Aj Mein Tera Sufna Ban'na : Sughra Sadaf

ਅੱਜ ਮੈਂ ਤੇਰਾ ਸੁਫ਼ਨਾ ਬਣਨਾ : ਡਾ. ਸੁਗ਼ਰਾ ਸੱਦਫ਼



ਸੁਹਣੇ ਲਿਖਾਰੀ, ਉੱਚੇ ਵਿਚਾਰਾਂ ਵਾਲੇ ਅਦਬ ਤੇ ਫ਼ਨ ਦੇ ਸੁੱਚੇ ਚਾਹੀਵਾਣ ਗੁਰਭਜਨ ਸਿੰਘ ਗਿੱਲ ਦੇ ਨਾਂ ***** ਭਾਵੇਂ ਮੇਰੀਆਂ ਅੱਖੀਆਂ ਰੋਵਣ ਭਾਵੇਂ ਕਲਮ ਵੀ ਰੋਂਦਾ। ਕਰਮ ਤੇਰੇ ਦਾ ਫੇਰ ਵੀ ਮੈਥੋਂ ਕਰਜ਼ ਅਦਾ ਨਾ ਹੁੰਦਾ। ******

ਅੱਖ ਨਿਮਾਣੀ ਸੁੰਝਮ ਸੁੰਝੀ

ਅੱਖ ਨਿਮਾਣੀ ਸੁੰਝਮ ਸੁੰਝੀ, ਖ਼ਾਲੀ ਪੱਲੇ ਹੋਏ। ਸੁਫ਼ਨੇ ਵੇਚਣ ਵਾਲਿਆਂ ਪਿੱਛੇ ਨੱਸ ਨੱਸ ਝੱਲੇ ਹੋਏ। ਉਹਦੇ ਵਲੇ ਤਖ਼ਤ ਮੁਰਾਦਾਂ, ਸਿ਼ਮਲੇ, ਚਾਨਣ, ਰੋਜ਼ੀ, ਫਿ਼ਕਰਾਂ, ਭੁੱਖਾਂ ਤੇ ਜਗਰਾਤੇ ਸਾਡੇ ਵੱਲੇ ਹੋਏ। ਵੇਖ ਰਹੀ ਆਂ ਅੱਜ ਨਵਾਂ ਈ ਇਕਲਾਪੇ ਦਾ ਰੰਗ, ਇੱਕੋ ਘਰ ਦੇ ਸਾਰੇ ਜੀਅ ਨੇਂ ਕੱਲੇ ਕੱਲੇ ਹੋਏ। ਰੋਟੀ ਦੀ ਥੁੱੜ ਹੈ ਤੇ ਛੱਲਾ ਪਿਤਲ ਦਾ ਮੁੱਲ ਪਿਤਲ, ਚੁਲ੍ਹੇ ਦੇ ਵਿਚ ਪਾਵਾਂ ਤੇਰੇ ਤੁਹਫ਼ੇ ਘੱਲੇ ਹੋਏ। ਬਾਰੀ ਖੋਲ ਕੇ ਵੇਖੀ ਜਾਵਾਂ ਜਿੰਨ ਫਿਰਿਆ ਏ ਕੋਈ, ਖ਼ੌਫ਼ ਦੇ ਹੱਥੋਂ ਕਿਸਰਾਂ ਖ਼ਾਲੀ ਗਲੀ ਮੁਹੱਲੇ ਹੋਏ। ਉਹ ਕਹਿੰਦਾ ਸੀ ਮੇਰੀ ਗੱਲ ਤੇ ਈ ਭਰਵਾਸਾ ਰੱਖੀਂ, ਕੰਮ ਸਵੱਲੇ ਹੋ ਜਾਵਣਗੇ, ਕੰਮ ਸਵੱਲੇ ਹੋਏ। ਹੁੱਕਾ ਠੰਡਾ ਹੋ ਜਾਵਣ ਤੇ ਜੁੱਸਾ ਵਿੰਨ੍ਹਣ ਵਾਲਾ, ਚਾਹੁੰਦਾ ਏ ਕਿ ਹਰ ਥਾਂ ਉਹਦੀ ਬੱਲੇ ਬੱਲੇ ਹੋਏ। ਸਾਥੋਂ ਕੌਮ ਦੀ ਗ਼ੈਰਤ ਬਾਰੇ ਪੁੱਛਣ ਵਾਲੇ ਲੋਕੀ, ਇਹ ਨਹੀਂ ਪੁੱਛਦੇ ਆਗੂ ਸਾਡੇ ਕਿੰਝ ਨਗੱਲੇ ਹੋਏ। ਦਿਲ ਦੇ ਵਿਹੜੇ ਗਾਉਣ ਖ਼ੁਸ਼ੀ ਦੇ ਕੀ ਸੁਗ਼ਰਾ ਨੇ ਗਾਉਣੇ, ਤਿੱਖੇ ਤੀਰ ਜੁਦਾਈਆਂ ਵਾਲੇ ਰੂਹ ਤੇ ਚੱਲੇ ਹੋਏ।

ਆਂਦੀਆਂ ਜਾਂਦੀਆਂ ਕੂੰਜਾਂ ਹੱਥੀਂ

ਆਂਦੀਆਂ ਜਾਂਦੀਆਂ ਕੂੰਜਾਂ ਹੱਥੀਂ ਨਿੱਤ ਸੁਨੇਹੜੇ ਘੱਲਾਂ। ਜੇ ਵਤਨਾਂ ਨੂੰ ਆਵੇ ਮਾਹੀ ਸ਼ਾਹੀ ਬੇੜੇ ਘੱਲਾਂ। ਜੀ ਕਰਦਾ ਏ ਵਾਰਿਸ ਦੀ ਪੱਗ ਬਨ੍ਹਾਂ ਰਾਂਝੇ ਨੂੰ, ਦੇਸ ਨਿਕਾਲਾ ਦੇ ਕੇ ਇਥੋਂ ਸਭੇ ਖੇੜੇ ਘੱਲਾਂ। ਸ਼ਹਿਰ ਦੇ ਬੰਦ ਮਕਾਨਾਂ ਵਿਚ ਵਸਨੀਕਾਂ ਦਾ ਸਾਹ ਘੁਟਦਾ ਮੇਰੇ ਵੱਸ ਹੋਵੇ ਤੇ ਪਿੰਡ ਚੋਂ ਖੁੱਲੇ ਵਿਹੜੇ ਘੱਲਾਂ। ਇੱਕੋ ਮਿਕ ਹੋ ਕੇ ਰਹੀਏ ਸ਼ਾਲਾ ਕੋਈ ਨਿਖੇੜ ਨਾ ਸਕੇ, ਸੱਤ ਸਮੁੰਦਰੋਂ ਪਾਰ ਮੈਂ ਸਾਰੇ ਝਗੜੇ ਝੇੜੇ ਘੱਲਾਂ। ਅੱਜ ਮੈਂ ਮੰਨ ਮੁਰਾਦਾਂ ਪਾਈਆਂ ਮਾਹੀ ਮੇਰਾ ਹੋਇਆ। ਜੀ ਕਰ ਦਾਏ ਸਾਰੇ ਸ਼ਹਿਰ ਨੂੰ ਲੱਡੂ ਪੇੜੇ ਘੱਲਾਂ। ਸਾਲਗਿਰਾ ਮਾਹੀ ਦੀ ਸੁਗ਼ਰਾ ਫ਼ਿਰ ਚੇਤਰ ਵਿਚ ਆਈ ਸੋਚਨੀ ਆਂ ਪਈ ਫੁੱਲ ਮੈਂ ਉਹਨੂੰ ਕਿਹੜੇ ਕਿਹੜੇ ਘੱਲਾਂ।

ਸਭ ਦੇ ਨਾਲ਼ ਤੇ ਉਹਦੀ ਗਲ

ਸਭ ਦੇ ਨਾਲ਼ ਤੇ ਉਹਦੀ ਗਲ ਨਹੀਂ ਹੋ ਸਕਦੀ। ਜਿਸਦੀ ਯਾਦ ਤੋਂ ਵੱਖਰੀ ਪਲ ਨਹੀਂ ਹੋ ਸਕਦੀ ਅੱਜ ਈ ਕਰਾਂਗੀ ਫ਼ੋਨ ਤੇ ਆਖਾਂਗੀ, ਤੇਰੇ ਬਾਹਝੋਂ ਮੇਰੀ ਕੱਲ੍ਹ ਨਹੀਂ ਹੋ ਸਕਦੀ। ਪਹਿਲੇ ਦਿਨ ਜੋ ਬੁੱਲ੍ਹੀਆਂ ਉੱਤੇ ਨਹੀਂ ਆਉਂਦੀ, ਫ਼ਿਰ ਉਹ ਗੱਲ ਤੇ ਕਿਸੇ ਵੀ ਪਲ ਨਹੀਂ ਹੋ ਸਕਦੀ। ਕੌਲ ਨਿਭਾਵਣ ਆਈ ਨੂੰ ਏਨਾ ਦੱਸ ਦੇ, ਕਿਉਂ ਵਿਚਕਾਰ ਦੀ ਮੁਸ਼ਕਿਲ ਹੱਲ ਨਹੀਂ ਹੋ ਸਕਦੀ? ਇਸ਼ਕ ਦੇ ਵੈਦ ਨੇ ਵਹਿੰਦੀਆਂ ਨਾਲ਼ ਈ ਕਹਿ ਦਿੱਤਾ, ਤੂੰ ਹੁਣ ਕਿਸੇ ਦਵਾ ਨਾਲ਼ ਵੱਲ ਨਹੀਂ ਹੋ ਸਕਦੀ। ਸਾਹਵਾਂ ਅੰਦਰ ਵਸਣ ਵਾਲਿਆ ਯਾਦ ਰਹਵੇ, ਤੇਰੀ ਦੂਰੀ ਮੈਥੋਂ ਝੱਲ ਨਹੀਂ ਹੋ ਸਕਦੀ। ਦਿਲ ਦੇ ਵਿਹੜੇ ਫੁੱਲ ਖਿੱੜੇ ਨੇਂ ਯਾਦਾਂ ਦੇ, ਆਸਾਂ ਭਰੀ ਹਯਾਤੀ ਥੱਲ ਨਹੀਂ ਹੋ ਸਕਦੀ। ਸੱਦਫ਼ ਚੋਂ ਮੋਤੀ ਲੱਭਣ ਵਾਲਿਓ ਸੋਚ ਲਵੋ, ਅੱਖ ਚੋਂ ਨਿਕਲੀ ਅੱਥਰ ਛੱਲ ਨਹੀਂ ਹੋ ਸਕਦੀ।

ਮੈਂ ਪੂਣੀ ਦਾ ਚੰਨ ਬਣਾ ਕੇ

ਮੈਂ ਪੂਣੀ ਦਾ ਚੰਨ ਬਣਾ ਕੇ ਰਸਤਾ ਤੱਕਿਆ ਚੇਤਰ ਦਾ। ਖ਼ੋਰੇ ਕਾਹਨੂੰ ਮੇਰੇ ਕੋਲੋਂ ਮੌਸਮ ਝੱਕਿਆ ਚੇਤਰ ਦਾ। ਹਰਿਆ ਭਰਿਆ ਰੂਪ ਸੁਲੱਖਣਾ, ਹਿਰਸੀ ਨਜ਼ਰਾਂ ਖਾ ਗਈਆਂ, ਹਿੱਜਰਾਂ ਦੇ ਪੱਤਝੜ ਵਿਚ ਝੱੜ ਝੱੜ ਜੋਬਨ ਥੱਕਿਆ ਚੇਤਰ ਦਾ। ਮੋਰਾਂ ਵਾਂਗ ਹਯਾਤੀ ਪੈਲਾਂ ਪਾਂਦੀ ਪਾਂਦੀ ਹਫ਼ ਗਈ, ਜਾਦੂਗਰਨੀ ਰੁੱਤ ਨੇ ਆ ਕੇ ਸਾਹ ਕੀ ਡੱਕਿਆ ਚੇਤਰ ਦਾ। ਏਨੀ ਗਲ ਈ ਪੁੱਛਣੀ ਸੀ ਮੈਂ ਸ਼ੀਸ਼ੇ ਦੇ ਗੁਲਦਾਨਾਂ ਤੋਂ, ਕਾਗ਼ਜ਼ ਦੇ ਫੁੱਲਾਂ ਕਿਉਂ ਨੰਗਾ ਸਿਰ ਨਹੀਂ ਢਕਿਆ ਚੇਤਰ ਦਾ। ਤੇਰੇ ਬਾਝੋਂ ਨੈਣ ਨਿਰਾਸੇ, ਦਿਲੜੀ ਚੈਨ ਕੀ ਪਾਵੇ, ਤੇਰੇ ਬਾਝੋਂ ਰੁੱਤਾਂ ਨੇ ਵੀ ਮੋਹਰਾ ਫੱਕਿਆ ਚੇਤਰ ਦਾ। ਏਸ ਵਰ੍ਹੇ ਵੀ ਨੇ੍ਰੀ ਝੁੱਲੀ ਬੂਰ ਪਿਆ ਜਦ ਲਗ਼ਰਾਂ ਤੇ, ਏਸ ਵਰ੍ਹੇ ਵੀ ਰੁੱਖਾਂ ਉਤੇ ਫੁੱਲ ਨਾ ਪੱਕਿਆ ਚੇਤਰ ਦਾ। ਕਿਥੋਂ ਨੀਝ ਅਸਾਡੀ ਵਿਚੋਂ ਚੁੱਕੇ ਰੰਗ ਮੁਸੱਵਰ ਨੇ, ਕੈਨਵਸ ਉਤੇ ਖੁੱਲ੍ਹ ਖਲੋਤਾ ਮੰਜ਼ਰ ਅੱਕਿਆ ਚੇਤਰ ਦਾ। ਦਿਲ ਟਹਿਣੀ ਤੇ ਪੁੰਗਰਨ ਕਲੀਆਂ ਅੱਖ ਦੀ ਇੱਕੋ ਸੈਂਤਰ ਤੇ, ਉਹਦੇ ਬਾਝੋਂ ਹਿਰਖ ਹਵਾਵਾਂ ਮੁੱਖੜਾ ਢਕਿਆ ਚੇਤਰ ਦਾ। ਮੈਂ ਸ਼ਾਖ਼ਾਂ ਤੋਂ ਝੜਦੇ ਹਰ ਪੱਤਰ ਦੀ ਲੂਹਣੀ ਲਿਖਣੀ ਆਂ, ਮੇਰਾ ਦੇਂਹ ਵੀ ਤਾਹੀਓਂ ਮੁੱਖੜਾ ਵੇਖ ਨਾ ਸਕਿਆ ਚੇਤਰ ਦਾ। ਮੌਸਮ ਵਰਗੇ ਪਰਦੇ ਦਾ ਕਿਉਂ ਪਰਦਾ ਜਿੰਦੜੀ ਹੋਈ ਏ, ਕਿਉਂ ਪਰਦੇ ਨੇ ਪਰਦੇ ਉੱਤੋਂ ਪਰਦਾ ਚੁੱਕਿਆ ਚੇਤਰ ਦਾ। ਸੁਗ਼ਰਾ ਸੱਦਫ਼ ਮੈਂ ਆਸ ਵਿਆਹੀ ਖ਼ਵਾਬਾਂ ਭਰੀ ਹਵੇਲੀ ਵਿਚ, ਵੇਖ ਕੇ ਸੱਚੀਆਂ ਤਾਬੀਰਾਂ ਬਹੂੰ ਦਿਲ ਧੜਕਿਆ ਚੇਤਰ ਦਾ।

ਨੀਂਦਰ ਦੇ ਹੱਥ ਲਿਖ ਛੱਡੀ ਕਿਸ

ਨੀਂਦਰ ਦੇ ਹੱਥ ਲਿਖ ਛੱਡੀ ਕਿਸ ਮਿਲਣ ਦੀ ਲੇਖ ਲਕੀਰ। ਸੁਫ਼ਨੇ ਅੰਦਰ ਵੇਖ ਕੇ ਮਾਹੀਆ ਪੁੱਛਦੀ ਫਿਰਾਂ ਤਾਬੀਰ। ਜੂੰ ਜੂੰ ਲਿਸ਼ਕਾਂ ਮਾਰੀ ਜਾਵੇ ਸਿਲ੍ਹੀ ਅੱਖ ਦਾ ਕੱਜਲ, ਦਿਲ ਦੇ ਵਰਕੇ ਬਣਦੀ ਜਾਵੇ ਇਕ ਸੋਹਣੀ ਤਸਵੀਰ। ਉਹਨੇ ਅੱਖਾਂ ਨਾਲ਼ ਕੀ ਛੋਹੀ ਮਨ ਤੂੰਬੇ ਦੀ ਤਾਰ, ਲੂੰ ਲੂੰ ਦੇ ਮੁੱਢ ਸੱਤ ਸੁਰਾਂ ਦੀ ਉੱਘੜ ਪਈ ਤਾਸੀਰ। ਮੈਂ ਕੁਝ ਯਾਦਾਂ ਚੇਤੇ ਦੇ ਛਿੱਕੂ ਵਿਚ ਸਾਂਭੀ ਬੈਠੀ ਆਂ, ਮੁੱਖ ਪਰਤਾਵਣ ਵਾਲਿਆ ਦੱਸ ਖਾਂ ਕੀ ਮੇਰੀ ਤਕਸੀਰ? ਮੁਰਸ਼ਦ ਕਾਮਿਲ ਮਿਲ ਜਾਵੇ ਜੋ ਮਨ ਦਾ ਖੋਟ ਗਵਾਵੇ, ਨਾਲੇ ਕੱਢੇ ਸੀਨੇ ਵਿਚੋਂ ਲੋਭਾਂ ਵਾਲਾ ਤੀਰ। ਜੇ ਉਹ ਮੇਰੀ ਪੀੜ ਦਾ ਜਾਣੂ, ਪੈਰ ਧਰੇ ਫ਼ਿਰ ਵਿਹੜੇ, ਰੀਝਾਂ ਨੱਚਣ ਚੁੱਕ ਚੁੱਕ ਅੱਡੀਆਂ ਜਾਗ ਪਵੇ ਤਕਦੀਰ। ਇਸ਼ਕ ਸਲਾਮਤ ਹਿੱਕ ਦੇਂਹ ਅੜੀਏ ਮੈਨੂੰ ਸੱਚ ਕਰੇ, ਭਾਵੇਂ ਰਸਮਾਂ ਵਾਲਾ ਆਰਾ ਜੁੱਸਾ ਦੇਵੇ ਚੀਰ। ਧੁਰ ਦਰਗਾਹੋਂ ਮੰਗੀ ਹੋਈ ਜਿੰਦ ਸਾਂਵਲ ਦੇ ਨਾਲ਼, ਅਜ਼ਲੋਂ ਉਹਦੇ ਨਾਵੇਂ ਲੱਗਿਆ ਸੱਧਰਾਂ ਦਾ ਕਸ਼ਮੀਰ। ਉਹਦੇ ਪਿਆਰ ਦੇ ਫੁੱਲ ਪਈ ਕਢਾਂ ਕਲਮ ਕਰੋਸ਼ੀਏ ਨਾਲ਼, ਮੇਰੀਆਂ ਰੁੱਤਾਂ ਦੀ ਜਿਸ ਕੀਤੀ ਚੁੰਨੀ ਲੀਰੋ ਲੀਰ। ਸ਼ਹਿਰ ਭੰਭੋਰ ਦੀ ਸੱਸੀ ਮੈਨੂੰ ਕਹਿਣ ਚਨ੍ਹਾਂ ਦੀ ਸੋਹਣੀ, ਮੈਂ ਹੀ ਪ੍ਰੇਮ ਦੀ ਸਾਹਿਬਾਂ ਅੜਿਆ! ਮੈਂ ਵੇਲੇ ਦੀ ਹੀਰ। ਗਲੀ ਗਲੀ ਵਿਚ ਚਰਚੇ ਹੋਵਣ ਲਿਖਾਂ ਮੈਂ ਸ਼ਅਰ ਅਜਿਹਾ, ਜੋ ਵੇਲੇ ਦੀ ਅੱਖ ਚ ਰੜਕੇ ਸੱਦਫ਼ ਕਰਾਂ ਤਹਿਰੀਰ।

ਮੇਰੇ ਦਿਲ ਦੇ ਬੂਹੇ ਉਹਲੇ

ਮੇਰੇ ਦਿਲ ਦੇ ਬੂਹੇ ਉਹਲੇ ਲੁਕਿਆ ਏ ਕੋਈ ਹੋਰ। ਵਾਜ ਮੈਂ ਹੋਰ ਕਿਸੇ ਨੂੰ ਮਾਰੀ, ਰੁਕਿਆ ਏ ਕੋਈ ਹੋਰ। ਸੁਫ਼ਨੇ ਹੋਰ ਕਿਸੇ ਦੇ ਤੱਕਦੀ ਰਹਿ ਗਈ ਅੱਖ ਨਿਮਾਣੀ, ਸਹਿਰਾ ਬੰਨ੍ਹ ਤਕਦੀਰ ਦੇ ਸਿਰ ਤੇ ਢੁਕਿਆ ਏ ਕੋਈ ਹੋਰ। ਉਧਰ ਪਿਆਰ ਵਿਸਾਰ ਕੇ ਬੈਠਾ ਹੋਇਆ ਸੁੱਖ ਦੀ ਛਾਵੇਂ, ਜਿਹਨੂੰ ਚੇਤੇ ਕਰ ਕਰ ਏਧਰ ਮੁੱਕਿਆ ਏ ਕੋਈ ਹੋਰ। ਮੈਂ ਇਸ਼ਕੇ ਨੂੰ ਰੋਗੀ ਕੀਤਾ ਪੀ ਕੇ ''ਮੈਂ'' ਦਾ ਜ਼ਹਿਰ, ਰੀਤਾਂ ਸ਼ਿਮਲਾ ਉੱਚਾ ਰੱਖਿਆ ਝੁਕਿਆ ਏ ਕੋਈ ਹੋਰ। ਭੁੰਨੇ ਮੋਠ ਕਿਸੇ ਦੇ ਅੱਗੇ ਸੁਕੀਆਂ ਹਰੀਆਂ ਹੋਈਆਂ, ਹਰਾ ਭਰਾ ਹੋਵਣ ਦੇ ਚਾਈਂ ਸੁੱਕਿਆ ਏ ਕੋਈ ਹੋਰ। ਭਾਰੇ ਭਾਰ ਜੀਵਨ ਦੇ ਸੁਗ਼ਰਾ, ਇਸ਼ਕ ਦੇ ਰਾਹ ਕੰਡਿਆਰੇ, ਪੈਰ ਮੈਂ ਕੋਈ ਚੁਕਣਾ ਸੀ ਤੇ ਚੁੱਕਿਆ ਏ ਕੋਈ ਹੋਰ।

ਆਪਣੇ ਨਾਲ਼ ਇੱਕ ਗੱਲ ਕਰਨ ਦੀ

ਆਪਣੇ ਨਾਲ਼ ਇੱਕ ਗੱਲ ਕਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਜਿਉਂਦੀ ਜਾਨੇ ਜੀਣ ਮਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਮੈਂ ਇਸ ''ਮੈਂ'' ਦੇ ਮੇਲੇ ਅੰਦਰ ਆਪ ਗਵਾਚੀ ਹੋਈ, ਤਾਹੀਓਂ ਮੈਂ ਤੋਂ ਜ਼ਰਾ ਡਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਨਾ ਦਿਸੇ ਤੇ ਉਹਦੀਆਂ ਯਾਦਾਂ ਨਾਲ਼ ਹੀ ਦਿਲ ਪਰਚਾਵਾਂ, ਇਕਲਾਪੇ ਦੇ ਦੁੱਖ ਜਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਸ਼ੂਕਾਂ ਮਾਰੇ ਇਸ਼ਕ ਸਮੁੰਦਰ ਜਦ ਉਹਦੇ ਵੱਲ ਵੇਖਾਂ, ਰਾਂਝਣ ਮਾਹੀ ਨਾਲ਼ ਤੁਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਸੁੱਖ ਨੂੰ ਪੱਲੇ ਬੰਨ੍ਹ ਕੇ ਹੋ ਗਏ ਅੰਦਰ ਦੇ ਇੰਝ ਕੈਦੀ, ਸੱਚ ਦੇ ਖੂਹ ਤੋਂ ਪਾਣੀ ਭਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਮੈਂ ਜੁੱਸੇ ਦੇ ਰੌਲੇ ਅੰਦਰ ਇੰਝ ਖੜੀਚੀ ਹੋਈ, ਰੂਹ ਦੀ ਵਾਜ ਤੇ ਕੰਨ ਧਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਝੂਠ ਦੇ ਚਿੱਕੜ, ਲਾਲਚ ਵਾਲੀ ਗਾਭ ਤੋਂ ਜਿਹੜਾ ਬਚਿਆ, ਜੀਵਨ ਉਹਦੇ ਨਾਵੇਂ ਕਰਨ ਦੀ ਵੇਲ੍ਹ ਮਿਲੇ ਨਾ ਮੈਨੂੰ। ਸੱਦਫ਼ ਬੇਗਾਨੇ ਰੰਗਾਂ ਦੇ ਵਿਚ ਇੰਝ ਰਨਗੀਚੀ ਆਂ, ਹੁਣ ਤੇ ਕੁਝ ਵੀ ਜਿੱਤਣ ਹਰਣ ਦੀ ਵੇਲ੍ਹ ਮਿਲੇ ਨਾ ਮੈਨੂੰ।

ਦਿਲ ਚੋਂ ਦੀਦ ਦਾ ਚਾਅ ਨਹੀਂ ਜਾਂਦਾ

ਦਿਲ ਚੋਂ ਦੀਦ ਦਾ ਚਾਅ ਨਹੀਂ ਜਾਂਦਾ। ਸੋਹਣਿਆ ਦਰਸ ਕਰਾ ਨਹੀਂ ਜਾਂਦਾ। ਏਨੇ ਸੁੱਖ ਤੂੰ ਕੀ ਕਰਨੇ ਨੇਂ, ਕੁਝ ਵਿਚੋਂ ਵਰਤਾ ਨਹੀਂ ਜਾਂਦਾ। ਹਿਜਰ ਵਿਛੋੜੇ ਨੂੰ ਅੱਗ ਲੱਗੇ, ਵਸਲ ਦਾ ਛੱਟਾ ਲਾ ਨਹੀਂ ਜਾਂਦਾ। ਭੋਈਂ ਤੇ ਜਿਹੜਾ ਜ਼ੁਲਮ ਕਰੇਂਦਾ, ਭੋਈਂ ਵਿੱਚ ਸਮਾ ਨਹੀਂ ਜਾਂਦਾ? ਲੋਕਾਂ ਵਿਚ ਮੈਂ ਜਾ ਕੇ ਤੱਕਿਆ, ਕੋਈ ਕਿਸੇ ਨੂੰ ਖਾ ਨਹੀਂ ਜਾਂਦਾ। ਜੇਠ ਦੀ ਸਿ਼ਕਰ ਦੁਪਹਿਰ ਤੇ ਸੂਰਜ, ਛਾਂਵਾਂ ਲੈ ਕੇ ਆ ਨਹੀਂ ਜਾਂਦਾ। ਸ਼ੋਹ ਦੀ ਸਿ਼ਕਰ ਦੁਪਹਿਰ ਤਪੇ ਤੇ, ਆਸ ਦਾ ਫੁੱਲ ਕੁਮਲਾ ਨਹੀਂ ਜਾਂਦਾ। ਸੇਕ ਲਵਾਂ ਝੱਟ ਸਿੱਲ੍ਹੀਆਂ ਯਾਦਾਂ, ਧੂਣੀ ਆਣ ਧੁਖ਼ਾ, ਨਹੀਂ ਜਾਂਦਾ। ਇਸ਼ਕ ਦੇ ਰੋਗ ਦਾ ਦਾਰੂ ਕੋਈ ਨਹੀਂ, ਕੀਤੇ ਬੜੇ ਉਪਾ ਨਹੀਂ ਜਾਂਦਾ। ਅੱਖ ਦੀ ਸੈਂਤਰ ਮਾਰ ਹਕੀਕੀ, ਗੱਲ ਗੁੱਝੀ ਸਮਝਾ ਨਹੀਂ ਜਾਂਦਾ। ਤੇਰਾ ਮੇਰਾ ਨਾਂ ਜਿਸ ਵਰਕੇ, ਉਹ ਵਰਕਾ ਪਰਤਾ ਨਹੀਂ ਜਾਂਦਾ? ਸੁਗ਼ਰਾ ਸੱਦਫ਼ ਦੇ ਨਾਲ਼ ਜੋ ਕੀਤੇ, ਕੌਲ ਕਰਾਰ ਨਿਭਾ ਨਹੀਂ ਜਾਂਦਾ?

ਮੈਂ ਕੱਲੀ, ਰਸਤੇ ਵੀ ਕੱਲੇ

ਮੈਂ ਕੱਲੀ, ਰਸਤੇ ਵੀ ਕੱਲੇ ਨਾਲ਼ ਮੇਰੇ ਕੋਈ ਚੱਲੇ। ਇਸ਼ਕ ਦੇ ਨੀਲੇ ਪਰਬਤ ਥੱਲੇ ਨਾਲ਼ ਮੇਰੇ ਕੋਈ ਚੱਲੇ। ਕੌਣ ਏ ਜਿਹੜਾ ਵਾਅ ਦੇ ਓਹਲੇ ਵਾਜਾਂ ਮਾਰੀ ਜਾਵੇ, ਕੁੱਝ ਨਹੀਂ ਪੈਂਦਾ ਮੇਰੇ ਪੱਲੇ ਨਾਲ਼ ਮੇਰੇ ਕੋਈ ਚੱਲੇ। ਹੌਲੀ ਹੌਲੀ ਢਲ਼ਦਾ ਜਾਵੇ, ਸੱਧਰਾਂ ਦਾ ਪਰਛਾਵਾਂ, ਢਲਦੀ ਜਿੰਦ ਨੂੰ ਜਿਹੜਾ ਠ੍ਠੱਲੇ ਨਾਲ਼ ਮੇਰੇ ਕੋਈ ਚੱਲੇ। ਮੇਰੇ ਵੱਲੇ ਹੋ ਕੇ ਜਿਹੜਾ ਮੇਰੇ ਵੱਲ ਨਹੀਂ ਆਇਆ ਟੁਰ ਪਈ ਆਂ ਮੈਂ ਉਹਦੇ ਵੱਲੇ ਨਾਲ਼ ਮੇਰੇ ਕੋਈ ਚਲੇ। ਰੂਹ ਦਰਸ਼ਨ ਦੀਦਾਰ ਦੀ ਤੱਸੀ ਲੱਗਣਾ ਸੱਚ ਦੇ ਮੱਥੇ, ਅੱਖ ਨਾ ਤਾਬ ਹੁਸਨ ਦੀ ਝੱਲੇ ਨਾਲ਼ ਮੇਰੇ ਕੋਈ ਚੱਲੇ। ਉਹਦੀ ਯਾਦ ਚ ਐਵੇਂ ਡੁੱਬੀ ਅਪਣਾ ਚੇਤਾ ਭੁੱਲਿਆ, ਅੱਥਰੂ ਨਾਹੀਂ ਜਾਂਦੇ ਠੱਲੇ ਨਾਲ਼ ਮੇਰੇ ਕੋਈ ਚੱਲੇ। ਗ਼ਰਜ਼ਾਂ ਦੀ ਵਸਤੀ ਚੋਂ ਮੇਰੇ ਨਾਲ਼ ਸੀ ਕਿਹਨੇ ਟੁਰਨਾ, ਫ਼ਿਰ ਵੀ ਮੈਂ ਸੁਨੇਹੜੇ ਘੱਲੇ ਨਾਲ਼ ਮੇਰੇ ਕੋਈ ਚੱਲੇ। ਮੈਂ ਝੱਲੀ ਆਂ ਬਿਲਕੁਲ ਝੱਲੀ ਅੜੀਓ ਨੀ ਮੈਂ ਝੱਲੀ, ਸੁਣਿਆਏ ਓਧਰ ਵੀ ਨੇ ਝੱਲੇ ਨਾਲ਼ ਮੇਰੇ ਕੋਈ ਚੱਲੇ। ਸੱਸੀ ਮਾਰੂਥਲ ਵਿਚ ਰੁਲ਼ ਗਈ ਖ਼ਾਨ ਪੁਨੱਲ ਨਹੀਂ ਆਇਆ, ਛੱਡ ਗਏ ਸੱਜਣ ਸਾਕ ਨਿਗੱਲ਼ੇ ਨਾਲ਼ ਮੇਰੇ ਕੋਈ ਚੱਲੇ। ਮੇਰੀ ਮਿੱਟੀ ਸੁੰਨਾ ਹੋ ਗਈ ਪਹਿਨ ਫ਼ਕ਼ਰ ਦਾ ਬਾਣਾ, ਲਾਹ ਛੱਡੇ ਨੇ ਛਾਪਾਂ ਛੱਲੇ ਨਾਲ਼ ਮੇਰੇ ਕੋਈ ਚੱਲੇ। ਇਸ਼ਕ ਬੁਲਾਵੇ ਮੈਨੂੰ ਸੁਗ਼ਰਾ ਟੋਰ ਮੇਰੀ ਫ਼ਿਰ ਬੋਲੇ, ਮੋਰ ਵੀ ਆਖਣ ਬੱਲੇ ਬੱਲੇ ਨਾਲ਼ ਮੇਰੇ ਕੋਈ ਚਲੇ।

ਜਦੋਂ ਕਿਸੇ ਨੇ ਉੱਕਾ ਕੀਤੀ ਨਹੀਂ

ਜਦੋਂ ਕਿਸੇ ਨੇ ਉੱਕਾ ਕੀਤੀ ਨਹੀਂ ਮੇਰੀ ਪ੍ਰਵਾਹ। ਮੈਂ ਆਪਣੀ ਫੁੱਲਾਂ ਜਿਹੀ ਸੱਧਰ ਕਾਹਨੂੰ ਲਾਵਾਂ ਫਾਹ। ਰੱਬ ਕਰੇ ਉਹ ਖ਼ੈਰ ਥੀਂ ਆਵੇ ਚਿੱਟੀ ਘੋੜੀ ਵਾਲਾ, ਦੀਵਾ ਬਾਲ ਬਨੇਰੇ ਉੱਤੇ ਵੇਖਾਂ ਜਿਸ ਦੀ ਰਾਹ। ਚਿੱਟੇ ਦੇਂਹ ਵਿਚ ਮਜਮੇ ਅੰਦਰ ਸੱਚ ਕਤਲ ਚਾ ਕੀਤਾ, ਕੂੜੀ ਦੁਨੀਆ ਦੇ ਵਿਚ ਸੱਚ ਦਾ ਬਣੇ ਨਾ ਕੋਈ ਗਵਾਹ। ਰੂਪ ਵਟਾਈ ਫਿਰਦੇ ਇੱਥੇ ਗ਼ਰਜ਼ਾਂ ਲੋਭਾਂ ਵਾਲੇ, ਤੂੰ ਤੇ ਆਪਣੀ ਧੌਣ ਤੋਂ ਅੜਿਆ ਨਕਲੀ ਚਿਹਰਾ ਲਾਹ। ਚਾਰੇ ਪਾਸੇ ਦਿਸਦਾ ਮੈਨੂੰ ਉਹੋ ਯਾਰ ਸਲੋਣਾ, ਸਿੱਧੀ ਉਹਦੇ ਘਰ ਵੱਲ ਜਾਂਦੀ ਦਿਲ ਦੀ ਹਰ ਇੱਕ ਰਾਹ। ਪਰਤ ਕੇ ਆ ਜਾ ਸੱਜਣਾ! ਹੁਣ ਤੇ ਪਰਤ ਕੇ ਆਈਆਂ ਰੁੱਤਾਂ, ਤੇਰੇ ਆਣ ਤੋਂ ਪਹਿਲਾਂ ਕਿਧਰੇ ਮੁੱਕ ਨਾ ਜਾਵਣ ਸਾਹ। ਰੋਜ਼ ਈ ਚੰਨ ਚੜ੍ਹਾ ਛੱਡਦੇ ਨੇ ਭੋਇਂ ਤੇ ਜ਼ਾਲਮ ਵਾਸੀ, ਗੱਲਾਂ ਦੇ ਸੰਗ ਲੋਕੀ ਅੰਬਰੋਂ ਤਾਰੇ ਲੈਂਦੇ ਲਾਹ। ਹਰ ਕੋਈ ਹਿਜਰ ਦੇ ਰੋਣੇ ਰੋਂਦਾ ਕਰ ਵਸਲਾਂ ਦਾ ਚੇਤਾ, ਕੋਈ ਨਹੀਂ ਮੇਰੇ ਜਿਹਾ ਇਕੱਲਾ ਦੁਨੀਆ ਛੱਡੀ ਗਾਹ। ਯਾਦ ਕਿਸੇ ਨਹੀਂ ਕੀਤਾ ਸਾਨੂੰ ਯਾਦ ਨਾ ਕੋਈ ਆਇਆ, ਫ਼ਿਰ ਕਿਉਂ ਆਪ ਮੁਹਾਰੀਆਂ ਯਾਦਾਂ ਡੰਗਣ ਅੰਨ੍ਹੇਵਾਹ। ਆਪੇ ਰਾਂਝਾ ਜੋਗੀ ਬਣਿਆ ਨਾਥ ਸਦਾਵਣ ਵਾਲਾ, ਹੀਰ ਦਾ ਧਾਰਨ ਧਾਰ ਕੇ ਆਇਆ ਸੱਯਦ ਵਾਰਿਸ ਸ਼ਾਹ। ਉਹ ਦਰਸ਼ਨ ਦੀਦਾਰ ਨਾ ਦੇਵੇ ਸੁਗ਼ਰਾ ਨੈਣ ਤਿਆਹੇ, ਉਹਦਾ ਵੇਖਣ ਬਣਿਆ ਫਿਰਦਾ ਅੱਖ ਮੇਰੀ ਦਾ ਫਾਹ।

ਇਸ਼ਕ ਨੂੰ ਹੱਕ ਦਾ ਰਾਹ ਕੀਤਾ ਏ

ਇਸ਼ਕ ਨੂੰ ਹੱਕ ਦਾ ਰਾਹ ਕੀਤਾ ਏ। ਮੈਂ ਕੋਈ ਯਾਰ ਗੁਨਾਹ ਕੀਤਾ ਏ? ਹਾਂ ਮੈਂ ਧੋਖਾ ਖਾਦਾ ਸੀ, ਹਾਂ ਮੈਂ ਫ਼ਿਰ ਵਸਾਹ ਕੀਤਾ ਏ। ਅੰਨ੍ਹੇਵਾਹ ਮੈਂ ਦਰਦ ਕਮਾਇਆ, ਪਿਆਰ ਜੋ ਅੰਨ੍ਹੇਵਾਹ ਕੀਤਾ ਏ। ਉਹਦੇ ਫੁੱਲਾਂ ਵਰਗੇ ਹਾਸੇ, ਮੈਨੂੰ ਖਿੱੜੀ ਕਪਾਹ ਕੀਤਾ ਏ। ਅਜ਼ਲੋਂ ਮੇਰੀ ਰੂਹ ਕੰਵਾਰੀ, ਜੁੱਸੇ ਨਾਲ਼ ਵਿਆਹ ਕੀਤਾ ਏ। ਦੁਨੀਆ ਦੇ ਸੰਗ ਨਿਭਦੀ ਨਹੀਂ ਸੀ, ਧੱਕੇ ਨਾਲ਼ ਨਿਭਾ ਕੀਤਾ ਏ। ਵਿੱਛੜ ਗਈਆਂ ਦੇ ਚੇਤੇ ਮੇਰਾ, ਔਖਾ ਲੈਣਾ ਸਾਹ ਕੀਤਾ ਏ। ਜੱਗ ਦੀ ਕੀ ਪ੍ਰਵਾਹ ਸੁਗ਼ਰਾ ਨੂੰ, ਇਸ਼ਕ ਨੇ ਬੇ-ਪ੍ਰਵਾਹ ਕੀਤਾ ਏ। ਅੱਖ ਤੇ ਸੁਫ਼ਨੇ ਰਲ ਕੇ ਅੱਜ, ਦਿਲ ਦਾ ਸ਼ਹਿਰ ਤਬਾਹ ਕੀਤਾ ਏ। ਜਦ ਮੈਂ ਇਸ਼ਕ ਦੀ ਪੇਸ਼ੀ ਭੁਗਤੀ, ਅਪਣਾ ਆਪ ਗਵਾਹ ਕੀਤਾ ਏ। ਸੁਗ਼ਰਾ ਸੱਦਫ਼ ਦੀ ਗ਼ਜ਼ਲ ਅਨੋਖੀ, ਸੁਖ਼ਨਵਰਾਂ ਵਾਹ ਵਾਹ ਕੀਤਾ ਏ। *** ਪ੍ਰੇਮ ਦੇ ਇੱਕ ਪੱਤਰ ਤੇ ਸਾਰਾ ਮੌਸਮ ਵਿਕਿਆ ਚੇਤਰ ਦਾ। ਮੂਰਖ ਸਾਹਵੇਂ ਮੂਰਤ ਬਣ ਕੇ ਫ਼ੋਟੋ ਛਿਕਿਆ ਚੇਤਰ ਦਾ। ***

ਪਾਸਾ ਵਟ ਕੇ ਲੰਘਦਾ ਨਾਲੇ

ਪਾਸਾ ਵਟ ਕੇ ਲੰਘਦਾ ਨਾਲੇ ਮੁੱਖ ਲੈਂਦਾ ਪਰਤਾ। ਝੱਲੀਏ ਉਹਦੀ ਖ਼ਾਤਿਰ ਹੱਸਦੀਆਂ ਅੱਖਾਂ ਨਾ ਛਲਕਾ। ਮਸਤੀ ਦੇ ਵਿਚ ਡੋਲਣ ਸ਼ਾਖ਼ਾਂ ਕਲੀਆਂ ਡਿਗ ਡਿਗ ਜਾਵਣ, ਉਹਦੇ ਜਿਸਮ ਦੀ ਖ਼ੁਸ਼ਬੂ ਲੈ ਕੇ ਉੱਡਦੀ ਫਿਰੇ ਹਵਾ। ਮੈਂ ਨ੍ਹੇਰੇ ਦੀ ਬੁੱਕਲ ਮਾਰ ਕੇ ਤੇਰੇ ਬੂਹੇ ਆਈ, ਆਪਣੇ ਰੂਪ ਦਾ ਕੁਝ ਤੇ ਚਾਨਣ ਮੇਰੀ ਝੋਲ਼ੀ ਪਾ। ਅਜ਼ਲੋਂ ਮੈਂ ਰਸਮਾਂ ਦੀ ਕੈਦੀ, ਤੂੰ ਅੰਬਰਾਂ ਦਾ ਵਾਸੀ, ਚੰਨ ਦਾ ਠੂਠਾ ਲੈ ਕੇ ਜੋਗੀਆ! ਮੇਰੇ ਵਿਹੜੇ ਆ। ਸਾਂਭੀ ਨਹੀਉਂ ਜਾਂਦੀ ਹੁਣ ਤੇ ਇਹ ਦਰਦਾਂ ਦੀ ਵਣਗੀ, ਜੀ ਕਰਦਾ ਏ ਗ਼ਮ ਦਾ ਪੰਛੀ ਆਪੇ ਦਿਆਂ ਉੱਡਾ। ਮੇਰਾ ਟੋਰਾ ਦੁਨੀਆ ਨਾਲੋਂ ਕਿਉਂ ਨਾ ਤਿੱਖਾ ਹੁੰਦਾ, ਪਰਤ ਪਿਸ਼ਾਨਹਾ ਕੀ ਤੱਕਦੀ ਮੇਰੇ ਚੜ੍ਹੀ ਸੀ ਮਗਰ ਬਲ਼ਾ। ਕਿਵੇਂ ਸਜ਼ਾ ਨਾ ਦਿੰਦੀ ਮੈਨੂੰ ਸਮੇਂ ਦੀ ਕੂੜ ਅਦਾਲਤ, ਉਹਦੇ ਸਿਤਮ ਤੇ ਬੋਲ ਪਈ ਸਾਂ ਇਹੋ ਮੇਰੀ ਖ਼ਤਾ। ਉਹਦੇ ਨਾਂ ਦੀ ਮਾਲ਼ਾ ਸੁਗ਼ਰਾ ਹਰਦਮ ਜਪਦੀ ਰਹਿੰਦੀ, ਜਿਨ੍ਹੇ ਡੱਬੀ ਬੀੜੀ ਮੇਰੀ ਦਿੱਤੀ ਬੰਨੇ ਲਾ।

ਮੇਰੇ ਵਿਹੜੇ ਆ ਢੁੱਕੀ ਜਦ

ਮੇਰੇ ਵਿਹੜੇ ਆ ਢੁੱਕੀ ਜਦ ਚਾਵਾਂ ਭਰੀ ਬਰਾਤ। ਚਾਰ ਚੁਫੇਰੇ ਨੱਚਣ ਲੱਗੀ ਰੰਗਾਂ ਦੀ ਬਰਸਾਤ। ਕਈ ਸਦੀਆਂ ਦਾ ਪੰਧ ਨਬੇੜੇ ਇਕ ਨਿੱਕੀ ਜਿਹੀ ਹਾਂ, ਕਈ ਅੱਖਾਂ ਦਾ ਰੋਗ ਮੁਕਾਵੇ ਤਰਦੀ ਜਿਹੀ ਇੱਕ ਝਾਤ। ਦਮ ਦਮ ਸਦਕੇ ਜਾਵਾਂ ਅੜੀਓ! ਉਸ ਮਿੱਤਰ ਤਾਈਂ, ਜਿਹਨੇ ਮੈਨੂੰ ਪੂਰਾ ਕਰ ਕੇ ਸਾਂਭੀ ਕਲਮ ਦਵਾਤ। ਵਿਰਦ ਪਕਾਵਾਂ ਸੂਲੀ ਉਤੇ, ਥਾਂ ਥਾਂ ਮੁੱਕਣ ਸਾਹ, ਪਲ ਪਲ ਆਹਰੇ ਲਾਈ ਰੱਖਦਾ ਹਿਜਰ ਬੜਾ ਕੰਮਜ਼ਾਤ। ਫ਼ਰਕ ਜੋ ਪਾਵੇ ਵਿਚ ਬੰਦਿਆਂ ਦੇ ਲਾਹਨਤ ਉਸ ਟੋਲੇ ਤੇ, ਅਸੀਂ ਆਂ ਪਿਆਰ ਦੇ ਪਾਂਧੀ ਅਜ਼ਲੋਂ ਸਾਡੀ ਇਸ਼ਕ ਜਮਾਤ ਤੇਰੇ ਆਣ ਦਾ ਸੁਣ ਕੇ ਗਾਵਣ ਢੋਲੇ, ਮਾਹੀਏ, ਸਾਹ, ਦਿਲ ਦੇ ਵਿਹੜੇ ਜਿੰਦੜੀ ਰੱਖੀ ਸੱਧਰਾਂ ਭਰੀ ਪਰਾਤ। ਫ਼ਕ਼ਰ ਦੀ ਦੌਲਤ ਬਹੂੰ ਅਣ-ਮੁਲੀ ਮਿਲਦੀ ਨਾਲ਼ ਨਸੀਬਾਂ, ਬਖ਼ਤ ਉਚੇਰੇ ਮਿਲ ਗਈ ਮੈਨੂੰ ਇਸ਼ਕ ਦੀ ਖ਼ੈਰ ਖ਼ੈਰਾਤ। ਆ ਜਾਵੇ, ਚੰਨ ਮਾਹੀਆ ਆ ਜਾ ਵੇਖ ਕੇ ਤੈਨੂੰ ਆਉਂਦਾ, ਸੁਗ਼ਰਾ ਵਸਲ ਦਾ ਚਾਨਣ ਵੇਖੇ ਮੱਕੇ ਹਿਜਰ ਦੀ ਰਾਤ।

ਇਸ਼ਕ ਸਮੁੰਦਰ ਤਰ ਕੇ ਵੇਖਾਂ

ਇਸ਼ਕ ਸਮੁੰਦਰ ਤਰ ਕੇ ਵੇਖਾਂ। ਇੰਝ ਵੀ ਪੈਂਡਾ ਕਰ ਕੇ ਵੇਖਾਂ। ਜੀ ਕਰਦਾ ਏ ਆਪਣੇ ਅੱਥਰੂ, ਉਹਦੀ ਅੱਖ ਵਿਚ ਧਰ ਕੇ ਵੇਖਾਂ। ਤੈਨੂੰ ਵੇਖ ਕੇ ਜੀ ਪੈਨੀ ਆਂ, ਜੇ ਆਖੀਂ ਤੇ ਮਰ ਕੇ ਵੇਖਾਂ? ਜਿੱਤਣ ਵਾਲਿਆ ਰਹੀ ਆਂ, ਆਖਿਆ ਸੀ ਤੂੰ ਹਰ ਕੇ ਵੀਖਾਂ। ਨੈਣਾਂ ਦੀ ਝੋਲ਼ੀ ਵਿਚ ਮੁਖੜਾ, ਇੱਧਰ ਕਰ ਮੈਂ ਭਰ ਕੇ ਵੇਖਾਂ। ਸਾਰੇ ਤੈਨੂੰ ਰੱਜ ਰੱਜ ਵੇਖਣ, ਮੈਂ ਦੁਨੀਆ ਤੋਂ ਡਰ ਕੇ ਵੇਖਾਂ। ਤੇਰੀ ਤਾਂਘ ਦੀ ਉਂਗਲੀ ਫੜ ਕੇ, ਪੰਧ ਅਵੱਲਾ ਕਰ ਕੇ ਵੇਖਾਂ। ਮਿਲੇ ਜੇ ਸੋਹਣੇ ਨੈਣਾਂ ਵਾਲਾ, ਮੈਂ ਉਹਨੂੰ ਜਰ ਜਰ ਕੇ ਵੇਖਾਂ। ਸੁਗ਼ਰਾ ਹੁਣ ਤੇ ਜੀ ਕਰਦਾ ਏ, ਪਿਆਰ ਦੀ ਅੱਗ ਇਚ ਠਰ ਕੇ ਵੇਖਾਂ।

ਇਸ਼ਕ ਦੇ ਚੁੱਲ੍ਹੇ ਦਿਲ ਦੀਆਂ ਪੀੜਾਂ

ਇਸ਼ਕ ਦੇ ਚੁੱਲ੍ਹੇ ਦਿਲ ਦੀਆਂ ਪੀੜਾਂ ਧੂਣੀ ਵਾਂਗ ਧੁਖ਼ਾਈ ਰੱਖ। ਬਾਲ ਕੇ ਸੱਧਰਾਂ ਵਾਲਾ ਬਾਲਣ ਪਿਆਰ ਦਾ ਮੱਚ ਮਚਾਈ ਰੱਖ। ਜਦ ਤੱਕ ਤੇਰੇ ਸਾਹ ਚਲਦੇ ਨੇ ਇਸ਼ਕ ਦਾ ਕੰਮ ਚਲਾਈ ਰੱਖ, ਦੁਨੀਆ ਨਾਲ਼ ਨਹੀਂ ਨਿਭਦੀ ਭਾਵੇਂ ਨਿਭਦੀ ਜਿਵੇਂ ਨਿਭਾਈ ਰੱਖ। ਕੰਧਾਂ ਨੂੰ ਵੀ ਕੰਨ ਹੁੰਦੇ ਨੇ ਭੇਦ ਇਸ਼ਕ ਦਾ ਖੋਲ੍ਹੇ ਨਾ, ਵਿਚਲੀ ਗੱਲ ਨੂੰ ਵਿਚਲਾ ਜਾਣੇ ਵਿਚਲੀ ਬਾਤ ਲੁਕਾਈ ਰੱਖ। ਖ਼ਾਲੀ ਅੱਖਾਂ ਵੇਖ ਕੇ ਕੋਈ ਠੱਗ ਨਾ ਵਿਹੜੇ ਲੰਘ ਆਵੇ, ਅੱਖ ਦੇ ਆਹਲਣੇ ਅੰਦਰ ਉਹਦੀ ਇੱਕ ਤਸਵੀਰ ਸਜਾਈ ਰੱਖ। ਓੜਕ ਵਸਲ ਦਾ ਸੱਦਾ ਲਾਗੀ ਬੱਦਲ਼ ਲੈ ਕੇ ਆਵੇਗਾ, ਦਿਲਾ! ਤੂੰ ਹਿੰਮਤ ਨਾਲ਼ ਹਿਜਰ ਦੇ ਔਖੇ ਡੰਗ ਟਪਾਈ ਰੱਖ। ਉਹਦਾ ਮਿਲਣਾ ਨਾ ਮਿਲਣਾ ਤੇ ਝੱਲੀਏ ਗੱਲ ਮੁਕੱਦਰਾਂ ਦੀ, ਤੂੰ ਬੱਸ ਉਹਦੀਆਂ ਯਾਦਾਂ ਨਾਲ਼ ਈ ਮੰਨ ਅਪਣਾ ਪਰਚਾਈ ਰੱਖ। ਸੋਚਾਂ ਦੀ ਅਲਮਾਰੀ ਅੰਦਰ ਸਾਂਭ ਨਾ ਸੱਜਰੀ ਸੱਧਰ ਨੂੰ, ਚਾਵਾਂ ਦੇ ਹੋਠਾਂ ਤੇ ਫੱਬਦੀ ਆਸਾਂ ਦੀ ਸ਼ਹਿਨਾਈ ਰੱਖ। ਫੁੱਲ ਜਿਵੇਂ ਸ਼ਬਨਮ ਦੇ ਤਬਕੇ ਪੀ ਕੇ ਖਿੜ ਖਿੜ ਜਾਂਦੇ ਨੇ, ਤੂੰ ਵੀ ਆਪਣੇ ਹੰਝੂਆਂ ਦੇ ਵਿਚ ਹਾਸਿਆਂ ਨੂੰ ਵਰਤਾਈ ਰੱਖ। ਨਿੱਤ ਸੱਤ ਰੰਗਲੀ ਪੀਂਘ ਦੇ ਝੂਟੇ ਤੂੰ ਸੱਧਰਾਂ ਨੂੰ ਦਿੱਤੀ ਜਾ, ਰੰਗਲੇ ਚਾਵਾਂ ਵਾਲੀ ਗੱਡੀ ਅੰਬਰੀਂ ਨਿੱਤ ਉਡਾਈ ਰੱਖ। ਫ਼ਿਰ ਦਰਦਾਂ ਦਾ ਧਾਗਾ ਲੈ ਕੇ ਸਾਵਣ ਰੁੱਤੇ ਫੁੱਲ ਪਰੋ, ਹਿੱਜਰਾਂ ਡੰਗੇ ਸਮੇਂ ਨੂੰ ਮੇਲ ਦੇ ਮਿਠੜੇ ਗੀਤ ਸੁਣਾਈ ਰੱਖ। ਅਜ਼ਲੋਂ ਟੁਰਿਆ ਇਸ਼ਕ ਨਿਮਾਣਾ ਤੇਰੇ ਦਰ ਆਇਆ ਏ, ਸਦਫ਼ ਤੂੰ ਉਹਨੂੰ ਗਲ ਨਾਲ਼ ਲਾ ਕੇ ਮੰਨ ਵਿਹੜਾ ਰੁਸ਼ਨਾਈ ਰੱਖ।

ਹਿਰਖਾਂ ਇੰਝ ਦੀ ਧੂੜ ਉਡਾਈ ਸਾਹਵਾਂ ਵਿੱਚ

ਹਿਰਖਾਂ ਇੰਝ ਦੀ ਧੂੜ ਉਡਾਈ ਸਾਹਵਾਂ ਵਿੱਚ। ਚਾਨਣ ਵਰਗੇ ਲੋਕੀ ਰੁਲ਼ ਗਏ ਰਾਹਵਾਂ ਵਿੱਚ। ਹਿਰਸ ਦੀ ਨ੍ਹੇਰੀ, ਲੋੜਾਂ ਨੂੰ ਰਾਹ ਦੱਸਣ ਲਈ, ਵਾਵਰੋਲੇ ਘੁੱਟ ਲਿਆਈ ਬਾਹਵਾਂ ਵਿੱਚ। ਕੁਤਬੀ ਤਾਰਾ ਲੱਭਦੀ ਲੱਭਦੀ ਥੱਕ ਗਈ ਆਂ, ਕਿਰਚੀ ਕਿਰਚੀ ਹੋਈ ਰਾਤ ਨਿਗਾਹਵਾਂ ਵਿੱਚ। ਕਿਸੇ ਦੇ ਹੱਥ ਨਾ ਆਇਆ ਬਿੱਕਰ ਭਾਂਡੇ ਦਾ, ਵੇਲ਼ਾ ਡੁੱਬਦਾ ਤੁਰਦਾ ਰਿਹਾ ਚਨ੍ਹਾਵਾਂ ਵਿੱਚ। ਬਦੋਬਦੀ ਮੈਂ ਹੱਥ ਜਾ ਲਾਇਆ ਅੰਬਰ ਨੂੰ, ਜੱਗ ਤੋਂ ਉੱਚੀ ਹੋ ਗਈ ਪਿਆਰ ਪਨਾਹਵਾਂ ਵਿੱਚ। ਚਾਰ ਚੁਫ਼ੇਰੇ ਹੁੱਸੜ ਪੈਰ ਪਸਾਰੇ ਨੇ, ਸਾਹਵਾਂ ਨੂੰ ਮੈਂ ਧੱਕਿਆ ਤੱਤੀਆਂ ਵਾਹਵਾਂ ਵਿੱਚ। ਮੈਂ ਵੀ ਉਹਦਾ ਪੱਲਾ ਫੜਿਆ ਇਸੇ ਲਈ, ਉਹਦੀ ਦਰਵੇਸ਼ੀ ਦਾ ਚਰਚਾ ਸ਼ਾਹਵਾਂ ਵਿੱਚ। ਬਾਕੀ ਰਿਸ਼ਤਿਆਂ ਨਾਤਿਆਂ ਦੀ ਕੀ ਗੱਲ ਕਰਨੀ, ਸੁਗ਼ਰਾ ਨਿੱਘ ਰਹੀ ਨਾ ਧੀਆਂ ਮਾਵਾਂ ਵਿੱਚ।

ਟੁੱਟੀ ਹੋਈ ਵੰਗ ਦੇ ਨਾਲ਼ ਮੈਂ

ਟੁੱਟੀ ਹੋਈ ਵੰਗ ਦੇ ਨਾਲ਼ ਮੈਂ ਪੂਰੇ ਲੇਖ ਉਲੀਕੇ। ਕਿਉਂ ਜੀਵਨ ਕੰਡਿਆਰੀ ਦੇ ਵਿਚ ਵੇਲ਼ਾ ਨਿੱਤ ਧਰੀਕੇ। ਤੂੰ ਯਾਦਾਂ ਦੀ ਛਾਵੇਂ ਮੈਨੂੰ ਸੁਫ਼ਨੇ ਵਾਂਗ ਉਡੀਕੇਂ, ਮੈਂ ਅੰਬਰਾਂ ਤੋਂ ਪਰਤ ਆਵਾਂਗੀ ਘੁੱਟ ਕੁ ਚਾਨਣ ਪੀ ਕੇ। ਮੇਰੀ ਅੱਖਿਓਂ ਵਰ੍ਹਦਾ ਪਿਆ ਏ ਆਸਾਂ ਭਰਿਆ ਸਾਵਣ, ਵਰ੍ਹਿਆਂ ਦਾ ਤ੍ਰਿਹਾਇਆ ਬੱਦਲ ਹੌਲੀ ਹੌਲੀ ਡੀਕੇ। ਤੂੰ ਮਿਲਣੇ ਦਾ ਸੁਫ਼ਨਾ ਸੀਨੇ ਵਿਚ ਲੁਕੋ ਕੇ ਰੱਖੀਂ, ਮੈਂ ਸਰਹਾਣੇ ਧਰ ਲੇਨੀ ਹਾਂ ਤੇਰੀਆਂ ਯਾਦਾਂ ਸੀ ਕੇ। ਉਮਰਾਂ ਲੰਘੀਆਂ, ਹੱਥ ਨਾ ਆਈਆਂ, ਸੁਫ਼ਨੇ ਦੀਆਂ ਤਬੀਰਾਂ, ਦਿਲ ਮਰ ਜਾਣਾ ਮਿਹਣੇ ਮਾਰੇ, ਕੀ ਲੱਭਿਆ ਈ ਜੀ ਕੇ। ਕੋਈ ਸੁਫ਼ਨੇ ਦੇ ਵਿਚ ਆ ਕੇ ਕਰਦਾ ਏ ਅਰਜ਼ੋਈ ਕਦੀ ਤੇ ਸਾਹਮਣੇ ਆ ਜਾ ਮੇਰੇ ਖ਼ਾਬ ਦਈਏ ਵਸਨੀਕੇ। ਅਜ਼ਲੋਂ ਇਕ ਵਿਛੋੜਾ ਸੁਗ਼ਰਾ ਨਾਲ਼ ਮੇਰੇ ਸੀ ਟੁਰਿਆ, ਉਹਦੇ ਪਿੱਛੇ ਭੱਜ ਭੱਜ ਹੁਣ ਤੱਕ ਰੂਹ ਨਿਮਾਣੀ ਚੀਕੇ। ਆ ਖ਼ਵਾਬਾਂ ਦੀ ਨਗਰੀ ਵਰਗੀ ਰਲ ਮਿਲ ਸਾਂਝ ਬਣਾਈਏ, ਜੱਗ ਬੀਤੇ ਨੇਂ ਸਾਂਵਲ ਤੈਨੂੰ ਸੁਗ਼ਰਾ ਸੱਦਫ਼ ਉਡੀਕੇ।

ਸਾਹਵਾਂ ਵਿਚ ਪੂਰੋ ਵੇ ਮਾਹੀ

ਸਾਹਵਾਂ ਵਿਚ ਪੂਰੋ ਵੇ ਮਾਹੀ। ਮੈਂ ਤੇਰੀ ਖ਼ੁਸ਼ਬੋ ਵੇ ਮਾਹੀ। ਤੱਕਣਾ! ਕਿਹੜਾ ਬਹੁਤਾ ਸੋਹਣਾ, ਚੰਨ ਦੇ ਨਾਲ਼ ਖਲੋ ਵੇ ਮਾਹੀ। ਅੱਜ ਮੈਂ ਤੇਰਾ ਸੁਫ਼ਨਾ ਬਣਨਾ, ਅੱਖ ਦਾ ਬੂਹਾ ਢੋ ਵੇ ਮਾਹੀ। ਮੈਨੂੰ ਚਾਨਣ ਕੀਤੀ ਫਿਰਦੀ, ਇਸ਼ਕ ਤੇਰੇ ਦੀ ਲੌ ਵੇ ਮਾਹੀ। ਅਪਣਾ ਮਨ ਕੇ ਵਿਚ ਸ਼ਰੀਕਾਂ, ਧੋਣੇ ਸਾਰੇ ਧੋਵੇ ਮਾਹੀ, ਅੱਖੀਆਂ ਵਿਚ ਵਸਾ ਕੇ ਮੈਨੂੰ, ਖ਼ਵਾਬਾਂ ਵਿਚ ਲੁਕੋ ਵੇ ਮਾਹੀ। ਤੇਰੇ ਬਾਝੋਂ ਜੀਵਨ ਕੀਤਾ, ਸਾਡੇ ਨਾਲ਼ ਧਰੁਵ ਵੇ ਮਾਹੀ। ਇਸ਼ਕ ਤਰਾ ਨਸ ਨਸ ਵਿਚ ਧੜੱਕੇ, ਹੁਣ ਨਾ ਰਹੀਏ ਦੋ ਵੇ ਮਾਹੀ। ਰੂਹ ਤੇ ਬੁੱਤ ਦੀ ਅਜ਼ਲੀ ਮੰਗ ਤੋਂ, ਦੋਹਾਂ ਵਿਚ ਇਕ ਹੋਵੇ ਮਾਹੀ। ਅੰਦਰੋ ਅੰਦਰੀਂ ਝੁਰਦੇ ਪਏ ਆਂ, ਆ ਗਲ ਲੱਗ ਕੇ ਰੋਵੇ ਮਾਹੀ। ਦੁਨੀਆ ਵੱਖ ਕਰੇ ਨਾ ਸਾਨੂੰ, ਬੁੱਕਲ ਵਿਚ ਲੁਕੋ ਵੇ ਮਾਹੀ। ਫੁੱਲਾਂ ਵਰਗੀ ਜਿੰਦੜੀ ਛੱਡੀ, ਸੂਲਾਂ ਵਿਚ ਪੂਰੋ ਵੇ ਮਾਹੀ। ਦਿਲ ਧਰਤੀ ਚੋਂ ਪ੍ਰੀਤ ਉਗਾਈ, ਜੋਗ ਨੈਣਾਂ ਦੀ ਜੋ ਵੇ ਮਾਹੀ। ਸੁਗ਼ਰਾ ਸੱਦਫ਼ ਅੱਜ ਸੁਣਨਾ ਚਾਹੁੰਦੀ, ਕਹਿ ਦੇ ਮਨ ਵਿਚ ਜੋ ਵੇ ਮਾਹੀ।

ਸੁਫ਼ਨਾ ਆਪ ਵਿਸਾਲ ਤੇ ਨਹੀਂ ਨਾ

ਸੁਫ਼ਨਾ ਆਪ ਵਿਸਾਲ ਤੇ ਨਹੀਂ ਨਾ। ਯਾਦ ਹਿਜਰ ਦੀ ਢਾਲ਼ ਤੇ ਨਹੀਂ ਨਾ। ਹਰ ਕੋਈ ਰਾਂਝਾ ਜੋਗੀ ਨਾਹੀਂ, ਹਰ ਕੋਈ ਹੀਰ ਸਿਆਲ਼ ਤੇ ਨਹੀਂ ਨਾ। ਉਹਨੂੰ ਆਖੋ ਆ ਵੀ ਜਾਵੇ, ਪਲ ਦਾ ਮਤਲਬ ਸਾਲ ਤੇ ਨਹੀਂ ਨਾ। ਜਿਸ ਇੱਕ ਹੋਣ ਨਾ ਦਿੱਤਾ ਸਾਨੂੰ, ਉਹ ਹੁਣ ਤੇਰੇ ਨਾਲ਼ ਤੇ ਨਹੀਂ ਨਾ। ਇਸ਼ਕ ਨਾ ਹੋਵੇ ਮਸਤੀ ਕਾਹਦੀ, ਮਸਤੀ ਬਾਂਝ ਧਮਾਲ ਤੇ ਨਹੀਂ ਨਾ। ਇੰਝ ਲੁਕਾ ਕੇ ਰੱਖ ਨਾ ਮੈਨੂੰ, ਮੈਂ ਕੋਈ ਲੁੱਟ ਦਾ ਮਾਲ ਤੇ ਨਹੀਂ ਨਾ। ਡੁਲ੍ਹਦੀ ਫਿਰਦੀ ਤੇਰੀ ਅਖੋਂ, ਇਹ ਕੋਈ ਯਾਰ ਸੰਭਾਲ਼ ਤੇ ਨਹੀਂ ਨਾ। ਹਾਂਡੀ ਗੁੜ੍ਹਕੀ ਜਾਂਦੀ ਭਾਵੇਂ, ਸੁੱਤੇ ਭੁੱਖੇ ਬਾਲ ਤੇ ਨਹੀਂ ਨਾ। ਕਿਸ ਤੋਂ ਫ਼ਾਲ ਕਢਾ ਕੇ ਪੁੱਛਾਂ, ਇਹ ਵੀ ਦੁੱਖ ਦਾ ਸਾਲ ਤੇ ਨਹੀਂ ਨਾ। ਜਿਹੜਾ ਦਿਲ ਵਿਚ ਰਹਿੰਦਾ ਉਹਨੂੰ, ਵੇਖਣ ਕੋਈ ਮੁਹਾਲ ਤੇ ਨਹੀਂ ਨਾ। ਵਾ ਮੋਰਾਂ ਨੂੰ ਕਹਿੰਦੀ ਫਿਰਦੀ। ਉਹਦੀ ਚਾਲ ਕੋਈ ਚਾਲ ਤੇ ਨਹੀਂ ਨਾ। ਦੁੱਖ ਲੁਕਾਣਾ ਸੱਜਣਾਂ ਕੋਲੋਂ, ਬੀਬਾ ਕੋਈ ਕਮਾਲ ਤੇ ਨਹੀਂ ਨਾ। ਇਸ਼ਕਾ ਇਬਰਾਹੀਮ ਨੇ ਦੱਸ ਖਾਂ, ਆਪੇ ਮਾਰੀ ਛਾਲ ਨਹੀਂ ਨਾ। ਅੱਖ ਨੂੰ ਓਪਰਾ ਓਪਰਾ ਲੱਗੇਂ, ਦਿਲ ਵਿਚ ਹੋਰ ਖ਼ਿਆਲ ਤੇ ਨਹੀਂ ਨਾ। ਤੇਰੇ ਜਿਹਾ ਵੀ ਤੈਨੂੰ ਆਖਾਂ, ਤੇਰੀ ਹੋਰ ਮਿਸਾਲ ਤੇ ਨਹੀਂ ਨਾ। ਸਾਡੇ ਉਤੇ ਡੁਲ੍ਹ ਡੁਲ੍ਹ ਜਾਵੇਂ, ਹੋਰ ਨਵਾਂ ਹੁਣ ਜਾਲ਼ ਤੇ ਨਹੀਂ ਨਾ। ਤੂੰ ਨਹੀਂ ਸ਼ੀਸ਼ੇ ਅੰਦਰੋਂ ਦਿਸਦਾ, ਸ਼ੀਸ਼ੇ ਅੰਦਰ ਵਾਲ਼ ਤੇ ਨਹੀਂ ਨਾ। ਜੇ ਉਹ ਹਾਲ ਪੁੱਛੇ ਤੇ ਆਖਾਂ, ਅਜਿਹਾ ਹਾਲ ਕੋਈ ਹਾਲ ਤੇ ਨਹੀਂ ਨਾ।

ਹਿਜਰ ਹਨੇਰੇ ਮਾਰ ਮੁਕਾਇਆ

ਹਿਜਰ ਹਨੇਰੇ ਮਾਰ ਮੁਕਾਇਆ ਇਸ਼ਕ ਦਾ ਦੀਵਾ ਬਾਲ ਓ ਸੱਜਣਾਂ। ਅੱਖ ਦੀ ਝੋਲ਼ੀ ਚਾਨਣ ਪਾ ਦੇ, ਚਾਨਣ ਤੇਰੇ ਨਾਲ਼ ਓ ਸੱਜਣਾਂ। ਇਸ਼ਕ ਸਮੁੰਦਰ ਠਾਠਾਂ ਮਾਰੇ, ਪਲਕਾਂ ਵਾਲੀ ਬੁੱਕਲ ਵਿੱਚ, ਸ਼ੋਹ ਨੇ ਤੇਰੇ ਵਿਚੋਂ ਲੱਭਣਾ, ਅੰਦਰ ਮਾਰੀਂ ਛਾਲ ਓ ਸੱਜਣਾਂ। ਅਚਨਚੇਤ ਇਹ ਨੱਪ ਲਵੇ ਨਾ, ਮੇਰੀਆਂ ਅੱਲ੍ਹੜ ਸੱਧਰਾਂ ਨੂੰ, ਗ਼ਰਜ਼ਾਂ ਦੀ ਡੋਰੀ ਦਾ ਪੀਢਾ ਉਣਿਆ ਹੋਇਆ ਜਾਲ਼ ਓ ਸੱਜਣਾਂ। ਵਿਰਦ ਤੇਰਾ ਏ ਅੰਬਰੋਂ ਉੱਚਾ, ਦੇਣ ਗਵਾਹੀ ਚੰਨ ਤੇ ਤਾਰੇ, ਪਿਆਰ ਨੂੰ ਉੱਚਾ ਕਰ ਜਾਵਾਂਗੀ, ਲੋਕੀ ਦੇਣ ਮਿਸਾਲ ਓ ਸੱਜਣਾਂ। ਬਰਸਾਤਾਂ ਨੇ ਮਨ ਪਰਚਾਇਆ ਸਾਵਾ ਸੌਣ ਮਹੀਨਾ ਆਇਆ, ਜੀਵਨ ਪੀਂਘ ਹੁਲਾਰੇ ਮੰਗੇ, ਕਰ ਲੈ ਇਹਦੀ ਭਾਲ਼ ਓ ਸੱਜਣਾਂ। ਅੱਠੇ ਪਹਿਰੇ ਯਾਦ ਤੇਰੀ ਏ ਸਾਹ ਦੀ ਤਸਬੀਹ ਉੱਤੇ, ਆਪਣੀ ਸੋਚ ਫ਼ਿਕਰ ਨਾ ਕੋਈ, ਹਰਦਮ ਤੇਰਾ ਖ਼ਿਆਲ ਓ ਸੱਜਣਾਂ। ਸੱਦਫ਼ ਨੇ ਸੱਜਰੇ ਸ਼ਿਅਰ ਉਲੀਕੇ, ਜੀਵਨ ਦੇ ਸਿਰਨਾਂਵੇਂ ਤੇ, ਅੱਖਰਾਂ ਦੀ ਖ਼ੁਸ਼ਬੋ ਪਈ ਦੱਸੇ ਸੱਚਾ ਸੁਖ਼ਨ ਕਮਾਲ ਓ ਸੱਜਣਾਂ।

ਇਸ਼ਕ ਅਜਿਹਾ ਜਾਦੂ ਕੀਤਾ

ਇਸ਼ਕ ਅਜਿਹਾ ਜਾਦੂ ਕੀਤਾ। ਸਾਰੇ ਜੱਗ ਨੂੰ ਕਾਬੂ ਕੀਤਾ। ਸ਼ਾਹ ਹੁਸੈਨ ਦੀ ਅੱਖ ਉਘੇੜੀ, ਹੋਰ ਭਲਾ ਕੀ ਮਾਧੋ ਕੀਤਾ। ਨਫ਼ੀ ਅਸਬਾਤ ਨੂੰ ਪਾਣੀ ਮਿਲਿਆ, ਲੂੰ ਲੂੰ ਬਾਹੂ ਬਾਹੂ ਕੀਤਾ। ਵੇਲੇ ਕੰਨੀਂ ਮੁੰਦਰਾਂ ਪਾਈਆਂ, ਰੁੱਤ ਸਮੇ ਨੂੰ ਸਾਧੂ ਕੀਤਾ। ਤੇਰੇ ਤੇ ਇਤਬਾਰ ਸੱਜਣ ਮੈਂ, ਆਪਣੇ ਆਪ ਤੋਂ ਵਾਧੂ ਕੀਤਾ। ਸਾਹਵਾਂ ਤੇਰੀ ਤਸਬੀ ਕੀਤੀ, ਦਮ ਦਮ ਯਾਹੂ ਯਾਹੂ ਕੀਤਾ। ਇਸ਼ਕ ਦਾ ਹਰ ਫ਼ਰਮਾਨ ਮੈਂ ਸੁਗ਼ਰਾ। ਆਪਣੀ ਜ਼ਾਤ ਤੇ ਲਾਗੂ ਕੀਤਾ।

ਆਸ ਦਾ ਦੀਵਾ ਬਾਲ ਕੇ

ਆਸ ਦਾ ਦੀਵਾ ਬਾਲ ਕੇ ਰਾਹਵਾਂ ਤੱਕਦੀ ਰਹਿਨੀ ਆਂ। ਪਲ ਪਲ ਤੇਰੇ ਹਿਜਰ ਦਾ ਮੋਹਰਾ ਫੁਕਦੀ ਰਹਿਨੀ ਆਂ। ਕੱਚੀ ਆਂ ਮੈਂ ਇਸ਼ਕ ਦੀ ਭੱਠੀ ਪੱਕਦੀ ਆਂ, ਹਿਜਰ ਦੇ ਮਾਰੂਥਲ ਵਿੱਚ ਟੁਰ ਟੁਰ ਥੱਕਦੀ ਰਹਿਨੀ ਆਂ। ਨਹੀਂ ਆਇਆ ਤੇ ਕਿਉਂ ਨਹੀਂ ਆਇਆ ਕਾਵਾਂ ਤੋਂ ਪੁੱਛਾਂ, ਆ ਜਾਵੇ ਤੇ ਉਹਦੇ ਪਿਆਰ ਤੋਂ ਅਕਦੀ ਆਂ। ਇਕਲਾਪੇ ਦਾ ਚਰਖ਼ਾ ਡਾਹ ਕੇ ਵਿਚ ਪ੍ਰੀਤ ਦੇ ਵਿਹੜੇ, ਦਰਦ ਵਿਛੋੜੇ ਦੀ ਪੂਣੀ ਮੈਂ ਕੱਤਦੀ ਰਹਿਨੀ ਆਂ। ਉਹਨੂੰ ਵੇਖ ਕੇ ਹੱਥਾਂ ਵਿਚੋਂ ਜਿੰਦੜੀ ਨਿਕਲੀ ਜਾਵੇ, ਉਖੜੇ ਉਖੜੇ ਸਾਹ ਸੀਨੇ ਵਿੱਚ ਡੱਕਦੀ ਰਹਿਨੀ ਆਂ। ਉਹਦੀ ਮੰਨ ਲਵਾਂ ਤੇ ਹਰ ਸ਼ੈ ਹੱਥੋਂ ਜਾਂਦੀ ਏ, ਜੇ ਉਹਦੀ ਨਾ ਮੰਨਾਂ ਤੇ ਨਹੀਂ ਕੱਖ ਦੀ ਰਹਿਨੀ ਆਂ। ਸ਼ੈਹ ਰੱਗ ਤੋਂ ਵੀ ਨੇੜੇ ਜਿਹੜਾ ਲੂੰ ਲੂੰ ਅੰਦਰ ਵਸੇ, ਦਿਲ ਦੀਆਂ ਅੱਖਾਂ ਨਾਲ਼ ਮੈਂ ਉਹਨੂੰ ਤੱਕਦੀ ਰਹਿਨੀ ਆਂ। ਜੋ ਚਾਹਨੀ ਹਾਂ ਸੁਗ਼ਰਾ ਮੈਨੂੰ ਮਿਲ ਤੇ ਸਕਦਾ ਏ, ਖ਼ੋਰੇ ਫ਼ਿਰ ਵੀ ਮੰਗਣ ਤੋਂ ਕਿਉਂ ਝੱਕਦੀ ਰਹਿਨੀ ਆਂ।

ਅੱਖ ਦਾ ਝੁੱਗਾ ਖ਼ਾਲੀ ਕਰ ਕੇ

ਅੱਖ ਦਾ ਝੁੱਗਾ ਖ਼ਾਲੀ ਕਰ ਕੇ। ਕਿੱਥੇ ਟੁਰ ਗਏ ਸੁਫ਼ਨੇ ਡਰ ਕੇ। ਮੇਰੇ ਮੁੱਖ ਤੱਕ ਹਾਸਾ ਆਇਆ, ਖ਼ੋਰੇ ਕਿੰਨੇ ਦੁੱਖੜੇ ਜਰ ਕੇ। ਜਿੱਤ ਲਈ ਏ ਮੈਂ ਇਸ਼ਕ ਦੀ ਬਾਜ਼ੀ, ਦਿਲ, ਜਿੰਦ, ਜਾਨ, ਜਵਾਨੀ ਹਰ ਕੇ। ਦਿਲ ਵਿੱਚ ਤੇਰੇ ਕਿਹੜਾ ਵਸਦਾ, ਸੱਚ ਬੋਲੀਂ ਹੱਥ ਦਿਲ ਤੇ ਧਰ ਕੇ। ਇੱਕ ਦੀਦਾਰ ਸੱਜਣ ਦਾ ਕਰਨਾ, ਇਸ਼ਕ ਦੇ ਸੱਤ ਸਮੁੰਦਰ ਤਰ ਕੇ। ਸਾਹ ਦਾ ਦੀਵਾ ਨ੍ਹੇਰੀ ਅੱਗੇ, ਵੇਖਣਾ ਏ ਮੈਂ ਇੱਕ ਦੇਂਹ ਧਰ ਕੇ। ਅੱਖਾਂ ਅਮਨ ਦਾ ਸੂਰਜ ਤੱਕਿਆ, ਮੋਤੋਂ ਜੀਵਨ ਤੀਕਰ ਤੱਰ ਕੇ। ਅੱਗੇ ਹਿਜਰ ਬਰੇਤਾ ਅੜੀਏ, ਰੱਖ ਲੈ ਨੈਣ ਕਟੋਰੇ ਭਰ ਕੇ। ਰਾਂਝਾ ਨਾ ਈ ਬੇਲਿਓਂ ਆਇਆ, ਆ ਗਈਆਂ ਨੇਂ ਮੱਝਾਂ ਚੱਰ ਕੇ। ਹਿਜਰ ਫ਼ਿਰਾਕ ਦੇ ਝੱਖੜ ਝੁੱਲੇ, ਆਸਾਂ ਵਾਲੇ ਟਾਹਣ ਨੇਂ ਯਰਕੇ। ਦਿਲ ਤੱਸੇ ਦੀ ਡਾਂਝ ਨਾ ਮੁੱਕੇ, ਸਾਹ ਸੀਨੇ ਵਿਚ ਰਹਿੰਦੇ ਘਰਕੇ। ਮੂਸਾ ਨੂੰ ਰਾਹ ਦੇਣ ਸਮੁੰਦਰ, ਫ਼ਿਰੌਨਾਂ ਦੇ ਬੇੜੇ ਗ਼ਰਕੇ। ਸੱਚੇ ਇਸ਼ਕ ਦੇ ਦਰਸ਼ਨ ਹੋਵਣ, ਆਵਾਂ ਪੈਰ ਹਵਾ ਤੇ ਧਰ ਕੇ। ਮਰਨ ਤੋਂ ਪਹਿਲਾਂ ਜੋ ਮਰ ਜਾਂਦੇ, ਉਹ ਸੁਗ਼ਰਾ ਨਹੀਂ ਮਰਦੇ ਮਰ ਕੇ। *** ਸੋਹਣਿਆ ਸੱਜਣਾ ਹੱਥ ਨਾ ਛੱਡੀਂ। ਬਦਲ ਗੱਜਣ ਬਿਜਲੀ ਕੜਕੇ। ***

ਉਹਦੀ ਅੱਖ ਸਵਾਲ ਚਾ ਕੀਤਾ

ਉਹਦੀ ਅੱਖ ਸਵਾਲ ਚਾ ਕੀਤਾ। ਦਿਲ ਕਮਲੇ ਬੇਹਾਲ ਚਾ ਕੀਤਾ। ਮੈਂ ਸੁਫ਼ਨੇ ਵਿਚ ਤੈਨੂੰ ਮੰਗਿਆ, ਵਿਛੜਨ ਵੀ ਤੂੰ ਨਾਲ਼ ਚਾ ਕੀਤਾ। ਗੂੰਗੇ ਪੱਥਰ ਫ਼ਰ ਫ਼ਰ ਬੋਲੇ, ਅੱਖ ਨੇ ਇੰਝ ਕਮਾਲ ਚਾ ਕੀਤਾ। ਜੌਹਰੀ ਸੱਚਾ ਪਾਰਸ ਮਿਲਿਆ, ਜਿਸ ਪੱਥਰ ਨੂੰ ਲਾਲ਼ ਚਾ ਕੀਤਾ। ਝੱਲੇ ਦਿਲ ਦੀ ਜਦ ਵੀ ਚਲੀ, ਪੈਦਾ ਏਸ ਭੁਚਾਲ ਚਾ ਕੀਤਾ। ਖ਼ੁਸ਼ੀਆਂ ਦੇ ਇੱਕ ਪਲ ਨੇ ਸੁਗ਼ਰਾ, ਵਿਦਿਆ ਗ਼ਮ ਦਾ ਸਾਲ ਚਾ ਕੀਤਾ।

ਇਸ਼ਕ ਸਫ਼ਰ ਵਿੱਚ ਇਕੋ ਜਿਹਾ

ਇਸ਼ਕ ਸਫ਼ਰ ਵਿੱਚ ਇਕੋ ਜਿਹਾ। ਸੱਜਣਾਂ ਤੇਰਾ ਮੇਰਾ ਰਸਤਾ। ਬੰਦ ਨੇ ਅੱਖੀਆਂ ਤੋਂ ਦਿਸਣਾ ਏਂ, ਰੂਹ ਵਿੱਚ ਵਸਿਆ ਇੱਕੋ ਸੁਫ਼ਨਾ। ਨਾ ਹਾਲੇ ਮੈਂ ਹੀਰ ਸਦੀਜੀ, ਨਾ ਹਾਲੇ ਉਹ ਬਣਿਆ ਰਾਂਝਾ। ਕ‌ਿਸਰਾਂ ਜਿ਼ਦਲ ਯਾਰ ਮਨਾਵਾਂ? ਨੱਚ ਕੇ ਯਾਰ ਮਨਾਣਾ ਸੌਖਾ। ਚੇਤਰ ਖਿੜਿਆ ਰੁੱਤ ਨਰੋਈ, ਮਨ ਦਾ ਫ਼ਿਰ ਵੀ ਤਾਪ ਨਾ ਲੱਥਾ। ਦਿਲ ਰੁੱਤਾਂ ਦਾ ਪੱਕਾ ਹਾਣੀ, ਸਦਾ ਜੋ ਨਾਲ਼ ਹਨ੍ਹੇਰੇ ਲੜਿਆ। ਕੰਧ ਆਸਾਂ ਦੀ ਢੈਹ ਨਾ ਜਾਵੇ, ਸੁਗ਼ਰਾ ਦਿਲ ਦੁਆਵਾਂ ਮੰਗਦਾ।

ਮਰਨ ਤੋਂ ਪਹਿਲਾਂ ਮਰ ਨਾ ਹੋਵੇ

ਮਰਨ ਤੋਂ ਪਹਿਲਾਂ ਮਰ ਨਾ ਹੋਵੇ। ਇਹ ਔਖਾ ਕੰਮ ਕਰ ਨਾ ਹੋਵੇ। ਇਸ਼ਕ ਦੇ ਹੜ੍ਹ 'ਚ ਮੈਂ ਇੰਝ ਡੱਬੀ, ਡੁੱਬਦੀ ਜਾਵਾਂ ਤੱਰ ਨਾ ਹੋਵੇ। ਏਸ ਲਈ ਉਹ ਮੈਥੋਂ ਰਿੰਜ ਏ, ਮੇਰੇ ਕੋਲੋਂ ਡਰ ਨਾ ਹੋਵੇ। ਨਿੱਕੇ ਵੀ ਨਹੀਂ ਕਾਬੂ ਆਂਦੇ, ਜੇ ਵੱਡਿਆਂ ਦਾ ਡਰ ਨਾ ਹੋਵੇ। ਉਹਦੀ ਸੂਰਤ ਦਿਸਦੀ ਨਾਹੀਂ, ਜਿਸਦੀ ਦੂਰੀ ਜਰ ਨਾ ਹੋਵੇ। ਬਿੱਟ ਬਿੱਟ ਤੱਕਾਂ ਕਰਮ ਦਾ ਬੂਹਾ, ਸੱਖਣੀ ਝੋਲ਼ੀ ਭਰ ਨਾ ਹੋਵੇ। ਖ਼ਾਬ ਨਿਮਾਣੇ ਨਹੀਂ ਆਂਦੇ, ਸ਼ਾਲਾ ਖ਼ਾਲੀ ਘਰ ਨਾ ਹੋਵੇ। ਤੇਰੇ ਹੁੰਦੀਆਂ ਜੀਵਨ ਬਾਜ਼ੀ, ਕਦੀ ਵੀ ਮੈਥੋਂ ਹਰ ਨਾ ਹੋਵੇ। ਰੀਝ ਦਾ ਚਾਨਣ ਵੰਡਦਾ ਦੀਵਾ, ਆਸ ਬਨੇਰੇ ਧਰ ਨਾ ਹੋਵੇ। ਯਾਰ ਦੇ ਸੁਫ਼ਨੇ ਬਾਝੋਂ ਸੁਗ਼ਰਾ, ਰਾਤ ਦਾ ਪੈਂਡਾ ਸਿਰ ਨਾ ਹੋਵੇ।

ਆਸ ਦਾ ਦੀਵਾ ਬਾਲ ਵੇ ਮਾਹੀ

ਆਸ ਦਾ ਦੀਵਾ ਬਾਲ ਵੇ ਮਾਹੀ। ਡਾਢਾ ਮੰਦੜਾ ਹਾਲ ਵੇ ਮਾਹੀ। ਜਦ ਦੁੱਖਾਂ ਨੇ ਧਰਨਾ ਦਿੱਤਾ, ਤੂੰ ਨਾ ਬੈਠੋਂ ਨਾਲ਼ ਵੇ ਮਾਹੀ। ਤੇਰੇ ਬਾਝੋਂ ਲੰਘ ਈ ਗਏ ਨੇਂ, ਸਦੀਆਂ ਵਰਗੇ ਸਾਲ ਵੇ ਮਾਹੀ। ਬਾਂਝ ਪਰਾਂ ਦੇ ਉੱਡਦੀ ਪਈ ਆਂ, ਇਸ਼ਕ ਦਾ ਉੱਚ ਕਮਾਲ ਵੇ ਮਾਹੀ। ਇਸ਼ਕ ਨੂੰ ਲੂੰ ਲੂੰ ਵਿਚ ਵਸਾ ਕੇ, ਥੀਵਾਂ ਸਦਾ ਨਿਹਾਲ ਵੇ ਮਾਹੀ। ਹਿਜਰ ਦੇ ਖਾਰੇ ਪਾਣੀ ਮੇਰੀ, ਜਿੰਦੜੀ ਦਿੱਤੀ ਗਾਲ਼ ਵੇ ਮਾਹੀ। ਮੇਰੇ ਜਿਹੀ ਵੀ ਕੋਈ ਨਹੀਂ ਉਥੇ, ਤੂੰ ਵੀ ਬੇਮਿਸਾਲ ਵੇ ਮਾਹੀ। ਆਪਣੇ ਗੁਣ ਤੇ ਨਾਜ਼ ਕਰਾਂ ਮੈਂ, ਮੇਰੀ ਕਦੋਂ ਮਜਾਲ ਵੇ ਮਾਹੀ? ਤੂੰ ਤੇ ਮੈਂ ਅੱਜ ਵੱਖ ਖਲੋਤੇ, ਵੇਲੇ ਚਲੀ ਚਾਲ ਵੇ ਮਾਹੀ। ਵਿੱਚ ਦਲੀਜਾਂ ਬੈਠੀ ਦੇ ਤੱਕ, ਬੱਗੇ ਹੋ ਗਏ ਵਾਲ਼ ਵੇ ਮਾਹੀ। ਰਾਤ ਹਿਜਰ ਦੀ ਕਾਲਮ ਕਾਲ਼ੀ, ਚੰਨ ਜਿਹਾ ਮੁੱਖ ਵਿਖਾਲ ਵੇ ਮਾਹੀ। ਸੁਗ਼ਰਾ ਸੱਦਫ਼ ਫ਼ਕੀਰ ਨਿਮਾਣੀ, ਲੱਗੀਆਂ ਦੀ ਲੱਜ ਪਾਲ਼ ਵੇ ਮਾਹੀ।

ਸ਼ੱਕ ਦੀ ਕੰਧ ਨੂੰ ਢਾ ਨਾ ਦਈਏ

ਸ਼ੱਕ ਦੀ ਕੰਧ ਨੂੰ ਢਾ ਨਾ ਦਈਏ। ਮੁੱਕਦੀ ਗੱਲ ਮੁਕਾ ਨਾ ਦਈਏ। ਜਿਥੇ ਇਸ਼ਕ ਨੇ ਡੇਰਾ ਲਾਇਆ, ਓਥੇ ਸੀਸ ਨਿਵਾ ਨਾ ਦਈਏ। ਰੰਗ ਉਡਾਈਏ ਮਾਰ ਕੇ ਅੱਡੀ, ਅੱਜ ਫ਼ਿਰ ਅੰਨ੍ਹੀ ਪਾ ਨਾ ਦਈਏ। ਜਿਥੋਂ ਕੋਈ ਨਹੀਂ ਖ਼ਾਲੀ ਮੁੜਿਆ, ਉਹ ਕੁੰਡੀ ਖੜਕਾ ਨਾ ਦਈਏ। ਨਿਆਂ ਨਹੀਂ ਦੇਣਾ ਸ਼ਾਹ ਨੇ ਭਾਵੇਂ, ਪਰ ਜ਼ੰਜ਼ੀਰ ਹਿਲਾ ਨਾ ਦਈਏ। ਮਾੜੇ ਮਹਾਤੜ ਲਾ ਕੇ ਸੀਨੇ, ਮਾੜੇ ਨੂੰ ਵਡਿਆ ਨਾ ਦਈਏ। ਨਵੀਂ ਹਯਾਤੀ ਦਾ ਮੁੱਢ ਬੰਨ੍ਹੀਏ, ਲੰਘਿਆ ਸਮਾਂ ਭੁਲਾ ਨਾ ਦਈਏ। ਇਸ਼ਕ ਨੇ ਦਿੱਤੀਆਂ ਨਵੀਆਂ ਪੀੜਾਂ, ਪਿਸ਼ਲੇ ਦਰਦ ਭੁਲਾ ਨਾ ਦਈਏ। ਇਸ਼ਕ ਦੀਦਾਰ ਹੁਸਨ ਦਾ ਮੰਗੇ, ਘੁੰਢ ਜ਼ਰਾ ਸਰਕਾ ਨਾ ਦਈਏ। ਮਹਿਫ਼ਲ ਵਿੱਚ ਵਾਹ ਵਾਹ ਪਈ ਹੋਵੇ, ਅੱਜ ਉਹ ਸ਼ਿਅਰ ਸੁਣਾ ਨਾ ਦਈਏ। ਮੰਨਿਆ ਕੌਲ ਨਿਭਾਣੇ ਔਖੇ, ਕੀਤੇ ਕੌਲ ਨਿਭਾ ਨਾ ਦਈਏ। ਸੁਗ਼ਰਾ ਸੱਦਫ਼ ਦੀ ਗ਼ਜ਼ਲ ਸੁਣਾ ਕੇ, ਸੁੱਤਿਆਂ ਤੀਕ ਜਗਾ ਨਾ ਦਈਏ। ਸੁਗ਼ਰਾ ਦਿਲ ਵਿਚ ਕਬਰ ਬਣਾ ਕੇ, ਹਰ ਦੁਖੜਾ ਦਫ਼ਨਾ ਨਾ ਦਈਏ।

ਹਰ ਸੂਰਤ ਵਡਿਆ ਦਿੱਤੀ ਏ

ਹਰ ਸੂਰਤ ਵਡਿਆ ਦਿੱਤੀ ਏ। ਆਪਣੀ ਜ਼ਾਤ ਨਿਵਾ ਦਿੱਤੀ ਏ। ਬੂਹਾ ਢੋ ਕੇ ਬੈਠਾ ਸੀ, ਮੈਂ ਕੁੰਡੀ ਖੜਕਾ ਦਿੱਤੀ ਏ। ਇੰਜ ਹਨ੍ਹੇਰੇ ਚੋਂ ਲੌ ਫੁੱਟੀ, ਮਾਂ ਨੇ ਜਿਵੇਂ ਦੁਆ ਦਿੱਤੀ ਏ। ਅੱਖ ਦਰਸ਼ਨ ਦੀਦਾਰ ਸੀ ਮੰਗਦੀ, ਵਿਚਲੀ ਕੰਧ ਮੈਂ ਢਾ ਦਿੱਤੀ ਏ। ਉਹਨੇ ਦਿਲ ਕੀ ਮੰਗਿਆ ਮੈਥੋਂ, ਮੈਂ ਜਿੰਦ ਜਾਨ ਲੁਟਾ ਦਿੱਤੀ ਏ। ਇਸ਼ਕ ਚ ਕਮਲੇ ਝੱਲੇ ਜੱਟ ਨੂੰ, ਚੂਰੀ ਹੀਰ ਖਵਾ ਦਿੱਤੀ ਏ। ਚੁੰਨੀ ਨੂੰ ਪ੍ਰਚਮ ਚਾ ਕੀਤਾ, ਵੰਗ ਨਾਲ਼ ਵੰਗ ਵਜਾ ਦਿੱਤੀ ਏ। ਮੈਂ ਹਰ ਇਕ ਦੇ ਕੰਮ ਆਨੀ ਆਂ, ਇਹ ਤੌਫ਼ੀਕ ਖ਼ੁਦਾ ਦਿੱਤੀ ਏ। ਮੈਨੂੰ ਸਭ ਕੁੱਝ ਯਾਦ ਏ ਸੁਗ਼ਰਾ, ਉਸ ਹਰ ਗਿੱਲ ਭੁਲਾ ਦਿੱਤੀ ਏ।

ਆਸ ਦੀ ਝੋਲ਼ੀ ਭਰਦੇ ਹਾਂ

ਆਸ ਦੀ ਝੋਲ਼ੀ ਭਰਦੇ ਹਾਂ। ਮੈਨੂੰ ਉਹਦਾ ਕਰਦੇ ਹਾਂ। ਰੱਜ ਕੇ ਰੋਣਾ ਚਾਹਨੀ ਆਂ, ਅੱਖੀਂ ਬੱਦਲ ਧਰ ਦੇ ਹਾਂ। ਅਰਸ਼ ਤੇ ਜਾ ਦੀਦਾਰ ਕਰਾਂ। ਇਸ ਬੇ ਪੱਰ ਨੂੰ ਪੱਰ ਦੇ ਹਾਂ। ਜੋ ਸੁਫ਼ਨੇ ਵਿਚ ਤੱਕਨੀ ਆਂ, ਸਗਵਾਂ ਉਹੋ ਘਰ ਦੇ ਹਾਂ। ਸੁਗ਼ਰਾ ਦੁਨੀਆ ਹਰ ਦਿੱਤੀ ਏ, ਕੁੱਝ ਤੇ ਉਹ ਵੀ ਹਰ ਦੇ ਹਾਂ।

ਦਮ ਦਮ ਇਸ਼ਕ ਧਮਾਲਾਂ ਪਾਵੇ

ਦਮ ਦਮ ਇਸ਼ਕ ਧਮਾਲਾਂ ਪਾਵੇ, ਚੇਲਾ ਮਸਤ ਕਲੰਦਰ ਦਾ। ਉਹ ਕੀ ਭੇਤ ਜ਼ਾਹਿਰ ਦਾ ਜਾਣੇ, ਜਾਣੂ ਨਹੀਂ ਜੋ ਅੰਦਰ ਦਾ। ਆਪਣੇ ਸੀਨੇ ਵਿੱਚ ਲੁਕਾਵੇ ਸੱਭੇ ਦੁੱਖ ਦਰਿਆਵਾਂ ਦੇ, ਤੱਕ ਬੰਦਿਆ ਜੀਦਾਰੀ ਉਸਦੀ, ਜਿਗਰਾ ਵੇਖ ਸਮੁੰਦਰ ਦਾ। ਮੇਰੇ ਘਾਟੇ ਤੇ ਵਾਧੇ ਦਾ ਜਿਹਨੂੰ ਭੋਰਾ ਪਾਸ ਨਹੀਂ, ਵਾਹ ਤਕਦੀਰੇ ਮਾਲਿਕ ਬਣਿਆ ਉਹ ਮੇਰੇ ਮਨ ਮੰਦਰ ਦਾ। ਧਰਤੀ ਦੀ ਹਿੱਕ ਉਤੇ ਪੈਂਦਾਏ ਜਦ ਪ੍ਰਛਾਂਵਾਂ ਅੰਬਰ ਦਾ, ਸਾਰਾ ਜੁੱਸਾ ਦਿਲ ਬਣ ਜਾਂਦਾਏ ਵੇਖ ਕੇ ਮੁੱਖ ਦਸੰਬਰ ਦਾ। ਉਹਦੇ ਨਾਂ ਦੇ ਨਿੱਤ ਸੁਨੇਹੜੇ ਹੱਥ ਹਵਾਵਾਂ ਘਲਨੀ ਆਂ, ਖ਼ੋਰੇ ਕਿਧਰੋਂ ਲੱਭੇ ਮੈਨੂੰ ਆਲ ਦੁਆਲਾ ਦਿਲਬਰ ਦਾ। ਉਹਦੇ ਮਿੱਥੇ ਤੇ ਲਿਖਿਆ ਏ ਸਭਨਾਂ ਲਈ ਜੀ ਆਇਆਂ ਨੂੰ, ਮੇਰੇ ਲਈ ਅੱਜ ਤੱਕ ਨਾ ਖੁੱਲਿਆ ਬੂਹਾ ਓਸ ਮੁਕੱਦਰ ਦਾ।

ਪਾਈਏ ਇਸ਼ਕ ਧਮਾਲ ਵੇ ਸਾਈਆਂ

ਪਾਈਏ ਇਸ਼ਕ ਧਮਾਲ ਵੇ ਸਾਈਆਂ। ਤੂੰ ਸੁਰ ਤੇ ਮੈਂ ਤਾਲ ਵੇ ਸਾਈਆਂ। ਸੜਦੀ ਬਲਦੀ ਰੂਹ ਪਈ ਮੰਗੇ, ਸੱਚੇ ਪ੍ਰੇਮ ਦੀ ਸ਼ਾਲ ਵੇ ਸਾਈਆਂ। ਇਸ਼ਕ ਦੇ ਪੈਂਡੇ ਟੁਰਦੇ ਰਾਹੀ, ਡਿੱਗਿਆਂ ਤੀਕ ਸੰਭਾਲ਼ ਵੇ ਸਾਈਆਂ। ਕਿਸੇ ਨਹੀਂ ਅੱਖੀਆਂ ਵਿਚੋਂ ਪੜ੍ਹਿਆ, ਮੇਰੇ ਦਿਲ ਦਾ ਹਾਲ ਵੇ ਸਾਈਆਂ। ਤੇਰੀ ਅੱਖ ਖ਼ਜ਼ਾਨੇ ਵੰਡੇ, ਖ਼ਾਲੀ ਦਿਲ ਦਾ ਥਾਲ ਵੇ ਸਾਈਆਂ। ਸੁੱਖ ਦੀ ਦਮੜੀ ਹੱਥ ਨਾ ਲੱਗੀ, ਹੋ ਗਈ ਜਿੰਦ ਕੰਗਾਲ ਵੇ ਸਾਈਆਂ। ਤੇਰੀ ਅੱਖ ਦੇ ਇੱਕ ਇਸ਼ਾਰੇ, ਉਣਿਆ ਸਾਰਾ ਜਾਲ਼ ਵੇ ਸਾਈਆਂ। ਤੂੰ ਜਦ ਵਰ ਜਵਾਬ ਨਾ ਦਿੱਤਾ, ਹੋ ਗਏ ਚੁੱਪ ਸਵਾਲ ਵੇ ਸਾਈਆਂ। ਕੋਈ ਅੱਖ ਨਹੀਂ ਜੁਰਅਤ ਕਰਦੀ, ਤੂੰ ਹੋਵੇਂ ਜੇ ਨਾਲ਼ ਵੇ ਸਾਈਆਂ।

ਦੁਨੀਆ ਹੱਥੋਂ ਡੰਗੀ ਮੈਂ

ਦੁਨੀਆ ਹੱਥੋਂ ਡੰਗੀ ਮੈਂ। ਲੱਭਾਂ ਇਸ਼ਕ ਦੀ ਝੰਗੀ ਮੈਂ। ਡੋਲੀ ਬੈਠੀ ਹੋਰ ਕਿਸੇ ਦੀ, ਹੋਰ ਕਿਸੇ ਨਾਲ਼ ਮੰਗੀ ਮੈਂ। ਚੇਤੇ ਕਰ ਕਰ ਉਹਦਾ ਤੱਕਣਾ, ਆਪਣੇ ਆਪ ਤੋਂ ਸੰਗੀ ਮੈਂ। ਉਹਦੀ ਅੱਖ ਜੇ ਸਾਂਭ ਲਵੇ ਤੇ, ਸਾਰੇ ਜੱਗ ਤੋਂ ਚੰਗੀ ਮੈਂ। ਦਿਲ ਦੀ ਕੰਧ ਤੇ ਦੱਸੋ ਹਾਂ, ਕਿਹੜੀ ਮੂਰਤ ਟੰਗੀ ਮੈਂ। ਟੁਰ ਪਈ ਉਹਦੇ ਨਾਂ ਦੀ ਲੈ ਕੇ, ਇੱਕ ਚੁੰਨੀ ਸਤਰੰਗੀ ਮੈਂ। ਜੀਵਨ ਰਾਹ ਕੰਡਿਆਰਾ ਏ, ਹਾਏ ਪੈਰੋਂ ਨੰਗੀ ਮੈਂ। ਰਾਹੇ ਛੱਡ ਗਿਆਂ ਨੂੰ ਦੱਸਾਂ, ਅੱਜ ਹਾਂ ਆਪਣੀ ਸੰਗੀ ਮੈਂ। ਜੁੱਸੇ ਨੀਲ ਤੇ ਪੈਣੇ ਸਨ, ਇਸ਼ਕ ਦੇ ਨਾਗ ਦੀ ਡੰਗੀ ਮੈਂ। ਸੁਗ਼ਰਾ ਸਭ ਕੁਝ ਹੁੰਦੀਆਂ ਵੀ, ਫ਼ਿਰ ਕਿਉਂ ਭੋਗੀ ਤੰਗੀ ਮੈਂ। *** ਮੈਂ ਹਾਂ ਸੋਹਣੀ ਵੇਲੇ ਦੀ, ਦਰਦ ਚੰਨ੍ਹਾਂ ਚੋਂ ਲੰਘੀ ਮੈਂ। ਜਦ ਦੀ ਉਹਨੇ ਜ਼ੁਲਫ਼ ਸੰਵਾਰੀ, ਫ਼ਿਰ ਨਾ ਕੀਤੀ ਕੰਘੀ ਮੈਂ। ***

ਹੰਝੂਵਾਂ ਦੀ ਤਸਬੀ ਵਿੱਚ ਦੁੱਖ ਪਰੋਏ ਸਨ

ਹੰਝੂਵਾਂ ਦੀ ਤਸਬੀ ਵਿੱਚ ਦੁੱਖ ਪਰੋਏ ਸਨ। ਤਾਹੀਓਂ ਮੇਰੇ ਸੁਫ਼ਨੇ ਸਿਲ੍ਹੇ ਹੋਏ ਸਨ। ਅੱਧੀ ਰਾਤੀਂ ਚਾਨਣੀ ਅੰਦਰ ਦੋ ਪ੍ਰਛਾਂਵੇਂ, ਇੱਕ ਦੂਜੇ ਦੇ ਗਲ ਨਾਲ਼ ਲੱਗ ਕੇ ਰੋਏ ਸਨ। ਹਿੱਜਰਾਂ ਪਾਰੋਂ ਝੱਲੀ ਹੋਈ ਫਿਰਦੀ ਸਾਂ, ਤਾਂਘ ਤੇਰੀ ਵਿਚ ਖੂਹ ਨੈਣਾਂ ਦੇ ਜੂਏ ਸਨ। ਭਾਂਵੇਂ ਰੱਜ ਕੇ ਰੋਲਿਆ ਸਾਨੂੰ ਵੇਲੇ ਨੇ, ਫ਼ਿਰ ਵੀ ਸਾਡੇ ਜਜ਼ਬੇ ਨਵੇਂ ਨਰੋਏ ਸਨ। ਅਸੀਂ ਤੇ ਯਾਰ ਦੀ ਪੂਜਾ ਕੀਤੀ ਸਾਹਵਾਂ ਨਾਲ਼, ਉਹਦੇ ਭਾਰ ਵੀ ਆਪਣੇ ਸਿਰ ਤੇ ਢੋਏ ਸਨ। ਕਿੰਨੇ ਕਲੀਆਂ ਪੈਰਾਂ ਹੇਠਾਂ ਮਿੱਧ ਛੱਡੀਆਂ, ਕਿੰਨੇ ਕੰਡਿਆਂ ਵਿਚ ਗੁਲਾਬ ਪਰੋਏ ਸਨ। ਇਸ਼ਕ ਜਿਨ੍ਹਾਂ ਦੇ ਲੂੰ ਲੂੰ ਰਚਿਆ ਸੁਗ਼ਰਾ ਜੀ, ਵੇਲੇ ਹੱਥੋਂ ਮਰ ਕੇ ਵੀ ਕਦ ਮੋਏ ਸਨ।

ਬੂਹਾ ਹੋੜ ਕੇ ਹੱਸੀ ਜਾਂਦੇ

ਬੂਹਾ ਹੋੜ ਕੇ ਹੱਸੀ ਜਾਂਦੇ। ਆਸਾਂ ਤੋੜ ਕੇ ਹੱਸੀ ਜਾਂਦੇ। ਜਿਨ੍ਹਾਂ ਨੂੰ ਮੈਂ ਰੱਤ ਪਿਆਈ, ਰੱਤ ਨਿਚੋੜ ਕੇ ਹੱਸੀ ਜਾਂਦੇ। ਜਿਹੜੇ ਬਾਗ਼ ਦੇ ਰਾਖੇ, ਉਹੋ, ਫੁੱਲ ਤਰੋੜ ਕੇ ਹੱਸੀ ਜਾਂਦੇ। ਸਹਿਮੀ ਹੋਈ ਮਖ਼ਲੂਕ ਨੂੰ 'ਡਰ' ਦਾ, ਜਿੰਨ ਚਮੋੜ ਕੇ ਹੱਸੀ ਜਾਂਦੇ। ਯਾਰ ਮਿਲਾ ਨਹੀਂ ਸਕਦੇ ਜਿਹੜੇ, ਯਾਰ ਵਿਛੋੜ ਕੇ ਹੱਸੀ ਜਾਂਦੇ। ਸਾਵੇਂ ਬਹਿ ਕੇ ਰੋਵਣ ਵਾਲੇ, ਮੁੱਖੜਾ ਮੋੜ ਕੇ ਹੱਸੀ ਜਾਂਦੇ। ਪਾਇਆ ਨ੍ਹੇਰ ਮਲਾਹਵਾਂ ਸੁਗ਼ਰਾ, ਬੇੜੀ ਬੋੜ ਕੇ ਹੱਸੀ ਜਾਂਦੇ।

ਭਾਗ ਜਗਾ ਕੇ ਤੱਕ ਲੈਨੇ ਆਂ

ਭਾਗ ਜਗਾ ਕੇ ਤੱਕ ਲੈਨੇ ਆਂ। ਲੇਖ ਅਜ਼ਮਾ ਕੇ ਤੱਕ ਲੈਨੇ ਆਂ। ਤੱਸਾ ਸੂਰਜ ਡੁੱਬ ਚਲਿਆ ਏ, ਦੇਂਹ ਉਲਟਾ ਕੇ ਤੱਕ ਲੈਨੇ ਆਂ। ਵੇਖੋ ਜਾਗ ਪਵੇ ਜੇ ਕੋਈ, ਰੌਲ਼ਾ ਪਾ ਕੇ ਤੱਕ ਲੈਨੇ ਆਂ। ਖ਼ਵਰੇ ਨਵੀਂ ਕਹਾਣੀ ਪੁੰਗਰੇ, ਸ਼ਿਅਰ ਸੁਣਾ ਕੇ ਤੱਕ ਲੈਨੇ ਆਂ। ਇੱਕ ਦੂਜੇ ਨੂੰ ਘੱਲੇ ਹੋਏ, ਖ਼ਤ ਮੰਗਵਾ ਕੇ ਤੱਕ ਲੈਨੇ ਆਂ। ਅੱਜ ਘੜੀ ਨੂੰ ਦੇ ਕੇ ਚਾਬੀ, ਵਕਤ ਮਨਾ ਕੇ ਤੱਕ ਲੈਨੇ ਆਂ। ਮਾਜ਼ੀ ਦੇ ਪ੍ਰਛਾਂਵੇਂ ਪਿੱਛੇ, ਝੁੰਮਰ ਪਾ ਕੇ ਤੱਕ ਲੈਨੇ ਆਂ। ਸੱਦਫ਼ ਪੁਰਾਣੇ ਦੁੱਖਾਂ ਨੂੰ ਅੱਜ, ਫ਼ਿਰ ਦਫ਼ਨਾ ਕੇ ਤੱਕ ਲੈਨੇ ਆਂ।

ਦੋ ਸ਼ਿਅਰ

ਚਾਰ ਦਿਨਾਂ ਦੇ ਦੁੱਖ ਵਿਚ ਜਿਹੜਾ ਯਾਰ ਗਿਆ ਘਬਰਾ। ਵੇਲਿਆ ਉਹਦੇ ਨਾਂ ਦੀ ਮੁੰਦਰੀ ਚੀਚੀ ਵਿਚ ਨਾ ਪਾ। ਪੱਟੀ ਅੱਖਾਂ ਉਤੇ ਬਨ੍ਹ ਕੇ ਇਕ ਦੂਜੇ ਨੂੰ ਲਭੀਏ, ਦਿਲ ਆਖੇ ਕਿ ਬਾਲਪੰਨੇ ਦੀਆਂ ਖੇਡਾਂ ਫ਼ੇਰ ਖਡ਼ਾ।

ਖੋ ਕੇ ਲੈ ਗਿਆ ਰੰਗ ਅਸਾਡੇ

ਖੋ ਕੇ ਲੈ ਗਿਆ ਰੰਗ ਅਸਾਡੇ ਇੱਕ ਬੁੱਕਲ਼ ਦਾ ਚੋਰ। ਹੰਝੂਵਾਂ ਦੇ ਨਾਲ਼ ਭਿੱਜ ਗਈ ਮੇਰੀ ਚੁੰਨੀ ਨਵੀਂ ਨਕੋਰ। ਕੈਦੋ ਵੇਲੇ ਦਾ ਸ਼ੈਤਾਨ ਏ ਮਾਏ ਉਹਦੀ ਨਾ ਮੰਨ, ਮੈਂ ਅਜ਼ਲਾਂ ਤੋਂ ਮੰਗ ਰਾਂਝੇ ਦੀ ਖੇੜਿਆਂ ਨਾਲ਼ ਨਾ ਟੋਰ। ਆਪੇ ਕਾਗ਼ਜ਼ ਆਪ ਕਲਮ ਤੇ ਆਪੇ ਬਣੇ ਦਵਾਤ, ਆਪੇ ਤੁਨਕਾ, ਆਪ ਤਨਾਵਾਂ, ਆਪੇ ਖਿਚੇ ਡੋਰ। ਉਹਦੇ ਮੇਲ ਦੇ ਮੌਸਮ ਉਤੋਂ ਲੱਖ ਬਹਾਰਾਂ ਸਦਕੇ, ਮੈਨੂੰ ਬਹਿਣ ਖਲੋਣ ਨਾ ਦੇਂਦਾ ਮਨ ਵਿਚ ਨੱਚਦਾ ਮੋਰ। ਆਪੇ ਵਾਜ ਏ, ਆਪ ਈ ਚੁੱਪ ਏ, ਆਪੇ ਈ ਸਭ ਅੱਖਰ, ਆਪੇ ਹੂ ਦੀ ਖੇਡ ਰਚਾਵੇ, ਆਪੇ ਪਾਵੇ ਸ਼ੋਰ। ਆਪੇ ਸੁਗ਼ਰਾ ਆਪ ਸੱਦਫ਼ ਏ ਮੈਂ ਨਾਹੀਂ ਸਭ ਤੂੰ, ਤੂੰ ਈ ਅੱਖਾਂ ਅੰਦਰ ਚਮਕੇਂ ਤੂੰ ਈ ਹੂ ਦਾ ਜ਼ੋਰ।

ਤੇਰੇ ਨਾਂ ਦਾ ਚੰਨ ਚੜ੍ਹਾਵਾਂ

ਤੇਰੇ ਨਾਂ ਦਾ ਚੰਨ ਚੜ੍ਹਾਵਾਂ ਸੋਚਨੀ ਆਂ। ਫ਼ਿਰ ਓਸ ਚੰਨ ਨੂੰ ਅੱਖ ਸੋਚਨੀ ਆਂ। ਬਾਲਪੰਣੇ ਦੀਆਂ ਸੱਧਰਾਂ ਕੁੱਛੜ ਚਾ ਕੇ ਤੇ, ਰੁੱਸਿਆ ਵੇਲ਼ਾ ਮੋੜ ਲਿਆਵਾਂ ਸੋਚਨੀ ਆਂ। ਮਾਹੀਏ, ਟੱਪੇ, ਕਿੱਕਲੀ, ਗੀਤ ਮੁਹੱਬਤ ਦੇ, ਸਖੀਆਂ ਨਾਲ਼ ਮੈਂ ਝੂਮਰ ਪਾਵਾਂ ਸੋਚਨੀ ਆਂ। ਸੋਚਦੀ ਪਈ ਆਂ ਕਿੱਥੇ ਬੋੜ੍ਹ ਗਵਾਚੇ ਨੇਂ? ਲੱਭ ਜਾਵਣ ਤੇ ਪੀਂਘਾਂ ਪਾਵਾਂ ਸੋਚਨੀ ਆਂ। ਹਿੱਜਰਾਂ ਦੀ ਧੁੱਪ ਅੰਦਰ ਸੜਦੀ, ਤੱਤੜੀ ਮੈਂ, ਵਸਲ ਤੇਰੇ ਦੀਆਂ ਠੰਢੀਆਂ ਛਾਵਾਂ ਸੋਚਨੀ ਆਂ। ਵਾਂਗ ਕਪਾਹਵਾਂ ਖਿੜ ਪਏ ਮੇਰੇ ਅੰਦਰ ਦੁੱਖ, ਇਨ੍ਹਾਂ ਨਾਲ਼ ਮੈਂ ਕਿਵੇਂ ਨਿਭਾਵਾਂ ਸੋਚਨੀ ਆਂ। ਜੇ ਲੱਭ ਜਾਣ ਗਵਾਚੇ ਸੁਫ਼ਨੇ ਰਾਹਵਾਂ ਚੋਂ, ਉਨ੍ਹਾਂ ਦੀ ਤਆਬੀਰ ਬਣਾਵਾਂ ਸੋਚਣੀ ਆਂ। ਸੁਗ਼ਰਾ ਮਿਸਰੇ ਬਣ ਦੇ ਜਾਂਦੇ ਗ਼ਜ਼ਲਾਂ ਦੇ, ਦੁੱਖੜੇ, ਯਾਦਾਂ, ਹੰਝੂ, ਹਾਵਾਂ ਸੋਚਨੀ ਆਂ।

ਸੋਚਦੀ ਕੰਧੋਂ ਯਾਦਾਂ ਵਾਲਾ ਰੰਗ

ਸੋਚਦੀ ਕੰਧੋਂ ਯਾਦਾਂ ਵਾਲਾ ਰੰਗ ਲਹਵੇ ਤੇ ਮੰਨਾਂ। ਮਤਲਬ ਫ਼ਿਕਰਾਂ ਵਾਲਾ ਗੁੰਬਦ ਆਣ ਢਵੇ ਤੇ ਮੰਨਾਂ। ਮੇਰੇ ਕੋਲੋਂ ਜਿਹੜੀ ਉਹਦੇ ਸਾਹਵੇਂ ਆਖ ਨਾ ਹੋਈ, ਉਹ ਗਲ ਸੋਹਣਾ ਆਪਣੇ ਮੂੰਹੋਂ ਆਪ ਕਹਵੇ ਤੇ ਮੰਨਾਂ। ਅੱਚਨਚੇਤੀ ਆਣ ਮਿਲੇ ਉਹ ਮਨ ਵਿਚ ਵੱਸਣ ਵਾਲਾ, ਆਖ਼ਰੀ ਸਾਹਵਾਂ ਤੀਕਰ ਮੇਰੇ ਕੋਲ਼ ਰਹਵੇ ਤੇ ਮੰਨਾਂ। ਜੱਗ ਨੇ ਜਿਹੜੇ ਦੁੱਖ ਦਿੱਤੇ ਨੇਂ ਉਹਦੇ ਪਿਆਰ ਚ ਮੈਨੂੰ, ਉਹ ਦੁੱਖ ਸਾਰੇ ਸੱਜਣ ਪਿਆਰਾ ਰਲ ਸਹਵੇ ਤੇ ਮੰਨਾਂ। ਜਿਹਦੀਆਂ ਰਾਹਵਾਂ ਤੱਕਦੀ ਤੱਕਦੀ ਰੋਹੀ ਦਾ ਰੁੱਖ ਹੋਈ, ਦੋ ਘੜੀਆਂ ਉਹ ਮੇਰੀ ਛਾਵੇਂ ਆਣ ਬਹਵੇ ਤੇ ਮੰਨਾਂ। ਕਿਉਂ ਸਮਿਆਂ ਦੇ ਭਾਂਬੜ ਮੇਰੀ ਧਰਤੀ ਸਾੜੀ ਜਾਂਦੇ, ਸੋਚਦੀ ਚੁੰਨੀ ਸੂਲਾਂ ਅੰਦਰ ਆਣ ਖਹਵੇ ਤੇ ਮੰਨਾਂ। ਜਿੰਨੀ ਜਿੰਨੀ ਢਾਵਾਂ ਓਨੀ ਓਨੀ ਜਾਵੇ ਉਸਰੀ, ਔਨਰ ਜਾਣੀ ਇਕਲਾਪੇ ਦੀ ਕੰਧ ਢਹਵੇ ਤੇ ਮੰਨਾਂ।

ਅੱਚਨਚੇਤੇ ਯਾਰ ਮਿਲੇ ਤੇ

ਅੱਚਨਚੇਤੇ ਯਾਰ ਮਿਲੇ ਤੇ ਇੰਝ ਮੈਂ ਜਸ਼ਨ ਮੰਨਾਵਾਂ। ਚੁੱਪ ਦੀ ਬੁੱਕਲ਼ ਲਾਹ ਕੇ ਸੁੱਟਾਂ, ਖੁੱਲ ਕੇ ਲੁਡੀਆਂ ਪਾਵਾਂ। ਜਿਸ ਦਿਨ ਦੁਨੀਆਦਾਰੀ ਸਾਡੇ ਵਿਚੋਂ ਕੂਚ ਕਰੇਗੀ, ਉਸ ਦਿਹਾੜੇ ''ਤੂੰ'' ਤੇ ''ਮੈਂ'' ਦੇ ਸਭੇ ਫ਼ਰਕ ਮਿਟਾਵਾਂ। ਤੇਰੀ ਮੇਰੀ ਪ੍ਰੇਮ ਕਹਾਣੀ ਅੰਬਰੋਂ ਅੱਗੇ ਅਪੜੀ, ਮੈਂ ਤੇਰੀ ਪਹਿਚਾਨ ਅਜ਼ਲ ਤੋਂ, ਤੂੰ ਮੇਰਾ ਪਰਛਾਵਾਂ। ਜੁਗਨੂ ਵਾਂਗੂੰ ਚਮਕਾਂ ਮਾਰਨ ਉਹਦੇ ਨੈਣ ਨੂਰਾਨੀ, ਉਹਦੇ ਆਣ ਤੇ ਚਾਨਣ ਦੀ ਮੈਂ ਰੱਜ ਕੇ ਧੂੜ ਉਡਾਵਾਂ। ਤੂੰ ਬੋਲੇਂ ਤੇ ਆਲ ਦੁਆਲੇ ਸੁਰ ਦੀ ਬਾਰਿਸ਼ ਹੋਵੇ, ਤੂੰ ਵੇਖੇਂ ਤੇ ਅੱਚਨਚੇਤੇ ਹਰ ਥਾਂ ਖਿੜਨ ਦੁਆਵਾਂ। ਕਦੇ ਕਦੇ ਜੀ ਕਰਦਾ ਸੁਗ਼ਰਾ ਉਹਦੇ ਮੁੱਖੜੇ ਉਤੋਂ, ਕਣਕ ਜਿਹਾ ਰੰਗ ਲੈ ਕੇ ਮੈਂ ਇੱਕ ਵੱਖਰਾ ਰੰਗ ਬਣਾਵਾਂ। ٭٭٭ ਤੇਰੇ ਬਾਝੋਂ ਸੁੱਖ ਮਾਣਾਂ ਕਿ ਰੁਲ਼ ਜਾਵਾਂ। ਦੱਸ ਹੁਣ ਤੈਨੂੰ ਯਾਦ ਕਰਾਂ ਕਿ ਭੁੱਲ ਜਾਵਾਂ। ٭٭٭

ਉਹਦੀ ਖ਼ੁਸ਼ਬੂ ਜਦ ਵੀ ਆਵੇ

ਉਹਦੀ ਖ਼ੁਸ਼ਬੂ ਜਦ ਵੀ ਆਵੇ ਦਿਲ ਦੇ ਸੁੰਝੇ ਵਿਹੜੇ। ਰੱਜ ਰੱਜ ਇਸ਼ਕ ਧਮਾਲਾਂ ਪਾਵੇ ਦਿਲ ਦੇ ਸੁੰਝੇ ਵਿਹੜੇ। ਕਾਲੇ ਕਾਗ ਨੂੰ ਚੂਰੀ ਪਾਵਾਂ, ਕੀ ਕੀ ਸ਼ਗਨ ਮਨਾਵਾਂ, ਜੇਕਰ ਉਹ ਤਸ਼ਰੀਫ਼ ਲਿਆਵੇ ਦਿਲ ਦੇ ਸੁੰਝੇ ਵਿਹੜੇ। ਯਾਦਾਂ ਦੀ ਜਦ ਝੁੱਲੇ ਨੇ੍ਰੀ ਕੁਝ ਦਿੱਸੇ ਨਾ ਸੁੱਝੇ, ਵੇਲ਼ਾ ਐਵੇਂ ਧੂੜ ਉਡਾਵੇ ਦਿਲ ਦੇ ਸੁੰਝੇ ਵਿਹੜੇ। ਕੋਈ ਸੱਧਰ ਤੇਰੇ ਬਾਝੋਂ ਬਣੀ ਨਾ ਆਣ ਸਹੇਲੀ, ਗਾਉਣ ਤ੍ਰਿੰਞਣ ਦੇ ਜੋ ਗਾਵੇ ਦਿਲ ਦੇ ਸੁੰਝੇ ਵਿਹੜੇ। ਕੋਈ ਸੁਗ਼ਰਾ ਮੇਰੇ ਵੱਲ ਵੀ ਲੈ ਆਵੇ ਪ੍ਰਭਾਤਾਂ, ਕੋਈ ਰਾਂਝਣ ਮੋੜ ਲਿਆਵੇ ਦਿਲ ਦੇ ਸੁੰਜੇ ਵਿਹੜੇ।

ਐਵੇਂ ਦਿਲ ਤੇ ਲੱਗੇ ਹੋਏ

ਐਵੇਂ ਦਿਲ ਤੇ ਲੱਗੇ ਹੋਏ ਫੱਟ ਵਖਾ ਕੇ ਲੋਕਾਂ ਨੂੰ। ਕੀ ਖੱਟਿਆ ਮੈਂ ਆਪਣੇ ਦਿਲ ਦੇ ਦਰਦ ਸੁਣਾ ਕੇ ਲੋਕਾਂ ਨੂੰ। ਔਖੇ ਵੇਲੇ ਅੱਖ ਚੁਰਾ ਕੇ ਆਪਣੇ ਵੀ ਲੰਘ ਜਾਂਦੇ ਨੇ, ਤੇਰੀ ਕਸਮੇ ਵੇਖ ਲਿਆ ਏ ਮੈਂ ਅਜ਼ਮਾ ਕੇ ਲੋਕਾਂ ਨੂੰ। ਅਜ਼ਲ ਤੋਂ ਉਹੋ ਮੰਨ ਵਿਚ ਵਸਿਆ, ਉਹਦਾ ਨਾਂ ਪਈ ਜਪਨੀ ਆਂ, ਉਹਦਾ ਮੰਨ ਮੈਂ ਰਾਜ਼ੀ ਰੱਖਿਆ, ਨਿੱਤ ਰੁੱਸਾ ਕੇ ਲੋਕਾਂ ਨੂੰ। ਹੀਰਾਂ ਸੱਸੀਆਂ ਸੋਹਣੀਆਂ ਰੁਲੀਆਂ ਪੀ ਪੀ ਮੋਹਰੇ ਹਿੱਜਰਾਂ ਦੇ, ਕੀ ਲੱਭਾ ਏ ਇਸ਼ਕੇ ਵਿਚ ਡਫੇੜੇ ਪਾ ਕੇ ਲੋਕਾਂ ਨੂੰ। ਤੂੰ ਜੇ ਮਿਲ ਜਾਵੇਂ ਤੇ ਸਾਨੂੰ ਕਾਹਦੀ ਲੋੜ ਏ ਦੁਨੀਆ ਦੀ, ਆਪਾਂ ਦੋਵੇਂ ਜੀ ਲਾਂਗੇ ਫ਼ਿਰ ਛੱਡ ਛੁਡਾ ਕੇ ਲੋਕਾਂ ਨੂੰ। ਗ਼ਰਜ਼ਾਂ ਵਾਲਾ ਭਾਂਬੜ ਵੇਖੋ ਲੋਭ ਨੇ ਕਿੰਜ ਧੁਖਾਇਆ ਏ, ਲੋਕੀ ਪੂਜੀ ਜਾਂਦੇ ਕਿਵੇਂ ਬੁੱਤ ਬਣਾ ਕੇ ਲੋਕਾਂ ਨੂੰ। ਸੁਗ਼ਰਾ ਅੱਖਰ ਨੀਲੇ ਪੇ ਗਏ ਗ਼ਜ਼ਲਾਂ ਨੇ ਵਿਸ ਘੋਲਦੀਆਂ, ਲੋਕੀ ਕਿਸਰਾਂ ਸੌਂ ਜਾਂਦੇ ਨੇਂ ਜ਼ਹਿਰ ਪਿਆ ਕੇ ਲੋਕਾਂ ਨੂੰ। ٭٭٭ ਜ਼ੁਲਮ ਨੇ ਕਾਲੇ ਕੰਬਲ ਵਾਂਗੂੰ ਬੁੱਕਲ ਮਾਰੀ ਹੋਈ ਏ। ਚਾਰ ਚੁਫ਼ੇਰੇ ਵਹਿਸ਼ਤ ਨੇ ਇਕ ਕੰਧ ਉਸਾਰੀ ਹੋਈ ਏ। ਸੂਝ ਦੇ ਦਰਿਆ ਅੰਦਰ ਟੁੱਭੀ ਮਾਰ ਸੱਦਫ਼ ਮੈਂ ਕੱਢਾਂ, ਅੱਥਰੂ ਜਿਹੜੇ ਅੱਖੀਆਂ ਵਿਚ ਨੇ ਉਹ ਮੋਤੀ ਕਰ ਛੱਡਾਂ। ٭٭٭ ਦੀਵੇ ਦੀ ਬਾਤੀ ਮੁੱਕ ਜਾਂਦੀ ਏ ਕੰਮ ਨਈਂ ਮੁੱਕਦੇ। ਕਸਮੇਂ ਹਯਾਤੀ ਮੁੱਕ ਜਾਂਦੀ ਏ ਕੰਮ ਨਈਂ ਮੁੱਕਦੇ। ਸੱਜਣਾਂ ਨਾਲ਼ ਨਾ ਮਿਲਣੇ ਦਾ ਇਕ ਦੁੱਖ ਰਹਿ ਜਾਂਦਾ ਏ, ਇਹ ਰੁੱਤ ਬਰਸਾਤੀ ਮੁੱਕ ਜਾਂਦੀ ਏ ਕੰਮ ਨਈਂ ਮੁੱਕਦੇ। ٭٭٭

ਇਸ਼ਕ ਦੀ ਗਲੀ 'ਚ ਜਾਂਦੀ ਨਹੀਂ

ਇਸ਼ਕ ਦੀ ਗਲੀ 'ਚ ਜਾਂਦੀ ਨਹੀਂ। ਨਵੀਂ ਕੋਈ ਲੀਕ ਲਵਾਂਦੀ ਨਹੀਂ। ਮੇਰਾ ਸੱਦਾ ਅਮਨ ਤੇ ਪਿਆਰ ਏ, ਦੁਨੀਆ ਵੈਰ ਗਵਾਂਦੀ ਨਹੀਂ। ਜੋ ਹੋਣਾ ਉਹ ਹੋ ਕੇ ਰਹਿਣਾ, ਮੈਂ ਰੋਂਦੀ ਪਛਤਾਂਦੀ ਨਹੀਂ। ਸਿੱਧੀ ਸਾਹਵੇਂ ਕਰ ਛੱਡਨੀ ਆਂ, ਬਹੁਤੀ ਗੱਲ ਘੁਮਾਂਦੀ ਨਹੀਂ। ਦੁੱਖੜੇ ਕਿਥੋਂ ਆ ਜਾਂਦੇ ਨੇ, ਸੱਦੇ ਘੱਲ ਬੁਲਾਂਦੀ ਨਹੀਂ। ਰੋਜ਼ ਨਸੀਬਾ ਰੁਸ ਜਾਂਦਾ, ਮੈਂ ਵੀ ਰੋਜ਼ ਮੰਨਾਂਦੀ ਨਹੀਂ। ਦਿਲ ਦੇ ਵਰਕੇ ਲਿਖ ਛੱਡਦੀ, ਸੁਗ਼ਰਾ ਗਲ ਭੁਲਾਂਦੀ ਨਹੀਂ।

ਸਮੇ ਦੀ ਖੜਕ ਰਹੀ ਏ ਟੱਲੀ

ਸਮੇ ਦੀ ਖੜਕ ਰਹੀ ਏ ਟੱਲੀ। ਉੱਠ ਕੋਈ ਅਮਲ ਕਮਾ ਲੈ ਬੱਲੀ। ਉਹਨੂੰ ਅਪੜੀ ਕਿ ਨਹੀਂ ਅਪੜੀ, ਬੱਦਲਾਂ ਤੇ ਲਿੱਖ ਚਿੱਠੀ ਘੱਲੀ। ਭਾਰ ਜੀਵਨ ਦੇ ਹਿੰਮਤੋਂ ਭਾਰੇ, ਢੋਵੇ ਜਿੰਦ ਨਿਮਾਣੀ ਕੱਲੀ। ਦੁੱਖ ਗ਼ਮ ਮੁਫ਼ਤੋ ਮੁਫ਼ਤੀ ਲੱਭਦੇ, ਖ਼ੁਸ਼ੀ ਨਹੀਂ ਲੱਭਦੀ ਏਡ ਸਵੱਲੀ। ਸਭ ਕੁੱਝ ਜਾਣ ਕੇ ਵੀ ਅਣਜਾਣ ਏ, ਲੋਭ 'ਚ ਡੁੱਬੀ ਦੁਨੀਆ ਝੱਲੀ। ਇਸ਼ਕ ਦੇ ਬਾਝ ਨਹੀਂ ਦੂਜਾ ਕੋਈ, ਸੁਗ਼ਰਾ ਨੇ ਜੂਹ ਐਸੀ ਮੱਲੀ।

ਹਰ ਪਾਸੇ ਵੀਰਾਨੀ ਜਿਹੀ ਸੀ

ਹਰ ਪਾਸੇ ਵੀਰਾਨੀ ਜਿਹੀ ਸੀ। ਸੋਚਾਂ ਵਿਚ ਹੈਰਾਨੀ ਜਿਹੀ ਸੀ। ਅੱਖੀਆਂ ਵਿਚ ਦਰਸ਼ਨ ਦੀ ਮਸਤੀ, ਰੂਹ ਕਮਲੀ ਦੀਵਾਨੀ ਜਿਹੀ ਸੀ। ਔਖੇ ਲੱਭਦੇ ਸੁਖ਼ਨ ਸੁਚੇਰੇ, ਝੂਠ ਦੇ ਵਿਚ ਆਸਨੀ ਜਿਹੀ ਸੀ। ਕਾਹਦਾ ਮਾਨ, ਗ਼ਰੂਰ, ਤਕੱਬਰ, ਹਰ ਸ਼ੈ ਈ ਜਦ ਫ਼ਾਨੀ ਜਿਹੀ ਸੀ। ਇਸ਼ਕ ਤੇਰੇ ਵਿਚ ਝੱਲੀ ਹੋ ਗਈ, ਸੁਗ਼ਰਾ ਸੁਘੜ ਦਾਨੀ ਜਿਹੀ ਸੀ।

ਕਲੀਆਂ ਵਿਚ ਸਮੋ ਕੇ ਦੱਸਿਆ

ਕਲੀਆਂ ਵਿਚ ਸਮੋ ਕੇ ਦੱਸਿਆ। ਲੂੰ ਲੂੰ ਸੂਲ ਪਰੋ ਕੇ ਦੱਸਿਆ। ਰੱਬ ਨੂੰ ਚੰਦਰੇ ਦਿਲ ਦਾ ਹਾੜਾ, ਬਾਲਾਂ ਵਾਂਗੂੰ ਰੋ ਕੇ ਦੱਸਿਆ। ਉਸ ਨਾ ਦਿਲ ਦੀ ਬਾਰੀ ਖੋਲੀ, ਅੱਖ ਨੇ ਬੂਹਾ ਢੋ ਕੇ ਦੱਸਿਆ। ਗੁੱਝਾ ਭੇਤ ਲੁਕਾਣਾ ਔਖਾ, ਇਸ਼ਕ ਦਾ ਭੇਤ ਲੁਕੋ ਕੇ ਦੱਸਿਆ। ਕੀ ਲੁਕਿਆ ਏ ਹੰਝੂਵਾਂ ਦੇ ਵਿੱਚ, ਵੇਲੇ ਸੂਲ ਚਭੋ ਕੇ ਦੱਸਿਆ। ਜਦ ਉਹ ਹਾਸੇ ਨਾਲ਼ ਨਾ ਮੰਨਿਆ, ਫ਼ਿਰ ਮੈਂ ਉਹਨੂੰ ਰੋ ਕੇ ਦੱਸਿਆ।

ਢਹਿ ਪਈ ਜਦੋਂ ਖਲੋ ਕੇ ਦੱਸਿਆ

ਢਹਿ ਪਈ ਜਦੋਂ ਖਲੋ ਕੇ ਦੱਸਿਆ। ਸਮੇ ਨੂੰ ਸਾਵੇਂ ਹੋ ਕੇ ਦੱਸਿਆ। ਕਾਲ਼ੀ ਰਾਤ ਨੇ ਕਾਲਕ ਦਾ ਦੁੱਖ, ਦੀਵੇ ਉਹਲੇ ਹੋ ਕੇ ਦੱਸਿਆ। ਕੀ ਕੀ ਰਾਤ ਨੇ ਠੱਠੇ ਕੀਤੇ, ਤਾਰਿਆਂ ਨੇ ਰੋ ਰੋ ਕੇ ਦੱਸਿਆ। ਰਾਤ ਦਾ ਮੂੰਹ ਅਣਧੋਤਾ ਲਗਦਾ, ਤਾਰਿਆਂ ਉਹਲੇ ਹੋ ਕੇ ਦੱਸਿਆ। ਜਦ ਉਸ ਦੁਨੀਆ ਦੁਸ਼ਮਣ ਕਰ ਲਈ, ਫ਼ਿਰ ਮੈਂ ਨਾਲ਼ ਖਲੋ ਕੇ ਦੱਸਿਆ। ਬਾਗੀਂ ਸੱਜਰੇ ਫੁੱਲ ਖਿੜੇ ਨੇਂ, ਮਹਿਕਾਂ ਭਰੇ ਝਰੋਕੇ ਦੱਸਿਆ। ਇਸ਼ਕੇ ਜਿਹੜਾ ਭਾਰ ਚੁਕਾਇਆ, ਆਪਣੇ ਸਿਰ ਤੇ ਢੋ ਕੇ ਦੱਸਿਆ।

ਸਿਉਂਕ ਦੇ ਵਾਂਗਰ ਖਾਂਦੇ ਜਾਂਦੇ

ਸਿਉਂਕ ਦੇ ਵਾਂਗਰ ਖਾਂਦੇ ਜਾਂਦੇ ਅੰਦਰੋ ਅੰਦਰੀਂ। ਦੁੱਖ ਬੰਦੇ ਨੂੰ ਮਾਰ ਮੁਕਾਂਦੇ ਅੰਦਰੋ ਅੰਦਰੀਂ। ਸੱਤ ਪਰਾਏ ਗੱਜ ਵੱਜ ਕੇ ਦੁੱਖ ਦਿੰਦੇ ਨੇਂ, ਲਗਦੇ ਲਾਏ ਵੈਰ ਕਮਾਂਦੇ ਅੰਦਰੋ ਅੰਦਰੀਂ। ਦੁੱਖ ਮੈਨੂੰ ਹੋਣੀ ਦੇ ਸੱਕੇ ਲਗਦੇ ਨੇਂ, ਉਹਦੇ ਕੰਮ ਇਚ ਹੱਥ ਵਟਾਂਦੇ ਅੰਦਰੋ ਅੰਦਰੀਂ। ਇੱਕ ਦੂਜੇ ਨੂੰ ਮਿਲਦਿਆਂ ਚੁੱਪ ਸੀ ਲੱਗ ਜਾਂਦੀ, ਇੱਕ ਦੂਜੇ ਤੋਂ ਸਾਂ ਸ਼ਰਮਾਂਦੇ ਅੰਦਰੋ ਅੰਦਰੀਂ। ਮਿੱਟੀ ਦੇ ਕਲਬੂਤ ਸੀ ਦੋਵਾਂ ਦੇ ਵਿਚਕਾਰ, ਇਕੋ ਮੂਰਤ ਰਹੇ ਬਣਾਂਦੇ ਅੰਦਰੋ ਅੰਦਰੀਂ। ਸੁਗ਼ਰਾ ਉਹਨੇ ਮੁੱਖੜਾ ਆਣ ਵਖਾਇਆ ਨਹੀਂ, ਦਿਲ ਦਾ ਸ਼ੀਸ਼ਾ ਰਹੇ ਚਮਕਾਂਦੇ ਅੰਦਰੋ ਅੰਦਰੀਂ।

ਤੱਕਲੇ ਨਾਲੋਂ ਟੁੱਟੀ ਹੋਈ

ਤੱਕਲੇ ਨਾਲੋਂ ਟੁੱਟੀ ਹੋਈ ਤੰਦ ਏ ਜਿੰਦੜੀ। ਜੁੱਸੇ ਦੀ ਅਲਮਾਰੀ ਅੰਦਰ ਬੰਦ ਏ ਜਿੰਦੜੀ। ਕਿਵੇਂ ਮਿਲੀਏ ਪਾ ਕੇ ਲੀੜੇ ਸ਼ੀਸ਼ੇ ਦੇ, ਅੱਧ ਵਿਚਕਾਰ ਖਲੋਤੀ ਪੱਕੀ ਕੰਧ ਏ ਜਿੰਦੜੀ। ਮੈਂ ਤੇ ਉਹਦੇ ਚਾਅ ਪਈ ਪੂਰੇ ਕਰਨੀ ਆਂ, ਉਹ ਕਹਿੰਦਾ ਏ ਮੈਨੂੰ ਬੜੀ ਪਸੰਦ ਏ ਜਿੰਦੜੀ। ਤੂੰ ਭੋਲ਼ਾ ਐਂ ਤੂੰ ਕੀ ਜਾਣੇ ਜਿੰਦੜੀ ਨੂੰ, ਤੇਰੀਆਂ ਸੋਚਾਂ ਨਾਲੋਂ ਉੱਚ ਬੁਲੰਦ ਏ ਜਿੰਦੜੀ। ਕਦੀ ਕਦੀ ਵਰਤਾਰਾ ਕਰਦੀ ਭੈਣਾਂ ਵਾਂਗ, ਕਦੀ ਕਦੀ ਲੱਗਦਾ ਏ ਸੱਸ ਜਾਂ ਨੰਦ ਏ ਜਿੰਦੜੀ। ਚੁੱਪ ਰਹਵੇਂ ਤੇ ਜ਼ਹਿਰੀ ਹਰ ਸ਼ੈ ਲਗਦੀ ਏ, ਬੋਲ ਪਵੇਂ ਤੇ ਲਗਦਾ ਏ ਗੁਲਕੰਦ ਏ ਜਿੰਦੜੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਗ਼ਰਾ ਸੱਦਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ