Agarbatti : Jaswinder

ਅਗਰਬੱਤੀ : ਜਸਵਿੰਦਰ

ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ

ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ।
ਪਤਾ ਨਈਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲਗਦਾ।

ਕਦੇ ਲਗਦੇ ਨੇ ਤਾਰੇ, ਫੁੱਲ, ਪੰਛੀ ਆਪਣੇ ਵਰਗੇ,
ਕਦੇ ਸ਼ੀਸ਼ੇ ‘ਚ ਅਪਣਾ ਅਕਸ ਅਪਣਾ ਹੀ ਨਹੀਂ ਲਗਦਾ।

ਕਿਵੇਂ ਇਕ ਨਾਮ ਦੇਈਏ ਇਸ ‘ਚ ਸਭ ਰਿਸ਼ਤੇ ਸਮੋਏ ਨੇ,
ਲਹੂ ਵਿਚ ਦਰਦ ਜੋ ਘੁਲ਼ਿਆ ਹੈ ਸਾਡਾ ਕੀ ਨਹੀਂ ਲਗਦਾ।

ਕਿਸੇ ਨੂੰ ਜਗ ਰਹੀ ਹਰ ਚੀਜ਼ ‘ਚੋਂ ਸੂਰਜ ਨਜ਼ਰ ਆਵੇ,
ਕਿਸੇ ਨੂੰ ਪੁੰਨਿਆਂ ਦਾ ਚੰਨ ਵੀ ਅਸਲੀ ਨਹੀਂ ਲਗਦਾ ।

ਜਦੋਂ ਤਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ,
ਪਤਾ ਮੁੱਠੀ 'ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ।

ਛਿੜੇ ਜਦ ਕੰਬਣੀ ਖ਼ਾਬਾਂ 'ਚ ਉਸ ਵੇਲੇ ਸਮਝ ਆਉਂਦੀ,
ਕਿ ਪਾਲ਼ਾ ਸਿਰਫ਼ ਖੁਲ੍ਹੀਆਂ ਬਾਰੀਆਂ ਵਿਚਦੀ ਨਹੀਂ ਲਗਦਾ।

ਘੜੀ ਵਿਚ ਨੁਕਸ ਹੈ ਜਾਂ ਵਕ਼ਤ ਹੀ ਬੇਵਕ਼ਤ ਹੋ ਚੱਲਿਆ,
ਸਵੇਰਾ ਹੋ ਗਿਆ ਪਰ ਦਿਨ ਤਾਂ ਚੜ੍ਹਿਆ ਹੀ ਨਹੀਂ ਲਗਦਾ।

ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ

ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ।
ਫਿਰ ਵੀ ਮੈਂ ਜ਼ਿੰਦਗੀ ਦੀਆਂ ਰਮਜ਼ਾਂ ਨਾ ਜਾਣੀਆਂ।

ਦਿਸੀਆਂ ਸੀ ਖ਼ੁਦ ਨੂੰ ਤੇਰਿਆਂ ਨੈਣਾਂ 'ਚੋਂ ਦੇਖ ਕੇ,
ਮੇਰੇ ਜ਼ਿਹਨ 'ਚ ਉਲਝੀਆਂ ਜਿੰਨੀਆਂ ਵੀ ਤਾਣੀਆਂ।

ਮੁੜ ਮੁੜ ਕੇ ਮੈਨੂੰ ਕਰ ਰਿਹੈਂ ਝੀਲਾਂ ਦੇ ਰੂਬਰੂ,
ਹਾਲੇ ਵੀ ਨਾ ਤੂੰ ਮੇਰੀਆਂ ਤੇਹਾਂ ਪਛਾਣੀਆਂ।

ਮਿਲਿਆ ਕਿਸੇ ਵੀ ਯੁੱਗ 'ਚ ਨਾ ਇਕ ਪਲ ਸਕੂਨ ਦਾ,
ਖੰਡਰ ਲਏ ਫਰੋਲ ਮੈਂ ਥੇਹਾਂ ਵੀ ਛਾਣੀਆਂ।

ਗ਼ਰਦਿਸ਼ 'ਚ ਕਾਇਨਾਤ ਹੈ, ਤਾਰੇ ਨੇ ਬੇਆਰਾਮ,
ਹੁੰਦੀਆਂ ਮਹਾਨ ਹਸਤੀਆਂ ਆਖ਼ਰ ਨਿਮਾਣੀਆਂ।

ਪੰਛੀ ਵੀ ਸਿਰ ਤੋਂ ਲੰਘ ਕੇ ਪਹੁੰਚੇ ਦੁਮੇਲ ਤਕ,
ਤੂੰ ਕਿਉਂ ਖਲੋ ਕੇ ਦੇਖਦੈਂ ਪੈੜਾਂ ਪੁਰਾਣੀਆਂ।

ਜ਼ਲਜ਼ਲੇ ਧਰਤੀ ਦੇ ਚੜ੍ਹਦੇ ਜਾ ਰਹੇ ਨੇ ਅੰਬਰਾਂ 'ਤੇ

ਜ਼ਲਜ਼ਲੇ ਧਰਤੀ ਦੇ ਚੜ੍ਹਦੇ ਜਾ ਰਹੇ ਨੇ ਅੰਬਰਾਂ 'ਤੇ
ਕੋਈ ਵੀ ਤਾਰਾ ਕਦੇ ਵੀ ਡਿੱਗ ਸਕਦਾ ਹੈ ਘਰਾਂ 'ਤੇ

ਕਾਫ਼ਲਾ ਲੁੱਟਿਆ ਹੈ ਕਿਸ ਨੇ ਬਹਿਸ ਸਾਰੀ ਰਾਤ ਹੋਈ
ਸਾਰੀਆਂ ਹੀ ਉਂਗਲਾਂ ਟਿਕੀਆਂ ਸਵੇਰੇ ਰਹਿਬਰਾਂ 'ਤੇ

ਖ਼ਾਬ ਮਾਸੂਮਾਂ ਦੇ ਖ਼ਰਗੋਸ਼ਾਂ ਜਿਹੇ ਹੁੰਦੇ ਨੇ ਯਾਰੋ
ਮੂਰਤਾਂ ਸ਼ੇਰਾਂ ਦੀਆਂ ਕਿਉਂ ਛਾਪਦੇ ਹੋ ਚਾਦਰਾਂ 'ਤੇ

ਇਹ ਜਦੋਂ ਵੀ ਚਹਿਕਦਾ ਤਾਂ ਮੈਂ ਜਿਵੇਂ ਸੂਲੀ 'ਤੇ ਹੋਵਾਂ
ਦਰਦ ਉਹ ਪੰਛੀ ਹੈ ਜਿਸਦਾ ਆਲ੍ਹਣਾ ਹੈ ਆਂਦਰਾਂ 'ਤੇ

ਮੁੱਕ ਹੀ ਜਾਣਾ ਸੀ ਝਗੜਾ, ਮਿਲ ਹੀ ਜਾਣੀ ਸੀ ਖ਼ੁਦਾਈ
ਜੇ ਕਿਤੇ ਵਿਸ਼ਵਾਸ ਕਰਕੇ ਦੇਖ ਲੈਂਦੇ ਕਾਫ਼ਰਾਂ 'ਤੇ

ਵਕਤ ਸੀ ਭਾਰਾ ਤੇ ਉਹ ਰਿਸ਼ਤਾ ਸੀ ਹੌਲਾ ਫੁੱਲ ਵਰਗਾ
ਦੋਸ਼ ਨਾ ਪੂਰਨ ਦਾ, ਨਾ ਇਲਜ਼ਾਮ ਕੋਈ ਸੁੰਦਰਾਂ 'ਤੇ

ਉਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ

ਉਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ
ਵੱਗ ਹੀ ਮੁੜਦੇ ਨੇ ਹੇ ਗੋਪਾਲ ਤੇਰੇ।
ਮੁਕਟ ਲਾਹ ਕੇ ਜੇ ਵਜਾਉਂਦਾ ਬੰਸਰੀ ਤੂੰ
ਸਾਰਾ ਜੰਗਲ ਝੂਮਣਾ ਸੀ ਨਾਲ ਤੇਰੇ।

ਪੰਛੀਆਂ ਵਰਗਾ ਸੁਦਾਮੇ ਦਾ ਕਬੀਲਾ
ਰਿਜ਼ਕ ਅਪਣਾ ਨਾਮ ਤੇਰੇ ਕਰ ਰਿਹਾ ਹੈ।
ਬਹੁਤ ਗੁੰਝਲਦਾਰ ਹੈ ਤੇਰਾ ਤਲਿੱਸਮ
ਬਹੁਤ ਹੀ ਬਾਰੀਕ ਨੇ ਇਹ ਜਾਲ ਤੇਰੇ।

ਸੁੱਕੀਆਂ ਝੀਲਾਂ 'ਚ ਕੀ ਹੰਸਾਂ ਦੀ ਹੋਣੀ
ਰੋੜ ਖਾ ਖਾ ਕੇ ਕਦੋਂ ਤਕ ਜੀਣਗੇ ਇਹ
ਆਉਣਗੇ ਤੇ ਕਰਨਗੇ ਖ਼ਾਲੀ ਕਿਸੇ ਦਿਨ
ਮੋਤੀਆਂ ਦੇ ਨਾਲ ਲੱਦੇ ਥਾਲ ਤੇਰੇ।

ਕਿਸ ਤਰ੍ਹਾਂ ਦਾ ਹੈ ਭਲਾ ਇਹ ਅਹਿਦ ਤੇਰਾ।
ਫੁੱਲ ਤਾਂ ਸਭ ਦੇ ਨੇ ਪਰ ਇਹ ਸ਼ਹਿਦ ਤੇਰਾ।
ਘੇਰਦੇ ਰਹਿੰਦੇ ਨੇ ਭੀਲਾਂ ਨੂੰ ਯੁਗਾਂ ਤੋਂ
ਗੁੰਬਦਾਂ 'ਚੋਂ ਉਡ ਕੇ ਮਖਿਆਲ ਤੇਰੇ।

ਜਲ ਵੀ ਓਹੀ, ਪੌਣ ਓਹੀ, ਰੇਤ ਓਹੀ
ਜ਼ਖ਼ਮ ਵੀ ਓਹੀ ਤੇ ਸਿੰਮਦੀ ਰੱਤ ਓਹੀ
ਤੇਰੀ ਸ਼ਹਿ 'ਤੇ ਜੋ ਕੁਰੂਖੇਤਰ 'ਚ ਚੱਲੇ
ਭਰ ਕੇ ਹੁਣ ਵੀ ਵਗਣ ਓਹੀ ਖਾਲ ਤੇਰੇ।

ਓਹੀ ਸੀਨੇ, ਸੀਨਿਆਂ ਵਿਚ ਤੀਰ ਓਹੀ
ਦਰਦ ਓਹੀ, ਦਰਦ ਦੀ ਤਾਸੀਰ ਓਹੀ
ਫ਼ਰਕ ਬਸ ਏਨਾ ਪਿਆ ਕਲਯੁਗ ਚ ਆ ਕੇ
ਬਣ ਗਏ ਕੌਰਵ ਵੀ ਭਾਈਵਾਲ ਤੇਰੇ

ਅੱਗ ਹੈ ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ

ਅੱਗ ਹੈ ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ।
ਮੇਰੇ ਚੇਤਨ ਤੇ ਅਚੇਤਨ ਦੇ ਵਿਚਾਲੇ ਕੌਣ ਹੈ।

ਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ,
ਮੇਰੀਆਂ ਅੱਖਾਂ 'ਚ ਅੱਧਾ ਹਾੜ੍ਹ ਅੱਧਾ ਸੌਣ ਹੈ।

ਪੈਲ ਪਾ ਕੇ ਨੱਚਣਾ ਤੈਨੂੰ ਬੜਾ ਮਹਿੰਗਾ ਪਿਆ,
ਨੱਚਦੀਆਂ ਛੁਰੀਆਂ 'ਚ ਹੁਣ ਮੋਰਾ ਵੇ ਤੇਰੀ ਧੌਣ ਹੈ।

ਤੇਰੇ ਜਤ ਸਤ ਤੋਂ ਜ਼ਿਆਦਾ, ਤੇਰੇ ਤਰਲੇ ਤੋਂ ਵਧੀਕ
ਪੂਰਨਾ ਇਸ ਕਲਯੁਗੀ ਖੂਹ ਦੀ ਉਚੇਰੀ ਮੌਣ ਹੈ।

ਸਾੜ ਕੇ ਮੇਰਾ ਲਹੂ ਮਹਿਕਾਂ ਫ਼ਿਜ਼ਾ ਵਿਚ ਵੰਡਦੀ,
ਮੇਰੇ ਅੰਦਰ ਧੁਖ਼ ਰਹੀ ਇਹ ਅਗਰਬੱਤੀ ਕੌਣ ਹੈ।

ਮੈਂ ਇਨ੍ਹਾਂ ਬੇਜਾਨ ਸਫ਼ਿਆਂ 'ਤੇ ਜੋ ਅੱਖਰ ਲਿਖ ਰਿਹਾ ਹਾਂ

ਮੈਂ ਇਨ੍ਹਾਂ ਬੇਜਾਨ ਸਫ਼ਿਆਂ 'ਤੇ ਜੋ ਅੱਖਰ ਲਿਖ ਰਿਹਾ ਹਾਂ
ਅਪਣੇ ਜ਼ਿੰਦਾ ਹੋਣ ਦਾ ਪ੍ਰਮਾਣ ਪੱਤਰ ਲਿਖ ਰਿਹਾ ਹਾਂ

ਜੋ ਨਾ ਦੇਹੀ ਨਾਲ ਸੜਦੇ, ਹਸ਼ਰ ਤਕ ਜੋ ਰਹਿਣ ਬਲਦੇ
ਉਹਨਾਂ ਜ਼ਖ਼ਮਾਂ ਦੀ ਸ਼ਨਾਖ਼ਤ ਕਰਨ ਖ਼ਾਤਰ ਲਿਖ ਰਿਹਾ ਹਾਂ

ਖੁਭ ਗਈ ਅੱਡੀ 'ਚ ਸੀ ਤਾਰੀਖ਼ ਜਿਸ ਦਿਨ ਸੂਲ ਬਣ ਕੇ
ਓਸ ਦਿਨ ਤੋਂ ਸ਼ਹਿਰ ਦੀ ਸੂਲ਼ੀ ਦਾ ਮੰਜ਼ਰ ਲਿਖ ਰਿਹਾ ਹਾਂ

ਜਿਸ ਨੂੰ ਸੁਣ ਕੇ ਕਾਲਜਾ ਵਗਦੀ ਹਵਾ ਦਾ ਪਾਟਿਆ ਸੀ
ਚੀਖ਼ ਉਹ ਹਿਰਨੀ ਦੀ ਰੇਗਿਸਤਾਨ ਅੰਦਰ ਲਿਖ ਰਿਹਾ ਹਾਂ

ਸਾਂਭ ਕੇ ਸੀਨੇ 'ਚ ਪਰਲੇ ਪਾਰ ਦੀ ਉਹ ਬੇਕਰਾਰੀ
ਮੈਂ ਝਨਾਂ ਦੇ ਕਹਿਰ ਨੂੰ ਕੀਲਣ ਦਾ ਮੰਤਰ ਲਿਖ ਰਿਹਾ ਹਾਂ

ਕਿਸ ਤਰ੍ਹਾਂ ਦੀ ਬੇਵਸੀ ਹੈ ਤਿਤਲੀਆਂ ਫੁੱਲਾਂ ਦੇ ਹੁੰਦਿਆਂ
ਮੈਂ ਕਦੋਂ ਚਾਹੁੰਦਾ ਹਾਂ ਲਿਖਣਾ ਫਿਰ ਵੀ ਖੰਡਰ ਲਿਖ ਰਿਹਾ ਹਾਂ

ਅਸਾਡੇ ਰੁਤਬਿਆਂ ਨੂੰ ਦੇਖ ਅੰਦਰਲੇ ਗੁਨਾਹ ਹੱਸੇ

ਅਸਾਡੇ ਰੁਤਬਿਆਂ ਨੂੰ ਦੇਖ ਅੰਦਰਲੇ ਗੁਨਾਹ ਹੱਸੇ
ਅਸੀਂ ਬੇਚੈਨ ਹਾਂ ਕਿ ਕਿਸ ਲਈ ਇਹ ਖਾਹਮਖਾਹ ਹੱਸੇ

ਲੁਕੋ ਕੇ ਪੈਰ ਘਰ ਵਿਚ ਤੁਰ ਪਿਆ ਲੰਮੇ ਸਫ਼ਰ ਉੱਤੇ
ਮੁਸਾਫ਼ਿਰ ਦੀ ਸਿਆਣਪ 'ਤੇ ਬੜਾ ਜੰਗਲ ਦੇ ਰਾਹ ਹੱਸੇ

ਹਵਾ ਕੰਬੀ ਤੇ ਲਹਿਰਾਂ ਸਿਮਟੀਆਂ ਮੰਜ਼ਰ ਹੀ ਸੀ ਐਸਾ
ਜਦੋਂ ਡੂੰਘੀ ਉਦਾਸੀ 'ਚੋਂ ਸਮੁੰਦਰ ਦੇ ਮਲਾਹ ਹੱਸੇ

ਜੁੜੇ ਨਾ ਰਿਜ਼ਕ ਜੇ ਤਾਂ ਆਲ੍ਹਣੇ ਛੱਡ ਜਾਣ ਪੰਛੀ ਵੀ
ਘਰਾਂ ਦੇ ਅਰਥ ਕੀ ਰਹਿੰਦੇ ਜਦੋਂ ਚੁੱਲ੍ਹਿਆਂ 'ਚ ਘਾਹ ਹੱਸੇ

ਕੋਈ ਤਾਂ ਹੈ ਜੋ ਮੈਨੂੰ ਇਸ ਤਰਾਂ ਹੱਸਣ ਨਹੀਂ ਦਿੰਦਾ
ਜਿਵੇਂ ਫੱਗਣ 'ਚ ਫੁੱਲ ਹੱਸਣ ਤੇ ਕੱਤੇ ਵਿਚ ਕਪਾਹ ਹੱਸੇ

ਹਮੇਸ਼ਾ ਆਦਮੀ ਸੱਚ ਦੇ ਸਮਾਨੰਤਰ ਨਹੀਂ ਰਹਿੰਦਾ
ਕਦੇ ਉੱਸਰ ਕੇ ਵੀ ਰੋਵੇ, ਕਦੇ ਹੋ ਕੇ ਤਬਾਹ ਹੱਸੇ

ਅੱਗੇ ਰਾਹੀ ਰਾਹ ਪੁਛਦੇ, ਹੁਣ ਪੁਛਦੇ ਕਿੱਥੋਂ ਸਾਹ ਮਿਲਦੇ

ਅੱਗੇ ਰਾਹੀ ਰਾਹ ਪੁਛਦੇ, ਹੁਣ ਪੁਛਦੇ ਕਿੱਥੋਂ ਸਾਹ ਮਿਲਦੇ
ਅਪਣੀ ਰੂਹ ਦਾ ਪੱਤਣ ਭਾਲਣ ਜਾਂਦੇ ਰੋਜ਼ ਮਲਾਹ ਮਿਲਦੇ

ਓਸ ਗਰਾਂ ਦੀ ਚਰਚਾ ਤਾਂ ਹੈ ਪਰ ਕਿਧਰੇ ਨਾ ਰਾਹ ਮਿਲਦੇ
ਜਿੱਥੇ ਆਪਾਂ ਇਕ ਦੂਜੇ ਦਾ ਖ਼ੌਫ਼ ਦਿਲਾਂ ਤੋ ਲਾਹ ਮਿਲਦੇ

ਭੁੱਲ ਕੇ ਤਾਣੇ ਬਾਣੇ, ਦਰਦ ਪੁਰਾਣੇ, ਰੱਬ ਦੇ ਭਾਣੇ ਨੂੰ
ਇਕ ਵਾਰੀ ਤਾਂ ਯਾਰੋ ਸਾਨੂੰ ਹੋ ਕੇ ਬੇਪਰਵਾਹ ਮਿਲਦੇ

ਕੁਝ ਜ਼ਖ਼ਮਾਂ ਦੀ ਧੂਣੀ ਤਾਂ ਪੀੜ੍ਹੀ ਦਰ ਪੀੜ੍ਹੀ ਧੁਖ਼ਦੀ ਹੈ
ਕੁਝ ਮਹਿਮਾਨ ਅਚਾਨਕ ਆਉਂਦੇ, ਕਰਕੇ ਨਾ ਇਤਲਾਹ ਮਿਲਦੇ

ਮਾਰੂਥਲ ਵਿਚ ਸੁੱਤੇ ਮੇਰੇ ਅਰਮਾਨਾਂ ਦੇ ਮਿਰਗਾਂ ਨੂੰ
ਖ਼ਾਬਾਂ ਦੀ ਜੂਹ ਅੰਦਰ ਅਕਸਰ ਹੀ ਸਰਵਰ ਅਸਗਾਹ ਮਿਲਦੇ

ਸੂਲੀ ਉੱਤੇ ਚੜ੍ਹਦੇ ਲੋਕ ਹਜ਼ਾਰਾਂ ਤੇ ਰੁਲ ਜਾਂਦੇ ਨੇ
ਓਹੀ ਬਣੇ ਮਸੀਹਾ ਜਿਸ ਨੂੰ ਵੀ ਦੋ ਚਾਰ ਗਵਾਹ ਮਿਲਦੇ

ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ

ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ
ਜਗਦੇ ਦੀਵੇ ਪੀ ਰਹੇ ਇਕ ਦੂਜੇ ਦਾ ਤੇਲ

ਰਿਸ਼ਤੇ, ਰੀਝਾਂ, ਅੱਥਰੂ ਮਿਲਣ ਬਾਜ਼ਾਰੋਂ ਆਮ
ਕੀ ਹੁਣ ਦਰਦ ਵਿਯੋਗ ਦਾ ਕੀ ਰੂਹਾਂ ਦਾ ਮੇਲ

ਥਾਏਂ ਖੜ੍ਹੀ ਉਡੀਕਦੀ ਯਾਤਰੀਆਂ ਦੀ ਭੀੜ
ਲੀਹਾਂ ਛੱਡ ਅਸਮਾਨ 'ਤੇ ਦੌੜ ਰਹੀ ਹੈ ਰੇਲ

ਘਰ ਦੀ ਹਾਲਤ ਦੇਖ ਕੇ, ਭੁੱਲ ਰੰਗੀਲੇ ਖ਼ਾਬ
ਬੁੱਢੇ ਰੁੱਖ 'ਤੇ ਚੜ੍ਹ ਗਈ ਇਕ ਕੁਰਲਾਉਂਦੀ ਵੇਲ

ਅੱਜ ਮੇਰੀ ਸੰਵੇਦਨਾ ਓਸ ਕੁੜੀ ਦੇ ਨਾਮ
ਮੇਲੇ ਵਿਚ ਜੋ ਟੋਲਦੀ ਸਸਤੇ ਅਤਰ ਫੁਲੇਲ

ਅੱਖਾਂ ਵਿਚ ਦੁਸ਼ਵਾਰੀਆਂ, ਬੁੱਲ੍ਹਾਂ ਉੱਤੇ ਗੀਤ
ਸੀਨੇ ਅੰਦਰ ਝਾੜੀਆਂ, ਗਲ ਵਿਚ ਹਾਰ ਹਮੇਲ

ਦੇਖ ਕੇ ਪੱਤੀਆਂ ਨੰਗੀਆਂ ਕੰਡਿਆਂ ਦੇ ਵਿਚਕਾਰ
ਪਾਣੀ ਪਾਣੀ ਹੋ ਗਈ ਫੁੱਲ 'ਤੇ ਪਈ ਤਰੇਲ

ਸੋਚਾਂ ਵਿਚ ਮੰਡਰਾ ਰਿਹਾ ਇਕ ਪੰਛੀ ਬੇਚੈਨ
ਜਿਸਦੇ ਨੈਣੀਂ ਗ਼ਰਦਿਸ਼ਾਂ, ਖੰਭਾਂ ਹੇਠ ਦੁਮੇਲ

ਮੈਂ ਲੋਚਾਂ ਇਸ ਡਾਲ 'ਤੇ ਪੰਛੀ ਕਰਨ ਕਲੋਲ
ਤੂੰ ਸੋਚੇਂ ਇਸ ਡਾਲ ਦੀ ਬਣਨੀ ਖੂਬ ਗੁਲੇਲ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ

ਤੇਰਾ ਐ ਜਿ਼ੰਦਗੀ ਐਵੇਂ ਨਹੀਂ ਜੰਜਾਲ਼ ਛੱਡਾਂਗੇ
ਜਿਗਰ ਦੀ ਅੱਗ ਵਿਚ ਕੋਈ ਕੜੀ ਤਾਂ ਢਾਲ਼ ਛੱਡਾਂਗੇ

ਜਦੋਂ ਧਰਤੀ 'ਚੋਂ ਉੱਠੀ ਹੂਕ ਚੀਰੇਗੀ ਖਲਾਵਾਂ ਨੂੰ
ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ਼ ਛੱਡਾਂਗੇ

ਅਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਬਰੂ ਹੋਈਏ
ਤੇਰੇ ਸ਼ੀਸ਼ੇ ਦੇ ਪਾਣੀ ਨੂੰ ਅਸੀਂ ਹੰਘਾਲ਼ ਛੱਡਾਂਗੇ

ਅਜੇ ਵੀ ਇਸ਼ਕ ਦੀ ਸਿ਼ੱਦਤ ਲਹੂ ਅੰਦਰ ਸਲਾਮਤ ਹੈ
ਗਵਾਚੀ ਪੈੜ ਡਾਚੀ ਦੀ ਥਲਾਂ 'ਚੋਂ ਭਾਲ਼ ਛੱਡਾਂਗੇ

ਅਜੇ ਤਾਂ ਰਿਜ਼ਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੇ ਹਾਂ
ਮਿਲੀ ਜੇ ਵਿਹਲ ਆਪਾਂ ਵੀ ਕਬੂਤਰ ਪਾਲ਼ ਛੱਡਾਂਗੇ

ਮੰਚ ਤੋਂ ਕੇਹੋ ਜਿਹਾ ਨਾਟਕ ਦਿਖਾਇਆ ਜਾ ਰਿਹਾ ਹੈ

ਮੰਚ ਤੋਂ ਕੇਹੋ ਜਿਹਾ ਨਾਟਕ ਦਿਖਾਇਆ ਜਾ ਰਿਹਾ ਹੈ
ਜ਼ਖ਼ਮ ਦਾ ਕਿਰਦਾਰ ਖ਼ੰਜਰ ਤੋਂ ਨਿਭਾਇਆ ਜਾ ਰਿਹਾ ਹੈ

ਇਕ ਸੁਰੀਲੀ ਤਾਨ ਦਾ ਵਾਅਦਾ ਸੀ ਫਿਰ ਇਹ ਸ਼ੋਰ ਕਾਹਦਾ
ਕੀ ਸੁਣਨ ਆਇਆ ਸੀ ਮੈਂ ਇਹ ਕੀ ਸੁਣਾਇਆ ਜਾ ਰਿਹਾ ਹੈ

ਕਿਸ ਤਰ੍ਹਾਂ ਦੀ ਜੰਗ ਹੈ ਦੋਨੋਂ ਤਰਫ਼ ਮੈ ਆਪ ਹੀ ਹਾਂ
ਮੈਨੂੰ ਮੇਰੇ ਨਾਲ ਕਿਸ ਗੱਲੋਂ ਲੜਾਇਆ ਜਾ ਰਿਹਾ ਹੈ

ਖ਼ੌਫ਼ ਦੀ ਲਿੱਪੀ 'ਚ ਇਕ ਦਰਵੇਸ਼ ਜੰਗਲ ਦੇ ਸਫ਼ੇ 'ਤੇ
ਤਰਜਮਾ ਅੱਗ ਦਾ ਦਰਖਤਾਂ ਤੋ ਕਰਾਇਆ ਜਾ ਰਿਹਾ ਹੈ

ਪਾੜਨੇ ਪਾਣੀ ਪੜ੍ਹਾਇਆ ਜਾ ਰਿਹਾ ਹੈ ਪੱਥਰਾਂ ਨੂੰ
ਸ਼ੀਸ਼ਿਆਂ ਨੂੰ ਢੰਗ ਤਿੜਕਣ ਦਾ ਸਿਖਾਇਆ ਜਾ ਰਿਹਾ ਹੈ

ਰੱਤ ਕਲੀਆਂ ਦੀ ਪਿਲਾਈ ਜਾ ਰਹੀ ਹੈ ਭੰਵਰਿਆਂ ਨੂੰ
ਤਿਤਲੀਆਂ ਨੂੰ ਮਾਸ ਫੁੱਲਾਂ ਦਾ ਖਵਾਇਆ ਜਾ ਰਿਹਾ ਹੈ

ਸੁਲਗਦਾ ਲਾਵਾ, ਨਦੀ ਤੇਜ਼ਾਬ ਦੀ, ਅੱਗ ਦਾ ਜਜ਼ੀਰਾ
ਮੇਰੀਆਂ ਨੀਂਦਾਂ 'ਚ ਇਹ ਕੀ ਕੀ ਛੁਪਾਇਆ ਜਾ ਰਿਹਾ ਹੈ

ਦੀਵਿਆ ਤੂੰ ਸੋਚ ਤੇਰੇ ਹੁੰਦਿਆਂ ਸੂਰਜ ਤੋਂ ਚੋਰੀ
ਕਾਫ਼ਲਾ ਕਿਰਨਾਂ ਦਾ ਕਿੱਧਰ ਨੂੰ ਲਿਜਾਇਆ ਜਾ ਰਿਹਾ ਹੈ

ਦਰਦ ਦੀ ਡੂੰਘੀ ਨਦੀ ਵਿਚ ਰੋਜ਼ ਡੁਬਦੇ ਹਾਂ ਅਸੀਂ ਤਾਂ
ਰੋਜ਼ ਸੁਣਦੇ ਹਾਂ ਕਿ ਇਸ 'ਤੇ ਪੁਲ ਬਣਾਇਆ ਜਾ ਰਿਹਾ ਹੈ

ਬਿਗਾਨੀ ਜੂਹ 'ਚ ਸੂਰਜ ਲਭਦਿਆਂ ਹੀ ਸ਼ਾਮ ਢਲ ਜਾਣੀ

ਬਿਗਾਨੀ ਜੂਹ 'ਚ ਸੂਰਜ ਲਭਦਿਆਂ ਹੀ ਸ਼ਾਮ ਢਲ ਜਾਣੀ
ਤੁਹਾਡੇ ਆਉਣ ਤੱਕ ਇਹ ਮੋਮਬੱਤੀ ਵੀ ਪਿਘਲ ਜਾਣੀ

ਗ਼ਜ਼ਬ ਦੀ ਚੀਜ਼ ਹੈ ਇਹ ਜ਼ਿੰਦਗੀ ਤੂੰ ਚੌਕਸੀ ਰੱਖੀਂ
ਇਹ ਪਾਰੇ ਦੀ ਡਲੀ ਤੇਰੀ ਹਥੇਲੀ ਤੋਂ ਫਿਸਲ ਜਾਣੀ

ਤੁਸੀਂ ਜਜ਼ਬਾਤ ਦੀ ਧਾਰਾ ਦਾ ਨਕਸ਼ਾ ਵਾਹ ਨਹੀਂ ਸਕਦੇ
ਲਕੀਰਾਂ ਖਿਚਦਿਆਂ ਹੀ ਇਹ ਨਦੀ ਰਸਤਾ ਬਦਲ ਜਾਣੀ

ਤੁਸੀ ਜਿਸ ਆਸਰੇ ਚੜ੍ਹਦੇ ਹੋ ਸ਼ੁਹਰਤ ਦੀ ਬੁਲੰਦੀ 'ਤੇ
ਕਿਸੇ ਨੇ ਖਿੱਚ ਲੈਣੀ ਜਾਂ ਉਹ ਪੌੜੀ ਖ਼ੁਦ ਫਿਸਲ ਜਾਣੀ

ਮੁਸਾਫ਼ਿਰ ਨੂੰ ਕਹੋ ਜੇ ਥੱਕ ਗਿਆ ਤਾਂ ਗੀਤ ਹੀ ਗਾਵੇ
ਉਹਦੀ ਆਵਾਜ਼ ਫਿਰ ਬਚਦੇ ਸਫ਼ਰ ਉੱਤੇ ਨਿਕਲ ਜਾਣੀ

ਮੇਰੀ ਮਿੱਟੀ 'ਚ ਉੱਗੇ ਫੁੱਲ ਜੇ ਮੁਰਝਾ ਗਏ ਤਾਂ ਕੀ
ਜੋ ਖ਼ੁਸ਼ਬੂ ਰਹਿ ਗਈ ਪਿੱਛੇ ਨਾ ਅੱਜ ਜਾਣੀ ਨਾ ਕੱਲ੍ਹ ਜਾਣੀ

ਫ਼ਸੀਲਾਂ ਕੋਲ ਭਾਵੇਂ ਦਰਦ ਅਪਣਾ ਫੋਲਦਾ ਹੋਵੇ

ਫ਼ਸੀਲਾਂ ਕੋਲ ਭਾਵੇਂ ਦਰਦ ਅਪਣਾ ਫੋਲਦਾ ਹੋਵੇ
ਕੋਈ ਪੱਥਰ ਤਾਂ ਇਸ ਖੰਡਰ ਦੇ ਅੰਦਰ ਬੋਲਦਾ ਹੋਵੇ

ਕੋਈ ਏਦਾਂ ਵੀ ਪੜ੍ਹਦਾ ਹੈ ਪੁਰਾਣੇ ਖ਼ਤ ਕਈ ਵਾਰੀ
ਹਵਾਵਾਂ ਵਿਚ ਗਵਾਚੀ ਮਹਿਕ ਜਿੱਦਾਂ ਟੋਲਦਾ ਹੋਵੇ

ਮੈਂ ਇਸ ਜੰਗਲ 'ਚ ਲਭਦਾ ਹਾਂ ਕਿਸੇ ਐਸੇ ਪਰਿੰਦੇ ਨੂੰ
ਹਵਾ ਦੇ ਉਲਟ ਜੋ ਉੱਡਣ ਲਈ ਪਰ ਤੋਲਦਾ ਹੋਵੇ

ਮਿਲੇ ਉਹ ਜ਼ਖ਼ਮ ਜੋ ਖ਼ੰਜਰ ਨੂੰ ਵੀ ਕਰ ਦੇਵੇ ਸ਼ਰਮਿੰਦਾ
ਮਿਲੇ ਉਹ ਦਰਦ ਜੋ ਮਹਿਕਾਂ ਲਹੂ ਵਿਚ ਘੋਲਦਾ ਹੋਵੇ

ਇਹ ਕੰਬਦੀ ਰੌਸ਼ਨੀ ਜੋ ਰਾਤ ਦੇ ਮੱਥੇ 'ਤੇ ਪੈਂਦੀ ਹੈ
ਕਿਤੇ ਅਪਣਾ ਹੀ ਤਾਰਾ ਨਾ ਖਲਾਅ ਵਿਚ ਡੋਲਦਾ ਹੋਵੇ

ਬਣੇ ਦੀਵਾਰ ਇਕ ਦੂਜੇ ਦੇ ਅੱਗੇ ਹਮਸਫ਼ਰ ਹੁਣ ਤਾਂ
ਕੋਈ ਐਸਾ ਨਹੀਂ ਦਿਸਦਾ ਜੋ ਰਸਤਾ ਖੋਲ੍ਹਦਾ ਹੋਵੇ

ਅਜੇ ਵੀ ਬਹੁਤ ਸਾਰੇ ਬੀਜ ਪੁੰਗਰਨ ਨੂੰ ਮਚਲਦੇ ਨੇ

ਅਜੇ ਵੀ ਬਹੁਤ ਸਾਰੇ ਬੀਜ ਪੁੰਗਰਨ ਨੂੰ ਮਚਲਦੇ ਨੇ
ਤਲਾ ਇਹ ਲੋਕ ਮਿੱਟੀ ਗ਼ਮਲਿਆਂ ਦੀ ਕਿਉਂ ਬਦਲਦੇ ਨੇ

ਇਨ੍ਹਾਂ ਗਲੀਆਂ 'ਚ ਹਾਲੇ ਘੁੰਮਦੀਆਂ ਨੰਗੇ ਬਦਨ ਰਾਤਾਂ
ਤੇ ਬੁਰਕੇ ਪਹਿਨ ਕੇ ਇਸ ਸ਼ਹਿਰ ਦੇ ਸੂਰਜ ਨਿਕਲਦੇ ਨੇ

ਬੜਾ ਇਤਰਾਜ਼ ਹੈ ਜੰਗਲ 'ਤੇ ਪਤਝੜ ਦੇ ਵਕੀਲਾਂ ਨੂੰ
ਬਿਨਾਂ ਮਨਜ਼ੂਰੀਓਂ ਇਹ ਬਿਰਖ ਕਿਉਂ ਪੱਤੇ ਬਦਲਦੇ ਨੇ

ਸਫ਼ਰ ਵਿਚ ਖ਼ਾਹਿਸ਼ਾਂ ਅਨੁਸਾਰ ਨਾ ਸੂਰਜ ਗਤੀ ਬਦਲੇ
ਨਾ ਪਰਛਾਵੇਂ ਹੀ ਮਨਮਰਜ਼ੀ ਦੇ ਆਕਾਰਾਂ 'ਚ ਢਲਦੇ ਨੇ

ਬਲੇ ਜੇ ਬੀਨ ਕੋਈ ਬੇਸੁਰੀ ਤਾਂ ਚੀਖ਼ਦੈ ਜੰਗਲ
ਰਹੇ ਖ਼ਾਮੋਸ਼ ਕਿਉਂ ਜਦ ਵੀ ਸੁਰੀਲੇ ਸਾਜ਼ ਬਲਦੇ ਨੇ

ਜੋ ਹਟ ਕੇ ਭੀੜ ਤੋਂ ਚਲਦਾ ਇਕੱਲਾ ਉਹ ਵੀ ਨਾ ਹੁੰਦਾ
ਹਜ਼ਾਰਾਂ ਕਾਫ਼ਲੇ ਸੋਚਾਂ ਦੇ ਉਸ ਦੇ ਨਾਲ ਚਲਦੇ ਨੇ

ਤੂੰ ਦਿਲ ਦੀ ਝੀਲ ਵਿਚ ਡਿੱਗਣ ਨਾ ਦੇ ਪੱਥਰ ਨਮੋਸ਼ੀ ਦੇ
ਇਹ ਨਾ ਪਾਣੀ 'ਚ ਖੁਰਦੇ ਨੇ ਤੇ ਨਾ ਮਿੱਟੀ 'ਚ ਗਲਦੇ ਨੇ

ਤੂੰ ਮਾਸੂਮਾਂ ਦਿਆਂ ਨੈਣਾਂ 'ਚ ਡੁੱਬ ਕੇ ਪਾਕ ਹੋ ਸਕਦੈਂ
ਇਨ੍ਹਾਂ ਝੀਲਾਂ 'ਚ ਕਾਂ ਵੀ ਹੱਸ ਬਣ ਬਣ ਕੇ ਨਿਕਲਦੇ ਨੇ

ਕਦੇ ਦੁੱਖਾਂ ਦੇ ਭਾਰੇ ਮੀਂਹ 'ਚ ਵੀ ਨਾ ਭਿਜਦੀਆਂ ਅੱਖਾਂ
ਕਦੇ ਇੱਕੋ ਕਣੀ ਦੇ ਨਾਲ ਦਿਲ ਦਰਿਆ ਉਛਲਦੇ ਨੇ

ਮੁਹੱਬਤ ਦੀ ਸੁਗੰਧੀ ਆਸਰੇ ਚਲਦੇ ਹਾਂ ਆਪਾਂ ਤਾਂ
ਬਥੇਰੇ ਲੋਕ ਨੇ ਜੋ ਸਿਰਫ਼ ਪੈਰਾਂ ਨਾਲ ਚਲਦੇ ਨੇ

ਬੜਾ ਔਖਾ ਹੈ ਜੀਣਾ ਸਿਰ 'ਤੇ ਸੌ ਇਲਜ਼ਾਮ ਲੈ ਕੇ

ਬੜਾ ਔਖਾ ਹੈ ਜੀਣਾ ਸਿਰ 'ਤੇ ਸੌ ਇਲਜ਼ਾਮ ਲੈ ਕੇ
ਮੈਂ ਹੌਲਾ ਫੁੱਲ ਹੋ ਜਾਂਦਾ ਹਾਂ ਤੇਰਾ ਨਾਮ ਲੈ ਕੇ

ਘਰੋਂ ਚੱਲੇ ਸੀ ਸੁਖ ਦੀ ਨੀਂਦ ਦਾ ਸਾਮਾਨ ਭਾਲਣ
ਘਰਾਂ ਨੂੰ ਪਰਤ ਆਏ ਬਾਹਰ ਦਾ ਕੁਹਰਾਮ ਲੈ ਕੇ

ਨਮੀ ਸਾਂਭੀ ਹੈ ਕੁਝ ਰੁੱਖਾਂ ਨੇ ਲੰਮੀ ਔੜ ਵਿਚ ਵੀ
ਹਵਾ ਆਈ ਹੈ ਧੁਰ ਜੰਗਲ 'ਚੋਂ ਇਹ ਪੈਗ਼ਾਮ ਲੈ ਕੇ

ਉਹਦੀ ਪਰਭਾਤ ਦੇ ਪਿੰਡੇ 'ਤੇ ਛਾਲੇ ਪੈਣਗੇ ਹੀ
ਜੋ ਰਾਤੀਂ ਸੌਂ ਗਿਆ ਸੀਨੇ 'ਚ ਧੁਖ਼ਦੀ ਸ਼ਾਮ ਲੈ ਕੇ

ਮੇਰੇ ਇਤਿਹਾਸ 'ਚੋਂ ਜਗਦੇ ਪਲਾਂ ਨੂੰ ਸਾਂਭਣਾ ਸੀ
ਕਰੇਂਗਾ ਕੀ ਤੂੰ ਮੇਰਾ ਦੁਖਮਈ ਅੰਜਾਮ ਲੈ ਕੇ

ਪਿੰਡ ਦੀਆਂ ਮੰਜ਼ਿਲਾਂ ਉਦਾਸ ਕਰ ਜਾਂਦੀਆਂ

ਪਿੰਡ ਦੀਆਂ ਮੰਜ਼ਿਲਾਂ ਉਦਾਸ ਕਰ ਜਾਂਦੀਆਂ
ਲੰਘਾਂ ਸਰਹੰਦ 'ਚੋਂ ਤਾਂ ਅੱਖਾਂ ਭਰ ਜਾਂਦੀਆਂ

ਜਿਨ੍ਹਾਂ ਵਿਚ ਜ਼ਿੰਦਗੀ ਦੇ ਗੀਤ ਬੇਸ਼ੁਮਾਰ ਸੀ
ਸਰਸਾ ’ਚੋਂ ਕਾਸ਼ ਉਹ ਕਿਤਾਬਾਂ ਤਰ ਜਾਂਦੀਆਂ

ਜੇ ਨਾ ਲਲਕਾਰ ਉਹ ਆਨੰਦਪੁਰੋਂ ਉੱਠਦੀ
ਪਾਣੀਆਂ ’ਚ ਉੱਠੀਆਂ ਤਰੰਗਾਂ ਮਰ ਜਾਂਦੀਆਂ

ਸੱਜਦਾ ਹਵਾਵਾਂ ਵੀ ਕਰਨ ਚਮਕੌਰ ਨੂੰ
ਕੱਚੀ ਗੜ੍ਹੀ ਅੱਗੇ ਤਾਜ਼ੇ ਫੁੱਲ ਧਰ ਜਾਂਦੀਆਂ

ਮਿੱਤਰ ਪਿਆਰੇ ਨੂੰ ਜੇ ਹਾਲ ਨਾ ਉਹ ਦਸਦਾ
ਜੂਹਾਂ ਮਾਛੀਵਾੜੇ ਦੀਆਂ ਹੋਰ ਠਰ ਜਾਂਦੀਆਂ

ਸੀਨੇ 'ਚ ਲੁਕਾਈ ਦੇ ਉਹ ਦੁੱਖ ਨਾ ਜੇ ਪਾਲ਼ਦਾ
ਪਾਲ਼ਾਂ ਮਜ਼ਲੂਮਾਂ ਦੀਆਂ ਕਿਹੜੇ ਦਰ ਜਾਂਦੀਆਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਸਵਿੰਦਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ