ਗੁਰਭਜਨ ਗਿੱਲ ਦੀ ਕਾਵਿ-ਪੁਸਤਕ ‘ਅਗਨ ਕਥਾ' : ਇੱਕ ਸੰਵਾਦ : ਸੁਰਜੀਤ ਸਿੰਘ (ਡਾਃ)

ਗੁਰਭਜਨ ਗਿੱਲ ਦੀ ਕਾਵਿ-ਪੁਸਤਕ ‘ਅਗਨ-ਕਥਾ’ ਪੰਜਾਬੀ ਸਿਰਜਣਾਤਮਕਤਾ ਦੀ ਨਿਰੰਤਰ ਤਲਾਸ਼ ਦੇ ਰਸਤੇ ਉੱਪਰ ਪੁੱਟਿਆ ਗਿਆ ਇੱਕ ਹੋਰ ਕਦਮ ਹੈ। ਸਮਕਾਲ ਵਿੱਚ ਪੰਜਾਬੀ ਮਨੁੱਖ ਇਤਿਹਾਸ ਦੀ ਗਹਿਮਾ-ਗਹਿਮੀ ਵਿੱਚ ਆਪਣੀ ਸਬੂਤੀ ਅਤੇ ਪ੍ਰਮਾਣਿਕ ਹੋਂਦ ਦੀ ਤਲਾਸ਼ ਵਿੱਚ ਚਿੰਤਾਤੁਰ ਵੀ ਹੈ ਅਤੇ ਚਿੰਤਨਸ਼ੀਲ ਵੀ। ਇੱਕ ਸੰਵੇਦਨਸ਼ੀਲ ਪ੍ਰਤਿਨਿਧ ਦੇ ਤੌਰ 'ਤੇ ਪੰਜਾਬੀ ਸ਼ਾਇਰ ਵਿਸ਼ਵ-ਪੱਧਰ 'ਤੇ ਚੱਲਦੀ ਏਕੀਕਰਣ ਤੇ ਵਿਖੰਡਨ ਦੀ ਦੂਹਰੀ ਇਤਿਹਾਸਕ ਪ੍ਰਕਿਰਿਆ ਦੇ ਵਿੱਚ ਵਿਚਕਾਰ ਆਪਣੀ ਸਿਰਜਣਾਤਮਕ ਊਰਜਾ ਦੇ ਸੰਚਾਲਣ ਲਈ ਸਹੀ ਦਿਸ਼ਾਵਾਂ ਦੀ ਤਲਾਸ਼ ਵਿੱਚ ਰੁੱਝਿਆ ਨਜ਼ਰ ਆਉਂਦਾ ਹੈ। ਅਨੁਭਵ ਅਤੇ ਅਨੁਭਵ-ਪ੍ਰਣਾਲੀਆਂ ਵਿਚਲਾ ਦੁਫੇੜ, ਟਕਰਾਵੀਆਂ ਵਿਚਾਰਧਾਰਾਵਾਂ, ਵਾਦਾਂ- ਵਿਵਾਦਾਂ ਦੇ ਵਿਰੋਧ ਅਤੇ ਕਾਵਿ-ਯੋਗਤਾ ਦੇ ਬਹੁਭਿੰਨ ਪ੍ਰਤਿਮਾਨਾਂ ਦੇ ਦਰਮਿਆਨ ਪੰਜਾਬੀ ਸਿਰਜਣਾਤਮਕ ਅਭਿਆਸ ਅਜਿਹੇ ਸੰਤੁਲਨ ਦੀ ਤਲਾਸ਼ ਵਿੱਚ ਹੈ, ਜਿੱਥੇ ਰਚਨਾ ਸਮਕਾਲੀਨਤਾ ਵਿੱਚ ਵੀ ਸਾਰਥਕ ਹੋਵੇ ਅਤੇ ਸਰਬਕਾਲੀਨਤਾ ਵਿੱਚ ਫ਼ੈਲਣਯੋਗ ਵੀ, ਸੁਹਜਾਤਮਕ ਧਰਾਤਲ ਤੇ ਉਤਕ੍ਰਿਸ਼ਟ ਹੋਣ ਦੇ ਨਾਲ-ਨਾਲ ਵਿਆਪਕ ਮਾਨਵੀ ਸਰੋਕਾਰਾਂ ਤੇ ਆਜ਼ਾਦੀਆਂ ਨਾਲ ਪ੍ਰਤਿਬੱਧ ਵੀ ਹੋਵੇ ਤੇ ਉਸਦੀ ਪਛਾਣ ਪੰਜਾਬੀ ਸਾਹਿਤ ਦੇ ਅੰਗ ਵਜੋਂ ਵੀ ਹੋਵੇ ਅਤੇ ਵਿਸ਼ਵ ਸਾਹਿਤਕ ਵਿਰਸੇ ਵਿੱਚ ਮਿਣਨਯੋਗ ਵੀ ਹੋਵੇ। ਇਸ ਸੰਤੁਲਨ ਦੀ ਪ੍ਰਾਪਤੀ ਦਾ ਮੁੱਦਾ ਜਿੱਥੇ ਸਾਹਿਤਕ ਦ੍ਰਿਸ਼ਟੀ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ ਉੱਥੇ ਰਾਜਨੀਤਕ ਚੇਤਨਾ ਦੇ ਉਭਾਰ ਨਾਲ ਵੀ ਸਬੰਧਿਤ ਹੈ। ਗੁਰਭਜਨ ਗਿੱਲ ਦੀ ਕਵਿਤਾ ਸੰਤੁਲਨ ਦੇ ਆਦਰਸ਼ ਦੀ ਤਲਾਸ਼ ਨਾਲ ਨੇੜਿਓਂ ਜੁੜੀ ਹੋਈ ਹੋਣ ਕਾਰਨ ਸਾਹਿਤਕ ਤੇ ਰਾਜਸੀ ਚੇਤਨਾ ਦੇ ਜੁੜਵੇਂ ਪ੍ਰਤਿਮਾਨਾਂ ਦੀ ਤਲਾਸ਼ ਕਰਦੀ ਹੈ।

ਏਕੀਕਰਣ ਅਤੇ ਵਿਖੰਡਨ ਦੀ ਦੂਹਰੀ ਇਤਿਹਾਸਕ ਪ੍ਰਕਿਰਿਆ ਵਿੱਚ ਹਾਲੇ ਤੱਕ ਵਿਆਪਕ ਜਨਸਮੂਹਾਂ ਦੇ ਹਿੱਸੇ ਜ਼ਿਆਦਾਤਰ ਵਿਖੰਡਨ ਦੀ ਪ੍ਰਕਿਰਿਆ ਦੇ .ਫਲ ਹੀ ਆਏ ਹਨ। ਵਿਸ਼ਵ-ਵਿਆਪੀ ਪੱਧਰ ਉੱਪਰ ਸਰਮਾਇਆ ਅਤੇ ਉਸਦੇ ਚਾਲਕ ਵਿਭਿੰਨ ਸੰਧੀਆਂ ਅਧੀਨ ਇਕੱਠੇ ਹੋ ਰਹੇ ਹਨ, ਪਰ ਮਨੁੱਖ ਮਨੁੱਖ ਤੋਂ ਨਿਰੰਤਰ ਟੁੱਟ ਰਿਹਾ ਹੈ। ਉੱਤਰ ਪੂੰਜੀਵਾਦੀ ਯੁਗ ਦੇ ਤਰਕ ਅਧੀਨ ਅੰਤਰਮੁਖਤਾਵਾਦੀ ਚਿੰਤਨ ਪ੍ਰਣਾਲੀਆਂ ਮਨੁੱਖ ਦੇ ਇਸ ਤਰ੍ਹਾਂ ਟੁੱਟਣ ਖਿੰਡਣ ਤੇ ਇਕਾਈਆਂ ਵਿੱਚ ਵੰਡੇ ਜਾਣ ਨੂੰ ਵਾਜਬ ਤੇ ਨਿਆਂਸ਼ੀਲ ਦੱਸ ਰਹੀਆਂ ਹਨ। ਕੌਮੀ ਵਿਖੰਡਣਾ, ਨਸਲੀ ਵੱਖਰਤਾ, ਫਿਰਕੂ-ਪਛਾਣ, ਜਾਤ-ਵੰਡ, ਭਾਸ਼ਾਈ ਵਖਰੇਵੇਂ ਅਤੇ ਲਿੰਗ-ਵਿਰੋਧ ਅਤੇ ਅੰਤਿਮ ਰੂਪ ਵਿੱਚ ਨਿਰਅੰਕੁਸ਼ ਵਿਅਕਤੀਗਤ ਆਜ਼ਾਦੀ ਆਦਿ ਦੇ ਭਾਵ ਇਕੱਲੀ ਵਿਖੰਡਣ ਦੀ ਬਹੁਪਰਤੀ ਤੇ ਬਹੁਪਾਸਾਰੀ ਪ੍ਰਕਿਰਿਆ ਦੇ ਨਤੀਜੇ ਹੀ ਹਨ। ਇੱਕਮੁੱਠਤਾ ਦੇ ਲਾਜ਼ਮੀ ਮਾਨਵੀ ਬੋਧ ਤੋਂ ਵਿਛੁੰਨ ਕੇ ਇਕੱਲੀ ਵਿਖੰਡਨ ਦੀ ਪ੍ਰਕਿਰਿਆ ਦਾ ਵਾਪਰਨਾ ਸ਼ਕਤੀ ਦੀ ਬਜਾਏ ਅਸ਼ਕਤੀ ਦੇ ਅੰਤਰ-ਭਾਵ ਨੂੰ ਉਪਜਾਉਂਦਾ ਹੈ। ਆਪੋ ਵਿੱਚ ਖਹਿੰਦੇ, ਭਿੜਦੇ ਲੜਦੇ ਵਿਖੰਡਿਤ ਲੋਕ ਸਮੂਹਾਂ ਦੁਆਰਾ ਪ੍ਰਗਟ ਹੁੰਦੇ ਸ਼ਕਤੀ ਦੇ ਅਹਿਸਾਸ ਦੀ ਧੁਰ ਡੂੰਘ ਵਿੱਚ ਅਸ਼ਕਤੀ ਦਾ ਅੰਤਰਭਾਵ ਪਿਆ ਹੈ। ਇਹੀ ਉਹ ਅੰਤਰਭਾਵ ਹੈ ਜੋ ਏਕੀਕ੍ਰਿਤ ਸੰਸਾਰ ਸਰਮਾਏਦਾਰੀ ਦੇ ਹਿੱਤਾਂ ਦੇ ਅਨੁਕੂਲ ਹੈ। ਇਸ ਇਤਿਹਾਸਕ ਪਰਿਪੇਖ ਵਿੱਚ ਪੰਜਾਬੀ ਕਵਿਤਾ ਦੇ ਉਨ੍ਹਾਂ ਰੁਝਾਨਾਂ ਨੂੰ ਸਮਝਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਵਿਅਕਤੀਗਤ ਉਨਮਾਦ ਤੇ ਵਿਸ਼ਾਦ ਦੇ ਚਿਹਨ ਦੁਹਰਾਓ ਦੀ ਪੱਧਰ ਤੱਕ ਵਰਤੇ ਗਏ ਹਨ। ਔਰਤ-ਮਰਦ ਦੇ ਨਿਪਟ ਵਿਰੋਧ ਦੇ ਕਾਵਿ-ਬਿੰਬ, ਜਾਤੀ-ਵਿਰੋਧ ਜਾਂ ਵਿਲੱਖਣਤਾ ਦੇ ਭਾਵ ਵਾਲੀ ਕਵਿਤਾ (ਅਮਰਜੀਤ ਚੰਦਨ ਦੀ ਧਰੇਜਾ) ਆਦਿ ਨੂੰ ਵੀ ਇਸ ਪਰਿਪੇਖ ਵਿੱਚ ਪੜ੍ਹਿਆ ਜਾਣਾ ਲੋੜੀਂਦਾ ਹੈ। ਚਿਹਨਕਾਂ ਦੀ ਅਮੁੱਕ ਲੜੀ ਵਿੱਚ ਚਿਹਨਕਾਂ ਦੀ ਏਕਤਾ ਦੇ ਬਿੰਬ ਨੂੰ ਸਾਕਾਰ ਹੋਣ ਤੋਂ ਸਥਗਿਤ ਦਿੱਤਾ ਜਾਂਦਾ ਹੈ। ਭਾਵ ਮਨੁੱਖ ਦੀ ਮਨੁੱਖ ਦੇ ਤੌਰ 'ਤੇ ਪਛਾਣ ਮਨੁੱਖੀ ਸਾਂਝ, ਮਸਲੇ ਅਤੇ ਸੰਘਰਸ਼ਾਂ ਦੇ ਉਭਾਰ ਨੂੰ ਨਿਰੰਤਰ ਟਾਲਦੇ ਰਹਿਣ ਲਈ ਉਸਦੀ ਨਿਪਟ ਵਿਅਕਤੀਗਤ, ਨਸਲੀ, ਫਿਰਕੂ, ਕੌਮੀ ਅਤੇ ਜਾਤੀ ਪਛਾਣ ਤੇ ਵਿਲੱਖਣਤਾ ਦੇ ਮਸਲੇ ਹਾਵੀ ਹੋਏ ਰਹਿੰਦੇ ਹਨ। ਸਿਰਜਣਾਤਮਕਤਾ ਦੇ ਸੰਤੁਲਨ ਦੀ ਤਲਾਸ਼ ਕੇਵਲ ਵਿਖੰਡਣ ਦੇ ਰਸਤੇ ਤੁਰਨ ਦੀ ਬਜਾਏ ਮਨੁੱਖੀ ਸਾਂਝ ਅਤੇ ਸੁਤੰਤਰਤਾ ਦੇ ਦੁਵਲੇ ਬੋਧ ਨਾਲ ਹੀ ਸੰਭਵ ਜਾਪਦੀ ਹੈ। ਇਹੀ ਉਹ ਪਰਿਪੇਖ ਹੈ, ਜਿਸ ਦੀ ਰੌਸ਼ਨੀ ਵਿੱਚ ਮੈਂ ਗੁਰਭਜਨ ਗਿੱਲ ਦੀ ਕਵਿਤਾ ਦੀ ਸ਼ਕਤੀ ਅਤੇ ਸੀਮਾ ਨੂੰ ਪਛਾਣਨਾ ਚਾਹਾਂਗਾ।

ਗੁਰਭਜਨ ਗਿੱਲ ਦੀ ਕਵਿਤਾ ਉਨ੍ਹਾਂ ਉੱਭਰਵੇਂ ਕਾਵਿ-ਪ੍ਰਤਿਮਾਨਾਂ ਦੀ ਅਨੁਸਾਰੀ ਨਹੀਂ ਹੈ ਜਿਨ੍ਹਾਂ ਨੂੰ ਅਜੋਕੇ ਮੁਲਾਂਕਣੀ ਸੰਦਰਭਾਂ ਵਿੱਚ ਵਧੇਰੇ ਮਾਨਤਾ ਮਿਲ ਰਹੀ ਹੈ। ਇਕੱਲੀਕਾਰੀ ਵਿਖੰਡਨ ਦੀ ਪ੍ਰਕਿਰਿਆ ਨੂੰ ਹੁੰਗਾਰਾ ਦਿੰਦੀ ਵਧੇਰੇ ਕਵਿਤਾ ਇਕੱਲੇ ਮਨੁੱਖ ਦੀਆਂ ਕੁੰਠਾਵਾਂ, ਅਤਿ ਵਿਅਕਤੀਗਤ ਸੁਪਨਿਆਂ-ਇੱਛਾਵਾਂ ਅਤੇ ਉਨਮਾਦਾਂ ਨੂੰ ਰਚਨਾ ਕੇਂਦਰ ਵਿੱਚ ਰੱਖ ਕੇ ਚੱਲਦੀ ਹੈ। ਇਸ ਦੇ ਸਮਾਨਾਂਤਰ ਗੁਰਭਜਨ ਗਿੱਲ ਉਸ ਕਾਵਿ-ਧਾਰਾ ਦਾ ਅਨੁਸਰਣ ਕਰਦਾ ਹੈ, ਜਿਹੜੀ ਸਮੂਹਿਕ ਮਾਨਵੀ ਸਰੋਕਾਰਾਂ ਨੂੰ ਆਪਣਾ ਰਚਨਾਤਮਕ ਸਰੋਕਾਰ ਬਣਾਉਂਦੀ ਹੈ। ਗੁਰਭਜਨ ਗਿੱਲ ਦੀ ਵਿਚਾਰ-ਅਧੀਨ ਪੁਸਤਕ ਵਿੱਚ ਸੰਘਰਸ਼ ਦੇ ਉਸ ਪ੍ਰਤਿਮਾਨ ਨੂੰ ਨਿਭਾਇਆ ਗਿਆ ਹੈ, ਜਿਸਦਾ ਸਬੰਧ ਸਮੂਹਕਤਾ ਨਾਲ ਹੈ। ਪੁਸਤਕ ਦੀ ਸਿਰਲੇਖਕ ਨਜ਼ਮ ‘ਅਗਨ-ਕਥਾ’ ਵਿੱਚ ਅੱਗ ਨੂੰ ਉਸ ਆਦਿ-ਜੁਗਾਦੀ ਮਾਨਵੀ ਸੰਘਰਸ਼ ਦੇ ਪ੍ਰਤੀਕ ਵਜੋਂ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸ ਕਵਿਤਾ ਵਿੱਚ ਦਿੱਤੀ ਦੁਸ਼ਮਣਾਂ ਦੀ ਲੰਮੀ ਤਫ਼ਸੀਲ ਵਿੱਚ ਉਹ ਸਾਰੀਆਂ ਅੰਤਰਵਰਤੀ ਅਤੇ ਬਾਹਰਵਰਤੀ ਸ਼ਕਤੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਹੜੀਆਂ ਪੰਜਾਬੀ ਸ਼ਖ਼ਸੀਅਤ ਦੇ ਖਿੜਾਓ, ਮਾਨਸਿਕਤਾ ਦੇ ਵਿਕਾਸ ਤੇ ਦ੍ਰਿਸ਼ਟੀ ਦੇ ਆਧੁਨਿਕੀਕਰਣ ਬਣੀਆਂ ਖੜੀਆਂ ਹਨ। ਇਸ ਕਵਿਤਾ ਵਿੱਚ ਸੰਘਰਸ਼ ਦਾ ਐਲਾਨਨਾਮਾ ਅਤੇ ਦੁਸ਼ਮਣਾਂ ਦੀ ਤਫ਼ਸੀਲ ਇੱਕ ਰਚਨਾਤਮਕ ਸਮੱਸਿਆ ਦੇ ਵੀ ਸਨਮੁਖ ਹਨ। ਉਸ ਸਮੱਸਿਆ ਦਾ ਸਬੰਧ ਕਾਵਿ- ਯੋਗਤਾ, ਸੰਚਾਰ-ਸਮੱਗਰੀ ਅਤੇ ਦ੍ਰਿਸ਼ਟੀਗਤ ਇਕਾਗਰਤਾ ਦੇ ਆਪਸੀ ਸੰਤੁਲਨ ਨਾਲ ਹੈ। ਕਵੀ ਦਾ ਜ਼ਿਆਦਾ ਜ਼ੋਰ ਸੰਚਾਰ-ਸਮੱਗਰੀ ਉੱਪਰ ਵਧੇਰੇ ਹੋਣ ਕਾਰਨ ਕਵਿਤਾ ਵਿੱਚ ਪ੍ਰਮਾਣਿਕ ਕਾਵਿ-ਬਿੰਬਾਂ ਦੇ ਮੁਕਾਬਲੇ ਸੰਕਲਪਕ-ਬੋਧ ਵਧੇਰੇ ਹਾਵੀ ਹੋ ਗਿਆ ਹੈ। ਬਾਹਰਮੁਖੀ ਸੰਬੋਧਨ ਦੀ ਵਿਧੀ ਵਿੱਚ ਰਚੀ ਗਈ ਇਸ ਕਵਿਤਾ ਵਿੱਚ ਸੰਕਲਪਕ-ਬੋਧ ਦੇ ਹਾਵੀ ਹੋਣ ਨਾਲ ਭਾਸ਼ਾ ਵਧੇਰੇ ਪਾਰਦਰਸ਼ੀ ਅਤੇ ਇੱਕ ਹੋਂਦ ਤਕ ਅਕਾਵਿਕ ਹੋ ਗਈ ਹੈ। ਇਸ ਤਰ੍ਹਾਂ ਦੀ ਕਵਿਤਾ ਪਾਠਕ ਜਾਂ ਸ੍ਰੋਤੇ ਦੇ ਧੁਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਭੁੱਲ-ਭੁਲਾ ਜਾਂਦੀ ਹੈ। ਸਮੂਹਿਕ ਸਰੋਕਾਰਾਂ ਵਾਲੀ ਕ੍ਰਾਂਤੀਕਾਰੀ ਕਵਿਤਾ ਦੇ ਅੱਗੇ ਸਭ ਤੋਂ ਵੱਡੀ ਵੰਗਾਰ ਇਹ ਹੈ ਕਿ ਸੰਚਾਰ- ਸਾਧਨਾ ਦੇ ਦੁਹਰਾਓ ਪੂਰਣ ਚਿਹਨਕਾਂ ਦੁਆਰਾ ਆਰੰਭੀ ਗਈ ਸਿਮ੍ਰਿਤੀਆਂ ਮੇਟਣ ਦੀ ਯੋਜਨਾ ਦੇ ਉਲਟ ਅਜਿਹੀ ਕਾਵਿ-ਭਾਸ਼ਾ ਦੀ ਸਿਰਜਣਾ ਕੀਤੀ ਜਾਵੇ ਜੋ ਫੌਰੀ ਇੰਦਰਿਆਵੀ ਪ੍ਰਤੱਖਣ ਤੋਂ ਅੱਗੇ ਲੰਘ ਕੇ ਮਨੁੱਖੀ ਚੇਤਨਾ ਉੱਤੇ ਅਸਰ ਅੰਦਾਜ਼ ਹੋਵੇ ਅਤੇ ਸਮੂਹਿਕ ਅਵਚੇਤਨ ਦਾ ਸਥਾਈ ਅੰਗ ਬਣ ਸਕੇ।

ਗੁਰਭਜਨ ਗਿੱਲ ਆਪਣੀ ਸਿਰਲੇਖਕ ਕਵਿਤਾ ਵਿੱਚ ਪਾਰਦਰਸ਼ੀ ਭਾਸ਼ਾਈ ਪ੍ਰਯੋਗ ਕਾਰਨ ਸਮਾਜਿਕ ਸਰੋਕਾਰਾਂ ਵਾਲੀ ਕ੍ਰਾਂਤੀਕਾਰੀ ਕਵਿਤਾ ਦੇ ਪ੍ਰਤਿਮਾਨ ਨੂੰ ਹਾਸਲ ਕਰਨੋਂ ਖੁੰਝ ਜਾਂਦਾ ਹੈ। ਇਹੋ ਜਿਹਾ ਭਾਸ਼ਾਈ ਨਿਭਾਓ ਉਸ ਦੀਆਂ ਹੋਰ ਕਵਿਤਾਵਾਂ ਵਿੱਚ ਜਿੱਥੇ ਕਿਤੇ ਵੀ ਨਮੂਦਾਰ ਹੁੰਦਾ ਹੈ, ਉੱਥੇ ਹੀ ਕਾਵਿ-ਸੰਚਾਰ ਵਿੱਚ ਰੁਕਾਵਟ ਆਉਂਦੀ ਹੈ। ਉਂਝ ਉਸਦੀਆਂ ਹੋਰ ਕਈ ਕਵਿਤਾਵਾਂ ਜਿਵੇਂ ‘ਸ਼ਹਿਰਾਂ ਵਿੱਚ ਗਵਾਚ ਗਏ ਹਾਂ’, ‘ਗੁਬਾਰੇ ਵੇਚਦਾ ਬੱਚਾ’, ‘ਇੱਕ ਦਿਨ ਐਵੇਂ ਅਚਾਨਕ’, ‘ਪਰਛਾਵੇਂ ਨਹੀਂ ਫੜੀਦੇ’, “ਪੁੱਤਰ ਤਾਂ ਪਰਦੇਸ ਗਏ ਨੇ’ ਅਤੇ ‘ਮਾਂ ਦਾ ਸਫ਼ਰ' ਆਦਿ ਪਾਰਦਰਸ਼ੀ ਭਾਸ਼ਾਈ ਨਿਭਾਓ ਦੀ ਅਲਾਮਤ ਤੋਂ ਮੁਕਤ ਹਨ।

ਅੱਖਾਂ ਉਪਰ ਤਾਜ਼ੇ ਜਲ ਦੇ ਛਿੱਟੇ ਮਾਰ
ਬਾਹਰ ਨਿਕਲਿਆ
ਪੱਕੀਆਂ ਸੜਕਾਂ ਛੱਡ ਕੇ ਮੈਂ ਪਗਡੰਡੀ ਤੁਰਿਆ
ਸਾਵੇ ਰੰਗ ਵਿੱਚ ਰੰਗੀਆਂ ਸਨ ਕਣਕਾਂ ਦੀਆਂ ਫ਼ਸਲਾਂ
ਸਿੱਟਿਆਂ ਦੇ ਵਿੱਚ ਦੋਧੇ ਦਾਣੇ
ਰੁੱਖਾਂ ਉੱਤੇ ਪੌਣ ਪਰਿੰਦੇ
ਪਾਉਣ ਬਾਘੀਆਂ।

(ਸ਼ਹਿਰਾਂ ਵਿੱਚ ਗਵਾਚ ਗਏ ਹਾਂ)

ਇੰਝ ਗੁਰਭਜਨ ਗਿੱਲ ਦੀ ਸਮੁੱਚੀ ਕਵਿਤਾ ਵਿੱਚ ਪਿੰਡ, ਮਾਂ, ਸੁਪਨਾ, ਆਦਰਸ਼, ਪੰਜਾਬ, ਪ੍ਰਕਿਰਤੀ ਤੇ ਮਾਨਵਤਾ ਦੇ ਬਿੰਬ ਇੱਕ ਦੂਜੇ ਨਾਲ ਜੁੜਵੇਂ ਭਾਵ ਬੋਧ ਨੂੰ ਪ੍ਰਗਟ ਕਰਦੇ ਨਜ਼ਰ ਆਉਂਦੇ ਹਨ।ਉਸ ਦੀਆਂ ਕਵਿਤਾਵਾਂ ਵਿੱਚ ਪਿੰਡ, ਸ਼ਹਿਰ ਦੇ ਵਿਰੋਧ ਵਿੱਚ; ਮਾਂ, ਦੇਸ ਪਰਦੇਸ ਜਾ ਕੇ ਮੁੜਨਾ ਭੁੱਲ ਗਏ, ਪੜ੍ਹ ਲਿਖ ਕੇ ਨਿਕਾਰਾ ਹੋ ਗਏ ਅੰਗਾਂ ਸਾਕਾਂ ਦੇ ਵਿਰੋਧ ਵਿੱਚ; ਪ੍ਰਕਿਰਤੀ, ਮਸ਼ੀਨ ਅਤੇ ਮਸ਼ੀਨੀਕਰਣ ਦੇ ਵਿਰੋਧ ਵਿੱਚ ਅਤੇ ਮਾਨਵਤਾ, ਹਕੂਮਤੀ ਬਰਬਰਤਾ ਦੇ ਵਿਰੋਧ ਵਿੱਚ ਪਛਾਣੀ ਅਤੇ ਪੇਸ਼ ਕੀਤੀ ਗਈ ਨਜ਼ਰ ਆਉਂਦੀ ਹੈ।

ਪਿੰਡ ਅਤੇ ਸ਼ਹਿਰ ਦੇ ਵਿਰੋਧ ਦਾ ਭਾਵੇਂ ਇੱਕ ਯਥਾਰਥਕ ਪਹਿਲੂ ਵੀ ਹੈ ਪਰ ਉਸ ਨੇ ਪਿੰਡ ਅਤੇ ਸ਼ਹਿਰ ਦੀਆਂ ਵਸਤੂ ਸਥਿਤੀਆਂ ਅੰਦਰਲੇ ਟਕਰਾਵਾਂ ਦੇ ਵੇਰਵੇ ਵਿੱਚ ਜਾਣ ਦੀ ਬਜਾਏ ਉਨ੍ਹਾਂ ਨੂੰ ਆਪੋ ਵਿੱਚ ਪੂਰੀ ਤਰ੍ਹਾਂ ਵਿਰੋਧੀ ਚਿਹਨਾਂ ਦੇ ਰੂਪ ਵਿੱਚ ਸਿਰਜਿਆ ਹੈ। ਪਿੰਡ ਮਨੁੱਖੀ ਸਾਦਗੀ, ਨਿਰਛਲਤਾ, ਪ੍ਰਕਿਰਤੀ ਨਾਲ ਨੇੜਤਾ, ਮਨੁੱਖ ਲਈ ਉਤਪਾਦਨ, ਵੱਡੇ ਸੁਪਨਿਆਂ ਦੇ ਸ੍ਰੋਤ, ਰਿਸ਼ਤਿਆਂ ਦਾ ਨਿੱਘ, ਸਾਬਤ ਦ੍ਰਿਸ਼ਟੀ, ਮਾਨਵੀ ਬੋਧ ਅਤੇ ਜੀਵਨ ਸ਼ਕਤੀ ਦੇ ਅਰਥ ਦਿੰਦਾ ਹੈ ਉੱਥੇ ਸ਼ਹਿਰ ਕਪਟ, ਕਮੀਨਗੀ, ਪ੍ਰਕਿਰਤੀ-ਵਿਮੁਖਤਾ ਤੇ ਸ਼ੋਸ਼ਣ, ਉਤਪਾਦਨ ਲਈ ਉਤਪਾਦਨ, ਸੁਪਨਿਆਂ ਦੇ ਘਾਤ, ਓਪਰੇਪਣ, ਸੰਕੀਰਣਤਾ ਅਤੇ ਮੌਤ ਦੇ ਅਰਥ ਦਿੰਦਾ ਜਾਪਦਾ ਹੈ। ਪਿੰਡ ਤੇ ਸ਼ਹਿਰ ਦੇ ਨਿਪਟ ਵਿਰੋਧ ਨੂੰ ਉਸਾਰਦੇ ਇਹ ਤੁਲਨਾਤਮਕ-ਬਿੰਬ ਸ਼ਾਇਰ ਦੇ ਭਾਵਨਾਤਮਕ ਵੇਗ ਅਤੇ ਪ੍ਰਗੀਤਕ ਮੋਹ ਦਾ ਫਲ ਜਾਪਦੇ ਹਨ। ਇਸ ਵਿੱਚ ਪਿੰਡ ਦਾ ਦੋਸ਼ ਰਹਿਤ ਬਿੰਬ ਮਿੱਥ ਸਿਰਜਣਾ ਦੇ ਦਾਇਰੇ ਵਿੱਚ ਪ੍ਰਵੇਸ਼ ਕਰਦਾ ਜਾਪਦਾ ਹੈ। ਇਸ ਲਈ ਪਿੰਡ ਦਾ ਰੋਮਾਨੀ ਬਿੰਬ ਉਸਦੀ ਕਵਿਤਾ ਵਿੱਚੋਂ ਉੱਭਰਦਾ ਹੈ। ਮੈਨੂੰ ਸ਼ੱਕ ਹੈ ਕਿ ਪਿੰਡ ਤੇ ਸ਼ਹਿਰ ਦੀ ਵਿਰੋਧੀ ਜੁੱਟ ਵਜੋਂ ਇਸ ਤਰ੍ਹਾਂ ਦੀ ਸੰਕਲਪਨਾ ਕ੍ਰਾਂਤੀਕਾਰੀ ਯਥਾਰਥ-ਚੇਤਨਾ ਦੇ ਉਭਾਰ ਵਿੱਚ ਮਦਦਗਾਰ ਹੋ ਸਕਦੀ ਹੈ। ਪੇਂਡੂ ਜ਼ਿੰਦਗੀ ਦੇ ਵਿਸ਼ਾਦ ਉਸਦੀ ਕਵਿਤਾ ਵਿੱਚ ਥੀਮਕ ਧਰਾਤਲ ਉੱਤੇ ਸਿੱਧੇ ਢੰਗ ਨਾਲ ਸਿਰਜੇ ਜਾਣ ਦੀ ਬਜਾਏ ਕਦੇ-ਕਦੇ ਅਸਿੱਧੇ ਢੰਗ ਨਾਲ ਬਿਰਤਾਂਤ ਮੁਖੀ ਕਵਿਤਾਵਾਂ ਵਿੱਚੋਂ ਅਤੇ ਕਾਵਿ-ਭਾਸ਼ਾ ਦੇ ਦ੍ਰਿਸ਼ਟਾਂਤਕ ਰੂਪਾਂ ਵਿੱਚੋਂ ਝਲਕਦੇ ਨਜ਼ਰ ਆਉਂਦੇ ਹਨ।‘ਪੁੱਤਰ ਤਾਂ ਪਰਦੇਸ ਗਏ ਨੇ' ਕਵਿਤਾ ਵਿੱਚ ਮਾਂ ਦੀ ਹੋਣੀ ਦੇ ਪਿਛੋਕੜ ਵਿੱਚ ਪਿੰਡ ਦੀ ਹੋਣੀ ਦੀਆਂ ਅਨੁਗੂੰਜਾਂ ਸੁਣੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ‘ਪਰਛਾਵੇਂ ਨਹੀਂ ਫੜੀਦੇ ਅਤੇ ‘ਸਵਾਲਾਂ ਦੇ ਜੰਗਲ ਵਿੱਚ' ਆਦਿ ਕਵਿਤਾਵਾਂ ਵਿਚਲੇ ਦ੍ਰਿਸ਼ਟਾਂਤਾਂ ਵਿੱਚੋਂ ਪੇਂਡੂ ਜੀਵਨ ਦੇ ਯਥਾਰਥ ਦੀ ਟਹੁ ਮਿਲਦੀ ਹੈ।

ਸੁਆਲਾਂ ਦੀ ਗੜੇਮਾਰ ਵਿੱਚ
ਸੁਪਨਿਆਂ ਦੀ ਫਸਲ
ਝੋਨੇ ਦੀਆਂ ਮੁੰਜਰਾਂ ਫੰਡਣ ਵਾਂਗ
ਝੜੀ ਜਾ ਰਹੀ ਹੈ
.................
ਤੇਰੇ ਬਗ਼ੈਰ ਤਾਂ ਇੰਝ ਜਿਵੇਂ
ਉਮਰਾਂ ਦੀ ਕਮਾਈ ਨਾਲ ਉਸਾਰੇ ਇੱਕੋ ਇੱਕ ਕੋਠੇ ਦਾ
ਸਰੀਰ ਲੱਕੋਂ ਟੁੱਟ ਜਾਵੇ।

ਗੁਰਭਜਨ ਗਿੱਲ ਦੇ ਕਾਵਿ-ਜਗਤ ਵਿੱਚ ਪੰਜਾਬੀਅਤ ਦੇ ਸਰੋਕਾਰਾਂ ਨਾਲ ਗਹਿਰਾ ਸੰਵਾਦ ਦੇਖਣ ਵਿੱਚ ਆਉਂਦਾ ਹੈ। ਉਸਦੀ ਕਵਿਤਾ ਦਾ ਪੰਜਾਬ ਸਰੋਕਾਰ ਸੰਨ ਸੰਤਾਲੀ ਦੀ ਦੁਖਾਂਤਕ ਵੰਡ, ਇਸ ਵੰਡ ਉਪਰੰਤ ਦੋਹਾਂ ਪੰਜਾਬਾਂ ਦਾ ਹਕੂਮਤੀ ਸਾਜਿਸ਼ਾਂ ਅਧੀਨ ਆਪੇ ਵਿੱਚ ਖਹਿੰਦੇ ਰਹਿਣਾ ਅਤੇ ਫਿਰ ਔਸੀਵਿਆਂ ਤੋਂ ਸ਼ੁਰੂ ਹੋ ਕੇ ਫਿਰਕੂ ਅਤੇ ਰਾਜਕੀ ਦਹਿਸ਼ਤਵਾਦ ਤੇ ਦਿੱਲੀ ਦੇ ਸਿੱਖ ਨਸਲਕੁਸ਼ੀ ਆਦਿ ਤੋਂ ਉਤਪੰਨ ਡੂੰਘੀ ਪੀੜਾ ਅਤੇ ਵਿਸ਼ਾਦ ਨੂੰ ਆਪਣੇ ਕਲੇਵਰ ਵਿੱਚ ਲੈਂਦਾ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ ਉਸਦਾ ਪੰਜਾਬ ਸਰੋਕਾਰ ਨਿਹਕੇਵਲ ਵਿਖੰਡਤਾਵਾਦੀ ਦ੍ਰਿਸ਼ਟੀ ਦਾ ਸ਼ਿਕਾਰ ਨਾ ਹੋ ਕੇ ਇਕਮੁੱਠਤਾ ਅਤੇ ਸੁਤੰਤਰਤਾ ਦੇ ਮਾਨਵੀ ਆਦਰਸ਼ ਦੁਆਰਾ ਪ੍ਰੇਰਿਤ ਹੈ। ‘ਹੁਣ ਨਾ ਹੋਰ ਪੰਘੂੜੇ ਉੱਜੜਨ’, ‘ਵਤਨ’, ‘ਸਾਡੀ ਤੁਹਾਡੀ ਕਾਹਦੀ ਜੰਗ ਹੈ' ਆਦਿ ਕਵਿਤਾਵਾਂ ਵਿੱਚ ਇਸ ਪ੍ਰੇਰਣਾ ਦੀ ਟਹੁ ਮਿਲਦੀ ਹੈ। ਇਸ ਤਰ੍ਹਾਂ ਸ਼ਾਇਰ ਦਾ ਪੰਜਾਬੀ ਰਾਸ਼ਟਰਵਾਦ ਮੂਲਵਾਦੀ ਸੁਭਾਅ ਦਾ ਨਾ ਹੋ ਕੇ ਸਹਿਹੋਂਦ ਵਿੱਚ ਵਿਸ਼ਵਾਸ ਉੱਪਰ ਨਿਰਭਰ ਹੈ।

ਗੁਰਭਜਨ ਗਿੱਲ ਦੀ ਕਵਿਤਾ ਦਾ ਸਭ ਤੋਂ ਸ਼ਕਤੀਸ਼ਾਲੀ ਪੱਖ ਇਹ ਹੈ ਕਿ ਉਸਦੀ ਕਾਵਿ-ਪ੍ਰੇਰਣਾ ਦੇ ਪਿੱਛੇ ਪ੍ਰਕਿਰਤੀ ਦੀਆਂ ਮੂਲ ਗਤੀਆਂ ਦਾ ਸਹਿਜ-ਬੋਧ ਮੌਜੂਦ ਹੈ। ਜਦੋਂ ਉਹ ਪ੍ਰਕਿਰਤੀ ਤੇ ਵਿਸ਼ੇਸ਼ ਕਰ ਪੇਂਡੂ ਭੂ-ਦ੍ਰਿਸ਼ ਵਿੱਚੋਂ ਬਿੰਬਾਂ, ਪ੍ਰਤੀਕਾਂ ਅਤੇ ਦ੍ਰਿਸ਼ਟਾਂਤਾਂ ਦੀ ਚੋਣ ਕਰਦਾ ਹੈ ਤਾਂ ਆਪਣੀ ਕਾਵਿ-ਸਮਰੱਥਾ ਦਾ ਪ੍ਰਮਾਣ ਦਿੰਦਾ ਹੈ। ਉਸਦੀ ਕਵਿਤਾ ਵਿੱਚ ਪ੍ਰਕਿਰਤੀ ਜੀਵੰਤ ਅਤੇ ਗਤੀਸ਼ੀਲ ਰਹਿਣ ਦੀ ਪ੍ਰੇਰਣਾ ਤਾਂ ਬਣਦੀ ਹੀ ਹੈ, ਨਾਲ ਨਾਕਾਰਾਤਮਕ ਸ਼ਕਤੀਆਂ ਦੇ ਖ਼ਿਲਾਫ਼ ਸਕਾਰਾਤਮਕ ਸਰਗਰਮੀ ਦੀ ਅਟੱਲਤਾ ਦਾ ਅਰਥ ਵੀ ਦਿੰਦੀ ਹੈ। ਮਸ਼ੀਨੀ ਜੀਵਨ ਵਿੱਚ ਨਿਰਾਸਤਾ ਅਤੇ ਪੂੰਜੀ ਦੇ ਤਰਕ ਦੀ ਵਿਆਪਕਤਾ ਦੇ ਉਲਟ ਉਸਦੀ ਕਵਿਤਾ ਵਿੱਚ ਪ੍ਰਕਿਰਤੀ ਅਜਿਹੀ ਜੀਵਨਦਾਈ ਸ਼ਕਤੀ ਦੇ ਰੂਪ ਵਿੱਚ ਮੌਜੂਦ ਹੈ ਜੋ ਉਮੀਦ ਜਗਾਉਂਦੀ ਹੈ, ਸੁਪਨੇ ਸਿਜਰਦੀ ਹੈ ਅਤੇ ਸਥਾਪਤੀ ਦੇ ਉਲਟ ਸੰਘਰਸ਼ ਦੀ ਪ੍ਰੇਰਣਾ ਬਣਦੀ ਹੈ। ਚਿੜੀਆਂ, ਪਗਡੰਡੀਆਂ, ਸੂਹੇ ਗੁਲਾਬ ਅਤੇ ਲਹਿਰਾਉਂਦੀਆਂ ਫ਼ਸਲਾਂ ਮਨੁੱਖੀ ਜੀਵਨ ਦੀ ਨਿਰੰਤਰਤਾ ਅਤੇ ਉੱਜਲੇ ਭਵਿੱਖ ਦੀ ਕਾਮਨਾ ਦਾ ਸੰਚਾਰ ਕਰਦੇ ਰਹਿੰਦੇ ਹਨ ਅਤੇ ਖ਼ੂਬਸੂਰਤੀ ਦੀ ਸਿਰਜਣਾ ਕਰਦੇ ਹਨ:-

ਤੇਰੇ ਕੋਲ ਹੁੰਦਿਆਂ ਬਿਲਕੁਲ ਉਵੇਂ ਹੁੰਦਾ ਹੈ
ਜਿਵੇਂ ਫੁੱਲਾਂ ਵਿੱਚ ਰੰਗ ਭਰਦਾ ਹੈ
ਰਾਤ ਰਾਣੀ ਮਹਿਕਦੀ ਹੈ
ਅੰਬਾਂ ਅੰਗੂਰਾਂ ਅਨਾਰਾਂ ਵਿੱਚ ਰਸ ਟਪਕਦਾ ਹੈ
ਗਰੀਬ ਤੇ ਜਵਾਨੀ ਆਉਂਦੀ ਹੈ
ਅਣਦੱਸੀ ਅਣਐਲਾਨੀ ਜੰਗ ਵਾਂਗ
ਕਰੂੰਬਲ ਫੁੱਟਦੀ ਹੈ ਜਿਵੇਂ ਬਸੰਤ ਰੁਤੇ
ਜਿਵੇਂ ਕਣਕ ਦੇ ਸਿੱਟਿਆਂ ਵਿੱਚ ਦੁੱਧ ਭਰਦਾ ਹੈ
ਦੁੱਧ ਦੇ ਦਾਣੇ ਬਣਦੇ ਨੇ
ਜਿਵੇਂ ਮੱਕੀ ਸੂਤ ਕੱਤਦੀ ਹੈ
ਟਾਂਡੇ ਦੀ ਢਾਕ ਤੇ ਛੱਲੀ ਪਲਮਦੀ ਹੈ
ਕਾਠੇ ਕਮਾਦ ਵਿੱਚ ਰਸ ਭਰਦਾ ਹੈ।

ਪਾਰਦਰਸ਼ੀ ਭਾਸ਼ਾ ਦੇ ਪ੍ਰਯੋਗ ਦੀ ਬਜਾਏ ਇਸ ਕਿਸਮ ਦੀ ਕਾਵਿ-ਭਾਸ਼ਾ ਵਿੱਚੋਂ ਗੁਰਭਜਨ ਗਿੱਲ ਦੀ ਕਾਵਿ-ਸਮਰੱਥਾ ਦੀ ਝਲਕ ਨਜ਼ਰ ਆਉਂਦੀ ਹੈ। ਪੰਜਾਬੀ ਸਿਰਜਣਾਤਮਕਤਾ ਦੀ ਤਲਾਸ਼ ਮਾਨਵ ਹਿਤੈਸ਼ੀ ਰਾਜਸੀ ਚੇਤਨਾ ਅਤੇ ਕਾਵਿ- ਯੋਗਤਾ ਦੇ ਸੰਤੁਲਨ ਦੀ ਤਲਾਸ਼ ਹੀ ਹੈ। ਵਰਤਮਾਨ ਕਾਵਿ-ਦ੍ਰਿਸ਼ ਦੇ ਸਨਮੁਖ ਵਿਅਕਤੀਗਤ ਵਿਸ਼ਾਦ ਤੇ ਉਨਮਾਦ ਦੀ ਬਜਾਇ ਗੌਰਵ ਦੇ ਨੁਕਤੇ ਨਾਲ ਪ੍ਰਤਿਬੱਧ ਕਾਵਿ-ਚੇਤਨਾ ਵਿੱਚ ਹੀ ਪੰਜਾਬੀ ਕਵਿਤਾ ਅਤੇ ਗੁਰਭਜਨ ਗਿੱਲ ਦੇ ਕਾਵਿ- ਅਭਿਆਸ ਦਾ ਭਵਿੱਖ ਹੈ।

ਸੁਰਜੀਤ ਸਿੰਘ (ਡਾਃ)
ਪ੍ਰੋਫੈਸਰ,
ਪੰਜਾਬੀ ਯੂਨੀਵਰਸਿਟੀ
ਪਟਿਆਲਾ

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ