Akkh Kashni : Shiv Kumar Batalvi
ਅੱਖ ਕਾਸ਼ਨੀ : ਸ਼ਿਵ ਕੁਮਾਰ ਬਟਾਲਵੀ
ਨੀ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਏ ਨੇ ਮਾਰਿਆ
ਨੀ ਸ਼ੀਸ਼ੇ 'ਚ ਤਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦ ਮਾਰਿਆ
ਇਕ ਮੇਰਾ ਦਿਉਰ ਨਿੱਕੜਾ
ਭੈੜਾ ਘੜੀ ਮੁੜੀ ਜਾਣ ਕੇ ਬੁਲਾਵੇ
ਖੇਤਾਂ 'ਚੋਂ ਝਕਾਣੀ ਮਾਰ ਕੇ
ਲੱਸੀ ਪੀਣ ਦੇ ਬਹਾਨੇ ਆਵੇ
ਨੀ ਉਹਦੇ ਕੋਲੋਂ ਸੰਗਦੀ ਨੇ
ਅਜੇ ਤੀਕ ਵੀ ਨਾ ਘੁੰਡ ਨੂੰ ਉਤਾਰਿਆ
ਨੀ ਇਕ ਮੇਰੀ ਅੱਖ ਕਾਸ਼ਨੀ…।
ਦੂਜੀ ਮੇਰੀ ਸੱਸ ਚੰਦਰੀ
ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ
ਗੱਲੇ ਕੱਥੇ ਵੀਰ ਪੁਣਦੀ
ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ
ਨੀ ਰੱਬ ਜਾਣੇ ਤੱਤੜੀ ਦਾ
ਕਿਹੜਾ ਲਾਚੀਆਂ ਦਾ ਬਾਗ ਮੈਂ ਉਜਾੜਿਆ
ਨੀ ਇਕ ਮੇਰੀ ਅੱਖ ਕਾਸ਼ਨੀ…।
ਤੀਜਾ ਮੇਰਾ ਕੰਤ ਜਿਵੇਂ
ਰਾਤ ਚਾਨਣੀ 'ਚ ਦੁੱਧ ਦਾ ਕਟੋਰਾ
ਨੀ ਫਿੱਕੜੇ ਸੰਧੂਰੀ ਰੰਗ ਦਾ
ਉਹਦੇ ਨੈਣਾਂ ਦਾ ਸ਼ਰਾਬੀ ਡੋਰਾ
ਨੀ ਲਾਮਾਂ ਉੱਤੋਂ ਪਰਤੇ ਲਈ
ਨੀ ਮੈਂ ਬੂਰੀਆਂ ਮੱਝਾਂ ਦਾ ਦੁੱਧ ਕਾੜ੍ਹਿਆ
ਨੀ ਇਕ ਮੇਰੀ ਅੱਖ ਕਾਸ਼ਨੀ…।