ਅਗਨ ਕਥਾ ਦੀ ਸਾਰਥਿਕ ਸ਼ਾਇਰੀ : ਰਵਿੰਦਰ ਭੱਠਲ

ਗੁਰਭਜਨ ਗਿੱਲ ਇਕ ਸੁਹਿਰਦ ਤੇ ਸਮਰੱਥਾਵਾਨ ਸ਼ਾਇਰ ਹੈ । ਸ਼ਾਇਰੀ ਉਹਦੇ ਲਈ ਵਿਹਲਾ ਵਕਤ ਵਿਹਾਜਣ ਦਾ ਸ਼ੌਕੀਆ ਰੁਝਾਣ ਨਹੀਂ ਹੈ, ਸਗੋਂ ਗੂੜ੍ਹੀ ਇਬਾਰਤ ਵਾਲਾ ਮਕਸਦ ਹੈ । ਕਾਵਿ-ਸਿਰਜਣਾ ਉਹਦੇ ਲਈ ਸਿਗਰਟਾਂ ਦੇ ਕਸ਼ਾਂ ਵਿਚ ਉਲਝ ਜਾਣ, ਸ਼ਰਾਬੀ ਲੋਕਾਂ ਵਿਚ ਗ਼ਰਕ ਜਾਣ, ਜਾਂ ਨਾਰੀ ਦੇਹ ਦੀਆਂ ਵਲਗਣਾਂ ਵਿਚ ਗੁੰਮ ਜਾਣ ਦਾ ਵਰਤਾਰਾ ਨਹੀਂ ਹੈ । ਸ਼ਾਇਰੀ ਉਹਦੇ ਲਈ ਗੁਆਚੇ ਆਪੇ ਦੀ ਪਹਿਚਾਣ ਹੈ, ਪਿੰਡ ਦੀ ਸਾਦਾ ਤੇ ਮੋਹਵੰਤੀ ਰਹਿਣੀ-ਬਹਿਣੀ ਦਾ ਹੇਰਵਾ ਹੈ, ਬਹੁਤ ਸਾਰੇ ਦੁਸ਼ਮਣਾਂ ਦੇ ਖਿਲਾਫ਼ ਵਜਾਇਆ ਬਿਗਲ ਹੈ, ਅਨਿਆਇ ਧੱਕੇਸ਼ਾਹੀ ਤੇ ਜ਼ਬਰ ਜ਼ੁਲਮ ਦੇ ਵਿਰੁੱਧ ਰੋਹ ਤੇ ਵਿਦਰੋਹ ਦੀ ਪੁਕਾਰ ਹੈ, ਸੋਸ਼ਿਤ ਨਿਜ਼ਾਮ ਦੇ ਖਿਲਾਫ਼ ਦੁੱਲੇ ਦੀ ਵੰਗਾਰ ਹੈ, ਤੇ ਲੂਹੰਦੇ ਜਾ ਰਹੇ ਪੰਜਾਬ ਦੀ ਸਲਾਮਤੀ ਲਈ ਕੀਤੀ ਅਰਦਾਸ ਹੈ । ਉਹਦੀ ਸ਼ਾਇਰੀ ‘ਆਮ ਆਦਮੀ' ਦੇ ਜ਼ਿੰਦਗੀ ਜਿਉਣ ਲਈ ਕੀਤੇ ਜਾਂ ਕਰਨ ਲਈ ਸੋਚੇ ਹੀਲਿਆਂ ਦਾ ਰੋਜ਼ਨਾਮਚਾ ਹੈ । ਇਸੇ ਲਈ ਉਹਦੇ ਕਾਵਿਕ-ਸਤਰਾਂ ਦੇ ਹਮਸਫ਼ਰ ਹੋ ਕੇ ਤੁਰੋ ਤਾਂ ਉਹ ਕਵਿਤਾ ਪਾਠਕਾਂ ਦੇ ਸਰੋਕਾਰਾਂ ਦੇ ਲਾਗੇ ਲਾਗੇ ਰਹਿੰਦੀ ਮਹਿਸੂਸ ਹੁੰਦੀ ਹੈ, ਜੋ ਕਦੇ ਡੰਗੋਰੀ ਬਣਦੀ ਹੈ ਤੇ ਕਦੇ ਡਾਂਗ ।

ਗੁਰਭਜਨ ਗਿੱਲ ਸਹਿਜ ਮਤੇ ਦਾ ਸ਼ਾਇਰ ਹੈ । ਉਹਦੀ ਸ਼ਾਇਰੀ ਤਰੱਦਦ ਤੇ ਲਿਲਕ ਦੀ ਸਿਰਜਣਾ ਨਹੀਂ । ਉਹ ਸੰਬਾਦ ਰਚਾਉਂਦਾ ਹੈ । ਇਹ ਕਦੇ ਆਪਣਿਆਂ ਨਾਲ ਤੇ ਕਦੇ ਹੋਰਨਾਂ ਨਾਲ ਹੁੰਦੇ ਹਨ ਅਤੇ ਕਦੇ ਕਦੇ ਉਹਦੇ ਆਪਣੇ ਨਾਲ ਵੀ ਹੁੰਦੇ ਹਨ । ਕਦੇ ਕਦੇ ਇਹ ਸੰਬਾਦ ਹਾਕਮ ਜਮਾਤ ਨਾਲ ਵੀ ਹੈ, ਉਹ ਜਿਹੜੇ ਆਪਣੇ ਫ਼ਰਜ਼ਾਂ ਨੂੰ ਕਿਤੇ ਡੂੰਘਾ ਦੱਬ ਆਏ ਹਨ :

ਹਨੇਰੇ ਘਰਾਂ ਨੂੰ ਕਹੀਏ
ਆਪਣੇ ਬਨੇਰਿਆਂ ਮੁਹਾਠਾਂ
ਤੇ ਹਨੇਰੇ ਖੂੰਜਿਆਂ ਤੋਂ ਪੁੱਛੋ
ਦੀਵੇ ਜਗਣ ਵੇਲੇ
ਤੁਸੀਂ ਕਿਉਂ ਸੌਂ ਗਏ ।

ਮੈਂ ਗੂੜ੍ਹੀ ਨੀਂਦ 'ਚੋਂ ਉੱਠਿਆਂ ਵਿਖਾਓ ਦੋਸਤੋ ਮੈਨੂੰ,
ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ ।

ਗੋਲੀ ਚੱਲਦੀ ਏ ਠਾਹ ਕਰਕੇ
ਦੱਸ ਤੈਨੂੰ ਕੀ ਮਿਲਦਾ
ਸਾਡਾ ਆਲ੍ਹਣਾ ਤਬਾਹ ਕਰਕੇ ।

ਤੂੰ ਤਾਂ ਏਸ ਚੌਰਾਹੇ ਦੇ ਵਿਚ ਬੰਨ੍ਹ ਪੰਚਾਇਤਾਂ ਬੈਠ ਗਿਐਂ
ਮਨ ਦੇ ਰੌਲੇ ਭੀੜ 'ਚ ਬਹਿ ਕੇ ਏਦਾਂ ਨਹੀਂ ਨਿਬੇੜੀਦੇ ।

ਸਹਿਜ-ਸੰਬਾਦ ਦੀ ਇਸ ਸ਼ਾਇਰੀ ਵਿਚ ਇਸੇ ਕਰਕੇ ਕਿਤੇ ਵੀ ਉਚੇਚ ਨਹੀਂ ਹੈ, ਦਿਖਾਵਾ ਨਹੀਂ ਹੈ, ਵਾਧੂ ਹਾਰ ਸ਼ਿੰਗਾਰ ਨਹੀਂ ਹੈ ।

ਕਵੀ ਦੀ ਕਵਿਤਾ ਵਿਚ ਆਪਣੇ ਪਿੰਡ ਤੇ ਉਹਦੇ ਕੱਚੇ, ਅੱਧ ਪੱਕੇ ਘਰਾਂ, ਪਹਿਆਂ, ਵਣਾਂ, ਫ਼ਸਲਾਂ, ਨਹਿਰਾਂ, ਪੰਛੀਆਂ, ਡੰਗਰਾਂ, ਪਸ਼ੂਆਂ ਦਾ ਜ਼ਿਕਰ ਜਿਸ ਉਦਰੇਵੇਂ ਸੰਗ ਹੋਇਆ ਹੈ, ਉਸ ਤੋਂ ਲਗਦਾ ਹੈ ਕਿ ਉਸਦਾ ਅਤੀਤ ਉਹਦੇ ਮਨ ਵਿਚ ਕੂਕ ਰਿਹਾ ਹੈ । ਇਹ ਮੋਹਵੰਤੀ ਕੂਕ ਗੁਰਭਜਨ ਦੇ ਤਕਰੀਬਨ ਸਾਰੇ ਕਾਵਿ ਵਿਚ ਪੱਸਰੀ ਹੋਈ ਹੈ । ਸ਼ਹਿਰਾਂ ਦੀ ਗੱਲ ਕਰਦਾ ਵੀ ਰਿਹਾੜ ਪਏ ਜੁਆਕ ਵਾਂਗ ਮੁੜ ਮੁੜ ਪਿੰਡ ਵੱਲ ਹੀ ਤੱਕੀ ਜਾਂਦਾ ਹੈ । ਉਸ ਦੀ ਇਹ ਸ਼ਾਇਰੀ ਸਾਨੂੰ ਆਪਣੇ ਘਰ ਤੇ ਪਿੰਡ ਨਾਲ ਜੁੜਨ ਲਈ ਟੁੰਬਦੀ ਹੈ । ਵਿਕਾਸ ਨੇ ਸਾਨੂੰ ਸ਼ਹਿਰ ਦਿੱਤੇ ਹਨ, ਪਦਾਰਥਕ ਪ੍ਰਾਪਤੀਆਂ ਦੀ ਅੰਨ੍ਹੀ ਦੌੜ ਤੇ ਨਾ ਮੁੱਕਣ ਵਾਲੀ ਲਾਲਸਾ ਦਿੱਤੀ ਹੈ । ਰੋਜ਼ਗਾਰ ਤੇ ਨੌਕਰੀਆਂ ਦੇ ਵਸੀਲੇ ਸਾਨੂੰ ਸ਼ਹਿਰਾਂ ਦੀ ਪਥਰੀਲੀ ਹਿੱਕ ਤੇ ਖਿੱਚ ਲਿਆਏ ਹਨ । ਇਕ ਚੱਕਰਵਿਯੂ ਵਿਚ ਅਸੀਂ ਫਸ ਗਏ ਹਾਂ । ਉਹ ਸਾਰੀਆਂ ਕਦਰਾਂ ਕੀਮਤਾਂ ਅਸੀਂ ਭੁੱਲ ਗਏ ਹਾਂ, ਜਿਨ੍ਹਾਂ ਨੇ ਸਾਨੂੰ ਪਿਆਰੇ ਰਿਸ਼ਤੇ ਦਿੱਤੇ ਸਨ, ਸੁੱਖ ਅਰਾਮ ਦੇ ਦਿਨ ਤੇ ਰਾਤਾਂ ਦਿੱਤੀਆਂ ਸਨ । ਰੁੱਖਾਂ, ਫੁੱਲਾਂ ਤੇ ਪੰਛੀਆਂ ਨਾਲ ਸੁਹਾਣੀ ਗੁਫ਼ਤਗੂ ਦਿੱਤੀ ਸੀ । ਪਰ ਸ਼ਹਿਰੀ ਜੀਵਨ ਨੇ ਪੱਲੇ ਪਾਈ ਹੈ ਸਿਰਫ਼ ਭਟਕਣਾ । ਜਿਸ ਵਿਚ ਅਸੀਂ ਆਪਣੇ ਆਪ ਨੂੰ ਵੀ ਭੁੱਲ ਗਏ । ਕੁਦਰਤ ਸਾਡੇ ਲਈ ਓਪਰੀ ਹੋ ਗਈ ਹੈ । ਪੰਛੀਆਂ ਦੀ ਚਹਿਚਹਾਟ ਗ਼ਾਇਬ ਹੈ । ਅਜਿਹੀ ਭੀੜ ਵਿਚ ਅਸੀਂ ਅਜਨਬੀ ਬਣ ਕੇ ਰਹਿ ਗਏ ਹਾਂ । ਇਹ ਸ਼ਾਇਰੀ ਸਾਨੂੰ ਸਾਡੇ ਆਪਣੇ ਪੈਰਾਂ ਦੀ ਪਛਾਣ ਤੇ ਮੁੜ ਪਰਤਣ ਲਈ ਟੁੰਬਦੀ ਹੈ :

ਮੈਂ ਸਧਾਰਨ ਆਦਮੀ ਆਇਆ ਭਰਾਵੋ ਪਿੰਡ ਤੋਂ
ਸ਼ਹਿਰੀਆਂ ਦੇ ਵਾਂਗ ਨਾ ਜਾਣਾ ਮੈਂ ਬੁਣਨੇ ਸ਼ਬਦ ਜਾਲ ।

ਤੂੰ ਤਾਂ ਸਿੱਧਾ ਪੱਧਰਾ ਸੀ ਬਈ ਏਸ ਸ਼ਹਿਰ ਵਿਚ ਆ ਕੇ ਤੂੰ ਵੀ
ਮਿਲਰ ਗੰਜ ਦੀਆਂ ਮਿੱਲਾਂ ਵਾਂਗੂੰ ਵਾਹੋ ਦਾਹੀ ਦੌੜ ਰਿਹਾ ਏਂ
ਹੌਜ਼ਰੀਆਂ ਦੇ ਸ਼ਹਿਰ 'ਚ ਤਾਣੇ ਤਣਦਾ ਫਿਰਦੈਂ
ਕੀ ਕਰਦਾ ਏਂ
ਮਨ ਦੀਆਂ ਤੰਦਾਂ ਬੁਣੇਂ ਉਧੇੜੇਂ
ਬੰਦਾ ਹੈਂ ਜਾਂ ਗਰਮ ਸਵੈਟਰ ।

ਪੰਛੀਆਂ ਦੀ ਡਾਰ ਇਕ ਦੁਮੇਲ ਨੂੰ ਛੋਹ ਕੇ ਗੁਜ਼ਰ ਗਈ
ਮੈਂ ਵੀ ਮਗਰੋਂ ਅੰਬਰੀਂ ਤਾਰੀਆਂ ਲਾਉਂਦੇ ਰਹਿਣਾ ਹੈ।

ਪਿੰਡ ਵਾਲੇ ਪੁੱਛਦੇ ਨੇ ਫੇਰ ਕਦੋਂ ਆਵੇਂਗਾ
ਸ਼ਹਿਰ ਵਿਚ ਰਹਿੰਦਿਆਂ ਜਵਾਬ ਰੁੱਸ ਗਏ ਨੇ ।

ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ
ਹੁਣੇ ਜੋ ਉੱਡਦੀ ਸੀ ਪੰਛੀਆਂ ਦੀ ਡਾਰ ਕਿੱਥੇ ਹੈ ।

ਘਰ ਅਤੇ ਪਿੰਡ ਦੇ ਗੁਆਚਣ ਤੋਂ ਬਾਅਦ ਉਹਦੀ ਕਵਿਤਾ ਦਾ ਫ਼ਿਕਰ ਹੈ, ਪੰਜਾਬ ਦੇ ਗੁਆਚਣ ਦਾ । ਇੱਥੇ ਇਉਂ ਲਗਦਾ ਹੈ ਜਿਵੇਂ ਉਸਦੀ ਸ਼ਇਰੀ ਨੇ ਫ਼ਿਕਰ ਦੀ ਪੁਸ਼ਾਕ ਪਹਿਣ ਲਈ ਹੋਵੇ । ਇਹ ਫ਼ਿਕਰ ਮਾਂ ਦਾ ਵੀ ਹੈ । ਜਿਹੜੀ ਘਰ ਵਿਚ ਕੱਲ-ਮੁਕੱਲੀ ਬੈਠੀ ਰਹਿੰਦੀ ਹੈ :

ਘਰ ਵਿਚ ਮਾਂ ਹੈ
ਬੈਠੀ ਰਹਿੰਦੀ ਕੱਲ-ਮੁਕੱਲੀ
ਆਪਣੇ ਘਰ ਵਿਚ ਬਣੀ ਓਪਰੀ
ਪੰਜ ਪੁੱਤਰਾਂ ਦੀ ਮਾਂ ।

ਮਾਂ ਦਾ ਇਹ ਚਿਹਨ ਗੁਰਭਜਨ ਕਾਵਿ ਵਿਚ ਫੈਲ ਕੇ ਧਰਤੀ ਮਾਂ ਬਣ ਜਾਂਦਾ ਹੈ । ਮੁਹੱਬਤਾਂ ਦੇ ਦੇਸ ਪੰਜਾਬ ਵਿਚ ਕੁੱਝ ਵਰ੍ਹੇ ਪਹਿਲਾਂ ਲਗਭਗ ਇਕ ਦਹਾਕਾ ਅਜਿਹੀ ਮਾਰੂ ਹਨ੍ਹੇਰੀ ਵਗੀ ਸੀ । ਜਿਸ ਵਿਚ ਸਾਡਾ ਬਹੁਤ ਕੁੱਝ ਤਿੜਕਿਆ, ਟੁੱਟਿਆ ਤੇ ਤਹਿਸ਼-ਨਹਿਸ਼ ਹੋਇਆ ਹੈ । ਅਜਿਹਾ ਸਹਿਮ ਹਵਾ ਵਿਚ ਘੁਲ ਗਿਆ ਸੀ ਕਿ ਸਾਡੀ ਜੀਭ ਵੀ ਤਾਲੂਏ ਨਾਲ ਜੰਮ ਗਈ ਸੀ, ਅੱਖਾਂ ਦਾ ਨੀਰ ਸੁੱਕ ਗਿਆ ਸੀ । ਬਾਹਾਂ ਗਲੇ ਨਹੀਂ ਸਨ ਚਿੰਮੜਦੀਆਂ ਸਗੋਂ ਗਲੇ ਵੱਢਣ ਲਈ ਉੱਠਦੀਆਂ ਸਨ। ਅਜਿਹੇ ਸਮਿਆਂ ਦੀ ਪੁਣ-ਛਾਣ ਤੇ ਤਸਦੀਕ ਕਰਦੀਆਂ ਗੁਰਭਜਨ ਦੀਆਂ ਕਵਿਤਾਵਾਂ, ਗੀਤ, ਸ਼ੇਅਰ ਕਾਲਜੇ ਨੂੰ ਧੂਹ ਪਾਉਣ ਵਾਲੇ ਹਨ, ਚਿੰਤਨ ਲਈ ਉਕਸਾਉਣ ਵਾਲੇ ਹਨ ।

ਇਹ ਕੇਹੀ ਰੁੱਤ ਆਈ ਸਾੜਨ ਲੱਗੇ ਰੁੱਤ ਛਾਵਾਂ
ਦੋਧੇ ਦੰਦੀ ਬਾਲ ਸਹਿਕਦੇ ਹੰਝੂ ਡੁੱਬੀਆਂ ਮਾਵਾਂ
ਖੜ੍ਹੇ ਖੜੋਤੇ ਪੁੱਤਰ ਖਾ ਲਏ ਆਦਮ ਖੋਰ ਹਵਾਵਾਂ ।

ਗੋਲੀ ਚਲਦੀ ਏ ਠਾਹ ਕਰਕੇ
ਦੱਸ ਤੈਨੂੰ ਕੀ ਮਿਲਿਆ
ਸਾਡਾ ਆਲ੍ਹਣਾ ਤਬਾਹ ਕਰਕੇ ।

ਉਸ ਦੀ ਕਵਿਤਾ ਦਾ ਇਹੀ ਫ਼ਿਕਰ ਪੂਰੇ ਦੇਸ ਨੂੰ ਆਪਣੀ ਵਲਗਣ ਵਿਚ ਲੈਂਦਾ ਜਾਪਦਾ ਹੈ । ਉਸ ਦੇ ਸਾਹਮਣੇ ਸੰਤਾਲੀ ਦੀ ਦੇਸ ਵੰਡ ਵੀ ਹੈ ਜਦੋਂ ਉਸ ਦੇ ਪੁਰਖੇ ਵਸਦੇ ਰਸਦੇ ਘਰਾਂ ਨੂੰ ਛੱਡ ਕੇ ਉਜੜਣ ਤੇ ਮੁੜ ਵਸਣ ਦੇ ਦੂਹਰੇ ਤਜਰਬੇ ਵਿਚੋਂ ਲੰਘੇ ਸਨ । ਉਸ ਦੇ ਬੋਲਾਂ ਵਿਚ ਲੱਖਾਂ ਬੇਕਸੂਰੇ ਮਰਿਆਂ ਦਾ ਰੁਦਨ ਵੀ ਹੈ । ਉਸ ਲਾਣੇ ਦੇ ਖਿਲਾਫ਼ ਗੁੱਸਾ ਵੀ ਹੈ ਜਿਹੜਾ ਅਜ਼ਾਦੀ ਖਾਤਰ ਦਿੱਤੀਆਂ ਕੁਰਬਾਨੀਆਂ ਨੂੰ ਭੁੱਲ ਕੇ, ਦੇਸ਼ ਨੂੰ ਗਹਿਣੇ ਧਰਨ ਦੀ ਚਾਲ ਚੱਲ ਰਿਹਾ ਹੈ । ਉਹਨਾਂ ਨੇਤਾਵਾਂ ਤੇ ਨੀਤੀਵਾਨਾਂ ਪ੍ਰਤੀ ਵੀ ਨਫ਼ਰਤ ਹੈ ਜੋ ਲੋਕਾਂ ਨੂੰ ਅਜੇ ਵੀ ਚੈਨ ਦੇ ਸਾਹ ਨਹੀਂ ਲੈਣ ਦੇ ਰਿਹਾ । ਵੰਡ ਦੀ ਪੀੜ ਅਜੇ ਟਸਦੀ ਹੈ ਤੇ ਉਹ ਮਿਲ ਰਹਿਣ ਦਾ ਸੁਨੇਹਾ ਦਿੰਦਾ ਹੈ :

ਸਾਂਝੇ ਦੁਸ਼ਮਣ ਮਾਰਨ ਖਾਤਰ ਰਲ ਮਿਲ ਬਹੀਏ
ਨਫ਼ਰਤ ਦੀ ਅੱਗ ਸੇਕ ਸੇਕ ਕੇ ਕੀ ਖੱਟਿਆ ਹੈ ।

ਆਪਣੇ ਰੋਹ, ਗੁੱਸੇ ਤੇ ਵਿਦਰੋਹ ਨੂੰ ਕਵੀ ਨੇ ਇਕ ਲੰਮੀ ਨਜ਼ਮ ਵਿਚ ਤਰਜਮਾ ਕਰਨ ਦਾ ਯਤਨ ਕੀਤਾ ਹੈ । ਉਹ ਜੰਗਬਾਜ਼ਾਂ, ਸਾਮਰਾਜੀ ਤਾਕਤਾਂ, ਸਰਮਾਏਦਾਰੀ ਲੋਟੂਆਂ, ਕੱਟੜ ਪੰਥੀਆਂ, ਰਿਸ਼ਵਤ ਖੋਰਾਂ, ਸ਼ਾਹੂਕਾਰਾਂ, ਬਲਾਤਕਾਰੀਆਂ, ਨੇਤਾਵਾਂ, ਕਾਲੇ ਹੁਕਮਾਂ, ਵਹਿਮਾਂ ਭਰਮਾਂ, ਟੂਣੇ ਧਾਗਿਆਂ, ਸੰਚਾਰ ਮਾਧਿਅਮਾਂ, ਫੈਸ਼ਨਾਂ, ਸਾਹਿਤਕਵਾਦਾਂ, ਚੋਰ ਬਜ਼ਾਰਾਂ, ਜ਼ਹਿਰੀ ਜੜੀਆਂ ਬੂਟੀਆਂ, ਨਸ਼ਿਆਂ, ਲੱਚਰ ਸਾਹਿਤ, ਤੇ ਚੋਣ ਧਾਂਦਲੀਆਂ ਆਦਿ ਦੇ ਖਿਲਾਫ਼ ਇਕ ਲੰਮੀ ਤੇ ਨਿਰੰਤਰ ਲੜਾਈ ਦਾ ਪੈਗ਼ਾਮ ਦਿੰਦਾ ਹੈ ।

ਜ਼ਿੰਦਗੀ ਦੇ ਸਮੂਹ ਸਰੋਕਾਰਾਂ ਲਈ
ਮਹਿਕਦੀਆਂ ਬਹਾਰਾਂ ਤੇ ਗੁਲਜ਼ਾਰਾਂ ਲਈ
ਨਿੱਕੀ ਜਿਹੀ ਲੜਾਈ ਨਹੀਂ
ਬਹੁਤ ਸਾਰੇ ਦੁਸ਼ਮਣਾਂ ਦੇ ਖਿਲਾਫ਼
ਕਰੋੜਾਂ ਬਾਹਾਂ ਨਾਲ ਲੜਨਾ ਹੈ ।

ਇਹ ਲੜਾਈ ਹੱਕਾਂ ਪ੍ਰਤੀ ਵੀ ਹੈ ਤੇ ਦੇਸ ਰੂਪੀ ਬਿਰਖ ਨੂੰ ਲੱਗੇ ਕੀੜੇ ਨੂੰ ਮਾਰ-ਮੁਕਾਣ ਲਈ ਵੀ ਹੈ :
ਜਾਪੇ ਜੜ੍ਹ ਵਿਚ
ਚਿੰਤਾ ਵਰਗਾ ਕੀੜਾ ਕੋਈ
ਜਿਸ ਨੇ ਇਸ ਨੂੰ
ਜੜ੍ਹ ਤੋਂ ਸਿਖਰ ਟਾਹਣੀਆਂ ਤੀਕ
ਸੁਕਾ ਛੱਡਿਆ ਹੈ ।

ਏਹ ਲੜਾਈ ਕੱਲਮ-ਕੱਲੀਆਂ ਬਾਹਾਂ ਦੇ ਵਸ ਦਾ ਰੋਗ ਨਹੀਂ । ਏਕਤਾ ਤੇ ਜਮਹੂਰੀ ਜੰਗ ਹੀ ਇਸ ਲੜਾਈ ਦੀ ਜਿੱਤ ਲਈ ਕਾਰਗਰ ਹੋ ਸਕਦੀ ਹੈ :

ਸਬਰ ਦਾ ਸਰਵਰ ਨੱਕੋ ਨੱਕ ਹੈ
ਤਰਨ ਦੁਹੇਲਾ
ਲੱਖ ਕਰੋੜ ਸਿਰਾਂ ਨੂੰ ਜੋੜੋ
ਚੁੱਪ ਨਾ ਬੈਠੋ
ਆਪੋ ਆਪਣੀ ਚੁੱਪ ਨੂੰ ਤੋੜੋ

ਇਸੇ ਆਪਣੀ ਕਵਿਤਾ ਦੀ ਤਾਸੀਰ ਪਹਿਚਾਨਣ ਦਾ ਕਵੀ ਖੁਦ ਆਪਣੇ ਕਾਵਿਕ ਬੋਲਾਂ ਨੂੰ ਇਕ ਨਜ਼ਮ ‘ਉਹ ਮੇਰੀ ਕਵਿਤਾ ਨਹੀਂ ਸੀ' ਰਾਹੀਂ ਪਰਿਭਾਸ਼ਿਤ ਕਰਨ ਦਾ ਯਤਨ ਕਰਦਾ ਹੈ :

ਮੇਰੀ ਕਵਿਤਾ ਤਾਂ ਅੱਥਰੇ ਘੋੜੇ ਤੇ ਸਵਾਰ
ਦੁੱਲੇ ਦੀ ਵੰਗਾਰ ਸੀ
ਸੂਰਮੇ ਲਹੂ ਨਾਲ ਲਿਖੀ ਸੁਰਖ ਬਹਾਰ ਸੀ
ਹਾਕਮ ਦੇ ਮੱਥੇ ਖਿੰਘਰ ਵਾਂਗ ਵੱਜਦੀ ਫਿਟਕਾਰ ਸੀ
ਜਿਸ ਨੂੰ ਤੁਸੀਂ ਮਹਾਨਤਾ ਦੀ ਕਲਗੀ ਸਜਾਉਂਦੇ ਰਹੇ
ਉਹ ਮੇਰੀ ਕਵਿਤਾ ਨਹੀਂ ਸੀ ।

ਗੁਰਭਜਨ ਨਰੋਈ ਸੋਚ ਦਾ ਕਵੀ ਹੈ । ਫ਼ਿਕਰਾਂ ਦੇ ਵਿਚੋਂ ਵੀ ਕਿਸੇ ਆਸ ਨੂੰ ਜਗਾਉਂਦਾ ਪ੍ਰਤੀਤ ਹੁੰਦਾ ਹੈ । ਉਹਦੀ ਸ਼ਾਇਰੀ ਸੰਗ ਤੁਰਦਿਆਂ ਨਮੋਸ਼ੀ ਤੇ ਨਿਰਾਸ਼ਾ ਨਹੀਂ ਹੁੰਦੀ । ਨਿਰਾਸ਼ਾ ਉਹਦੇ ਕਾਵਿ ਵਿਚ ਮੂੰਹ-ਝਾਖਰੇ ਹਨੇਰੇ ਵਰਗੀ ਹੈ, ਜਿਹਦੀ ਗੋਦ 'ਚੋਂ ਛੇਤੀ ਹੀ ਸੂਰਜ ਉਦੈ ਹੋਣ ਦੀ ਆਸ ਬੱਝਦੀ ਹੈ । ਇਸੇ ਆਸ ਦੇ ਸਹਾਰੇ ਇਕ ਅਜਿਹਾ ਭਰਵਾਂ ਤੇ ਰੱਜਵਾਂ ਅਹਿਸਾਸ ਜਾਗਦਾ ਹੈ, ਜਿਹੜਾ ਸਾਨੂੰ ਜ਼ਿੰਦਗੀ ਦੇ ਅਰਥ ਹੀ ਨਹੀਂ ਦੱਸਦਾ ਸਗੋਂ ਉਸਦੇ ਗੋਡੇ ਮੁੱਢ ਬੈਠਣ ਲਈ ਵੀ ਪ੍ਰੇਰਦਾ ਹੈ । ਜਿਸ ਤਿਹੁ ਭਿੱਜ ਕੇ ਬੰਦਾ ਰਿਸ਼ਤਿਆਂ ਦੀ ਪਹਿਚਾਣ ਬਣਾਉਂਦਾ ਹੈ । ਇਸੇ ਕਰਕੇ ਇਹ ਕਵਿਤਾਵਾਂ ਕਦੇ ਮਾਂ, ਕਦੇ ਭੈਣ, ਕਦੇ ਪਤਨੀ, ਕਦੇ ਧੀ ਤੇ ਕਦੇ ਬਾਈਆਂ ਤੇ ਬਾਪੂਆਂ ਵਰਗੀਆਂ ਜਾਪਦੀਆਂ ਹਨ । ਮੋਹ ਦੇ ਚੁੰਮਣ ਦਿੰਦੀਆਂ, ਥਾਪੜਿਆਂ ਤੇ ਅਸੀਸਾਂ ਦੀਆਂ ਹਥੇਲੀਆਂ ਕੰਧਿਆਂ ਤੇ ਧਰਦੀਆਂ । ਇਹ ਮੰਦੇ ਨੂੰ ਖੰਡਨ ਤੇ ਚੰਗੇ ਨੂੰ ਮੰਡਨ ਦੀ ਪ੍ਰੇਰਨਾ ਦਿੰਦੀਆਂ ਹਨ । ਇਸੇ ਕਰਕੇ ਇਹਨਾਂ ਦਾ ਸੁਹਜ ਸਾਰਥਿਕ ਹੋ ਨਿਬੜਿਆ ਹੈ।

ਇਹਨਾਂ ਕਵਿਤਾਵਾਂ ਵਿਚ 'ਮੈਂ ਦੀ ਅਭਿਵਿਅਕਤੀ ਵੀ ਇਕ ਚਿਹਨ ਵਜੋਂ ਹੋਈ ਹੈ । ਸਮੁੱਚੀ ਕਵਿਤਾ ‘ਮੈਂ' ਤੇ `ਮਾਂ` ਦਾ ਹੀ ਵਿਸਥਾਰ ਹੈ । ਪਰ ਇਹ ‘ਮਾਂ' ਜਿਥੇ ਮਮਤਾ ਦੀ ਮੂਰਤ, ਪੁੱਤਾਂ ਦੇ ਫ਼ਿਕਰਾਂ ਸੰਗ ਪਰੁੱਤੀ, ਦੂਰ ਗਿਆਂ ਨੂੰ ਬਿੰਦੇ ਬਿੰਦੇ ਉਡੀਕਦੀ, ਘਰ ਸਲਾਮਤ ਰਹਿਣ ਦੀ ਦੁਆ ਮੰਗਦੀ ਨਜ਼ਰ ਆਉਂਦੀ ਹੈ ਉੱਥੇ ਕਵੀ ਦੀ ਇਹ ‘ਮੈਂ` ਉਲਝੇ, ਆਪੂੰ ਸੰਤਾਪੇ, ਕਾਮ-ਗ੍ਰੰਥੀਆਂ ਦੇ ਸ਼ਿਕਾਰ, ਮਰੀਅਲ, ਹੀਣੇ, ਮਰੂੰ ਮਰੂੰ ਕਰਦੇ ਨੀਚ ਵਿਅਕਤੀ ਦਾ ਕਿਰਦਾਰ ਨਹੀਂ ਹੈ । ਸਗੋਂ ਪਿਤਾ-ਪੁਰਖੀ ਭਰਵੀਂ ਵਸੀਅਤ ਨਾਲ ਤਰੋ-ਤਾਜ਼ਾ, ਭਰੀ-ਭਕੁੰਨੀ ਮੋਹ ਨਾਲ ਲਬਰੇਜ਼ ਰੂਹ ਵਾਲੇ ਕਿਰਦਾਰ ਦੀ ਨਕਸ਼ਾ-ਨਵੀਸੀ ਕਰਦੀ ਨਜ਼ਰ ਆਉਂਦੀ ਹੈ । ਜੋ ਲੋਕ ਧਾਰਾਈ, ਪੇਂਡੂ ਵਰਤਾਰੇ ਦੀਆਂ ਸਿਹਤਮੰਦ ਤੇ ਨਿਰਛਲ ਕਦਰਾਂ ਕੀਮਤਾਂ ਨਾਲ ਪਾਠਕਾਂ/ਸਰੋਤਿਆਂ ਦਾ ਕੋਈ ਗ਼ੈਬੀ ਜਿਹਾ ਰਿਸ਼ਤਾ ਗੰਢਦੀ ਨਜ਼ਰ ਆਉਂਦੀ ਹੈ । ਪੇਤਲੀ-ਨਜ਼ਰੇ ਭਾਵੇਂ ਲਗਦਾ ਹੈ ਕਿ ‘ਅਤੀਤ’ ਨੂੰ ਹਾਕਾਂ ਮਾਰ ਰਹੀ ਹੋਵੇ । ਪਰ ਇਹ ਅਤੀਤ ਹਨ੍ਹੇਰੀ ਗੁਫ਼ਾ ਵਰਗਾ ਨਹੀਂ, ਸਗੋਂ ਪਹੁ-ਫੁਟਾਲੇ ਦੇ ਲਿਸ਼ਕਵੇਂ ਪੱਤਣਾਂ ਤੇ ਪੈਲਾਂ ਪਾਉਣ ਵਰਗਾ ਹੈ।

ਨਜ਼ਰਾਂ ਤੋਂ ਨਾ ਗਿਰੀਏ ਯਾਰੋ
ਇਕ ਦੂਜੇ ਦੇ ਦਿਲ ਵਿਚ ਲਹੀਏ ।

ਮੈਂ ਨਾਨਕ ਦਾ ਰਬਾਬੀ ਹਾਂ ਭਰਾਵੋ ਮੈਂ ਪੰਜਾਬੀ ਹਾਂ
ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ ।

ਮੇਰੇ ਮਨ ਤੋਂ ਭਾਰ ਉਤਾਰ ਤੂੰ ਕੁਝ ਪਲ ਮੇਰੇ ਕੋਲ ਖਲੋ
ਕੱਲੇ ਤੋਂ ਨਹੀਂ ਚੁੱਕੀ ਜਾਂਦੀ ਇਕਲਾਪੇ ਦੀ ਪੰਡ ਓ ਯਾਰ ।

ਮੇਰੇ ਨਾਲ ਨਾ ਬੋਲੇਂ ਤੂੰ
ਤੇਰੀ ਮੇਰੀ ਇਕੋ ਮਾਂ।

ਮੈਂ ਜਦੋਂ ਵੀ ਪਿੰਡ ਜਾਣੋਂ ਹਟ ਗਿਆ ਤਾਂ ਸਮਝਣਾ
ਚੌਖਟੇ ਵਿਚ ਬੰਦ ਬੈਠਾ ਹੈ ਕੋਈ ਰੂਹ ਦਾ ਕੰਗਾਲ ।

ਗੁਰਭਜਨ ਰਿਸ਼ਤਿਆਂ ਨੂੰ ਸਿਰਜਣ ਵਾਲਾ ਤੇ ਉਹਨਾਂ ਨੂੰ ਪੁਗਾਉਣ ਵਾਲਾ ਸ਼ਾਇਰ ਹੈ । ਉਸ ਦੀਆਂ ਕੁਝ ਕਵਿਤਾਵਾਂ ਜਿਨ੍ਹਾਂ ਵਿਚ ਵਾਰ ਵਾਰ ਰਿਸ਼ਤਿਆਂ ਦੀ ਸਲਾਮਤੀ ਦਾ ਜ਼ਿਕਰ ਹੈ, ਦਿਲ ਨੂੰ ਛੋਹਣ ਵਾਲੀਆਂ ਹਨ । ਪਰ ਇੱਥੇ ਹੀ ਉਸ ਨੂੰ ਇਸ ਗੱਲ ਦਾ ਵੀ ਤੌਖਲਾ ਹੈ ਕਿ ਜਾਇਦਾਦ ਜਾਂ ਆਰਥਿਕਤਾ ਦਾ ਆਧਾਰ ਕਿਤੇ ਇਹਨਾਂ ਰਿਸ਼ਤਿਆਂ ਨੂੰ ਤਾਰੋ ਤਾਰ ਨਾ ਕਰ ਦੇਵੇ । ਰਿਸ਼ਤਿਆਂ ਦੇ ਵਰਤਾਰੇ ਵਿਚ ਆਰਥਿਕਤਾ ਦਾ ਦਖਲ ਦੁਖਾਂਤ ਦਾ ਸਿਰਜਕ ਹੈ :

ਜਾਇਦਾਦ ਅਣਦਿਸਦਾ ਕੀੜਾ ਰਿਸ਼ਤੇ ਤਾਰੋ ਤਾਰ ਕਰੇ
ਖਾਂਦਾ ਖਾਂਦਾ ਖਾ ਜਾਂਦਾ ਏ ਸੁੱਚੇ ਬੰਧਨ ਕੁੱਖਾਂ ਦੇ

ਫੁੱਲ ਤੇ ਪੰਛੀ ਕਵੀ ਲਈ ਸੁਹਣੀ ਚੰਗੇਰੀ ਜ਼ਿੰਦਗੀ ਦਾ ਪ੍ਰਤੀਕ ਹਨ । ਪੰਛੀਆਂ ਦਾ ਚਹਿਚਹਾਣਾ, ਉਡਾਰੀਆਂ ਭਰਨਾ ਉਹਦੇ ਲਈ ਚਹਿਕਦੀ ਜ਼ਿੰਦਗੀ ਦੇ ਆਦਰਸ਼ ਹਨ । ਫੁੱਲਾਂ ਦਾ ਖਿੜਨਾ, ਰੰਗਾਂ ਦੀ ਛਹਿਬਰ, ਖੁਸ਼ਬੂਆਂ ਦਾ ਭੰਡਾਰਾ ਜ਼ਿੰਦਗੀ ਦੇ ਹੁਸੀਨ ਪਲਾਂ ਦੀ ਤਰਜਮਾਨੀ ਹੈ । ਉਸ ਦਾ ਅਕੀਦਾ ਹੈ ਕਿ ਜੇ ਇਨਸਾਨ ਹਥਿਆਰਾਂ ਦੀ ਥਾਂ ਫੁੱਲਾਂ ਨਾਲ ਪਿਆਰ ਕਰਦਾ ਹੁੰਦਾ ਤਾਂ ਹਿੰਸਾ ਉਹਦੇ ਸਾਹਾਂ ਵਿਚ ਨਾ ਰਚਦੀ :

ਕਰਦਾ ਜੇ ਤੂੰ ਫੁੱਲਾਂ ਨਾਲ ਪਿਆਰ ਕਦੇ
ਚੰਗੇ ਨਹੀਂ ਸੀ ਲਗਣੇ ਇਹ ਹਥਿਆਰ ਕਦੇ ।

ਗੁਰਭਜਨ ਗਿੱਲ ਦੀ ਇਹ ਕਵਿਤਾ ਇਕ ਹੋਰ ਵੰਨਗੀ ਹੈ, ਨਿੱਕੀ ਕਵਿਤਾ ਦੀ । ਇਹਨਾਂ ਵਿਚ ਵਿਚਾਰਾਂ ਦੀ ਸ਼ਿੱਦਤ ਹੈ ਤੇ ਤਿੱਖੀ ਨੋਕ ਵਰਗਾ ਪ੍ਰਭਾਵ ਹੈ । ਕਿਤੇ ਕਿਤੇ ਤਾਂ ਦੋ ਸਤਰਾਂ ਹੀ, ਬਹੁਤ ਵੱਡੀ ਗੱਲ ਕਹਿ ਜਾਂਦੀਆਂ ਹਨ :

ਤੁਸੀਂ ਸਾਡਾ ਸਿਰ ਪਹਾੜਾਂ ਵਾਲਿਓ
ਤੁਸੀਂ ਸਾਡੀ ਧਿਰ ਪਹਾੜਾਂ ਵਾਲਿਓ
ਵਕਤ ਨੇ ਸਾਨੂੰ ਤੁਹਾਨੂੰ ਚੀਰਿਆ
ਫਿਰ ਮਿਲਾਂਗੇ ਫਿਰ ਪਹਾੜਾਂ ਵਾਲਿਓ ।

ਵਤਨ ਕੀ ਹੈ
ਕੁਝ ਲਕੀਰਾਂ ਤੇ ਨਿਸ਼ਾਨ
ਟੰਗਦੇ ਸੂਲੀ ਤੇ ਜਾਨ
ਰੋਜ਼ ਹੋਵੇ ਇਮਤਿਹਾਨ ।

ਇਕ ਹਥੌੜਾ ਵਜਿਆ
ਤੇ ਰੱਬ ਤਿੜਕ ਗਿਆ

ਇਸ ਪੁਸਤਕ ਵਿਚ ਆਏ ਕਾਵਿ-ਚਿੱਤਰਾਂ ਤੋਂ ਕਵੀ ਦਾ ਮਨੁੱਖੀ ਅਧਿਐਨ ਦੀ ਬਿਰਤੀ ਤੇ ਜਗਤੀ ਦਾ ਵੀ ਅਹਿਸਾਸ ਹੁੰਦਾ ਹੈ । ਲੋਕ-ਚੇਤਨਾ ਦਾ ਵਣਜਾਰਾ (ਵਿਦਿਆਦਾਨੀ ਪ੍ਰਿੰਸੀਪਲ ਇਕਬਾਲ ਸਿੰਘ) ਤੇ ਅੱਖਰ ਸ਼ਿਲਪੀ (ਨੂਰਦੀਨ) ਉਸ ਦੀਆਂ ਇਸ ਪ੍ਰਸੰਗ ਵਿਚ ਵਿਚਾਰੀਆਂ ਜਾਣ ਵਾਲੀਆਂ ਕਵਿਤਾਵਾਂ ਹਨ।

ਕਵੀ ਗੁਰਭਜਨ ਦੀਆਂ ਇਹਨਾਂ ਕਾਵਿਕ ਸਤਰਾਂ ਦੇ ਅਧਿਐਨ ਤੋਂ ਉਸਦੀ ਸ਼ਬਦ-ਪਛਾਣ ਤੇ ਸ਼ਬਦ ਬੀੜਣ ਦੀ ਸਮਰੱਥਾ ਦਾ ਵੀ ਅਹਿਸਾਸ ਹੁੰਦਾ ਹੈ । ਉਸਦੇ ਵਾਕੰਸ਼ ਜਾਂ ਸਤਰਾਂ ਦੀ ਨੁਹਾਰ ਤੇ ਆਤਮਾ ਮੁਹਾਵਰਿਆਂ ਦੇ ਨੇੜ ਤੇੜ ਪੁੱਜਦੀ ਨਜ਼ਰ ਆਉਂਦੀ ਹੈ । ਇੰਞ ਗੁਰਭਜਨ ਦੀ ਇਹ ਸ਼ਾਇਰੀ ਕਾਵਿ-ਕੁੜੀ ਦੀ ਕਸ਼ੀਦਾਕਾਰੀ ਵਰਗੀ ਹੈ । ਸਤਰਾਂ ਤੇ ਸ਼ਬਦਾਂ ਦੇ ਵੇਲ ਬੂਟੇ ਜ਼ਿੰਦਗੀ ਦੀਆਂ ਰੁੱਤਾਂ ਨੂੰ ਚਿਤਰਦੇ ਹੀ ਨਹੀਂ ਸਗੋਂ ਆਪਣੇ ਵਿਚੋਂ ਦੀ ਲੰਘਾਉਂਦੇ ਹਨ । ਉਡੀਕ, ਵਸਲ, ਆਸ਼ਾ, ਨਿਰਾਸ਼ਾ, ਹੇਰਵੇ, ਤਾਂਘਾਂ, ਬੇਵਸੀਆਂ, ਉਮੀਦਾਂ, ਹਿੰਮਤਾਂ ਆਦਿ ਅਨੇਕਾਂ ਰੁੱਤਾਂ ਸਾਡੇ ਸਾਹੀਂ ਵਸਦੀਆਂ ਹਨ । ਅਸੀਂ ਇਹਨਾਂ ਦੇ ਕਾਰਜ, ਰੂਪ ਰੰਗ ਤੋਂ ਹੀ ਨਹੀਂ ਇਹਨਾਂ ਦੀ ਤਾਸੀਰ ਤੋਂ ਵੀ ਵਾਕਿਫ਼ ਹੁੰਦੇ ਹਾਂ । ਇਹ ਆਪਣਾ ਆਪ ਫਰੋਲਣ ਤੇ ਵਿਰੋਲਣ ਵਰਗਾ ਕਾਰਜ ਹੈ ਜੋ ਇਕ ਸੰਵੇਦਨਸ਼ੀਲ, ਭਰਵੇਂ ਅਹਿਸਾਸ ਵਾਲੀ ਕਾਵਿਕ ਕਲਮ ਦਾ ਹੀ ਹਾਸਲ ਹੋ ਸਕਦਾ ਹੈ ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ