੰਧ ਇਹਨਾਂ ਅੱਖਾਂ ਨਾਲ ਹੈ ਹੀ ਨਹੀਂ। ਕੁਝ ਅਜਿਹਾ ਸੀ ਜਿੱਥੇ ਕਿ ਬਾਹਰੀ ਇਲਮ ਸਿਫ਼ਰ ਮਾਤਰ ਨੇ। ਜੋ ਦਿਸਦਾ ਨਹੀਂ ਬੱਸ ਮਹਿਸੂਸਿਆ ਜਾਂਦੈ। ਕੁਝ ਅਜਿਹਾ ਹੀ ਜੋ ਕਿ ਹਜ਼ਰਤ ਮੂਸਾ (ਅਲੈ) ਨੇ ਤੂਰ ਨੇ ਤੱਕਿਆ ਸੀ। ਕੁਝ ਐਸਾ ਜੋ ਈਸਾ (ਅਲੈ) ਨੇ ਅੰਜੀਲ ਰਾਹੀਂ ਵੇਖਿਆ ਸੀ। ਤੇ ਫਿਰ ਪੈਗੰਬਰ (ਸ) ਨੇ ਬਾਤਨ ਦੀਆਂ ਅੱਖਾਂ ਨਾਲ ਪੜ੍ਹ ਲਿਆ ਤੇ ਕੁਰਾਨ ਪਾਕ ਦੇ ਮੁਕੱਦਸ ਆਗਮਨ ਹੋਣ ਲੱਗੇ। ਸੁਗੰਧ ਕੱਲੀ ਮੱਕਾ ਸ਼ਰੀਫ਼ ਚੋਂ ਉੱਡ ਰਹੀ ਸੀ ਤੇ ਸੁਗੰਧਿਤ ਦੋਵੇਂ ਜਹਾਨ ਹੋ ਰਹੇ ਸਨ ।ਬੱਸ ਇਹੋ ਮਹਿਕ ਸੀ ਜਿਸਨੇ ਅੱਗੇ ਜਾਕੇ ਤੇਗ਼ਾਂ ਦਾ ਰੂਪ ਧਾਰਨਾ ਸੀ ਤੇ ਮਾਰਫ਼ਤ ਦੇ ਆਗਮਨ ਹੋਣੇ ਸਨ। ਫ਼ਰਕ ਤਾਂ ਬਾਹਰੀ ਨਜ਼ਰ ਲਈ ਹੀ ਹੈ। ਉੱਪਰੋਂ-ਉੱਪਰੋਂ ਤੱਕਿਆਂ ਤਾਂ ਤੇਗ਼ ਤੇ ਤਸਬੀ ਵੱਖਰੀ ਲੱਗੇਗੀ ਹੀ। ਪਰ ਉਦੋਂ ਮਾਰਫ਼ਤ ਦੇ ਚਾਨਣ ਤੇਗ਼ ਚੋਂ ਵੀ ਜਨਮ ਲੈ ਲੈਂਦੇ ਨੇ ਤੇ ਬਦੀਆਂ ਦੇ ਸਿਰ ਤਸਬੀ ਨਾਲ ਵੀ ਕਲਮ ਹੋ ਜਾਂਦੇ ਨੇ ਜਦੋਂ ਤੇਗ਼ ਤੇ ਤਸਬੀ ਨੂੰ ਕਿਸੇ ਪੈਗੰਬਰ ਦੇ ਹੱਥਾਂ ਦੀ ਸੋਹਬਤ ਮਿਲ ਜਾਂਦੀ ਹੈ। ਸ਼ਾਸਤਰਾਂ ਦੀ ਗਾਥਾ ਤਾਂ ਪਿੱਛੋਂ ਅਰੰਭ ਹੁੰਦੀ ਹੈ ਰੂਹਾਂ ਤੇ ਪਹਿਲੇ ਵਾਰ ਤਾਂ ਅਲ਼-ਫ਼ਾਤਿਹਾ ਦੇ ਹੀ ਹੋ ਜਾਂਦੇ ਨੇ। ਆਪ ਦੇ ਮੁੱਖ ਚੋਂ ਕਲਮੇਂ ਦਾ ਉਚਾਰਣ ਹੁੰਦੇ ਹੀ ਸਿਦਕਾਂ ਅਤੇ ਇਸ਼ਕ ਦੇ ਮਿੰਬਰ ਤਾਮੀਰ ਹੋਣ ਲੱਗੇ ਅਤੇ ਬਾਤਨ ਤੇ ਜਾਹਿਰੀ ਰੂਪ ਵਿੱਚ ਉੱਸਰੇ ਕੁਫਰਾਂ ਦੇ ਬੁੱਤ ਚਕਨਾਚੂਰ ਹੋ ਗਏ। ਜਿੱਥੇ-ਜਿੱਥੇ ਆਪ ਦੇ ਕਦਮ ਪੈਂਦੇ ਫੁੱਲ ਤਾਂ ਕੀ ਕੰਡੇ ਵੀ ਹੁਸੀਨ ਹੋਣ ਲੱਗਦੇ। ਕਹਿੰਦੇ ਨੇ ਕਿ ਜਦੋਂ ਹਜ਼ਰਤ ਯੂਸਫ਼(ਅਲੈ) ਮਿਸਰ ਦੀਆਂ ਗਲੀਆਂ ਚੋਂ ਲੰਘਿਆ ਕਰਦੇ ਸੀ ਤਾਂ ਔਰਤਾਂ ਆਪ ਦੇ ਨੂਰ ਦੀ ਤਾਬ ਨਾ ਝੱਲਦੀਆਂ ਹੋਈਆਂ ਆਪਣੀਆਂ ਉਂਗਲੀਆਂ ਨੂੰ ਚਾਕੂਆਂ ਨਾਲ ਕੱਟ ਲਿਆ ਕਰਦੀਆਂ ਸੀ। ਹਜ਼ਰਤ ਯੂਸਫ਼ ਉਹ ਸਨ ਜਿਹਨਾਂ ਨੂੰ ਵੇਖ ਕੇ ਉਂਗਲੀਆਂ ਕਟਾ ਲਈਆਂ ਔਰਤਾਂ ਨੇ ਤੇ ਪੈਗੰਬਰ ਮੁਹੰਮਦ (ਸ) ਉਹ ਨੇ ਜਿਹਨਾਂ ਨੂੰ ਬਿਨ ਦੇਖੇ ਹੀ ਸੀਸ ਭੇਂਟ ਕੀਤੇ ਜਾ ਰਹੇ ਨੇ ਮੋਮਨਾਂ ਵੱਲੋਂ। ਹਾਲੇ ਤੱਕਿਆ ਨਹੀਂ ਕਿ ਹਜ਼ਾਰਾਂ ਮੌਮਿਨ ਸ਼ਹੀਦ ਹੋ ਗਏ ਲੱਖਾਂ ਨੇ ਵਾਰ ਦਿੱਤਾ ਆਪਣਾ ਆਪ। ਜਦੋਂ ਬਿਨ ਦੇਖੇ ਇਸ਼ਕ ਦੀ ਕੈਫ਼ੀਅਤ ਇਹ ਹੈ ਤਾਂ ਸੋਚੋ ਆਪ ਦੇ ਦੀਦਾਰ ਦੀ ਕੈਫ਼ੀਅਤ ਕੀ ਹੋਵੇਗੀ? ਇਸੇ ਲਈ ਤਾਂ ਕਿਸੇ ਨੇ ਲਿਖਿਆ ਸੀ- “ਬਿਨ ਦੇਖੇ ਫ਼ਿਦਾ ਹੈ ਸਭ ਆਲਮ ਦੀਦਾਰ ਕਾ ਆਲਮ ਕਯਾ ਹੋਗਾ”। ਜੋ ਇਸ਼ਕ ਦੀ ਸ਼ਮਾ ਆਪ ਦੇ ਹੱਥਾਂ ਦੀ ਬਰਕਤ ਨਾਲ ਰੋਸ਼ਨ ਹੋਈ ਸੀ ਉਸੇ ਰੋਸ਼ਨੀ ਦਾ ਚਾਨਣ ਅੱਜ ਵੀ ਪੰਜ ਵਕਤ ਮਸਜ਼ਿਦ ਦੇ ਮਿੰਬਰਾਂ ਚੋਂ ਉਜਾਗਰ ਹੁੰਦਾ ਹੈ। ਪੈਗੰਬਰ ਦੇ ਸਾਹਾਂ ਚੋਂ ਉੱਡੀ ਸੁਗੰਧ ਅਜ਼ਾਨ ਵਿੱਚ ਤਬਦੀਲ ਹੋ ਗਈ ਤੇ ਆਪ ਦੀ ਪਾਕ ਨਜ਼ਰ ਨਾਲ ਈਮਾਨ ਤਰਾਸ਼ੇ ਗਏ। ਵਿਸ਼ਵਾਸ ਦੀ ਕੈਫ਼ੀਅਤ ਹਾਵੀ ਹੋਈ। ਵਿਸ਼ਵਾਸ ਜੋ ਕਿ ਇਬਾਦਤ ਦਾ ਰਾਹ ਬਣਿਆ ।ਇਬਾਦਤ ਜੋ ਕਿ ਇਸ਼ਕ ਦਾ ਪੰਧ ਬਣ ਗਈ ਤੇ ਇਸ਼ਕ ਜਿੱਥੇ ਸਭ ਸਮਾਨ ਹੋ ਗਿਆ। ਆਇਤਾਂ ਦੀ ਤਿਲਾਵਤ ਹੋਣ ਲੱਗੀ ਜੋ ਅੱਜ ਵੀ ਉਸੇ ਤੀਬਰਤਾ ਤੇ ਵਿਸ਼ਾਲਤਾ ਨਾਲ ਜਲਵਾਨੁਮਾ ਹੈ। ਫ਼ਜ਼ਰ ਹੁੰਦੇ ਹੀ ਇਲਾਹੀ ਕਲਾਮ ਦੀ ਮਹਿਕ ਉੱਡਣੀ ਸ਼ੁਰੂ ਹੋ ਜਾਂਦੀ ਹੈ ਤੇ ਫ਼ਲਕ ਵੀ ਪੁਕਾਰ ਉੱਠਦਾ ਹੈ। “ਅਲਹਮਦੁ ਲਿੱਲਾਹਿ ਰੱਬਿਲ ਆਲਮੀਨ ਅਰੱਹਮਾ ਨਿੱਰਾਹੀਮ”।

ਅਗਾਜ਼

ਕਈਆਂ ਸ਼ੋਰਾਂ ਦੇ ਵਿੱਚ ਵੀ ਕੱਖ ਨਹੀਂ ਤੇ ਕਈ ਚੁੱਪਾਂ ਦੇ ਵਿੱਚ ਵੀ ਰਾਜ ਹੁੰਦੈ ਖਤਮ ਰੱਬ ਦੇ ਨਾਮ ਤੋਂ ਹੋਏ ਜਿਹੜਾ ਉਹ ਅੰਤ ਵੀ ਕਹਿੰਦੇ ਅਗਾਜ਼ ਹੁੰਦੈ। *** ਜੇ ਰੂਹਾਂ ਅੰਦਰ ਪਿਆਸ ਦੀ ਤਲਬ ਤੀਬਰ ਹੈ ਤਾਂ ਤੁਸੀਂ ਪਾਣੀ ਹੀ ਨਹੀਂ ਆਬੇ ਹਯਾਤ ਲੈਕੇ ਵਾਪਸ ਪਰਤਦੇ ਹੋ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਨਵਾਬ ਖਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ