ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ ਪੱਤਝੜ ਦੀ ਬੰਸਰੀ ਤੇ ਦੂਸਰੀ ਬਲ਼ਦੀਆਂ ਮਸ਼ਾਲਾਂ ਤੇ ਹਨ੍ਹੇਰੇ ਸੀ। ਤੀਸਰੀ ਵਕਤ ਦੇ ਸਫ਼ੇ ਤੇ ਸੀ। ਚੌਥੀ ਕਿਤਾਬ ਦਾ ਖਰੜਾ ਤਿਆਰ ਕਰਕੇ ਉਹ ਬੀਮਾਰ ਹੋ ਗਿਆ। ਲੋਕ ਸਾਹਿੱਤ ਅਕਾਡਮੀ ਦੇ ਸਮਾਗਮ ਤੇ ਮੋਗਾ ਚ ਮਿਲਿਆ। ਮਹਿੰਦਰ ਸਾਥੀ ਸਮੇਤ। ਕਿਤਾਬ ਦੇ ਪ੍ਰਕਾਸ਼ਨ ਸਬੰਧੀ ਬਲਦੇਵ ਸਿੰਘ ਸੜਕਨਾਮਾ ਨੇ ਮੰਚ ਤੋਂ ਅਪੀਲ ਕੀਤੀ ਕਿ ਸਾਡੇ ਦੋਹਾਂ ਬੁਲੰਦ ਸ਼ਾਇਰਾਂ ਦੀਆਂ ਕਿਤਾਬਾਂ ਤਿਆਰ ਨੇ ਪਰ ਛਾਪਣ ਵਾਲਾ ਕੋਈ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹਿੰਮਤ ਕਰੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਦੋਂ ਮੈਂ ਪ੍ਰਧਾਨ ਸਾਂ ਤੇ ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ। ਅਸਾਂ ਸਿਰ ਜੋੜਿਆ ਤੇ ਐਲਾਨ ਕਰ ਦਿੱਤਾ ਕਿ ਅਕਾਡਮੀ ਵੱਲੋਂ ਸਿਰਜਣਾਤਮਕ ਸਾਹਿੱਤ ਛਾਪਣ ਦੀ ਪਿਰਤ ਨਹੀਂ ਪਰ ਅਸੀਂ ਆਪਣੇ ਸੱਜਣ ਪਿਆਰਿਆਂ ਦੀ ਮਦਦ ਨਾਲ ਜ਼ਰੂਰ ਛਪਵਾ ਲਵਾਂਗੇ।
ਅਜਮੇਰ ਗਿੱਲ ਨੇ ਖਰੜਾ ਮੈਨੂੰ ਭੇਜ ਦਿੱਤਾ ਜੋ ਮੇਰੇ ਸੂਰਜਮੁਖੀ ਨਾਮ ਹੇਠ ਮੈਂ ਲੋਕ ਵਿਰਾਸਤ ਅਕਾਡਮੀ ਦੇ ਸਾਧਨਾਂ ਤੇ ਗੁਰਬਚਨ ਸਿੰਘ ਚਿੰਤਕ( ਟੋਰੰਟੋ)ਦੀ ਮਦਦ ਨਾਲ ਚੇਤਨਾ ਪ੍ਰਕਾਸ਼ਨ ਤੋਂ 2014 ਚ ਛਪਵਾ ਦਿੱਤਾ। ਉਹ 14 ਜਨਵਰੀ 2012 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਇੱਕ ਧੀ ਤੇ ਪੁੱਤਰ ਦਾ ਬਾਬਲ ਬੱਚਿਆਂ ਨੂੰ ਮਾਂ ਸਹਾਰੇ ਛੱਡ ਅਨੰਤ ਦੇਸ ਨੂੰ ਤੁਰ ਗਿਆ। ਦੁਖਦਾਈ ਪੱਖ ਇਹ ਰਿਹਾ ਕਿ ਅਜਮੇਰ ਆਪਣੀ ਇਹ ਗ਼ਜ਼ਲ ਪੁਸਤਕ ਛਪੇ ਰੂਪ 'ਚ ਨਾ ਵੇਖ ਸਕਿਆ। ਪਹਿਲਾਂ ਹੀ ਸਦੀਵੀ ਅਲਵਿਦਾ ਕਹਿ ਗਿਆ। ਇਸ ਪੁਸਤਕ ਵਿੱਚ ਅਮਰ ਸੂਫੀ ਨੇ ਅਜਮੇਰ ਨਾਲ ਲੰਮੀ ਮੁਲਾਕਾਤ ਕਰਕੇ ਦਿੱਤੀ। ਸੰਪਾਦਨਾ ਡਾ: ਜਗਵਿੰਦਰ ਜੋਧਾ ਤੇ ਮੇਰੇ ਪੁੱਤਰ ਪੁਨੀਤਪਾਲ ਸਿੰਘ ਗਿੱਲ ਨੇ ਕੀਤੀ।
ਅਜਮੇਰ ਗਿੱਲ ਦਾ ਜਨਮ 23ਅਪਰੈਲ 1942 ਦਾ ਹੈ ਪਰ ਕਾਗ਼ਜ਼ਾਂ ਚ 1937 ਲਿਖਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਚ ਉਹ ਸ: ਧੰਨਾ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪੈਦਾ ਹੋਇਆ। ਪੰਜ ਭਰਾ ਤੇ ਦੋ ਭੈਣਾਂ ਸਨ ਉਸ ਦੀਆਂ। ਉਸ ਨੇ ਦੋ ਅਣਛਪੀਆਂ ਕਿਤਾਬਾਂ ਦਾ ਜ਼ਿਕਰ ਵੀ ਅਮਰ ਸੂਫ਼ੀ ਨਾਲ ਮੁਲਾਕਾਤ ਵਿੱਚ ਕੀਤਾ ਹੈ।
ਅਜਮੇਰ ਦੇ ਪਰਿਵਾਰ ਨਾਲ ਸੰਪਰਕ ਕਰਕੇ ਹੀ ਇਸ ਦਾ ਪੱਕ ਕੀਤਾ ਜਾ ਸਕਦਾ ਹੈ। ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵਿੱਚ ਇੱਕ ਰੰਗ ਦੇ ਨਹੀਂ, ਸੈਆਂ ਰੰਗਾਂ ਦੇ ਸੂਰਜਮੁਖੀ ਖਿੜਦੇ ਨੇ। ਮੇਰੀ ਉਸ ਦੇ ਕਲਾਮ ਨਾਲ ਸਾਂਝ ਲਗਪਗ ਪੰਜ ਦਹਾਕੇ ਪੁਰਾਣੀ ਹੈ। ਮੈਂ ਤੇ ਮੇਰੇ ਮਿੱਤਰ ਪਿਆਰੇ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਉਸ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਸਨ।
ਦੇਗਾਂ ‘ਚ ਗਏ ਉਬਾਲੇ, ਕੱਟੇ ਗਏ ਆਰਿਆਂ ਤੇ।
ਐਸੇ ਸਮੇਂ ਵੀ ਆਏ ਤੇਰੇ ਪਿਆਰਿਆਂ ਤੇ।
ਮੈਂ ਬਾਤ ਇਸ਼ਕ ਦੀ ਨੂੰ, ਅੱਗੇ ਤਾਂ ਤੋਰਦਾ ਪਰ,
ਇਹ ਤਾਂ ਸੀ ਮੁਨਹਸਰ ਤੇਰੇ ਹੁੰਗਾਰਿਆਂ ਤੇ।
ਇਸ ਤੋਂ ਬਾਅਦ ਅਸੀਂ ਉਸ ਦੀ ਰਚਨਾ ਦੇ ਮੁਰੀਦ ਹੋ ਗਏ। ਡਾ: ਜਗਤਾਰ ਵਰਗੀ ਪਰਪੱਕਤਾ ਹੈ ਅਜਮੇਰ ਦੇ ਕਲਾਮ ਵਿੱਚ। ਮੈਂ ਇਸ ਸ਼ਾਇਰ ਦੇ ਕਲਾਮ ਨੂੰ ਪੇਸ਼ ਕਰਦਿਆਂ ਖ਼ੁਦ ਨੂੰ ਵਡਭਾਗੀ ਮਹਿਸੂਸ ਕਰਦਾ ਹਾਂ। ਮੈਨੂੰ ਮਾਣ ਹੈ ਕਿ ਉਹ ਸਾਨੂੰ ਵੀ ਨਿੱਕੇ ਭਰਾ ਮੰਨਦਾ ਸੀ। -ਗੁਰਭਜਨ ਗਿੱਲ