ਗੁਰਭਜਨ ਗਿੱਲ ਰਚਿਤ ‘ਅਗਨ ਕਥਾ’ : ਸਮਾਜਿਕ ਨਜ਼ਰੀਆ - ਡਾ. ਇੰਦਰਾ ਵਿਰਕ

ਗੁਰਭਜਨ ਗਿੱਲ ਆਧੁਨਿਕ ਪੰਜਾਬੀ ਕਾਵਿ ਸਿਰਜਣਾ ਦੇ ਜਗਤ ਵਿਚ ਇਕ ਜਾਣਿਆ-ਪਛਾਣਿਆ ਹਸਤਾਖ਼ਰ ਹੈ । ਜਿਸਨੇ ਆਪਣੀ ਕਾਵਿ ਕੁਸ਼ਲਤਾ ਰਾਹੀਂ ਪੰਜਾਬੀ ਗ਼ਜ਼ਲ, ਗੀਤ, ਨਿੱਕੀ ਕਵਿਤਾ ਅਤੇ ਲੰਮੇਰੀ ਕਵਿਤਾ ਲਿਖ ਕੇ ਪੰਜਾਬੀ ਕਾਵਿ-ਜਗਤ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਗੁਰਭਜਨ ਗਿੱਲ ਗਿਣਾਤਮਿਕ ਅਤੇ ਗੁਣਾਤਮਿਕ ਪੱਖੋਂ ਪੰਜਾਬੀ ਸਾਹਿਤ ਜਗਤ ਵਿਚ ਪ੍ਰਸ਼ੰਸਾਯੋਗ ਵਾਧਾ ਕਰਦਾ ਹੈ । ਹੱਥਲੇ ਕਾਵਿ ਸੰਗ੍ਰਹਿ 'ਅਗਨ ਕਥਾ' ਵਿਚ ਕਵੀ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਸ਼ਾਮਿਲ ਹਨ । ਅਗਨ ਕਥਾ ਸਮਾਜ ਵਿਚ ਫੈਲੀਆਂ ਅਨੇਕਾਂ ਅਣਸੁਖਾਵੀਆਂ ਤੇ ਅਣਮਨੁੱਖੀ ਕਦਰਾਂ- ਕੀਮਤਾਂ ਦੀ ਗੱਲ ਹੀ ਨਹੀਂ ਕਰਦਾ ਸਗੋਂ ਥਾਂ ਪੁਰ ਥਾਂ ਕਵੀ ਇਨ੍ਹਾਂ ਕਦਰਾਂ-ਕੀਮਤਾਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈ । ਇਸ ਵਿਚ ਪਹਿਲੀ ਨਜ਼ਰ ਮਾਰਿਆਂ ਇਹ ਪਤਾ ਲਗਦਾ ਹੈ ਕਿ ਕਵੀ ਦੋਹਰੇ ਸੰਘਰਸ਼ ਦੀ ਗੱਲ ਕਰਦਾ ਹੈ। ਇੱਕ ਸੰਘਰਸ਼ ਮਨੁੱਖੀ ਮਨ ਅੰਦਰ ਦੀਆਂ ਅਨੇਕਾਂ ਉਨ੍ਹਾਂ ਅਤ੍ਰਿਪਤ ਖਾਹਿਸ਼ਾਂ ਦੇ ਖ਼ਿਲਾਫ਼ ਹੈ ਜਿਹੜੀਆਂ ਸਮਾਜਿਕ ਮਾਨਸਿਕ ਪੱਧਰ ਤੇ ਰੋਜ ਪੂਰੀਆਂ ਨਾ ਹੋਣ ਕਰਕੇ ਮਨੁੱਖੀ ਮਨ ਅੰਦਰ ਆਪੇ ਤੇ ਭਾਰੂ ਹੋ ਕੇ ਉਸਨੂੰ ਤਿਲ-ਤਿਲ ਮਾਰਦੀਆਂ ਹਨ ਦੂਜਾ ਸੰਘਰਸ਼ ਸਮਾਜ ਵਿਚ ਪਸਰੀਆਂ ਅਨੇਕਾਂ ਅਜਿਹੀਆਂ ਕਦਰਾਂ-ਕੀਮਤਾਂ ਖ਼ਿਲਾਫ਼ ਹੈ ਜਿਹੜੀਆਂ ਮੁੱਢ ਤੋਂ ਹੀ ਮਨੁੱਖ ਦੀ ਵਿਪਰੀਤ ਦਿਸ਼ਾ ਵਿਚ ਯਾਤਰਾ ਕਰਦੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ।

'ਅਗਨ ਕਥਾ' ਜਿਥੇ ਇਸ ਕਾਵਿ-ਸੰਗ੍ਰਹਿ ਦੀ ਪ੍ਰਥਮ ਕਾਵਿਕ ਰਚਨਾ ਹੈ। ਉਥੇ ਇਸ ਸੰਗ੍ਰਹਿ ਦੀ ਸ਼ਾਹਕਾਰ ਰਚਨਾ ਵੀ ਹੈ । ਜੇਕਰ ਅਸੀਂ ਇਸ ਰਚਨਾ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਇਸ ਵਿਚ ਕਵੀ ਇਕ ਅਜਿਹੇ ਸੰਘਰਸ਼ ਅਥਵਾ ਜੰਗ ਲੜਨ ਦਾ ਐਲਾਨ ਕਰਦਾ ਪ੍ਰਤੀਤ ਹੁੰਦਾ ਹੈ ਜਿਹੜਾ ਸਮਾਜ ਵਿੱਚ ਵਿਚਰ ਰਹੀਆਂ ਅਨੇਕਾਂ ਅਦ੍ਰਿਸ਼ਟ ਤਾਕਤਾਂ ਦੇ ਖਿਲਾਫ਼ ਹੈ। ਜਿਹੜੀਆਂ ਆਪਣੀ ਬੰਦੂਕ ਚਲਾਉਣ ਲਈ ਮੋਢਾ ਕਿਸੇ ਹੋਰ ਦਾ ਵਰਤਦੀਆਂ ਹਨ ਅਤੇ ਨਿਸ਼ਾਨਾ ਲਗਾਉਣ ਦਾ ਹੱਕ ਕੇਵਲ ਆਪਣੇ ਹੱਥ ਵਿਚ ਰੱਖਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨੁੱਖ ਆਪਣੀ ਤਮਾਮ ਜ਼ਿੰਦਗੀ ਵਿਚ ਅਨੇਕਾਂ ਛੋਟੀਆਂ-ਛੋਟੀਆਂ ਲੜਾਈਆਂ ਲੜਦਿਆਂ ਜਿਹੜੀਆਂ ਬਹੁਤੀ ਵਾਰ ਉਸਨੂੰ ਮੁੱਖ-ਮੁੱਦਿਆਂ ਤੋਂ ਅਵੇਸਲਿਆਂ ਕਰਕੇ ਆਪਣੇ ਅਤੇ ਆਪਣਿਆਂ ਨਾਲ ਲੜਦਿਆਂ ਗੁਜਾਰ ਦੇਂਦਾ ਹੈ, ਸਮਾਂ ਬੀਤਣ ਤੇ ਜਦ ਉਹ ਹੋਸ਼ ਵਿਚ ਆਉਂਦਾ ਹੈ ਤਾਂ ਉਸਨੂੰ ਸੋਝੀ ਹੁੰਦੀ ਹੈ ਕਿ ਅਸਲ ਜੰਗ ਵਿਚ ਤਾਂ ਉਹ ਪਿੱਛੇ ਹੀ ਰਹਿ ਜਾਂਦਾ ਹੈ । ਕਵੀ ਮਨੁੱਖ ਨੂੰ ਚੇਤੰਨ ਪੱਧਰ ਉੱਤੇ ਅਜਿਹੇ ਅਣਮਨੁੱਖੀ, ਅਣਸੁਖਾਵੀਆਂ, ਅਣਕਿਆਸੀਆਂ ਅਤੇ ਅਣਦਿੱਸਦੀਆਂ ਪਰਿਸਥਿਤੀਆਂ ਖਿਲਾਫ਼ ਜਹਾਦ ਛੇੜਣ ਲਈ ਪ੍ਰੇਰਦਾ ਹੈ ਜਿਹੜੀਆਂ ਮਨੁੱਖ ਦੇ ਜੀਵਨ ਨੂੰ ਘੁਣ ਵਾਂਗ ਖਾ ਰਹੀਆਂ ਹੁੰਦੀਆਂ ਹਨ । ਪਰੰਪਰਾਗਤ ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵ ਵਿਰੋਧੀ ਅਨੇਕਾਂ ਮੁਹਾਜਾਂ ਤੇ ਲੜਨਾ ਅਜੋਕੇ ਮਾਨਵ ਲਈ ਹੋਰ ਵੀ ਜਰੂਰੀ ਹੋ ਜਾਂਦਾ ਹੈ । ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕਵੀ ਕਿਹੜੀ ਜੰਗ ? ਕਿਹੜੇ ਯੁੱਧ ? ਜਾਂ ਫਿਰ ਕਿਹੜੀ ਲੜਾਈ ? ਲੜਨ ਲਈ ਮਨੁੱਖ ਨੂੰ ਪ੍ਰੇਰਦਾ ਹੈ । ਕਵੀ । ਕਵਿਤਾ ਦੇ ਆਰੰਭ ਵਿਚ ਲਿਖਦਾ ਹੈ :

ਜੰਗ ਤਾਂ ਅਜੇ ਲੜਨੀ ਹੈ,
ਉਨ੍ਹਾਂ ਕਾਲੀਆਂ ਕਰੂਰ, ਤਾਕਤਾਂ ਦੇ ਖਿਲਾਫ਼

ਇਹ ਤਾਕਤਾਂ ਅਜੋਕੇ ਨੌਜਵਾਨਾਂ ਨੂੰ ਮੁੱਖਧਾਰਾ ਤੋਂ ਬਾਹਰ ਲੈ ਜਾ ਕੇ ਆਪਣੇ ਮਨਇੱਛਿਤ ਸਮਾਜ ਅਤੇ ਕੀਮਤਾਂ ਦੀਆਂ ਭਾਗੀਦਾਰ ਬਣਾ ਦੇਂਦੀਆਂ ਹਨ, ਜਿਨ੍ਹਾਂ ਬਾਰੇ ਸ਼ਾਇਦ ਨੌਜਵਾਨ ਖੂਨ ਕਾਹਲੀਵਸ ਅਤੇ ਬੇਧਿਆਨ, ਹੋਇਆ ਆਪਣੀ ਸੋਚ ਤੇ ਜਿੰਦਰਾ ਲਗਾ ਵਾਹੋ ਦਾਹੀ ਉਸ ਰਾਹ ਤੇ ਤੁਰਨ ਲਈ ਮਜਬੂਰ ਹੋ ਜਾਂਦਾ ਹੈ ਜਿਸ ਦੀ ਸ਼ਾਇਦ ਉਸਨੇ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ । ਭੋਲ਼ੀਆਂ-ਭਾਲੀਆਂ ਧੀਆਂ-ਭੈਣਾ ਹੱਥੋਂ ਰੰਗ- ਬਿਰੰਗੇ ਧਾਗੇ ਦੀਆਂ ਵੱਟੀਆਂ ਖੋਹ, ਜਿਸ ਨਾਲ ਉਹ ਰੰਗੀਨ ਸੁਪਨੇ ਸਿਰਜਦੀਆਂ ਸਨ, ਉਨ੍ਹਾਂ ਦੇ ਗਵਾਚੇ ਸੁਪਨਿਆਂ ਅਤੇ ਸੁਪਨਿਆਂ ਤੋਂ ਥਿੜਕਾਉਣ ਵਾਲੇ ਨਿਜ਼ਾਮ ਦੇ ਖ਼ਿਲਾਫ਼ ਲੜਨਾ ਅਤਿ ਅਨਿਵਾਰੀ ਹੈ । ਨੌਜਵਾਨ ਕਿਸੇ ਵੀ ਸਮਾਜ-ਸਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ । ਜਿਸਤੇ ਭਵਿੱਖ ਮੁੱਖੀ ਢਾਂਚੇ ਦੀ ਉਸਾਰੀ ਹੁੰਦੀ ਹੈ।ਜਦ ਨੌਜਵਾਨਾਂ ਦੇ ਸੁਪਨਿਆਂ ਨਾਲ ਕੋਈ ਖ਼ਿਲਵਾੜ ਕਰਦਾ ਹੈ ਤਾਂ ਨਿਸ਼ਚਿਤ ਤੌਰ ਤੇ ਉਨ੍ਹਾਂ ਦੇ ਖ਼ਿਲਾਫ਼ ਲੜਨਾ ਜਰੂਰੀ ਹੈ:

ਜਿਨ੍ਹਾਂ ਨੇ ਸੁਪਨਿਆਂ ਦਾ ਵਣਜ ਕਰਨ ਦੇ ਬਹਾਨੇ,
ਤੂਤ ਦੀ ਲਗਰ ਵਰਗੇ
ਮੁੰਡਿਆਂ ਦੇ ਹੱਥੀਂ ਹਥਿਆਰ ਫੜਾਏ
ਜਿਨ੍ਹਾਂ ਨੇ ਸਾਡੇ ਪੁੱਤਰਾਂ ਨੂੰ ਪੁੱਤਰ ਨਹੀਂ,
ਬਾਲਣ ਸਮਝਿਆ ਤੇ ਭੱਠੀ ਵਿੱਚ ਝੋਕਿਆ
ਖ਼ੁਦ ਨਾਅਰਿਆਂ ਦੀ ਪੱਖੀ ਝੱਲਦੇ ਰਹੇ।

ਇਹ ਲੰਮੀ ਕਵਿਤਾ ਲਗਾਤਾਰ ਪਾਠਕਾਂ ਦੇ ਸਾਹਮਣੇ ਕਈ ਪ੍ਰਸ਼ਨ ਰੱਖਦੀ ਹੈ ਅਤੇ ਕਈ ਜੁਆਬ ਦੇਂਦੀ ਆਪਣੀ ਗਤੀਸ਼ੀਲਤਾ ਬਣਾਈ ਰੱਖਦੀ ਹੈ:

ਲੰਮੀ ਲੜਾਈ ਵਿਚ,
ਜਿੱਤ ਹਾਰ ਕੋਈ ਮਾਅਨਾ ਨਹੀਂ ਰੱਖਦੀ,
ਮਹੱਤਵਪੂਰਨ ਹੁੰਦਾ ਹੈ,
ਤੁਸੀਂ ਕਿਸ ਖ਼ਾਤਿਰ ਲੜ ਰਹੇ ਹੋ।

ਗੁਰਭਜਨ ਗਿੱਲ ਦੀ ਪੁਸਤਕ ਤੇ ਪੰਛੀ ਝਾਤ ਮਾਰਿਆਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਗਿੱਲ ਆਪਣੀ ਹਾਜ਼ਰੀ ਉਸ ਸਮਕਾਲੀ ਕਵਿਤਾ ਵਿਚ ਲਗਾ ਰਿਹਾ ਹੈ, ਜਿਹੜੀ ਕਵਿਤਾ ਤਿੱਖੇ ਸੰਵਾਦ ਦੀ ਸਥਿਤੀ ਵਿੱਚ ਹੈ । ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਵਿਚ ਹਰ ਨਵੀਂ ਕਵਿਤਾ, ਸਾਹਿਤਕ ਲਹਿਰਾਂ ਕਵਿਤਾ ਤੋਂ ਹੀ ਆਰੰਭ ਹੁੰਦੀ ਰਹੀ ਹੈ । ਸਾਹਿਤ ਦੀਆਂ ਦੂਜੀਆਂ ਵਿਧਾਵਾਂ ਜਿਵੇਂ ਨਾਵਲ, ਨਾਟਕ ਅਤੇ ਕਹਾਣੀ ਆਦਿ ਇਸ ਦੇ ਪ੍ਰਭਾਵ ਅਧੀਨ ਦ੍ਰਿਸ਼ਟੀਗੋਚਰ ਹੁੰਦੇ ਹਨ। ਕਵੀ ਮਨ ਸਮਕਾਲ ਵਿਚ ਵਾਪਰ ਰਹੀਆਂ ਸਥਿਤੀਆਂ ਨੂੰ ਯੱਕਮੁਸ਼ਤ ਆਪਣੀ ਸੰਵੇਦਨਾ ਸ਼ਕਤੀ ਰਾਹੀਂ ਪ੍ਰਸਤੁਤ ਕਰਨ ਦੇ ਵਧੇਰੇ ਸਮਰੱਥ ਹੁੰਦਾ ਹੈ । ਸਮਕਾਲੀ ਪੰਜਾਬੀ ਕਵਿਤਾ ਵਿਚ ਉਸ ਨਿਕਟਵਰਤੀ ਪੂਰਬਲੀ ਕਵਿਤਾ ਨਾਲੋਂ ਇਕ ਵਿਚਾਰਧਾਰਕ ਪਾੜਾ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਜਿਸ ਵਿਚੋਂ ਇਹ ਪੈਦਾ ਹੋ ਰਹੀ ਹੈ । ਪਿਛਲੇ ਦੋ ਦਹਾਕਿਆਂ ਦੀ ਕਵਿਤਾ ਨੂੰ ਪੂਰਬਲੀ ਕਾਵਿ ਪਰੰਪਰਾ ਤੋਂ ਨਿਖੇੜਨ ਲਈ 'ਸਮਕਾਲੀ ਕਵਿਤਾ' 'ਨਵੀਂ ਕਵਿਤਾ' 'ਉੱਤਰ-ਆਧੁਨਿਕ' ਕਵਿਤਾ ਅਤੇ 'ਸਮਾਨਾਂਤਰ ਕਵਿਤਾ' ਆਦਿ ਨਾਂ ਦਿੱਤੇ ਗਏ ਹਨ । ਇਸ ਕਵਿਤਾ ਦਾ ਦ੍ਰਿਸ਼ ਜਟਿਲ ਕੋਲਾਜ ਵਰਗਾ ਹੈ, ਜਿਸ ਵਿੱਚ ਵਿਭਿੰਨ ਵਿਚਾਰਧਾਰਾਵਾਂ, ਕਾਵਿ-ਸ਼ੈਲੀਆਂ ਅਤੇ ਵੱਖਰੇ ਅਨੁਭਵਾਂ ਵਾਲੇ ਚਾਰ ਪੀੜ੍ਹੀਆਂ ਦੇ ਕਵੀ ਇਕ ਦੂਜੇ ਦੇ ਸਮਾਂਨਾਤਰ ਨਿਰੰਤਰ ਸਿਰਜਣ ਪ੍ਰਕਿਰਿਆ ਨਾਲ ਵਾਬਸਤਾ ਹਨ। ਇਨ੍ਹਾਂ ਪੀੜੀਆਂ ਦਾ ਵਖਰੇਵਾਂ ਕੇਵਲ ਉਮਰਾਂ ਦਾ ਨਹੀਂ ਸਗੋਂ ਕਾਵਿ-ਸੰਵੇਦਨਾ, ਕਾਵਿ-ਦ੍ਰਿਸ਼ਟੀ ਅਤੇ ਕਾਵਿ ਦੀਆਂ ਸ਼ਿਲਪੀ ਜੁਗਤਾਂ ਪ੍ਰਤੀ ਚੇਤੰਨਤਾ ਵਾਲਾ ਹੈ। ਇਸ ਪ੍ਰਕਾਰ ਗੁਰਭਜਨ ਗਿੱਲ ਕਾਵਿ ਵਿਚੋਂ ਸਮਕਾਲੀ ਕਵਿਤਾ ਵਾਂਗ ਸਰਲ ਸੁਬੋਧ ਪ੍ਰਗੀਤਕ ਰਚਨਾ ਤੇ ਪਰੰਪਰਾਗਤ ਪ੍ਰਗਤੀਵਾਦੀ ਕਵਿਤਾ ਦੇ ਦੀਦਾਰ ਵੀ ਹੁੰਦੇ ਹਨ ਅਤੇ ਆਧੁਨਿਕ ਭਾਵ-ਬੋਧ ਵਾਲੇ ਜਟਿਲ ਕਾਵਿ-ਉਚਾਰ ਦੇ ਦਰਸ਼ਨ ਵੀ ਹੁੰਦੇ ਹਨ।

ਗੁਰਭਜਨ ਗਿੱਲ ਕਾਵਿ ਸਮਕਾਲੀ ਪੰਜਾਬੀ ਕਵਿਤਾ ਵਾਂਗ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਤੇ ਵਾਪਰ ਦੀਆਂ ਘਟਨਾਵਾਂ, ਰਾਜਸੀ ਰੱਦੋ-ਬਦਲ, ਵਿਚਾਰਧਾਰਕ ਤਬਦੀਲੀਆਂ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸੰਕਟਾਂ ਤੋਂ ਪ੍ਰਭਾਵਿਤ ਹੋ ਰਿਹਾ ਹੈ । ਇਸ ਵਿਚ ਕਿਸੇ ਵਿਚਾਰਧਾਰਾ, ਵਾਦ, ਲਹਿਰ ਜਾਂ ਸੰਗਠਨ ਦੇ ਨਿਸ਼ਚਿਤ ਚੌਖਟੇ ਨੂੰ ਆਪਣਾ ਰਚਨਾਤਮਕ ਸਰੋਤ ਨਹੀਂ ਬਣਾਉਂਦੀ :

ਨਵੀਂ ਪੰਜਾਬੀ ਕਵਿਤਾ ਦੀ ਪਹਿਲੀ ਖਾਸੀਅਤ ਹੀ ਇਹ ਹੈ ਕਿ ਪੰਜਾਬੀ ਕਾਵਿ ਹੁਣ ਕਿਸੇ ਵਾਦ ਭੀੜ ਜਾਂ ਨਾਹਰੇ ਤੇ ਟੇਕ ਨਹੀਂ ਰੱਖ ਰਿਹਾ ਇਹ ਵੱਖਰੀ ਸੋਚ ਅਤੇ ਵੱਖਰੇ ਅੰਦਾਜ਼ ਦਾ ਕਾਵਿ ਹੈ । ਪਹਿਲੀ ਕਵਿਤਾ ਆਦਮੀ ਦੇ ਬਾਹਰੀ ਰੂਪ ਨੂੰ ਮਹੱਤਵ ਦੇਂਦੀ ਸੀ, ਹੁਣ ਆਦਮੀ ਦੇ ਅੰਦਰਲੇ ਦੁੱਖਾਂ-ਸੁੱਖਾਂ ਦੀ ਪੇਸ਼ਕਾਰੀ ਹੋਈ ਹੈ।

ਉਕਤ ਭਾਵਨਾਵਾਂ ਦੀ ਪੇਸ਼ਕਾਰੀ ਕਵੀ ਨੇ ਬੜੀ ਖੂਬਸੂਰਤੀ ਨਾਲ ਕੀਤੀ ਹੈ :

ਏਸ ਸ਼ਹਿਰ ਵਿੱਚ ਦੱਸੋ ਕਿਸਦੇ ਨਾਲ
ਮੈਂ ਆਪਣਾ ਨੇੜ ਬਣਾਵਾਂ
ਜਿਸਨੂੰ ਦਿਲ ਦੀ ਬਾਤ ਸੁਣਾ ਕੇ ਹੌਲਾ ਫੁੱਲ ਹੋ ਜਾਵਾਂ
ਸਰਹੱਦ ਤੋਂ ਬੱਸ ਕੁੱਝ ਗਿੱਠਾਂ ਹੀ
ਉਰਲੇ ਪਾਸੇ ਮੇਰਾ ਪਿੰਡ ਬਸੰਤ ਕੋਟ ਹੈ।
ਜਿਸਦੇ ਚਾਰ-ਚੁਫ਼ੇਰੇ ਫਸਲਾਂ ਪਸਰੀ ਹੈ ਹਰਿਆਲੀ
ਕਿੰਨੀ ਸੋਹਣੀ ਲੱਗਦੀ ਸੀ
ਜਦ ਸੁਬਹ ਸਵੇਰੇ ਉੱਠ ਪੈਂਦੇ ਸਾਂ,
ਚੜ੍ਹਦੀ ਗੁੱਠੇ ਉਗਮ ਰਹੇ ਸੂਰਜ ਦੀ ਲਾਲੀ।

ਇਥੇ ਕਵੀ ਮਨੁੱਖ ਦੀ ਮਾਨਸਿਕ ਉੱਥਲ-ਪੁੱਥਲ ਦੀ ਗੱਲ ਤਾਂ ਕਰਦਾ ਹੀ ਹੈ ਨਾਲ ਹੀ ਆਪਣੇ ਪਿੰਡ ਦੀ ਮਿੱਟੀ ਲਈ ਹੇਰਵਾ ਵੀ ਵਿਅਕਤ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ । ਰੋਜ਼ੀ ਰੋਟੀ ਦੀ ਤਲਾਸ਼ ਸਿੱਧੇ-ਸਾਧੇ ਵਿਅਕਤੀ ਨੂੰ ਪਿਛੋਂ ਸ਼ਹਿਰਾਂ ਦੇ ਭੀੜ-ਭੜੱਕੇ ਵਾਲੇ ਜਨ-ਜੀਵਨ ਵਿਚ ਲਿਆ ਖੜ੍ਹਾ ਕਰਦੀ ਹੈ, ਜਿਸ ਨਾਲ ਦੋ-ਚਾਰ ਹੁੰਦਿਆਂ ਲੰਮਾ ਅਰਸਾ ਬੇਸ਼ੱਕ ਆਪਣੀ ਮਿੱਟੀ ਤੋਂ ਦੂਰ ਰਹਿੰਦਾ ਹੈ ਪਰ ਉਸਦੇ ਅੰਦਰਲੇ ਮਨ ਵਿਚ ਜਦ ਕਦੇ ਆਪਣੇ ਪਿੰਡ ਦੀ ਝਾਕੀ ਆਉਂਦੀ ਹਾਂ ਤਾਂ ਉਹ ਸਾਧਾਰਨ ਪੱਧਰ ਤੇ ਆਪਣੀ ਰੂਹ ਨਾਲ ਬਾਤਾਂ ਪਾਉਂਦਾ ਨਜ਼ਰ ਆਉਂਦਾ ਹੈ । ਹੁਣ ਦੀ ਕਵਿਤਾ ਵਿਚ ਫ਼ਲਸਫ਼ਿਆਂ, ਆਦਰਸ਼ਾਂ ਵਿਚ ਅੰਧ- ਵਿਸ਼ਵਾਸ ਦੀ ਥਾਂ ਜੀਵਨ ਯਥਾਰਥ ਅਤੇ ਉਸਦੀਆਂ ਅਣਗੌਲੀਆਂ ਪਰਤਾਂ ਨੂੰ ਵਧੇਰੇ ਮਹੱਤਤਾ ਪ੍ਰਾਪਤ ਹੋਣ ਲੱਗੀ ਹੈ। ਕਵੀ ਲਿਖਦਾ ਹੈ :

ਹਰ ਬੰਦੇ ਦੇ ਅੰਦਰ ਕਬਰਾਂ
ਕਿੰਨੇ ਝੋਰੇ ਤੇ ਹਟਕੋਰੇ।
ਕਈ ਵਾਰੀ ਤਾਂ ਇਉਂ ਲੱਗਦਾ ਹੈ
ਏਸੇ ਲਈ ਇਹ ਅੱਜ ਤੱਕ ਜਿਉਂਦੇ
ਕਿਉਂਕਿ ਮਰਨ ਦੀ ਵਿਹਲ ਨਹੀਂ ਹੈ।

ਗੁਰਭਜਨ ਗਿੱਲ ਕਾਵਿ ਪੜ੍ਹਨ ਉਪਰੰਤ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਕਾਵਿ ਅਨੇਕ ਧਰਾਤਲੀ ਪ੍ਰਭਾਵਾਂ ਵਿਚੋਂ ਵਿਚਰਦੀ ਹੈ । ਜਿਸ ਵਿਚ ਕਿਤੇ ਉਦਾਸੀ, ਕਿਤੇ ਰੋਹ ਕਿਤੇ ਵਿਦਰੋਹ ਹੈ । 1947 ਦੀ ਦੇਸ਼ ਦੀ ਵੰਡ ਅਤੇ ਵੰਡ ਉਪਰੰਤ ਉਪਜੇ ਸੰਤਾਪ, ਖਲਾਅ ਅਤੇ ਖਾਲ਼ੀਪਨ ਦੀ ਬਾਤ ਪਾਉਂਦੀ ਇਹ ਕਵਿਤਾ 1984 ਦੇ ਦਹਾਕਿਆਂ ਦਾ ਜ਼ਿਕਰ ਬੜੇ ਰੁਦਨ ਅਤੇ ਵਿਦਰੋਹੀ ਸੁਰ ਵਿਚ ਵਿਰਲਾਪਦੀ ਹੈ।

ਇਸ ਕਾਵਿ ਦਾ ਸਾਕਾਰਾਤਮਕ ਹਾਸਲ ਇਹ ਬਣਦਾ ਹੈ ਕਿ ਕਵੀ ਅਨੇਕਾਂ ਉਤਰਾਵਾਂ, ਚੜਾਵਾਂ ਨੂੰ ਪੇਸ਼ ਕਰਦਿਆਂ ਮਨੁੱਖ ਨੂੰ ਕਿਧਰੇ ਵੀ ਹੰਭ ਕੇ, ਥੱਕ ਕੇ, ਡਰ ਕੇ ਬੈਠੇ ਰਹਿਣ ਦੀ ਥਾਂ ਹੰਭਲਾ ਮਾਰਨ ਲਈ ਪ੍ਰੇਰਦਾ ਹੈ । ਸਮਾਜਕ ਸਭਿਆਚਾਰਕ ਸਥਿਤੀਆਂ ਕਿੰਨੀਆਂ ਵੀ ਭਿਆਨਕ ਹੋ ਜਾਣ ਮਨੁੱਖ ਨੂੰ ਜੀਵਨ ਦੀ ਚਿਣਗ ਕਦੀਂ ਨਹੀਂ ਤਿਆਗਣੀ ਚਾਹੀਦੀ :

ਭਾਵੇ ਜਖ਼ਮੀ ਤਨ ਤੇ ਮਨ ਹੈ ਜਿੰਦੜੀ ਹੈ ਅਧਮੋਈ
ਪਰ ਅੱਜ ਤੱਕ ਇਤਿਹਾਸ ਗਵਾਹ ਹੈ
ਧਰਤੀ ਬਾਂਝ ਨਾ ਹੋਈ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ