Aakash Udari : Master Tara Singh Tara
ਆਕਾਸ਼ ਉਡਾਰੀ : ਮਾ: ਤਾਰਾ ਸਿੰਘ ਤਾਰਾ
ਭਾਗ ਪਹਿਲਾ-ਧਾਰਮਿਕ ਕਵਿਤਾਵਾਂ
ਅਕਾਸ਼ ਉਡਾਰੀ
ਅਰਸ਼ੀ ਪਰੀਤਮਾਂ ਵੇ,
ਸਦਕੇ ਮੈਂ ਤੈਥੋਂ ਵਾਰੀ।
ਮਨਾਂ ਨੂੰ 'ਮੋਹਨ' ਵਾਲੀ,
ਕੁਦਰਤ ਤਿਰੀ ਪਿਆਰੀ।
ਨੀਵਾਂ ਹਾਂ ਮੈਂ ਨਿਮਾਣਾ,
ਉੱਚਾ ਤੇਰਾ ਟਿਕਾਣਾ,
ਉੱਚੇ ਨੇ ਮਹਿਲ ਤੇਰੇ,
ਉੱਚੀ ਤੇਰੀ ਅਟਾਰੀ।
ਤੂੰ ਹੈਂ ਬੇਅੰਤ ਮਾਲਕ,
ਜਾਣਾ ਨਾ ਅੰਤ ਤੇਰਾ,
ਤੇਰੇ ਹੁਕਮ ਦੀ ਬੱਧੀ,
ਹੋਈ ਸ੍ਰਿਸ਼ਟੀ ਸਾਰੀ।
ਸੂਰਜ ਤੇ ਚੰਨ ਤੇਰੇ;
'ਤਾਰੇ' ਵੀ ਹੈਨ ਤੇਰੇ।
ਸਦਕੇ ਤੇਰੇ ਹੁਕਮ ਦੇ,
ਲਾਈ 'ਅਕਾਸ਼ ਉਡਾਰੀ'।
ਬੇਨਤੀ
ਉਮਰ ਛੋਟੀ ਹੈ ਮਿਰੀ,
ਮੈਂ ਬਾਲ ਹਾਂ ਨਾਦਾਨ ਹਾਂ।
ਅਕਲ ਭੀ ਮੈਨੂੰ ਨਹੀਂ,
ਬਿਲਕੁਲ ਅਜੇ ਅਨਜਾਣ ਹਾਂ।
ਗੁਣ ਨਹੀਂ ਪੱਲੇ ਕੁਈ,
ਮੈਂ ਨਾ ਬਲੀ ਬਲਵਾਨ ਹਾਂ।
ਮੂੜ ਹਾਂ, ਬੇਸਮਝ ਹਾਂ,
ਮੈਂ ਨਾਂ ਕੋਈ ਵਿਦਵਾਨ ਹਾਂ।
ਬਖ਼ਸ਼ ਮੈਨੂੰ ਸਤਿਗੁਰੂ,
ਮੈਂ ਭੀ ਤੇਰੀ ਸੰਤਾਨ ਹਾਂ।
ਔਗਣਾਂ ਦੀ ਪੰਡ ਹਾਂ,
ਪਾਪੀ ਹਾਂ, ਮੈਂ ਨਾਪਾਕ ਹਾਂ।
ਹਥ ਜੋੜ ਵਿਦਿਆ ਦਾਤਿਆਂ ਦੇ
ਚਾਕਰਾਂ ਦਾ ਚਾਕ ਹਾਂ।
ਸਾਦਗੀ ਗਹਿਣਾ ਮਿਰਾ,
ਨਾ ਸ਼ੋਖ਼ ਨਾ ਚਾਲਾਕ ਹਾਂ।
ਹੇ ਮੇਰੇ ਦਾਤਾਰ ਮੈਂ ਤਾਂ,
ਦਰ ਤੇਰੇ ਦੀ ਖ਼ਾਕ ਹਾਂ।
ਬਖ਼ਸ਼ ਬਖ਼ਸ਼ਨ ਹਾਰਿਆ,
ਮੈਂ ਭੀ ਤੇਰਾ ਕੁਝ ਸਾਕ ਹਾਂ।
ਕਰਤਾਰ ਦਾ ਡਰ
ਡਰਦੇ ਲੋਕ ਇਸ ਲੋਕ ਦੇ ਮਿਹਣਿਆਂ ਤੋਂ,
ਮੈਨੂੰ ਰਤੀ ਨਾ ਇਸ ਸੰਸਾਰ ਦਾ ਡਰ।
ਮੰਨਾਂ ਮੈਂ ਨਾ ਨਰਕ ਸਵਰਗ ਤਾਂਈਂ,
ਮੈਨੂੰ ਕਾਲ ਨਾ ਕਾਲ ਦੀ ਮਾਰ ਦਾ ਡਰ।
ਲੋਕੀ ਧੌਂਸ ਹਥਿਆਰਾਂ ਦੀ ਦੱਸਦੇ ਨੇ,
ਮੈਨੂੰ ਤੀਰ ਨਾ ਤੋਪ ਤਲਵਾਰ ਦਾ ਡਰ।
ਨਾ ਸੱਪ ਨਾ ਸ਼ੇਰ ਖ਼ੂੰਖ਼ਾਰ ਦਾ ਡਰ,
ਮੈਨੂੰ ਕਿਸੇ ਨਾ ਚੋਰ ਚਕਾਰ ਦਾ ਡਰ।
ਨਾ ਹੁਕਮ, ਹਕੂਮਤ ਨਾ ਹਾਕਮ ਦਾ ਡਰ,
ਮੈਨੂੰ ਕੈਦ ਫਾਂਸੀ ਨਾ ਸਰਕਾਰ ਦਾ ਡਰ।
ਡਰਾਂ ਮੈਂ ਨਾ ਕਿਸੇ ਦੇ ਪਿਓ ਕੋਲੋਂ,
ਮੈਨੂੰ "ਤਾਰਿਆ" ਇੱਕ ਕਰਤਾਰ ਦਾ ਡਰ।
ਮਨੁੱਖ ਦਾ ਜਨਮ ਹੀਰਾ
ਲੱਖ ਖ਼ਰਚਿਆਂ ਹੱਥ ਨਾ ਆਏ ਮੁੜ ਕੇ,
ਐਸਾ ਸਮਾਂ ਅਮੋਲਕ ਖੁੰਝਾ ਦਿੱਤਾ।
ਕੁਝ ਸੋਚਿਆ ਨਾ, ਕੁਝ ਸਮਝਿਆ ਨਾ,
ਪੈਰ ਪਾਪਾਂ ਦੀ ਬੇੜੀ 'ਚ ਪਾ ਦਿੱਤਾ।
ਸੁੱਚਾ ਮੋਤੀ ਮਨੁੱਖ ਦਾ ਜਨਮ ਹੀਰਾ,
ਪੰਜਾਂ ਚੋਰਾਂ ਦੇ ਹੱਥੀਂ ਲੁਟਾ ਦਿੱਤਾ।
ਫੱਸ ਕੇ ਵਿਸ਼ੇ ਵਿਕਾਰਾਂ ਦੀ ਫਾਹੀ ਅੰਦਰ,
ਦੇਵਣਹਾਰ ਦਾਤਾਰ ਭੁਲਾ ਦਿੱਤਾ।
ਜਿਵੇਂ ਮੂਰਖ ਘੁਮਿਆਰ ਨੂੰ ਲਾਲ ਮਿਲਿਆ
ਉਸ ਸੀ ਖੋਤੇ ਦੇ ਗੱਲ ਲਟਕਾ ਦਿੱਤਾ।
ਤਿਵੇਂ 'ਤਾਰੇ' ਮਨੁੱਖ ਦਾ ਜਨਮ ਹੀਰਾ,
ਐਵੇਂ ਕੌਡੀ ਦੇ ਬਦਲੇ ਗੰਵਾ ਦਿਤਾ।
ਹੋ ਜਾ ਇਕ ਦਾ
ਹੇ ਮਨਾਂ ਬੇਠੌਰਿਆ!
ਕਿਉਂ ਇਕ ਥਾਂਵੇਂ ਨਹੀਂ ਟਿਕਦਾ?
ਐਧਰ ਔਧਰ ਭਟਕਣ ਨਾਲੋਂ,
ਕਿਉਂ ਹੋ ਜਾਂਦਾ ਨਹੀਂ ਇਕ ਦਾ?
ਹੱਟੀ ਹੱਟੀ ਹੋਕਾ ਦੇ ਕੇ,
ਕਿਉਂ ਬੇਕਦਰਾ ਹੋਵੇਂ?
ਲਖੋਂ ਮਹਿੰਗਾ ਜਨਮ ਅਮੋਲਕ,
ਤੇਰਾ ਕੌਡੀ ਬਦਲੇ ਵਿਕਦਾ।
ਵਾਹਿਗੁਰੂ ਅਕਾਲ ਜਪੁ
ਭੋਲੇ ਮਨਾਂ ਮੇਰਿਆ ਤੂੰ ਮੰਨ ਇਕ ਗੱਲ ਮੇਰੀ,
ਸਾਈਂ ਨੂੰ ਚਿਤਾਰ ਸੰਸਾਰ ਨੂੰ ਤਿਆਗ ਦੇ।
ਜਿਨ੍ਹਾਂ ਸੰਗ ਬੈਠਿਆਂ ਨਾ ਯਾਦ ਕਰਤਾਰ ਆਵੇ,
ਰੱਬ ਵਲੋਂ ਭੁਲੇ ਪਰਵਾਰ ਨੂੰ ਤਿਆਗ ਦੇ।
ਵਿਸ਼ੇ ਤੇ ਵਿਕਾਰਾਂ ਨੂੰ ਵਧਾਣ ਵਾਲੇ ਭੋਜਨਾਂ ਤੇ,
ਮਾਸ ਤੇ ਸ਼ਰਾਬ ਦੇ ਅਹਾਰ ਨੂੰ ਤਿਆਗ ਦੇ।
ਰੱਬ ਦਿਆਂ ਭਗਤਾਂ ਪਿਆਰਿਆਂ ਦਾ ਲੜ ਫੜ,
ਵਾਹਿਗੁਰੂ ਅਕਾਲ ਜਪੁ ਵਿਕਾਰ ਨੂੰ ਤਿਆਗ ਦੇ।
ਔਖੇ ਵੇਲੇ ਮੁਖ ਫੇਰ ਤੈਨੂੰ ਜੋ ਤਿਆਗ ਦੇਸੀ,
ਹੁਣੇ ਤੂੰ ਭੀ ਇਹੋ ਜੇਹੇ ਯਾਰ ਨੂੰ ਤਿਆਗ ਦੇ।
ਪਰਾਇਆਂ ਪਦਾਰਥਾਂ ਨੂੰ ਮੇਰਾ ਮੇਰਾ ਆਖ ਨਾ,
ਮਾਇਆ ਸੰਗ ਛਡਣੀ ਦੇ ਪਿਆਰ ਨੂੰ ਤਿਆਗ ਦੇ।
ਬੰਦਾ ਬਣ, ਭਾਣਾ ਮੰਨ, ਨਾਮ ਜਪੁ ਭੋਲਿਆ
ਆਪਣੀ ਸਿਆਣਪ ਵਿਚਾਰ ਨੂੰ ਤਿਆਗ ਦੇ।
ਗੁਰੂ ਉਪਦੇਸ਼ ਸੁਣ ਗਿਆਨ ਨੂੰ ਗ੍ਰਹਿਣ ਕਰ,
ਘੋਰ ਅਗਿਆਨ ਅੰਧਿਆਰ ਨੂੰ ਤਿਆਗ ਦੇ।
ਕਾਮ ਨੂੰ ਤਿਆਗ ਦੇ ਕ੍ਰੋਧ ਨੂੰ ਤਿਆਗ ਦੇ,
ਲੋਭ ਅਤੇ ਮੋਹ ਹੰਕਾਰ ਨੂੰ ਤਿਆਗ ਦੇ।
ਜਿਸ ਕਾਰ ਵਿਚ ਨਹੀਂ ਰਾਜ਼ੀ ਕਰਤਾਰ ਤੇਰਾ,
ਭਾਂਵਦੀ ਨਹੀਂ ਉਹਨੂੰ ਉਸ ਕਾਰ ਨੂੰ ਤਿਆਗ ਦੇ।
ਸਤਿਨਾਮ ਵਾਹਿਗੁਰੂ ਸਮਾਲ ਸਦਾ ਰਿਦੇ ਵਿਚ,
ਉਹਦਾ ਦਰ ਮਲ ਹੋਰ ਦੁਆਰ ਨੂੰ ਤਿਆਗ ਦੇ।
ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖ
ਸੁਣ ਕੇ ਲੰਮਾ ਪ੍ਰੇਮ ਦਾ ਪੰਥ ਔਖਾ,
ਦਿਲਾ ਡੋਲ ਨਾ ਨਿਹੁੰ ਲਗਾ ਕੇ ਰੱਖ।
ਭਾਵੇਂ ਲੱਖ ਮੁਸੀਬਤਾਂ ਪੈਣ ਸਿਰ ਤੇ,
ਸਿਦਕ ਪਰਬਤ ਦੇ ਵਾਂਗ ਜਮਾ ਕੇ ਰੱਖ।
ਜੇ ਕਰਤੂਤ ਹੈ ਕਾਫ਼ਰਾਂ ਵਾਂਗ ਤੇਰੀ,
ਮੂੰਹ ਨਾ ਮੋਮਨਾਂ ਵਾਂਗ ਬਣਾ ਕੇ ਰੱਖ।
ਮੁਖ ਮਾਹੀ ਪਿਆਰੇ ਦਾ ਦੇਖਣੇ ਨੂੰ,
ਸ਼ੀਸ਼ਾ ਦਿਲ ਦਾ ਖ਼ੂਬ ਚਮਕਾ ਕੇ ਰੱਖ।
ਜੇਕਰ ਦੀਦ ਪਿਆਰੇ ਦਾ ਦੇਖਣਾ ਹੀ,
ਦਿਲੋਂ ਦੂਈ ਦਾ ਪਰਦਾ ਹਟਾ ਕੇ ਰੱਖ।
ਜੁੱੱਤੀ ਪਿਆਰੇ ਦੇ ਚਰਨਾਂ ਦੀ ਬਣਨ ਖ਼ਾਤਰ,
ਪਹਿਲਾਂ ਆਪਣੀ ਖੱਲ ਲੁਹਾ ਕੇ ਰੱਖ।
ਆਪਣੇ ਪਿਆਰੇ ਪ੍ਰੀਤਮ ਦੇ ਬੈਠਣੇ ਨੂੰ,
ਆਪਣੀਆਂ ਅੱਖਾਂ ਦਾ ਆਸਣ ਵਿਛਾ ਕੇ ਰੱਖ।
ਸੁੰਦਰ ਸੁਆਮੀ ਨੂੰ ਸੁਖ ਪਹੁੰਚਾਣ ਖ਼ਾਤਰ,
ਸਤਿ-ਧਰਮ ਦਾ ਅਤਰ ਛਿੜਕਾ ਕੇ ਰੱਖ।
ਸੋਹਣੇ ਮੂੰਹ ਦੇ ਨਾਲ ਜੇ ਮਿਲਣਾ ਹੀ,
ਕੋਈ ਚੰਗੀ ਕਮਾਈ ਕਮਾ ਕੇ ਰੱਖ।
ਭੇਟਾ ਪਿਆਰੇ ਦੇ ਚਰਨਾਂ 'ਚ ਕਰਨ ਖ਼ਾਤਰ,
ਸੀਸ ਤਲੀ ਦੇ ਉਤੇ ਟਿਕਾ ਕੇ ਰੱਖ।
'ਤਾਰਾ' ਜੀ ਹੰਕਾਰ ਤਿਆਗ ਕੇ ਤੇ,
ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖ।
ਜੇ ਮੈਂ ਹੁੰਦਾ 'ਤਾਰਾ'
ਕਿਹਾ ਚੰਗਾ ਹੁੰਦਾ, ਹੁੰਦਾ ਮੈਂ 'ਤਾਰਾ'
ਵਾਸਾ ਮੇਰਾ ਭੀ ਵਿਚ ਅਸਮਾਨ ਹੁੰਦਾ।
ਤੇਰੇ ਬਿਰਹੋਂ 'ਚ ਤੜੱਪਦਾ ਰਾਤ ਸਾਰੀ,
ਤੇਰੇ ਚਰਨਾਂ 'ਚ ਮੇਰਾ ਧਿਆਨ ਹੁੰਦਾ।
ਮੇਰੇ ਪ੍ਰੀਤਮਾਂ ਤੇਰੀ ਹੀ ਭਾਲ ਅੰਦਰ,
ਦਿਨ ਚੜ੍ਹੇ ਮੈਂ ਕਿਧਰੇ ਰਵਾਨ ਹੁੰਦਾ।
ਤੇਰੀ ਰਚਨਾਂ ਵੇਖ ਵਿਸਮਾਦ ਹੁੰਦਾ,
ਤੇਰੀ ਖੇਡ ਮੈਂ ਵੇਖ ਹੈਰਾਨ ਹੁੰਦਾ।
ਭਾਵੇਂ ਦੁਨੀਆਂ ਵਿਚ ਅੰਧੇਰ ਹੁੰਦਾ,
ਮੇਰੇ ਹਿਰਦੇ 'ਚ ਚਾਨਣ ਗਿਆਨ ਹੁੰਦਾ।
ਤੇਰੀ ਯਾਦ ਵਿਚ ਜਾਗਦਾ ਮੈਂ ਹੁੰਦਾ,
ਜਦੋਂ ਸੁਤਾ ਹੋਇਆ ਸਾਰਾ ਜਹਾਨ ਹੁੰਦਾ।
ਗੁਰੂ ਨਾਨਕ ਦੇ ਚਰਨਾਂ ਤੋੜੀ
ਆਪਣਾ ਆਪ ਤਿਆਗ ਮਨਾਂ,
ਨਿਤ ਚਿਤ ਚਰਨਾਂ ਨਾਲ ਜੋੜੇਂ।
ਨਿਸ ਦਿਨ ਮੁਖੋਂ ਨਾਮ ਅਰਾਧੇਂ,
ਨਾਮ ਡੋਰ ਨਾ ਛੋੜੇਂ।
ਉਸੇ ਸੰਦਾ ਹੋ ਰਹੀਂ ਗੋਲਾ,
ਆਪਾ ਉਸ ਪੈ ਵੇਚੀਂ,
ਗੁਰੂ ਨਾਨਕ ਦੇ ਚਰਨਾਂ ਤੋੜੀ,
ਜੇ ਤੂੰ ਜਾਣਾ ਲੋੜੇਂ।
ਲਗਣ ਨਾ ਦੇਵੀਂ ਪਾਪ ਵਾਸ਼ਨਾ,
ਮਨ ਬਦੀਆਂ ਤੋਂ ਹੋੜੇਂ।
ਤਿਸ ਪ੍ਰੀਤਮ ਦੀ ਪ੍ਰੇਮ ਕਾਂਗ ਵਿਚ,
ਤਨ ਮਨ ਅਪਣਾ ਰੋੜ੍ਹੇਂ,
ਕੂੜ, ਕ੍ਰੋਧ, ਕਪਟ ਦੀਆਂ ਕੰਧਾਂ,
ਜੋ ਰਸਤੇ ਵਿਚ ਬਣੀਆਂ,
ਇੱਚਰ ਤੋੜੀ, ਤੋੜ ਨਾ ਪਹੁੰਚੇ,
ਜਿੱਚਰ ਨਾ ਇਨ੍ਹਾਂ ਤੋੜੇਂ।
ਗੁਰੂ ਨਾਨਕ ਦੇਵ ਜੀ ਦੇ ਚੋਜ
ਹੇ ਨਾਨਕ, ਹੇ ਸਤਿਗੁਰੂ ਨਾਨਕ,
ਸਾਰ ਨਾ ਜਾਣਾ ਤੇਰੀ।
ਝਲਕ ਨਿਗਾਹ, ਇਕ ਪਲਕ ਵਿਖਾ,
ਬਾਬਰ ਦੀ ਚੱਕੀ ਫੇਰੀ।
ਜਿਥੇ ਵੇਖੇਂ ਪਾਪ ਹੋਂਵਦੇ,
ਪੁਜੇਂ ਉਥੇ ਜਾ ਕੇ।
ਆਕੜ, ਆਕੜ ਖਾਂ ਦੀ ਭੰਨੀ,
ਪੱਥਰਾਂ ਵਿਚ ਪੰਜੇ ਲਾ ਕੇ।
ਧੰਨ ਗੁਰੂ ਨਾਨਕ, ਤੂੰ ਧੰਨ ਹੈਂ,
ਧੰਨ ਤੇਰੀ ਹੈ ਕਰਨੀ।
ਕੌਡੇ ਵਰਗੇ ਰਾਖਸ਼ ਲੱਖਾਂ,
ਡਿਗ ਪਏ ਤੇਰੀ ਚਰਨੀਂ।
ਮੇਹਰ ਭਰੀ ਇਕ ਨਜ਼ਰ ਨਾਲ,
ਜਦ ਜਿਸ ਦੇ ਵੱਲ ਤੂੰ ਡਿੱਠਾ।
ਰੇਠੇ ਵਰਗਾ ਕੌੜਾ ਹਿਰਦਾ,
ਪਲ ਵਿਚ ਹੋ ਗਿਆ ਮਿੱਠਾ।
ਗੁਰੂ ਨਾਨਕ ਉਡੀਕ
ਡਿੱਠੇ ਨਹੀਂ ਪਰ ਸੁਣੇ ਨੇ ਚੋਜ ਤੇਰੇ,
ਕੋਈ ਸਾਨੂੰ ਵੀ ਚੋਜ ਵਿਖਾ ਨਾਨਕ।
ਜਿਵੇਂ ਪਾਂਧੇ ਨੂੰ ਪ੍ਰੇਮ ਦੀ ਪਾਲ ਦੱਸੀ,
ਇਕ ਦੋ ਸਾਨੂੰ ਵੀ ਅੱਖਰ ਸਿਖਾ ਨਾਨਕ।
ਵੀਰ ਵੀਰਾਂ ਨੂੰ ਛੱਲਦੇ ਠੱਗ ਹੋ ਕੇ,
ਵਾਂਗ ਸੱਜਣ ਦੇ ਸੱਜਣ ਬਣਾ ਨਾਨਕ।
ਦੱਬਿਆ ਦੁੱਖਾਂ ਦੇ ਨਾਲ ਹੈ ਦੇਸ਼ ਸਾਡਾ,
ਆ ਕੇ ਦੀਨਾਂ ਦੇ ਦਰਦ ਮਿਟਾ ਨਾਨਕ।
ਤੂੰ ਹੈਂ ਵੈਦ ਪ੍ਰੇਮ ਦੇ ਰੋਗੀਆਂ ਦਾ,
ਆ ਕੇ ਦਰਸ ਦਾ ਦਾਰੂ ਪਿਲਾ ਨਾਨਕ।
ਰਾਹ ਕਦੋਂ ਦਾ ਵੇਖਦੇ ਪਏ ਤੇਰਾ,
ਹੁਣ ਤਾਂ ਆ ਨਾਨਕ, ਹੁਣ ਤਾਂ ਆ ਨਾਨਕ।
ਰਾਹ ਦਸ ਜਾਵੀਂ
ਐ ਅਕਾਲ ਦੇ ਸੱਚੇ ਪੈਗ਼ੰਬਰਾ ਵੇ,
ਐ ਕੱਲ ਦੇ ਦੁੱਖ ਮਿਟਾਣ ਵਾਲੇ।
ਆਕੜ ਖਾਨਾਂ ਦੀ ਆਕੜ ਹਟਾਣ ਵਾਲੇ,
ਵਿੱਚ ਪਰਬਤਾਂ ਪੰਜੇ ਲਗਾਣ ਵਾਲੇ।
'ਸੱਜਣ' ਵਰਗਿਆਂ ਠੱਗਾਂ ਤੇ ਡਾਕੂਆਂ ਨੂੰ,
ਹੱਥਕੜੀ ਪ੍ਰੇਮ ਦੀ ਲਾਣ ਵਾਲੇ।
ਰਾਹ ਚਿਰਾਂ ਤੋਂ ਵੇਖਦੇ ਪਏ ਤੇਰਾ,
ਸੱਚਾ ਰੱਬੀ ਪੈਗ਼ਾਮ ਸੁਣਾਣ ਵਾਲੇ।
ਢਿਲੇ ਹੋਏ ਪ੍ਰੇਮ ਦੇ ਪੇਚ ਸਾਡੇ,
ਹੱਥੀਂ ਆਪਣੀ ਆਣ ਕੇ ਕੱਸ ਜਾਵੀਂ।
ਵਖੋ ਵੱਖਰੇ ਰਸਤੇ ਫੜੇ ਲੋਕਾਂ,
ਇਕੋ ਸੜਕ ਸਚਾਈ ਦੀ ਦਸ ਜਾਵੀਂ।
ਵੱਲ ਛੱਲ ਤੇ ਕਪਟ ਨੂੰ ਵੱਲ ਕਰ ਕੇ,
ਸਾਡੇ ਦਿਲਾਂ ਤੋਂ ਦੂਰ ਗ਼ਰੂਰ ਕਰ ਦੇ।
ਮੈਲ ਦੂਈ ਦ੍ਵੈਤ ਤੇ ਈਰਖਾ ਦੀ,
ਆ ਕੇ ਸਾਡਿਆਂ ਦਿਲਾਂ 'ਚੋਂ ਦੂਰ ਕਰ ਦੇ।
ਭਰਮ, ਭੇਦ, ਅਗਿਆਨ ਦਾ ਨਾਸ ਕਰ ਕੇ,
ਪੈਦਾ ਸਾਡਿਆਂ ਦਿਲਾਂ 'ਚ ਨੂਰ ਕਰ ਦੇ।
ਇਕ ਪ੍ਰੇਮ ਦੀ ਨੈਂ ਵਗਾ ਕੇ ਤੇ,
ਦਿਲਾਂ ਵਿੱਚ ਪਿਆਰ ਭਰਪੂਰ ਕਰ ਦੇ।
ਫੇਰ ਸਤਿਗੁਰੂ ਜੀ, ਸਾਡੇ ਦਿਲਾਂ ਅੰਦਰ,
ਅਪਣੇ ਮਹਿਲ ਬਣਾ ਕੇ ਵੱਸ ਜਾਵੀਂ।
ਪੁਠੇ ਰੱਸਤੇ ਜੇ ਸਾਡੇ ਦਿਲ ਜਾਵਨ,
ਸਿੱਧਾ ਇਨ੍ਹਾਂ ਨੂੰ ਰਸਤਾ ਦੱਸ ਜਾਵੀਂ।
ਦਾਰੂ ਪ੍ਰੇਮ ਪਿਲਾ ਪਿਲਾ ਕੇ ਤੇ,
ਕੀਤਾ ਠੀਕ ਤੂੰ ਪਾਪਾਂ ਦੇ ਰੋਗੀਆਂ ਨੂੰ।
ਦਿੱਤਾ ਸਬਕ ਮੌਲਾਣਿਆਂ ਪਾਂਧਿਆਂ ਨੂੰ,
ਸਿੱਧਾ ਕੀਤਾ ਤੂੰ ਸਿੱਧਾਂ ਤੇ ਜੋਗੀਆਂ ਨੂੰ।
ਫਲ ਕਿਰਤ ਕਮਾਈ ਦਾ ਦੱਸਣੇ ਨੂੰ,
ਲਾਇਆ ਭੋਗ ਤੂੰ 'ਲਾਲੋ' ਦੀਆਂ ਗੋਗੀਆਂ ਨੂੰ।
ਲੱਖਾਂ ਦਿਲਾਂ 'ਚ ਪ੍ਰੇਮ ਦਾ ਫੂਕ ਮੰਤਰ,
ਤੂੰ ਮਿਟਾਇਆ ਸੀ ਖੱਪਾਂ ਘਰੋਗੀਆਂ ਨੂੰ।
ਫੇਰ ਦਿਲਾਂ 'ਚ ਫੁੱਟ ਦੇ ਭੂਤ ਵੜ ਗਏ,
ਕਰ ਇਨ੍ਹਾਂ ਨੂੰ ਆਣ ਕੇ ਵੱਸ ਜਾਵੀਂ।
ਆਪਸ ਵਿੱਚ ਪਿਆਰ ਵਧਾਣ ਵਾਲੀ,
ਛੇਤੀ ਆ ਕੋਈ ਜੁਗਤੀ ਦੱਸ ਜਾਵੀਂ।
ਸੂਰਜ ਸਿਦਕ, ਸਚਾਈ ਤੇ ਧਰਮ ਵਾਲਾ,
ਵਿੱਚ ਕੂੜ ਦੇ ਬੱਦਲਾਂ ਵੜ ਰਿਹਾ ਏ।
ਐਸਾ ਮੱਚਿਆ ਅੰਧ ਗੁਬਾਰ ਬਾਬਾ,
ਸਿੱਧਾ ਰਸਤਾ ਕੋਈ ਨਾ ਫੜ ਰਿਹਾ ਏ।
ਕਾਮ, ਕ੍ਰੋਧ, ਹੰਕਾਰ ਦੀ ਅੱਗ ਅੰਦਰ,
ਇੱਕ ਇੱਕ ਜੀਵ ਸੰਸਾਰ ਦਾ ਸੜ ਰਿਹਾ ਏ।
ਵੀਰ ਵੀਰ ਦੇ ਨਾਲ ਹੀ ਲੜ ਰਿਹਾ ਏ,
ਡਾਢਾ ਮਾੜੇ ਦੀ ਛਾਤੀ ਤੇ ਚੜ੍ਹ ਰਿਹਾ ਏ।
ਤਪੇ ਜਗਤ ਦੀ ਤਪਤ ਮਿਟਾਣ ਖ਼ਾਤਰ,
ਐ ਸ਼ਾਂਤ ਦੇ ਬੱਦਲਾ! ਵੱਸ ਜਾਵੀਂ।
ਸਾਰੀ ਪਾਪਾਂ ਦੀ ਧੁੰਦ ਮਿਟਾ ਕੇ ਤੇ,
ਰਾਹ ਭੁਲਿਆਂ ਨੂੰ ਫੇਰ ਦੱਸ ਜਾਵੀਂ।
ਕੌਤਕ ਵੇਖ ਮੈਂ ਤੇਰੇ ਹੈਰਾਨ ਹੋਵਾਂ,
ਕਿਵੇਂ ਬਾਬਰ ਦੀ ਚੱਕੀ ਭੰਵਾਈ ਸੀ ਤੂੰ?
ਮੱਕਾ ਚਾਰ ਚੁਫੇਰੇ ਚੱਕਰਾ ਕੇ ਤੇ,
ਅਕਲ ਕਾਜ਼ੀ ਦੀ ਕਿਵੇਂ ਚਕਰਾਈ ਸੀ ਤੂੰ?
ਆਪਣੀ ਪ੍ਰੇਮ ਦੀ ਬੀਨ ਤੇ ਮਸਤ ਕਰ ਕੇ,
ਜ਼ਹਿਰੀ ਨਾਗਾਂ ਤੋਂ ਛਾਇਆ ਕਰਾਈ ਸੀ ਤੂੰ?
ਵਿਖ ਵਰਗਿਆਂ ਕੌੜਿਆਂ ਰੇਠਿਆਂ 'ਚੋਂ,
ਮਿੱਠੇ ਅੰਮ੍ਰਿਤ ਦੀ ਧਾਰ ਵਗਾਈ ਸੀ ਤੂੰ?
ਤਿਵੇਂ ਦਿਲਾਂ ਦੀ ਕੌੜ ਹਟਾ ਕੇ ਤੇ,
ਚੋ ਪ੍ਰੇਮ ਪਿਆਰ ਦੀ ਰਸ ਜਾਵੀਂ।
ਨਾਲ ਬੁਰੇ ਦਾ ਭਲਾ ਕਮਾਣ ਵਾਲਾ,
ਸਬਕ ਇਕ ਵੇਰੀ ਫੇਰ ਦਸ ਜਾਵੀਂ।
ਸਾਡੀ ਬੇਨਤੀ ਏ ਬਾਬਾ ਬਹੁੜ ਛੇਤੀ,
ਬੰਨੇ ਲਾ ਤੂੰ ਬੇੜਿਆਂ ਅਟਕਿਆਂ ਨੂੰ।
ਭੰਨ ਦੇ ਭਰਮ ਤੇ ਭੇਦ ਦੇ ਮਟਕਿਆਂ ਨੂੰ,
ਕਰ ਦੂਰ ਤੂੰ ਦਿਲਾਂ ਦੇ ਖਟਕਿਆਂ ਨੂੰ।
ਦੇ ਕੇ ਮਿਹਰ ਦਾ ਹੱਥ ਬਚਾਈਂ ਸਤਿਗੁਰ,
ਸਾਨੂੰ ਪਾਪਾਂ ਦੀ ਸੂਲੀ ਤੇ ਲਟਕਿਆਂ ਨੂੰ।
ਮੇਰੇ ਮਿਹਰਾਂ ਦੇ ਮਾਲਕਾ ਮੇਲੇ ਦੇ ਤੂੰ,
ਵੀਰਾਂ ਵਿਛੜਿਆਂ ਭੁਲਿਆਂ ਭਟਕਿਆਂ ਨੂੰ।
ਸਾਡੀ ਉਂਗਲੀ ਪਕੜ ਕੇ ਪਾਰ ਲਾਵੀਂ,
ਪ੍ਰੀਤਮ ਕੱਲਿਆਂ ਛੋੜ ਨਾ ਨਸ ਜਾਵੀਂ।
ਮਾਰਾਂ ਟੱਕਰਾਂ ਅੰਧ ਅਗਿਆਨ ਅੰਦਰ,
ਭੁਲੇ 'ਤਾਰੇ' ਨੂੰ ਰਸਤਾ ਦਸ ਜਾਵੀਂ।
ਭਾਰਤ ਵਰਸ਼-ਗੁਰੂ ਨਾਨਕ ਤੋਂ ਪਹਿਲਾਂ
(ਹੱਦ ਬੰਨਾ ਜਾ ਹਦੂਦ ਅਰਬਾ-)
ਕੂੜ, ਕਪਟ, ਕ੍ਰੋਧ ਦੇ ਤਿੰਨ ਸਾਗਰ,
ਤਿੰਨਾਂ ਪਾਸਿਆਂ ਤੇ ਲਹਿਰਾਂ ਮਾਰਦੇ ਸਨ।
ਚੌਥੀ ਤਰਫ ਸਨ ਕੁਫ਼ਰ-ਪਹਾੜ ਉਚੇ,
ਜੰਗਲ ਜਿਨ੍ਹਾਂ ਤੇ ਉਗੇ ਹੰਕਾਰ ਦੇ ਸਨ।
ਦੁਖ ਆਹ ਮਜ਼ਲੂਮਾਂ ਦੀ ਰੋਕਣੇ ਨੂੰ,
ਦੇਂਦੇ ਕੰਮ ਜੋ ਵਾਂਗ ਦੀਵਾਰ ਦੇ ਸਨ।
ਦੱਰੇ ਚਾਰ ਪਹਾੜਾਂ ਦੇ ਵਿਚ ਜਿਹੜੇ,
ਰਾਹ ਜ਼ਾਲਮਾਂ ਤਾਂਈਂ ਸੰਵਾਰਦੇ ਸਨ।
ਨਾਨਕ ਗੁਰੂ ਦੇ ਆਉਣ ਤੋਂ ਕੁਝ ਪਹਿਲਾਂ,
ਹਾਲਤ ਹਿੰਦ ਦੀ ਇਸ ਤਰ੍ਹਾ ਗਿਰੀ ਹੋਈ ਸੀ।
ਦੁਖ ਪਾਪ ਹੰਕਾਰ ਤੇ ਕਹਿਰ ਕਰ ਕੇ,
ਚੌਹਾਂ ਪਾਸਿਆਂ ਤੋਂ ਧਰਤੀ ਘਿਰੀ ਹੋਈ ਸੀ।
ਧਰਤੀ, ਸਤਹ, ਪਹਾੜ, ਦਰਿਆ ਆਦਿਕ-
ਊਚ ਨੀਚ ਦੇ ਟਿੱਬਿਆਂ ਢੇਰੀਆਂ ਨੇ,
ਕੁਝ ਓਪਰੀ ਸਤਹ ਬਣਾਈ ਹੋਈ ਸੀ।
ਉਚੀ ਜ਼ਾਤ ਦੇ ਬਾਹਮਣਾਂ ਪਾਂਡਿਆਂ ਨੇ,
ਜ਼ਾਤ ਪਾਤ ਦੀ ਕੰਧ ਚੜ੍ਹਾਈ ਹੋਈ ਸੀ।
ਰਾਹ ਲੋੜਿਆਂ ਕੋਈ ਨਾ ਲੱਭਦਾ ਸੀ,
ਛੂਤ ਛਾਤ ਦੀ ਖੱਪ ਮਚਾਈ ਹੋਈ ਸੀ।
ਮੁਫ਼ਤ-ਖੋਰਿਆਂ ਬਾਹਮਣਾਂ ਕਾਜ਼ੀਆਂ ਨੇ,
ਆਪੋ ਵਿਚ ਹੀ ਖ਼ਲਕਤ ਲੜਾਈ ਹੋਈ ਸੀ।
ਜਗ੍ਹਾ ਜਗ੍ਹਾ ਬੇ-ਦੋਸਾਂ ਦੇ ਖ਼ੂਨ ਸੰਦੇ,
ਕਈ ਲੱਖ ਦਰਿਆ ਪਏ ਵਗਦੇ ਸਨ।
ਵਿਚੋਂ ਨਹਿਰ ਅਨਿਆਉਂ ਦੀ ਕੱਢ ਕੇ ਤੇ,
ਪਾਪ ਪੈਲੀਆਂ ਨੂੰ ਪਾਣੀ ਲੱਗਦੇ ਸਨ।
ਪੌਣ ਪਾਣੀ ਜਾਂ ਆਬੋ ਹਵਾ-
ਬੱਦਲ ਪਾਪ ਹੰਕਾਰ ਦੇ ਗੱਜ ਰਹੇ ਸਨ,
ਬਿਜਲੀ ਜ਼ੁਲਮ ਦੀ ਅੰਬਰਾਂ ਕਰੇ ਕੜ ਕੜ।
ਘੋਰ ਪਾਪ ਦੇ ਝੱਖੜਾਂ ਨਾਲ ਮਿਲ ਕੇ,
ਅਗਨਿ ਕਹਿਰ ਅਨਿਆਉਂ ਦੀ ਬਲੇ ਭੜ ਭੜ।
ਸੀਨਾ ਦੁਖੀ ਦਾ ਵਿੰਨ੍ਹਦੇ ਜ਼ੁਲਮ ਸੰਦੇ,
ਗੜੇ ਵੱਸਦੇ ਗੋਲੀਆਂ ਵਾਂਗ ਤੜ ਤੜ।
ਐਸੀ ਆਬੋ-ਹਵਾ ਵਿਚ ਰਹਿ ਰਹਿ ਕੇ,
ਇਕ ਇਕ ਜਾਨ ਕਰਦੀ ਸੌ ਸੌ ਵਾਰ ਫੜ ਫੜ।
ਕੂੜ ਕਪਟ ਕ੍ਰੋਧ ਦੇ ਸਾਗਰਾਂ 'ਚੋਂ,
ਮੌਨਸੂਨ ਉਠ ਉਤਾਂਹ ਨੂੰ ਜਾਂਦੀਆਂ ਸਨ।
ਠਹਿਕ ਕੁਫ਼ਰ ਹੰਕਾਰ ਦੇ ਪਰਬਤਾਂ ਸੰਗ,
ਕਹਿਰ ਜਬਰ ਦੀ ਵਰਖਾ ਵਸਾਂਦੀਆਂ ਸਨ।
ਰਾਜਸੀ ਹਾਲਤ-
ਰਾਜ ਕੂੜ ਦਾ ਕੂੜ ਹੀ ਕੂੜ ਹੈਸੀ,
ਨਾ ਸੀ ਸੱਚ ਨਾ ਸੱਚ ਨਸ਼ਾਨ ਹੈਸੀ।
ਧਰਮ ਸ਼ਰਮ ਨਾ ਲੋੜਿਆਂ ਲੱਭਦੇ ਸਨ,
ਬਣਿਆਂ ਕੂੜ ਹੀ ਫਿਰਦਾ ਪਰਧਾਨ ਹੈਸੀ।
ਕੋਈ ਲਾ, ਕਾਨੂੰਨ ਨਾ ਰੂਲ ਹੈਸੀ,
ਜ਼ੁਲਮ ਪਾਪ ਅਨਿਆਉਂ ਅਗਿਆਨ ਹੈਸੀ।
ਹਾਕਮ ਅਦਲ ਇਨਸਾਫ਼ ਦੇ ਕਰਨ ਵਾਲਾ,
ਜੇਕਰ ਸੀ ਤਾਂ ਉਹ ਸ਼ੈਤਾਨ ਹੈਸੀ।
ਸਾਧ ਬਝਦੇ ਸਨ, ਚੋਰ ਛੁੱਟਦੇ ਸਨ,
ਹੋ ਰਹੇ ਸੀ ਅਤਿਆਚਾਰ ਲੱਖਾਂ।
ਹਾਏ! ਜ਼ੁਲਮ ਤੋਂ ਆਏ ਬਚਾਏ ਕੋਈ,
ਕਹਿ ਰਹੇ ਸੀ ਇਹ ਪੁਕਾਰ ਲੱਖਾਂ।
ਸਤਿਗੁਰੂ ਜੀ ਦਾ ਆਗਮਨ-
ਦੁਖੀ ਦੇਸ ਨੂੰ ਵੇਖ ਪਰਮਾਤਮਾਂ ਨੇ,
ਘਲਿਆ ਸ਼ਾਹਾਂ ਦਾ ਸੀ ਸ਼ਹਿਨਸ਼ਾਹ ਨਾਨਕ।
ਬੇੜੀ ਸੱਚ ਦੀ ਡੁਬਦੀ ਵੇਖ ਕੇ ਤੇ,
ਬੰਨੇ ਲਾਣ ਨੂੰ ਆਇਆ ਮਲਾਹ ਨਾਨਕ।
ਸੱਚਾ ਰਾਹੀ, ਕੁਰਾਹੀ ਕਹਾ ਕੇ ਭੀ,
ਨਾ ਪਰਵਾਹ ਕੀਤੀ, ਬੇਪਰਵਾਹ ਨਾਨਕ।
ਭਰਮ, ਭੇਦ ਤੇ ਦੂਰ ਅਗਿਆਨ ਕਰ ਕੇ,
ਸਿੱਧਾ ਸੱਚ ਦਾ ਦਸਿਆ ਰਾਹ ਨਾਨਕ।
ਲੱਖਾਂ ਸੂਰਜਾਂ, ਚੰਨਾਂ ਤੋਂ ਵਧ ਰੋਸ਼ਨ,
ਕੀਤਾ ਚਾਨਣਾ ਵਿਚ ਸੰਸਾਰ ਨਾਨਕ।
ਲੱਖਾਂ ਪਾਪੀ, ਸੰਤਾਪੀ, ਮਹਾਂ ਪਾਪੀ,
'ਤਾਰੇ' ਕਲ ਦੇ ਵਿਚ ਅਵਤਾਰ ਨਾਨਕ।
ਤੇਰੇ ਨੈਣਾਂ ਦੇ ਤੀਰ
ਵੱਡੇ ਵੱਡੇ ਜੋਧੇ, ਵੱਡੇ ਰੋਹਬ ਵਾਲੇ,
ਵੱਡੇ ਧਨਖ ਧਾਰੀ ਤੇ ਜਵਾਨ ਲਖਾਂ।
ਤੀਰ ਮਾਰ ਕੇ ਪੱਥਰਾਂ ਵਿੰਨ੍ਹਣ ਵਾਲੇ,
ਵੇਖੇ ਸੂਰਮੇ ਬਲੀ ਬਲਵਾਨ ਲਖਾਂ।
ਸੈਨਾਂ ਲਸ਼ਕਰਾਂ ਨਾਲ ਸੀ ਰਾਜ ਜਿਤਿਆ,
ਐਸੇ ਹੋ ਗੁਜ਼ਰੇ ਹੁਕਮਰਾਨ ਲਖਾਂ।
ਤਖ਼ਤਾਂ ਤਾਜਾਂ ਤੇ ਮਾਲਕ ਵਲਾਇਤਾਂ ਦੇ,
ਡਿਠੇ ਸੂਰਮੇ ਬਲੀ ਬਲਵਾਨ ਲਖਾਂ।
ਬਾਣ ਬਾਣੀ ਦੇ ਮਾਰ ਕੇ ਜਿਤਣ ਵਾਲਾ,
ਬਲੀਆਂ ਬਲੀ ਹੈਸੀ ਬੀਰਾਂ ਬੀਰ ਨਾਨਕ।
ਲਖਾਂ ਦਿਲਾਂ ਦਾ ਜਿਤਿਆ ਰਾਜ ਸੀਗਾ,
ਇਕੋ ਨਿਗ੍ਹਾ ਦਾ ਮਾਰ ਕੇ ਤੀਰ ਨਾਨਕ।
ਕੌੜ ਰੇਠਿਆਂ ਦੀ ਝਟ ਦੂਰ ਕੀਤੀ,
ਐਸਾ ਬਾਣੀ ਦੇ ਵਿਚ ਕੋਈ ਸ਼ੀਰ ਹੈਸੀ।
ਪਰਬਤ ਪਿਘਲ ਕੇ ਪਾਣੀ ਦੇ ਵਾਂਗ ਹੋਏ,
ਐਸੀ ਨਜ਼ਰ ਦੇ ਵਿੱਚ ਤਾਸੀਰ ਹੈਸੀ।
ਪਾਪੀ ਚਰਨਾਂ ’ਚ ਡਿੱਗਦੇ ਘਾਇਲ ਹੋ ਕੇ,
ਐਸੀ ਨੈਣਾਂ ਦੀ ਤੇਜ਼ ਸ਼ਮਸ਼ੀਰ ਹੈਸੀ।
ਬਾਬਰ ਜਿਹੇ ਵੀ ਤੇਰੇ ਮੁਰੀਦ ਬਣ ਗਏ,
ਐਸੀ ਪ੍ਰੇਮ ਦੀ ਤੇਰੀ ਜ਼ੰਜੀਰ ਹੈਸੀ।
ਵਾਂਗ 'ਤਾਰਿਆਂ' ਦੇ ਕੀਤੇ ਦਿਲ ਰੌਸ਼ਨ,
ਚਮਕੇ ਚੰਨ ਤੋਂ ਵਧ ਤਸਵੀਰ ਨਾਨਕ।
ਲੱਖਾਂ ਦਿਲਾਂ ਦਾ ਜਿਤਿਆ ਰਾਜ ਸੀਗਾ,
ਇਕੋ ਨਿਗ੍ਹਾ ਦਾ ਮਾਰ ਕੇ ਤੀਰ ਨਾਨਕ।