Aarti : Kartar Singh Ballagan

ਆਰਤੀ : ਕਰਤਾਰ ਸਿੰਘ ਬਲੱਗਣ


ਕਮਜ਼ੋਰੀ ਦਾ ਇਕਬਾਲ

ਆਰਤੀ ਅਕੀਦਤ ਦਾ ਚਿੰਨ੍ਹ ਏਂ, ਸ਼ਰਧਾ ਦੀ ਪ੍ਰਤੀਕ ਏ ਤੇ ਸ਼ਰਧਾ ਕਿਸੇ ਵਿਦਵਤਾ, ਚਤਰਾਈ, ਤੇ ਕਲਾ ਦਾ ਪ੍ਰਭਾਵ ਨਹੀਂ ਕਬੂਲਦੀ । ਇਹ ਮ੍ਹਾਸੂਮੀਅਤ ਦੀ ਕੁੱਖੋਂ ਜੰਮਦੀ, ਨਿਰਛਲਤਾ ਦੀ ਗੋਦ ਵਿਚ ਪਲਦੀ, ਸਾਦਗੀ ਅਤੇ ਭੋਲੇ ਪਨ ਦੇ ਸਾਏ ਹੇਠ ਵਿਗਸਦੀ ਪਲ੍ਹਰਦੀ ਏ । ਅਜ ਦੇ ਸਾਇੰਸੀ ਜੁਗ ਵਿਚ ਸ਼ਰਧਾ ਨੂੰ ਅਨਪੜ੍ਹਤਾ ਅਤੇ ਜਾਹਿਲ ਪੁਣੇ ਦੀ ਪੈਦਾਇਸ਼ ਵੀ ਕਿਹਾ ਜਾਂਦਾ ਏ । ਇਕ ਪੱਖੀ ਅਤੇ ਇਤਿਹਾਸ ਨਾਲ ਨਿਆਂ ਨਾ ਕਰ ਸਕਣ ਦੀ ਮਜਬੂਰੀ ਵੀ ਇਹਦੇ ਵਿਚ ਦਸਦੇ ਨੇ, ਪਰ ਸ਼ਰਧਾ ਕਦੀ ਕਿਸੇ ਆਲੋਚਨਾ ਅਤੇ ਟੀਕਾ ਟਿਪਣੀ ਦੀ ਮੁਹਾਜ ਨਹੀਂ ਹੋ ਸਕੀ । ਆਪਣੇ ਮਹਿਬੂਬ ਦੀ ਆਤਮਾ ਅਤੇ ਸਪ੍ਰਿਟ ਨੂੰ ਝਲਿਆਂ ਵਾਂਗ ਪਿਆਰ ਕਰਨ ਵਾਲਾ ਪ੍ਰੇਮੀ ਕਦੀ ਉਹਦੇ ਲਿਬਾਸ ਦੇ ਤਨਾਸਬ ਅਤੇ ਦੇਖ ਰੇਖ ਨੂੰ ਨਹੀਂ ਵੇਖਦਾ । ਆਪਣੇ ਮੁਰਸ਼ਦ ਨੂੰ ਜੂਠੇ ਬੇਰ ਅਤੇ ਅਲੂਣਾ ਸਾਗ ਖੁਆਣ ਵਾਲਾ ਉਪਾਸ਼ਕ ਵੀ ਸ਼ਰਧਾ ਦੀ ਕਸਵੱਟੀ ਉਤੇ ਖੋਟਾ ਨਹੀਂ ਉਤਰਦਾ ।

ਸ਼ਰਧਾ ਇਕ ਐਸੀ ਐਣਕ ਏ, ਜਿਦ੍ਹੇ ਵਿਚੋਂ ਆਲੋਚਕ ਦੀਆਂ ਅੱਖਾਂ ਨੂੰ ਸਦਾ ਧੁੰਦ ਹੀ ਦਿਸੀ ਏ ਤੇ ਕੁਝ ਏਸੇ ਤਰ੍ਹਾਂ ਦੀ ਹੀ ਸ਼ਰਧਾ ਹੈ ਮੇਰੀ ‘ਆਰਤੀ' ਦੀਆਂ ਧੂਪਾਂ ਜੋਤਾਂ ਵਿਚ, ਜਿਹੜੀ ਸ਼ਾਇਦ ਮੇਰੇ ਵਿਦਵਾਨ ਕਲਾਕਾਰ ਤੇ ਨਿਰਪੱਖ ਖੋਜੀ ਪਾਠਕਾਂ ਨੂੰ ਹਾਸੋ-ਹੀਣੀ ਤੇ ਅਨਪੜ੍ਹਤਾ ਦੀ ਸੂਚਕ ਜਾਪੇ ।

ਆਰਤੀ, ਵਿਚਲੀਆਂ, ਮਾਸੂਮ ਸ਼ਰਧਾ ਵਿਚ ਗਲੇਫ਼ੀਆਂ ਕਲਾ ਤੋਂ ਵਾਂਜੀਆਂ ਇਹ ਕਵਿਤਾਵਾਂ ਮੈਂ ਕਈ ਵਾਰੀ ਸਟੇਜਾਂ ਉਤੇ ਪੜ੍ਹੀਆਂ, ਗਾਵੀਆਂ ਤੇ ਸੁਣਾਈਆਂ ਨੇਂ । ਪਤਾ ਨਹੀਂ ਮੇਰੀਆਂ ਅਕੀਦਤ ਦੇ ਅਥਰੂਆਂ ਨਾਲ ਭਰੀਆਂ ਅੱਖਾਂ ਦੇ ਸਦਕਾ ਜਾਂ ਆਪਣੀ ਖੁਲ੍ਹਦਿਲੀ ਦੀ ਤੁਫ਼ੈਲ ਮਾਨਯੋਗ ਸਰੋਤਿਆਂ ਨੇ ਆਲੋਚਨਾ ਦੀ ਛੁਰੀ ਨਾਲ ਛਿੱਲਣ ਦੀ ਥਾਂ ਇਹਨਾਂ ਨੂੰ ਸਦਾ ਪਿਆਰ ਸਤਿਕਾਰ ਨਾਲ ਸੁਣਿਆ ਤੇ ਮਾਣਿਆ ਏਂ । ਮੈਂ ਆਪਣਾ ਇਹ ਝਲ ਜਾਂ ਕਮਜ਼ੋਰੀ ਸ਼ਾਇਦ ਫੇਰ ਵੀ ਨਸ਼ਰ ਕਰਨ ਦੀ ਜੁਰਅਤ ਨਾ ਕਰਦਾ ਜੇ ਮਾਨ ਯੋਗ ਤੀਰ ਜੀ ਦੀ ਤਾੜਨਾ ਅਤੇ ਉਤਸ਼ਾਹ ਜਨਕ ਪ੍ਰੇਰਨਾ ਦਾ ਠੁਮਣਾ ਮੈਨੂੰ ਡਿਗ ਡਿਗ ਪੈਂਦੇ ਨੂੰ ਨਾ ਖਲਾਰਦਾ ਰਹਿੰਦਾ । ਸ੍ਰੀ ਕਸ਼ਮੀਰਾ ਸਿੰਘ ਜੀ ਪਾਰਸ ਦਾ ਸਹਿਯੋਗ ਵੀ ਇਹ ਆਰਤੀ ਪ੍ਰਗਟ ਕਰਨ ਵਿਚ ਮੇਰਾ ਵਡਾ ਸਹਾਰਾ ਬਣਿਆ ਏਂ । ਤੇ ਮੈਂ ਇਹ ਸ਼ਰਧਾ ਦਾ ਦੀਪ ਤੇ ਤਿਲ ਫੁਲ ਆਰਤੀ ਦੀ ਥਾਲੀ ਵਿਚ ਰਖ ਕੇ ਪੇਸ਼ ਕਰਦਾ ਹਾਂ ਉਹਨਾਂ ਪਾਠਕਾਂ ਅੱਗੇ, ਜਿਹੜੇ ਇਹਦੇ ਫੁਲਾਂ ਦੀ ਬਾਸ਼ਨਾ ਤੇ ਇਹਦੇ ਧੂਪ ਦੀ ਮਹਿਕਦੀ ਹਵਾੜ ਵਿਚੋਂ ਸ਼ਾਂਤੀ ਅਤੇ ਪਿਆਰ ਲੱਭ ਸਕਣ !

ਇਹਨਾਂ ਕਵਿਤਾਵਾਂ ਵਿਚ ਕਲਾ ਦੀ ਅਣਹੋਂਦ ਅਤੇ ਵਿਦਵਤਾ ਦੀ ਘਾਟ, ਮੇਰੀ ਸ਼ਰਧਾ ਨੂੰ ਅਤੁਟ ਤੇ ਨਿਰਸੰਦੇਹ ਬਣਾਂਦੀ ਏ, ਏਸ ਲਈ ਮੇਰੀ ਮ੍ਹਾਸੂਮੀਅਤ ਇਹਨਾ ਉਤੇ ਮਾਨ ਕਰਨ ਵਿਚ ਹਕ ਬਜਾਨਬ ਏ । ਮੇਰਾ ਇਹ 'ਉਜ਼ਰੇ ਗੁਨਾਹ' ਮੇਰੀ ਕਮਜ਼ੋਰੀ ਦਾ ਇਕਬਾਲ ਏ ।

-ਕਰਤਾਰ ਸਿੰਘ ਬਲੱਗਣ

ਦੂਜਾ ਕਦਮ

ਇਹ ਦੂਜਾ ਕਦਮ ਹੈ ਜੋ "ਆਰਤੀ" ਰੂਪ ਵਿੱਚ ਕਰਤਾਰ ਦੀ ਕਾਵਿ-ਕਲਾ ਨੇ ਸਾਹਿਤ-ਖੇਤਰ ਵਿਚ ਅਗੇਰੇ ਰਖਿਆ ਹੈ । ਪਹਿਲਾ ਕਦਮ ਸੀ “ਬਰਖਾ" ਜੋ ਇਕ ਵਾਰੀ ਪੁਟ ਕੇ ਕਰਤਾਰ ਖਲੋ ਗਿਆ ਸੀ, ਪਤਾ ਨਹੀਂ ਕਿਉਂ ? ਪਰ ਲੰਮੇ ਸਮੇਂ ਬੀਤ ਗਏ ਹਨ, ਇਹ ਗਲ ਪੰਜਾਬ ਦੀ ਵੰਡ ਤੋਂ ਵੀ ਢੇਰ ਚਿਰ ਪਹਿਲੋਂ ਦੀ ਹੈ, “ਆਰਤੀ' ਦੇ ਰੂਪ ਵਿਚ ਇਹ ਦੂਜਾ ਕਦਮ ਕਰਤਾਰ ਨੇ ਕਈ ਪ੍ਰੇਰਨਾਵਾਂ “ਚੋਭਾਂ" ਅਤੇ “ਹਲਾ ਸ਼ੇਰੀਆਂ" ਦੇ ਪ੍ਰਭਾਵ ਥੱਲੇ ਪੁਟਿਆ ਹੈ, ਚਲੋ ਇਹ ਹੀ ਚੰਗਾ ਹੋਇਆ ! ਹੁਣ ਰਸੀਏ ਪਾਠਕ ਤੀਜੇ ਕਦਮ ਦੀ ਉਡੀਕ ਕਰਨਗੇ, ਪਰ ਜਾਪਦਾ ਹੈ ਕਿ ਇਹ 'ਧਰਤੀ ਦਾ ਕਰਤਾਰ' ਧੱਕਿਆ, ਟੋਰਿਆ ਅਤੇ ਪ੍ਰੇਰਿਆ ਹੀ ਟੁਰਦਾ ਹੈ ! ਇਹ ਅਨੁਭਵ 'ਤੀਰ' ਅਤੇ ਕਰਤਾਰ ਦੇ ਹੋਰ ‘ਤੀਰ’ ਵਰਗੇ ਹਿਤੂ-ਮਿਤਰਾਂ ਨੂੰ ਇਸਦੀਆਂ ਆਦਤਾਂ ਤੋਂ ਹੋਇਆ ਹੈ।

“ਵਾਰ" ਅਤੇ "ਆਰਤੀ" ਦੀ ਆਤਮਾ ਜਾਂ ਵਿਸ਼ਾ “ਯੱਸ" ਹੁੰਦਾ ਹੈ, ਇਸੇ ਕਰ ਕੇ ਕਰਤਾਰ ਦੀ “ਆਰਤੀ' ਵਿਚ ਯੱਸ ਪ੍ਰਧਾਨ ਹੈ ਪਰ ਹੈ ਨਾ ਅਨੋਖੀ ਗਲ ? ਨਾਨਕ ਤੋਂ ਲੈ ਕੇ ਗੁਜਰੀ ਦੇ ਗੋਬਿੰਦ" ਤਕ ਸਭ ਅਣਡਿਠੇ, ਅਰੂਪ ਅਗੰਮ ਅਗੋਚਰ ਅਤੇ ਵਿਆਪਕ ਕਰਤਾਰ ਦੀ ਆਰਤੀ ਉਤਾਰਦੇ ਰਹੇ “ਗਗਨ ਮੈ ਥਾਲ" ਕਹਿ ਕੇ ਅਤੇ ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ" ਕਹਿ ਕਹਿ ਕੇ ਵਿਸਮਾਦ ਦੇ ਰੰਗ ਮਾਣਦੇ ਰਹੇ, ਪਰ ਅਜ ਮਨੁਖ-ਰੂਪ ਵਿਚ ਸ਼ਰਧਾਲੂ ਬਣ ਕੇ 'ਕਰਤਾਰ' ਗੁਰੂ-ਗੋਬਿੰਦ ਦੀ ਆਰਤੀ ਕਰ ਰਿਹਾ ਹੈ, ਇਸ ਦੀ ਕਲਮ ਦੇ ਕਾਲੇ ਅੱਖਰਾਂ ਵਿਚ ਜਗਦੀ ਜੋਤ ਹੈ ਸਿਦਕ ਦੀ, ਪਿਆਰ ਦੀ, ਸ਼ਰਧਾ ਦੀ, ਇਸ ਦੇ ਸ਼ਬਦਾਂ ਵਿਚ ਫੁੱਲ ਹਨ ਆਤਮ-ਬਗ਼ੀਚੀ ਦੇ, ਇਸ ਦੀਆਂ ਕਾਵਿ-ਪੰਗਤੀਆਂ ਵਿਚ ਪਵਿੱਤਰਤਾ ਦੀ ਵਟੀ ਦਾ ਧੂਪ ਸੁਗੰਧਤ ਕਰ ਰਿਹਾ ਹੈ ਮਨੋਂ ਭਾਵਾਂ ਨੂੰ। ਇਸ ਦਾ ਅਨੁਭਵ ਅਰਘਾ ਬਣ ਕੇ ਆਪਣੇ ਨੈਣ-ਜਲ ਨਾਲ ਆਪਣੇ ਇਸ਼ਟ ਦੇ ਚਰਨ ਧੋ ਰਿਹਾ ਹੈ, ਇਸ “ਨਾਨਕ ਠਾਕਰ” ਦੇ ਪੁਜਾਰੀ ਦੀ ‘ਆਰਤੀ' ਦੇ ਕਿਆ ਕਹਿਣੇ ।

ਇਸ 'ਆਰਤੀ' ਦੀ ਜਗਦੀ ਜੋਤ ਵਿਚ ‘ਕਰਤਾਰ' ਦੇ ਕਈ ਰੂਪ ਹਨ, ਹਰ ਰੂਪ ਦੇ ਨੈਣਾਂ ਵਿੱਚੋਂ ਸ਼ਰਧਾ, ਜੁੜੇ ਹੱਥਾਂ ਵਿਚੋਂ ਜੋਦੜੀ, ਹਰ ਰੂਪ ਦੀ ਜ਼ਬਾਨ ਵਿਚੋਂ ਪ੍ਰੇਮ-ਲਿਲ੍ਹਕਣੀ, ਹਰ ਚਿਹਰੇ ਦੇ ਬੋਲ ਵਿਚੋਂ ਆਰਤੀ ਦਾ ਗੀਤ, ਸੁਭਾਵਕ ਸੋਮੇ ਵਾਂਙ ਫੁਟ ਫੁਟ ਕੇ ਵਗਦਾ ਜਾਪਦਾ ਹੈ, ਨਿਰਛਲਤਾ, ਭੋਲੇਪਨ ਅਤੇ ਸਾਦਗੀ ਨਾਲ ਕਰਤਾਰ ਦੀ ਕਲਮ ਇਤਨੀਆਂ ਮਿੱਠੀਆਂ ਗੱਲਾਂ ਕਰ ਜਾਂਦੀ ਹੈ ਕਿ ਉਹਨਾਂ ਸਾਹਮਣੇ ਸ਼ਹਿਦ ਸ਼ਰਮਿੰਦਾ ਹੋ ਜਾਂਦਾ ਹੈ । ਸ਼ਬਦ-ਕੁੱਜੇ ਵਿਚ ਵਲਵਲੇ ਦਾ ਸਮੁੰਦਰ ਬੰਦ ਕਰ ਦੇਣਾ ‘ਕਰਤਾਰ' ਦੀ 'ਕਾਵਿ-ਕਲਾ' ਦਾ ਕ੍ਰਿਸ਼ਮਾ ਹੈ, ਰਤਾ ਵੇਖਣਾ ਅਨੁਭਵ ਮਨੋਂ-ਭਾਵ ਅਤੇ ਕਲਪਨਾ ਕਿਵੇਂ, ‘ਕਰਤਾਰ' ਨੇ ਇਕ ਜਿੰਦ, ਇਕ ਰੂਪ ਕੀਤੇ ਹਨ :—


ਗੁਰਬਾਣੀ ਦੀ ਮਹੱਤਤਾ

ਕਰੇ ਜੋ ਪਿਆਰ ਇਹਨੂੰ, ਉਹ ਮੁਜੱਸਮ ਪਿਆਰ ਬਣ ਜਾਂਦੈ,
ਕਦੀ ਨਿਰਮੋਹ ਬਣ ਕੇ  ਪਥਰਾਂ ਨੂੰ ਭੋਰ ਦੇਂਦਾ ਏ।
ਕਦੀ ਪਾਣੀ ਪਿਲਾਂਦਾ ਫਿਰਦਾ ਏ ਵੈਰੀ ਪਿਆਸੇ ਨੂੰ,
ਕਦੀ ਪੁੱਤਰ ਤਿਹਾਇਆ ਜੰਗ ਦੇ ਵਿੱਚ ਟੋਰ ਦੇਂਦਾ ਏ।
..... .... ...
ਕਦੀ ਇਖ਼ਲਾਕ ਬਾਣੀ ਦਾ ਕਿਤੇ ਪਰਚਾਰਿਆ ਜਾਏ, 
ਤਾਂ ਖ਼ੁਦਗ਼ਰਜ਼ੀ ਛੁਪਾ ਕੇ ਮੂੰਹ, ਇਸ ਦੁਨੀਆ ਤੋਂ ਭੱਜ ਜਾਏ । 
ਕਦੀ ਨਾਨਕ ਦੀ ਬਾਣੀ ਪੜ੍ਹਨ ਮਾਨੁੱਖਤਾ ਦੇ ਇਹ ਹਾਮੀ, 
ਤਾਂ ਫਿਰ ਸੰਸਾਰ ਵਿਚ ਇਨਸਾਨੀਅਤ ਦਾ ਢੋਲ ਵੱਜ ਜਾਏ । 

ਰਤਾ ਨਾਨਕੀ ਭੈਣ ਦੀ ਮਾਨਸਕ ਹਾਲਤ ਵੇਖਣਾ :-

ਜਿਉਂ ਜਿਉਂ ਆਟੇ ਨੂੰ ਮੁੱਕੀਆਂ ਦਏ, ਓਧਰ
ਕੋਈ ਚੋਟ ਕਲੇਜੇ ਤੇ ਲਾਏ ਤਿਉਂ ਤਿਉਂ ।
ਜਿਉਂ ਜਿਉਂ ਆਟੇ ਦੀ ਬੱਝਦੀ ਲੇਸ ਜਾਵੇ, 
ਕੋਈ ਪ੍ਰੇਮ ਦੀ ਤਾਰ ਹਿਲਾਏ ਤਿਉਂ ਤਿਉਂ ।
..... .... ...
ਏਧਰ ਫੁੱਲ ਪਰੌਂਠੇ ਨੂੰ ਪੈਣ ਲੱਗ ਪਏ, 
ਓਧਰ ਚਿਹਰੇ ਦਾ ਫੁੱਲ ਕੁਰਮਾਈ ਜਾਵੇ ।

ਰਾਇ ਬੁਲਾਰ ਦੀ ਜ਼ਬਾਨੀ :-

ਲੱਗਾ ਕਹਿਣ ਕਮਾਇਆ ਈ ਜ਼ੁਲਮ ਕਾਲੂ,
ਮੇਰੇ ਮੱਥੇ ਤੇ ਕਾਲਖ ਈ ਲਾ ਦਿੱਤੀ । 
ਮੇਰੇ ਸ਼ਹਿਰ ਵਿਚ ਰੱਬ ਨੂੰ ਮਾਰਿਆ ਈ, 
ਮੇਰੀ ਜਾਗੀ ਤਕਦੀਰ ਸੁਆ ਦਿੱਤੀ ।

ਗਰਮੀ ਦਾ ਵਰਨਣ ਕਿੰਨੀ ਹੁਨਰੀ 
ਸ਼ਬਦ-ਜੜਤ ਨਾਲ ਕੀਤਾ ਹੈ :-

ਸੂਰਜ ਤਪ ਕੇ ਹੋ ਗਿਆ ਲੋਹਾ ਲਾਖਾ, 
ਲੋਹਾਂ ਤੱਪ ਤੱਪ ਸੂਰਜ ਸਮਾਨ ਹੋਈਆਂ। 
ਪਾਣੀ ਉਬਲ ਕੇ ਅੱਗ ਦਾ ਰੂਪ ਬਣਿਆ, 
ਪੰਘਰ ਪੰਘਰ ਅੱਗਾਂ ਪਾਣੀ ਆਣ ਹੋਈਆਂ ।

ਅੰਮ੍ਰਿਤ ਦੀ ਸ਼ਕਤੀ ਦਾ ਜ਼ਿਕਰ :-

ਵੇਖਿਆ ਫਿਰ ਮੁਅਜਿਜ਼ਾ, ਦੁਨੀਆ ਦੇ ਵੇਖਣ ਵਾਲਿਆਂ ।
ਤੇਗ਼ ਵਿੱਚੋਂ ਸੋਮਾਂ ਅੰਮ੍ਰਿਤ ਦਾ ਵਗਾ ਦਿਤਾ ਗਿਆ ।
ਮੀਟੀਆਂ ਅੱਖਾਂ ਕਈ, ਕਈਆਂ ਦੇ ਦੀਦੇ ਪਾਟ ਗਏ, 
ਜ਼ਿੰਦਗੀ ਨੂੰ ਮੌਤ ਦੀ ਗੋਦੀ ਬਿਠਾ ਦਿਤਾ ਗਿਆ ।
ਹੌਕਿਆਂ ਦੀ ਵਾਜ, ਗ੍ਹੀਕੇ ਹਾਸਿਆਂ ਵਿਚ ਬਦਲ ਗਈ,
ਸਹਿਮ ਸਾਰਾ ਮੌਤ ਦਾ ਉਕਾ ਮੁਕਾ ਦਿਤਾ ਗਿਆ ।
ਉੱਠੀਆਂ ਝੁਕੀਆਂ ਜੋ ਸੀ ਧੌਣਾਂ, ਤੇ ਤਣੀਆਂ ਛਾਤੀਆਂ,
ਗਿੱਦੜਾਂ ਨੂੰ ਸ਼ੇਰ ਦੇ ਜਾਮੇ 'ਚ ਪਾ ਦਿਤਾ ਗਿਆ ।
ਦੁੱਖਾਂ ਦੀ ਭੱਠੀ ਚਿ ਪਾ ਕੇ, ਨਾਮ ਧਰ ਕੇ “ਖ਼ਾਲਸਾ,
ਵੱਖਰੀ ਇਕ ਕੌਮ ਦੁਨੀਆ ਤੇ ਵਸਾ ਦਿਤੀ ਗਈ ।
ਕੰਡਿਆਂ ਦੀ ਹਿੱਕ ਉੱਤੇ, ਖੰਜਰਾਂ ਦੀ ਧਾਰ ਤੇ,
ਖ਼ਾਲਸੇ ਦੀ ਆਖ਼ਰੀ ਮਨਜ਼ਲ ਬਣਾ ਦਿਤੀ ਗਈ ।

ਕਲਗੀ ਵਾਲੇ ਪਾਤਸ਼ਾਹ ਦੀ ਕੁਰਬਾਨੀ ਰੂਪ ਆਤਮਾ ਦੀ 
ਅਵਾਜ਼ ਕਿਵੇਂ ਇਹਨਾਂ ਸ਼ਬਦਾਂ ਵਿਚ ਬੰਦ ਕੀਤੀ ਹੈ :-

ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ,
“ਤੂੰ ਹੀ ਰਖਿਆ ਲੰਗ ਦਾਤਾਰ ਮੇਰਾ ।
ਮੇਰੀ ਤੁਛ ਜਿਹੀ ਭੇਟ ਮਨਜੂਰ ਹੋ ਗਈ,
ਪੱਲਾ ਹੋ ਗਿਆ ਪਾਕ ਸਰਕਾਰ ਮੇਰਾ ।
ਦਿਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, 
ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ । 
ਰੋਂਦੇ ਪਏ ਨੇ ਲੋਕ, ਮੈਂ ਆਖਦਾ ਹਾਂ, 
'ਸਫ਼ਲਾ ਹੋ ਗਿਆ ਅਜ ਪਰਵਾਰ ਮੇਰਾ'।
ਖ਼ੂਨ ਜਿਸ ਤਰ੍ਹਾਂ ਡੋਲ੍ਹ ਕੇ ਪੁੱਤਰਾਂ ਦਾ, 
ਚੋਲੀ ਪਿਆ ਆਜ਼ਾਦੀ ਦੀ ਰੰਗਦਾ ਹਾਂ ।
ਤਿਵੇਂ ਮੇਰਾ ਭੀ, ਇਥੇ ਸਰੀਰ ਲਗੇ,
ਤੈਥੋਂ ਦਾਤ 'ਕਰਤਾਰ' ਇਹ ਮੰਗਦਾ ਹਾਂ ।”

ਦੇਸ਼ ਪ੍ਰੇਮ ਦੀ ਸ਼ਮ੍ਹਾਂ ਉਤੇ ਸੜ ਮਰਨ 
ਵਾਲੇ ਪਰਵਾਨਿਆਂ ਬਾਰੇ :- 

ਇਹ ਆਸ਼ਕ ਨੇ ਵਤਨ ਦੇ, ਦੇਸ਼ ਦੇ ਪੱਕੇ ਪੁਜਾਰੀ ਨੇ ।
ਇਹ ਸੌਦੇ ਸਿਰ ਦੇ ਕਰਦੇ, ਮੌਤ ਦੇ ਸੁੱਚੇ ਵਪਾਰੀ ਨੇ ।

ਵਧੇਰੇ ਉਦਾਹਰਣਾਂ ਦੇਣ ਦੀ ਥਾਂ ਚੰਗਾ ਇਹ ਹੈ ਕਿ ਇਸ ਕਾਵਿ-ਸੰਗ੍ਰਹਿ ਰੂਪੀ ਬਗੀਚੀ ਦੇ ਕਾਵਿ-ਫੁੱਲਾਂ ਦੀ ਮਹਿਕ ਮਾਣਨ ਲਈ ਕਾਵਿ-ਭੌਰਿਆਂ ਨੂੰ ਸੱਦਾ ਦਿਤਾ ਜਾਏ ! ਉਹ ਮਨਮਰਜ਼ੀ ਦੀ ਕਿਆਰੀ ਵਿਚ ਮਨ-ਭਾਣੇ ਫੁੱਲ ਦੀ ਮਨ-ਮੁਗਧ ਕਰਨ ਵਾਲੀ ਮਹਿਕ ਮਾਣਨ।

ਆਪ ਨੂੰ ਇਹਨਾਂ ਆਰਤੀ ਦੀਆਂ ਵੱਖੋ ਵੱਖ ਜੋਤਾਂ ਵਿਚੋਂ ਵੱਖ ਵੱਖ ਚਾਨਣ ਮਿਲੇਗਾ ਅਤੇ ਅਖ਼ੀਰ ਵਿਚ ਉਹ ਚਾਨਣ ਘੁਲ ਮਿਲ ਕੇ ਇਕ ਰੂਪ ਇਕ ਜੋਤ ਹੋਇਆ ਜਾਪੇਗਾ, ਇਹੋ ਕਰਤਾਰ ਦੀ ਕਲਾ ਦਾ ਕਮਾਲ ਹੈ ਮਨ-ਉਡਾਰੀ ਅਥਵਾ ਬਲਵਾਨ ਕਲਪਣਾ ਵੀ ਇਹਨਾਂ ਆਰਤੀ-ਰੂਪਾਂ ਵਿਚੋਂ ਆਪ ਨੂੰ ਥਾਂ ਥਾਂ ਮਿਲੇਗੀ । ਕਰਤਾਰ ਕਿਤੇ ਆਪ ਨੂੰ ਜੋਗੇ ਦੇ ਰੂਪ ਵਿਚ ਜਾਪੇਗਾ, ਕਿਤੇ ਨਾਨਕੀ ਦੇ ਨੈਣ ਬਣ ਕੇ ਨਜ਼ਰ ਆਵੇਗਾ, ਕਿਤੇ ਘਨੱਈਆ, ਕਿਤੇ ਮੀਆਂ ਮੀਰ ਅਤੇ ਕਿਤੇ ਚੰਦੂ ਦੀ ਨੂੰਹ ਦਾ ਤਰਲਾ ਕਰਤਾਰ ਦੀ ਆਤਮਾ ਬਣਿਆ ਵੇਖੋਗੇ ।

ਕਾਵਿ ਅਤੇ ਇਤਿਹਾਸ ਦੋ ਵੱਖ ਵੱਖ ਸਾਹਿਤਕ ਰੂਪ ਹਨ, ਇਕ ਦਾ ਕਲਪਣਾ ਸਹਿਤ ਹੋਣਾ ਜ਼ਰੂਰੀ ਹੈ, ਦੂਜੇ ਦਾ ਕਲਪਣਾ ਰਹਿਤ ਹੋਣਾ, ਪਰ ਜਦੋਂ ਕਵਿਤਾ ਅਤੇ ਇਤਿਹਾਸ ਦਾ ਸੰਜੋਗ ਹੁੰਦਾ ਹੈ, ਅਤੇ ਹੁੰਦਾ ਵੀ ਹੈ ਕਿਸੇ ਨਿਪੁੰਨ ਕਵੀ ਕਲਾਕਾਰ ਰਾਹੀਂ ਤਾਂ ਉਸ ਦੀ ਸੁੰਦਰਤਾ ਵਿਚੋਂ ਸੁੰਦਰ ਦੇ ਦਰਸ਼ਨ ਹੋਣ ਲਗਦੇ ਹਨ । ਕਰਤਾਰ ਦੀ ਕਲਾ ਸੁੰਦਰਤਾ ਵਿਚੋਂ ਵੀ ਸੁੰਦਰ ਦੇ ਜਲਵੇ ਥਾਂ ਥਾਂ ਦਿਸਦੇ ਹਨ, “ਨੈਣਾਂ ਵਾਲੇ" ਇਸ ਦੀ ਕਾਵਿ-ਸੁੰਦਰਤਾ ਦਰਸ਼ਨ ਕਰਨਗੇ । “ਦਿਲ ਵਾਲੇ" ਇਸ ਆਰਤੀ ਵਿਚ ਕਰਤਾਰ ਦਾ ਦਿਲ ਅੰਤਰ-ਮੁਖੀ ਕੰਨਾਂ ਨਾਲ ਧੜਕਦਾ ਸੁਣਨਗੇ। ਸ਼ਰਧਾਲੂ ਰੁੱਚੀਆਂ ਇਹਨਾਂ ਨੂੰ ਪੜ੍ਹ ਮਾਣ ਕੇ ਅਤਿਅੰਤ ਤ੍ਰਿਪਤ ਹੋਣਗੀਆਂ । ਇਸ ਵਿਚ ਸੰਦੇਹ ਨਹੀਂ ।

“ਕਰਤਾਰ" ਨੇ ਇਸ ਵਿਚ ਗੁਰੂ ‘ਸ਼ਹੀਦ', ਵਤਨ-ਪ੍ਰੇਮੀਆਂ, ਸਿਦਕੀਆਂ, ਸ਼ਰਧਾਲੂਆਂ ਦੀ ਆਰਤੀ ਰਾਹੀਂ ਆਸ ਬੰਨਾਈ ਹੈ ਕਿ ਉਹ ਭਵਿੱਸ਼ ਵਿਚ ਜਨਤਕ ਆਰਤੀ ਵੀ ਛੇਤੀ ਹੀ ਜਨਤਾ ਦੀ ਹਜ਼ੂਰੀ ਵਿਚ ਕਰੇਗਾ ।

ਕਰਤਾਰ ਦੀ ਕਲਾ ਦੀ ਕਦਰਦਾਨ ਸਾਹਿਤਕ-ਦੁਨੀਆਂ ਦੀ ਅੱਖ ਕਰਤਾਰ ਦੀ ਜਨਤਕ ਆਰਤੀ ਦੇ ਦਰਸ਼ਨ ਦੀ ਤਾਂਘ ਵਿਚ ਤਾਂਘ ਰਹੀ ਹੈ ।

ਵਿਧਾਤਾ ਸਿੰਘ ‘ਤੀਰ'
ਉਤਮ ਨਗਰ, ਅੰਮ੍ਰਿਤਸਰ
੧-੮-੬੩


ਗੁਰਬਾਣੀ

ਹਯਾਤੀ ਦਾ ਏ ਸਾਗਰ, ਦੰਦਿਆਂ ਤਕ ਛਲਕਦਾ ਹੋਇਆ, ਸਦਾ ਜੀਵਨ ਦੀ ਜਿਸ ਨੇ ਮੁਰਦਿਆਂ ਨੂੰ ਆਸ ਦਿੱਤੀ ਏ । ਬਣਾਇਆ ਜ਼ਹਿਰ ਨੂੰ ਅੰਮ੍ਰਿਤ ਅਜਿਹਾ ਛੋਹ ਇਹਦੀ ਨੇ, ਕਿ ਜਿਸ ਨੇ ਜ਼ਿੰਦਗੀ ਨੂੰ ਜ਼ਿੰਦਗੀ ਦੀ ਰਾਸ ਦਿੱਤੀ ਏ । ਹੈ ਉਹ ਮਸਤੀ ਦਾ ਮੈਖ਼ਾਨਾ, ਕਿ ਜਿਥੋਂ ਘੁੱਟ ਕੁ ਪੀ ਕੇ, ਕਈ ਜਨਮਾਂ ਦੇ ਬੇ-ਹੋਸ਼ਾਂ ਨੂੰ ਮੁੜ ਕੇ ਹੋਸ਼ ਆ ਜਾਏ । ਮਿਲੇ ਸ਼ੇਰਾਂ ਨੂੰ ਜਿਥੋਂ ਸ਼ਾਂਤੀ, ਤੇ ਭੜਕਣਾ ਮੁੱਕੇ, ਤੇ ਪੀ ਕੇ ਗਿੱਦੜਾਂ ਦੀ ਅਣਖ ਨੂੰ ਵੀ ਜੋਸ਼ ਆ ਜਾਏ । ਜਿਦ੍ਹੀ - ਛਾਤੀ ਤੇ ਇਸ ਬਾਣੀ ਦਾ ਕੋਈ ਬਾਣ ਵਜ ਜਾਂਦੈ, ਉਹਦੇ ਸੀਨੇ ਤੇ ਸਭ ਹਥਿਆਰ ਚਲਦੇ ਟੁੱਟ ਜਾਂਦੇ ਨੇ । ਉਹਦੀ ਗਰਦਨ ਤੇ ਤੇਗਾਂ ਡਿੱਠੀਆਂ ਕਈ ਖੁੰਢੀਆਂ ਹੋਈਆਂ, ਉਹਦੇ ਸੀਨੇ ਤੇ ਦੰਦੇ ਆਰਿਆਂ ਦੇ ਟੁੱਟ ਜਾਂਦੇ ਨੇ । ਜੋ ਅਪਣਾਂਦਾ ਏ ਇਹਨੂੰ, ਓਸ ਤੋਂ ਇਹ ਸੀਸ ਮੰਗਦੀ ਏ, ਤੇ ਦੇ ਦੇਂਦੈ ਜੋ ਸਿਰ ਇਹਨੂੰ, ਉਹ ਝਟ ਸਰਦਾਰ ਹੋ ਜਾਂਦੈ । ਗੁਰੂ ਨਾਨਕ ਨੇ ਦਿਲ ਪਾਇਆ ਏ ਅਪਣਾ ਏਸ ਬਾਣੀ ਵਿਚ, ਜੋ ਲਭ ਲੈਂਦਾ ਏ ਦਿਲ ਉਹਦਾ, ਉਹ ਖ਼ੁਦ ਦਿਲਦਾਰ ਹੋ ਜਾਂਦੈ । ਹੈ ਗਰਮੀ ਏਸ ਵਿਚ ਏਨੀ, ਰਗਾਂ ਵਿਚ ਜੰਮਿਆ ਹੋਇਆ, ਲਹੂ ਜਣਿਆਂ ਦਾ ਅਪਣੇ ਸੇਕ ਤੇ ਖੰਘਾਰ ਸਕਦੀ ਏ । ਤੇ ਏਨੀ ਸ਼ਾਂਤ ਹੈ, ਕਿ ਮਾਰ ਕੇ ਇਕ ਫੂਕ ਠੰਡੀ ਜਿਹੀ, ਇਹ ਕੌਡੇ ਜਿਹਾਂ ਦੇ ਤਪਦੇ ਕੜਾਹੇ ਠਾਰ ਸਕਦੀ ਏ । ਨਿਰਾਲੀ ਰੀਝ ਹੈ ਇਹਦੀ, ਅਜਬ ਨੈ ਇਹਦੀਆਂ ਖ਼ੁਸ਼ੀਆਂ, ਕਦੀ ਪਰਖੀ ਨਹੀਂ ਜਾਂਦੀ ਕਿਸੇ ਗਿਣਤੀ, ਹਿਸਾਬ ਉੱਤੇ । ਕਦੀ ਇਹ ਕਿਲਕਿਲੀ ਪਾਂਦੀ ਏ ਤਪਦੀ ਤਵੀ ਦੇ ਉੱਤੇ, ਕਦੀ ਇਹ ਨਾਚ ਕਰਦੀ ਏ ਕਿਸੇ ਵਜਦੇ ਰਬਾਬ ਉੱਤੇ । ਹੈ ਨਦੀਆਂ ਦੀ ਰਵਾਨੀ ਏਸ ਦੀ ਅੱਖ ਦੇ ਇਸ਼ਾਰੇ ਤੇ, ਇਹ ਵਗਦੇ ਵਹਿਣ ਦਰਿਆਵਾਂ ਦੇ ਪੱਲ ਵਿਚ ਮੋੜ ਸਕਦੀ ਏ । ਅਟਕ ਦੀ ਮੱਛਰੀ ਹੋਈ ਕਾਂਗ ਨੂੰ ਇਹ ਡੱਕ ਸਕਦੀ ਏ, ਵਲੀ ਕੰਧਾਰ ਦੇ ਬੱਧੇ ਹੋਏ ਪਾਣੀ ਤੋੜ ਸਕਦੀ ਏ । ਕਰੇ ਜੋ ਪਿਆਰ ਇਹਨੂੰ, ਉਹ ਮੁਜੱਸਮ ਪਿਆਰ ਬਣ ਜਾਂਦੈ, ਕਦੀ ਨਿਰਮੋਹ ਬਣ ਕੇ ਪੱਥਰਾਂ ਨੂੰ ਭੋਰ ਦੇਂਦਾ ਏ। ਕਦੀ ਪਾਣੀ ਪਿਲਾਂਦਾ ਫਿਰਦਾ ਏ ਵੈਰੀ ਪਿਆਸੇ ਨੂੰ, ਕਦੀ ਪੁੱਤਰ ਤਿਹਾਇਆ ਜੰਗ ਦੇ ਵਿਚ ਟੋਰ ਦੇਂਦਾ ਏ । ਜਦੋਂ ਮਾਸੂਮ ਫੁੱਲਾਂ ਦੇ ਦਿਲਾਂ ਤੇ ਵਾਸ ਕਰਦੀ ਏ, ਇਰਾਦੇ ਉਹਨਾਂ ਦੇ ਕੁਝ ਇਸ ਤਰ੍ਹਾਂ ਸਖ਼ਤੀਰ ਹੁੰਦੇ ਨੇ । ਕਿ ਪੱਥਰ ਸਮਝ ਕੇ ਉਹਨਾਂ ਨੂੰ ਨੀਂਹਾਂ ਵਿਚ ਚਿਣਦੇ ਨੇ, ਉਹਨਾਂ ਤੇ ਮਹਿਲ ਕੌਮਾਂ ਦੇ ਪਏ ਤਾਮੀਰ ਹੁੰਦੇ ਨੇ। ਅਨੋਖੇ ਨੇ ਬਪਾਰ ਇਹਦੇ, ਹਿਸਾਬ ਇਹਦੇ ਨਿਰਾਲੇ ਨੇ, ਜੋ ਘਾਟਾਂ ਪੈਣ, ਤਾਂ ਉਹਨਾਂ ਨੂੰ ਸੌਦੇ ਖਰੇ ਕਹਿੰਦੀ ਏ, ਜੋ ਧਾਰਨ 'ਤੇਰਾਂ' 'ਤੇਰਾਂ' ਤੋਲਦਾ ਹੱਟੀ ਲੁੱਟਾ ਛੱਡੇ, ਇਹ ਮਾਤਾ ਓਸ ਪੁੱਤਰ ਤੇ ਸਦਾ ਪਰਸੰਨ ਰਹਿੰਦੀ ਏ । ਸੁਭਾਅ ਬਦਲੇ ਨਹੀਂ ਇਸ ਨੇ ਨਿਰੇ ਚੋਰਾਂ ਤੇ ਠੱਗਾਂ ਦੇ, ਕਈ ਮਾਰੂ ਦਰਿੰਦੇ ਵੀ ਬਦਲਦੇ ਸਾਂਗ ਵੇਖੇ ਨੇ । ਕੋਈ ਛੇੜੂ ਇਹਦੀ ਮਸਤੀ ਚਿ ਜਦ ਧੁੱਪੇ ਹੀ ਸੌਂ ਜਾਂਦੈ, ਤਾਂ ਛਾਵਾਂ ਉਸ ਨੂੰ ਕਰਦੇ ਮੈਂ ਜ਼ਹਿਰੀ ਨਾਂਗ ਵੇਖੇ ਨੇ । ਸੁਣੀਂਦੈ, ਵਾਲ ਤੋਂ ਨਿੱਕਾ, ਤੇ ਤਿੱਖਾ ਤੇਗ਼ ਦੀ ਧਾਰੋਂ, ਉਹ ਜਿਹੜਾ ਰਾਹ ਬਿਖੜਾ ਏਸ ਦੀ ਮਨਜ਼ਲ ਨੂੰ ਜਾਂਦਾ ਏ । ਇਹਦੀ ਮਨਜ਼ਲ ਦਾ ਪਾਂਧੀ ਗੱਡੀਆਂ ਤੇ ਸਫ਼ਰ ਨਹੀਂ ਕਰਦਾ, ਸਗੋਂ ਉਹ ਆਪਣੀ ਛਾਤੀ ਉਤੋਂ ਇੰਜਣ ਲੰਘਾਂਦਾ ਏ। ਕਿਸੇ ਬੇਵੱਸ ਦੇ ਦਿਲ ਤੇ ਵੀ ਜੇਕਰ ਵਾਸ ਕਰ ਲੈ ਇਹ, ਉਹ ਜੰਜ਼ੀਰੋਂ ਬਿਨਾਂ ਸ਼ੇਰਾਂ ਦੇ ਇੱਜੜ ਘੇਰ ਸਕਦਾ ਏ । ਰਹੇ ਉਹ ਆਪ ਤਲਵੰਡੀ ਦੇ ਭਾਵੇਂ ਬੋਲਿਆਂ ਅੰਦਰ, ਇਸ਼ਾਰੇ ਨਾਲ ਬੂਹੇ ਰੱਬ ਦੇ ਪਰ ਫੇਰ ਸਕਦਾ ਏ । ਬੜੇ ਸੰਸਾਰ ਦੇ ਵਿਚ ਅਮਨ ਦੇ ਨਾਅਰੇ ਪੈ ਵਜਦੇ ਨੇ, ਅਮਨ ਦੀ ਸ਼ਮ੍ਹਾਂ ਦਾ ਪਰ ਕੋਈ ਪਰਵਾਨਾ ਨਹੀਂ ਰਹਿੰਦਾ । ਕਦੀ ਨਾਨਕ ਦੀ ਬਾਣੀ ਦਾ ਜਗਤ ਤੇ ਰੰਗ ਚੜ੍ਹ ਜਾਏ, ਤਾਂ ਕੋਈ ਕਿਸੇ ਦਾ ਵੈਰੀ ਤੇ ਬੇਗਾਨਾ ਨਹੀਂ ਰਹਿੰਦਾ । ਜੋ ਗੌਂ ਕੇ ਗੀਤ ਨਾਨਕ ਦੇ ਸਰਾਪਾ ਗੀਤ ਬਣ ਜਾਈਏ, ਵਜਾਈਏ ਸਾਜ਼ ਜੇਕਰ ਦਿਲ ਦੀਆਂ ਗੁੱਝੀਆਂ ਪ੍ਰੀਤਾਂ ਦੇ । ਤਾਂ ਇਕੋ ਸੁਰ ਚ ਬੋਲਣ ਬਾਂਗ ਤੇ ਘੜਿਆਲ ਪੈ ਆਪੇ, ਖ਼ਤਮ ਹੋ ਜਾਣ ਝਗੜੇ ਜਗਤ ਵਿਚ ਮੰਦਰ ਮਸੀਤਾਂ ਦੇ। ਕਦੀ ਇਖ਼ਲਾਕ ਬਾਣੀ ਦਾ ਕਿਤੇ ਪਰਚਾਰਿਆ ਜਾਏ, ਤਾਂ ਖ਼ੁਦਗ਼ਰਜ਼ੀ ਛੁਪਾ ਕੇ ਮੂੰਹ ਇਸ ਦੁਨੀਆ ਤੋਂ ਭੱਜ ਜਾਏ । ਕਦੀ ਨਾਨਕ ਦੀ ਬਾਣੀ ਪੜ੍ਹਨ ਮਾਨੁਖਤਾ ਦੇ ਇਹ ਹਾਮੀ, ਤਾਂ ਫਿਰ ਸੰਸਾਰ ਵਿਚ ਇਨਸਾਨੀਅਤ ਦਾ ਢੋਲ ਵੱਜ ਜਾਏ । ਨਹੀਂ ਸੁਣਿਆ ਏਂ ਜਿਸ ਨੇ, ਖੋਲ੍ਹ ਕੇ ਕੰਨਾਂ ਨੂੰ ਉਹ ਸੁਣ ਲਏ, ਪਈ ਆਉਂਦੀ ਏ ਸਿੱਧੀ ਰੱਬ ਦੀ ਆਵਾਜ਼ ਇਹਦੇ ਚੋਂ । ਜੋ ਪਾ ਕੇ ਸਿਦਕ ਦਾ ਸੁਰਮਾ ਸਦਾ ਪੜ੍ਹਦਾ ਏ ਗੁਰਬਾਣੀ, ਉਹ ਪਾ ਲੈਂਦਾ ਏ ਸਭ ਕੁਦਰਤ ਦੇ ਗੁੱਝੇ ਰਾਜ ਇਹਦੇ ਚੋਂ।

ਰਬਾਬ

ਦੋ ਗਿੱਠਾਂ ਖੋਖਾ ਲਕੜੀ ਦਾ, ਕੋਈ ਉਸ ਤੇ ਤਾਰਾਂ ਲਾ ਬੈਠਾ । ਮੇਰਾ ਭੋਲਾ ਭਾਲਾ ਨਾਨਕ ਜੀ, ਉਸੇ ਨੂੰ ਸਾਜ਼ ਬਣਾ ਬੈਠਾ । ਕੋਈ ਫੁੱਮਣ ਉਹਨੂੰ ਲੱਗੇ ਨਾ, ਕੋਈ ਰਾਗੀ ਉਨੂੰ ਚਾਹੁੰਦਾ ਨਾ । ਪਰ ਨਾਨਕ ਵਲੇ ਵੇਖੋ ਨਾ, ਗੱਲ ਨਾਲੋਂ ਉਹਨੂੰ ਲਾਹੁੰਦਾ ਨਾ । ਮਰਦਾਨਾ ਕਹਿੰਦੈ, "ਦਾਤਾ ਜੀ ! ਕੋਈ ਚੰਗਾ . ਸਾਜ਼ ਲਿਆ ਦੇਂਦੋਂ। ਤੇ ਏਸ ਕਲੌਂਤ ਮਿਰਾਸੀ ਦੀ, ਦੁਨੀਆ ਤੇ ਸ਼ਾਨ ਬਣਾ ਦੇਂਦੋਂ। ਹੱਸ ਕੇ ਫ਼ਰਮਾਇਆ ਦਾਤੇ ਨੇ, "ਤੂੰ ਨਹੀਂ ਇਹ ਰਮਜ਼ ਪਛਾਣੀ ਏਂ । ਦੁਨੀਆ ਦੇ ਵਿਚ ਰਬਾਬੀ ਦੀ, ਇਸ ਪੀੜ੍ਹੀ ਨਵੀਂ ਚਲਾਣੀ ਏਂ । ਹੱਥ ਫੜ ਕੇ ਜੋ ਰਬਾਬ ਮੇਰਾ, ਇਲਹਾਮੀ ਬਾਣੀ, ਗਾਏਗਾ । ਮੇਰੇ ਸਿੱਖਾਂ ਦੇ ਬੂਹੇ ਤੋਂ, ਉਹ ਖ਼ਾਲੀ ਕਦੇ ਨਾ ਜਾਏਗਾ ? ਤੂੰ ਕੋਈ ਕਲੌਂਤ ਗਵੱਈਆ ਨਹੀਂ, ਅਜ ਤੋਂ ਤੂੰ ਇਕ ਰਬਾਬੀ ਏਂ। ਇਹ ਪੀੜ੍ਹੀ ਚਲੀ ਜਿਸ ਉੱਤੋਂ, ਤੂੰ ਪਹਿਲਾ ਉਹ ਪੰਜਾਬੀ ਏਂ।” ਸੁਣ ਕੇ ਇਸ ਨਵੇਂ ਰਬਾਬੀ ਨੇ, ਖ਼ੁਸ਼ ਹੋ ਕੇ ਧੌਣ ਨਿਵਾ ਦਿਤੀ। ਤੇ ਉਹਦੀਆਂ ਸੁੰਦਰ ਤਾਰਾਂ ਤੇ, ਫੜ ਕੇ ਮਿਜ਼ਰਾਬ ਚਲਾ ਦਿਤੀ। ਤਾਰਾਂ ਨੇ ਟੁਨ ਟੂਨ ਕੀਤੀ ਜਾਂ, ਵੇਈਂ ਵੀ ਪੁੱਠੀ ਵੱਗ ਪਈ। ਲਗ ਗਈ ਸਮਾਧੀ ਸੂਰਜ ਦੀ, ਕੁਦਰਤ ਵੀ ਨੱਚਣ ਲੱਗ ਪਈ । ਦਰਿਆ ਮਸਤੀ ਦਾ ਵੱਗ ਟੁਰਿਆ, ਉਸ ਵਿਚ ਮਰਦਾਨਾ ਤਰਦਾ ਸੀ । ਤੇ ਜ਼ੱਰਾ, ਜ਼ੱਰਾ ਸ੍ਰਿਸ਼ਟੀ ਦਾ, ਪਿਆ ਨਾਨਕ ਨਾਨਕ ਕਰਦਾ ਸੀ। ਮੁੜ ਦੇਸ ਰਬਾਬ ਅਦੁਤੀ ਨੇ, ਉਹ ਰਾਗ ਅਗੰਮੀ ਛੇੜ ਦਿਤੇ । ਬੰਦੇ ਤੇ ਰਬ ਚੋਂ ਦੂਈ ਦੇ, ਉਸ ਝਗੜੇ ਕੁਲ ਨਬੇੜ ਦਿਤੇ । ਏਸੇ ਦੀਆਂ ਕੋਮਲ ਤਾਰਾਂ ਨੇ, ਕਾਦਰ ਨੂੰ ਬੰਧਨ ਪਾ ਲਏ ਸੀ । ਬਣਤ ਏਜ਼ੇ ਦੇ ਨਿਰਮਲ ਗੀਤਾਂ ਨੇ, ਪੱਥਰਾਂ ਦੇ ਮਨ ਭਰਮਾ ਲਏ ਸੀ। ਏਸ ਕੁਲ ਕੁੜਿੱਤਨ ਕਢ ਕੇ ਤੇ, ਦੁਨੀਆ ਵਿਚ ਅੰਮ੍ਰਿਤ ਭਰ ਦਿਤਾ । ਅੱਕਾਂ ਨੂੰ ਅੰਬ ਲਵਾ ਦਿਤੇ, ਰੇਠੇ ਨੂੰ ਮਿੱਠਿਆਂ ਕਰ ਦਿਤਾ । ਇਸ ਜਗਤ ਜਲੰਦਾ ਰਖ ਲਿਆ, ਕੱਟ ਦਿੱਤਾ ਦੁਰਮਤ ਫਾਹੀਆਂ ਨੂੰ । ਬਾਣੀ ਨਾਲ ਸੀਤਲ ਕਰ ਦਿੱਤਾ, ਕੌਡੇ ਦੀਆਂ ਤਪਤ ਕੜਾਹੀਆਂ ਨੂੰ । ਇਸ ਪਰਉਪਕਾਰੀ ਜੀਉੜੇ ਨੇ, ਦੁਨੀਆ ਦੇ ਰੋਗ ਗਵਾ ਦਿਤੇ। ਇਸ ਸੱਜਨ ਵਰਗੇ ਠੱਗਾਂ ਨੂੰ, ਨਾਨਕ ਜਿਹੇ ਸਾਧ ਮਿਲਾ ਦਿਤੇ। ਇਸ ਬਾਬਰ ਸ਼ਾਹ ਦੀ ਜੇਲ੍ਹ ਅੰਦਰ, ਕੋਈ ਐਸਾ ਜਾਦੂ ਭਰ ਦਿਤਾ । ਉਹ ਗਾਇਆ ਰਾਗ ਆਜ਼ਾਦੀ ਦਾ, ਚੱਕੀਆਂ ਨੂੰ ਬਾਗੀ ਕਰ ਦਿਤਾ । ਇਸ ਨੇ ਦੌਲਤ ਦੇ ਬੰਦਿਆਂ ਦੇ, ਦੌਲਤ ਤੋਂ ਦਿਲ ਪਰਤਾ ਦਿੱਤੇ । ਏਹਦੇ ਲੋਹੇ ਦੀਆਂ ਤਾਰਾਂ ਨੇ, ਸੋਨੇ ਦੇ ਗੰਜ ਲੁਟਵਾ ਦਿਤੇ । ਇਹ ਤਾਰਾਂ ਵਾਲੀ ਲਕੜੀ ਨਹੀਂ, ਜੇਹੜੀ ਤਰਖਾਣ ਬਣਾਈ ਸੀ । ਇਹ ਉੱਡਨ ਖਟੋਲਾ ਹੈ ਜਿਸ ਤੇ ਗੁਰਬਾਣੀ ਚੜ੍ਹ ਕੇ ਆਈ ਸੀ। ਇਹ ਨਹੀਂ ਸੀ ਸਾਜ਼ ਗਵੱਈਆ ਦਾ, ਮਰਦਾਨਾ ਜਿਨੂੰ ਵਜਾਂਦਾ ਸੀ । ਸੁਨਿਹੇ ਦੂੰਹ ਭੈਣ ਭਰਾਵਾਂ ਦੇ, ਇਹ ਟੈਲੀਫੂਨ ਪੁਚਾਂਦਾ ਸੀ । ਇਹ ਉੱਚੀ ਇਲਮਾਂ ਅਕਲਾਂ ਤੋਂ, ਸੀ ਪੋਥੀ ਗੂੜ ਗਿਆਨਾਂ ਦੀ । ਜਿਸ ਅਗੇ ਇਕ ਨਾ ਚਲੀ ਸੀ, ਗੋਰਖ ਵਰਗੇ ਵਿਦਵਾਨਾਂ ਦੀ । ਇਹ ਬੋਤਲ ਸੀ ਉਸ ਦਾਰੂ ਦੀ, ਜੋ ਕੰਨਾਂ ਰਾਹੀਂ ਪੀਂਦੇ ਸੀ। ਇਸ ਅਣਹੋਣੀ ਜਿਹੀ ਵਸਤੂ ਨੂੰ, ਮੁਰਦੇ ਵੀ ਪੀ ਕੇ ਜੀਂਦੇ ਸੀ। ਦੋ ਗਿੱਠਾਂ ਨਹੀਂ ਸੀ ਤੂਲ ਏਹਦਾ, ਇਹ ਬੜਾ ਦੁਰਾਡਾ ਰਹਿੰਦਾ ਸੀ। ਜੋ ਜੋ ਕੁਝ ਰੱਬ ਫ਼ਰਮਾਂਦਾ ਸੀ, ਇਹ ਏਥੇ ਬੈਠਾ ਕਹਿੰਦਾ ਸੀ। ਜੋ ਜੋ ਕੁਝ ਰੱਬ ਫ਼ਰਮਾਂਦਾ ਸੀ, ਐਵੇਂ ਨਹੀਂ ਏਥੇ ਦੱਸਦਾ ਸੀ। ‘ਕਰਤਾਰ' ਅਸਲ ਵਿਚ ਗੱਲ ਇਹ ਹੈ, ਇਹਦੇ ਵਿਚ ਨਾਨਕ ਵੱਸਦਾ ਸੀ।

ਭੈਣ ਦਾ ਪਿਆਰ

ਇਕ ਦਿਨ ਨਾਨਕੀ ਨਾਨਕ ਦਾ ਨਾਂ ਲੈ ਕੇ, ਆਟਾ ਕੱਢ ਪਰਾਤ ਵਿਚ ਪਾਣ ਲੱਗੀ । ਫੁਰਨਾ ਫੁਰਿਓ ਸੁ ਚਿੱਤ ਦੇ ਵਿਚ ਆ ਕੇ, ਏਵੇਂ ਸੁਤੇ ਹੀ ਸੋਚ ਦੁੜਾਨ ਲੱਗੀ । ਮੇਰੇ ਵੀਰ ਨੂੰ ਵਿਛੜੇ ਵਰ੍ਹੇ ਹੋ ਗਏ, ਡਾਢੀ ਔੜ ਵਿਛੋੜੇ ਦੀ ਆਨ ਲੱਗੀ । ਤੱਕ ਤੱਕ ਕੇ ਅੱਖਾਂ ਵੀ ਪੱਕ ਗਈਆਂ, ਹੁਣ ਤੇ ਜਾਨ ਵਜੂਦ ਚੋਂ ਜਾਣ ਲੱਗੀ । ਜਾਣੀ ਜਾਣ ਉਹਨੂੰ ਤੇ ਮੈਂ ਤਾਂ ਜਾਣਾਂ, ਜੇਕਰ ਅੱਜ ਉਹ ਦਰਸ ਦਿਖਾਏ ਆ ਕੇ । ਮੈਂ ਤੇ, ਤਾਂ ਸਮਝਾਂ ਮੇਰਾ ਵੀਰ ਜੇ ਉਹ, ਰੋਟੀ ਮੇਰਿਆਂ ਹੱਥਾਂ ਦੀ ਖਾਏ ਆ ਕੇ। ਜਿਉਂ ਜਿਉਂ ਬੀਤਦਾ ਜਾਏ ਉਹ ਸਮਾਂ ਕਾਹਲਾ, ਆ ਆ ਕਿਸੇ ਦੀ ਯਾਦ ਸਤਾਏ ਤਿਉਂ ਤਿਉਂ । ਜਿਉਂ ਜਿਉਂ ਪਵੇ ਪਰਾਤ ਦੇ ਵਿਚ ਪਾਣੀ, ਘੁੰਮਨ ਘੇਰ ਅੰਦਰ ਗੋਤੇ ਖਾਏ ਤਿਉਂ ਤਿਉਂ । ਜਿਉਂ ਜਿਉਂ ਆਟੇ ਨੂੰ ਮੁੱਕੀਆਂ ਦੇ, ਓਧਰ- ਕੋਈ ਚੋਟ ਕਲੇਜੇ ਨੂੰ ਲਾਏ ਤਿਉਂ ਤਿਉਂ । ਜਿਉਂ ਜਿਉਂ ਆਟੇ ਦੀ ਬੱਝਦੀ ਲੇਸ ਜਾਵੇ, ਕੋਈ ਪ੍ਰੇਮ ਦੀ ਤਾਰ ਹਲਾਏ ਤਿਉਂ ਤਿਉਂ । ਆਟਾ ਗੁੰਨ੍ਹ ਕੇ ਤੌਣ ਤਿਆਰ ਕਰਕੇ, ਤਵਾ ਚੁੱਲ੍ਹ ਤੇ ਭਗਤਨੀ ਧਰਨ ਲੱਗੀ । ਕਰਕੇ ਨਿਸਚੇ ਨੂੰ ਪੱਕਿਆਂ, ਲਾ ਬਿਰਤੀ, ਦੱਮ ਦੱਮ ਅੰਦਰ ਯਾਦ ਕਰਨ ਲੱਗੀ । ਦਿਲ ਦੇ ਸਾਫ਼ ਸ਼ਫਾਫ਼ ਆਕਾਸ਼ ਉਤੇ, ਘਟਾ ਗ਼ਮਾਂ ਵਾਲੀ ਗੂੜ੍ਹੀ ਛਾਈ ਜਾਵੇ । ਏਧਰ ਚੁੱਲ੍ਹ ਅੰਦਰ ਭਾਂਬੜ ਬਲਣ, ਓਧਰ- ਤਨ ਨੂੰ ਬਿਰਹੋਂ ਦੀ ਅੱਗ ਜਲਾਈ ਜਾਵੇ । ਏਧਰ ਫੁੱਲ ਪਰੌਂਠੇ ਨੂੰ ਪੈਣ ਲੱਗ ਪਏ, ਓਧਰ ਚਿਹਰੇ ਦਾ ਫੁੱਲ ਕੁਰਮਾਈ ਜਾਵੇ। ਨਾਲੇ ਆਪੇ ਦਲੀਲਾਂ 'ਚ ਜਾਏ ਰੁੜ੍ਹਦੀ, ਮਨ ਨੂੰ ਆਪੇ ਹੀ ਨਾਲੇ ਸਮਝਾਈ ਜਾਵੇ :- “ਵੇ ਮਨਾ ਭੋਲਿਆ ! ਕੱਚਿਆ ! ਦੱਸ ਤੇ ਸਹੀ, ਅੱਜ ਤੂੰ ਕਿਉਂ ਏਡਾ ਮੂੰਹ ਜ਼ੋਰ ਹੋਇਆ । ਕਿਉਂ ਨਾ ਆਵੇਗਾ ਸਿਦਕ ਤੇ ਰੱਖ ਪੱਕਾ, ਮੇਰਾ ਵੀਰ ਨਾ ਹੋਇਆ ਕੋਈ ਹੋਰ ਹੋਇਆ ।" ਕਿਸੇ ਦੂਰ ਦੁਰਾਡੜੇ ਦੇਸ ਅੰਦਰ, ਬੈਠਾ ਹੋਇਆ ਸੀ ਸਾਧ ਫ਼ਕੀਰ ਕੋਈ । ਡੁਲ੍ਹ ਡੁੱਲ੍ਹ ਪੈਂਦਾ ਸੀ ਨੂਰ ਪਿਆ ਮੁਖੜੇ ਤੋਂ, ਜਿਵੇਂ ਰੱਬ ਦੀ ਅਸਲ ਤਸਵੀਰ ਕੋਈ । ਅੱਖਾਂ ਮਸਤ ਤੇ ਮੱਥੇ ਜਲਾਲ ਚਮਕੇ, ਹੱਥ ਵਿਚ ਸਿਮਰਨਾ ਸੀ, ਜਿਵੇਂ ਪੀਰ ਕੋਈ । ਪੰਧ ਦੇਸਾਂ ਵਲਾਇਤਾਂ ਦਾ ਚੀਰ ਆਇਆ, ਕਿਸੇ ਭੈਣ ਦਾ ਵਿਛੜਿਆ ਵੀਰ ਕੋਈ। ਉੱਭੜਵਾਹੇ ਉਹ ਉਠ ਕੇ ਕਹਿਣ ਲੱਗਾ, "ਮੈਨੂੰ ਕਿਸੇ ਨੇ ਖੌਰੇ ਜਗਾਇਆ ਏ । ਉਠ ਸਾਂਭ ਰਬਾਬ ਮਰਦਾਨਿਆ ਓਏ, ਸਾਨੂੰ ਨਾਨਕੀ ਭੈਣ ਬੁਲਾਇਆ ਏ ।” ਮਾਰ ਮਾਰ ਕੇ ਝਾਤੀਆਂ ਬਾਹਰ ਵੰਨੇਂ, ਓਧਰ ਨਜ਼ਰ ਵਿਚਾਰੀ ਦੀ ਥੱਕ ਗਈ। “ਨਾਨਕ ਗੁਰੂ”, “ਨਾਨਕ ਗੁਰੂ" ਆਂਹਦਿਆਂ ਦੀ, ਨਾਲੇ ਮੂੰਹੋਂ ਜ਼ਬਾਨ ਵੀ ਅੱਕ ਗਈ । ਡਾਂਵਾਂ ਡੋਲ ਓਧਰ ਚਿਤ ਹੋਣ ਲੱਗਾ, ਸਿਦਕਵਾਨ ਮੁਰੀਦਨੀ ਝਕ ਗਈ । ਨਜ਼ਰ ਠਹਿਰ ਗਈ ਏਧਰ ਦਲਹੀਜ਼ ਉੱਤੇ, ਓਧਰ ਤੱਵੇ ਉਤਲੀ ਰੋਟੀ ਪੱਕ ਗਈ । ਅਚਨਚੇਤ ਹੀ ਲੰਘ ਦਲਹੀਜ਼ ਉਤੋਂ, ਕਿਸੇ "ਸਤਿ ਕਰਤਾਰ" ਬੁਲਾ ਦਿੱਤਾ। ਕਈਆਂ ਚਿਰਾਂ ਦੇ ਸੜਦਿਆਂ ਹਿਰਦਿਆਂ ਤੇ, ਬੱਦਲ ਰਹਿਮਤਾਂ ਦਾ ਆ ਕੇ ਪਾ ਦਿੱਤਾ । ਰੱਬੀ ਨੂਰ ਨੂੰ ਵੇਖ ਕੇ ਵਿਚ ਵਿਹੜੇ, ਸ਼ੁਕਰ ਵਾਹਿਗੁਰੂ ਦਾ ਬਾਰ ਬਾਰ ਕੀਤਾ । ਪਹਿਲਾਂ ਵਾਂਗ ਮੁਰੀਦਾਂ ਦੇ ਚਰਨ ਚੁੰਮੇ, ਫੇਰ ਭੈਣਾਂ ਦੇ ਵਾਂਗ ਪਿਆਰ ਕੀਤਾ । ਗਿਲ੍ਹੇ ਸਾਹਮਣੇ ਬਹਾ ਕੇ ਕਰਨ ਲੱਗੀ, ਰੱਜ ਰੱਜ ਕੇ ਖ਼ੂਬ ਦੀਦਾਰ ਕੀਤਾ। ਦਰਸ ਵੀਰ ਦਾ ਪਾ ਕੇ ਤ੍ਰਿਪਤ ਹੋਈ, ਸੜਦੀ ਹਿੱਕ ਨੂੰ ਠੰਡਿਆਂ ਠਾਰ ਕੀਤਾ । ਰਹਿਮਾਂ ਵਾਲੇ ਨੇ ਆਖਿਆ ਹੱਸ ਕੇ ਤੇ, “ਭੈਣਾਂ ! ਫੇਰ ਦੱਸੀਂ ਦਰਦ ਦੁੱਖ ਮੈਨੂੰ । ਰੋਟੀ ਜਿਹੜੀ ਪਕਾਈ ਆ ਦੇ ਪਹਿਲਾਂ, ਡਾਢਾ ਤੰਗ ਕੀਤਾ ਅੱਜ ਭੁੱਖ ਮੈਨੂੰ ।” ਦਿੱਤਾ ਥਾਲ ਪਰੋਸ ਕੇ ਰੱਖ ਅਗੇ, ਨਾਲ ਪ੍ਰੇਮ ਦੇ ਭੈਣ ਛਕਾਣ ਲੱਗ ਪਈ । ਆਸਾਂ ਪੂਰੀਆਂ ਹੁੰਦੀਆਂ ਵੇਖ ਕੇ ਤੇ, ਦਿਲ ਵਿਚ ਰੱਬ ਦਾ ਸ਼ੁਕਰ ਬਜਾਣ ਲੱਗ ਪਈ । ਭੋਜਨ ਉਹ ਖਾਵੇ, ਤ੍ਰਿਪਤ ਇਹ ਹੋਵੇ, ਨਾਲ ਜੋਤ ਦੇ ਜੋਤ ਰਲਾਣ ਲੱਗ ਪਈ । ਹੰਝੂ ਕੇਰਕੇ ਅੱਖਾਂ ਚੋਂ ਸਿਦਕ ਵਾਲੇ, ਗਲ ਵਿਚ ਹਾਰ ਪਰੋ ਕੇ ਪਾਣ ਲੱਗ ਪਈ । ਪਾਇਆ ਮੁੱਲ ਪ੍ਰੇਮ ਦਾ ਇਹ ਅਗੋਂ, ਬੇੜੇ ਸਿਦਕੀਆਂ ਦੇ ਕਰ ਪਾਰ ਦਿਤੇ । ਦੂੰਹ ਰੋਟੀਆਂ ਬਦਲੇ ਹੁਣ ਤਾਈਂ, ਸਾਰੇ ਜੱਗ ਦੇ ਬਖ਼ਸ਼ ਭੰਡਾਰ ਦਿਤੇ ।

ਤ੍ਰਿਪਤਾ ਮਾਂ ਨੂੰ

ਤ੍ਰਿਪਤਾ ਮਾਂ ਤੂੰ ਜੱਗ ਨੂੰ ਤ੍ਰਿਪਤ ਕੀਤਾ, ਅਮਨ ਸ਼ਾਂਤੀ ਦਾ ਦੂਜਾ ਨਾਂ ਏਂ ਤੂੰ । ਜਿਦ੍ਹੇ ਸਾਏ ਵਿਚ ਸੱਪਾਂ ਨੇ ਵਿਹੁ ਛੱਡੀ, ਓਸ ਚੰਦਨ ਦੇ ਬ੍ਰਿਖ ਦੀ ਛਾਂ ਏਂ ਤੂੰ । ਜਿਦ੍ਹੇ ਥਨਾਂ ਚੋਂ ਅੰਮ੍ਰਿਤ ਦੇ ਹੜ੍ਹ ਵੱਗੇ, ਕਾਮਧੇਨ ਉਹ ਸੁਰਗ ਦੀ ਗਾਂ ਏਂ ਤੂੰ । ਜਿਦ੍ਹੀ ਕੁੱਖ ਨੇ ਜਗਤ ਦਾ ਪਿਤਾ ਜਣਿਆ, ਨਾਨਕ ਦੇਵ ਦੀ ਸਤਿਜੁਗੀ ਮਾਂ ਏਂ ਤੂੰ । ਇਹ ਸੰਸਾਰ ਵਾਰੇ ਤੇਥੋਂ ਬਾਦਸ਼ਾਹੀਆਂ, ਤਾਂ ਵੀ ਕਰਜ਼ ਨਹੀਂ ਤੇਰਾ ਉਤਾਰ ਸਕਦਾ। ਹੋਵੇ ਓਕੜਾ ਤੇਰੇ ਸਤਿਕਾਰ ਅਗੇ, ਤਾਂ ਵੀ ਦੱਮ ਨਹੀਂ ਕਦੇ ਵੀ ਮਾਰ ਸਕਦਾ। ਤੇਰੇ ਸੋਮਿਓਂ ਅੰਮ੍ਰਿਤ ਦਾ ਕੁੰਡ ਚਲਿਆ, ਮੋਏ ਜਗਤ ਨੂੰ ਜਿਨ੍ਹੇ ਸੁਰਜੀਤ ਕੀਤਾ । ਤੇਰੇ ਕਾਲਜੇ ਚੋਂ ਨਿਕਲੀ ਸ਼ਾਂਤੀ ਉਹ, ਤਪਦਾ ਦੇਸ਼ ਜਿਸ ਨੇ ਠੰਡਾ ਸੀਤ ਕੀਤਾ । ਤੇਰੀ ਗੋਦ ਵਿਚ ਖੇਡਿਆ ਉਹ ਯੋਧਾ, ਲਸ਼ਕਰ ਪਾਪਾਂ ਦਾ ਜਿਨ੍ਹੇਂ ਭੈ ਭੀਤ ਕੀਤਾ। ਤੇਰੇ ਪਿਆਰ ਦੀ ਕਣੀ ਦਾ ਮੁਅਜਿਜ਼ਾ ਸੀ, ਸਾਂਝਾ ਓਸ ਨੇ ਮੰਦਰ ਮਸੀਤ ਕੀਤਾ। ਪਰ ਇਹ ਗਿਲ੍ਹਾ ਹੈ ਤੇਰੇ ਤੇ ਅੰਤ ਤੀਕਰ, ਅਪਣੇ ਪੁੱਤ ਨੂੰ ਤੂੰ ਨਾ ਪਛਾਣ ਸਕੀਓਂ। ਜੋ ਕੁਝ ਨਾਨਕੀ ਜਾਣਿਆ ਭੈਣ ਹੋ ਕੇ, ਉਹ ਕੁਝ ਮਾਂ ਹੋ ਕੇ ਵੀ ਨਾ ਜਾਣ ਸਕੀਓਂ। ਕਦਰ ਲਾਲ ਦੀ ਜੇਕਰਾਂ ਪਾਂਦੀਓਂ ਤੂੰ, ਓਹਦੇ ਗਲ ਝੂਠੇ ਮੋਤੀ ਪਾਂਦੀਓਂ ਨਾ । ਜੇ ਸੈਂ ਨਜ਼ਰ ਵਾਲੀ ਡਰ ਕੇ ਨਜ਼ਰ ਕੋਲੋਂ, ਟਿੱਕੇ ਸ਼ਾਹੀ ਦੇ ਚੰਨ ਨੂੰ ਲਾਂਦੀਓਂ ਨਾ । ਸੁੱਤਾ ਵੇਖ ਕੇ ਸੱਪ ਦੇ ਸਾਏ ਥੱਲੇ, ਗੁੱਗੇ ਪੀਰ ਨੂੰ ਸੇਵੀਂਆਂ ਪਾਂਦੀਓਂ ਨਾ । ਜੇ ਤੂੰ ਜਾਣਦੀ ਵੈਦਾਂ ਦਾ ਵੈਦ ਹੈ ਉਹ, ਰੋਗੀ ਸਮਝ ਕੇ ਵੈਦ ਬੁਲਾਂਦੀਓਂ ਨਾ। ਕੱਚੇ ਜੰਝੂ ਦੀ ਤੰਦ ਦੇ ਸੰਗਲਾਂ ਵਿਚ, ਉਸ ਸ਼ੇਰ ਨੂੰ ਜਕੜਨਾ ਚਾਹੁੰਦੀ ਸੈਂ । ਫਾਹੀ ਲਾ ਵਪਾਰਾਂ ਤੇ ਧੰਦਿਆਂ ਦੀ, ਵਗਦੀ ਪੌਣ ਨੂੰ ਪਕੜਨਾ ਚਾਹੁੰਦੀ ਸੈਂ । ਵੀਹਾਂ ਛਿੱਲੜਾਂ ਤੋਂ ਉਹਨੂੰ ਪਏ ਥੱਪੜ, ਸੁਣ ਕੇ ਕੰਬਿਆ ਸਾਰੇ ਸੰਸਾਰ ਦਾ ਦਿਲ ! ਕੰਬ ਗਿਆ ਪਰਬਤ ਜੇਰਾ ਨਾਨਕੀ ਦਾ, ਤੜਫ ਉਠਿਆ ਰਾਏ ਬੁਲਾਰ ਦਾ ਦਿਲ ! ਛਾਤੀ ਨਾਲ ਲਾ ਲਏ ਬੱਚੇ ਘੁਗੀਆਂ ਨੇ, ਡਰਿਆ, ਚੁੱਗਦਿਆਂ ਹਰਨਾਂ ਦੀ ਡਾਰ ਦਾ ਦਿਲ ! ਐਪਰ ਧਨ ਮਾਤਾ ਤੇਰਾ ਹੌਂਸਲਾ ਏ, ਉੱਕਾ ਡੋਲਿਆ ਨਾ ਤੇਰੇ ਪਿਆਰ ਦਾ ਦਿਲ ! ਚੁੰਮ ਚੁੰਮ ਕੇ ਲਾਲ ਦੀ ਗੱਲ੍ਹ ਉੱਤੋਂ, ਪਏ ਨੀਲ ਨੂੰ ਤੂੰ ਨਾ ਠਾਰਿਆ ਏ । ਇਕ ਵਾਰ ਨਾ ਕਿਹਾ ਤੂੰ "ਪਤੀ ਜੀਓ ! ਕਦੇ ਰੱਬ ਨੂੰ ਵੀ ਕਿਸੇ ਮਾਰਿਆ ਏ ।" ਹੰਸ ਤਕਦਾ ਨਾ ਏਸ ਛੱਪੜੀ ਨੂੰ, ਜੇ ਕੋਈ ਇੱਲਣੀ ਕਾਗ ਉਡਾਉਂਦੀ ਨਾ। ਕੋਈ ਵੀਰ ਪਰਦੇਸੀਂ ਗੁਆਚ ਜਾਂਦਾ, ਜੇਕਰ ਭੈਣ ਕੋਈ ਜੋਤਾਂ ਜਗਾਉਂਦੀ ਨਾ। ਨਾਨਕ ਸ਼ਾਹ ਤਲਵੰਡੀ ਦਾ ਭੁੱਲ ਜਾਂਦਾ, ਜੇਕਰ ਨਾਨਕੀ ਔਂਸੀਆਂ ਪਾਉਂਦੀ ਨਾ। ਕਦੋਂ ਤੇਰੀਆਂ ਰੋਟੀਆਂ ਖਾਂਵਦਾ ਸੀ, ਜੇ ਉਹ ਕਾਂਵਾਂ ਨੂੰ ਚੂਰੀਆਂ ਪਾਉਂਦੀ ਨਾ । ਇੱਕੋ ਕਲੀ ਖ਼ਾਤਰ ਬੱਦਲ ਰਹਿਮਤਾਂ ਦਾ, ਪਿਆ ਸਾਰੇ ਬਗ਼ੀਚੇ ਨੂੰ ਤਾਰਦਾ ਸੀ। ਕੱਲੀ ਨਾਨਕੀ ਦੇ ਸੋਹਲ ਦਮ ਖ਼ਾਤਰ, ਭਉਂ ਭਉਂ ਫੇਰੇ ਤਲਵੰਡੀ ਨੂੰ ਮਾਰਦਾ ਸੀ। ਸ਼ਰਧਾ ਨਾਲ ਜੇ ਰਾਏ ਨੇ ਹੱਥ ਜੋੜੇ, ਦਿਲ ਵਿਚ ਕੀਤਾ ਤੂੰ ਮੰਦਾ ਖ਼ਿਆਲ ਉਹਨੂੰ। ਜੇਕਰ ਭੈਣ ਨੇ ਵੀਰ ਦੇ ਦਰਦ ਵੰਡੇ, ਤਾਂ ਤੂੰ ਝਿੜਕ ਕੇ ਦਿੱਤਾ ਬਿਠਾਲ ਉਹਨੂੰ । ਜੇ ਮਰਦਾਨੇ ਨੇ ਆਣ ਕੇ 'ਵਾਜ ਮਾਰੀ, ਦਿੱਤਾ ਨਾਲ ਬਹਾਨਿਆਂ ਟਾਲ ਉਹਨੂੰ। ਜੇ ਤੂੰ ਡਿੱਠਾ ਸਮਾਧੀ ਦੇ ਵਿਚ ਬੈਠਾ, ਬਾਹੋਂ ਪਕੜ ਕੇ ਦਿੱਤਾ ਉਠਾਲ ਉਹਨੂੰ। ਜੇ ਤੂੰ ਪਿਆਰ ਕੀਤਾ ਤਾਂ ਵੀ ਮਾਂ ਵਾਲਾ, ਸ਼ਰਧਾ ਨਾਲ ਤੂੰ ਕਦੇ ਸਤਿਕਾਰਿਆ ਨਾ । ਸਦਾ “ਨਾਨਕਾ" ਆਖ ਤੂੰ 'ਵਾਜ ਮਾਰੀ, “ਨਿਰੰਕਾਰੀਆ" ਕਦੇ ਪੁਕਾਰਿਆ ਨਾ। ਅੱਖਾਂ ਤੇਰੀਆਂ ਅੱਖੀਆਂ ਮਾਂ ਦੀਆਂ, ਉਹਨਾਂ ਪੁੱਤ, ਲੋਕਾਂ ਰਹਿਨੁਮਾ ਲੱਭਾ। ਤੇਰੀ ਗੋਦ ਚੋਂ ਨਾਨਕੀ ਰੱਬ ਪਾਇਆ, ਤੂੰ ਇਹ ਸਮਝਿਆ ਉਹਨੂੰ ਭਰਾ ਲੱਭਾ । ਕਾਲੂ ਪਿਤਾ ਨੂੰ ਮਿਲਿਆ ਮੁਖੱਟ ਪੁੱਤਰ, ਲਾਲ ਰਾਏ ਤਾਈਂ ਭੋਲੇ ਭਾ ਲੱਭਾ। ਮਿਲਿਆ ਪਿਤਾ ਸ਼ੁਦਾਈ ਸੀ ਪੁਤਰਾਂ ਨੂੰ, ਐਪਰ ਲਹਿਣੇ ਦੇ ਤਾਈਂ ਖ਼ੁਦਾ ਲੱਭਾ । ਆਪਣੇ ਕਾਲਜੇ ਦੇ ਟੁਕੜੇ ਵਾਸਤੇ ਤੂੰ, ਮਾਤਾ, ਰਹਿਣ ਲਈ ਥਾਂ ਨਾ ਬਣ ਸਕੀਓ। ਨਾਨਕ ਪੁੱਤ ਦੀ ਮਾਂ ਤੇ ਬਣ ਗਈਓਂ, ਪਰ ਨਾਨਕ ਗੁਰੂ ਦੀ ਮਾਂ ਨਾ ਬਣ ਸਕੀਓਂ।

ਸੱਚ ਦਾ ਬਪਾਰੀ

ਬਾਲਾ ਜੱਟ ! ਬਾਲੇ ਨਾਨਕ ਨਾਲ ਰਲਿਆ, ਕੱਠਾ ਹੋ ਗਿਆ ਜੁੱਟ ਬਪਾਰੀਆਂ ਦਾ । ਪੱਲੇ ਵੀਹਾਂ ਰੁਪਈਆਂ ਦੀ ਰਾਸ ਲੈ ਕੇ, ਟੁਰਿਆ ਵਣਜ ਨੂੰ ਪੁੱਤਰ ਹਜ਼ਾਰੀਆਂ ਦਾ । ਮਾਤਾ ਦਹੀਂ ਖਵਾਈ ਤੇ ਮੱਤ ਦਿੱਤੀ, ਪਿਤਾ ਦਸਿਆ ਢੰਗ ਵਿਹਾਰੀਆਂ ਦਾ । ਲੋਕਾਂ ਆਖਿਆ ਟੁਰਿਆ ਜੇ ਸੌਦਿਆਂ ਨੂੰ, ਮੁੜਕੇ “ਵਿਗੜਿਆ ਛੋਹਰ ਪਟਵਾਰੀਆਂ" ਦਾ । ਇਹ ਪਰ ਕਿਸੇ ਸਿਆਣੇ ਨੂੰ ਆਸ ਨਹੀਂ ਸੀ, ਨਫ਼ਾ ਏਸ ਮੁੰਡੇ ਬੇਉਮੀਦ ਲੈਣੈ। ਕਿਹੜਾ ਜਾਣਦਾ ਸੀ ਵੀਹਾਂ ਛਿੱਲੜਾਂ ਤੋਂ, ਇਸ ਨੇ ਰੱਬ ਦਾ ਝੁੱਗਾ ਖ਼ਰੀਦ ਲੈਣੈ। ਸੌਦਾ ਵੇਖ ਸੁਵੱਲੜਾ ਮਨ ਭਾਉਂਦਾ, ਇਸ ਵਣਜਾਰੜੇ ਨੇ ਰਾਸ ਲਾ ਦਿੱਤੀ। ਪੜਤਾ ਵੇਖਿਆ ਤੇ ਨਾ ਕੋਈ ਭਾਅ ਕੀਤਾ, ਅੱਖਾਂ ਮੀਟ ਕੇ ਸਾਈ ਫੜਾ ਦਿੱਤੀ। ਕੋਈ ਦੜਾ ਦਲਾਲ ਉਡੀਕਿਆ ਨਾ, ਬਿਨਾਂ ਤੋਲਿਆਂ ਰਕਮ ਚੁਕਾ ਦਿੱਤੀ। ਭੁੱਖਾ ਵੇਖ ਕੇ ਰੱਬ ਦੇ ਬੰਦਿਆਂ ਨੂੰ, ਰੱਬ ਵਾਂਗਰਾਂ ਰੋਟੀ ਖਵਾ ਦਿੱਤੀ। ਬਾਲਾ ਕੰਬਿਆ ਤੇ ਅੱਗੋਂ ਕਿਹਾ ਉਹਨੂੰ, “ਜਿਨਸ ਕੋਈ ਕੁ-ਵੜ ਦੀ ਚੁੱਕਣੀ ਨਹੀਂ । ਏਸ ਇੱਕੋ ਈ ਵਣਜ ਦੀ ਬਾਲਿਆ ਓਏ ! ਸਾਥੋਂ ਹਸ਼ਰ ਤੀਕਰ ਖੱਟੀ ਮੁਕਣੀ ਨਹੀਂ। “ਅੜਿਆ ਬਾਲਿਆ ! ਸੂਝ ਤੋਂ ਕੰਮ ਲਈਏ, ਘਰੋਂ ਆਏ ਸਾਂ ਨਫ਼ੇ ਦੀ ਲੈ ਉੱਤੇ । ਜਿਥੋਂ ਸਾਫ਼ ਚਿੱਟਾ ਵਾਧਾ ਨਜ਼ਰ ਆਵੇ, ਕਿਉਂ ਨਾ ਰਕਮ ਲਾਈਏ ਓਸ ਸ਼ੈ ਉੱਤੇ । ਖੱਟੀ ਹੁੰਦਿਆਂ ਕੌਣ ਉਡੀਕਦਾ ਏ, ਸੌਦੇ ਹੁੰਦੇ ਨਹੀਂ ਕਿਸੇ ਦੀ ਰੈ ਉੱਤੇ । ਦੱਸ ਬਾਲਿਆ ! ਅਸਾਂ ਕਮਾਉਣਾ ਕੀ, ਰਹੀਏ ਜੇਕਰਾਂ ਪਿਤਾ ਦੇ ਭੈ ਉੱਤੇ । ਲੱਤ ਰਹਿ ਨਹੀਂ ਸਕਦੀ ਦੂੰਹ ਬੇੜੀਂ, ਸੱਚੀ ਗੱਲ ਨਹੀਂ ਮੈਥੋਂ ਲੁਕਾਣ ਹੁੰਦੀ । ਏਸ ਪਿਤਾ ਤੋਂ ਥੱਪੜਾਂ ਖਾ ਲਵਾਂਗਾ, ਓਸ ਪਿਤਾ ਤੋਂ ਮਾਰ ਨਹੀਂ ਖਾਣ ਹੁੰਦੀ।" ਨਕਦੋਂ ਨਕਦ ਸੌਦਾ ਕਰਕੇ ਮੁੜੇ ਘਰ ਨੂੰ, ਪਾਇਆ ਫਾਹ ਨਹੀਂ ਗਲ ਉਗਰਾਹੀਆਂ ਦਾ। ਦੌਲਤ, ਪੁੱਤ ਨਹੀਂ ਜੱਗ ਤੇ ਲੁਕੇ ਰਹਿੰਦੇ, ਮੂੰਹ ਤੇ ਲਾਲੀਆਂ ਭਖ਼ੇ, ਕਮਾਈਆਂ ਦਾ । ਲੋੜਾਂ ਪਿਤਾ ਦੀਆਂ ਹੈ ਨਹੀਂ ਨਿਗ੍ਹਾ ਅੰਦਰ, ਨਸ਼ਾ ਅੱਖੀਆਂ 'ਚ ਬੇ-ਪਰਵਾਹੀਆਂ ਦੀ। ਜਾਪੇ ਓਸ ਦੀ ਜੁੱਤੀ ਦੀ ਧੂੜ ਵਿਚੋਂ ਉੱਡਦਾ ਗੰਜ ਸੱਤਾਂ ਬਾਦਸ਼ਾਹੀਆਂ ਦਾ । ਬਾਲੇ ਵੇਖਿਆ ਬਿਰਤੀ ਦੀ ਨੀਝ ਲਾ ਕੇ, ਨਫ਼ੇ ਵੰਦ ਸੌਦੇ ਸੱਚ ਮੁੱਚ ਖਰੇ ਹੋਏ ਨੇ । ਉਸ ਨੇ ਸਿਮਰਨੇ ਦੀ ਇੱਕ ਇੱਕ ਗੰਢ ਅੰਦਰ, ਬੁੱਕ ਬੁੱਕ ਲਾਲ ਬਦਖ਼ਸ਼ਾਂ ਦੇ ਧਰੇ ਹੋਏ ਨੇ। ਪਿੰਡੋਂ ਬਾਹਰ ਆ ਕੇ ਬੈਠਾ ਵਣਾਂ ਥੱਲੇ, ਨਾਨਕ ਪਹੁੰਚ ਤਲਵੰਡੀ ਦੀ ਜੂਹ ਅੰਦਰ । ਬਾਲਾ ਗਿਆ ਉਸ ਨੇ ਜਾ ਕੇ ਗੱਲ ਕੀਤੀ, “ਰਕਮ ਬੋੜ ਆਇਐ ਢੱਠੇ ਖੂਹ ਅੰਦਰ ।" ਗੁੱਸਾ ਬੁੱਢੇ ਦਾ ਸੁਣ ਕੇ ਜਵਾਨ ਹੋਇਆ, ਟੁਰਿਆ ਬਾਲ ਮਾਸੂਮ ਦੀ ਸੂਹ ਅੰਦਰ ੀ ਡਿੱਠਾ ਜਦੋਂ ਉਸ ਨੇ ਪੁੰਜ ਸ਼ਾਂਤੀ ਦਾ, ਸਗੋਂ ਗਿਆ ਉਲਟਾ ਉਹਦਾ ਲੂਹ ਅੰਦਰ। ਜਾਂਦੇ ਸਾਰ ਉਸ ਪੁੱਛੀ ਨਾ ਗੱਲ ਕੋਈ, ਭਾਂਬੜ ਕ੍ਰੋਧ ਦੇ ਹੀ ਵਾਰਨ ਲੱਗ ਪਿਆ। ਬਖ਼ਸ਼ਣ ਹਾਰ ਦਾਤਾਰ ਦੇ ਮੂੰਹ ਉੱਤੇ, ਜਾਂਦਾ ਥੱਪੜਾਂ ਹੀ ਮਾਰਨ ਲੱਗ ਪਿਆ । ਓਧਰ ਪਤਾ ਲੱਗਾ ਭੈਣ ਨਾਨਕੀ ਨੂੰ, ਓਹਦੀ ਘਾਟ ਉੱਤੋਂ ਮੋਤੀ ਵਾਰਦੀ ਏ । ਭੱਜੀ ਵਾਂਗ ਸੁਦਾਈਆਂ ਦੇ, ਭਾਲ ਅੰਦਰ, ਭੁੱਖੀ ਰੱਜ ਕੇ ਓਹਦੇ ਦੀਦਾਰ ਦੀ ਏ । ਲੱਭਾ ਹੋਸ਼ ਗਵਾ ਕੇ ਵੀਰ ਤਾਈਂ, ਜੱਫਾ ਓਸ ਨੂੰ ਘੁੱਟ ਕੇ ਮਾਰਦੀ ਏ । ਕਦੇ ਓਸ ਦੇ ਅੱਥਰੂ ਪੂੰਝਦੀ ਏ, ਓਹਦੇ ਕੱਪੜੇ ਕਦੇ ਸਵਾਰਦੀ ਏ । ਉਹ ਨਿਰਦੋਸ਼ ਦੋਸ਼ੀ ਖੜਾ ਬੁੱਤ ਬਣ ਕੇ, ਨੀਲ ਗੱਲ੍ਹ ਤੇ ਇਸ ਤਰ੍ਹਾਂ ਜਾਪਦਾ ਏ :- ਜਿਵੇਂ; ਖਿੜੇ ਗੁਲਾਬ ਦੇ ਫੁੱਲ ਉੱਤੇ, ਭੌਰਾ, ਬੈਠ ਕੇ ਰਾਗ ਅਲਾਪਦਾ ਏ । ਭੁੱਬਾਂ ਮਾਰ ਕੇ ਪਿਤਾ ਨੂੰ ਕਹਿਣ ਲੱਗੀ, “ਪਿਤਾ ਭੋਲਿਆ ! ਕਹਿਰ ਗੁਜ਼ਾਰਿਆ ਈ । ਇਹਦੀ ਜੁੱਤੀ ਤੋਂ ਵਾਰਦੋਂ ਰਾਸ ਏਨੀ, ਇਹਦਾ ਪਿਆਰ ਰੁਪਈਆਂ ਤੋਂ ਵਾਰਿਆ ਈ। ਜੂਆ ਖੇਡ ਕੇ ਕਿਤੇ ਨਹੀਂ ਹਾਰ ਆਇਆ, ਕਿਹੜੀ ਗੱਲ ਤੇ ਹੌਂਸਲਾ ਹਾਰਿਆ ਈ। ਵੀਹਾਂ ਛਿੱਲੜਾਂ ਤੋਂ ਪਿਤਾ ਭੋਲਿਆ ਵੇ ! ਮੇਰੇ ਵੀਰ ਭਗਵਾਨ ਨੂੰ ਮਾਰਿਆ ਈ । ਜੇ ਮੈਂ ਜਾਣਦੀ ਇਸ ਤਰ੍ਹਾਂ ਮਾਰਨਾ ਏਂ, ਜਾਣੋ ਵੀਰ ਪਿਆਰੇ ਨੂੰ ਹੋੜ ਦਿੰਦੀ । ਤੈਨੂੰ ਵੀਹ ਰੁਪਏ ਲਿਆ ਦਿੰਦੀ, ਆਪਣੀ ਮੁਰਕੀ ਸੁਨਿਆਰੇ ਨੂੰ ਮੋੜ ਦਿੰਦੀ ।" ਕਿਸੇ ਦੱਸਿਆ ਰਾਏ ਬੁਲਾਰ ਤਾਈਂ, ਉਸ ਭੀ ਸੁਣਦਿਆਂ ਹੋਸ਼ ਭੁਲਾ ਦਿੱਤੀ । ਲੈ ਕੇ ਗੁੱਥੀ ਰੁਪਈਆਂ ਦੀ ਉੱਠ ਭੱਜਾ, ਆ ਕੇ ਕਾਲੂ ਦੇ ਹੱਥ ਫੜਾ ਦਿੱਤੀ। ਲੱਗਾ ਕਹਿਣ, "ਕਮਾਇਆ ਈ ਜ਼ੁਲਮ ਕਾਲੂ, ਮੇਰੇ ਮੱਥੇ ਤੇ ਕਾਲਖ ਈ ਲਾ ਦਿੱਤੀ । ਮੇਰੇ ਸ਼ਹਿਰ ਵਿਚ ਰੱਬ ਨੂੰ ਮਾਰਿਆ ਈ, ਮੇਰੀ ਜਾਗੀ ਤਕਦੀਰ ਸੁਆ ਦਿੱਤੀ । ਪਿਆ ਸੌਦੇ ਦੀ ਘਾਟ ਤੋਂ ਝੂਰਨਾ ਏਂ, ਕਾਲੂ ਵੇਖ ਲਈਂ ਜਗਤ ਗੁਆਹ ਮੇਰਾ। ਏਸੇ ਸੌਦੇ ਦੀ ਬਰਕਤ ਦੇ ਨਾਲ ਰਹਿਸੀ, ਦੁਨੀਆ ਵਿਚ ਨਾਨਕ ਬਾਦਸ਼ਾਹ ਮੇਰਾ ।"

ਦੁੱਖ ਭੰਜਨੀ ਵਾਲਾ

ਮਾਣ ਏ ਨਿਮਾਣਿਆਂ ਦਾ, ਪੱਤ ਏ ਨਿਪੱਤਿਆਂ ਦੀ, ਜੱਗ ਤੇ ਨਿਥਾਵਿਆਂ ਦੀ ਥਾਂ ਗੁਰੂ ਰਾਮਦਾਸ । ਆਸਰਾ ਗ਼ਰੀਬਾਂ ਦਾ ਤੇ ਮਾੜਿਆਂ ਦੀ ਧਿਰ ਪੱਕੀ, ਦੁਖੀਆਂ ਦਾ ਪਿਤਾ ਅਤੇ ਮਾਂ ਗੁਰੂ ਰਾਮਦਾਸ। ਸੜਦੇ ਹੋਏ ਹਿਰਦਿਆਂ ਨੂੰ ਪਲਾਂ ਵਿਚ ਠਾਰ ਦੇਵੇ, ਇਹੋ ਜਿਹਾ ਠੰਡਾ ਸੀਤ ਨਾਂ ਗੁਰੂ ਰਾਮਦਾਸ । ਜਨਮਾਂ ਜਨਮਾਤਰਾਂ ਦੇ ਥੱਕੇ ਟੁੱਟੇ ਪਾਂਧੀਆਂ ਲਈ, ਕੀਤੀ ਦੁਖ ਭੰਜਨੀ ਦੀ ਛਾਂ ਗੁਰੂ ਰਾਮਦਾਸ । ਕੋਹੜਿਆਂ ਦੇ ਕਰਮ ਰੋਗ, ਕੋਹੜ ਜਦੋਂ ਦੂਰ ਕੀਤੇ, ਮੰਨਿਆ ਸੀ ਸਾਰੇ ਜਗ ਤਾਂ ਗੁਰੂ ਰਾਮਦਾਸ । ਆਖਦੇ ਨੇ, ‘“ਚਿੱਟਾ ਦੁੱਧ ‘ਹੰਸ’ ਹੋਇਆ ਪੱਲਾਂ ਵਿਚ, ਆਖਿਆ ਜਾਂ ਕਿਸੇ ਕਾਲੇ ‘ਕਾਂ' ‘ਗੁਰੂ ਰਾਮਦਾਸ'।" ਲੱਖਾਂ ਸੁਲਤਾਨ ਝੋਲੀ ਆਸਾਂ ਦੀ ਖਿਲਾਰ ਕੇ ਤੇ, ਵੇਖਦੇ ਨੇ ਏਸੇ ਹੀ ਫ਼ਕੀਰ ਦੇ ਭੰਡਾਰੇ ਵਲ । ਕਿਸਮਤਾਂ ਦੀ ਕਾਨੀ ਵਿਧ ਮਾਤਾ ਪਾ ਕੇ ਮੂੰਹ ਵਿਚ, ਵੇਖਦੀ ਏ ਏਸੇ ਹੀ ਲਿਖਾਰੀ ਦੇ ਇਸ਼ਾਰੇ ਵਲ । ਡੱਕੋ ਡੋਲੇ ਖਾ ਖਾ ਕਈ ਬੇੜੀਆਂ ਨੇ ਝਾਕ ਰਹੀਆਂ, ਚੁਕ ਚੁਕ ਬਾਹਵਾਂ ਏਸੇ ਪੀਡੇ ਜਿਹੇ ਕਿਨਾਰੇ ਵਲ । ਸਵਰਗਾਂ ਦਾ ਊਣਾ ਤੇ ਅਧੂਰਾ ਹੁਸਨ ਵੇਖਦਾ ਏ, ਸੱਧਰਾਂ ਦੇ ਨਾਲ ਰਾਮਦਾਸ ਦੇ ਦੁਆਰੇ ਵਲ । ਪੰਛੀਆਂ ਪੰਖੇਰੂਆਂ ਤੋਂ ਲੈ ਕੇ ਅਵਤਾਰਾਂ ਤੀਕ, 'ਕੱਠੇ ਹੋ ਕੇ ਲਿਆ ਜਦੋਂ ਮੰਨ ਗੁਰੂ ਰਾਮਦਾਸ । ਜੱਗ ਦਿਆਂ ਕਾਫ਼ਰਾਂ ਤੇ ਮੁਨਕਰਾਂ ਨੇ ਇਕੋ ਵੇਰ, ਉਸੇ ਵੇਲੇ ਆਖ ਦਿੱਤਾ “ਧੰਨ ਗੁਰੂ ਰਾਮਦਾਸ ।” ਵਾਚਿਆ ਏ ਜਿਨ੍ਹਾਂ ਇਹਦੀ ਬਾਣੀ ਨੂੰ ਵਿਚਾਰ ਨਾਲ, ਸਦਾ ਲਈ ਉਹਨਾਂ ਨੇ ਮਨੁੱਖਤਾ ਨੂੰ ਜਾਣ ਲਿਆ । ਪੂਜਾ ਸਾਰੇ ਜੱਗ ਤੋਂ ਕਰਾਣ ਦੇ ਉਹ ਯੋਗ ਹੋ ਗਏ, ਜਿਨ੍ਹਾਂ ਇਹਦੀਆਂ ਸੰਗਤਾਂ ਦੀ ਸੇਵਾ ਲਈ ਠਾਣ ਲਿਆ । ਉਹਨਾਂ ਤਾਈਂ ਆਬਿ ਹਯਾਤ ਦੀ ਨਾ ਲੋੜ ਰਹਿ ਗਈ, ਇਹਦੇ ਅਮ੍ਰਤ ਸਰ ਦਾ ਸੁਆਦ ਜਿਨ੍ਹਾਂ ਮਾਣ ਲਿਆ । ਸਦਾ ਲਈ ਉਨ੍ਹਾਂ ਅੱਖਾਂ ਵਿਚ ਰੱਬ ਵੱਸ ਗਿਆ, ਜਿਨ੍ਹਾਂ ਅੱਖਾਂ ਗੁਰੂ ਰਾਮਦਾਸ ਨੂੰ ਪਛਾਣ ਲਿਆ। ਕੱਟੇ ਗਏ ਪੈਂਡੇ, ਓਹਦੇ ਜਨਮਾਂ ਦੇ ਪੰਧ ਮੁੱਕੇ, ਜਿਨੂੰ ਕਦੇ ਦਸਿਆ ਸੀ ਰਾਹ ਗੁਰੂ ਰਾਮਦਾਸ । ਅਗੋਂ-ਵਾਲੀ ਹੋ ਕੇ ਉਹਨੂੰ ਮੰਜ਼ਲਾਂ ਵੀ ਲੈਣ ਆਈਆਂ, ਬੋਲ ਬੋਲ ਮੂੰਹੋਂ ਵਾਹ ! ਵਾਹ ! ਗੁਰੂ ਰਾਮਦਾਸ । ਅੰਮ੍ਰਿਤ ਦਾ ਸਰ ਇਹਦੇ ਮੰਦਰ ਵਿਚ ਵਗਦਾ ਏ, ਮੰਦਰ ਇਹਦਾ ਉਸਰਿਆ ਏ, ਅਮ੍ਰਿਤ ਦੇ ਸਰ ਵਿਚ । ਲੋਕ ਇਹਦੇ ਮੰਦਰ ਤਾਈਂ ਹਰਿ ਮੰਦਰ ਆਖਦੇ ਨੇ, ਲਗਦਾ ਨਹੀਂ ਪਤਾ ਭੇਤ ਕੀ ਏ ਏਸ ਦਰ ਵਿਚ। ਜਾਂ ਤੇ ਰਾਮਦਾਸ ਗੁਰੂ 'ਹਰਿ' ਕੋਲ ਵੱਸਦਾ ਏ, ਜਾਂ ਫਿਰ ਰਹਿੰਦੈ ਹਰਿ, ਰਾਮਦਾਸ ਜੀ ਦੇ ਘਰ ਵਿਚ । ਅਸਲ ਗੱਲ ਇਹ ਹੈ ਇਕ ਜੋਤ ਦੇ ਨੇ ਨਾਂ ਦੋਵੇਂ, ਫ਼ਰਕ ਕੋਈ ਨਹੀਂ ਗੁਰੂ ਰਾਮਦਾਸ ਅਤੇ ਹਰਿ ਵਿਚ । ਹਰੀ ! ‘ਹਰ ਥਾਵਾਂ' ਉਹਨਾਂ ਦਿਲਾਂ ਵਿਚ ਵੱਸਦਾ ਏ, ਜਿਹਨਾਂ ਤਾਈਂ ਦੇਂਦਾ ਏ ਦੀਦਾਰ ਗੁਰੂ ਰਾਮਦਾਸ। ਤਦੇ ਹੀ ਤੇ ਹਰੀ ਦੇ ਸਥਾਨ ਹਰਿ ਮੰਦਰ ਵਿਚੋਂ, ਆਉਂਦੀ ਏ ਆਵਾਜ਼ “ਬਲਿਹਾਰ ਗੁਰੂ ਰਾਮਦਾਸ।" ਏਕਤਾ ਲਿਆ ਕੇ ਏਸ ਦੂਈ ਸਾਰੀ ਦੂਰ ਕੀਤੀ, ਭੇਤ ਕੋਈ ਰਖਿਆ ਨਾ ਸ਼ਾਹ 'ਤੇ ਫ਼ਕੀਰ ਵਿਚ। ਉੱਚਿਆਂ ਤੇ ਨੀਂਵਿਆਂ ਦਾ ਮੁਕ ਗਿਆ ਭਰਮ ਸਾਰਾ, ਬਹਿ ਕੇ ਇਹਦੇ ਲੰਗਰ ਦੀ ਇਕੋ ਹੀ ਲਕੀਰ ਵਿਚ। ਬਾਹਮਣ ਤੇ ਅਛੂਤ ਵਿਚ ਏਨੀ ਵੀ ਨਾ ਵਿੱਥ ਰਖੀ, ਜਿੰਨੀ ਹੋਵੇ ਵਿੱਥ ਮਾਂ ਜਾਏ ਵੀਰ, ਵੀਰ ਵਿਚ । ਸੱਜੇ ਖੱਬੇ ਬ੍ਹਾ ਕੇ ਏਸ ਵਿਤਕਰਾ ਨਾ ਰਹਿਣ ਦਿੱਤਾ, ਹਿੰਦੂ ਬਾਬੇ ਬੁੱਢੇ, ਮੁਸਲਮਾਨ ਮੀਆਂ ਮੀਰ ਵਿਚ । ਅੰਮ੍ਰਿਤ ਦਾ ਸਰ ਦਿੱਤਾ ਇਕੋ ਜਿਹਾ ਸਾਰਿਆਂ ਨੂੰ, ਰਖਿਆ ਨਾ ਕੋਈ ਲੀਆ ਲਾਂਝਾਂ ਗੁਰੂ ਰਾਮਦਾਸ । ਨੀਂਹ ਹਰਿ ਮੰਦਰ ਦੀ ਜਾਂ ਧਰਨ ਲੱਗਾ ਮੀਆਂ ਮੀਰ, ਕਿਹਾ ਓਸ ਸਾਰਿਆਂ ਦਾ ਸਾਂਝਾ “ਗੁਰੂ ਰਾਮਦਾਸ ।” ਰਾਸ ਪੂੰਜੀ ਰੋਹੜ ਕੇ ਤੇ ਖਰਾ ਸੌਦਾ ਸਮਝਦੇ ਨੇ, ਪੱਲੇ ਝਾੜ ਜਾਂਦੇ ਜੋ ਬਾਪਾਰੀ ਏਸ ਹੱਟ ਦੇ ਨੇ । "ਤੇਰਾ" "ਤੇਰਾ" ਕਹਿ ਕੇ ਜਿਹੜੇ ਹੱਟੀਆਂ ਲੁਟਾਣ ਵਾਲੇ, ਏਸ ਹੱਟੀ ਵਿਚੋਂ ਆ ਕੇ ਊਹੋ ਕੁਝ ਖੱਟਦੇ ਨੇ । ਏਕਾ ਲਿਖਣ ਲੱਗਿਆਂ ਵੀ ਸਾਤੇ ਹੈਣ ਲਿਖੇ ਜਾਂਦੇ, ਲੱਖਾਂ ਹੀ ਨਿਭਾਗਿਆਂ ਦੇ ਭਾਗ ਏਥੇ ਵੱਟਦੇ ਨੇ । ਜਨਮਾਂ ਦੇ ਪਾਂਧੀ ਕਈ ਇਹਨਾਂ ਪ੍ਰਕਰਮਾਂ ਵਿਚ, ਗੇੜੇ ਲਾ ਲਾ ਗੇੜ ਪਏ ਚੁਰਾਸੀਆਂ ਦੇ ਕੱਟਦੇ ਨੇ । ਤਖ਼ਤਾਂ ਉਤੇ ਬਹਿਣ ਵਾਲੇ ਰੋੜੀਆਂ ਪਏ ਕੁਟਦੇ ਨੇ, ਕਹਿੰਦੇ ਨੇ ਨਿਮਾਣਿਆਂ ਦਾ ਮਾਨ ਗੁਰੂ ਰਾਮਦਾਸ ! ਜੂਠੇ ਭਾਂਡੇ ਮਾਂਜ ਮਾਂਜ ਮੂੰਹੋਂ ਪਏ ਆਖਦੇ ਨੇ, “ਧੰਨ ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ।" ਕਿੰਨੀ ਵਾਰੀ ਭਾਵੇਂ ਕਈ ਝੱਖੜ ਗੁਸਤਾਖ਼ ਜਹੇ, ਫੂਕਾਂ ਨਾਲ ਏਸ ਨੂਰੀ ਜੋਤ ਨੂੰ ਬੁਝਾਨ ਆਏ । ਕਿੰਨੀ ਵਾਰੀ ਅੰਮ੍ਰਿਤ ਦਾ ਸਰ ਮੈਲਾ ਕਰਨ ਲਈ, ਝੱਗੋ ਝੱਗ ਹੋ ਕੇ ਕਈ ਕਾਂਗਾਂ ਤੇ ਤੂਫ਼ਾਨ ਆਏ। ਕੁਦ ਕੁਦ ਕਈ ਵਾਰੀ ਆਏ ਅਬਦਾਲੀ ਕਈ, ਬਾਵ੍ਹਾਂ ਕੁੰਜ ਕੁੰਜ ਕਈ ਮੁਗ਼ਲ ਤੇ ਪਠਾਨ ਆਏ । ਸਦਾ ਪਰ ਲਾਜ ਰੱਖੀ ਏਸ ਨਾਮ ਅਪਣੇ ਦੀ, ਜਿਹੜੇ ਆਏ ਐਵੇਂ ਦੋ ਘੜੀ ਦੇ ਮਹਿਮਾਨ ਆਏ ! ਮੱਸੇ ਜਹੇ ਪਾਪੀਆਂ ਦਾ ਪੱਲਾਂ ਵਿਚ ਨਾਸ ਕੀਤਾ, ਸੇਵਕਾਂ ਦੀ ਮੰਨੀ ਅਰਦਾਸ ਗੁਰੂ ਰਾਮਦਾਸ । ਭਾਈ ਮਨੀ ਸਿੰਘ ਬੰਦ ਬੰਦ ਕਟਵਾਂਦਾ ਹੋਇਆ, ਜਪਦਾ ਰਿਹਾ ਤਦੇ, ਸੁਵਾਸ ਸੁਵਾਸ ਗੁਰੂ ਰਾਮਦਾਸ ।

ਸਾਧ ਬਚਨ ਅਟਲਾਧਾ

ਜਿਹੜੇ ਓਸ ਦੇ ਬੂਹੇ ਦੇ ਹੋਣ ਕਮਲੇ, ਉੱਚੇ ਅਕਲ ਤੇ ਫ਼ਿਕਰ ਤੋਂ ਵੱਸਦੇ ਨੇ । ਦੁਖ ਦਰਦ ਨਹੀਂ ਪੁਛਦੇ ਕਿਸੇ ਕੋਲੋਂ, ਨਾ ਉਹ ਆਪਣੇ ਹੀ ਦਿਲ ਦੀ ਦੱਸਦੇ ਨੇ । ਮੋਤੀ ਵਾਂਗ ਬਹਿੰਦੇ ਲੁਕ ਕੇ ਸਿੱਪੀਆਂ 'ਚ, ਦੂਰ ਮੌਜਾਂ ਤੇ ਲਹਿਰਾਂ ਤੋਂ ਨੱਸਦੇ ਨੇ । ਕਲੀ ਵਾਂਗ ਨਹੀਂ ਬੋਲਦੇ ਨਾਲ ਭੌਰੇ, ਹੰਝੂ ਤਰੇਲ ਦੇ ਵੇਖ ਕੇ ਹੱਸਦੇ ਨੇ । ਉਨ੍ਹਾਂ ਕਮਲਿਆਂ ਵਿਚੋਂ ਸੀ ਇਕ ਕਮਲਾ, ਜਿਦ੍ਹੀ ਗੱਲ ਮੈਂ ਅਜ ਸੁਨਾਣ ਲਗਾਂ । ਪਾਟੀ ਹੋਈ ਇਤਿਹਾਸ ਦੀ ਗੋਦੜੀ 'ਚੋਂ, ਨਵਾਂ ਚਮਕਦਾ ਲਾਲ ਵਖਾਣ ਲਗਾਂ । ਬੁਧੂ ਨਾਮ ਘੁਮਿਆਰ ਲਾਹੌਰ ਦਾ ਸੀ, ਇਕ ਵਾਰ ਉਹ ਆਵਾ ਚੜ੍ਹਾਣ ਲੱਗਾ। ਸੁੱਟਣ ਲੱਗਿਆਂ ਡੋਰੀ ਨਸੀਬ ਉੱਤੇ, ਬੜੇ ਫਿਕਰ ਦੇ ਘੋੜੇ ਦੌੜਾਣ ਲੱਗਾ । ਫਸ ਕੇ ਅੱਗ ਤੇ ਪਾਣੀ ਦੇ ਭੰਵਰ ਅੰਦਰ, ਅਕਲ ਸੋਚ ਦੇ ਚੱਪੂ ਚਲਾਣ ਲੱਗਾ। ਸੁਖ ਸੁਖ ਕੇ ਸੁਖਣਾਂ ਕਈ ਦਿਲ ਵਿਚ, ਭੋਲੇ ਰੱਬ ਨੂੰ ਇੰਜ ਭਰਮਾਣ ਲੱਗਾ। "ਜਿਸ ਨੇ ਸਿਦਕ ਪ੍ਰਹਿਲਾਦ ਦਾ ਰੱਖਿਆ ਸੀ, ਕਰ ਕੇ ਰੱਖਿਆ ਬਿੱਲੀ ਦੇ ਬੱਚਿਆਂ ਦੀ । ਕਿਉਂ ਨਾ ਆਣ ਕੇ ਆਵਾ ਪਕਾਇਗਾ ਉਹ, ਸ਼ਰਧਾ ਵੇਖ ਕੇ ਮੇਰੇ ਜਿਹੇ ਕੱਚਿਆਂ ਦੀ।” ਉਨ੍ਹੀਂ ਦਿਨੀਂ, ਜਹਾਨ ਦੇ ਗੁਰੂ ਅਰਜਨ ! ਡੇਰੇ ਵਿਚ ਲਾਹੌਰ ਦੇ ਲਾ ਰਹੇ ਸਨ। ਜਿਦ੍ਹੇ ਨੂਰ ਦੇ ਤੇਜ ਪ੍ਰਤਾਪ ਵਲੋਂ, ਸੂਰਜ ਚੰਦਰਮਾ ਵੇਖ ਸ਼ਰਮਾ ਰਹੇ ਸਨ । ਖ਼ੈਰ ਲੈਣ ਇਕਬਾਲ ਦੀ ਜਿਨ੍ਹਾਂ ਕੋਲੋਂ, ਜਹਾਂਗੀਰ ਜਿਹੇ ਪਾਤਸ਼ਾਹ ਆ ਰਹੇ ਸਨ । ਚਸ਼ਮੇ ਕਈ ਤੋਹੀਦ ਦੇ ਵਗ ਰਹੇ ਸਨ, ਗੁਨਾਹਗਾਰ ਲੱਖਾਂ ਆ ਆ ਨ੍ਹਾ ਰਹੇ ਸਨ। ਜਾ ਕੇ ਓਹਦੇ ਦਰਬਾਰ ਵਿਚ ਕਹਿਣ ਲੱਗਾ, "ਕਰਾਂ ਅਰਜ਼ ਜੇ ਹੁਕਮ ਹਜ਼ੂਰ ਹੋਵੇ :- ਮੇਰੀ ਆਸਾਂ ਦੀ ਬੇੜੀ ਵੀ ਪਾਰ ਲੱਗੇ, ਮੇਰਾ ਅਜ ਜੇ ਲੰਗਰ ਮਨਜ਼ੂਰ ਹੋਵੇ ।" ਸੁਣੀ ਓਸ ਮਲਾਹ ਨੇ ਗੱਲ, ਜਿਸ ਨੇ- ਲਾ ਲਾ ਪਾਰ ਨਾ ਜੱਗ ਨੂੰ ਥਕਣਾ ਏਂ । ਧੀਰਜ ਨਾਲ ਉਸ ਸੰਗਤ ਨੂੰ ਹੁਕਮ ਕੀਤਾ, ਲੰਗਰ ਬੁਧੂ ਦੇ ਘਰ ਅੱਜ ਛਕਣਾ ਏਂ । ਚਲੋ ਵੇਖ ਲਓ ਪ੍ਰੇਮ ਦੀ ਜੰਗ, ਜਿਸ ਨੇ - ਗੁਰੂ ਸਿੱਖ ਦਾ ਮੋਰਚਾ ਤਕਣਾ ਏਂ। ਨਿਰਾ ਬੁਧੂ ਦੇ ਲੰਗਰ ਹੀ ਪਕਨਾ ਨਹੀਂ, ਨਾਲ ਬੁਧੂ ਦਾ ਆਵਾ ਵੀ ਪਕਣਾ ਏਂ । ਮਾਨ ਬਖਸ਼ਣੇ ਅੱਜ ਨਿਮਾਣਿਆਂ ਨੂੰ, ਹਾਰ ਜਿੱਤਣੀ ਏਂ, ਜਿੱਤ ਹਾਰਨੀ ਏਂ । ਓਥੇ ਗੁਰੂ ਦੇ ਤੀਰ ਵੀ ਪਹੁੰਚਣਾ ਨਹੀਂ, ਤੇਗ਼ ਸਿੱਖ ਨੇ ਜਿਹੜੇ ਥਾਂ ਮਾਰਨੀ ਏਂ। ਬੁਧੂ ਲੈ ਆਇਆ ਘਰ ਸੰਗਤਾਂ ਨੂੰ, ਲੰਗਰ ਪ੍ਰੇਮ ਦੇ ਨਾਲ ਛਕਾਣ ਲੱਗਾ । ਸ਼ਰਧਾ ਨਾਲ ਧੋ ਧੋ ਚਰਨ ਸੰਗਤਾਂ ਦੇ, ਕਿਸਮਤ ਆਪਣੀ ਤਾਈਂ ਚਮਕਾਣ ਲੱਗਾ । ਖੁਲ੍ਹੇ ਮੂੰਹ ਮੁਰਾਦਾਂ ਦੀਆਂ ਗੁੱਥੀਆਂ ਦੇ, ਮੂੰਹੋਂ ਮੰਗੀਆਂ ਬਖਸ਼ਸ਼ਾਂ ਪਾਣ ਲੱਗਾ। ਤਾਂ ਹੀਂ ਕਮਲੀਆ ਸਿੱਖ ਵੀ ਆਣ ਪਹੁੰਚਾ, ਬੂਹਾ ਕਮਲਿਆਂ ਵਾਂਗ ਖੜਕਾਣ ਲੱਗਾ । ਧੂ ਨਾਲ ਹੰਕਾਰ ਦੇ ਕਹਿਣ ਲੱਗਾ, “ਕਿਹੜਾ ਮਾਰਿਆ ਭੁੱਖਾ ਇਹ ਅੰਨ ਦਾ ਏ । ਧੱਕੇ ਮਾਰ ਕੇ ਕੱਢ ਦਿਓ ਬਾਹਰ ਏਹਨੂੰ; ਬਾਹਰੋਂ ਆ ਕੇ ਬੂਹਾ ਕਿਉਂ ਭੰਨਦਾ ਏ ।" ਦਾਬਾ ਮਾਰ ਕੇ ਸਿੱਖ ਨੇ ਕਮਲੀਏ ਨੂੰ, ਕੁੰਡਾ ਅੰਦਰੋਂ ਫੇਰ ਚੜ੍ਹਾ ਦਿੱਤਾ । ਖੁਲ੍ਹੇ ਹੋਏ ਬਖਸ਼ੀਸ਼ ਦੇ ਦਰ ਉੱਤੇ, ਹੱਥੀਂ ਆਪਣੀ ਜੰਦਰਾ ਲਾ ਦਿੱਤਾ। ਪੱਕੇ ਹੋਇ ਮੁਰਾਦਾਂ ਦੇ ਖੇਤ ਉੱਤੇ, ਗੜਾ ਸਿੱਖ ਦੇ ਮਾਨ ਨੇ ਪਾ ਦਿੱਤਾ। ਝੋਲੀ ਭਰਨ ਵੇਲੇ, ਦਾਤਾਂ ਵੰਡਦੇ ਨੂੰ, ਬਾਹੋਂ ਪਕੜ ਕੇ ਪਰ੍ਹਾਂ ਹਟਾ ਦਿੱਤਾ। ਓਧਰ ਕੀਤੀ ਅਰਦਾਸ ਅਰਦਾਸੀਏ ਨੇ, “ਤੇਰੀ ਮਿਹਰ ਇਹਦਾ ਪੜਦਾ ਢੱਕ ਜਾਵੇ ! ਸਾਡੀ ਦੀਨ ਦਿਆਲ ਜੇ ਅਰਜ਼ ਮੰਨੇ, ਆਵਾ ਬੁਧੂ ਪ੍ਰੇਮ ਦਾ ਪੱਕ ਜਾਵੇ ।” ਖੜਾ ਰਿਹਾ ਧਰੁ ਵਾਂਗ ਦਰਬਾਨ ਬਣ ਕੇ, ਉੱਕਾ ਬੂਹੇ ਤੋਂ ਕਮਲੀਆ ਹੱਲਿਆ ਨਾ। ਝੱਲੀ ਬੁਧੂ ਦੇ ਕ੍ਰੋਧ ਦੀ ਅੱਗ ਸਾਰੀ, ਮੋਠ ਕੋਰੜੂ ਵਾਂਗ ਪਰ ਗੱਲਿਆ ਨਾ। ਜਦੋਂ ਹੋਈ ਨਿਰਾਦਰੀ ਯਾਦ ਆਈ, ਗੁੱਸਾ ਕਮਲੀਏ ਤੋਂ ਗਿਆ ਠੱਲਿਆ ਨਾ । ਮਾਰੀ ਰੇਖ ਅੰਦਰ ਮੇਖ ਜਿਹੀ ਉਸ ਨੇ, ਕੋਈ ਵਸ ਤਕਦੀਰ ਦਾ ਚੱਲਿਆ ਨਾ । ਲੱਗਾ ਕਹਿਣ ਉੱਚੀ ਸਾਰੀ ਬੋਲ ਕੇ ਤੇ, “ਵਾਕ ਕਿਸੇ ਨੇ ਵੀ ਮੇਰਾ ਡਕਨਾ ਨਹੀਂ। ਪੱਕੀ ਕਮਲੀਏ ਦੀ ਗੱਲ ਯਾਦ ਰਖੀਂ, ਆਵਾ ਬੁਧੂ ਦਾ ਕਦੇ ਵੀ ਪਕਨਾ ਨਹੀਂ ।" ਬੁਧੂ ਤਾਈਂ ਬੁਲਾ ਕੇ ਕਿਹਾ ਸਤਿਗੁਰ, “ਟਾਕੀ ਤੇਰੀ ਤਕਦੀਰ ਨੂੰ ਲਾ ਦਿਆਂ ਮੈਂ । ਸੂਰਜ ਕਹੇਂ ਤੇ ਲਹਿੰਦਿਓ ਚਾੜ੍ਹ ਦੇਵਾਂ, ਤਾਰੇ ਅਰਸ਼ ਤੇ ਦਿਨੇ ਚਮਕਾ ਦਿਆਂ ਮੈਂ । ਕਰਾਂ ਕੈਦ ਮੈਂ ਚੰਨ ਨੂੰ ਵਿਚ ਮੁੱਠੀ, ਧਰਤ ਤਾਈਂ ਅਕਾਸ਼ ਬਣਾ ਦਿਆਂ ਮੈਂ । ਐਪਰ ਇਹ ਨਹੀਓਂ ਮੇਰੇ ਵੱਸ ਅੰਦਰ, ਕਿਸੇ ਸਿੱਖ ਦਾ ਬਚਨ ਪਰਤਾ ਦਿਆਂ ਮੈਂ। ਹੁੰਦਾ ਅੰਤ ਹੰਕਾਰ ਦਾ ਸਿਰ ਨੀਵਾਂ, ਨੀਵੇਂ ਥਾਂ ਆਉਂਦੇ ਪਾਣੀ ਢੱਕੀਆਂ ਦੇ । ਇੱਟਾਂ ਤੇਰੀਆਂ ਪਿੱਲੀਆਂ ਰਹਿਣਗੀਆਂ, ਐਪਰ ਵਿਕ ਜਾਸਣ ਭਾ ਪੱਕੀਆਂ ਦੇ ।" “ਧੰਨ ਧੰਨ" ਕਹਿ ਕੇ ਬੁਧੂ ਪਿਆ ਚਰਨੀਂ, ਅੱਖਾਂ ਵਿਚੋਂ ਤਰਬੇਨੀਆਂ ਵੱਗ ਪਈਆਂ । ਅੱਗ ਬੁਝ ਗਈ ਮਾਨ ਹੰਕਾਰ ਵਾਲੀ, ਜੋਤਾਂ ਨਿੰਮ੍ਰਤਾਈ ਦੀਆਂ ਜੱਗ ਪਈਆਂ । ਜਿਹੀ ਅਮਰ ਦੀ ਆਣ ਕੇ ਝੜੀ ਲੱਗੀ, ਤੋਪਾਂ ਇੰਦਰੀ ਅਰਸ਼ ਤੋਂ ਦੱਗ ਪਈਆਂ। ਬੁਧੂ ਵਿਕ ਗਿਆ ਗੁਰੂ ਦੇ ਚਰਨ ਉਤੋਂ, ਇੱਟਾਂ ਪਿਲੀਆਂ ਹੀ ਵਿਕਣ ਲੱਗ ਪਈਆਂ । ਓਸੇ ਗੁਰੂ ਨੂੰ ਹੋਣ ‘ਕਰਤਾਰ’ ਸ਼ਰਫ਼ਾਂ, ਉਸ ਨੇ ਦੁਹਾਂ ਦੇ ਦਿਲਾਂ ਨੂੰ ਤੋੜਿਆ ਨਾ। ਨਾਲੇ ਬੁਧੂ ਦੀ ਸ਼ਰਧਾ ਵੀ ਬੰਨ੍ਹ ਦਿੱਤੀ, ਨਾਲੇ ਸਿੱਖ ਦਾ ਵਾਕ ਵੀ ਮੋੜਿਆ ਨਾ।

ਬਹਿ ਕੇ ਤੱਤੀ ਲੋਹ ਤੇ

ਸੂਰਜ ਤੱਪ ਤੱਪ ਕੇ ਹੋ ਗਿਆ ਲੋਹੇ ਲਾਖਾ, ਲੋਹਾਂ ਤੱਪ ਤੱਪ ਕੇ ਸੂਰਜ ਸਮਾਨ ਹੋਈਆਂ। ਪਾਣੀ ਉੱਬਲ ਕੇ ਅੱਗ ਦਾ ਰੂਪ ਬਣਿਆ, ਪੰਘਰ ਪੰਘਰ ਅੱਗਾਂ ਪਾਣੀ ਆਨ ਹੋਈਆਂ। ਤੱਕੀ ਭਾਨੀ ਦੇ ਚੰਨ ਦੀ ਚਾਨਣੀ ਜਾਂ, ਦਿਨੇ ਅਰਸ਼ ਉਤੋਂ ਤਾਰੇ ਝੜਨ ਲੱਗੇ । ਜੱਗ ਦੀ ਜੋਤ ਨੂੰ ਸਮਝ ਕੇ ਜੋਤ ਜਗਦੀ, ਭੰਬਟ ਹਾਕਰਾਂ ਮਾਰ ਕੇ ਸੜਨ ਲੱਗੇ। ਖੇੜਾ ਫੁੱਲਾਂ ਦਾ ਵੇਖ ਕੇ ਮੁਖੜੇ ਤੇ, ਭੌਰੇ ਆਣ ਪਰਦੱਖਣਾਂ ਕਰਨ ਲੱਗੇ। ਸਾਹਵੇਂ ਵੇਖ ਗੰਭੀਰਤਾ ਸਾਗਰਾਂ ਦੀ, ਲੱਖਾਂ ਬੁਲਬਲੇ ਪਿੰਡੇ ਤੇ ਤਰਨ ਲੱਗੇ । ਸੜਦੀ ਰੇਤ ਦਾ ਪਾ ਕੇ ਮੀਂਹ ਜ਼ਾਲਮ, ਸ਼ਾਂਤ ਰੂਪ ਦੀ ਠੰਡ ਅਜ਼ਮਾਉਣ ਲੱਗਾ । ਮੀਆਂ ਮੀਰ ਦੇ ਠੰਡਿਆਂ ਹੌਕਿਆਂ ਚੋਂ, ਤੱਤੀ ਲੋ ਵਰਗਾ ਸੇਕ ਆਉਣ ਲੱਗਾ । ਬੇੜਾ ਧਰਮ ਦਾ ਵੇਖ ਅਡੋਲ ਤਰਦਾ, ਚਿੱਤ ਭਾਂਬੜਾਂ ਦਾ ਰੇਲ ਘੇਲ ਹੋਇਆ। ਸਾੜਨ ਵਾਸਤੇ ਸਿਦਕ ਦਾ ਖਰਾ ਸੋਨਾ, ਵੇਖੋ ਅੱਗ ਤੇ ਪਾਣੀ ਦਾ ਮੇਲ ਹੋਇਆ ! ਪਾਣੀ, 'ਵਾ, ਅਗਨੀ, ਤਿੰਨੇ ਹੋਏ ਕੱਠੇ, ਛਿੱਥਾ ਸਾਰਿਆਂ ਦਾ ਪੈਂਦਾ ਚਿੱਤ ਜਾਏ । ਪੰਜਾਂ ਤੱਤਾਂ ਨੇ ਰਲ ਕੇ ਸਲਾਹ ਕੀਤੀ, "ਕਿਤੇ ਇਸ਼ਕ ਨਮਾਣਾ ਨਾ ਜਿੱਤ ਜਾਏ ।" ਜਦੋਂ ਸੱਚ ਕੁਠਾਲੀ 'ਚ ਪਿਆ ਡਿੱਠਾ, ਚਾਲਾਂ ਵੇਖੀਆਂ ਜਦੋਂ ਤਕਦੀਰ ਦੀਆਂ। ਗਿਆ ਚੰਦੂ ਦੀ ਨੂੰਹ ਦਾ ਪਾਟ ਹਿਰਦਾ, ਭੁੱਬਾਂ ਨਿਕਲ ਗਈਆਂ ਮੀਆਂ ਮੀਰ ਦੀਆਂ। ਹੌਕਾ ਹਸ਼ਰ ਜਿਡਾ ਭਰ ਕੇ ਕਿਹਾ ਸਾਂਈਂ, "ਤੇਰੇ ਸਬਰ ਦੀ ਮੁੱਕੀ ਅਭਿਲਾਖਿਆ ਨਹੀਂ। ਜਿਵੇਂ ਸਿਦਕ ਨੂੰ ਚਿਖ਼ਾ ਤੇ ਚਾੜ੍ਹਿਆ ਈ, ਏਦਾਂ ਸੋਨਾ ਵੀ ਕਿਸੇ ਸੁਲਾਖਿਆ ਨਹੀਂ । ਸੀਨੇ ਛੇਕ ਪਵਾ ਕੇ ਤੋੜ ਦੁੱਸਰ, ਪਿਆ ਮੋਤੀਆਂ ਵਾਲਿਆ ਹੱਸਣਾ ਏਂ । ਏਦਾਂ ਜ਼ੁਲਮ ਦੇ ਨਾਲ ਨਹੀਂ ਜੰਗ ਹੋਣੀ, ਕਿਹੜੇ ਜੱਗ ਤੇ ਸਾਧੂਆ ਵੱਸਣਾ ਏਂ। ਤੂੰ ਤੇ ਤੱਤੀਆਂ ਰੇਤਾਂ ਦੇ ਵਿਚ ਬਹਿ ਕੇ, ਨਵੇਂ ਸਬਰ ਦੇ ਪੈਂਤੜੇ ਪਾਈ ਜਾਨੈ । ਪਰ ਇਹ ਪਤਾ ਨਹੀਓਂ ਬਣਿਆ ਰੇਤ ਉੱਤੇ, ਤੂੰ ਮਜ਼ਲੂਮ ਦਾ ਹੌਂਸਲਾ ਢਾਈ ਜਾਨੈ । ਤੇਰੇ ਇਸ਼ਕ ਦਾ ਜੋਬਨ ਏਂ ਸਿਖਰ ਉਤੇ, ਛਾਵਾਂ ਇਹਦੀਆਂ ਤੇ ਕਦੇ ਭੌਣੀਆਂ ਨਹੀਂ। (ਪਰ) ਜੇ ਮਜ਼ਲੂਮ ਦੀ ਅਣਖ ਹੋ ਗਈ ਬੁੱਢੀ, ਉਸ ਤੇ ਕਦੇ ਜਵਾਨੀਆਂ ਔਣੀਆਂ ਨਹੀਂ। ਜਿਵੇਂ ਸਬਰ ਦਾ ਬੁਰਜ ਉਸਾਰਿਆ ਈ, ਏਦਾਂ ਜੱਗ ਤੇ ਕਿਸੇ ਉਸਾਰਨਾ ਨਹੀਂ। ਐਪਰ ਢਾਰਾ ਮਜ਼ਲੂਮ ਦਾ ਢਹਿ ਗਿਆ ਜੇ, ਦੇ ਕੇ ਥੰਮ੍ਹੀਆਂ ਕਿਸੇ ਖਲ੍ਹਾਰਨਾ ਨਹੀਂ । ਤੇਰੀ ਆਤਮਾ ਅਤੇ ਪ੍ਰਮਾਤਮਾਂ ਵਿਚ; ਇਹ ਮੈਂ ਜਾਣਨਾਂ ਭਿੰਨ ਤੇ ਭੇਤ ਕੋਈ ਨਹੀਂ। ਤੈਨੂੰ ਠੰਡ ਹਮਾਲਾ ਦੀ ਠਾਰਦੀ ਨਹੀਂ, ਤੈਨੂੰ ਸੇਕ ਦੇਂਦੀ ਤੱਤੀ ਰੇਤ ਕੋਈ ਨਹੀਂ। ਐਪਰ ਵੇਖ ਕੇ ਸੱਚ ਤੇ ਬਲੇ ਭਾਂਬੜ, ਸੱਚਾ ਬਣਨ ਦੀ ਕਰੇਗਾ ਚਾਹ ਕਿਹੜਾ। ਤੇਰੇ ਪੰਧ ਦੇ ਵੇਖ ਕੇ ਕੰਡਿਆਂ ਨੂੰ, ਤੇਰੀ ਮਨਜ਼ਲ ਦਾ ਪੁਛੇਗਾ ਰਾਹ ਕਿਹੜਾ। ਸੰਗਲ ਪਾ ਨਾ ਮੇਰਿਆਂ ਹੌਕਿਆਂ ਨੂੰ, ਲਾਹ ਲੈਣ ਦੇ ਅਪਣਾ ਸ਼ੱਕ ਮੈਨੂੰ । ਸ੍ਵਾ ਹੋਣ ਦੇ ਜ਼ੁਲਮ ਦੇ ਬੋਹਲ ਸੜ ਕੇ, ਵਰਤਣ ਦੇ ਤਕਦੀਰ, ਨਾ ਡੱਕ ਮੈਨੂੰ।" ਅਗੋਂ ਹੱਸ ਕੇ ਫੁੱਲ ਅੱਧ-ਖਿੜੇ ਵਾਂਗੂੰ, ਕੋਮਲ ਬੁਲ੍ਹੀਆਂ ਇਸ ਤਰ੍ਹਾਂ ਖੋਲ੍ਹੀਓਂ ਸੂ । ਇਕੋ ਪਲਕ ਦੇ ਵਿਚ ਹਵਾ ਅੰਦਰ, ਲੱਖਾਂ ਮਣਾਂ ਸੁਗੰਧੀਆਂ ਡੋਲ੍ਹੀਓਂ ਸੂ । ਧੀਰਜ ਨਾਲ ਸਮਝਾ ਕੇ ਕਹਿਣ ਲੱਗਾ, “ਬਹੁਤਾ ਸਾਂਈਂ ਜੀ ਇੰਜ ਘਬਰਾਈਦਾ ਨਹੀਂ। ਮਰਜ਼ੀ ਯਾਰ ਦੀ ਵੇਖਣੀ ਚਾਹੀਦੀ ਏ, ਉਹਦੀ ਖ਼ੁਸ਼ੀ ਤੋਂ ਉਲਟਿਆਂ ਜਾਈਦਾ ਨਹੀਂ। ਜ਼ਾਲਮ ਕੌਣ ਤੇ ਕੌਣ ਮਜ਼ਲੂਮ ਏਥੇ, ਆਪੀ ਮਾਰਦਾ ਏ, ਆਪੇ ਮਰ ਰਿਹਾ ਏ। ਖੇਡਾਂ ਖੇਡਦੈ ਪਿਆ ਖਿਡਾਰ ਸੋਹਣਾ, ਕਾਲਾ ਮੂੰਹ ਪਰ ਪਾਪੀ ਦਾ ਕਰ ਰਿਹਾ ਏ । ਕਿਦ੍ਹਾ ਦਿਆਂ ਉਲਾਹਮਾ ਤੇ ਦਿਆਂ ਕਿਨੂੰ, ਹਰ ਇਕ ਜੁੱਸੇ ਵਿਚ ਉਹਦਾ ਜ਼ਹੂਰ ਵਿੰਹਨਾਂ। ਸੜਦੀ ਰੇਤ ਤੇ ਚਮਕਦੇ ਜ਼ੱਰਿਆਂ 'ਚ, ਓਸੇ ਸੱਜਣ ਪਿਆਰੇ ਦਾ ਨੂਰ ਵਿੰਹਨਾਂ। ਭਾਂਡੇ ਵਨ-ਸੁਵੱਨੜੇ ਘੜੇ ਉਸ ਨੇ, ਵੱਖੋ ਵੱਖਰੀ ਸ਼ਕਲ ਹਜ਼ਾਰ ਦੀ ਏ । ਕੱਦ ਬੁਤ ਹੋਰ ਮੁਹਾਂਦਰੇ ਅੱਡਰੇ ਨੇ, ਕਾਰੀਗਰੀ ਪਰ ਇਕੋ ਘੁਮਿਆਰ ਦੀ ਏ । ਭਾਂਤ ਭਾਂਤ ਦੇ ਵੇਖਦੈ ਬੱਲੇ ਦੀਵੇ, (ਪਰ) ਭੰਬਟ ਸਾਰਿਆਂ ਚੋਂ ਇਕੋ ਲੋ ਵਿੰਹਦੈ । ਰੰਗਾ ਰੰਗ ਦੇ ਫੁੱਲ ਨੇ ਟਹਿਣੀਆਂ ਤੇ, (ਪਰ) ਭੌਰਾ ਸਭਨਾਂ ਚੋਂ ਇਕ ਖ਼ੁਸ਼ਬੋ ਵਿੰਹਦੈ । ਲਗ ਕੇ ਝੱਖੜਾਂ ਦੇ ਆਖੇ ਲੜਨ ਛੱਲਾਂ, ਝੱਗੋ ਝੱਗ ਹੋਣੋ ਵੀ ਸ਼ਰਮਾਂਦੀਆਂ ਨਹੀਂ। ਘੜੀ ਬਾਦ ਪਰ ਪਾਣੀ ਦਾ ਰੂਪ ਹੋ ਕੇ, ਆਪੋ ਵਿਚ ਸੰਞਾਣੀਆਂ ਜਾਂਦੀਆਂ ਨਹੀਂ। ਜਿਹੜੀ ਟਹਿਣੀ ਤੇ ਉੱਗਦੇ ਫੁੱਲ ਨਾਜ਼ੁਕ, ਤਿੱਖੇ ਕੰਡੇ ਵੀ ਓਸੇ ਨੂੰ ਲੱਗਦੇ ਨੇ । ਕੋਝਾ ਜਾਣ ਕੇ ਕੰਡੇ ਨੂੰ ਤੋੜ ਵੇਖੋ; ਛਮ ਛਮ ਟਹਿਣੀ ਦੇ ਅੱਥਰੂ ਵੱਗਦੇ ਨੇ । ਲੱਖਾਂ ਲੂੰ ਸਰੀਰ ਚੋਂ ਫੁੱਟਦੇ ਨੇ, ਵੱਖੋ ਵੱਖਰਾ ਹਰ ਕੋਈ ਸ਼ੁਮਾਰ ਹੁੰਦੈ । ਇਕ ਵਾਲ ਚਾ ਤੋੜੀਏ ਸਾਰਿਆਂ ਚੋਂ, ਤਾਂ ਸਰੀਰ ਸਾਰਾ ਅਵਾਜ਼ਾਰ ਹੁੰਦੈ । ਦਿਲ ਦਾ ਮਾਂਜ ਸ਼ੀਸ਼ਾ ਜਿਸ ਨੇ ਸਾਫ਼ ਕੀਤਾ, ਪੜਦਾ ਦੂਈ ਵਾਲਾ ਜਿਸ ਨੇ ਪਾੜ ਲੀਤੈ । ਉਸ ਨੇ ਪਸ਼ੂ ਪੰਛੀ ਦੇ ਕਲਬੂਤ ਵਿਚ ਵੀ, ਵੱਸਦੇ ਹੋਏ ਹਰਜਾਈ ਨੂੰ ਤਾੜ੍ਹ ਲੀਤੈ । ਦਿਸ ਪਈ ਜੋਤ ਉਹਦੀ ਜਿਸ ਨੂੰ ਸਾਰਿਆਂ ਚੋਂ, ਉਹਦਾ ਕਿਸੇ ਦੇ ਨਾਲ ਵੀ ਵੈਰ ਕੋਈ ਨਹੀਂ । ਜਿਸ ਨੇ ਅਪਣਾ ਆਪ ਪਛਾਣਿਆ ਏਂ, ਉਹਦੇ ਵਾਸਤੇ ਜੱਗ ਤੇ ਗ਼ੈਰ ਕੋਈ ਨਹੀਂ । ਪੜਦਾ ਪੈ ਗਿਆ ਜਿਨ੍ਹਾਂ ਦੀ ਆਤਮਾ ਤੇ, ਸਰਬ ਸਾਂਝ ਜਹਾਨ ਦੀ ਜਾਣਦੇ ਨਹੀਂ। ਉਹਨਾਂ ਲਈ ਪ੍ਰਦੇਸ ਹੈ ਚੁੱਲ੍ਹ ਪਿੱਛੇ, ਕੋਲ ਬੈਠਿਆਂ ਯਾਰ ਪਛਾਣਦੇ ਨਹੀਂ। ਸਾਂਈਆਂ ਕਿਸੇ ਨੇ ਮਾਰਨਾ ਕੀ ਮੈਨੂੰ, ਲੰਘ ਗਿਆ ਹਾਂ ਮੌਤ ਦੀ ਹੱਦ ਵਿਚੋਂ । ਮੈਂ ਤੇ ਜ਼ਿੰਦਗੀ ਦਾ ਭੇਤ ਪਾ ਲਿਆ ਏ, ਏਸ ਮੌਤ ਮਰ ਜਾਣੀ ਦੀ ਗੱਦ ਵਿਚੋਂ । ਜਿਹੜੀ ਸ਼ਾਂਤੀ ਵੇਖ ਕੇ ਆਖਨਾ ਏਂ, (ਕਿ) ਜੇਰਾ ਏਸ ਮਜ਼ਲੂਮ ਦਾ ਲੱਸਣਾ ਏਂ। ਏਸੇ ਸ਼ਾਂਤੀ ਰਾਹ ਅਜ਼ਾਦੀਆਂ ਦਾ, ਵੇਖੀਂ ਲੱਖਾਂ ਗੁਲਾਮਾਂ ਨੂੰ ਦੱਸਣਾ ਏਂ। ਜਿਹੜੀ ਉਬਲਦੀ ਦੇਗ ਨੂੰ ਆਖਨਾ ਏਂ, (ਕਿ) ਇਸ ਉਤਸ਼ਾਹ ਗ਼ੁਲਾਮਾਂ ਦੇ ਮਾਰਨੇ ਨੇ । ਦੁਨੀਆ ਵੇਖੇਗੀ, ਏਸੇ ਹੀ ਸਬਰ ਇਕ ਦਿਨ, ਡੁੱਬੇ ਬੇੜੇ ਅਜ਼ਾਦੀ ਦੇ ਤਾਰਨੇ ਨੇ । ਰੱਤ ਡੋਹਲ ਕੇ ਉਸ ਸ਼ਹੀਦ ਜਿਹੜੀ, ਮੇਰੀ ਕੌਮ ਤਾਈਂ ਲਾਈਆਂ ਮਹਿੰਦੀਆਂ ਨੇ । ਸਦੀਆਂ ਹੋਈਆਂ ਇਤਿਹਾਸ ਦੇ ਪੰਨਿਆਂ ਤੋਂ, ਅਜੇ ਤੀਕ ਨਾ ਲਾਲੀਆਂ ਲਹਿੰਦੀਆਂ ਨੇ ।

ਸ਼ਹੀਦਾਂ ਦਾ ਸੁਲਤਾਨ

ਇਹ ਸੁਲਤਾਨ ਸ਼ਹੀਦਾਂ ਦੈ, ਜਿਦ੍ਹੇ ਅੱਗੇ, ਸੀਸ ਝੁੱਕ ਗਿਆ ਕਾਲ ਜਿਹੇ ਆਕੀਆਂ ਦਾ । ਜਿਦ੍ਹੀ ਨਿਗ੍ਹਾ 'ਚੋਂ ਮਸਤੀਆਂ ਲੈਣ ਆਇਆ, ਡੁਲਦਾ ਜਾਮ ਮੈਖ਼ਾਨੇ 'ਤੇ ਸਾਕੀਆਂ ਦਾ । ਜਿਸ ਨੇ ਚਿਖ਼ਾ ਚੜ੍ਹ ਕੇ ਫਿੱਕਾ ਕਰ ਦਿਤਾ, ਰੰਗ ਸ਼ਮ੍ਹਾ ਪਰਵਾਨੇ ਦੀ ਝਾਕੀਆਂ ਦਾ । ਜਿਸ ਨੇ ਖ਼ਿਲਅਤਾਂ ਵੰਡੀਆਂ ਰਾਜਿਆਂ ਨੂੰ, ਗੱਲ ਵਿਚ ਆਪ ਪਾ ਕੇ ਜਾਮਾਂ ਟਾਕੀਆਂ ਦਾ । ਤਵੀ ਲਾਲ ਕਰ ਕੇ, ਬਲਦੀ ਭੱਠੀਆਂ ਤੇ, ਇਹਦਾ ਤਖ਼ਤ ਬਣਵਾਇਆ ਜਾ ਰਿਹਾ ਏ । ਇਹਦੇ ਸੀਸ ਤੇ ਚੌਰ ਝੁਲਾਣ ਖ਼ਾਤਰ, ਰੇਤਾ ਗਰਮ ਕਰਵਾਇਆ ਜਾ ਰਿਹਾ ਏ। ਏਸ ਉਬਲਦੀ ਦੇਗ਼ ਦੇ ਵਿਚ ਆ ਕੇ, ਨਾਲ ਗੇਝ ਦੇ ਤਾਰੀਆਂ ਲਾਏਗਾ । ਮੱਥੇ ਲਿਸ਼ਕਣਾ ਰੱਤ ਦਾ ਤਿਲਕ ਲਾ ਕੇ, ਮਾਲਾ ਛਾਲਿਆਂ ਦੀ ਗੱਲ ਵਿਚ ਪਾਏਗਾ ਇਹ। ਜੋ ਕਸਾਈ ਬੈਠੇ ਖੱਲਾਂ ਗੰਢਦੇ ਨੇ, ਇਹਨਾਂ ਦੀਆਂ ਪੁਸ਼ਾਕਾਂ ਫਬਾਏਗਾ ਇਹ । ਸੋਨੇ ਰੰਗਲਾ ਧੂਪ ਦਾ ਛੱਤਰ ਲਾ ਕੇ, ਓਹਦੇ ਹੇਠ ਕਚਹਿਰੀ ਸਜਾਏਗਾ ਇਹ । ਈਸਾ ਅਤੇ ਮਨਸੂਰ ਤਬਰੇਜ਼ ਵਰਗੇ, ਕਈ ਨਾਂ ਸਰਕਾਰ ਨੇ ਬੋਲਣੇ ਨੇ । ਏਥੇ ਅਜ ਸ਼ਹੀਦਾਂ ਦੇ ਬਾਦਸ਼ਾਹ ਨੇ, ਮੌਤ ਜ਼ਿੰਦਗੀ ਦੇ ਭੇਤ ਖੋਲ੍ਹਣੇ ਨੇ ? ਏਥੇ ਸ਼ਮ੍ਹਾਂ ਦੇ ਉਤੇ ਪਰਵਾਨਿਆਂ ਨੂੰ, ਨਾਚ ਕਰਨ ਦੀ ਜਾਚ ਸਿਖਾਈ ਜਾਣੀ। ਘੜਿਓਂ ਬਿਨਾਂ ਝਨਾਂ ਵਿਚ ਸੋਹਣੀਆਂ ਨੂੰ, ਏਥੇ ਤਰਨ ਦੀ ਜਾਚ ਸਿਖਾਈ ਜਾਣੀ । ਤੱਪਦੀ ਰੇਤ ਤੇ ਖੋਜਦੀ ਸੱਸੀਆਂ ਨੂੰ, ਹੱਸ ਕੇ ਮਰਨ ਦੀ ਜਾਚ ਸਿਖਾਈ ਜਾਣੀ। ਕੰਢੇ ਰਾਵੀ ਦੇ ਤੜਫਦੀ ਮੱਛੀਆਂ ਨੂੰ, ਹੌਕੇ ਭਰਨ ਦੀ ਜਾਚ ਸਿਖਾਈ ਜਾਣੀ । ਜੀਵਨ ਲੋਭੀ ਸਿਕੰਦਰ ਨੂੰ ਦੱਸਣਾ ਨੇ, ਜੋ ਨਹੀਂ ਮਰ ਸਕਦਾ, ਉਹ ਨਹੀਂ ਜੀ ਸਕਦਾ। ਡਰਦਾ ਰਹੇ ਜੋ ਮੌਤ ਦੇ ਜਾਮ ਕੋਲੋਂ, ਉਹ ਨਹੀਂ ਆਬਿਹਯਾਤ ਵੀ ਪੀ ਸਕਦਾ । ਏਥੇ ਵਾਂਗ ਪੀਂਘਾਂ, ਝੂਟੇ ਦੇਣਗੀਆਂ, ਅੱਜ ਫ਼ਾਂਸੀਆਂ ਕਈ ਮਨਸੂਰ ਦੀਆਂ । ਮਿੱਟੀ ਅੱਜ ਕੋਹਤੂਰ ਨੇ ਭੋਰਨੀ ਏਂ, ਤੱਕ ਕੇ ਤੱਵੇ ਉੱਤੇ ਝਲਕਾਂ ਨੂਰ ਦੀਆਂ। ਅੱਜ ਨਰਗਸ ਨੂੰ ਨੀਂਦਰਾਂ ਔਣੀਆਂ ਨੇ, ਤੱਕ ਕੇ ਅੱਖੀਆਂ ਕਿਸੇ ਮਖ਼ਸੂਰ ਦੀਆਂ । ਇਹਨੂੰ ਵੇਖ ਤਰੇਲੀਆਂ ਲੁਕਣੀਆਂ ਨਹੀਂ, ਕੱਚੇ ਘੜੇ ਉਤੇ ਤਰਦੇ ਪੂਰ ਦੀਆਂ। ਇਮਤਿਹਾਨ ਸਿਰਲੱਥਾਂ ਦਾ ਹੋ ਰਿਹਾ ਏ, ਪਰਚੇ ਅੱਜ ਉਸਤਾਦ ਨੇ ਤੱਕਣੇ ਨੇ । ਦੀਨਾ ਬੰਧੂ ਨੇ, ਸਬਰ ਤੇ ਇਕ ਪਾਸੇ, ਪੜਦੇ ਜ਼ੁਲਮ ਤੇ ਜ਼ਬਰ ਦੇ ਢੱਕਣੇ ਨੇ । ਅੱਜ ਜਗਤ ਅੰਦਰ ਜ਼ਾਹਿਰ ਹੋਣੀਆਂ ਨੇ, ਸ਼ਾਨਾਂ ਉੱਚੀਆਂ ਏਸ ਸਰਕਾਰ ਦੀਆਂ । ਛਾਤੀ ਸਬਰ ਦੀ ਨੇ ਮੋੜ ਦੇਣੀਆਂ ਨੇ, ਧਾਰਾਂ ਤਿੱਖੀਆਂ ਜ਼ੁਲਮ ਤਲਵਾਰ ਦੀਆਂ। ਪੰਧ ਅੱਜ ਗ਼ੁਲਾਮੀ ਦਾ ਮੁੱਕ ਜਾਣੈ, ਪਈਆਂ ਮਨਜ਼ਲਾਂ ਬਾਹਾਂ ਉਲਾਰ ਦੀਆਂ। ਫੁੱਟ ਪਈ ਅੰਗੂਰੀ ਅਜ਼ਾਦੀਆਂ ਦੀ, ਅੱਜ ਤੋਂ ਲੱਗੀਆਂ ਤਾਂਘਾਂ ਬਹਾਰ ਦੀਆਂ । ਝੋਲੀ ਕੌਮ ਦੀ ਚਿਰਾਂ ਤੋਂ ਸੱਖਣੀ ਸੀ, ਅੱਜ ਨਾਲ ਕੁਰਬਾਨੀ ਦੇ ਭਰੀ ਜਾਣੀ । ਸਾਮਰਾਜ ਦਾ ਕਿਲ੍ਹਾ ਜਿਸ ਡੇਗਣਾ ਏਂ, ਅੱਜ ਉਸ ਸ਼ਾਂਤੀ ਦੀ ਨੀਂਹ ਧਰੀ ਜਾਣੀ ।” ਕੰਬ ਗਿਆ ਇਤਿਹਾਸ ਦਾ ਦਿਲ ਪੀਡਾ, ਜ਼ੁਲਮ ਦੀਆਂ ਹੈਰਾਨੀਆਂ ਵੇਖ ਕੇ ਤੇ । ਸੁੰਗੜ ਗਈ ਮਿਆਨ ਵਿਚ ਤੇਗ਼ ਬੁਢੀ, ਸਬਰ ਦੀਆਂ ਜਵਾਨੀਆਂ ਵੇਖ ਕੇ ਤੇ। ਬਲਦੀ ਅੱਗ ਨੇ ਬੁਲ੍ਹਾਂ ਤੇ ਜੀਭ ਫੇਰੀ, ਅੱਖਾਂ ਘੂਰ ਮਸਤਾਨੀਆਂ ਵੇਖ ਕੇ ਤੇ । ਲਿਆ ਉਬਲਦੀ ਦੇਗ਼ ਨੇ ਸਾਹ ਠੰਡਾ, ਪਰਲੋ ਦੀਆਂ ਨਜ਼ਾਨੀਆਂ ਵੇਖ ਕੇ ਤੇ। ਮੀਆਂ ਮੀਰ ਨੇ ਹਾਅ ਦਾ ਮਾਰ ਨਾਅਰਾ, ਕਿਹਾ, “ਬੂਰ ਉਮੈਦਾਂ ਦਾ ਝੜ ਰਿਹਾ ਏ । ਸੜਦਾ ਤੂੰ ਨਹੀਂ ਤੱਵੀ ਤੇ ਬੈਠਿਆ ਓਇ, ਇਹ ਮਜ਼ਲੂਮ ਦਾ ਹੌਸਲਾ ਸੜ ਰਿਹਾ ਏ।” ਦਾਤੇ ਕਹਿਆ, “ਨਹੀਂ ! ਨਿਰੀ ਇਹ ਤਵੀ ਤੱਪਦੀ, ਤਪ ਰਿਹਾ ਏ ਸਾਰੇ ਜਹਾਨ ਦਾ ਦਿਲ। ਭੜ ਭੜ ਨਿਕਲਨ ਮੁਆਤੜੇ ਜ਼ਿਮੀਂ ਵਿਚੋਂ, ਲੱਟ ਲੱਟ ਬਲ ਰਿਹਾ ਏ ਆਸਮਾਨ ਦਾ ਦਿਲ । ਗਿੱਲੇ ਸਾਗਰਾਂ ਚੋਂ ਲਾਂਬੂ ਪੈ ਉੱਠਣ, ਸ਼ੂ ਸ਼ੂ ਕਰ ਰਿਹੈ ਪਸ਼ੂ ਹੈਵਾਨ ਦਾ ਦਿਲ । ਜਦੋਂ ਤਪ ਰਿਹਾ ਹੋਵੇ ਨਿਰਦੋਸ਼ ਬੰਦਾ, ਕਿਉਂ ਨਾ ਤਪੇ ਫਿਰ ਦਸ ਭਗਵਾਨ ਦਾ ਦਿਲ । ਜਦ ਤਕ ਰਹੇਗੀ ਇਹ ਕਾਇਨਾਤ ਸੜਦੀ, ਕੋਈ ਗੱਲ ਇਨਸਾਨ ਨੂੰ ਸੁਝਣੀ ਨਹੀਂ। ਰਾਵੀ ਰੱਤ ਦੀ ਜਦੋਂ ਤੱਕ ਵਗੇਗੀ ਨਾ, ਤਦ ਤੱਕ ਅੱਗ ਜਹਾਨ ਦੀ ਬੁਝਣੀ ਨਹੀਂ ।" ਗੋਲੇ ਵਰ੍ਹੇ ਅਜਬ ਥੀਂ ਜਿਹੇ ਆ ਕੇ, ਹਰ ਇਕ ਜ਼ਿਮੀਂ ਅਸਮਾਨ ਦਾ ਥਾਂ ਸੜਿਆ। ਸੜ ਗਏ ਪਿਆਰ ਮੁਹੱਬਤ ਦੇ ਰੁਖ ਬੂਟੇ, ਤੇ ਇਖ਼ਲਾਕ ਦਾ ਪਿੰਡ ਗਰਾਂ ਸੜਿਆ। ਸੜ ਕੇ ਹੁਸਨ ਦਾ ਕਾਫ਼ਲਾ ਸ੍ਵਾਹ ਹੋਇਆ, ਭਰਿਆ ਇਸ਼ਕ ਦਾ ਸਾਰਾ ਝਨਾਂ ਸੜਿਆ । ਲੱਗੀ ਅੱਗ ਮਸੀਤਾਂ ਤੇ ਮੰਦਰਾਂ ਨੂੰ, ਛੋਈ ਵਾਂਗਰਾਂ ਰੱਬ ਦਾ ਨਾਂ ਸੜਿਆ । ਬੈਠਾ ਅਜੇ ‘ਕਰਤਾਰ' ਉਹ ਤੱਵੀ ਉਤੇ, ਉਹਨੇ ਦੇਗ ਵਿਚੋਂ ਪੈਰ ਕੱਢਿਆ ਨਹੀਂ। ਓਹਦੀ ਯਾਦ ਸੰਭਾਲ ਕੇ ਲੈ ਆਏ ਹਾਂ, (ਪਰ) ਡੇਰ੍ਹਾ ਸਾਹਿਬ ਵਾਲੇ ਡੇਰਾ ਛੱਡਿਆ ਨਹੀਂ।

ਇਤਿਹਾਸ ਬੋਲਿਆ

ਬਹਿ ਕੇ ਪੁਛੀਏ ਬੁਢੜੇ ਇਤਿਹਾਸ ਕੋਲੋਂ, ਗੱਲਾਂ ਬੜੀਆਂ ਪੁਰਾਣੀਆਂ ਦੱਸਦਾ ਏ । ਹੋ ਕੇ ਰੋਣਹਾਕਾ ਸਬਰ ਸਿਦਕ ਦੀਆਂ, ਬੜੀਆਂ ਪਲਚੀਆਂ ਤਾਣੀਆਂ ਦੱਸਦਾ ਏ । ਧਰਮ, ਅਦਲ, ਮਨੁੱਖਤਾ, ਇਖਲਾਕ ਦੀਆਂ, ਦਰਦਨਾਕ ਕਹਾਣੀਆਂ ਦੱਸਦਾ ਏ। ਕੱਲੇ ਕੱਲੇ ਮਜ਼ਲੂਮ ਦੀ ਜਿੰਦ ਉਤੇ, ਬੜੇ ਧੜੇ ਤੇ ਢਾਣੀਆਂ ਦੱਸਦਾ ਏ। ਚਾਨਣ ਕਰਨ ਲਈ ਨ੍ਹੇਰਿਆਂ ਰਾਹਾਂ ਉੱਤੇ, ਅੰਨ੍ਹੇ, ਨੂਰ ਨੂੰ ਨਾਰ ਤੋਂ ਵਾਰਦੇ ਰਹੇ । ਜੀਵਨ ਜੋਗਿਆਂ ਰੱਬ ਦੇ ਬੰਦਿਆਂ ਨੂੰ, ਬੰਦੇ ਰੱਬ ਦੇ ਨਾਂ ਤੇ ਮਾਰਦੇ ਰਹੇ। ਉਹ ਵੀ ਸਮਾਂ ਸੀ ਪਾਪ ਦੇ ਹੱਕ ਅੰਦਰ, ਜਗ ਦੇ ਸਾਰੇ ਵਿਧਾਨ ਕਾਨੂੰਨ ਹੋ ਗਏ । ਟੁੱਟ ਗਈ ਤਕੜੀ ਅਕਲ ਇਨਸਾਫ਼ ਵਾਲੀ, ਤੇ ਨਿਆਂ ਦੇ ਰਾਖੇ ਫ਼ਰਊਨ ਹੋ ਗਏ । ਭਾਈ ਭਾਈਆਂ ਦੀ ਜਾਨ ਦੇ ਬਣੇ ਵੈਰੀ, ਕਾਲੇ ਮੂੰਹ ਹੋ ਗਏ, ਚਿੱਟੇ ਖ਼ੂਨ ਹੋ ਗਏ । ਅਸਲਾ ਆਪਣਾ, ਮਜ਼੍ਹਬ ਤੇ ਸ਼ਰਮ ਭੁਲੇ, ਕੌੜੇ ਸ਼ਹਿਦ ਹੋ ਗਏ ਮਿੱਠੇ ਲੂਣ ਹੋ ਗਏ । ਦਸਦਾ ਏ ਗਲ ਤ੍ਰਿਆਕਲਾਂ ਵਾਂਗ ਭਾਵੇਂ, ਪੱਥਰ ਦਿਲ ਇਤਿਹਾਸ ਪਰ ਫਿਸ ਪੈਂਦੈ। ਅੱਖਾਂ ਉਹਦੀਆਂ ਦੇ ਅੰਦਰ ਨੀਰ ਤੇ ਨਹੀਂ, (ਪਰ) ਖੂਨ ਉਹਦਿਆਂ ਨੈਣਾਂ 'ਚੋਂ ਚੋ ਪੈਂਦੈ । ਕਰਦੈ ਜਦੋਂ ਖੰਘੂਰ ਕੇ ਗੱਲ ਬੁਢੜਾ, ਧੜ ਧੜ ਛਾਤੀ ਮਜ਼ਲੂਮ ਦੀ ਧੜਕਦੀ ਏ । ਸੁਣ, ਇੰਜ ਕਲੀਆਂ ਚੀਸ ਵੱਟਦੀਆਂ ਨੇ, ਜਿਵੇਂ ਸੂਲ ਕਲੇਜੜੇ ਵਿਚ ਰੜਕਦੀ ਏ । ਇੰਜ ਨ੍ਹੇਰਨੀ ਆਉਂਦੀ ਏ ਘੁਗੀਆਂ ਨੂੰ, ਜਿਵੇਂ ਆਹਲਣੇ ਤੇ ਬਿਜਲੀ ਕੜਕਦੀ ਏ । ਇੰਜ ਮੱਛੀਆਂ ਰਾਵੀ 'ਚੋਂ ਵਿੰਹਦੀਆਂ ਨੇ, ਜਿਵੇਂ ਕੰਢਿਆਂ ਤੇ ਅੱਗ ਭੜਕਦੀ ਏ । ਸੁਣ ਕੇ ਗੱਲ ਮਨੁੱਖਤਾ ਅਜੇ ਤੀਕਰ, ਇੰਜ ਸਹਿਮਦੀ, ਤ੍ਰਭਕਦੀ, ਝੱਕਦੀ ਏ । ਸੁਣ ਕੇ ਨਾਂ ਦੁਸ਼ਾਸਨ ਦਾ ਦਰੋਪਦੀ ਜਿਉਂ, ਹੁਣ ਵੀ ਅੰਬਰੋਂ ਕੰਬ ਕੇ ਤੱਕਦੀ ਏ । ਕਹਿੰਦੈ, ਅੱਖਾਂ ਨੇ ਕਈ ਪਤੰਗਿਆਂ ਨੂੰ, ਉਂਜ ਤੇ ਲਾਟ ' ਤੇ ਸੜਦਿਆਂ ਵੇਖਿਆ ਏ । ਮੈਂ ਕਈ ਵੇਰ ਚੁੱਪ ਕੀਤਿਆਂ ਗ਼ੁੰਚਿਆਂ ਨੂੰ, ਦੇਗਾਂ ਵਿਚ ਵੀ ਕੜ੍ਹਦਿਆਂ ਵੇਖਿਆ ਏ । ਸੜਦੀ ਰੇਤ ਤੇ ਕਈਆਂ ਨਮਾਜ਼ੀਆਂ ਨੂੰ, ਕਲਮਾ ਯਾਰ ਦਾ ਪੜ੍ਹਦਿਆਂ ਵੇਖਿਆ ਏ । ਪਰ ਮੈਂ ਕੀ ਦੱਸਾਂ ਅਰਜਨ ਗੁਰੂ ਤਾਂਈਂ, ਕਿੱਦਾਂ ਚਿਖਾ ਤੇ ਚੜ੍ਹਦਿਆਂ ਵੇਖਿਆ ਏ । ਚੋਏ ਚਰਬੀ ਦੇ ਤਿੜਕਦੀ ਖੋਪਰੀ 'ਚੋਂ, ਦਾੜ੍ਹੀ ਵਿਚ ਸਣ ਇਸਤਰ੍ਹਾਂ ਲਟਕ ਜਾਂਦੇ । ਜਿਵੇਂ ਹਿੱਲਦੇ ਹਰਮੰਦਰ ਦੇ ਚੌਰ ਉੱਤੇ, ਫੁਲ ਮੋਤੀਏ ਦੇ ਆ ਕੇ ਅਟਕ ਜਾਂਦੇ । ਤਰਦੈ ਜਿਵੇਂ ਸਰੋਵਰ ਵਿਚ ਹਰੀਮੰਦਰ, ਹਰਿ ਦਾ ਰੂਪ ਇੰਜ ਦੇਗ ਵਿਚ ਤਰ ਰਿਹਾ ਸੀ। ਚਮਕੇ ਕਲਸ ਜਿਉਂ ਕਿਰਨਾਂ ਦੇ ਡੰਗ ਸਹਿ ਸਹਿ, ਕੜਛੇ ਰੇਤ ਦੇ ਇਸ ਤਰ੍ਹਾਂ ਜਰ ਰਿਹਾ ਸੀ। ਦੀਵਾ ਆਪ ਬਲਕੇ ਜਿਵੇਂ ਲੋ ਦੇਂਦੈ, ਸੜਕੇ ਇਸ ਤਰ੍ਹਾਂ ਚਾਨਣਾ ਕਰ ਰਿਹਾ ਸੀ। ਵਿੰਹਦਾ ਰਿਹਾ ਬੇਕਿਰਕ ਸੰਸਾਰ ਬਿਟ ਬਿਟ, ਸਬਰ ਜਿੱਤਦਾ ਤੇ ਜਬਰ ਹਰ ਰਿਹਾ ਸੀ। ਗਰਕੀ ਪਈ ਪਰ ਜਿਹੀ ਮਨੁੱਖਤਾ ਨੂੰ, ਕੋਈ ਮਨੁੱਖ ਉਭਾਸਰ ਕੇ ਬੋਲਿਆ ਨਾ। ਮੀਆਂ ਮੀਰ ਫ਼ਕੀਰ ਦੀ ਅੱਖ ਬਾਝੋਂ, ਹੰਝੂ ਕਿਸੇ ਨਦੀਦੇ ਨੇ ਡੋਲ੍ਹਿਆ ਨਾ। ਰੋਂਦਾ ਵੇਖਕੇ ਸਾਂਈ ਨੂੰ ਕਹਿਣ ਲੱਗਾ, ਕਾਂਗ ਜ਼ੁਲਮ ਦੇ ਨੂੰ ਬੋਲ ਲੈਣ ਦਈਏ । ਰੋਜ਼ ਜ਼ਿੰਦਗੀ ਨਹੀਂ ਉਚੇਚ ਕਰਦੀ, ਭਰਮ ਮੌਤ ਨੂੰ ਵੀ ਖੋਲ੍ਹ ਲੈਣ ਦਈਏ । ਗੁਮਰ ਨਿਕਲ ਲਏ ਜਬਰ ਦੀ ਤੱਕੜੀ ਦਾ, (ਉਹਨੂੰ) ਪਰਬਤ ਸਬਰ ਦਾ ਵੀ ਤੋਲ ਲੈਣ ਦਈਏ । ਉਘੜ ਜਾਣਗੇ ਖਿਜ਼ਾਂ ਦੇ ਪਾਜ ਆਪੇ, ਹੱਸਦੇ ਫੁਲ ਉਹਨੂੰ ਰੋਲ ਲੈਣ ਦਈਏ। ਜੇਕਰ ਭਲਾ ਬਗ਼ੀਚੇ ਦਾ ਲੋੜਨਾ ਏਂ, ਝੁਲ ਲੈਣ ਦੇ ਝੱਖੜ ਬਰਬਾਦੀਆਂ ਦੇ । ਕਾਹਦਾ ਪਤਾ ਏ ਇਨ੍ਹਾਂ ਹਨੇਰਿਆਂ ਹੀ, ਖੋਲ੍ਹ ਦੇਣੇ ਨੇ ਰਾਹ ਆਜ਼ਾਦੀਆਂ ਦੇ । ਕਿਹੜੀ ਗੱਲ ਉੱਤੇ ਤਾਰੇ ਗਿਣਨ ਲੱਗੋਂ, ਰਾਤ ਰਹਿ ਗਈ ਅੱਧ ਕੁ ਪਹਿਰ ਸਾਂਈਆਂ। ਢਹਿ ਜਾਣ ਦੇ ਜ਼ੁਲਮ ਦੇ ਕੰਢਿਆਂ ਨੂੰ, ਆਈ ਹੋਈ ਆ ਇਸ਼ਕ ਨੂੰ ਲਹਿਰ ਸਾਂਈਆਂ। ਸਾਰੇ ਸਰਾਂ ਨੂੰ ਮਤਾਂ ਹੰਗਾਲ ਸੁੱਟੇ, ਦੇਗ ਵਿਚ ਹੀ ਖੁਰਨ ਦੇ ਜ਼ਹਿਰ ਸਾਈਆਂ। ਖੌਰੇ ਮੇਰੇ ਇੱਕਲੇ ਦਾ ਸੀਸ ਵਿਕ ਕੇ, ਜਾਏ ਭਾਹ ਆਜ਼ਾਦੀ ਦੀ ਠਹਿਰ ਸਾਂਈਆਂ। ਅਜੇ ਸਹਿਮੀਆਂ ਕਲੀਆਂ ਕਸ਼ਮੀਰ ਦੀਆਂ, ਹਾਸੇ ਫੁੱਲਾਂ ਦੇ ਉਨ੍ਹਾਂ ਤੋਂ ਵਾਰਨੇ ਨੇ । ਜੇ ਨਾ ਦੇਗ ਵਿਚ ਤਰਨ ਦੀ ਜਾਚ ਆਈ, ਕਿਵੇਂ ਬੇੜੇ ਆਜ਼ਾਦੀ ਦੇ ਤਾਰਨੇ ਨੇ । ਜਦ ਵੀ ਪੁਛੀਏ ਸਾਊ ਇਤਿਹਾਸ ਕੋਲੋਂ, ਏਸੇ ਤਰ੍ਹਾਂ ਨਿਝਕ ਹੋ ਬੋਲਦਾ ਏ। ਫੋਲ ਫੋਲ ਕੇ ਯਾਦਾਂ ਦੇ ਪੱਤਰੇ ਉਹ, ਮੇਰੇ ਵਤਨ ਦੀਆਂ, ਪੀੜਾਂ ਫੋਲਦਾ ਏ । ਇਸ਼ਕ ਭੌਰਿਆਂ ਅਤੇ ਪਤੰਗਿਆਂ ਦਾ, ਇਨ੍ਹਾਂ ਸਿਦਕੀਆਂ ਦੇ ਸਿਰ ਤੋਂ ਘੋਲਦਾ ਏ । ਲੱਖਾਂ ਕਾਂਗਾਂ ਤੂਫ਼ਾਨਾਂ ਦੀ ਗੱਲ ਕਰਦਾ, ਪੱਥਰਚਿਤ ਇਤਿਹਾਸ ਦਾ ਡੋਲਦਾ ਏ ਪਰ ਇਹ ਕਥਾ ਦੱਸਦਾ, ਰੁਕ ਕੇ ਆਖਦਾ ਏ, ਦਿਲ ਵਿਚ ਦਰਦ ਮੇਰੇ ਹਾਲੇ ਪਏ ਹੋਏ ਨੇ। ਕਵੀਆ ! ਫੇਰ ਪੁੱਛੀਂ, ਹਾਲੇ ਛੱਡ ਖਹਿੜਾ, ਮੇਰੀ ਜੀਭ ਉੱਤੇ ਛਾਲੇ ਪਏ ਹੋਏ ਨੇ ।

ਮੀਰੀਆਂ ਪੀਰੀਆਂ ਵਾਲਾ

ਬਾਬੇ ਬੁੱਢੇ ਨੇ ਗੰਢੇ ਨੂੰ ਮਾਰ ਮੁੱਕੀ, ਕਿਹਾ, “ਜੱਗ ਤੇ ਪੈਦਾ ਜੁਆਨ ਹੋਸੀ । ਮੂਰਤ ਅਦਲ ਦੀ ਤੇ ਪੁਤਲਾ ਬੀਰਤਾ ਦਾ, ਧਨੀ ਤੇਗ਼, ਦਾ, ਮਰਦ ਮੈਦਾਨ ਹੋਸੀ। ਦਿਲ ਦਾ ਮੋਮ ਤੇ ਪੱਥਰ ਇਰਾਦਿਆਂ ਦਾ, ਪਰਬਤ ਇਲਮ ਦਾ, ਅਮਲ ਦੀ ਖਾਨ ਹੋਸੀ। ਸਬਰ ਵਿਚ ਸੀ ਪਿਤਾ ਜਮੀਨ ਜੇਕਰ, ਪੁਤਰ ਹੌਂਸਲੇ ਵਿਚ ਅਸਮਾਨ ਹੋਸੀ । ਮੀਰੀ ਪੀਰੀ ਨਿਵਾਜ ਕੇ ਜੱਗ ਉਤੇ, ਤੇਗ਼ਾਂ ਦੋ ਮਿਆਨ ਵਿੱਚ ਪਾਏਗਾ ਉਹ । ਦੁਨੀਆ ਵੇਖੇਗੀ ਸ਼ੇਰ ਤੇ ਬੱਕਰੀ ਨੂੰ, ਇੱਕ ਘਾਟ 'ਤੇ ਪਾਣੀ ਪਿਲਾਏਗਾ ਉਹ । ਲੱਗਾ ਫਲ ਬਖਸ਼ਿੰਦ ਦੇ ਵਾਕ ਤਾਈਂ, ਪੈਦਾ ਸੂਰਮਾ ਹੋਇਆ ਉਹ ਹਿੰਦ ਅੰਦਰ । ਸੂਝ ਪਵਨ ਦੀ ਤੇ ਜੋਸ਼ ਝਖੜਾਂ ਦਾ, ਗ਼ਜ਼ਬ ਸ਼ੇਰ ਦਾ ਸੀ ਜਿਦ੍ਹੀ ਕਿੰਦ ਅੰਦਰ । ਉਹਦੇ ਜੀਣ ਨਾਲ ਬੀਰਤਾ ਜੀਊਂਦੀ ਸੀ, ਉਹਦੀ ਜਾਨ ਮਜ਼ਲੂਮ ਦੀ ਜਿੰਦ ਅੰਦਰ । ਊਹੋ ਸ਼ਾਂਤੀ ਹੀ ਅਰਜਨ ਦੇਵ ਵਾਲੀ, ਡਲ੍ਹਕਾਂ ਮਾਰਦੀ ਸੀ ਹਰਗੋਬਿੰਦ ਅੰਦਰ । ਉਹ ਅਨਮੁੱਲੜਾ ਜੱਗ ਨੂੰ ਰਤਨ ਮਿਲਿਆ, ਗੰਗਾ ਮਾਤਾ ਦੀ ਇੱਕੋ ਹੀ ਲਹਿਰ ਵਿਚੋਂ । ਬੱਤੀ ਖੋਜ ਦੀ ਲੈ ਕੇ ਪਏ ਫਿਰੀਏ, ਲੱਭਦਾ ਨਹੀਂ ਇਤਿਹਾਸ ਦੇ ਸ਼ਹਿਰ ਵਿਚੋਂ । ਖ਼ੈਰ ਲੈਣ ਇਕਬਾਲ ਦੀ ਔਣ ਲੱਗੇ, ਜਹਾਂਗੀਰ ਵਰਗੇ ਇਸ ਫ਼ਕੀਰ ਕੋਲੋਂ । ਦਾਤ ਫਕਰ ਦੀ ਲੈਣ ਲਈ ਸਾਧ ਸੁਥਰੇ, ਆ ਗਏ ਏਸ ਰਾਜੇ ਆਲਮਗੀਰ ਕੋਲੋਂ । ਜ਼ਾਲਮ ਹੈਂਕੜੀ ਝੁਕੇ ਕਮਾਨ ਵਾਂਗੂੰ, ਇਸ ਅਹਿੰਸਾ ਪੁਜਾਰੀ ਦੇ ਤੀਰ ਕੋਲੋਂ । ਸਿਖਿਆ ਲੱਖਾਂ ਗ਼ੁਲਾਮਾਂ ਆਜ਼ਾਦ ਹੋਣਾ, ਇਹਦੇ ਪਿਆਰ ਦੀ ਪੱਕੀ ਜ਼ੰਜੀਰ ਕੋਲੋਂ । ਵਲ ਮੁਸਕਾਣ ਦਾ ਉਹਦੀ ਗੰਭੀਰਤਾ ਤੋਂ, ਸਿਖ ਸਿਖ ਕੇ ਕਲੀਆਂ ਦੇ ਫੁਲ ਹੋ ਗਏ । ਉਹਦੇ ਘੋੜੇ ਦੀ ਖੁਰੀ ਦੇ ਨਾਲ ਲੱਗ ਕੇ, ਵੱਟੇ ਰਾਹਾਂ ਦੇ ਲਾਲ ਅਨਮੁੱਲ ਹੋ ਗਏ । ਰਾਜੇ ਮਾਨ ਵਿਚ ਆਏ ਤਾਂ ਸਿਧ ਕੀਤੇ, ਜੇ ਉਹ ਕੈਦ ਹੋਏ ਤਾਂ ਛੁਡਾਣ ਵੀ ਗਿਆ । ਦਰਸ਼ਨ ਭਗਤਾਂ ਨੇ ਮੰਗੇ ਤਾਂ ਮੰਨਿਆ ਨਾ, ਜੇ ਉਹ ਰੁੱਸੇ ਤੇ ਫੇਰ ਮਨਾਣ ਵੀ ਗਿਆ । ਗਆ ਮਿਲਣ ਫ਼ਕੀਰਾਂ ਨੂੰ ਸਾਧ ਬਣ ਕੇ, ਹਾਕਮ ਕੋਲ ਬਣ ਕੇ ਹੁਕਮਰਾਨ ਵੀ ਗਿਆ । ਘਰੀਂ ਕਈਆਂ ਨੂੰ ਸਰੋ ਪਾ ਦੇਣ ਵੀ ਗਿਆ, ਭਾਗ ਭਰੀ ਤੋਂ ਚੋਲਾ ਪਵਾਣ ਵੀ ਗਿਆ । ਕਿੱਲਾ ਟਾਹਲੀ ਦਾ ਠੋਕ ਕੇ ਹਰਾ ਕੀਤਾ, ਏਸ ਮਾਲੀ ਕਸ਼ਮੀਰ ਦੀ ਜੂਹ ਦੇ ਕੋਲ। ਤਾਲ ਸਿਦਕ ਦਾ ਪੁਟਿਆ ਮਾਰ ਨੇਜ਼ਾ, ਏਸ ਪੂਰਨ ਨੇ ਪੂਰਨ ਦੇ ਖੂਹ ਦੇ ਕੋਲ। ਸਾਮਰਾਜ ਦੀਆਂ ਨੀਂਹਾਂ ਪੱਕੀਆਂ ਨੂੰ, ਇਨਕਲਾਬ ਬਣ ਕੇ ਉਹ ਉਥੱਲਦਾ ਰਿਹਾ। ਨੌਕਰ ਸ਼ਾਹੀ ਦੇ ਹੈਦਰੀ ਲਸ਼ਕਰਾਂ 'ਚ, ਠਲ੍ਹਾਂ ਪਾਂਵਦਾ ਰਿਹਾ ਤੇ ਠਲ੍ਹਦਾ ਰਿਹਾ । ਬੂਹੇ ਆਇਆ ਸਵਾਲੀ ਨਾ ਗਿਆ ਖਾਲੀ, ਸਗੋਂ ਪਿਛੋਂ ਵੀ ਦਾਤਾਂ ਇਹ ਘਲਦਾ ਰਿਹਾ । ਆਪੀਂ ਸੀਸ ਤੇ ਛੱਤਰ ਝੁਲੌਣ ਵਾਲਾ, ਸਿੱਖਾਂ ਝੱਲਿਆਂ ਨੂੰ ਪੱਖਾ ਝੱਲਦਾ ਰਿਹਾ । ਕੌਲ ਸਿੱਖ ਦਾ ਕਿਸ ਤਰ੍ਹਾਂ ਪਾਲਦਾ ਸੀ, ਕੌਲਾਂ ਮਾਈ ਦਾ ਕੌਲਸਰ ਤਾਲ ਦਸਦੈ । ਨਕਸ਼ੇ ਉਹਦੀਆਂ ਸ਼ਾਨਾਂ ਤੇ ਅਜ਼ਮਤਾਂ ਦੇ, ਅਜੇ ਤੀਕਰਾਂ ਤਖ਼ਤ ਅਕਾਲ ਦਸਦੈ । ਉਸ ਨੇ ਮਸਤੀਆਂ ਵੰਡੀਆਂ ਉਮਰ ਸਾਰੀ, ਮਿਲਿਆ ਇਹਦੇ ਮੈ-ਖ਼ਾਨੇ 'ਚੋਂ ਜਾਮ ਜਿਹਨੂੰ । ਨਾਮ ਵਰੀ ਛਡੀ ਤੇ ਗੁਮਨਾਮ ਹੋਇਆ, ਲੱਭਾ ਹਰੀ ਗੋਬਿੰਦ ਦਾ ਨਾਮ ਜਿਹਨੂੰ । ਉਹਦੇ ਕਦਮਾਂ ਤੇ ਡਿੱਗੀਆਂ ਬਾਦਸ਼ਾਹੀਆਂ, ਇਸ ਦਰਵੇਸ਼ ਦਾ ਮਿਲਿਆ ਗ਼ੁਲਾਮ ਜਿਹਨੂੰ । ਫਿਰਨ ਰਿਧੀਆਂ ਸਿੱਧੀਆਂ ਮਗਰ ਉਹਦੇ, ਸੇਵਾ ਏਸ ਦੀ ਮਿਲੀ ਨਿਸ਼ਕਾਮ ਜਿਹਨੂੰ । ਪੱਲ ਵਿਚ ਬਦਲਨੇ ਭਾਗ ਸੁਲੱਖਣੀ ਦੇ, ਹੈਸਨ ਸ਼ਕਤੀਆਂ ਇਹਦਿਆਂ ਘੋੜਿਆਂ ਚਿ । ਉਹਨੂੰ ਮਿਲੇ ‘ਕਰਤਾਰ' ਬੈਕੁੰਠ ਲੱਖਾਂ, ਜਿਸ ਨੂੰ ਜਗ੍ਹਾ ਮਿਲ ਗਈ ਇਹਦੇ ਜੋੜਿਆਂ ਚਿ ।

ਰਾਖਾ ਕਸ਼ਮੀਰ ਦਾ

ਆ ਕੇ ਪੰਡਤ ਕਸ਼ਮੀਰ ਦੇ ਕਹਿਣ ਲਗੇ :- "ਕੁਝ ਵੀ ਸਰੇ ਨਾ ਦਾਤਾ ਜ਼ਬਾਨ ਵਿਚੋਂ । ਜਾਪੇ ਇੰਜ, ਮਨੁੱਖਤਾ ਉੱਡ ਗਈ ਏ, ਲਾ ਕੇ ਖੰਭ ਤੇਰੇ ਹਿੰਦੁਸਤਾਨ ਵਿਚੋਂ । ਜੀਵਨ ਵਿਚ ਬੱਸ ਕੀਰਨੇ ਰਹਿ ਗਏ ਨੇ, ਮਾੜਾ ਧੱਕਿਆ ਗਿਆ ਜਹਾਨ ਵਿਚੋਂ। ਪੈਰਾਂ ਹੇਠੋਂ ਜ਼ਮੀਨ ਪਈ ਡੰਗ ਮਾਰੇ, ਉਤੋਂ ਡਿੱਗਦੀ ਅੱਗ ਅਸਮਾਨ ਵਿਚੋਂ । ਹਾਹਾਕਾਰ ਮੱਚੀ ਤੇ ਹਨ੍ਹੇਰ ਛਾਇਆ, ਦੁੱ ਖੀ ਜੱਨਤਾ ਵਾਸਤੇ ਪਾ ਰਹੀ ਏ । ਕਿਸੇ ਤਰ੍ਹਾਂ ਮੁਹਾਣਿਆ ! ਪਾਰ ਲਾ ਦੇ, ਬੇੜੀ ਧਰਮ ਦੀ ਡੁੱਬਦੀ ਜਾ ਰਹੀ ਏ ।" ਦਰਦ ਭਰੀ ਦੁਖਿਆਰ ਦੀ ਕਥਾ ਸੁਣ ਕੇ, ਅੱਖਾਂ ਗਿੱਲੀਆਂ ਹੋਈਆਂ ਹਜ਼ੂਰ ਦੀਆਂ । ਚੋਖਾ ਚਿਰ ਤੀਕਰ ਊਂਧੀ ਪਾਈ ਰੱਖੀ, ਅਤੇ ਸੋਚ ਲਈਆਂ ਸੋਚਾਂ ਦੂਰ ਦੀਆਂ । ਕੰਢੇ ਬੈਠ ਕੇ ਹੋਰ ਨਾ ਵੇਖ ਸਕੇ, ਇਹ ਮਾਯੂਸੀਆਂ ਡੁੱਬਦੇ ਪੂਰ ਦੀਆਂ । ਮੂੰਹ ਤੇ ਵੇਖ ਕੇ ਸ਼ਾਨ ਇਰਾਦਿਆਂ ਦੀ, ਗਈਆਂ ਸੂਲੀਆਂ ਡੋਲ੍ਹ ਮਨਸੂਰ ਦੀਆਂ । ਆ ਗਈ ਝੁਣਝੁਣੀ ਧਰਮ ਦੇ ਧੌਲ ਤਾਈਂ, ਪ੍ਰਿਥਵੀ ਉਹਦਿਆਂ ਸਿੰਗਾਂ ਤੋਂ ਹੱਲ ਪਈ । ਹੌਕੇ ਨਿਕਲ ਗਏ ਕਾਲਿਆਂ ਅੰਬਰਾਂ ਦੇ, ਠੰਡੀ 'ਵਾ ਕਸ਼ਮੀਰ ਵਿਚ ਚਲ ਪਈ । ਤਾਈਏਂ, ਕਿਤੋਂ ਸਵਾਰੀਆਂ ਆ ਗਈਆਂ, ਮੇਰੇ ਕਲਗੀਆਂ ਵਾਲੇ ਸੁਲਤਾਨ ਦੀਆਂ । ਛੋਟੀ ਉਮਰ, ਪਰ ਜਾਪਦੇ ਦੂਰ ਦਾਈਏ, ਨਾਲ ਫ਼ੌਜਾਂ ਤੇ ਪਲਟਨਾਂ ਸ਼ਾਨ ਦੀਆਂ। ਨਾਗ ਤੀਰਾਂ ਦੇ ਕੀਲ ਕੇ ਜੁਟ ਕੀਤੇ, ਖਿਚ ਕੇ ਰਖੀਆਂ ਤੰਦਾਂ ਕਮਾਨ ਦੀਆਂ। ਸੁੱਟੇ ਝੱਗ ਮਿਆਨ ਚੋਂ ਤੇਗ਼ ਹਲਕੀ, ਹੱਸਣ ਕੋਲ ਆਸਾਂ ਹਿੰਦੁਸਤਾਨ ਦੀਆਂ । ਅੱਖਾਂ ਵਿਚ ਮਸਤੀ, ਨੂਰ ਮੁੱਖੜੇ ਤੇ, ਦਿਲ ਵਿਚ ਦਰਦ ਦੀ ਪੰਡ ਸੀ ਧਰੀ ਹੋਈ । ਗੱਲ ਗੱਲ ਅੰਦਰ ਇੰਜ ਜਾਪਦਾ ਸੀ, ਕੁੱਟ ਕੁੱਟ ਫ਼ਿਲਾਸਫ਼ੀ ਭਰੀ ਹੋਈ । ਬਹਿ ਗਏ ਆਉਂਦੇ ਪਿਤਾ ਦੀ ਗੋਦ ਅੰਦਰ, ਲੱਗੇ ਕਹਿਣ, “ਦਾਤਾ ਕੀ ਵਿਚਾਰਦੇ ਹੋ। ਪੈ ਕੇ ਸੋਚ ਦੇ ਡੂੰਘੇ ਸਮੁੰਦਰਾਂ 'ਚ, ਕਿਦ੍ਹੀਆਂ ਡੱਬੀਆਂ ਬੇੜੀਆਂ ਤਾਰਦੇ ਹੋ । ਪੁੱਟ ਕੇ ਡੂੰਘੀ ਦਲੀਲਾਂ ਦੀ ਨੀਂਹ ਏਡੀ, ਕਿਦ੍ਹੇ ਲਈ ਪਏ ਮਹਿਲ ਉਸਾਰਦੇ ਹੋ । ਖੋਤ ਖੋਤ ਕੇ ਤੀਲਿਆਂ ਨਾਲ ਜੀਵੀਂ, ਕਿਦ੍ਹੀਆਂ ਵਿਗੜੀਆਂ ਪਏ ਸਵਾਰਦੇ ਹੋ । ਕੋਈ ਬੜੀ ਮੁਹਿੰਮ ਏ ਪਈ ਹੋਈ, ਦੱਸ ਰਹੀ ਮੈਨੂੰ ਬਿਰਤੀ ਆਪ ਦੀ ਏ । ਲਾਲੀ ਨਹੀਂ ਹਜ਼ੂਰ ਦੀ ਅੱਖੀਆਂ 'ਚ, ਰੱਤ ਕਿਸੇ ਨਿਰਦੋਸ਼ ਦੀ ਜਾਪਦੀ ਏ ।" ਪਿਤਾ ਕਹਿਆ “ਚੰਨਾ, ਕਈ ਨਿਰਦੋਸ਼ੀਆਂ ਦੀ, ਮੈਂ ਤਕਸੀਰ ਮਿਟਾਣ ਦੀ ਸੋਚਦਾ ਹਾਂ । ਖਿੱਚੀ ਗਈ ਜੋ ਉੱਚਿਆਂ ਨੀਂਵਿਆਂ 'ਚ, ਉਹ ਲਕੀਰ ਮਿਟਾਣ ਦੀ ਸੋਚਦਾ ਹਾਂ । ਜਿਸ ਦੇ ਨਾਲ ਬੱਧੈ ਭਾਰਤ ਦੇਸ਼ ਮੇਰਾ, ਉਹ ਜ਼ੰਜੀਰ ਮਿਟਾਣ ਦੀ ਸੋਚਦਾ ਹਾਂ । ਕੋਈ ਕਸ਼ਮੀਰ ਮਿਟਾਣ ਦੀ ਸੋਚਦਾ ਏ, ਮੈਂ ਤਕਦੀਰ ਮਿਟਾਣ ਦੀ ਸੋਚਦਾ ਹਾਂ । ਮੇਰੇ ਲਾਲ ਇਸ ਡਿੱਗੇ ਹੋਏ ਦੇਸ਼ ਉਤੋਂ, ਤਦ ਇਹ ਭਾਰ ਗ਼ੁਲਾਮੀ ਦਾ ਲਾਹੀਦਾ ਏ। ਇਹਦੇ ਵਾਸਤੇ ਕਿਸੇ ਮਰਜੀਵੜੇ ਤੇ, ਧਰਮ ਆਤਮਾ ਦਾ ਸੀਸ ਚਾਹੀਦਾ ਏ ।" ਸੁਣੀ ਗੱਲ ਮੇਰੇ ਰਮਜ਼ੀ ਬਾਦਸ਼ਾਹ ਨੇ, ਪਿਤਾ ਨਾਲ ਗਲਵਕੜੀ ਲਾਂਵਦਾ ਏ । ਅੱਖਾਂ ਵਿਚ ਅੱਖਾਂ ਪਾ ਕੇ ਤੱਕਦਾ ਏ, ਨੈਣਾਂ ਨਾਲ ਬੁਝਾਰਤਾਂ ਪਾਂਵਦਾ ਏ । ਨਿਗ੍ਹਾ ਮਾਰ ਕੇ ਤੀਰ ਤਲਵਾਰ ਉਤੇ, ਭੋਲੇ ਭਾ ਮੁੜ ਇੰਜ ਫ਼ਰਮਾਂਵਦਾ ਏ :- “ਘਰ ਵਿਚ ਦੌਲਤਾਂ ਹੋਣ ਜੇ ਪਿਤਾ ਮੇਰੇ, ਫੇਰ ਬਾਹਰ ਢੂੰਡਣ ਕੌਣ ਜਾਂਵਦਾ ਏ । ਇਸ ਵਿਚ ਸੋਚ ਵਿਚਾਰ ਦੀ ਗੱਲ ਕਿਹੜੀ, ਇਹ ਸੰਤੁਸ਼ਟ ਹੋ ਕੇ ਕਹਿੰਦੀ ਆਤਮਾ ਏਂ । ਮੇਰੇ ਪਿਤਾ ਮੈਂ ਸੋਚ ਨਹੀਂ ਸਕਿਆ ਹਾਂ, ਵੱਡਾ ਤੇਰੇ ਤੋਂ ਕੌਣ ਧਰਮਾਤਮਾ ਏਂ।' ਸੁਣੀ ਗੱਲ ਜਾਂ ਪਿਤਾ ਪਰਮਾਤਮਾਂ ਨੇ, ਲਾਇਆ ਹਿੱਕ ਨਾਲ ਪੁਤ ਭਗਵਾਨ ਤਾਈਂ। ਸਿਰ ਤੇ ਫੇਰ ਕੇ ਹੱਥ ਪਿਆਰ ਕੀਤਾ, ਅਤੇ ਚੁੰਮ ਕੇ ਕਹਿਆ ਕਿਰਪਾਨ ਤਾਈਂ :- "ਹੁਣ ਮੈਂ ਸਮਝਿਆਂ, ਰਖ ਨਹੀਂ ਸਕਦਾ ਏ, ਕੋਈ ਗ਼ੁਲਾਮ ਮੇਰੇ ਹਿੰਦੁਸਤਾਨ ਤਾਈਂ । ਤੇਰੇ ਜਿਹੇ ਯੋਧੇ ਜਦ ਨੇ ਪੁਤ ਇਹਦੇ, ਕਿਹੜਾ ਛੋਹ ਸਕਦੈ ਇਹਦੀ ਆਨ ਤਾਈਂ। ਖੇਤੀ ਧਰਮ ਦੀ ਚਿਰਾਂ ਤੋਂ ਸੁਕ ਰਹੀ ਸੀ, ਰੱਤ ਨਾਲ ਮੈਂ ਦੇਨਾ ਪਿਆਲ ਚੰਨਾ । (ਪਰ) ਏਸ ਆਡ ਨੂੰ ਗਿੱਲਿਆਂ ਰੱਖਣਾ ਈਂ, ਮਤੇ ਸੁਕ ਨਾ ਜਾਏ ਨਗਾਲ ਚੰਨਾ।" ਕਹਿਆ ਪੁੱਤ ਨੇ ਪਿਤਾ ਦੇ ਚਰਨ ਛੁਹ ਕੇ, "ਚਲਦੇ ਨੀਰ ਮੈਂ ਮੋੜ ਕੇ ਵੇਖਣੇ ਨੇ। ਤੇਰੇ ਲਹੂ ਦੀ ਇਕ ਇਕ ਬੂੰਦ ਅੰਦਰ, ਬੇੜੇ ਜ਼ੁਲਮ ਦੇ ਬੋੜ ਕੇ ਵੇਖਣੇ ਨੇ। ਟੁੱਟੇ ਹੋਏ ਅਰਮਾਨ ਮੈਂ ਪਾਤਸ਼ਾਹਾ, ਤੇਰੇ ਦੇਸ਼ ਦੇ ਜੋੜ ਕੇ ਵੇਖਣੇ ਨੇ, ਅਜੇ ਤੇਰੇ ਪਰਿਵਾਰ ਨੇ ਪਿਤਾ ਮੇਰੇ, ਕਈ ਲਾਲ ਵਿਛੋੜ ਕੇ ਵੇਖਣੇ ਨੇ। ਅਜੇ ਪੰਧ ਅਜ਼ਾਦੀ ਦਾ ਨਹੀਂ ਮੁੱਕਾ, ਲਾਸ਼ਾਂ ਨਾਲ ਇਹਨੂੰ ਹਾਲੇ ਅੰਗਣਾ ਏਂ। ਭਾਰਤ ਵਰਸ਼ ਦੀ ਧਰਤੀ ਨੇ ਪਿਤਾ ਹਾਲੀਂ, ਖ਼ੂਨ ਕਈਆਂ ਨਿਰਦੋਸ਼ਾਂ ਦਾ ਮੰਗਣਾ ਏਂ।" ਰੱਬੀ ਫ਼ੈਸਲੇ ਸੁਣੇ, ਜਾਂ ਪੁੱਤ ਕੋਲੋਂ, ਮਸਤੀ ਵਿਚ ਮੇਰਾ ਅੰਗ ਪਾਲ ਆਇਆ । ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ, ਰਜਵਾਂ ਮੱਥੇ ਤੇ ਰੱਬੀ ਜਲਾਲ ਆਇਆ। ਉਹਦੇ ਚਿੱਤ ਦੀ ਚੜ੍ਹੀ ਝਨਾਂ ਅੰਦਰ, ਨਵਾਂ ਦਰਦ ਦਾ ਹੋਰ ਉਛਾਲ ਆਇਆ। ਝੱਖੜ ਝੁੱਲ ਪੈ, ਅੰਬਰਾਂ ਹਾਅ ਮਾਰੀ, ਧਰਤੀ ਡੋਲ ਗਈ, ਬੜਾ ਭੋਚਾਲ ਆਇਆ । ਹੋਇਆ ਫੇਰ ਜੋ ਚਾਂਦਨੀ ਚੌਕ ਅੰਦਰ, ਮੇਰੀ ਕਲਮ ਉਹ ਭੇਤ ਨਹੀਂ ਖੋਲ੍ਹ ਸਕਦੀ। ਤੁਸੀਂ ਪੁੱਛ ਲੌ ਆਪਣੇ ਇਤਿਹਾਸ ਕੋਲੋਂ, ਅਗੋਂ ਮੇਰੀ ਜ਼ਬਾਨ ਨਹੀਂ ਬੋਲ ਸਕਦੀ ।

ਮਾਂ ਪੁੱਤਰ

ਪਟਨੇ ਵਿਚ ਇਕ ਰਾਣੀ ਸੀ “ਮੈਨਿਆਣੀ", ਹੈਸੀ ਬੜੀ ਉਲਾਦ ਦੀ ਭੁੱਖ ਓਹਨੂੰ। ਸੇਜ ਸੂਲਾਂ ਦੀ, ਨਰਕ ਦੀ ਅੱਗ ਦਿਸੇ, ਰਾਜ ਪਾਟ ਦਾ ਸਾਰਾ ਹੀ ਸੁੱਖ ਓਹਨੂੰ। ਸਾਹੋਂ ਸਖਣਾ ਦਿਸੇ ਸਰੀਰ ਓਹਦਾ, ਜਦੋਂ ਯਾਦ ਆਵੇ ਖ਼ਾਲੀ ਕੁੱਖ ਓਹਨੂੰ । ਪਾਣੀ ਹੰਝੂਆਂ ਦਾ ਤਿਉਂ ਤਿਉਂ ਦੇ, ਜਿਉਂ ਜਿਉਂ, ਅੱਫਲ ਦਿਸੇ ਜਵਾਨੀ ਦਾ ਰੁੱਖ ਓਹਨੂੰ । ਪੁਤਰ ਕਾਮਨਾ ਲਈ ਨਿਸ਼ਕਾਮ ਰਾਣੀ, ਲੱਖਾਂ ਜਪ ਤੇ ਸਾਧਨ ਕਰਾ ਬੈਠੀ। ਰੁੱਸੀ ਹੋਈ ਤਕਦੀਰ ਨਾ ਗਈ ਮੰਨੀ, ਭਾਵੇਂ ਦੇਵਤੇ ਸਾਰੇ ਮਨਾ ਬੈਠੀ । ਇਕ ਦਿਨ ਪੰਡਤ "ਸ਼ਿਵ ਦੱਤ" ਨੂੰ ਕਹਿਣ ਲਗੀ, “ਸੁਣ ਵੇ ਪੰਡਤਾ ਜ਼ਰਾ ਅਰਜੋਈ ਮੇਰੀ । ਪੜ੍ਹ ਪੜ੍ਹ ਆਸਾਂ ਉਮੈਦਾਂ ਦੀ ਵਾਰ ਥੱਕੀ, ਸੁਣਦਾ ਨਹੀਂ ਅਰਦਾਸ ਪਰ ਕੋਈ ਮੇਰੀ ! ਰਾਣੀ ਹੋ, ਫ਼ਕੀਰਾਂ ਤੋਂ ਖ਼ੈਰ ਮੰਗੇ, ਲੱਥੀ ਸ਼ਰਮ ਹਯਾ ਦੀ ਲਈ ਮੇਰੀ । ਚਿਖ਼ਾ ਉਮਰ ਦੀ ਅਜੇ ਨਾ ਹੋਈ ਠੰਡੀ, ਸੜ ਸੜ ਹਿਰਸ ਸ਼ੋਹਦੀ ਕੋਲੇ ਹੋਈ ਮੇਰੀ। ਸੁੰਞੇ ਪਏ ਨੇ ਲਾਡਾਂ ਦੇ ਮਹਿਲ ਮੇਰੇ, ਕੋਈ ਆਣਕੇ ਇਨ੍ਹਾਂ 'ਚ ਵੱਸਦਾ ਨਹੀਂ। ਵੇ ਮੈਂ ਸੜਿਆਂ ਨਸੀਬਾਂ ਨੂੰ ਰੋ ਰਹੀ ਹਾਂ, ਕੋਈ ! ਮਾਂ ਕਹਿ ਕੇ ਮੈਨੂੰ ਹੱਸਦਾ ਨਹੀਂ ।" ਸੁਣ ਕੇ ਗਲ ਸ਼ਿਵ ਦੱਤ ਨੇ ਕਿਹਾ ਅਗੋਂ, ਐਵੇਂ ਰਾਣੀਏ ਪਈ ਘਬਰਾ ਨਾ ਤੂੰ । ਕਲਪ ਬ੍ਰਿਛ ਤੇਰੇ ਵਿਹੜੇ ਉਗਿਆ ਏ, ਧੁੱਪੇ ਬੈਠ ਕੇ ਰਿਹਾ ਕਲਪਾ ਨਾ ਤੂੰ । ਗੰਗਾ ਤੇਰੀਆਂ ਬਰੂਹਾਂ 'ਚ ਵਗ ਰਹੀ ਏ, ਪਾਣੀ ਵਾਸਤੇ, ਵਾਸਤੇ ਪਾ ਨਾ ਤੂੰ । ਤੇਰੇ ਮਹਿਲ ਉਮੈਦਾਂ ਦੇ ਸਿਰੇ ਚੜਸਨ, ਕਿਲ੍ਹਾ ਹੁਣੇ ਹੀ ਆਸਾਂ ਦਾ ਢਾ ਨਾ ਤੂੰ । ਪਤਾ ਹਈ ਨਾ ਮਾਈ ਸੁਲੱਖਣੀ ਦੀ, ਜਿਸ ਨੇ ਮੱਥੇ ਦੀ ਰੇਖ ਮਿਟਾਈ ਹੈਸੀ । ਹੋ ਕੇ ਪੁੱਤ ਉਹ ਜੰਮਿਐਂ ਸ਼ਹਿਰ ਤੇਰੇ, ਜਿਸ ਨੇ ਤੇਰੀ ਤਕਦੀਰ ਬਣਾਈ ਹੈਸੀ। ਕੌਤਕ ਓਸ ਦੇ ਬੋਲ ਕੇ ਆਖਦੇ ਨੇ, ਬਾਲਕ ਪਣ ਇਹ ਕਿਸੇ ਅਵਤਾਰ ਦਾ ਏ। ਲੱਖਾਂ ਚੰਨ ਪ੍ਰਦਖਣਾ ਕਰਨ ਓਹਦੀ, ਜਦੋਂ ਕਲਗੀਆਂ ਸੀਸ ਤੇ ਧਾਰਦਾ ਏ । ਕੰਬੇ ਜਾਨ ਸਰੀਰ ਦੇ ਕਿਲ੍ਹੇ ਅੰਦਰ, ਧਨੀ ਜਿਹਾ ਉਹ ਤੀਰ ਤਲਵਾਰ ਦਾ ਏ । ਸੂਰਜ ਚੰਦਰਮਾ ਅਰਸ਼ ਤੋਂ ਹਿਲ ਜਾਂਦੇ, ਟੁਲੇ ਖਿਦੂਆਂ ਨੂੰ ਜਦੋਂ ਮਾਰਦਾ ਏ । ਏਸ ਬਾਲਾ ਪ੍ਰੀਤਮ ਨੂੰ ਕਦੇ ਰਾਣੀ, ਜੇਕਰ ਚਿਤ ਦੇ ਵਿਚ ਵਸਾ ਲਵੇਂ ਤੂੰ । ਤਾਂ ਫੇਰ ਰਾਣੀਏ ਪੁਤ ਤੇ ਇਕ ਪਾਸੇ, ਘਰ ਬੈਠੀ ਭਗਵਾਨ ਨੂੰ ਪਾ ਲਵੇਂ ਤੂੰ । ਅਜੇ ਕਲ੍ਹ ਦੀ ਗੱਲ ਏ ਮੂੰਹ 'ਨ੍ਹੇਰੇ, ਕੰਢੇ ਗੰਗਾ ਦੇ ਆਸਨ ਲਗਾ ਲਿਆ ਮੈਂ । ਓਹਦੇ ਦਰਸ ਦੀਦਾਰ ਦੀ ਚਾਹ ਉੱਠੀ, ਓਹਨੂੰ ਮਿਲਣ ਲਈ ਦਿਲੋਂ ਧਿਆ ਲਿਆ ਮੈਂ । ਇਹਨਾਂ ਨੈਣਾਂ ਦੇ ਸ਼ੀਸ਼-ਮਹੱਲ ਅੰਦਰ, ਪ੍ਰੇਮ-ਹੰਝੂਆਂ ਦਾ ਪੋਚਾ ਪਾ ਲਿਆ ਮੈਂ । ਨਿਰਾਕਾਰ ਸਾਕਾਰ ਦੀ ਮੂਰਤੀ ਨੂੰ, ਦਿਲ ਦੇ ਮੰਦਰ ਦੇ ਵਿਚ ਬਿਠਾ ਲਿਆ ਮੈਂ । ਛੱਲਾਂ ਵਿਚੋਂ ਅਛੋਪਲੇ ਨਿਕਲ ਕੇ ਤੇ, ਮੈਨੂੰ ਕਹਿਣ ਲੱਗਾ, "ਰੌਲਾ ਪਾਇਆ ਨਾ ਕਰ । ਤੇਰੇ ਕੋਲ ਹਾਂ ਭੋਲਿਆ ਪੰਡਤਾ ਮੈਂ, ਲੋਕਾਂ ਸਾਹਮਣੇ ਮੈਨੂੰ ਬੁਲਾਇਆ ਨਾ ਕਰ ।" ਅੱਖ ਖੁਲ੍ਹ ਗਈ ਰਾਣੀ ਦੀ ਆਤਮਾ ਦੀ, ਸੌਂ ਗਈ ਹਿਰਸ ਪਰ ਆਪ ਹੁਸ਼ਿਆਰ ਹੋ ਗਈ । ਸ਼ਾਂਤ ਰੂਪ ਦੀ ਗੱਲ ਜਾਂ ਸੁਣੀ ਉਸ ਨੇ, ਤਪਦੇ ਰਿਦੇ ਵਾਲੀ ਠੰਡੀ ਠਾਰ ਹੋ ਗਈ । ਦਿਲ ਵਿਚ ਵੱਸ ਗਈ ਸ਼ਕਲ ਅਨਡਿਠ ਜੀ ਦੀ, ਸਦਾ ਲਈ ਰਾਣੀ ਹਰਿ ਦਵਾਰ ਹੋ ਗਈ । ਲਗੀ ਕਹਿਣ ਸੁਧਰਾਏ ਹੋਏ ਨੈਣ ਭਰ ਕੇ, “ਵੇ ਮੈਂ ਘੋਲ ਘਤੀ, ਮੈਂ ਬਲਿਹਾਰ ਹੋ ਗਈ । ਹੱਥ ਜੋੜ ਖਾਂ ਮੇਰੇ ਵੀ ਵਿਚ ਵਿਹੜੇ, ਖਿਦੋ ਖੇਡਦਾ ਈ ਕਿਧਰੇ ਆ ਜਾਵੇ । ਮੇਰੇ ਭਾਗ ਸੁਲੱਖਣੇ ਜਾਗ ਉੱਠਣ, ਸੁਫ਼ਨੇ ਵਿਚ ਹੀ ਦਰਸ ਦਿਖਾ ਜਾਵੇ ।” ਓਸ ਦਿਨ ਤੋਂ ਹੋਇਆ ਵਿਹਾਰ ਓਹਦਾ, ਪੋਚਾ ਉੱਠ ਪ੍ਰਭਾਤ ਨੂੰ ਪਾ ਲੈਣਾ। ਆ ਕੇ ਓਸ ਧਿਆਨ ਦੀ ਧੁਨ ਅੰਦਰ, ਆਸਣ ਵਾਂਗ ਸਮਾਧਣਾਂ ਲਾ ਲੈਣਾ। ਓਸੇ ਸੁਣੀ ਸੁਣਾਈ ਹੋਈ ਮੂਰਤੀ ਦਾ, ਦਰਸ਼ਨ ਵਿੱਚ ਖ਼ਿਆਲ ਦੇ ਪਾ ਲੈਣਾ ੀ ਖਿਦੋ ਖੇਡਦਾ ਵੇਖਣਾ ਕਦੇ ਓਹਨੂੰ, ਕਦੇ ਤੀਰ ਤਲਵਾਰ ਪਵਾ ਲੈਣਾ। ਸਾਧਨ ਕਰਦਿਆਂ ਕਰਦਿਆਂ ਜਿਹਾ ਆਖ਼ਰ, ਓਹਨੂੰ ਵਿਚ ਖ਼ਿਆਲ ਵਸਾ ਲਿਓ ਸੂ । ਬੰਦੀ ਛੋੜ ਨੂੰ ਚਿਤ ਦੇ ਕਿਲ੍ਹੇ ਅੰਦਰ, ਅੱਠੇ ਪਹਿਰ ਦਾ ਕੈਦੀ ਬਣਾ ਲਿਓ ਸੂ । ਬਿਹਬਲ ਹੋ ਆਖ਼ਰ ਇਕ ਦਿਨ ਕਹਿਣ ਲੱਗੀ, "ਕਿੰਨਾ ਚਿਰ ਇਹ ਗੱਲ ਨਿਭਾਵਾਂਗੀ ਮੈਂ। ਮੇਰੇ ਬਾਲਾ ਪ੍ਰੀਤਮ ਜੀ ਕਦੋਂ ਤੀਕਰ, ਧੋਖਾ ਆਪਣੇ ਆਪ ਨੂੰ ਲਾਵਾਂਗੀ ਮੈਂ। ਘੜੀਆਂ ਗਿਣਾਂਗੀ ਦਸ ਖਾਂ ਕਦੋਂ ਤੀਕਰ, ਕਿਚਰ ਕੁ ਰੋਟੀ ਉਡੀਕ ਦੀ ਖਾਵਾਂਗੀ ਮੈਂ। ਇਹਨਾਂ ਹਿਰਸ ਉਮੈਦ ਦੇ ਬੂਟਿਆਂ ਨੂੰ, ਪਾਣੀ ਹੰਝੂਆਂ ਦਾ ਕਦ ਤੱਕ ਪਾਵਾਂਗੀ ਮੈਂ।” ਏਨੀ ਪ੍ਰੇਮ ਦੀ ਭਰੀ ਅਰਦਾਸ ਕੀਤੀ, ਰਾਣੀ ਸਿਦਕ ਦੇ ਨਾਲ ਭਰਪੂਰ ਹੋ ਗਈ । ਪੁਤਰ ਕਾਮਨਾ ਓਧਰੋਂ ਹੋਈ ਮੱਠੀ, ਓਧਰ ਓਹਦੀ ਅਰਦਾਸ ਮਨਜ਼ੂਰ ਹੋ ਗਈ । ਚਮਕਾਂ ਮਾਰਦਾ ਤਾਹੀਓਂ ਈ ਵਾਂਗ ਸੂਰਜ, ਡਿੱਗਾ ਖਿਦੋ ਇਕ ਵਿਹੜੇ ਵਿਚਕਾਰ ਆ ਕੇ । ਮਗਰੋਂ ਪਾ ਦਿਤਾ ਰੌਲਾ ਮੁੰਡਿਆਂ ਨੇ, ਕਿਸ ਨੇ ਦਿਤਾ ਏ ਟੁਲਾ ਇਹ ਮਾਰ ਆ ਕੇ ? ਜਿਸ ਨੇ ਸੁਟਿਐ ਊਹੋ ਲਿਆਏ ਖਿਦੋ, ਉਸ ਨੇ ਕੀਤੀ ਏ ਖੇਡ ਖਵਾਰ ਆ ਕੇ । ਝਾਤੀ ਮਾਰ ਤਾਹੀਏਂ ਅੰਦਰ ਆ ਵੜਿਆ, ਖਿਦੋ ਚੁਕ ਲਿਆ ਮੇਰੀ ਸਰਕਾਰ ਆ ਕੇ । ਬਹਿ ਕੇ ਰਾਣੀ ਦੀ ਗੋਦ ਵਿਚ ਕਹਿਣ ਲੱਗਾ, “ਖ਼ਾਲੀ ਕਈ ਵਾਰੀ ਫ਼ੇਰੇ ਪਾ ਗਿਆ ਹਾਂ । ਉਤਾਂਹ ਉਠ ਨੀ ਮਾਂ ! ਹੁਣ ਖੋਲ੍ਹ ਅੱਖਾਂ, ਖਿਦੋਂਖੇਡਦਾ ਵੇਖ ਲੈ ਆ ਗਿਆ ਹਾਂ ।" ਅੱਖਾਂ ਖੋਲ੍ਹ ਕੇ ਵੇਖਿਆ ਕੀ ਰਾਣੀ, ਸੂਰਜ ਗੋਦ ਅੰਦਰ ਜਗਮਗਾ ਰਿਹਾ ਏ । ਵੱਸ ਰਿਹਾ ਏ ਬਖ਼ਸ਼ਸ਼ ਦਾ ਮੀਂਹ ਜ਼ੋਰੀਂ, ਹੜ੍ਹ ਨੂਰ ਦੀ ਨਦੀ ਵਿਚ ਆ ਰਿਹਾ ਏ । ਓਹਦੀ ਛੋਹ ਸਰੀਰ ਕੰਬਾ ਰਹੀ ਏ, ਸ਼ੋਅਲਾ ਚਾਨਣ ਦਾ ਠੰਡ ਪੁਚਾ ਰਿਹਾ ਏ। ਓਹਦੇ ਮੂੰਹ ਵਿਚੋਂ "ਮਾਂ" ਨਿਕਲਦਾ ਏ, ਰਾਣੀ ਤਾਈਂ ਸਵਾਦ ਕੋਈ ਆ ਰਿਹਾ ਏ । ਸ਼ਾਂਤ ਰੂਪ ਨੇ ਫੇਰ ਆਵਾਜ਼ ਮਾਰੀ, “ਪੁੱਤਰ ਆਖ ਕੇ ਮਾਤਾ ਬੁਲਾ ਮੈਨੂੰ । ਉਤਾਂਹ ਉਠ ਨਾਲੇ ਮੇਰਾ ਵੇਖ ਖਿਦੋ, ਨਾਲੇ ਭੁੱਖਾ ਹਾਂ ਕੁਝ ਖਵਾ ਮੈਨੂੰ ।” ਬਣ ਕੇ ਪੁੱਤ ਵਾਲੀ ਰਾਣੀ ਉਤਾਂਹ ਉਠੀ, ਪੁੱਤ ਵੀ ਉਹ ਜੋ ਪਿਤਾ ਸੰਸਾਰ ਦਾ ਏ । ਮੰਗ ਪੁੱਤਾਂ ਦੀ ਜਿਨ੍ਹਾਂ ਦੀ ਕਰੇ ਪੂਰੀ, ਭਲਕੇ ਪੁੱਤ ਵੀ ਉਨ੍ਹਾਂ ਤੋਂ ਵਾਰਦਾ ਏ । ਈਹੋ ਜਿਹਾ ਮਲਾਹ ਕੋਈ ਹੋਰ ਵੀ ਜੇ, ਘਰੋਂ ਸਦ ਕੇ ਬੇੜੀਆਂ ਤਾਰਦਾ ਏ । ਫਿਰਦੈ ਜਿਤਦਾ ਜੱਗ ਜਹਾਨ ਸਾਰਾ, ਐਪਰ ਆਪਣੇ ਸਿੱਖਾਂ ਤੋਂ ਹਾਰਦਾ ਏ । ਏਸੇ ਤਰ੍ਹਾਂ, 'ਕਰਤਾਰ' ਮੁੜ ਉਮਰ ਸਾਰੀ, ਮਾਂ ਪੁੱਤ ਦਾ ਸਾਕ ਨਿਭਾਇਓ ਸੂ । ਟੁਕੜੇ ਆਪਣੇ ਜਿਗਰ ਦੇ ਭੁਲ ਗਿਆ, ਪਰ ਨਾ ਮਾਂ ਨੂੰ ਮਨੋਂ ਭੁਲਾਇਓ ਸੂ ।

ਸਿੱਖ ਦਾ ਪਹਿਰੇਦਾਰ

ਜੋਗੀ ਸੱਚ ਦਾ ਜੋਗੇ ਨੂੰ ਕਹਿਣ ਲੱਗਾ, “ਮੇਰੇ ਜੋਗਿਆ ਫ਼ਰਜ਼ ਨਿਭਾ ਆ ਤੂੰ । ਫੇਰੇ ਗੌਂ ਨੂੰ ਹੋਣ ਨਾ ਹੋਣ ਭਾਵੇਂ, ਜੰਮਣ ਭੋਂ ਅੰਦਰ ਫੇਰਾ ਪਾ ਆ ਤੂੰ । ਤੇਰੇ ਸਾਏ ਨੂੰ ਸਹਿਕਦੇ ਫਿਰਨ ਮਾਪੇ, ਵਿਹੜੇ ਉਨ੍ਹਾਂ ਦੇ ਠੰਡ ਵਰਤਾ ਆ ਤੂੰ । ਰੋਜ਼ੇ ਤੇਰੀ ਜੁਦਾਈ ਦੇ ਮੁਕਦੇ ਨਹੀਂ, ਬਣ ਕੇ ਈਦ ਦਾ ਚੰਨ ਮੁਕਾ ਆ ਤੂੰ । ਸਿੱਖਾ ਤੇਰੇ ਤੇ ਬੜਾ ਪ੍ਰਸੰਨ ਹਾਂ ਮੈਂ, ਅਤੇ ਚਾਹੁਣਾ ਸਦਾ ਭਲਾਈ ਤੇਰੀ । ਤੇਰੀ ਘਾਲ ਸਾਰੀ ਲੇਖੇ ਲੱਗ ਗਈ ਏ, ਧੰਨ ਤੂੰ ਤੇ ਧੰਨ ਕਮਾਈ ਤੇਰੀ ।" ਕਲਮੇ ਸਿਫ਼ਤ ਦੇ ਸੁਣੇ ਜਾਂ ਗੁਰੂ ਕੋਲੋਂ, ਥੋੜ ਵਿਤਾ ਹੋ ਕੇ ਸਿੱਖ ਫੁੱਲ ਗਿਆ । ਉਹਦੇ ਚਿਤ ਦੇ ਸਾਫ਼ ਅਕਾਸ਼ ਉਤੇ, ਝੱਖੜ ਮਾਨ ਹੰਕਾਰ ਦਾ ਝੁੱਲ ਗਿਆ। ਪਰਦਾ ਦੂਈ ਦਾ ਪੈ ਗਿਆ ਆਤਮਾ ਤੇ, ਸ਼ੀਸ਼ਾ ਕਿਬਰ ਦਾ ਵੇਖ ਕੇ ਡੁੱਲ ਗਿਆ । ਲਾਲ ਸਿਦਕ ਦਾ ਲੱਭਾ ਸੀ ਖ਼ਾਲਸੇ ਨੂੰ, ਐਪਰ ਖ਼ੁਦੀ ਅੰਦਰ ਸਸਤੇ ਮੁੱਲ ਗਿਆ । ਦਿਲ ਵਿਚ ਕਹਿਣ ਲੱਗਾ, “ਸੇਵਾ ਕਰੇ ਜਿਹੜਾ, ਕਿਉਂ ਨਾ ਓਸਦਾ ਫ਼ਖ਼ਰ ਤੇ ਮਾਨ ਹੋਵੇ । ਮੇਰੇ ਜਿਹੋ ਜੇ ਹੋਰ ਵੀ ਸਿੱਖ ਹੋਵਣ, ਏਸ ਗੁਰੂ ਦੀ ਚੌਗੁਣੀ ਸ਼ਾਨ ਹੋਵੇ।" ਜਾਨਣਹਾਰ ਨੇ ਪੜ੍ਹੀ ਜਾਂ ਤਾਰ ਦਿਲ ਦੀ, ਦਿਲ ਵਿਚ ਜਾਣਿਆ ਸਿੱਖ ਨੂੰ ਵਗ ਗਈ ਏ । ਵਗਦਾ ਵੇਗ ਨਹੀਂ ਝੱਲਿਆ ਗਿਆ ਇਸ ਤੋਂ, ਢਾਹ ਸਿਦਕ ਦਰਿਆ ਨੂੰ ਲਗ ਗਈ ਏ । ਚੰਨ ਸ਼ਰਧਾ ਦਾ ਬੱਦਲਾਂ ਹੇਠ ਆਇਐ, ਜੋਤ ਮਮਤਾ ਦੀ ਬੁਝੀ ਹੋਈ ਜਗ ਗਈ ਏ । ਇਹਦੇ ਲਗਨ ਦੀ ਮਗ੍ਹੀ ਹੋਈ ਅੱਗ ਉਤੇ, ਲੱਗ ਕਿਬਰ ਹੰਕਾਰ ਦੀ ਅੱਗ ਗਈ ਏ । ਚਿੱਠੀ ਦੇ ਕੇ ਸਿੱਖ ਨੂੰ ਹੁਕਮ ਕੀਤਾ, ਵੇਖੀਂ ਵਕਤ ਨਾ ਕਿਤੇ ਘੁਸਾ ਦੇਵੀਂ। ਜਦੋਂ ਤਿੰਨ ਲਾਵਾਂ ‘ਜੋਗਾ' ਲੈ ਚੁਕੇ, ਉਸੇ ਵਕਤ ਇਹ ਹੱਥ ਫੜਾ ਦੇਵੀਂ। ਜੋਗਾ ਸਿੰਘ ਸੰਜੋਗਾਂ ਦਾ ਬੰਨ੍ਹ ਗਾਨਾ, ਚਾਅ ਨਾਲ ਓਧਰ ਢੁਕਣ ਜਾਂਵਦਾ ਏ । ਏਧਰ, ਗੁਰੂ ਦਾ ਲੈ ਕੇ ਹੁਕਮ ਨਾਮਾ, ਸਿੱਖ 'ਵਾ ਵਾਂਗੂੰ ਭੱਜਾ ਆਂਵਦਾ ਏ । ਕਿਸੇ ਵੇਲੇ ਦੀ ਬੈਠ ਉਡੀਕ ਅੰਦਰ, ਸਿੱਖ ਆਪਣਾ ਆਪ ਛੁਪਾਂਵਦਾ ਏ । ਜਦੋਂ ਤਿੰਨ ਲਾਵਾਂ 'ਜੋਗਾ' ਲੈ ਚੁਕਾ, ਚਿੱਠੀ ਕੱਢ ਕੇ ਝੱਟ ਵਿਖਾਂਵਦਾ ਏ । ਜੋਗਾ ਸਿੰਘ ਦੇ ਵਲ ਇਹ ਲਿਖਿਆ ਸੀ :- “ਕਦਮ ਇਕ ਵੀ ਅਗਾਂਹ ਉਠਾਈਂ ਨਾ ਹੁਣ। ਮੇਰਾ ਸਿਖ ਏਂ, ਤੇ ਛੇਤੀ ਪਹੁੰਚ ਏਥੇ, ਕੋਈ ਉਜਰ ਤੇ ਪੱਜ ਬਨਾਈਂ ਨਾ ਹੁਣ ।" ਜੋਗਾ ਸਿੰਘ ਨੇ ਵੇਖ ਕੇ ਹੁਕਮ ਨਾਮਾ, ਨਾਲ ਅਦਬ ਦੇ ਸੀਸ ਝੁਕਾ ਦਿੱਤਾ। ਪਾਸਾ ਪਰਤਿਆ ਜਾਗ ਨੇ ਨੀਂਦ ਵਿਚੋਂ, ਮੁੜ ਕੇ ਹੋਸ਼ ਦਾ ਸ਼ਹਿਰ ਵਖਾ ਦਿੱਤਾ। ਦਿਲ ਵਿਚ ਕਹਿਣ ਲਗਾ, “ਹੋਰ ਗੱਲ ਕੋਈ ਨਹੀਂ, ਪਰਚਾ ਪਰਖ ਦਾ ਗੁਰੂ ਨੇ ਪਾ ਦਿੱਤਾ।” ਇਹ ਕੁਝ ਸੋਚ ਕੇ ਝਟ ਤਿਆਰ ਹੋਇਆ, ਸਭ ਕੁਛ ਉਥੇ ਹੀ ਛੱਡ ਛਡਾ ਦਿੱਤਾ । ਲੋਕਾਂ ਮੋੜਿਆ ਬੜਾ, ਪਰ ਕਹਿਣ ਲਗਾ, “ਕੁਝ ਨਹੀਂ ਵਿਗੜਦਾ ਇਸ ਤਰ੍ਹਾਂ ਜੱਗ ਦਾ ਏ । ਜੇਕਰ ਕਦਮ ਮੈਂ ਅਗਾਂਹ ਨੂੰ ਪੁਟਦਾ ਹਾਂ, ਮੇਰੇ ਸਿਦਕ ਉਤੇ ਦਾਗ਼ ਲੱਗਦਾ ਏ ।" ਆਪੋ ਵਿਚ ਸਾਰਾ ਸ਼ਹਿਰ ਕਰੇ ਗੱਲਾਂ, "ਝੱਲਾ ਸਿੱਖ ਵੇਖੋ ਉੱਕਾ ਝੱਕਿਆ ਨਹੀਂ। ਕਿਹੜੇ ਫੇਰਿਆਂ ਤੇ ਵਰ੍ਹੇ ਲਗਣੇ ਸਨ, ਕਮਲਾ ਘੜੀ ਕੁ ਵੀ ਜਰ ਸੱਕਿਆ ਨਹੀਂ। ਮਾਂ ਪਿਓ ਦੀ ਵੀ ਇਜ਼ਤ ਪਤ ਵਲੋਂ, ਅਗਲੇ ਮੂੰਹ ਨੇ ਵੇਖ ਲੈ ਤੱਕਿਆ ਨਹੀਂ । ਦਾਨਸ਼ ਮੰਦ ਓਥੇ ਭਲਾ ਕੋਈ ਨਹੀਂ ਸੀ, ਓਹਨੂੰ ਕਿਸੇ ਵੀ ਹੋੜਿਆ ਡੱਕਿਆ ਨਹੀਂ।” ਜੋਗਾ ਸਿੰਘ ਨਾ ਸੁਣੀ ਪਰ ਕਿਸੇ ਦੀ ਵੀ, ਠਿਲ੍ਹ ਪਿਆ ਪ੍ਰੇਮ ਦੀ ਲਹਿਰ ਅੰਦਰ । ਆਖ਼ਰ ਮੰਜ਼ਲੋ ਮੰਜ਼ਲੀ ਕਟ ਪੈਂਡਾ, ਗਿਆ ਪਹੁੰਚ ਹੁਸ਼ਿਆਰ ਪੁਰ ਸ਼ਹਿਰ ਅੰਦਰ । ਓਥੇ ਵੇਖ ਕੇ ਵੇਸਵਾ ਨਾਚ ਕਰਦੀ, ਮਨ ਦਾ ਕਾਫ਼ਲਾ ਸਿੱਖ ਲੁਟਾ ਬੈਠਾ । ਸੂਰਜ ਓਸ ਦੇ ਹੁਸਨ ਦਾ ਵੇਖ ਚੜ੍ਹਿਆ, ਅਕਲ ਹੋਸ਼ ਦਾ ਦੀਵਾ ਬੁਝਾ ਬੈਠਾ। ਕੁੰਡਲ ਓਹਦਿਆਂ ਕੇਸਾਂ ਦੇ ਜਦੋਂ ਡਿਠੇ, ਸ਼ੋਹਦਾ ਆਪਣਾ ਆਪ ਫਸਾ ਬੈਠਾ। ਓਹਦੇ ਨੈਣਾਂ ਦੀ ਜਗਦੀ ਜੋਤ ਉਤੇ, ਮਨ ਦਾ ਬਕਰਾ ਭੇਟ ਚੜ੍ਹਾ ਬੈਠਾ । ਬੱਧਾ ਪਾਸਕੂ ਖੁਦੀ ਨੇ ਜਿਹਾ ਓਹਨੂੰ, ਕੰਡਾ ਨੇਕੀ ਦਾ ਬਦੀ ਤੇ ਤੁਲ ਗਿਆ। ਭੱਠੀ ਵਿਚ ਸਰਾਫ਼ ਨੇ ਜਿਹਾ ਪਾਇਆ, ਸੋਨਾ ਆਪਣੀ ਚਮਕ ਨੂੰ ਭੁਲ ਗਿਆ । ਬੈਠਾ ਹੋਇਆ ਅਨੰਦ ਦੀ ਪੁਰੀ ਅੰਦਰ, ਝਾਤੀ ਸਿੱਖ ਦੇ ਸਿਦਕ ਤੇ ਮਾਰਦਾ ਏ । ਲਗਾ ਸੜਨ ਇਹ ਨਰਕ ਦੀ ਅੱਗ ਅੰਦਰ, ਚਿਤ ਵਿਚ ਦਸ਼ਮੇਸ ਵਿਚਾਰਦਾ ਏ । ਜਿਹੜਾ ਆਪਣੀ ਸਿੱਖੀ ਦੀ ਸ਼ਰਮ ਖ਼ਾਤਰ, ਲੱਖਾਂ ਡੁੱਬੀਆਂ ਬੇੜੀਆਂ ਤਾਰਦਾ ਏ । ਸਦਕੇ ਜਾਂ ਉਹ ਅੱਜ ਬਣਾ ਬੈਠਾ, ਭੇਸ ਵੇਸਵਾ ਦੇ ਚੌਕੀਦਾਰ ਦਾ ਏ। ਜੋਗਾ ਸਿੰਘ ਵਿਚਾਰ ਕੇ ਰਾਤ ਆਈ, ਜਦੋਂ ਵੇਸਵਾ ਦੇ ਬੂਹੇ ਜਾਂਵਦਾ ਏ । ਪਹਿਰੋਦਾਰ ਜਹਾਨ ਦਾ ਵੇਖ ਓਹਨੂੰ, ਅਗੋਂ ਝਿੜਕ ਕੇ ਪਰ੍ਹਾਂ ਹਟਾਂਵਦਾ ਏ । ਜੋਗਾ ਸਿੰਘ ਦੂਜੀ ਵਾਰੀ ਫੇਰ ਆਇਆ, ਅਗੋਂ ਫੇਰ ਦਰਬਾਨ ਫਿਟਕਾਰਦਾ ਏ । ਅੰਨ੍ਹਾ ਹੋ ਗਿਆ, ਵਿਸ਼ੇ ਦੀ ਅੱਗ ਅੰਦਰ, ਲਾਭ ਹਾਨ ਨਾ ਮੂਲ ਵਿਚਾਰਦਾ ਏ । ਚੋਰਾਂ ਵਾਂਗ ਛਹਿ ਮਾਰ ਕੇ ਫਿਰੇ ਭੌਂਦਾ, ਰਾਤ ਫੇਰਿਆਂ ਵਿਚ ਗੁਜ਼ਾਰਦਾ ਏ । ਆਖ਼ਰ ਝਕਦਾ ਝਕਦਾ ਫੇਰ ਆਇਆ, ਭੈੜਾ ਬਦੀ ਤੋਂ, ਅਜੇ ਨਾ ਹਾਰਦਾ ਏ। ਪਹਿਰੇਦਾਰ ਓਹਨੂੰ ਫੜ ਕੇ ਕਹਿਣ ਲੱਗਾ, “ਤੈਨੂੰ ਮਾਰ ਕਿਉਂ ਰੱਬ ਦੀ ਵੱਗੀ ਹੋਈ ਏ । ਸ਼ੀਸ਼ਾ ਵੇਖ ਖਾਂ ਤੇਰੇ ਤਾਂ ਮੂੰਹ ਉਤੇ, ਸਿਖਾ ਮੋਹਰ ਦਸ਼ਮੇਸ ਦੀ ਲੱਗੀ ਹੋਈ ਏ। ਓਸ ਗੁਰੂ ਦਾ ਖਾਲਸਾ ਸਾਜਿਆ ਏਂ, ਜਿਸ ਨੇ ਜੱਗ ਦੇ ਰਾਹ ਸਵਾਰ ਦਿਤੇ। ਜਿਸ ਨੇ ਹੱਥ ਸਚਾਈ ਦੀ ਤੇਗ਼ ਲੈ ਕੇ, ਚੁਣ ਚੁਣ ਪਾਪ ਜਹਾਨ ਦੇ ਮਾਰ ਦਿਤੇ । ਜਿਸ ਨੇ ਪੱਥਰਾਂ ਦੇ ਕਰਕੇ ਭਾਰ ਹੌਲੇ, ਬੇੜੇ ਸਿਦਕ ਦੇ ਚਾੜ੍ਹ ਕੇ ਤਾਰ ਦਿਤੇ । ਜਿਸ ਨੇ ਤੇਰੇ ਜਿਹੇ ਸਿੱਖਾਂ ਦੇ ਸਿਰ ਉੱਤੋਂ, ਸੁਖ ਚੈਨ ਜਹਾਨ ਦੇ ਵਾਰ ਦਿਤੇ । ਕਰਨੈਂ ਉਸ ਦੀ ਪਿਆ ਅਵੱਗਿਆ ਤੂੰ, ਬੂਹੇ ਵੇਸਵਾ ਦੇ ਫੇਰੇ ਪਾਵਨਾ ਏਂ । ਰਹਿਤੀ ਹੋ ਕੇ ਪੰਜ ਕਕਾਰ ਦਾ ਤੂੰ, ਧੱਬਾ ਪਿਆ ਦਸ਼ਮੇਸ ਨੂੰ ਲਾਵਨਾ ਏਂ ।” ਜੋਗਾ ਸਿੰਘ ਪਾਣੀ ਪਾਣੀ ਹੋ ਤੁਰਿਆ, ਬੋਲ ਸਕਿਆ ਨਹੀਂ ਦਰਬਾਨ ਅੱਗੇ । ਪਹੁੰਚਾ ਆਣ ਅਨੰਦ ਦੀ ਪੁਰੀ ਅੰਦਰ, ਲਗਾ ਹੋਇਆ ਸੀ ਖ਼ੂਬ ਦੀਵਾਨ ਅੱਗੇ । ਦੂਰੋਂ ਵੇਖਿਆ ਸਿੱਖ ਨੇ ਮਾਰ ਝਾਤੀ, ਬੈਠੇ ਤਖ਼ਤ ਉਤੇ ਜਾਣੀ ਜਾਣ ਅੱਗੇ । ਦਿਲ ਨੇ ਆਖਿਆ ਕਿ ਉਹ ਨਹੀਂ ਰਹਿਣ ਲੱਗੀ, ਜਿਹੜੀ ਹੁੰਦੀ ਸੀ ਆਨ ਤੇ ਸ਼ਾਨ ਅੱਗੇ । ਗੱਲ ਵਿਚ ਪਾ ਪੱਲਾ ਨੀਵੀਂ ਨਜ਼ਰ ਕਰਕੇ, ਦੂਰ ਜੋੜਿਆਂ ਵਿਚ ਖਲੋ ਲਿਆ ਉਹ। ਜਾਂਦਾ ਲੱਭਾ ਨਾ ਮਾਨ ਹੰਕਾਰ ਕਿਧਰੇ, ਹੌਲਾ ਕੱਖਾਂ ਦੇ ਵਾਂਗਰਾਂ ਹੋ ਗਿਆ ਉਹ। ਆਪਣੇ ਕੋਲ ਬੁਲਾ ਕੇ ਕਿਹਾ ਸਤਿਗੁਰ, "ਕੁਝ ਤੇ ਗਿਆ ਸੋਚ ਵਿਚਾਰ ਲੈਂਦੋਂ। ਬੂਟਾ ਪਾਪ ਦਾ ਜਦੋਂ ਇਹ ਫੁੱਟਿਆ ਸੀ, ਇਹਦੀ ਕਮਲਿਆ ਓਦੋਂ ਹੀ ਸਾਰ ਲੈਂਦੋਂ, ਕਿਤੇ ਓਕੜਾ ਹੋ ਕੇ ਨੱਠ ਜਾਂਦੋਂ, ਭਾਵੇਂ ਜਾ ਕਿਧਰੇ ਸੰਨ੍ਹਾਂ ਮਾਰ ਲੈਂਦੋਂ। (ਪਰ) ਮੈਨੂੰ ਵੇਸਵਾ ਦੇ ਬੂਹੇ ਸਦਦੋਂ ਨਾ, ਭਾਵੇਂ ਸੂਲੀ ਤੇ ਕਿਧਰੇ ਖਲ੍ਹਾਰ ਲੈਂਦੋਂ । ਤੇਰੇ ਪਿਆਰ ਦੇ ਬੱਧਿਆਂ ਜੋਗਿਆ ਮੈਂ, ਅੱਜ ਰਾਤ ਸਾਰੀ ਜਫਰ ਜਲਿਆ ਏ।” ਤੈਨੂੰ ਆਖਿਆ ਸੀ ਮੈਂ ਹਾਂ ਤੇਰੇ ਜੋਗਾ, ਓਸੇ ਆਪਣੇ ਬਚਨ ਨੂੰ ਪਾਲਿਆ ਏ । ਜੋਗਾ ਸਿੰਘ ਆਖ਼ਰ ਪੈਰਾਂ ਵਿਚ ਡਿੱਗਾ, ਡਾਢਾ ਰੋਣ ਲਗਾ ਜ਼ਾਰ ਜ਼ਾਰ ਹੋਇਆ । ਧੋਤੇ ਚਰਨ ਓਸ ਅੱਖਾਂ ਦੀ ਗੰਗ ਵਿਚੋਂ, ਉਠ ਸਕਿਆ ਨਾ ਬੇਅਖ਼ਤਿਆਰ ਹੋਇਆ । ਆਖ਼ਰ ਚੁਕਿਆ ਪ੍ਰੇਮ ਦੀ ਮੂਰਤੀ ਨੇ, ਕਿਉਂ ਉਹ ਔਗੁਣਾਂ ਦਾ ਬਖ਼ਸ਼ਣਹਾਰ ਹੋਇਆ। ਮੂੰਹੋਂ ਆਖਿਆ ਕਿ “ਜਾ ਬਖ਼ਸ਼ ਦਿਤਾ, ਇਹ ਗੁਨਾਹ ਤੈਥੋਂ ਪਹਿਲੀ ਵਾਰ ਹੋਇਆ ।” ਏਸੇ ਤਰ੍ਹਾਂ 'ਕਰਤਾਰ' ਉਹ ਚੋਜ ਕਰਦਾ, ਰਹਿੰਦਾ ਹੁੰਦਾ ਸੀ ਪੁਰੀ ਅਨੰਦ ਅੰਦਰ । ਭਾਵੇਂ ਆਪ ਕਿੱਡਾ ਬੰਦੀ ਛੋੜ ਸੀ ਉਹ, ਐਪਰ ਕੈਦ ਸੀ ਪ੍ਰੇਮ ਦੀ ਤੰਦ ਅੰਦਰ ।

ਕੇਸਗੜ੍ਹ ਦੇ ਮੈਦਾਨ ਵਿੱਚ

ਹੱਥ ਵਿਚ ਦਸ਼ਮੇਸ ਦੇ ਇਕ ਚਮਕਦੀ ਤਲਵਾਰ ਸੀ, ਵਲਵਲੇ ਮਾਸੂਮ ਦੇ ਸਨ ਜਿਦ੍ਹੇ ਤੇ ਮੁਸਕਾ ਰਹੇ । ਕਿਸੇ ਦੀ ਆਸ਼ਾ ਪਈ ਹੱਸਦੀ ਸੀ ਉਹਦੀ ਧਾਰ ਤੇ, ਕਿਸੇ ਦੇ ਅਰਮਾਨ ਸਨ ਉਹਦੇ ਤੇ ਪੈਲਾਂ ਪਾ ਰਹੇ । ਉਹਦੇ ਸਾਏ ਵਿਚ ਗ਼ਰੀਬਾ-ਬਾਦ ਬਣਦਾ ਸੀ ਪਿਆ, ਸਾਮਰਾਜੀ ਕਿਲ੍ਹੇ ਸਨ ਤਕ ਤਕ ਕੇ ਢਹਿੰਦੇ ਜਾ ਰਹੇ । ਉਹਦੇ ਪੈਰਾਂ ਚਿ ਸੀ ਥਕ ਕੇ ਕੌਮ ਇਕ ਸੁੱਤੀ ਹੋਈ, ਖ਼ਾਬ ਸਨ ਜਿਨੂੰ ਕਈ ਆਜ਼ਾਦੀਆਂ ਦੇ ਆ ਰਹੇ । ਆਪ ਮੁਹਾਰੇ ਤੇਗ਼ ਨੂੰ ਉਸ ਨੇ ਉਤ੍ਹਾਂ ਜਾਂ ਚੁੱਕਿਆ, ਡਰ ਕੇ ਕਾਲੇ ਅੰਬਰਾਂ ਨੂੰ ਝੁਣਝੁਣੀ, ਜਿਹੀ ਆ ਗਈ । ਸਦਾ ਤੋਂ ਬਿਜਲੀ ਨੂੰ ਅਪਣੀ ਚਮਕ ਉਤੇ ਮਾਨ ਸੀ, ਬੱਦਲਾਂ ਦੇ ਘੁੰਡ ਵਿਚ ਉਹ ਕੁੜੀ ਵੀ ਸ਼ਰਮਾ ਗਈ । ਮੁਰਦਿਆਂ ਦੀ ਅਣਖ ਦੇ ਮੂੰਹ ਤੇ ਤਰੇਲੀ ਆ ਗਈ, ਮਰਦ ਨੇ ਜਦ ਕਿਸੇ ਦੇ ਮਰਦਊ ਨੂੰ ਵੰਗਾਰਿਆ । ਬੁੱਢੜੇ ਆਕਾਸ਼ ਦੇ ਪਾਪਾਂ ਦੀ ਕੋਠੀ ਕੰਬ ਗਈ, ਜਦੋਂ ਧਰਤੀ ਤੇ ਖਲੋ ਕੇ ਕਿਸੇ ਨਾਅਰਾ ਮਾਰਿਆ। ਦਬੀ ਹੋਈ ਗ਼ੈਰਤ ਦੀ ਕਬਰ ਉੱਤੇ ਤਰੇੜਾਂ ਆ ਗਈਆਂ, ਬੁਝਿਆ ਆਜ਼ਾਦੀ ਦਾ ਕਣਕੋਲਾ ਕੋਈ ਲਿਸ਼ਕਾਰਿਆ । ਘੁੱਗੀਆਂ ਨੇ ਬਾਜ਼ ਨੂੰ ਡਿੱਠਾ ਘੁਰਾਕੀ ਵੱਟ ਕੇ, ਹਰਨੀਆਂ ਨੇ ਸ਼ੇਰ ਦੇ ਲਾਗੇ ਖੰਗੂਰਾ ਮਾਰਿਆ। ਗੱਜ ਕੇ ਉਸ ਨੇ ਕਹਿਆ, “ਜਾਗੋ ਚਿਰਾਂ ਦੇ ਸੁੱਤਿਓ ! ਏਸ ਦੁਨੀਆਂ ਵਿਚ ਕੋਈ ਭੁੰਚਾਲ ਆਵਣ ਲਗਾ ਜੇ । ਆਓ ਡੀਕਾਂ ਲਾਓ, ਤੇ ਰਜ ਰਜ ਪਿਆਕੋ ਪੀ ਲਵੋ, ਜ਼ਿੰਦਗੀ ਦੇ ਅਜ 'ਮੈਅ-ਖ਼ਾਨੇ' ਲੁਟਾਵਣ ਲੱਗਾ ਜੇ । ਘਸੇ ਹੋਏ ਮੱਥੇ ਦਿਆਂ ਲੇਖਾਂ ਨੂੰ ਰੋਵਣ ਵਾਲਿਓ, ਆਓ ਅੱਜ ਮੈਂ ਨਵੀਆਂ ਤਕਦੀਰਾਂ ਬਨਾਵਣ ਲੱਗਾ ਹਾਂ । ਜ਼ਿੰਦਗੀ ਤੇ ਮੌਤ ਵਿਚ ਜੋ ਬੁਜ਼ਦਿਲੀ ਦੀ ਲੀਕ ਸੀ, ਢਾਹ ਕੇ ਉਹਨੂੰ, ਦੁਹਾਂ ਨੂੰ ਕੱਠਿਆਂ ਬਿਠਾਵਣ ਲੱਗਾ ਹਾਂ । ਜ਼ੁਲਮ ਦੀ ਅਰਥੀ ਨੂੰ ਮੋਢਾ ਦੇ ਸਕੋ, ਏਸੇ ਲਈ, ਕੁਝ ਤੁਹਾਡੇ ਮੋਢਿਆਂ ਤੇ ਭਾਰ ਪਾਵਣ ਲੱਗਾ ਹਾਂ। ਸਾਮਰਾਜੀ ਖੰਡਰਾਂ ਤੇ, ਹਰ ਨਿਥਾਵੇਂ ਵਾਸਤੇ, ਇਕ ਸੁਹਾਣੀ ਤੇ ਨਵੀ ਦੁਨੀਆਂ ਬਨਾਵਣ ਲੱਗਾ ਹਾਂ। ਛੱਡ ਕੇ ਹੋਰਾਂ ਦੀਆਂ ਜੂਠਾਂ ਤੇ ਚਗਲਾਂ ਖਾਣੀਆਂ, ਗਿੱਦੜੋ ਸ਼ੇਰਾਂ ਦੇ ਵਾਂਗੂੰ ਢਿੱਡ ਭਰਨਾ ਸਿੱਖ ਲਓ । ਅਮਰ ਜੀਵਨ, ਮੌਤ ਦੀ ਘਾਟੀ ਚੋਂ ਮਿਲਦੈ ਲੰਘ ਕੇ, ਜ਼ਿੰਦਗੀ ਦੇ ਚਾਹਵਾਨੋ ! ਪਹਿਲਾਂ ਮਰਨਾ ਸਿੱਖ ਲਓ। ਆ ਉਰ੍ਹਾਂ ਥਾਂ ਥਾਂ ਉਤੇ ਗਰਦਨ ਝੁਕਾਵਣ ਵਾਲਿਆ ! ਅਜ ਮੈਂ ਤੇਰੀ ਅਣਖ ਨੂੰ ਮਗ਼ਰੂਰ ਹੁੰਦਾ ਵੇਖਣੈ। ਤੇਰੇ ਨਿਰਬਲ ਡੌਲਿਆਂ ਵਿਚ ਪਾ ਕੇ 'ਹਿੰਮਤ' ਦੀ ਕਣੀ, ਤੇਰੇ ਹਥੋਂ ਦੇਸ਼ ਦਾ ਦੁਖ ਦੂਰ ਹੁੰਦਾ ਵੇਖਣੈ । ਬਾਲ ਕੇ ਜੋਤੀ ਹਨ੍ਹੇਰੇ ਵਿਚ, 'ਦਇਆ' ਤੇ ‘ਧਰਮ' ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣੈ । ਤੇਰੀ ਕਾਇਰਤਾ ਨੂੰ ਅਜ ‘ਮੁਹਕਮ' ਇਰਾਦੇ ਬਖ਼ਸ਼ ਕੇ, ਤੇਰੇ ਪੈਰਾਂ ਵਿੱਚ ਪਰਬਤ ਚੂਰ ਹੁੰਦਾ ਵੇਖਣੈ । ਰੱਖ ਦੇਵੇਂਗਾ ਤੂੰ ਜੇਕਰ, ਧੌਣ ਮੇਰੀ ਤੇਗ਼ ਤੇ, ਤੇਗ਼ ਦੀ ਸਹੁੰ, ਸਾਹਿਬੋਂ ਮੁਖ਼ਤਾਰ ਬਣ ਜਾਏਂਗਾ ਤੂੰ । ਚਾੜ੍ਹਨਾ ਤੈਨੂੰ ਨਹੀਂ ਮਨਸੂਰ ਦੀ ਸੂਲੀ ਤੇ ਮੈਂ, ਚੜ੍ਹ ਕੇ ਮੇਰੀ ਦਾਰ ਤੇ, ਸਰਦਾਰ ਬਣ ਜਾਏਂਗਾ ਤੂੰ । ਤੇਗ਼ ਦੀ ਇਸ ਨਿੱਕੜੀ ਜਿਹੀ ਧਾਰ ਵਿਚੋਂ ਪਾਂਧੀਆ ! ਤੇਰੀ ਮਨਜ਼ਲ ਦੇ ਸੁਖਾਲੇ ਰਾਹ ਟੋਲੇ ਜਾਣਗੇ । ਉਲਝਣਾਂ ਦੇ ਵਾਸੀਆ, ਤਲਵਾਰ ਦੀ ਇਸ ਨੋਕ ਨਾਲ, ਜ਼ਿੰਦਗੀ ਤੇਰੀ ਦੇ ਗੁੱਝੇ ਭੇਤ ਖੋਲ੍ਹੇ ਜਾਣਗੇ । ਏਸ ਖੰਡੇ ਨਾਲ ਚੰਨਾ, ਤੇਰੀ ਬੁੱਝੀ ਚਿਖ਼ਾ ਚੋਂ, ਅਣਖ ਦੇ ਕਈ ਭਖ਼ਦੇ ਚੰਗਿਆੜੇ ਫਰੋਲੇ ਜਾਣਗੇ । ਸਿਦਕ ਦੀ ਮੰਡੀ 'ਚ ਬਹੁਤਾ ਮੁਲ ਪਵਾਵਣ ਵਾਸਤੇ, ਸਿਰ ਦੇ ਸੌਦੇ ਏਸ ਤਕੜੀ ਨਾਲ ਤੋਲੇ ਜਾਣਗੇ । ਮੌਤ ਵਿਚੋਂ ਜ਼ਿੰਦਗੀ ਮਿਲਦੀ ਏ ਜੀਵਣ ਜੋਗਿਆ, ਫੁੱਲ ਦੀ ਜੇ ਲੋੜ ਹੋਵੇ, ਲੱਭਦਾ ਏ ਖ਼ਾਰ ਚੋਂ। ਜੋ ਸਿਕੰਦਰ ਨੂੰ ਨਾ ਮਿਲਿਆ ਅੰਤ ਤਕ ਆਬੇ ਹਯਾਤ, ਵੇਖ ਲੈ ਡੁਲ੍ਹਦਾ ਪਿਆ ਆ ਕੇ ਮੇਰੀ ਤਲਵਾਰ ਚੋਂ। ਫੰਡ ਕੇ ਖੰਭਾਂ ਨੂੰ ਸਾਰਾ ਵਹਿਮ ਕਢ ਦੇ ਪੰਛੀਆ ! ਅਜ ਤੋਂ ਤੇਰੇ ਆਹਲਣੇ ਵਿਚ ਬਿਜਲੀਆਂ ਪਾਲਾਂਗਾ ਮੈਂ। ਰੀਝ ਪੈ ਗੀ ਵੇਖ ਕੇ ਜਿਨ੍ਹਾਂ ਨੂੰ ਆਜ਼ਾਦੀ ਤੇਰੀ, ਕੈਦੀਆ ! ਤੇਰੇ ਲਈ ਸੰਗਲ ਅਜਿਹੇ ਢਾਲਾਂਗਾ ਮੈਂ। ਡੁੱਬ ਕੇ ਮੰਝਧਾਰ ਚੋਂ ਜਿਹੜੀ ਕਿਨਾਰਾ ਲੱਭ ਲੈ, ਤੇਰੇ ਲਈ ਅਣਤਾਰੂਆ ਬੇੜੀ ਜਿਹੀ ਭਾਲਾਂਗਾ ਮੈਂ। ਜ਼ਿੰਦਗੀ ਲੱਭੇ ਸੜਨ ਵਾਲੇ ਨੂੰ ਜਿਸ ਦੀ ਲਾਟ ਚੋਂ, ਤੇਰੇ ਲਈ ਪਰਵਾਨਿਆ ਦੀਵਾ 'ਜਿਹਾ ਬਾਲਾਂਗਾ ਮੈਂ। ਕੋਈ ਤੇਰੇ ਠੰਡੇ ਹੌਕਿਆਂ ਵਿਚ ਝੱਖੜਾਂ ਦਾ ਜੋਸ਼ ਏ, ਇਹਨਾਂ ਚੋਂ ਤਿੱਖਾ ਕੋਈ ਤੂਫ਼ਾਨ ਪੈਦਾ ਕਰਾਂਗਾ । ਮੁਸ਼ਕਲਾਂ ਤੇ ਔਕੜਾਂ ਨੂੰ ਗੋ ਕੇ ਤੇਰੇ ਖ਼ੂਨ ਵਿਚ, ਦਰਦ ਦਾ ਪੁਤਲਾ ਕੋਈ ਇਨਸਾਨ ਪੈਦਾ ਕਰਾਂਗਾ । ਵੇਖਿਆ ਫਿਰ ਮੁਅਜਿਜ਼ਾ, ਦੁਨੀਆ ਦੇ ਵੇਖਣ ਵਾਲਿਆਂ ! ਤੇਗ਼ ਵਿਚੋਂ ਸਮਾਂ ਅਮ੍ਰਿਤ ਦਾ ਵਗਾ ਦਿਤਾ ਗਿਆ। ਮੀਟੀਆਂ ਅੱਖਾਂ ਕਈ, ਕਈਆਂ ਦੇ ਦੀਦੇ ਪਾਟ-ਗਏ, ਜ਼ਿੰਦਗੀ ਨੂੰ ਮੌਤ ਦੀ ਗੋਦੀ ਬਿਠਾ ਦਿਤਾ ਗਿਆ । ਹੌਕਿਆਂ ਦੀ ਵਾਜ, ਗ੍ਹੀਕੇ ਹਾਸਿਆਂ ਵਿਚ ਬਦਲ ਗਈ, ਸਹਿਮ ਸਾਰਾ ਮੌਤ ਦਾ ਉਕਾ ਮੁਕਾ ਦਿਤਾ ਗਿਆ । ਉੱਠੀਆਂ ਝੁਕੀਆਂ ਹੋਈਆ ਧੌਣਾਂ ਤੇ ਤਣੀਆਂ ਛਾਤੀਆਂ, ਗਿੱਦੜਾਂ ਨੂੰ ਸ਼ੇਰ ਦੇ ਜਾਮੇ ਚ ਪਾ ਦਿਤਾ ਗਿਆ । ਦੁਖਾਂ ਦੀ ਭੱਠੀ ਚਿ ਪਾ ਕੇ, ਨਾਮ ਧਰਕੇ "ਖ਼ਾਲਸਾ" ਵਖਰੀ ਇਕ ਕੌਮ ਦੁਨੀਆਂ ਤੇ ਵਸਾ ਦਿਤੀ ਗਈ। ਕੰਡਿਆਂ ਦੀ ਹਿੱਕ ਉੱਤੇ, ਖੰਜਰਾਂ ਦੀ ਧਾਰ ਤੇ, ਖ਼ਾਲਸੇ ਦੀ ਆਖ਼ਰੀ ਮਨਜ਼ਲ ਬਣਾ ਦਿਤਾ ਗਈ ।

ਪਿਆਸਾ ਸ਼ਹੀਦ

ਦਸਮ ਪਿਤਾ ਨੇ ਬੈਠਿਆਂ ਗੜ੍ਹੀ ਅੰਦਰ, ਡਿੱਗਦੀ ਪੁੱਤ ਦੀ ਜਦੋਂ ਤਲਵਾਰ ਡਿੱਠੀ । ਚੜ੍ਹੀਆਂ ਮੂੰਹ ਤੇ ਲਾਲੀਆ ਮਣਾਂ ਮੂੰਹੀਂ, ਜਦੋਂ ਵਗਦੀ ਖ਼ੂਨ ਦੀ ਧਾਰ ਡਿੱਠੀ । ਖਿੜ ਗਈ ਚਿਤ ਦੀ ਕਲੀ ਅਨਾਰ ਵਾਂਗੂੰ, ਜਦੋਂ ਉਜੜੀ ਪਈ ਗੁਲਜ਼ਾਰ ਡਿੱਠੀ । ਡਿੱਠੀ ਜਿੱਤ ਅਜਿੱਤ ਦੇ ਮੂੰਹ ਉਤੇ, ਓਹਦੇ ਲਹੂ ਵਿਚ ਡੁੱਬਦੀ ਹਾਰ ਡਿੱਠੀ । ਬਸਤੀ ਖ਼ੁਸ਼ੀ ਦੀ ਵੇਖ ਕੇ ਥੇਹ ਹੁੰਦੀ, ਦਸਵੇਂ ਸ਼ਹਿਨਸ਼ਾਹ ਜੀ ਮੁਸਕਰਾਣ ਲਗੇ । ਅਤੇ ਸਦ ਕੇ ਕੋਲ ਝੁਜਾਰ ਜੀ ਨੂੰ, ਬੜੇ ਚਾਅ ਦੇ ਨਾਲ ਸਮਝਾਣ ਲਗੇ । "ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀਆ ਓਇ, ਆਬ ਤੇਰੇ ਤੇ ਨਵੀਂ ਚੜ੍ਹਾਣ ਲਗਾਂ। ਮੇਰੇ ਦੁਧਾਂ ਦੇ ਪਾਲਿਆ, ਮਖਣਾ ਓਇ, ਤੈਨੂੰ ਪੱਥਰਾਂ ਨਾਲ ਟਕਰਾਣ ਲਗਾਂ। ਚੰਦਰਮਾਂ ਤੋਂ ਚਿੱਟਿਆ ਚਾਨਣਾ ਓਇ, ਤੈਨੂੰ ਤੇਗ਼ਾਂ ਦੇ ਸਾਏ ਚਮਕਾਣ ਲਗਾਂ। ਮੇਰੇ ਸਿਹਰਿਆਂ ਵਾਲਿਆ! ਬਿਨਾਂ ਸਾਹਿਓਂ, ਤੈਨੂੰ ਮੌਤ ਦੇ ਨਾਲ ਪਰਨਾਣ ਲਗਾਂ । ਚਰਬੀ ਪੁੱਤਾਂ ਦੀ ਲਾ ਲਾ ਕੇ ਆਪ ਹੱਥੀਂ, ਦਾਗ਼ ਪੰਥ ਦੇ ਸਦਾ ਲਈ ਧੋਣ ਲਗਾਂ । ਰਤ ਚੋ ਕੇ ਆਪਣੇ ਕਾਲਜੇ ਦੀ, ਅਜ ਮੈਂ ਸੁਰਖਰੂ ਕਿਸੇ ਤੋਂ ਹੋਣ ਲਗਾਂ । ਉਠ ਤੀਰ ਕਮਾਨ ਦੀ ਪਰਖ ਕਰ ਲੈ, ਨਾਲੇ ਜਾਚ ਲੈ ਧਾਰ ਕ੍ਰਿਪਾਨ ਦੀ ਤੂੰ । ਜਾਨ ਜਾਣ ਲਗੀ ਤਾਂ ਫਿਰ ਜਾਣ ਦੇਵੀਂ, ਰਾਖੀ ਕਰੀਂ ਪਰ ਜੋਧਿਆ ਆਨ ਦੀ ਤੂੰ । ਇਹਦੀਆਂ ਸੱਧਰਾਂ ਆਸਾਂ ਨੀ ਨਾਲ ਤੇਰੇ, ਪੁਤਰ ਲੱਜ ਰਖੀਂ ਹਿੰਦੁਸਤਾਨ ਦੀ ਤੂੰ । ਜਿਹੜੀ ਪਾਈ ਸੀ ਤੇਰੇ ਵਡੇਰਿਆਂ ਨੇ, ਰਸਮ, ਕਾਇਮ ਰਖੀਂ ਬਲੀਦਾਨ ਦੀ ਤੂੰ । ਝੱਖੜ ਦੁਖਾਂ ਦੇ ਵਗਣ ਹਜ਼ਾਰ ਭਾਵੇਂ, ਐਪਰ ਝਵੇਂ ਨਾ ਚਿਹਰੇ ਦਾ ਫੁਲ ਤੇਰਾ । ਲੰਘੀਂ ਹੱਸ ਕੇ ਤੇਗ਼ ਦੀ ਧਾਰ ਉਤੋਂ, ਪੈਣਾ ਏਸੇ ਕਸੌਟੀ ਤੇ ਮੁਲ ਤੇਰਾ । ਤੁਸੀਂ ਉਨ੍ਹਾਂ ਦੀ ਅੰਸ ਹੋ ਲਾਲ ਮੇਰੇ, ਜਿਨ੍ਹਾਂ ਮੌਤ ਨੂੰ ਖੁੰਗੀਆਂ ਪਾ ਲਈਆਂ। ਠਾਰਨ ਲਈ ਗ਼ਰੀਬਾਂ ਦੇ ਤਪੇ ਹਿਰਦੇ, ਸੜਦੀ ਦੇਗ ਵਿਚ ਚੁਭੀਆਂ ਲਾ ਲਈਆਂ । ਕੱਜਣ ਵਾਸਤੇ ਸਤਰ ਸਤਵੰਤਣਾਂ ਦੇ, ਜਿਨ੍ਹਾਂ ਪੁਠੀਆਂ ਖਲਾਂ ਲੁਹਾ ਲਈਆਂ। ਹੱਥ ਧਰਮੀਆਂ ਦੇ ਸਿਰ ਤੇ ਧਰਨ ਬਦਲੇ, ਸਿਰ ਤੇ ਤਤੀਆਂ ਰੇਤਾਂ ਪਵਾ ਲਈਆਂ। ਮੰਨੀ ਈਨ, ਨਾ ਧਰਮ ਨੂੰ ਦਾਗ਼ ਲਾਇਆ, ਲੱਖਾਂ ਫੱਟ ਲਗੇ ਦੇਹੀਆਂ ਕੂਲੀਆਂ ਤੇ । ਮੂੰਹ ਚੋਂ ਹੱਕ ਦਾ ਵਿਰਦ ਪਰ ਛਡਿਆ ਨਾ, ਹੱਸ ਹੱਸ ਕੇ ਲਟਕ ਗਏ ਸੂਲੀਆਂ ਤੇ ।" ਸ਼ੇਰ ਜੁੱਸੇ ਨੂੰ ਫਰਕ ਕੇ ਕਿਹਾ ਅਗੋਂ, “ਨਵੇਂ ਪਿਤਾ ਜੀ ਪੂਰਨੇ ਪਾ ਦਿਆਂਗਾ। ਭਾਰਤ ਮਾਂ ਦੀਆਂ ਆਸਾਂ ਤੇ ਸੱਧਰਾਂ ਤੇ, ਚੁਣ ਚੁਣ ਅਮਲ ਦੇ ਫੁਲ ਚੜ੍ਹਾ ਦਿਆਂਗਾ । ਚਾੜ੍ਹ ਚਾੜ੍ਹ ਤਲਵਾਰ ਦੀ ਤੱਕੜੀ ਤੇ, ਮੰਡੀ ਸਿਰਾਂ ਦੇ ਧੜਾਂ ਦੀ ਲਾ ਦਿਆਂਗਾ। ਤੇਰੇ ਅੰਮ੍ਰਿਤ ਦੀ ਸਾਗਰ 'ਚੋਂ ਘੁਟ ਪੀਤੈ, ਐਪਰ ਖ਼ੂਨ ਦੇ ਵਹਿਣ ਵਗਾ ਦਿਆਂਗਾ। ਕੋਈ ਭਰਮ ਨਾ ਕਰੋ ਅਜੀਤ ਜੀ ਨੂੰ, ਕੱਲਾ ਇਕ ਵੀ ਘੜੀ ਨਹੀਂ ਰਹਿਣ ਦੇਂਦਾ । ਛੇਤੀ ਮਿਲਾਂਗਾ ਵੀਰ ਨੂੰ ਪਾ ਜੱਫੀ, ਭੰਗ ਜੋੜੀਆਂ ਵਿਚ ਨਹੀਂ ਪੈਣ ਦੇਂਦਾ ।" ਹੋ ਕੇ ਵਿਦਾ ਮੁੜ ਪਰਤ ਕੇ ਕਹਿਣ ਲਗਾ, “ਦਾਤਾ ਕਰਾਂ ਜੇ ਸੁਣੋ ਅਰਦਾਸ ਮੇਰੀ । ਤੇਰੀ ਮਿਹਰ ਦੇ ਕਦਮ ਨਾਲ ਬੱਝੀ ਹੋਈ ਏ, ਇੱਕ ਇੱਕ ਸੱਧਰ, ਇੱਕ ਇੱਕ ਆਸ ਮੇਰੀ । ਉਹੋ ਵਿਚ ਦਰਗਾਹ ਦੇ ਗਿਣੀ ਜਾਣੀ, ਜਿਹੜੀ ਘੜੀ ਗੁਜ਼ਰੀ ਤੇਰੇ ਪਾਸ ਮੇਰੀ। ਭਾਵੇਂ ਹਰ ਵੇਲੇ ਅੰਗ ਸੰਗ ਏਂ ਤੂੰ, ਪਰ ਨਹੀਂ ਦਰਸ ਦੀ ਲਹਿੰਦੀ ਪਿਆਸ ਮੇਰੀ । ਏਸ ਲਈ ਜਾਂਦਾ ਜਾਂਦਾ ਪਰਤਿਆ ਨਹੀਂ, ਘੜੀਆਂ ਹੋਰ ਦੋ ਚਾਰ ਕੁ ਜੀ ਲਵਾਂ ਮੈਂ । ਤੇਰੇ ਭਰੇ ਸਮੁੰਦਰ 'ਚੋਂ ਜੀ ਕਰਦੈ, ਪਾਣੀ ਘੁਟ ਕੁ ਜਾਂਦਿਆਂ ਪੀ ਲਵਾਂ ਮੈਂ ।” ਜਲਾਂ ਥਲਾਂ ਦੇ ਮਾਲਕ ਨੇ ਕਿਹਾ ਅਗੋਂ, “ਬੀੜਾ ਚੁੱਕ ਕੇ ਜਾਂ ਤੇ ਜਾਣਾ ਨਹੀਂ ਸੀ। ਗਾਨਾ ਬੰਨ੍ਹ ਕੇ ਮੌਤ ਦਾ ਆਪ ਹਥੀਂ, ਜੇ ਸੈਂ ਗਿਆ ਤਾਂ ਪਰਤ ਕੇ ਆਣਾ ਨਹੀਂ ਸੀ। ਜਿਹੜੀਆਂ ਅੱਖਾਂ ਨੂੰ ਪਿੱਠ ਵਿਖਾਈ ਸਾਈ, ਓਹਨਾਂ ਅੱਖਾਂ ਨੂੰ ਮੂੰਹ ਵਿਖਾਣਾ ਨਹੀਂ ਸੀ। ਸੂਰਮਤਾਈ ਦੀ ਸੋਹਣਿਆ ਆਬ ਉਤੇ, ਪਾਣੀ ਮੰਗ ਕੇ ਦਾਗ਼ ਤੂੰ ਲਾਣਾ ਨਹੀਂ ਸੀ। ਜਿਥੇ ਜੱਗ ਵਿਚ ਤੇਰੀ ਬਹਾਦਰੀ ਦਾ, ਪਰਲੋ ਤੀਕਰਾਂ ਕਿਲ੍ਹਾ ਨਾ ਆਬਾਦ ਰਹਿਸੀ। ਓਥੇ ਸੋਹਣਿਆ ਪਰਤ ਕੇ ਜੰਗ ਵਿਚੋਂ, ਪਾਣੀ ਮੰਗਣ ਦੀ ਗੱਲ ਵੀ ਯਾਦ ਰਹਿਸੀ। ਚੰਨਾ ! ਪਾਣੀ ਕੀ ਮੇਰੇ ਤੋਂ ਮੰਗਣਾ ਏਂ, ਤੈਨੂੰ ਆਬਹਯਾਤ ਪਿਲਾਇਆ ਏ ਮੈਂ । ਲੋਕਾਂ ਭਾਣੇ ਮੈਂ ਮੌਤ ਸਹੇੜ ਦਿਤੀ, ਜੀਉਣ ਜੋਗਿਆ ਤੈਨੂੰ ਜਵਾਇਆ ਏ ਮੈਂ । ਵਸ ਪਿਆ ਹਾਂ ਅਜ ਮੈਂ ਜੱਗ ਉਤੇ, ਲੋਕਾਂ ਵਾਸਤੇ ਝੁਗਾ ਲੁਟਾਇਆ ਏ ਮੈਂ । ਜਾ ਕੇ ਪੀ ਅਜੀਤ ਤੋਂ ਮੰਗ ਪਾਣੀ, ਓਸ ਰਾਹ ਉਤੇ ਤੈਨੂੰ ਪਾਇਆ ਏ ਮੈਂ ।" ਅਗੋਂ ਹੱਸ ਕੇ ਕਿਹਾ ਜੁਝਾਰ ਜੀ ਨੇ, “ਪਾਣੀ ਬਾਝ ਨਹੀਂ ਪਿਤਾ ਘਬਰਾਂਵਦਾ ਸਾਂ। ਮਤੇ ਜਿਗਰਾ, ਤੁਹਾਡਾ ਨਾ ਡੋਲ ਜਾਏ, ਮੇਰੇ ਪਿਤਾ ਮੈਂ ਤੈਨੂੰ ਅਜ਼ਮਾਂਵਦਾ ਸਾਂ ।" ਵੜਿਆ ਜੰਗ ਅੰਦਰ ਜਾ ਕੇ ਸ਼ੇਰ ਬਾਂਕਾ, ਨਾਹਰੇ ਜਾਂਦਿਆਂ ਹੀ ਮਾਰਨ ਲਗ ਪਿਆ । ਆਪਣੀ ਨਿੱਕੀ ਜਿਹੀ ਤੇਗ਼ ਦੀ ਧਾਰ ਉਤੋਂ, ਸੀਸ ਵੈਰੀਆਂ ਦੇ ਵਾਰਨ ਲਗ ਪਿਆ । ਵਗਦੀ ਉਨ੍ਹਾਂ ਦੇ ਲਹੂ ਦੀ ਨਦੀ ਅੰਦਰ, ਡੁੱਬ ਜਾਣਿਆਂ ਨੂੰ ਤਾਰਨ ਲਗ ਪਿਆ । ਕਲਗੀਧਰ ਦਾ ਲਾਡਲਾ ਪੁਤ ਦਿਲ ਵਿਚ, ਗੱਲਾਂ ਮਰਨ ਦੀਆਂ ਧਾਰਨ ਲਗ ਪਿਆ। ਤਾਂ ਹੀ ਡਿੱਠਾ ਦਸ਼ਮੇਸ ਦੀਆਂ ਅੱਖੀਆਂ ਨੇ, ਤਾਰਾ ਅੱਖੀਆਂ ਦਾ ਵਿੰਹਦੇ ਟੁੱਟ ਗਿਆ । ਡਿੱਗ ਕੇ ਜੰਗ ਦੇ ਵਿਚ ਸ਼ਹੀਦ ਹੋਇਆ, ਹਥੋਂ ਤੀਰ ਕਮਾਨ ਵੀ ਛੁੱਟ ਗਿਆ। ਉਠੇ ਸ੍ਰੀ ਦਸ਼ਮੇਸ਼ ਜੀ ਹੱਸ ਕੇ ਤੇ, ਸਾਡੇ ਜੇਰੇ ਵਾਂਗ ਉਹ ਜਰੇ ਨਾਹੀਂ । ਓਸ ਮੋਤੀਆਂ ਵਾਲੇ ਦੀ ਲਾਸ਼ ਉਤੇ, ਚਾਰ ਅੱਥਰੂ ਵੀ ਉਸ ਤੋਂ ਸਰੇ ਨਾਹੀਂ। ਲਗੇ ਕਹਿਣ, "ਇਹ ਅੱਜ ਤੋਂ ਅਮਰ ਹੋ ਗਏ, ਲੋਕੋ ਭੋਲਿਓ ! ਇਹ ਕੋਈ ਮਰੇ ਨਾਹੀਂ । ਦੋ ਦੇ ਕੇ ਲੱਖਾਂ ਬੱਚਾ ਲਏ ਮੈਂ, ਸੌਦੇ ਇਨ੍ਹਾਂ ਕੋਲੋਂ ਹੋਰ ਖਰੇ ਨਾਹੀਂ। ਮੇਰਾ ਤੁਸਾਂ ਦਾ ਅਜ ਸਰਬੰਧ ਟੁੱਟਾ, ਲੌ ਹੁਣ ਬੱਚਿਓ ! ਮੈਂ ਭੀ ਚਲਦਾ ਹਾਂ। ਤੁਸੀਂ ਪੁਤਰੋ ਚਲ ਕੇ ਥਾਂ ਮਲੋ, ਹੁਣ ਮੈਂ ਦੂਜਿਆਂ ਦੋਹਾਂ ਨੂੰ ਘਲਦਾ ਹਾਂ।

ਸ਼ੁਕਰਾਨਾ

ਸਿੱਖਾ ! ਡੁੱਲ੍ਹਿਆ ਕਿਉਂ ਏਂ ?ਗੁਰੂ ਰਾਖਾ, ਬਹਿ ਜਾ ਕੋਲ ਮੇਰੇ ਉਰੇ ਆ ਤਾਂ ਸਹੀ । ਹੋ ਕੇ ਸਿੱਖ ਤੂੰ ਚੜ੍ਹਦੀਆਂ ਕਲਾ ਵਾਲਾ, ਏਡਾ ਘਾਬਰੇਂ ਕਿਉਂ ਸਮਝਾ ਤਾਂ ਸਹੀ । ਅੜਿਆ ! ਦੱਸ ਖਾਂ ਮਾਂ ਜੀ ਨੇ ਕਿਥੇ, ਸੁਨਿਹਾ ਉਨ੍ਹਾਂ ਦਾ ਕੋਈ ਪਹੁੰਚਾ ਤਾਂ ਸਹੀ । ਜ਼ੋਰਾਵਰ ਤੇ ਫ਼ਤਹਿ ਉਦਾਸ ਤਾਂ ਨਹੀਂ, ਮੈਨੂੰ ਉਨ੍ਹਾਂ ਦੀ ਗੱਲ ਸੁਣਾ ਤਾਂ ਸਹੀ । ਹਾਏ! ਕਮਲਿਆ ਤੂੰ ਤਾਂ ਰੋ ਰਿਹਾ ਏਂ, ਓ ਕਦੇ ਸੂਰਮੇ ਹੌਸਲਾ ਹਾਰਦੇ ਨੇ । ਸਿੱਖ ਸਤਿਗੁਰੂ ਦੇ ਤੇਗਾਂ ਮਾਰਦੇ ਨੇ, ਵਾਂਗ ਕਾਇਰਾਂ ਦੇ ਢਾਹੀਂ ਮਾਰਦੇ ਨੇ ? ਸਿੱਖ ਨਾਲ ਜਕਲੰਬ ਦੇ ਜਿਹਾ ਰੁੰਨਾ, ਨੈਣਾਂ ਵਿਚੋਂ ਬਿਆਸਾ ਵਗਾ ਦਿੱਤੀ । ਰੋਏ ਜਿਮੀਂ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ । ਸਿੱਖ ਮਸਾਂ ਜਿਹੇ ਬੋਲਿਆ, ਪਾਤਸ਼ਾਹਾ ! ਬੰਨੀ ਜ਼ੁਲਮ ਦੀ ਜ਼ਾਲਮਾਂ ਪਾ ਦਿੱਤੀ । ਸਿੱਖੀ ਅਣਖ਼ ਦੇ ਸੁਹਲ ਕਲੇਜੜੇ ਤੇ ਮੁਗਲ ਰਾਜ ਨੇ ਛੁਰੀ ਚਲਾ ਦਿੱਤੀ । ਏਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ, ਤੇਰੇ ਪੁੱਤਰਾਂ ਦੇ ਡੱਕਰੇ ਗਿਣੀਦੇ ਨੇ । ਜ਼ੋਰਾਵਰ ਤੇ ਫ਼ਤਹਿ ਸਰਹੰਦ ਅੰਦਰ, ਮਹਿਲਾਂ ਵਾਲਿਆ! ਕੰਧੀਂ ਪਏ ਚਿਣੀਂਦੇ ਨੇ । ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ, ਜਿੱਤੀ ਹੋਈ ਬਾਜ਼ੀ ਗਏ ਹਰ ਤਾਂ ਨਹੀਂ । ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ, ਕਿਧਰੇ ਡੋਲ ਗਿਆ ਜ਼ੋਰਾਵਰ ਤਾਂ ਨਹੀਂ । ਰਿਹਾ ਖੇਡਦਾ ਨਾਲ ਖਿਡੌਣਿਆਂ ਦੇ, ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ । ਸੀ ਮਾਸੂਮ, ਗੁਰਪੁਰੀ ਨੂੰ ਜਾਣ ਵੇਲੇ, ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ । ਛੇਤੀ ਦੱਸ ਮੈਨੂੰ ਉਨ੍ਹਾਂ ਜ਼ਾਲਮਾਂ ਨੇ, ਕੀਤੀ ਉਨ੍ਹਾਂ ਮਾਸੂਮਾਂ ਦੇ ਨਾਲ ਕੀ ਕੀ । ਉਨ੍ਹਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ, ਕੀਤੇ ਹੈਸਨ ਜੁਆਬ ਸੁਆਲ ਕੀ ਕੀ । ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜ਼ਾਦਿਆਂ ਫ਼ਤਹਿ ਗਜਾ ਦਿੱਤੀ । ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ, ਤਸਬੀਹ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ । ਸੂਬੇ ਕਿਹਾ ਕਰੋ ਸਲਾਮ ਮੁੰਡਿਓ, ਉਨ੍ਹਾਂ ਸਾਹਮਣੇ ਜੁੱਤੀ ਵਖਾ ਦਿੱਤੀ । ਉਨ੍ਹਾਂ ਜਦੋਂ ਤਲਵਾਰ ਦਾ ਖੌਫ ਦਿੱਤਾ, ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ । ਸੂਬੇ ਜ਼ੋਰ ਨਾਲ ਕਿਹਾ "ਗੁਸਤਾਖ਼ ਮੁੰਡਿਓ, ਅੱਜ ਤੁਸਾਂ ਦੀ ਅਣਖ਼ ਮੁਕਾ ਦਿਆਂਗਾ । ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ ।" ਫ਼ਤਹਿ ਸਿੰਘ ਨੇ ਖੜਕ ਕੇ ਕਿਹਾ ਅੱਗੋਂ, ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ । ਅਸੀਂ ਅਸਲ ਫ਼ੌਲਾਦ ਦੇ ਡੱਕਰੇ ਹਾਂ, ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ । ਅਸੀਂ ਉਹ ਪਤੰਗੇ ਹਾਂ ਸੜ ਮਰਨੇ, ਜਿਹੜੇ ਸ਼ਮ੍ਹਾਂ ਤੋਂ ਵੀ ਪਹਿਲਾਂ ਜਲ ਜਾਂਦੇ । ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿਚ ਨਹੀਂ ਰਲ ਜਾਂਦੇ । ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗੈਂ, ਇੱਜਤ ਆਪਣੀ ਸਗੋਂ ਬਚਾ ਸਾਥੋਂ । ਮਾਸ ਬਾਜ਼ ਦੀ ਚੁੰਝ ‘ਚੋਂ ਖੋਹਣ ਲੱਗੈਂ, ਅੜਿਆ ਆਪਣਾ ਮਾਸ ਛੁਡਾ ਸਾਥੋਂ । ਦਿੱਤਾ ਹੁਕਮ ਮੁੜ ਸੂਬੇ ਨੇ, ਪਾਤਸ਼ਾਹਾ ! ਇਨ੍ਹਾਂ ਦੋਹਾਂ ਨੂੰ ਕੰਧੀਂ ਚੁਣਾ ਦਿਓ । ਇਨ੍ਹਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ, ਫੜ ਕੇ ਸੱਪ ਦੇ ਪੁੱਤ ਮੁਕਾ ਦਿਓ । ਇਨ੍ਹਾਂ ਜਿਉਂਦਿਆਂ ਕੁਫਰ ਦੇ ਪੁਤਲਿਆਂ ਨੂੰ, ਫੜ ਕੇ ਮਿੱਟੀ ਦੇ ਵਿਚ ਮਿਲਾ ਦਿਓ । ਖੂਨ ਡੋਲ੍ਹ ਕੇ ਇਨ੍ਹਾਂ ਦੇ ਕਾਲਜੇ ਦਾ, ਮੇਰੇ ਜਿਗਰ ਦੀ ਅੱਗ ਬੁਝਾ ਦਿਓ । ਬੱਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦਿਹਾਂ ਕੂਲੀਆਂ ਤੇ ਇੱਟਾਂ ਧਰਨ ਲੱਗੇ । ਓਧਰ ਮਰਨ ਵੇਲੇ ਤੇਰੇ ਭਗਤ ਪੁੱਤਰ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ । ਜਦੋਂ ਸੁਹਲ ਕਲੇਜੇ ਤੇ ਕੰਧ ਪਹੁੰਚੀ, ਸਾਹ ਚੰਨਾਂ ਦਾ ਰੁਕਿਆ ਜਾਣ ਲੱਗਾ । ਤਦੋਂ ਵੇਖ ਕੇ ਫ਼ਤਹਿ ਸਿੰਘ ਵੱਲੋਂ, ਜ਼ੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ । “ਕੀ ਕਿਹਾ ਈ”? ਪੁਛਿਆ ਪਾਤਸ਼ਾਹ ਨੇ, “ਜ਼ੋਰਾ ਹੈਸੀ ਕਮਜੋਰੀ ਵਖਾਉਣ ਲੱਗਾ” ? ਨਹੀਂ ਪਾਤਸ਼ਾਹ ਖੌਫ਼ ਦੇ ਨਾਲ ਨਹੀਂ ਸੀ, ਜੋਰਾਵਰ ਦਾ ਚਿਤ ਘਬਰਾਉਣ ਲੱਗਾ । ਉਹ ਤਾਂ ਕਹਿੰਦਾ ਸੀ ਵੀਰਨਾ ਮੈਂ ਵੱਡਾ, ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗੈਂ । ਕਿਹੜਾ ਮੂੰਹ ਵਿਖਾਵਾਂਗਾ ਪਿਤਾ ਨੂੰ ਮੈਂ, ਛੋਟਾ ਹੋ ਮੈਥੋਂ ਬਾਜੀ ਕਰਨ ਲੱਗੈਂ । ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਗ ਦਾਤਾਰ ਮੇਰਾ । ਮੇਰੀ ਤੁੱਛ ਜਿਹੀ ਭੇਟ ਮਨ਼ਜ਼ੂਰ ਹੋ ਗਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ । ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੌਲਾ ਹੋ ਗਿਆ ਕਰਜ ਦਾ ਭਾਰ ਮੇਰਾ । ਰੋਂਦੇ ਪਏ ਨੇ ਲੋਕ ਮੈ ਆਖਦਾ ਹਾਂ, ਸਫਲਾ ਹੋ ਗਿਆ ਅੱਜ ਪਰਵਾਰ ਮੇਰਾ । ਖੂਨ ਡੋਲ੍ਹ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ, ਚੋਲੀ ਆਪਣੇ ਵਤਨ ਦੀ ਰੰਗਦਾ ਹਾਂ । ਤਿਵੇਂ ਮੇਰਾ ਵੀ ਏਥੇ ਸਰੀਰ ਲੱਗੇ, ਤੈਥੋਂ ਦਾਤਾ ‘ਕਰਤਾਰ’ ਇਹ ਮੰਗਦਾ ਹਾਂ ।

ਅੱਖੀਆਂ ਵਾਲਾ

ਇਕ ਦਿਨ ਰਾਜਿਆਂ ਦੀ ਲਗੀ ਪਰਹਿ ਅੰਦਰ, ਕਿਸੇ 'ਚੰਦ' ਵਲੋਂ ਮਤਾ ਪੇਸ਼ ਹੋਇਆ :- "ਸਾਡੀ ਜਾਨ ਦੇ ਲਈ ਇਹ ਰੋਗ ਹੋਇਆ, ਕਾਹਦਾ ਸਿੱਖਾਂ ਦਾ ਗੁਰੂ ਦਸਮੇਸ਼ ਹੋਇਆ। ਇਹਨੂੰ ਵੇਖ ਕੇ ਕਲਗੀਆਂ ਜਿਗ੍ਹੇ ਲਾਂਦਾ, ਸਾਡੇ ਵਾਸਤੇ ਬੜਾ ਕਲੇਸ਼ ਹੋਇਆ । ਬਿਨਾਂ ਪੁੱਛਿਆਂ ਪਿਆ ਸ਼ਿਕਾਰ ਖੇਡੇ, ਇਹ ਤੇ ਸਾਡਾ ਵੀ ਸਗੋਂ ਨਰੇਸ਼ ਹੋਇਆ। ਜੇਕਰ ਯਾਦ ਰਖੋ ਇਹਨੂੰ ਹਟਕਿਆ ਨਾ, ਕਿਸੇ ਰੋਜ਼ ਨੂੰ ਬਹੁਤ ਸਤਾਇਗਾ ਇਹ । ਰਾਜਪੂਤਾਂ ਦੀ ਚਮਕਦੀ ਸ਼ਾਨ ਉਤੇ, ਪੁਜ ਪੁਜ ਕੇ ਤੇ ਲੀਕਾਂ ਲਾਇਗਾ ਇਹ। ਸਾਰੇ ਵੇਖ ਕੇ ਤੇ ਇਹਦੀ ਸ਼ਾਨ ਸ਼ੌਕਤ, ਨਾਲ ਸ਼ਰਮ ਦੇ ਮੂੰਹ ਪਏ ਕੱਜਦੇ ਨੇ । ਧਰਤੀ ਵੇਲ੍ਹ ਨਹੀਂ ਦੇਂਦੀ ਏ ਓਸ ਵੇਲੇ, ਧੌਂਸੇ ਜਦੋਂ ਇਹਦੇ ਜੰਗੀ ਵੱਜਦੇ ਨੇ। ਗਲੀਆਂ ਵਿਚ ਇਹਦੇ ਹਾਥੀ ਫਿਰਨ ਖੁਲ੍ਹੇ, ਟੁੱਟੇ ਸੰਗਲ ਰਜਪੂਤਾਂ ਦੀ ਲੱਜ ਦੇ ਨੇ । ਦਸੋ ਸਾਰੇ ਹੀ ਬੁਕਲੀਂ ਮੂੰਹ ਪਾ ਕੇ, ਇਹਦੇ ਠਾਠ ਅਗੇ ਰਾਜੇ ਸੱਜਦੇ ਨੇ ? ਰਤੀ ਅਣਖ ਦੀ ਹੈ ਜੇ ਤੁਸਾਂ ਅੰਦਰ, ਤਾਂ ਫਿਰ ਜਾਂ ਇਹਨੂੰ ਰਲ ਕੇ ਮਾਰ ਲਈਏ । ਨਹੀਂ ਤੇ ਚੂੜੀਆਂ ਤੇ ਗਜਰੇ ਪਾ ਹੱਥੀਂ, ਅੰਦਰ ਬੈਠ ਕੇ ਝਟ ਗੁਜ਼ਾਰ ਲਈਏ।” ਦੇਵੀ ਚੰਦ ਵਜ਼ੀਰ ਸੀ ਬੜਾ ਦਾਨਾ, ਉਸ ਨੇ ਸੋਚਿਆ, ਕੰਮ ਖਰਾਬ ਹੋਇਆ। ਆਖਾਂ ਸੱਚ ਤੇ ਰਾਜਿਆਂ ਛੱਡਣਾ ਨਹੀਂ, ਕਰਾਂ ਚੁਪ ਤੇ ਉਂਜ ਅਜ਼ਾਬ ਹੋਇਆ । ਉਹ ਤੇ ਜੋਤ ਨਿਰੰਜਨੀ ਜਗੀ ਹੋਈ ਏ, ਓਹਦੀ ਦੀਦ ਵਿਚ ਲੱਖ ਸਵਾਬ ਹੋਇਆ। ਪਰਦੇ ਇਨ੍ਹਾਂ ਦੀ ਨਜ਼ਰ ਤੇ ਪਾਏ ਹੋਣੀ, ਸੀਨਾ ਦੁਖਾਂ ਦੇ ਨਾਲ ਕਬਾਬ ਹੋਇਆ । ਐਪਰ ਸੱਚ ਦੀ ਰਤੀ ਵੀ ਬੜੀ ਹੁੰਦੀ, ਨਾਲ ਝੂਠ ਪਹਾੜ ਦੇ ਤੁਲਦੀ ਏ । ਸੋਨਾ ਸੁੱਟ ਦੇਈਏ ਭਾਵੇਂ ਅੱਗ ਅੰਦਰ, ਓਹਨੂੰ ਆਪਣੀ ਚਮਕ ਨਹੀਂ ਭੁਲਦੀ ਏ । ਲਗਾ ਕਹਿਣ ਵਜ਼ੀਰ ਰਜਵਾੜਿਆਂ ਨੂੰ, "ਹੋਇਆ ਕੀ ਏ ਤੁਸਾਂ ਦੀ ਬੁਧ ਤਾਈ। ਅੰਨ੍ਹੇ ਆਪ ਤੇ ਸੂਰਜ ਨੂੰ ਕਹੋ ਕਾਲਾ, ਤਾਂਬਾ ਸਮਝਦੇ ਹੋ ਸੋਨੇ ਸੁਧ ਤਾਈਂ । ਬਹਿ ਕੇ ਜੰਗਲੀ, ਸ਼ੇਰਾਂ ਨੂੰ ਛੇੜਦੇ ਹੋ, ਕਰ ਲੋ ਯਾਦ ਭੰਗਾਣੀ ਦੇ ਯੁਧ ਤਾਈਂ । ਜ਼ੈਕਾ ਆਪਣੇ ਮੂੰਹਾਂ ਦਾ ਵਿਗੜਿਆ ਜੇ, ਖੱਟਾ ਆਖਦੇ ਹੋ ਮਾਝੇ ਦੁਧ ਤਾਈਂ । ਓਹਨੂੰ ਮੂਰਖੋ ਕਰੋ ਪ੍ਰਣਾਮ ਜਾ ਕੇ, ਕਾਹਨੂੰ ਵਿਚ ਹੰਕਾਰ ਦੇ ਗਲ ਰਹੇ ਓ। ਰਾਜੇ ਮਹਾਰਾਜੇ ਜਿਹੜੇ ਬਣੇ ਹੋਏ ਹੋ, ਸਾਰੇ ਓਹਦੇ ਭੰਡਾਰਿਓਂ ਪਲ ਰਹੇ ਓ।" ਭੀਮ ਚੰਦ ਨੂੰ ' ਤੇ ਸੁਣ ਕੇ ਗੱਚ ਚੜ੍ਹਿਆ, ਲਗਾ ਕਹਿਣ, ਐਵੇਂ ਕਾਹਨੂੰ ਬਕਨਾ ਏਂ । ਖਾ ਖਾ ਸਾਡਾ ਹੀ ਲੂਣ ਹਰਾਮਖੋਰਾ, ਮੁੜ ਮੁੜ ਬੁਰਾ ਅਸਾਡਾ ਹੀ ਤਕਨਾ ਏਂ । ਸਾਡੇ ਮੁੰਹ ਉਤੇ ਸਾਡੇ ਵੈਰੀਆਂ ਦੀ, ਕਰਦਾ ਸਿਫ਼ਤ ਨਾ ਝਿਜਕਦਾ ਝਕਨਾ ਏਂ । ਜੇਕਰ ਆਪ ਤੂੰ ਜੰਗ ਨਹੀਂ ਕਰਨ ਜੋਗਾ, ਰਾਜਪੂਤ ਹੋ ਕੇ ਸਾਨੂੰ ਡਕਨਾ ਏਂ । ਦਿਤਾ ਹੁਕਮ ਸਿਪਾਹੀਆਂ ਨੂੰ "ਫੜੋ ਛੇਤੀ, ਇਹਨੂੰ ਨਾਲ ਜ਼ੰਜੀਰਾਂ ਦੇ ਘੇਰ ਦੇਵੋ। ਸੂਏ ਲੋਹੇ ਦੇ ਤਾਅ ਕੇ ਅੱਗ ਅੰਦਰ, ਹੁਣੇ ਇਹਦੀਆਂ ਅੱਖਾਂ 'ਚ ਫੇਰ ਦੇਵੋ' ।" ਲਿਆ ਜੂੜ ਜਲਾਦਾਂ ਨੇ ਵਕਤ ਓਸੇ, ਜੰਗਲ ਵਿਚ ਆ ਹੁਕਮ ਬਜਾਣ ਲਗੇ । ਚੁੱਗ ਲਕੜਾਂ ਢਾਂਡਰੀ ਬਾਲੀਓ ਨੇ, ਸੂਏ ਲੋਹੇ ਦੇ ਰਖ ਕੇ ਤਾਣ ਲਗੇ । ਨਾਲ ਰੁੱਖ ਦੇ ਬੰਨ੍ਹ ਕੇ ਹੱਥ ਪੁੱਠੇ, ਆਸ਼ਕ ਸਚ ਦੇ ਦੇ ਨੂੰ ਸੁਰਮਾ ਪਾਣ ਲਗੇ । ਛੋਈ ਜ਼ੁਲਮ ਤੇ ਜਬਰ ਦੀ ਢੇਰ ਲਾ ਕੇ, ਤੀਲੀ ਬਾਲ ਅਨਿਆਂ ਦੀ ਲਾਣ ਲਗੇ । ਨਾਲ ਸਬਰ ਸੰਤੋਖ ਦੇ ਰਿਹਾ ਵਿੰਹਦਾ, ਦੇਵੀ ਚੰਦ ਚਿਤੋਂ ਉਕਾ ਡੋਲਿਆ ਨਾ । ਜੋੜ ਅੱਖਾਂ ਦੇ ਹੱਥ ਅਰਦਾਸ ਕੀਤੀ, ਐਪਰ ਮੂੰਹ ਵਿਚੋਂ ਸਿਦਕੀ ਬੋਲਿਆ ਨਾ। “ਤੂੰ ਰਹੀਮ ਕਰੀਮ ਕਦੀਮ ਦਾ ਏਂ , ਲੱਜ ਹਾਥੀ ਦੀ ਪਹੁੰਚ ਕੇ ਪਾਲੀ ਸੀ ਤੂੰ । ਪਰਦੇ ਸ਼ਰਮ ਦੇ ਪਾ ਦਰੋਪਦੀ ਤੇ, ਜਿਲਦ ਕੈਰਵਾਂ ਦੀ ਜਾ ਕੇ ਗਾਲੀ ਸੀ ਤੂੰ । ਭਾਵੇਂ ਆਪਣਾ ਮੋਢਾ ਛਿਲ਼ਵਾ ਆਇਓਂ, ਐਪਰ ਨਾਲ ਲੁਬਾਣੇ ਦੇ ਘਾਲੀ ਸੀ ਤੂੰ । ਮੇਰੀ ਸਿਦਕ ਦੀ ਕਣੀ ਵੀ ਤਿਵੇਂ ਰਖੀਂ, ਕੀਤੀ ਜੋਗੇ ਦੀ ਜਿਵੇਂ ਰਖਵਾਲੀ ਸੀ ਤੂੰ।" ਮੁਕੀ ਜਦੋਂ ਅਰਦਾਸ ਖਲੋ ਗਿਆ ਉਹ, ਓਹਦੇ ਚਰਨਾਂ ਦੇ ਵਲ ਖ਼ਿਆਲ ਕਰਕੇ । ਓਧਰ ਅੱਖੀਆਂ ਦੇ ਅੰਦਰ ਫੇਰ ਦਿਤੇ, ਸੂਏ ਉਨ੍ਹਾਂ ਨੇ ਅੱਗ ਤੋਂ ਲਾਲ ਕਰਕੇ। ਓਧਰ ਓਸ ਵੇਲੇ ਕਲਗੀਧਰ ਜੀ ਦੇ, ਡੇਰੇ ਵਿਚ ਮਹੱਲਾਂ ਦੇ ਲੱਗ ਰਹੇ ਸੀ । ਚਾਨਣ ਫੁਟ ਕੇ ਕੰਧਾਂ 'ਚੋਂ ਨਿਕਲਦਾ ਸੀ, ਲੱਖਾਂ ਨੂਰ ਦੇ ਦੀਪ ਜਿਓਂ ਜਗ ਰਹੇ ਸੀ। ਮੋਤੀ ਤਖ਼ਤ ਦੇ ਤਾਰਿਆਂ ਵਾਂਗ ਚਮਕਣ, ਚੰਦ ਵਾਂਗ ਇਹ ਚਿਤ ਨੂੰ ਠਗ ਰਹੇ ਸੀ। ਸਾਗਰ ਸ਼ਾਂਤੀ ਦਾ ਛੱਲਾਂ ਮਾਰਦਾ ਸੀ, ਅਤੇ ਨੂਰ ਦੇ ਵਹਿਣ ਕਈ ਵਗ ਰਹੇ ਸੀ। ਐਪਰ ਖ਼ੂਨ ਪੈਰਾਂ ਵਿਚੋਂ ਨਿਕਲਦਾ ਸੀ, ਜ਼ੋਰ ਨਾਲ ਏਕਣ ਧਾਰਾਂ ਬੰਨ੍ਹ ਕੇ ਤੇ । ਜਿਵੇਂ ਵਿਚ ਬਰਸਾਤ ਦੇ ਉਡਦੀਆਂ ਨੇ, ਕੂੰਜਾਂ ਅਰਸ਼ ਉਤੇ ਡਾਰਾਂ ਬੰਨ੍ਹ ਕੇ ਤੇ। ਲਹੂ ਪੂੰਜਦੇ ਸੀ ਸੇਵਾਦਾਰ ਜਿਉਂ ਜਿਉਂ, ਤਿਉਂ ਤਿਉਂ ਵਾਂਗ ਫੁਹਾਰਿਆਂ ਚਲਦਾ ਸੀ । ਦਰਦਮੰਦ ਦੇ ਹੰਝੂਆਂ ਵਾਂਗ ਇਹ ਵੀ, ਪੈਰਾਂ ਵਿਚ ਨਾ ਰੁਕਦਾ ਠਲ੍ਹਦਾ ਸੀ । ਬਸਤਰ ਰੇਸ਼ਮੀ ਭਿੱਜ ਕੇ ਲਾਲ ਹੋ ਗਏ, ਚਿਤ ਵੇਖ ਕੇ ਮੂਲ ਨਾ ਝਲਦਾ ਸੀ। ਥੰਮ੍ਹੇ ਰਹਿਣ ਨਾ ਅੱਥਰੂ ਕਿਸੇ ਕੋਲੋਂ, ਦੁਖ ਸਾਰਿਆਂ ਨੂੰ ਏਸੇ ਸਲ ਦਾ ਸੀ। ਹੱਥ ਜੋੜ ਕੇ ਪੁੱਛਿਆ ਕਿਸੇ ਕੋਲੋਂ, ਕੀ ਤੂੰ ਚੋਜੀਆ ਖੇਡ ਵਿਖਾਲੀ ਏ ਇਹ । ਅਗੋਂ ਹੱਸ ਕੇ ਆਖਿਆ ਆਪ ਜੀ ਨੇ, ਲੱਜ ਕਿਸੇ ਨਿਮਾਣੇ ਦੀ ਪਾਲੀ ਏ ਇਹ। ਓਧਰ ਹੋਸ਼ ਆਈ ਦੇਵੀ ਚੰਦ ਤਾਈਂ, ਦਿਲ ਵਿਚ ਰੱਬ ਦਾ ਸ਼ੁਕਰ ਬਜਾਣ ਲਗਾ। “ਪੀੜ ਪਰਬ, ਤੇ ਰਤਾ ਨਹੀਂ ਹੋਈ ਮੈਨੂੰ", ਪਟੀ ਵੇਖ ਕੇ ਸੋਚ ਦੌੜਾਣ ਲਗਾ । ਉਤਾਂਹ ਉਠਿਆ ਚਿਤ ਨੂੰ ਖਿੱਚ ਲੱਗੀ, ਭੱਜਾ ਮਗਰ ਖ਼ਿਆਲਾਂ ਦੇ ਜਾਣ ਲਗਾ। ਨਾ ਕੋਈ ਰਾਹ ਦਸੇ ਤੇ ਨਾ ਰਾਹ ਦਿਸੇ, ਜੰਗਲ ਵਿਚ ਹੀ ਠੋਕਰਾਂ ਖਾਣ ਲਗਾ। ਪੁਛ ਪੁਛ ਕੇ ਜੰਗਲੀ ਬੂਟਿਆਂ ਨੂੰ, ਫਿਰਦਾ ਵਿਚ ਉਜਾੜਾਂ ਦੇ ਨੱਸਦਾ ਏ। “ਮੈਨੂੰ ਓਸ ਗਰਾਂ ਦਾ ਰਾਹ ਦਸੋ, ਜਿਥੇ ਮੇਰਾ ਪਰਮਾਤਮਾ ਵੱਸਦਾ ਏ ।" ਗਿਆ ਪਹੁੰਚ ਅਨੰਦ ਦੀ ਪੁਰੀ ਅੰਦਰ, ਅੰਤ ਠੋਕਰਾਂ ਤੇ ਠੇਡੇ ਖਾ ਕੇ ਤੇ। ਸੇਵਾਦਾਰ ਨੇ ਅਗਾਂਹ ਨਾ ਜਾਣ ਦਿਤਾ, ਦਿਤਾ ਰੋਕ ਡਿਓਢੀ ਤੇ ਆ ਕੇ ਤੇ। ਜਾਣੀ ਜਾਣ ਨੇ ਜਾਣ ਕੇ ਆਣ ਪਹੁੰਚਾ, ਸੇਵਾਦਾਰ ਨੂੰ ਕਿਹਾ ਸੁਣਾ ਕੇ ਤੇ :- “ਇਹਨੂੰ ਘਲ ਦੇਵੋ ਅੰਦਰ ਕੋਲ ਮੇਰੇ, ਖਟੋ ਪਾਪ ਨਾ ਹੋਰ ਅਟਕਾ ਕੇ ਤੇ ।" ਦੇਵੀ ਚੰਦ ਨੂੰ ਵੇਖ ਕੇ ਕਹਿਣ ਲਗੇ :- “ਸਿਖਾ ਤੇਰੀ ਅਰਦਾਸ ਮੈਂ ਮੰਨ ਲਈ ਏ । ਹੁਣ ਤੇ ਅੱਖੀਆਂ ਤੋਂ ਪਰ੍ਹਾਂ ਖੋਲ੍ਹ ਪੱਟੀ, ਤੇਰੇ ਹਿੱਸੇ ਦੀ ਅਸਾਂ ਜੋ ਬੰਨ੍ਹ ਲਈ ਏ ।" ਦੇਵੀ ਚੰਦ ਨੇ ਅੱਖਾਂ ਤੋਂ ਖੋਹਲ ਪੱਟੀ, ਸੀਸ ਕਦਮਾਂ ਤੇ ਝਟ ਟਿਕਾ ਦਿੱਤਾ । ਆਈ ਕਾਂਗ ਪ੍ਰੇਮ ਦੀ ਨਦੀ ਅੰਦਰ, ਨਵਾਂ ਅੱਖਾਂ 'ਚੋਂ ਵਹਿਣ ਵਗਾ ਦਿੱਤਾ । ਮਸਤੀ ਵਿਚ ਨਾ ਚਰਨਾਂ ਦੇ ਜ਼ਖਮ ਡਿਠੇ, ਮੱਥਾ ਮਾਰ ਕੇ ਜਖ਼ਮ ਦੁਖਾ ਦਿੱਤਾ । ਸੇਵਾਦਾਰ ਨੇ ਵੇਖ ਕੇ ਫੱਟ ਅੱਲੇ, ਬਾਹੋਂ ਪਕੜ ਕੇ ਪਰ੍ਹਾਂ ਹਟਾ ਦਿੱਤਾ । ਅਗੋਂ ਕਿਹਾ ਹਜ਼ੂਰ ਨੇ, "ਰਹਿਣ ਦੇ ਸੂ, ਨੈਣ ਨਾਲ ਜ਼ਖਮਾਂ ਝੁਰਦੇ ਝੁਖਦੇ ਨੇ । ਸਗੋਂ ਹੰਝੂਆਂ ਦੀ ਮਲ੍ਹਮ ਲਾ ਰਿਹਾ ਏ, ਜ਼ਖ਼ਮ ਇਹਦੇ ਦੁਖਾਇਆਂ ਨਹੀਂ ਦੁਖਦੇ ਨੇ ।" ਦੇਵੀ ਚੰਦ ਡਿਠੇ ਜਦੋਂ ਫੱਟ ਲਗੇ, ਆ ਕੇ ਜੋਸ਼ ਅੰਦਰ ਭੁੱਬਾਂ ਮਾਰਦਾ ਏ । ਮੋਤੀ ਸਿਦਕ ਦੇ ਕੱਢ ਕੇ ਸਿੱਪੀਆਂ 'ਚੋਂ, ਇਕ ਇਕ ਜ਼ਖ਼ਮ ਉਤੋਂ ਸੌ ਸੌ ਵਾਰਦਾ ਏ । ਗੁਰਾਂ ਹੱਸ ਕੇ ਛਾਤੀ ਦੇ ਨਾਲ ਲਾਇਆ, ਕਿਉਂਕਿ ਬਿਰਦ ਈਹੋ ਤਾਰਨਹਾਰ ਦਾ ਏ । ਮੂੰਹੋਂ ਆਖਿਆ, "ਤੇਰਾ ਕਸੂਰ ਕੀ ਏ, ਭਾਣਾ ਮੰਨਿਆ ਅਸਾਂ ਦਾਤਾਰ ਦਾ ਏ ।" ਏਸੇ ਤਰ੍ਹਾਂ “ਕਰਤਾਰ" ਉਹ ਸਦਾ ਤੋਂ ਹੀ, ਲੱਜਾਂ ਵਾਲਿਆਂ ਦੀ ਲੱਜ ਪਾਲ ਦਾ ਸੀ। ਜਿਹੜਾ ਇਕ ਵਾਰੀ ਉਹਦੇ ਨਾਲ ਲਗੇ, ਉਹ ਫਿਰ ਹਸ਼ਰ ਤੀਕਰ ਓਹਦੇ ਨਾਲ ਦਾ ਸੀ ।

ਨਾ ਕੋ ਬੈਰੀ ਨਾਹੀ ਬੈਗਾਨਾ

ਹੋਈ ਸਿਖਰ ਦੁਪਹਿਰ ਤੇ ਧੁੱਪ ਕੜਕੀ, ਰੇਤਾਂ ਹੋ ਗਈਆਂ ਸੜ ਕੇ ਮਨੂਰ ਵਾਂਗੂੰ । ਸੂਰਜ ਕਿਰਨਾਂ ਦੀ ਢੀਂਗਰੀ ਜਿਹੀ ਬਾਲੀ, ਤਪ ਗਿਆ ਜਹਾਨ ਤੰਦੂਰ ਵਾਂਗੂੰ । ਪੱਥਰ ਪੰਘਰੇ, ਪਾਣੀ ਨੂੰ ਗੜ੍ਹਕ ਆਇਆ, ਲੋਆਂ ਘੁਰਨਿਆਂ ਚ ਪੰਛੀ ਸੁੱਨ੍ਹ ਸੁੱਟੇ । ਮਾਛਣ ਧੁੱਪ ਨੇ ਇਸ ਤਰ੍ਹਾਂ ਭੱਠ ਤਾਏ, ਜਵਾਂ ਵਾਂਗਰਾਂ ਆਦਮੀ ਭੁੰਨ ਸੁੱਟੇ । ਜੰਗ ਧਰਮ, ਅਨਿਆਂ ਦਾ ਗਰਮ ਹੋਇਆ, ਨਾਰਦ ਆਣ ਚਵਾਤੀਆਂ ਛੇੜੀਆਂ ਨੇ। ਐਸੀ ਰੁੱਤ ਅੰਦਰ ਦੁਹਾਂ ਫ਼ੌਜਦਾਰਾਂ, ਫ਼ੌਜਾਂ ਆਹਮਣੋ ਸਾਹਮਣੇ ਭੇੜੀਆਂ ਨੇ ! ਸੱਟਾਂ ਪੈਂਦੀਆਂ ਤੇ ਲੋਹਾ ਖੜਕਦਾ ਏ, ਗਭਰੂ ਵਾਂਗ ਵਦਾਨਚੀ ਹੌਂਕ ਰਹੇ ਨੇ। ਰੱਤ ਪੀਂਦਿਆਂ ਵਾਂਗ ਕਲਜੋਗਨਾਂ ਨੂੰ, ਇੱਲਾਂ ਉਡਦੀਆਂ ਤੇ ਕੁੱਤੇ ਭੌਂਕ ਰਹੇ ਨੇ। ਖੰਡਾ ਇਸ ਤਰ੍ਹਾਂ ਧੜਾਂ ਤੋਂ ਸੀਸ ਲਾਹ ਕੇ, ਰੱਤ ਨਾਲ ਬੇਦਰਦੀ ਦੇ ਰੋੜਦਾ ਸੀ। ਭਰੀਆਂ ਮਟਕੀਆਂ ਜਿਵੇਂ ਗੁਲਾਲ ਦੀਆਂ, ਕਾਹਨ ਸਖੀਆਂ ਦੇ ਸਿਰਾਂ ਤੋਂ ਫੋੜਦਾ ਸੀ। ਵਗ ਵਗ ਕੇ ਲਹੂ ਨੇ ਧਰਤ ਉੱਤੇ, ਰੰਗ ਇਸ ਤਰ੍ਹਾਂ ਲਾਲ ਚੜ੍ਹਾਏ ਹੋਏ ਨੇ । ਜਿਵੇਂ ਮੋਕਲੀ ਥਾਂ ਲਲਾਰੀਆਂ ਨੇ, ਸਾਲੂ ਰੰਗ ਕੇ ਸੁੱਕਣੇ ਪਾਏ ਹੋਏ ਨੇ। ਢੱਠੇ ਧਰਤ ਤੇ ਗੇਲੀਆਂ ਵਾਂਗ ਗਭਰੂ, ਮੋਛੇ ਤੇਗ਼ ਨੇ ਇਸ ਤਰ੍ਹਾਂ ਪਾ ਦਿਤੇ। ਮਾਂਗੀ ਪਾ ਤਰਖਾਣਾਂ ਨੇ ਜੰਗਲਾਂ ਚਿ, ਢੇਰ ਰੁਖਾਂ ਦੇ ਜਿਸ ਤਰ੍ਹਾਂ ਲਾ ਦਿਤੇ । ਤੇਗਾਂ ਡੱਕਰੇ ਹੋ ਕੇ ਡਿੱਗੀਆਂ ਨੇ, ਲਹੂ ਵਿਚ ਇਉਂ ਡੁੱਬਦੀਆਂ ਤਰਦੀਆਂ ਨੇ । ਜਿਵੇਂ ਕਿਸੇ ਦੇ ਰਾਖਵੇਂ ਛੰਭ ਅੰਦਰ, ਲਾਲ ਮੱਛੀਆਂ ਚੁੰਗੀਆਂ ਭਰਦੀਆਂ ਨੇ । ਇਹੋ ਜਿਹੇ ਵਿਚ ਮੌਤ ਦਾ ਲਾਹ ਝਾਕਾ, ਕੋਈ ਜੰਗ ਅੰਦਰ ਚੱਕਰ ਲਾ ਰਿਹਾ ਏ। ਇੰਜ ਜਾਪਦੈ, ਮੋਢੇ ਤੇ ਘੜਾ ਚੁੱਕੀ, ਪਾਣੀ ਜ਼ਖ਼ਮੀਆਂ ਤਾਈਂ ਪਿਲਾ ਰਿਹਾ ਏ। ਗਲ ਵਿਚ ਮਾਲਾ, ਸੂ ਦਰਸ਼ਨੀ ਕੜਾ ਹੱਥੀਂ, ਮੂੰਹੋਂ ਵਾਹਿਗੁਰੂ ਨਾਮ ਅਲਾਪਦਾ ਏ । ਲੰਮਾ ਦਾੜ੍ਹਾ ਸੂ, ਮੂੰਹ ਮੁਹਾਂਦਰੋ ਤੋਂ, - ਕੋਈ ਸਿਖ ਦਸਮੇਸ਼ ਦਾ ਜਾਪਦਾ ਏ । ਅੱਖੀਂ ਨਾਮ ਖੁਮਾਰੀ ਸੂਚ ੜ੍ਹੀ ਹੋਈ, ਦਿਲ ਵਿਚ ਖਿੱਚ ਪਿਆਰ ਦੀ ਲੱਗ ਰਹੀ ਸੂ । ਇਹਨਾਂ ਮੌਤ ਦੇ ਝੁਲਦਿਆਂ ਝਖੜਾਂ ਚਿ, ਮੂੰਹ ਤੇ ਸ਼ਾਂਤੀ ਦੀ ਜੋਤ ਜੱਗ ਰਹੀ ਸੂ । ਪਾਂਦੈ ਕਿਸੇ ਦੇ ਮੂੰਹ ਵਿਚ ਚੁਲੀ ਭਰ ਕੇ, ਫੇਰ ਦੂਜੇ ਨੂੰ ਵੇਖ ਕੇ ਰੁੱਝ ਜਾਂਦੈ । ਜਿਧਰ ਡਿਗਦਾ ਏ ਕੋਈ “ਹਾਏ ਕਹਿ ਕੇ, ਝੱਟ ਉਹਦੇ ਸਰਾਹਣੇ ਇਹ ਪੁੱਜ ਜਾਂਦੈ । ਰੱਤ ਕਿਸੇ ਦੇ ਮੂੰਹ ਤੋਂ ਪੂੰਝਦਾ ਏ, ਛੱਟਾ ਕਿਸੇ ਦੀ ਅੱਖਾਂ ਤੇ ਮਾਰ ਦੇਂਦੈ । ਡੁੱਬਣ ਲਗੇ ਜੋ ਮੌਤ ਦੀ ਨਦੀ ਅੰਦਰ, ਝਟ ਉਹਦੀਆਂ ਬੇੜੀਆਂ ਤਾਰ ਦੇਂਦੈ । ਏਨਾ ਮਸਤ ਏ ਸੇਵਾ ਦੇ ਨਸ਼ੇ ਅੰਦਰ, ਕੋਈ ਆਪਣਾ ਬਿਗਾਨਾ ਵੀ ਵੇਖਦਾ ਨਹੀਂ । ਤੀਰ ਜ਼ਿੰਦਗੀ ਦੇ ਮਾਰੀ ਜਾ ਰਿਹਾ ਏ, ਕਮਲਾ ਕੋਈ ਨਸ਼ਾਨਾ ਵੀ ਵੇਖਦਾ ਨਹੀਂ। ਸੱਜਣ ਮੰਗੇ, ਤਾਂ ਵੀ “ਪਾਣੀ ਪੀ ਵੀਰਾ," ਦੁਸ਼ਮਣ ਮੰਗੇ ਤੇ ਵਿਤਕਰਾ ਤਾਂ ਨਹੀਂ ਸੂ। ਊਹੋ ਪਿਆਰ, ਊਹੋ ਪਾਣੀ ਦੁਹਾਂ ਜੋਗਾ, ਕਿਤੇ ਦੂਈ ਦਵੈਤ ਦਾ ਨਾਂ ਨਹੀਂ ਸੂ । ਜਿਹੜੇ ਵੈਰੀ ਨੂੰ ਮਾਰ ਕੇ ਤੀਰ ਕੋਈ, ਸਿਖ ਮੌਤ ਦੇ ਰਾਹ ਤੇ ਪਾ ਦੇਂਦੈ। ਓਸੇ ਤਾਈਂ ਇਹ ਪੁਤਲਾ ਮਨੁੱਖਤਾ ਦਾ, ਪਾਣੀ ਦੇ ਕੇ ਝੱਟ ਉਠਾ ਦੇਂਦੈ । ਵੱਟਣ ਸਿਖ ਘੁਰਾਕੀਆਂ ਪੈਣ ਛਿੱਥੇ, ਪਾਣ ਘੂਰੀਆਂ ਤੇ ਬੁਲ੍ਹ ਟੁੱਕਦੇ ਨੇ । ਐਪਰ ਵਹਿਣ ਦਰਿਆਵਾਂ ਦੇ ਕਾਂਗ ਆਏ, ਕਦੋਂ ਸੈਂਨਤਾਂ ਦੇ ਨਾਲ ਰੁੱਕਦੇ ਨੇ । ਹੋਲੀ ਰੱਤ ਦੀ ਖੇਡਦੇ ਰਹੇ ਜੋਧੇ, ਨਾ ਕੋਈ ਜਿੱਤ ਸਕਿਆ ਨਾ ਕੋਈ ਹਾਰ ਸਕਿਆ। ਸੂਰਜ ਸ਼ਾਮ ਦੀ ਬੁੱਕਲੇ ਜਾ ਵੜਿਆ, ਵਗਦਾ ਖ਼ੂਨ ਨਾ ਹੋਰ ਸਹਾਰ ਸਕਿਆ । ਕੱਟਣ ਰਾਤ, ਆਪੋ ਅਪਣੇ ਡੇਰਿਆਂ ਤੇ, ਰਾਖੇ ਅਣਖ ਦੇ ਸਿੰਘ ਸਰਦਾਰ ਆਏ । ਸੁਰਤ ਲੈਣ ਲਈ ਜ਼ਖ਼ਮੀਆਂ ਫੱਟੜਾਂ ਦੀ, ਪੈਰੀਂ ਚੱਲ ਦਸਮੇਸ਼ ਸਰਕਾਰ ਆਏ । ਜੋ ਕੁਝ ਬੀਤੀਆਂ ਪੁਛੀਆਂ ਸਾਰਿਆਂ ਤੋਂ, ਭਲਕ ਲਈ ਕੁਝ ਮਤੇ ਵਿਚਾਰਿਓ ਨੇ। ਜਿਹੜੇ ਹੋਏ ਸ਼ਹੀਦ ਸੀ ਜੁਧ ਅੰਦਰ, ਸੋਧ ਸੋਧ ਅਰਦਾਸੇ ਸਤਿਕਾਰਿਓ ਨੇ । ਵਿੰਹਦੇ ਫਿਰੇ ਆਪੀ ਜ਼ਖ਼ਮ ਫਟੜਾਂ ਦੇ, ਦਾਤਾਂ ਦਿਤੀਆਂ ਦੀਨ ਦਿਆਲ ਹੋ ਕੇ। ਪਰਤਣ ਲਗਿਆਂ, ਆਣ ਕੇ ਅਰਜ਼ ਕੀਤੀ, ਕਿਸੇ ਸਿਖ ਨੇ ਬੜੇ ਜਰ੍ਹਿਆਲ ਹੋ ਕੇ । “ਸੇਵਕ ਅਰਜ਼ ਕਰਦੈ, ਸਾਰੀ ਫ਼ੌਜ ਵਲੋਂ, ਜੇਕਰ ਕਰੇਂ ਗੁਸਤਾਖੀਆਂ ਮਾਫ਼ ਦਾਤਾ। ਮੂੰਹ ਰਖਣੀ ਆਉਂਦੀ ਨਹੀਂ ਮੈਨੂੰ, ਗਲ ਦਸਣੀਏਂ ਸਾਰੀ ਸਾਫ਼ ਦਾਤਾ । ਔਹ, ਜੋ ਸਿਖ ਘਨੱਈਆ ਨਾਂ ਜਿਸ ਦਾ, ਜਿਨੂੰ ਚਰਨਾਂ ਦੇ ਵਿਚ ਬਿਠਾਲਿਆ ਈ । ਮੈਂ ਤੇ ਸਮਝਦਾ ਹਾਂ ਪਾ ਪਾ ਦੁਧ ਇਹਨੂੰ, ਸਾਡੇ ਵਾਸਤੇ ਸੱਪ ਇਹ ਪਾਲਿਆ ਈ। ਜਿਹੜੇ ਵੈਰੀ ਨੂੰ ਮਾਰ ਕੇ ਸਿਖ ਕੋਈ, ਸਿੱਧਾ ਮੌਤ ਦੇ ਰਾਹ ਤੇ ਪਾ ਦੇਂਦੈ । ਓਥੇ ਪਹੁੰਚ ਪੈਂਦੈ, ਵਡਾ ਦੇਸ਼ ਦਰਦੀ, ਪਾਣੀ ਦੇ ਕੇ ਝੱਟ ਉਠਾ ਦੇਂਦੈ । ਕਈਆਂ ਇਹਦੇ ਉਠਾਏ ਹੋਏ ਵੈਰੀਆਂ ਨੇ, ਸਾਡੇ ਮੋਹਰੀਆਂ ਜਣਿਆਂ ਨੂੰ ਸੁੱਟਿਆ ਏ । ਅਸੀਂ ਕਿਵੇਂ ਦੁਸ਼ਮਨ ਜਿਤ ਸਕਦੇ ਹਾਂ, ਝੁੱਗਾ ਆਪਣਾ ਹੀ ਜਦੋਂ ਫੁੱਟਿਆ ਏ । ਨਾਲ ਵੈਰੀ ਦੇ ਵੀ ਗੰਢ ਸੰਢ ਰੱਖੇ, ਇਹਨੂੰ ਏਥੇ ਵੀ ਮੋੜ ਤੇ ਹਟਕ ਕੋਈ ਨਹੀਂ। ਜਿਥੇ ਮੇਸਿਆਂ ਵਾਂਗ ਇਹ ਜਾ ਬਹਿੰਦੈ, ਸਾਡੇ ਵਰਗਿਆਂ ਦੀ ਓਥੇ ਵਟਕ ਕੋਈ ਨਹੀਂ। ਮੂੰਹੋਂ “ਵਾਹਿਗੁਰੂ, ਵਾਹਿਗੁਰੂ" ਰਹੇ ਕਹਿੰਦਾ, ਵਿਚੋਂ ਵੈਰੀਆਂ ਦਾ ਪੱਕਾ ਠੁੱਮਣਾ ਏਂ । ਸਾਡੇ ਨਾਲ ਜੇ ਇਸ ਤਰ੍ਹਾਂ ਰਿਹਾ ਕਰਦਾ, ਮਾਲਾ ਇਹਦੀਆਂ ਨੂੰ ਅਸਾਂ ਚੁੰਮਣਾ ਏਂ ? ਫ਼ੌਜਾਂ ਵਾਲਿਆ ! ਵਰਜ ਤੇ ਮੋੜ ਇਹਨੂੰ, ਜੰਗ ਹੁੰਦਿਆਂ ਅੱਵਲ ਤੇ ਜਾਏ ਨਾ ਇਹ । ਜੇਕਰ ਗਿਆਂ ਬਗ਼ੈਰ ਨਹੀਂ ਰਹਿ ਸਕਦਾ, ਤਾਂ ਫਿਰ ਵੈਰੀ ਨੂੰ ਪਾਣੀ ਪਿਲਾਏ ਨਾ ਇਹ ।" ਅਣਖੀ ਸਿਖ ਤੋਂ ਵਾਹਰੀਆਂ ਜਦੋਂ ਸੁਣੀਆਂ, ਮੁਸਕਰਾਣ ਲੱਗੇ ਬੇ-ਪ੍ਰਵਾਹ ਮੇਰੇ । "ਤੇਰੇ ਕੋਲ ਘਨੱਈਆ ਜਵਾਬ ਕੀ ਏ", ਰੁਅਬ ਨਾਲ ਬੋਲੇ ਸ਼ਾਹਿਨਸ਼ਾਹ ਮੇਰੇ । “ਕੀ, ਇਹ ਖ਼ਾਲਸਾ ਦੱਸ ਖਾਂ ਠੀਕ ਕਹਿੰਦੈ, ਪਾਣੀ ਵੈਰੀਆਂ ਤਾਈਂ ਪਿਲਾਨਾ ਏਂ ਤੂੰ । ਮੇਰੇ ਸਿਖ ਜਿਹੜੇ ਵੈਰੀ ਮਾਰਦੇ ਨੇ, ਸਚਮੁਚ ਉਹਨਾਂ ਦੀ ਜਿੰਦ ਬਚਾਨਾ ਏਂ ਤੂੰ । ਹੋ ਕੇ ਸਿਖ ਨਾ ਰਤਾ ਵੀ ਝੂਠ ਬੋਲੀਂ, ਮੈਨੂੰ ਦਸ ਦੇ ਗੱਲ ਸਫ਼ਾ ਕੀ ਏ ? ਤੈਨੂੰ ਪਤੈ, ਜੋ ਵੈਰੀ ਦੀ ਕਰੇ ਮੱਦਦ, ਸਿਖ ਪੰਥ ਵਿਚ ਉਹਦੀ ਸਜ਼ਾ ਕੀ ਏ ?'' ਗੱਲਾਂ ਠੰਡੀਆਂ ਤੱਤੀਆਂ ਸਾਰਿਆਂ ਤੋਂ, ਸੁਣੀਆਂ ਸਿਖ ਨੇ ਬੜੇ ਪਿਆਰ ਦੇ ਨਾਲ । ਗਲ ਵਿਚ ਪਾ ਪੱਲਾ ਨੀਵੀਂ ਧੌਣ ਕਰਕੇ, ਮੂੰਹੋਂ ਬੋਲਿਆ ਬੜੇ ਸਤਿਕਾਰ ਦੇ ਨਾਲ। “ਦਿਲ ਦੇ ਮਹਿਰਮਾ ! ਦਿਲ ਦੀਆਂ ਜਾਣਨਾ ਏਂ, ਆਪੇ ਏਸ ਰਾਹੇ ਮੈਨੂੰ ਪਾਇਆ ਸੀ ਤੂੰ । ਫ਼ੌਜਾਂ ਵਾਲਿਆ ! ਸੱਜਣਾਂ ਦੁਸ਼ਮਣਾਂ ਦਾ, ਕਦੋਂ ਵਿਤਕਰਾ ਮੈਨੂੰ ਸਿਖਾਇਆ ਸੀ ਤੂੰ । ਤੇਰੇ ਸੋਹਣਿਆਂ ਚਰਨਾਂ ਤੋਂ ਜਾਂ ਸਦਕੇ, ਮੈਂ ਤੇ ਕਦੇ ਪਰਾਏ ਤੇ ਵਿੱਸਿਆ ਨਹੀਂ। ਮੈਂ ਤੇ ਆਪਣਾ ਸਮਝ ਕੇ ਦਿਆਂ ਪਾਣੀ, ਅਜ ਤਕ ਕੋਈ ਵੈਰੀ ਮੈਨੂੰ ਦਿਸਿਆ ਨਹੀਂ। ਜਿੱਧਰ ਜਾਂ, ਮੈਨੂੰ ਤੇਰਾ ਰੂਪ ਦਿਸਦੈ, ਸੱਜਣ ਜਾਣ ਕੇ ਸੇਵਾ ਕਮਾ ਰਿਹਾ ਹਾਂ। ਕਲਗੀ ਵਾਲਿਆ ! ਇਸ ਤਰ੍ਹਾਂ ਜਾਪਦਾ ਏ, ਪਾਣੀ ਤੇਰੇ ਹੀ ਮੂੰਹ ਵਿਚ ਪਾ ਰਿਹਾ ਹਾਂ। ਜਾਣੀ ਜਾਣ ਬਾਬਾ ਉਹਨੂੰ ਕੀ ਦੱਸਾਂ, ਭੇਤੀ ਦਿਲਾਂ ਦਾ ਜਿਹੜਾ ਹਮੇਸ਼ ਦਾ ਏ । ਜਿਨੂੰ ਦਿਆਂ ਪਾਣੀ, ਇੰਜ ਜਾਪਦਾ ਏ, ਜਿਵੇਂ ਮੁਖੜਾ ਮੇਰੇ ਦਸਮੇਸ਼ ਦਾ ਏ । ਛੱਟੇ ਮਾਰ ਕੇ ਅੰਮ੍ਰਿਤ ਦੇ, ਅੱਖੀਆਂ ਤੇ, ਮੇਰੇ ਵੈਰੀਆਂ ਨੂੰ ਆਪੇ ਰੋਹੜਿਓ ਈ । ਹੁਣ ਇਹ ਆਖਦੈਂ ਵੈਰੀ ਸੰਞਾਣਦਾ ਨਹੀਂ, ਚੰਗਾ ਵਖਤ ਮੇਰੇ ਭਾ ਦਾ ਜੋੜਿਓ ਈ । ਦੁਸ਼ਮਣ ਵੇਖ, ਜੇ ਕਿਸੇ ਨੂੰ ਦਿਆਂ ਪਾਣੀ, ਤਾਂ ਫਿਰ ਸਜਣਾਂ ਓ ਗੁਨਾਹਗਾਰ ਹਾਂ ਮੈਂ । ਤੇਰੇ ਬਾਝ ਜਦ ਕੋਈ ਨਹੀਂ ਹੋਰ ਦਿਸਦਾ, ਤਾਂ ਫਿਰ ਦਸ ਕੀਕਣ ਸਜ਼ਾਵਾਰ ਹਾਂ ਮੈਂ ।" ਲਾ ਕੇ ਕਿਹਾ : ਦਸਮੇਸ਼ ਨੇ ਨਾਲ ਛਾਤੀ, “ਮੇਰੀ ਸ਼ਕਲ ਤੂੰ ਸਿਖਾ ਸੰਞਾਣ ਲਈ ਏ । ਤੇਰੀਆਂ ਅੱਖਾਂ ਤੋਂ ਮੈਂ ਕੁਰਬਾਨ ਜਾਵਾਂ, ਅਜ ਤੂੰ ਸਿੱਖੀ ਦੀ ਰਮਜ਼ ਪਛਾਣ ਲਈ ਏ । ਆਹ ਲੈ ਮਲ੍ਹਮ ਦੀ ਡੱਬੀ ਵੀ ਨਾਲ ਲੈ ਜਾ, ਮੈਲ ਦੂਈ ਦੀ ਰਗੜ ਕੇ ਲਾਹੀਦੀ ਏ । ਜਿਹੜੇ ਸੱਜਣ ਨੂੰ ਪਾਣੀ ਪਲਾਉਣਾ ਏਂ, ਓਹਦੇ ਫੱਟਾਂ ਨੂੰ ਮਲ੍ਹਮ ਵੀ ਚਾਹੀਦੀ ਏ।" ਕਿਹਾ ਸਿੱਖਾਂ ਨੂੰ “ਖ਼ਾਲਸਾ ਕੀ ਦੱਸਾਂ, ਚਾਲ ਘੋੜੇ ਦੀ ਉਹਦਾ ਸਵਾਰ ਜਾਣੇ । ਜਿਥੇ ਭਾਈ ਘਨੱਈਆ ਜੀ ਅੱਪੜੇ ਨੇ, ਉਹ ਥਾਂ ਮੈਂ ਜਾਣਾਂ ਜਾਂ ‘ਕਰਤਾਰ’ ਜਾਣੇ ।”

ਤੇਰੇ ਖ਼ਿਆਲ

ਕਲਗੀ ਵਾਲਿਆ ! ਰਹਿਣਗੇ ਯਾਦ ਸਾਨੂੰ, ਪਰਲੋ ਤੀਕਰਾਂ ਕੀਤੇ ਕਮਾਲ ਤੇਰੇ । ਜਗਦੇ ਰਹਿਣਗੇ ਜਗ ਤੇ ਮਸ਼ਾਲ ਵਾਂਗੂੰ, ਦਸੇ ਹੋਏ ਕਰਤਵ ਬੇਮਿਸਾਲ ਤੇਰੇ । ਸਾਲੂ ਸਿਦਕ ਦੇ ਰੰਗਦੀ ਰਹੇਗੀ ਉਹ, ਕਰ ਗਏ ਲਾਲ ਧਰਤੀ ਜਿਹੜੀ ਲਾਲ ਤੇਰੇ। ਪੱਗਾਂ ਥੱਮ੍ਹ ਕੇ ਵਿੰਹਦੈ ਜਹਾਨ ਸਾਰਾ, ਜਿਹੜੀਆਂ ਕੰਧਾਂ ਉਸਾਰ ਗਏ ਬਾਲ ਤੇਰੇ । ਜੋ ਤੂੰ ਇਸ਼ਕ ਪਰੀਖਿਆ ਵਿਚ ਪਾਏ, ਹੁਣ ਤਕ ਹਲ ਨਾ ਹੋਏ ਸਵਾਲ ਤੇਰੇ । ਸੂਰਜ ਤਾਈਂ ਤਰੇਲੀਆਂ ਆਉਣ ਹੁਣ ਤਕ, ਤਕ ਤਕ ਚਾਨਣਾ ਰੋਸ਼ਨ ਖ਼ਿਆਲ ਤੇਰੇ । ਤੇਰੇ ਨੀਲੇ ਦੇ ਖੁਰੇ ਦੀ ਧੂੜ ਲੈ ਕੇ, ਪਾਂਧੀ ਕਈ ਲੂਲ੍ਹੇ, ਸ਼ਾਹ ਸਵਾਰ ਬਣ ਗਏ । ਤੇਰਿਆਂ ਨੰਗਿਆਂ ਪੈਰਾਂ ਦੀ ਛੋਹ ਪਾ ਕੇ, ਮਾਛੀਵਾੜੇ ਕਈ ਰਸ਼ਕੇ ਗੁਲਜ਼ਾਰ ਬਣ ਗਏ। ਤੇਰੇ ਵੈਰੀਆਂ ਨੂੰ ਪਾਣੀ ਦੇਣ ਵਾਲੇ, ਤੇਰਾ ਰੂਪ ਬਣ ਗਏ, ਤੇਰੇ ਯਾਰ ਬਣ ਗਏ । ਤੇਰੇ ਘੋੜਿਆਂ ਦੇ ਘਾਹੀ ਜਗਤ ਵੇਖੇ, ਚਾਤਰ, ਗਿਆਨੀਆਂ ਦੇ ਉਸਤਾਕਾਰ ਬਣ ਗਏ । ਵਾਲ ਵਾਲ ਨਹੀਂ ਐਵੇਂ ਕੁਰਬਾਨ ਕਰਕੇ, ਤੈਥੋਂ ਮੰਗੇ ਸੀ ਕੰਘਾ ਤੇ ਵਾਲ ਤੇਰੇ । ਬੁਧੂ ਸ਼ਾਹ ਦੀਆਂ ਅੱਖਾਂ ਵੇਖ ਲਏ ਸੀ, ਵਾਲ ਵਾਲ ਵਿਚ ਰੋਸ਼ਨ ਖ਼ਿਆਲ ਤੇਰੇ । ਜੇਕਰ ਚਾਨਣੀ ਚੌਕ ਦੇ ਚਾਨਣੇ ਲਈ, ਸਿਰ ਦੇ ਆਪਣੇ ਸਾਏ ਨੂੰ ਸਾੜਿਆ ਤੂੰ । ਜੋ ਹਸਾਣ ਲਈ ਕਲੀਆਂ ਕਸ਼ਮੀਰ ਦੀਆਂ, ਆਪਣਾ ਵੱਸਦਾ ਬਾਗ਼ ਉਜਾੜਿਆ ਤੂੰ । ਜੇਕਰ ਜੰਞੂਆਂ ਬੋਦੀਆਂ ਨਾਲ ਸਾਂਵਾਂ, ਅਪਣੇ ਪੁਤਾਂ ਦੇ ਸਿਰਾਂ ਨੂੰ ਹਾੜਿਆ ਤੂੰ । ਅਜ ਦੀ ਆਈ ਕਸ਼ਮੀਰ ਸਮੱਸਿਆ ਨੂੰ, ਜੇਕਰ ਸੈ ਵਰ੍ਹਿਆਂ ਪਹਿਲਾਂ ਤਾੜਿਆ ਤੂੰ। ਸਦੀਆਂ ਪਹਿਲਾਂ ਭਵਿੱਸ਼ ਨੂੰ ਸਮਝ ਗਏ ਸੀ, ਜੇਕਰ ਗੇਣਵੇਂ ਬਚਾਈ ਬਚਪਨ ਦੇ ਸਾਲ ਤੇਰੇ । ਤਾਂ ਫਿਰ ਪਤਾ ਲਗਦੈ ਨਿੱਕੇ ਹੁੰਦਿਆਂ ਹੀ, ਹੈਸਨ ਕਿਸ ਤਰ੍ਹਾਂ ਰੋਸ਼ਨ ਖ਼ਿਆਲ ਤੇਰੇ । ਜੇ ਤੂੰ ਮੁਰਦਿਆਂ ਦੇ ਅੰਦਰ ਰੂਹ ਫੂਕੀ, ਵੈਦਾ ਤੇਰੀ ਸਿਆਣਪ ਨੂੰ ਸਾਰ ਹੈਸੀ । ਜੇਕਰ ਸ਼ੇਰ ਬਣਾਇਆ ਤੂੰ ਗਿੱਦੜਾਂ ਨੂੰ, ਇਹ ਵੀ ਤੇਰੀ ਹੀ ਸ਼ੇਰਾ ਭਬਕਾਰ ਹੈਸੀ । ਜੇ ਤੂੰ ਚਿੜੀਆਂ ਤੋਂ ਬਾਜ਼ਾਂ ਨੂੰ ਹਾਰ ਦਿਤੀ, ਜਾਦੂਗਰਾ ਤੇਰਾ ਚਮਤਕਾਰ ਹੈਸੀ । ਸੋਮੇ ਜ਼ਿੰਦਗੀ ਦੇ ਫੁੱਟੇ ਜਿਦ੍ਹੇ ਵਿਚੋਂ, ਕੱਲੀ ਜੱਗ ਤੇ ਤੇਰੀ ਤਲਵਾਰ ਹੈਸੀ । ਤੇਰੀ ਅੱਖ ਵਿਚੋਂ ਪਾਣੀ ਸਿੱਮਿਆ ਨਾ, ਜੇ ਤਰ੍ਹਿਆਏ ਟੁਰ ਗਏ ਨੌ ਨਿਹਾਲ ਤੇਰੇ । ਜਦ ਤਕ ਮੜ੍ਹੀ ਚੇਤੇ ਤੇਰੇ ਪੁਤਰਾਂ ਦੀ, ਦਿਸਦੇ ਰਹਿਣਗੇ ਰੋਸ਼ਨ ਖ਼ਿਆਲ ਤੇਰੇ । ਐਪਰ ਕੀ ਦੱਸਾਂ, ਮੇਰੀ ਜੀਭ ਛੋਟੀ, ਪਰ ਪਹਾੜ ਨੇ ਦਰਦ ਕਹਾਣੀਆਂ ਦੇ। ਆ ਕੇ ਵੇਖ, ਤਾਣੇ ਪੇਟੇ ਅੱਡ ਹੋਏ, ਤੇਰੀਆਂ ਸਾਂਭੀਆਂ ਸਿਕਰੀਆਂ ਤਾਣੀਆਂ ਦੇ । ਕਾਰੇ ਵੇਖ ਜਾ ਆਣ ਕੇ ਆਪ ਅੱਖੀਂ, ਜਥੇਦਾਰੀਆਂ ਖਸਮੜੇ ਖਾਣੀਆਂ ਦੇ । ਸਰਸਾ ਵਿਚ ਜੋ ਰੁੜੀ ਨਾ ਕੌਮ ਤੇਰੀ, ਪਏ ਤੂਫ਼ਾਨ ਰੋੜਨ ਪੰਜਾਂ ਪਾਣੀਆਂ ਦੇ । ਸਾੜੀ ਫੁਟ ਜੋ ਜਿਗਰ ਤੇ ਫੱਟ ਖਾ ਕੇ, ਆ ਕੇ ਵੇਖ ਉਸ ਕੀਤਾ ਕੀ ਨਾਲ ਤੇਰੇ । ਘਰ ਨੂੰ ਅੱਗ ਲਾ ਕੇ ਅਸਾਂ ਲੋਅ ਵੇਖੀ, ਸਾਨੂੰ ਭੁਲ ਗਏ ਰੋਸ਼ਨ ਖ਼ਿਆਲ ਤੇਰੇ । ਜੋ ਤੂੰ ਬਾਵ੍ਹਾਂ ਅਸਾਡੀਆਂ ਗਲੀਂ ਪਾਈਆਂ, ਅਜ ਉਹ ਅਸਾਂ ਤਰੋੜੀਆਂ ਭੰਨੀਆਂ ਨੇ। ਅਸਾਂ ਕੰਧ ਸਰਹੰਦ ਦੀ ਭੁਲ ਕੇ ਤੇ, ਘਰੀਂ ਮਾਰ ਲਈਆਂ ਨਵੀਆਂ ਬੰਨੀਆਂ ਨੇ । ਤੇਰੀ ਬਾਣੀ ਪਵਿਤ੍ਰ ਨੂੰ ਕੰਡ ਦੇ ਕੇ, ਅਸਾਂ ਪੱਛਮੀ ਸਿਆਸਤਾਂ ਮੰਨੀਆਂ ਨੇ। ਤੇਰੀ ਅਣਖ ਦੀ ਚਾਦਰ ਦੀ ਖ਼ੈਰ ਨਹੀਓਂ, ਸਾਡੇ ਹੱਥ ਆਈਆਂ ਉਹਦੀਆਂ ਕੰਨੀਆਂ ਨੇ । ਸਿੱਖੀ ਲਈ ਪੁੱਤਰ ਵਾਰਨ ਵਾਲਿਆ ਓਏ, ਠੰਡੇ ਪਏ ਕਿਉਂ ਅਜ ਉਬਾਲ ਤੇਰੇ । ਸਦਕਾ ਚੰਨਾਂ ਦਾ, ਅੱਖੀਆਂ ਦੇ ਸਾਨੂੰ, ਦਿਸ ਪੈਣ ਮੁੜ ਰੋਸ਼ਨ ਖ਼ਿਆਲ ਤੇਰੇ । ਅਮਨ ਲਈ ਤੇਗ਼ਾਂ ਜੋ ਤੂੰ ਦਿਤੀਆਂ ਸੀ, ਅਸਾਂ ਤੇਰੇ ਕਲੇਜੇ ਲਈ ਚੰਡ ਲਈਆਂ। ਆ ਕੇ ਵੇਖ ਲੈ ਤੇਰੀਆਂ ਅਖੁੱਟ ਦੇਗਾਂ, ਅਸਾਂ ਡਾਹ ਕੇ ਤੱਕੜੀ ਵੰਡ ਲਈਆਂ। ਅਣਖਾਂ ! ਗ਼ੈਰਤਾਂ ! ਤੇਰੀਆਂ ਪਾਤਸ਼ਾਹਾ ! ਧਰ ਕੇ ਅਸਾਂ ਚੁਰਾਹੇ ਚਿ ਭੰਡ ਲਈਆਂ। ਮੁੱਦਾ ? ਅਸਾਂ ਮੁਕਾਲਖਾਂ ਜੱਗ ਕੋਲੋਂ, ਬੁਕ ਬੁਕ ਲਈਆਂ, ਪੰਡ ਪੰਡ ਲਈਆਂ। ਸੜ ਗਏ ਈਰਖਾ ਦੇ ਮਚਦੇ ਭਾਂਬੜਾਂ ਚਿ, ਪੱਤ ਪੱਤ ਤੇਰੇ ਡਾਲ ਡਾਲ ਤੇਰੇ । ਕਿਹੜੇ ਚੰਦਰੇ ਮੂੰਹ ਦੇ ਨਾਲ ਆਖਾਂ, ਦਾਤਾ ਚੇਤੇ ਨੇ ਰੋਸ਼ਨ ਖ਼ਿਆਲ ਤੇਰੇ ।

ਇੱਕ ਯਾਦ

ਉਹ ਮਹਾਰਾਜ, ਜਿਸ ਦੇ ਸਖ਼ਸ਼ੀ ਰਾਜ ਅੰਦਰ, ਤਾਕਤ ਆਮ ਇਨਸਾਨਾਂ ਦੇ ਹੱਥ ਵਿਚ ਸੀ। ਪੂੰਜੀਦਾਰ ਰਾਜਾ ਵਾਗ ਡੋਰ ਜਿਸ ਦੀ, ਸਭ ਮਜ਼ਦੂਰਾਂ ਕਿਸਾਨਾਂ ਦੇ ਹੱਥ ਵਿਚ ਸੀ। ਮਾਲਕ ਫ਼ੌਜਾਂ ਦਾ ਉਹ, ਅਗਵਾਈ ਜਿਸ ਦੀ, ਨਲਵੇ ਜਿਹੇ ਜਵਾਨਾਂ ਦੇ ਹੱਥ ਵਿਚ ਸੀ। ਸਿਖ ਪਾਤਸ਼ਾਹ ਉਹ, ਕਾਨੂੰਨ ਜਿਸ ਦਾ, ਮੁਸਲਮਾਨਾਂ ਤੇ ਖ਼ਾਨਾਂ ਦੇ ਹੱਥ ਵਿਚ ਸੀ । ਜਿਨ੍ਹਾਂ ਹੱਥਾਂ ਵਿਚ ਫਤਿਹ ਸੀ ਵਾਹਿਗੁਰੂ ਦੀ, ਜੁੜੇ ਹੱਥ ਉਹ ਖ਼ਾਲਸਾ ਪੰਥ ਅੱਗੇ । ਉਹ ਸਰਦਾਰ ਜਿਸ ਦਾ ਸਿਰ ਨਾ ਕਦੇ ਨਿਵਿਆਂ, ਜੇਕਰ ਨਿਵਿਆਂ ਤਾਂ ਗੁਰੂ ਗਰੰਥ ਅੱਗੇ । ਇਹ ਵਰ੍ਹੀਣਾ ਹੈ ਓਸ ਦੀ ਸਫਲਤਾ ਦਾ, ਨਾਲੇ ਸਾਡੀ ਨਾਕਾਮੀ ਦਾ ਜਨਮ ਦਿਨ ਏਂ। ਸਿਖ ਰਾਜ ਦਾ ਅੰਤਲਾ ਦਿਨ ਹੈ ਇਹ, ਅਤੇ ਸਾਡੀ ਬਦਨਾਮੀ ਦਾ ਜਨਮ ਦਿਨ ਏਂ। ਹਰ ਪੰਜਾਬ ਦੇ ਵਾਸੀ ਦਾ ਮਰਨ ਦਿਨ ਏਂ, ਹਰ ਇਕ ਗੋਰੇ ਤੇ ਟਾਮੀ ਦਾ ਜਨਮ ਦਿਨ ਏਂ । ਅਸੀਂ ਬਰਸੀ ਰਣਜੀਤ ਦੀ ਆਖਨੇ ਹਾਂ, ਪਰ ਇਹ ਸਾਡੀ ਗ਼ੁਲਾਮੀ ਦਾ ਜਨਮ ਦਿਨ ਏਂ। ਕਾਲਾ ਦਿਨ ਅਮੱਸਿਆ ਦੀ ਰਾਤ ਤੋਂ ਵੀ, ਮੁੜ ਅਜ ਜ਼ਿੰਦਗੀ ਚਿ ਤੱਕਣਾ ਪੈ ਗਿਆ ਏ । ਆਈ ਪੰਜਾਂ ਦਰਿਆਵਾਂ ਦੀ ਕਾਂਗ ਤਾਈਂ, ਦੂੰਹ ਅੱਖੀਆਂ ਚਿ ਡੱਕਣਾ ਪੈ ਗਿਆ ਏ । ਸੂਰਜ ਫੇਰ ਚੜ੍ਹਿਐ, ਸਿਖੀ ਸ਼ਾਨ ਤਾਈਂ, ਜਿਸ ਨੇ ਮੌਤ ਨਾਲ ਲੜਦਿਆਂ ਵੇਖਿਆ ਸੀ । ਮਾਲਕ ਤਖ਼ਤ ਦਾ ਤਖ਼ਤੇ ਤੇ ਲੱਦ, ਇਸ ਨੇ, ਭੈੜੀ ਅਜਲ ਨੂੰ ਖੜਦਿਆਂ ਵੇਖਿਆ ਸੀ । ਇਸ ਨੇ ਰਾਵੀ ਰੁੜ੍ਹ ਜਾਣੀ ਦੇ ਕੰਢਿਆਂ ਤੇ, ਸਿੱਖੀ ਅਜ਼ਮਤ ਨੂੰ ਸੜਦਿਆਂ ਵੇਖਿਆ ਸੀ । ਇਸ ਨੇ ਹੋਣੀ ਨੂੰ ਸਮਝੋ ਪੰਜਾਬੀਆਂ ਦਾ, ਕੀਰਤਨ ਸੋਹਿਲਾ ਪੜ੍ਹਦਿਆਂ ਵੇਖਿਆ ਸੀ। ਸਾਡੇ ਨਾਲ ਜਿਹੜੇ ਦਿਨ ਸੀ ਰੁਸਿਆ ਉਹ, ਉਸ ਦਿਨ ਸਾਡੀ ਤਕਦੀਰ ਵੀ ਰੁਸ ਗਈ ਏ । ਅਜ ਦੇ ਦਿਨ ਸਾਥੋਂ ਖੋਹਿਆ ਗਿਆ ਸੀ ਉਹ, ਅਜ ਪਰ ਓਸ ਦੀ ਮੜ੍ਹੀ ਵੀ ਖੁਸ ਗਈ ਏ। ਗਿਆ ਸ਼ੇਰੇ ਪੰਜਾਬ, ਪੰਜਾਬ ਵੀ ਗਿਆ, ਗ਼ੈਰਤ ਗਈ ਤੇ ਨਾਲ ਇਹਸਾਸ ਨਹੀਂ ਰਿਹਾ । ਗਿਆ ਸਿਖ ਇਕਬਾਲ, ਤਾਂ ਸਿਖ ਕੋਲੋਂ, ਨਾਲ ਸਿਖ ਦਾ ਸਿਖ ਨੂੰ ਪਾਸ ਨਹੀਂ ਰਿਹਾ। ਐਸਾ ਗਿਆ ਨਹੁੰ ਨਹੁੰ ਔਖਾ ਕਰ ਗਿਆ ਉਹ, ਨਾਲ ਨਹੁੰਆਂ ਦੇ ਨਹੁੰਆਂ ਦਾ ਮਾਸ ਨਹੀਂ ਰਿਹਾ। ਉਹਦੀ ਮੜ੍ਹੀ ਨਹੀਂ ਰਹੀ, ਦਰਬਾਰ ਨਹੀਂ ਰਿਹਾ, ਸਾਡੇ ਕੋਲ ਉਹਦਾ ਜੰਮਣ ਵਾਸ ਨਹੀਂ ਰਿਹਾ । ਰਾਣੀ ਕਿਤੇ, ਪੁੱਤ੍ਰ ਕਿਤੇ, ਕਿਤੇ ਪੋਤਾ, ਪੇਟਾ ਕਿਸੇ ਪਾਸੇ, ਤਾਣਾ ਕਿਸੇ ਪਾਸੇ । ਬਿਜਲੀ ਪਈ ਉਹ ਜਟ ਦੇ ਬੋਹਲ ਉਤੇ, ਦਾਣਾ ਕਿਸੇ ਪਾਸੇ, ਦਾਣਾ ਕਿਸੇ ਪਾਸੇ । ਜਿਸ ਵਿਚ ਸ਼ੇਰੇ ਪੰਜਾਬ ਦੀ ਥਾਂ ਕੋਈ ਨਹੀਂ, ਅਸੀਂ ਓਸ ਪੰਜਾਬ ਨੂੰ ਪੂਜ ਰਹੇ ਹਾਂ । ਜਿਦ੍ਹੇ ਵਿਚ ਮਸਤੀ ਹੈ ਨਹੀਂ, ਲੋਰ ਹੈ ਨਹੀਂ, ਅਸੀਂ ਐਸੀ ਸ਼ਰਾਬ ਨੂੰ ਪੂਜ ਰਹੇ ਹਾਂ। ਦੇਂਦੀ ਝੁਣਝੁਣੀ ਨਹੀਂ ਖ਼ੁਸ਼ਬੋ ਜਿਸ ਦੀ, ਈਹੋ ਜਿਹੇ ਗੁਲਾਬ ਨੂੰ ਪੂਜ ਰਹੇ ਹਾਂ। ਜਿਸ ਵਿਚ ਬ੍ਰਿਹੋਂ ਦਾ ਗੀਤ ਨਹੀਂ, ਲੈਅ ਕੋਈ ਨਹੀਂ, ਯਾਰੋ ਐਸੇ ਰਬਾਬ ਨੂੰ ਪੂਜ ਰਹੇ ਹਾਂ। ਜੰਮਣ ਭੋਇਂ ਉਹਦੀ ਤਕ ਕੇ ਹੱਸ ਲੈਂਦੇ, ਉਹਦੀ ਮੜ੍ਹੀ ਹੁੰਦੀ ਤਕ ਕੇ ਰੋ ਲੈਦੇ । ਉਹਦੇ ਪੰਜੇ ਦਰਿਆ ਹੀ ਕੋਲ ਹੁੰਦੇ, ਅਸੀਂ ਮੂੰਹ ਤੋਂ ਕਾਲਖ਼ ਤੇ ਧੋ ਲੈਂਦੇ। ਸ਼ਾਨ ਰਬ ਦੀ ਸ਼ੇਰਿ ਪੰਜਾਬ ਪਿਛੋਂ, ਚੜ੍ਹ ਮੱਚੀ ਕਬਾਇਲੀ ਦਰਿੰਦਿਆਂ ਦੀ। ਖੁਲ੍ਹੀ ਅੱਖ ਦਸਮੇਸ਼ ਦੇ ਬਾਜ਼ ਪਿਛੋਂ, ਉਡ ਜਾਣੇ ਸਰਹੱਦੀ ਪਰਿੰਦਿਆਂ ਦੀ । ਕਲਗੀਧਾਰ ਦੇ ਲਾਡਲੇ ਪੁੱਤ ਮਗਰੋਂ, ਜਾਗੀ ਅਣਖ ਇਸਲਾਮ ਦੇ ਛਿੰਦਿਆਂ ਦੀ । ਹੈਸੀ ਕਿਥੇ ਜਮਰੌਦ ਦੀ ਹਾਰ ਵੇਲੇ, ਗ਼ੈਰਤ ਬੀਰਤਾ ਇਹਨਾਂ ਸ਼ਰਮਿੰਦਿਆਂ ਦੀ। ਸਾਡੀ ਪੱਗ ਨੂੰ ਅਜ ਨੇ ਹੱਥ ਪਾਂਦੇ, ਨਾਲ ਸਿਰਾਂ ਦੇ ਸਾਡੀ ਸਰਦਾਰੀ ਵੀ ਗਈ । ਮਾਲਕ ਦੇਸ਼ ਦਾ ਗਿਆ ਕੀ ਦੇਸ਼ ਵਿਚੋਂ, ਸਾਡਾ ਜ਼ਰ ਵੀ ਗਿਆ ਤੇ ਯਾਰੀ ਵੀ ਗਈ । ਕੀ ਕੀ ਓਹਦੇ ਇਕਬਾਲ ਦਾ ਯਾਦ ਕਰੀਏ, ਦੀਵਾ ਉਹ ਚੌਮੁਖੀਆ ਜੱਗਦਾ ਸੀ । ਉਹਦੇ ਪੰਜਾਂ ਦਰਿਆਵਾਂ ਚਿ ਆਖਦੇ ਨੇ, ਸਵਾ ਪਹਿਰ ਤੜਕੇ ਦੁਧ ਵੱਗਦਾ ਸੀ । ਜਦੋਂ ਸ਼ੇਰੇ ਪੰਜਾਬ ਦਾ ਦੇਸ਼ ਸੀ ਇਹ, ਇਹਦੀਆਂ ਰੂੜੀਆਂ ਚਿ ਰਿਜ਼ਕ ਜੱਗ ਦਾ ਸੀ । ਲਾਹ ਲਾਹ ਟੋਪੀਆਂ ਕਰਦੀ ਸਲਾਮ ਦੁਨੀਆ, ਐਸਾ ਮਾਨ ਪੰਜਾਬੀ ਦੀ ਪੱਗ ਦਾ ਸੀ । ਲੈ ਕੇ ਕੀੜਿਆਂ ਤੋਂ ਆਦਮਜ਼ਾਦ ਤਾਈਂ, ਉਹਦੇ ਲੰਗਰੇ ਪੰਗਤਾਂ ਬਹਿੰਦੀਆਂ ਸੀ। ਹੈਸੀ ਪੱਥਰਾਂ ਦੇ ਮੂੰਹ ਵਿਚ ਰਿਜ਼ਕ ਪਾਂਦਾ, ਤੜਕੇ ਬੋਲ ਕੇ ਚੱਕੀਆਂ ਕਹਿੰਦੀਆਂ ਸੀ। ਟੈਕਸਾਂ ਲਾ ਕੇ ਪੂਰੀਆਂ ਕੀਤੀਆਂ ਨਾ, ਕਦੀ ਓਸ ਘਾਟਾਂ ਮਾਲੀ ਸਾਲ ਦੀਆਂ । ਡਿਨਰ ਖਾ ਕੇ ਕਦੀ ਗੁਜ਼ਾਰੀਆਂ ਨਾ, ਰਾਤਾਂ ਦੇਸ਼ ਦੇ ਭੁਖ ਤੇ ਕਾਲ ਦੀਆਂ । ਉਹਦੇ ਘੋੜਿਆਂ ਦੇ ਤਾਹਰੂ ਨਹੀਂ ਸੀਪੇ, ਖੋਹ ਕੇ ਟਾਕੀਆਂ ਕਿਸੇ ਕੰਗਾਲ ਦੀਆਂ। ਬਣੀਆਂ ਨਹੀਂ ਮਜ਼ਦੂਰ ਦੀ ਢਾਹ ਕੁੱਲੀ, ਕੰਧਾਂ ਕਦੀ ਉਹਦੇ ਕੌਂਸਲ ਹਾਲ ਦੀਆਂ । ਢਿਡੋਂ ਭੁਖੇ ਕਿਸਾਨਾਂ ਨੇ ਸਿਰਾਂ ਉਤੇ, ਢੋ ਕੇ ਸਾਂਭਿਆ ਨਹੀਂ ਅਨਾਜ ਉਹਦਾ । ਸਿੱਕਾ ਨਾਨਕ ਦਾ, ਹੁਕਮ ਰਣਜੀਤ ਦਾ ਸੀ, ਰਾਮ ਰਾਜ ਹੈਸੀ ਲੋਕ ਰਾਜ ਉਹਦਾ । ਓਹਲੇ ਹੋ ਗਈ ਸਮਾਧ ਤੇ ਅੱਖੀਆਂ ਤੋਂ, ਪਰ ਨਹੀਂ ਦਾਗ਼ ਸਾਡੇ ਦਿਲ ਦੇ ਲੁਕ ਸਕਦੇ। ਉਸ ਨੇ ਕਹਿੰਦੇ ਨੇ, ਅਟਕ ਅਟਕਾ ਲਿਆ ਸੀ, ਸਾਡੇ ਹੰਝੂ ਨਹੀਂ ਅਸਾਂ ਤੋਂ ਰੁਕ ਸਕਦੇ । ਮੁਕ ਜਾਣਗੇ ਧਰਤ ਅਕਾਸ਼ ਇਕ ਦਿਨ, ਐਪਰ ਕੀਰਨੇ ਸਾਡੇ ਨਹੀਂ ਮੁਕ ਸਕਦੇ । ਬੂਟੇ ਆਸਾਂ ਦੇ ਹਰੇ ਨਾ ਹੋਣ ਭਾਵੇਂ, ਐਪਰ ਸੀਨੇ ਦੇ ਜ਼ਖ਼ਮ ਨਹੀਂ ਸੁਕ ਸਕਦੇ । ਸਦੀਆਂ ਤੀਕ ਸਥਾਂ ਇਸ ਪੰਜਾਬ ਦੀਆਂ, ਉਹਦੇ ਸੋਗ ਵਿਚ ਬਹਿੰਦੀਆਂ ਰਹਿਣਗੀਆਂ । ਛੱਲਾਂ, ਹਸ਼ਰ ਤਕ ਪੰਜਾਂ ਦਰਿਆਂ ਦੀਆਂ, ਓਹਦੇ ਕੀਰਨੇ ਕਹਿੰਦੀਆਂ ਰਹਿਣਗੀਆਂ ।

ਰਣ ਦੇ ਲਾੜੇ

ਇਹ ਸੈਨਾ ਏਂ ਮੇਰੇ ਆਜ਼ਾਦ ਭਾਰਤ ਦੇ ਜਵਾਨਾਂ ਦੀ । ਇਹ ਥੰਮ੍ਹੀ ਏਂ ਮੇਰੀ ਆਸ਼ਾ ਦੇ ਉਚੇ ਆਸਮਾਨਾਂ ਦੀ। ਇਹ ਦੂਲੇ ਨੇ ਮੇਰੇ ਭਾਰਤ ਦੀ ਉੱਚੀ ਸ਼ਾਨ ਦੇ ਰਾਖੇ। ਇਹ ਜੋਧੇ ਨੇ ਮੇਰੇ ਆਜ਼ਾਦ ਹਿੰਦੁਸਤਾਨ ਦੇ ਰਾਖੇ । ਇਹਨਾਂ ਦੇ ਚੌੜੇ ਸੀਨੇ ਰਲ ਕੇ ਡਕਣਗੇ ਤੂਫ਼ਾਨਾਂ ਨੂੰ । ਇਹਨਾਂ ਦੇ ਪੈਰ ਪੀਡੇ ਮਿਲ ਕੇ ਤੋੜਨਗੇ ਚਟਾਨਾਂ ਨੂੰ । ਇਹਨਾਂ ਦੇ ਫੜਕਦੇ ਡੌਲੇ, ਜਾ ਵੈਰੀ ਨੂੰ ਵੰਗਾਰਨਗੇ । ਇਹਨਾਂ ਦੇ ਬੋਲ ਕਰੜੇ, ਕਾਲ ਨੂੰ ਲਲਕਾਰੇ ਮਾਰਨਗੇ । ਇਹ ਆਸ਼ਕ ਨੇ ਵਤਨ ਦੇ, ਦੇਸ਼ ਦੇ ਪੱਕੇ ਪੁਜਾਰੀ ਨੇ। ਇਹ ਸੌਦੇ ਸਿਰ ਦੇ ਕਰਦੇ, ਮੌਤ ਦੇ ਸੁਚੇ ਬਪਾਰੀ ਨੇ । ਲੜਾਕੇ ਨੇ ਇਹ ਏਨੇ, ਮੌਤ ਦੇ ਗਲ ਆਪ ਪੈਂਦੇ ਨੇ। ਪਤੰਗੇ ਨੇ, ਸ਼ਮ੍ਹਾਂ ਬੁਝਦੀ ਦੇ ਵੀ ਇਹ ਕੋਲ ਬਹਿੰਦੇ ਨੇ। ਇਹ ਸ਼ਿਸ਼ ਕੈਲਾਸ਼ ਦੇ, ਪੁਤਰ ਹਮਾਲਾ ਦੇ ਕਹਾਂਦੇ ਨੇ । ਤੇ ਪਰਬਤ ਛਾਤੀਆਂ ਤੋਂ, ਨਿਓਂ ਕੇ ਇਹਨਾਂ ਨੂੰ ਲੰਘਾਂਦੇ ਨੇ। ਵਹੀਰਾਂ ਪਾਣ ਲੱਗੇ, ਜਦ ਇਹ ਮੋਢੇ ਜੋੜ ਦੇਂਦੇ ਨੇ । ਤੇ ਦਰਿਆ ਕਾਂਗ ਵਿਚ ਆਏ ਵੀ ਰਸਤੇ ਛੋੜ ਦੇਂਦੇ ਨੇ। ਇਹਨਾਂ ਬੀਰਾਂ ਦੇ ਉਤੇ ਬੀਰਤਾ ਪਈ ਆਪ ਮਰਦੀ ਏ। ਤੇ ਇਹਨਾਂ ਦੀ ਜਵਾਨੀ, ਆਪਣੇ ਤੇ ਨਾਜ਼ ਕਰਦੀ ਏ। ਇਹਨਾਂ ਵਿਚ ਖ਼ੂਨ ਜਣਿਆਂ ਦਾ, ਹੈ ਇਹ ਔਲਾਦ ਬੀਰਾਂ ਦੀ । ਨਸ਼ਾਨੀ, ਜਾਪਦੇ ਨੇ ਇਹ ਕਈ ਮਿਟੀਆਂ ਲਕੀਰਾਂ ਦੀ। ਕਿਸੇ ਮਸਤਕ ਤੇ ਸੇਵਾ ਜੀ ਦੀ ਮੈਂ ਝਲਕਾਰ ਵਿੰਹਦਾ ਹਾਂ। ਕਿਸੇ ਚਿਹਰੇ ਤੇ ਮੈਂ ਪਰਤਾਪ ਦੀ ਨੋਹਾਰ ਵਿੰਹਦਾ ਹਾਂ। ਕਿਸੇ ਸੀਨੇ ਚਿ ਅਮ੍ਰਿਤ, ਬੀਰ ਕਲਗੀਧਾਰ ਦਾ ਦਿਸਦੈ। ਕਿਸੇ ਦੇ ਮੂੰਹ ਤੇ ਮੁਹਾਂਦਰਾ ਜੋਝਾਰ ਦਾ ਦਿਸਦੈ । ਤਿਰੰਗੇ ਚੋਂ ਮੈਂ ਉਡਦਾ ਵੇਖਨਾਂ ਮੇਵਾੜ ਦਾ ਝੰਡਾ । ਮਿਆਨਾਂ ਵਿਚ ਪਿਆ ਦਿਸਦਾ ਏ ਬੰਦੇ ਬੀਰ ਦਾ ਖੰਡਾ । ਇਹਨਾਂ ਦੇ ਘੋੜਿਆਂ ਵਿਚੋਂ, ਕੋਈ ਨੀਲੇ ਦਾ ਪੋਤਾ ਏ। ਤੇ ਕੋਈ ਜਾਪਦਾ ਪਰਤਾਪ ਦੇ ਚੇਤਕ ਦਾ ਦੋਹਤਾ ਏ । ਜਦੋਂ ਟੁਰਦੇ ਹੋਏ, ਪੈਰਾਂ ਦੀ ਇਹ ਠੋਕਰ ਮਿਲਾਂਦੇ ਨੇ । ਤਾਂ ਤਕ ਕੇ ਹੌਂਸਲੇ ਵੈਰੀ ਦੇ ਖੇਰੂੰ ਹੋ ਹੋ ਜਾਂਦੇ ਨੇ । ਜਦੋਂ ਇਹਨਾਂ ੱ ਦੇ ਵਾਜੇ ਵਿਚ ਮਾਰੂ ਰਾਗ ਵਜਦਾ ਏ। ਤਾਂ ਓਦੋਂ ਜਾਪਦੈ, ਦੁਸ਼ਮਨ ਦੇ ਸਿਰ ਤੇ ਕਾਲ ਗਜਦਾ ਏ । ਇਹਨਾਂ ਦਾ ਕਾਫ਼ਲਾ ਮਨਜ਼ਲ ਦੇ ਵਲ ਟੁਰਿਆ ਹੀ ਰਹਿੰਦਾ ਏ । ਤੇ ਰਾਹੀ ਏਸ ਮਨਜ਼ਲ ਦਾ ਕਿਤੇ ਡਿਗ ਕੇ ਹੀ ਬਹਿੰਦਾ ਏ। ਇਹ ਸਰਮਾਇਆ ਵਤਨ ਦਾ, ਕੌਮ ਦੀ ਜਾਗੀਰ ਈਹੋ ਨੇ । ਤੇ ਹਿੰਦੁਸਤਾਨੀਆਂ ਦੀ ਚਮਕਦੀ ਤਕਦੀਰ ਈਹੋ ਨੇ। ਇਹਨਾਂ ਹੀ ਕੋਮ ਦੇ ਕੁਰਮਾਏ ਹਿਰਦੇ ਨੇ ਹਰੇ ਕਰਨੇ । ਇਹਨਾਂ ਹੀ ਭਾਗ ਭਰਿਆਂ, ਭਾਗ ਭਾਰਤ ਦੇ ਖਰੇ ਕਰਨੇ। ਉਹ ਕਰਮਾਂ ਵਾਲੀਆਂ ਭੈਣਾਂ ਨੇ, ਇਹ ਜਿਨ੍ਹਾਂ ਦੇ ਵੀਰੇ ਨੇ । ਨੇ ਮਾਵਾਂ ਭਾਗ ਭਰੀਆਂ, ਜਿਨ੍ਹਾਂ ਦੇ ਇਹ ਪੁੱਤ ਹੀਰੇ ਨੇ । ਵਤਨ ਦੇ ਗਭਰੂਆਂ ਨੂੰ ਮੋਤੀਆਂ ਨਾਲ ਤੋਲ ਸੁਟਾਂਗੇ । ਖ਼ਜ਼ਾਨੇ ਦੇਸ਼ ਦੇ ਇਹਨਾਂ ਦੇ ਸਿਰ ਤੋਂ ਘੋਲ ਸੁਟਾਂਗੇ । ਬਿਠਾ ਕੇ ਅੱਖੀਆਂ ਤੇ ਕਰਾਂਗੇ ਸਤਿਕਾਰ ਇਹਨਾਂ ਦਾ । ਇਹ ਰਾਖੇ ਨੇ ਵਤਨ ਦੋ, ਰਾਖਾ ਏ ‘ਕਰਤਾਰ' ਇਹਨਾਂ ਦਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਬਲੱਗਣ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ