Amber De Ve Taario : Charan Singh Safri

ਅੰਬਰ ਦੇ ਵੇ ਤਾਰਿਓ : ਚਰਨ ਸਿੰਘ ਸਫ਼ਰੀ


ਅੰਬਰ ਦੇ ਵੇ ਤਾਰਿਓ

ਅੰਬਰ ਦੇ ਵੇ ਤਾਰਿਓ, ਦੇਵੋ ਮੇਰੀ ਵੀ ਗੱਲ ਦਾ ਹੁੰਗਾਰਾ, ਅੰਬਰ ਦੇ ਵੇ ਤਾਰਿਓ। ਗ਼ਮ ਕਿਉਂ ਦਿਲ ਨੂੰ ਲੱਗਦਾ ਪਿਆਰਾ, ਅੰਬਰ ਦੇ ਵੇ ਤਾਰਿਓ! ਨੀਲੇ ਅੰਬਰ 'ਤੇ ਤਾਰੇ, ਨਿਕਲ ਆਏ ਨੇ। ਦੇਖੋ ਸਾਰੇ ਦੇ ਸਾਰੇ, ਨਿਕਲ ਆਏ ਨੇ। ਮੇਰੇ ਦਿਲ ਦੀ ਜਿੱਥੇ ਤਾਰ ਵੱਜਦੀ ਪਈ, ਕਿਉਂ ਨਹੀਂ ਦਿਸਿਆ ਅਜੇ ਤੱਕ ਉਹ ਤਾਰਾ, ਅੰਬਰ ਦੇ ਵੇ ਤਾਰਿਓ ! ਲਾਈ ਜਦ ਦੀ ਲਟਕ, ਮੈਂ ਲਟਕਦੀ ਰਹੀ। ਪੈ ਕੇ ਭਰਮਾਂ ੱਚ ਹੀ, ਰੂਹ ਭਟਕਦੀ ਰਹੀ। ਮੇਰਾ ਬੇਸ਼ਕ ਕੋਈ ਰਾਹਨੁਮਾ ਨਾ ਬਣੇ, ਮੇਰਾ ਗ਼ਮ ਮੇਰਾ ਚਾਨਣ ਮੁਨਾਰਾ, ਅੰਬਰ ਦੇ ਵੇ ਤਾਰਿਓ! ਮਨ-ਭੌਰਾ ਕਿਹਦੇ ਲਈ, (ਜਫਰ) ਜਾਲਦੈ। ਕਿਉਂ ਮੁਹੱਬਤ ਦੇ ਰਾਹ 'ਚੋਂ, ਰਾਹਤ ਭਾਲਦੈ। ਸੇਕ ਨਰਗਸ ਦੇ ਨੈਣਾਂ 'ਚੋਂ ਆਉਂਦਾ ਪਿਆ ਹਰ ਫੁੱਲ ਬਣ ਗਿਆ ਅੰਗਿਆਰਾ। ਅੰਬਰ ਦੇ ਵੇ ਤਾਰਿਓ! ਜਿਹੜੇ ਫੁੱਲ ਕਲੇਜੇ 'ਚ ਕੀਤੇ ਜ਼ਖ਼ਮ, ਹਾਏ! ਸੂਲਾਂ ਨੇ ਰੋ-ਰੋ ਕੇ ਸੀਤੇ ਜ਼ਖ਼ਮ, ਸੌ-ਸੌ ਤਾਹਨੇ ਸਹਾਰੇ ਜਿਨ੍ਹਾਂ ਵਾਸਤੇ, ਕਾਸ਼ ! ਡਿਗਦੀ ਨੂੰ ਦੇਂਦੇ ਸਹਾਰਾ। ਅੰਬਰ ਦੇ ਵੇ ਤਾਰਿਓ! ਉਹਨਾਂ ‘ਸਫਰੀੱ ਮਲਾਹਾਂ ਨੂੰ ਕੀ ਆਖੀਏ। ਆਪਣੀ ਮੰਜ਼ਿਲ ਦੇ ਰਾਹਾਂ ਨੂੰ ਕੀ ਆਖੀਏ। ਮੇਰੀ ਕਿਸ਼ਤੀ ਤੂਫ਼ਾਨਾਂ ਤੋਂ ਬਚ ਤਾਂ ਗਈ, ਆਇਆ ਕਿਉਂ ਡੋਬਣੇ ਨੂੰ ਕਿਨਾਰਾ, ਅੰਬਰ ਦੇ ਵੇ ਤਾਰਿਓ!

ਰਸੋਈ ਵਾਲੀਏ !

ਰਸੋਈ ਵਾਲੀਏ ! ਤੇਰੀ ਕੁੰਡੀ ਕਿਹੜੇ ਪੱਟ ਗਏ, ਖੀਰ ਬਦਾਮਾਂ ਵਾਲੀ ਤੇਰੀ ਕੁੱਤੇ-ਬਿੱਲੇ ਚੱਟ ਗਏ। ਪੰਜ ਚੋਰ ਤੇਰੇ ਅੰਦਰ ਵੜ ਗਏ, ਤੂੰ ਨਾ ਸ਼ੋਰ ਮਚਾਇਆ। ਚੌਕੀਦਾਰ ਖੜਾਕਾ ਸੁਣ ਕੇ, ਇਕਦਮ ਭੱਜਾ ਆਇਆ। ਨਰਮ ਕਤੂਰੇ ਕਾਬੂ ਆ ਗਏ, ਬਾਗੜ ਬਿੱਲੇ ਨੱਠ ਗਏ - ਰਸੋਈ ਵਾਲੀਏ ! ਸੂਫ਼ੀ ਲੋਕ ਕਹਾਉਂਦੇ ਜਿਹੜੇ, ਠੇਕੇ ਕੋਲੋਂ ਡਰਦੇ ਙ ਵੜ ਕੇ ਵਿਚ ਰਸੋਈ ਤੇਰੀ, ਮਨ ਮਰਜ਼ੀ ਦਾ ਚਰਦੇ। ਮੱਟਾਂ ਵਰਗੇ ਢਿੱਡ ਜਿਨ੍ਹਾਂ ਦੇ ਪੀ ਮੱਟਾਂ ਦੇ ਮੱਟ ਗਏ- ਰਸੋਈ ਵਾਲੀਏ! ਕਿਧਰੇ ਰਹੀ ਰਸੋਈ ਤੇਰੀ, ਤੂੰ ਦੇਖੀ ਗਈ ਲਾਂਭੇ। ਸਾਂਭੀ ਗਈ ਤੂੰ ਲਾਲ ਦੁਪੱਟਾ, ਭਾਂਡੇ ਕਿਉਂ ਨਾ ਸਾਂਭੇ। ਚੜ੍ਹਾਅ ਆਕਾਸ਼ੀਂ ਤੇਰੀ ਕੋਈ, ਪਤੰਗ ਕਿੱਦਾਂ ਕੱਟ ਗਏ - ਰਸੋਈ ਵਾਲੀਏ ! ਜਦ ਕੋਈ ਬਹਿੰਦੀ ਨਾਰ ਕੁਚੱਜੀ, ਚੌਂਕੇ ਦੇ ਵਿਚ ਵੜ ਕੇ। ਓਦੋਂ ਹੀ ਚੌਂਕੇ ਦੇ ਭਾਂਡੇ, ਆਪੋ ਵਿਚੀਂ ਖੜਕੇ। ਹਲਵਾ ਮੰਡਾ ਖਾ ਗਏ ਐ, ਪਤੀਲੀ ਕਿੱਥੇ ਸੱਟ ਗਏ-ਰਸੋਈ ਵਾਲੀਏ!

ਹੰਝੂਆਂ ਦਾ ਜਾਗ

ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ, ਦੁੱਧ ਨੂੰ ਮਧਾਣੀ ਪੁੱਛਦੀ। ਕੀਹਦਾ ਢੋਲ ਰੁੱਠੜਾ ਨਹੀਂ ਘਰ ਆਇਆ, ਦੁੱਧ ਨੂੰ ਮਧਾਣੀ ਪੁੱਛਦੀ। ਅਸੀਂ ਕਾਹਨੂੰ ਜਾਣੀਏ, ਪਿਆਰ ਕਿੱਦਾਂ ਪਾਈਦਾ। ਤਾਰਿਆਂ ਨੂੰ ਕਹਿੰਦੇ ਹਾਲ, ਦਿਲ ਦਾ ਸੁਣਾਈਦਾ। ਡੱਕ-ਡੱਕ ਹੰਝੂਆਂ ਨੂੰ ਕਿੰਝ ਰਖੀਦਾ ਏ, ਜਦੋਂ ਕੋਈ ਆਪਣਾ ਹੀ ਹੋ ਜਾਏ ਪਰਾਇਆ ਦੁੱਧ ਨੂੰ ਮਧਾਣੀ ਪੁੱਛਦੀ ... ਠੋਕਰਾਂ ਪਿਆਰ ਦੀਆਂ, ਨੈਣ ਜਦੋਂ ਖਾਂਦੇ ਨੇ। ਬਾਹਵਾਂ ਦੇ ਬਲੌਰ, ਅੱਖਾਂ ਵਿਚੋਂ ਭੱਜ ਜਾਂਦੇ ਨੇ। ਕਾਲਾ-ਕਾਲਾ ਕਜਲਾ ਹਨ੍ਹੇਰ ਬਣ ਜਾਂਦਾ, ਨਾਲੇ 'ਨ੍ਹੇਰੇ ਵਿਚ ਲੱਭਦਾ ਨਹੀਂ ਸਾਇਆ। ਦੁੱਧ ਨੂੰ ਮਧਾਣੀ ਪੁੱਛਦੀ... ਦੁੱਧ ਨਾਲ ਪਾਣੀ ਦਾ, ਪਿਆਰ ਸੱਚਾ ਦੇਖਿਆ। ਯਾਰੀ ਤੇ ਮਿਟਣ ਵਾਲਾ, ਯਾਰ ਸੱਚਾ ਦੇਖਿਆ। ਪਹਿਲਾਂ ਪਾਣੀ ਸੜਿਆ ਤੇ ਫੇਰ ਤੈਨੂੰ ਸੇਕ ਲੱਗਾ, ਤੂੰ ਕੀ ਕਦਰ ਉਹਦਾ ਪਾਇਆ ਦੁੱਧ ਨੂੰ ਮਧਾਣੀ ਪੁੱਛਦੀ ... ਅੱਜ ਸੁਬ੍ਹਾ-ਸੁਬ੍ਹਾ ਜਿਹਨੇ, ਹੱਥ ਮੈਨੂੰ ਲਾਇਆ ਏ। ਮਹਿੰਦੀ ਵਾਲੇ ਪੋਟਿਆਂ 'ਚੋਂ ਸੇਕ ਕਿੰਨਾ ਆਇਆ ਏ। ਮੱਖਣ ਦਾ ਪੇੜਾ ਇਕੋ ਹਉਕੇ ਵਿਚ ਲੂਸ ਗਿਆ, ਪਤਾ ਨਹੀਂ ਖਿਆਲ ਕਿਹਦਾ ਆਇਆ ਦੁੱਧ ਨੂੰ ਮਧਾਣੀ ਪੁੱਛਦੀ...

ਕਦੇ ਆ ਦੁਖੀਆਂ ਵੱਲ ਪਾ ਫੇਰਾ

ਕਦੇ ਆ ਦੁਖੀਆਂ ਵੱਲ ਪਾ ਫੇਰਾ, ਦੁੱਖ ਸੁਣ ਜਾ ਬ੍ਰਿਹੋ ਸੱਲ੍ਹਿਆਂ ਦਾ ਅੱਗ ਲਾਉਂਦੀਆਂ ਰਾਤਾਂ ਚਾਨਣੀਆਂ, ਸਾਡਾ ਦਿਲ ਨਹੀਂ ਵੇ ਲੱਗਦਾ 'ਕੱਲਿਆਂ ਦਾ। ਅਸੀਂ ਪਿਆਰ ਕਿਹਦੇ ਨਾਲ ਪਾ ਬੈਠੇ, ਵਿਹੁ ਖੰਡ ਦੇ ਭੁਲੇਖੇ ਖਾ ਬੈਠੇ, ਸਾਡਾ ਹਾਲ ਕਿਸੇ ਨਾ ਪੁੱਛਿਆ ਏ, ਅਸਾਂ ਤੜਪ-ਤੜਪ ਮਰ ਚੱਲਿਆਂ ਦਾ ਅੱਗ ਲਾਉਂਦੀਆਂ... ਕੀ ਗਲ ਦੀ ਗਾਨੀ ਪਾਉਣੀ ਏ, ਅਸਾਂ ਉਹ ਵੀ ਮੋੜ ਘਲਾਉਣੀ ਏ, ਸਾਨੂੰ ਚਿੱਠੀਆਂ 'ਚ ਤਾਹਨੇ ਲਿਖ-ਲਿਖ ਕੇ ਕੀ ਮਿਲਦਾ ਏ ਜ਼ਖ਼ਮਾਂ ਅੱਲਿਆਂ ਦਾ ਅੱਗ ਲਾਉਂਦੀਆਂ... ਜਿੱਥੇ ਚੜ੍ਹਦੀ ਉਮਰ ਗੁਆਚੀ ਏ, ਜਿੱਥੇ ਕਿਸਮਤ ਪਤਰਾ ਵਾਚੀ ਏ, ਸਾਡੇ ਨਾਲ ਜ਼ਿਕਰ ਕੀ ਕਰਦੇ ਓ, ਉਹਨਾਂ ਗਲੀਆਂ ਉਹਨਾਂ ਮੁਹੱਲਿਆਂ ਦਾ ਅੱਗ ਲਾਉਂਦੀਆਂ... ਰੂਹ ਨਵੇਂ ਪਹਾੜੇ ਪੜ੍ਹ ਗਈ ਏ, ਸਾਡੀ ਗੱਲ ਅਸਮਾਨੀ ਚੜ੍ਹ ਗਈ ਏ, ਅੱਜ ਨਗਰ-ਨਗਰ ਵਿਚ ਚਰਚਾ ਹੈ ਸਾਡਾ ਹੋਏ ਇਸ਼ਕ 'ਚ ਝੱਲਿਆਂ ਦਾ ਅੱਗ ਲਾਉਂਦੀਆਂ...

ਤੈਨੂੰ ਕੱਖ ਨਹੀਂ ਪਤਾ

ਕਿਹਨੇ ਦੀਵੇ ਦੀ ਬੁਝਾਈ ਤੇਰੀ ਲੋ, ਰਕਾਨੇ! ਤੈਨੂੰ ਕੱਖ ਨਹੀਂ ਪਤਾ। ਲੈ ਗਏ ਖਿੱਚ ਕੇ ਫੁੱਲਾਂ ਦੀ ਖ਼ੁਸ਼ਬੋ, ਰਕਾਨੇ ਤੈਨੂੰ ਕੱਖ ਨਹੀਂ ਪਤਾ। ਪਤਾ ਨਹੀਉਂ ਲੱਗਦਾ, ਜ਼ਮਾਨਾ ਪਾਉਂਦਾ ਸ਼ੋਰ ਹੈ। ਕੌਣ ਏਥੇ ਸਾਧ ਹੈ ਤੇ ਕੌਣ ਏਥੇ ਚੋਰ ਹੈ। ਚਿਹਰੇ ਅਸਲੀ ਨੂੰ ਲੈਂਦੇ ਐ ਲੁਕੋ। ਰਕਾਨੇ ਤੈਨੂੰ ਕੱਖ ਨਹੀਂ ਪਤਾ ਚੌਹੀਂ ਪਾਸੀਂ ਬਿੱਲੀਏ, ਨਜ਼ਰ ਤੇਰੀ ਝਾਕਦੀ। ਪਿਉ ਵੀ ਨਹੀਂ ਘੂਰਦਾ ਤੇ ਮਾਂ ਵੀ ਨਹੀਂ ਚਾਕਦੀ। ਐਵੇਂ ਧੋਖੇਬਾਜ਼ਾਂ ਕੋਲ ਨਾ ਖਲੋ। ਰਕਾਨੇ ਤੈਨੂੰ ਕੱਖ ਨਹੀਂ ਪਤਾ ਸ਼ਹਿਦ ਦਾ ਪਤਾ ਨਹੀਂ ਕਿਹੜੀ ਜਾਨ ਨੂੰ ਹੈ ਰੋ ਗਿਆ। ਛਿੱਟ ਵੀ ਰਹੀ ਨਹੀਂ ਸ਼ਹਿਦ ਛੱਤਾ ਖਾਲੀ ਹੋ ਗਿਆ। ਨਹੀਂ ਪਤਾ ਕਿਹੜੇ ਨੇ ਮਖੀਲ ਲਿਆ ਚੋਅ ! ਰਕਾਨੇ ਤੈਨੂੰ ਕੱਖ ਨਹੀਂ ਪਤਾ ਦਰਜ਼ੀ ਚਲਾਕ ਚੋਲੀ, ਰੰਗਲੀ ਸੱਮਾਨੀ ਏਂ। ਲਾਲ ਸੂਟ ਪਾ ਕੇ, ਮੁਆਤਾ ਬਣ ਜਾਨੀ ਏਂ। ਜਾਊ ਇਕ ਦਿਨ ਸੂਰਜ ਘਰੋਂ ਰਕਾਨੇ ਤੈਨੂੰ ਕੱਖ ਨਹੀਂ ਪਤਾ

ਰੂਪ ਤੇਰਾ ਲੱਛੀਏ !

ਰੂਪ ਤੇਰਾ ਲੱਛੀਏ ! ਲੁਟੇਰੇ ਲੁੱਟੀ ਜਾਂਦੇ ਐ। ਬਾਹਵਾਂ ਦੇ ਬਲੌਰ, ਤੇਰੇ ਐਵੇਂ ਟੁੱਟੀ ਜਾਂਦੇ ਐ। ਭੌਰਿਆਂ ਨੇ ਰੂਪ ਤੇਰਾ, ਡੀਕ ਲਾ ਕੇ ਪੀ ਲਿਆ। ਕਲੀਏ ! ਨੀ ਮਾਲੀਆਂ ਨੇ, ਮੂੰਹ ਕਿੱਦਾਂ ਸੀ ਲਿਆ ? ਮਿੱਟੀ ਦੇ ਨੀਂ ਬੰਦੇ, ਜਿਹੜੇ ਮਿੱਟੀ ਪੁੱਟੀ ਜਾਂਦੇ ਐ। ਬਾਹਵਾਂ ਦੇ ਬਲੌਰ ਤੇਰੇ ..... ਮੰਡੀ 'ਚ ਲੁਟਾਇਆ ਨੀਂ, ਤੂੰ ਰੂਪ ਭਾੜੇ ਭੰਗ ਦੇ । ਰਾਹਾਂ 'ਚ ਖਲੇਰੇ ਦਿੱਤੇ, ਗੋਰੇ ਗੋਰੇ ਰੰਗ ਦੇ। ਦਾਣਾ ਨਹੀਉਂ ਫੁੱਟਿਆ, ਨਸੀਬ ਫੁੱਟੀ ਜਾਂਦੇ ਐ। ਬਾਹਵਾਂ ਦੇ ਬਲੌਰ ਤੇਰੇ ..... ਚੋਰ ਨਾ ਥਿਆਇਆ, ਪਿੰਡ ਲੱਭਦਾ ਹੀ ਰਹਿ ਗਿਆ। ਜ਼ੁਲਫਾਂ ਦੇ ਪਿੱਛੇ ਨਾਈ, ਸਹੇ ਵਾਂਗੂੰ ਸਹਿ ਗਿਆ। ਜੱਟ ਨੂੰ ਪੁਲਸ ਵਾਲੇ, ਐਵੇਂ ਕੁੱਟੀ ਜਾਂਦੇ ਐ। ਬਾਹਵਾਂ ਦੇ ਬਲੌਰ ਤੇਰੇ..... ਬੰਦੇ ਨੂੰ ਘੜੀ ਦੀ ਘੜੀ, ਚਾਅ ਹੁੰਦਾ ਨਾਰ ਦਾ। ਮਹਿਕ ਮੁੱਕ ਜਾਂਦੀ ਤਾਂ, ਵਗਾਹ ਕੇ ਪਰ੍ਹਾਂ ਮਾਰਦਾ। ਮਿੱਧ ਕੇ ਫੁੱਲਾਂ ਨੂੰ ਲੋਕ, ਐਵੇਂ ਸੁੱਟੀ ਜਾਂਦੇ ਐ। ਬਾਹਵਾਂ ਦੇ ਬਲੌਰ ਤੇਰੇ .....

ਸੋਹਣੀ ਤੇ ਝਨਾਂ

ਸੋਹਣੀ : “ਮੈਂ ਹਾਂ ਸੋਹਣੀ ਤੇ ਤੂੰ, ਹੈਂ ਝਨਾਂ ਨਦੀਏ। ਪਾਰ ਲੰਘਣ ਦਵੇਂ ਤਾਂ, ਜਾਣਾ ਤਾਂ ਨਦੀਏ” ਝਨਾਂ : “ਤੂੰ ਸੋਹਣੀ ਤੇ, ਮੈਂ ਹਾਂ ਝਨਾ ਸੋਹਣੀਏ। ਸੋਹਣੀ ਲੱਗਦੀ ਏਂ, ਮੁੜ ਜਾ ਪਿਛਾਂਹ ਸੋਹਣੀਏ।” ਸੋਹਣੀ : “ਕਿਸੇ ਪਾਪਣ ਨੇ, ਪਾਪ ਕਮਾ ਨੀਂ ਲਿਆ। ਕੱਚਾ ਘੜਾ ਰੱਖ, ਪੱਕਾ ਉਠਾ ਨੀਂ ਲਿਆ। ਮੇਰਾ ਰੱਬ ਦੇ ਹਵਾਲੇ ਹੈ, ਨਿਆਂ ਨਦੀਏ। ਪਾਰ ਲੰਘਣ ਦਵੇਂ ਤਾਂ, ਜਾਣਾ ਤਾਂ ਨਦੀਏ।” ਝਨਾਂ : “ਦੇਖ ! ਛੱਲ ਉੱਤੇ, ਉਠਦੀ ਏ ਛੱਲ ਕੁੜੀਏ। ਤੇਰੀ ਡੁੱਬ ਕੇ ਮਰਨ ਵਾਲੀ, ਗੱਲ ਕੁੜੀਏ। ਬੈਠੀ ਘੁੱਟ ਕੇ ਕਲੇਜਾ, ਹੋਸੀ ਮਾਂ ਸੋਹਣੀਏ। ਸੋਹਣੀ ਲਗਦੀ ਏਂ.. ਸੋਹਣੀ : ਨੀਂ ਮੈਂ ਹੀਰੇ ਜਿਹੇ, ਸੱਜਣਾਂ ਦਾ ਦਿਲ ਤੋੜ ਕੇ। ਲੈ ਜਾਂ ਕੌਡੀਆਂ ਦੀ, ਜਿੰਦ ਨੂੰ ਪਿਛਾਂਹ ਮੋੜ ਕੇ। ਕਿੱਦਾਂ ਡੋਬ ਦੇਵਾਂ, ਆਸ਼ਕਾਂ ਦਾ ਨਾਂ ਨਦੀਏ। ਪਾਰ ਲੰਘਣ ਦਵੇਂ.... ਝਨਾਂ : ਕੱਚੇ ਪਾਣੀ ਦੇ ਘੜੇ ਨੇ, ਤੈਨੂੰ ਕੀ ਤਾਰਨੈ। ਡੂੰਘੇ ਡੋਬ ਕੇ ਝਨਾਂ ਦੇ, ਪਾਣੀ ਵਿਚ ਮਾਰਨੈ। ਤੇਰੀ ਲਾਸ਼ ਨੂੰ ਵੀ, ਮਿਲੇਗੀ ਨਾ ਥਾਂ ਸੋਹਣੀਏਂ। ਸੋਹਣੀ ਲਗਦੀ ਏਂ..." ਸੋਹਣੀ : “ਮੈਨੂੰ ਪਤਾ, ਮੈਨੂੰ ਘੜੇ ਨਹੀਉਂ ਪਾਰ ਕਰਨਾ। ਚੰਗਾ ਮਾਹੀ ਦੇ, ਵਿਛੋੜੇ ਨਾਲੋਂ ਡੁੱਬ ਮਰਨਾ। ਅਸਾਂ ਸੱਜਣਾਂ ਦੇ ਪੁੱਜਣੈ ਗਰਾਂ ਨਦੀਏ। ਪਾਰ ਲੰਘਣ ਦਵੇਂ, ਤਾਂ ਜਾਣਾ ਤਾਂ ਨਦੀਏ।”

ਹੀਰ ਤੇ ਰਾਂਝਾ

ਰਾਂਝਾ : ਕੀ ਨੀਂ ਹੀਰੇ ! ਤੂੰ ਪ੍ਰੀਤ ਨਿਭਾਈ। ਹੀਰ : ਕੀ ਰਾਂਝਣਾ! ਕੀਤੀ ਮੈਂ ਬੇਵਫ਼ਾਈ। ਰਾਂਝਾ : ਜਿਉਂ ਅੱਖੀਆਂ ਦਾ, ਤੂੰ ਲਾਰਾ ਲਾਇਆ। ਬਾਰਾਂ ਵਰ੍ਹੇ ਮੈਥੋਂ, ਵੱਗ ਚਰਾਇਆ। ਜਾਂਦੀ ਵਾਰੀ ਬੁਕ-ਬੁਕ ਹੰਝੂ, ਦਿੱਤੀ ਮੈਨੂੰ ਵੱਗ ਚਰਾਈ। ਕੀ ਨੀ ਹੀਰੇ ! ਤੂੰ... ਹੀਰ : ਇੱਜ਼ਤ ਸਿਆਲਾਂ, ਦੀ ਮੈਂ ਤੈਥੋਂ ਵਾਰੀ। ਹਰ ਗੱਲ ਦੁਨੀਆ, ਦੀ ਸਿਰ 'ਤੇ ਸਹਾਰੀ। ਕਿਉਂ ਤਾਨ੍ਹਿਆਂ ਦੀ ਛੁਰੀ, ਫੜ ਕੇ ਹੁਣ ਤੂੰ ਕੋਹਨਾ ਪਿਆ ਮੈਨੂੰ ਬਣ ਕੇ ਕਸਾਈ। ਕੀ ਰਾਂਝਣਾ! ਕੀਤੀ... ਰਾਂਝਾ : ਸੈਦਾ ਜਦੋਂ ਹੀਰੇ, ਦਰ ਤੇਰੇ ਆਇਆ। ਤੂੰ ਭਾਬੋ ਤੋਂ ਹੱਸ-ਹੱਸ, ਕੇ ਸੁਰਮਾ ਪੁਆਇਆ। ਜਨਾਜ਼ਾ ਮੇਰਾ ਕਿਉਂ, ਨਿਕਲਣ ਤੋਂ ਪਹਿਲਾਂ ਕਹਾਰਾਂ ਨੇ ਇਹ ਤੇਰੀ ਡੋਲੀ ਉਠਾਈ। ਕੀ ਨੀਂ ਹੀਰੇ ਤੂੰ... ਹੀਰ : ਧੀਆਂ ਤੇ ਗਊਆਂ ਦਾ, ਕੀ ਜ਼ੋਰ ਹੁੰਦੈ। ਦਿੰਦੇ ਤੋਰ ਮਾਪੇ, ਜਿੱਧਰ ਤੋਰ ਹੁੰਦੈ। ਭੜ-ਭੜ ਬਲੇ, ਮੇਰੇ ਹੱਥਾਂ ਦੀ ਮਹਿੰਦੀ, ਛੁਰੀ ਬਣੀ ਪਈ ਮੇਰੀ ਸੁਰਮੇ ਸਲਾਈ । ਕੀ ਰਾਂਝਣਾ ਕੀਤੀ ਤੂੰ ਬੇਵਫ਼ਾਈ

ਕਿੰਨਾ ਗੋਰਾ ਰੰਗ ਵੀ ਕਠੋਰ ਹੁੰਦੈ ਹਾਏ !

ਹੱਸਦੇ ਗੁਲਾਬ ਸਾਡੇ, ਰੋਣ ਪੱਲੇ ਪਾਏ। ਕਿੰਨਾ ਗੋਰਾ ਰੰਗ ਵੀ, ਕਠੋਰ ਹੁੰਦਾ ਹਾਏ! ਗੋਰਾ ਜਿਹਾ ਮੁੱਖ ਉਹਦੇ, ਕਾਲੇ-ਕਾਲੇ ਕੇਸ ਨੇ। ਕਿੰਨੇ ਦਿਲ ਲੁੱਟੇ ਉਹਦੀ, ਅੱਲ੍ਹੜ ਵਰੇਸ ਨੇ। ਵਾਸਤਾ ਖ਼ੁਦਾ ਦਾ, ਕਹਿਰ ਸਾਡੇ ੱਤੇ ਨਾ ਢਾਏ। ਕਿੰਨਾ ਗੋਰਾ ਰੰਗ ਵੀ ..... ਹੂਰ ਤੋਂ ਵੀ ਵੱਧ ਲਾਟ, ਸ਼ਮ੍ਹਾਂ ਦੀ ਹੁਸੀਨ ਹੈ। ਭੰਵਟੋ ! ਤੁਹਾਨੂੰ ਏਸੇ, ਅੱਗ ਤੇ ਯਕੀਨ ਹੈ। ਲਾਸ਼ਾਂ ਦੇ ਸਵੇਰ ਸਾਰ, ਢੇਰ ਕਿੰਨੇ ਲਾਏ। ਕਿੰਨਾ ਗੋਰਾ ਰੰਗ ਵੀ ..... ਦੇਖੋ ਭੋਲੇ ਭੌਰ ਦਾ, ਨਸੀਬ ਕਿਵੇਂ ਫੁੱਟਿਆ। ਕਲੀ ਬੰਦ ਹੋਈ ਭੋਰਾ, ਵਿਚੇ ਗਿਆ ਘੁੱਟਿਆ। ਦੇਖੋ ਚਿੱਟੇ ਰੰਗ ਨੇ, ਪੁਆੜੇ ਕਿੰਨੇ ਪਾਏ। ਕਿੰਨਾ ਗੋਰਾ ਰੰਗ ਵੀ..... ਮੂੰਹ ਦੀਏ ਗੋਰੀਏ! ਤੇ ਦਿਲ ਦੀਏ ਕਾਲੀਏ। ਬਾਲ ਕੇ ਮੁਆਤਾ, ਸਾਡੇ ਸੀਨੇ ਲਾਉਣ ਵਾਲੀਏ ਤੇਰੇ ਵੀ ਦਿਲੇ ਨੂੰ ਰੱਬ ਰੋਗ ਕੋਈ ਲਾਏ ਕਿੰਨਾ ਗੋਰਾ ਰੰਗ ਵੀ.....

ਸੌਦਾ ਮੁੱਕ ਚੱਲਿਐ

ਹੱਟੜੀ ਸੰਭਾਲ, ਨੀਂ ਤੂੰ ਹੱਟੜੀ ਸੰਭਾਲ। ਸੌਦਾ ਮੁੱਕ ਚੱਲਿਐ। ਬੱਗੇ ਹੁੰਦੇ ਜਾਂਦੇ ਤੇਰੇ ਕਾਲੇ-ਕਾਲੇ ਵਾਲ । ਸੌਦਾ ਮੁੱਕ ਚੱਲਿਐ। ਰੂਪ ਦੇ ਬਾਜ਼ਾਰੀਂ ਨੀਂ ਤੂੰ, ਰੂਪ ਰੰਗ ਵੇਚਿਆ। ਐਵੇਂ ਭਾੜੇ ਭੰਗ ਦੇ ਤੂੰ, ਅੰਗ-ਅੰਗ ਵੇਚਿਆ। ਰੋੜ੍ਹ ਦਿੱਤਾ ਏ, ਕੀਮਤੀ ਤੂੰ ਮਾਲ । ਸਦਾ ਮੁੱਕ ਚੱਲਿਐ। ਮੋੜਿਆ ਉਧਾਰ ਨਹੀਉਂ, ਗਾਹਕ ਬੜੇ ਅੱਥਰੇ। ਪਾੜ ਝੀੜ ਦਿੱਤੇ ਨੀਂ, ਵਹੀ ਦੇ ਸਾਰੇ ਪੱਤਰੇ। ਹੱਟੀ ਚਲੇ, ਨਹੀਂ ਉਠਦਾ ਸੁਵਾਲ । ਸੌਦਾ ਮੁੱਕ ਚੱਲਿਐ। ਘਾਟਾ ਕਿਵੇਂ ਖਾਧਾ, ਨਾ ਤੂੰ ਸੋਚਿਆ ਵਿਚਾਰਿਆ। ਤੈਨੂੰ ਤੇਰੀ ਤਕੜੀ ਦੇ, ਪਾਸਕੂ ਨੇ ਮਾਰਿਆ। ਸੌਦਾ ਵੇਚਿਆ ਬਥੇਰੇ ਹੋ ਗਏ ਸਾਲ। ਸੌਦਾ ਮੁੱਕ ਚੱਲਿਐ। ਵਿਕਦਾ ਨਾ ਸੌਦਾ ਨੀਂ ਤੂੰ, ਹੱਟੀ ਚੁੱਕ ਲਈ ਏ। ਸੌਦੇ ਵਿਚੋਂ ਪਾਪਾਂ ਦੀ, ਸੜ੍ਹਾਂਦ ਆਉਂਦੀ ਪਈ ਏ। ਤੇਰੇ ਸੀਸ 'ਤੇ, ਕੂਕਦਾ ਕਾਲ। ਸੌਦਾ ਮੁੱਕ ਚੱਲਿਐ।

ਅੰਬਰ ਦੇ ਤਾਰਿਉ ! ਬਚੋ-ਬਚੋ !!

ਇਹ ਧਰਤੀ ਅੱਗ ਉਗਲਦੀ ਹੈ ਅੰਬਰ ਦੇ ਤਾਰਿਉ! ਬਚੋ-ਬਚੋ!! ਇਹ ਸੇਕ ਬੁਰਾ ਹੈ ਮਜ਼੍ਹਬਾਂ ਦਾ ਨਾ ਸੇਕ ਸਹਾਰਿਉ ਬਚੋ-ਬਚੋ!! ਧਰਤੀ 'ਤੇ ਦੁਨੀਆ ਵਾਲੇ ਨੇ ਇਹ ਦੁਨੀਆ ਜਿਹੜੀ ਬਣਾਈ ਏ ਏਥੇ ਕੋਈ ਜੀਣਾ ਸੌਖਾ ਹੈ ? ਕਠਿਨਾਈ ਏ ਕਠਿਨਾਈ ਏ ਇਕ ਤਾਰਾ ਵੀ ਨਾ ਟੁੱਟ ਪਾਏ ਸਾਰੇ ਦੇ ਸਾਰਿਉ ਬਚੋ-ਬਚੋ!! ਇਸ ਸੜ-ਵਲ ਜਾਣੀ ਦੁਨੀਆ ਦੇ ਕਿਉਂ ਲੋਕ ਤਸੀਹੇ ਸਹਿੰਦੇ ਐ ? ਕੱਲ੍ਹ ਵੰਗਾਂ ਦਾ ਛਣਕਾਟਾ ਸੀਗਾ ਅੱਜ ਸੁਣਿਆ ਕੀਰਨੇ ਪਇੰਦੇ ਐ!! ਦੁਨੀਆ ਦੀ ਬਾਂਹ ਵਿਚ ਪਾਉਣ ਲਈ ਨਾ ਬਾਂਹ ਪਸਾਰਿਉ ਬਚੋ-ਬਚੋ!! ਉਹ ਮੰਦਰ ਨਹੀਂ, ਘਰ ਨਫ਼ਰਤ ਦਾ ਜਿੱਥੇ ਸ਼ੂਦਰ ਬਾਹਰ ਖਲੋਂਦੇ ਐ ਜਿੱਥੇ ਮੋਮਨ ਵਜੁ ਕਰਨ ਦੇ ਲਈ ਪਏ ਲਹੂ ਨਾਲ ਹੱਥ ਧੋਂਦੇ ਐ ਉਸ ਮਸਜਿਦ ਵਿਚ ਨਾ ਬੇਸਮਝੋ ਨਮਾਜ਼ ਗੁਜ਼ਾਰਿਉ ਬਚੋ-ਬਚੋ!! ਚਿੜੀਆਂ ਦੀ ਜਾਤ ਵੀ ਉੱਭਰ ਪਈ ਇਹ ਮੂੰਹ ਮੌਤ ਦਾ ਮੋੜੇਗੀ ਸੁਣਿਆ ਹੈ ਖੂਨੀ ਬਾਜ਼ਾਂ ਦੇ ਚੁੰਜਾਂ ਨਾਲ ਖੰਭ ਤਰੋੜੇਗੀ!! ਥੋਨੂੰ ਕਲਮ ਕੜੀ ਦੀ ਖਾ ਜਾਊਗੀ ਖੰਜਰ ਦੋਧਾਰਿਓ ਬਚੋ-ਬਚੋ!! ਨਵੇਂ ਆਸ਼ਕੋ ਇਸ਼ਕੇ ਦੀ ਦੁਖਾਂ ਦੀ ਭਰੀ ਕਹਾਣੀ ਏ ਜੇ ਕੋਈ ਹੀਰ ਦੇ ਹੱਥਾਂ ਦੀ ਰਾਂਝਣਿਉਂ ਚੂਰੀ ਖਾਣੀ ਏ ਜੂਹ ਵਿਚ ਨਾ ਕੈਦੋਂ ਲੰਙੇ ਦੀ ਤੁਸੀਂ ਵਗ ਚਾਰਿਉ ਬਚੋ-ਬਚੋ!! ਜਿਹੜਾ ਬੋਲ ਪੁਜਾਰੀ ਬੋਲ ਰਿਹੈ ਉਹ ਬਿਲਕੁਲ ਬੋਲ ਕੁਮੈਲਾ ਐ ਦੁਨੀਆ ਦੇ ਸਾਰੇ ਤੀਰਥ ਹੀ ਅੱਜ ਹਦੋਂ ਵਧ ਕੇ ਮੈਲੇ ਐ ਨਾ ਜ਼ਮ ਜ਼ਮ ਵਿਚ, ਨਾ ਗੰਗਾ ਵਿਚ ਦੁਭੱਗ ਨਾ ਆਇਉ ! ਬਚੋ-ਬਚੋ!! ਅੱਜ ਹਵਾ ਸਮੇਂ ਦੀ ਬਦਲ ਗਈ ਦਿੱਖ ਧੁੰਦਲੀ ਸਭਨਾ ਰਾਹਾਂ ਦੀ ਹੱਥਾਂ ਵਿਚ ਆਪਣੇ ਚੱਪੂ ਨੇ ਨੀਅਤ ਨੀ ਸਾਫ ਮਾਲਾਹਾਂ ਦੀ ਇਸ ਕਿਸ਼ਤੀ ਨੇ ਤਾਂ ਡੁੱਬ ਜਾਣਾ ਦਰਿਆ ਦੇ ਕਿਨਾਰਿਉ ਬਚੋ-ਬਚੋ!! ਬੰਦੇ ਦੀ ਜ਼ਾਤ ਹੀ ਬੰਦੇ ਨੂੰ ਜੀਊਂਦਿਆਂ ਨੂੰ ਫੜਕੇ ਲੂਹ ਦਊਗੀ ਇਹ ਤਿਖੇ ਤਿਖੇ ਨਹੁੰਆਂ ਨਾਲ ਹਰ ਦਿਲ ਦੇ ਜ਼ਖ਼ਮ ਖਰੂਹ ਦਊਗੀ ਕਿਤੇ ਹੋਰ ਕਿਤੇ ਜਾ ਲੁਕ ਜਾਵੋ ਹਿੰਮਤ ਨਾ ਹਾਰਿਉ! ਬਚੋ-ਬਚੋ!! ਸਾਨੂੰ ਨਹੀਂ ਸਫਲਤਾ ਲੱਭ ਸਕੀ ਹਰ ਹੀਲਾ ਕਰਕੇ ਦੇਖ ਲਿਆ ਜਿਹੜਾ ਨਹੀਂ ਜਰਨ ਦੀ ਹਿੰਮਤ ਸੀ ਦੁੱਖ ਉਹ ਵੀ ਜਰ ਕੇ ਦੇਖ ਲਿਆ ਹੁਣ ਮੌਤ ਬਿਨਾਂ ਕੋਈ ਚਾਰਾ ਨਹੀਂ ‘ਸਫਰੀ' ਬੇਚਾਰਿਉ! ਬਚੋ-ਬਚੋ!!

ਜਾਹ ਰਾਹੀਆ ਵੇ

ਜਾਹ ਰਾਹੀਆ ਵੇ, ਜਾਹ ਤੁਰਿਆ ਜਾਹ, ਦੁਖੀਆਂ ਨੂੰ ਬੁਲਾ ਕੇ ਕੀ ਲੈਣਾ। ਤੈਥੋਂ ਜ਼ਖ਼ਮ ਪਛਾਣੇ ਨਹੀਂ ਜਾਣੇ, ਤੈਨੂੰ ਜਿਗਰ ਦਿਖਾ ਕੇ ਕੀ ਲੈਣਾ। ਜਦੋਂ ਖ਼ਤਮ ਕਹਾਣੀ ਹੋ ਗਈ ਏ, ਹਰ ਬਾਤ ਪੁਰਾਣੀ ਹੋ ਗਈ ਏ, ਫਿਰ ਨਵੇਂ ਸਿਰੇ ਤੋਂ ਵੇ ਰਾਹੀਆ! ਇਹ ਕਲਾ ਜਗਾ ਕੇ ਕੀ ਲੈਣਾ। ਜਾਹ ਰਾਹੀਆ ਵੇ ... ਸਾਡੇ ਸਿਰ ਸੂਲਾਂ ਦੇ ਛੱਬੇ ਨੇ, ਸੂਲਾਂ ਰਾਹੀਂ ਸੱਜੇ ਖੱਬੇ ਨੇ, ਐਥੇ ਮੌਤ ਸੁੱਤੀ ਹੈ ਹਰ ਪਾਸੇ, ਕਰਵਟ ਬਦਲਾ ਕੇ ਕੀ ਲੈਣਾ। ਜਾਹ ਰਾਹੀਆ ਵੇ ... ਜ਼ੁਲਫਾਂ ਨਾਲ ਅੱਥਰੂ ਪੂੰਝੇ ਸੀ, ਮੋਤੀ ਅਣਬਿਧ ਕਈ ਹੂੰਝੇ ਸੀ, ਸੁਫਨੇ ਵਿਚ ਹੁਣ ਵੀ ਆਉਂਦਾ ਏ, ਗੱਲ ਯਾਦ ਕਰਾ ਕੇ ਕੀ ਲੈਣਾ। ਜਾਹ ਰਾਹੀਆ ਵੇ ... ਹਰ ਹਾਲ ਨਾਕਾਮ ਮੁਹੱਬਤ ਹੈ, ਥਾਂ-ਥਾਂ ਬਦਨਾਮ ਮੁਹੱਬਤ ਹੈ, ਫਿਰ ‘ਸਫ਼ਰੀ’ ਹੋ ਕੇ ਨੀਂ ਅੱਖੀਓ ਇਹ ਨੀਰ ਬਹਾ ਕੇ ਕੀ ਲੈਣਾ। ਜਾਹ ਰਾਹੀਆ ਵੇ ਤੁਰਿਆ ਜਾਹ ਦੁਖੀਆਂ ਨੂੰ ਬੁਲਾ ਕੇ ਕੀ ਲੈਣਾ

ਮਹਿਫ਼ਿਲ ਵਿਚ ਆ ਕੇ ਦੇਖ ਲਿਆ

ਸਾਕੀ ਤੇਰੀ ਜਗ-ਮਗ ਕਰਦੀ ਹੋਈ, ਮਹਿਫ਼ਿਲ ਵਿਚ ਆ ਕੇ ਦੇਖ ਲਿਆ। ਹਾਂ, ਦੇਖ ਲਿਆ, ਤੇਰੀ ਦੁਨੀਆ ਵਿਚ ਵੀ, ਮਨ ਪਰਚਾ ਕੇ ਦੇਖ ਲਿਆ। ਅੱਗ ਦਿਲ ਦੀ ਭੜਕੀ ਹੋਰ ਜਦੋਂ, ਸ਼ੀਸ਼ੇ ਵਿਚ ਦੇਖੀ ਅੱਗ ਬਲਦੀ। ਪਾਣੀ ਵਿਚ ਦੁਨੀਆ ਨ੍ਹਾਉਂਦੀ ਸੀ, ਮੈਂ ਅੱਗ ਵਿਚ ਨ੍ਹਾ ਕੇ ਦੇਖ ਲਿਆ। ਪਿਆਲੀ ਵਿਚ ਸਾਇਆ ਜੁਲਫਾਂ ਦਾ, ਸੱਪ ਵਾਂਗ ਪਲਮਦਾ ਫਿਰਦਾ ਸੀ, ਜਿਸਲੇ ਮੈਂ ਫਨੀਅਰ ਪੀ ਚਲਿਆ ਉਨ ਜ਼ੁਲਫ ਹਟਾ ਕੇ ਦੇਖ ਲਿਆ। ਮਸਜਿਦ 'ਚੋਂ ਸਾਕੀ ਜਾਹ ! ਮੇਰੇ ਮੱਥੇ ਦੀ ਚਮੜੀ ਚੁਕ ਲਿਆ, ਮੈਂ ਰੱਬ ਦੇ ਠੇਕੇਦਾਰਾਂ ਤੋਂ, ਵੀ ਫ਼ੈਜ਼ ਉਠਾ ਕੇ ਦੇਖ ਲਿਆ। ਕੁਝ ਮੋਹ ਜਿਤਾਇਆ ਮਿੱਤਰਾਂ ਨੂੰ, ਕੁਝ ਰੂਪ ਦੀ ਉਪਮਾ ਵੀ ਕੀਤੀ, ਪੁੱਜਾ ਨਾ ਨਿਸ਼ਾਨੇ 'ਤੇ ਹਰ ਤੀਰ ਚਲਾ ਕੇ ਦੇਖ ਲਿਆ। ਆਪਣੀ ਤੇ ਵਾਰੀ ਬੇਦਰਦਾ, ਘੁੰਘਟ ਵਿਚ ਸ਼ਕਲ ਲੁਕਾ ਲਈ ਸੀ, ਤੇਰਾ ਕਿਉਂ ‘ਸਫ਼ਰੀ’ ਮੋਏ ਦਾ, ਮੂੰਹ ਉਠਾ ਕੇ ਦੇਖ ਲਿਆ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸਫ਼ਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ