‘ਅਗਨ ਕਥਾ’ : ਮੂਲ ਸਰੋਕਾਰ - ਸੰਦੀਪ ਚੰਚਲ
ਪੰਜਾਬੀ ਕਵਿਤਾ ਦਾ ਮੁਹਾਂਦਰਾ ਦਿਨ ਪ੍ਰਤੀ ਦਿਨ ਨਿਖ਼ਰ ਰਿਹਾ ਹੈ । ਲੋਕ ਪਰੰਪਰਾ ਵਿਚੋਂ ਪੈਦਾ ਹੋ ਕੇ ਨਾਥਾਂ, ਜੋਗੀਆਂ, ਸੂਫ਼ੀਆਂ, ਕਿੱਸਾਕਾਰਾਂ ਅਤੇ ਗੁਰਮਤਿ ਧਾਰਾ ਦੇ ਰਚੈਤਾ ਗੁਰੂ ਸਾਹਿਬਾਨ ਦੀ ਕਲਮ ਛੋਹ ਦੁਆਰਾ ਪੰਜਾਬੀ ਕਵਿਤਾ ਵਿਭਿੰਨ ਪੜਾਅ ਤੈਅ ਕਰਦੀ ਹੋਈ, ਅੱਜ ਆਪਣੀ ਵਿਲੱਖਣ ਦਿੱਖ, ਆਭਾ ਅਤੇ ਆਕਰਸ਼ਨ ਨੂੰ ਪ੍ਰਾਪਤ ਕਰ ਰਹੀ ਹੈ । ਕਵਿਤਾ ਮਨੁੱਖ ਦੀਆਂ ਮੁੱਢਲੀਆਂ ਸੌਂਦਰਯਾਤਮਕ ਕਿਰਿਆਵਾਂ ਵਿਚੋਂ ਇੱਕ ਹੈ । ਇਸ ਲਈ ਇਸਦਾ ਅਧਿਐਨ ਮਾਨਵੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਵਿਭਿੰਨ ਪਹਿਲੂਆਂ, ਪੱਖਾਂ ਅਤੇ ਪਾਸਾਰਾਂ ਨੂੰ ਸਹਿਜੇ ਹੀ ਪੇਸ਼ ਅਤੇ ਪ੍ਰਸਤੁਤ ਕਰ ਦਿੰਦਾ ਹੈ।(1)
ਪ੍ਰੋ: ਗੁਰਭਜਨ ਗਿੱਲ ਪੰਜਾਬੀ ਸਾਹਿਤ ਅਤੇ ਕਵਿਤਾ ਦਾ ਇਕ ਸਮਰੱਥ ਅਤੇ ਸਾਰਥਕ ਹਸਤਾਖ਼ਰ ਹੈ । ਉਸਨੇ ਸਾਹਿਤ ਸਿਰਜਣਾ ਦੇ ਨਾਲ ਸਾਹਿਤ ਸੇਵਾ ਦੇ ਖੇਤਰ ਵਿੱਚ ਮੁੱਲਵਾਨ ਯੋਗਦਾਨ ਪਾਇਆ ਹੈ । ਉਸਦੀ ਸ਼ਾਇਰੀ ਦੇ ਅਨੇਕਾਂ ਮਹੱਤਵਪੂਰਨ ਪੱਖ ਅਤੇ ਪਹਿਲੂ ਹਨ, ਜਿਨ੍ਹਾਂ ਉੱਪਰ ਵਿਸਥਾਰ ਵਿੱਚ ਚਰਚਾ ਕੀਤੀ ਜਾ ਸਕਦੀ ਹੈ। ਪੰਜਾਬੀਅਤ ਦੀ ਅਮੀਰ, ਉੱਚੀ ਲੋਕ ਹਿੱਤਕਾਰੀ ਪਰੰਪਰਾ ਤੋਂ ਉਹ ਨਾ ਕੇਵਲ ਪ੍ਰੇਰਣਾ ਲੈ ਕੇ ਚਲਦਾ ਹੈ ਬਲਕਿ ਉਸਨੂੰ ਆਪਣੀ ਸੋਚ ਅਤੇ ਸੁਪਨਿਆਂ ਦੀ ਸਧਰ ਵੀ ਬਣਾਉਂਦਾ ਹੈ । ਇਸ ਅਕੀਦੇ ਅਤੇ ਪ੍ਰਤੀਬੱਧਤਾ ਵਿੱਚ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਕਾਸ ਅਤੇ ਵਿਸਥਾਰ ਛੁਪਿਆ ਹੋਇਆ ਹੈ ਇਹ ਸਾਡੀ ਪ੍ਰਾਪਤੀ ਅਤੇ ਸ਼ਕਤੀ ਹੈ । ਗੁਰਭਜਨ ਗਿੱਲ ਇਸ ਨੂੰ ਪਹਿਚਾਨਣ ਵਿੱਚ ਕੁਤਾਹੀ ਨਹੀਂ ਕਰਦਾ । ਉਸਦੀ ਸੋਚ ਸਪੱਸ਼ਟ ਅਤੇ ਵਿਸ਼ਾਲ ਹੈ । ਉਂਝ ਕੋਈ ਵੀ ਸਾਹਿਤਕ ਵਿਧਾ ਬਿਨ੍ਹਾਂ ਇਹਨਾਂ ਆਧਾਰ ਸਤੰਬਾਂ ਦੇ ਲਿਖੀ ਨਹੀਂ ਜਾ ਸਕਦੀ। ਉਸਦਾ ਨਜ਼ਰੀਆ ਆਸ਼ਾਵਾਦੀ, ਭਵਿੱਖਵਾਦੀ, ਮਾਨਵਵਾਦੀ, ਉਦਾਰਵਾਦੀ ਅਤੇ ਉਥਾਨਵਾਦੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਵਾਹ ਉਸ ਦੀਆਂ ਨਜ਼ਮਾਂ ਦੀ ਸਹਿਜ ਸਮਰੱਥਾ ਅਤੇ ਸ਼ਕਤੀ ਬਣਕੇ ਵਹਿੰਦਾ ਹੈ ਉਸਦੀਆਂ ਨਜ਼ਮਾਂ ਸ਼ਾਂਤ ਵਹਿੰਦੇ ਪਾਣੀ ਦੀ ਰਵਾਨੀ ਵਾਕੁਣ ਹੁੰਦੀਆਂ ਹਨ ਜਿਨ੍ਹਾਂ ਵਿੱਚ ਉਛਾਲ ਅਤੇ ਤੇਜ ਤਰਾਰੀ ਵੀ ਹੁੰਦੀ ਹੈ ਪਰੰਤੂ ਇਸਦਾ ਸੁਭਾ ਸ਼ਾਂਤ ਅਤੇ ਛੁਪੇ ਹੋਏ ਭਾਵਾਂ ਵਾਲਾ ਹੁੰਦਾ ਹੈ। ਇਤਿਹਾਸ ਅਤੇ ਪਰੰਪਰਾ ਨੂੰ ਉਹ ਇੱਕ ਪ੍ਰੇਰਕ ਸੋਮੇ ਵਜੋਂ ਸਵੀਕਾਰ ਕਰਦਾ ਹੈ। ਇਤਿਹਾਸਕ ਗਲਤੀਆਂ ਦੇ ਮਿਹਣਿਆਂ ਨੂੰ ਆਪਣੀ ਹਿੱਕ ਉੱਤੇ ਤਮਗੇ ਵਾਂਗ ਸਜਾ ਰੱਖਦਾ ਹੈ । ਇਹ ਉਹ ਇਸ ਕਰਕੇ ਕਰਦਾ ਹੈ ਤਾਂ ਜੋ ਮਨੁੱਖਤਾ ਦੇ ਭਵਿੱਖ ਦਾ ਸੂਰਜ ਲਿਸ਼ਕਾਂ ਮਾਰਦਾ ਰਹੇ ਤੇ ਮਾਨਵਤਾ ਦੇ ਵਿਹੜੇ ਨੂੰ ਰੁਸ਼ਨਾਉਂਦਾ ਰਹੇ। (2)
'ਸ਼ੀਸ਼ਾ ਝੂਠ ਬੋਲਦਾ ਹੈ' (ਕਾਵਿ-ਸੰਗ੍ਰਹਿ) 1978, 'ਹਰ 'ਅਗਨ ਕਥਾ' ਕਾਵਿ-ਸੰਗ੍ਰਹਿ ਤੋਂ ਪਹਿਲਾਂ ਗੁਰਭਜਨ ਗਿੱਲ 'ਹਰ ਧੁਖਦਾ ਪਿੰਡ ਮੇਰਾ ਹੈ' (ਗਜ਼ਲ ਸੰਗ੍ਰਹਿ) 1985, 'ਸੁਰਖ ਸਮੁੰਦਰ' (ਕਾਵਿ-ਸੰਗ੍ਰਹਿ) 1992, ਬੋਲ ਮਿੱਟੀ ਦਿਆ ਬਾਵਿਆ (ਕਾਵਿ-ਸੰਗ੍ਰਹਿ) 1992, 'ਦੋ ਹਰਫ਼-ਰਸੀਦੀ' (ਗਜ਼ਲ ਸੰਗ੍ਰਹਿ) 1996, ਬੋਲ ਧਰਤੀਆ ਬੋਲ (ਕਾਵਿ- ਸੰਗ੍ਰਹਿ) 2000, ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ । ਅਗਨ-ਕਥਾ ਕਾਵਿ ਸੰਗ੍ਰਹਿ ਵਿੱਚ ਲੇਖਕ ਸਮਾਜ ਵਿਚਲੀਆਂ ਕੁਰੀਤੀਆਂ ਦੇ ਖਿਲਾਫ਼ ਇਕ ਜੋਰਦਾਰ ਲੜਾਈ ਲੜਦਾ ਨਜ਼ਰੀ ਪੈਂਦਾ ਹੈ । ਸਰਮਾਏਦਾਰੀ ਲੁੱਟ, ਧਰਮ ਦਾ ਵਿਕਰਾਲ ਰੂਪ, ਪੰਜਾਬ ਸੰਕਟ, ਜਹਿਰੀ ਵਾਤਾਵਰਨ, ਧਾਰਮਿਕ ਸੰਪਰਦਾਇਕਤਾ, ਕਿਸਾਨਾਂ ਦੀ ਖਸਤਾ ਹਾਲਤ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਮ ਮਨੁੱਖ ਦੀ ਹੋ ਰਹੀ ਲੁੱਟ-ਖਸੁੱਟ, ਅੰਧ- ਵਿਸ਼ਵਾਸ, ਬਾਲਾਤਕਾਰ, ਰਾਜਨੀਤਿਕ ਲੋਕਾਂ ਦੀਆਂ ਕਪਟੀ ਚਾਲਾਂ, ਗਰੀਬੀ, ਦੇਸ਼-ਵੰਡ ਦਾ ਦੁਖਾਂਤ, ਪੁਲਿਸ ਸਿਸਟਮ ਤੇ ਚੋਟ, ਸੰਚਾਰ ਮਾਧਿਅਮਾਂ ਰਾਹੀਂ ਫੈਲ ਰਹੀ ਅਸ਼ਲੀਲਤਾ ਤੇ ਨੰਗੇਜ਼ਵਾਦ, ਜਾਤ-ਪਾਤ, ਗੰਦੀ ਸਿਆਸਤ, ਵੇਸ਼ਵਾਗਮਨੀ, ਮਨਫ਼ੀ ਰਿਸ਼ਤੇ ਆਦਿ ਸਮੱਸਿਆਵਾਂ ਨੂੰ ਲੇਖਕ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈ।
ਭਾਰਤ ਦੀ ਆਜ਼ਾਦੀ ਦੀ ਘਟਨਾ ਜਦੋਂ ਹਿੰਦ-ਪਾਕਿ ਦੇ ਲੋਕਾਂ ਲਈ ਜਦੋਂ ਇੱਕ ਮਾੜੀ ਦੁਰਘਟਨਾ ਬਣਕੇ ਸਾਹਮਣੇ ਆਈ ਤਾਂ ਦੇਸ਼ ਵੰਡ ਦੇ ਜਖ਼ਮ ਸਾਡੇ ਇਤਿਹਾਸ ਦਾ ਹਿੱਸਾ ਬਣ ਗਏ । ਗੁਰਭਜਨ ਗਿੱਲ ਵੰਡ ਵੇਲੇ ਦੇ ਜਖ਼ਮਾਂ ਦੀ ਚੀਸ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦਾ ਹੈ ਤੇ ਭਵਿੱਖ ਵਿੱਚ ਅਜਿਹੇ ਜਖ਼ਮ ਦੁਬਾਰਾ ਹਰੇ ਨਾ ਹੋਣ, ਅਜਿਹੀ ਆਸ ਉਹ ਦੋਵਾਂ ਮੁਲਕਾਂ ਦੇ ਲੋਕਾਂ ਤੋਂ ਕਰਦਾ ਹੈ, ਕਿਉਂਕਿ ਗੁਰਭਜਨ ਗਿੱਲ ਸਾਂਝੇ ਪੰਜਾਬ ਦਾ ਹਿੱਤਕਾਰੀ ਹੈ, ਇਨਸਾਨੀਅਤ ਦਾ ਸ਼ਾਇਰ ਹੈ । ਉਹ ਮਾਨਵੀ ਰਿਸ਼ਤਿਆਂ ਨੂੰ ਉੱਚਤਾ ਪ੍ਰਦਾਨ ਕਰਵਾਉਣ ਲਈ ਯਤਨਸ਼ੀਲ ਦਿਖਾਈ ਦਿੰਦਾ ਹੈ । ਕਵੀ ਜੰਗ ਲੜਨ ਦੀ ਬਜਾਏ ਦੋਨਾਂ ਦੇਸ਼ਾਂ ਵਿਚਲੀ ਗਰੀਬੀ ਨੂੰ ਦੂਰ ਕਰਨ ਲਈ ਵਚਨਬੱਧ ਹੈ । 'ਅਗਨ ਕਥਾ' ਕਾਵਿ-ਸੰਗ੍ਰਹਿ ਵਿਚਲੀ ਕਵਿਤਾ 'ਸਾਡੀ ਤੁਹਾਡੀ ਕਾਹਦੀ ਜੰਗ ਹੈ ?' ਵਿੱਚ ਕਵੀ ਦੇ ਅਜਿਹੇ ਵਿਚਾਰਾਂ ਦੀ ਪੇਸ਼ਕਾਰੀ ਹੋਈ ਹੈ । ਗੁਰਭਜਨ ਗਿੱਲ ਹਿੰਦ-ਪਾਕਿ ਦੇ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਹੈ :
ਜਦ ਤੱਕ ਸਾਡੇ ਅਤੇ ਤੁਹਾਡੇ
ਘਰ ਦੇ ਅੰਦਰ ਭੁੱਖ ਤੇ ਨੰਗ ਹੈ
ਹਿੱਕ ਤੇ ਹੱਥ ਧਰਕੇ ਫਿਰ ਦੱਸਿਓ
ਸਾਡੀ ਤੁਹਾਡੀ ਕਾਹਦੀ ਜੰਗ ਹੈ । (ਪੰਨਾ 58)
ਗੁਰਭਜਨ ਗਿੱਲ ਦੋਨਾਂ ਮੁਲਕਾਂ ਦੀ ਅਵਾਮ ਨੂੰ ਦੰਗੇ-ਫਸਾਦ ਕਰਵਾਉਣ ਵਾਲੇ, ਧਾਰਮਿਕ ਸੰਪਰਦਾਇਕਤਾ ਫੈਲਾਉਣ ਵਾਲੇ, ਭਰਾ ਨੂੰ ਭਰਾ ਨਾਲ ਲੜਾਉਣ ਵਾਲੇ ਅਤੇ ਵੰਡੀਆਂ ਪਾਉਣ ਵਾਲੇ ਵੰਡਕਾਰਾਂ ਦੇ ਖਿਲਾਫ਼ ਇਕੱਠੇ ਹੋ ਕੇ ਲੜਨ ਲਈ ਪ੍ਰੇਰਿਤ ਕਰਦਾ ਨਜ਼ਰੀ ਪੈਂਦਾ ਹੈ । ਲੇਖਕ ਨੂੰ ਅਜਿਹੇ ਮੌਕਾ ਪ੍ਰਸਤ ਰਾਜਨੀਤਿਕ ਲੋਕ ਜੋ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਕੇ ਖੁਦ ਰਾਜਨੀਤਿਕ ਮੁਨਾਫਾ ਖੱਟਦੇ ਹਨ, ਦੋਨਾਂ ਮੁਲਕਾਂ ਦੇ ਸਾਂਝੇ ਦੁਸ਼ਮਣ ਪ੍ਰਤੀਤ ਹੁੰਦੇ ਹਨ । ਉਹ ਪੂਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦਾ ਹੈ । ਕਵੀ ਲਿਖਦਾ ਹੈ :
ਚਲੋ ਕਿ ਆਪਾਂ ਰਲ ਕੇ
ਉਸ ਸ਼ੈਤਾਨ ਦੀ ਜੜ ਨੂੰ ਧੁਰੋਂ ਮੁਕਾਈਏ
ਅਕਲਾਂ ਵਾਲੇ ਜੋ ਕਹਿੰਦੇ ਨੇ ਲਾਗੂ ਕਰੀਏ
ਸਾਂਝੇ ਦੁਸ਼ਮਣ ਖ਼ਾਤਰ ਆਪਾਂ ਰਲ ਮਿਲ ਜਾਈਏ
ਨਫ਼ਰਤ ਦੀ ਅੱਗ ਸੇਕ ਸੇਕ ਕੇ ਕੀ ਖੱਟਿਆ ਹੈ ?
(ਪੰਨਾ - 60)
1947 ਦੀ ਵੰਡ ਵੇਲੇ ਤੋਂ ਬਾਅਦ ਵਰਤਮਾਨ ਸਮੇਂ ਵਿਚ ਵੀ ਮਨੁੱਖਤਾ ਉੱਤੇ ਲੂੰਹਦੀਆਂ ਵਹਿਸ਼ੀ ਹਵਾਵਾਂ ਵਗਣ ਬਾਰੇ ਜਦੋਂ ਉਹ ਸੋਚਦਾ ਹੈ, ਸੋਚਕੇ ਚਿੰਤਤ ਹੋਣ ਲੱਗਦਾ ਹੈ । ਉਸਦੀ ਇਹ ਚਿੰਤਾ ਉਚਿਤ ਜਾਪਦੀ ਹੈ :
ਅੱਧੀ ਸਦੀ ਪੁਰਾਣੀ ਵੰਡ ਨੂੰ ਚੇਤੇ ਕਰ ਲਓ
ਵੰਡੀਆਂ ਸਨ ਜਦ ਘਰ ਦੀਆਂ ਕੰਧਾਂ
ਵਿਹੜਾ ਵੰਡਿਆ ਵੰਡੀਆਂ ਛੱਤਾਂ
ਪਾਗ਼ਲਪਨ ਵਿੱਚ ਕੀ ਨਾ ਹੋਇਆ
ਰਿਸ਼ਤੇ ਹੋ ਗਏ ਬੋਟੀ-ਬੋਟੀ ਵਗੀਆਂ ਰੱਤਾਂ
ਅਧਮੋਏ ਜਿਸਮਾਂ ਨੂੰ ਅੱਜ ਵੀ ਚੇਤੇ ਕਰਕੇ
ਅੱਖ ਰੋਦੀਂ ਹੈ . ..(ਪੰਨਾ-59, 60)
ਗੁਰਭਜਨ ਗਿੱਲ ਦੀ ਕਵਿਤਾ ਵਿੱਚ ਨਕਸਲਬਾੜੀ ਵਿਚਾਰਧਾਰਾ ਦੇ ਅੰਸ਼ ਵੀ ਦਿਖਾਈ ਦਿੰਦੇ ਹਨ। ਨਕਸਲਬਾੜੀ ਕਵਿਤਾ ਦਾ ਸਮੁੱਚਾ ਸਰੂਪ ਸਾਮਰਾਜਵਾਦ, ਪਰੰਪਰਾਗਤ-ਸਾਮੰਤੀ ਨੈਤਿਕਤਾ ਅਤੇ ਪੂੰਜੀਵਾਦੀ ਸ਼ੋਸਨ ਦਾ ਵਿਰੋਧੀ ਤਾਂ ਹੈ ਹੀ ਸੀ, ਪਰ ਨਾਲ ਹੀ ਇਹ ਕਵਿਤਾ ਸੁਖ, ਘਿਰਣਾ ਅਤੇ ਹਿੰਸਾ ਦਾ ਸਰੂਪ ਲੈ ਕੇ ਉਭਰਦੀ ਹੈ । ਇਸ ਕਾਵਿ ਵਿੱਚ ਜਾਗੀਰਦਾਰਾਂ ਦੀ ਜਗੀਰ ਅਤੇ ਬੁਰਜੁਆਜੀ ਦਾ ਪੂਰਨ ਬਾਈਕਾਟ ਹੈ। ਪ੍ਰੋ: ਗੁਰਭਜਨ ਗਿੱਲ ਵੀ ਸ਼੍ਰੇਣੀ-ਰਹਿਤ ਸਮਾਜ ਦੀ ਗੱਲ ਕਰਦਾ ਹੈ, ਉਥੇ ਉਹ ਨਕਸਲੀ ਕਵੀਆਂ ਨਾਲ ਸੰਵਾਦ ਵੀ ਰਚਾਉਂਦਾ ਹੈ। ਲੇਖਕ ਵਰਗ-ਵੰਡ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇ ਉਨ੍ਹਾਂ ਵਿਅਕਤੀਆਂ ਅਤੇ ਕੀਮਤਾਂ ਨੂੰ ਰੱਦਦਾ ਤੇ ਨਿੰਦਦਾ ਹੈ ਜਿਹੜੀਆਂ ਮਨੁੱਖ ਵਿਰੋਧੀ, ਇਨਸਾਨ ਵਿਰੋਧੀ ਹਨ । ਇਸ ਤਰ੍ਹਾਂ ਦੀ ਵਿਚਾਰਧਾਰਕ ਪ੍ਰਤੀਬੱਧਤਾ ਦਾ ਪ੍ਰਮਾਣ ਉਸਦੀ ਕਵਿਤਾ 'ਸਾਡੀ ਚੁੱਪ ਨੂੰ ਚੁਪ ਨਾ ਸਮਝੋ' ਵਿਚ ਪ੍ਰਤੱਖ ਦਿਖਾਈ ਦਿੰਦਾ ਹੈ । ਉਹ ਲੋਕ ਸ਼ਕਤੀਆਂ ਦੀ ਜਿੱਤ ਦਾ ਨਾਅਰਾ ਵੀ ਬੁਲੰਦ ਕਰਨਾ ਚਾਹੁੰਦਾ ਹੈ । ਉਹ ਪੂਰੀ ਤਰ੍ਹਾਂ ਸਖ਼ਤੀ ਨਾਲ ਇਹ ਐਲਾਨ ਕਰਦਾ ਹੈ :
ਸਾਡੀ ਚੁੱਪ ਦੀ ਅਗਨੀ ਸ਼ਕਤੀ
ਕਈ ਸਦੀਆਂ ਤੋਂ ਹੁਕਮਰਾਨ ਲਈ
ਭਾਵੇਂ ਬਿਲਕੁਲ ਅਰਥਹੀਣ ਹੈ
ਪਰ ਨਾ ਭੁੱਲੋ
ਤਲਖ਼ ਸਮੇਂ ਪੱਥਰਾਂ ਹੇਠਾਂ
ਜਗਦੀ ਹੈ ਜੋ ਸੁਰਖ ਜਵਾਲਾ
ਪਤਾ ਨਹੀਂ ਕਿਸ ਦਿਨ ਇਹ ਲਾਵਾ ਭੜਕ ਪਵੇਗਾ
(ਪੰਨਾ - 81)
ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ਪੂੰਜੀਵਾਦੀ ਸਮਾਜ ਵਿੱਚ ਪਨਪ ਰਹੇ ਵਿਸ਼ਵੀਕਰਣ ਦੇ ਦੁਸ਼ਪ੍ਰਭਾਵ ਨੂੰ ਵੀ ਪੇਸ਼ ਕਰਦੀ ਹੈ ਮਨੁੱਖੀ ਸਮਾਜ ਵਿੱਚ ਡਿੱਗ ਰਹੇ ਜੀਵਨ ਮਿਆਰਾਂ ਪ੍ਰਤੀ ਉਹ ਗੰਭੀਰ ਰੂਪ ਵਿੱਚ ਚਿੰਤਤ ਨਜ਼ਰੀ ਪੈਂਦਾ ਹੈ । ਪੂੰਜੀਵਾਦੀ ਸਮਾਜ ਵਿੱਚ ਪੈਸੇ ਦੀ ਪ੍ਰਧਾਨਤਾ ਹੇਠ ਹਰ ਇਕ ਵਸਤ ਖਰੀਦੀ ਜਾ ਸਕਦੀ ਹੈ । ਪੂੰਜੀਵਾਦੀ ਨਿਜ਼ਾਮ ਵਿੱਚ ਪੈਸੈ ਦੀ ਪ੍ਰਾਪਤੀ ਲਈ ਮਨੁੱਖ ਹਰ ਜਾਇਜ਼ ਨਜਾਇਜ਼ ਤਰੀਕਾ ਅਪਣਾ ਰਿਹਾ ਹੈ । ਪੈਸੇ ਦੇ ਪ੍ਰਭਾਵ ਹੇਠ ਮਨੁੱਖ ਦਾ ਗੁਆਚ ਚੁੱਕਾ ਅਕਸ ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ । ਪੂੰਜੀਵਾਦ ਨਿਜ਼ਾਮ ਵਿੱਚ ਆਮ ਮਨੁੱਖ ਦੀ ਹੋ ਰਹੀ ਲੁੱਟ-ਖਸੁੱਟ ਕਵੀ ਨੂੰ ਦੁਖੀ ਕਰਦੀ ਹੈ। ਕਵੀ ਇਸ ਲੁੱਟ-ਖਸੁੱਟ ਦੇ ਖਿਲਾਫ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਲਈ ਪ੍ਰੇਰਿਤ ਕਰਦਾ ਲਿਖਦਾ ਹੈ :
ਉਨ੍ਹਾਂ ਧਾੜਵੀਆਂ ਦੇ ਖਿਲਾਫ਼
ਜੈਕਾਰਾ ਗੁੰਜਾਉਣਾ ਹੈ
ਜਿਨ੍ਹਾਂ ਦੇ ਹੱਥੀ ਸਾਡਾ ਸੋਨਾ ਮਿੱਟੀ ਦੇ ਭਾਅ ਵਿਕਦਾ ਹੈ
ਉਨ੍ਹਾਂ ਮੰਡੀਆਂ ਬਾਜ਼ਾਰਾਂ ਸ਼ਾਹੂਕਾਰਾਂ
ਤੇ ਅਹਿਲਕਾਰਾਂ ਦੇ ਖਿਲਾਫ਼
ਜਿਨ੍ਹਾਂ ਦਿਆਂ ਗੁਦਾਮਾਂ ਵਿੱਚ ਪਹੁੰਚਦੇ ਹੀ
ਉਹੀ ਮਿੱਟੀ ਸੋਨਾ ਬਣ ਜਾਂਦੀ ਹੈ
ਤੇ ਚੰਗਾ ਭਲਾ ਆਦਮੀ ਮਿੱਟੀ ਹੋ ਜਾਂਦਾ ਹੈ
ਉਨ੍ਹਾਂ ਸਮੂਹ ਸਾਜਿਸ਼ਾਂ ਦੇ ਖਿਲਾਫ਼
ਜਿਨ੍ਹਾਂ ਕਰਕੇ ਸਾਡੀ ਕਿਰਤ ਲੁੱਟੀ ਜਾਂਦੀ ਹੈ
ਸ਼ਰੇ-ਆਮ ਬਾਜਾਰ ਵਿੱਚ
ਗਰੀਬ ਦੀ ਧੀ ਵਾਂਗ ਖੇਤ ਦੀ ਫ਼ਸਲ ਸੁੰਗਦੜੀ ਹੈ
ਪੰਨਾ -18)
ਵਿਸ਼ਵੀਕਰਨ ਦੇ ਦੌਰ ਵਿੱਚ ਅੱਜ ਸਾਰਾ ਸੰਸਾਰ ਗਲੋਬਲ ਪਿੰਡ ਬਣਦਾ ਜਾ ਰਿਹਾ ਹੈ। ਆਵਾਜਾਈ ਤੇ ਸੰਚਾਰ ਦੇ ਸਾਧਨਾਂ ਨੇ ਮਨੁੱਖ ਵਿਚਲੀਆਂ ਦੂਰੀਆਂ ਮਿਟਾ ਦਿੱਤੀਆਂ ਹੈ । ਆਧੁਨਿਕ ਯੁੱਗ ਵਿੱਚ ਬਾਜ਼ਾਰਵਾਦ ਵੀ ਆਪਣਾ ਕਰੂਰ ਰੂਪ ਵਿਖਾਉਂਦਾ ਨਜ਼ਰੀ ਆ ਰਿਹਾ ਹੈ । ਇਸ ਵਿਸ਼ਵੀਕਰਨ ਦੇ ਦੌਰ ਵਿੱਚ ਹਰ ਚੀਜ਼ ਦਾ ਮੁੱਲ ਪੈ ਰਿਹਾ ਹੈ । ਮਨੁੱਖੀ ਕਦਰਾਂ-ਕੀਮਤਾਂ ਦਾ ਆਧੁਨਿਕ ਸਮੇਂ ਵਿੱਚ ਘਾਣ ਹੋ ਰਿਹਾ ਹੈ । ਇਨਸਾਨੀਅਤ ਨਾਂ ਦੀ ਕੋਈ ਚੀਜ਼ ਅੱਜ ਕਿਧਰੇ ਨਜ਼ਰੀ ਨਹੀਂ ਪੈ ਰਹੀ । ਰਿਸ਼ਤੇ ਟੁੱਟਦੇ ਜਾ ਰਹੇ ਹਨ। ਪੂੰਜੀਵਾਦੀ ਤਾਕਤਾਂ ਸੰਚਾਰ ਦੇ ਮਾਧਿਅਮਾਂ ਰਾਹੀਂ ਨੌਜਵਾਨ ਧੀਆਂ ਪੁੱਤਰਾਂ ਨੂੰ ਨੰਗੇਜ ਤੇ ਅਸ਼ਲੀਲਤਾ ਪਰੋਸ ਕੇ ਕੁਰਾਹੇ ਪਾ ਰਹੇ ਹਨ। ਕਵੀ ਇਸ ਪੱਖੋਂ ਬਹੁਤ ਸੁਚੇਤ ਨਜ਼ਰੀ ਆਉਂਦਾ ਹੈ। ਉਹ ਲਿਖਦਾ ਹੈ :
ਅਜੇ ਤਾਂ ਲੜਨਾ ਹੈ
ਉਨ੍ਹਾਂ ਸਮੂਹ ਮੁਸਟੰਡਿਆਂ ਦੇ ਖਿਲਾਫ਼
ਜੋ ਸਰਕਾਰੀ ਗੈਰਸਰਕਾਰੀ ਸੰਚਾਰ ਮਾਧਿਅਮਾਂ ਰਾਹੀਂ
ਸਾਡੇ ਘਰਾਂ ਵਿੱਚ ਰਾਤ ਬਰਾਤੇ ਆਣ ਧਮਕਦੇ ਹਨ
ਜਵਾਨ ਧੀਆਂ ਪੁੱਤਰਾਂ ਸਾਹਵੇਂ ਪਰੋਸਦੇ ਹਨ
ਨਿਰਵਸਤਰ
ਸਦਾਚਾਰ
ਬਚਪਨਾ ਆਉਂਦਾ ਹੀ ਨਹੀਂ
ਨਿੱਕੀ ਜਿਹੀ ਧਰੇਕ ਨੂੰ ਧਰਕੋਨੇ ਪੈ ਜਾਂਦੇ ਨੇ
(ਪੰਨਾ - 18, 19)
'ਅਗਨ-ਕਥਾ' ਕਾਵਿ-ਸੰਗ੍ਰਹਿ ਵਿੱਚ ਪੰਜਾਬ ਸੰਕਟ ਨਾਲ ਸੰਬੰਧਤ ਕਈ ਕਵਿਤਾਵਾਂ ਸ਼ਾਮਲ ਹਨ । 1947 ਦੀ ਦੁਖਾਂਤਕ ਦੇਸ਼ ਵੰਡ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸਮੇਂ ਸਮੇਂ ਪੰਜਾਬ ਤੇ ਆਏ ਸੰਕਟਾਂ ਦਾ ਉਹ ਵਾਰ-ਵਾਰ ਆਪਣੀ ਕਵਿਤਾ ਵਿੱਚ ਵਰਣਨ ਕਰਦਾ ਨਜ਼ਰੀ ਪੈਂਦਾ ਹੈ । ਦੇਸ਼ ਵੰਡ ਵੇਲੇ ਦੋਵੇਂ ਪੰਜਾਬ ਵੰਡੇ ਗਏ, ਦਰਿਆ ਵੰਡੇ ਗਏ, ਪੀਰ ਪੈਗੰਬਰ ਵੰਡੇ ਗਏ ਜਿਸਦਾ ਰੁਦਨ ਕਵੀ ਇਸ ਪ੍ਰਕਾਰ ਕਰਦਾ ਹੈ :
ਰਾਵੀ ਤੇ ਬਿਆਸ ਮੈਨੂੰ ਕਈ ਵਾਰੀ ਪੁੱਛਿਆ
ਕਿਹੜੀ ਗੱਲੋਂ ਦੋਵੇ ਹੀ ਪੰਜਾਬ ਰੁੱਸ ਗਏ ਨੇ
ਵੰਝਲੀ ਨੂੰ ਪੁੱਛ ਖਾਂ ਭਰਾਵਾ ਮੀਆਂ ਰਾਂਝਿਆ
ਕੀਹਦੇ ਪਿੱਛੇ ਜੇਹਲਮ ਚਨਾਬ ਰੁੱਸ ਗਏ ਨੇ ।
(ਪੰਨਾ – 99)
ਇਸ ਵਗਦੇ ਦਰਿਆ ਵੱਲ ਵੇਖੋ
ਕਿੰਨਾ ਪਾਣੀ ਕਿੰਨੀਆਂ ਲਾਸ਼ਾਂ
ਪੁੱਲ ਦੇ ਹੇਠੋਂ ਲੰਘ ਚੁਕੀਆਂ ਨੇ।
(ਪੰਨਾ - 46)
ਭਾਵੇਂ ਕਿ ਪੰਜਾਬ ਦੀ ਧਰਤੀ ਨੇ ਸਮੇਂ-ਸਮੇਂ ਤੇ ਕਈ ਦੁਖਾਂਤ ਭੋਗੇ ਹਨ ਪਰੰਤੂ ਕਵੀ ਇਸ ਪੰਜਾਬ ਦੀ ਧਰਤੀ ਤੋਂ ਪੰਜਾਬੀ ਕੌਮ ਤੋਂ ਕੁਰਬਾਨ ਜਾਂਦਾ ਹੈ, ਕਿਉਂਕਿ ਪੰਜਾਬੀ ਕੌਮ ਅੰਦਰ ਬਰਬਾਦ ਹੋ ਜਾਣ ਤੋਂ ਬਾਅਦ ਮੁੜ ਸਿਰਜਣਾ ਦੀ ਸ਼ਕਤੀ ਇਸਨੂੰ ਵਿਰਸੇ ਤੋਂ ਮਿਲੀ ਹੈ । ਪੰਜਾਬੀ ਕੌਮ ਦਾ ਨਜ਼ਰੀਆ ਹਮੇਸ਼ਾ ਆਸ਼ਾਵਾਦੀ ਰਹਿੰਦਾ ਹੈ। ਕਵੀ ਲਿਖਦਾ ਹੈ :
ਭਾਵੇਂ ਜਖਮੀ ਤਨ ਤੇ ਮਨ ਹੈ
ਜਿੰਦਗੀ ਹੈ ਅਧਮੋਈ
ਪਰ ਅੱਜ ਤੱਕ ਇਤਿਹਾਸ ਗਵਾਹ ਹੈ
ਧਰਤੀ ਬਾਂਝ ਨਾ ਹੋਈ
(ਪੰਨਾ – 47)
'ਅਗਨ ਕਥਾ' ਕਾਵਿ-ਸੰਗ੍ਰਹਿ ਵਿਚ ਇਕ ਹੋਰ ਵਿਸ਼ਾ ਜੋ ਪਾਠਕਾਂ ਦਾ ਧਿਆਨ ਖਿੱਚਦਾ ਹੈ, ਉਹ ਹੈ ਰੋਜ਼ੀ ਰੋਟੀ ਖ਼ਾਤਰ ਪਿੰਡੋਂ ਆ ਕੇ ਸ਼ਹਿਰ ਵੱਸੇ ਵਿਅਕਤੀਆਂ ਦਾ ਪਿੰਡ ਨਾਲ ਬਦਲਦਾ ਰਿਸ਼ਤਾ । ਪਿੰਡ ਕਲਮਕਾਰ ਦੇ ਅਵਚੇਤਨ ਵਿਚ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ । 'ਸ਼ਹਿਰਾਂ ਵਿਚ ਗੁਆਚ ਗਏ ਹਾਂ' ਇਸ ਪ੍ਰਸੰਗ ਵਿੱਚ ਢੁੱਕਵੀਂ ਕਵਿਤਾ ਹੈ । ਪੂੰਜੀਵਾਦੀ ਵਿਵਸਥਾ ਦੀ ਤ੍ਰਾਸਦੀ ਅਧੀਨ ਇਕ ਪੇਂਡੂ ਸ਼ਹਿਰੀ ਬਾਬੂ ਵਿਚ ਕਿੰਝ ਤਬਦੀਲ ਹੋ ਜਾਂਦਾ ਹੈ, ਇਸਦੀ ਪੇਸ਼ਕਾਰੀ ਕਵੀ ਕਰਦਾ ਹੈ :
ਜਿਸ ਮਾਂ ਮੈਨੂੰ ਦੁੱਧ ਚੁੰਘਾਇਆ
ਕਰ ਕਰ ਕੇ ਅਰਦਾਸਾਂ ਪੜ੍ਹਨ ਸਕੂਲੇ ਪਾਇਆ
ਜਦ ਖੰਭਾਂ ਵਿਚ ਉੱਡਣ ਜੋਗੀ ਸ਼ਕਤੀ ਆਈ
ਜੰਮਣ-ਭੂਮੀ ਬਣ ਗਈ ਪਰਾਈ (ਪੰਨਾ - 29)
ਪੂੰਜੀਵਾਦੀ ਨਿਜ਼ਾਮ ਅਧੀਨ ਇਕ ਮਨੁੱਖ ਸ਼ਹਿਰੀ ਜੀਵਨ ਦੀ ਭੱਜ-ਨੱਠ ਵਿੱਚ ਇਕ ਮਸ਼ੀਨੀ ਪੁਰਜਾ ਹੀ ਬਣਕੇ ਰਹਿ ਜਾਂਦਾ ਹੈ । ਮਨੁੱਖੀ ਜਿੰਦਗੀ ਯਾਂਤਰਿਕ ਬਣਕੇ ਹੀ ਰਹਿ ਜਾਂਦੀ ਹੈ, ਜਿਸਦੀ ਪੇਸ਼ਕਾਰੀ ਕਵੀ ਬਾਖ਼ੂਬੀ ਕਰਦਾ ਹੈ :
ਕਈ ਵਾਰੀ ਤਾਂ ਇਉਂ ਲਗਦਾ ਹੈ
ਯੰਤਰ ਬਣਕੇ ਵਿਚਰ ਰਹੇ ਹਾਂ
ਖੌਰੇ ਕਿਥੇ ਗਰਕ ਗਿਆ ਹੈ
ਸਾਡੇ ਵਿਚਲਾ ਜਿਉਂਦਾ ਬੰਦਾ
ਜਿਉਂ ਜੰਮੇਂ ਹਾਂ ਨਿੱਤ ਕਿਰਿਆ ਦਾ ਓਹੀ ਧੰਦਾ
(ਪੰਨਾ - 31)
ਵਿਸ਼ਵੀਕਰਨ ਦੇ ਦੌਰ ਵਿੱਚ ਪੱਛਮੀ ਸਭਿਅਤਾ ਦੇ ਪ੍ਰਭਾਵ ਅਧੀਨ ਪੰਜਾਬੀ ਸਭਿਆਚਾਰ ਨੂੰ ਖੋਰਾ ਲੱਗਿਆ ਸਪੱਸ਼ਟ ਵਿਖਾਈ ਦਿੰਦਾ ਹੈ। ਕਵੀ ਇਹਨਾਂ ਸਾਰੀਆਂ ਸਥਿਤੀਆਂ ਉੱਤੇ ਬਹੁਤ ਹੀ ਤਿੱਖੀ ਨਜ਼ਰ ਰੱਖ ਰਿਹਾ ਹੈ, ਗੰਭੀਰ ਅਤੇ ਵੱਡੇ ਸਮਾਜੀ ਪ੍ਰਸ਼ਨਾਂ ਦੇ ਰੂ-ਬ-ਰੂ ਹੁੰਦਾ ਹੈ ਅਤੇ ਆਪਣੀ ਸਮਾਜੀ ਚਿੰਤਾ ਦਾ ਪ੍ਰਗਟਾਵਾ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ;
ਅਜੇ ਤਾਂ ਅਸੀਂ ਲੜਨਾ ਹੈ
......................
ਉਸ ਹਕੂਮਤੀ ਟੋਕੇ ਦੇ ਖਿਲਾਫ਼
ਜੋ ਚਰ੍ਹੀ ਵਾਂਗ ਕੁਤਰੀ ਜਾਂਦਾ ਹੈ
ਸੁਪਨੇ ਸੰਸਕਾਰ ਸਦਾਚਾਰ ਤੇ ਸਭਿਆਚਾਰ
ਖੁਰਲੀ ਵਿੱਚ ਪਰੋਸ ਦੇਂਦਾ ਹੈ ਮਨਚਾਹੇ ਵਿਚਾਰ
ਇਨਸਾਨ ਨੂੰ ਪਸ਼ੂ ਬਣਾ ਦੇਂਦਾ ਹੈ । (ਪੰਨਾ – 17, 18)
ਉਪਰੋਕਤ ਚਰਚਾ ਦੇ ਆਧਾਰ ਤੇ ਅਗਨ-ਕਥਾ ਕਾਵਿ ਸੰਗ੍ਰਹਿ ਵਿਚ ਲੇਖਕ ਸਮਾਜ ਵਿਚਲੀਆਂ ਕੁਰੀਤੀਆਂ ਦੇ ਖਿਲਾਫ਼ ਇਕ ਜੋਰਦਾਰ ਲੜਾਈ ਲੜਦਾ ਨਜ਼ਰੀ ਪੈਂਦਾ ਹੈ । ਇਸ ਪ੍ਰਕਾਰ ਉਹ ਪੂਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦਾ ਹੈ।
***
ਹਵਾਲੇ ਤੇ ਟਿੱਪਣੀਆਂ
1. ਡਾ. ਸੁਦਰਸ਼ਨ ਗਾਸੋ, 'ਪੰਜਾਬੀ ਵਿਸ਼ਲੇਸ਼ਣ ਤੇ ਮੁਲਾਂਕਣ ਪੰਨਾ - 7
2. ਓਹੀ, ਪੰਨਾ- 132