Ambariye Sugandhriye : Shiv Kumar Batalvi
ਅੰਬੜੀਏ ਸੁਗੰਧੜੀਏ : ਸ਼ਿਵ ਕੁਮਾਰ ਬਟਾਲਵੀ
ਅੰਬੜੀਏ ਸੁਗੰਧੜੀਏ
ਸਾਨੂੰ ਬੋਲ ਨਾ ਮੰਦੜੇ ਬੋਲ
ਅਸੀਂ ਤਾਂ ਆਏ ਜੂਨ ਮਹਿਕ ਦੀ
ਅੱਜ ਦੀ ਅੱਜ ਤੇਰੇ ਕੋਲ
ਅੰਬੜੀਏ ਸੁਗੰਧੜੀਏ
ਸਾਨੂੰ ਬੋਲ ਨਾ ਮੰਦੜੇ ਬੋਲ ।
ਅੰਬੜੀਏ ਵਣ-ਗੇਂਦਾ ਮੌਲੇ
ਰੁੱਤ ਨਾ ਵੇਖੇ ਕੋ
ਇਕ ਸੋਹਣੀ ਕਲੀ ਅਨਾਰ ਦੀ
ਪਰ ਪੱਲੇ ਨਾ ਖ਼ੁਸ਼ਬੋ
ਪਰ ਮਰੂਆ ਚੰਬਾ ਕੇਵੜਾ
ਮੇਰੇ ਸਾਰੇ ਚਾਕਰ ਹੋ
ਮੈਂ ਮਾਏ ਭਰੀ ਸੁਗੰਧੀਆਂ
ਮੇਰੇ ਪੱਤੀ ਪੱਤੀ ਫੋਲ
ਅੰਬੜੀਏ ਸੁਗੰਧੜੀਏ
ਸਾਨੂੰ ਬੋਲ ਨਾ ਮੰਦੜੇ ਬੋਲ ।
ਅੰਬੜੀਏ ਮਹਿਕਾਂ ਨੂੰ ਮੰਦਾ
ਪਾਪੀ ਲੋਕ ਬੁਲੀਣ
ਕੋਟ ਜਨਮ ਦੇ ਹਿਜਰ ਹੰਢਾਏ
ਮਿਲੇ ਮਹਿਕ ਦੀ ਜੂਨ
ਇਸ਼ਕ ਜਿਹੜੇ ਅਣ-ਪੁੱਗੇ ਮਰਦੇ
ਫੁੱਲਾਂ ਦੇ ਵਿਚ ਥੀਣ
ਤਾਹੀਓਂ ਹਰ ਇਕ ਫੁੱਲ ਦੀ ਹੁੰਦੀ
ਮਹਿਕ ਬੜੀ ਗ਼ਮਗੀਨ
ਹਿਜਰ ਅਸਾਡੇ ਤਨ ਮਨ ਰਮਿਆ
ਭਾਵੇਂ ਲੂੰ ਲੂੰ ਫੋਲ
ਅੰਬੜੀਏ ਸੁਗੰਧੜੀਏ
ਸਾਨੂੰ ਬੋਲ ਨਾ ਮੰਦੜੇ ਬੋਲ ।
ਮੁੜ ਮਾਏ ਤੇਰੇ ਦੇਸ਼ ਨਾ ਆਉਣਾ
ਅਸਾਂ ਮਹਿਕ ਦੀਆਂ ਜਾਈਆਂ
ਅਸੀਂ ਤਾਂ ਐਵੇਂ ਦੋ ਘੁੱਟ ਤੇਰੀ
ਮਮਤਾ ਪੀਵਣ ਆਈਆਂ
ਆਈਆਂ ਸਾਂ ਤਿਰਹਾਈਆਂ
ਤੇ ਅਸੀਂ ਮੁੜ ਚੱਲੀਆਂ ਤਿਰਹਾਈਆਂ
ਮੁੜ ਚੱਲੀਆਂ ਅਸੀਂ ਤੇਰੇ ਦਰ 'ਤੇ
ਮਹਿਕ ਹਿਜਰ ਦੀ ਡੋਲ੍ਹ
ਅੰਬੜੀਏ ਸੁਗੰਧੜੀਏ
ਸਾਨੂੰ ਬੋਲ ਨਾ ਮੰਦੜੇ ਬੋਲ
ਅਸੀਂ ਤਾਂ ਆਏ
ਜੂਨ ਮਹਿਕ ਦੀ
ਅੱਜ ਦੀ ਅੱਜ ਤੇਰੇ ਕੋਲ ।