Amber Cheervin Hook Wala Saain Sant Ram Udasi : Gurbhajan Gill
ਅੰਬਰ ਚੀਰਵੀਂ ਹੂਕ ਵਾਲਾ ਸਾਈਂ ਸੰਤ ਰਾਮ ਉਦਾਸੀ : ਗੁਰਭਜਨ ਗਿੱਲ
ਸੰਤ ਰਾਮ ਉਦਾਸੀ ਕੋਲ ਅੰਬਰ ਚੀਰਵੀਂ ਹੂਕ ਸੀ, ਅੰਬਰੀਂ ਨਹੀਂ। ਧਰਤੀ
ਪੁੱਤਰ ਸੀ ਨਾ। ਉਸ ਦੇ ਦੁੱਖ ਸੁੱਖ ਵਿਚ ਗੁੰਨ੍ਹੀ ਚੀਨੀ ਮਿੱਟੀ ਵਰਗਾ ਸਿਦਕ
ਸੀ, ਕੁੱਟਿਆਂ ਵੀ ਨਾ ਭੁਰਨ ਵਾਲਾ। ਸੁਨੇਹੀ ਮਿੱਟੀ, ਪੈਰ ਪੈਰ ਤੇ ਨਾਲ ਤੁਰਨ
ਵਾਲੀ ਮਿੱਟੀ ਵਰਗਾ। ਕੱਚੇ ਵਿਹੜਿਆਂ ਦਾ ਜਾਇਆ, ਉਚ ਦੁਮਾਲੜਾ ਬੁਰਜ।
ਉਸਦੀ ਆਭਾ ਸਾਹਮਣੇ ਬਹੁਤੇ ਸ਼ਾਇਰ ਬੌਣਾ ਮਹਿਸੂਸ ਕਰਦੇ। ਉਸ ਦੇ ਆਦਰ
ਮਾਣ ਵੇਲੇ ਵੰਨ ਸੁਵੰਨੀਆਂ ਟਿੱਚਰਾਂ ਕਰਦੇ। ਮੈਂ ਅੱਖੀਂ ਵੇਖਿਆ, ਪੰਜਾਬੀ ਭਵਨ
ਲੁਧਿਆਣਾ ਦੇ ਵਿਹੜੇ ਵਿਚ ਜਦੋਂ 1984 ’ਚ ਸੰਤ ਰਾਮ ਉਦਾਸੀ ਨੂੰ ਪ੍ਰੋ: ਮੋਹਨ
ਸਿੰਘ ਮੇਲਾ ਕਮੇਟੀ ਵੱਲੋਂ ਸਿੱਕਿਆਂ ਨਾਲ ਤੋਲਿਆ ਗਿਆ ਤਾਂ ਇਕ ਵੱਡੇ
ਇਨਕਲਾਬੀ ਸ਼ਾਇਰ ਨੇ ਆਪਣੀ ਹੈਂਕੜਬਾਜ਼ ਆਵਾਜ਼ 'ਚ ਕਿਹਾ, “ਉਇ ਉਦਾਸੀ
100 ਰੁਪਏ ਦੀ ਭਾਨ ਤਾਂ ਦੇਵੀਂ।” ਉਦਾਸੀ ਸਿਰਫ਼ ਮਿੰਨ੍ਹਾ ਮੁਸਕਰਾਇਆ ਸੀ।
ਇਸ “ਉਇ ਉਦਾਸੀ” ਵਿਚ ਅਭਿਮਾਨ ਸੀ ਤੇ “100 ਰੁਪਏ ਦੀ ਭਾਨ” ਵਿਚ
ਆਪਣੀ ਜੇਬ ’ਚ ਅਮਰੀਕਨ ਡਾਲਰਾਂ ਦੇ ਭਾਰਤੀ ਰੂਪ ਦਾ ਘੁਮੰਡ ਸੀ। ਮੈਂ ਉਸ
ਸ਼ਾਇਰ ਨੂੰ ਉਦੋਂ ਵੀ ਇਹੀ ਕਿਹਾ ਸੀ, “ਸ਼ਾਇਰ ਦਾ ਏਦਾਂ ਮਜ਼ਾਕ ਨਹੀਂ
ਉਡਾਈਦਾ। ਇਸ ’ਚੋਂ ਆਪਣੀ ਜ਼ਿਹਨੀ ਗਰੀਬੀ ਵੀ ਝਲਕਦੀ ਹੈ। ਮੈਨੂੰ ਤਾਂ ਮਗਰੋਂ
ਪਤਾ ਲੱਗਾ ਕਿ ਇਹ ਖੱਖੜੀਆਂ ਖ਼ਰਬੂਜੇ ਹੋ ਚੁੱਕੀ ਕਮਿਉਨਿਸਟ ਮਾਨਸਿਕਤਾ ਦੀ
ਰਹਿੰਦ ਖੂੰਹਦ ਦਾ ਗੁੱਭ ਗਲਾਟ ਵਰਗਾ ਪ੍ਰਗਟਾਵਾ ਸੀ, ਇਸ ਤੋਂ ਵੱਧ ਕੁਝ ਨਹੀਂ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ 1971 ’ਚ ਮੈਂ ਲੁਧਿਆਣੇ ਆਇਆ
ਤਾਂ ਇਨਕਲਾਬੀ ਸਫ਼ਾਂ ਲਗਪਗ ਉੱਖੜ ਰਹੀਆਂ ਸਨ। ਡਾ.ਹਰਿਭਜਨ ਸਿੰਘ ਵਰਗੇ
ਸ਼ਾਇਰ ਸੁਰਖ਼ ਫਰੇਰੇ ਨੂੰ ‘ਲਾਲ ਟਾਕੀ’ ਹੋਣ ਦਾ ਮਿਹਣਾ ਮਾਰ ਰਹੇ ਸਨ। ਕਈ
ਇਨਕਲਾਬੀ ਵੀ ਜੇਲ੍ਹਾਂ 'ਚੋਂ ਪਰਤ ਕੇ ਰੁਜ਼ਗਾਰ ਕਮਾਉਣ ਲਈ ‘ਊੜਾ ਐੜਾ’ ਸਿੱਖ
ਰਹੇ ਸਨ। ਕੋਈ ਜੇ ਬੀ ਟੀ ਦੇ ਨੋਟਿਸ ਇਕੱਠੇ ਕਰ ਰਿਹਾ ਸੀ। ਕੋਈ ਮਹਿਬੂਬਾ
ਦੇ ਪਿੰਡ ਦੀ ਮਿੱਟੀ ਨੂੰ ਸਲਾਮ ਕਰ ਰਿਹਾ ਸੀ। ‘ਸੁਪਨੇ’ ਤੇ ‘ਹਕੀਕਤ ਵਿਚਕਾਰਲਾ
ਫ਼ਰਕ ਮਿਟ ਰਿਹਾ ਸੀ। ਹੇਠਲਾ ਬੈਂਗਣੀ ਰੰਗ ਉਘੜ ਰਿਹਾ ਸੀ। ਇਸ ਮੌਸਮ 'ਚ
ਸੰਤ ਰਾਮ ਉਦਾਸੀ ਵੀ ਉਥੇ ਹੀ ਪਹੁੰਚ ਗਿਆ ਸੀ, ਜਿੱਥੋਂ ਤੁਰਿਆ ਸੀ। ਸਿੱਖ
ਵਿਰਸੇ ’ਚੋਂ ਸੰਘਰਸ਼ਮਈ ਗਾਥਾਵਾਂ ਦੇ ਹਵਾਲੇ ਨਾਲ ਪੰਜਾਬੀ ਮਾਨਸਿਕਤਾ ਨੂੰ
ਹਲੂਣ ਰਿਹਾ ਸੀ। ਜੇ ਮੈਂ ਕਹਾਂ ਕਿ ਮਰ ਰਹੀ ਪੰਜਾਬੀ ਮਾਨਸਿਕਤਾ ਨੂੰ ਪਿੰਡ ਪਿੰਡ
ਜਾ ਕੇ ਹਲੂਣ ਰਿਹਾ ਸੀ, ਤਾਂ ਕੋਈ ਅਤਿਕਥਨੀ ਨਹੀਂ। ਉਸ ਦੀ ਸ਼ਾਇਰੀ ਸਕੂਲਾਂ
ਕਾਲਜਾਂ ਦੇ ਮੁੰਡੇ ਜ਼ਬਾਨੀ ਚੇਤੇ ਕਰ ਰਹੇ ਸਨ। ਉਸਦੇ ਬੋਲਾਂ ਨੂੰ ਜਵਾਨ ਪੀੜ੍ਹੀ
ਉਵੇਂ ਹੀ ਸੰਭਾਲ ਰਹੀ ਸੀ ਜਿਵੇਂ ਮੇਰੇ ਤੋਂ ਪਹਿਲੀ ਪੀੜ੍ਹੀ ਸ਼ਿਵ ਕੁਮਾਰ ਬਟਾਲਵੀ
ਦੀ ਦੀਵਾਨੀ ਸੀ ਤੇ ਮੇਰੇ ਵਾਲੀ ਪੀੜੀ ਸੁਰਜੀਤ ਪਾਤਰ ਨੂੰ ਮੁਹੱਬਤ ਕਰਦੀ ਹੈ।
ਉਦਾਸੀ ਕੋਲ ਸ਼ਿਵ ਕੁਮਾਰ ਨਾਲੋਂ ਵੱਖਰਾ ਦਰਦ ਸੀ। ਪਾਤਰ ਨਾਲੋਂ ਵੱਖਰਾ ਲੌਕਿਕ
ਅੰਦਾਜ਼। ਉਸ ਦੀ ਹੂਕ ਵਿਚ ਦਰਦਮੰਦਾਂ ਦੀਆਂ ਸੁੱਚੀਆਂ ਆਹੀਂ ਸਨ। ਉਹ ਵਿਦਰੋਹ
ਤੋਂ ਅੱਗੇ ਤੁਰ ਪਿਆ ਸੀ। ਉਸਦੇ ਕਰਮ ਇਨਕਲਾਬੀ ਸੋਚ ਨੂੰ ਪਰਵਾਣੇ ਜਾ ਚੁੱਕੇ ਸਨ।
ਨਾਮਧਾਰੀਆਂ ਦੇ ਘਰ ਜੰਮਿਆ ਜਾਇਆ ਉਦਾਸੀ ਉਨ੍ਹਾਂ ਦੇ ਹੀ ਡੇਰਿਆਂ 'ਚ ਮੁੱਢਲੇ ਦੌਰ
ਦੌਰਾਨ ਕਵਿਤਾਵਾਂ ਲਿਖਦਾ ਪੜ੍ਹਦਾ ਰਿਹਾ। ਉਸਦਾ ਨਿੱਕਾ ਵੀਰ ਲੋਕ ਗਾਇਕ
“ਗੁਰਦੇਵ ਸਿੰਘ ਕੋਇਲ” ਤਾਂ ਲੰਮਾ ਸਮਾਂ ਜਲੰਧਰ ਦੀ ਨਾਮਧਾਰੀ ਧਰਮਸ਼ਾਲਾ 'ਚੋਂ ਬੋਲਦਾ
ਰਿਹਾ। ਉਥੇ ਹੀ ਰਹਿੰਦਾ ਰਿਹਾ। ਨਾਮਧਾਰੀ ਗੁਰੂ ਪ੍ਰਤਾਪ ਸਿੰਘ ਦੇ ਅਕਾਲ ਚਲਾਣੇ ਤੇ
ਉਦਾਸੀ ਦਾ ਲਿਖਿਆ ਰੁਦਨ ਏਸੇ ਕਾਰਨ ਨੂੰ ਪਰਪੱਕ ਕਰਦਾ ਹੈ। ਗੁਰੂ ਪ੍ਰਤਾਪ ਸਿੰਘ ਦਾ
“ਵਹਿਮਾਂ ਭਰਮਾਂ ਨੂੰ ਖੰਡਨਹਾਰਾ” ਅੰਦਾਜ਼ ਉਸਨੂੰ ਬੇਹੱਦ ਪਸੰਦ ਸੀ। ਆਪਣੇ ਇਸ਼ਟ
ਨਾਲ ਮੁਹੱਬਤ ਤੋਂ ਅੱਗੇ ਤੁਰ ਕੇ ਉਹ ਰੋਮਾਂਸ ਦੇ ਅਸਰ ਹੇਠ ਤੁਰਿਆ ਤਾਂ ਉਸਦੀ ਤੋਰ
ਓਪਰੀ ਜਾਪੀ। ਅਸਲ 'ਚ ਉਹ ਹੋਰ ਕਾਰਜ ਲਈ ਪੈਦਾ ਹੋਇਆ ਜੀਵ ਸੀ। ਜ਼ਿੰਦਗੀ ਨੂੰ
ਵੇਖਣ ਵਾਲੀ ਨਜ਼ਰ ਤਾਂ ਵਿਕਸਤ ਹੋ ਰਹੀ ਸੀ ਪਰ ਹਾਲੇ ਨਜ਼ਰੀਆ ਰੂਪ ਸਰੂਪ ਨਹੀਂ ਸੀ
ਪਾ ਰਿਹਾ। ਇਸੇ ਕਰਕੇ ਹੀ ਉਹ ਅਜੇ ਵਿਅਕਤੀਆਂ ਦੇ ਜਾਣ ਤੇ ਹੀ ਉਦਾਸ ਹੁੰਦਾ ਸੀ।
ਵਿਅਕਤੀ ਭਾਵੇਂ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ ਜਾਂ ਕੋਈ ਹੋਰ ।
ਦੇਸ਼ ਦੀ ਵੰਡ ਦਾ
ਫੋੜਾ ਉਸਦੇ ਅੰਦਰ ਵੱਲ ਨੂੰ ਰਿਸ ਰਿਹਾ ਸੀ। ਮੰਟੋ ਦੀਆਂ ਕਹਾਣੀਆਂ ਵਾਂਗ ਉਹ 1947
'ਚ ਹੋਈ ਦੇਸ਼ ਵੰਡ ਨੂੰ ਆਜ਼ਾਦੀ ਨਾ ਕਹਿ ਸਕਿਆ। ਮੇਰੀ ਮਾਂ ਵਾਂਗ। ਮੇਰੀ ਮਾਂ ਨੇ ਮਰਦੇ
ਦਮ ਤੀਕ ਏਧਰਲੀ ਧਰਤੀ ਨੂੰ ਆਪਣਾ ‘ਵਤਨ’ ਨਹੀਂ ਸੀ ਕਿਹਾ। ਉਹ ਹਮੇਸ਼ਾਂ ਕਹਿੰਦੀ,
“ਜਦੋਂ ਪਿੰਡ ਰਹਿੰਦੇ ਸਾਂ। ਇਹ ਗੱਲ ਆਪਣੇ ਪਿੰਡ ਦੀ ਏ ਉਹ ਪਿੰਡ ਹਰ ਵਾਰੀ
ਨਾਰੋਵਾਲ (ਸਿਆਲਕੋਟ) ਤਹਿਸੀਲ ਵਾਲਾ ਹੁੰਦਾ ਸੀ, ਹੁਣ ਵਾਲਾ ਬਸੰਤ ਕੋਟ
(ਗੁਰਦਾਸਪੁਰ) ਕਦੇ ਨਹੀਂ। ਉਦਾਸੀ ਵੀ ਤਾਂ ਇਹੀ ਕਹਿੰਦੈ ਨਾ, ਭਾਰਤ ਮਾਂ ਦੇ ਦਿਲ ਦੇ
ਟੋਟੇ, ਭਾਰਤ, ਪਾਕਿਸਤਾਨ ਬਣੇ। ਅਕਲਾਂ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੋਸਤਾਨ
ਬਣੇ।
ਸੰਤ ਰਾਮ ਉਦਾਸੀ ਨੂੰ ਬਰਨਾਲੇ ਦੀ ਧਰਤੀ ਦਾ ਸੂਹਾ ਇਨਕਲਾਬੀ ਰੰਗ ਚੜ੍ਹਿਆ ਤਾਂ ਉਹ
ਦਿਨਾਂ ਵਿਚ ਹੀ ਹੋਰ ਦਾ ਹੋਰ ਹੋ ਗਿਆ। ਉਸ ਦੇ ਬੋਲਾਂ 'ਚ ਮੱਘਦੇ ਅੰਗਿਆਰ ਦਹਿਕਣ
ਲੱਗੇ। ਸਿਲ੍ਹੀ ਸਲਾਭੀ ਜ਼ਿੰਦਗੀ ਨੇ ਅੰਗੜਾਈ ਲਈ। ਉਥੋਂ ਦੀਆਂ ਲਿਖਾਰੀ ਸਭਾਵਾਂ ਨੇ
ਉਸ ਦੇ ਬੋਲਾਂ ਨੂੰ ਪਹਿਲ-ਪ੍ਰਵਾਨਗੀ ਦਿੱਤੀ। ਜਰਨੈਲ ਸਿੰਘ ਅਰਸ਼ੀ ਦੀ ਲਲਕਾਰ ਵਾਂਗ
ਸੰਤ ਰਾਮ ਉਦਾਸੀ ਦੀ ਲਲਕਾਰ ਵੀ ਸੱਥਾਂ, ਚੌਕਾਂ, ਚੌਰਾਹਿਆਂ ਵਿਚ ਗੂੰਜਣ ਲੱਗੀ। ਉਹ
‘ਮੰਜ਼ਿਲ’ ਬਾਰੇ ਵੀ ਜਾਣੂੰ ਹੋ ਰਿਹਾ ਸੀ ਅਤੇ ‘ਪਾੜੇ’ ਬਾਰੇ ਵੀ ਗਿਆਨਵੰਤ ਹੋ ਰਿਹਾ ਸੀ।
ਅਲਬੇਲੇ ਰਾਹੀ ਨੂੰ ਹਨੇਰੇ ਗਾੜ੍ਹੇ ਵਿੱਚੋਂ ਹਿੰਮਤ ਨਾਲ ਪਾਰ ਜਾਣ ਦੀ ਪ੍ਰੇਰਨਾ ਦੇ ਰਿਹਾ ਸੀ।
ਕਾਲੇ ਬੱਦਲਾਂ ਦੇ ਕਿਨਾਰੇ ਤੇ ਲੱਗੀ “ਸੁੱਚੇ ਗੋਟੇ ਦੀ ਕੋਰ” ਉਸ ਨੂੰ ਹਾਲੇ ਨਜ਼ਰ ਨਹੀਂ ਸੀ
ਪੈ ਰਹੀ। ਇਸ ਨੂੰ ਬਹੁਤੇ ਪੜ੍ਹੇ ਲਿਖੇ (ਸਿਲਵਰ ਲਾਈਨਿੰਗ) ਆਖਦੇ ਨੇ ।ਉਮੀਦ ਦੀ
ਕਿਰਨ। ਡੇਰਿਆਂ ਦਾ ਲੰਗਰ ਛੱਕਦਾ ਛੱਕਦਾ ਉਹ ਕਮਿਉਨਿਸਟ ਸਫ਼ਾਂ ਦੀਆਂ ਸਟੇਜਾਂ ਤੇ
ਜਾ ਚੜ੍ਹਿਆ। ਕਮਿਉਨਿਸਟ ਪਾਟ ਗਏ ਤਾਂ ਉਸਨੇ ਸਬੂਤਾ ਕਿੱਥੇ ਰਹਿਣਾ ਸੀ ? ਉਹ ਵੀ
ਲੀਰੋ ਲੀਰ ਅੱਧੋਰਾਣਾ ਜਿਹਾ ਹੋ ਗਿਆ। ਸ: ਜਗਦੇਵ ਸਿੰਘ ਜੱਸੋਵਾਲ ਕਦੇ ਕਦੇ ਪੁਰਾਣੇ
ਵਕਤਾਂ ਦਾ ਇਕ ਟੋਟਕਾ ਦੁਹਰਾ ਦਿੰਦੇ ਨੇ। ਅਕਾਲੀਆਂ ਨੇ ਜਦੋਂ ਉਨ੍ਹਾਂ ਦੀ ਲਿਆਕਤ ਨੂੰ
‘ਦੁਰ ਦੁਰ’ ਕੀਤਾ ਤਾਂ ਉਸਨੂੰ ਪ੍ਰਤਾਪ ਸਿੰਘ ਕੈਰੋਂ ਤੇ ਪੰਡਿਤ ਜਵਾਹਰ ਲਾਲ ਨਹਿਰੂ ਪਿੰਡੋਂ
ਲੈਣ ਆਏ। ਅਕਾਲੀ ਮਨ ਕਾਂਗਰਸ 'ਚ ਜਾਣ ਵੇਲੇ ਕਿਸ ਦੁਫੇੜ ਮਾਨਸਿਕਤਾ ਦਾ ਸ਼ਿਕਾਰ
ਸੀ, ਤੁਸੀਂ ਵੀ ਸੁਣੋ!
ਇੱਕ ਹੱਥ ਝੰਡਾ ਦੇਸ਼ ਦਾ।
ਦੂਜੇ ਹੱਥ ਦਸ਼ਮੇਸ਼ ਦਾ।
ਇਕ ਪਾਸੇ ਬਾਪੂ
ਤੇ ਦੂਜੇ ਪਾਸੇ ਮਾਂ !
ਦੱਸੋ ਲੋਕੋ ! ਕਿੱਧਰ ਜਾਂ।
1962 'ਚ ਭਾਰਤ ਚੀਨ ਜੰਗ ਨੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਦੇਸ਼ਾਂ ਦੀ ਜੰਗ ਤਾਂ ਹੈ ਹੀ ਸੀ, ਸਿਧਾਂਤ ਵੀ ਚੌਰਾਹੇ ਆਣ ਖੜਾ ਸੀ। ਚੀਨੀ ਹਮਲੇ ਵੇਲੇ ਕਮਿਊਨਿਸਟ
ਪਾਰਟੀ ਦੀ ਦੋਚਿੱਤੀ ਇਸ ਲੋਕ ਬੋਲੀ ਵਰਗੀ ਸੀ।
ਅੱਧੀ ਆਂ ਗਰੀਬ ਜੱਟ ਦੀ,
ਅੱਧੀ ਤੇਰੀ ਆਂ ਮੁਲਾਜ਼ੇਦਾਰਾ।
1964 'ਚ ਪਾਰਟੀ ਪਾਟ ਗਈ। ਝੰਡੇ ਵੰਡੇ ਗਏ। ਡੰਡੇ ਵੰਡੇ ਗਏ। ਆਪੋ ਆਪਣੀਆਂ
ਛਤਰੀਆਂ ਤੇ ਵੰਡਵੇਂ ਕਬੂਤਰ ਬਹਿ ਗਏ। ਪਾਰਲੀਮੈਂਟ ’ਚ ਬਹਿਣ ਦੀ ਤਾਂਘ ਅਤੇ ਲਾਲਸਾ
ਨੇ ਲੋਕਾਂ ਵੱਲੋਂ ਪਿੱਠ ਕਰਵਾ ਦਿੱਤੀ। ਇਨਕਲਾਬ ਅਤੇ ਹਥਿਆਰਬੰਦ ਲੋਕਾਂ ਦੀ ਥਾਂ ਵੋਟਾਂ
ਦੀ ਸਿਆਸਤ ਪਹਿਲੇ ਸਫ਼ੇ ਤੇ ਆ ਗਈ। ਪੱਛਮੀ ਬੰਗਾਲ ਤੇ ਕੇਰਲਾ 'ਚ ਸਰਕਾਰ ਬਣਨ
ਨਾਲ ਰਾਜ ਸੱਤਾ ਮਾਨਣ ਦੀ ਲਲਕ ਵਧ ਗਈ। ਸੰਤ ਰਾਮ ਉਦਾਸੀ ਵਰਗੇ ਅਗਨ ਤੇ
ਲਗਨ ਵਾਲੇ ਗੱਭਰੂ ਆਪਣੀ ਅਥਾਹ ਊਰਜਾ ਦਾ ਕੀ ਕਰਦੇ ? ਉਹ ਉਸ ਕਾਫ਼ਲੇ 'ਚ
ਸ਼ਾਮਲ ਹੋ ਗਿਆ ਜੋ ਜਿਨ੍ਹਾਂ ਕਮਿਊਨਿਸਟਾਂ ਨੂੰ ‘ਸੋਧ ਵਾਦੀ’ ਕਹਿ ਕੇ ਨੱਕ ਬੁੱਲ੍ਹ ਵੱਟਦੇ
ਸਨ। ਚਾਹ ਦੇ ਬਾਗਾਂ ਚ ਸ਼ੁਰੂ ਹੋਈ ਲੜਾਈ ਨਕਸਲਬਾੜੀ ਲਹਿਰ ਬਣ ਜਾਵੇਗੀ, ਇਹ
ਸ਼ਾਇਦ ਆਗੂਆਂ ਲਈ ਵੀ ਯਕੀਨਯੋਗ ਸਥਿਤੀ ਨਹੀਂ ਸੀ । ਅਸਲ 'ਚ ਇਨ੍ਹਾਂ ਚੋਂ ਬਹੁਤੇ
ਉਹੀ ਗੱਭਰੂ ਸਨ ਜੋ ਆਪਣੀ ਸ਼ਕਤੀਸ਼ਾਲੀ ਰਫ਼ਤਾਰ ਵਾਲੇ ਇੰਜਨ ਦੇ ਹੁੰਦਿਆਂ ਲੱਕੜ ਦੇ
ਪਹੀਆਂ ਵਾਲੇ ਗੱਡੇ ਦੇ ਮੁਸਾਫ਼ਰ ਬਣਨ ਨੂੰ ਤਿਆਰ ਨਹੀਂ ਸਨ। ਇਨ੍ਹਾਂ ‘ਛੋਹਲੇ’ ਤੇ
‘ਕਾਹਲੇ’ ਨੌਜਵਾਨਾਂ ਦੇ ਕਾਫ਼ਲੇ ’ਚ ਉਦਾਸੀ ਵੀ ਜਾ ਰਲਿਆ ਪਰ ਉਸ ਦੀ ਹਾਲਤ ਏਥੇ
ਵੀ ਉਹੀ ਰਹੀ ਜਿਵੇਂ ‘ਬੈਂਡ ਵਾਜੇ ਵਾਲੇ’ ਜਾਂ ‘ਗਾਉਣ ਵਜਾਉਣ ਵਾਲੇ’ ਬਰਾਤ ਦਾ ਹਿੱਸਾ
ਨਹੀਂ ਗਿਣੇ ਜਾਂਦੇ। ਜਿਵੇਂ ਕਮਿਉਨਿਸਟ ਸਟੇਜਾਂ ਤੇ ਕਦੇ ਭੀੜ ਇੱਕਠੀ ਕਰਨ ਲਈ ਤਾਂ
ਅਮਰਜੀਤ ਗੁਰਦਾਸਪੁਰੀ ਜਾਂ ਹੁਕਮ ਚੰਦ ਖਲੀਲੀ ਹੋਰੀਂ ਹੁੰਦੇ ਸਨ, ਜੋਗਿੰਦਰ ਬਾਹਰਲਾ ਜਾਂ
ਨਰਿੰਦਰ ਦੋਸਾਂਝ ਹੁੰਦਾ ਸੀ ਪਰ “ਬਾਕਾਇਦਾ” ਸਟੇਜ ਸ਼ੁਰੂ ਕਰਨ ਵੇਲੇ ਕਾਮਰੇਡ
ਹਰਕਿਸ਼ਨ ਸਿੰਘ ਸੁਰਜੀਤ ਜੀ ਜਾਂ ਦਲੀਪ ਸਿੰਘ ਟਪਿਆਲਾ ਟਪਕ ਪੈਂਦੇ ਸਨ। ਇਸੇ
‘ਬੇਕਾਇਦਗੀ’ ਨੇ ਸਾਡੀ ਇਨਕਲਾਬੀ ਸਭਿਆਚਾਰ ਲਹਿਰ ਦਾ ਭੱਠਾ ਬਿਠਾਇਆ। ਜੇ
ਸਭਿਆਚਾਰਕ ਕਾਮੇ ਧਿਰ ਹੀ ਨਹੀਂ ਹਨ ਤਾਂ ਉਸ ਦੀ ਕਲਾ ਵੀ ਕਿਉਂ ਵਰਤੀ ਜਾਵੇ ?
ਇਹ ਸੁਆਲ ਸੱਠਵਿਆਂ 'ਚ ਅਮਰਜੀਤ ਗੁਰਦਾਸਪੁਰੀ ਨੇ ਖੜ੍ਹਾ ਕੀਤਾ ਤਾਂ ਉਸ ਨੂੰ
“ਬਹਿ ਕੇ ਸਮਝਾਇਆ” ਗਿਆ, ਤੇਰੇ ਚੋਂ ਹਾਲੇ ‘ਜ਼ੈਲਦਾਰੀ ਵਾਲੀ ਬੋਅ’ ਨਹੀਂ ਗਈ।
ਇੱਕੋ ਫ਼ਿਕਰੇ ਨੇ ਉਸਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਸੀ। ਸੰਤ ਰਾਮ ਉਦਾਸੀ
ਨਾਲ ਤਾਂ ਇਹ ਅਕਸਰ ਵਾਪਰਦਾ ਰਿਹਾ। ਜੇ ਉਹ ਕਦੇ ਕੱਚੇ ਵਿਹੜਿਆਂ ਦੀ ਬਾਤ
ਪਾਉਂਦਾ ਤਾਂ ਉਸਦੀ ਜਾਤ ਨੌਲੀ ਜਾਂਦੀ। ਜੇਕਰ ਉਹ ਸਿੱਖ ਵਿਰਸੇ ਦੇ ਨਾਇਕ ਚੇਤੇ ਕਰਦਾ
ਤਾਂ ਉਸਨੂੰ ਗੁਰੂ ਘਰ ਦੇ ਲੰਗਰ ਦਾ ਮਿਹਣਾ ਵੱਜਦਾ। ਧਰਤੀ ਦੀ ਮਾਣ ਮਰਿਯਾਦਾ ਪੇਸ਼
ਕਰਦੇ ਸੰਤ ਰਾਮ ਉਦਾਸੀ ਨੂੰ ਅਸਾਂ ਉਸਦੀ ਪੀੜ ਦੇ ਜਾਵੀਏ ਤੋਂ ਵੇਖਣ ’ਚ ਅਕਸਰ
ਉਕਾਈ ਕਰਦੇ ਰਹੇ। ਕੌਣ ਕਹਿੰਦਾ ਕਿ ਕਵਿਤਾ ਕਿਸੇ ਸਰਕਾਰੀ ਠੇਕੇਦਾਰ ਅੱਗੇ ਵਿਛੇ
ਆਰਕੀਟੈਕਟ ਦੇ ਬਣਾਏ ਨਕਸ਼ੇ ਵਰਗੀ ਨਹੀਂ ਹੁੰਦੀ। ਇਹ ਤਾਂ ਖ਼ੁਦ ਮਹਿਕਦਾ ਬੂਟਾ ਹੈ।
ਆਪਣੇ ਮੌਸਮ 'ਚ ਹੀ ਮਹਿਕਦਾ ਹੈ। ਆਪਣੇ ਮਹਿਕ ਸਮੇਤ ਹਾਜ਼ਰ ਹੁੰਦਾ ਹੈ, ਹੋਰ ਕਿਸੇ
ਦੀ ਖੁਸ਼ਬੋਈ ਨੂੰ ਕਦੇ ਪੇਸ਼ ਨਹੀਂ ਕਰਦਾ।
ਸੰਤ ਰਾਮ ਉਦਾਸੀ ‘ਪ੍ਰਤੀਬੱਧਤਾ’ ਦਾ ਵਣਜਾਰਾ ਬਣਨ ਦੀ ਥਾਂ ਆਪਣੀ ਪੀੜ ਦਾ
ਅਨੁਵਾਦ ਕਰਦਾ ਰਿਹਾ। ਉਸਦੇ ਬੋਲਾਂ ਨੂੰ ਮੁਹੱਬਤ ਕਰਨ ਵਾਲਿਆਂ 'ਚ ਹੋਰਨਾਂ ਤੋਂ
ਇਲਾਵਾ ਜਸਵੰਤ ਸਿੰਘ ਕੰਵਲ ਵੀ ਸੀ ਤੇ ਜਗਦੇਵ ਸਿੰਘ ਜੱਸੋਵਾਲ ਵੀ। ਦੋਹਾਂ ਨੇ ਹੀ
ਉਸਨੂੰ ਰੱਜ ਕੇ ਮੁੱਹਬਤ ਕੀਤੀ। ਜੱਸੋਵਾਲ ਤਾਂ ਹੁਣ ਤੀਕ ਵੀ ਪਰਿਵਾਰ ਨਾਲ ‘ਬਾਬਲ’
ਵਾਂਗ ਨਿਭ ਰਿਹਾ ਹੈ। ਉਸੇ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਹੀ ‘ਰਾਏਸਰ’ ਸਕੂਲ ਦਾ
ਨਾਮ ਸੰਤ ਰਾਮ ਉਦਾਸੀ ਦੇ ਨਾਮ ਤੇ ਕਰਨ ਲਈ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ
ਉਹਦੇ ਪਿੰਡ ਪਹੁੰਚੇ ਸਨ। ‘ਹਵਾਈ ਮਤੇ’ ਕਰਨ ਵਾਲੇ ਤਾਂ ਉਸ ਦਿਨ ਵੀ ਗੈਰ ਹਾਜ਼ਰ
ਸਨ। ਆਪਣੇ ਈਮਾਨ ਤੇ ਪਹਿਰਾ ਦੇਣ ਵਾਲੇ ਉਦਾਸੀ ਨੂੰ ਉਸਦੇ ਵਿੱਤ ਤੋਂ ਵੱਡਾ ਗਿਣਨ
ਵਾਲੇ ਸੱਜਣਾਂ ਨੇ ਬਾਦ ਚ ਉਸਨੂੰ ਛੱਜ 'ਚ ਪਾ ਕੇ ਛੱਟਿਆ। ਉਸਦੀ ਸ਼ਾਇਰੀ ਤਾਂ ਇਹੀ
ਦੱਸਦੀ ਹੈ ਕਿ ਉਹ ਸਿਧਾਂਤਕਾਰ ਨਹੀਂ ਸੀ, ਕੇਵਲ ਸ਼ਬਦ ਸਾਧਕ ਸੀ, ਸੁੱਚਾ ਸੁਥਰਾ
ਜਜ਼ਬਾ ਪੇਸ਼ ਕਰਨ ਵਾਲਾ ਸ਼ਾਇਰ। ਉਹ ਕਦੋਂ ਕਹਿੰਦਾ ਸੀ ਕਿ ਮੈ ਸਿਧਾਂਤਕਾਰ ਹਾਂ, ਉਹ
ਤਾਂ ਆਪਣੇ ਵਰਗੇ ਅੜੇ ਥੁੜੇ ਘਰਾਂ ਦੀ ਪੀੜਾ ਗੀਤਾਂ 'ਚ ਪਰੋਣ ਵਾਲਾ ਸ਼ਾਇਰ ਸੀ। ਪੌਣਾਂ
ਵਿੱਚ ਘੁਲੇ ਮਾਉਵਾਦੀ ਸਿਧਾਂਤ ਦੀ ਇਕ ਦੋ ਘੁੱਟ ਉਸ ਨੇ ਵੀ ਭਰ ਲਈ ਸੀ। ਇਸੇ
ਕਰਕੇ ਉਸ ਨੂੰ ਪਿੰਡ ਦੇ ਰਾਜੇ ਕਸਾਈ ਦਿਸਣ ਲੱਗ ਪਏ, ਜਿਨ੍ਹਾਂ ਦਾ ਸ਼ਾਹਾਂ ਨਾਲ ਜੋੜ ਸੀ,
ਰਖਵਾਲੇ ਕੁੱਤਿਆਂ ਦੀ ਥਾਂ ਇਸ ਰਾਜੇ ਦੀ ਰਾਖੀ ਵਰਦੀਧਾਰੀ ਮੁਕੱਦਮ ਕਰਦੇ। ਗੁਰੂ
ਨਾਨਕ ਦੇਵ ਜੀ ਨੇ ਵੀ ਲੱਗਭਗ ਸਵਾ ਪੰਜ ਸੌ ਸਾਲ ਪਹਿਲਾਂ ਇਹੀ ਗੱਲ ਆਖੀ ਸੀ ਨਾ।
ਰਾਜੇ ਸੀਂਹ ਬਣ ਗਏ ਨੇ ਤੇ ਮੁਕੱਦਮ ਕੁੱਤੇ, ਜੋ ਸੁੱਤਿਆਂ ਜਾਗਦਿਆਂ ਨੂੰ ਘੇਰਨ ਵਿਚ ਪਲ
ਲਾਉਂਦੇ ਨੇ। ਉਸ ਨੂੰ ਸਮਾਜਵਾਦ ਦਾ ਚੂਰਨ ਵੇਚਣ ਵਾਲੇ ਕਮਿਉਨਿਸਟ ਆਗੂ ਵੀ ਫੁੱਟੀ
ਅੱਖ ਨਹੀਂ ਸੀ ਭਾਉਂਦੇ। ਦੇਸ਼ ਦਾ ਸਾਰਾ ਕੁਝ ਡਕਾਰਨ ਵਾਲੇ ਸਿਆਸਤਦਾਨਾਂ ਨਾਲ
ਕਮਿਊਨਿਸਟਾਂ ਦੀ ਭਾਈਵਾਲੀ ਵੀ ਉਸਦਾ ਵੱਡਾ ਫਿਕਰ ਸੀ। ਤਾਹੀਂਓ ਤਾਂ ਉਦਾਸੀ
ਉੱਚੀ ਉੱਚੀ ਕੂਕਦਾ ਹੈ।
ਹਨੂਮਾਨ ਲਲਕਾਰੇ ਕਿਹੜੇ ਰਾਵਣ ਨੂੰ,
ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ।
ਹਨੂਮਾਨ ਦੀ ਦੁਚਿੱਤੀ ਵੇਖੋ, ਰਾਵਣ ਦੀ ਢਾਲ ਜੇਕਰ ਰਾਮ ਹੀ ਬਣ ਜਾਵੇ ਤਾਂ ਲੋਕ ਸ਼ਕਤੀ
ਰੂਪੀ ਹਨੁਮਾਨ ਕੀ ਕਰੇ ? ਬੜਾ ਵੱਡਾ ਸੁਆਲ ਹੈ। ਇਸ ਸੁਆਲ ਨੂੰ ਉਦਾਸੀ ਤੋਂ ਪਹਿਲਾਂ
ਪੰਜਾਬੀ ਸ਼ਾਇਰੀ ਨੇ ਕਦੇ ਨਹੀਂ ਸੀ ਗੌਲਿਆ।
ਖੇਤਾਂ ਵਿੱਚ ਹਥਿਆਰ ਬੀਜਣ, ਡੋਲੀ ’ਚ ਬੰਦੂਕ ਰੱਖਣ ਵਰਗੇ ਅੱਖੜ ਨਾਅਰੇ ਸੰਤ ਰਾਮ
ਉਦਾਸੀ ਨੂੰ ਕੁਝ ਸਮੇਂ ਲਈ ਤਾਂ ਯੁਗ ਪਲਟਾਊ ਸੂਰਾ ਸਾਬਤ ਕਰ ਦਿੰਦੇ ਹਨ ਪਰ ਉਸਦਾ
ਵਜੂਦ ਏਨਾ ਭਾਰ ਸਹਿਣ ਦੇ ਕਾਬਲ ਨਹੀਂ ਸੀ। ਬਾਹਰੋਂ ਨਾਰੀਅਲ ਵਰਗਾ ਸਖਤ ਉਦਾਸੀ
ਤੇ ਅੰਦਰੋਂ ਖੋਪੇ ਦੀ ਗਿਰੀ ਵਰਗਾ ਨਰਮ ਨਰਮ, ਕੋਮਲ ਕੋਮਲ।
ਦੇਸ਼ ਵਿੱਚ ਐਮਰਜੈਂਸੀ
ਲੱਗੀ ਤਾਂ ਬਹੁਤ ਸਾਰੇ ਸਿਆਸੀ ਕਾਰਕੁਨਾਂ ਵਾਂਗ ਸੰਤ ਰਾਮ ਉਦਾਸੀ ਵੀ ਜੇਲ੍ਹ 'ਚ ਬੰਦ ਕਰ
ਦਿੱਤਾ ਗਿਆ। ‘ਚੌਨੁਕਰੀਆਂ ਸੀਖਾਂ’ ਕਾਵਿ ਸੰਗ੍ਰਹਿ ਵਾਲੀ ਕਵਿਤਾ ਨੇ ਮੁੜ ਵਿਰਸੇ ਵੱਲ
ਕਰਵਟ ਲਈ। ਸਿੱਖ ਘਰ 'ਚ ਜੰਮਿਆ ਹੋਣ ਕਰਕੇ ਦਿੱਲੀ ’ਚ ਦੇਗ ਅੰਦਰ ਉੱਬਲਦਾ
ਦਿਆਲਾ ਪ੍ਰੇਸ਼ਾਨ ਕਰਨ ਲੱਗਾ। ਤੱਤੀ ਤਵੀ ਤੇ ਤੱਤੀ ਰੇਤ ਉਹਦਾ ਅੰਦਰ ਬਾਹਰ ਲੂਹਣ
ਲੱਗੀ। ਉਹ ਤੇਜਾ ਸਿੰਘ ਸਮੁੰਦਰੀ ਹਾਲ 'ਚ ਜਾ ਕੇ ਕਵਿਤਾਵਾਂ ਸੁਣਾਉਣ ਲੱਗ ਪਿਆ।
ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਬਲਵੰਤ ਸਿੰਘ ਰਾਮੂਵਾਲੀਆ ਉਸਦੇ ਕਲਾਮ ਅਤੇ
ਅੰਦਾਜ਼ ਨੂੰ ਪਿਆਰ ਕਰਨ ਲੱਗੇ।
ਸੰਤ ਰਾਮ ਉਦਾਸੀ ਨੂੰ ਸਮੇਂ ਦੀ ਹਕੂਮਤ ਨੇ ਕਲਮਕਾਰੀ ਬਦਲੇ ਕਰੜੀਆਂ ਤੋਂ ਕਰੜੀਆਂ
ਸਜ਼ਾਵਾਂ ਦਿੱਤੀਆਂ। ਜ਼ੁਲਮ ਦੀ ਸਿਖ਼ਰ ਇਹ ਸੀ ਕਿ ਉਸ ਦੀਆਂ ਰਚਨਾਵਾਂ ਨੂੰ ਉਸ ਦੇ
ਇਨਕਲਾਬੀ ਸਾਥੀਆਂ ਨੇ ਵੀ ਹਲਕੇ ਦਰਜੇ ਦੀ ਕਿਹਾ। ਉਸ ਨੂੰ ਵੰਨ ਸੁਵੰਨੇ ਤੀਰ ਮਾਰੇ।
ਇਹ ਗੱਲ ਮੇਰੀ ਸਮਝੋਂ ਬਾਹਰ ਹੈ ਕਿ ਅਸੀਂ ਸਾਰੇ ਪੰਜਾਬੀ ਆਪਣੇ ਨਿਕਟਵਰਤੀ ਦੀਆਂ
ਹੀ ਲੱਤਾਂ ਕਿਉਂ ਛਾਂਗਦੇ ਹਾਂ। ਏਥੇ ਮੈਨੂੰ ਲਾਲ ਸਿੰਘ ਦਿਲ ਨਾਲ ਹੋਈ ਆਪਣੀ ਇਕ
ਗੱਲਬਾਤ ਦਾ ਹਵਾਲਾ ਦੇਣਾ ਬੜਾ ਵਾਜਬ ਲੱਗਦਾ ਹੈ। ਦਿਲ ਨੂੰ ਇਕ ਵੇਰ ਕਿਸੇ ਸ਼ਹਿਰੀ
ਪੱਤਰਕਾਰ ਨੇ ਪੁੱਛਿਆ ਕਿ ਤੇਰੀ ਸ਼ਾਇਰੀ ਏਨੀ ਖਰ੍ਹਵੀ ਕਿਉਂ ਹੈ ? ਇਹ ਸੁਹਜਵੰਤੀ
ਕਿਉਂ ਨਹੀਂ ? ਇਸ ਦੇ ਜੁਆਬ ’ਚ ਲਾਲ ਸਿੰਘ ਦਿਲ ਨੇ ਜੋ ਉੱਤਰ ਮੋੜਿਆ ਸੀ, ਉਹ
ਅੱਜ ਵੀ ਓਨਾ ਹੀ ਪ੍ਰਸੰਗਕ ਹੈ। “ਸਾਡੇ ਘਰਾਂ ਚ ਕੋਰੇ ਸਫ਼ੈਦ ਵਰਕੇ ਨਹੀਂ ਹੁੰਦੇ ਜਿਨ੍ਹਾਂ ਤੇ
ਪੋਲੀ ਪੋਲੀ ਰੇਸ਼ਮੀ ਕਵਿਤਾ ਲਿਖੀ ਜਾ ਸਕੇ। ਲਿਖੀ ਲਿਖਾਈ ਇਬਾਰਤ ਸਾਡੇ ਘਰੀਂ
ਹੱਟੀਆਂ ਦੇ ਲਿਫ਼ਾਫ਼ਿਆਂ ਜਾਂ ਰੱਦੀ ਦੇ ਟੋਟਿਆਂ 'ਚ ਆਉਂਦੀ ਹੈ। ਹਾਸ਼ੀਏ ਤੇ ਪਏ ਖ਼ਾਲੀ
ਕੋਰੇ ਹਿੱਸੇ ਤੇ ਜਿੰਨਾ ਕੁ ਲਿਖਣ ਲਈ ਥਾਂ ਲੱਭਦਾ ਹੈ, ਓਥੇ ਲਿਖੀ ਕਵਿਤਾ ਇਹੋ ਜਹੀ ਹੀ
ਹੋਵੇਗੀ। ਜ਼ਿੰਦਗੀ ਦੀਆਂ ਰਹਿਮਤਾਂ ਤੋਂ ਸੱਖਣੇ ਘਰਾਂ ਦੇ ਜੰਮੇ ਜਾਏ ਇਹੋ ਜਿਹੀ ਕਵਿਤਾ
ਹੀ ਲਿਖ ਸਕਦੇ ਨੇ। ਹਾਸ਼ੀਏ ਤੋਂ ਬਾਹਰ ਧੱਕਣ ਵਿੱਚ ਸਾਡੇ ਬੰਦੇ ਕਮਾਲ ਹਨ। ਚੰਗੇ ਭਲੇ
ਲੇਖਕ ਨੂੰ ਆਪਣੇ ਫਰੇਮ 'ਚ ਫਿੱਟ ਕਰਦੇ ਕਰਦੇ ਕਦੇ ਬਾਂਹ ਛਾਂਗ ਦੇਂਦੇ ਹਨ ਤੇ ਕਦੇ ਸਿਰ
ਕਲਮ ਕਰ ਦੇਂਦੇ ਹਨ। ਉਦਾਸੀ ਨਾਲ ਵੀ ਇਹੋ ਕੁਝ ਹੋਇਆ। ਉਸਦੇ ਆਪਣਿਆਂ ਨੇ
ਉਸ ਨੂੰ ਪਾਸ਼ ਨਾਲੋਂ ਵੱਡਾ ਜਾਂ ਛੋਟਾ ਸਾਬਤ ਕਰਨ ਵਿੱਚ ਹੁਣ ਤੀਕ ਹਜ਼ਾਰਾਂ ਸਫ਼ੇ ਖ਼ਰਚ
ਦਿੱਤੇ ਨੇ। ਸਾਹਿਤ ’ਚ ਕੋਈ ਦੌੜਨ ਵਾਲਾ ਟਰੈਕ ਨਹੀਂ ਹੁੰਦਾ ਜਿਥੇ ਪਹਿਲਾ ਦੂਜਾ ਦਰਜਾ
ਦੌੜ ਮੁਤਾਬਕ ਲਾਜ਼ਮੀ ਹੈ। ਸ਼ਾਇਰ ਤਾਂ ਸਮਾਨੰਤਰ ਤੁਰ ਰਹੇ ਲੋਕ ਹਨ ਆਪੋ ਆਪਣੇ
ਅੰਦਾਜ਼ ਵਿੱਚ ਤੁਰਦੇ। ਮਾਝੇ ਦਾ ਜੰਮਪਲ ਹੋਣ ਕਰਕੇ ਮੈਨੂੰ ਲਸੂੜੇ ਦਾ ਅਚਾਰ ਸੁਆਦ
ਲੱਗਦਾ ਹੈ ਤੇ ਮੇਰੇ ਇਕ ਮਲਵਈ ਸੱਜਣ ਨੂੰ ਕਿੱਕਰ ਦੇ ਤੁੱਕਿਆਂ ਦਾ ਅਚਾਰ ਸਭ ਤੋਂ
ਸਰਵੋਤਮ ਲੱਗਦਾ ਹੈ। ਆਪੋ ਆਪਣੀ ਪਰਵਰਿਸ਼ ਮੁਤਾਬਕ ਆਦਤਾਂ ਤੇ ਸੁਹਜ ਸ਼ਾਸਤਰ
ਵਿਕਸਤ ਹੁੰਦਾ ਹੈ।
‘ਦਿੱਲੀਏ ਦਿਆਲਾ ਵੇਖ’ ਗੀਤ ਸੁਣਦਿਆਂ ਜਾਂ ਪੜ੍ਹਦਿਆਂ ਮੈਨੂੰ ਹਰ ਵਾਰ ਉਦਾਸੀ
ਸਿਰਮੌਰ ਰਚਨਕਾਰ ਲੱਗਾ ਹੈ। ਇਹ ਮੇਰੇ ਸਿੱਖ ਸੰਸਕਾਰਾਂ ਕਾਰਨ ਨਹੀਂ, ਸਗੋਂ ਉਸ
ਪ੍ਰਸੰਗ ਕਾਰਨ ਹੈ ਜੋ ਸੰਤ ਰਾਮ ਉਦਾਸੀ ਨੇ ਉਸਾਰਿਆ ਹੈ।
ਦਿੱਲੀਏ, ਦਿਆਲਾ ਵੇਖ, ਦੇਗ 'ਚ ਉੱਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨਮੱਤੀਆਂ ਕਰੇ।
ਲਾਲ ਕਿਲ੍ਹੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ।
ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਰੇਤ ਨੀ।
ਤਿਲਾਂ ਦੀ ਤਾਂ ਪੁਲੀ ਵਾਂਗੂੰ ਝਾੜ ਲੈਂਦੇ ਖੇਤ ਨੀ।
ਵੇਖ ਕਿਵੇਂ ਨਰਮੇ ਦੇ ਢੇਰਾਂ ਦੇ ਵਿਚਾਲੇ ਲੋਕੀਂ
ਸੌਂਦੇ ਨੇ ਘਰੋੜੇ ਤੇ ਰੜੇ।
ਇਨ੍ਹਾਂ ਬੋਲਾਂ ਵਿੱਚੋਂ ਤੁਸੀਂ ਅੰਤਰ ਧਿਆਨ ਹੋ ਕੇ ਬਹੁਤ ਕੁਝ ਲੱਭ ਸਕਦੇ ਹੋ। ਸ਼ਰਤ
ਸਿਰਫ਼ ਇਹ ਹੈ ਕਿ ਤੁਹਾਡੀਆਂ ਅੱਖਾਂ ਤੇ ਲੱਗੀ ਐਨਕ ਕਿਸੇ ਵਿਸ਼ੇਸ਼ ਰੰਗ ਦੀ ਨਾ ਹੋਵੇ।
ਹਰ ਵਾਰ ਦਿੱਲੀ ’ਚ ਦਿਆਲਾ ਹੀ ਦੇਗ ‘ਚ ਕਿਉਂ ਉੱਬਲਦਾ ਹੈ ? ਹਰ ਵਾਰ ਆਰਾ
ਮਤੀਦਾਸ ਨੂੰ ਹੀ ਕਿਉਂ ਚੀਰਦਾ ਹੈ ? ਹਰ ਵਾਰ ਪਿਆਦੇ ਹੀ ਕਿਉਂ ਖੇਤਾਂ ਨੂੰ ਤਿਲਾਂ ਦੀ
ਪੁਲੀ ਵਾਂਗ ਝਾੜ ਲੈਂਦੇ ਨੇ ? ਘਰੋੜੇ ਤੇ ਰੜੇ ਮੈਦਾਨ ’ਚ ਹਰ ਵਾਰ ਆਮ ਸਧਾਰਨ ਲੋਕ
ਹੀ ਕਿਉਂ ਸੌਂਦੇ ਨੇ ? ਲਾਲ ਕਿਲ੍ਹੇ 'ਚ ਲੋਕਾਂ ਦਾ ਖੂਨ ਹੀ ਕਿਉਂ ਕੈਦ ਹੁੰਦਾ ਹੈ ? ਬਰੀ ਹੋਣ
ਦੀ ਉਮੀਦ ਪਾਲੀ ਬੈਠਾ ਉਦਾਸੀ ਸਾਨੂੰ ਉਦਾਸੀਆਂ ਦੇ ਡੂੰਘੇ ਟੋਏ 'ਚੋਂ ਕੱਢਦਾ ਹੈ। ਪੰਜਾਬ
ਦੀ ਅਣਖ਼ੀਲੀ ਵਿਰਾਸਤ ਨੂੰ ਇਸ ਤੋਂ ਜਿਉਂਦਾ ਸੁਨੇਹਾ ਕੋਈ ਗਰੀਬ ਸ਼ਾਇਰ ਕੀ ਦੇ
ਸਕਦਾ ਹੈ ?
ਵਿਦੇਸ਼ ਵੱਸਦੇ ਭਰਾਵਾਂ ਨੇ ਇਕ ਵਾਰ ਕੈਨੇਡਾ ਬੁਲਾਇਆ। ਸੁੱਖ ਆਰਾਮ ਤੇ ਹੋਰ ਸਹੂਲਤਾਂ
ਤਾਂ ਦਿੱਤੀਆਂ ਹੀ, ਉਸ ਦੀ ਅਵਾਜ਼ 'ਚ ਇੱਕ ਐਲ ਪੀ ਰਿਕਾਰਡ ਵੀ ਤਿਆਰ ਕੀਤਾ।
ਸਾਡੇ ਕੋਲ ਉਸ ਦੀ ਕੇਵਲ ਉਹੀ ਆਵਾਜ਼ ਨਿਸ਼ਾਨੀ ਵਜੋਂ ਹਾਜ਼ਰ ਹੈ। ਇਸ ਪ੍ਰਦੇਸ ਫੇਰੀ ਤੋਂ
ਪਰਤ ਕੇ ਉਦਾਸੀ ਨੇ ਜਿਹੜੇ ਬੋਲ ਕਹੇ ਉਹ ਅੱਜ ਦੀ ਨੌਜਵਾਨ ਪੀੜ੍ਹੀ ਲਈ ਸੁਨੇਹਾ ਬਣ
ਸਕਦੇ ਹਨ। ਉਸ ਪੀੜ੍ਹੀ ਲਈ ਜੋ ਆਪਣਾ ਮੁਲਕ ਛੱਡਣ ਲਈ ਹਰ ਪਲ ਤਿਆਰ ਬੈਠੀ
ਰਹਿੰਦੀ ਹੈ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।
ਕਰੇ ਜੋਦੜੀ ਨੀ ਇੱਕ ਦਰਵੇਸ਼ ।
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ।
ਮਿਲੂ ਕਿਹੜੀਆਂ ਵਲੈਤਾਂ ਚੋਂ ਉਧਾਰ ਨੀ।
ਮੈਨੂੰ ਜੁੜਿਆ ਜੜ੍ਹਾਂ ਦੇ ਨਾਲ ਰਹਿਣ ਦੇ।
ਫੁੱਲ ਕਹਿਣ ਮੈਨੂੰ ‘ਕੰਡਾ’ ਚਲੋ ਕਹਿਣ ਦੇ।
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ
ਘੱਟ ਮੰਡੀ ਵਿੱਚ ਮੁੱਲ ਪੈਂਦੈ ਪੈਣ ਦੇ।
ਨਜ਼ਮ ਤਾਂ ਲੰਮੀ ਹੈ, ਏਨੀ ਕੁ ਗੱਲ ਮੈਂ ਨਮੂਨੇ ਮਾਤਰ ਛਾਂਟੀ ਹੈ। ਇਨ੍ਹਾਂ ਬੋਲਾਂ ਨੂੰ ਪੜ੍ਹ ਕੇ
ਤੁਸੀਂ ਸੰਤ ਰਾਮ ਉਦਾਸੀ ਨੂੰ ਜੇਕਰ ਨਿਮਨ ਪੱਧਰ ਦਾ ਕਵੀ ਕਹੋ ਤਾਂ ਤੁਹਾਨੂੰ ਆਪਣੀ
‘ਅਹੁਰ’ ਦਾ ਇਲਾਜ ਕਿਸੇ ਸਿਆਣੇ ਮਨੋਰੋਗ ਮਾਹਿਰ ਤੋਂ ਕਰਵਾਉਣਾ ਚਾਹੀਦਾ ਹੈ।
ਸ਼ਬਦ ਕੋਈ ਸਥੂਲ ਵਸਤੂ ਨਹੀਂ ਹੁੰਦੇ, ਅੱਵਲ ਤਾਂ ਵਸਤੂ ਹੁੰਦੇ ਹੀ ਨਹੀਂ। ਇਹ ਤਾਂ
ਜਿਉਂਦੇ ਜਾਗਦੇ, ਸਾਹ ਲੈਂਦੇ ਹਰਕਾਰੇ ਹੁੰਦੇ ਹਨ। ਬੀਤੇ ਵਕਤਾਂ ਦਾ ਸੁਨੇਹਾ ਲੈ ਕੇ
ਵਰਤਮਾਨ ਦੇ ਬੂਹੇ ਤੇ ਦਸਤਕ ਦੇਂਦੇ ਹਨ ਤਾਂ ਜੋ ਮਾਨਵ ਜਾਤ ਦਾ ਭਵਿੱਖ ਸਲਾਮਤ ਰਹੇ।
ਤ੍ਰੈਕਾਲ ਦਰਸ਼ੀ ਸ਼ਬਦ ਹੀ ਤ੍ਰਿਸ਼ੂਲ ਬਣਦੇ ਨੇ। ਯੁਗ ਕਵੀ ਪ੍ਰੋ: ਮੋਹਨ ਸਿੰਘ ਇਸੇ ਤ੍ਰਿਸ਼ੂਲ ਨੂੰ
ਹਥਿਆਰ ਬਣਾਉਣ ਦਾ ਸੁਨੇਹਾ ਦਿੰਦਾ ਹੈ।
ਦਾਤੀਆਂ, ਕਲਮਾਂ ਅਤੇ ਹਥੌੜੇ, ਕੱਠੇ ਕਰ ਲਉ ਸੰਦ ਓ ਯਾਰ
ਤਕੜੀ ਇਕ ਤ੍ਰਿਸ਼ੂਲ ਬਣਾਉ, ਯੁੱਧ ਕਰੋ ਪਰਚੰਡ ਓ ਯਾਰ।
ਇਸੇ ਤ੍ਰਿਸ਼ੂਲ ਅਧਾਰਤ ਪਰਚੰਡ ਯੁੱਧ ਦਾ ਸੁਨੇਹਾ ਹੀ ਸੰਤ ਰਾਮ ਉਦਾਸੀ ਦੇਂਦਾ ਹੈ। ਇਸੇ
ਕਰਕੇ ਸਮੇਂ ਦੀ ਹਕੂਮਤ ਦੇ ਰਾਖੇ ਮੁਕੱਦਮ ਉਸ ਤੇ ਝੂਠੇ ਮੁਕਦਮੇ ਦਰਜ ਕਰਕੇ ਵਾਰ ਵਾਰ
ਜੇਲ੍ਹ 'ਚ ਬੰਦ ਕਰਦੇ ਹਨ। “ਊੜਾ ਐੜਾ’ ਤੇ ‘ਮੁਹਾਰਨੀਂ’ ਰਟਾਉਂਦੇ ਸੰਤ ਰਾਮ ਉਦਾਸੀ
ਨੂੰ ਆਪਣੇ ਜੀਵਨ ਕਾਲ 'ਚ ਇਸ ਤਰ੍ਹਾਂ ਦੀ ਜ਼ਲਾਲਤ ਦਾ ਕਈ ਵਾਰ ਸਾਹਮਣਾ ਕਰਨਾ
ਪਿਆ। ਗੌਰਮਿੰਟ ਪ੍ਰਾਇਮਰੀ ਸਕੂਲ ਬੀਹਲਾ (ਬਰਨਾਲਾ) ’ਚ ਪੜ੍ਹਾਉਂਦਿਆਂ ਉਸ ਨੂੰ
ਪੁਲੀਸ ਨੇ ਪਹਿਲੀ ਵਾਰ ਕਈ ਖ਼ਤਰਨਾਕ ਧਾਰਾਵਾਂ ਲਾ ਕੇ ਗ੍ਰਿਫਤਾਰ ਕੀਤਾ। ਮੇਰਾ
ਮਿੱਤਰ ਸਵ: ਕੁਲਵੰਤ ਜਗਰਾਉਂ ਵੀ ਉਦੋਂ ਇਸੇ ਸਕੂਲ 'ਚ ਅਧਿਆਪਕ ਸੀ। ਉਹ
ਦੱਸਦਾ ਹੁੰਦਾ ਸੀ ਕਿ ਸੰਤ ਰਾਮ ਉਦਾਸੀ ਤਰਸੀ ਹੋਈ ਮੁਹੱਬਤੀ ਰੂਹ ਦਾ ਸਾਈਂ ਹੈ, ਜੇ
ਕਿਤੇ ਦਾਰੂ ਮੰਡਲੀ ਤੋਂ ਮੁਕਤ ਹੋ ਜਾਵੇ ਤਾਂ 24 ਕੈਰਿਟ ਦਾ ਸ਼ੁੱਧ ਸੋਨਾ ਹੈ। ਨਿਰਛਲ,
ਨਿਰਕਪਟ, ਨਿਰਵਿਕਾਰ। ਉਹ ਹਰ ਵਾਰ ਸਹੀ ਹੋਇਆ। ਕੁਝ ਗਲਤ ਮਲਤ ਕਰਦਾ
ਹੁੰਦਾ ਤਾਂ ਸਜ਼ਾ ਬੋਲਦੀ। ਸਭ ਤੋਂ ਵੱਡੀ ਸਜ਼ਾ ਤਾਂ ਟੱਬਰ ਭੋਗਦਾ ਹੈ। ਤੰਗੀ ਤੁਰਸ਼ੀ ਵਾਲੇ
ਘਰਾਂ 'ਚ ਇੱਕੋ ਇੱਕ ਆਉਂਦੀ ਤਨਖਾਹ ਰੁਕ ਜਾਵੇ ਤਾਂ ਪਰਲੋ ਆ ਜਾਂਦੀ ਹੈ।
ਐਮਰਜੈਂਸੀ ਨੇ ਤਾਂ ਉਸ ਦੀ ਪਰਿਵਾਰਕ ਰੀੜ੍ਹ ਦੀ ਹੱਡੀ ਹਿਲਾ ਕੇ ਰੱਖ ਦਿੱਤੀ ਸੀ।
ਸਰੀਰਕ ਤੇ ਮਾਨਸਿਕ ਜਬਰ ਦੇ ਨਾਲ ਨਾਲ ਟੱਬਰ ਦਾ ਥਾਂ ਕੁ ਥਾਂ ਰੁਲਣਾ ਕਿਸ ਖਾਤੇ 'ਚ
ਗਿਣੋਗੇ ? ਸੂਰਮਿਆਂ ਦੀਆਂ ਵਾਰਾਂ ਸੁਣਨੀਆਂ ਚੰਗੀਆਂ ਲੱਗਦੀਆਂ ਨੇ ਪਰ ਸੂਰਮਿਆਂ ਦੇ
ਪਰਿਵਾਰਾਂ ਨੇ ਉਸ ਦੀ ਕਿੰਨੀ ਕੀਮਤ ਤਾਰੀ ਹੈ, ਉਸ ਦਾ ਹਿਸਾਬ ਲਾਉਣਾ ਸੌਖਾ ਨਹੀਂ ਹੈ।
ਸੰਤ ਰਾਮ ਉਦਾਸੀ ਦੇ ਧੀਆਂ ਪੁੱਤਰ ਜਦੋਂ ਉਸ ਸੰਤਾਪੇ ਦੌਰ ਦੀ ਬਾਤ ਸੁਣਾਉਂਦੇ ਹਨ ਤਾਂ
ਅੱਜ ਵੀ ਲੂੰ ਕੰਡੇ ਖੜੇ ਹੁੰਦੇ ਹਨ।
ਮੈਨੂੰ ਉਹ ਵਕਤ ਕਦੇ ਨਹੀਂ ਭੁੱਲਦਾ ਜਦ 1978 'ਚ ਲੁਧਿਆਣੇ ਸਾਹਿਤ ਟਰੱਸਟ ਢੁੱਡੀਕੇ
ਵੱਲੋਂ ਸੰਤ ਰਾਮ ਉਦਾਸੀ ਨੂੰ ਪਹਿਲਾ ਬਾਵਾ ਬਲਵੰਤ ਪੁਰਸਕਾਰ ਦਿੱਤਾ ਗਿਆ। ਜਸਵੰਤ
ਸਿੰਘ ਕੰਵਲ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਡਾ: ਸੁਰਿੰਦਰ ਸਿੰਘ
ਦੁਸਾਂਝ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੋਹਰੀ ਆਗੂ ਪਿਰਥੀਪਾਲ ਸਿੰਘ ਰੰਧਾਵਾ
ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਇਹ ਸਮਾਗਮ ਹੋਇਆ ਸੀ।
ਉਦਾਸੀ ਦੀ ਕਿਤਾਬ “ਲਹੂ ਭਿੱਜੇ ਬੋਲ” ਕਤਾਰਾਂ ਬੰਨ੍ਹ ਕੇ ਲੋਕ ਖ਼ਰੀਦ ਰਹੇ ਸਨ। ਮੈਨੂੰ
ਚੇਤੇ ਹੈ ਕਿ ਇਸ ਸਮਾਗਮ 'ਚ ਉਦਾਸੀ ਨੇ ਘੱਟੋ ਘੱਟ 10 ਗੀਤ ਗਾਏ ਸਨ। ਪੰਜਾਬ
ਸਟੂਡੈਂਟਸ ਯੂਨੀਅਨ ਦੇ ਸਾਰੇ ਹੀ ਪੰਜਾਬ ਤੋਂ ਆਏ ਸਰਗਰਮ ਮੈਂਬਰ ਇਸ ਸਮਾਗਮ ’ਚ
ਲੰਗਰ ਦੀ ਸੇਵਾ ਨਿਭਾ ਰਹੇ ਸਨ। ਮੈਂ ਏਨੀ ਰੂਹ ਵਾਲਾ ਅਦਬੀ ਸਮਾਗਮ ਅੱਜ ਤੀਕ ਨਹੀਂ
ਵੇਖਿਆ, ਜਿਥੋਂ ਸਰੋਤਿਆਂ ਚ ਉਹ ਲੋਕ ਵੀ ਆਏ ਹੋਣ, ਜਿਹੜੇ ਆਖਣ ਕਿ “ਸ਼ੁਕਰ ਹੈ।
ਅਸੀਂ ਅੱਜ ਸੰਤ ਰਾਮ ਉਦਾਸੀ ਵੇਖ ਲਿਆ।”
ਸੱਚ ਦੇ ਸੰਗਰਾਮ ਨੇ ਮਰਨਾ ਨਹੀਂ।
ਮੋਗੇ ਦੇ ਕਾਤਲ ਕਾਲਾ ਸੰਘਿਆ ਤੇ ਚੜ੍ਹ ਆਏ।
ਜਿਹੜੇ ਸਾਲ ਉਦਾਸੀ ਮਰਿਆ, ਉਸ ਤੋਂ ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੋਵੇਗੀ। ਪ੍ਰੋ: ਮੋਹਨ
ਸਿੰਘ ਮੇਲੇ ਤੇ ਹੋਏ ਕਵੀ ਦਰਬਾਰ 'ਚ ਸ਼ਾਮਿਲ ਕਵੀਆਂ ਨੇ ਅਜਬ ਮੰਗ ਰੱਖ ਦਿੱਤੀ ਕਿ
ਸਾਨੂੰ ਵੀ ‘ਦਾਰੂ ਪ੍ਰਸ਼ਾਦ’ ਦਿਉ। ਕਤਾਰਾਂ ਬੰਨ੍ਹ ਕੇ ਸ਼ੀਸ਼ੀਆਂ ਵੰਡੀਆਂ ਜਾ ਰਹੀਆਂ ਸਨ।
ਉਦਾਸੀ ਹੁੱਝ ਮਾਰ ਕੇ ਮੈਨੂੰ ਕਹਿਣ ਲੱਗਾ, ‘ਤੂੰ ਤਾਂ ਪੀਣੀ ਨਹੀਂ, ਆਪਣੇ ਵੰਡੇ ਦੀ ਸ਼ੀਸ਼ੀ
ਮੈਨੂੰ ਲੈ ਦੇ!’ ਇਹ ਗੱਲ ਵਰਤਾਵੇ ਨੇ ਸੁਣ ਲਈ ਤੇ ਉਦਾਸੀ ਨੂੰ ਦੋਹਰਾ ਗੱਫਾ ਮਿਲ
ਗਿਆ। ਮਗਰੋਂ ਸਵੇਰੇ ਪਤਾ ਲੱਗਾ ਕਿ ਭੁੱਖਣ ਭਾਣਾ ਉਦਾਸੀ, ਦਾਰੂ ਪ੍ਰਸ਼ਾਦ ਛਕ ਕੇ
ਸਾਰੀ ਰਾਤ ਹੀ ਪੰਜਾਬੀ ਭਵਨ ਦੇ ਲਾਅਨ ’ਚ ਪਲਸੇਟੇ ਮਾਰਦਾ ਰਿਹਾ। ਜਿਥੇ ਜੀਵੰਤ
ਅੰਦਾਜ਼ ਤੇ ਦਮਦਾਰ ਸ਼ਾਇਰੀ ਉਹਦੀ ਸ਼ਕਤੀ ਸੀ, ਉਥੇ ‘ਦਾਰੂ’ ਵੱਡੀ ਕਮਜ਼ੋਰੀ ਸੀ।
ਸੰਤ ਰਾਮ ਉਦਾਸੀ ਨੂੰ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਢੁਡੀਕੇ 'ਚ ਪੜ੍ਹਾਉਂਦਿਆਂ
ਚਾਰ ਪੰਜ ਵਾਰ ਕਵੀ ਦਰਬਾਰਾਂ ਤੇ ਬੁਲਾਇਆ। ਉਹ ਹਰ ਵਾਰ ਆਉਂਦਾ ਤੇ ਇਹੀ
ਕਹਿੰਦਾ “ਅੱਜ ਨਹੀਂ ਪੀਣੀਂ।” ਮੈਂ ਅਕਸਰ ਪੁੱਛਣਾ ਕਿ ਅੱਜ ਕੀ ਹੋ ਗਿਆ ਤਾਂ ਉਸ ਨੇ
ਮੇਰੇ ਕੰਨ 'ਚ ਆਣ ਕਹਿਣਾ “ਤੇਰੇ ਪ੍ਰੀਤ ਨਗਰ ਆਏ ਹਾਂ, ਅੱਜ ਚਾਹ ਨਾਲ ਹੀ ਸਾਰਾਂਗੇ।”
ਸੱਚ ਮੁੱਚ ਮੇਰੇ ਨਿੱਕੇ ਜਹੇ ਪ੍ਰੀਤਨਗਰ ’ਚ ਉਹ ਹਮੇਸ਼ਾਂ ਨਸ਼ਾ ਮੁਕਤ ਹੋ ਕੇ ਹੀ ਆਇਆ ।
ਲਾਜਪਤ ਰਾਏ ਕਾਲਿਜ ਦੇ ਕਵੀ ਦਰਬਾਰ 'ਚ ਉਸ ਨੇ ਪਹਿਲੀ ਵਾਰ “ਮਜ਼ਦੂਰ ਦੀ ਕਲੀ”
ਨਜ਼ਮ ਸੁਣਾਈ ਸੀ। ਰੇਡੀਓ ਵਾਲੇ ਕਵੀ ਦਰਬਾਰ ਰਿਕਾਰਡ ਕਰ ਰਹੇ ਸਨ ਪਰ ਮਗਰੋਂ
ਬਰਾਡਕਾਸਟਿੰਗ ਵੇਲੇ ਉਹ ਨਜ਼ਮ ਗੈਰਹਾਜ਼ਰ ਸੀ। ਮੇਰੀ ਰੂਹ ਤੇ ਉੱਕਰੀ ਉਹ ਨਜ਼ਮ ਤੁਸੀਂ
ਵੀ ਸੁਣੋ :
ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਹੈ,
ਇਹ ਕੋਈ ਗੱਲ ਨਵੀਂ ਨਾ ਤੇਰੇ ਸੁਣਨ ਸੁਣਾਉਣ ਨੂੰ।
ਜਦ ਤੂੰ ਬਾਲਮੀਕ ਸੀ, ਪਹਿਲੀ ਕਵਿਤਾ ਤੂੰ ਲਿਖ ਤੀ,
ਵਿਹਲੜ ਭੜੂਵਿਆਂ ਦੇ ਤੂੰ ਐਵੇਂ ਚਿੱਤ ਪਰਚਾਉਣ ਨੂੰ।
ਤੇਰੀ ਸੀਤਾ ਦਾ ਸਤ ਭੰਗ ਰਾਵਣ ਨੇ ਨਹੀਂ ਕੀਤਾ,
ਅੱਜ ਦੇ ਰਾਠਾਂ ਕੋਲੋਂ ਫਿਰਦੀ ਇੱਜ਼ਤ ਬਚਾਉਣ ਨੂੰ।
ਤੇਰੇ ਸਾਈਕਲ ਦੀ ਤਾਂ ਓਹੀ ਢਿਚਕੂੰ ਢਿਚਕੂ ਹੈ,
ਸੜਕਾਂ ਬਣੀਆਂ ਏਥੇ ਸਸਤਾ ਮਾਲ ਢੋਹਣ ਨੂੰ।
ਤੇਰੀ ਛਪਰੀ ਨੂੰ ਤਾਂ ਮਿਲਣੀ ਲਾਟੂ ਜੋਗੀ ਹੀ,
ਲੱਖ ਤੂੰ ਗੱਡ ਲੈ ਖੰਭੇ ਘਰ ਘਰ ਬਿਜਲੀ ਲਿਆਉਣ ਨੂੰ।
ਤੇਰਾ ਭੋਲੂ ਤਾਂ ਨਿੱਤ ਰੀਂ ਰੀਂ ਕਰਦਾ ਰਹਿੰਦਾ ਹੈ,
ਧੀ ਹੈ ਤੇਰੀ ਜਾਂਦੀ ਬੰਗਲੀਂ ਬਾਲ ਖਿਡਾਉਣ ਨੂੰ।
ਤੇਰੇ ਮਿੱਠੂ ਦੀ ਨਿੱਤ ਜਾਏ ਤੜਾਗੀ ਢਿਲਕਦੀ,
ਭੁੱਖੀ ਪਤਨੀ ਨੂੰ ਨਾ ਉੱਤਰੇ ਦੁੱਧ ਚੁੰਘਾਉਣ ਨੂੰ।
ਜਿਹੜੀ ਧਰਤੀ ਨੂੰ ਤੂੰ ਮਾਂ ਵਰਗੀ ਨਿੱਤ ਕਹਿੰਦਾ ਸੀ,
ਉਹਦਾ ਇਕ ਓਰਾ ਵੀ ਨਹੀਂ ਤੇਰੇ ਸਹੁੰ ਖਾਣ ਨੂੰ।
ਸੁੱਖ ਦਾ ਸਾਹ ਨਾ ਮਿਲਿਆ ਵੋਟਾਂ ਵਾਲੇ ਡੱਬਿਆਂ ਚੋਂ,
ਤੂੰ ਕਿਉਂ ਪੰਜ ਸਾਲਾਂ ਲਈ ਤੁਲਿਆ ਹੱਥ ਵਢਾਉਣ ਨੂੰ।
ਤੈਨੂੰ ਪਿਆ ਭੁਲੇਖਾ ਭਗਤੀ ਦੇ ਵਿੱਚ ਭੰਗਣਾ ਦਾ,
ਤਾਹੀਉਂ ਸਾਧਾਂ ਤੋਂ ਨਿੱਤ ਫਿਰਦੈਂ ਉਨ ਲੁਹਾਉਣ ਨੂੰ।
ਤੇਰੀ ਕਿਰਤ ਤਾਂ ਭਾਵੇਂ ਜਸ ਖੱਟ ਲੈਂਦੀ ਰਾਠਾਂ ਦਾ,
ਐਪਰ ਜਾਤ ਤਾਂ ਤੇਰੀ ਗਿੱਟਲ ਢੇਡ ਕਹਾਉਣ ਨੂੰ।
ਕਦੋਂ ਕੁ ਪਿੰਡੇ ਉੱਪਰੋਂ ਨਿਕਲੂਗੀ ਪੰਡ ਜੂਆਂ ਦੀ,
ਕਦੋਂ ਕੁ ਤੂੰ ਤੁਰਨਾ ਹੈ ਚਾਨਣ ਦੇ ਵਿਚ ਨਹਾਉਣ ਨੂੰ।
ਕਦੋਂ ਕੁ ਸਿਰ 'ਚੋਂ ਨਿਕਲ ਰੇਤਾ ਠਿੱਬਿਆਂ ਛਿੱਤਰਾਂ ਦਾ,
ਕਦੋਂ ਕੁ ਤਿਆਰ ਹੋਏਂਗਾ ਸੱਜਰੀ ਮਹਿਕ ਹੰਢਾਉਣ ਨੂੰ।
ਚੋਰੀ ਸੇਠ ਕਰੇ ਤੇ ਫੜਿਆ ਚੌਕੀਦਾਰ ਹੈ,
ਦੇਸ਼ ਵਿਰੋਧੀ ਅਨਸਰ ਕਹਿ ਕੇ ਦਹਿਸ਼ਤ ਪਾਉਣ ਨੂੰ।
ਜੇਕਰ ਗੰਦ ਹੂੰਝਣ ਦੇ ਲਈ ਹੀ ਮਾਂ ਨੇ ਜੰਮਿਆ ਸੀ,
ਫਿਰ ਤੂੰ ‘ਬਹੁਕਰ’ ਫਿਰਦੈਂ ਕਿਉਂ ਬੰਦਾ ਅਖਵਾਉਣ ਨੂੰ।
ਹੁਣ ਸਬਰ ਜ਼ਰਾ ਜੇ ਤੂੰ ਕਰਿਆ,
ਤੇਰਾ ਫਿਰ ਜਾਣਾ ਹੈ ਘੁੱਟ ਭਰਿਆ।
ਜੋ ਕਿਰਤਸ਼ਾਹੀ ’ਚੋਂ ਚਮਕੇਗਾ, ਉਹ ਸੱਚਾ ਤੇਰਾ ਰਾਜ ਹੋਊ,
ਮੈਂ ਸਦਕੇ।
ਵਿਹਲੜ ਭੱਜਦੇ ਵੇਖੀਂ ਕਿੱਦਾਂ ਜਿੰਦ ਬਚਾਉਣ ਨੂੰ।
ਉਦਾਸੀ ਕੋਲ ਧਰਤੀ ਦੀ ਮਰਿਯਾਦਾ ਅਤੇ ਜ਼ੁਬਾਨ ਦਾ ਸੰਪੂਰਨ ਗਿਆਨ ਸੀ। ਇਸ ਜ਼ੁਬਾਨ ਨੂੰ
ਉਸਨੇ ਆਪਣੀ ਕਾਵਿ-ਅਭਿਵਿਅਕਤੀ ਲਈ ਖੂਬ ਵਰਤਿਆ। ਆਪਣੇ ਤੋਂ ਪੂਰਬਲੇ ਸ਼ਾਇਰਾਂ
ਤੋਂ ਵੀ ਉਹ ਪ੍ਰੇਰਨਾ ਲੈਂਦਾ ਸੀ। ਇਕੋ ਮਿਸਾਲ ਦੇਣੀ ਚਾਹਾਂਗਾ। ਸੁਲਤਾਨਪੁਰ ਲੋਧੀ ਤੋਂ
ਇੰਗਲੈਂਡ ਗਏ ਬੁਲੰਦ ਸ਼ਾਇਰ ਸਵ: ਨਿਰੰਜਨ ਸਿੰਘ ਨੂਰ ਦੇ ਨਾਕਿਸ ਹੋਣ ਵੇਲੇ ਦੇ ਇਕ
ਪ੍ਰਸਿੱਧ ਗੀਤ ‘ਡੋਲੀ’ ਨੂੰ ਉਦਾਸੀ ਨੇ ਬਦਲਵੇਂ ਅੰਦਾਜ਼ 'ਚ ਪੇਸ਼ ਕਰਕੇ ਕਮਾਲ ਕਰ ਵਿਖਾਈ।
ਨਾਕਿਸ ਨੇ ਲਿਖਿਆ ਸੀ।
ਹੱਸ ਹੱਸ ਡੋਲੀ ਮੇਰੀ ਤੋਰ ਦੇ ਤੂੰ ਬਾਬਲਾ ਵੇ,
ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
ਜਿਵੇਂ ਆਪਾਂ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਏ,
ਮਾਂਗ ਮੇਰੀ ਮੰਗਦੀ ਸੰਧੂਰ।
ਸੰਤ ਰਾਮ ਉਦਾਸੀ ਨੇ ਗੀਤ ਦੇ ਸਥਾਈ ਥੋੜ੍ਹੀ ਜਿਹੀ ਤਬਦੀਲ ਕਰਕੇ ਇਹ ਕਰ ਲਈ
ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ,
ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ,
ਮਾਂਗ ਮੇਰੀ ਮੰਗਦੀ ਸੰਧੂਰ ।
ਇਸ ਗੀਤ ਦੇ ਬੰਦ ਤਾਂ ਕੁਲ ਚਾਰ ਹੀ ਨੇ ਪਰ ਚਾਰੇ ਹੀ ਕਮਾਲ ਦੀ ਕਾਵਿ ਉਡਾਰੀ ਵਾਲੇ।
ਉਦਾਸੀ ਦੀ ਮੌਲਿਕ ਸਾਦਗੀ ਵਿਚੋਂ ਫੁੱਟ ਫੁੱਟ ਪੈਂਦਾ ਸੁਹਜ। ਇੱਕੋ ਬੰਦ ਹੀ ਸੁਣਾਵਾਂਗਾ,
ਸੁਣਿਓ।
ਸੱਚੀ ਸੁੱਚੀ ਚੁੰਨੀ ਤੇਰੀ, ਸੁਣ ਮੇਰੀ ਅੰਮੀਏ ਨੀ,
ਸਾਡਾ ਹੈ ਸੀ ਆਲ੍ਹਣਾ ਬਣੀ।
ਸਾਡੇ ਜਿੰਨਾ ਪਿਆਰ ਨੀ ਹੰਢਾ ਨਾ ਸਕੇ ਮਾਏ ਕੋਈ,
ਭਾਵੇਂ ਹੋਵੇ ਲੱਖਾਂ ਦਾ ਧਨੀ।
ਡੱਕੋ ਨਾ ਵੇ ਵੀਰੋ, ਸਾਡੀ ਡਾਰ ਵੇ ਉਡਾਰਨਾਂ ਦੀ,
ਸਾਡੀਆਂ ਤਾਂ ਮੰਜ਼ਿਲਾਂ ਨੇ ਦੂਰ।
ਉਦਾਸੀ ਕੋਲ ਲੋਕ ਭਾਸ਼ਾ ਦਾ ਅਟੁੱਟ ਭੰਡਾਰ ਹੈ। ਕਦੇ ਨਾ ਮੁੱਕਣ ਵਾਲਾ ਸ਼ਬਦ
ਸਰਮਾਇਆ। ਉਸ ਦਾ ਇਕ ਗੀਤ ਹੈ, ਬਿਲਕੁਲ ਲੋਕ ਗੀਤਾਂ ਵਰਗਾ।
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ
ਅਸਾਂ ਤੋੜ ਦੇਣੀ ਹੂ ਪੀਣੀ ਜੋਕ ਹਾਣੀਆਂ
ਸੁਣ ਲਵੋ ਕਾਗੋ, ਅਸੀਂ ਕਰ ਦੇਣਾ ਥੋਨੂੰ ਪੁੱਠੇ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ।
ਰੋਟੀ ਬੱਚਿਆਂ ਦੇ,
ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ।
ਸੰਤ ਰਾਮ ਉਦਾਸੀ ਪ੍ਰਚੱਲਤ ਗੀਤਾਂ ਦੀਆਂ ਤਰਜ਼ਾਂ ਨੂੰ ਵੀ ਇਨਕਲਾਬੀ ਭਾਵਾਂ ਦੇ ਸੰਚਾਰ
ਲਈ ਖੂਬ ਵਰਤ ਲੈਂਦਾ ਸੀ। ਉਸ ਵਾਸਤੇ ਸ਼ਬਦ ਅਤੇ ਅਰਥ ਮਹੱਤਵਪੂਰਨ ਸਨ। ਤਾਂ ਹੀ
ਬਾਬੂ ਸਿੰਘ ਮਾਨ ਦੇ ਲਿਖੇ ਅਤੇ ਨਰਿੰਦਰ ਬੀਬਾ ਦੇ ਗਾਏ ਗੀਤ “ਚਿੱਟੀਆਂ ਕਪਾਹ ਦੀਆਂ
ਫੁੱਟੀਆਂ” ਦੀ ਤਰਜ਼ ਤੇ ਉਦਾਸੀ ਨੇ ਬੇਹੱਦ ਖੂਬਸੂਰਤ ਗੀਤ ਸਿਰਜਿਆ।
ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ।
ਆਖਣਾ ਸਮੇਂ ਦੀ ਸਰਕਾਰ ਨੂੰ , ਉਹ ਗਹਿਣੇ ਸਾਡਾ ਦੇਸ਼ ਨਾ ਧਰੇ।
ਅੱਜ ਘਾਤ ਲਾਈ ਬੈਠੇ ਸਾਮਰਾਜੀਏ ਵਪਾਰੀ।
ਸਿਰੇ ਚੜ੍ਹਦੀ ਨੀ ਹੁੰਦੀ ਜਿਹੜੀ ਪੈਸਿਆਂ ਦੀ ਯਾਰੀ।
ਸਾਡੀ ਧੁੱਪ ਨਾਲ ਮੱਸਿਆ ਕਲੇਸ਼ ਨਾ ਕਰੇ।
ਉਦਾਸੀ ਦੀ ਕਲਮ ਵਿਚੋਂ ਅੱਥਰੂਆਂ ਵਰਗੇ ਬੋਲ ਵੀ ਕਿਰਦੇ ਹਨ ਅਤੇ ਤਣੇ ਹੋਏ ਮੁੱਕੇ
ਵਾਲੀ ਵੰਗਾਰ ਵੀ। ਉਸ ਦੇ ਬੋਲ ਸਾਨੂੰ ਸਮਾਜਕ ਤਬਦੀਲੀ ਲਈ ਤਿਆਰ ਕਰਦੇ ਹਨ।
ਕੇਵਲ ਰੁਦਨ ਨਹੀਂ ਸੰਘਰਸ਼ ਦੀ ਪ੍ਰੇਰਨਾ ਵੀ ਦੇਂਦੇ ਹਨ। ਉਸਦੇ ਬੋਲ ਸਮਤੋਲ ਵਿੱਚ ਤੁਰਦੇ
ਹਨ। ਅੱਜ ਭਰੂਣ ਹੱਤਿਆ, ਦਾਜ ਦਹੇਜ ਦੀ ਲਾਅਣਤ ਅਤੇ ਹੋਰ ਅਨੇਕਾਂ ਸਮਾਜਕ
ਬੀਮਾਰੀਆਂ ਸਾਡੇ ਸਮਾਜਿਕ ਚੌਗਿਰਦੇ ਨੂੰ ਘੇਰੀ ਬੈਠੀਆਂ ਹਨ। ਇਨ੍ਹਾਂ ਸਭਨਾਂ ਦੀ ਜੜ੍ਹ
ਜਾਣਦਿਆਂ ਉਦਾਸੀ ਬੋਲਦਾ ਹੈ।
ਜੰਮੀਂ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ,
ਜਿੱਥੇ ਸਧਰਾਂ ਦੇ ਸੰਗਲ ਰਵੇ।
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ,
ਚੱਪਾ ਟੁੱਕ ਮੁੱਲ ਨਾ ਪਵੇ।
ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ ’ਚ ਅੱਥਰੂ ,
ਤੇ ਸਿਹਰਿਆਂ ਦੇ ਅੱਖਾਂ ਵਿੱਚ ਅੱਗ ਨੀ।
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ ਦਾ ਹੈ,
ਜਾਂਦਾ ਅਠਰਾਹੇ ਵਾਂਗੂੰ ਲੱਗ ਨੀ,
ਜਿਹੜੇ ਪਿੰਡ ਸੋਨੇ ਦਿਆਂ ਬੁੰਦਿਆਂ ਦੀ
ਥਾਵੇਂ ਕੰਨੀਂ ਭੁੱਖਿਆਂ ਦਾ ਹਾਉਕਾ ਹੀ ਪਵੇ।
ਰੋਟੀ ਲੈਣ ਗਿਆ ਵੀਰਾ ਪੂੰਝਦਾ ਹੈ ਆਉਂਦਾ ਮਾਏ,
ਮੱਥੇ ਉੱਤੋਂ ਡਾਂਗਾਂ ਦਾ ਲਹੂ।
ਰਾਠਾਂ ਦੀ ਹਵੇਲੀ ਵਿਚੋਂ ਖੁੱਸਿਆ ਸਰੀਰ ਲੈ ਕੇ,
ਮੁੜੀ ਮੇਰੇ ਵੀਰ ਦੀ ਬਹੂ।
ਪੱਥਰਾਂ ਨੂੰ ਤੋੜੇ ਬਿਨਾਂ ਅੱਗ ਨਾ ਈਜਾਦ ਹੋਣੀ,
ਕਿਹੜਾ ਭੋਲੇ ਬਾਪੂ ਨੂੰ ਕਹੇ।
ਸੰਤ ਰਾਮ ਉਦਾਸੀ ਦੇ ਕਾਵਿ-ਬੋਲਾਂ ਨਾਲ ਪਹਿਲੀ ਸੰਗਠਿਤ ਜਾਣ ਪਛਾਣ ਸਭ ਤੋਂ ਪਹਿਲਾਂ
ਤਪਾ ਮੰਡੀ ਵਾਲੇ ਸੀ ਮਾਰਕੰਡਾ ਨੇ ਆਪਣੇ ਮੈਗਜ਼ੀਨ ‘ਕਿੰਤੂ’ ਰਾਹੀਂ ਕਰਵਾਈ ਸੀ। ਇਸ
ਮੈਗਜ਼ੀਨ ਦੇ ਸੰਤ ਰਾਮ ਉਦਾਸੀ ਵਿਸ਼ੇਸ਼ ਅੰਕ ਵਿੱਚ ਉਸ ਦੀਆਂ ਕਵਿਤਾਵਾਂ ਤੇ ਗੀਤ
ਪਹਿਲੀ ਵਾਰ ਪ੍ਰਕਾਸ਼ਤ ਰੂਪ 'ਚ ਪ੍ਰਗਟ ਹੋਏ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਦੇ ਪ੍ਰੋਫੈਸਰ ਡਾ: ਸੁਰਿੰਦਰ ਸਿੰਘ ਦੁਸਾਂਝ ਨੇ ਉਦਾਸੀ ਦੀ ਕਾਵਿ-ਪਰੌਖਤਾ ਨੂੰ ਲੋਕਾਂ ਹਵਾਲੇ
ਨਵੇਂ ਸੰਗ ਸਮੇਤ ਪੇਸ਼ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਪਿਰਥੀਪਾਲ ਸਿੰਘ
ਰੰਧਾਵਾ ਅਤੇ ਉਸ ਤੋਂ ਮਗਰੋਂ ਸ਼ਹੀਦ ਬਲਦੇਵ ਸਿੰਘ ਮਾਨ ਅਤੇ ਕੁਲਦੀਪ ਸਿੰਘ ਧਾਲੀਵਾਲ
(ਹੁਣ ਅਮਰੀਕਾ ਵਾਸੀ) ਨੇ ਵੀ ਉਦਾਸੀ ਨੂੰ ਬਿਆਸ ਪਾਰਲੇ ਜਵਾਨ ਤਬਕੇ ਨੂੰ ਲਗਾਤਾਰ
ਮਿਲਾਇਆ। ਉਦਾਸੀ ਦੇ ਬੋਲਾਂ ਵਿਚ ਜਾਦੂਮਈ ਕਸ਼ਿਸ਼ ਦਾ ਹੀ ਪ੍ਰਤਾਪ ਸੀ ਕਿ ਗੁਰਸ਼ਰਨ
ਸਿੰਘ ਦੇ ਡਰਾਮਿਆਂ ਵਾਂਗ ਹੀ ਪਿੰਡਾਂ 'ਚ ਸੰਤ ਰਾਮ ਉਦਾਸੀ ਦੇ ਗੀਤ ਵੀ ਖਿੱਚ ਬਣ ਗਏ।
ਸੈਂਕੜੇ ਪਿੰਡਾਂ 'ਚ ਸ: ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਵਿਚਕਾਰਲੇ ਅੰਤਰਾਲ ਵਿੱਚ ਸੰਤ
ਰਾਮ ਉਦਾਸੀ ਨੇ ਗੀਤ ਗਾਏ ਹੋਣਗੇ। ਉਸਦੇ ਗਾਏ ਗੀਤਾਂ ਨੂੰ ਲੋਕਾਂ ਨੇ ਆਪਣੇ ਯਾਦ
ਖਜ਼ਾਨੇ 'ਚ ਹੁਣ ਤੀਕ ਸਾਂਭ ਕੇ ਰੱਖਿਆ ਹੋਇਆ ਹੈ। ਸ਼ਾਇਦ ਏਸੇ ਕਰਕੇ ਹੀ ਗੁਰਸ਼ਰਨ
ਸਿੰਘ ਉਦਾਸੀ ਨੂੰ ਪੰਜਾਬੀ ਜ਼ੁਬਾਨ ਦੀ ਇਨਕਲਾਬੀ ਸਰੋਦੀ ਕਵਿਤਾ ਦਾ ਸਿਖ਼ਰ ਮੰਨਦੇ
ਹਨ। ਹੱਕ ਸੱਚ ਇਨਸਾਫ ਲਈ ਆਪਣੀ ਲਲਕਾਰ ਉਸ ਨੇ ਕਿਤੇ ਵੀ ਲੁਕਵੀਂ ਨਹੀਂ
ਰੱਖੀ। ਕਿਰਤੀ ਕਾਮਿਆਂ ਦੀ ਆਵਾਜ਼ ਅਤੇ ਲੋਕ ਸੰਘਰਸ਼ਾਂ ਦਾ ਸੁਰਮਾ ਜ਼ਿੰਦਗੀ ’ਚੋਂ
ਸਰੀਰਕ ਰੂਪ 'ਚ ਭਾਵੇਂ ਖਾਰਜ ਹੋ ਗਿਆ ਹੈ ਪਰ ਸਾਹਾਂ ਸਵਾਸਾਂ ਵਿੱਚ ਅੱਜ ਵੀ ਹਾਜ਼ਰ ਹੈ।
ਪਾਸ਼ ਉਦਾਸੀ ਦੇ ਜਿਉਂਦੇ ਜੀਅ ਭਾਵੇਂ ਕਈ ਤਰ੍ਹਾਂ ਦਾ ਅਜੀਬੋ ਗਰੀਬ ਸ਼ੁਗਲ
ਮੇਲਾ ਕਰ ਲੈਂਦਾ ਸੀ ਪਰ ਉਸ ਦੇ ਮਰਨ ਮਗਰੋਂ ਪਾਸ਼ ਦੀ ਇਹ ਟਿੱਪਣੀ ਬੜੀ
ਮੁੱਲਵਾਨ ਅਤੇ ਹਕੀਕਤ ਬਿਆਨਦੀ ਹੈ। ਉਦਾਸੀ ਮੈਨੂੰ ਏਡਾ ਕੱਦਾਵਰ ਤੇ
ਅਪਹੁੰਚ ਲੱਗਦਾ ਹੈ ਕਿ ਆਪਣੇ ਆਪ ਨੂੰ ਉਹਦਾ ਸਮਕਾਲੀ ਆਖਦਿਆਂ ਵੀ
ਸੰਗ ਆਉਂਦੀ ਹੈ। ਬੋਹਲਾਂ ਦੇ ਵਿਚਾਲੇ ਭੁੱਖੇ ਸੁੱਤੇ ਕਾਮਿਆਂ ਦੇ ਟੋਲੇ ਦੀ
ਮਨੋਦਿਸ਼ਾ ਬਾਰੇ ਪੰਜਾਬੀ ਦੇ ਕਿਸੇ ਹੋਰ ਕਵੀ ਨੇ ਕਦੇ ਨਹੀਂ ਸੋਚਿਆ। ਸ਼ੁਕਰ
ਏ ਆਰੰਭ ਤਾਂ ਹੋਇਆ।”
ਦਰਸ਼ਨ ਖਟਕੜ ਦੇ ਬੋਲ ਉਦਾਸੀ ਦੇ ਕਾਵਿ ਨੂੰ ਨੇੜਿਉਂ ਜਾਣਦੇ ਪ੍ਰਤੀਤ ਹੁੰਦੇ
ਹਨ। ਉਸ ਦੀ ਸੱਚੀ ਸੁਥਰੀ ਭਾਵਨਾ ਨੂੰ ਪਛਾਨਣ ਵਾਲੇ। ਉਦਾਸੀ ਕਿਰਤੀ
ਲੋਕਾਂ ਦੀ ਲੁੱਟ ਖਸੁੱਟ, ਗੁਰਬਤ, ਤੰਗੀਆਂ, ਔਕੜਾਂ ਅਤੇ ਆਸਾਂ ਉਮੀਦਾਂ ਦਾ
ਸਫਲ ਚਿਤੇਰਾ ਕਵੀ ਸੀ। ਇਹ ਹੀ ਨਹੀਂ ਉਹ ਠੋਸ ਰੂਪ ਵਿੱਚ ਜਮਾਤੀ
ਦੁਸ਼ਮਣਾਂ ਦੀ ਸ਼ਨਾਖਤ ਕਰਨ ਵਾਲਾ ਜਮਾਤੀ ਸੰਘਰਸ਼ ਦਾ ਵੀ ਸ਼ਾਇਰ ਸੀ।
ਉਦਾਸੀ ਨੇ ਕਿਰਤੀ ਲੋਕਾਂ ਦੀ ਆਰਥਿਕ ਲੁੱਟ ਤੇ ਦਮਨ ਨੂੰ ਹੀ ਕਾਵਿਕ
ਪ੍ਰਗਟਾਵੇ ਵਿੱਚ ਨਹੀਂ ਢਾਲਿਆ ਸਗੋਂ ਉਨਾਂ ਦੀ ਮਾਨਸਿਕ, ਸਰੀਰਕ ਤੇ ਮਨੋ
ਵਿਗਿਆਨਕ ਲੁੱਟ ਦਮਨ ਨੂੰ ਵੀ ਆਪਣੀ ਕਾਵਿ ਰਚਨਾ ਰਾਹੀਂ ਸਫਲਤਾ
ਪੂਰਵਕ ਉਜਾਗਰ ਕੀਤਾ ਹੈ। ਪ੍ਰਬੁੱਧ ਪੰਜਾਬੀ ਗ਼ਜ਼ਲਗੋ ਜਸਵਿੰਦਰ (ਰੋਪੜ)
ਲੰਮਾ ਸਮਾਂ ਸੰਤ ਰਾਮ ਉਦਾਸੀ ਦਾ ਸਾਥੀ ਤੇ ਸਹਿਯੋਗੀ ਰਿਹਾ ਹੈ। ਉਸਦੇ
ਕਥਨ ਦੀ ਅਹਿਮੀਅਤ ਵੀ ਸੰਭਾਲਣੀ ਬਣਦੀ ਹੈ ਜਸਵਿੰਦਰ ਮੁਤਾਬਕ “ਸੰਤ
ਰਾਮ ਉਦਾਸੀ ਵਿਵਸਥਾ ਨੂੰ ਵੰਗਾਰਦੀ ਰੋਹ ਭਰੀ ਹੇਕ ਦਾ ਨਾਂ ਹੈ। ਉਦਾਸੀ ਨੇ
ਇਨਕਲਾਬੀ ਗੀਤਕਾਰੀ ਦੇ ਯੁੱਗ ਦਾ ਆਰੰਭ ਕੀਤਾ। ਉਸ ਦੇ ਗੀਤ ਉਸ ਦੇ
ਦਰਦਨਾਕ ਅੰਤ ਤੋਂ ਬਾਅਦ ਵੀ ਚਿਰਾਂ ਤੀਕ ਫਿਜ਼ਾ ਵਿੱਚ ਗੂੰਜਦੇ ਰਹਿਣਗੇ।
ਉਹ ਅਜਿਹਾ ਸਿਰੜੀ ਸ਼ਾਇਰ ਸੀ, ਜਿਸ ਨੇ ਘੋਰ ਗਰੀਬੀ ਭੋਗਦਿਆਂ ਵੀ ਹੱਕ
ਸੱਚ ਦੀ ਜੰਗ ਵਿਚ ਹਾਰ ਨਹੀਂ ਮੰਨੀ। ਉਸ ਨੂੰ ਵਿਦਰੋਹੀ ਗੀਤਾਂ ਕਾਰਨ
ਇਨਟੈਰੋਗੇਸ਼ਨ ਸੈਂਟਰ ਵਿੱਚ ਤਸੀਹੇ ਝੱਲਣੇ ਪਏ। ਤਸ਼ੱਦਦ ਕਾਰਨ ਉਹਦੀਆਂ
ਅੱਖਾਂ ਦੀ ਰੌਸ਼ਨੀ ਨਾ ਮਾਤਰ ਰਹਿ ਗਈ। ਉਹਦੀ ਸੋਚ ਦਾ ਸੂਰਜ ਹੋਰ ਵੀ
ਤਪ ਤੇਜ਼ ਨਾਲ ਕੰਮੀਆਂ ਦੇ ਵਿਹੜੇ ਵਿੱਚ ਮੱਘਦਾ ਰਿਹਾ।
ਸੰਤ ਰਾਮ ਉਦਾਸੀ ਦੇ ਲੋਕ ਮੁਹਾਵਰੇ ਨੂੰ ਪਛਾਣਦਿਆਂ ਹੀ ਸੰਗਰੂਰ ਵੱਸਦੇ ਸੁਰੀਲੇ ਗਾਇਕ
ਸ਼ਿੰਗਾਰਾ ਸਿੰਘ ਚਾਹਲ ਨੇ ਉਸ ਦੇ ਕਲਾਮ ਨੂੰ ਦੋ ਆਡਿਓ ਟੇਪਾਂ ਵਿੱਚ ਰੀਕਾਰਡ ਕੀਤਾ,
ਉਸਦੇ ਪੁੱਤਰਾਂ ਧੀਆਂ ਨੇ ਵੀ ਉਦਾਸੀ ਦੇ ਅੰਦਾਜ਼ ਨੂੰ ਸੰਭਾਲਿਆ ਹੈ। ਪੁੱਤਰ ਮੋਹਕਮ ਨੇ
ਤਾਂ ਆਪਣੀ ਆਵਾਜ਼ 'ਚ ਇਕ ਟੇਪ ਵੀ ਰੀਕਾਰਡ ਕੀਤੀ ਸੀ। ਇਵੇਂ ਹੀ ਜਸਵੀਰ ਜੱਸੀ
ਨੇ ਅੰਤਰ ਰਾਸ਼ਟਰੀ ਪੱਧਰ ਤੇ ਉਦਾਸੀ ਦੇ ਗੀਤ ‘ਕੰਮੀਆਂ ਦਾ ਵਿਹੜਾ’ ਦੀ ਪੇਸ਼ਕਾਰੀ
ਕੀਤੀ।
ਲੋਕ ਸੰਗੀਤ ਮੰਡਲੀ, ਭਦੌੜ ਨੇ ਵੀ ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਮਾਸਟਰ ਰਾਮ ਕੁਮਾਰ
ਦੇ ਸੰਗੀਤ ਵਿੱਚ ਰਿਕਾਰਡ ਕੀਤਾ। ਦੇਸ ਰਾਜ ਛਾਜਲੀ ਅਤੇ ਕਈ ਹੋਰ ਸੰਗੀਤ ਮੰਡਲੀਆਂ
ਨੇ ਸੰਤ ਰਾਮ ਉਦਾਸੀ ਦੇ ਬੋਲਾਂ ਨੂੰ ਲੋਕਾਂ ਹਵਾਲੇ ਸੁਰੀਲੇ ਅੰਦਾਜ਼ 'ਚ ਕੀਤਾ।
ਸੰਤ ਰਾਮ ਉਦਾਸੀ ਦੇ ਮੂੰਹੋਂ ਜਿਹੜਾ ਆਖਰੀ ਗੀਤ ਮੈਂ ਸੁਣਿਆ ਉਹ “ਜੋਗੀ ਉੱਤਰ ਪਹਾੜੋਂ
ਆਏ” ਸੀ। ਅੱਜ ਵੀ ਉਸ ਦੀ ਹੂਕ ਰੂਹ ਨੂੰ ਝੰਜੋੜ ਜਾਂਦੀ ਹੈ। ਧਰਤੀ ਪੁੱਤਰਾਂ ਨੂੰ
ਜਗਾਉਂਦੀ ਹੂਕ ਆਪਣੇ ਸ਼ਹੀਦ ਸਾਥੀਆਂ ਨੂੰ ਵੀ ਇਸ ਗੀਤ ’ਚ ਉਹ ਬੜੀ ਕਮਾਲ ਨਾਲ
ਚੇਤੇ ਕਰਦਾ ਹੈ।
ਕਿਰਨਾਂ ਕੋਲੋਂ ਕੰਨ ਪੜਵਾ ਕੇ,
ਬਰਫ਼ਾਂ ਜਿਉਂ ਢਲ ਆਏ।
ਜੋਗੀ ਉੱਤਰ ਪਹਾੜੋਂ ਆਏ।
ਇਕ ਬੈਠੇ ਨਾ ਵਾਂਗ ਸਮੁੰਦਰ, ਉੱਡ ਗਏ ਅੰਬਰਾਂ ਤਾਈਂ।
ਜਿਸ ਥਾਂ ਵੇਖੀ ਜੂਨ ਤਰਾਸੀ, ਹੋ ਗਏ ਪਾਣੀ ਪਾਣੀ।
ਕੁਝ ਮੜ੍ਹੀਆਂ ਦੇ ਬਣ ਗਏ ਨਗਮੇ, ਕੁਝ ਰਾਹ ਲੰਮੜੇ ਨੂੰ ਧਾਏ।
ਜੋਗੀ ਉੱਤਰ ਪਹਾੜੋਂ ਆਏ।
ਸੰਤ ਰਾਮ ਉਦਾਸੀ ਦੀ ਇਕ ਬੜੀ ਹੀ ਅਣਗੌਲੀ ਕਵਿਤਾ “ਪਰਵਾਸੀ ਨੂੰ” ਹੈ। ਇਸ 'ਚ
ਉਹ ਪਰਦੇਸੋਂ ਪਰਤ ਕੇ ਪਰਵਾਸੀ ਵੀਰ ਨਾਲ ਗੁਫ਼ਤਗੂ ਕਰਦਾ ਹੈ। ਆਪਣੀ ਧਰਤੀ ਮਾਂ
ਨਾਲ ਨਿੱਘ ਦਾ ਰਿਸ਼ਤਾ ਦਸਦਿਆਂ ਉਹ ਕਹਿੰਦਾ ਹੈ ਕਿ ਇਸ ਧਰਤੀ ਵਰਗੀ ਥਾਂ ਸੱਤਾਂ
ਦੀਪਾਂ ਵਿਚ ਹੋਰ ਕਿਤੇ ਵੀ ਨਹੀਂ ਹੈ। ਪਰਦੇਸ ਗਏ ਭਰਾਵਾਂ ਨੂੰ ਇਸ਼ਾਰੇ ਨਾਲ
ਸਮਝਾਉਂਦਿਆਂ ਕਹਿੰਦਾ ਹੈ ਕਿ ਜਿਹੜੀ ਕੋਇਲ ਬਾਗ ਛੱਡ ਕੇ ਕਾਵਾਂ ਦੀ ਸੰਗਤ ਵਿੱਚ
ਰਹਿਣ ਦੀ ਆਦਤ ਪਾ ਲਵੇ ਉਸ ਨੂੰ ਮੁੜ ਬਾਗਾਂ ’ਚ ਪਰਤਣਾ ਨਸੀਬ ਨਹੀਂ ਹੁੰਦਾ।
ਵਿਹੜਿਆਂ ਦੀ ਰੌਣਕ ਤੋਂ ਟੁੱਟੇ ਬਾਲਾਂ ਨੂੰ ਮਾਂ ਬੋਲੀ ਤੋਂ ਨਿਖੇੜ ਕੇ ਆਪਣੇ ਭਵਿੱਖ ਨਾਲ
ਖੇਡੇ। ਜੜ੍ਹਾਂ ਨਾਲੋਂ ਟੁੱਟਣ ਦੀ ਪੀੜ ਦਾ ਉਦਾਸੀ ਨੇ ਕਿੰਨਾ ਖੂਬਸੂਰਤ ਅਹਿਸਾਸ
ਕਰਵਾਇਆ।
ਜਿਨ ਬਚਿਆਂ ਨੂੰ ਵਿਚ ਜਣੇਪੇ ਬੋਚ ਲਿਆ ਜ਼ਰਦਾਰਾਂ।
ਉਹ ਕੀ ਜਾਨਣ ਚਿਣੇ ਵੀ ਜਾਂਦੇ, ਬੱਚੇ ਵਿੱਚ ਦੀਵਾਰਾਂ।
ਕਿਵੇਂ ਸਿਆਣ ਕਰਨਗੇ ਪੋਤੇ, ਆ ਦਾਦੀ ਦੀ ਜੂਹ ਦੀ।
ਦਾਦੀ ਦੇ ਝੁਰੜਾਏ ਚਿਹਰੇ ਤੇ ਵਿਆਕੁਲ ਜਹੀ ਰੂਹ ਦੀ।
ਧਰਤੀ ਬਾਂਝ ਨਹੀਂ ਹੈ ਆਪਣੀ, ਬਾਝਾਂ ਨੇ ਸਰਕਾਰਾਂ।
ਜਾਂ ਉਹ ਲੋਕ ਬਾਂਝ ਜੋ ਪਾਉਂਦੇ, ਕਿਸਮਤ ਨੂੰ ਫਿਟਕਾਰਾਂ।
ਗੁਰੁ ਨਾਨਕ ਹੋਵੇ ਜਾਂ ਭਾਈ ਮਰਦਾਨਾ, ਮਰਦਾਨਣ ਹੋਵੇ ਜਾਂ ਮਾਈ ਭਾਗੋ, ਰਵੀਦਾਸ ਹੋਵੇ ਜਾਂ
ਭਾਈ ਦਿਆਲਾ, ਗੁਰੂ ਤੇਗ ਬਹਦਾਰ ਹੋਵੇ ਜਾਂ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ
ਬਹਾਦਰ ਹੋਵੇ ਜਾਂ ਬਾਬਾ ਦੀਪ ਸਿੰਘ, ਮਾਉ ਜੇ ਤੁੰਗ ਹੋਵੇ ਜਾਂ ਬਾਬਾ ਮਾਰਕਸ, ਬਾਬਾ ਬੂਝਾ
ਸਿੰਘ ਹੋਵੇ ਜਾਂ ਵੀਅਤਨਾਮ 'ਚ ਸ਼ਹੀਦ ਹੋਇਆ ਕੋਈ ਇਨਕਲਾਬੀ ਆਗੂ, ਸੰਤ ਰਾਮ
ਉਦਾਸੀ ਇਕੋ ਜਿੰਨੀ ਸ਼ਿੱਦਤ ਨਾਲ ਚੇਤੇ ਕਰਦਾ ਹੈ। ਧਰਤੀ ਪੁੱਤਰ ਹੋਣ ਦਾ ਇਹੀ ਪ੍ਰਮਾਣ
ਹੈ। ਉਦਾਸੀ ਨੂੰ ਪੜ੍ਹਦਿਆਂ ਕਦੇ ਵੀ ਤੁਸੀਂ ਉਦਾਸ ਨਹੀਂ ਹੁੰਦੇ, ਪੌਣਾਂ 'ਚ ਉੱਡਦੇ ਹੋ, ਇੱਕੋ
ਛੜੱਪੇ ਦਰਿਆਉਂ ਪਾਰ ਜਾ ਸਕਦੇ ਹੋ। ਕਿਸੇ ਸ਼ਾਇਰ ਦੀ ਇਸ ਤੋਂ ਵੱਡੀ ਹੋਰ ਕਿਹੜੀ
ਪ੍ਰਾਪਤੀ ਹੋ ਸਕਦੀ ਹੈ।