Punjabi Poetry/Ghazals : Ajmer Gill

ਪੰਜਾਬੀ ਗ਼ਜ਼ਲਾਂ : ਅਜਮੇਰ ਗਿੱਲ



ਇਹ ਨਹੀਂ ਵੇਸਵਾ ਚੁਬਾਰੇ ਦੀ

ਇਹ ਨਹੀਂ ਵੇਸਵਾ ਚੁਬਾਰੇ ਦੀ। ਜ਼ਿੰਦਗੀ ਚੋਟ ਹੈ ਨਗਾਰੇ ਦੀ। ਹੈ ਮੁਲਾਕਾਤ ਅੱਜ ਤੂਫ਼ਾਨਾਂ ਨਾਲ, ਕੋਈ ਜਲਦੀ ਨਹੀਂ ਕਿਨਾਰੇ ਦੀ। ਮੈਂ ਨਜਿੱਠਾਂਗਾ ਹਰ ਚੁਣੌਤੀ ਨਾਲ, ਮਿਹਰਬਾਨੀ ਤਿਰੇ ਹੁੰਗਾਰੇ ਦੀ। ਉਸਨੇ ਸੂਰਜ ਨੂੰ ਕੀਤਾ ਜਦ ਸਿਜਦਾ, ਨਬਜ਼ ਡੁੱਬੀ ਹਨ੍ਹੇਰ ਸਾਰੇ ਦੀ। ਪਾਣੀ ਲੱਭਣਾ ਨਹੀਂ ਜ਼ਿਮੀਂ ਤੋਂ ਬਿਨਾਂ, ਖ਼ਾਕ ਫ਼ੋਲੇਗਾ ਹਰ ਸਿਤਾਰੇ ਦੀ। ਪੇਸ਼ ਆਈ ਸੱਚਾਈ ਦੀ ਸੂਰਤ, ਫੂਕ ਨਿਕਲੀ ਜਦੋਂ ਗੁਬਾਰੇ ਦੀ। ਯਾਦ ਸਤਰੰਗੀਆਂ ਨੂੰ ਔਂਦੀ ਹੈ, ਤੇਰੀ ਬਾਹਾਂ ਦੇ ਉਸ ਹੁਲਾਰੇ ਦੀ।

ਕਿਹੋ ਜਿਹੇ ਨੇ ਤੇਰੇ ਸ਼ਹਿਰ ਦੇ

ਕਿਹੋ ਜਿਹੇ ਨੇ ਤੇਰੇ ਸ਼ਹਿਰ ਦੇ ਅਵਾਮ ਸਜਣ। ਛੁਪਾਕੇ ਰੱਖਦੇ ਨੇ ਕਾਤਲ ਮਿਰੇ ਦਾ ਨਾਮ ਸਜਣ। ਉਤਰਦੀ ਹੁਣ ਵੀ ਹੈ, ਪਰ ਪਹਿਲੀ ਤਰ੍ਹਾਂ ਸਹਿਜ ਨਹੀਂ, ਡਰੀ ਡਰੀ ਹੈ ਬੜੀ, ਸਹਿਮੀ ਸਹਿਮੀ ਸ਼ਾਮ ਸਜਣ। ਬੜਾ ਹੈ ਲੰਬਾ ਸਫ਼ਰ ਰਾਤ ਦੇ ਨੇ ਬਾਰਾਂ ਵਜੇ, ਕਰੋ ਜਨਾਬ ਦਾ ਕੁਛ ਹੋਰ ਇੰਤਜ਼ਾਮ ਸਜਣ। ਪੜਾਅ ਤਾਂ ਮੈਂ ਵੀ ਹਾਂ ਤੇਰਾ ਮਗਰ ਨਸੀਬ ਨਹੀਂ, ਨਵੇਂ ਸਫ਼ਰ ਚ ਤਿਰਾ ਫਿਰ ਵੀ ਹਾਂ ਕਿਆਮ ਸਜਣ। ਤਮਾਮ ਰਾਤ ਰਹੇ ਟੁੱਟਦਾ ਕੁਛ ਨਾ ਕੁਛ ਦਿਲ 'ਚੋਂ, ਤਿਰੇ ਬਿਨਾਂ ਵੀ ਜਿਵੇਂ ਨੀਂਦ ਹੈ ਹਰਾਮ ਸਜਣ। ਕਿਹੋ ਜਿਹੀ ਤਿਰੇ ‘ਅਜਮੇਰ’ ਨੂੰ ਮਿਲੀ ਹਿਜਰਤ, ਦਿਨੇ ਹੈ ਚੈਨ, ਤੇ ਨਾ ਹੈ ਰਾਤ ਨੂੰ ਆਰਾਮ ਸਜਣ।

ਕੀਹ ਹੈਂ ਤੂੰ? ਰੂਪ, ਰੰਗ, ਮਹਿਕ ਹੈਂ

ਕੀਹ ਹੈਂ ਤੂੰ? ਰੂਪ, ਰੰਗ, ਮਹਿਕ ਹੈਂ ਜਾਂ ਚਾਨਣੀ। ਔਖੀ ਬੜੀ ਹੋਈ ਤੇਰੀ ਸੂਰਤ ਪਛਾਨਣੀ। ਸੋਨੇ ਦੀ ਇਸ ਬਹਾਰ ਚੋਂ ਖ਼ੁਸ਼ਬੂ ਨਾ ਮਿਲ ਸਕੀ, ਤੇ ਖ਼ਾਕ ਇਸ ਜਹਾਨ ਦੀ ਵੱਖਰੀ ਹੈ ਛਾਨਣੀ। ਏਥੇ ਤਾਂ ਅਪਣਾ ਆਪ ਹੀ ਵਿੱਛੜਦਾ ਜਾ ਰਿਹੈ, ਐਵੇਂ ਕਿਸੇ ਕਿਹਾ ‘ਹੈਂ ਤੂੰ ਮੇਰੇ ਲਈ ਬਣੀ।’ ਬੱਦਲ ਬੜੇ ਮਿਲੇ ਮਗਰ ਧੂੰਏ ਦੇ ਨਿਕਲੇ, ਬਰਸਾਤ ਦੀ ਲੱਭੀ ਕਿਤੋਂ ਨਾ ਇਕ ਵੀ ਕਣੀ। ਇਹ ਸ਼ਖ਼ਸ ਕੁਛ ਨਾ ਕੁਛ ਸਦਾ ਰਹਿੰਦਾ ਹੈ ਬੋਲਦਾ, ਇਸਦੀ ਤਾਂ ਅਪਣੇ-ਆਪ ਨਾ’ ਲੱਗਦੀ ਹੈ ਅਣਬਣੀ। ‘ਅਜਮੇਰ’ ਖ਼੍ਵਾਬ ਤੋੜਕੇ ਹੈ ਨੀਂਦ ਉੜ ਗਈ, ਬਾਕੀ ਦੀ ਰਾਤ ਕਿਸ ਤਰ੍ਹਾਂ ਲੰਘੇਗੀ? ਆ ਬਣੀ।

ਇਕ ਰੌਸ਼ਨੀ ਦੀ ਲੀਕ ਸੀ

ਇਕ ਰੌਸ਼ਨੀ ਦੀ ਲੀਕ ਸੀ, ਜਾਂ ਕਿ ਸੀ ਫਿਰ ਖ਼ੁਦਾ। ਸਾਨੂੰ ਜੋ ਕਹਿਕੇ ਤੁਰ ਗਿਐ, ਇਕ ਸ਼ਖ਼ਸ ਅਲਵਿਦਾ। ਘਰ ਘਰ ਚ ਉਸਦੀ ਲਟਕਦੀ ਤਸਵੀਰ ਵੇਖ ਨਾ, ਕੱਲ੍ਹ ਜਿਸ ਨੂੰ ਛੁਪਣ ਦੇ ਲਈ ਮਿਲਦੀ ਨਾ ਸੀ ਜਗ੍ਹਾ। ਹਰ ਕੋਈ ਆਪਣਾ ਕਹਿਣ ਦਾ ਅੱਜ ਦੰਭ ਪਾਲਦੈ, ਕਿਸ ਕਿਸ ਦਾ ਦੋਸਤ ਉਹ ਸੀ, ਜ਼ਰਾ ਗੱਲ ਹੈ ਜੁਦਾ। ਦਰਿਆ ਥਲਾਂ 'ਚ ਸੁੱਕ ਗਏ, ਸਾਗਰ ਬੜਾ ਹੈ ਦੂਰ, ਬੇੜੀ ਤੁਰੇ ਅਗਾਂਹ ਕਿਵੇਂ? ਮਾਂਝੀ ਹੈ ਸੋਚਦਾ। ਰਿਸ਼ਤਾ ਬਚਾਉਣ ਵਾਸਤੇ ਚਾਹੀਦੀ ਹੈ ਉਮਰ, ਸ਼ੀਸ਼ਾ ਹੈ ਇਸਨੂੰ ਟੁੱਟਦੇ ਨਾ ਵਕਤ ਲੱਗਦਾ। ਕਿਹੜਾ ਖਿਡੌਣਾ ਮੰਗਦੈ ਲਗਦਾ ਨਹੀਂ ਪਤਾ, ਸੀਨੇ ਚ ਬੱਚੇ ਵਾਂਗ ਹੈ ਇਕ ਦਰਦ ਵਿਲਕਦਾ। ਮੇਲਾ ਲਗਾ ਕੇ ਬੈਠੀਆਂ ਬਰਬਾਦੀਆਂ ਘਰੇ, ਦਰਸ਼ਕ ਦੇ ਵਾਂਗ ਮੈਂ ਵੀ ਹਾਂ ਉਨ੍ਹਾਂ ਨੂੰ ਵੇਖਦਾ। ਸਭ ਖੇਰੂੰ ਖੇਰੂੰ ਹੋ ਗਿਆ, ਸੀ ਮੇਰਾ ਤਨ ਬਦਨ, ਪਰਿਵਾਰ ਬਾਰੇ ਮੈਂ ਵੀ ਹਾਂ ਮਾਂ ਵਾਂਗ ਸੋਚਦਾ।

ਸ਼ਬਦ ਦਾ ਕੁਈ ਮਹਿਕਦਾ ਦਰਿਆ ਮਿਲੇ

ਸ਼ਬਦ ਦਾ ਕੁਈ ਮਹਿਕਦਾ ਦਰਿਆ ਮਿਲੇ। ਮੇਰੀ ਕਿਸ਼ਤੀ ਨੂੰ ਕਿਨਾਰਾ ਆ ਮਿਲੇ। ਆਪਣੇ ਨ੍ਹੇਰੇ 'ਚ ਡੁੱਬਕੇ ਵੇਖਣਾ ਹੈ, ਸ਼ਾਇਦ ਚਾਨਣ ਦਾ ਕੁਈ ਕਤਰਾ ਮਿਲੇ। ਉੱਡਦੇ ਜਾਂਦੇ ਨੇ ਪੰਛੀ ਹਸਰਤਾਂ ਦੇ, ਜਿਪਸੀਆਂ ਨੂੰ ਵੀ ਕਿਤੋਂ ਹੁਜਰਾ ਮਿਲੇ। ਜੋ ਨਦੀ ਤੜਫੀ ਹੈ ਰੇਗਿਸਤਾਨ ਵਿਚ, ਓਸਨੂੰ ਫੁੱਲਾਂ ਦਾ ਗੁਲਦਸਤਾ ਮਿਲੇ। ਬਾਰਸ਼ਾਂ ਦੀ ਤਲੀ ਤੇ ਮੌਸਮ ਸੁਹਾਣਾ, ਬਿਰਖ਼ ਨੂੰ ਸ਼ਾਇਦ ਹਰਾ ਪੱਤਾ ਮਿਲੇ। ਪੈਰੀਂ ਭਟਕਣ ਦੀ ਹੈ ਝਾਂਜਰ ਛਣਕਦੀ, ਏਸ ਤਿੱਤਰੀ ਨੂੰ ਕਿਤੇ ਗੋਸ਼ਾ ਮਿਲੇ। ਰੋਗੀ ਜ਼ਿਹਨਾਂ ਨੇ ਹੈ ਜੋ ਜ਼ਖ਼ਮੀ ਕਰੀ, ਓਸ ਮਸਜਿਦ ਨੂੰ ਮਿਰਾ ਸਜਦਾ ਮਿਲੇ। ਦਰਦ ਦਾ ਸੂਰਜ ਮੁਨੱਵਰ ਹੋ ਰਿਹਾ ਹੈ, ਰਾਤ ਨੂੰ ਸ਼ਾਇਦ ਨਵਾਂ ਖ਼ਤਰਾ ਮਿਲੇ।

ਹੋਠਾਂ ਤੇ ਹਾਂ ਦੁਮੇਲ ਦੇ ਸੂਰਜ ਦਾ

ਹੋਠਾਂ ਤੇ ਹਾਂ ਦੁਮੇਲ ਦੇ ਸੂਰਜ ਦਾ ਜਾਮ ਹਾਂ। ਰੁੱਖਾਂ ਨੂੰ ਮਿਲਣ ਨਿਕਲੀ ਆਵਾਰਾ ਸ਼ਾਮ ਹਾਂ। ਬੁੱਲੇ ਹਵਾ ਦੇ ਤੇ ਪਰਿੰਦੇ ਲੈ ਗਏ ਕਦੀ, ਅਪਣੇ ਘਰੇ ਪਰਤੀ ਨਾ ਜੋ ਸ਼ਬ ਦਾ ਸਲਾਮ ਹਾਂ। ਤੈਨੂੰ ਹਰੀ ਭਰੀ ਕਿਸੇ ਮੰਜ਼ਲ ਦੀ ਹੈ ਤਲਾਸ਼, ਮੈਂ ਚੰਨ ਤਰ੍ਹਾਂ ਵੀਰਾਨ, ਪਰ ਰੌਸ਼ਨ ਮੁਕਾਮ ਹਾਂ। ਲਿਖ ਹੀ ਲਿਐ ਤਾਂ ਕੁਝ ਸਮਾਂ ਏਦਾਂ ਹੀ ਰਹਿਣ ਦੇ, ਲਿਖਕੇ ਮਿਟਾ ਨਾ, ਫਿਰ ਵੀ ਮੈਂ ਤੇਰਾ ਹੀ ਨਾਮ ਹਾਂ। ਪੱਤੇ ਕੀ! ਮੇਰੇ ਸੱਲ ਵੀ, ਲੈ ਗਈ ਹਵਾ ਉਡਾ, ਜੰਗਲ ਤੇ ਜੋ ਬੀਤੀ ਹੈ, ਮੈਂ ਉਸਦਾ ਪੈਗ਼ਾਮ ਹਾਂ। ਪੜ੍ਹ ਜਾਂ ਨਾ ਪੜ੍ਹ ਤੂੰ ਪਰਾਏ ਵਾਂਗ ਤਾਂ ਨਾ ਵੇਖ, ‘ਅਜਮੇਰ ਗਿੱਲ’ ਮੈਂ ਤਾਂ ਤਿਰਾ ਅਪਣਾ ਕਲਾਮ ਹਾਂ।

ਸਮਝ ਨਾ ਆਏ ਕੀ ਮੈਨੂੰ ਹੋ ਗਿਆ

ਸਮਝ ਨਾ ਆਏ ਕੀ ਮੈਨੂੰ ਹੋ ਗਿਆ। ਅਜ ਤਿਰਾ ਸਾਇਆ ਹੈ ਮੈਨੂੰ ਛੋਹ ਗਿਆ। ਕਿਸ ਜਗ੍ਹਾ ਫਿਰਦਾ ਲਈ ਮੈਨੂੰ ਵਜੂਦ, ਕਿਸ ਦੇ ਖ਼ਿਆਲਾਂ ਵਿਚ ਹਾਂ ਮੈਂ ਖੋਹ ਗਿਆ। ਵੇਖਿਆ ਹੈ ਮੈਂ ਤੇਰਾ ਜ਼ਾਲਮ ਬਜ਼ਾਰ, ਪਰਤਕੇ ਆਇਆ ਨਾ ਘਰ ਨੂੰ, ਜੋ ਗਿਆ। ਉਸ ਸੁਹਾਣੀ ਸ਼ਾਮ ਨੂੰ ਭੁੱਲਾਂ ਕਿਵੇਂ? ਡੁੱਬਦਾ ਸੂਰਜ ਵੀ ਦੇ ਕੇ ਲੋਅ ਗਿਆ। ਕਬਰ ਮੇਰੀ ਦਾ ਹੈ ਪੱਥਰ ਮਹਿਕਿਆ, ਤੇਰੀ ਸੂਰਤ ਦਾ ਪਸੀਨਾ ਚੋਅ ਗਿਆ।

ਰਾਤ ਨੂੰ ਜੋ ਜੁਗਨੂੰਆਂ ਨੂੰ ਫੜ ਰਿਹਾ ਸੀ

ਰਾਤ ਨੂੰ ਜੋ ਜੁਗਨੂੰਆਂ ਨੂੰ ਫੜ ਰਿਹਾ ਸੀ। ਦਿਨ ਚੜ੍ਹੇ ਸੂਰਜ ਦੇ ਕੋਲੋਂ ਡਰ ਰਿਹਾ ਸੀ। ਹਾਦਸੇ ਵਾਲੀ ਜਗ੍ਹਾ ਕੋਈ ਨਹੀਂ ਸੀ, ਇਕ ਖੰਭਾ ਸੀ ਜੋ ਓਥੇ ਖੜ੍ਹ ਰਿਹਾ ਸੀ। ਉਹ ਨਦੀ ਜਿਹੜੀ ਪਹਾੜਾਂ ਨੇ ਲਿਖੀ ਸੀ, ਸ਼ਾਮ ਨੂੰ ਉਸਨੂੰ ਸਮੁੰਦਰ ਪੜ੍ਹ ਰਿਹਾ ਸੀ। ਮੈਂ ਤਾਂ ਪੱਥਰ ਸਾਂ ਸ਼ਕਲ ਸੂਰਤ ਵਿਹੂਣਾ, ਕੌਣ ਸੀ ਆਖ਼ਰ ਜੋ ਮੈਨੂੰ ਘੜ ਰਿਹਾ ਸੀ। ਓਸਦਾ ਮਾਲਕ ਕਦੋਂ ਦਾ ਤੁਰ ਗਿਆ ਹੈ, ਚੋਰ ਜਿਸ ਦੇ ਘਰ 'ਚ ਚੋਰੀ ਵੜ ਰਿਹਾ ਸੀ। ਖ਼ਾਬ ਵਾਂਗੂੰ ਜਿਸਨੂੰ ਪਲਕਾਂ ਤੇ ਬਿਠਾਇਆ, ਰੋ ਰੋ ਆਖ਼ਰ ਵਾਂਗ ਸ਼ੱਮ੍ਹਾਂ ਝੜ ਰਿਹਾ ਸੀ। ਸਮਝਕੇ ਸੀਤਲ ਨਦੀ ਮੈਂ ਛਾਲ ਮਾਰੀ, ਅੱਗ ਸੀ ਬਾਹਾਂ ’ਚ ਤੇ ਮੈਂ ਸੜ ਰਿਹਾ ਸੀ।

ਦਿਨ ਰਾਤ ਮਿਲ ਰਹੇ ਨੇ

ਦਿਨ ਰਾਤ ਮਿਲ ਰਹੇ ਨੇ ਰਾਵੀ ਚਨਾਬ ਵਾਂਗੂੰ । ਤੂੰ ਆ ਕਿ ਤੁਰ ਨਾ ਜਾਵਣ ਇਹ ਪਲ ਵੀ ਖ਼੍ਵਾਬ ਵਾਂਗੂੰ। ਅਹਿਸਾਸ ਹਾਂ ਮੈਂ, ਬਾਗਾਂ ਦਾ ਫੁੱਲ ਤਾਂ ਨਹੀਂ ਹਾਂ, ਜੂੜੇ ’ਚ ਟੁੰਗ ਨਾ ਤੂੰ ਮੈਨੂੰ ਗੁਲਾਬ ਵਾਂਗੂੰ । ਮੈਂ ਕਦ ਕਿਹਾ ਸੀ ਤੇਰੇ ਨੈਣਾਂ ਦੇ ਵਿਚ ਨਸ਼ਾ ਹੈ, ਮੈਨੂੰ ਹੀ ਚੜ੍ਹ ਗਈ ਤੂੰ ਤਿੱਖੀ ਸ਼ਰਾਬ ਵਾਂਗੂੰ । ਯਾਰਾਂ ਨੂੰ ਵੇਖ ਡਿੱਗਦੇ, ਇਤਬਾਰ ਆਪਣਾ ਮੈਂ, ਰੱਦੀ ’ਚ ਵੇਚ ਦਿੱਤਾ ਪਾਟੀ ਕਿਤਾਬ ਵਾਂਗੂੰ । ਪੀਂਦੇ ਸੀ ਕੱਲ੍ਹ ਜਿਸ ’ਚੋਂ ਉਹ ਰੱਜ ਰੱਜ ਪਾਣੀ, ਹੁਣ ਸਮਝਦੇ ਨੇ ਮੈਨੂੰ ਗੰਧਲੇ ਤਲਾਬ ਵਾਂਗੂੰ । ਰੇਖਾਵਾਂ, ਚਿੱਤਰ ਕਿਥੇ ਤੇ ਅੰਕੜੇ ਨੇ ਕਿੱਥੇ, ਨਾ ਕਰ ਜੁਮੈਟਰੀ ਦੀ, ਗੱਲ ਵੀ ਹਿਸਾਬ ਵਾਂਗੂੰ ।

ਟੁੱਟਦੇ ਰਿਸ਼ਤਿਆਂ ਦੇ ਰੁੱਖਾਂ ਨੂੰ

ਟੁੱਟਦੇ ਰਿਸ਼ਤਿਆਂ ਦੇ ਰੁੱਖਾਂ ਨੂੰ ਤੂੰ ਕਿਉਂ ਪਾਣੀ ਪਾਵੇਂ। ਲੋਕੀਂ ਸਾਰੇ ਜਾ ਬੈਠੇ ਨੇ ਖ਼ੁਦਗਰਜ਼ੀ ਦੀ ਛਾਵੇਂ। ਝੱਖੜ ਨੇ ਦੋਹਾਂ 'ਚੋਂ ਕੋਈ ਵੀ ਨਾ ਸਾਬਤ ਛੱਡਿਆ, ਰੁੱਖ ਟੁੱਟੇ ਤਾਂ ਨਾਲ ਹੀ ਟੁੱਟ ਗਏ ਰੁੱਖਾਂ ਦੇ ਪਰਛਾਵੇਂ। ਕੱਲ੍ਹ ਇਸ ਉੱਤੇ ਤੇਰੀ ਵੀ ਤਸਵੀਰ ਲਟਕ ਜਾਏਗੀ, ਜਿਹੜੀ ਕੰਧ ਤੇ ਅੱਜ ਤੂੰ ਮੁੜ ਮੁੜ ਕੈਲੰਡਰ ਲਟਕਾਵੇਂ। ਜਿਸਦੇ ਕਦਮ ਹਾਸ਼ੀਓਂ ਬਾਹਰ ਇਕ ਕਦਮ ਨਾ ਤੁਰਦੇ, ਉਸ ਪੁਸਤਕ ਤੇ ਕਿਉਂ ਤੂੰ ਮਹਿੰਦੀ ਰੰਗੀ ਜਿਲਦ ਚੜ੍ਹਾਵੇਂ। ਸ਼ਾਇਦ ਕੋਈ ਉੱਡ-ਪੁਡਕੇ ਹੀ ਉਸਦੀ ਕਬਰ ਤੇ ਜਾਵੇ, ਸੁੱਕੇ ਪੱਤਿਆਂ ਉੱਤੇ ਲਿਖ ਲਿਖ ਛੱਡ ਜਾਈਂ ਸਿਰਨਾਵੇਂ।

ਜਾਨ ਜਾਂਦੀ ਹੈ, ਜਾਨ ਜਾਏਗੀ

ਜਾਨ ਜਾਂਦੀ ਹੈ, ਜਾਨ ਜਾਏਗੀ। ਆਸ ਹੈ ਜ਼ਿੰਦਗੀ ਵੀ ਆਏਗੀ। ਜ਼ਿੰਦਗੀ ਆਏਗੀ, ਸੂਰਜ ਲੈ ਕੇ, ਨ੍ਹੇਰ ਜਾਏਗਾ, ਰਾਤ ਜਾਏਗੀ। ਇਕ ਮੁਹੱਬਤ ਦੀ ਰਸਮ ਹੈ ਜੀਵਨ, ਏਥੇ ਨਫ਼ਰਤ ਨਾ ਰਾਸ ਆਏਗੀ। ਜਿਸ ਜਗ੍ਹਾ ਰੁੱਖ ਨਦੀ ਨਾ ਦੀਪ ਦਿਸੂ, ਉਸ ਜਗ੍ਹਾ ਮੌਤ ਲੈ ਕੇ ਜਾਏਗੀ। ਤੂੰ ਚਲਾ ਆਏਂ ਫਿਰ ਨਾ ਕੋਲ ਮਿਰੇ, ਨੀਂਦ ਜਦ ਤੈਨੂੰ ਫੜ ਸੁਲਾਏਗੀ। ਚੰਦ ਸਿਖ਼ਰੀਂ ਜਦੋਂ ਕੁ ਪਹੁੰਚੇਗਾ, ਚਾਨਣੀ ਦਰਿਆ ਵਿਚ ਨਹਾਏਗੀ। ਕਬਰ ਮੇਰੀ ਤੇ ਜੁਗਨੂੰ ਨੇ ਨਾ ਤਾਰੇ, ਯਾਦ ਤੇਰੀ ਦੀਏ ਜਗਾਏਗੀ। ਵਕਤ ‘ਅਜਮੇਰ’ ਦੋਸਤ ਹੈ ਕਿਸਦਾ, ਇਹ ਘੜੀ ਪਰਤਕੇ ਨਾ ਆਏਗੀ।

ਘਰ 'ਚ ਆ ਕੇ ਵੀ ਤਿਰੇ ਮੂੰਹ ਤੋਂ

ਘਰ 'ਚ ਆ ਕੇ ਵੀ ਤਿਰੇ ਮੂੰਹ ਤੋਂ ਮੁਖੌਟਾ ਉੱਤਰਦਾ ਨਹੀਂ। ਹਰ ਕਿਸੇ ਨੂੰ ਦੱਸਣਾ ਪੈਂਦੈ ਕਿ ਤੂੰ ਕੁਈ ਓਪਰਾ ਨਹੀਂ। ਅੱਡ ਹੋ ਕੇ ਰੁੱਖ ਤੋਂ ਹੈ ਹੋ ਗਈ ਪਾਗਲ ਹਵਾ, ਕੌਣ ਆਖੇ ਛੱਤ ਤੇ ਦੀਵਾਰ ਦਾ ਰਿਸ਼ਤਾ ਨਹੀਂ। ਮਨ ਦੀ ਬੇ-ਚੈਨੀ ਤਿਰੀ ਚਿਹਰੇ ਤਿਰੇ ਤੇ ਛਾ ਗਈ, ਦੇਖ ਲੈ ਸ਼ੀਸ਼ਾ ਕਿ ਖ਼ੁਦ ਨੂੰ ਦੇਖਣਾ ਧੋਖਾ ਨਹੀਂ। ਇਹ ਕਿਹੀ ਹੈ ਕੈਫ਼ੀਅਤ ਕਿ ਫ਼ਾਸਲੇ ਤਾਂ ਮਿਟ ਗਏ, ਗੱਲ ਤੋਰਨ ਨੂੰ ਮਗਰ ਕੋਈ ਵਿਸ਼ਾ ਲੱਭਦਾ ਨਹੀਂ। ਨਾ ਕੁਈ ਸ਼ਿਕਵਾ, ਸ਼ਿਕਾਇਤ ਨਾ ਉਲਾਂਭਾ ਨਾ ਗਿਲਾ, ਜਿਸ ਤਰ੍ਹਾਂ ਉਹ ਤੁਰ ਗਿਆ ਰੁੱਸਕੇ ਕੋਈ ਰੁੱਸਦਾ ਨਹੀਂ। ਫਿਰ ਥਲਾਂ ਦਾ ਸਿਲਸਿਲਾ ਪੈਰਾਂ ਦੇ ਅੱਗੇ ਆ ਗਿਆ, ਏਸ ਤੋਂ ਅੱਗੇ ਕੁਈ ਝਰਨਾ, ਨਦੀ, ਰਸਤਾ ਨਹੀਂ। ਇਸ ਤਰ੍ਹਾਂ ‘ਅਜਮੇਰ’ ਲੰਘੇ ਹਾਂ ਤਿਰੇ ਬਾਜ਼ਾਰ 'ਚੋਂ, ਹਰ ਨਜ਼ਰ ਤੋਂ ਤੀਰ ਖਾਧੇ ਜ਼ਖ਼ਮ ਵੀ ਦਿਸਦਾ ਨਹੀਂ।

ਦਰਿਆ ਵੀ ਵਗਦਾ ਸੀ ਰਿਹਾ

ਦਰਿਆ ਵੀ ਵਗਦਾ ਸੀ ਰਿਹਾ, ਗੱਲਾਂ ਦੇ ਨਾਲ ਨਾਲ। ਆਪਾਂ ਵੀ ਸਾਂ ਡੁੱਬੇ, ਤਰੇ ਛੱਲਾਂ ਦੇ ਨਾਲ ਨਾਲ। ਸੰਕੋਚ ਉਧਰ ਵੀ ਸੀ, ਏਧਰ ਵੀ ਸੀ ਜ਼ਾਬਤਾ, ਇਕ ਫ਼ਾਸਲਾ ਬਣਿਆ ਰਿਹਾ, ਬੁੱਲਾਂ ਦੇ ਨਾਲ ਨਾਲ। ਸ਼ਬਨਮ ਤੇ ਬੂਟੇ ਖੇਡਦੇ ਸੀ ਥੋੜੀ ਵਿੱਥ ਤੇ, ਇਕ ਮਹਿਕ ਉੱਡਦੀ ਰਹੀ, ਫੁੱਲਾਂ ਦੇ ਨਾਲ ਨਾਲ। ਜੇ ਮੈਂ ਕਹੀ ਤੂੰ ਨਾ ਸੁਣੀ, ਜੋ ਤੂੰ ਕਹੀ ਮੈਂ ਨਾ ਸੁਣੀ, ਕੁਛ ਕੁਛ ਸੀ ਵਧੀਆ ਹੋ ਗਿਆ ਭੁੱਲਾਂ ਦੇ ਨਾਲ ਨਾਲ। ਸੱਚਾ ਜਿਹਾ ਸੀ ਝੂਠ ਇਕ ਤੇਰਾ ਮਿਰਾ ਜ਼ਿਕਰ, ਬਿੜਕਾਂ ਵੀ ਜੁੜਕੇ ਬੈਠੀਆਂ ਬੁੱਲਾਂ ਦੇ ਨਾਲ ਨਾਲ। ਭੜਕਣਗੇ ਦੰਗੇ ਸ਼ਹਿਰ ਵਿਚ, ਮੱਥਾ ਵੀ ਠਣਕਿਆ, ਪੀਂਦੇ ਫੜੇ ਮੈਂ ‘ਪੰਡਿਤ ਜੀ’ ਮੁੱਲਾਂ ਦੇ ਨਾਲ ਨਾਲ।

ਦਿਲ ਤਾਂ ਮੰਨਦਾ ਨਹੀਂ

ਦਿਲ ਤਾਂ ਮੰਨਦਾ ਨਹੀਂ, ਦਿਲ ਤਾਂ ਮੰਨਦਾ ਵੀ ਹੈ। ਇਕ ਟੁੱਟਿਆ ਹੋਇਆ ਚਿਹਰਾ ਚੰਨ ਦਾ ਵੀ ਹੈ। ਹਰ ਕਿਸੇ ਦੀ ਨਸੀਬੀਂ ਪਸ਼ੇਮਾਨੀਆਂ, ਕੋਈ ਕੰਗਾਲ ਧਨ, ਕੋਈ ਮਨ ਦਾ ਵੀ ਹੈ। ਦੂਰ ਤੀਕਰ ਨੇ ਸਹਿਰਾਅ ਜੋ ਫ਼ੈਲੇ ਹੋਏ, ਨਕਸ਼ਾ ਮੇਰੇ ਪਿਆਸੇ ਬਦਨ ਦਾ ਵੀ ਹੈ। ਰਾਹ ਤੇਰੀ ਸਹੀ ਤਾਰਿਆਂ ਨੇ ਭਰੀ, ਇਕ ਤਾਰਾ ਤਾਂ ਮੇਰੇ ਗਗਨ ਦਾ ਵੀ ਹੈ। ਬਾਗ ਛੱਡੇ, ਬਹਾਰਾਂ ਵੀ ਹਨ ਤੇਰੀਆਂ, ਪਰ ਸਿਲਾ ਕੋਈ ਮੇਰੇ ਯਤਨ ਦਾ ਵੀ ਹੈ?

ਇਹ ਅੱਗ ਵੀ ਕੀ ਚੀਜ਼ ਹੈ!

ਇਹ ਅੱਗ ਵੀ ਕੀ ਚੀਜ਼ ਹੈ! ਦਿਲ ਦੀ ਨਾ ਦੱਸੇ ਬਾਤ। ਧੂੰਆਂ ਤਾਂ ਐਵੇਂ ਪੱਜ ਸੀ ਰੋਂਦੀ ਰਹੀ ਹੈ ਰਾਤ। ਨਾ ਅਗਰਬੱਤੀ ਮਹਿਕਦੀ ਸ਼ਮਾਂ ਨਾ ਫੁੱਲਦਾਨ, ਕਿਸਨੂੰ ਰਹੇ ਉਡੀਕਦੀ ਖ਼ਾਲੀ ਪਈ ਸਬਾਤ। ਚੁੱਲ੍ਹਾ ਨਹੀਂ ਬਲਿਆ ਕੁਈ ਦੀਵਾ, ਨਾ ਆਰਤੀ, ਬਸਤੀ 'ਚੋਂ ਇਕ ਖ਼ਾਬ ਦੀ ਉੱਠੀ ਹੈ ਫੇਰ ਲਾਸ਼ । ਇਹ ਚੰਦ ਮੇਰੇ ਵਾਂਗ ਹੀ ਤਨਹਾ ਹੈ ਆਦਿ ਤੋਂ, ਵੇਖਣ ਨੂੰ ਨਾਲ ਤਾਰਿਆਂ ਦੀ ਤੁਰ ਰਹੀ ਬਰਾਤ। ਮੇਰਾ ਖ਼ੁਦਾ ਤਾਂ ਮਹਿਕਦਾ ਉਸ ਨੂੰ ਨਹੀਂ ਪਤਾ, ਮੰਦਰ ਨੂੰ ਲੈ ਕੇ ਜੋ ਤੁਰੀ ਫੁੱਲਾਂ ਭਰੀ ਪਰਾਤ। ਪਾਣੀ ਨੇ ਤਿੱਖੇ ਖੰਜਰੋਂ ਸਾਹਿਲ ਨੇ ਤੇਜ਼ਤਰ, ਔਖੀ ਬੜੀ ਹੈ ਤੈਰਨੀ ਜੀਵਨ ਦੀ ਪੁਲਸਰਾਤ।

ਰਸਤੇ ਵਿਚ ਹੀ ਗੁੰਮ ਗਏ ਨੇ

ਰਸਤੇ ਵਿਚ ਹੀ ਗੁੰਮ ਗਏ ਨੇ ਖ਼ੁਸ਼ਬੂ ਰੰਗ ਬਹਾਰਾਂ ਦੇ। ਵਿੱਛੜ ਗਏ ਨੇ ਸਾਰੇ ਮੌਸਮ ਬਾਰਸ਼ ਅਤੇ ਫੁਹਾਰਾਂ ਦੇ। ਐਹ ਚੁੱਕ ਅਪਣਾ ਘਰ ਤੇ ਲੈ ਤੂੰ ਸਾਂਭ ਕੁੰਜੀਆਂ ਆਪੇ ਹੀ, ਮੇਰੇ ਨਾਲ ਸਦਾ ਨਹੀਂ ਨਿਭਣੇ ਇਹ ਰਿਸ਼ਤੇ ਦੀਵਾਰਾਂ ਦੇ। ਮਿਹਣੇ ਦਾ ਫਟ ਕਦੇ ਨਾ ਭਰਦਾ ਸਦਾ ਸੱਜਰਾ ਰਹਿੰਦਾ ਹੈ, ਭਰਦੇ ਭਰਦੇ ਭਰ ਜਾਂਦੇ ਨੇ ਗਹਿਰੇ ਫੱਟ ਤਲਵਾਰਾਂ ਦੇ। ਵਾ-ਵਰੋਲ਼ੇ, ਗਰਦਸ਼, ਘੁੰਗਰੂ ਪੈਰਾਂ ਵਿਚ ਤੂੰ ਜੋ ਵੀ ਬੰਨ, ਤਲਵਾਰਾਂ ਦੇ ਸਾਏ ਹੇਠਾਂ ਰਸਤੇ ਹਨ ਖ਼ੁਦਦਾਰਾਂ ਦੇ।

ਹਰਿਆਲੀ ਖੇਤਾਂ ਉੱਤੇ ਆਏ

ਹਰਿਆਲੀ ਖੇਤਾਂ ਉੱਤੇ ਆਏ ਤਾਂ ਕਿੰਝ ਆਏ। ਫ਼ਸਲਾਂ ਤੇ ਝੂਮਦੇ ਨੇ ਕਾਲ਼ੀ ਹਵਾ ਦੇ ਸਾਏ । ਮੌਕਾਪ੍ਰਸਤ ਰਹਿਬਰ, ਰਸਤੇ ਨੂੰ ਮਨੁੱਖ-ਖੋਰੇ , ਖੰਜਰ ਬਣੇ ਉਹ ਰਿਸ਼ਤੇ ਜਿਹੜੇ ਵੀ ਗਲ਼ ਲਗਾਏ। ਬੇ-ਰੰਗ ਨੇ ਸਵੇਰਾਂ ਬੀਮਾਰ ਨੇ ਤਿਕਾਲਾਂ, ਸੂਰਜ ਉਦਾਸ ਆਏ, ਸੂਰਜ ਉਦਾਸ ਜਾਏ । ਇਕ ਬੂੰਦ ਛਾਂ ਵੀ ਤੈਨੂੰ, ਹੋਈ ਨਹੀਂ ਮਯੱਸਰ, ਇਸ ਬਿਰਖ਼ ਹੇਠ ਮਰ ਗਏ, ਸਾਵਣ ਕਈ ਤਿਹਾਏ। ਅਕਸਰ ਮੈਂ ਵੇਖਿਆ ਹੈ, ਪੈਂਦੀ ਹੈ ਸ਼ਾਮ ਜਦ ਵੀ, ਵਧਦੇ ਨੇ ਗ਼ਮ ਮਿਰੇ ਜਾਂ, ਵਧਦੇ ਵਣਾਂ ਦੇ ਸਾਏ। ਦਰ ਜਦ ਵੀ ਖਟਖਟਾਇਆ ਹੈ, ’ਵਾ-ਵਰੋਲਿਆਂ ਨੇ, ਨਾ ਘਰ ਨਜ਼ਰ ਹੈ ਆਇਆ, ਨਾ ਲੋਕ ਹੀ ਥਿਆਏ।

ਇਹ ਜ਼ਿੰਦਗੀ ਤਾਂ ਬਾਲ਼ਦੀ ਹੈ ਨਿਤ

ਇਹ ਜ਼ਿੰਦਗੀ ਤਾਂ ਬਾਲ਼ਦੀ ਹੈ ਨਿਤ ਨਵੇਂ ਚਿਰਾਗ। ਨ੍ਹੇਰਾ ਹੈ ਕਿਥੋਂ ਆ ਰਿਹਾ, ਲੱਭਦਾ ਨਹੀਂ ਸੁਰਾਗ। ਹਾਲੇ ਕਿਸੇ ਮੁਕਾਮ 'ਤੇ, ਪੁੱਜੇ ਨਾ ਤੇਰੇ ਪੈਰ, ਮੰਜ਼ਿਲ ਬੜੀ ਹੈ ਦੂਰ, ਤੂੰ ਘੋੜੇ ਦੀ ਖਿੱਚ ਵਾਗ। ਇਸ ਵੰਝਲੀ ਨੂੰ ਸੁੱਟਦੇ, ਹੁਣ ਤੂੰ ਝਨਾਂ ’ਚ ਯਾਰ, ਕਿੱਥੇ ਹਵਾ ਦੀ ਧੁਨ ਨਵੀਂ, ਕਿੱਥੇ ਪੁਰਾਣਾ ਰਾਗ। ਗਲੀਆਂ-ਮੁਹੱਲੇ ਢੋਲਚੀ, ਪਿਟਦਾ ਸੀ ਨਿੱਤ ਢੋਲ, ਕਿੰਨਾ! ਜਗਾਇਆ ਸ਼ਹਿਰ ਨੂੰ ਖੁੱਲ੍ਹੀ ਨਾ ਉਸਦੀ ਜਾਗ। ਝੋਲੀ ’ਚ ਤੇਰੇ ਫੁੱਲ ਨੇ, ਦਾਮਨ ’ਚ ਮੇਰੇ ਖ਼ਾਰ, ਤੇਰੇ ਨਸੀਬ ਆਪਣੇ, ਮੇਰੇ ਨੇ ਮੇਰੇ ਭਾਗ। ਧੋਂਦੀ ਰਹੀ ਸੂਰਜ ਦੀ ਧੁੱਪ ਵੀ, ਰੋਜ਼ ਉਸ ਦਾ ਮੂੰਹ, ਸਾਰੀ ਉਮਰ ਨਾ ਲੱਥਿਆ, ਮੱਥੇ ਤੋਂ ਚੰਨ ਦੇ ਦਾਗ਼। ਹੁਣ ਤੂੰ ਚੁਰਾਹੇ ਵਿਚ ਖੜ੍ਹੀ ਕਿਸ ਨੂੰ! ਰਹੀ ਉਡੀਕ, ਲਾਗੀ ਤਾਂ ਸਾਰੇ ਤੁਰ ਗਏ ਨੇ, ਲੈ ਕੇ ਆਪਣਾ ਲਾਗ।

ਪਰਾਇਆ ਸ਼ਹਿਰ ਹੈ ਤਾਰੇ ਪਰਾਏ

ਪਰਾਇਆ ਸ਼ਹਿਰ ਹੈ ਤਾਰੇ ਪਰਾਏ ਚੰਦ ਬੇਗਾਨਾ। ਸਜੀ ਮਹਿਫ਼ਲ ਅਮੀਰਾਂ ਦੀ ਛੁਪਾਏ ਦਿਲ ਮੁਫ਼ਲਸਾਨਾ। ਬਿਗਾਨੀ ਧੁੱਪ ਨੂੰ ਉਂਗਲੀ ਲਗਾਈ ਫਿਰਨ ਪਰਛਾਵੇਂ, ਮਨਾਂ ਦਾ ਵਿਲਕਣਾ ਜਾਰੀ ਅਤੇ ਹੋਠਾਂ ਦਾ ਮੁਸਕਾਣਾ। ਭਰੇ ਇਸ ਨਗਰ ਤਨਹਾ ਹਾਂ ਕਿਸੇ ਜੰਗਲ ਦੇ ਫੁੱਲ ਵਾਂਗੂੰ, ਕਿਸੇ ਨਾ ਵੇਖਿਆ ਖਿੜਨਾ ਮਿਰਾ ਨਾ ਖਿੜਕੇ ਮੁਰਝਾਣਾ। ਬੜਾ ਕੁਝ ਹੈ ਸਿਖਾਉਂਦਾ ਜ਼ਿੰਦਗੀ ਨੂੰ ਯਾਦ ਜੇ ਰੱਖੀਏ, ਕਿਸੇ ਸ਼ੀਸ਼ੇ ਦਾ ਪੱਥਰ ਨਾਲ ਟਕਰਾਣਾ ਤੇ ਟੁੱਟ ਜਾਣਾ। ਦਿਸਣ ਨੂੰ ਸ਼ਾਂਤ ਲਗਦਾ ਏ ਮਗਰ ਗੰਭੀਰ ਹੈ ਸਾਗਰ, ਕਿਨਾਰੇ ਵਾਲਿਓ ਏਸੇ ’ਚੋਂ ਹੀ ਉੱਠਣਾ ਹੈ ਤੂਫ਼ਾਨਾਂ। ਕਿਸੇ ਰੰਗ ਨੂੰ ਤਾਂ ਮਿਲ ‘ਅਜਮੇਰ’ ਘਰ ਤਰਕਾਲ ਆਈ ਹੈ, ਦਰਾਂ ਤੇ ਰਾਤ ਪੁੱਜੇਗੀ ਤਾਂ ਪੈ ਜਾਏਗਾ ਪਛਤਾਣਾ।

ਕਬੂਤਰ ਟਾਹਣੀਆਂ ਵਿਚ ਉਡ ਰਹੇ

ਕਬੂਤਰ ਟਾਹਣੀਆਂ ਵਿਚ ਉਡ ਰਹੇ ਤੇਰੇ ਖ਼ਤਾਂ ਵਰਗੇ। ਹੈ ਮੈਨੂੰ ਬਿਰਖ਼ ਵੀ ਲਗਦੇ ਮੁਕੱਦਸ ਪੁਸਤਕਾਂ ਵਰਗੇ। ਕਿਸੇ ਗ਼ਮ ਦਾ ਤਕਾਜ਼ਾ ਹੈ ਕਿ ਜਾਂ ਸ਼ਿੱਦਤ ਉਡੀਕਾਂ ਦੀ, ਖਿੜੇ ਨੇ ਫੁੱਲ ਦਰਵਾਜ਼ੇ ਤੇ ਤੇਰੀ ਦਸਤਕਾਂ ਵਰਗੇ। ਤਿਰੀ ਮਹਿੰਦੀ ਮਿਰੇ ਹਰ ਸ਼ਬਦ ਦੀ ਤਲੀਆਂ ਤੇ ਆ ਲੱਗੀ, ਗ਼ਜ਼ਲ ਮੇਰੀ ਦੇ ਸਾਰੇ ਸ਼ਿਅਰ ਤੇਰੇ ਦਸਖ਼ਤਾਂ ਵਰਗੇ। ਕਿਤੋਂ ਮੈਨੂੰ ਸਦਾ ਦੇ ਕੇ ਚੜਾ੍ਹ ਆਵਾਜ਼ ਦੇ ਸੂਰਜ, ਮੇਰੇ ਗਿਰਦੇ ਹਨ੍ਹੇਰੇ ਛਾ ਗਏ ਹਨ ਪਰਬਤਾਂ ਵਰਗੇ । ਹੈ ਦਾਗੀ ਚੰਨ ਦਾ ਚਿਹਰਾ ਉਦਾਸੀ ਵੇਸਵਾ ਵਰਗਾ, ਖਿੜੇ ਤਾਰੇ ਕਿਸੇ ਮੁਫ਼ਲਸ ਦੀਆਂ ਪਰ ਹਸਰਤਾਂ ਵਰਗੇ। ਸਹਾਰੇ ਢੂੰਡਦੇ ਲੋਕੀਂ ਦਿਨੇ-ਦੀਵੀਂ ਚਰਾਗਾਂ ਦੇ , ਹੈ ਤੇਰੇ ਸ਼ਹਿਰ ਦੇ ਚਾਨਣ ਮਿਰੇ ਲਈ ਜ਼ੁਲਮਤਾਂ ਵਰਗੇ। ਖਿਜ਼ਾਂ ਵੀ ਕਬਰ ਆਪਣੀ ਕਰ ਲਏ ਤਿਆਰ ਆਪੇ ਹੀ, ਬਹਾਰਾਂ ਨੇ ਤਾਂ ਰੁੱਖਾਂ ਨੂੰ ਸਜਾਉਣਾ ਦੁਲਹਨਾਂ ਵਰਗੇ।

ਹੌਲੀ ਕੁ ਅਲਵਿਦਾ ਕਿਹਾ ਉਸ

ਹੌਲੀ ਕੁ ਅਲਵਿਦਾ ਕਿਹਾ ਉਸ ਥੋੜੀ ਵਾਟ ਤੋਂ। ਫਿਰ ਸਿਰ ਉਠਾ ਨਾ ਵੇਖਿਆ ਤਕੀਏ ਤੋਂ ਖਾਟ ਤੋਂ। ਚੁੱਲ੍ਹਾ, ਚਿਖਾ, ਸ਼ੱਮਾਂ ਕਦੇ ਬਾਲੀ ਮਸ਼ਾਲ ਵਾਂਗ, ਕਿਹੜਾ ਨਹੀਂ ਲਿਆ ਗਿਆ ਕੰਮ ਅੱਗ ਦੀ ਲਾਟ ਤੋਂ। ਹੱਸੇ ਤਾਂ ਫੁਲਝੜੀ ਚਲੀ, ਰੋਏ ਤਾਂ ਕਹਿਕਸ਼ਾਂ, ਆਇਆ ਕੀ! ਹੱਥ ਮੌਸਮਾਂ ਦੀ ਜਗਮਗਾਹਟ ਤੋਂ। ਕੁਰਸੀ, ਸਲੀਬਾਂ ਖਿੜਕੀਆਂ ਪੰਘੂੜੇ ਫੂੜ੍ਹੀਆਂ, ਕੀ! ਕੀ! ਬਣਾਇਆ ਨਾ ਗਿਆ ਇਕ ਰੁੱਖ ਦੇ ਕਾਠ ਤੋਂ। ਰਾਜੇ ਕਲਿੰਗਾ ਜਿੱਤਕੇ ਚਾਹੁੰਦੇ ਰਹੇ ਅਮਨ, ਲੈਣਾ ‘ਅਸ਼ੋਕਾ’ ਹੋਰ ਕੀ! ਸੀ ਬੁੱਧ ਦੀ ਲਾਠ ਤੋਂ। ਉਹਨਾਂ ਤਾਂ ਇੱਟਾਂ ਸਮਝਕੇ ਢਾਇਆ ‘ਅਕਾਲ-ਤਖ਼ਤ’ ਲੋਕਾਂ ਨੂੰ ਮਿਲਦਾ ਚੈਨ ਸੀ ਪਰ ਉਸਦੇ ਠਾਠ ਤੋਂ। ਵੇਲਾ ਵਿਹਾ ਚੁੱਕਾ ਨਹੀਂ ਸ਼ੁੱਭ ਹਰਫ਼ ਅੱਜ ਵੀ, ਮਿਲਦੀ ਹੈ ਹੁਣ ਵੀ ਰੌਸ਼ਨੀ ਬਾਣੀ ਦੇ ਪਾਠ ਤੋਂ।

ਬਰਫ਼ ਬੁੱਲਾਂ ਤੇ ਜਾ ਕੇ ਕੀਹ ਕਰੋਗੇ

ਬਰਫ਼ ਬੁੱਲਾਂ ਤੇ ਜਾ ਕੇ ਕੀਹ ਕਰੋਗੇ। ਚੁੱਪ ਕਾਫ਼ੀ ਝੂਠ ਨੂੰ ਸੱਚ ਹੋਣ ਲਈ। ਇਕ ਦਫ਼ਾ ਹੱਸੋ ਕਿ ਖਿੜ ਜਾਵਣ ਗੁਲਾਬ, ਉਮਰ ਸਾਰੀ ਹੀ ਪਈ ਹੈ ਰੋਣ ਲਈ। ਧੁੱਪ ਦਾ ਦਰਿਆ ਵਿਚਾਲੇ ਆ ਗਿਆ, ਜਦ ਤਿਰੇ ਸਾਏ ਨੂੰ ਤੁਰਿਆ ਛੋਹਣ ਲਈ। ਪੌਣ ਨੇ ਦੀਵਾ ਬੁਝਾ ਦੇਣਾ ਹੈ ਪਰ, ਮੇਰਿਆਂ ਸਾਹਾਂ 'ਚ, ਵਗ ਤੂੰ ਪੌਣ ਲਈ। ਚੇਤਨਾ ਅਪਣੀ ਦੇ ਕੁੰਡ ਦੇ ਵਿਚ ਨਹਾਓ, ਕੀ! ਸਰੋਵਰ ਹੈ ਜ਼ਰੂਰੀ ਨ੍ਹੌਣ ਲਈ? ਦੂਰ ਲੈ ਜਾਓ ਬੰਦੂਕਾਂ ਦੀ ਅਵਾਜ਼, ਇਹ ਜਗ੍ਹਾ ਹੈ ਪੰਛੀਆਂ ਦੇ ਗੌਣ ਲਈ।

ਦੀਆ ਸਲਾਈ ਵਾਂਗ ਅਸੀਂ ਅਗਨ ਨੂੰ ਸਾਂਭਿਆ

ਦੀਆ ਸਲਾਈ ਵਾਂਗ ਅਸੀਂ ਅਗਨ ਨੂੰ ਸਾਂਭਿਆ। ਨਾ ਭਿੜ ਅਸਾਡੇ ਨਾਲ ਤੂੰ ਬਾਹਰਲੇ ਕਾਂਬਿਆ। ਹਾਲੇ ਤਾਂ ਚੜ੍ਹਤ ਚੰਦੜਾਂ ਦੀ ਦੇਖਣੀ ਅਸੀਂ, ਤੈਨੂੰ ਮਿਲਾਂਗੇ ਫਿਰ ਕਦੇ ਝੰਗ ਦੇ ਉਲਾਂਭਿਆ। ਕਿੰਨਾ ਹੀ ਚਿਰ ਸੋਨੇ ਤਰ੍ਹਾਂ ਦਗਦਾ ਰਿਹਾ ਸੀ ਤੂੰ, ਆਖ਼ਰ ਨੂੰ ਕਾਲਾ ਪੈ ਗਿਐਂ ਚਮਕੀਲੇ ਤਾਂਬਿਆ। ਹੱਥਾਂ ’ਚ ਖ਼ਾਰ ਘੁੱਟਕੇ ਤਲੀਆਂ ਨੂੰ ਰੰਗਿਆ, ਮੈਂ ਇਸ ਤਰ੍ਹਾਂ ਬਹਾਰ ਦੇ ਚਿਹਰੇ ਨੂੰ ਸਾਂਭਿਆ। ਸਭ ਦੋਸਤ ਅੰਗ-ਸਾਕ ਤੇ ਜਦ ਉਹ ਵੀ ਤੁਰ ਗਏ, ਪੈਰਾਂ ’ਚ ਰੁਲ ਰਿਹਾ ਸੀ ਮੈਂ ਇਕ ਦਰਦ ਸਾਂਭਿਆ। ਮਹਿਬੂਬ ਬੁੱਤ-ਤਰਾਸ਼ ਨੇ ਪੱਥਰ ਬੜੇ ਘੜੇ, ਇਕ ਆਪਣਾ ਹੀ ਦਿਲ ਗਿਆ ਨਾ ਉਸ ਤੋਂ ਛਾਂਗਿਆ। ਚੱਕਾ ਘੁਕੇ ਘੋੜਾ ਤੁਰੇ ਮੰਜ਼ਲ ਪਰ੍ਹੇ ਪਰ੍ਹੇ, ਮੋਗੇ ਹੀ ਰਾਤ ਪੈ ਗਈ ਮਿੱਤਰਾਂ ਦੇ ਟਾਂਗਿਆ।

ਲਾਇਆ ਸੀ ਦਰਵਾਜ਼ੇ ਤੇ ਜੋ

ਲਾਇਆ ਸੀ ਦਰਵਾਜ਼ੇ ਤੇ ਜੋ, ਪੱਥਰ ਕਿਧਰ ਗਿਆ। ਸੱਚ ਦੱਸ ਕਿ ਤੇਰੇ ਨਾਮ ਦਾ ਅੱਖਰ ਕਿਧਰ ਗਿਆ। ਤਾਮੀਰ ਕਰਦਾ ਫਿਰ ਰਿਹਾ ਸੀ ਤੂੰ ਨਵੇਂ ਸ਼ਹਿਰ, ਹੁਣ ਦੱਸ ਕਿ ਤੇਰਾ ਆਪਣਾ ਹੀ ਘਰ ਕਿਧਰ ਗਿਆ। ਮੇਰੇ ਤਾਂ ਜ਼ਖ਼ਮ ਓਸਨੂੰ ਕਰਦੇ ਨੇ ਹੁਣ ਵੀ ਯਾਦ, ਸੀਨੇ ’ਚ ਸੀ ਜੋ ਮਾਰਿਆ ਖੰਜਰ ਕਿਧਰ ਗਿਆ। ਐਨਕ ਹੈ ਮੇਜ਼ ਤੇ ਪਈ ਕਾਗਜ਼ ਤੇ ਫੁੱਲਦਾਨ, ਸਭ ਕੁਝ ਪਿਆ ਉਵੇਂ ਹੈ ਪਰ, ਮਾਲਕ ਕਿਧਰ ਗਿਆ? ਕੋਈ ਨਾ ਉਸਦੇ ਕੋਲ ਸੀ ਇਸ ਰੁਖ਼ਸਤੀ ਸਮੇਂ, ‘ਅਜਮੇਰ’ ਨੂੰ ਜੋ ਆਖਦੇ ਸੀ ਮਰ ਕਿਧਰ ਗਿਆ।

ਖ਼ਤ ’ਚ ਤਿਰਾ ਪੈਗਾਮ ਨਾ ਹੋਵੇ

ਖ਼ਤ ’ਚ ਤਿਰਾ ਪੈਗਾਮ ਨਾ ਹੋਵੇ। ਇੱਕ ਛਲਕਦਾ ਜਾਮ ਨਾ ਹੋਵੇ। ਬੂਹੇ ਤੇ ਦਸਤਕ ਹੋਈ ਹੈ, ਭੁੱਲੀ-ਭਟਕੀ ਸ਼ਾਮ ਨਾ ਹੋਵੇ। ਵਕਤ ਜਿਵੇਂ ਹੈ ਰੁਕਦਾ ਜਾਂਦਾ, ਅੱਗੇ ਰਸਤਾ ਜਾਮ ਨਾ ਹੋਵੇ। ਤੋੜ ਦੇ ਸਾਰੇ ਸੰਨਾਟੇ ਤੂੰ, ਇਹ ਬਸਤੀ ਗੁੰਮਨਾਮ ਨਾ ਹੋਵੇ। ਬਸਤੀ ਵਿਚ ਖੇਡਦੇ ਬੱਚੇ, ਫੱਕਰਾਂ ਦਾ ਗੁਰਧਾਮ ਨਾ ਹੋਵੇ। ਰੱਬ ਦਾ ਵੀ ਘਰ-ਬਾਰ ਨਹੀਂ ਹੈ, ਇਹ ਗੱਲ ਵੀ ਇਲਹਾਮ ਨਾ ਹੋਵੇ।

ਨਾ ਤਾਂ ਅਮੀਰ ਹਾਂ ਮੈਂ

ਨਾ ਤਾਂ ਅਮੀਰ ਹਾਂ ਮੈਂ, ਨਾ ਹਾਂ ਗਰੀਬ ਕੋਈ। ਮੱਧ-ਵਰਗੀ ਆਦਮੀ ਹਾਂ, ਮੈਨੂੰ ਕਿਤੇ ਨਾ ਢੋਈ। ਲੇਖਾ ਜਦੋਂ ਵੀ ਕੀਤਾ, ਮੈਂ ਆਪਣੀ ਜ਼ਿੰਦਗੀ ਦਾ, ਦਿਲ ਵਾਰ ਵਾਰ ਹੱਸਿਆ, ਅੱਖ ਜ਼ਾਰ-ਜ਼ਾਰ ਰੋਈ। ਕੁਛ ਬੁੱਲਿਆਂ ਦੇ ਹਮਲੇ, ਕੁਛ ਭੰਬਟਾਂ ਦੇ ਝਟਕੇ , ਸ਼ੱਮ੍ਹਾਂ ’ਤੇ ਕੀ ਕੀ ਬੀਤੀ ਇਹ ਜਾਣਦਾ ਨਾ ਕੋਈ। ਆਪਣੀ ਸੁਣਾ ਤੂੰ ਮਿੱਤਰ, ਦੱਸ ਤੇਰਾ ਹਾਲ ਕੀ ਹੈ, ਜੋ ਮੇਰੇ ਨਾਲ ਹੋਈ, ਸੋ ਮੇਰੇ ਨਾਲ ਹੋਈ। ਮਸਨੂਈ ਰੰਗ-ਰਲੀਆਂ, ਮੁਰਝਾਏ ਫੁੱਲ ਕਲੀਆਂ, ਵਖ਼ਤਾਂ ਦੇ ਮਾਰਿਆਂ ਨੂੰ, ਮਿਲਦੀ ਕਿਤੇ ਨਾ ਢੋਈ। ਛੱਡਿਆ ਕਿਤੋਂ ਵੀ ਜੋਗਾ, ਨਾ ਮੈਨੂੰ ਤੰਗਦਸਤੀ, ਸੁਣਿਆ ਸੀ ਤੇਰੇ ਦਰ ਤੋਂ, ਖ਼ਾਲੀ ਗਿਆ ਨਾ ਕੋਈ। ਗੁੰਮ-ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾ ਕੁਛ ਕਹਿੰਦਾ, ਇਹ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ।

ਜ਼ਹਿਰ ਦੇਵੋ ਪੀਣ ਨੂੰ

ਜ਼ਹਿਰ ਦੇਵੋ ਪੀਣ ਨੂੰ ਮੈਂ ਹੋਸ਼ ਦੀ ਬਹੁਤਾਤ ਹਾਂ। ਕੱਲ੍ਹ ਵੀ ਸੁਕਰਾਤ ਸੀ ਮੈਂ ਅੱਜ ਵੀ ਸੁਕਰਾਤ ਹਾਂ। ਬਾ ਖ਼ਬਰ ਹਾਂ, ਫੇਰ ਮੇਰੇ ’ਤੇ ਕੇਹਾ ਰਹਿਮੋ-ਕਰਮ, ਚੇਤਨਾ ਦੀ ਅੱਖ ਹਾਂ ਮੈਂ ਰੌਸ਼ਨੀ ਦੀ ਬਾਤ ਹਾਂ। ਚਮਕਣਾ ਮੇਰਾ ਮੁਕੱਦਰ, ਗਰਦਸ਼ਾਂ ਮੇਰਾ ਕਿਆਮ, ਸੂਰਜਾਂ ਦੀ ਧੂੜ ਹਾਂ, ਮੈਂ ਤਾਰਿਆਂ ਦੀ ਬਾਤ ਹਾਂ। ਧਰਮ, ਮਜ਼ਹਬ ਵਿੱਚ ਨਾ ਵੰਡਿਓ ਕਿਤੇ ਮੇਰਾ ਵਜੂਦ, ਹਿੰਦੂਆਂ ਦੀ ਆਰਤੀ, ਮੈਂ ਮੁਸਲਮਾਂ ਦੀ ਨਾਅਤ ਹਾਂ। ਦੌਲਤਾਂ ਇਹ ਧਨ ਤੇ ਹੂਰਾਂ, ਸਭ ਖਿਡੌਣੇ ਹਨ ਖਿਡੌਣੇ, ਖਾਹਸ਼ਾਂ ਦਾ ਨ੍ਹੇਰ ਹੈ, ਮੈਂ ਨ੍ਹੇਰ ਵਿੱਚ ਪ੍ਰਭਾਤ ਹਾਂ। ਸੌ ਰਹੇ ਨੇ ਚੰਨ, ਤਾਰੇ ਚਾਨਣੀ ਹੈ ਊਂਘਦੀ, ਜੋ ਢਲੀ ਤੇਰੀ ਗਲੀ, ਮੈਂ ਹੌਕਿਆਂ ਦੀ ਰਾਤ ਹਾਂ। ਨਾ ਮਿਰਾ ਘਰ, ਨਾ ਨਗਰ, ਨਾ ਨਾਮ ਕੋਈ ਦੇਸ਼ ਹੈ, ਮੈਂ ਹਵਾ ਹਾਂ, ਮੈਂ ਖ਼ਲਾਅ ਵਿੱਚ ਭਟਕਦੀ ਹਯਾਤ ਹਾਂ।

ਯਾਤਨਾਵਾਂ ਦਾ ਅਜੇ ਪਹਿਲਾ ਪਹਿਰ

ਯਾਤਨਾਵਾਂ ਦਾ ਅਜੇ ਪਹਿਲਾ ਪਹਿਰ ਹੀ ਹੋਏਗਾ। ਰਾਤ ਅੱਧੀ ਹੋਏਗੀ ਕੁਈ ਬਹੁਤ ਉੱਚੀ ਰੋਏਗਾ। ਕੌਣ? ਬੇਗਾਨੇ ਦੀ ਬਾਬਤ ਅੱਧੀ ਰਾਤੀਂ ਰੋਏਗਾ, ਦਿਲ ਅਤੇ ਹੰਝੂ ਦਾ ਰਿਸ਼ਤਾ ਲਾਜ਼ਮੀ ਕੁਈ ਹੋਏਗਾ। ਸੁਪਨਿਆਂ ਦੀ ਭੀੜ ਨੇ ਨੀਂਦਰ ਚੁਰਾਈ ਏਸਦੀ, ਇਹ ਸ਼ਖ਼ਸ ਹੱਸੇਗਾ ਵੀ ਤਾਂ ਹੱਸਦਾ ਹੱਸਦਾ ਰੋਏਗਾ। ਰਿਸ਼ਤਿਆਂ ਦੇ ਜਮਘਟੇ ਵਿਚ ਮੈਂ ਤਾਂ ਲੀਰਾਂ ਹੋ ਗਿਆ, ਇਕ ਮੇਰਾ ਜਿਸਮ ਹੈ ਇਹ ਕਿਸਦਾ ਕਿਸਦਾ ਹੋਏਗਾ। ਇਕ ਨਦੀ ਹੈ ਰੇਤ ਦੀ ਪੈਰਾਂ 'ਚ ਸਾਡੇ ਆ ਵਿਛੀ, ਕੌਣ ਪਾਣੀ ਪੀਏਗਾ, ਤੇ, ਕੌਣ ਅੱਖਾਂ ਧੋਏਗਾ। ਦੌਰ ਆਇਆ ਹੈ ਨਵਾਂ ਲੱਗਦੈ ਸਿਵੇ ਕੁਝ ਠਰਨਗੇ, ਦੀਪ ਸਾਂਝਾਂ ਦਾ ਘਰਾਂ ਵਿਚ ਫੇਰ ਜਗਦਾ ਹੋਏਗਾ।

ਆਪਣੇ ਘਰ 'ਚ ਵੀ ਗੁੰਮਸ਼ੁਦਾ ਹਾਂ

ਆਪਣੇ ਘਰ 'ਚ ਵੀ ਗੁੰਮਸ਼ੁਦਾ ਹਾਂ। ਇਸ ਤਰ੍ਹਾਂ ਰਿਸ਼ਤਿਆਂ ਤੋਂ ਜੁਦਾ ਹਾਂ। ਵੇਦਨਾ ਜਿਸਦੀ ਦਾ ਨਾ ਕੋਈ, ਟੁੱਟਦੇ ਪੱਤੇ ਦੀ ਅੰਤਮ ਸਦਾ ਹਾਂ। ਜਿਸਮ ਖ਼ਾਮੋਸ਼ੀਆਂ ਦਾ ਪਹਿਨਕੇ, ਰੂਹ ਦੇ ਸ਼ੋਰ ’ਚੋਂ ਲੰਘਦਾ ਹਾਂ। ਬਿਰਖ਼ ਡਿੱਗੇ ਹਵਾ ਤੋਂ ਬਿਨਾ ਹੀ, ਇਹ ਮੈਂ ਮੰਜ਼ਰ ਕਿਹਾ ਦੇਖਦਾ ਹਾਂ। ਖ਼੍ਵਾਬ ਟੁੱਟਣ ਤੇ ਲੱਗਦਾ ਪਤਾ ਹੈ, ਅਪਣੀ ਬਾਹਾਂ ’ਚ ਜਦ ਵਿਲਕਦਾ ਹਾਂ। ਛਣਕਦੀ ਜਿਸਦੇ ਪੈਰਾਂ ’ਚ ਬੇੜੀ, ਉਸਦੀ ਅੱਖਾਂ 'ਚੋਂ ਮੈਂ ਝਾਕਦਾ ਹਾਂ। ਉਹ ਹਕੂਮਤ ਤਰ੍ਹਾਂ ਵੇਖਦਾ ਹੈ, ਉਸਦੀ ਅੱਖਾਂ ’ਚ ਮੈਂ ਰੜਕਦਾ ਹਾਂ। ਮੈਂ ਹਾਂ ਕੇਸੂ ਸੁਰਖ਼, ਲਾਲ-ਸੂਹਾ, ਪੱਤਝੜਾਂ ਵਿਚ ਮੈਂ ਟਹਿਕਦਾ ਹਾਂ। ਤੂੰ ਛੁਹਾ ਹੋਂਠ ਭਾਵੇਂ ਛੁਹਾ ਨਾ, ਤੇਰੇ ਹੱਥਾਂ 'ਚ ਮੈਂ ਛਲਕਦਾ ਹਾਂ। ਹਾਲੇ ਰੁਖ਼ਸਤ ਹੈ ਹੋਣਾ ਤੁਸੀਂ ਪਰ, ਫਿਰ ਮਿਲਾਂਗੇ ਕਦੋਂ ਸੋਚਦਾ ਹਾਂ।

ਕੰਧਾਂ ਉਦਾਸ ਹੋਈਆਂ ਵਿਹੜਾ ਉਦਾਸ ਹੋਇਆ

ਕੰਧਾਂ ਉਦਾਸ ਹੋਈਆਂ ਵਿਹੜਾ ਉਦਾਸ ਹੋਇਆ। ਤੇਰੇ ਬਗੈਰ ਘਰ ਕੀ! ਖੇੜਾ ਉਦਾਸ ਹੋਇਆ। ਸ਼ੀਸ਼ਾ, ਪਲੰਘ, ਬਿਸਤਰ, ਤੂੰ ਜੋ ਪਹਿਨਦਾ ਸੀ ਵਸਤਰ, ਗਲ਼ ਨਾਲ ਲੱਗ ਕੇ ਰੋਇਆ, ਜਿਹੜਾ ਉਦਾਸ ਹੋਇਆ। ਰੁੱਖਾਂ ਦੇ ਪੱਤ ਚਿੱਟੇ ਫੁੱਲਾਂ ਦੇ ਰੰਗ ਫਿੱਕੇ, ਮੌਸਮ ਬਦਲ ਗਿਆ ਹੈ, ਕਿਹੜਾ ਉਦਾਸ ਹੋਇਆ। ਕੀ ਹੋ ਗਿਆ ਹਵਾ ਨੂੰ, ਕੰਗਣ ਨੇ ਭੰਨ ਸੁੱਟੇ, ਸੰਧੂਰ ਪੂੰਝ ਦਿੱਤਾ, ਚਿਹਰਾ ਉਦਾਸ ਹੋਇਆ। ਸੰਗਲ਼ ਖਣਕ ਖਣਕ ਗਏ, ਬੇੜੀ ਛਣਕ ਛਣਕ ਗਈ, ਲੰਘਿਆ ਕੀਹ ਤੂੰ ਗਲ਼ੀ 'ਚੋਂ ਨ੍ਹੇਰਾ ਉਦਾਸ ਹੋਇਆ।

ਤੂੰ ਬੋਲ ਕੋਈ ਬੋਲ

ਤੂੰ ਬੋਲ ਕੋਈ ਬੋਲ, ਨਵਾਂ ਚਾਹੇ ਪੁਰਾਣਾਂ। ਇਸ ਪਿੱਛੋਂ ਚਲਾ ਤੂੰ ਜਾਵੀਂ ਤੇ ਮੈਂ ਵੀ ਹੈ ਜਾਣਾ। ਜਿਸਨੂੰ ਹੈ ਕਿਸੇ ਪੜ੍ਹਨਾ, ਕਿਸੇ ਹੋਰ ਨੇ ਗਾਣਾ, ਬਣ ਜਾਏਂਗਾ ਫਿਰ ਤੂੰ ਵੀ ਤਾਂ ਇਕ ਕਿੱਸਾ ਪੁਰਾਣਾ। ਸੰਨਾਟੇ 'ਚ ਲਲਕਾਰਾ ਹੀ ਚੱਲ ਮਾਰੀਏ ਰਲ਼ ਕੇ, ਸ਼ਰਮਿੰਦਾ ਨਾ ‘ਸ਼ਾਹ ਬੁੱਲ੍ਹੇ ਦਾ ਹੋ ਜਾਏ ਘਰਾਣਾ। ਇਸ ਹੇਠਾਂ ਹੈ ਰਾਹ ਵਗਦਾ ਅਤੇ ਰਾਹੀ ਨੇ ਲੰਘਦੇ, ਤੂੰ ਭੁੱਲ ਗਿਐਂ ਦੀਪ ਕਿਉਂ ਛੱਤ ਤੇ ਜਗਾਣਾ। ਚੰਨ ਦੀ ਤਰ੍ਹਾਂ ਮੇਰਾ ਵੀ ਤਾਂ ਦਿਲ ਹੈ ਭਟਕਦਾ, ਨਾ ਇਸਦਾ ਕਿਤੇ ਹੈ, ਨਾ ਹੈ ਮੇਰਾ ਠਿਕਾਣਾ। ਤੂੰ ਬਦਲ ਕੈਲੰਡਰ ਨੂੰ ਮਗਰ ਯਾਦ ਇਹ ਰੱਖੀਂ, ਹੈ ਔਖਾ ਬੜਾ ਹੁੰਦਾ, ਗਿਆ ਵਕਤ ਭੁਲਾਣਾ। ਤਨਹਾਈ! ਤਿਰੇ ਨਾਲ ਮੁਲਾਕਾਤ ਕੀ ਹੋਈ, ਛਡ ਦਿੱਤਾ ਹੈ ਮੈਂ ਯਾਰਾਂ ਨੂੰ ਵੀ ਮਿਲਣਾ-ਮਿਲਾਣਾ। ਇਸ ਇਸ਼ਕ 'ਚ ‘ਅਜਮੇਰ’ ਨਵੀਂ ਗੱਲ ਹੈ ਕਿਹੜੀ? ਖ਼ੁਦ ਆਪਣੇ ਨਾ’ ਰੁੱਸਣਾ ਹੈ, ਖ਼ੁਦ ਆਪ ਮਨਾਣਾ।

ਕੀ ! ਪਤਾ ਸੀ ਇਸ ਤਰ੍ਹਾਂ ਦੇ ਖ਼ਤ ਵੀ

ਕੀ ! ਪਤਾ ਸੀ ਇਸ ਤਰ੍ਹਾਂ ਦੇ ਖ਼ਤ ਵੀ ਆਵਣਗੇ ਘਰੇ । ਪੜ੍ਹ ਲਏ ਤਾਂ ਮਰ ਗਏ ਜੇ ਨਾ ਪੜ੍ਹੇ ਤਾਂ ਵੀ ਮਰੇ। ’ਵਾ-ਵਰੋਲੇ ਇਸ ਤਰ੍ਹਾਂ ਬਿਰਖ਼ਾਂ ਨੂੰ ਖੋਹ ਕੇ ਲੈ ਗਏ, ਜੇ ਖ਼ੁਦਾ ਹੋਵੇ ਤਾਂ ਇਸ ਨੂੰ ਵੇਖ ਕੇ ਉਹ ਵੀ ਡਰੇ। ਜਿਸ ਤਰ੍ਹਾਂ ਦੁਨੀਆਂ ਨੂੰ ਛੱਡਕੇ ਹੈ ਚਲਾ ਜਾਂਦਾ ਕੋਈ, ਇਸ ਤਰ੍ਹਾਂ ਘਰ ਆਪਣੇ ਛੱਡੇ ਅਸੀਂ ਖਾਲੀ ਕਰੇ। ਏਸ ਮੌਸਮ ਨੂੰ ਅਸੀਂ ਦੇਈਏ ਤਾਂ ਨਾਂ ਦੇਈਏ ਵੀ ਕੀ? ਏਸ ਮੌਸਮ ਦੇ ਬਿਰਖ਼ ਚੱਟੇ ਨਹੀਂ ਹੋਏ ਹਰੇ । ਨੈਣ ਸੁੰਞੇ, ਮਾਂਗ ਖ਼ਾਲੀ, ਬਿੱਖਰੇ ਝਾਂਜਰ ਦੇ ਬੋਰ, ਬੁਝ ਗਏ ਸਰਦਲ ਤੇ ਦੀਵੇ ਕੌਣ? ਆਇਐ ਇਸ ਘਰੇ। ਉੱਖੜੀ ਪਟੜੀ, ਸੜੇ ਡੱਬੇ ਅਤੇ ਜ਼ਖਮੀ ਸਵਾਰ, ਇਹ ਖ਼ਬਰ ਹੀ ਪੜ੍ਹਨ ਨੂੰ ਮਿਲਦੀ ਹੈ ਮੈਨੂੰ ਦਿਨ ਚੜ੍ਹੇ। ਚੁੱਪ ਜੇ ਸਾਡੀ ਬਰੂਹਾਂ ਤੇ ਇਵੇਂ ਬੈਠੀ ਰਹੀ, ਕੀ ਕਰਾਂਗੇ! ਜਦ ਇਹ ਖ਼ਤਰੇ ਆਪਣੇ ਘਰ ਆ ਵੜੇ।

ਐਨੇ ਸਹੇ ਨੇ ਗ਼ਮ ਕਿ ਕੋਈ ਗ਼ਮ ਨਹੀਂ ਰਿਹਾ

ਐਨੇ ਸਹੇ ਨੇ ਗ਼ਮ ਕਿ ਕੋਈ ਗ਼ਮ ਨਹੀਂ ਰਿਹਾ। ਜਾਂ ਸਮਝ ਲਉ ਗ਼ਮਾਂ 'ਚ ਕੋਈ ਦਮ ਨਹੀਂ ਰਿਹਾ। ਅੱਜਕੱਲ੍ਹ ਕਲਾਵੇ ਦੋਸਤੋ ਫੰਧੇ ਨੇ ਹੋ ਗਏ, ਗਲ ਨਾਲ ਲਗ ਕੇ ਮਿਲਣ ਦਾ ਮੌਸਮ ਨਹੀਂ ਰਿਹਾ। ਏਥੇ ਤਾਂ ਵਾੜ ਖੇਤ ਨੂੰ ਹੈ ਖਾਣ ਲਗ ਪਈ, ਹੁਣ ਨੇਕ ਨੀਯਤ ਆਪਣਾ ਹਾਕਮ ਨਹੀਂ ਰਿਹਾ। ਦਿਲ ਦਾ ਰੁਮਾਲ ਤੇਰਿਆਂ ਫ਼ਿਕਰਾਂ ਨੇ ਖਾ ਲਿਆ, ਗ਼ਮ ਕਿਸ ’ਚ ਬੰਨੀਏ ਕੁਈ ਦਾਮਨ ਨਹੀਂ ਰਿਹਾ। ਉਂਝ ਤਾਂ ਬੜੇ ਨੇ ਕੱਪੜੇ ਬਾਜ਼ਾਰ ਵਿਚ ਪਰ, ਜੋ ਓਸਨੇ ਸੀ ਪਹਿਨਣਾ ਰੇਸ਼ਮ ਨਹੀਂ ਰਿਹਾ। ਘੁੰਗਰਾਲੇ ਵਾਲ ਹੋ ਗਏ ਸਿੱਧੇ ਉਮਰ ਦੇ ਨਾਲ, ਉਸ ਜ਼ੁਲਫ਼ ਵਿਚ ਪੇਚ ਜਾਂ ਕੁਈ ਖਮ ਨਹੀਂ ਰਿਹਾ। ਲੈ ਚਲ ਤੂੰ ਅਜ਼ਰਾਈਲ ਮੈਂ ਹਾਂ ਜਾਣ ਨੂੰ ਤਿਆਰ, ਪਰ ਮੇਰੇ ਕਰਜ਼ ਦਾ ਕੁਈ ਜਾਮਨ ਨਹੀਂ ਰਿਹਾ। ‘ਅਜਮੇਰ’ ਫਿਰਦਾ ਏਂ ਕਿਉਂ ਬੇ-ਚੈਨ ਰਾਤ-ਦਿਨ, ਇਸ ਤੋਂ ਬਿਨਾਂ ਕੀ! ਕੋਲ ਤੇਰੇ ਕੰਮ ਨਹੀਂ ਰਿਹਾ? ਅਜ਼ਰਾਈਲ=ਮੌਤ ਦਾ ਫ਼ਰਿਸ਼ਤਾ

ਮੰਜ਼ਲ ਮੁਕਾਮ ਆਪਣਾ ਨਾ ਕਾਰਵਾਂ ਆਪਣਾ

ਮੰਜ਼ਲ ਮੁਕਾਮ ਆਪਣਾ ਨਾ ਕਾਰਵਾਂ ਆਪਣਾ। ਅੰਨ੍ਹੇ ਸਫ਼ਰ ਨਾ’ ਪੈ ਗਿਆ ਹੈ ਵਾਸਤਾ ਆਪਣਾ। ਬਸ ਇਕ ਖਲਾਅ 'ਚੋਂ ਲੰਘਦੀ ਜਾਂਦੀ ਹੈ ਇਹ ਜ਼ਿਮੀਂ, ਤੇ ਇਸ ਦੇ ਨਾਲ ਬੱਝਿਆ ਹੈ ਸਿਲਸਿਲਾ ਆਪਣਾ। ਕੇਹਾ ਸਰਾਪ ਮਿਲ ਗਿਆ ਸਾਗਰ ਹੀ ਸੁੱਕ ਗਏ, ਹੁਣ ਖੁਸ਼ਕ ਹੋਂਠ ਹਨ, ਤੇ ਜਾਂ ਹੈ ਤੜਫਣਾ ਆਪਣਾ। ਉਹ ਖੰਭ ਮੇਰੇ ਬੰਨ੍ਹ ਕੇ ਕਹਿੰਦੇ ਨੇ ਉੱਡ ਜਾ, ਹੈ ਕੋਲ਼ ਬੇ-ਬਸੀ ਖੜੀ, ਜਾਂ ਪਿੰਜਰਾ ਆਪਣਾ। ਹੈ ਰੋਂਦੇ ਰੋਂਦੇ ਆ ਗਈ ਹੱਸਣ ਦੀ ਜਾਚ ਵੀ, ਪਰ ਰੱਬ ਨੂੰ ਹੈ ਰੜਕਦਾ, ਹੁਣ ਹੱਸਣਾ ਆਪਣਾ। ਆਏਗੀ ਮੌਤ, ਹੋਏਗੀ ਹੈਰਾਨ ਵੇਖਕੇ, ਗੂੰਜੇਗਾ ਜਦ ਆਕਾਸ਼ ਦੇ ਵਿਚ ਕਹਿਕਹਾ ਆਪਣਾ। ਵਾਦਾਂ-ਵਿਵਾਦਾਂ ਵਿਚ ਮੈਂ ਫਸਿਆ ਨਹੀਂ ਕਦੇ, ਮੇਰੇ ਤਾਂ ਜੀਣ ਦਾ ਹੈ ਮੇਰਾ ਫ਼ਲਸਫ਼ਾ ਆਪਣਾ।

ਤੇਰੇ ਚਿਹਰੇ ਦੀ ਧੁੱਪ ਲਗਦੀ ਜ਼ਰਾ

ਤੇਰੇ ਚਿਹਰੇ ਦੀ ਧੁੱਪ ਲਗਦੀ ਜ਼ਰਾ ਕੇਸਾਂ ਦੀ ਛਾਂ ਕਰ ਦੇ। ਅਧੂਰੀ ਬਾਤ ਹੈ ਮੇਰੀ ਜ਼ਰਾ ਇਸਨੂੰ ਅਗ੍ਹਾਂ ਕਰ ਦੇ। ਲਟਕ ਜਾਵਾਂਗਾ ਮੈਂ ਤੇਰੇ ਖਿਲਾਅ ਦੀ ਦਾਰ ਤੇ ਐਪਰ, ਸਜ਼ਾ ਖ਼ਾਤਰ ਹੀ ਇਕ ਵਾਰੀ ਤੂੰ ਅਪਣੇ ਮੂੰਹ 'ਚੋਂ ਹਾਂ ਕਰ ਦੇ। ਸਫ਼ਰ ਦੇ ਮੀਂਹ 'ਚ ਛਤਰੀ ਦਰਦ ਦੀ ਲੈ ਕੇ ਹਾਂ ਮੈਂ ਤੁਰਿਆ, ਜੇ ਤੈਨੂੰ ਸਾਥ ਚਾਹੀਦੈ ਤਾਂ ਇਹ ਛਤਰੀ ਪਰ੍ਹਾਂ ਕਰ ਦੇ। ਬੜਾ ਬੇ-ਦਰਦ ਹੈ ਮੌਸਮ ਅਤੇ ਨਿਰਮੋਹੀ ਹਨ ਰੁੱਤਾਂ, ਖ਼ੁਦਾਇਆ ਦਿਲ ਦੇ ਜ਼ਖ਼ਮਾਂ ਨੂੰ ਬਹਾਰਾਂ ਦੀ ਤਰ੍ਹਾਂ ਕਰ ਦੇ। ਸਦਾ ਤਲੀਆਂ ਤੇ ਬੈਠੇ ਤਾਂ ਨਹੀਂ ਰਹਿਣਾ ਸਵੇਰੇ ਨੇ, ਹਿਨਾ ਹੁੰਦੀ ਹੈ ਕੀ! ਵੇਖਾਂ ਤੂੰ ਆਪਣੇ ਹੱਥ ਉਰ੍ਹਾਂ ਕਰਦੇ। ਗ਼ਮਾਂ ਦਾ ਦੌਰ ਹੈ ‘ਅਜਮੇਰ’ ਲੋਕੀਂ ਬਹੁਤ ਤਨਹਾ ਨੇ, ਤੂੰ ਹੁਣ ਇਸ ਜ਼ਿੰਦਗੀ ਨੂੰ ਆਪਣੇ ਯਾਰਾਂ ਦੇ ਨਾਂ ਕਰ ਦੇ।

ਕਰਵਟ ਬਦਲਦੀ ਰਾਤ ਹੈ ਬੀਮਾਰ ਦੀ ਤਰ੍ਹਾਂ

ਕਰਵਟ ਬਦਲਦੀ ਰਾਤ ਹੈ ਬੀਮਾਰ ਦੀ ਤਰ੍ਹਾਂ । ਸੀਨੇ ਚ ਚੁਭਦਾ ਹੈ ਰਿਹਾ ਕੁਝ ਖ਼ਾਰ ਦੀ ਤਰ੍ਹਾਂ। ਬਿਰਖ਼ਾਂ ਦੇ ਉਹਲਿਓਂ ਕਦੇ ਦਿਸਹਦਿਓਂ ਪਰ੍ਹੇ, ਰਹਿੰਦਾ ਹੈ ਦੇਖਦਾ ਕੁਈ ਦਿਲਦਾਰ ਦੀ ਤਰ੍ਹਾਂ। ਰਸਤਾ, ਮੁਕਾਮ ਨਾ ਦਿਸ਼ਾ ਔਂਦੀ ਕਿਤੇ ਨਜ਼ਰ, ਇਹ ਕੌਣ ਅੱਗੇ ਆ ਖੜਾ ਦੀਵਾਰ ਦੀ ਤਰ੍ਹਾਂ। ਬੱਕੀ ਵੀ ਕੋਲ ਹੋਏਗੀ, ਭੱਥਾ ਵੀ, ਤੀਰ ਵੀ, ਹੋਊ ਉਦੈ ਸੂਰਜ ਕਦੀ ਤਾਂ ‘ਯਾਰ’ ਦੀ ਤਰ੍ਹਾਂ। ਕੱਲ੍ਹ ਨੂੰ ਬਾਜ਼ ਘੇਰ ਕੇ ਮਾਰਨਗੇ ਥਾਂ-ਕੁਥਾਂ, ਉਡਣਾ ਵੀ ਹੈ ਜੇ ਉੱਡ ਐਪਰ ਡਾਰ ਦੀ ਤਰ੍ਹਾਂ। ਮੁਸਕਾਨ ਸੀ ਭੇਦਾਂ-ਭਰੀ ਮੈਂ ਹੀ ਨਾ ਸਮਝਿਆ, ਜਦ ਵੀ ਵਰ੍ਹੀ ਤਾਂ ਹੈ ਵਰ੍ਹੀ ਤਲਵਾਰ ਦੀ ਤਰ੍ਹਾਂ।

ਢਲ ਗਈ ਉਦਾਸ ਸ਼ਾਮ

ਢਲ ਗਈ ਉਦਾਸ ਸ਼ਾਮ, ਰਾਤ ਆ ਗਈ। ਖ਼ਲਕ ਸੌਂ ਗਈ ਤਮਾਮ, ਰਾਤ ਆ ਗਈ। ਚੌਂਕਿਆ ਨਾ ਜਾਗਿਆ ਮੇਰੇ ਗਰਾਂ ਕੁਈ, ਹਰ ਗਲੀ ਨੂੰ ਕਰ ਸਲਾਮ, ਰਾਤ ਆ ਗਈ। ਗਲ ਤੇ ਬ ਦੇ ਫਿਰੇਗੀ ਰਾਤ ਭਰ ਛੁਰੀ, ਇਹ ਕਿਹਾ ਹੈ ਇੰਤਜ਼ਾਮ? ਰਾਤ ਆ ਗਈ। ਘਟ ਰਿਹਾ ਹਨੇਰ ਹੈ ਨਾ ਦਰਦ ਹੀ ਗਿਆ, ਨਾ ਸੁਰਾਹੀ, ਨਾ ਹੀ ਜਾਮ, ਰਾਤ ਆ ਗਈ।

ਇਹ ਕੰਮ ਆਪ ਕਰਨਾ ਤੇ ਹੋਰਨਾਂ ਨੂੰ ਦੱਸਣਾ

ਇਹ ਕੰਮ ਆਪ ਕਰਨਾ ਤੇ ਹੋਰਨਾਂ ਨੂੰ ਦੱਸਣਾ। ਜਿੱਥੇ ਦਿਸੇ ਹਨ੍ਹੇਰਾ ਓਥੇ ਚਰਾਗ ਰੱਖਣਾ। ਇਕ ਵਕਤ ਵਰਗੀ ਆਦਤ ਤੈਨੂੰ ਨਸੀਬ ਹੋਵੇ, ਅੱਗੇ ਹੀ ਅੱਗੇ ਜਾਣਾਂ, ਪਿੱਛੇ ਨਾ ਮੁੜਕੇ ਤੱਕਣਾ। ਇਸ ਦਿਲ ਦੇ ਬਾਰੇ ਚਿੰਤਤ ਹੋਣ ਦੀ ਲੋੜ ਹੁਣ ਕੀ? ਦਰਿਆ ਦਾ ਕੀਹ ਹੈ ਇਸਨੇ, ਚੜ੍ਹਨਾ ਕਦੇ ਉਤਰਨਾ। ਇਹ ਬੇ-ਅਬਾਦ ਮੰਜ਼ਰ, ਵੀਰਾਨੀਆਂ ਤੇ ਖੰਡਰ, ਆਉਂਦੈ ਕਬੂਤਰਾਂ ਨੂੰ ਪਰ ਇਸ ਜਗ੍ਹਾ ਗੁਟਕਣਾ। ਹਰ ਇਕ ਤੂਫ਼ਾਨ ਦੇ ਨਾ’ ਲੋਹਾ ਲਿਆ ਹੈ ਇਸਨੇ, ਇਹ ਤੂਤ ਦਾ ਹੈ ਬੂਟਾ ਇਸਨੇ ਕਦੇ ਨਹੀਂ ਟੁੱਟਣਾ। ਨ੍ਹੇਰੇ 'ਚ ਬਿਜਲੀ ਚਮਕੀ, ਦਰਵਾਜ਼ਾ ਦਿਸ ਪਿਆ ਪਰ, ਬਾਰਸ਼ ’ਚ ਤੇਰੇ ਬਿਨ ਕਿਸ, ਦਹਿਲੀਜ਼ ਬਣਕੇ ਖ਼ੜ੍ਹਨਾ।

ਬਾਗ਼ੀਂ ਸਮੇਤ ਪੰਛੀਆਂ ਜਦ ਉਤਰਦੀ ਹੈ ਸ਼ਾਮ। ਬਣ ਬਣ ਰੰਗ, ਰੂਪ ਕੀ! ਕੀ!! ਬਿਖਰਦੀ ਹੈ ਸ਼ਾਮ। ਚਿਹਰਾ ਕਿਸੇ ਦਾ ਜਿਸ ਤਰ੍ਹਾਂ ਆਂਚਲ ’ਚੋਂ ਝਲਕਦਾ, ਬੱਦਲਾਂ ਦੇ ਉਹਲਿਓਂ ਇਉਂ ਕੁਝ ਗੁਜ਼ਰਦੀ ਹੈ ਸ਼ਾਮ। ਸਿਰ ਉੱਤੇ ਕਾਲੀ ਰਾਤ ਹੈ ਹੱਥਾਂ ਤੇ ਹੈ ਹਿਨਾ, ਸ਼ਮ੍ਹਾਂ ਦੇ ਵਾਂਗ ਸ਼ਾਮ ਨੂੰ ਹੀ ਨਿਖਰਦੀ ਹੈ ਸ਼ਾਮ। ਪੋਟੇ ਜਿਵੇਂ ਨੇ ਧੁੱਪ ਦੇ, ਪਾਉਂਦੇ ਜੋ ਔਸੀਆਂ, ਬੈਠੀ ਦਰਖ਼ਤਾਂ ਹੇਠ ਕੀ! ਕੁਝ ਚਿਤਰਦੀ ਹੈ ਸ਼ਾਮ। ਅੱਖਾਂ ’ਚ ਖ਼ਾਲੀਪਣ ਲਈ ਵੇਖਣ ਇਮਾਰਤਾਂ, ਜਦ ਇਸ ਭਰੇ ਬਜ਼ਾਰ ’ਚੋਂ ਦੀ ਗੁਜ਼ਰਦੀ ਹੈ ਸ਼ਾਮ। ਦਿਲ ਦੀ ਰਗਾਂ ਤੇ ਚੱਲਦੀ ਇਕ ਤੇਜ਼ਤਰ ਛੁਰੀ, ਪੀਲੇ ਦਰਖ਼ਤਾਂ 'ਚੋਂ ਜਦੋਂ ਵੀ ਵਿਚਰਦੀ ਹੈ ਸ਼ਾਮ। ਦੀਵਾ ਕਿਸੇ ਦੀ ਯਾਦ ਦਾ ਹੈ ਬਾਲਦੀ ਜ਼ਮੀਰ, ਅੱਜ ਦੀ ਤਾਂ ਸ਼ਾਮ ਦੋਸਤੋ, ਗ਼ਮ ਫ਼ਿਕਰ ਦੀ ਹੈ ਸ਼ਾਮ। ਹਿਨਾ=ਮਹਿੰਦੀ, ਤੇਜ਼ਤਰ=ਤਿੱਖੀ

ਸੰਭਲ ਕੇ ਭਰ ਉਡਾਰੀ ਹੈ ਤਿਰੇ ਵੱਲ

ਸੰਭਲ ਕੇ ਭਰ ਉਡਾਰੀ ਹੈ ਤਿਰੇ ਵੱਲ ਖੰਜਰਾਂ ਆਉਣਾ। ਗਏ ਕੱਟੇ ਜੇ ਇਕ ਵਾਰੀ ਨਾ ਮੁੜਕੇ ਫਿਰ ਪਰਾਂ ਆਉਣਾ। ਕਿਤੇ ਬੈਠਾ-ਬਿਠਾਇਆ ਹੀ ਜਿਣਸ ਵਾਂਗੂੰ ਨਾ ਵਿਕ ਜਾਈਂ, ਖ਼ਰੀਦਣ ਨੂੰ ਹੈ ਤੈਨੂੰ ਵਕਤ ਦੇ ਸੌਦਾਗਰਾਂ ਆਉਣਾ। ਮੈਂ ਖਿੜਕੀ ਖੋਲ੍ਹ ਕੇ ਰੱਖਾਂਗਾ ਘਰ ਦੀ ਪਹੁ-ਫੁਟਾਲੇ ਤਕ, ਤੁਸੀਂ ਸਰਘੀ ਲਈ ਆਉਣਾ ਜਦੋਂ ਮੇਰੇ ਗਰਾਂ ਆਉਣਾ। ਬਦਨ ਰੂਹਾਂ ਤੋਂ ਖਾਲੀ ਨੇ, ਚਰਾਗਾਂ ਤੋਂ ਬਿਨਾਂ ਬਸਤੀ, ਖ਼ਬਰ ਕੀ!ਸੀ ਹੈ ਰਾਹ ਵਿਚ ਇਸ ਤਰਾਂ ਦੇ ਮੰਜ਼ਰਾਂ ਆਉਣਾ। ਜਦੋਂ ਰੁਮਕੇਗੀ ਪੁਰਵਾਈ ਮੈਂ ਆਪੇ ਸਮਝ ਜਾਵਾਂਗਾ, ਤੁਸੀਂ ਬਾਰਸ਼, ਬਹਾਰਾਂ ਵਾਂਗ ਨਾ, ਆਪਣੀ ਤਰ੍ਹਾਂ ਆਉਣਾ। ਕਿਤੋਂ ਉਹ ਨੂਰ ਜਾਂ ਖ਼ੁਸ਼ਬੂ ਨਹੀਂ ਮਿਲਣੀ, ਭਟਕ ਜਾਵੇਂ, ਹੈ ਰਾਹ ਵਿਚ ਗੁਰਦੁਆਰੇ, ਮਸਜਿਦਾਂ ਤੇ ਮੰਦਰਾਂ ਆਉਣਾ।

ਚੜ੍ਹਦੀ ਹੋਈ ਸਵੇਰ ਕਿ ਡੁੱਬਦੀ ਸ਼ਾਮ ਲਿਖਾਂ

ਚੜ੍ਹਦੀ ਹੋਈ ਸਵੇਰ ਕਿ ਡੁੱਬਦੀ ਸ਼ਾਮ ਲਿਖਾਂ। ਕਿਹੜੇ ਰੰਗ ਦਾ ਸੂਰਜ ਤੇਰੇ ਨਾਮ ਲਿਖਾਂ। ਤਾਸ਼ ਦਾ ਪੱਤਾ ਹਾਂ ਮੈਂ ਤੇਰੇ ਹੱਥਾਂ ਵਿਚ, ਮਸਜਦ ਨੂੰ ਕਿ ਮੰਦਰ ਨੂੰ ਪਰਨਾਮ ਲਿਖਾਂ? ਭਟਕਣ ਹੈ ਪੈਰਾਂ ਵਿਚ ਤਨਹਾ ਬੱਦਲ ਹਾਂ, ਨਾਮ ਖ਼ਿ਼ਆਲ ਕਿਹੜੇ ਦੇ ਭਰਿਆ ਜਾਮ ਲਿਖਾਂ। ਸ਼ਾਇਦ ਖ਼ੁਸ਼ਬੂ ਮੇਰਾ ਖ਼ਤ ਪਹੁੰਚਾ ਦੇਵੇ, ਜੰਗਲ ਦੇ ਹਰ ਰੁੱਖ ਤੇ ਤੇਰਾ ਨਾਮ ਲਿਖਾਂ। ਸਾਗਰ, ਸਿੱਪੀ, ਮੋਤੀ ਏਂ ਜਾਂ ਫੁੱਲ ਕੰਵਲ, ਰੂਪ, ਅਰੂਪ ਏਂ? ਪਾਰਬਤੀ ਕਿ ਸ਼ਿਆਮ ਲਿਖਾਂ? ਕਲਮ ਉਠਾਇਆ ਸਾਹਵੇਂ ਕੋਰਾ ਕਾਗਜ਼ ਹੈ, ਸਮਝ ਨਾ ਆਵੇ, ਹੁਣ ਕਿਸ ਨੂੰ ਪੈਗ਼ਾਮ ਲਿਖਾਂ?

ਤੇਰੇ ਬੰਦੇ ਕਜ਼ਾ ਤੋਂ ਡਰਦੇ ਨੇ

ਤੇਰੇ ਬੰਦੇ ਕਜ਼ਾ ਤੋਂ ਡਰਦੇ ਨੇ। ਪਿਆਰ ਜੀਵਨ ਨੂੰ ਕਿੰਨਾ! ਕਰਦੇ ਨੇ। ਮੌਤ ਆਏ ਨਾ ਆਏ ਪਰ ਫਿਰ ਵੀ, ਲੋਕ ਜੀਵਨ ਲਈ ਹੀ ਮਰਦੇ ਨੇ। ਕਿਸਨੂੰ ਆਖਾਂ ਬੁਰਾ ਹੈ ਇਹ ਬੰਦਾ, ਸਾਰੇ ਬੰਦੇ ਹੀ ਮੇਰੇ ਘਰ ਦੇ ਨੇ । ਬਾਜ਼ੀ ਜਿੱਤਣੀ ਨਿਰਾ ਨਸੀਬ ਨਹੀਂ, ਜੋ ਵੀ ਹਰਦੇ ਨੇ ਖ਼ੁਦ ਤੋਂ ਹਰਦੇ ਨੇ। ਲੋਕ ਸੱਥਾਂ 'ਚ ਬੈਠੇ ਰੱਬ ਵਰਗੇ, ਇਕ ਚੁੱਕਦੇ ਨੇ ਦੂਜੀ ਧਰਦੇ ਨੇ। ਜੋ ਕਿਨਾਰੇ ਖੜ੍ਹੇ ਉਹ ਕੀ! ਜਾਨਣ, ਜਿਹੜੇ ਡੁੱਬਦੇ ਨੇ ਉਹੀਓ ਤਰਦੇ ਨੇ। ਜੀਂਦੇ-ਜੀਅ ਆਉਂਦੇ ਨਜ਼ਰ ਨਹੀਂ ਸ਼ਾਇਰ, ਲੋਕ ਕਬਰਾਂ ਤੇ ਫੁੱਲ ਧਰਦੇ ਨੇ।

ਕੌੜੀ ਫਿਜ਼ਾ ਤੋਂ ਰੱਖਦਾ ਅੱਖਾਂ ਕਿਵੇਂ ਪਰ੍ਹੇ ?

ਕੌੜੀ ਫਿਜ਼ਾ ਤੋਂ ਰੱਖਦਾ ਅੱਖਾਂ ਕਿਵੇਂ ਪਰ੍ਹੇ ? ਅਗ ਲੱਗੀ ਹੋਰ ਘਰ ’ਚ ਸੀ ਧੂੰਆਂ ਮਿਰੇ ਘਰੇ। ਕਾਜ਼ੀ ਨੇ ਬੈਂਤਾਂ ਮਾਰੀਆਂ ਸੀ ਹੋਰ ਹੱਥ ’ਤੇ, ਲਾਸਾਂ ਦੇ ਪੰਛੀ ਮੇਰੀਆਂ ਤਲੀਆਂ ਤੇ ਉੱਤਰੇ। ਮਰ ਜਾਣੀ ਵੇਲ ਵਧ ਗਈ ਛੱਤੋਂ ਕਿਵੇਂ ਉਤਾਂਹ, ਸਿਰ ਜੋੜ ਗੱਲਾਂ ਕਰਦੀਆਂ ਦੀਵਾਰਾਂ ਤਬਸਰੇ। ਇਸਨੂੰ ਸਿਓਂਕ ਰਿਸ਼ਤਿਆਂ ਦੀ ਖਾ ਗਈ ਕਿਵੇਂ? ਲੱਗੇ ਸੀ ਏਸ ਬਿਰਖ ਨੂੰ ਪੱਤੇ ਹਰੇ ਭਰੇ । ਮੇਰੇ ਬਿਨਾਂ ਬੇ-ਰੰਗ ਸਨ ਜਿੰਨ੍ਹਾਂ ਦੇ ਰਾਤ ਦਿਨ, ਹੁਣ ਰੰਗ-ਮਹਿਲ ਵਿਚ ਜਾ ਸਭ ਕੁਛ ਨੇ ਵਿੱਸਰੇ। ‘ਅਜਮੇਰ’ ਸੰਗਤਰਾਸ਼ ਹੈ, ਕਰੜੀ ਦਿਓ ਸਜ਼ਾ, ਇਸਦਾ ਬਣਾਇਆ ਬੁੱਤ ਵੀ ਗੱਲਾਂ ਕਿਉਂ ਕਰੇ?

ਤੇਰਾ ਇਕ ਹੱਥ ਮਹਿਕ ਰਿਹਾ ਹੈ

ਤੇਰਾ ਇਕ ਹੱਥ ਮਹਿਕ ਰਿਹਾ ਹੈ। ਸੱਚ ਦੱਸ ਕਿਸਨੂੰ ਖ਼ਤ ਲਿਖਿਆ ਹੈ। ਹਰ ਗੱਲ ਵਿਚ ਸੰਕੋਚ ਜਿਹਾ ਹੈ, ਦਿਲ ਵਿਚ ਤੇਰੇ ਕੀ ਛੁਪਿਆ ਹੈ। ਇਕ ਫ਼ਾਸਲਾ ਰੱਖ ਕੇ ਮਿਲਣਾ, ਇਹ ਕਦ ਤੋਂ ਤੂੰ ਸਿੱਖ ਲਿਆ ਹੈ। ਇਕ ਦੋ ਕਦਮ ਇਕੱਠੇ ਚੱਲੀਏ, ਅੱਜ ਇਹ ਸ਼ਹਿਰ ਬੜਾ ਸਜਿਆ ਹੈ। ਤੈਨੂੰ ਇਸਦਾ ਇਲਮ ਨਹੀਂ ਹੈ, ਮੇਰੇ ਅੰਦਰ ਕੀਹ ਧੁਖਦਾ ਹੈ। ਨ੍ਹੇਰਾ ਹੋਇਆ ਹੋਰ ਵੀ ਗੂੜ੍ਹਾ, ਰਾਤ ਨੇ ਮਟਕਾਇਆ ਕਜਲਾ ਹੈ। ਮਾਇਆ ਹੈ ਸੰਸਾਰ ਪਿਆਰੇ, ਘੁੰਮਦਾ ਰਹਿੰਦਾ ਇਕ ਚੱਕਾ ਹੈ।

ਪਹਿਰਾਵਾ ਪਹਿਨ ਚਿੱਟਾ ਤੂੰ ਨਿਕਲੀ ਤਾਂ

ਪਹਿਰਾਵਾ ਪਹਿਨ ਚਿੱਟਾ ਤੂੰ ਨਿਕਲੀ ਤਾਂ ਹੈ ਘਰ 'ਚੋਂ। ਲੰਘੇਗੀ ਕਿਵੇਂ ਜਿੰਦੇ ਨੀ ਕੱਜਲ ਦੇ ਸ਼ਹਰ 'ਚੋਂ। ਇਲਜ਼ਾਮ ਬਣੇ ਪੱਥਰ, ਦੁਸ਼ਨਾਮ ਬਣੀ ਬਸਤੀ, ਸੀ ਇਸਦੇ ਸਿਵਾ ਮਿਲਣਾ ਕੀਹ ਬੇ-ਇਲਮ ਨਗਰ 'ਚੋਂ। ਉਸਦੇ ਵੀ ਤਾਂ ਮੱਥੇ ਤੇ ਲੱਗੇ ਦਾਗ਼ ਮਿਲਣਗੇ, ਕਿਸ ਚੰਦ ਨੂੰ ਰਹੇ ਢੂੰਡ ਤੁਸੀਂ ਮੇਰੀ ਨਜ਼ਰ 'ਚੋਂ? ਇੱਕ ਲੁੱਟੀ ਹੋਈ ਬਸਤੀ ਸਾਰੰਗੀ ਤੇ ਹਨੇਰਾ, ਕੁਝ ਟੁੱਟੇ ਹੋਏ ਗਜਰੇ ਮਿਲੇ ਰਾਤ ਸਫ਼ਰ ’ਚੋਂ। ਬਰਬਾਦ ਮਨਾਂ ਵਿਚ ਹੈ ਤਿਰੀ ਯਾਦ ਸੰਵਰਦੀ, ਮਹਿਬੂਬ ਕੁਈ ਲੱਭਦਾ ਹੋਏ ਜਿੱਦਾਂ ਕਬਰ ’ਚੋਂ। ਰੌਸ਼ਨ ਨੇ ਜੀਦ੍ਹੇ ਸਦਕਾ ਜ਼ਿਮੀਂ, ਚੰਦ, ਤਾਰੇ, ‘ਅਜਮੇਰ’ ਗਿਰੇ ਬੰਦੇ ਤਾਂ ਔਰਤ ਦੀ ਨਜ਼ਰ 'ਚੋਂ।

ਪੈਰ ਜਦੋਂ ਉਹ ਕਿਸ਼ਤੀ ਦੇ ਵਿਚ ਪਾਏਗਾ

ਪੈਰ ਜਦੋਂ ਉਹ ਕਿਸ਼ਤੀ ਦੇ ਵਿਚ ਪਾਏਗਾ। ਜਿਸਮ ਅਸਾਡਾ ਬਾਦਬਾਨ ਬਣ ਜਾਏਗਾ। ਤਰਕਾਲਾਂ ਦੀ ਕਾਲੀ ਰੇਤਾ ਦੇ ਉੱਤੇ, ਸੂਰਜ ਪੈੜ ਲਿਸ਼ਕਦੀ ਛੱਡਕੇ ਜਾਏਗਾ। ਸੁੱਕ ਚੁੱਕੇ ਸਾਹਿਲ ਤੇ ਕਿਸ਼ਤੀ ਬੈਠੀ ਹੈ, ਦੇਖ ਰਹੀ ਹੈ ਦਰਿਆ ਕਿਧਰੋਂ ਆਏਗਾ। ਛਣਕੇਗੀ ਜ਼ੰਜੀਰ ਕਿਸੇ ਫਿਰ ਕੈਦੀ ਦੀ, ਜਦ ਸੰਨਾਟਾ ਚਾਰ-ਚੁਫ਼ੇਰੇ ਛਾਏਗਾ। ਜਿਹੜੇ ਵਿਹੜੇ ਦੇ ਵਿਚ ਦੀਵਾ ਬਲਦਾ ਨਹੀਂ, ਸੂਰਜ ਤਾਂ ਉਸ ਵਿਹੜੇ ਵਿਚ ਵੀ ਆਏਗਾ। ਬੋਲ ਫਿਜ਼ਾ ਸਾਂਭੇਗੀ ਓਸੇ ਸ਼ਾਇਰ ਦੇ, ਜਿਹੜਾ ਚਾਨਣ ਦੀ ਗਾਥਾ ਲਿਖ ਜਾਏਗਾ।

ਬਲ਼ਦੇ ਪਰ ਲੈ ਕੇ ਕਦੋਂ ਤੀਕਰ ਉਡੇਂਗਾ

ਬਲ਼ਦੇ ਪਰ ਲੈ ਕੇ ਕਦੋਂ ਤੀਕਰ ਉਡੇਂਗਾ? ਦਾਵਾਨਲ ਤਾਈ ਬੁਝਾਉਂਦਾ ਖ਼ੁਦ ਬੁਝੇਂਗਾ। ਆਪਣਾ ਹੀ ਖੂਨ ਪਾਣੀ ਹੋ ਗਿਆ ਹੈ, ਦੱਸ ਹੁਣ ਸ਼ਿਕਵਾ ਵੀ ਤੂੰ ਕਿਸ ਤੇ ਕਰੇਂਗਾ? ਹੋ ਗਿਆ ਦੁਸ਼ਮਣ ਜਦੋਂ ਸਾਇਆ ਵੀ ਤੇਰਾ, ਹੁਣ ਬਦਨ ਆਪਣੇ ਤੋਂ ਵੀ ਇਕ ਦਿਨ ਡਰੇਂਗਾ। ਇਹ ਸਫ਼ਰ, ਇਹ ਝੀਲ ਤੇ ਦਿਲਕਸ਼ ਨਜ਼ਾਰੇ, ਕੀ ਕਦੇ ਏਥੇ ਤੂੰ ਫਿਰ ਆਇਆ ਕਰੇਂਗਾ? ਇਸ ਤਰ੍ਹਾਂ ਤਾਂ ਬਿਰਖ਼ ਹੋ ਜਾਏਂਗਾ ਇਕ ਦਿਨ, ਸੜਕ ਦੇ ਕੰਢੇ ਕਦੋਂ ਤੀਕਰ ਖੜ੍ਹੇਂਗਾ। ਇਹ ਕਿਹਾ ਰਿਸ਼ਤਾ ਸਮੁੰਦਰ ਤੇ ਨਦੀ ਦਾ, ਮੈਂ ਘਟਾ ਕਾਲੀ ਹਾਂ ਤੂੰ ਝਰਨਾ ਬਣੇਂਗਾ। ਮੌਤ ਤਾਂ ‘ਅਜਮੇਰ ਹੈ ਪ੍ਰਵਾਹ ਪੁਰਾਣਾ, ਆਸ ਹੈ ਤੂੰ ਜ਼ਿੰਦਗੀ ਨੂੰ ਹੀ ਚੁਣੇਂਗਾ।

ਮੰਗਦਾ ਪਾਣੀ ਸਮੁੰਦਰ ਮਰ ਗਿਆ

ਮੰਗਦਾ ਪਾਣੀ ਸਮੁੰਦਰ ਮਰ ਗਿਆ। ਦੇਖ ਲਉ ਜੀ ਫਿਰ ਸਿਕੰਦਰ ਮਰ ਗਿਆ। ਫੇਰ ਗਾਗਰ ’ਚੋਂ ਹੈ ਸੀਤਾ ਨਿਕਲੀ, ਔੜ ਨਾ ਮੁੱਕੀ, ਅਡੰਬਰ ਮਰ ਗਿਆ। ਇਹ ਧਨੁਖ ਹੈ ਰਾਵਣਾਂ ਨੇ ਤੋੜਿਆ, ਦਾਜ ਜਿੱਤਿਆ ਤੇ ਸੁਅੰਬਰ ਮਰ ਗਿਆ। ਧੁੱਪ ਨੇ ਨ੍ਹੇਰੇ ਤੇ ਹਮਲਾ ਬੋਲਿਆ, ਤਾਰਿਆਂ ਭਰਿਆ ਹੈ ਅੰਬਰ ਮਰ ਗਿਆ। ਇਸ ਜਗ੍ਹਾ ਹੈ ‘ਖੇੜਿਆਂ’ ਦਾ ਸਾਮਰਾਜ, ਕੌਣ ਕਹਿੰਦਾ ਹੈ ਕਿ ‘ਚੰਦੜ੍ਹ’ ਮਰ ਗਿਆ। ਜਨਵਰੀ ਦਿੱਤੀ ਤਿਰੀ ਓ ਦੋਸਤਾ, ਪਰ ਅਸਾਡਾ ਤਾਂ ਦਸੰਬਰ ਮਰ ਗਿਆ।

ਉਸਨੂੰ ਮੇਰਾ ਖ਼ਿਆਲ ਆਏਗਾ

ਉਸਨੂੰ ਮੇਰਾ ਖ਼ਿਆਲ ਆਏਗਾ। ਹੈ ਲਹੂ ਤਾਂ ਉਬਾਲ ਆਏਗਾ। ਜ਼ਿੰਦਗੀ ਹੈ ਅਜੇ ਬੀਮਾਰ ਜਿਹੀ, ਫਿਰ ਉਹੀ ਸੁਰ ਤੇ ਤਾਲ ਆਏਗਾ। ਜਿਸ ਘਰੋਂ ਚੋਰੀ ਹੋ ਗਈ ਝਾਂਜਰ, ਉਸ ਘਰੇ ਮੁੜ ਕੇ ਬਾਲ ਆਏਗਾ। ਫਿਰ ਹਵਾ ਗਰਮ ਹੈ ਲਹੂ ਸਦਕਾ, ਫੇਰ ਮੁੜਕੇ ਸਿਆਲ ਆਏਗਾ। ਜਿਸ ਜਗ੍ਹਾ ਮੌਤ ਵੀ ਨਹੀਂ ਜਾਂਦੀ, ਉਹ ਚਿਰਾਗ਼ਾਂ ਨੂੰ ਬਾਲ਼ ਆਏਗਾ। ਨਾ ਵੀ ਫਸਿਆ ਜੇ ਦਿਲ ਇਹ ਮਾਯਾ ਵਿਚ, ਤੇਰੀ ਜ਼ੁਲਫ਼ਾਂ ਦਾ ਜਾਲ਼ ਆਏਗਾ। ਮੁਸਕਰਾਏਂਗਾ ਤੂੰ ’ਤੇ ਦਿਲ ਰੋਏਗਾ, ਇਸ ਤਰ੍ਹਾਂ ਵੀ ਮਲਾਲ ਆਏਗਾ।

ਦਰਖ਼ਤਾਂ 'ਚ ਜਦੋਂ ਤਾਰੇ ਖਿੜਨ

ਦਰਖ਼ਤਾਂ 'ਚ ਜਦੋਂ ਤਾਰੇ ਖਿੜਨ ਤਾਂ ਢੂੰਡ ਲੈਣਾ। ਕਦੇ ਨੀਂਦਰ 'ਚੋਂ ਜੇ ਪੱਤੇ ਝੜਨ ਤਾਂ ਢੂੰਡ ਲੈਣਾ। ਕਿਸੇ ਸੁੰਨਸਾਨ ਵਾਦੀ ਵਿਚ ਜਦੋਂ ਹੋਵੋ ਇਕੱਲੇ, ਕਿਤੋਂ ਸਰਗੋਸ਼ੀਆਂ ਜੇਕਰ ਸੁਣਨ ਤਾਂ ਢੂੰਡ ਲੈਣਾ। ਤਿਰੇ ਹੱਥ ਬੀਤਿਆ ਪਲ ਸ਼ਾਇਦ ਕੋਈ ਆ ਹੀ ਜਾਵੇ, ਜਦੋਂ ਨੱਠੋਂ ਕੁਈ ਤਿਤਲੀ ਫੜਨ ਤਾਂ ਢੂੰਡ ਲੈਣਾ। ਕਿਸੇ ਬੱਦਲ ਤਰ੍ਹਾਂ ਆਵਾਰਾ ਫਿਰਦਾ ਮਿਲ ਪਵਾਂਗਾ, ਥਲਾਂ ਵਿਚ ਪੈਰ ਤੇਰੇ ਜੇ ਕਿਤੇ ਲੱਗਣ ਸੜਨ ਤਾਂ ਢੂੰਡ ਲੈਣਾ। ਕਿਸੇ ਪੰਨੇ ਤੇ ਮੇਰਾ ਨਾਮ ਵੀ ਲਿਖਿਆ ਮਿਲੇਗਾ, ਜਦੋਂ ਲੱਗੋ ਕੁਈ ਪੁਸਤਕ ਪੜ੍ਹਨ ਤਾਂ ਢੂੰਡ ਲੈਣਾ। ਖੜ੍ਹੇ ਸੀ ਜਿਸ ਬਿਰਖ਼ ਥੱਲੇ, ਕਦੇ ਆਪਾਂ ਇਕੱਠੇ, ਜੇ ਬੱਸ ਓਥੋਂ ਕੁਈ ਲੱਗੇ ਫੜਨ ਤਾਂ ਢੂੰਡ ਲੈਣਾ। ਕਦੇ ਪੱਛਮ 'ਚ ਉਹ ਦਰਿਆ ਕਿਨਾਰੇ ਲਿਸ਼ਕਿਆ ਸੀ, ਜੇ ਉਸਦਾ ਬੁੱਤ ਕੋਈ ਲੱਗੇ ਘੜਨ ਤਾਂ ਢੂੰਡ ਲੈਣਾ।

ਕੁਝ ਮਸਲਾ ਹੈ ਬੇਗਾਨਾ

ਕੁਝ ਮਸਲਾ ਹੈ ਬੇਗਾਨਾ ਕੁਝ ਅਪਣੇ ਘਰ ਦਾ ਹੈ। ਇਸ ਦੇਸ਼ ਦਾ ਤਾਂ ਨਕਸ਼ਾ, ਹੁਣ ਖੂਨ ਚ ਤਰਦਾ ਹੈ। ’ਨ੍ਹੇਰੀ ਨੂੰ ਹਵਾ ਤਾਜ਼ਾ, ਹਰਗਿਜ਼ ਨਾ ਸਮਝ ਲੈਣਾ, ਮਿੱਟੀ ਹੈ ਜਾਂ ਘੱਟਾ ਹੈ, ਉਡਦਾ ਹੋਇਆ ਗਰਦਾ ਹੈ। ਕੁਝ ਕੁਝ ਨੇ ਛਟੇ ਬੱਦਲ, ਅਸਮਾਨ ਨੇ ਅੱਖ ਝਪਕੀ, ਮਹਿਤਾਬ ਜਿਹਾ ਚਿਹਰਾ ਚੜ੍ਹਦੇ ’ਚੋਂ ਉਭਰਦਾ ਹੈ। ਮੌਸਮ ਹੀ ਬਦਲ ਜਾਂਦੈ ਇਸ ਸ਼ਹਿਰ ਦਾ ਵੇਖ ਲਉ, ਉਹ ਅਪਣੇ ਘਰੋਂ ਬਾਹਰ, ਜਦ ਪੈਰ ਵੀ ਧਰਦਾ ਹੈ। ਛਾਂ ਦੇਣ ਵੀ ਲੱਗਾ ਹੈ, ਜਾਂ ਫਿਰ ਹੈ ਅਜੇ ਛੋਟਾ, ਜੋ ਹੱਥੀਂ ਲਾਇਆ ਸੀ, ਕੀਹ ਹਾਲ ਸ਼ਜਰ ਦਾ ਹੈ। ਦਿਨ ਚੜ੍ਹਦੇ ਗਏ ਦਫ਼ਤਰ, ’ਤੇ ਸ਼ਾਮੀ ਘਰੇ ਪਰਤੇ, ਅਖ਼ਬਾਰ ਤੇ ਫਿਰ ਟੀ.ਵੀ., ਬਸ ਵਕਤ ਗੁਜ਼ਰਦਾ ਹੈ। ਪਲਕਾਂ ਤੇ ਬਿਠਾਇਆ ਸੀ, ਜਿਸ ਸ਼ਖ਼ਸ ਨੂੰ ਲੋਕਾਂ ਨੇ, ਉਸ ਸ਼ਖ਼ਸ ਦਾ ਨਾਂ ਲੈਣੋਂ, ਅਜ ਹਰ ਕੋਈ ਡਰਦਾ ਹੈ। ਜੇਕਰ ਹੈ ਤੇਹ ਲੱਗੀ, ਤਾਂ ਹੋਰ ਕਿਤੇ ਜਾਓ, ਇਹ ਮੌਸਮੀ ਝਰਨਾ ਹੈ, ਬਰਸਾਤਾਂ 'ਚ ਵਗਦਾ ਹੈ। ਸ਼ਜਰ=ਬਿਰਖ਼

ਲਹਿਰਾਂ ਅਜੇ ਨੇ ਵੇਂਹਦੀਆਂ

ਲਹਿਰਾਂ ਅਜੇ ਨੇ ਵੇਂਹਦੀਆਂ ਤੇਰੇ ਮੂੰਹ ਵੱਲ ਨੂੰ। ਕੋਈ ਦਬਾ ਸਕਦਾ ਨਹੀਂ ਸਾਗਰ ਦੀ ਛੱਲ ਨੂੰ। ਜੰਗਲ ਨੂੰ ਨਾਲ ਲੈ ਘਰੇ ਘੇਰਨਗੇ ਇਕ ਦਿਨ, ਤੂੰ ਜ਼ੁਲਮ ਜਿੰਨ੍ਹਾਂ ਤੇ ਕਰੇ ਪੁੱਛਣਗੇ ਕੱਲ੍ਹ ਨੂੰ। ਮਹਿਦੂਦ ਹੈ ਝੁਗੀ ਮਿਰੀ ਤਕ ਹੀ ਅਜੇ ਅਗਨ, ਕਾਂਬਾ ਕਿਉਂ ਹੈ ਛਿੜ ਪਿਆ ਤੇਰੇ ਮਹੱਲ ਨੂੰ। ਐ ! ਦਿਲ ਤੂੰ ਹੋਸ਼ਿਆਰ ਰਹਿ ਖ਼ਤਰੇ ਨਹੀਂ ਟਲ਼ੇ, ਬਘਿਆੜ ਪਹਿਨੀਂ ਫਿਰ ਰਿਹਾ ਲੇਲ਼ੇ ਦੀ ਖੱਲ ਨੂੰ। ਵਿਹੜੇ 'ਚ ਫਿਰ ਨੇ ਖਿੜ ਪਏ ਸੁਪਨੇ ਬਹਾਰ ਦੇ, ਕਿਸ ਦੇ ਘਰੋਂ ਆਈ ਹਵਾ ਘਰ ਮੇਰੇ ਵੱਲ ਨੂੰ।

ਖ਼ਿਜਾਂ ਆਈ ਜ਼ਰਦ ਪੱਤੇ ਦਰਖ਼ਤਾਂ ਤੋਂ ਝੜਨਗੇ

ਖ਼ਿਜਾਂ ਆਈ ਜ਼ਰਦ ਪੱਤੇ ਦਰਖ਼ਤਾਂ ਤੋਂ ਝੜਨਗੇ । ਬਚਣਗੇ ਜੋ ਹਰੇ ਬਾਕੀ ਉਹ ਝੱਖੜ ਨਾ’ ਲੜਨਗੇ । ਵਗੇਗੀ ਕੂਲ ਪਹਾੜਾਂ 'ਚੋਂ ਨਵੇਂ ਫਰਹਾਦ ਆਖਣ, ਸਦਾ ਜ਼ੁਲਮਾਂ ਦੀ ਅਗਨੀ ਨਾਲ ਨਾ ਜੰਗਲ ਸੜਨਗੇ। ਤਕਾਜ਼ਾ ਹੈ ਸਮੇਂ ਦਾ ਇਹ ਕਿ ਹੁਣ ਮਜ਼ਲੂਮ ਰਲਕੇ, ਨਵੀਂ ਤਾਰੀਖ਼ ਤੇ ਤਕਦੀਰ ਆਪਣੀ ਖ਼ੁਦ ਘੜਨਗੇ । ਤਿਰੀ ਬਰਸੀ ਤੇ ਯਾਦਾਂ ਦੀ ਬੜੀ ਬਰਸੇਗੀ ਬਾਰਸ਼, ਬੜੇ ਅੱਖਾਂ 'ਚ ਸਾਵਣ ਆਉਣਗੇ, ਦਰਿਆ ਚੜ੍ਹਨਗੇ। ਸਮੇਂ ਦੇ ਹਾਕਮਾਂ ਨਾ’ ਤੂੰ ਲਈ ਟੱਕਰ ਸੀ ਲੋਕੀਂ, ਤਿਰੇ ਖ਼ਾਬਾਂ ਦੇ ਪੱਥਰ ’ਚੋਂ ਤਿਰੇ ਬੁੱਤ ਨੂੰ ਘੜਨਗੇ।

ਜੀਣ ਲਈ ਜਾਬਰ ਵਸੀਲੇ ਹੋ ਗਏ

ਜੀਣ ਲਈ ਜਾਬਰ ਵਸੀਲੇ ਹੋ ਗਏ। ਲੋਕ ਪੱਤਝੜ ਵਾਂਗ ਪੀਲੇ ਹੋ ਗਏ। ਸਦਮਿਆਂ ਦਾ ਚੰਨ ਉੱਚਾ ਹੋ ਗਿਆ, ਤਾਰਿਆਂ ਦੇ ਨਕਸ਼ ਨੀਲੇ ਹੋ ਗਏ। ਮਜਲਸਾਂ ਸੀ ਹੇਠ ਜਿੰਨ੍ਹਾਂ ਲੱਗਦੀਆਂ, ਸੁੱਕ ਕੇ ਉਹ ਬਿਰਖ਼ ਤੀਲੇ ਹੋ ਗਏ। ਫੁੱਲ ਤੋਂ ਵੀ ਨਰਮ ਸੀ ਜੋ ਲੱਗਦੇ, ਉਹ ਸੁਭਾਅ ਕਿੰਨੇ! ਹਠੀਲੇ ਹੋ ਗਏ। ਔੜ ਤੇ ਚੁੱਲ੍ਹੇ ਦਾ ਰਿਸ਼ਤਾ ਵੇਖ ਲੈ, ਸੱਖਣੇ ਘਰ ਘਰ ਪਤੀਲੇ ਹੋ ਗਏ। ਆ! ਮਿਰੇ ਆਵਾਰਾ ਗ਼ਮ ਘਰ ਪਰਤੀਏ, ਸੜਕ ਦੇ ਪੱਥਰ ਨੁਕੀਲੇ ਹੋ ਗਏ।

ਸੁਪਨੇ ਸਕਾਰ ਹੋਣ ਨਾ ਬੇ-ਅਮਲ ਜੀਵਿਆਂ

ਸੁਪਨੇ ਸਕਾਰ ਹੋਣ ਨਾ ਬੇ-ਅਮਲ ਜੀਵਿਆਂ। ਅੰਬਰ ਤੇ ਉੱਡਣਾ ਹੈ ਕੀ! ਲੱਕੜ ਦੇ ਬਗਲਿਆਂ। ਇਨ੍ਹਾਂ ਨੂੰ ਹਨ ਉਡੀਕਦੇ ਬਾਗਾਂ ਦੇ ਰੰਗ-ਰੂਪ, ਨਾ ਐਲਬਮਾਂ ’ਚ ਟੁੰਗ ਤੂੰ ਮਾਸੂਮ ਤਿਤਲੀਆਂ। ਟੀਸੀ ਤੇ ਹੁਣ ਨੇ ਖੇਡਦੇ ਫੁੱਲਾਂ ਦੇ ਨਾਲ ਪਰ, ਪੈਰਾਂ 'ਚ ਰੁਲ਼ਕੇ ਵੇਖਣਾ ਹੈ ਇਨ੍ਹਾਂ ਪੱਤਿਆਂ। ਕੱਖਾਂ ਦਾ ਹੀ ਤੁਲ੍ਹਾ ਸਹੀ ਮਿਰੀ ਆਰਜ਼ੂ ਲਈ, ਕਾਗਜ਼ ਦੀਆਂ ਵੀ ਤਰਦੀਆਂ ਪਾਣੀ ਤੇ ਕਿਸ਼ਤੀਆਂ। ਕੁਝ ਰੰਗ, ਚਿਤਰ, ਬੁੱਤ, ਸ਼ਿਅਰ ਛੱਡ ਨੇ ਚਲੇ, ਕਰਨਾ ਸੀ ਇਸ ਤੋਂ ਵੱਧ ਸੀ ਦਿਲ ਖ਼ੂਬਸੂਰਤਾਂ।

ਬਿਰਖ ਤਾਂ ਸੌਂ ਗਏ ਨੇ

ਬਿਰਖ ਤਾਂ ਸੌਂ ਗਏ ਨੇ ਤਾਣਕੇ ਚਾਦਰ ਖਿਜ਼ਾਵਾਂ ਦੀ। ਦੁਪਹਿਰੇ ਵਿਚ ਤਵੱਕੋਂ ਹੋਰ ਕਿਸ ਤੋਂ ਕਰੀਏ ਛਾਵਾਂ ਦੀ। ਡਰਾਉਣੀ ਧੁੱਪ ਮੁਲਤਾਨੀ, ਮਿਰਗ ਜਲ, ਸਾਜ਼ਸ਼ਾਂ ਦਾ ਦੌਰ, ਇਕੱਲੀ ਜਾਨ ਤੇ ਪੂਰੀ ਰਿਆਸਤ ਹੈ ਬਲਾਵਾਂ ਦੀ। ਕਦੇ ਜਿੰਨ੍ਹਾਂ ਨੂੰ ਤੇਸ਼ੇ ਮਾਰ ਕੋਹਸਾਰਾਂ 'ਚੋਂ ਕੱਢਿਆ ਸੀ, ਰੁਕਾਵਟ ਬਣ ਖੜੇ ਦਰਿਆ ਨੇ ਅੱਜ ਉਹ ਸਾਡੇ ਰਾਹਵਾਂ ਦੀ। ਮੈਂ ਤੇਰੇ ਨਾਮ ਦਾ ਤਾਰਾ ਕਿਵੇਂ ਅਸਮਾਨ 'ਚੋਂ ਲੱਭਾਂ, ਸਿਰਾ ਕੋਈ ਨਹੀ ਦੇਣਾ ਹੈ ਇਹ ਮਰਜ਼ੀ ਖਿਲਾਵਾਂ ਦੀ। ਅਚਾਨਕ ਕਿਉਂ ਗਿਆ ‘ਅਜਮੇਰ’ ਹੈ ਮੁਰਝਾ ਮਿਰੇ ਯਾਰੋ, ਅਜੇ ਕੱਲ੍ਹ ਭੀੜ ਸੀ ਇਸਦੇ ਉਦਾਲੇ ਹਰੀਆਂ ਛਾਵਾਂ ਦੀ।

ਆਦਮੀ ਸੌਂਦਾ ਹੈ ਸੁੱਤੀ ਰਾਤ ਨਾ

ਆਦਮੀ ਸੌਂਦਾ ਹੈ ਸੁੱਤੀ ਰਾਤ ਨਾ ਦੇਖੀ ਕਦੇ। ਰਾਤ ਮੁੱਕ ਜਾਂਦੀ ਹੈ ਮੁੱਕੀ ਬਾਤ ਨਾ ਦੇਖੀ ਕਦੇ। ਕਾਫ਼ਲੇ ਵਾਲੇ ਚਲੇ ਜਾਵਣਗੇ ਪੈੜਾਂ ਤਾਂ ਨਹੀਂ, ਇਸ ਸਫ਼ਰ, ਇਸ ਸਿਲਸਿਲੇ ਦੀ ਮਾਤ ਨਾ ਦੇਖੀ ਕਦੇ। ਵਕਤ ਨਹੀਂ, ਪਰ ਬੀਤਦਾ ਬੰਦਾ ਹਮੇਸ਼ਾਂ ਵੇਖਿਆ, ਵਕਤ ਦਾ ਕੁਈ ਅੰਤ ਜਾਂ ਸ਼ੁਰੂਆਤ ਨਾ ਦੇਖੀ ਕਦੇ। ਜਾਨਣਾ ਚਾਹੁੰਦਾ ਏਂ ਤੂੰ ਰਿਸ਼ਤਾ ਲਹੂ ਤੇ ਮੇਘ ਦਾ? ਉੱਡਦੀ ਅਪਣੇ ਲਹੂ ’ਤੋਂ ਭਾਫ਼ ਹੈ ਵੇਖੀ ਕਦੇ? ਵੈਣ, ਨਗਮੇ, ਲੋਰੀਆਂ, ਅਹਿਸਾਸ ਦੀ ਇਹ ਧੁੱਪ ਛਾਂ, ਦੁੱਖ, ਸੁੱਖ ਅਨੁਭਵ ਹੈ ਉਸਦੀ ਜ਼ਾਤ ਨਾ ਵੇਖੀ ਕਦੇ। ਜ਼ਿੰਦਗੀ ‘ਅਜਮੇਰ’ ਮਾਣੀ ਤਾਂ ਨਹੀਂ, ਜੀਵੀ ਜ਼ਰੂਰ, ਰਾਤ ਵੇਖੀ, ਰਾਤ ਦੀ ਪ੍ਰਭਾਤ ਨਾ ਦੇਖੀ ਕਦੇ।

ਏਸੇ ਬਦਨ ’ਚੋਂ ਨਫ਼ਰਤਾਂ

ਏਸੇ ਬਦਨ ’ਚੋਂ ਨਫ਼ਰਤਾਂ ਏਸੇ 'ਚੋਂ ਪਿਆਰ ਕਿਉਂ! ਜਿਸ ਡਾਲ਼ੋਂ ਫੁੱਲ ਫੁੱਟਦੈ ਓਸੇ ’ਚੋਂ ਖ਼ਾਰ ਕਿਉਂ! ਮੌਸਮ ਮਿਲੇ ਤਾਂ ਓਸਨੂੰ ਪੁੱਛਣਾ ਹੈ ਯਾਦ ਨਾਲ, ਇੱਕੋ ਬਿਰਖ ਤੇ ਬੈਠਦੀ ਪੱਤਝੜ ਬਹਾਰ ਕਿਉਂ ! ਗੁੱਸੇ ਦੀ ਥਾਂ ਹੈ ਹੰਝੂਆਂ ਨੇ ਲੈ ਲਈ ਕਿਵੇਂ, ਜਿਸ ਅੱਖ ਵਿਚ ਅੱਗ ਸੀ ਬਰਸੀ ਫ਼ੁਹਾਰ ਕਿਉਂ ! ਆਉਂਦਾ ਸਮਝ ’ਚ ਜ਼ਿੰਦਗੀ ਦਾ ਮਾਜਰਾ ਨਹੀਂ, ਜਿਸ ਦਿਲ ਚ ਵੈਰੀ ਵਸ ਰਿਹੈ ਵੱਸਦਾ ਹੈ ਯਾਰ ਕਿਉਂ ! ਸੁੱਤੇ ਪਿਆਂ ਹੀ ਬਣ ਗਏ ਕਬਰਾਂ ਨੇ ਬਿਸਤਰੇ, ਜਿਸ ਥਾਂ ਤੇ ਫੁੱਲ ਸੀ ਵਿਛੇ, ਡਿੱਗੇ ਪਹਾੜ ਕਿਉਂ ! ‘ਅਜਮੇਰ’ ਭੀੜ ਹਰ ਗਲੀ ਦੀ ਉਠ ਗਈ ਕਿਧਰੇ, ਇਹ ਸ਼ਹਿਰ ਐਨੀ ਹੋ ਗਿਆ ਜਲਦੀ ਉਜਾੜ ਕਿਉਂ।

ਹਾਲ ਕਿਸਨੂੰ? ਅਸੀ ਸੁਨਾਉਣ ਲਗੇ

ਹਾਲ ਕਿਸਨੂੰ? ਅਸੀ ਸੁਨਾਉਣ ਲਗੇ। ਜ਼ਖ਼ਮ ਸੀਨੇ ਦੇ ਮੁਸਕਰਾਉਣ ਲਗੇ। ਉਸਨੂੰ ਜ਼ਾਲਮ ਕਿਹਾ ਨਹੀਂ ਕਿਸਨੇ, ਜਿਸਨੂੰ ਪਲਕਾਂ ਤੇ ਹਾਂ ਬਿਠਾਉਣ ਲਗੇ। ਖੂਨ ਦਿਲ ਦਾ ਹੈ ਕੀਤਾ ਤਾਂ ਕਿਸਨੇ? ਵੇਖੋ ਤਲੀਆਂ ਤੇ ਉਹ ਸਜਾਉਣ ਲਗੇ। ਐ ! ਸੁਬ੍ਹਾ ਤੂੰ ਅਜੇ ਨਹੀਂ ਵਿਸਰੀ, ਤੇਰੇ ਸੁਪਨੇ ਬੜੇ ਨੇ ਆਉਣ ਲਗੇ । ਲਰਜ਼ ਉੱਠੀ ਹਵਾ ’ਚ ਜਦ ਸਰਗਮ, ਕੁਝ ਪਰਿੰਦੇ ਵੀ ਗੁਨਗੁਨਾਉਣ ਲਗੇ। ਤੇਰੀ ਅੱਖਾਂ 'ਚ ਹੋਰ ਹੈ ਕੀਹ ਪਿਆ, ਭਾਗ ਫਿਰ ਵੀ ਅਸੀਂ ਅਜ਼ਮਾਉਣ ਲਗੇ। ਬੀਤੇ ਮੌਸਮ ਨੂੰ ਜਦ ਭੁਲਾ ਬੈਠੇ, ਰੰਗ ਮੁੜ ਮੁੜ ਕੇ ਯਾਦ ਆਉਣ ਲੱਗੇ।

ਕਿਸ਼ਤੀ ਹੀ ਰਾਸ ਹੈ ਤੇ ਨਾ

ਕਿਸ਼ਤੀ ਹੀ ਰਾਸ ਹੈ ਤੇ ਨਾ ਮਾਂਝੀ ਹੀ ਰਾਸ ਨੇ। ਤੂੰ ਕਮਲ ਬਣਕੇ ਖਿੜ ਮਿਰੇ ਪਾਣੀ ਉਦਾਸ ਨੇ। ਕਿੰਨੇ ! ਜਹਾਜ਼ ਖਾ ਗਿਆ ਸਾਗਰ ਹਨੇਰ ਦਾ, ਰੱਖੇ ਸਫ਼ਰ ਜ਼ਿੰਦਾ ਮਿਰੇ, ਸੂਰਜ ਦੀ ਆਸ ਨੇ। ਮਹਿਫ਼ਲ ਖਾਮੋਸ਼ ਸੀ ਅਤੇ ਬੇ-ਜਾਨ ਸੀ ਫਿਜ਼ਾ, ਤੋੜੀ ਹੈ ਚੁੱਪ ਟੁੱਟਕੇ ਕੱਚ ਦੇ ਗਲਾਸ ਨੇ । ਪਹਿਨੀ ਬਸੰਤੀ ਸੂਟ ਹੈ ਫਿਰਦੀ ਪੁਰੇ ਦੀ ’ਵਾ, ਮੌਸਮ ਹੀ ਦਿੱਤਾ ਬਦਲ ਹੈ ਇਕ ਅਮਲਤਾਸ ਨੇ। ਕੁਝ ਇਕ ਤਾਂ ਸਲੀਬ ਦਾ ਸ਼ਿੰਗਾਰ ਬਣ ਗਏ, ਬਾਕੀ ਬਚੇ ਈਸਾ ਜੋ ਉਹ ਜ਼ੰਜੀਰ ਪਾਸ ਨੇ।

ਜੋ ਵੀ ਪਾਂਧੀ ਏਸ ਰਸਤੇ ਤੋਂ

ਜੋ ਵੀ ਪਾਂਧੀ ਏਸ ਰਸਤੇ ਤੋਂ ਦੀ ਹੋ ਕੇ ਜਾਏਗਾ। ਤੇਰੀਆਂ ਪੈੜਾਂ ਨੂੰ ਚੁਕ ਚੁਕ ਨਾਲ ਸੀਨੇ ਲਾਏਗਾ। ਸ਼ਾਮ ਦੇ ਰੰਗਾਂ 'ਚ ਉਹ ਘੁਲਿਆ ਹੈ ਸਾਏ ਦੀ ਤਰ੍ਹਾਂ, ਰੂਪ ਸੁਬਹਾ ਦਾ ਬਣੇਗਾ, ਜਦ ਮੁਸੱਵਰ ਆਏਗਾ। ਤੂੰ ਤਾਂ ਕੈਲੰਡਰ ਹੀ ਬਦਲਾਏ ਨੇ ਪਿਛਲੇ ਸਾਲ ਦੇ, ਵਕਤ ਇਸ ਦੀਵਾਰ ਤੋਂ, ਮੂਰਤ ਤਿਰੀ ਤੁੜਵਾਏਗਾ। ਤੇਰਿਆਂ ਫੁੱਲਾਂ ਦੀ ਖ਼ੁਸ਼ਬੂ ਇਸ ਜਗ੍ਹਾ ਰਹਿ ਜਾਏਗੀ, ਸਾਥ ਤੇਰੇ ਬਾਗ਼ ਤੋਂ ਅੱਗੇ ਨਾ ਕੋਈ ਜਾਏਗਾ। ’ਕੱਲਿਆਂ ਰਹਿਣਾ, ਬਿਰਖ਼ ਗਲ਼ ਲੱਗਣਾ, ਹੋਣਾ ਉਦਾਸ, ਜ਼ਿੰਦਗੀ ਨੂੰ ਕੀਹ ਖ਼ਬਰ ਸੀ ਇਹ ਸਮਾਂ ਵੀ ਆਏਗਾ। ਪੱਥਰਾਂ ਦੇ ਘਰ 'ਚ ਦਿਲ ਸ਼ੀਸ਼ੇ ਦਾ ਰੱਖਕੇ ਆ ਗਿਆਂ, ਚੋਰ ਵੀ ਆਇਆ ਤਾਂ ਠੋਕਰ ਖ਼ੂਬਸੂਰਤ ਖਾਏਗਾ। ਤੇਰੀਆਂ ਰਾਹਾਂ ’ਚ, ਬਾਹਾਂ ਵਿਚ ਤੇ ਸਾਹਾਂ ’ਚ ਵੀ, ਖ਼ਿਆਲ ਮੇਰਾ ਆਏਗਾ ਤਾਂ ਖ਼ਾਬ ਵੀ ਮਹਿਕਾਏਗਾ। ਇਹ ਗ਼ਜ਼ਲ ‘ਅਜਮੇਰ’ ਹੈ ਰੰਗਾਂ, ਸੁਗੰਧਾਂ ਦਾ ਚਲਨ, ਏਸ ਨੂੰ ਹੱਸਾਸ ਮੌਸਮ ਜਾਂ ਪਰਿੰਦਾ ਗਾਏਗਾ।

ਕਿੰਨਾ ਪਿਆਰ ਹੋ ਗਿਐ

ਕਿੰਨਾ ਪਿਆਰ ਹੋ ਗਿਐ ਤੇਰੇ ਗ਼ਮਾਂ ਦੇ ਨਾਲ। ਜਾਗਿਆ ਹਾਂ ਰਾਤ ਭਰ ਮੈਂ ਵੀ ਸ਼ਮ੍ਹਾਂ ਦੇ ਨਾਲ। ਹੋਇਆ ਕੀ! ਰਾਤ ਨੇ ਸਿਆਹ ਕੀਤੀ ਦੁਮੇਲ ਜੇ, ਰੰਗਾਂਗੇ ਰੌਸ਼ਨੀ ਦੀਆਂ ਫਿਰ ਸਰਗਮਾਂ ਦੇ ਨਾਲ। ਗ਼ਮ ਦੇ ਤੂਫ਼ਾਨ ਓੜਕਾਂ ਦੀ ਪਰਖਦੇ ਵਫ਼ਾ, ਜ਼ਿੰਦਾ ਨੇ ਪਰ ਮੁਹੱਬਤਾਂ ਤੇਰੇ ਦਮਾਂ ਦੇ ਨਾਲ। ਤਾਰਾ ਜੇ ਤੇਰੇ ਨਾਮ ਦਾ ਤੋੜਾਂ ਮੈ ਅਰਸ਼ ਤੋਂ, ਬੀਤੇਗੀ ਏਸ ਰਾਤ ਕੀ! ਫਿਰ ਕਹਿਕਸ਼ਾਂ ਦੇ ਨਾਲ। ਦਿੱਲੀ, ਅਨੰਦਪੁਰ ਦੇ ਵਿਚ ਰਹਿੰਦੀ ਹੈ ਭਟਕਦੀ, ਚਿੱਲੇ ਤੇ ਚਾੜ੍ਹੇ ਤੀਰ ਤੂੰ ਜਿਹੜੀ ਕਮਾਂ ਦੇ ਨਾਲ।

ਅਜੇ ਤਾਂ ਰਾਤ ਕਾਲੀ ਦਾ

ਅਜੇ ਤਾਂ ਰਾਤ ਕਾਲੀ ਦਾ ਲਿਸ਼ਕਦਾ ਸਿਖ਼ਰ ਤੇ ਤਾਰਾ। ਸੁਬ੍ਹਾ, ਆਈ ਤਾਂ ਤੇਰੇ ਲੌਂਗ ਦਾ ਵੇਖਾਂਗੇ ਲਿਸ਼ਕਾਰਾ। ਨਗਰ ਕੇਹਾ ਕਿ ਏਥੇ ਤਾਂ ਸਲੀਬਾਂ ਘੜ ਰਿਹੈ ‘ਈਸਾ’ ਬਚਾਕੇ ਹੋਂਦ ਨੂੰ ਲੰਘੇਗਾ ਕਿਸ ਬਾਜ਼ਾਰ 'ਚੋਂ ਯਾਰਾ। ਬੇ-ਕਾਰੀ, ਪੀਲੀਆਂ ਸ਼ਾਮਾਂ ਤੇ ਗਿਰਵੀ ਹੋ ਗਏ ਮਹਿਬੂਬ, ਹੈ ਮੈਨੂੰ ਦੇਣ ਨੂੰ ਬਚਿਆ ਕੀ ਤੇਰੇ ਕੋਲ ‘ਦਿਲਦਾਰਾ'। ਹੈ ਕੇਹਾ ਘਰ ਕਿ ਕੱਟੇ ਦਿਨ ਕਿਰਾਏਦਾਰ ਤੋਂ ਬਦਤਰ, ਰਗਾਂ ਤੇ ਹਰ ਸਮੇਂ ਟਿਕਿਆ ਰਿਹਾ ਖੰਜਰ ਹੀ ਦੋ-ਧਾਰਾ। ਅਚਾਨਕ ਨੀਂਦ ਟੁੱਟ ਜਾਂਦੀ ਅਚਾਨਕ ਜਿੰਦ ਰੁਸ ਜਾਂਦੀ, ਗਲ਼ੀ ਖ਼ਵਾਬਾਂ ਦੀ ਲੰਘਦਾ ਜਦ ਤਿਰੀ ਝਾਂਜਰ ਦਾ ਛਣਕਾਰਾ। ਸੁਬ੍ਹਾ ਹੋਈ, ਬੁਝੇ ਦੀਵੇ, ਪਤਾ ਤਕ ਵੀ ਨਹੀਂ ਲੱਗਾ, ਸੁਣਾਉਂਦਾ ਬਾਤ ਸੀ ਕਿਹੜਾ ਤੇ ਭਰਦਾ ਕੌਣ ਹੁੰਗਾਰਾ। ਹਵਾ ਪੀਲੀ ਕਰੇ ਦਸਤਕ ਜਦੋਂ ਦਰ ਦਰ ਤੇ ਮੈਂ ਸੋਚਾਂ, ਅਪਾਹਜ ਮੌਸਮਾਂ ਤੋਂ ਕਿਸ ਸਮੇਂ ਹੋਵੇਗਾ ਛੁਟਕਾਰਾ।

ਫੁੱਲ ਤੋਂ ਹੌਲੀ ਅਤੇ ਪੱਥਰਾਂ ਤੋਂ ਭਾਰੀ

ਫੁੱਲ ਤੋਂ ਹੌਲੀ ਅਤੇ ਪੱਥਰਾਂ ਤੋਂ ਭਾਰੀ ਜ਼ਿੰਦਗੀ। ਸਮਝ ਨਾ ਆਵੇ ਅਕਾਸ਼ੋਂ ਕਿਸ ਉਤਾਰੀ ਜ਼ਿੰਦਗੀ। ਮਿੱਟੀ, ਪਾਣੀ, ਰੌਸ਼ਨੀ ਤੇ ਹੈ ਹਵਾ ਦੀ ਖੇਡ ਸਾਰੀ, ਏਸ ਤੋਂ ਅੱਗੇ ਤਾਂ ਹੈ ਬਸ ਸਮਝੋ ਬਾਹਰੀ ਜ਼ਿੰਦਗੀ। ਉੱਡਦੀ ਹੋਊ ਅਕਾਸ਼ਾਂ ਤੇ ਕਦੀ ਪਰੀਆਂ ਤਰ੍ਹਾਂ, ਚੁੱਕਕੇ ਪਰ ਧਰਤ ਉੱਤੇ ਕਿਸਨੇ? ਮਾਰੀ ਜ਼ਿੰਦਗੀ। ਹੈ ਤਾਂ ਮਿੱਟੀ ਦਾ ਹੀ ਬੁੱਤ ਪਰ ਓਸ ਬੁਤ ਤਰਾਸ਼ ਨੂੰ, ਜੇ ਹੈ ਕੁਝ ‘ਖ਼ੁਦਦਾਰ’ ਤਾਂ ਲੱਗੇ ਪਿਆਰੀ ਜ਼ਿੰਦਗੀ। ਜੰਡ ਦਾ ਤਰਕਸ਼, ਜਾਂ ਮੱਛੀ ਪੱਟ ਦੀ, ਸਹਿਰਾ ਦੀ ਰੇਤ, ਰੁੱਖ ਨੇ? ਦਰਿਆ ਨੇ? ਕਿ ਧੁੱਪਾਂ ਨੇ ਮਾਰੀ ਜ਼ਿੰਦਗੀ। ਉਮਰ ਲੰਬੀ ਦੀ ਦੁਆ ਕੀਤੀ ਮੈਂ ਵਾਪਸ ਓਸ ਨੂੰ, ਮੇਰੇ ਤੋਂ ਜੀਵੀ ਨਹੀਂ ਜਾਣੀ ਉਧਾਰੀ ਜ਼ਿੰਦਗੀ।

ਖਾਲੀ ਸੀ ਇਸ ਲਈ ਘਰ 'ਚ

ਖਾਲੀ ਸੀ ਇਸ ਲਈ ਘਰ 'ਚ ਦੋ ਬੂਟੇ ਲਗਾ ਲਏ। ਮੈਂ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਦਿਨ ਲੰਘਾ ਲਏ। ਖਿੜਕੀ ’ਚ ਕੱਲਾ ਚੰਦ ਵੀ ਕਾਫ਼ੀ ਉਦਾਸ ਸੀ, ਮੈਂ ਉਸ ਲਈ ਅੰਬਰ ਤੋਂ ਦੋ ਤਾਰੇ ਚੁਰਾ ਲਏ। ਉੱਜੜੇ ਘਰਾਂ ਦੇ ਵਿਚ ਦੀ ਲੰਘੇ ਜਿਵੇਂ ਹਵਾ, ਦਿਲ ਵਿਚੋਂ ਤੇਰੀ ਯਾਦ ਨੇ ਰਸਤੇ ਬਣਾ ਲਏ। ਮੈਂ ਜਿਸ ਗਿਰਾਂ ਵਿਚ ਰਹਿ ਰਿਹਾਂ ਕਾਫ਼ੀ ਗਰੀਬ ਹੈ, ਲੋਕਾਂ ਨੇ ਸਿਰ 'ਤੇ ਸ਼ਹਿਰ ਦੇ ਕਰਜ਼ੇ ਚੜ੍ਹਾ ਲਏ। ਉੱਠਿਆ ਹੀ ਜਾ ਸਕਿਆ ਨਹੀਂ ਕਾਫ਼ੀ ਬੀਮਾਰ ਸਾਂ, ਦੀਵੇ ਨੂੰ ਬੁਝਦਾ ਵੇਖਕੇ ਜੁਗਨੂੰ ਬੁਲਾ ਲਏ । ਹੈ ਫੁੱਲ ਤੋੜਨਾ ਮਨ੍ਹਾਂ ਇਸ ਬਾਗ ਵਿਚੋਂ ਪਰ, ਖ਼ੁਸ਼ਬੂ ਕੁਈ ਜਿੰਨੀਂ ਜੀਅ ਕਰੇ ਚਾਹੇ ਚੁਰਾ ਲਏ।

ਪੈਰ ਮੇਰੇ ਭਟਕਦੇ ਰਹੇ

ਪੈਰ ਮੇਰੇ ਭਟਕਦੇ ਰਹੇ ਬੇ-ਮੁਕਾਮ। ਉੱਪਰੋਂ ਛੱਤਣ ਤੇ ਆ ਲੱਥੀ ਹੈ ਸ਼ਾਮ। ਕਿਹੜੀ! ਮੰਜ਼ਲ ਹੈ ਅਤੇ ਕਿਹੜਾ ਸਫ਼ਰ, ਭੁੱਲ ਗਏ ਹਾਂ ਜੀਣ ਦੇ ਮਕਸਦ ਦਾ ਨਾਮ। ਕਾਫ਼ਲਾ ਸਾਹਾਂ ਦਾ ਕਿਸ ਥਾਂ ਹੈ ਲੈ ਆਇਆ, ਏਸ ਤੋਂ ਅੱਗੇ ਸੁਬ੍ਹਾ ਹੈ, ਨਾ ਹੈ ਸ਼ਾਮ। ਮੈਥੋਂ ਮੇਰਾ ਆਪਾ ਚੋਰੀ ਹੋ ਰਿਹਾ ਹੈ, ਜਾਣਿਆ ਮੈਂ ਉਮਰ ਦੇ ਅਰਥਾਂ ਦਾ ਨਾਮ। ਅੱਗ ਦਾ ਗੋਲਾ ਸੀ ਇਕ ਅਕਾਸ਼ ਵਿਚ, ਏਸ ਤੋਂ ਪਹਿਲਾਂ ਸੀ ਸੀਤਾ ਨਾ ਸੀ ਰਾਮ।

ਸਾਡੇ ਜਿਹੇ ਮਰੀਜ਼ ਦਾ

ਸਾਡੇ ਜਿਹੇ ਮਰੀਜ਼ ਦਾ ਕਿੱਥੇ ਇਲਾਜ ਹੈ। ਮਿਲਿਆ ਮਸੀਹਾ ਉਹ ਕਿ ਜੋ ਖ਼ੁਦ ਹੀ ਬੀਮਾਰ ਹੈ। ਸਤਿਕਾਰ ਫੁੱਲਾਂ ਦਾ ਨਹੀਂ, ਕਲੀਆਂ ਬੇ-ਆਬਰੂ , ਬਾਜ਼ਾਰ ਦੇ ਪੈਰਾਂ 'ਚ ਪਈ ਰੁਲਦੀ ਬਹਾਰ ਹੈ। ਸੀਨੇ 'ਚ ਇਕ ਮੋਹ ਸੀ, ਜੋ ਦਰਦ ਬਣ ਗਿਆ, ਜੋ ਦਰਦ ਜਾਨ ਬਣ ਗਿਆ ਸੀ, ਹੁਣ ਕਟਾਰ ਹੈ। ਬੇਗਾਨੇ ਖ਼ਵਾਬ ਆਪਣੇ ਬਣਦੇ ਨਹੀਂ ਕਦੇ, ਫਿਰ ਕਿਸ ਲਈ ਹੈ ਮੁੰਤਜ਼ਿਰ, ਦਿਲ ਬੇ-ਕਰਾਰ ਹੈ। ਕੀਤਾ ਕੀ ਅਣਦੇਖਿਆ, ਮਹਿਫ਼ਲ 'ਚ ਤੂੰ ਇਉਂ, ਪਰ ਫਿਰ ਵੀ ਮੇਰਾ ਦਿਲ ਹੈ ਕਿ ਇਹ ਸ਼ਰਮਸਾਰ ਹੈ। ਪਛਤਾ ਰਹੇ ਨੇ ਰੋ ਰਹੇ ਨੇ ਅਪਣੇ ਕਰਮ ’ਤੇ, ਸਾਮਾਨ ਮੇਰੀ ਮੌਤ ਦਾ ਹੋਇਆ ਤਿਆਰ ਹੈ। ਲਉ ਫੇਰ ਸ਼ਾਮਾਂ ਪੈ ਗਈਆਂ ਤੇ ਬਲ ਪਏ ਨੇ ਦੀਪ, ਫਿਰ ਦਿਲ ਮਿਰੇ 'ਚ ਸਹਿਕਦਾ ਇਕ ਇੰਤਜ਼ਾਰ ਹੈ।

ਦੀਵਾਰਾਂ 'ਚੋਂ ਦਰ ਕੱਢਣੇ ਨੇ

ਦੀਵਾਰਾਂ 'ਚੋਂ ਦਰ ਕੱਢਣੇ ਨੇ । ਦਰ ਕੱਢਣੇ ਮਰ ਮਰ ਕੱਢਣੇ ਨੇ। ਜੋ ਰਸਤੇ ਮੰਜ਼ਲ ਤੇ ਪੁੱਜਣ, ਉਹ ਰਸਤੇ ਆਖ਼ਰ ਕੱਢਣੇ ਨੇ । ਮਰ ਮਰ ਕੇ ਤਾਂ ਵੇਖ ਲਿਆ ਹੈ, ਜੀਣ ਲਈ ਹੁਨਰ ਕੱਢਣੇ ਨੇ । ਨ੍ਹੇਰੇ ਵਰਗੇ ਇਸ ਖੰਡਰ ਚੋਂ, ਸੂਰਜ ਵਰਗੇ ਘਰ ਕੱਢਣੇ ਨੇ । ਮੌਤ ਵੀ ਸਾਲੀ ਹੁੰਦੀ ਕੀਹ ਸ਼ੈਅ, ਲੋਕਾਂ ਦੇ ਦਿਲ 'ਚੋਂ ਡਰ ਕੱਢਣੇ ਨੇ। ਇਹ ਜੋ ਵਿਦੇਸ਼ੀ ਬੋਲੀ ਬੋਲਣ, ਦੇਸ਼ 'ਚੋਂ ਆਪਾਂ ਧਰ ਕੱਢਣੇ ਨੇ। ਜਿੰਨ੍ਹਾਂ ਦੇ ਸੀਨੇ ਵੱਜੇ ਨੇ, ਉਨ੍ਹਾਂ ਵੀ ਖੰਜਰ ਕੱਢਣੇ ਨੇ। ਕਾਲੀ ਹਵਾ ਦਾ ਦੌਰ ਹੈ ਸਿਰ ਤੇ, ਹਾਲੇ ਇਸ ਚੱਕਰ ਕੱਢਣੇ ਨੇ।

ਸ਼ਰਮਾਇਆ, ਫਿਰ ਮਹਿਕਿਆ

ਸ਼ਰਮਾਇਆ, ਫਿਰ ਮਹਿਕਿਆ ਹਰਿਆ ਭਰਿਆ ਖੇਤ। ਜਦ ਮੈਂ ਉਸਨੂੰ ਆਖਿਆ ਗੋਰੇ ਥਲ ਦੀ ਰੇਤ। ਦਰਦ ਮਹਾਜਨ ਵਾਂਗਰਾਂ ਬੂਹੇ ਆਣ ਖੜ੍ਹਾ, ਪਲ ’ਚ ਪਰਾਏ ਹੋ ਗਏ ਮੇਰੇ ਫੱਗਣ ਚੇਤ। ਦਿਨ ਢਲਦੇ ਦੇ ਨਾਲ ਹੀ ਮੋਹ ਹੋਏ ਸਭ ਭੰਗ, ਕਿੰਨੇ ਪੰਛੀ ਉਡ ਗਏ ਤੇਰੇ ਇਸ਼ਕ ਸਮੇਤ। ਤੂੰ ਖ਼ੁਦ ਸੰਦਲੀ ਹਰਫ਼ ਸਨ ਪੱਤਰ ਵਿਚ ਲਿਖੇ, ਪੌਣਾਂ ਕੋਲੋਂ ਰੱਖਦਾ ਕਿੱਦਾਂ ਸਾਂਭਕੇ ਭੇਤ। ਗਲ ਲੱਗ ਮੋਗੇ ਸ਼ਹਿਰ ਦੇ ਨਾ ਤੂੰ ਐਨਾ ਰੋ, ਤੁਰ ਜਾਣਾ ਹੈ ਹਰ ਕਿਸੇ ‘ਅਜਮੇਰ’ ਅਗੇਤ-ਪਛੇਤ।

ਬਸ ਤੁਸੀਂ ਧਾਗੇ ਨੂੰ ਤੀਲੀ ਲਾਣੀ

ਬਸ ਤੁਸੀਂ ਧਾਗੇ ਨੂੰ ਤੀਲੀ ਲਾਣੀ। ਮੋਮਬੱਤੀ ਹੈ ਖ਼ੁਦ ਪਿਘਲ ਜਾਣੀ। ਸੀ ਤਾਂ ਦਰਿਆ ਹੀ ਮੈਂ ਅੱਖੀ ਡਿੱਠੇ, ਮਰਨ ਵੇਲੇ ਵੀ ਸੀ ਮੰਗਦਾ ਪਾਣੀ। ਇਸ ਹਨੇਰੇ 'ਚ ਕੌਣ ਸਾਥ ਦਏ, ਡੁਬ ਗਈ ਸ਼ਾਮ ਵੀ ਹੈ ਡੁਬ ਜਾਣੀ। ਹੰਝੂ ਪਲਕਾਂ ਤੇ ਰੁੱਕ ਗਏ ਆ ਕੇ, ਮਨ ਚ ਕਿਸ ਖ਼ਾਬ ਦਾ ਉਬਲੇ ਪਾਣੀ। ਜ਼ਿੰਦਗੀ ਸੇਕ ਬਣਕੇ ਹੈ ਰਹਿ ਗਈ, ਤੇਰੀ ਜ਼ੁਲਫ਼ਾਂ ਦੀ ਛਾਂ ਹੈ ਕੀ ਮਾਣੀ। ਤੇਰੀ ਪੈੜਾਂ ਦੇ ਨਾ ਨਿਸ਼ਾਨ ਮਿਲੇ, ਖ਼ਾਕ ਰਾਹਾਂ ਦੀ ਮੈਂ ਬੜੀ ਛਾਣੀ। ਆਏ ਮੁੜਕੇ ਬਹਾਰ, ਨਾ ਆਏ, ਦਿਲ 'ਚੋਂ ਵੀਰਾਨਗੀ ਨਹੀਂ ਜਾਣੀ। ਹੈਂ ਕਬੀਰਾ ਤੂੰ ਦੱਸ ਗਿਓਂ ਕਿੱਥੇ? ਤੰਦ ਉਲਝੀ ਨਹੀਂ, ਉਲਝੀ ਤਾਣੀ। ਘਾਟ ਤੇਰੀ ਰੜਕਦੀ ਹਰ ਮੌਕੇ, ਪੂਰਤੀ ਤੇਰੀ ਹੋ ਨਹੀਂ ਪਾਣੀ।

ਕੋਠੇ ਤੇ ਆ ਕੇ ਚਾਨਣੀ

ਕੋਠੇ ਤੇ ਆ ਕੇ ਚਾਨਣੀ ਜਦ ਰਾਤ ਨੂੰ ਲਹੇ । ਕੰਨਾਂ 'ਚ ਹੌਲੀ ਹੌਲੀ ਤਿਰੇ ਬਾਰੇ ਕੁਛ ਕਹੇ । ਖੜਕੇ ਨਾ ਘੁੰਗਰੂ ਕਿਤੇ ਵੰਗਾਂ ਨਾ ਛਣਕੀਆਂ, ਪਰ ਫਿਰ ਵੀ ਇਕ ਸੰਗੀਤ ਜਿਹਾ ਸਾਥ ਹੀ ਰਹੇ। ਮੇਰੇ ਨਹੀਂ ਤਾਂ ਆਪਣੇ ਸਾਏ ਤੋਂ ਪੁੱਛ ਲੈ, ਕਿਸਦੀ ਨੇ ਅੱਖੋਂ ਅੱਥਰੂ ਕਿੰਨਾ ਕੁ ਚਿਰ ਵਹੇ । ਤੂੰ ਹੈਂ ਨਦੀ ਤਾਂ, ਛਲਕਣਾ ਸਿਖ ਕੁਛ ਨ ਕੁਛ ਜ਼ਰੂਰ, ਰੁੱਖਾਂ ਦੇ ਹੋਠਾਂ ਤੇ ਸਦਾ ਹੀ ਪਿਆਸ ਕਿਉਂ ਰਹੇ। ਦੁਨੀਆਂ ਨਹੀਂ ਹੈ ਨਾਸ਼ਵਾਨ ਮੈਂ ਵੀ ਸਮਝਨਾਂ, ਚਿਹਰੇ ਤਿਰੇ ਤੇ ਟਹਿਕਦਾ ਪਰ ਫੁੱਲ ਜੇ ਰਹੇ । ਆ ਕੇ ਚਲੀ ਵੀ ਜਾਇਗੀ ਇਕ ਰਾਤ ਹੀ ਤਾਂ ਹੈ, ਗਰਦਿਸ਼ 'ਚ ਜ਼ਿੰਦਗੀ ਫਸੀ ‘ਅਜਮੇਰ’ ਕੀਹ ਕਹੇ?

ਟਹਿਣੀ ਨਾਲ਼ੋਂ ਟੁੱਟ ਚੁੱਕਾ ਏਂ

ਟਹਿਣੀ ਨਾਲ਼ੋਂ ਟੁੱਟ ਚੁੱਕਾ ਏਂ। ਤੂੰ ਵੀ ਇਕ ਸੁੱਕਾ ਪੱਤਾ ਏਂ। ਜਿਸਨੂੰ ਭੋਂਅ ਤੇ ਨਮੀਂ ਨਾ ਮਿਲੀਆਂ, ਬੀਜ ’ਚ ਸੁੱਤਾ ਫੁੱਲ ਲੱਗਦਾ ਏਂ। ਭਟਕਣ ਪਿੱਛੋਂ ਅਟਕੀ ਦੇਖੀਂ, ਤੂੰ ਮੇਰਾ ਭੁੱਲਿਆ ਰਸਤਾ ਏਂ । ਮੇਰਾ ਤਾਂ ਜੋ ਹੈਂ, ਸੋ ਹੈਂ ਤੂੰ, ਪਰ ਉਸਦਾ ਤੂੰ ਕੀ! ਲੱਗਦਾ ਏਂ? ਰਾਤ ਦੀ ਕਾਲ਼ੀ ਤਨਹਾਈ ਵਿਚ, ਦੀਵੇ ਵਾਂਗੂੰ ਤੂੰ ਜਗਦਾ ਏਂ। ਭੀੜ ਹੈ, ਉਂਗਲੀ ਫੜ, ਰੁਲ ਜੇਂਗਾ, ਐ ! ਦਿਲ ਤੂੰ ਹਾਲੇ ਬੱਚਾ ਏਂ।

ਮੰਗਦਾ ਪਾਣੀ ਸਮੁੰਦਰ ਮਰ ਗਿਆ

ਮੰਗਦਾ ਪਾਣੀ ਸਮੁੰਦਰ ਮਰ ਗਿਆ। ਦੇਖ ਲਉ ਜੀ ਫਿਰ ਸਿਕੰਦਰ ਮਰ ਗਿਆ। ਬਚਕੇ ਤੇਰੀ ਯਾਦ ਤੋਂ ਕਿਹੜੇ ਜੰਗਲ ਵਿਚ ਛੁਪਾਂ। ਹਰ ਡਾਲੀ ਹਰ ਪੱਤੇ ਉੱਤੇ ਲਿਖਿਆ ਤੇਰਾ ਨਾਂ। ਏਥੇ ਤਾਂ ਹਰ ਟਾਹਣ ਧੁਖਦਾ ਪੱਤੇ ਸੜਦੇ ਰਹਿਣ, ਏਸ ਸ਼ਹਿਰ ਦੇ ਬਿਰਖ਼ ਸਰਾਪੇ ਮੰਗੀ ਮਿਲੇ ਨਾ ਛਾਂ। ਜੀਅ ਕਰਦਾ ਹੈ ਦੀਵਾਰਾਂ ਤੋਂ ਉੱਚੀ ਮਾਰਾਂ ਚੀਕ, ਮੈਥੋਂ ਬਰਦਾਸ਼ਤ ਨਾ ਹੋਵੇ ਵਰਤੀ ਸੁੰਨ-ਸਰਾਂ। ਤੇਰੇ ਪਿੰਡ ਦੇ ਨੇੜੇ ਜਿਹੜਾ ਵਗਦਾ ਸੀ ਦਰਿਆ, ਓਸੇ ਦਰਿਆ ਦੇ ਵਿਚ ਡੁੱਬੀਆਂ ਮੇਰੀਆਂ ਚਾਨਣੀਆਂ। ਅੰਬਰ ਦਾ ਸੂਰਜ ਤਾਂ ਆਥਣ ਨੂੰ ਛੱਡ ਜਾਏ ਸਾਥ, ਜੋ ਸੂਰਜ ਮੱਥੇ ’ਚੋਂ ਉੱਗਦੇ ਕਦੀ ਵੀ ਡੁਬਦੇ ਨਾਂਹ।

ਬਗਲਿਆਂ ਦੇ ਘਰ ਵੀ ਹੁਣ

ਬਗਲਿਆਂ ਦੇ ਘਰ ਵੀ ਹੁਣ ਰੰਗਿਆ ਕਰੋ। ਸੁੱਖ ਏਦਾਂ ਦੇਸ਼ ਦੀ ਮੰਗਿਆ ਕਰੋ। ਆਪਣੇ ਹੱਥੋਂ ਹੀ ਮਿਰਜ਼ਾ ਖ਼ੁਦ ਮਰੇ, ਤੀਰ ਏਦਾਂ ਜੰਡ ਤੇ ਟੰਗਿਆ ਕਰੋ। ਖੂਨ ਬੇ-ਦੋਸ਼ਾਂ ਦਾ ਵੀ ਜਾਪੇ ਹਿਨਾ, ਆਪਣੇ ਹੱਥਾਂ ਨੂੰ ਇਉਂ ਰੰਗਿਆ ਕਰੋ। ਇਹ ਭੁਲੱਕੜ ਨੇ ਸਿਤਮ ਸਹਿ ਜਾਣਗੇ, ਆਪਣੇ ਲੋਕਾਂ ਤੋਂ ਨਾ ਸੰਗਿਆ ਕਰੋ। ਭੂਤ ਤਾਂ ਕਿ ਬਣ ਸਕੇ ਫਿਰ ਵਰਤਮਾਨ, ਭੁੱਲ ਕੇ ਸਾਡੀ ਗਲੀ ਲੰਘਿਆ ਕਰੋ।

ਚਿਹਰਾ ਕਿਸੇ ਖ਼ਿਆਲ ਦਾ

ਚਿਹਰਾ ਕਿਸੇ ਖ਼ਿਆਲ ਦਾ ਤਸਵੀਰ ਵੀ ਬਣੇ? ਸਾਂਝਣ ਮਿਰੀ ਉਮੀਦ ਦੀ ਤਕਦੀਰ ਵੀ ਬਣੇ ? ਸੰਗਲ ਹਯਾਤ ਹੈ ਤੇ ਨਾ ਜੰਜ਼ੀਰ ਮੌਤ ਹੈ, ਪਰ ਜ਼ਿੰਦਗੀ ਨੂੰ ਮਿਲਣ ਦੀ ਤਦਬੀਰ ਵੀ ਬਣੇ? ਮੇਰਾ ਕਲਾਮ ਸੁਣ ਲਿਆ ਤਾਂ ਦੁਸ਼ਮਣਾਂ ਕਿਹਾ, ਉੱਚਾ ਹੈ ਸਿਰ ਕੱਟਣ ਲਈ ਸ਼ਮਸ਼ੀਰ ਵੀ ਬਣੇ ! ਹਾਲਾਤ ਗ਼ਮਜ਼ਦਾ ਨੇ ਤਾਂ ਇਹ ਗ਼ਮਜ਼ਦਾ ਹੈ ਦਿਲ, ਜ਼ਖ਼ਮੀ ਹਵਾ ਦਾ ਪਰ ਕੁਈ ਹਮਸ਼ੀਰ ਵੀ ਬਣੇ? ਬੇ-ਚੈਨ ਹੀ ਰਹਾਂ ਤੇ ਨਾ ਭਟਕੇਗੀ ਜ਼ਿੰਦਗੀ, ਰਿਸ਼ਤਾ ਕੁਈ ਪੈਰਾਂ ਲਈ ਜ਼ੰਜ਼ੀਰ ਵੀ ਬਣੇ ? ਫੁੱਲਾਂ ਦੇ ਬਾਗ ਕੋਲ ਦੀ ਲੰਘੇ ਬੜੇ ਮਗਰ, ‘ਅਜਮੇਰ’ ਟੁੱਟੇ ਖ਼ਵਾਬ ਦੀ ਤਾਬੀਰ ਵੀ ਬਣੇ ? ਗ਼ਮਜ਼ਦਾ=ਫ਼ਿਕਰਾਂ ਵਿੰਨ੍ਹੇ, ਹਮਸ਼ੀਰ=ਭੈਣ-ਭਾਈ

ਸਿਰ 'ਤੇ ਨਹੀਂ ਹੈ ਛੱਤ

ਸਿਰ 'ਤੇ ਨਹੀਂ ਹੈ ਛੱਤ ਨਾ ਤਨ ’ਤੇ ਲਿਬਾਸ ਹੈ। ਨੇੜੇ ਤੋਂ ਵੇਖੀ ਜ਼ਿੰਦਗੀ ਕਿੰਨੀ ਉਦਾਸ ਹੈ। ਬਾਕੀ ਵੀ ਲੰਘ ਜਾਏਗੀ ਪੁਲ ਹੇਠ ਰੇਲ ਦੇ, ਗੇੜਾਂਗੇ ਜਿੰਨਾ ਚਿਰ ਗਿੜੂ ਜੀਵਨ ਖਰਾਸ ਹੈ। ਗਿਣਤੀ ਦੇ ਲੋਕ ਹਨ ਕਿ ਜੋ ਜਸ਼ਨ ਰਹੇ ਮਨਾ, ਸਾਡੇ ਲਈ ਇਹ ਸਾਲ ਵੀ, ਨਾ ਆਮ, ਖਾਸ ਹੈ। ਉੱਤਰ ਨੂੰ ਹੋ ਤੁਰੇ, ਕਈ ਦੱਖਣ ਨੂੰ ਵਹਿ ਗਏ, ਪੂਰਬ ਨੂੰ ਜਿਹੜਾ ਜਾਏਗਾ ਦਰਿਆ ਉਹ ਖਾਸ ਹੈ। ਇਸ ਜ਼ਿੰਦਗੀ ਦੇ ਨ੍ਹੇਰ ਨੂੰ ਕਰੀਏ ਕਿਵੇਂ ਤਬਾਹ, ਨਾ ਚੰਦ ਕੋਈ ਕੋਲ਼, ਨਾ ਸੂਰਜ ਹੀ ਪਾਸ ਹੈ। ਕਿੰਨੇ ਜ਼ਹੀਨ ਲੋਕ ਕਿਸ ਏਡਜ਼ ਨੇ ਖਾ ਲਏ, ਏਦਾਂ ਵਧੀ ਹੈ ਤਲਬ ਧਨ ਦੀ ਸੱਤਿਆਨਾਸ ਹੈ। ਦਹਿ ਦਿਸ ਨੂੰ ਧਾਅ ਰਿਹਾ, ਇਹ ਮਨ ਟਿਕਦਾ ਨਹੀਂ ਕਿਤੇ, ਜਿਸ ਨੂੰ ਹੈ ਢੂੰਡਦਾ ਸਦਾ, ਉਹ ਇਸ ਦੇ ਪਾਸ ਹੈ।

ਇਹ ਸੋਚ ਡਰ ਨੇ ਜਾਂਦੀਆਂ

ਇਹ ਸੋਚ ਡਰ ਨੇ ਜਾਂਦੀਆਂ ਛੱਤਾਂ ਘਰਾਂ ਦੀਆਂ। ਕਰਦੀ ਹੈ ਪੌਣ ਸਾਜ਼ਸ਼ਾਂ ਕਿਸ ਕਿਸ ਤਰ੍ਹਾਂ ਦੀਆਂ। ਮੈਂ ਤਾਂ ਸੀ ਰਾਤ ਕੱਟਣੀ, ਪਰ ਇਹ ਸੀ ਕੀ! ਪਤਾ, ਕਾਤਲ ਦੇ ਘਰ ਨੂੰ ਖਹਿੰਦੀਆਂ ਕੰਧਾਂ ਸਰਾਂ ਦੀਆਂ। ਲੱਗਾ ਪਤਾ ਤਬਾਹੀਆਂ ਝੱਖੜ ਕੀਹ ਕੀਤੀਆਂ, ਕਰਦੇ ਬਿਰਖ਼ ਗੱਲਾਂ ਸੁਣੇ ਟੁੱਟੇ ਪਰਾਂ ਦੀਆਂ। ਹਿੱਲਦੇ ਅਜੀਬ ਢੰਗ ਨਾ’ ਪਰਦੇ ਹਵਾ ਦੇ ਨਾਲ, ਮਹਿਫ਼ਲ 'ਚ ਗੱਲਾਂ ਤੇਰੀਆਂ ਜਦ ਸਰ-ਸਰਾਂਦੀਆਂ। ਇਕ ਚੰਦ ਬਣ ਖਿੜੇ ਤਿਰਾ ਚਿਹਰਾ ਹੈ ਆਸਮਾਨ, ਰਾਤਾਂ ’ਚ ਅੱਖਾਂ ਤੇਰੀਆਂ ਦੀਵੇ ਜਗਾਂਦੀਆਂ। ਮਕਤਲ ਤਿਰਾ ਹਿਸਾਬ ਸੀ, ਜੀਵਨ ਮਿਰਾ ਯਕੀਨ, ਡਰੀਆਂ ਸਲੀਬਾਂ, ਕਿਸ ਤਰ੍ਹਾਂ ਮੈਨੂੰ ਡਰਾਂਦੀਆਂ। ਕੁਝ ਦੁੱਖ, ਰੁੱਖ, ਬਾਲ ਤੇ ਆਸਾਂ ਦੇ ਤਬਸਰੇ, ਹੁੰਦੀਆਂ ਇਹੋ ਨਿਸ਼ਾਨੀਆਂ ਵੱਸਦੇ ਘਰਾਂ ਦੀਆਂ।

ਲੋਕ ਮਿਲਦੇ ਨੇ ਗੁਲਾਬਾਂ ਵਰਗੇ

ਲੋਕ ਮਿਲਦੇ ਨੇ ਗੁਲਾਬਾਂ ਵਰਗੇ। ਅਣਪੜ੍ਹੀਆਂ ਕਿਤਾਬਾਂ ਵਰਗੇ । ਜਿਸ 'ਚ ਖਿੜਦੇ ਨੇ ਕਮਲ ਯਾਦਾਂ ਦੇ, ਤੇਰੇ ਸੁਪਨੇ ਨੇ ਤਲਾਬਾਂ ਵਰਗੇ । ਛੇੜਕੇ ਲੰਘ ਨਾ ਇਨ੍ਹਾਂ ਨੂੰ ਹਵਾ, ਜਿਸਮ ਹੁੰਦੇ ਨੇ ਰਬਾਬਾਂ ਵਰਗੇ। ਰਾਤ ਗ਼ਮ ਦੀ ਜਦੋਂ ਵੀ ਪੈਂਦੀ ਹੈ, ਚੰਦ ਚੜ੍ਹਦੇ ਤਿਰੇ ਖ਼ਾਬਾਂ ਵਰਗੇ । ਹੀਰ ਸੋਹਣੀ ਦਿਸੇ ਨਾ ਹੋਰ ਕਿਤੇ, ਸਾਰੇ ਦਰਿਆ ਨਹੀਂ ਚਨਾਬਾਂ ਵਰਗੇ ।

ਧੁੱਪ ਡੁੱਬੀ ਰਾਤ ਦੇ ਸਾਏ ਵਧੇ

ਧੁੱਪ ਡੁੱਬੀ ਰਾਤ ਦੇ ਸਾਏ ਵਧੇ। ਜ਼ਖ਼ਮੀ ਹੋਵਾਂ ਮੈਂ ਕਦੇ ਤੇ ਚੰਨ ਕਦੇ। ਸਹਿਮ ਹੈ ਕੋਹਰੇ ਦੇ ਵਾਂਗੂੰ ਫੈਲਿਆ, ਅਪਣੀ ਆਹਟ ਤੋਂ ਮੁਸਾਫ਼ਰ ਕੰਬਦੇ। ਜ਼ਖ਼ਮ ਦਿਸਹੱਦੇ ਦੇ ਵਾਂਗੂੰ ਸੁਰਖ਼ ਹੈ, ਕਿਸ ਤਰ੍ਹਾਂ ਦੇ ਵੇਖੇ ਸੂਰਜ ਡੁੱਬਦੇ। ਪਹਿਲਾਂ ਖ਼ੁਸ਼ਬੂ ਫੇਰ ਫੁੱਲ-ਪੱਤੇ ਝੜੇ, ਹੱਥ ਸ਼ਾਖਾਂ ਦੇ ਸਵਾਲੀ ਲਟਕਦੇ। ਕੱਲ੍ਹ ਤੁਹਾਡੀ ਅੱਖ ਦਾ ਸੁਰਮਾ ਸੀ ਮੈਂ, ਅੱਜ ਹੋ ਕਿਉਂ ਨਜ਼ਰਾਂ 'ਚੋਂ ਮੈਨੂੰ ਸੁੱਟਦੇ। ਪੰਛੀਆਂ ਦੀ ਜ਼ਾਤ ਨਾ ਹੁੰਦੀ ਕੁਈ, ਇਹ ਤਾਂ ਹਰ ਘਰ ਦੇ ਬਨੇਰੇ ਬੈਠਦੇ। ਚੱਲ ਹੁਣ ‘ਅਜਮੇਰ’ ਘਰ ਚਲ ਆਪਣੇ, ਰੋਜ਼ ਦੇ ਵੇਖੇ ਨਾ ਜਾਂਦੇ ਹਾਦਸੇ।

ਗੁਲਾਮੀ ਜ਼ਿੰਦਗੀ ਦਾ ਨਾਂ ਨਹੀਂ ਹੈ

ਗੁਲਾਮੀ ਜ਼ਿੰਦਗੀ ਦਾ ਨਾਂ ਨਹੀਂ ਹੈ। ਕਿ ਇਸਦੀ ਜ਼ਿੰਦਗੀ ਵਿਚ ਥਾਂ ਨਹੀਂ ਹੈ। ਮਿਰੇ ਸਿਰ ਤੇ ਚੁਣੌਤੀ ਦੇ ਨੇ ਸਾਏ, ਤਿਰੀ ਜ਼ੁਲਫ਼ਾਂ ਦੀ ਗੂੜ੍ਹੀ ਛਾਂ ਨਹੀਂ ਹੈ। ਮਿਲੇ ਤਾਂ ਬੰਦਿਆਂ ਵਾਂਗੂੰ ਮਿਲਾਂਗੇ, ਅਸੀਂ ਲੁਕ-ਛਿਪ ਝਨਾਂ ਤਰਨਾ ਨਹੀਂ ਹੈ। ਤਿਰੇ ਸ਼ਬਦਾਂ 'ਚ ਜੀਅ ਕੇ ਵੇਖਿਆ ਹੈ, ਤਿਰੇ ਅਰਥਾਂ ’ਚ ਹੁਣ ਮਰਨਾ ਨਹੀਂ ਹੈ। ਤੁਸੀਂ ਟੰਗਦੇ ਰਹੇ ਬਰਛੇ ਤੇ ਸੂਰਜ, ਅਸੀਂ ਅਪਰਾਧ ਇਹ ਜਰਨਾ ਨਹੀਂ ਹੈ। ਲਗਨ ਹੈ, ਤਪਸ਼ ਸੋਚਾਂ ਦੀ ਰਗਾਂ ਵਿਚ, ਅਸਾਡੇ ਸੂਰਜਾਂ ਮਰਨਾ ਨਹੀਂ ਹੈ। ਲਗਾ ਮਰਹਮ ਨਾ ਤੂੰ ‘ਅਜਮੇਰ' ਇਸ ਤੇ, ਜ਼ਖ਼ਮ ਮਿਹਣਾ ਹੈ ਇਹ ਭਰਨਾ ਨਹੀਂ ਹੈ।

ਹੋਰ ਕੀ ! ਇਨ੍ਹਾਂ ਨੇ ਉਸਨੂੰ ਆਖਣਾ

ਹੋਰ ਕੀ ! ਇਨ੍ਹਾਂ ਨੇ ਉਸਨੂੰ ਆਖਣਾ। ਕਿਸ਼ਤੀਆਂ ਨੇ ਤਾਂ ਹੈ ਸਾਗਰ ਨਾਪਣਾ। ਨੀਲੀਆਂ ਝੀਲਾਂ ਨੂੰ ਇਸਦਾ ਹੈ ਪਤਾ, ਬਹੁਤ ਔਖਾ ਹੈ ਕਿਸੇ ਲਈ ਡੁੱਬਣਾ। ਪਰ ਤਾਂ ਲਗ ਸਕਦੇ ਨਹੀਂ ਖੁਸ਼ਬੂ ਬਿਨਾਂ, ਜਦ ਕਿ ਹਰ ਮੌਸਮ ਹੈ ਚਾਹੁੰਦਾ ਉੱਡਣਾ। ਫੁੱਲ ਇਸ ਕਰਕੇ ਵੀ ਯਾਰੋ ਫੁੱਲ ਹੈ, ਕਿਉਂਕਿ ਹਰ ਇਕ ਨੂੰ ਨਹੀਂ ਔਂਦਾ ਮਹਿਕਣਾ। ਆਲ੍ਹਣੇ ਵਰਗਾ ਹਾਂ ਮੈਂ ਤਾਂ ਅੱਜਕੱਲ੍ਹ, ਪੰਛੀਆਂ ਜਾਣੈ ਚਲੇ ਮੈਂ ਬਿਖਰਨਾ। ’ਵਾ-ਵਰੋਲ਼ੇ ਨਾਲ ਕਿੰਨਾ ਚਿਰ ਫਿਰੋਗੇ, ਅੰਤ ਪੈਰਾਂ ਨੇ ਹੈ ਘਰ ਨੂੰ ਪਰਤਣਾ।

ਕੋਈ ਕੋਈ ਹੀ ਖਿੜੇ ਫੁੱਲ

ਕੋਈ ਕੋਈ ਹੀ ਖਿੜੇ ਫੁੱਲ ਵਿਚ ਖ਼ਿਜ਼ਾਂ ਯਾਰੋ। ਕੋਈ ਕੋਈ ਹੀ ਜਗੇ ਰਾਤ ਭਰ ਸ਼ਮ੍ਹਾਂ ਯਾਰੋ। ਚਲੋ ਚਲ ਇਹ ਸਫ਼ਰ ਮੁੱਕਦੇ ਨੇ ਮੁਕਾਇਆਂ ਹੀ, ਸਮਾਂ ਕਦੇ ਨਾ ਕਰੇ ਦੇਰ ਨੂੰ ਖਿਮਾਂ ਯਾਰੋ । ਰਹੀ ਹਮੇਸ਼ਾਂ ਹਨੇਰੇ ਨੂੰ ਨਵੇਂ ਸਿਰਾਂ ਦੀ ਤਲਬ, ਨਹੀਂ ਕੁਈ ਦੌਰ ਅਪਣੇ ਲਈ ਨਵਾਂ ਯਾਰੋ। ਪਤਾ ਨਹੀਂ ਹਾਰ ਕਿਸਦੀ ਹੈ ਜਿੱਤ ਕਿਸਦੀ ਹੈ, ਪਤੰਗੇ ਸੜਦੇ ਨਾ ਬੁਝਦੀ ਦਿਸੇ ਸ਼ਮ੍ਹਾਂ ਯਾਰੋ। ਘਟਾ ਕੋਹਰੇ ਦੀ ਛਟ ਜਾਏਗੀ ਦਿਲਾ ਆਖ਼ਰ, ਸਦਾ ਤਾਂ ਰੱਖਣੀ ਸਬ੍ਹਾ ਘੇਰ ਨਾ ਗ਼ਮਾਂ ਯਾਰੋ। ਲੜੋ ਉਡੀਕ ਲਹੂ ਪੀਣੀ ਨਾ’ ਉਸ ਸਮੇਂ ਤੀਕਰ, ਜਦੋਂ ਕੁ ਤਕ ਹੈ ਲਹੂ ਜਾਨ ਵਿਚ ਰਵਾਂ ਯਾਰੋ।

ਚਿਲਕਦੀ ਧੁੱਪ ਵਿਚ ਘਰ ’ਚੋਂ

ਚਿਲਕਦੀ ਧੁੱਪ ਵਿਚ ਘਰ ’ਚੋਂ ਨਾ ਬਾਹਰ ਨਿਕਲਿਆ ਕਰ। ਸ਼ੀਸ਼ਾ ਹੀ ਸਹੀ, ਮੈਂ ਮੰਨਦਾਂ, ਨਾ ਲਿਸ਼ਕਿਆ ਕਰ। ਪਤਾ ਕੀ? ਕੌਣ ਖੋਲ੍ਹੇ ਤੇ ਪੜ੍ਹੇ , ਪੜ੍ਹਕੇ ਚੁਰਾਵੇ, ਕਿਤਾਬਾਂ ਵਿਚ ਖ਼ਤ ਮਹਿਬੂਬ ਦੇ ਨਾ ਰੱਖਿਆ ਕਰ। ਪਰਾਇਆ ਸ਼ਹਿਰ ਹੈ ਰੰਗਾਂ ਸੁਗੰਧਾਂ ਦਾ ਵੀ ਮੌਸਮ, ਤੂੰ ਐਵੇਂ ਅਜਨਬੀ ਰੁੱਖਾਂ ਦੇ ਗਲ ਨਾ ਲੱਗਿਆ ਕਰ। ਕਿਵੇਂ ਬਗਲਾਂ ’ਚ ਖੰਜਰ ਲੈ ਕੇ ਮਿਲਕੇ ਮੁਸਕਰਾਵਣ, ਸਲੀਕਾ ਦੁਸ਼ਮਣੀ ਦਾ ਦੋਸਤਾਂ ਤੋਂ ਸਿੱਖਿਆ ਕਰ। ਅਜੇ ਤਕ ਫ਼ੋਲਿਆ ਕਿਸਨੇ ਸਮੁੰਦਰ ਹੈ ਮੁਕੰਮਲ, ਸਫ਼ੈਦੇ ਦੀ ਤਰ੍ਹਾਂ ਅਸਮਾਨ ਨੂੰ ਵੀ ਚੁੰਮਿਆ ਕਰ। ਨਮੀ ਅੱਖਾਂ 'ਚ, ਬੁੱਲ੍ਹਾਂ ਤੇ ਤਬੱਸੁਮ, ਦਰਦ ਮਨ ਵਿਚ, ਸਦਾ ‘ਅਜਮੇਰ’ ਕੋਲੋਂ ਇਸ ਤਰ੍ਹਾਂ ਨਾ ਵਿਛੜਿਆ ਕਰ।

ਰਾਵ੍ਹਾਂ, ਛਾਵਾਂ ਤੇ ’ਵਾਵਾਂ ਨੂੰ ਮਿਲ ਲਈਏ

ਰਾਵ੍ਹਾਂ, ਛਾਵਾਂ ਤੇ ’ਵਾਵਾਂ ਨੂੰ ਮਿਲ ਲਈਏ। ਲੈਣ ਜੁ ਤੇਰਾ ‘ਨਾਮ’ ਥਾਵਾਂ ਨੂੰ ਮਿਲ ਲਈਏ। ਇਹ ਸਭ ਤੇਰੇ ‘ਸ਼ਬਦਾਂ’ ਵਰਗੇ ਲੱਗਦੇ ਨੇ, ਨਦੀਆਂ, ਝਰਨੇ, ਦਰਿਆਵਾਂ ਨੂੰ ਮਿਲ ਲਈਏ। ਅੰਨ੍ਹੇ ਖੂਹ ਵਿਚ ਜਿਹੜੇ ਡੁੱਬ ਡੁੱਬ ਮੋਏ ਨੇ, ਅਰਮਾਨਾਂ, ਸੱਧਰਾਂ ਚਾਵਾਂ ਨੂੰ ਮਿਲ ਲਈਏ। ਖ਼ਬਰ ਨਹੀਂ ਫਿਰ ਕਿਹੜੀ ਦਿਸ਼ਾ ਨੂੰ ਜਾਣਾ ਹੈ, ਭੈਣ-ਭਰਾਵਾਂ ਤੇ ਮਾਵਾਂ ਨੂੰ ਮਿਲ ਲਈਏ। ਰਾਹ 'ਚ ਵਫ਼ਾ ਦੇ ਜਿਹੜੇ ਰਲ-ਮਿਲ ਖਾਧੇ ਸੀ, ਜ਼ਖ਼ਮਾਂ, ਸੱਟਾਂ ਤੇ ਘਾਵਾਂ ਨੂੰ ਮਿਲ ਲਈਏ। ਜਿੰਨ੍ਹਾਂ ਸਾਥੋਂ ਚੂਰੀ ਖੋਹੀ ਖ਼ਵਾਬਾਂ ਦੀ, ਗਿਰਗਿਟ, ਬਗਲੇ ਤੇ ਕਾਵਾਂ ਨੂੰ ਮਿਲ ਲਈਏ। ਦਰਦ ਪਰਾਏ ਖ਼ਾਤਰ ਭਰਦੇ ਰਹੇ ਹਾਂ ਜੋ, ਹੌਕੇ, ਹੰਝੂ ਤੇ ਹਾਵਾਂ ਨੂੰ ਮਿਲ ਲਈਏ । ਖਾ, ਖਾ ਕੇ ‘ਸਲਫ਼ਾਸ’ ਵੀ ਕਰਜ਼ਾ ਲੱਥਾ ਨਾ, ਹੁਣ ਕੁਝ ਬੈਂਕਾਂ ਤੇ ਸ਼ਾਹਵਾਂ ਨੂੰ ਮਿਲ ਲਈਏ।

ਕਿਸ ਸ਼ਹਿਰ ਦੇ ਵਿਚ ਆ ਗਈ

ਕਿਸ ਸ਼ਹਿਰ ਦੇ ਵਿਚ ਆ ਗਈ ਉੱਡ ਕੇ ਹੈ ਅੰਦਲੀਬ। ਪਿੱਛੇ ਹੈ ਕਫ਼ਸ ਝੂਲਦਾ ਅੱਗੇ ਖੜੀ ਸਲੀਬ। ਜੰਗਲ ਤਮਾਮ ਸੜ ਰਿਹੈ ਤੱਤੀ ਹਵਾ ਦੇ ਨਾਲ, ਕਿਸ ਸ਼ਾਖ ਉੱਤੇ ਬਹਿਣਗੇ ਪੰਛੀ ਮਿਰੇ ਨਸੀਬ। ਮੰਗੇਂ ਜੇ ਸਿਰ ਤਾਂ ਪੇਸ਼ ਕਰਨਗੇ ਤਲੀ ਤੇ ਧਰ, ਇਸ ਦੇਸ਼ ਦੇ ਲੋਕੀਂ ਕਿਵੇਂ ਨੇ ਫਿਰ ਤਿਰੇ ਰਕੀਬ? ਹੁੰਦਾ ਜੇ ਰੋਗ ਤਾਂ ਕੁਈ ਕਰਦੇ ਇਲਾਜ ਵੀ, ਇਸ ਬੇ-ਕਰਾਰੀ ਦਾ ਨਹੀਂ ਲੱਭਦਾ ਕਿਤੋਂ ਤਬੀਬ। ਰੌਸ਼ਨ ਹੈ ਉਫ਼ਕ ਹੋ ਰਿਹਾ, ਮਹਿਕੇ ਨੇ ਬਾਗ ਵਣ, ਕਿਸਦਾ ਖ਼ਿਆਲ ਆ ਰਿਹਾ, ਦਿਲ ਦੇ ਮਿਰੇ ਕਰੀਬ। ‘ਅਜਮੇਰ’ ਤੇਰੇ ਨਾਲ ਹੀ ਖਾਮੋਸ਼ ਹੋ ਗਿਆ, ਇਹ ਸ਼ਹਿਰ ਵੀ ਤੇਰੀ ਤਰ੍ਹਾਂ ! ਕਿੰਨਾ ਹੈ ਬਦ-ਨਸੀਬ। ਅੰਦਲੀਬ=ਬੁਲਬੁਲ, ਕਫ਼ਸ=ਪਿੰਜਰਾ

ਇਹ ਸੋਨੇ ਦਾ ਸਾਰਾ ਸੂਰਜ ਤੇਰਾ ਹੈ

ਇਹ ਸੋਨੇ ਦਾ ਸਾਰਾ ਸੂਰਜ ਤੇਰਾ ਹੈ। ਏਸੇ ਲਈ ਹੀ ਬਸਤੀ ਵਿਚ ਹਨ੍ਹੇਰਾ ਹੈ। ਗਰਮ ਹਵਾਏ ਐਵੇਂ ਬਿਰਖ਼ ਵਲੂੰਧਰ ਨਾ, ਹਰ ਇਕ ਬਿਰਖ਼ ਦਾ ਫੁੱਲਾਂ ਵਰਗਾ ਚਿਹਰਾ ਹੈ। ਮੈਂ ਹਾਂ ਆਪਣੀ ਮਿੱਟੀ ਦੀ ਖ਼ੁਸ਼ਬੂ ਵਰਗਾ, ਮੇਰਾ ਖਿੜਨਾ, ਬਿਖ਼ਰਨਾ ਵੀ ਮੇਰਾ ਹੈ। ਜਿੱਥੇ ਕੱਲ੍ਹ ਸੀ ਲਟਕਦੇ ਪੱਤ ਸ਼ਰੀਹਾਂ ਦੇ, ਅੱਜ ਉਹ ਸੱਖਣਾ ਮੇਰੇ ਵਾਂਗ ਬਨੇਰਾ ਹੈ। ਢੱਠੀਆਂ ਕੰਧਾਂ, ਫੁੱਲ, ਬੂਟਾ ਨਾ ਦੀਪ ਜਗੇ, ਲੱਗਦਾ ਹੈ ‘ਅਜਮੇਰ’ ਇਹ ਹੁਜਰਾ ਤੇਰਾ ਹੈ।

ਮੁੱਠੀ ’ਚ ਨਾ ਲੈ ਜੁਗਨੂੰ

ਮੁੱਠੀ ’ਚ ਨਾ ਲੈ ਜੁਗਨੂੰ, ਤਿਤਲੀ ਦੇ ਤੋੜ ਨਾ ਪਰ। ਰੰਗਾਂ ਨੂੰ ਕੈਦ ਕਰਨਾ, ਮੌਸਮ ਦਾ ਹੈ ਨਿਰਾਦਰ। ਰਸਤੇ ਸਵੇਰ ਦੇ ਵਿਚ, ਤੂੰ ਕੰਧ ਬਣਕੇ ਨਾ ਖੜ੍ਹ, ਝੱਖੜ ਉਡਾ ਲਿਜਾਂਦੇ, ਫ਼ੌਲਾਦ ਦੀ ਵੀ ਚਾਦਰ। ਸ਼ਬਦਾਂ ਦੇ ਬੰਬ ਲੈ ਕੇ, ਉਸਨੂੰ ਤੂੰ ਤੋੜ ਦਿੱਤਾ, ਜੋ ਪੁਲ ਉਸਾਰਿਆ ਸੀ, ਮੈਂ ਦੋਸਤੀ ਦਾ ਮਰ ਮਰ। ਦਰਿਆ ਨੂੰ ਬੰਨ੍ਹ ਲਾ ਕੇ, ਤੂੰ ਰੋਕ ਨਾ ਸਕੇਂਗਾ, ਇਸ ਨੂੰ ਉਡੀਕਦੇ ਨੇ, ਲਹਿਰਾਂ ਭਰੇ ਸਮੁੰਦਰ। ਜਿਸਦੀ ਨਾ ਸੀ ਜ਼ੁਬਾਂ ਹੀ, ਨਾ ਬੁੱਲਹ ਫ਼ਰਕਦੇ ਸਨ, ਉਹ ਖਾਕ ਫੁੱਲ ਸੂਹੇ, ਲੈ ਕੇ ਗਈ ਹੈ ਦਰ ਦਰ । ਮਿੱਟੀ ਦੇ ਵੀ ਚਰਾਗਾਂ ਤੋਂ ਹੈ ਬਦਨ ਇਹ ਖਸਤਾ, ‘ਅਜਮੇਰ’ ਬਰਸਦੇ ਨੇ ਤੇਰੇ ਚੁਫ਼ੇਰੇ ਪੱਥਰ।

ਇਹ ਕੌਣ ਅਜਨਬੀ ਮਿਰੀ ਸੋਚਾਂ 'ਚੋਂ ਵਿਚਰਦਾ

ਇਹ ਕੌਣ ਅਜਨਬੀ ਮਿਰੀ ਸੋਚਾਂ 'ਚੋਂ ਵਿਚਰਦਾ। ਨਾ ਸਾਹਮਣੇ ਆਉਂਦਾ ਹੈ ਨਾ ਕਿਧਰੇ ਹੈ ਦਿਸ ਰਿਹਾ। ਬਦਲੀਆਂ ਵਿਚੋਂ ਦੀ ਕੁਈ ਮੈਨੂੰ ਰਿਹਾ ਬੁਲਾ, ਫੁੱਲਾਂ ਦੇ ਉਹਲਿਓਂ ਜਿਵੇਂ ਆਵਾਜ਼ ਮਾਰਦਾ। ਵਾਦੀ ਨੂੰ ਪੁੱਛਾਂ ਦੱਸਦੀ ਕੁਝ ਵੀ ਤਾਂ ਹੈ ਨਹੀਂ, ਮੁੜ ਮੁੜਕੇ ਝਰਨਾ ਹੈ ਭਲਾ ਕਿਸਨੂੰ ਨਿਹਾਰਦਾ। ਕੰਢੇ ਨਹਿਰ ਦੇ ਦੂਰ ਤੋੜੀ ਬਿਰਖ਼ ਹਨ ਖੜੇ, ਸਾਰਸ ਦਾ ਜੋੜਾ ਰੋਜ਼ ਹੈ ਏਥੋਂ ਦੀ ਗੁਜ਼ਰਦਾ। ਪੌੜੀ ਤੋਂ ਉੱਤਰਦੇ ਕਿਸੇ ਦੇ ਜਾਪਦੇ ਕਦਮ, ਦੇਖਾਂ ਉਧਰ ਨੂੰ ਤਾਂ ਦਿਸੇ ਸਾਇਆ ਦੀਵਾਰ ਦਾ। ਇਹ ਜ਼ਿੰਦਗੀ ਵੀ ਜਿਸ ਤਰ੍ਹਾਂ ਖ਼ੁਸ਼ਬੂ ਦਾ ਹੈ ਲਿਬਾਸ, ਖ਼ੁਸ਼ਬੂ ਤਰ੍ਹਾਂ ਪਰ ਏਸਨੂੰ ਕੋਈ ਹੀ ਪਹਿਨਦਾ।

ਮੌਤ ਸਿਰ ਤੇ ਹੈ ਮਨੁੱਖ ਫਿਰ ਵੀ

ਮੌਤ ਸਿਰ ਤੇ ਹੈ ਮਨੁੱਖ ਫਿਰ ਵੀ ਭੁਲਾਕੇ ਰੱਖਦੈ। ਨਾਲ ਜੀਵਨ ਦੇ ਇਉਂ ਰਿਸ਼ਤਾ ਬਣਾ ਕੇ ਰੱਖਦੈ। ਏਸ ਤੋਂ ਪਹਿਲਾਂ ਕਿ ਨ੍ਹੇਰਾ ਵੀ ਬਣੇ ਮਹਿਮਾਨ ਆ, ਘਰ 'ਚ ਮੇਰੇ ਉਹ ਚਰਾਗਾਂ ਨੂੰ ਜਗਾਕੇ ਰੱਖਦੈ। ਹੋਣ ਜੇ ਤਾਰੇ ਤਾਂ ਮੋਢੇ ਤੇ ਸਜਾ ਲੈਂਦੇ ਨੇ ਲੋਕ, ਕੌਣ ਤੂਫ਼ਾਨਾਂ ਨੂੰ ਛਾਤੀ ਨਾਲ ਲਾਕੇ ਕੇ ਰੱਖਦੈ। ਮੈਂ ਤਾਂ ਕਾਲਰ ਤੇ ਸੀ ਉਸਦੇ ਫੁੱਲ ਟੰਗਿਆ ਵੇਖਿਆ, ਕੀ! ਪਤਾ ਸੀ ਕੋਟ ਵਿਚ ਖੰਜਰ ਛੁਪਾ ਕੇ ਰੱਖਦੈ। ਜਾਣਦਾ ਹੋਣਾ ਨਹੀਂ ਕਿ ਓਸਨੇ ਜਾਣੈ ਬਿਖ਼ਰ, ਜਿਸਮ ਨੂੰ ਜੋ ਵਾਂਗ ਸ਼ੀਸ਼ੇ ਦੇ ਬਚਾਕੇ ਰੱਖਦੈ।

ਦਿਲ ਹੈ ਉਦਾਸ, ਕੋਈ ਬੁਲਾਏ ਨਾ

ਦਿਲ ਹੈ ਉਦਾਸ, ਕੋਈ ਬੁਲਾਏ ਨਾ ਦਿਨ ਢਲੇ। ਆਖੋ ਉਨ੍ਹਾਂ ਦੀ ਯਾਦ ਵੀ ਆਏ ਨਾ ਦਿਨ ਢਲੇ। ਕੱਟੀ ਦੁਪਹਿਰ ਹੈ ਅਸੀਂ ਜ਼ੁਲਫ਼ਾਂ ਦੀ ਛਾਂ ਬਿਨਾਂ, ਬੱਦਲੀ ਕੁਈ ਅਕਾਸ਼ ਤੇ ਛਾਏ ਨਾ ਦਿਨ ਢਲੇ। ਸੂਰਜ ਚੁਰਾ ਲਿਐ ਮਿਰਾ ਇਸ ਰਾਤ ਨੂੰ ਕਹੋ, ਤਾਰੇ ਮਿਰੇ ਆਕਾਸ਼ ਤੇ ਲਾਏ ਨਾ ਦਿਨ ਢਲੇ। ਮੇਰੀ ਤਾਂ ਪਹਿਲਾਂ ਹੀ ਬੜੀ ਤਿੜਕੀ ਹੈ ਜ਼ਿੰਦਗੀ, ਸ਼ੀਸ਼ੇ 'ਚ ਕੋਈ ਵਾਲ ਬਿਖਰਾਏ ਨਾ ਦਿਨ ਢਲੇ। ਆਸ਼ਕ ਸਵੇਰ ਦਾ ਰਿਹਾ ਹਾਂ ਮੈਂ ਸਦਾ ਤੋਂ ਹੀ, ਆਖੋ ਕਿ ਮੈਨੂੰ ਮੌਤ ਵੀ ਆਏ ਨਾ ਦਿਲ ਢਲੇ। ਵਗਦੀ ਨਦੀ ਤੇ ਲਿਖਿਆ ਹੈ ਤੂੰ ਅੱਜ ਕਿਸਦਾ ਨਾਮ, ਲੀਕਾਂ ਕੁਈ ਪਾਣੀ ਤੇ ਇਉਂ ਪਾਏ ਨਾ ਦਿਨ ਢਲੇ। ਕੀਤੀ ਕਤਲ ਮੈਂ ਜਿਸ ਤਰ੍ਹਾਂ ਹਰ ਸ਼ਾਮ ਆਪਣੀ, ਇਉਂ ਜ਼ੁਲਮ ਅਪਣੇ ਤੇ ਕੁਈ ਢਾਏ ਨਾ ਦਿਲ ਢਲੇ।

ਮੇਰੀਆਂ ਬਾਹਾਂ ’ਚ ਤੇਰਾ ਸਿਰ ਛੁਪਾਣਾ

ਮੇਰੀਆਂ ਬਾਹਾਂ ’ਚ ਤੇਰਾ ਸਿਰ ਛੁਪਾਣਾ ਦੇਰ ਤੱਕ। ਯਾਦ ਮੈਨੂੰ ਵੀ ਰਹੂ ਚੇਤਰ ਸੁਹਾਣਾ ਦੇਰ ਤੱਕ। ਕੇਸੂਆਂ ਉਹਲੇ ਤਿਰਾ ਛੁਪਣਾ ਜਦੋਂ ਮੈਂ ਵੇਖਣਾ, ਫਿਰ ਤਿਰਾ ਫੁੱਲਾਂ ਦੇ ਵਿਚੋਂ ਮੁਸਕਰਾਣਾ ਦੇਰ ਤਕ। ਪੁੱਛਣਾ ਮੈਥੋਂ ਕਿ ‘ਸੂਰਜ ਕਿਸ ਦਿਸ਼ਾ 'ਚੋਂ ਚੜ੍ਹ ਰਿਹੈਂ?' ਗੋਰਿਆਂ ਹੱਥਾਂ ਦੀ ਫਿਰ ਮਹਿੰਦੀ ਵਿਖਾਣਾ ਦੇਰ ਤਕ। ਸਾਂਭਕੇ ਰੱਖਣਾ ਤਿਰਾ ਮੁੜ ਮੁੜ ਕਿਤਾਬਾਂ ਮੇਰੀਆਂ, ਫੇਰ ਅੰਗੀਠੀ ਤੇ ਗੁਲਦਸਤੇ ਸਜਾਣਾ ਦੇਰ ਤੱਕ। ਸਾਵੀਆਂ ਕਣਕਾਂ, ਬਸੰਤੀ ਧੁੱਪ ਤੇ ਸਰੂਆਂ ਦੇ ਫੁੱਲ, ਮੌਸਮਾਂ ਦਾ ਦੂਰ ਤੋਂ ਮੈਨੂੰ ਬੁਲਾਉਣਾ ਦੇਰ ਤੱਕ। ਰੋਂਦੀਆਂ ਮੈਂ ਚਾਨਣੀ ਵਿਚ ਵੇਖੀਆਂ ਉਹ ਪੈਲੀਆਂ, ਜਿਸ ਜਗ੍ਹਾ ਤੇਰਾ ਰਿਹਾ ਸੀ ਔਣਾ ਜਾਣਾ ਦੇਰ ਤਕ। ਫਿਰ ਤਿਰਾ ਇਕ ਅਜਨਬੀ ਦੇ ਨਾਲ ਜਾਣਾ ਯਾਦ ਹੈ, ਮੁੜਨ ਵੇਲੇ ਪੁਲ ਉਸੇ ਤੇ ਠਹਿਰ ਜਾਣਾ ਦੇਰ ਤਕ।

ਉਹ ਮਿਰੇ ਪੈਰਾਂ 'ਚ ਸ਼ੀਸ਼ੇ ਚਿਣ ਗਏ

ਉਹ ਮਿਰੇ ਪੈਰਾਂ 'ਚ ਸ਼ੀਸ਼ੇ ਚਿਣ ਗਏ । ਇਸ ਲਈ ਸੜਕਾਂ ਤੇ ਕੁਝ ਫੁੱਲ ਖਿੰਡ ਗਏ। ਛੱਡਤਾ ਮੌਸਮ ਨੇ ਗੁੱਸੇ ਵਿਚ ਤੂਫਾਂ, ਦੁੱਖ ਰੁੱਖਾਂ ਦੇ ਪਰਿੰਦੇ ਸੁਣ ਗਏ । ਵਕਤ ਦੀ ਖ਼ਾਮੋਸ਼ ਛਾਤੀ ਧੜਕਦੀ, ਜ਼ਖ਼ਮ ਦੇ ਕੇ ਕਿੰਨੇ ਦਿਨ, ਪਲ, ਛਿਣ ਗਏ। ਮਹਿਕਦਾ ਹੈ ਮੇਰੇ ਤਕੀਏ ਦਾ ਗਿਲਾਫ਼, ਅਸ਼ਕ ਤੇਰੇ ਇਸ ਤੇ ਕੀਹ ਕੀਹ ਬੁਣ ਗਏ। ਢੂੰਡਦੀ ਰਹਿੰਦੀ ਫ਼ਕੀਰਾਨਾ ਹਵਾ, ਕਿਸ ਦਿਸ਼ਾ ਨੂੰ ਬਾਦਸ਼ਾਹ ਨਿਰਧਨ ਗਏ। ਉਹ ਵਰ੍ਹੇ ਬੱਦਲ ਮਿਰੇ ਇਹਸਾਸ ਦੇ, ਭਿੱਜ ਪਥਰੀਲੀ ਜ਼ਿਮੀ ਦੇ ਕਣ ਗਏ। ਅਸ਼ਕ=ਅੱਥਰੂ

ਸੁਣਿਆ ਸੀ ਕਿ ਬਾਹਰ ਹੈ

ਸੁਣਿਆ ਸੀ ਕਿ ਬਾਹਰ ਹੈ, ਸਾਵਣ ਦੀ ਘਟਾ ਆਈ। ਜਦ ਦੇਖਿਆ ਅੰਬਰ ਤਕ, ਵਧ ਚੁੱਕੀ ਸੀ ਮਹਿੰਗਾਈ। ਹੈ ਇਸ ਤੋਂ ਸਿਵਾ ਬਜਟ, ਦੀ ਹੋਰ ਹਕੀਕਤ ਕੀ? ਫਿਰ ਦੇਸੀ ਪਿਆਲੇ ਵਿਚ, ਅੰਗਰੇਜ਼ੀ ਸ਼ਰਾਬ ਆਈ। ਇਸ ਕੋਲ ਮੁਲਾਜ਼ਮ ਲਈ, ਬੁਰਕੀ ਤੋਂ ਸਿਵਾ ਕੀ ਹੈ, ਸਰਕਾਰ ਅਸਾਡੀ ਹੈ, ਪਰਖੀ ਅਤੇ ਅਜ਼ਮਾਈ। ਕੁਝ ਐਸੇ ਵੀ ਲੋਕਾਂ ਨੇ, ਫੁੱਲਾਂ ਨੂੰ ਕਹਿਣ ਪੱਥਰ, ਅੱਖਾਂ ਤਾਂ ਭਲੇ ਰੱਖਣ, ਪਰ ਰੱਖਦੇ ਨਾ ਬੀਨਾਈ। ਹੁਣ ਬਹੁਤ ਜ਼ਿਆਦਾ ਹੀ, ਕੁਝ ਲੋਕਾਂ ਦੇ ਨਹੁੰ ਵਧ ਗਏ, ਹਰ ਬਿਰਖ਼ ਦੀ ਕੰਬਦੀ ਹੈ, ਉਸ ਨਾਲ ਹੀ ਪਰਛਾਈ। ਮੈਂ ਵੀ ਤਾਂ ਇਕੱਲਾ ਹਾਂ, ਇਸ ਨਾਲ ਵੀ ਕੋਈ ਨਹੀਂ, ਜੇਕਰ ਮੈਂ ਵਿਛੜ ਗਿਆ, ਕੀਹ ਆਖੇਗੀ ਤਨਹਾਈ। ‘ਅਜਮੇਰ' ਸੁਰਾਹੀ ਹੈ, ਨਾ ਜਾਮ ਕਰੀਬ ਤਿਰੇ, ਪਰ ਚੀਜ਼ ਕੁਈ ਜਾਪੇ, ਸ਼ੀਸ਼ੇ ਸੰਗ ਟਕਰਾਈ। ਬੀਨਾਈ=ਵੇਖ ਸਕਣ ਵਾਲੀ ਜੋਤ

ਨਾ ਗ਼ਮ ਕਰ ਜੇ ਤਿਰੇ ਤਾਰੇ ਚੁਰਾ ਲੀਤੇ

ਨਾ ਗ਼ਮ ਕਰ ਜੇ ਤਿਰੇ ਤਾਰੇ ਚੁਰਾ ਲੀਤੇ ਹਨੇਰੇ ਨੇ। ਨਵੇਂ ਸੂਰਜ ਨੂੰ ਲੈ ਆਉਣਾ ਹੈ ਫਿਰ ਮੁੜਦੇ ਸਵੇਰੇ ਨੇ। ਬਹਾਂਗੇ ਤੇਰਿਆਂ ਖ਼ੁਸ਼ਬੂ ਭਰੇ ਸਾਹਾਂ ਦੀ ਛਾਵੇਂ ਵੀ, ਅਜੇ ਗਰਦਾਂ ਭਰੇ ਮਾਹੌਲ ਦੇ ਚਾਬਕ ਬਥੇਰੇ ਨੇ । ਕਿਸੇ ਨੂੰ ਮਿਲਣ ਤੋਂ ਪਹਿਲਾਂ ਤੂੰ ਇਸ ਗੱਲ ਦਾ ਬਚਾਅ ਰੱਖੀਂ, ਅਜੇ ਫੁੱਲਾਂ ਦੇ ਹੱਥ ਛੋਟੇ ਤੇ ਖੰਜਰਾਂ ਦੇ ਲੰਮੇਰੇ ਨੇ। ਜਦੋਂ ਨਾ ਗਲ ਕੋਈ ਲੱਗੇ ਤਾਂ ਬੱਸ ਦੀਵਾਰ ਗਲ ਲੱਗੇ, ਸਫ਼ਰ ਦੁੱਖਾਂ ਦੇ ਵਿਚ ਤੂੰ ਹਾਦਿਸੇ ਕੈਸੇ ਬਖੇਰੇ ਨੇ। ਨਹੀਂ ਸਾਗਰ ਅਤੇ ਅਸਮਾਨ ਦੇ ਹੀ ਦਰਮਿਆਂ ਚੱਲਦੇ, ਬਦਨ ਵਿਚ ਆਪਣੇ ਵੀ ਸ਼ੂਕਦੇ ਤੂਫਾਂ ਬਥੇਰੇ ਨੇ।

ਖੰਡਰਾਤ ਦੀ ਦੀਵਾਰ ਤੇ ਇਕ

ਖੰਡਰਾਤ ਦੀ ਦੀਵਾਰ ਤੇ ਇਕ ਨਾਮ ਲਿਖਾਂਗਾ। ਮੈਂ ਅਪਣਾ ਕਦੇ ਹਾਲ ਢਲ੍ਹੀ ਸ਼ਾਮ ਲਿਖਾਂਗਾ। ਤਕਦੀਰ ਨੇ ਬਰਬਾਦ ਕਿਵੇਂ ਕੀਤਾ ਹੈ ਮੈਨੂੰ, ਤਕਦੀਰ ਦੀ ਤਦਬੀਰ ਨੂੰ ਪ੍ਰਣਾਮ ਲਿਖਾਂਗਾ। ਤੂੰ ਜ਼ਿੰਦਗੀ ਬੇਸ਼ੱਕ ਮੇਰਾ ਨਾਮ ਭੁਲਾਇਆ, ਮੈਂ ਫੇਰ ਤਿਰੇ ਨਾਮ ਹੀ ਪੈਗ਼ਾਮ ਲਿਖਾਂਗਾ। ਸੀ ਇਸਦੇ ਸਿਵਾ ਤੇਰੀ ਮੁਹੱਬਤ ਵੀ ਤਾਂ ਕੀ ਸ਼ੈਅ, ਹੋਠਾਂ ਤੇ ਆ ਟੁੱਟਿਆ ਜੋ ਉਹ ਜਾਮ ਲਿਖਾਂਗਾ। ਜਿਸ ਵਿਚ ਤੂੰ ਗਿਲਾ ਕੀਤੈ ਕਿ ਮੈਂ ਖ਼ਤ ਨਹੀਂ ਲਿਖਦਾ, ਉਸ ਖ਼ਤ ਨੂੰ ਤਬਸਰੇ ਲਈ ਤੇਰੇ ਨਾਮ ਲਿਖਾਂਗਾ। ਹੈ ਜਿਸਨੂੰ ਵਫ਼ਾ ਕਹਿੰਦੇ ਕਿਸੇ ਵਣ ’ਚੋਂ ਮਿਲੇਗੀ, ਪਰ ਸ਼ਹਿਰ 'ਚੋਂ ਹੋ ਚੁੱਕੀ ਹੈ ਗੁੰਮਨਾਮ ਲਿਖਾਂਗਾ। ਜੇ ਜਾਗ ਨਹੀਂ ਸਕਦੇ ਤਾਂ ਜੱਗ ਸੁਪਨਾ ਹੈ ਆਪੇ, ਇਸ ਸੱਚ ਨੂੰ ਮੈਂ ਸੌ ਵਾਰ ਵੀ ਪ੍ਰਣਾਮ ਲਿਖਾਂਗਾ। ਫ਼ਿਲਹਾਲ ਗ਼ਜ਼ਲ ਆਖੀ ਹੈ ਜੋ ਹੱਡੀਂ ਹੰਡਾਈ, ਜੇ ਫੇਰ ਕਦੀ ਹੋਇਆ ਤਾਂ ‘ਇਲਹਾਮ’ ਲਿਖਾਂਗਾ।

ਰੰਗ ਯਾਰਾਂ ਦੇ ਕੁਛ ਬਹਾਰਾਂ ਦੇ

ਰੰਗ ਯਾਰਾਂ ਦੇ ਕੁਛ ਬਹਾਰਾਂ ਦੇ। ਜ਼ਿੰਦਗੀ ਸ਼ੀਸ਼ੇ ਵਿਚ ਉਤਾਰਾਂਗੇ। ਉਹ ਕਬੂਤਰ ਸੀ ਛਤਰੀ ਆਣ ਲਿਹਾ, ਆਸਮਾਂ ਗਲ ਅਸੀਂ ਲਗਾਵਾਂਗੇ। ਖੋਹਕੇ ਹੱਥੋਂ ਜੋ ਲੈ ਗਿਆ ਰੋਟੀ, ਸੌਂ ਜਾ ਮੁੰਨੇ ਉਸ ਕਾਂ ਨੂੰ ਮਾਰਾਂਗੇ। ਵਕਤ, ਹਾਲਾਤ ਦੋਵੇਂ ਜ਼ਖ਼ਮੀ ਨੇ, ਜ਼ੁਲਫ਼ ਤੇਰੀ ਕਿਵੇਂ ਸੰਵਾਂਰਾਂਗੇ । ਤਸਕਰਾਂ ਹੱਥ ਤਿਰੰਗਾ ਆ ਜੇ ਗਿਆ, ਕਿਸਨੂੰ ਅਪਣਾਂ ਵਤਨ ਪੁਕਾਰਾਂਗੇ ! ਤੇਰੀ ਪੂਜਾ ਕਰਾਂਗੇ ਮੇਰੇ ਵਤਨ, ਆਰਤੀ ਤੇਰੀ ਹੀ ਉਤਾਰਾਂਗੇ ।

ਉਹ ਹੈ ਕਾਇਆ ਜਾਂ ਹੈ ਸਾਇਆ

ਉਹ ਹੈ ਕਾਇਆ ਜਾਂ ਹੈ ਸਾਇਆ ਕੁਛ ਪਤਾ ਲੱਗਦਾ ਨਹੀਂ। ਇਸ ਹਨੇਰੇ ਵਿਚ ਕਿਤੇ ਕੋਈ ਦੀਆ ਜਗਦਾ ਨਹੀਂ। ਅੰਤ ਨਾ ਉਸਦਾ ਕੋਈ ਵੀ, ਹੈ ਅਸੀਮਾਂ ਤੋਂ ਅਸੀਮ, ਓਸਦਾ ਕੋਈ ਕਿਨਾਰਾ ਹੈ ਨਾ, ਦਿਸਹੱਦਾ ਨਹੀਂ। ਰੁਖ਼ਸਤੀ ਵੇਲੇ ਕਿਸੇ ਨੂੰ ਮਾਰਦਾ ਉਹ ਨਾ ਅਵਾਜ਼, ਔਣ ਦਾ ਅੱਜ ਤਕ ਕਿਸੇ ਨੂੰ ਦਿੱਤਾ ਉਸ ਸੱਦਾ ਨਹੀਂ। ਵਾਂਗ ਮੇਰੇ ਵਾਂਗ ਤੇਰੇ ਤਾਂ ਅਧੂਰਾ ਹੈ ਨਹੀਂ, ਉਹ ‘ਪੁਰਖ’ ਪੂਰਨ ਹੈ ਖ਼ੁਦ ਹੀ ਉਹ ਕੋਈ ਅੱਧਾ ਨਹੀਂ। ਫੇਰ ਵੀ ਝਾਉਲਾ ਜਿਹਾ ਪੈਂਦਾ ਹੈ ਅੱਧੀ ਰਾਤ ਨੂੰ, ਚੰਦ ਮੇਰੇ ਕੋਲ ਹੈ ਆਕਾਸ਼ ਤੇ ਵੱਸਦਾ ਨਹੀਂ। ਇਹ ਨਦੀ, ਉਹ ਫੁੱਲ, ਮੌਸਮ, ਇਹ ਹਵਾਵਾਂ ਤੇ ਘਟਾ, ਹਨ ਉਦਾਸੀ ਤੋਂ ਸਿਵਾ ਕੀ! ਜੇ ਤੂੰ ਇਕ ਹੱਸਦਾ ਨਹੀਂ।

ਜ਼ਿੰਦਗੀ ਦਿਨ ਹੈ ਕਿ ਯਾਰੋ ਰਾਤ ਹੈ

ਜ਼ਿੰਦਗੀ ਦਿਨ ਹੈ ਕਿ ਯਾਰੋ ਰਾਤ ਹੈ? ਜੋ ਵੀ ਹੈ ਸੋ ਹੈ, ਮਗਰ ਕਿਆ ਬਾਤ ਹੈ। ਲੜਕੀਆਂ ਜੋਤਾਂ ਦੇ ਵਾਂਗੂ ਜਗਦੀਆਂ, ਜ਼ਿੰਦਗੀ ਫੱਕਰ ਦੀ ਗਾਈ ਨਾਅਤ ਹੈ। ਇਸ ਨਦੀ 'ਚੋਂ ਹੋਇਗਾ ਸੂਰਜ ਉਦੈ, ਇਸ ਨਦੀ ਦੀ ਆਪਣੀ ਪ੍ਰਭਾਤ ਹੈ। ਵੇਖਿਆ ਕਰ ਏਸ ਸ਼ੀਸ਼ੇ ਨੂੰ ਵੀ ਤੂੰ, ਏਸ ਦਾ ਪਾਣੀ ਪ੍ਰਭ ਦੀ ਦਾਤ ਹੈ। ਮੈਂ ਤਾਂ ਰੇਗਿਸਤਾਨ ਹਾਂ, ਵੀਰਾਨ ਹਾਂ, ਪੈਰ ਸਾੜਨ ਆਈ ਕਿਉਂ ਬਰਸਾਤ ਹੈ? ਜਿਸ ਗਲੀ 'ਚੋਂ ਲੰਘਣਾ ਹੈ ਜ਼ਿੰਦਗੀ ਨੇ, ਮੌਤ ਉਸ ਵਿਚ ਲਾ ਕੇ ਬੈਠੀ ਘਾਤ ਹੈ।

ਰੰਗਾਂ 'ਚ ਸੀ ਜੋ ਲਿਪਟਦੀ

ਰੰਗਾਂ 'ਚ ਸੀ ਜੋ ਲਿਪਟਦੀ, ਬਸਤੀ ਨਹੀਂ ਰਹੀ। ਬਸਤੀ ਉਵੇਂ ਹੈ ਮਹਿਕ ਜਿਹੀ ਹਸਤੀ ਨਹੀਂ ਰਹੀ। ਕੰਢੇ ਤੇ ਦਰਿਆ ਦੇ ਮੁਸਾਫ਼ਰ ਹਨ ਰਹੇ ਉਡੀਕ, ਲਾਉਂਦੀ ਸੀ ਪਾਰ ਸਭ ਨੂੰ ਜੋ ਕਿਸ਼ਤੀ ਨਹੀਂ ਰਹੀ। ਮੌਸਮ ਤਾਂ ਖੁਸ਼ਗਵਾਰ ਹੈ ਪਰ ਐ ! ਮਿਰੇ ਖ਼ੁਦਾ, ਮਾਹੌਲ ਵਿਚ ਪਹਿਲਾਂ ਜਿਹੀ ਮਸਤੀ ਨਹੀਂ ਰਹੀ। ਸ਼ੁਹਰਤ ਖ਼ਰੀਦ ਲਉ ਕੋਈ ਮਹਿੰਗੀ ਨਹੀਂ ਹੈ ਹੁਣ, ਸਸਤੀ ਹੈ ਹੁਣ ਜਿੰਨੀ ਕਦੇ ਸਸਤੀ ਨਹੀਂ ਰਹੀ। ਕਬਜ਼ਾ ਹੀ ਕਰਨਾ ਹੈ ਘਰ ਬਾਰ ਉਜਾੜ ਦਿਉ। ਬਸਤੀ ਹੈ ਗਰੀਬਾਂ ਦੀ ਅੱਗ ਲਾ ਕੇ ਸਾੜ ਦਿਉ। ਹੈ ਹੁਕਮ ਹਕੂਮਤ ਦਾ ਬਿੱਲੀ ਖਾ ਜਾਏਗੀ, ਪਰ-ਹੀਣ ਪਰਿੰਦੇ ਨੂੰ ਪਿੰਜਰੇ ਵਿਚ ਤਾੜ ਦਿਉ। ਮਜ਼ਦੂਰ ਜੇ ਭਾੜੇ ਤੇ ਵੀ ਰੰਦੇ ਨਹੀਂ ਜਾਂਦੇ, ਇਹ ਈਸਾ ਜਿਹੇ ਨੇ ਸਭ ਸੂਲ੍ਹੀ ਤੇ ਚਾੜ੍ਹ ਦਿਉ। ਜੇ ਵਨਸਪਤੀ ਅਪਣੀ ਰੱਖਣੀ ਹੈ ਬਚਾਕੇ ਤਾਂ, ਸਭ ਫਿਰਕੂ ਫ਼ਿ਼ਜ਼ਾਵਾਂ ਨੂੰ ਜੜ੍ਹ ਤੋਂ ਹੀ ਉਖਾੜ ਦਿਉ। ਮੇਰੇ ਤੇ ਕਫ਼ਨ ਪਾ ਕੇ ਸ਼ਰਮਿੰਦਾ ਨਾ ਹੁਣ ਕਰਿਓ, ਕੁਝ ਜਜ਼ੀਆ ਬਕਾਇਆ ਹੈ ਹਾਕਮ ਨੂੰ ਤਾਰ ਦਿਉ। ਜੇਕਰ ਹੈ ਗੁਲਾਬ ਜਿਹਾ ਤਾਂ ਰੱਖਣਾ ਕਿਤਾਬਾਂ ਵਿਚ, ਪੱਥਰ ਹੈ ਜੇ ਦਿਲ ਮੇਰਾ ਤਾਂ ਠੋਕਰ ਮਾਰ ਦਿਉ। ਇਸ ਸ਼ਹਿਰ ਦੇ ਬਾਸ਼ਿੰਦੇ ਰੰਗਾਂਧ ਹੀ ਲੱਗਦੇ ਨੇ, ਇਹ ਰੰਗ ਪਛਾਨਣਗੇ ਵਰਕਾ ਹੀ ਪਾੜ ਦਿਉ। ਰੰਗਾਂਧ=ਰੰਗਾਂ ਦੀ ਪਛਾਣ ਤੋਂ ਅੰਨ੍ਹੇ

ਨਿਕਲੀ ਨਦੀ ਪਹਾੜ ’ਚੋਂ

ਨਿਕਲੀ ਨਦੀ ਪਹਾੜ ’ਚੋਂ ਆਂਚਲ ਸੰਭਾਲ ਕੇ । ਸਾਗਰ ਉਡੀਕੇ ਉਸਨੂੰ ਬਾਹਾਂ ਉਠਾਲ ਕੇ । ਮੌਸਮ ਫ਼ਕੀਰ ਹੈ ਘਰੋਂ ਪਰਤੇ ਨਾ ਖਾਲੀ ਹੱਥ, ਫੁੱਲਾਂ ਦੇ ਬੀਜਾਂ ਨੂੰ ਜ਼ਰਾ ਰੱਖੀਂ ਸੰਭਾਲ ਕੇ । ਕੋਮਲ ਹਵਾ ਦੇ ਖੰਭ ਨਾ ਸੜ ਜਾਣ ਮਿਲਣ ਸਾਰ, ਅੱਖਾਂ 'ਚ ਅੱਗ ਹੀ ਸਦਾ ਰੱਖੀਂ ਨਾ ਬਾਲਕੇ । ਭਾਵੇਂ ਕਿ ਮਿੱਟੀ ਦੇ ਸਿਵਾ ਕੁਝ ਵੀ ਨਹੀਂ ਬਦਨ, ਡੋਰੀ ਸਜਾ ਦੇ ਇਸ ’ਚ ਤੂੰ ਕੁਝ ਮੋਮ ਢਾਲ ਕੇ । ਵਿਸ਼ ਦਾ ਪਿਆਲਾ ਹੈਂ ਜੇ ਤੂੰ, ਲੱਗ ਜਾ ਲਬਾਂ ਦੇ ਨਾਲ, ਕਿੱਥੋਂ ਲਿਆਵਾਂ ਹੋਰ ਮੈਂ ਸੁਕਰਾਤ ਭਾਲਕੇ । ਬੱਚੇ ਦੇ ਵਾਂਗ ਫੇਰ ਵੀ ਹੱਸੇਗਾ ਰਾਤ-ਦਿਨ, ਨੇਜ਼ੇ ਤੇ ਰੱਖੀਂ ਦਿਲ ਮਿਰਾ, ਰੱਖੀਂ ਉਛਾਲ ਕੇ ।

ਰਾਤ ਬਾਰੇ ਖ਼ਤ ਲਿਖੇ ਸੀ ਤੂੰ

ਰਾਤ ਬਾਰੇ ਖ਼ਤ ਲਿਖੇ ਸੀ ਤੂੰ ਜੋ, ਸਾਰੇ ਮਿਲ ਗਏ। ਮਿਲ ਗਏ ਭੇਜੇ ਤਿਰੇ ਸਭ ਚੰਦ ਤਾਰੇ ਮਿਲ ਗਏ। ਮਿਲ ਗਏ ਅਹਿਸਾਸ ਦੇ ਚੀਨੇ ਕਬੂਤਰ ਦੋਸਤਾ, ਮਚਲਦੇ ਜਜ਼ਬੇ ਤਿਰੇ ਪ੍ਰਭਾਤ ਬਾਰੇ ਮਿਲ ਗਏ । ਮੇਰੀਆਂ ਅਣਛਪੀਆਂ ਗ਼ਜ਼ਲਾਂ ਜਦ ਕਦੇ ਪੜ੍ਹੀਆਂ ਨੇ ਤੂੰ, ਡੁੱਬਦਿਆਂ ਸ਼ਬਦਾਂ ਨੂੰ ਸਾਹਿਲ ਤੇ ਕਿਨਾਰੇ ਮਿਲ ਗਏ। ਫੁੱਲ ਤੋਂ ਹੌਲੀ ਸੀ ਰੂੰ ਦੇ ਫੰਬਿਆਂ ਤੋਂ ਵੀ ਕਿਤੇ, ਜ਼ਿੰਦਗੀ ਨੂੰ ਗ਼ਮ ਨੇ ਪਰ ਪ੍ਰਬਤ ਤੋਂ ਭਾਰੇ ਮਿਲ ਗਏ। ਅੱਜ ਤੱਕ ਤਨਹਾ ਨਜ਼ਰ ਸੀ ਭਟਕਦੀ ਆਕਾਸ਼ ਵਿਚ, ਰੰਗ, ਖ਼ੁਸ਼ਬੂ, ਦਰਦ ਦੇ ਉਸਨੂੰ ਗੁਬਾਰੇ ਮਿਲ ਗਏ। ਕੇਸੂਆਂ ਦੇ ਫੁੱਲ ਟਹਿਕੇ ਅਜਬ ਹੈ ਇਹ ਟਾਟਕਾ, ਧੁੱਪ ਨੂੰ ਵਟਣਾ ਤੇ ਰੁੱਖਾਂ ਨੂੰ ਅੰਗਾਰੇ ਮਿਲ ਗਏ। ਰੁਖ਼ ਮੈਂ ਦਰਿਆਵਾਂ ਦੇ ਮੋੜੇ ਝੱਖੜਾਂ ਨੂੰ ਠੱਲ੍ਹ ਕੇ, ਤੇਰੀਆਂ ਬਾਹਾਂ ਦੇ ਜਦ ਤੋਂ ਹਨ ਸਹਾਰੇ ਮਿਲ ਗਏ।

ਫੁੱਲ ਖਿੜਦੇ ਨੇ ਰਹੇ

ਫੁੱਲ ਖਿੜਦੇ ਨੇ ਰਹੇ ਤੇ ਖਿੜ ਕੇ ਕੁਮਲਾਉਂਦੇ ਰਹੇ। ਲੋਕ ਮੌਸਮ ਦੀ ਤਰ੍ਹਾਂ ਜਾਂਦੇ, ਰਹੇ ਆਉਂਦੇ ਰਹੇ। ਹਰ ਤਰ੍ਹਾਂ ਦੀ ਕਰ ਤਬਾਹੀ ਮੁੜ ਗਏ ਤੂਫ਼ਾਨ ਜਦ, ਟੁੱਟੇ ਪੁਲ਼ਾਂ ਦੇ ਹੇਠ ਪੰਛੀ ਆਲ੍ਹਣੇ ਪਾਉਂਦੇ ਰਹੇ। ਤੂੰ ਕਦੀ ਤਾਕੀ ਝਰੋਖਾ ਖੋਲ੍ਹ ਨਾ ਤੱਕਿਆ ਕਿਵਾੜ, ਪੌਣ ਬਣ ਕੇ ਘਰ ਤਿਰੇ ਦਾ ਦਰ ਹਾਂ ਖੜਕਾਉਂਦੇ ਰਹੇ। ਕੀ ਉਨ੍ਹਾਂ ਦੁੱਖ ਧੁੱਪ ਦਾ, ਸੂਰਜ ਦਾ ਕੀ! ਹੈ ਸਮਝਣਾ, ਲੋਕ ਜੋ ਹਨ ਰਾਤ ਦੀ ਤਕਦੀਰ ਬਣ ਜਾਂਦੇ ਰਹੇ। ਹੇਠਲੇ ਫੁੱਟਪਾਥ ਤੇ ਠਰਕੇ ਮਰੀ ਦੁਨੀਆਂ ਮਿਰੀ, ਦੂਸਰੀ ਮੰਜ਼ਲ ’ਚ ਤੇਰੇ ਫੁੱਲ ਮੁਸਕਰਾਉਂਦੇ ਰਹੇ। ਸਾਫ਼ ਸੜਕਾਂ ਤੋਂ ਏਂ ਲੱਭਦਾ ਚਿੰਨ੍ਹ ਕਿਸਦੀ ਪੈੜ ਦੇ, ਜਦ ਸੀ ਪੈੜਾਂ ਬਚਦੀਆਂ ਹੁਣ ਉਹ ਸਮੇਂ ਜਾਂਦੇ ਰਹੇ।

ਰੁਕਣਾ ਨਹੀਂ ਹੈ ਕਾਫ਼ਲਾ

ਰੁਕਣਾ ਨਹੀਂ ਹੈ ਕਾਫ਼ਲਾ ਮੇਰੇ ਰੁਕਣ ਦੇ ਨਾਲ। ਝੱਖੜ ਨੇ ਥੰਮਣਾ ਨਹੀਂ ਰੁੱਖ ਦੇ ਲਿਫ਼ਣ ਦੇ ਨਾਲ। ਇਕ ਚੰਨ ਚਮਕਦਾ ਰਹੂ ਤਾਰੇ ਵੀ ਖਿੜਨਗੇ, ਚਾਨਣ ਨੇ ਮਿਟ ਜਾਣਾ ਨਹੀਂ ਸੂਰਜ ਛਿਪਣ ਦੇ ਨਾਲ। ਜਾਂਦੇ ਨੇ ਦਿਲ ਬਦਲ ਜਦੋਂ ਮਿਲਦੀ ਨਹੀਂ ਨਜ਼ਰ, ਮਿਟਦੇ ਕਦੇ ਨਾ ਫ਼ਾਸਲੇ ਵਾਟਾਂ ਘਟਣ ਦੇ ਨਾਲ। ਲੋਕਾਂ ਨੇ ਪੜ੍ਹਕੇ ਜਿਸਨੂੰ ਹੈ ਸੀਨੇ ’ਚ ਸਾਂਭਿਆ, ਮਿਲਦੀ ਨਹੀਂ ਹੈ ਸ਼ਾਇਰੀ ਅੱਖਰ ਮਿਟਣ ਦੇ ਨਾਲ। ਤੇਰੇ ਖ਼ਿਲਾਫ਼ ਜੋ ਹਵਾ ਚੱਲਦੀ ਹੈ ਅੱਜ ਕੱਲ੍ਹ, ਕੁਝ ਹੋਰ ਤਿੱਖੀ ਹੋਏਗੀ ਤੇਰੇ ਤੁਰਨ ਦੇ ਨਾਲ।

ਬਾਹਰ ਨਿਕਲਕੇ ਖੁੱਲ੍ਹਕੇ ਹੱਸਕੇ

ਬਾਹਰ ਨਿਕਲਕੇ ਖੁੱਲ੍ਹਕੇ ਹੱਸਕੇ ਕਦੇ ਤਾਂ ਵੇਖ। ਰੁੱਖਾਂ ਤਰ੍ਹਾਂ ਬੇ-ਛੱਤ ਤੂੰ ਵੱਸਕੇ ਕਦੇ ਤਾਂ ਵੇਖ। ਕੁਝ ਹੋਰ ਵੀ ਅਕਾਸ਼ ਨੇ ਤੈਨੂੰ ਰਹੇ ਉਡੀਕ, ਬਾਹਾਂ 'ਚੋਂ ਇਸ ਅਕਾਸ਼ ਦੇ ਨੱਸ ਕੇ ਕਦੇ ਤਾਂ ਵੇਖ? ਮੈਂ ਵੀ ਹਾਂ ਜ਼ਿੰਦਗੀ ਤਿਰੀ, ਜੇਕਰ ਹੈਂ ਤੂੰ ਕਜ਼ਾ, ਮੈਨੂੰ ਪਿਆਰ ਨਾਲ ਤੂੰ, ਡੱਸਕੇ ਕਦੇ ਤਾਂ ਵੇਖ? ਸ਼ਾਇਦ ਬੁਝੇ ਚਰਾਗ ਹੀ, ਜਗ ਪੈਣ, ਖਿੜਨ ਫੁੱਲ, ਮੇਰੇ ਉਦਾਸ ਘਰ ’ਚ ਤੂੰ, ਹੱਸਕੇ ਕਦੇ ਤਾਂ ਵੇਖ। ਹੰਝੂ ਨੇ ਕਮਜ਼ੋਰੀ ਤਿਰੀ ਪਰ ਫਿਰ ਵੀ ਝੜਨਗੇ, ਜਜ਼ਬਾਤ ਦੀ ਮੁਹਾਰ ਨੂੰ ਕੱਸਕੇ ਕਦੇ ਤਾਂ ਵੇਖ ।

ਛਾਲੀਂ ਭਰੇ ਸੁਖਨ ਤੇ ਨਾ

ਛਾਲੀਂ ਭਰੇ ਸੁਖਨ ਤੇ ਨਾ ਬੰਨ੍ਹੇ ਕਿਸੇ ਫਹੇ । ਬਲਦੇ ਮਕਾਨਾਂ ਵਿਚ ਅਸੀਂ ਫਿਰ ਵੀ ਹਾਂ ਜੀਅ ਰਹੇ। ਕੁਛ ਹੋਰ ਬਿਰਧ ਹੋਗੀਆਂ ਇਸ ਵਾਰ ਔਸੀਆਂ, ਇਤਫ਼ਾਕ ਲੱਗਦੇ ਨੇ ਕਦੋਂ ਤੇਰੇ ਮੇਰੇ ਕਹੇ । ਜਿਸ ਡਾਲ ਤੋਂ ਕੀਤਾ ਜੁਦਾ ਸੀ ਆਲ੍ਹਣਾ ਹਵਾ, ਵੇਖੇ ਮੈਂ ਬੋਟ ਗੁਟਕਦੇ ਫਿਰ ਓਸ ਡਾਲ਼ ਤੇ। ਏਨੀ ਕੁ ਹੈ ਕਹਾਣੀ ਤੇਰੇ ਗ਼ਮ ਦੀ ਜ਼ਿੰਦਗੀ, ਸੱਚ ਹੈ ਕਿ ਖਾ ਕੇ ਹਾਰ ਵੀ ਲੋਕੀਂ ਨੇ ਜੂਝਦੇ। ਵਾਤਾਵਰਣ ਤੇ ਫੈਲੀਆਂ ਕੁਝ ਇੰਜ ਤਲਖੀਆਂ, ਪੂਨਮ ਦੇ ਚੰਦ ਤੇ ਜਿਵੇਂ ਕਾਲੀ ਘਟਾ ਬਹੇ । ਹਰ ਖ਼ਾਬ, ਰੰਗ, ਸ਼ਾਮ, ਖ਼ੁਸ਼ੀ ਦੇਰ ਤੋਂ ਮਿਲੀ, ਮਹਿਫ਼ਲ ਸੀ, ਮਹਿਕ ਸੀ ਅਤੇ ਤਨਹਾ ਅਸੀਂ ਰਹੇ। ‘ਅਜਮੇਰ’ ਹੈ ਸੁਬ੍ਹਾ, ਨਾ ਮੁਲਾਕਾਤ ਹੋ ਰਹੀ, ਕੋਈ ਸਤਾਏ ਇਸ ਸਮੇਂ ਨਾ, ਤੇਰਾ ਨਾ ਕਰੇ।

ਇਸ ਤੋਂ ਬਚਣਾ ਮਿਰਾ ਨਸੀਬ ਨਹੀਂ

ਇਸ ਤੋਂ ਬਚਣਾ ਮਿਰਾ ਨਸੀਬ ਨਹੀਂ। ਰਾਤ, ਜ਼ਖ਼ਮੀ ਹੋਈ ਸਲੀਬ ਨਹੀਂ। ਰੰਗਾਂ, ਨਸਲਾਂ 'ਚ ਘਿਰ ਗਿਆ ਹਾਂ ਮੈਂ, ਮੇਰੇ ਜਿੰਨਾ ਕੁਈ ਗਰੀਬ ਨਹੀਂ। ਮੈਂ ਵੀ ਤਾਰਾ ਸੀ ਤੇਰੇ ਅੰਬਰ ਦਾ, ਮੇਰਾ ਟੁੱਟਣਾ ਵੀ ਕੁਝ ਅਜੀਬ ਨਹੀਂ। ਸੁਬਹ ਜੀਵਨ ’ਚ ਰੰਗ ਭਰਦੀ ਹੈ, ਸੁਬਹ ਐਪਰ ਅਜੇ ਕਰੀਬ ਨਹੀਂ। ਕੋਈ ਬਾਰੀ, ਝਰੋਖਾ ਮਹਿਕੇਗਾ, ਇਹ ਸਫ਼ਰ ਐਨਾ ਬਦਨਸੀਬ ਨਹੀਂ। ਲਿਖ ਵੀ ‘ਅਜਮੇਰ’ ਕੋਈ ਇਹ ਨਾ ਕਹੇ, ਮੋਗੇ ਸ਼ਹਿਰ 'ਚ ਕੋਈ ਅਦੀਬ ਨਹੀਂ।

ਬੈਠਕੇ ਕੋਲੇ ਤੂੰ ਮੇਰੇ ਕੀਹ ਕਰੇਂਗਾ

ਬੈਠਕੇ ਕੋਲੇ ਤੂੰ ਮੇਰੇ ਕੀਹ ਕਰੇਂਗਾ। ਛੂਹਕੇ ਵੀ ਮੈਨੂੰ ਕਦੇ ਨਾ ਛੂਹ ਸਕੇਂਗਾ। ਆਪਣਾ ਤੇਰਾ ਰਹੱਸ ਹੈ ਬਹੁਤ ਗਹਿਰਾ, ਖ਼ੁਦ ਨੂੰ ਸਮਝੇਂਗਾ, ਤਾਂ ਖ਼ੁਦ ਨੂੰ ਕੀ ਕਹੇਂਗਾ? ਸ਼ਾਮ ਆਏਗੀ ਤੇ ਲੈ ਜਾਏਗੀ ਸੂਰਜ, ਰਾਤ ਦੇ ਨ੍ਹੇਰੇ ’ਚ ਤੂੰ ’ਕੱਲਾ ਤੁਰੇਂਗਾ। ਦਿਲ ਵਿਚਾਰਾ ਉੱਜੜੇ ਗੁਲਸ਼ਨ ਜਿਹਾ ਹੈ, ਏਸ ਵਿੱਚੋਂ ਤੂੰ ਕਿਵੇਂ ਖ਼ੁਸ਼ਬੂ ਚੁਣੇਂਗਾ? ਡੁਬ ਰਹੇ ਨੇ ਤੇਰੇ ਵਾਅਦੇ ਦੇ ਜਹਾਜ਼, ਕੀ ਪਤਾ ਸੀ, ਇਸ ਤਰ੍ਹਾਂ ਧੋਖਾ ਕਰੇਂਗਾ। ਮੇਰੇ ਇਹਸਾਸਾਂ ਨੂੰ ਅਰਥੀ ਨਾ ਮਿਲੇਗੀ, ਜੇ ਮਿਲੀ ਤਾਂ ਤੂੰ ਵੀ ਕੀ ਮੋਢਾ ਦਏਂਗਾ? ਚੋਰੀ ਹੋ ਜਾਂਦੇ ਮਜ਼ਾਰਾਂ ਦੇ ਚਿਰਾਗ, ਇਹ ਤਾਂ ਦਿਲ ਹੈ ਕਿਸ ਜਗ੍ਹਾ ਰੱਖੇਂ, ਧਰੇਂਗਾ?

ਇਹ ਸ਼ੁਭ ਇੱਛਾਵਾਂ ਮੇਰੀਆਂ

ਇਹ ਸ਼ੁਭ ਇੱਛਾਵਾਂ ਮੇਰੀਆਂ ਸਭ ਨੂੰ ਸਵੇਰ-ਸਾਰ। ਸਭ ਨੂੰ ਮਿਲਣ ਮੁਹੱਬਤਾਂ ਸਭ ਨੂੰ ਮਿਲੇ ਪਿਆਰ। ਨਿਕਲੇ ਸਕੂਲ ਜਾਣ ਨੂੰ ਬੱਚੇ ਜਦੋਂ ਘਰੇ, ਫੁੱਲਾਂ ਦੇ ਨਾਲ ਭਰ ਗਿਆ ਬੇ-ਰੌਣਕਾ ਬਾਜ਼ਾਰ। ਬਾਰਸ਼ ਦੇ ਪਿੱਛੋਂ ਜਿਸ ਤਰ੍ਹਾਂ ਸਤਰੰਗੀ ਚੜ੍ਹ ਗਈ, ਹਾਸਾ ਵੀ ਉਸਦੇ ਆ ਗਿਆ, ਬੁੱਲਾਂ ਤੇ, ਰੋਣ-ਸਾਰ। ਤੂੰ ਬਿਨ ਬੁਲਾਏ, ਲੰਘਿਓਂ ਜਿਸ ਦਿਨ ਦਾ ਕੋਲ ਦੀ, ਨਾ ਦਿਨ ਨੂੰ ਮੇਰੇ ਚੈਨ ਹੈ, ਨਾ ਰਾਤ ਨੂੰ ਕਰਾਰ। ਤੂੰ ਜ਼ਿੰਦਗੀ 'ਚ ਰੰਗ ਭਰ ਦੇ ਹੋਰ ਕੁਝ ਨਹੀਂ, ਤੇਰੇ ਲਈ ਵੀ ਲੋਕ ਕੁਛ ਸੂਲੀ ਚੜ੍ਹੇ ਸੀ ਯਾਰ। ਪਹਿਲਾਂ ਹੀ ਜ਼ਖ਼ਮੀ ਹੈ ਬੜੀ ਇਸ ਦੀ ਹਰੇਕ ਇੱਟ, ਨਾ ਹੋਰ ਕੰਧਾਂ ਮੇਰੀਆਂ ਤੇ ਲਾਓ ਇਸ਼ਤਿਹਾਰ।

ਕਦੇ ਫੁੱਲ ਬਣਕੇ ਖਿੜ ਪਿਆ

ਕਦੇ ਫੁੱਲ ਬਣਕੇ ਖਿੜ ਪਿਆ ਕਦੇ ਰੇਤ ਹੋ ਗਿਆ। ਇਕ ਸ਼ਖ਼ਸ ਅਪਣੇ ਖੇਤ ਦੇ ਵਿਚ ਖੇਤ ਹੋ ਗਿਆ। ਮੰਡੀ ਨੂੰ ਫ਼ਸਲ ਤੁਰ ਗਈ ਬਾਹਾਂ ‘ਥਰੈਸ਼ਰ’ ਨਾਲ, ਜੇ ਹਾਦਸਾ ਹੋਇਆ ਵੀ ਤਾਂ ਕਿਸ ਹੇਤ ਹੋ ਗਿਆ? ਪੱਤਝੜ 'ਚ ਪਾਣੀ ਲਾ ਗਈ ਭੋਏਂ ਨੂੰ ਕਿਸਦੀ ਯਾਦ, ਫੱਗਣ ਤੋਂ ਪਹਿਲਾਂ ਹੀ ਬਿਰਖ਼ ਹੈ ਚੇਤ ਹੋ ਗਿਆ। ਜਦ ਫੈਲਿਆ ਤਾਂ ਬਣ ਗਿਆ ਇਕ ਆਸਮਾਨ ਉਹ, ਫਿਰ ਗੁੰਮ ਹੋਣਾ ਓਸਦਾ ਇਕ ਭੇਤ ਹੋ ਗਿਆ। ਮੈਂ ਜਿਸ ਦੀਵਾਰ ਨਾਲ ਸੀ ਲੱਗਕੇ ਕਦੇ ਖੜ੍ਹਾ, ਉਸ ਨਾਲ ਲੱਗਾ ਰਹਿ ਗਿਆ ਤੇ ਰੇਤ ਹੋ ਗਿਆ। ਚਹਿਕੀ ਚਿੜੀ, ਤਾਰੇ ਛੁਪੇ, ਚੱਲੀ ਪੁਰੇ ਦੀ ’ਵਾ, ਸੂਰਜ ਉਦੈ ਹੋਵਣ ਦਾ ਹੈ ਸੰਕੇਤ ਹੋ ਗਿਆ।

ਬੁਝੂਗਾ ਦੀਪ ਤਾਂ ਰੌਸ਼ਨ ਤਿਰਾ ਚਿਹਰਾ ਰਹੇਗਾ

ਬੁਝੂਗਾ ਦੀਪ ਤਾਂ ਰੌਸ਼ਨ ਤਿਰਾ ਚਿਹਰਾ ਰਹੇਗਾ। ਰਹੇਂਗਾ ਤੂੰ ਘਰੇ ਤਾਂ ਘਰ ਕਿਵੇਂ ਨ੍ਹੇਰਾ ਰਹੇਗਾ। ਸਫ਼ਰ ਤੇ ਨਿਕਲੇ ਹਾਂ ਤਾਂ ਕਦੇ ਨਾ ਸਾਥ ਛੱਡੀਂ, ਜੇ ਛੱਡੇਂਗਾ, ਬਸੇਰਾ ਕਿਸ ਜਗ੍ਹਾ ਮੇਰਾ ਰਹੇਗਾ। ਸਦਾ ਚੰਦਨ ਦੇ ਰੁੱਖਾਂ ਦੇ ਉਦਾਲੇ ਨਾਗ ਵੱਸਦੇ, ਜੇ ਮਹਿਕੇਂਗਾ ਤਾਂ ਏਹੋ ਹਾਲ ਫਿਰ ਤੇਰਾ ਰਹੇਗਾ। ਕਿਵੇਂ ਮਨਫ਼ੀ ਕਰੇਂਗਾ ਖ਼ਵਾਬ ਨੂੰ ਤੂੰ ਜ਼ਿੰਦਗੀ 'ਚੋਂ, ਪਰਿੰਦੇ ਦਾ ਤਾਂ ਆਪਣੇ ਆਲ੍ਹਣੇ ਡੇਰਾ ਰਹੇਗਾ। ਬਦਨ ਹੈਂ ਤੂੰ ਮਿਰਾ, ਦੁਖ-ਸੁਖ 'ਚ ਮੇਰੇ ਨਾਲ ਨਿਭਿਐਂ, ਅਚਾਨਕ ਪਰ ਤਿਰੇ ਵਿਛੜਨ ਦਾ ਗਮ ਗਹਿਰਾ ਰਹੇਗਾ। ਹਵਾ ਰੁਕਦੀ ਨਾ ਪਾਣੀ ਪੱਤਣਾਂ ਤੇ ਹੀ ਖੜੋਂਦੇ, ਸਵੇਰੇ ਤੇ ਕਦੋਂ ਤਕ ਰਾਤ ਦਾ ਪਹਿਰਾ ਰਹੇਗਾ। ਅਜੇਹੇ ਹਾਦਸੇ ਹੋਏ ਨੇ ਕਿ ‘ਅਜਮੇਰ’ ਹੁਣ ਤਾਂ, ਜ਼ਮਾਨਾ ਸਾਜ਼ਿਸ਼ਾਂ ਦਾ ਜਾਪਦੈ ਡੇਰਾ ਰਹੇਗਾ।