Amarvel : Kartar Singh Shamsher

ਅਮਰ ਵੇਲ : ਕਰਤਾਰ ਸਿੰਘ ਸ਼ਮਸ਼ੇਰ


ਬਾਲ-ਪਨ

ਜੀਵਨ ਮਿਰੇ ਦੀ ਦਾਤੀ, ਪਰਭਾਤ ਜ਼ਿੰਦਗੀ ਦੀ। ਸੁੱਖਾਂ ਦਾ ਪਹੁ-ਫਟਾਲਾ, ਜਾਂ ਸ੍ਵਰਗ ਦੀ ਹੀ ਛਾਂ ਸੀ । ਉਸ ਰੌਣਕੀ ਸਮੇਂ ਦੀ, ਦੱਸਾਂ ਮੈਂ ਗੱਲ ਕੀ ਕੀ ? ਉਹ ਵਸਤ ਸੀ ਅਨੋਖੀ, ਉਹ ਗੱਲ ਸੀ ਅਨੂਠੀ। ਮਾਸੂਮ ਬਾਦਸ਼ਾਹ ਮੈਂ, ਦੁਨੀਆਂ ਸੀ ਮੇਰੀ ਸ਼ਾਹੀ। ਚੁੰਮਣ ਨੂੰ ਪੈਰ ਮੇਰੇ ਧਰਤੀ ਵੀ ਸਿੱਕਦੀ ਸੀ । ਅੰਮੀਂ ਨੇ ਪ੍ਯਾਰ ਅੰਦਰ, ਗੋਡੇ ਤੇ ਚੁਕ ਬਿਠਾਣਾ । ਦੇ ਦੇ ਕੇ ਲੋਰੀਆਂ ਉਹ, ਫੁਲ ਵਾਂਗਰਾਂ ਖਿੜਾਣਾ । ਮੈਂ ਜਾਂ ਹੁੰਗਾਰਾ ਭਰਨਾ, ਉਸ ਗਲ ਦੇ ਨਾਲ ਲਾਣਾ । ਮੈਂ ‘ਉਗੂੰ ਉਗੂੰ’ ਕਰਨਾ, ਉਸ ‘ਛੀਤ’ ਕਹਿ ਹਸਾਣਾ । ਟੱਬਰ ਨੇ ਹੱਸ ਹੱਸ ਕੇ, ਮੇਰੇ ਚੁਗਿਰਦ ਹੋਣਾ । ਮੈਨੂੰ ਬੁਲੌਣ ਖਾਤਰ, ਬਾਪੂ ਨੇ ਆ ਖਲੋਣਾ। ਹਾਸਾ ਤੇ ਰੋਣਾ ਮੇਰਾ, ਘਰ ਦਾ ਸ਼ਿੰਗਾਰ ਸੀ ਇਕ । ਸੌਣਾਂ ਜਾਂ ਚੁੱਪ ਰਹਿਣਾ, ਮੇਰਾ ਵਿਹਾਰ ਸੀ ਇਕ । ਸਭਨਾਂ ਦੇ ਦਿਲ 'ਚ ਮੇਰਾ,ਨਿਰਛਲ ਪਿਆਰ ਸੀ ਇਕ । ਆਸ਼ਕ ਸੀ ਮੇਰੀ ਦੁਨੀਆਂ ਮੈਂ ਸਭ ਦਾ ਯਾਰ ਸੀ ਇਕ । ਦੁਸ਼ਮਨ ਨੂੰ ਵੇਖ ਕੇ ਵੀ, ਜੇਕਰ ਮੈਂ ਹੱਸ ਪੈਂਦਾ । ਉਹ ਦਿਲ ਦੀਆਂ ਭੁਲਾ ਕੇ, ਮੈਨੂੰ ਸੀ ਚੁੱਕ ਲੈਂਦਾ । ਨਿਰਮਲ ਸੀ ਹਿਰਦਾ ਮੇਰਾ, ਸੁਥਰੀ ਸੀ ਅੱਖ ਮੇਰੀ। ਦੁਨੀਆਂ ਦੇ ਝੇੜਿਆਂ ਤੋਂ, ਕੁਟੀਆ ਸੀ ਵੱਖ ਮੇਰੀ। ਚਾਕਰ ਉਹ ਮੇਰੇ ਸਾਰੇ, ਰਖਦੇ ਸੀ ਰੱਖ ਮੇਰੀ। ਹਰ ਦਿਲ 'ਚ ਆਸ ਸੱਧਰ ਵਸਦੀ ਸੀ ਲੱਖ ਮੇਰੀ। ਮਜ਼੍ਹਬਾਂ ਦੀ ਕੈਦੋਂ ਵਖਰਾ, ਮੇਰਾ ਜਹਾਨ ਹੈਸੀ । ਖ਼ਬਰੇ ਇਸੇ ਦੇ ਸਦਕੇ, ਮੇਰੀ ਇਹ ਸ਼ਾਨ ਹੈਸੀ । ਕੁੱਛੜ ਤੇ ਭੈਣ ਚੁਕ ਕੇ, ਮੈਨੂੰ ਬਾਹਿਰ ਲਿਜਾਣਾ । ਰੇਤੇ ਦੇ ਵਿਚ ਬਿਠਾ ਕੇ, ਖੇਡਾਂ 'ਚ ਰੁੱਝ ਜਾਣਾ। ਮਿੱਟੀ ਜਾਂ ਖਾਣ ਲਗਣਾ, ਉਸ ਘੂਰ ਕੇ ਹਟਾਣਾ। ਓਵੇਂ ਹੀ ਰੋਂਦਾ ਰੋਂਦਾ, ਘਰ ਮਾਂ ਨੂੰ ਆ ਫੜਾਣਾ। ਮੁੰਨੀ ਨੂੰ ਮਾਂ ਨੇ ਕਹਿਣਾ; ਨੀ ਕਿਉਂ ਰੁਆਯਾ ਸੀ ਇਹ ? ਮਾਂ ਅੰਮਾਂ ਨੂੰ ਖਾਣੀਏਂ ਤੈਂ, ਭੁੰਜੇ ਬਹਾਯਾ ਸੀ ਇਹ ? ਰਲ ਮਿਲ ਕੇ ਹਾਣੀਆਂ ਵਿਚ, ਖੇਡਾਂ ਰਚਾਵਣਾ ਉਹ । ਲੈ ਕੇ ਤੇ ਖਿੱਦੋ ਖੂੰਡੀ, ਰੌੜਾਂ ਨੂੰ ਜਾਵਣਾ ਉਹ। ਚਾਚੇ ਨੇ ਗੁੱਲੀ ਡੰਡਾ, ਖੇਡਣ ਸਿਖਾਵਣਾ ਉਹ। ਕੁੜੀਆਂ ਦੇ ਨਾਲ ਰਲਕੇ, ਕਿਲਕਿਲੀ ਪਾਵਣਾ ਉਹ । 'ਭੰਡਾ ਭੰਡਾਰੀਆ' ਦੀ, ਜਦ ਖੇਡ ਖੇਡਦੇ ਸਾਂ। ਉਸ ਸੁਹਣੇ ਠਾਠ ਵਿੱਚੋਂ,ਫੜ ਫੜ ਲਿਜਾਂਵਦੀ ਮਾਂ। ਬੇਫਿਕਰੀ ਦਾ ਜ਼ਮਾਨਾ, ਕੇਡਾ ਸੀ ਉਹ ਸੁਹਾਣਾ । ਬੇਫਿਕਰ ਹੋ ਕੇ ਸੌਣਾ, ਬੇ-ਫਿਕਰ ਹੋ ਕੇ ਖਾਣਾ। ਨਾ ਕੁਝ ਕਿਸੇ ਤੋਂ ਲੈਣਾ, ਅਰ ਨਾਹੀ ਦੇਣ ਜਾਣਾ। ਮਸਤੀ 'ਚ ਰਹਿਣਾ ਹਰਦਮ,ਖੁਸ਼ੀਆਂ ਦੇ ਢੋਲੇ ਗਾਣਾ । ਨਾ ਸ਼ਰਮ ਡਰ ਕਿਸੇ ਦਾ, ਨਾ ਦਿਲ 'ਚ ਮੈਲ ਕੋਈ । ਅਪਣੇ ਦੀਵਾਨੇ-ਪਨ ਵਿਚ, ਜਾਂਦੇ ਸਾਂ ਰਾਗ ਛੋਹੀ। ਹੁਣ ਉਸ ਦਿਮਾਗ਼ ਅੰਦਰ, ਚੰਚਲਤਾ ਆ ਰਹੀ ਏ। ਨਿਰਛਲਤਾ ਤੇ ਮੁਹੱਬਤ, ਤਹਿਜ਼ੀਬ ਖਾ ਰਹੀ ਏ। ਖ਼ੁਦ-ਗਰਜ਼ੀਆਂ ਤੇ ਲਾਲਚ, ਕਰਨੇ ਸਿਖਾ ਰਹੀ ਏ। ਬਚਪਨ ਨੂੰ ਇਹ ਜੁਆਨੀ, ਸੁਪਨਾ ਬਣਾ ਰਹੀ ਏ । ਨਖ਼ਰੇ ਨਿਹੋਰੇ ਬੇ-ਸ਼ਕ, ਦਿਖਲਾਵੇ ਇਹ ਜੁਆਨੀ। ਪਰ ਯਾਦ ਰਹਿਸੀ ਹਰਦਮ,ਉਹ ਬਾਲਪਨ ਲਾਸਾਨੀ । ਉਹ ਭੋਲਾ ਭਾਲਾ ਜੀਵਨ, ਹੱਥਾਂ ਚੋਂ ਜਿਉਂ ਗਿਆ ਏ। ਖ਼ੁਸ਼ੀਆਂ 'ਚ ਫੁਲਦਾ ਦਿਲ ਇਹ, ਗ਼ਮੀਆਂ 'ਚ ਵਹਿ ਪਿਆ ਏ। ਜਿਉਂ ਜਿਉਂ ਸਮਾਂ ਉਹ ਪ੍ਯਾਰਾ, ਵਿਥ ਪਾਂਦਾ ਜਾ ਰਿਹਾ ਏ। ਉਸ ਯਾਦ ਨੇ ਆ ਤਿਉਂ ਤਿਉਂ, ਜਾਦੂ ਹੀ ਪਾ ਲਿਆ ਏ । ਦਿਲ ਵਿੱਚ ਵਸ ਰਹੀ ਏ, ਹਰ ਯਾਦ ਉਸ ਚਮਨ ਦੀ । ਇਕ ਇਕ ਅਜੀਬ ਝਾਕੀ, ਉਸ ਮੇਰੇ ਬਾਲ-ਪਨ ਦੀ ।

ਜੁਆਨੀ

ਹਿਰਨ ਵਾਂਗਰਾਂ ਚੁੰਗੀਆਂ ਭਰਦੀ। ਮੁਰਗਾਬੀ ਦੇ ਵਾਂਙੂ ਤਰਦੀ । ਬਿਨਾਂ ਹਸਾਇਆਂ ਖਿੜ ਖਿੜ ਹਸਦੀ। ਬਿਨਾਂ ਪੁੱਛਿਆਂ ਭੁਟ ਭੁਟ ਦਸਦੀ । ਬਿਨ ਖੰਭਾਂ ਤੋਂ ਉੱਡਣ ਵਾਲੀ । ਚਿਹਰੇ ਉੱਤੇ ਗਿਠ ਗਿਠ ਲਾਲੀ । ਅੱਖਾਂ ਦੇ ਵਿਚ ਕੱਜਲ ਪਾ ਕੇ। ਸਾਨ੍ਹੇ ਵਾਂਗ ਧੌਣ ਅਕੜਾ ਕੇ। ਬਿਨ ਪੀਤੀ ਖੀਵੀ ਮਸਤਾਨੀ। ਆਈ ਜੁਆਨੀ, ਆਈ ਜੁਆਨੀ ਧੋਖਾ ਮਕਰ ਫ਼ਰੇਬ ਲਿਆਈ। ਤਿਰਛੇ ਨੈਣ ਤੇ ਨੀਵੀਂ ਪਾਈ। ਹੁਸਨ ਇਸ਼ਕ ਦੇ ਜਾਦੂ ਵਾਲੀ। ਜਿਸਦੇ ਦਰ ਤੇ ਲੱਖ ਸੁਆਲੀ। ਝੂਠੀ ਠਗਣੀ ਖੇਖਨਹਾਰੀ। ਜੋਬਨ ਮੱਤੀ ਚੰਚਲਹਾਰੀ । ਫਿਰੇ ਡੋਲਦੀ ਜੀਕੁਣ ਪਾਣੀ। ਥਾਂ ਥਾਂ ਖਹਿੰਦੀ ਫਿਰੇ ਮੁਤਾਣੀ। ਰੱਖੇ ਅਪਣਾ ਕੋਈ ਨ ਸਾਨੀ। ਆਈ ਜੁਆਨੀ, ਆਈ ਜੁਆਨੀ। ਗਿੱਧਾ ਪਾਂਦੀ ਢੋਲੇ ਲਾਂਦੀ। ਠੱਠੇ ਕਰਦੀ, ਜੀ ਪਰਚਾਂਦੀ। ਨਾਗ ਵਾਂਗ, ਜ਼ੁਲਫ਼ਾਂ ਪਲਮਾਂਦੀ। ਧਰਤੀ ਉੱਤੇ ਪੈਰ ਨ ਲਾਂਦੀ । ਜੋਬਨ ਧੱਕੇ, ਧੱਕ ਮੜੱਕੇ । ਰਬ ਨੂੰ ਮਾਰੇ ਅੱਖ ਮਟੱਕੇ। ਨਾ ਭਾਈ ਦੀ ਗੱਲ ਏ ਸਹਿੰਦੀ। ਨਾ ਮੁੱਲਾਂ ਦੀ ਬੱਧੀ ਰਹਿੰਦੀ। ਚੌੜਾਂ ਕਰਦੀ ਵਾਂਗ ਵਛੇਰੀ। ਜੋਬਨ ਦੀ ਇਹ ਤੇਜ਼ ਹਨੇਰੀ। ਘੜਦੀ ਨਿੱਤ ਨਵੀਂ ਸ਼ੈਤਾਨੀ । ਆਈ ਜੁਆਨੀ, ਆਈ ਜੁਆਨੀ। ਮੂੰਗਲੀਆਂ ਤੇ ਮੁਗ਼ਦਰ ਚੁਕਦੀ । ਮੋਢਿਆਂ ਉੱਤੋਂ ਦੀ ਪਈ ਥੁਕਦੀ । ਪੇਲੇ ਡੰਡ, ਬੈਠਕਾਂ ਕਢਦੀ। ਬੜ੍ਹਕਾਂ ਮਾਰੇ, ਗੱਪਾਂ ਛਡਦੀ। ਧਰਤੀ ਪੁਟਦੀ, ਖੌਰੂ ਪਾਂਦੀ। ਚਿੱਠੇ ਪੜ੍ਹਦੀ, ਮਿਰਜ਼ਾ ਗਾਂਦੀ। ਫਨੀਅਰ ਵਾਂਗ ਫੁੰਕਾਰੇ ਮਾਰੇ। ਕਰਦੀ ਫਿਰਦੀ ਝੂਠੇ ਕਾਰੇ । ਐਵੇਂ ਲਗਦੀ ਫਿਰੇ ਬਰੂੰਹੀਂ। ਮੱਤਾਂ ਦੇਂਦੀ ਫਿਰੇ ਅਲੂੰਈਂ। ਝੱਲੀ ਅਲਬੇਲੀ ਦੀਵਾਨੀ। ਆਈ ਜੁਆਨੀ, ਆਈ ਜੁਆਨੀ। ਆਈ ਧੰਮਸੁ ਲੁੱਡੀ ਪਾਂਦੀ। ਉਭਰੀ ਛਾਤੀ ਮਾਣ ਜਤਾਂਦੀ । ਰੰਗ ਬਰੰਗੇ ਭੇਸ ਵਟਾਂਦੀ। ਜਾਦੂ ਪਾਂਦੀ, ਮਸਤ ਬਣਾਂਦੀ । ਨੈਣਾਂ ਵਿੱਚੋਂ, ਤੀਰ ਚਲਾਂਦੀ । ਰੋਹਬ ਜਮਾਂਦੀ, ਧਮਾ ਬਹਾਂਦੀ। ਲਾਰੇ, ਪੱਜ, ਬਹਾਨੇ ਦਸਦੀ । ਪਲ ਵਿਚ ਰੋਂਦੀ, ਪਲ ਵਿਚ ਹਸਦੀ। ਖਿੜੀ ਹੋਈ ਗੁਲਜ਼ਾਰ ਜੁਆਨੀ। ਮਾਣ ਮਤੀ ਮੁਟਿਆਰ ਜੁਆਨੀ। ਹਥ ਵਿਚ ਗਜਰੇ ਗਲ ਵਿਚ ਗਾਨੀ । ਆਈ ਜੁਆਨੀ, ਆਈ ਜੁਆਨੀ । ਗਾਲਾਂ ਖਾਂਦੀ ਝਿੜਕਾਂ ਝਲਦੀ। ਫਿਰ ਵੀ ਓਸੇ ਚਾਲੇ ਚਲਦੀ। ਖੁਦਗ਼ਰਜ਼ਣ ਤੇ ਬੇ-ਦਸਤੂਰੀ। ਹਾਥੀ ਵਾਂਙੂ ਫਿਰੇ ਸੰਧੂਰੀ। ਹੋਛੀ, ਝੂਠੀ, ਮਕਰ ਸਿਖਾਂਦੀ। ਹੱਥਾਂ ਉੱਤੇ ਸਰ੍ਹੋਂ ਜਮਾਂਦੀ। ਆਪ-ਹੱਥੀ ਤੇ ਓਘਰ-ਮੂੰਹੀਂ । ਮੋੜੀ ਮੁੜੇ ਨ ਕਿਤੋਂ ਦਮੂੰਹੀਂ । ਆਕੜ ਖਾਨ ਅੜਬ ਅਵੱਲੀ। ਉਠ ਉਠ ਭੱਜੇ ਰਹੇ ਨ ਕੱਲੀ। ਨਾ ਜਾਣੇ ਇੱਜ਼ਤ ਤੇ ਹਾਨੀ। ਆਈ ਜੁਆਨੀ, ਆਈ ਜੁਆਨੀ

ਮੁਟਿਆਰ

ਬਾਲ-ਪਣੇ ਦੇ ਸੂਤਕ ਚੋਂ ਨਿੱਕਲ ਕੇ ਆਈ ਜੁਆਨੀ ਏਂ । ਚਿਹਰੇ ਤੇ ਚੰਚਲਤਾਈ ਏ, ਸੂਰਤ ਕੇਡੀ ਮਸਤਾਨੀ ਏਂ । ਹੁਸਨ ਨੂੰ ਲੋਹੜਾ ਆਇਆ ਏ, ਸ਼ਰਮਾਂ ਨੇ ਪਰਦੇ ਤਾਣੇ ਨੇ। ਪਰ ਚੰਨ ਚੜ੍ਹੇ ਨਾ ਲੁਕਦੇ ਨੇ ਆਖੀ ਹੈ ਖਰੀ ਸਿਆਣੇ ਨੇ । ਅੱਖਾਂ ਵਿਚ ਕੇਡੀ ਸ਼ੋਖੀ ਏ, ਰੰਗਤ ਵਿਚ ਵੀ ਭੜਕਾਹਟ ਏ । ਆਹ ਚਾਲ ਕਿਹੀ ਮਸਤਾਨੀ ਏਂ, ਤੇ ਬੋਲਣ ਤੋਂ ਝਿਜਕਾਹਟ ਏ । ਜ਼ੁਲਫ਼ਾਂ ਦੀ ਕਾਲੋਂ ਮਨ-ਮੋਹਣੀ, ਵੇਖੋ ਪਈ ਸੀਨਾ ਡੰਗਦੀ ਏ । ਇਹ ਬਿਨਾਂ ਬੁਲਾਇਆਂ,ਪਲਮ ਪਲਮ,ਖਿਚ ਪੌਂਦੀ ਤੇ ਦਿਲ ਮੰਗਦੀ ਏ। ਸੀਨਾ ਪ੍ਰੀਤਮ ਦੇ ਸ੍ਵਾਗਤ ਲਈ, ਅਗ੍ਹਾਂ ਨੂੰ ਉੱਭਰ ਆਇਆ ਏ। ਜੋਬਨ ਨੇ ਜਾਦੂ ਪਾ ਪਾ ਕੇ, ਕਈਆਂ ਨੂੰ ਮਸਤ ਬਣਾਇਆ ਏ । ਪਰ ਇਹ ਏਡੀ ਦੁਧ ਧੋਤੀ ਏ, ਕੋਈ ਤੱਕੇ ਤਾਂ ਸ਼ਰਮਾਂਦੀ ਏ । ਜਿਉਂ ਮਰਦ ਨਾਲ ਛੁਹ ਲਾਜਵੰਤਿ, ਕੁਮਲਾਂਦੀ ਨੀਵੀਂ ਪਾਂਦੀ ਏ । ਜਦ ਹਾਣ ਦੀਆਂ ਵਿਚ ਬਹਿੰਦੀ ਏ, ਤਦ ਨਵਾਂ ਮੋਤੀਆ ਖਿੜਦਾ ਏ । ਗਿੱਧੇ ਨੂੰ ਮਸਤੀ ਚੜ੍ਹਦੀ ਏ, ਦਿਲ ਆਪ-ਮੁਹਾਰਾ ਛਿੜਦਾ ਏ। ਨਾਚਾਂ ਨੂੰ ਲੋਹੜਾ ਔਂਦਾ ਏ, ਅੱਡੀ ਤੇ ਅੱਡੀ ਵਜਦੀ ਏ । ਕੋਈ ਲਵੇ ਜੇ ਨਾਉਂ ਮੰਗੇਦੜ ਦਾ, ਤਾਂ ਗਿੱਧਾ ਪਾਂਦੀ ਭਜਦੀ ਏ । ਅੱਖਾਂ ਵਿਚ ਪਾ ਕੇ ਕੱਜਲ ਇਹ, ਤਲਵਾਰਾਂ ਸਾਣ ਚੜ੍ਹਾਂਦੀ ਏ । ਪੰਛੀ ਨੇ ਡਿਗਦੇ ਫੁੜਕ ਫੁੜਕ, ਹੁੱਸਨ ਦਾ ਜਾਦੂ ਪਾਂਦੀ ਏ । ਚੌਂਕੇ ਚੁੱਲ੍ਹੇ ਦੇ ਕੰਮੋਂ ਜਦ, ਇਹ ਵਿਹਲੀ ਹੋ ਕੇ ਬਹਿੰਦੀ ਏ। ਤਦ ਉਹਲੇ ਬਹਿ ਕੇ ਓਟੇ ਦੇ, ਪੈਰਾਂ ਨੂੰ ਕੂਚਣ ਡਹਿੰਦੀ ਏ । ਇਹ ਘਰ ਤੋਂ ਬਾਹਰ ਜੇ ਕਿਧਰੇ, ਥੋੜਾ ਜਿਹਾ ਚਿਰ ਵੀ ਲਾਂਦੀ ਏ । ਮਾਂ ਸੌ ਸੌ ਗਾਲਾਂ ਕਢਦੀ ਏ, ਉਸ ਨੂੰ ਚਿੰਤਾ ਲਗ ਜਾਂਦੀ ਏ। ਇਹ ਬੋਹੀਆ ਚੁੱਕ ਕਸੀਦੇ ਦਾ, ਇਕ ਪਾਸੇ ਹੋ ਕੇ ਬਹਿੰਦੀ ਏ । ਅੱਖਾਂ ਵਿਚ ਅਥਰੂ ਆਏ ਨੇ, ਸੂਈ ਵਿਚ ਤਾਰ ਨ ਪੈਂਦੀ ਏ । ਕੰਮ ਕਾਰ ਨੂੰ ਬੜੀ ਸੁਚੱਜੀ ਏ, ਸਾਰਾ ਦਿਨ ਕਰਦੀ ਥਕਦੀ ਨਹੀਂ । ਕੁਝ ਨਾ ਕੁਝ ਕਰਦੀ ਰਹਿੰਦੀ ਏ, ਲਿੰਬਣ ਪੋਚਣ ਤੋਂ ਅਕਦੀ ਨਹੀਂ । ਝਾੜੂ ਦੇ, ਕਪੜੇ ਧੋਂਦੀ ਏ, ਚਰਖੇ ਦੀ ਘੂਕਰ ਪਾਂਦੀ ਏ । ਛੱਲੀਆਂ ਲਾਹ ਲਾਹ ਕੇ ਧਰਦੀ ਏ, ਤੇ ਮੂੰਹ ਵਿੱਚੋਂ ਕੁਝ ਗਾਂਦੀ ਏ । ਬੁਨਿਆਦ ਇਹੋ ਹੈ ਦੁਨੀਆਂ ਦੀ, ਤੇ ਜਾਨ ਇਹੋ ਇਸ ਜਗ ਦੀ ਏ । ਏਸੇ ਦੇ ਸਦਕੇ ਹਰ ਇਕ ਦੀ, ਬੱਤੀ ਨਾਲ ਬੱਤੀ ਜਗਦੀ ਏ । ਖ਼ੁਸ਼ੀਆਂ ਹਨ ਇਸਦੀਆਂ ਖੁਸ਼ੀਆਂ ਵਿਚ,ਭਰੀਆਂ ਹੋਈਆਂ ਸੰਸਾਰ ਦੀਆਂ । ਦੁਨੀਆਂ ਨੂੰ ਚਾਨਣ ਦਿੰਦੀਆਂ ਨੇ, ਅੱਖੀਆਂ ਏਸੇ ਮੁਟਿਆਰ ਦੀਆਂ।

ਵਿਦਿਆ

ਕੌਮਾਂ ਜਿਊਂਦੀਆਂ ਨੇ ਓਹੀ ਜੱਗ ਉੱਤੇ, ਜਿਨ੍ਹਾਂ ਵਿੱਚ ਸਨਮਾਨ ਹੈ ਵਿੱਦਿਆ ਦਾ। ਤਾਕਤ ਉਨ੍ਹਾਂ ਦੀ ਦਾ ਧਮਾਂ ਬੈਠਿਆ ਏ, ਜਿਨ੍ਹਾਂ ਕੋਲ ਤਰਾਣ ਹੈ ਵਿੱਦਿਆ ਦਾ । ਚਮਕ ਰਹੇ ਨੇ ਸੂਰਜ ਤੇ ਚੰਨ ਵਾਂਗੂੰ, ਜਿਨ੍ਹਾਂ ਕੋਲ ਅਸਮਾਨ ਹੈ ਵਿਦਿਆ ਦਾ । ਗਿਣੇ ਗਏ ਨੇ ‘ਕਰਣ’ ਭੰਡਾਰਿਆਂ ਦੇ, ਕਰਦੇ ਪਏ ਨੇ ਦਾਨ ਜੋ ਵਿੱਦਿਆ ਦਾ । ਜੀਹਦੇ ਸਿਰ ਤੇ ਤਾਜ ਹੈ ਵਿੱਦਿਆ ਦਾ, ਉਹਨੂੰ ਫ਼ਖ਼ਰ ਹੈ ਅਪਣੇ ਦਿਮਾਗ਼ ਉੱਤੇ । ਦੌਲਤ ਆ ਆ ਚੁੰਮਦੀ ਪੈਰ ਉਸ ਦੇ, ਦੁਨੀਆਂ ਭੌਰ ਹੈ ਓਸਦੇ ਬਾਗ਼ ਉੱਤੇ । ਉਸ ਨੂੰ ਮੌਤ ਨਹੀਂ ਕਦੀ ਵੀ ਮਾਰ ਸਕਦੀ, ਜਿਸ ਦਿਮਾਗ਼ ਵਿਚ ਏਸ ਲਈ ਥਾਂ ਹੋਵੇ । ਲੱਖਾਂ ਦਿਲਾਂ ਦੇ ਤਖ਼ਤ ਨੇ ਓਸ ਖ਼ਾਤਰ, ਜਿਸ ਤੇ ਏਸ ਹੁਮਾ ਦੀ ਛਾਂ ਹੋਵੇ । ਸਾਰੇ ਜੱਗ ਨੂੰ ਚਾਨਣਾ ਦੇਣ ਵਾਲਾ, ਉਸਦੀ ਕਬਰ ਦਾ ਇਕ ਨਿਸ਼ਾਂ ਹੋਵੇ। ‘ਸ਼ੈਕਸਪੀਅਰ’ ਜਾਂ ‘ਸਾਅਦੀ' ਦੇ ਵਾਂਗ ਜਿਸ ਨੂੰ, 'ਵਿੱਦਵਾਨ’ ਦਾ ਮਿਲ ਗਿਆ ਨਾਂ ਹੋਵੇ । ਜਿਹੜਾ ਏਸ ਨੂੰ ਸੀਸ ਤੇ ਚੁੱਕਦਾ ਏ, ਉਹਨੂੰ ਇਹ ਅਸਮਾਨ ਚੜ੍ਹਾਉਂਦੀ ਏ । ਜੇ ਕੋਈ ਮੂੜ੍ਹ ਭੀ ਕਰੇ ਪਿਆਰ ਇਸ ਨੂੰ, ‘ਕਾਲੀਦਾਸ’ ਇਹ ਉਨੂੰ ਬਣਾਉਂਦੀ ਏ । ਖੰਭ ਦੇ ਕੇ ਅਕਲ ਦੇ ਆਦਮੀ ਨੂੰ, ਏਹੋ ਸੱਤੀਂ ਅਕਾਸ਼ੀਂ ਉਡਾਉਂਦੀ ਏ । ਹੁਨਰ, ਕਾਢ ਤੇ ਫ਼ਲਸਫ਼ਾ ਦਸਤਕਾਰੀ, ਏਹੋ ਦੱਸਦੀ ਅਤੇ ਸਮਝਾਉਂਦੀ ਏ। ਜੇ ਖਿਆਲ ਅਸਮਾਨ ਨੂੰ ਪਾੜਦਾ ਏ, ਇਹ ਜਾ ਟਾਕੀਆਂ ਓਸ ਨੂੰ ਲਾਉਂਦੀ ਏ । ਸੈਆਂ ਕੋਹਾਂ ਤੇ ਹੁੰਦੇ ਹੋਏ ਨਾਚ ਗਾਣੇ, ਘਰੀਂ ਬੈਠਿਆਂ ਇਹੋ ਸੁਣਾਉਂਦੀ ਏ। ਬੜੀ ਸੁਘੜ, ਸੁਚੱਜੀ ਏ ਏਹ ਦੇਵੀ, ਗੱਲਾਂ ਗੁੱਝੀਆਂ ਸਾਰੀਆਂ ਜਾਣਦੀ ਏ । ਮਿੱਟੀ ਵਿੱਚੋਂ ਇਹ ਸੋਨਾ ਬਣਾਉਂਦੀ ਏ, ਪਾਣੀ ਦੁੱਧ ਚੋਂ ਵੱਖਰਾ ਛਾਣਦੀ ਏ । ਇਹਦੀ ਕਦਰ ਜੇ ਪੁੱਛਣੀ ਚਾਹੁਨਾਂ ਏਂ, ਜਾ ਪੁੱਛ ਕੇ ਵੇਖ ਜਪਾਨੀਆਂ ਤੋਂ । ਛਾਲਾਂ ਮਾਰ ਕੇ ਲੰਘ ਗਏ ਅਗ੍ਹਾਂ ਜਿਹੜੇ, ਅਸਾਂ ਰੋਂਦੂਆਂ ਹਿੰਦੁਸਤਾਨੀਆਂ ਤੋਂ । ਜਿਹੜੇ ਸੋਨੇ ਦੇ ਮਹਿਲ ਉਸਾਰਦੇ ਨੇ, ਇਨ੍ਹਾਂ ਮਿੱਟੀ ਦੀਆਂ ਚਾਹਦਾਨੀਆਂ ਤੋਂ । ਜਾਂ ਫਿਰ ਕਦਰ ਤੂੰ ਏਸ ਦੀ ਪੁੱਛ ਵੇਖੀਂ, ਅਪਣੇ ਬਾਦਸ਼ਾਹਾਂ ਇੰਗਲਿਸਤਾਨੀਆਂ ਤੋਂ । ਕੀ ਕੀ ਨੀਤੀਆਂ ਪਈ ਸਿਖਾਉਂਦੀ ਏ, ਦੂਜੇ ਦੇਸ਼ ਵਿਚ ਹੁਕਮ ਚਲਾਂਦਿਆਂ ਨੂੰ । ਮਾਰਨ ਚੁੰਗੀਆਂ ਆਸਰੇ ਵਿੱਦਿਆ ਦੇ, ਕੋਈ ਰੋਕ ਨਹੀਂ ਵਧਦਿਆਂ ਜਾਂਦਿਆਂ ਨੂੰ। ਇਹ ਅਜੇਹਾ ਮਮੀਰਾ ਹੈ ਵਿੱਦਿਆ ਦਾ, ਤਾਰੇ ਅੰਨ੍ਹਿਆਂ ਕੋਲੋਂ ਗਿਣਾ ਦੇਵੇ । ਅਕਲ ਦੇ ਕੇ ਆਪਣੀ ਬੱਚਿਆਂ ਨੂੰ, ਡੂੰਘੇ ਸਾਗਰ ਦਾ ਪਾਣੀ ਮਿਣਾ ਦੇਵੇ। ਪੱਥਰ ਤਾਰ ਦਏ ਪਾਣੀ ਦੀ ਸਤਹ ਉੱਤੇ, ਖੰਭ ਲਾਇਕੇ ਲੋਹਾ ਉਡਾ ਦੇਵੇ। ਸਾਇੰਸ ਏਸ ਦੀ ਧਰਤੀ ਤੇ ਬੈਠਿਆਂ ਨੂੰ, ਚੰਨ ਕੋਲੋਂ ਸੁਨੇਹੇ ਲਿਆ ਦੇਵੇ। ਏਸ ਸੁਰਤ ਨੇ ਮੌਤ ਦਾ ਪਹਿਨ ਬੁਰਕਾ, ਕੀਤਾ ਪਸ਼ੂਆਂ ਨਾਲੋਂ ਇਨਸਾਨ ਵਖਰਾ। ਜਿਹੜਾ ਵਿੱਦਿਆ ਦਿਆਂ ਪ੍ਰਛਾਵਿਆਂ ਵਿਚ, ਰਚੀ ਬੈਠਾ ਏ ਅੱਜ ਜਹਾਨ ਵਖਰਾ। ਕਦਰ ਆਪਣੀ ਪਏ ਵਧਾਉਂਦੇ ਨੇ, ਕਦਰ ਵਿੱਦਿਆ ਦੀ ਜਿਹੜੇ ਪੌਣ ਵਾਲੇ। ਇਲਮ ਆਸਰੇ ਬਣੇ ਨੇ ਰੱਬ ਫਿਰਦੇ, ਮੋਇਆਂ ਹੋਇਆਂ ਨੂੰ ਮੁੜਕੇ ਜਿਵੌਣ ਵਾਲੇ । ਮਿਸਮਰੇਜ਼ਮ ਦੇ ਖੇਡ ਦਿਖਾ ਦਿਖਾ ਕੇ, ਹੱਥਾਂ ਉਤੇ ਉਹ ਸਰ੍ਹੋਂ ਜਮੌਣ ਵਾਲੇ । ਜਰਮਨ ਵਿੱਚ ਕਈ ਨਾਮਣਾਂ ਖੱਟ ਰਹੇ ਨੇ, ਏਦਾਂ ਸੁੱਤੀਆਂ ਕਲਾਂ ਜਗੌਣ ਵਾਲੇ। ਜਿਹੜੇ ਵਿੱਦਿਆ ਦੀ ਪੌੜੀ ਚੜ੍ਹ ਗਏ ਨੇ, ਸੱਜਨ ! ਉਨ੍ਹਾਂ ਦੀ ਕਾਇਆਂ ਪਲੱਟ ਗਈ ਏ । ਵਰ੍ਹਨ ਲੱਗ ਪਏ ਗੁੰਡ ਰੁਜ਼ਗਾਰ ਵਾਲੇ, ਭੁੱਖ ਨੰਗ ਉਸ ਦੇਸ਼ ਚੋਂ ਘਟ ਗਈ ਏ । ਜਿਹੜੇ ਵਿੱਦਿਆ ਨਾਲ ਨਹੀਂ ਪ੍ਯਾਰ ਕਰਦੇ, ਆਏ ਕਿਉਂ ਨੇ ਏਸ ਜਹਾਨ ਉੱਤੇ ! ਅੱਖੜ, ਅੜਬ, ਅਨਪੜ੍ਹ ਜੋ ਆਦਮੀ ਨੇ, ਧੱਬਾ ਹੈਨ ਮਨੁੱਖ ਦੀ ਸ਼ਾਨ ਉੱਤੇ । ਜਿਹੜੇ ਮਾਪੇ ਔਲਾਦ ਪੜ੍ਹਾਉਂਦੇ ਨਹੀਂ, ਕਰਦੇ ਜ਼ੁਲਮ ਨੇ ਉਹੋ ਸੰਤਾਨ ਉੱਤੇ । ਸਾਰੀ ਉਮਰ ਲਈ ਦੱਬਿਆ ਰਹਿਣ ਜੋਗਾ, ਦੇਣ ਭਾਰ ਉਹ ਸੁੱਟ ਨਾਦਾਨ ਉੱਤੇ । ਰਤਾ ਜਿੰਨਾਂ ਨਹੀਂ ਚਾਨਣਾ ਲੈ ਸਕਦਾ, ਸੈਆਂ ਮਣਾ ਕਿਤਾਬਾਂ ਉਹ ਰੱਖੀਆਂ ਤੋਂ । ਇਲਮਹੀਣ “ਸ਼ਮਸ਼ੇਰ’" ਜੋ ਆਦਮੀ ਏ, ਅੰਨ੍ਹਾਂ ਜਾਣ ਤੂੰ ਓਸ ਨੂੰ ਅੱਖੀਆਂ ਤੋਂ ।

ਬੁਢੇਪਾ

ਅਫ਼ਸੋਸ ! ਮੈਂ ਅਪਣੇ ਜੀਵਨ ਨੂੰ, ਜੀਵਨ ਹੀ ਨਹੀਂ ਬਣਾ ਸਕਿਆ। ਦੁਨੀਆਂ ਦੇ ਧੰਦਿਆਂ ਫੰਧਿਆਂ ਚੋਂ, ਛੁਟਕਾਰਾ ਹੀ ਨਹੀਂ ਪਾ ਸਕਿਆ । ਹਿਰਸਾਂ, ਸਧਰਾਂ ਨੇ ਵਲ ਛਡਿਆ, ਹੰਕਾਰ ਤੇ ਹਉਮੈਂ ਜੂੜ ਲਿਆ। ਕਾਦਰ ਦੀ ਕੁਦਰਤ ਵੇਂਹਦਿਆਂ ਵੀ, ਨਹੀਂ ਉਸਨੂੰ ਰਿਦੇ ਵਸਾ ਸਕਿਆ । ਜਰ ਜੋਰ ਜੁਆਨੀ ਜੋਬਨ ਦੇ, ਹੁੰਦਿਆਂ ਦਿਲ ਫਸਿਆ ਚਿੱਕੜ ਵਿਚ । ਨਹੀਂ ਦੇਸ਼-ਕੌਮ ਦੇ ਭਲੇ ਲਈ, ਨੇਕੀ ਉਪਕਾਰ ਕਮਾ ਸਕਿਆ । ਸਭ ਭੈਣ ਭਰਾ ਸੱਜਣ ਮਿੱਤਰ, ਪੁੱਤਰ ਧੀਆਂ ਮੈਂ ਟੋਹ ਲਏ ਨੇ । ਇਹ ਖ਼ੁਦ-ਗ਼ਰਜ਼ਾਂ ਦੇ ਦਿਲ ਪੱਥਰ, ਨਹੀਂ ਪ੍ਯਾਰ ਨਾਲ ਪਿਘਲਾ ਸਕਿਆ । ਦੁਨੀਆਂਦਾਰੀ ਦੇ ਰਾਹ ਅੰਦਰ, ਲਖ ਭੰਬਲ-ਭੂਸੇ ਖਾਧੇ ਨੇ। ਪਰ ਉਲਝੀ ਤਾਣੀ ਲੇਖਾਂ ਦੀ, ਨਹੀਂ ਅਕਲ ਨਾਲ ਸੁਲਝਾ ਸਕਿਆ । ਮੈਂ ਲੋਭ ਦੀ ਕੁੰਡੀ ਵਿਚ ਫਸਕੇ, ਮਛਲੀ ਵਾਂਙੂ ਹਾਂ ਤੜਪ ਰਿਹਾ। ਪਰ ਸ਼ਰਮ ਕੁਸ਼ਰਮੀਂ ਦੁਨੀਆਂ ਨੂੰ, ਰੋ ਕੇ ਵੀ ਨਹੀਂ ਸੁਣਾ ਸਕਿਆ । ਗਲ ਕੀ, ਇਸ ਸਾਰੀ ਜ਼ਿੰਦਗੀ ਚੋਂ, ਇਕ ਬਾਲ-ਪਣਾ ਹੀ ਚੰਗਾ ਸੀ । ਬਾਕੀ ਇਸ ਸਾਰੇ ਜੀਵਨ 'ਚੋਂ, ਇਕ ਪਲ ਨਹੀਂ ਸੁਖੀ ਲੰਘਾ ਸਕਿਆ। ਸਭ ਸਕੇ ਸਹੋਦਰ ਵੇਖ ਲਏ, ਸਭ ਪਰਖ ਲਏ ਸਿਰ ਪਈਆਂ ਤੇ, ਇਕ ਅਪਣੇ ਜੀ ਬਿਨ, ਔਕੜ ਵਿਚ, ਕੋਈ ਨਹੀਂ ਭਾਰ ਵੰਡਾ ਸਕਿਆ । ਖਪ ਖਪ ਕੇ ਭਾਵੇਂ ਮੋਇਆ ਹਾਂ, ਖਪ ਖਪ ਦੇ ਇਸ ਕਰਖਾਨੇ ਵਿਚ । ਪਰ ਨੁਕਰੇ ਬਹਿ ਕੇ ਭੜਕ ਰਹੇ, ਇਸ ਦਿਲ ਨੂੰ ਨਹੀਂ ਸਮਝਾ ਸਕਿਆ । ਹੁਣ ਕਾਲੇ ਚਿੱਟੇ ਹੋ ਗਏ ਨੇ, ਸਿਰ ਹਿਲਦਾ ਕਮਰ ਕਮਾਨ ਹੋਈ। ਪਰ ਅਜੇ ਵੀ ਹਿਰਸ ਨਿਖਸਮੀ ਤੋਂ, ਮੈਂ ਪੱਲਾ ਨਹੀਂ ਛੁਡਾ ਸਕਿਆ। ਦੰਦ ਮੋਤੀ ਕਿਰ ਗਏ, ਅੱਖਾਂ ਨੂੰ ਚਾਨਣ ਨੇ ਦੇ ਜਵਾਬ ਦਿਤਾ। ਜੋਬਨ ਦਾ ਲਾਲ ਗੁਆਚ ਗਿਆ, ਮੁੜਕੇ ਨਹੀਂ ਹੱਥ 'ਚ ਆ ਸਕਿਆ। ਹੁਣ ਘਰ ਤੋਂ ਬਾਹਰ ਮੰਜੀ ਏ, ਮਲਕੀਅਤ ਇੱਕ ਡੰਗੋਰੀ ਏ । ਆਹ ਬੁਚਕੀ ਊ ਇਕ ਲੀਰਾਂ ਦੀ, ਜਿਸਨੂੰ ਹਾਂ ਕੋਲ ਲਿਆ ਸਕਿਆ । ਹੁਣ ਧੁਰੋਂ ਸੁਨੇਹੇ ਆ ਗਏ ਨੇ, ਅਜ ਕਲ “ਸ਼ਮਸ਼ੇਰ ਤਿਆਰੀ ਏ । ਅਫ਼ਸੋਸ ! ਬੀਤ ਗਈ ਉਮਰਾ ਤੇ, ਮੈਂ ਰਜ ਕੇ ਨਹੀਂ ਪਛਤਾ ਸਕਿਆ ।

ਨੇਕੀ

ਨੇਕ ਕੁਲ ਤੇ ਨੇਕ ਸੁਭਾ ਵਾਲੇ, ਕਰਦੇ ਹੈਨ ਹਮੇਸ਼ ਉਪਕਾਰ ਨੇਕੀ । ਤੂੰ ਵੀ ਆਇ ਕੇ ਏਸ ਜਹਾਨ ਉੱਤੇ, ਕਰਲੈ ਕਿਸੇ ਦੇ ਨਾਲ ਕੋਈ ਯਾਰ ਨੇਕੀ । ਰੌਸ਼ਨ ਕਰੇਗੀ ਜੱਗ ਤੇ ਨਾਉਂ ਤੇਰਾ, ਮਰਨ ਪਿੱਛੋਂ ਵੀ ਵਿੱਚ ਸੰਸਾਰ ਨੇਕੀ । ਉਹਦਾ ਜਿਊਂਦਿਆਂ ਮਾਣ ਸਤਕਾਰ ਹੋਵੇ, ਕਿਸੇ ਨਾਲ ਜੋ ਕਰੇ ਪਿਆਰ ਨੇਕੀ । ਤੇਰੀ ਹਾਰ ਸੰਸਾਰ ਵਿਚ ਜਿੱਤ ਹੋਵੇ, ਜੇ ਤੂੰ ਕਰ ਲਏਂ ਗਲੇ ਦਾ ਹਾਰ ਨੇਕੀ। ਗੁਣਵਾਨ ਗੁਣ ਓਸਦਾ ਭੁੱਲਦਾ ਨਹੀਂ, ਕੋਈ ਕਰੇ ਜਿਸ ਨਾਲ ਇਕ ਵਾਰ ਨੇਕੀ। ਕੀਤੀ ਕਿਸੇ ਦੀ ਮੂਰਖ ਭੁਲਾਉਂਦਾ ਏ, ਅਤੇ ਚਾਹੁੰਦਾ ਏ ਬਾਰ ਬਾਰ ਨੇਕੀ । ਉਹਦੀ ਕੀਤੀ ਦਾ ਫੱਲ ਨਹੀਂ ਦੇ ਸਕਦਾ, ਉਹਦੇ ਨਾਲ ਜੇ ਕਰੇ ਹਜ਼ਾਰ ਨੇਕੀ । ਅਕ੍ਰਿਤਘਣ ਸਦਾਂਦੇ ਨੇ ਦੁਨੀਂ ਅੰਦਰ, ਜਿਹੜੇ ਭੁੱਲ ਜਾਵਣ ਗੁਨ੍ਹਾਗਾਰ ਨੇਕੀ । ਜੇ ਕਰ ਕਿਸੇ ਦਾ ਕੁੱਝ ਸੁਆਰਿਆ ਈ, ਉਹਦੇ ਕੋਲ ਨਾ ਨਿੱਤ ਚਿਤਾਰ ਨੇਕੀ । ਕੀਤੀ ਆਪਣੀ ਦਿਲੋਂ ਭੁਲਾ ਛੱਡੀਂ, ਨਾ ਤੂੰ ਕਿਸੇ ਦੀ ਦਿਲੋਂ ਵਿਸਾਰ ਨੇਕੀ । ਤੂੰ “ਸ਼ਮਸ਼ੇਰ” ਭਲਿਆਈ ਦੇ ਕੰਮ ਕਰਲੈ, ਤੇਰੇ ਨਾਲ ਕਰਸੀ ਸਿਰਜਨਹਾਰ ਨੇਕੀ ।

ਗਿੱਧੇ ਦਾ ਘਮਕਾਰ

ਸੁਣ ਵੇ ਚੀਰੇ ਵਾਲਿਆ ਗਭਰੂਆ ਛੈਲ ਛਬੀਲਿਆ ਸ਼ੇਰਾ, ਤੇਰੇ ਬਾਝੋਂ ਘਰ ਵਿਚ ਮੈਨੂੰ ਦਿਸਦਾ ਘੁੱਪ ਅਨ੍ਹੇਰਾ, ਤੈਨੂੰ ਅਖੀਓਂ ਦੂਰ ਕਰਨ ਦਾ ਹੈ ਨ ਮੇਰੇ ਵਿਚ ਜੇਰਾ, ਇਕ ਵਾਰੀ ਤੂੰ ਹਲ ਨੂੰ ਛਡ ਕੇ ਘਰ ਵਲ ਪਾ ਜਾ ਫੇਰਾ, ਹੋ ਰ ਹਾਲੀ ਤਾਂ ਘਰਾਂ ਨੂੰ ਆ ਗਏ ਤੈਂ ਕਿਉਂ ਵਗਲਿਆ ਘੇਰਾ, ਤੈਨੂੰ ਧੁੱਪ ਲਗਦੀ, ਸੜੇ ਕਾਲਜਾ ਮੇਰਾ। ਸੁਣ ਵੇ ਗਭਰੂਆ ਚੀਰੇ ਵਾਲਿਆ ਤੇਰੀ ਸੁੱਖ ਮਨਾਵਾਂ, ਯਾਦ ਕਰਾਂ ਤਾਂ ਭੁਖ ਲਹਿ ਜਾਵੇ, ਵੇਖ ਖੰਨਾਂ ਟੁਕ ਖਾਵਾਂ, ਸਈਆਂ ਦੇ ਵਿਚ ਦਿਲ ਨਹੀਂ ਲਗਦਾ, ਵਾ ਬਣ ਕੇ ਉਡ ਜਾਵਾਂ, ਮਾਂ ਤਾਂ ਮੇਰੀ ਝਿੜਕਾਂ ਦੇਵੇ, ਚਰਖੇ ਤੰਦ ਨ ਪਾਵਾਂ, ਜੇ ਤੂੰ ਆਵੇਂ ਤੇਰੀ ਖ਼ਾਤਰ, ਰੱਤਾ ਪਲੰਘ ਵਿਛਾਵਾਂ, ਤੇਰੇ ਬੰਗਲੇ ਦੀ, ਮੇਮ ਸਾਹਿਬ ਬਣ ਜਾਵਾਂ ਸੁਣ ਵੇ ਗਭਰੂਆ ਚੀਰੇ ਵਾਲਿਆ, ਚੀਰਾ ਰੰਗ ਰੰਗੀਲਾ, ਮਾਰੀ ਤੇਰੇ ਫਿਕਰਾਂ, ਮੇਰਾ ਰੰਗ ਹੋ ਗਿਆ ਪੀਲਾ, ਸੱਸ ਕੁਪੱਤੀ ਤਾਹਨੇ ਮਾਰੇ, ਸੁਕ ਸੁਕ ਹੋ ਗਈ ਤੀਲਾ, ਦਿਲ ਦੀਆਂ ਕਿਸ ਨੂੰ ਖੋਲ੍ਹ ਸੁਣਾਵਾਂ, ਸਹੁਰੀਂ ਉਠ ਗਈ ਸ਼ੀਲਾ, ਵੇ ਮੈਂ ਬੀਤ ਗਈ, ਛੇਤੀ ਕਰ ਲੈ ਹੀਲਾ

ਅੱਜ

ਅਜ ਅੱਜ ਦਾ ਹੀ ਦਿਨ ਹੈ, ਭਲਕੇ ਨਹੀਂ ਥਿਔਣਾ। ਇਹ ‘ਅੱਜ’ ਉਮਰ ਸਾਰੀ, ਮੁੜਕੇ ਨਹੀਂ ਜੇ ਔਣਾ। ਅਜ ਕੰਮ ਜੋ ਹੈ ਕਰਨਾ, ਭਲਕੇ ਨ ਹੋ ਸਕੇਗਾ, ਅਜ ਵਾਂਗ ਕੰਮ ਅਜ ਦਾ, ਹੈ ਅੱਜ ਦਾ ਪਰਹੁਣਾ । ਅਜ ਦਾ ਜੋ ਕੰਮ ਕਲ੍ਹ ਤੇ, ਛਡਦੇ ਨੇ ਭੁੱਲ ਕਰ ਕੇ, ਆਖ਼ਰ ਨੂੰ ਓਨ੍ਹਾਂ ਨੂੰ ਹੀ, ਪੈਂਦਾ ਏ ਪੱਛੋਤੌਣਾ। ‘ਭਲਕੱ ਭੁਲੇਖੜਾ ਹੈ, ਅਜ ਹੈ ਅਖਾਂ ਦੇ ਅੱਗੇ, ਇਸ ਅੱਜ ਨੂੰ ਗੁਆਣਾ, ਹੈ ਜ਼ਿੰਦਗੀ ਗਵੌਣਾ । ਅਜ ਜਿਹੜੇ ਟੁਰ ਪਏ ਨੇਂ, ਜਿੰਨ੍ਹਾਂ ਹੈ ਭਲਕੇ ਟੁਰਨਾਂ, ਧਰਤੀ ਅਕਾਸ਼ ਮਿਲਨਾਂ, ਹੈ ਉਨ੍ਹਾਂ ਦਾ ਮਿਲੌਣਾ । ਅਜ ਹੀ ਚਿਤੰਨ ਹੋਜਾ ‘ਸ਼ਮਸ਼ੇਰ’ ਘੌਲ ਨਾ ਕਰ, ਅਜ ਨੂੰ ਗੁਆਕੇ ਹੱਥੋਂ, ਕਲ੍ਹ ਹੈ ਜੰਜਾਲ ਪੌਣਾ ।

ਬਸੰਤ

ਵੇਖ ਨੀਂ ਸ਼ਾਂਤੀ, ਸ਼ਾਂਤੀ ਆਂਵਦੀ, ਬਾਗ਼ ਵਿਚ ਵੇਖਿ ਬਹਾਰ ਬੇ-ਅੰਤ ਦੀ ਆਓ ਨੀਂ ਚੱਲੀਏ ਬਾਗ਼ ਦੀ ਸੈਰ ਨੂੰ, ਫੁੱਲਾਂ 'ਚ ਵੇਖੀਏ ਸ਼ਾਨ ਭਗਵੰਤ ਦੀ । ਬੋਲਦੇ ਮੋਰ ਚਕੋਰ ਚਊਕਦੇ, ਗੂੰਜਦੇ ਭੌਰ ਰੂਹ ਖਿੜੀ ਫੁਲਵੰਤ ਦੀ । ਬੁਲਬੁਲਾਂ ਬੋਲੀਆਂ ਕੋਇਲਾਂ ਕੂਕੀਆਂ, ਕੁਮਰੀਆਂ ਦਸਦੀਆਂ ਸ਼ਾਨ ਬਸੰਤ ਦੀ। ਵੇਖਿ ਔਹ ! ਕਿਸਤਰ੍ਹਾਂ ਫੁੱਲ ਸਤਵਰਗ ਦੇ, ਹੱਸ ਹਸ ਅਸਾਂ ਨੂੰ ਅੱਖੀਆਂ ਮਾਰਦੇ । ਸਰੂ ਸਹੇਲੀਏ ਚੁੱਪ ਚੁਪੀਤੜੇ, ਵੇਖ ਨੀਂ ਸਾਡੜੀ ਨਕਲ ਉਤਾਰਦੇ । ਮੋਤੀਆ ਕਿਸ ਤਰ੍ਹਾਂ ਦੰਦੀਆਂ ਕੱਢਦਾ, ਗੇਂਦਾ ਗੁਲਾਬ ਨੇਂ ਕਿਵੇਂ ਵੰਗਾਰਦੇ । ਨਹੀਂ ਨੀ ! ਵੇਖ ਤੂੰ ਭੌਰ ਤੇ ਬੁਲਬੁਲਾਂ, ਗਾਉਂਦੇ ਫਿਰਨ ਸੁਹਾਗ ਬਹਾਰਦੇ । ਵੇਖ ਨੀ ! ਕਲੀਆਂ ਕੱਲੀਆਂ ਕੱਲੀਆਂ, ਕਿਵੇਂ ਚੰਬੇਲੀਏ ਚਾਂਬੜਾਂ ਪੌਂਦੀਆਂ । ਹੈ ਕਿ ਨਹੀਂ ਏਹ ਆਪਣੇ ਆਪ ਵਿਚ, ਗੈਂਡੇ ਰਵੇਲ ਨੂੰ ਕਿਵੇਂ ਸ਼ਰਔਂਦੀਆਂ। ਵੇਖ ਨੀ ਕੁੜੇ ! ਔਹ ਚਿੱਤ-ਮਚਿੱਤੀਆਂ, ਤਿਤਲੀਆਂ ਕਿਸ ਤਰ੍ਹਾਂ ਇਨ੍ਹਾਂ ਤੇ ਭੌਂਦੀਆਂ । ਖ਼ਬਰ ਨਹੀਂ, ਇਨ੍ਹਾਂ ਨੂੰ ਇਹੋ ਕੁਝ ਆਖ ਕੇ, ਚੁੱਪ ਚੁਪੀਤੀਆਂ ਤਾਈਂ ਹਸੌਂਦੀਆਂ । ਹਰੇ ਹਰਿਆਵਲੇ ਖੇਤ ਨੇ ਕਿਸ ਤਰ੍ਹਾਂ, ਲਹਿਲਹਾਉਂਦੇ ਜੀਉ ਪਰਚਾਉਂਦੇ, ਸਰ੍ਹੋਂ ਤੇ ਤੋਰੀਆ ਜ਼ਿਦੋ ਜ਼ਿਦੀ ਫੁਲੇ, ਤਾਰੇ ਮੀਰੇ ਉਤੇ ਰੋਅਬ ਨੇਂ ਪਾਉਂਦੇ। ਛੋਲੇ ਭੀ ਸੋਸਨੀਂ ਫੁੱਲਾਂ ਨੂੰ ਕੱਢਕੇ, ਹਾਲਿਓਂ ਕੋਲੋਂ ਨੇਂ ਅੱਖ ਚੁਰਾਉਂਦੇ । ਕਣਕਾਂ ਬੱਲੀਆਂ ਬੁੱਕਲੀਂ ਲੈ ਲਈਆਂ, ਜਿਵੇਂ ਕੋਈ ਪਾਲਿਓਂ ਬਾਲ ਬਚਾਉਂਦੇ । ਧਰਤੀ ਤੇ ਲੋੜ ਕੋਈ ਹੁਸਨ ਦਾ ਆ ਗਿਆ, ਘਾਅ ਨੇ ਤਿੜਾਂ ਚ ਲੰਬੀਆਂ ਕੱਢੀਆਂ । ਨਿੰਬੂਆਂ ਅੰਬਾਂ ਨੂੰ ਬੂਰ ਪਿਆ ਸੋਹਣਾ, ਬੋਹੜਾਂ ਪਿੱਪਲਾਂ ਪੱਤੀਆਂ ਕੱਢੀਆਂ। ਰੂਪ ਹੈ ਛਾਇਆ ਹਰ ਇਕ ਰੁੱਖ ਤੇ, ਸੁਅੰਜਣੇ ਕਿਵੇਂ ਕਰੂੰਮਲਾਂ ਛੱਡੀਆਂ । ਆ ਨੀਂ ਬਿੰਮਲਾ ! ਵੇਖ ਸ਼ਹਿਤੂਤ ਨੂੰ, ਤੂਤੀਆਂ ਕੇਡੀਆਂ ਵੱਡੀਆਂ ਵੱਜੀਆਂ। ਆਓ ਸਹੇਲੀਓ ਚੱਲੀਏ ਘਰਾਂ ਨੂੰ, ਗੁੱਸੇ ਨ ਹੋ ਜਾਏ ਸੱਸ ਸਤਵੰਤ ਦੀ। ਹੋਰ ਨਾ ਸੈਰ ਥਾਂ ਰੇੜ੍ਹਕਾ ਪਾ ਲਈਏ, ਦੁਖੀ ਨ ਹੋ ਜਾਏ ਬਹੂ ਕੁਲਵੰਤ ਦੀ । ਦਫ਼ਤਰੋਂ ਆਣਗੇ ਬੜੇ ਘਬਰਾਣਗੇ, ਸ਼ਾਂਤੀ ਆਗਿਆ ਲਈ ਨਹੀਂ ਕੰਤ ਦੀ। ਕਰੋ ਅਰਦਾਸ “ਸ਼ਮਸ਼ੇਰ" ਇਹ ਸਾਰੀਆਂ, ਮੌਲਦੀ ਰਹੇ ਇਹ ਰੁੱਤ ਬਸੰਤ ਦੀ

ਖ਼ਿਜ਼ਾਂ

ਲੱਖ ਵਾਰ ਇਸ ਹੁਸਨ ਦੇ ਬਾਗ਼ ਵਿੱਚੋਂ, ਵਰਜ ਵਰਜ ਥਕੇ ਸਾਂ ਬੌਰਿਆਂ ਨੂੰ । ਭੁੱਲ ਗਏ ਇਹ ਹੁਸਨ ਖੁਸ਼ਬੋ ਉੱਤੇ, ਰਹੀ ਸੁਰਤ ਨਾ ਇਨ੍ਹਾਂ ਲਟ-ਬੌਰਿਆਂ ਨੂੰ । ਬੱਝ ਗਏ ਇਹ ਇਸ਼ਕ ਦੀ ਤਾਰ ਅੰਦਰ, ਜਾਰੀ ਕਰ ਲਿਆ ਵਸਲ ਦੇ ਦੌਰਿਆਂ ਨੂੰ । ਨਹੀਂ ਸੀ ਜਾਣਦੇ ਇਸ਼ਕ ਕਮਾਣ ਵਾਲੇ, ਇਨ੍ਹਾਂ ਦੁੱਖਾਂ ਤਕਲੀਫ਼ਾਂ ਦੇ ਖੌਰਿਆਂ ਨੂੰ । ਭੁੱਲ ਗਈਆਂ ਸੀ ਫੁੱਲਾਂ ਦੇ ਪ੍ਰੇਮ ਅੰਦਰ, ਕੋਇਲਾਂ ਕੁਮਰੀਆਂ ਕੱਕਰਾਂ ਕੋਰਿਆਂ ਨੂੰ । ਆਈ ਖਿ਼ਜ਼ਾਂ, ਬਹਾਰ ਹੈ ਵਿਦਾ ਹੋਈ, ਰੋਣਾਂ ਦੇ ਗਈ ਬੁਲਬੁਲਾਂ ਭੌਰਿਆਂ ਨੂੰ ।

ਹੁਸਨ

ਐ ਹੁਸਨ ! ਤੂੰ ਬਾਦਸ਼ਾਹ ਸੰਸਾਰ ਦਾ । ਸੁਹਜ ਹੈਂ ਕੁਦਰਤ 'ਦੀ ਇਸ ਗੁਲਜ਼ਾਰ ਦਾ । ਨੂਰ ਤੇਰਾ ਜਿਸ ਦੇ ਮੂੰਹ ਤੇ ਵਸ ਜਾਏ, ਮਾਣ ਹੋ ਉਸ ਗੱਭਰੂ ਮੁਟਿਆਰ ਦਾ । ਆਸ਼ਕਾਂ ਨੇ ਸਿਰ ਤਲੀ ਤੇ ਰੱਖਕੇ, ਪੁੱਛਿਆ ਭਾਉ ਹੈ ਤਿਰੇ ਬਾਜ਼ਾਰ ਦਾ । ਪੈ ਗਈ ਛਾਂਓਂ-ਹੁਮਾ ਜਿਸ ਤੇ ਤਿਰੀ, ਚੱਲਿਆ ਸਿੱਕਾ ਉਸੇ ਸਰਕਾਰ ਦਾ । ਬੁਲਬੁਲਾਂ ਨੂੰ ਮੋਹ ਲਿਆ ਸ਼ੋਖ਼ੀ ਤਿਰੀ, ਭੌਰ ਵੀ ਤੈਥੋਂ ਏਂ ਜਿੰਦੜੀ ਵਾਰਦਾ । ਸੜ ਰਹੇ ਭੰਬਟਾਂ ਨੇਂ ਵੀ ਹੈ ਇਉਂ ਕਿਹਾ: ਠਾਰਦਾ ਏ ਦਿਲ, ਹੁਸਨ ਦਿਲਦਾਰ ਦਾ । ਸਭ ਦਿਲਾਂ ਦੇ ਵਿਚ ਹੈ ਇੱਜ਼ਤ ਤਿਰੀ, ਮੰਤ੍ਰ ਵੀ ਤੂੰ ਹੈਂ ਹਰਿਕ ਤੇ ਮਾਰਦਾ । ਜ਼ੁਲਫ ਨਾਗਣ ਵਿੱਚ ਵੀ ਤੂੰ ਹੀ ਵਸੇਂ, ਅੱਖੀਆਂ ਵਿਚ ਡਲ੍ਹਕ ਤੂੰ ਵੰਗਾਰਦਾ । ਚੌਹੀਂ ਬੰਨੀਂ ਰਾਜ-ਧਾਨੀ ਹੈ ਤਿਰੀ, ਮਾਣ ਹੈ ਤੈਨੂੰ ਤਿਰੇ ਸਤਕਾਰ ਦਾ । ਜਿਸ ਦੇ ਉਤੇ ਚਾਹੇ ਜੀ ਤੂੰ ਵਾਹ ਦਏਂ, ਕੌਣ ਮੂੰਹ ਮੋੜੇ ਤਿਰੀ ਤਲਵਾਰ ਦਾ। ਹੋਣਗੇ ਆਸ਼ਕ ਬਥੇਰੇ ਰੱਬ ਦੇ, (ਪਰ) ਇਸ਼ਕ ਗੋਲਾ ਹੈ ਤਿਰੇ ਦਰਬਾਰ ਦਾ । ਕੀ ਸੀ ਜੇ ‘ਸ਼ਮਸ਼ੇਰੱ ਤੇ ਵੀ ਬਹੁੜਦੋਂ, ਇਹ ਵੀ ਸੀ ਭਿਖਸ਼ੂ ਤਿਰੇ ਭੰਡਾਰ ਦਾ ।

ਗ਼ੁਲਾਮੀ ਦੇ ਦਾਗ਼

ਭਗਤੀ ਸਿਦਕ ਪਰੇਮ ਬਿਨ ਨਹੀਂ ਹੁੰਦੀ, ਗੁਰ ਬਿਨ ਨਾਸ ਹੁੰਦੇ ਭਰਮ ਦਿੱਲ ਦੇ ਨਹੀਂ । ਦਿੱਲ ਦਿੱਤਿਆਂ ਬਾਝ ਨਹੀ ਦਿੱਲ ਮਿਲਦੇ, ਬੇੜੇ ਬਾਝ ਮਲਾਹ ਦੇ ਠਿੱਲ੍ਹਦੇ ਨਹੀਂ। ਫੁੱਲ ਖਿੜੇ ਬਿਨ ਵਾਸ਼ਨਾਂ ਨਹੀਂ ਹੁੰਦੀ, ਹਵਾ ਬਾਝ ਗੁੰਚੇ ਕਦੀ ਖਿਲਦੇ ਨਹੀਂ । ਫੱਟ ਤੀਰ ਤਲਵਾਰ ਦੇ ਮਿਲ ਜਾਂਦੇ, ਕਦੀ ਬੋਲੀਆਂ ਦੇ ਘਾਉ ਮਿੱਲਦੇ ਨਹੀਂ। ਬੋਲੀ ਅਣਖ ਬਾਝੋਂ ਕਦੀ ਚੁੱਭਦੀ ਨਹੀਂ, ਅੱਲੇ ਘਾਉ ਨਹੀਂ ਫੇਰ ਲਕੋ ਹੁੰਦੇ । ਲੱਗੇ ਹੋਏ ਗ਼ੁਲਾਮੀ ਦੇ ਦਾਗ਼ ਮੱਥੇ, ਅਣਖੀ ਲਹੂ ਦੇ ਬਾਝ ਨਹੀਂ ਧੋ ਹੁੰਦੇ ।

ਖ਼ੁਦ ਗ਼ਰਜ਼ ਦੁਨੀਆਂ

ਚਲ ਨਿੱਕਲ ਤੂੰ ‘ਸ਼ਮਸ਼ੇਰ'' ਕਿਤੇ, ਇਸ ਦੁਨੀਆਂ ਦੇ ਖਪਖਾਨੇਂ ਚੋਂ; ਏਥੇ ਕੋਈ ਕਦਰ ਸ਼ਨਾਸ ਨਹੀਂ, ਇਸ ਤੇਰੇ ਇਸ਼ਕ ਨਗੀਨੇਂ ਦੀ। ਇਹ ਸਾਰੀ ਹੈ ਜੇ ਮਤਲਬ ਦੀ, ਤੇਰਾ ਕੋਈ ਹਮਦਰਦ ਨਹੀਂ; ਐਵੇਂ ਪਏ ਜਫੀਆਂ ਪਾਂਦੇ ਨੇਂ, ਕੋਈ ਸਿੱਕ ਨਹੀਂ ਜੋ ਸੀਨੇਂ ਦੀ। ਇਸ ਦੋਜ਼ਖ਼ੀਆਂ ਦੀ ਦੁਨੀਆਂ ਚੋਂ, ਚਲ ਪਰੇ ਪਰੇਰੇ ਉਠ ਚਲੀਏ; ਏਹਨਾ ਤੋਂ ਲੜ ਛੁਡਵਾ ਲਈਏ, ਜੇ ਲੋੜ ਮਹਾਂ-ਰਸ ਪੀਣੇ ਦੀ। ਇਹ ਮਾਇਆਧਾਰੀ ਬੋਲੇ ਨੇਂ, ਪਰ ਮਤਲਬ ਦੀ ਗਲ ਸੁਣਦੇ ਨੇਂ, ਉਞ ਰਾਹ ਕਬਰਾਂ ਦੇ ਪਾਂਦੇ ਨੇਂ, ਪਰ ਦਸਦੇ ਸੜਕ ਮਦੀਨੇ ਦੀ। ਇਹ ਧੋਖੇਬਾਜ਼ ਮਦਾਰੀ ਨੇਂ, ਹਰ ਥਾਂ ਹਥ-ਫੇਰੀ ਕਰਦੇ ਨੇਂ, ਵੇਖਣ ਨੂੰ ਚਿੱਟੇ ਬਗਲੇ ਨੇਂ, ਝਟ ਤੋੜਨ ਲਗੀ ਧੁਰੀਨੇਂ ਦੀ । ਇਸ ਦੁਨੀਆਂ ਦੇ ਨੇਂ ਲੋਕ ਬੁਰੇ, ਹੱਥਾਂ ਤੇ ਸਰ੍ਹੋਂ ਜਮਾਂਦੇ ਨੇ, ' ਸੰਢੇ ਦਾ ਛੇਲਾ ਦਸਦੇ ਨੇ, ਫਿਰ ਆਖਣ ਗੱਲ ਯਕੀਨੇਂ ਦੀ। ਇਹ ਗ਼ਰਜ਼ ਪਿਛੇ ਆ ਬੂਹੇ ਤੇ, ਸੌ ਵਾਰੀ ਨੱਕ ਰਗੜਦੇ ਨੇਂ, ਪਰ ਵਕਤ ਲੰਘੇ ਤੋਂ ਪਿੱਛੋਂ ਤਾਂ, ਇਕ ਮੁਠ ਨਹੀਂ ਦੇਂਦੇ ਚੀਣੇਂ ਦੀ। ਇਹ ਜਾਂ ਡੰਡੇ ਦੇ ਸੇਵਕ ਨੇਂ, ਤੇ ਜਾਂ ਮਾਇਆ ਦੇ ਚੇਲੇ ਨੇਂ, ਇਸ ਦੁਨੀਆਂ ਵਿਚ ਕੋਈ ਸੁਣਦਾ ਨਹੀਂ, ਗਲ ਜ਼ੱਰ ਜ਼ੋਰ ਤੋਂ ਹੀਣੇਂ ਦੀ। ਹਰਿਆਵਲ ਵੇਖ ਨ ਭੁਲ ਜਾਈਂ, ਇਹ ਸੱਭੋ ਸਿੰਬਲ ਰੁਖੜੇ ਨੇਂ, ਤੂੰ ਚੰਦਨ ਦੀ ਕਰ ਭਾਲ਼ ਕਿਤੇ, ਛਡ ਸ਼ੁਹਬਤ ਜਗਤ ਕਮੀਨੇਂ ਦੀ। ਕਰ ਬੰਦ ਗ਼ਜ਼ਲ ਹੁਣ ਦੁਨੀਆਂ ਦੀ, ਇਸ਼ਕੇ ਦਾ ਗਾਹਕ ਬਣਿਆ ਰਹੁ, ਬਸ ਅੱਲਹੁ ਅਲਹੁ ਕਰਦਾ ਰਹੁ, ਮਿਲ ਪੌਸੀ ਰਾਹ ਰੰਗੀਨੇਂ ਦੀ।

ਬਚ ਕੇ ਰਹੁ

ਜੀਵਨ-ਪੰਧ ਦੇ ਛੋਹਲਿਆ ਰਾਹੀਆ ਵੇ, ਫੋਕੇ ਮਜ਼ਬ ਦੀ ਖ਼ਾਰ ਤੋਂ ਬੱਚ ਕੇ ਰਹੁ । ਤੇਰੀ ਤੇਜ਼ੀ ਦੇ ਖੰਭ ਨ ਸਾੜ ਸੁੱਟੇ, ਏਸ ਭੜਕਦੀ ਨਾਰ ਤੋਂ ਬੱਚ ਕੇ ਰਹੁ। ਤੇਰੀਆਂ ਫੁਰਤੀਆਂ ਏਸ ਨੂੰ ਭਾਂਦੀਆਂ ਨਹੀਂ, ਏਹਦੇ ਹੋਛੇ ਹਥਿਆਰ ਤੋਂ ਬੱਚ ਕੇ ਰਹੁ । ਤੇਰੀ ਰੱਤ ਚੋਂ ਏਸ ਨੇ ਰੰਗਿਆ ਏ, ਏਹਦੇ ਸੂਹੇ ਸ਼ਿੰਗਾਰ ਤੋਂ ਬੱਚ ਕੇ ਰਹੁ । ਦਗੇ-ਬਾਜ਼ ਜ਼ਮਾਨਾਂ ਈ ਸੋਹਣਿਆਂ ਦਾ, ਏਸ ਭਖਦੇ ਅੰਗਿਆਰ ਤੋਂ ਬੱਚ ਕੇ ਰਹੁ । ਕੰਮ ਕਿਸੇ ਦੇ ਆਉਣ ਦੀ ਚਾਹ ਰੱਖੀਂ, ਪਰ ਦੋ-ਮੂੰਹੇਂ ਸੰਸਾਰ ਤੋਂ ਬੱਚ ਕੇ ਰਹੁ ।

ਨੇਕ ਸਲਾਹ

ਓ ਗ਼ਰੀਬ ਕਿਰਸਾਨ ਮਜੂਰਾ ! ਵੇਖੀਂ ਖੰਭ ਖੁਹਾ ਬਹਿੰਦਾ। ਮਹਿਲ ਮਾੜੀਆਂ ਤੱਕ ਕਿਸੇ ਦੀਆਂ, ਕੁੱਲੀ ਅਪਣੀ ਢਾ ਬਹਿੰਦਾ। ਤੇਰੇ ਵਿੱਚ ਮਸਾਂ ਹੈ ਤਾਕਤ, ਕਿਰਤ ਕਮਾ ਕੇ ਖਾਵਣ ਦੀ, ਵੇਖੀਂ ਆਖੇ ਲੱਗ ਕਿਸੇ ਦੇ, ਭਾਰ ਕਰਜ਼ ਦਾ ਚਾ ਬਹਿੰਦਾ। ਤੂੰ ਭੋਲਾ ਸ਼ੈਤਾਨ ਜ਼ਮਾਨਾਂ, ਬਚ ਕੇ ਰਹੁ ਖ਼ੁਦਗ਼ਰਜ਼ਾਂ ਤੋਂ, ਸੰਭਲ ! ਚੜ੍ਹ ਕੇ ਹੱਥ ਕਿਸੇ ਦੇ, ਅਪਣਾ ਸਿਰ ਪੜਵਾ ਬਹਿੰਦਾ। ਮਿੱਸੀ ਰੋਟੀ, ਗੰਢਾ, ਲੱਸੀ, ਤੇਰੇ ਲਈ ਬਸ ਅਮਰਿਤ ਹੈ, ਵੇਖੀਂ ! ਵਿਸਕੀ ਰੰਮ ਪੀਣ ਲਈ, ਚਾਰ ਸਿਆੜ ਗੁਆ ਬਹਿੰਦਾ । ਚੰਗਾ ਏ ਜੇ ਕਣਕ ਗੋਜੂਆ, ਢਿੱਡ ਭਰਨ ਲਈ ਜੁੜਦਾ ਰਹੇ, ਵੇਖੀਂ ! ਬਿਸਕੁਟ ਆਂਡੇ ਖਾ ਕੇ, ਢਿੱਡੀਂ ਪੀੜਾਂ ਪਾ ਬਹਿੰਦਾ। ਪੋਹ ਮਾਘ ਵਿਚ ਪਾਲਾ-ਠੱਲੂ, ਖੇਸ ਰਜਾਈ ਚੰਗੇ ਨੇ, ਕੋਟ, ਧੁਸੇ ਦੇ ਫ਼ਿਕਰ 'ਚ ਵੇਖੀਂ, ਵਾਧੂ ਕਾਂਬਾ ਲਾ ਬਹਿੰਦਾ। ਦੁਨੀਆਂਦਾਰੀ ਦੇ ਰਾਹ ਵਿਚ, “ਸ਼ਮਸ਼ੇਰ” ਸਿਆਣਾ ਬਣ ਕੇ ਰਹੁ, ਵੇਖੀਂ ! ਨੱਕ ਰਖਣ ਦੀ ਹੁੱਬ 'ਚ, ਸਿਰ ਤੋਂ ਪੱਗ ਲੁਹਾ ਬਹਿੰਦਾ।

ਗੀਤ : ਚਲ ਪ੍ਰੀਤਮ ਦੇ ਦੇਸ

ਚਲ ਪ੍ਰੀਤਮ ਦੇ ਦੇਸ਼ ਨੀ ਸਖੀਏ ਚਲ ਪ੍ਰੀਤਮ ਦੇ ਦੇਸ । ਸੁੰਞਾ ਦਿਸਦਾ ਚਾਰ ਚੁਫੇਰਾ, ਓਸ ਪੀਆ ਦੀ ਯਾਦ 'ਚ ਮੇਰਾ, ਜੋਗਣ ਵਾਲਾ ਵੇਸ, ਨੀ ਸਖੀਏ, ਚਲ ਪ੍ਰੀਤਮ ਦੇ ਦੇਸ । ਮੈਂ ਹਾਂ ਉਸ ਦੀ ਯਾਦ 'ਚ ਰੋਗਣ, ਲੋਕੀ ਮੈਨੂੰ ਕਹਿਣ ਵਿਜੋਗਣ, ਖੁੱਲ੍ਹੇ ਮੇਰੇ ਕੇਸ, ਨੀ ਸਖੀਏ, ਚਲ ਪ੍ਰੀਤਮ ਦੇ ਦੇਸ। ਬਿਹਬਲ ਹੋਵਾਂ ਛਮ ਛਮ ਰੋਵਾਂ, ਹੰਝੂਆਂ ਦੇ ਮੈਂ ਹਾਰ ਪਰੋਵਾਂ, ਪੀਆ ਗਏ ਪਰਦੇਸ, ਨੀ ਸਖੀਏ, ਚਲ ਪ੍ਰੀਤਮ ਦੇ ਦੇਸ ।

ਮੈਂ ਤੇ ਫੁੱਲ

ਮੈਂ:- ਸੀਨੇ ਨਾਲ ਲਗਾਵਣ ਖਾਤਰ, ਮੈਂ ਤੈਂ ਵਲ ਹਥ ਕੀਤਾ । ਹਾਇ ਬੇ-ਦਰਦਾ ਫੁੱਲਾ ਅੱਗੋਂ, (ਤੈਂ) ਉਂਗਲੀ ਦਾ ਲਹੂ ਪੀਤਾ। ਕਦਰ ਨ ਪਾਈ ਪ੍ਰੇਮ ਮਿਰੇ ਦੀ, ਹੁਸਨ ਹੰਕਾਰ 'ਚ ਮੱਤਿਆ; ਸੁਹਣਿਆਂ ਵਿਚ ਖੁਟਿਆਈ ਹੁੰਦੀ, ਇਹ ਸਬਕ ਮੈਂ ਤੈਥੋਂ ਲੀਤਾ । ਫੁੱਲ:-- ਗੁੱਸੇ ਨਾ ਹੋ ਵੀਰਾ ਮੈਥੋਂ, ਮੈਂ ਨਹੀਂ ਜ਼ੁਲਮ ਕਮਾਇਆ । ਨਾ ਅਪਮਾਨ ਕੀਤਾ ਏ ਤੇਰਾ, (ਤੇ) ਨਾ ਮੈਂ ਡੰਗ ਚਲਾਇਆ । ਮੈਂ ਹਸਿਆ ਸਾਂ ਤੈਨੂੰ ਤੱਕ ਕੇ, ਤੂੰ ਸੈਂ ਤੋੜਨ ਲੱਗੋਂ; ਨਾ ਤੋੜੀਂ, ਨਾ ਤੋੜੀਂ, ਕਹਿ ਕੇ, ਰਾਖੇ ਚੋਭਾ ਲਾਇਆ।

ਨੀਤੀ ਬਚਨ

ਸੁਣ “ਸ਼ਮਸ਼ੇਰ’ ਨੀਵੇਂ ਹੋ ਕੇ ਵੀ ਨਾ ਰਹਿਣਾ ਚੰਗਾ, ਜਿਹੜਾ ਤੈਥੇ ਵਾਰ ਕਰੇ ਉਹਦੇ ਉੱਤੇ ਵਾਰ ਕਰ। ਪਿੱਠ ਪਿੱਛੇ ਜਿਹੜਾ ਤੈਨੂੰ ਠੂੰਗਾਂ ਚੁੰਝਾਂ ਮਾਰਦਾ ਏ, ਉਹਨੂੰ ਭਰੀ ਸਭਾ ਵਿਚ ਖਜਲ ਖੁਆਰ ਕਰ। ਜਿਹੜਾ ਤੈਨੂੰ ਇੱਟ ਮਾਰੇ, ਮਾਰ ਉਹਨੂੰ ਪੱਥਰ ਤੂੰ, ਜਿਹੜਾ ਤੇਰੀ ਇੱਕ ਕਰੇ ਉਹਦੀ ਤੂੰ ਹਜ਼ਾਰ ਕਰ। ਜਿਹੜਾ ਤੈਨੂੰ ਜਾਣਦਾ ਨਹੀਂ ਉਹਦੇ ਬਾਪ ਨੂੰ ਨਾ ਜਾਣ, ਜਿਹੜਾ ਤੈਨੂੰ ਪ੍ਰੇਮ ਕਰੇ ਉਹਨੂੰ ਤੂੰ ਪਿਆਰ ਕਰ। ਜਿਹੜਾ ਤੈਨੂੰ ਗਾਲ ਕੱਢੇ ਓਹਨੂੰ ਗਾਲ ਨ ਤੂੰ ਕੱਢ, ਫੜ ਕੇ ਗਲੋਟੇ ਵਾਂਗ ਉਂਞ ਤਾਰ ਤਾਰ ਕਰ । ਜਿਹੜਾ ਕੌੜੀ ਅੱਖ ਤੱਕੇ ਉਹਨੂੰ ਕੌੜੀ ਔਖ ਤੱਕ, ਜਿਹੜਾ ਸਤਕਾਰ ਕਰੇ ਉਹਦਾ ਸਤਕਾਰ ਕਰ। ਜਿਹੜਾ ਤੈਨੂੰ ਵੀਰ ਆਖੇ ਉਹਨੂੰ ਵੀਰ ਵੀਰ ਆਖ, ਓਏ ਕਹਿਣ ਵਾਲੇ ਨਾਲ ਮਿੰਟ ਨਾ ਹੁਦਾਰ ਕਰ । ਕਿਸੇ ਦੀ ਮੁਛੰਦਗੀ ਤੇ ਝੇਪ ਕੀ ਏ ਤੈਨੂੰ ਦੱਸ ? ਜਿਹੜਾ ਤੈਨੂੰ ਪ੍ਰੇਮ ਕਰੇ ਉਹਨੂੰ ਤੂੰ ਪਿਆਰ ਕਰ।

ਨੀਂਦ ਨੂੰ

ਆ ਨੀਂ ਨੀਂਦੇ ! ਛੇਤੀ ਆ ਜਾ, ਸੁਪਨੇ ਵਿਚ ਸ਼ਹੁ ਪਾਵਾਂ । ਚਿਰ ਦੇ ਵਿਛੜੇ ਪ੍ਰੀਤਮ ਜੀ ਨੂੰ, ਨਾਲ ਕਲੇਜੇ ਲਾਵਾਂ । ਨਾ ਅਖ ਖੁੱਲ੍ਹੇ, ਨਾ ਸੁਪਨਾ ਜਾਵੇ, ਨਾ ਪ੍ਰੀਤਮ ਜੀ ਵਿਛੜਨ; ਰਾਤ ਹਯਾਤੀਓਂ ਲੰਬੀ ਹੋਵੇ, ਦਿਲ ਦੀਆਂ ਸਧਰਾਂ ਲਾਵ੍ਹਾਂ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕਰਤਾਰ ਸਿੰਘ ਸ਼ਮਸ਼ੇਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ