Aa Do Gallan Kariye : Dharminder Singh Ubha

ਆ ਦੋ ਗੱਲਾਂ ਕਰੀਏ (ਕਾਵਿ-ਸੰਗ੍ਰਹਿ) : ਡਾ. ਧਰਮਿੰਦਰ ਸਿੰਘ ਉੱਭਾ

ਸਮਰਪਿਤ

ਮੇਰੀ ਹਮਸਫ਼ਰ, ਮੇਰੀ ਪਹਿਲੀ ਸਰੋਤਾ
ਅਤੇ ਮੇਰੇ ਨਾਲ ਖੂਬਸੂਰਤ ਗੱਲਾਂ
ਕਰਨ ਵਾਲੀ ਬਹੁਤ ਹੀ ਨਫ਼ੀਸ ਇਨਸਾਨ
ਪਿਆਰੀ ਸਵਰਨਜੀਤ ਕੌਰ ਉੱਭਾ ਨੂੰ

ਭੂਮਿਕਾ

ਮੇਰਾ ਅਜ਼ੀਜ਼ ਧਰਮਿੰਦਰ ਸਿੰਘ ਉੱਭਾ ਇਕ ਚਿੰਤਨਸ਼ੀਲ ਵਿਅਕਤੀ ਅਤੇ ਕਰਮਸ਼ੀਲ ਕਵੀ ਹੈ। ਇਹ ਬੜਾ ਵੱਖਰਾ ਜਿਹਾ ਵਰਤਾਰਾ ਹੈ ਜਿਵੇਂ ਇਕ ਮਿਆਨ ਵਿਚ ਦੋ ਤਲਵਾਰਾਂ ਜੌੜੀਆਂ ਭੈਣਾਂ ਵਾਂਗ ਰਹਿ ਰਹੀਆਂ ਹੋਣ। ਇਕ ਪਾਸੇ ਆਪਣੀ ਵਿਸ਼ੇਸ਼ਗਤਾ ਵਜੋਂ ਕਾਮਰਸ ਦੇ ਅਧਿਆਪਕ ਤੇ ਖੋਜੀ ਹੋਣ ਦੇ ਨਾਲ ਨਾਲ ਕਸਬ ਦੇ ਰੂਪ ਵਿਚ ਪੰਜਾਬ ਦੇ ਸਿਰਮੌਰ ਕਾਲਜ ਖਾਲਸਾ ਕਾਲਜ, ਪਟਿਆਲਾ ਦਾ ਪ੍ਰਿੰਸੀਪਲ ਅਤੇ ਦੇਸ਼ ਵਿਦੇਸ਼ ਵਿਚ ਆਪਣੇ ਭਾਸ਼ਣਾਂ ਤੇ ਖੋਜ ਪੱਤਰਾਂ ਰਾਹੀਂ ਗਿਆਨ ਦਾ ਸੰਚਾਰ ਕਰਦਿਆਂ ਚਿੰਤਨ ਨਾਲ ਨੱਕੋ ਨੱਕ ਭਰੇ ਹੋਣਾ, ਦੂਜੇ ਪਾਸੇ ਚਿੜੀ ਵਰਗੇ ਸੁਬਕ ਜਿਹੇ ਦਿਲ ਦਾ ਮਾਲਕ ਹੋ ਕੇ ਰੁੱਖਾਂ, ਬੂਟਿਆਂ, ਮਾਨਵਾਂ, ਰੀਤਾਂ, ਰਸਮਾਂ, ਵਰਤਾਰਿਆਂ, ਰਿਸ਼ਤਿਆਂ ਆਦਿ ਪ੍ਰਤੀ ਏਨਾ ਜਜ਼ਬਾਤੀ ਹੋਣਾ ਜਿਵੇਂ ਹਰ ਸਾਹ ਕਵਿਤਾ ਦੇ ਰੂਪ ਵਿਚ ਫੁੱਟ ਫੁੱਟ ਬਾਹਰ ਆ ਰਿਹਾ ਹੋਵੇ। ਇਸ ਵੱਖਰੇ ਜਿਹੇ ਸੰਜੋਗੀ ਰਿਸ਼ਤੇ ਦੀ ਵੱਖਰਤਾ ਇਹ ਹੈ ਕਿ ਧਰਮਿੰਦਰ ਦੇ 'ਚਿੰਤਨ ਵਿਚ ਸੰਵੇਦਨਾ' ਅਤੇ 'ਸੰਵੇਦਨਾ ਵਿਚ ਚਿੰਤਨ' ਦਾ ਵਾਸਾ ਰਹਿੰਦਾ ਹੈ। ਇਸੇ ਲਈ ਉਹਦੇ ਭਾਸ਼ਣ ਰਸੀਲੇ ਅਤੇ ਕਾਵਿ ਬੋਲ ਜੋਸ਼ੀਲੇ ਹੁੰਦੇ ਹਨ। ਆਪਣੀ ਇਸ ਦੂਹਰੀ ਪ੍ਰਤਿਭਾ ਦਾ ਪ੍ਰਮਾਣ ਉਹ ਆਪਣੀਆਂ ਇਕ ਤੋਂ ਵਧੇਰੇ ਵਾਰਤਕ ਅਤੇ ਕਾਵਿ-ਪੁਸਤਕਾਂ ਵਿਚ ਦੇ ਚੁੱਕਾ ਹੈ। ਉਸਦੀ ਇਸ ਦੂਹਰ-ਪ੍ਰਤਿਭਾ ਦੇ ਪ੍ਰਸੰਗ ਵਿਚ ਮੈਨੂੰ ਧਰਮਿੰਦਰ ਦੇ ਹੀ ਸ਼ਹਿਰ ਮਾਨਸਾ ਦੇ ਵਾਸੀ, ਪ੍ਰਸਿਧ ਨਾਟਕਕਾਰ ਤੇ ਮੇਰੇ ਪਿਆਰੇ ਮਿੱਤਰ ਅਜਮੇਰ ਸਿੰਘ ਔਲਖ ਦਾ ਹਵਾਲਾ ਯਾਦ ਆ ਗਿਆ। ਆਪਣੇ ਬਾਲਪਨ ਵਿਚ ਔਲਖ ਸਾਹਿਬ ਨੇ ਅਤਿ ਦੀ ਗਰੀਬੀ ਹੰਢਾਉਂਦਿਆਂ ਆਪਣੇ ਪਿੰਡ ਕਿਸ਼ਨਗੜ੍ਹ ਫਰਵਾਹੀ ਵਿਚ ਸਰਦਾਰਾਂ ਦੇ ਤੌਰ ਤਰੀਕੇ ਵੇਖ ਕੇ ਨਿੱਕੀ ਉਮਰੇ ਸਭ ਤੋਂ ਪਹਿਲਾ ਬੰਦ ਇਹ ਜੁੜਿਆ ਸੀ :

ਉਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ

ਉਦੋਂ ਬਾਲ ਅਜਮੇਰ ਨੂੰ ਨਹੀਂ ਸੀ ਪਤਾ ਕਿ ਉਸ ਦੇ ਇਲਾਕੇ ਵਿਚੋਂ ਹੀ ਉਸ ਤੋਂ ਬਾਅਦ ਇਕ ਹੋਰ ਨੌਜਵਾਨ, ਜਿਸ ਦੀ ਪਹਿਲੀ ਕਿਤਾਬ 'ਰਾਤ ਦਾ ਰੇਗਿਸਤਾਨ' (1992) ਦੀ ਭੂਮਿਕਾ ਖ਼ੁਦ ਉਹਨੇ ਹੀ ਲਿਖੀ ਸੀ, ਵੀ ਉੱਠੇਗਾ ਜਿਹੜਾ ਆਪਣੇ ਵੱਡੇ ਬਾਈ ਵਾਂਗ 'ਚਿੰਤਨ' ਤੇ 'ਸੰਵੇਦਨਾ' ਦੀ 'ਦੂਹਰੀ ਪੁਸ਼ਾਕ' ਪਾ ਕੇ 'ਦੂਹਰੀਆਂ ਪੁਸ਼ਾਕਾਂ' ਵਾਲਿਆਂ ਦੀ ਨਕਾਬਕੁਸ਼ਾਈ ਕਰੇਗਾ। ਮੈਨੂੰ ਭੂਮਿਕਾ ਲਿਖਣ ਲਈ ਪ੍ਰਾਪਤ ਹੋਏ ਧਰਮਿੰਦਰ ਦੇ ਹਥਲੇ ਕਾਵਿ-ਸੰਗ੍ਰਹਿ 'ਆ ਦੋ ਗੱਲਾਂ ਕਰੀਏ' ਦੇ ਪਾਠ ਉਪਰੰਤ ਉਸਦੀ ਇਸ ਦੂਹਰੀ ਪ੍ਰਤਿਭਾ ਦੇ ਦਰਸ਼ਨ ਹੋਏ ਹਨ। ਸਭ ਤੋਂ ਪਹਿਲਾਂ ਇਸ ਦੇ ਸਿਰਲੇਖ ਨੇ ਟੁੰਬਿਆ: ਆ ਦੋ ਗੱਲਾਂ ਕਰੀਏ। ਇਸ ਦੀ ਸੰਰਚਨਾ ਪਿਛੇ ਧਰਮਿੰਦਰ ਦਾ ਉਹ ਚਿੰਤਨ ਪਿਆ ਹੈ ਜਿਸਦੀ ਮੂਲ ਭਾਵਨਾ ਹੀ ਇਹ ਹੈ ਕਿ ਗੱਲ ਤਾਂ 'ਦੋ ਟੂਕ' ਹੀ ਮੁੱਕਦੀ ਹੈ। ਲੇਕਿਨ ਇਹ 'ਦੋ ਗੱਲਾਂ' ਤਾਂ ਕਾਵਿਕ ਵੀ ਹਨ ਤੇ ਬੌਧਿਕ ਵੀ ਹਨ ਜਿਹੜੀਆਂ ਕਿਤੇ ਬੌਧਿਕ ਪਰਿਪੇਖ ਸਿਰਜਦੀਆਂ ਹਨ ਤੇ ਕਿਤੇ 'ਭਾਵੁਕ ਪਰਿਪੇਖ' ਉਸਾਰਦੀਆਂ ਹਨ ਪਰੰਤੂ ਆਪਣੇ ਨਿਭਾਅ ਪੱਖੋਂ 'ਦੋ ਟੂਕ ਗੱਲ' ਕਰਨ ਵਾਂਗ ਰਹਿੰਦੀਆਂ 'ਦੋ ਗੱਲਾਂ' ਹੀ ਹਨ। ਇਸੇ ਲਈ ਧਰਮਿੰਦਰ ਦੀ ਕਵਿਤਾ ਵਿਚ 'ਸੂਤਰਿਕ ਸ਼ੈਲੀ' ਦੇ ਦਰਸ਼ਨ ਹੁੰਦੇ ਹਨ।

ਇਸ ਪੱਖੋਂ ਪ੍ਰਸਤੁਤ ਸੰਗ੍ਰਹਿ 'ਆ ਦੋ ਗੱਲਾਂ ਕਰੀਏ' ਦੀਆਂ ਅਨੇਕ ਪਰਤਾਂ ਹਨ ਜਿਨ੍ਹਾਂ ਨੂੰ ਉਧੇੜਦਿਆਂ ਕਾਵਿ-ਸੁਹਜ-ਸਿਰਜਣਾ ਦੇ ਦਰਸ਼ਨ ਹੁੰਦੇ ਹਨ। ਇਸ ਕਾਵਿ ਪਰਾਗੇ ਦਾ ਆਰੰਭ ਉਸਦੀ ਪੋਤਰੀ ਇਲਾਹੀ ਦੀ ਇਸ ਸੁਹਣੀ ਧਰਤੀ ਤੇ ਆਮਦ ਤੋਂ ਹੁੰਦਾ ਹੈ ਜੋ 'ਮੁਹੱਬਤ-ਏ-ਇਲਾਹੀ' ਨਾਂ ਦੀ ਮੰਗਲਾਚਰਣੀ ਕਵਿਤਾ ਦੇ ਰੂਪ ਵਿਚ ਉਦਯਮਾਨ ਹੋਇਆ ਹੈ :

ਮੈਂ ਤੱਕਿਆ
ਉਸ ਤੱਕਿਆ
ਨੈਣ ਮਿਲੇ
ਸਾਂਝ ਪਈ
ਉਸ ਨੇ ਸ਼ਿੱਦਤ ਨਾਲ
ਮੁਹੱਬਤ ਭਰੀ ਮੁਸਕਰਾਹਟ ਦਿੱਤੀ!
ਮੈਂ ਝੱਟ
ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ!
ਹੁਣ ਉਹ ਤੇ ਮੈਂ ਬਹੁਤ ਖੁਸ਼ ਸੀ
ਸਕੂਨ ਵਿੱਚ
ਤੇ
'ਇਲਾਹੀ'! ਆਨੰਦ ਵਿੱਚ!
ਵਾਹ!
ਮੁਹੱਬਤ ਨੂੰ ਸ਼ਬਦਾਂ ਦੀ ਲੋੜ ਨਹੀਂ
ਮੁਹੱਬਤ ਤਾਂ ਸਿਰਫ ਅਰਥ ਹੈ
ਜਿਸਨੂੰ ਮੁਹੱਬਤਾਂ ਵਾਲੇ ਹੀ ਸਮਝ ਪਾਉਂਦੇ ਨੇ!
ਤੇ ਹਰ ਰੋਜ਼
ਅਸੀਂ ਏਦਾਂ ਹੀ ਮਿਲਦੇ ਹਾਂ
ਪਹਿਲੇ ਤੋਂ ਵੀ ਵੱਧ ਖਿੱਚ ਨਾਲ!

ਇਸ ਦੇ ਤੁਰੰਤ ਬਾਅਦ ਦੂਜੀ ਕਵਿਤਾ ਵਿਚ ਨਵੇਂ ਸਾਲ 2021 ਦੀ ਆਮਦ ਉਹੋ ਜਿਹੀ ਖ਼ੁਸ਼ੀ ਨਾਲ ਹੀ ਹੁੰਦੀ ਹੈ ਪਰ ਫ਼ਰਕ ਏਨਾ ਹੈ ਕਿ ਇਸ ਖ਼ੁਸ਼ੀ ਵਿਚ ਸਮਾਜਿਕ ਫ਼ਿਕਰ ਸ਼ਾਮਿਲ ਹੋ ਜਾਂਦਾ ਹੈ :

ਆਓ ਰਲ-ਮਿਲ ਦੁਆ ਕਰੀਏ
ਨਵਾਂ ਸਾਲ
ਸਾਰੀ ਮਾਨਵਤਾ ਨੂੰ
ਕਰੋਨਾ ਦੇ ਕਹਿਰ ਤੋਂ ਮੁਕਤ ਕਰੇ
ਤੇ
ਅਸੀਂ ਸਾਰੇ ਮੁੜ ਖੁੱਲ੍ਹ ਕੇ ਜਿਉਂ ਸਕੀਏ!

ਮੁੜ ਨਾਲ ਦੀ ਨਾਲ ਹੀ ਤੀਸਰੀ ਕਵਿਤਾ ਦੇ ਰੂਪ ਵਿਚ ਪੁਸਤਕ ਦੇ ਸਿਰਲੇਖ 'ਆ ਦੋ ਗੱਲਾਂ ਕਰੀਏ' ਦਾ ਨਾਦ ਸੁਣੀਂਦਾ ਹੈ :

ਆ ਦੋ ਗੱਲਾਂ ਕਰੀਏ
ਅੰਦਰੋਂ ਬੋਲਕੇ
ਦਿਲ ਖੋਲ੍ਹਕੇ!
ਨਾ ਸੋਚ ਕੇ
ਨਾ ਸਮਝਕੇ
ਨਾ ਮਿਣਕੇ
ਤੇ ਨਾ ਹੀ ਤੋਲਕੇ!

ਅਸਲ ਵਿਚ ਇਥੋਂ ਹੀ ਧਰਮਿੰਦਰ ਸਿੰਘ ਉੱਭਾ ਦਾ ਕਾਵਿ-ਉਦੇਸ਼ ਤੇ ਕਾਵਿਸੰਦੇਸ਼ ਦਿ੍ਸ਼ਟੀਗੋਚਰ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਮਾਂ ਪਿਆਰ ਤੋਂ ਫੈਲ ਕੇ ਸਮਾਜੀ ਫ਼ਿਕਰਾਂ, ਕਿਸਾਨੀ ਸੰਕਟਾਂ ਤੇ ਕਰੋਨਾ ਕਹਿਰ ਨਾਲ ਦੋ ਚਾਰ ਹੁੰਦਾ ਹੋਇਆ ਸੋਹਣੀ ਸੁਖਾਵੀਂ ਜੀਵਨ ਜਾਚ ਦੀ ਮੰਜ਼ਿਲ ਤਕ ਪੁੱਜਦਾ ਹੈ। ਇਸ ਭਾਵਨਾ ਵਿਚ ਮਾਂ ਬਾਰੇ ਲਿਖੀਆਂ ਇਕ ਤੋਂ ਵਧੀਕ ਕਵਿਤਾਵਾਂ ਜਨਮ ਲੈਂਦੀਆਂ ਹਨ :

ਤੂੰ ਮਹਾਨ ਹੈਂ
ਮਾਂ
ਮਾਂ ਤੇਰੇ ਜਾਣ ਦੇ ਪਿੱਛੋਂ
ਮਾਂ ਨੀ ਮਾਂ ਜਿਹੀ ਹਾਂ

ਇਸ ਸੰਗ੍ਰਹਿ ਦੀ ਵੱਖਰਤਾ ਇਹ ਹੈ ਕਿ ਇਕੋ ਵਿਸ਼ੇ ਨੂੰ ਇਕ ਤੋਂ ਵੱਧ ਵਾਰ ਹੰਘਾਲਿਆ ਗਿਆ ਹੈ। ਸਿੱਟੇ ਵਜੋਂ ਧਰਮਿੰਦਰ ਨੂੰ ਇਕੋ ਵਿਸ਼ੇ ਤੇ ਇਕ ਤੋਂ ਵਧੀਕ ਕਵਿਤਾਵਾਂ ਨਾਜ਼ਲ ਹੋਈਆਂ ਹਨ। ਜਿਵੇਂ ਕਰੋਨਾ ਬਾਰੇ ਨਿਮਨਲਿਖਤ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ :

ਖੁਸ਼ਆਮਦੀਦ-2021
ਪੱਕੇ ਕੁਆਰਨਟਾਈਨੀ
ਕਰੋਨਾ ਤੋਂ ਬਚਾਅ
ਕੁਆਰਨਟਾਈਨ

ਇਹ ਕਿਤਾਬ 'ਕਰੋਨਾ ਸੰਕਟ' ਵਾਲੇ ਕਾਲ ਅਤੇ 'ਕਿਸਾਨੀ ਸੰਘਰਸ਼' ਵਾਲੇ ਦੌਰ ਵਿਚ ਰਚੀ ਗਈ ਹੈ। ਇਸੇ ਲਈ ਇਸ ਵਿਚ ਕਿਸਾਨੀ ਦੀ ਬਾਤ ਪਾਈ ਗਈ ਹੈ ਜਿਸ ਦਾ ਪ੍ਰਮਾਣ ਨਿਮਨਲਿਖਤ ਕਵਿਤਾਵਾਂ ਹਨ :

ਜੱਟ ਦਾ ਜਵਾਬ ਕੋਈ ਨਾ
ਜਿਹੜੇ ਰੋਲਦੀ ਕਿਸਾਨੀ

ਇਹ ਕਵਿਤਾ 'ਜੱਟ ਦਾ ਜਵਾਬ ਕੋਈ ਨਾ' ਇਸ ਪੱਖੋਂ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿ ਇਸ ਵਿਚ ਧਰਮਿੰਦਰ ਧਨੀ ਰਾਮ ਚਾਤਿ੍ਕ ਦੀ ਕਵਿਤਾ 'ਮੇਲੇ ਵਿਚ ਜੱਟ' ਦਾ ਮੌਜੂਦਾ ਪ੍ਰਸੰਗ 'ਜੱਟ ਦਾ ਜਵਾਬ ਕੋਈ ਨਾ' ਰਾਹੀਂ ਸਿਰਜਦਾ ਹੈ। ਮਸਲਨ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਹੈ :

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਞਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ

ਇਸ ਦੇ ਸਮਾਨਾਂਤਰ ਧਰਮਿੰਦਰ ਲਿਖਦਾ ਹੈ :

ਮੇਰੇ ਪਿੰਡ ਦਾ ਜੱਟ
ਉਰਫ ਕਿਰਸਾਣ
ਬਹੁਤ ਮਿਹਨਤਕਸ਼ ਹੁੰਦਾ ਸੀ
ਤੇ ਹੁਣ ਵੀ ਹੈ!
ਸੱਚਾ ਤੇ ਸੁੱਚਾ
ਸੱਚ ਤੋਂ ਉੱਚਾ।
ਉਹ ਹੱਡ ਭੰਨਵੀਂ ਮਿਹਨਤ ਕਰਦਾ
ਜੇਠ ਹਾੜ ਦੀਆਂ ਧੁੱਪਾਂ
ਤੇ
ਪੋਹ ਮਾਘ ਦੀਆਂ ਰਾਤਾਂ
ਹੱਸ ਪਿੰਡੇ ਤੇ ਜਰਦਾ
ਨਾ ਡਰਾਉਂਦਾ ਤੇ ਨਾ ਡਰਦਾ

ਇਸ ਦੇ ਨਾਲ ਨਾਲ ਧਰਮਿੰਦਰ ਨੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰਾਂ ਸਮੇਤ ਟੋਲ ਪਲਾਜ਼ਿਆਂ ਤੇ ਪਿਛਲੇ ਇੱਕ ਵਰ੍ਹੇ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੀ ਬਾਤ 'ਜਿਹੜੇ ਰੋਲਦੇ ਕਿਸਾਨੀ' ਨਾਂ ਦੀ ਕਵਿਤਾ ਰਾਹੀਂ ਪਾਈ ਹੈ :

ਜਿਹੜਾ ਢਿੱਡ ਸਾਡੇ ਭਰੇ, ਉਹ ਭੁੱਖਾ ਮਰਦਾ
ਉਹ ਦੁੱਖਾਂ ਦੇ ਪਹਾੜ, ਪਿੰਡੇ ਉੱਤੇ ਜਰਦਾ
ਹੁਣ ਚੱਲਣੇ ਨੀ ਧੱਕੇ, ਸਾਰੇ ਮਿਲ ਜਾਣਗੇ।
ਜਿਹੜੇ ਰੋਲਦੇ ਕਿਸਾਨੀ, ਆਪ ਰੁਲ ਜਾਣਗੇ।
ਲੋਕ ਹੋ ਗੇ ਸਾਰੇ ਕੱਠੇ, ਝੰਡੇ ਝੁਲ ਜਾਣਗੇ।

ਧਰਮਿੰਦਰ ਸਿੰਘ ਉੱਭਾ ਦੀ ਕਾਵਿਕਾਰੀ ਦੇ ਪ੍ਰਸੰਗ ਵਿਚ ਉਸ ਦੀ ਕਿਸੇ ਵੀ ਕਵਿਤਾ ਦਾ ਹੀ ਹਵਾਲਾ ਦਿੱਤਾ ਜਾ ਸਕਦਾ ਹੈ ਕਿਉਂਕਿ ਹਰ ਕਵਿਤਾ ਹੀ ਦਿਲ ਨੂੰ ਛੁਾਹਦੀ ਹੈ। ਲੇਕਿਨ ਕਾਵਿ-ਹਵਾਲਿਆਂ ਦੀ ਥਾਂ ਉਸਦੇ ਕਾਵਿ-ਵਸਤੂ ਦੇ ਵਿਵਿਧਮੁਖੀ ਹਵਾਲੇ ਦੇਣੇ ਬਿਹਤਰ ਰਹਿਣਗੇ। ਪ੍ਰਮਾਣ ਵਜੋਂ ਨਿਮਨਲਿਖਤ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ:

ਕਿਸਾਨੀ ਸਰੋਕਾਰ - ਜੱਟ ਦਾ ਜਵਾਬ ਕੋਈ ਨਾ, ਜਿਹੜੇ ਰੋਲਦੇ ਕਿਸਾਨੀ
ਵਿਅਕਤੀ ਚਿੱਤਰ - ਮੁਹੱਬਤ-ਏ-ਇਲਾਹੀ
ਅੰਤਰ ਸੰਵਾਦ - ਸਵਾਲ - ਜਵਾਬ
ਸੰਵੇਦਨਾਵਾਂ ਦਾ ਬਦਲਿਆ ਮੁਹਾਵਰਾ - ਰਿਪ
ਸਵੈ ਮੰਥਨ - ਮਨ ਦੀ ਉਦਾਸੀ
ਜੀਵਨ ਜਾਚ - ਮੰਜ਼ਿਲ ਦੂਰ ਨਹੀਂ
ਆਜ਼ਾਦੀ ਦਾ ਸੰਕਲਪ - ਮਿੱਠੂ ਤੋਤਾ
ਆਤਮ-ਚਿੰਤਨ - ਸਵੈ - ਪੜਚੋਲ
ਸਿਰਜਣ-ਪ੍ਰਕਿਰਿਆ - ਮੇਰੀ ਕਵਿਤਾ
ਨਾਰੀ ਅਸਮਿਤਾ - ਮੈਂ ਧੀ ਹਾਂ ਦੇਸ਼ ਪੰਜਾਬ ਦੀ
ਰੁਮਾਂਟਿਕਤਾ - ਅੰਬੀਆਂ ਨੂੰ ਰਸ ਪੈ ਗਿਆ
ਪ੍ਰਕਿਰਤੀ ਚਿਤਰਣ – ਤੂੰ ਆਜਾ ਮੇਘਿਆ ਵੇ

ਉਪਰੋਕਤ ਅਨੁਸਾਰ ਕਾਵਿ-ਵਸਤੂ ਦੇ ਪ੍ਰਸੰਗ ਵਿਚ ਧਰਮਿੰਦਰ ਦੀ ਕਵਿਤਾ 'ਅਹਿਸਾਸ ਦਾ ਸਫ਼ਰਨਾਮਾ' ਕਹਿਣਾ ਵਧੇਰੇ ਯੋਗ ਹੋਵੇਗਾ। ਇਸ ਦਾ ਪ੍ਰਮਾਣ ਬਦਲ ਰਹੀਆਂ ਸੰਵੇਦਨਾਵਾਂ ਦੇ ਪ੍ਰਸੰਗ ਨੂੰ ਛੁੰਹਦੀ ਕਵਿਤਾ 'ਰਿਪ' ਰਾਹੀਂ ਮਿਲਦਾ ਹੈ :

ਅੱਜ ਕੱਲ੍ਹ ਬਹੁਤ
ਦਿਖਾਈ ਦਿੰਦਾ
ਸੋਸ਼ਲ ਮੀਡੀਆ ਤੇ ਰਿਪ!
ਰਿਪ ਭਾਵ 'ਰੈਸਟ ਇਨ ਪੀਸ'!
ਕਿਸੇ ਮਿੱਤਰ ਪਿਆਰੇ ਦੇ
ਜਾਂ
ਕਿਸੇ ਭੈਣ-ਭਾਈ ਦੇ
ਕੋਈ ਭਾਣਾ ਵਰਤ ਜਾਂਦਾ
ਕੋਈ ਆਪਣਾ ਪਿਆਰਾ ਛੱਡ ਜਾਂਦਾ
ਤਾਂ
ਉਸ ਦੇ ਕੋਲ
ਦੁੱਖ ਵਿੱਚ ਦਿਲਾਸਾ ਦੇਣ ਲਈ
ਉਸ ਦਾ ਹੌਸਲਾ ਵਧਾਉਣ ਲਈ
ਉਸ ਨੂੰ ਢਾਰਸ ਦੇਣ ਲਈ
ਮਿੱਤਰ ਪਿਆਰੇ, ਸੱਜਣ ਬੇਲੀ
ਤੇ ਭੈਣ ਭਰਾ
ਝੱਟ ਘਰ ਪਹੁੰਚ ਜਾਂਦੇ!
ਗੱਲਾਂ ਬਾਤਾਂ ਕਰਦੇ
ਤੁਰ ਗਏ ਨੂੰ ਯਾਦ ਕਰਦੇ
ਸਮਾਂ ਬਿਤਾਉਂਦੇ
ਤੇ
ਦੁੱਖ ਨੂੰ ਭੁਲਾਉਂਦੇ!
ਹੁਣ ਸਮਾਂ ਕਿੱਥੇ?
ਬੰਦਾ ਤੁਰ ਗਏ ਦੀ ਸੂਚਨਾ ਪਾਉਂਦਾ
ਤਾਂ
ਰੁੱਝੇ ਲੋਕਾਂ ਨੇ ਢਾਰਸ ਦੇ ਚਾਰ ਸ਼ਬਦ ਵੀ ਬੰਦ ਕਰਤੇ
ਬੱਸ
ਅੱਖ ਦੇ ਝਪਕਣੇ ਵਿੱਚ ਲਿਖ ਦਿੰਦੇ ਹਨ
RIP
ਭਾਵ ਰੈਸਟ ਇਨ ਪੀਸ!
ਸਾਡੇ ਕੋਲ ਵਿਹਲ ਨਹੀਂ
ਇਸ ਤੋਂ ਜ਼ਿਆਦਾ!
ਇਹ ਕੀ ਹੋ ਗਏ ਹਾਂ ਅਸੀਂ?
ਕਿਉਂ ਨਿਰਮੋਹੇ ਹੋ ਗਏ ਹਾਂ ਅਸੀਂ?
ਵੰਡਣਾ ਵੰਡਾਉਣਾ ਛੱਡ ਦਿੱਤਾ ਦੁੱਖ-ਸੁੱਖ
ਤੇ
ਬੱਸ ਸਿਮਟ ਕੇ ਰਹਿ ਗਏ ਹਾਂ
RIP ਤੱਕ!
ਇਉਂ ਲੱਗਦੈ
ਜਿਵੇਂ ਕੋਝਾ ਮਜਾਕ ਕਰ ਰਹੇ ਹੋਈਏ
ਦੁੱਖ ਵਿੱਚ ਪੀੜੇ
ਕਿਸੇ ਸੱਜਣ ਮਿੱਤਰ ਨਾਲ!

ਇਹ ਪੂਰੀ ਕਵਿਤਾ ਇਸ ਲਈ ਦਿੱਤੀ ਗਈ ਹੈ ਕਿਉਂਕਿ ਇਸ ਵਿਚ ਇਕ ਖਾਸ ਪ੍ਰਕਾਰ ਦੀ ਬਿਰਤਾਂਤਕਤਾ ਹੈ ਜਿਸ ਵਿਚ ਕਵਿਤਾ ਦੀ ਹਰ ਸਤਰ ਇਕ ਦੂਜੇ ਨਾਲ ਅੰਤਰ-ਸਬੰਧਿਤ ਹੈ। ਧਰਮਿੰਦਰ ਦੇ ਇਸ ਕਾਵਿ-ਸੰਗ੍ਰਹਿ 'ਆ ਦੋ ਗੱਲਾਂ ਕਰੀਏ' ਵਿਚ ਜਿੱਥੇ ਉਸ ਨੇ ਕਾਵਿ-ਵਸਤੂ ਦੀ ਵਿਸ਼ਾਲਤਾ ਦਾ ਪ੍ਰਮਾਣ ਦਿੱਤਾ ਹੈ ਉਥੇ ਕਾਵਿ-ਰੂਪ ਦੀ ਵਿਵਿਧਤਾ ਦੇ ਵੀ ਦਰਸ਼ਨ ਦੀਦਾਰ ਕਰਵਾਏ ਹਨ। ਕਿਤੇ ਉਸ ਦੀਆਂ ਲੈਯੁਕਤ ਤੇ ਕਿਤੇ ਲੈਮੁਕਤ ਕਵਿਤਾਵਾਂ ਤਾਂ ਇਸ ਕਿਤਾਬ ਦਾ ਵਡੇਰਾ ਭਾਗ ਹਨ ਹੀ ਪਰੰਤੂ ਉਸ ਨੇ ਕਾਵਿ-ਰੂਪ ਦੇ ਖੇਤਰ ਵਿਚ ਕਈ ਨਵੇਂ ਤਜ਼ਰਬੇ ਕੀਤੇ ਹਨ। ਜਿਵੇਂ ਕਿਤੇ ਆਪਣੇ ਚਿਰਪਰਿਚਿਤ ਅੰਦਾਜ਼ ਵਿਚ ਲਘੂ ਕਵਿਤਾ ਦਾ ਪੱਲਾ ਫੜਿਆ ਹੈ :

ਨਿਰਾ ਆਪਣਾ ਸੁਆਦ ਹੀ ਨਾ ਦੇਖ
ਉਸ ਬਾਰੇ ਵੀ ਸੋਚ
ਜੋ ਦੋਨਾ ਵਿਚਾਲੇ ਪਿਸ ਰਿਹਾ!

ਇਸੇ ਪ੍ਰਕਾਰ ਲਘੂ ਕਵਿਤਾ ਦੇ ਪ੍ਰਸੰਗ ਵਿਚ ਹੀ ਉਸ ਦੀ ਕਵਿਤਾ 'ਔਖ-ਸੌਖ' ਵੀ ਵਾਚੀ ਜਾ ਸਕਦੀ ਹੈ :

ਔਖਾ ਸਮਾਂ
ਬਿਨਾਂ ਸ਼ੱਕ
ਬਹੁਤ ਔਖਾ ਲੰਘਦੈ।
ਸੌਖੇ ਰਹੀਏ
ਤਾਂ
ਇਹ ਬਹੁਤ ਸੌਖਾ ਲੰਘ ਜਾਂਦੈ।
ਬੱਸ
ਮਨ ਦੀ ਖੇਡ ਆ।

ਇਸੇ ਕੜੀ ਵਿਚ ਲਘੂ ਕਵਿਤਾ ਦੇ ਨਮੂਨੇ ਵਜੋਂ 'ਆਨੰਦ ਇਲਾਹੀ' ਵੀ ਮਹੱਤਵ ਗ੍ਰਹਿਣ ਕਰਦੀ ਹੈ :

ਆਰਜ਼ੀ ਦੁਨੀਆ ਵਿੱਚ
ਇੱਕ ਤੇਰਾ
ਇਸ਼ਕ ਸਦੀਵੀ!
ਲੈ ਆਪਣੇ ਕਲਾਵੇ ਵਿੱਚ
ਤੇ
ਬਖ਼ਸ਼ ਆਨੰਦ ਇਲਾਹੀ!

ਧਰਮਿੰਦਰ ਨੇ ਕਾਵਿ-ਰੂਪ ਦੀ ਦਿ੍ਸ਼ਟੀ ਤੋਂ 'ਨੈਨੋ ਨਾਟਕ' ਵਾਂਗ 'ਨੈਨੋ ਕਵਿਤਾ' ਨਾਮਕ੍ਰਿਤ ਕਰਦਿਆਂ 'ਨੈਨੋ ਕਵਿਤਾ' ਨਾਂ ਦੀ ਹੀ ਕਵਿਤਾ ਵੀ ਲਿਖੀ ਹੈ :

ਸਭ ਕੁਝ ਤੇਰਾ
ਤੇ
ਫਿਰ
ਹੋਰ ਕਹਿਣ ਨੂੰ
ਕੀ ਰਹਿ ਗਿਆ?

ਧਰਮਿੰਦਰ ਨੇ ਆਪਣੇ ਕਾਵਿ-ਰੂਪ ਪ੍ਰਯੋਗ ਦੇ ਨਮੂਨੇ ਲਈ ਇਕ ਨਵਾਂ ਕਾਵਿਰੂਪ 'ਸਲਿੱਮ ਕਵਿਤਾ' ਘੜਿਆ ਹੈ ਜਿਸ ਦਾ ਪ੍ਰਮਾਣ 'ਮਨ ਸੱਚੀ' ਨਾਂ ਦੀ ਕਵਿਤਾ ਤੋਂ ਮਿਲਦਾ ਹੈ :

ਮਨ
ਪ੍ਰੀਤ
ਸੱਚ!
ਅੰਦਰ
ਮੰਦਰ!
ਚਾਬੀ
ਤੇਰੇ
ਕੱਲ!
ਖੋਲ੍ਹ
ਬੋਲ
ਕੁਝ
ਤਾਂ
ਬੋਲ!
ਪਾ
ਪ੍ਰੀਤ
ਲੜ
ਲਾ!
ਰਾਹ
ਦਿਖਾ!
ਅਪਣਾ
ਬੱਸ
ਨਾਲ ਲਾ!

ਮੈਂ ਧਰਮਿੰਦਰ ਸਿੰਘ ਉੱਭਾ ਦੀਆਂ ਇੱਕ ਤੋਂ ਵੱਧ ਕਾਵਿ ਪੁਸਤਕਾਂ ਦੀਆਂ ਭੂਮਿਕਾਵਾਂ ਲਿਖੀਆਂ ਹਨ। ਅਸਲ ਵਿਚ ਮੈਂ ਉਨ੍ਹਾਂ ਦਾ ਘਰੇਲੂ ਭੂਮਿਕਾ ਲੇਖਕ ਹਾਂ। ਇਸੇ ਲਈ ਉਸਦੇ ਪਿਤਾ ਪ੍ਰੋ. ਅੱਛਰੂ ਸਿੰਘ ਸਮੇਤ ਧਰਮਿੰਦਰ ਵੱਖ ਵੱਖ ਵਿਧਾਵਾਂ ਦੀਆਂ ਕਿਤਾਬਾਂ ਦੀ ਭੂਮਿਕਾ ਲਿਖਣ ਦਾ ਮੈਨੂੰ ਮਾਣ ਹਾਸਿਲ ਹੈ। ਉਸਦੀ ਹਰ ਕਿਤਾਬ ਵਾਂਗ ਇਹ ਕਾਵਿ-ਸੰਗ੍ਰਹਿ 'ਆ ਦੋ ਗੱਲਾਂ ਕਰੀਏ' ਵੀ ਤਾਜ਼ੀ ਹਵਾ ਦਾ ਬੁੱਲਾ ਬਣ ਕੇ ਆਇਆ ਹੈ ਜਿਸ ਨੇ ਮੇਰੇ 'ਤਨ ਮਨ' ਨੂੰ ਰੁਸ਼ਨਾਇਆ ਹੈ। ਅੰਤ ਵਿਚ ਆਪਣੇ ਅਜ਼ੀਜ਼ ਨੂੰ ਇਹੀ ਕਹਿ ਸਕਦਾ ਹਾਂ : ਅੱਲਾਹ ਕਰੇ ਜ਼ੋਰ-ਏ-ਕਲਮ ਔਰ ਜ਼ਿਆਦਾ। ਉਸ ਉਤੇ ਸਰਸਵਤੀ ਦੀ ਕ੍ਰਿਪਾ ਬਣੀ ਰਹੇ - ਮੇਰੀ ਇਹੋ ਦੁਆ ਹੈ। ਆਮੀਨ !

ਸਤੀਸ਼ ਕੁਮਾਰ ਵਰਮਾ (ਡਾ.)
ਪ੍ਰੋਫ਼ੈਸਰ ਅਮੈਰੀਟਸ

ਦੇਸ਼ ਭਗਤ ਯੂਨੀਵਰਸਿਟੀ
ਮੰਡੀ ਗੋਬਿੰਦਗੜ੍ਹ

ਦੋ ਗੱਲਾਂ

'ਆ ਦੋ ਗੱਲਾਂ ਕਰੀਏ' ਮੇਰਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਇਸ ਵਿੱਚ ਬਹੁ- ਗਿਣਤੀ ਖੁੱਲ੍ਹੀਆਂ ਕਵਿਤਾਵਾਂ, ਚਾਰ ਕੁ ਬੰਦਿਸ਼ ਵਾਲੀਆਂ ਕਵਿਤਾਵਾਂ ਤੇ ਕੁਝ ਗੀਤ ਸ਼ਾਮਲ ਹਨ। ਇਹ ਸਾਰੀਆਂ ਰਚਨਾਵਾਂ 'ਕਰੋਨਾ ਕਾਲ' ਦੀ ਉਪਜ ਹਨ। ਮੈਂ ਅਕਸਰ ਇਹ ਆਖਦਾ ਹਾਂ ਕਿ ਕਵਿਤਾ ਮੇਰਾ ਪਿਆਰ ਹੈ-ਮੇਰੀ ਮੁਹੱਬਤ ਹੈ ਅਤੇ ਮੈਂ ਕਵਿਤਾ ਪੜ੍ਹ-ਲਿਖ ਬਹੁਤ ਖੁਸ਼ ਹੁੰਦਾਂ ਹਾਂ ਅਤੇ ਇਸ ਨਾਲ ਇਲਾਹੀ ਆਨੰਦ ਵਿੱਚ ਪਹੁੰਚ ਜਾਂਦਾ ਹਾਂ। ਇਸ ਸੰਗ੍ਰਹਿ ਵਿੱਚ ਸ਼ਾਮਲ ਮੇਰੀਆਂ ਕਵਿਤਾਵਾਂ ਮੇਰੀਆਂ ਗੱਲਾਂ ਹਨ ਅਤੇ ਜੋ ਮੈਂ ਗੱਲਾਂ ਕੀਤੀਆਂ ਉਹ ਮੇਰੀਆਂ ਕਵਿਤਾਵਾਂ ਬਣ ਗਈਆਂ। ਮੇਰੀ ਘਰਵਾਲੀ ਮੇਰੀਆਂ ਇਹਨਾਂ ਗੱਲਾਂ ਦੀ ਸਭ ਤੋਂ ਵੱਧ ਸਾਂਝੀਦਾਰ ਰਹੀ ਹੈ-ਮੇਰੀ ਪਹਿਲੀ ਸਰੋਤਾ ਤੇ ਦਵੰਗ ਆਲੋਚਕ-ਜੇ ਕੁਝ ਠੀਕ ਨਾ ਲੱਗੇ ਤੁਰੰਤ ਕਹਿਣ ਵਾਲੀ। ਪਰ ਉਹ ਪਹਿਲੇ ਦਿਨ ਤੋਂ ਮੇਰੀਆਂ ਕਵਿਤਾਵਾਂ ਨੂੰ ਸੁਣਦੀ ਹੈ ਤੇ ਕਈ ਵਾਰ ਨਾ ਚਾਹੁੰਦੇ ਹੋਏ ਵੀ ਸੁਣਦੀ ਹੈ ਤੇ ਕਈ ਵਾਰ ਮੈਂ ਸੁਣਾਉਣ ਦਾ ਧੱਕਾ ਵੀ ਕਰ ਜਾਂਦਾ ਹਾਂ। ਪਰ ਉਹ ਬੁਨਿਆਦੀ ਤੌਰ ਤੇ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀ ਹੋਈ ਹੈ। ਉਸਦੇ ਇਸ ਵੱਡੇ ਯੋਗਦਾਨ ਕਾਰਨ ਇਹ ਕਿਤਾਬ ਵੀ ਉਸਨੂੰ ਸਮਰਪਿਤ ਹੈ ਅਤੇ ਟਾਈਟਲ ਦੇ ਅੱਗੇ-ਪਿੱਛੇ ਫੋਟੋ ਵਿੱਚ ਵੀ ਉਹ ਮੇਰੇ ਨਾਲ ਹੈ। ਵੈਸੇ ਉਹ ਹਰ ਪਲ ਹੀ ਮੇਰੇ ਨਾਲ ਹੈ।

ਮੇਰੀਆਂ ਕਵਿਤਾਵਾਂ ਬਾਰੇ ਸਾਡੇ ਪਰਿਵਾਰਕ ਭੂਮਿਕੌਲੋਜਿਸਟ (ਭੂਮਿਕਾ ਲਿਖਣ ਦੇ ਮਾਹਰ) ਡਾ. ਸਤੀਸ਼ ਵਰਮਾ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਤੇ ਉਹ ਵੀ ਪ੍ਰਸ਼ੰਸਾ ਵਿੱਚ ਤਾਂ ਮੈਨੂੰ ਹੁਣ ਹੋਰ ਆਪਣੇ ਕਸੀਦੇ ਪੜ੍ਹਣ ਦੀ ਜਰੂਰਤ ਨਹੀਂ ਲੱਗਦੀ। ਡਾ. ਵਰਮਾ ਸਦਾ ਮੇਰੇ ਉਤਸ਼ਾਹ ਵਰਧਕ ਰਹੇ ਹਨ ਅਤੇ ਪਿਆਰ ਕਾਰਨ ਉਹ ਮੇਰੇ ਨਿਗੂਣੇ ਨੂੰ ਵੀ ਵੱਡਾ-ਵੱਡਾ ਕਰਕੇ ਦੱਸਦੇ ਹਨ। ਮੈਂ ਉਹਨਾਂ ਦਾ ਬਹੁਤ ਹੀ ਰਿਣੀ ਹਾਂ। ਮੈਨੂੰ ਇਹ ਅਹਿਸਾਸ ਹੈ ਕਿ ਮੇਰੀਆਂ ਕਵਿਤਾਵਾਂ ਮੇਰੇ ਨਿੱਕੇ-ਨਿੱਕੇ ਜਜ਼ਬਾਤ ਹਨ ਜੋ ਸ਼ਾਇਦ ਕਵਿਤਾ ਦੇ ਵੱਖ-ਵੱਖ ਮੀਟਰਾਂ ਦੇ ਪੂਰੇ ਨਾ ਉਤਰਦੇ ਹੋਣ। ਇਸ ਲਈ ਪਹਿਲਾਂ ਹੀ ਮੈਂ ਆਪ ਸਭ ਤੋਂ ਇਹਨਾਂ ਖਾਮੀਆਂ ਲਈ ਖਿਮਾਂ ਦਾ ਜਾਚਕ ਹਾਂ। ਮੈਂ ਮੇਰੇ ਮਾਤਾ- ਪਿਤਾ, ਸਮੂਹ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਮੈਨੂੰ ਪਿਆਰ ਦੇ ਖੁੱਲ੍ਹੇ ਗੱਫ਼ੇ ਬਖਸ਼ਦੇ ਹਨ। ਮੈਂ ਇਸ ਕਿਤਾਬ ਨੂੰ ਰੂਹਦਾਰੀ ਨਾਲ ਛਾਪਣ ਲਈ ਸ. ਅਮਰਜੀਤ ਸਿੰਘ, ਜ਼ੋਹਰਾ ਪਬਲੀਕੇਸ਼ਨ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਕਿਤਾਬ ਤੁਹਾਡੇ ਹੱਥਾਂ ਵਿੱਚ ਪੇਸ਼ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਧਰਮਿੰਦਰ ਸਿੰਘ ਉੱਭਾ

ਈ. ਮੇਲ: savidharm0gmail.com
ਮੋ: 98557-11380


ਮੁਹੱਬਤ-ਏ-ਇਲਾਹੀ

(12.01.2020 ਨੂੰ ਸਾਡੇ ਵਿਹੜੇ ਆਈ ਪੋਤਰੀ ਇਲਾਹੀ ਨੂੰ ) ਮੈਂ ਤੱਕਿਆ ਉਸ ਤੱਕਿਆ ਨੈਣ ਮਿਲੇ ਸਾਂਝ ਪਈ ਉਸ ਨੇ ਸ਼ਿੱਦਤ ਨਾਲ ਮੁਹੱਬਤ ਭਰੀ ਮੁਸਕਰਾਹਟ ਦਿੱਤੀ! ਮੈਂ ਝੱਟ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ! ਹੁਣ ਉਹ ਤੇ ਮੈਂ ਬਹੁਤ ਖੁਸ਼ ਸੀ ਸਕੂਨ ਵਿੱਚ ਤੇ 'ਇਲਾਹੀ' ਆਨੰਦ ਵਿੱਚ! ਵਾਹ! ਮੁਹੱਬਤ ਨੂੰ ਸ਼ਬਦਾਂ ਦੀ ਲੋੜ ਨਹੀਂ ਮੁਹੱਬਤ ਤਾਂ ਸਿਰਫ ਅਰਥ ਹੈ ਜਿਸਨੂੰ ਮੁਹੱਬਤਾਂ ਵਾਲੇ ਹੀ ਸਮਝ ਪਾਉਂਦੇ ਨੇ! ਤੇ ਹਰ ਰੋਜ਼ ਅਸੀਂ ਏਦਾਂ ਹੀ ਮਿਲਦੇ ਹਾਂ ਪਹਿਲੇ ਤੋਂ ਵੀ ਵੱਧ ਖਿੱਚ ਨਾਲ!

ਖੁਸ਼ਆਮਦੀਦ-2021

ਆਓ ਰਲ-ਮਿਲ ਦੁਆ ਕਰੀਏ ਨਵਾਂ ਸਾਲ ਸਾਰੀ ਮਾਨਵਤਾ ਨੂੰ ਕਰੋਨਾ ਦੇ ਕਹਿਰ ਤੋਂ ਮੁਕਤ ਕਰੇ ਤੇ ਅਸੀਂ ਸਾਰੇ ਮੁੜ ਖੁੱਲ੍ਹ ਕੇ ਜਿਉਂ ਸਕੀਏ! ਆਓ ਰਲ-ਮਿਲ ਦੁਆ ਕਰੀਏ ਨਵਾਂ ਸਾਲ ਅੰਨ-ਦਾਤਾ ਨੂੰ ਤੁਰੰਤ ਆਪਣੇ ਘਰ ਲੈ ਕੇ ਆਵੇ ਤੇ ਹੋ ਜਾਵੇ ਸਾਰੇ ਮਸਲੇ ਦਾ ਹੱਲ ਉਹ ਸੁੱਖ-ਸ਼ਾਂਤੀ ਨਾਲ ਆਪਣਾ ਜੀਵਨ ਬਿਤਾਵੇ! ਆਓ ਰਲ-ਮਿਲ ਦੁਆ ਕਰੀਏ ਨਵਾਂ ਸਾਲ ਹੋਵੇ ਖੁਸ਼ੀਆਂ ਤੇ ਖੇੜਿਆਂ ਨਾਲ ਭਰਪੂਰ ਪਵੇ ਸਧਰਾਂ ਨੂੰ ਬੂਰ! ਵਧੇ ਪਿਆਰ ਵਾਲੀ ਵੇਲ ਬਲ਼ੇ ਖੁਸ਼ੀਆਂ ਦਾ ਤੇਲ ਭੁੱਲ ਸ਼ਿਕਵੇ-ਸ਼ਿਕਾਇਤਾਂ ਹੋਵੇ ਰੁੱਸਿਆਂ ਦਾ ਮੇਲ! ਆਓ ਰਲ-ਮਿਲ ਦੁਆ ਕਰੀਏ ਨਵਾਂ ਸਾਲ ਰੱਖੇ ਚੜ੍ਹਦੀ ਕਲਾ ਤੇ ਹੋਵੇ ਸਭ ਦਾ ਭਲਾ!

ਆ ਦੋ ਗੱਲਾਂ ਕਰੀਏ

ਆ ਦੋ ਗੱਲਾਂ ਕਰੀਏ ਅੰਦਰੋਂ ਬੋਲਕੇ ਦਿਲ ਖੋਲ੍ਹਕੇ! ਨਾ ਸੋਚ ਕੇ ਨਾ ਸਮਝ ਕੇ ਨਾ ਮਿਣ ਕੇ ਤੇ ਨਾ ਹੀ ਤੋਲ ਕੇ। ਆ ਦੋ ਗੱਲਾਂ ਕਰੀਏ ਪਹਿਲੇ ਦਿਨ ਵਾਂਗ! ਮੈਂ ਚੁੱਪ ਸੀ ਤੂੰ ਵੀ ਚੁੱਪ ਸੀ ਪਰ ਦਿਲ ਬੋਲਦਾ ਸੀ ਤੂੰ ਮੇਰੇ ਤੇ ਮੈਂ ਤੇਰੇ ਦੀਦਿਆਂ ਵਿੱਚੋਂ ਹੀ ਸਭ ਕੁਝ ਟੋਲ਼ਦਾ ਸੀ। ਆ ਦੋ ਗੱਲਾਂ ਕਰੀਏ ਰੁੱਸਣ ਰਸਾਉਣ ਦੀਆਂ ਗੁੱਸਾ ਦਿਖਾਉਣ ਦੀਆਂ ਮੱਥੇ ਉੱਤੇ ਤਿਉੜੀਆਂ ਪਾਉਣ ਦੀਆਂ ਤਰਲੇ ਮਿੰਨਤਾ ਕਰਕੇ ਕਦੇ ਮੰਨ ਜਾਣ ਤੇ ਕਦੇ ਮਨਾਉਣ ਦੀਆਂ। ਆ ਦੋ ਗੱਲਾਂ ਕਰੀਏ ਉਮਰ ਨਿਆਣ ਦੀਆਂ ਹਾਣ ਤੇ ਪ੍ਰਾਣ ਦੀਆਂ! ਛੇੜਣ ਛੜਾਉਣ ਦੀਆਂ ਰੱਜ ਰੱਜ ਤੰਗ ਕਰਨ ਦੀਆਂ ਬਣਾਕੇ ਮੂੰਹ ਬੁਸ-ਬੁਸਾ ਬੈਠ ਜਾਣ ਪਰ ਇੱਕ ਬਿੰਦ ਵੀ ਨਾ ਸਰਨ ਦੀਆਂ! ਆ ਦੋ ਗੱਲਾਂ ਕਰੀਏ ਬੀਤੇ ਵਾਲੇ ਝੱਲ ਦੀਆਂ ਜਵਾਨੀ ਵਾਲੀ ਛੱਲ ਦੀਆਂ! ਸ਼ਿੱਦਤ ਵਾਲੀ ਅੱਜ ਦੀਆਂ ਤੇ ਕਸ਼ਿਸ਼ ਵਾਲੀ ਕੱਲ੍ਹ ਦੀਆਂ! ਆ ਦੋ ਗੱਲਾਂ ਕਰੀਏ!

ਫੁੱਲ

ਕਾਦਰ ਦੇ ਨੇ ਇਹ ਵਰੋਸਾਏ। ਵਿੱਚ ਬਗ਼ੀਚੀ ਫੁੱਲ ਜੋ ਆਏ। ਰੰਗ-ਬਰੰਗੇ, ਮਹਿਕਾਂ ਵੰਡਣ, ਖੁਸ਼ੀਆਂ ਆਪਣੇ ਨਾਲ ਲਿਆਏ। ਤੱਕ ਇਹਨਾਂ ਦਾ ਅਜਬ ਨਜ਼ਾਰਾ। ਨਸ਼ਿਆ ਜਾਂਦਾ ਹੈ ਬੰਦਾ ਸਾਰਾ। ਜਦ ਪੁੱਛੋ ਕੁਝ, ਭਰਨ ਹੁੰਗਾਰਾ, ਇਹਨਾਂ ਤੋਂ ਦੱਸ ਕੌਣ ਪਿਆਰਾ। ਸਾਡੇ ਕੋਲੇ ਰੱਜ-ਰੱਜ ਆਓ। ਨੇੜੇ ਦਾ ਵੀ ਸੰਪਰਕ ਬਣਾਓ। ਬੰਦਿਆਂ ਪਾਸੋਂ ਰੱਖੋ ਦੂਰੀ ਸਾਨੂੰ ਘੁੱਟ-ਘੁੱਟ ਜੱਫੀਆਂ ਪਾਓ।

ਉਹ

ਕਦੇ ਗ਼ਜ਼ਲ, ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ! ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ! ਉਹਦੇ ਨਿੱਕੇ ਨਿੱਕੇ ਰੋਸੇ ਛੂਹ ਜਾਂਦੇ ਨੇ ਦਿਲ ਨੂੰ , ਮੇਰੀ ਆਗੋਸ਼ ਦੇ ਅੰਦਰ ਮੇਰੀ ਪ੍ਰੀਤ ਹੁੰਦੀ ਹੈ ਉਹ! ਉਸਦਾ ਸਜਣਾ, ਫਬਣਾ ਕੁਝ ਵੱਖਰਾ ਜਿਹਾ ਹੋ ਗਿਐ ਹੁਣ ਇੱਕ ਚਾਹਤ ਅਜਿਹੀ ਬਣ ਗਈ, ਉਸਦਾ ਮਿਲਣਾ ਆਦਤ ਹੋ ਗਿਆ ਹੁਣ! ਜੀਅ ਕਰਦੈ ਬਹੁਤ ਕੁਝ ਆਖ ਦੇਵਾਂ ਇੱਕੋ ਸਾਹੇ ਸਭ ਕੁਝ ਦੇਵਾਂ ਬੋਲ ਰੁਕ ਜਾਂਦਾ ਪਤਾ ਨੀ ਕੀ ਸੋਚਕੇ, ਨਹੀਂ ਤਾਂ ਦੇਣਾ ਸੀ ਦਿਲ ਨੂੰ ਖੋਲ੍ਹ! ਜਦ ਵੀ ਹੁੰਦਾ ਹਾਂ ਮੈਂ ਉਸ ਕੋਲ ਇੱਕ ਤੜਫਣੀ ਜੀ ਹੁੰਦੀ ਹੈ ਅਨਮੋਲ ਜੀਅ ਚਾਹੁੰਦਾ ਉਸ ਨੂੰ ਘੁੱਟ ਸੀਨੇ ਨਾਲ ਲਾ ਲਵਾਂ ਅੱਖਾਂ ਮੁੰਦ ਕੇ ਕੁਝ ਪਲ ਉਸ ਨਾਲ ਬਿਤਾ ਲਵਾਂ! ਪਰ... ਪਤਾ ਨਹੀਂ ਕਿਉਂ ਰੁਕ ਜਾਂਦਾ ਹਾਂ ਮੈਂ ਤੜਫਣੀ ਤਾਂ ਹੈ...! ਕਦੇ ਗ਼ਜ਼ਲ, ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ! ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ!

ਮੇਰੀ ਕਵਿਤਾ

ਤੇਰੇ ਵੀ ਬੜੇ ਅਜਬ ਰੂਪ ਨੇ ਐ ਕਵਿਤਾ! ਕਈ ਵਾਰ ਤੂੰ ਆਉਂਦੀ ਹੈਂ ਮਿਲਦੀ ਹੈਂ ਤੇ ਸੁਭਾਵਿਕ ਹੀ ਚਲੀ ਜਾਂਦੀ ਹੈਂ! ਕਈ ਵਾਰ ਤੂੰ ਆਉਂਦੀ ਹੈਂ ਇੱਕ ਸਧਾਰਣ ਦੋਸਤ ਵਾਂਗ ਹਾਲ-ਚਾਲ ਪੁੱਛਿਆ ਤੇ ਚਲੀ ਗਈ! ਪਰ ਕਈ ਵਾਰ ਤੂੰ ਆਉਂਦੀ ਹੈਂ ਛੇੜ ਜਾਂਦੀ ਹੈਂ ਇੱਕ ਝਰਨਾਹਟ ਜੀਅ ਕਰਦਾ ਤੈਨੂੰ ਆਗੋਸ਼ ਵਿੱਚ ਲੈ ਲਵਾਂ ਘੁੱਟ-ਘੁੱਟ ਜੱਫੀਆਂ ਪਾਵਾਂ ਪਿਆਰ ਕਰਾਂ ਤੇ ਸਹਿਲਾਵਾਂ! ਮੈਨੂੰ ਜਾਪਦਾ ਤੂੰ ਮੈਨੂੰ ਤੰਗ ਕਰਦੀ ਹੈਂ ਪਰ ਇਸ ਵਿੱਚੋਂ ਮੈਨੂੰ ਆਨੰਦ ਮਿਲਦਾ ਤੇ ਮੈਂ ਸੋਚਦਾਂ ਜਿਵੇਂ ਤੂੰ ਮੇਰੀਆਂ ਬਾਂਹਾਂ ਵਿੱਚ ਹੋਵੇਂ ਸ਼ਾਂਤ ਤੇ ਸਕੂਨ ਵਿੱਚ ਤੇ ਮੈਂ ਇੱਕ ਸੁਰ ਤੇ ਇੱਕ ਸਾਹ ਹੋਵਾਂ ਤੇਰੇ ਨਾਲ ਵਾਹ! ਮੇਰੀ ਕਵਿਤਾ ਤੈਨੂੰ ਮੇਰਾ ਰੱਜਵਾਂ ਪਿਆਰ!

ਤੂੰ ਧੰਨ ਹੈਂ

ਮਾਂ ਮਖ਼ਮਲੀ ਗੋਦ ਦਾ ਨਿੱਘ, ਪੂਜਾ, ਸ਼ਰਧਾ ਤੇ ਸਤਿਕਾਰ, ਸਜਦਾ ਮੇਰੀ ਸਿਰਜਣਹਾਰ! ਭੈਣ ਡੂੰਘੇਰੀ ਸਾਂਝ ਸੱਚੀ, ਰੱਜ-ਰੱਜ ਕਰਦੀ ਰੱਜਵਾਂ ਪਿਆਰ, ਸੁਖੀ ਵੱਸੇਂ, ਮੇਹਰ ਕਰੇ ਕਰਤਾਰ! ਪਤਨੀ ਦੁੱਖ-ਸੁੱਖ ਦੀ ਸਦਾ ਬਣ ਸਾਥੀ, ਸਦਾ ਹੁੰਦੀ ਵਸਦੇ ਘਰ ਦਾ ਸ਼ਿੰਗਾਰ, ਉਮਰ ਭਰ ਲਈ ਹਾਂ ਤੇਰਾ ਕਰਜ਼ਦਾਰ! ਧੀ ਤਾਂ ਨਿਰਾ ਹੀ ਧਰਮ ਦਾ ਰੂਪ ਹੁੰਦੀ, ਧੀ ਨਹੀਂ ਤਾਂ ਕਾਹਦਾ ਘਰ-ਬਾਰ, ਲਾਡੋ ਮੇਰੀ ਲਿਆਈ ਘਰ ਵਿੱਚ ਬਹਾਰ! ਨੂੰਹ ਬਣ ਕੇ ਹੈ ਆਉਂਦੀ ਵਾਰਿਸ ਘਰ ਦੀ, ਘਰ ਖੁਸ਼ੀਆਂ ਨਾਲ ਹੋ ਜਾਂਦਾ ਸਰਸ਼ਾਰ, ਤੈਨੂੰ ਮਿਲਦਾ ਰਹੇ ਪਿਆਰ ਤੇ ਦੁਲਾਰ! ਤੁਹਾਡੇ ਨਾਲ ਹੀ ਸੋਭਦਾ ਪਰਿਵਾਰ! ਤੁਹਾਨੂੰ ਸਭ ਨੂੰ ਦਿਲੀ ਨਮਸਕਾਰ!

ਦੋਸਤ

ਤੁਹਾਡੀ ਚੁੱਪ ਦੇ ਸ਼ਬਦਾਂ ਨੂੰ ਅਨੁਵਾਦ ਕਰਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੀ ਤਕਲੀਫ ਦੀ ਮਰਹਮ ਕਰ ਦੇਵੇ! ਤੇ ਤੁਹਾਡੀ ਚੁੱਪ ਸ਼ਾਂਤ ਹੋ ਕੇ ਅਰਾਮ ਦੀ ਆਗੋਸ਼ ਵਿੱਚ ਬੈਠ ਜਾਵੇ! ਸ਼ਾਂਤ ਚਿੱਤ!

ਮੇਰੇ ਮਿੱਤਰ ਪੰਛੀ

ਮੇਰੇ ਮਿੱਤਰ ਪੰਛੀ ਬਿਨ ਨਾਗੇ ਤੋਂ ਆਉਂਦੇ ਨੇ, ਆ ਕੇ ਪੁੱਛਦੇ ਹਾਲ ਮੇਰਾ ਤੇ ਆਪਣਾ ਹਾਲ ਸੁਣਾਂਉਦੇ ਨੇ। ਦੋ ਗਰਾਹੀਆਂ ਆਪਣੀ ਵਿੱਚੋਂ ਜਦ ਉਹਨਾਂ ਨੂੰ ਪਾਉਂਦਾ ਹਾਂ, ਸ਼ੁਕਰਾਨੇ ਦੇ ਨਾਲ ਭਰੇ ਉਹ ਅੱਖ ਨਾਲ ਅੱਖ ਮਿਲਾਉਂਦੇ ਨੇ। ਪੱਕੇ ਆਪਣੇ ਵਾਅਦੇ ਦੇ ਤੇ ਪਾਬੰਦ ਪੂਰੇ ਸਮੇਂ ਦੇ ਉਹ, ਮੈਂ ਲੇਟ ਕਦੇ ਜੇ ਹੋ ਜਾਵਾਂ ਉਹ ਉੱਥੇ ਈ ਗੇੜੀਆਂ ਲਾਉਂਦੇ ਨੇ। ਕੋਈ ਵੱਡੀ ਆਸ ਨੀ ਉਹਨਾਂ ਦੀ ਉਹ ਰੱਜੀ ਰੂਹ ਦੇ ਮਾਲਕ ਨੇ, ਉਹ ਦੋ ਚਾਰ ਦਾਣੇ ਚੁਗਦੇ ਨੇ ਤੇ ਘਰ ਆਪਣੇ ਉੱਡ ਜਾਂਦੇ ਨੇ। ਰਹਿਣ ਸਲਾਮਤ ਘਰ ਆਪਣੇ ਉਹ ਮੈਂ ਇਹ ਅਰਦਾਸ ਹੀ ਕਰਦਾ ਹਾਂ, ਉਹ ਦਿਲੋਂ ਮੁਹੱਬਤ ਕਰਦੇ ਨੇ ਤੇ ਦਿਲ ਮੇਰੇ ਨੂੰ ਭਾਉਂਦੇ ਨੇ।

ਤੇਰੇ ਨਾਲ...

ਤੇਰੇ ਨਾਲ। ਵਸਲ ਵਸਾਲ। ਅੰਦਰ ਜਾਹ, ਅੰਦਰੋਂ ਭਾਲ। ਕਰਦਾ ਰਹਿ, ਸੱਚੀ ਘਾਲਿ। ਦੀਨ ਦੁਖੀ ਦੀ, ਬਣ ਜਾਹ ਢਾਲ। ਆ ਕੇ ਮਿਲ ਜਾ, ਪੁੱਛ ਜਾਹ ਹਾਲ। ਸਾਰੇ ਸੁੱਖ ਨੇ, ਤੇਰੇ ਨਾਲ।

ਸੋਚ ਤੇ ਸ਼ੁਕਰਾਨਾ

(ਪੋਤਰੀ ਇਲਾਹੀ ਦੀ ਇੱਕ ਫੋਟੋ ਨੂੰ ਦੇਖ ਕੇ) ਨਿੱਕੀਆਂ ਨਿੱਕੀਆਂ ਸੋਚਾਂ ਭਾਵੇਂ, ਸੁਪਨੇ ਵੱਡੇ ਅੰਦਰ। ਚਮਕ ਅੱਖਾਂ ਦੀ ਦੱਸਦੀ ਪਈ ਹੈ, ਮਨ 'ਚ ਸੱਚਾ ਮੰਦਰ। ਇੱਕ ਦੁਨੀਆਂ 'ਚੋਂ ਦੂਜੀ ਆ ਕੇ, ਕੀ ਮੈਂ ਅੰਤਰ ਪਾਇਆ। ਪਹਿਲੀ ਅੰਦਰ ਸਹਿਜ-ਸ਼ਾਂਤੀ, ਇਸ ਨੂੰ ਅਜੇ ਸਮਝ ਨਾ ਪਾਇਆ। ਮਾਪਿਆਂ ਨਾਮ ਇਲਾਹੀ ਦਿੱਤਾ, ਮੰਨ ਖੁਸ਼ੀਆਂ ਦਾ ਸਰਮਾਇਆ। ਆਮਦ ਤੇ ਚਾਅ ਰੱਜਵੇਂ ਕੀਤੇ, ਧੀ ਦਾ ਮਾਣ ਵਧਾਇਆ। ਪਿਆਰ ਦੀ ਬਾਰਿਸ਼ ਚਾਰੇ ਪਾਸੇ, ਬੁੱਕਲ ਦੇ ਵਿੱਚ ਰੱਖਦੇ। ਲਾਡ-ਲਡਾਉਂਦੇ ਹਰ ਵੇਲੇ ਸਭ, ਮੋਹ ਕਰਨੋ ਨੀ ਥੱਕਦੇ। ਏਨੇ ਪਿਆਰੇ ਕੌਣ ਨੇ ਇਹ, ਮੈਂ ਇਹ ਵੀ ਪਈ ਸੋਚਾਂ। ਛੇਤੀ ਛੇਤੀ ਵੱਡੀ ਹੋ ਕੇ, ਸਭ ਨੂੰ ਮਿਲਣਾ ਲੋਚਾਂ। ਮੈਨੂੰ ਇਹ ਸੰਸਾਰ ਦਿਖਾਇਆ, ਨਾਲ ਤੁਸੀਂ ਹੈ ਚਾਵਾਂ। ਸੋਚਾਂ ਅੰਦਰ ਲੀਨ ਹੋ ਗਈ, ਉਸਦਾ ਸ਼ੁਕਰ ਮਨਾਵਾਂ।

ਤੂੰ ਮਹਾਨ ਹੈ!

ਮਾਂ ਮੰਦਰ ਵੱਸੇ ਜਿਸਦੇ ਰੱਬ ਅੰਦਰ। ਧੀ ਧਰਮ ਜਿਸ ਘਰ ਚੰਗੇ ਕਰਮ। ਭੈਣ ਪਿਆਰ ਦੁੱਖ ਸੁੱਖ ਜਾਵੇ ਵਾਰ। ਘਰੇ ਨਾਰ ਸੁੱਖ ਮਿਲਦੇ ਬੇੜਾ ਪਾਰ। ਜਿੰਨਾ ਹੋਵੇ ਓਨਾ ਘੱਟ ਤੇਰਾ ਸਤਿਕਾਰ।

ਕੁੰਜੀ ਵਾਲਾ ਕਲੰਦਰ

ਮੰਦਰ ਅੰਦਰ ਪਰ ਕੁੰਜੀ ਰੱਖੀ ਬੈਠਾ ਕਲੰਦਰ! ਸੌਖਾ ਨਹੀਂ ਰਾਹ ਜਾਣ ਦਾ ਅੰਦਰ! ਜੁੜਨਾ ਪੈਣਾ ਪ੍ਰੇਮ ਸੱਚ ਤੇ ਸ਼ਰਧਾ ਨਾਲ! ਸ਼ਾਇਦ ਖੋਲ੍ਹ ਦੇਵੇ ਕੁੰਜੀਵਾਲਾ ਕਲੰਦਰ ਮੰਦਰ ਜਿਹੜਾ ਅੰਦਰ!

ਵਾਹ! ਇਉਂ ਵੀ ਹੁੰਦੈ!

ਉਸ ਪੁੱਛਿਆ ਤੂੰ ਕੌਣ? ਮੈਂ ਕਿਹਾ ਤੇਰਾ ਬਹੁਤ ਧੰਨਵਾਦ ਛੇਤੀ ਹੀ ਪੁੱਛ ਲਿਐ! ਕਿਤੇ ਸਾਰੀ ਉਮਰ ਨਹੀਂ ਲੰਘੀ! ਉਸ ਪੁੱਛਿਆ ਆਪਾਂ ਜਾਣਦੇ ਹਾਂ? ਮੈਂ ਕਿਹਾ ਤੇਰਾ ਬਹੁਤ ਸ਼ੁਕਰਾਨਾ! ਮੈਂ ਤਾਂ ਜਾਣਦਾ ਹਾਂ ਤੈਨੂੰ ਜਾਣਨ ਦੀ ਲੋੜ ਕੀ ਹੈ? ਮੈਂ ਵੈਸੇ ਹੈਰਾਨ ਨਹੀਂ ਸੀ ਤੇ ਨਾ ਹੀ ਪਰੇਸ਼ਾਨ! ਇਹ ਕੋਈ ਨਵੀਂ ਗੱਲ ਵੀ ਨਹੀਂ ਉਸ ਲਈ! ਉਸਦੀ ਫਿਤਰਤ ਹੀ ਇਹ ਹੈ! ਚੱਲ ਸੁਣ ਫੇਰ! ਮੈਂ ਵੀ ਹੁਣ ਤੈਨੂੰ ਨਹੀਂ ਜਾਣਦਾ ਤੇ ਨਾ ਹੀ ਮੈਨੂੰ ਇਹ ਪਤਾ ਹੈ ਕਿ ਤੂੰ ਕੌਣ!

ਸਮਾਜਿਕ ਦੂਰੀ

ਰਿਸ਼ਤੇ ਪਹਿਲਾਂ ਹੀ ਤਿੜਕ ਰਹੇ ਸਨ ਤੇ ਹੁਣ ਸਮਾਜਿਕ ਦੂਰੀ? ਪਹਿਲਾਂ ਕਿਹੜਾ ਨੇੜੇ ਸੀ? ਸਵਾਰਥਾਂ ਕਾਰਨ ਜੁੜੇ ਹੋਏ ਸਾਂ ਮਨ ਤਾਂ ਦੂਰ ਹੀ ਸਨ! ਵਾਹ! ਦੂਰੀਆਂ ਪਹਿਲਾਂ ਮਹਿਸੂਸਦੇ ਹੀ ਹੁੰਦੇ ਸੀ ਹੁਣ ਤਾਂ ਸਰਕਾਰੀ ਆਦੇਸ਼ਾਂ ਦਾ ਹਿੱਸਾ ਬਣ ਗਈ ਹੈ ਸਮਾਜਿਕ ਦੂਰੀ! ਕਾਨੂੰਨੀ ਵੈਧਤਾ! ਇੱਕ ਦੂਜੇ ਦੇ ਨੇੜੇ ਨਹੀਂ ਜਾਣਾ! ਨੇੜੇ ਹੈ ਕਦੋਂ ਸੀ? ਕੰਮ ਕੱਢਦੇ ਕਢਾਉਂਦੇ ਤੁਰੇ ਫਿਰਦੇ ਸੀ! ਮਾਰੇ ਹੋਏ ਗਰਜਾਂ ਦੇ! ਜਾਂ ਰੋਟੀ ਪਾਣੀ ਲਈ ਪੂਰੇ ਕੀਤੇ ਜਾ ਰਹੇ ਫਰਜ਼ਾਂ ਦੇ! ਵੈਸੇ ਸਮਾਜ ਮਿਲਣ ਤੇ ਜੁੜਣ ਦਾ ਹੀ ਨਾਮ ਸੀ ਤੇ ਜਦ ਸਮਾਜਿਕ ਦੂਰੀ ਬਣ ਗਈ ਫਿਰ ਸਮਾਜ ਕਿੱਥੇ ਰਹਿ ਗਿਆ? ਕੀ ਸਮਾਜ ਹੁੰਦਾ ਹੈ ਜਾਂ ਸੀ? ਛੱਡੋ ਪਰ੍ਹਾਂ! ਇਹ ਵੀ ਕੋਈ ਵਿਚਾਰਨ ਵਾਲੀ ਗੱਲ ਹੈ!

ਮੈਂ ਵੀ ਸਵਾਰਥੀ

ਮੈਂ ਵੀ ਸਵਾਰਥੀ ਤੇ ਸਵਾਰਥੀ ਤੁਸੀਂ ਵੀ! ਫਿਰ ਇਹ ਪਿਆਰ, ਰਿਸ਼ਤੇ ਤੇ ਸਹਿਚਾਰ? ਇਹ ਜਜ਼ਬਾਤ, ਇਹ ਦਿਲ, ਇਹ ਰੂਹ? ਮੂਰਖ ਹੋ ਗਿਆ? ਹੁਕਮਾਂ ਦੀ ਪਾਲਣਾ ਕਰ ਸਮਾਜਿਕ ਦੂਰੀ ਬਣਾ ਕੇ ਰੱਖ! ਘਰ ਵਿੱਚ, ਪਰਿਵਾਰ ਵਿੱਚ ਤੇ ਸਾਰੇ ਸੰਸਾਰ ਵਿੱਚ! ਇਕਾਂਤਵਾਸ ਵਿੱਚ ਜਾਹ ਜਾਂ ਇਕਲਾਪੇ ਵਿੱਚ ਕੱਟ ਵਕਤ ਜਿਵੇਂ ਕੱਟਿਆ ਜਾਂਦਾ ਬਹੁਤਾ ਦਿਲ ਦੇ ਸੋਹਲੇ ਨਾ ਗਾ! ਚੁੱਪ ਹੋ ਜਾ ਤੇ ਦੂਰੀ ਬਣਾ! ਤੇ ਹੁਣ ਹੋਰ ਨਹੀਂ ਕੋਈ ਰਾਹ ਆਪਣਾ, ਬੇਗਾਨਾ, ਪਿਆਰਾ, ਦੁਪਿਆਰਾ ਸਭ ਸ਼ਬਦ ਨੇ ਇਹਨਾਂ ਵਿੱਚ ਨਾ ਜਾਹ ਚੱਲ! ਬੰਦਾ ਬਣ ਤੇ ਸਮਾਜਿਕ ਦੂਰੀ ਬਣਾ! ਜੋ ਜੀਅ ਵਿੱਚ ਆਉਂਦਾ ਕਰੀ ਜਾਹ ਸੌਖਾ ਰਹੇਂਗਾ ਦੂਰੀ ਬਣਾ ਬਹੁਤਾ ਦਿਲ ਨਾ ਲਾ ਤੇ ਨਾ ਹੀ ਦਿਲ ਨੂੰ ਲਾ! ਦੂਰੀ ਬਣਾ!

ਨਹੀਂ ਲੋੜੀਂਦਾ ਤੇਰਾ ਉਪਚਾਰ...

ਅਜਿਹੀ ਵੀ ਹਾਲਤ ਹੁੰਦੀ ਹੈ ਕਈ ਵਾਰ ਆਪਣੇ ਨਾਲ ਹੀ ਗੱਲ ਕਰਨ ਨੂੰ ਆਪਣਾ ਹੀ ਮਨ ਨਹੀਂ ਹੁੰਦਾ ਤਿਆਰ! ਕੀ ਗੱਲ ਜਨਾਬ, ਕੋਈ ਸਮੱਸਿਆ ਹੈ? ਜਾਂ ਬੇਵਜ੍ਹਾ ਹੀ ਹੋ ਬਿਮਾਰ? ਬੱਸ ਕਰ ਯਾਰ! ਚੁੱਪ ਹੋ ਜਾ ਨਹੀਂ ਲੋੜੀਂਦਾ ਮੈਨੂੰ ਤੇਰਾ ਉਪਚਾਰ! ਹੈਂ? ਸਭ ਪਾਸੇ ਇੱਕੋ ਗੱਲ ਕੋਈ ਫਰਕ ਨਹੀਂ ਜਾਹ ਏਸ ਪਾਰ ਤੇ ਭਾਵੇਂ ਓਸ ਪਾਰ! ਹੋ ਰਿਹਾ ਤਕਰਾਰ ਖ਼ੁਦ ਦੇ ਨਾਲ ਆਪਣੇ ਤੋਂ ਹੀ ਉੱਠ ਰਿਹੈ ਆਪਣਾ ਹੀ ਇਤਬਾਰ! ਕਾਹਦਾ ਤੇਰਾ ਭਰੋਸਾ ਯਾਰ! ਕਾਹਦਾ ਪਿਆਰ? ਮਨ ਆਪਣੇ ਨਾਲ ਹੀ ਨਹੀਂ ਗੱਲ ਨੂੰ ਤਿਆਰ! ਤੂੰ ਕਰ ਆਪਣੀ ਮੌਜ ਬਹਾਰ! ਮੈਂ ਜਿਵੇਂ ਹਾਂ ਮੈਨੂੰ ਰਹਿਣ ਦੇ ਯਾਰ! ਨਹੀਂ ਲੋੜੀਂਦਾ ਤੇਰਾ ਉਪਚਾਰ!

ਕੁਆਰਨਟਾਈਨ

ਆਪਣੇ ਆਪ ਨੂੰ ਕੁਆਰਨਟਾਈਨ ਕਰ ਲਵੋ ਫਜ਼ੂਲ ਸੋਚਾਂ ਤੋਂ ਫਜ਼ੂਲ ਲੋਕਾਂ ਤੋਂ ਫਜ਼ੂਲ ਗੱਲਾਂ ਤੋਂ ਫਜ਼ੂਲ ਮੱਲਾਂ ਤੋਂ ਫਜ਼ੂਲ ਲੋੜਾਂ ਤੋਂ ਫਜ਼ੂਲ ਹੋੜਾਂ ਤੋਂ! ਯਕੀਨਨ ਬੰਦਾ ਮੁਕਤ ਰਹਿੰਦੈ ਮਾਨਸਿਕ ਪੀੜਾ ਦੇਣ ਵਾਲੇ ਸਦੀਵੀ ਕਰੋਨਾ ਤੋਂ!

ਘਰ-ਹਾਸਾ-ਹੁਣ

ਵਾਹ! ਕਿੰਨਾ ਸੁੰਦਰ ਘਰ! ਸੋਹਣੀ ਇਮਾਰਤ ਕਿਧਰੇ ਡਰਾਇੰਗ ਰੂਮ ਕਿਧਰੇ ਡਾਇਨਿੰਗ ਤੇ ਖੁੱਲ੍ਹੀ-ਡੁੱਲ੍ਹੀ ਲਾਬੀ ਭਰਵਾਂ ਸਾਜੋ-ਸਮਾਨ ਦਿਲਕਸ਼ ਸਜਾਵਟੀ ਵਸਤਾਂ ਪੂਰੀ ਚਮਕ-ਦਮਕ ਖਾਣ-ਪੀਣ ਦਾ ਅਥਾਹ ਭੰਡਾਰ ਸੋਹਣੇ ਫੁੱਲ-ਬੂਟੇ ਤੇ ਹੋਰ ਵੀ ਬਹੁਤ ਕੁਝ! ਘਰ ਦੇ ਬੰਦੇ ਚੁੱਪ-ਚੁੱਪ ਨੇ ਬੋਲਦੇ ਹੀ ਨਹੀਂ ਜਿਵੇਂ ਰੁੱਸੇ ਹੋਏ ਹੋਣ ਉਦਾਸ ਬੈਠੇ ਨੇ ਏਨੇ ਸਮਾਨ ਤੇ ਏਨੇ ਸੋਹਣੇ ਘਰ ਦੇ ਹੁੰਦੇ ਹੋਏ? ਸ਼ਾਇਦ ਸਮਾਨ ਦੇ ਭਾਰ ਥੱਲੇ ਦਬੇ ਹੋਏ! ਅੱਜ-ਕੱਲ੍ਹ ਅਜਿਹੇ ਘਰ ਬਹੁਤ ਹੋ ਗਏ ਨੇ! ਬਹੁਤ ਯਾਦ ਆ ਰਿਹਾ ਪਿੰਡ ਵਾਲਾ ਕੱਚਾ ਕੋਠੜਾ ਜਿੱਥੇ ਕੁਝ ਨਾ ਹੁੰਦੇ ਹੋਏ ਵੀ ਠਹਾਕੇ ਮਾਰ ਮਾਰ ਹੱਸਦਾ ਸੀ ਟੱਬਰ ਦਾ ਹਰ ਜੀਅ ਬਿਨਾਂ ਗੱਲ ਤੋਂ! ਪਤਾ ਨਹੀਂ ਅਜਿਹਾ ਕੀ ਸੀ ਉਦੋਂ ਜੋ ਅੱਜ ਗੁਆਚ ਗਿਆ ਹੈ ਸਾਰੇ ਸਾਜੋ-ਸਮਾਨ ਵਿੱਚ! ਭਾਰ ਵਿੱਚ ਉਦਾਸੀ ਹੈ!

ਕੀ?

ਪੱਥਰ ਬੰਦਾ! ਬੰਦਾ ਪੱਥਰ! ਆਖਰ ਕਿਉਂ? ਤੂੰ ਸੋਚ! ਮੈਂ? ਹੋ ਗਿਆ! ਕਿਉਂ? ਪਤਾ ਨਹੀਂ! ਤੂੰ ਸੋਚ! ਛੱਡ ਪਰ੍ਹਾਂ! ਠੀਕ ਹਾਂ! ਹੁਣ ਠੋਹਕਰ ਨਾਲ ਤਕਲੀਫ ਤਾਂ ਨਹੀਂ ਹੋਵੇਗੀ! ਨਾ ਦਰਦ ਨਾ ਸੋਚ ਨਾ ਜਜ਼ਬਾਤ ਵਧੀਆ ਜੋ ਹਾਂ ਤੂੰ ਮੌਜ ਕਰ!

ਸੱਜਣ ਸੁਹੇਲਾ

ਵਿੱਚ ਉਦਾਸੀ ਬੰਦਾ ਲੋਚੇ ਸੱਜਣ ਕੋਈ ਸੁਹੇਲਾ! ਸਿਰ ਰੱਖ ਕੇ ਆਗੋਸ਼ ਓਸਦੀ ਬੰਦਾ ਹੋ ਜੇ ਹੌਲ਼ਾ! ਦੁੱਖ-ਸੁੱਖ ਸਾਰੇ ਦੱਸ ਓਸ ਨੂੰ ਵਿੱਚ ਕਲਾਵੇ ਆਵੇ! ਭਰਿਆ ਪੀਤਾ ਹੋਵੇ ਜੇਕਰ ਖਾਲੀ ਉਹ ਹੋ ਜਾਵੇ! ਸੱਜਣ ਐਸਾ ਜੇ ਮਿਲ ਜਾਵੇ ਇਸ ਦੁਨੀਆ ਅੰਦਰ ਫੇਰ ਹੋਰ ਕੋਈ ਕੀ ਚਾਹਵੇ!

ਰਿਪ

ਅੱਜ ਕੱਲ੍ਹ ਬਹੁਤ ਦਿਖਾਈ ਦਿੰਦਾ ਸੋਸ਼ਲ ਮੀਡੀਆ ਤੇ ਰਿਪ! ਰਿਪ ਭਾਵ 'ਰੈਸਟ ਇਨ ਪੀਸ'! ਕਿਸੇ ਮਿੱਤਰ ਪਿਆਰੇ ਦੇ ਜਾਂ ਕਿਸੇ ਭੈਣ-ਭਾਈ ਦੇ ਕੋਈ ਭਾਣਾ ਵਰਤ ਜਾਂਦਾ ਕੋਈ ਆਪਣਾ ਪਿਆਰਾ ਛੱਡ ਜਾਂਦਾ ਤਾਂ ਉਸ ਦੇ ਕੋਲ ਦੁੱਖ ਵਿੱਚ ਦਿਲਾਸਾ ਦੇਣ ਲਈ ਉਸ ਦਾ ਹੌਸਲਾ ਵਧਾਉਣ ਲਈ ਉਸ ਨੂੰ ਢਾਰਸ ਦੇਣ ਲਈ ਮਿੱਤਰ ਪਿਆਰੇ, ਸੱਜਣ ਬੇਲੀ ਤੇ ਭੈਣ ਭਰਾ ਝੱਟ ਘਰ ਪਹੁੰਚ ਜਾਂਦੇ! ਗੱਲਾਂ ਬਾਤਾਂ ਕਰਦੇ ਤੁਰ ਗਏ ਨੂੰ ਯਾਦ ਕਰਦੇ ਸਮਾਂ ਬਿਤਾਉਂਦੇ ਤੇ ਦੁੱਖ ਨੂੰ ਭੁਲਾਉਂਦੇ! ਪਰ ਹੁਣ ਸਮਾਂ ਕਿੱਥੇ? ਬੰਦਾ ਤੁਰ ਗਏ ਦੀ ਸੂਚਨਾ ਪਾਉਂਦਾ ਤਾਂ ਰੁੱਝੇ ਲੋਕਾਂ ਨੇ ਢਾਰਸ ਦੇ ਚਾਰ ਸ਼ਬਦ ਵੀ ਬੰਦ ਕਰਤੇ ਬੱਸ ਅੱਖ ਦੇ ਝਪਕਣੇ ਵਿੱਚ ਲਿਖ ਦਿੰਦੇ ਹਨ RIP ਭਾਵ ਰੈਸਟ ਇਨ ਪੀਸ! ਸਾਡੇ ਕੋਲ ਵਿਹਲ ਨਹੀਂ ਇਸ ਤੋਂ ਜ਼ਿਆਦਾ! ਇਹ ਕੀ ਹੋ ਗਏ ਹਾਂ ਅਸੀਂ ਕਿਉਂ ਨਿਰਮੋਹੇ ਹੋ ਗਏ ਹਾਂ ਅਸੀਂ? ਵੰਡਣਾ ਵੰਡਾਉਣਾ ਛੱਡ ਦਿੱਤਾ ਦੁੱਖ-ਸੁੱਖ ਤੇ ਬੱਸ ਸਿਮਟ ਕੇ ਰਹਿ ਗਏ ਹਾਂ RIP ਤੱਕ! ਇਉਂ ਲੱਗਦੈ ਜਿਵੇਂ ਕੋਝਾ ਮਜਾਕ ਕਰ ਰਹੇ ਹੋਈਏ ਦੁੱਖ ਵਿੱਚ ਪੀੜੇ ਕਿਸੇ ਸੱਜਣ ਮਿੱਤਰ ਨਾਲ!

ਤੂੰ ਕਿਉਂ ਚਲਾ ਗਿਆ!

(ਸੁਸ਼ਾਂਤ ਸਿੰਘ ਰਾਜਪੂਤ ਨੂੰ ਸਮਰਪਿਤ) ਜਿਉਣ ਰੁੱਤੇ ਫੁੱਲਾਂ ਵਰਗੀ ਉਮਰ ਵਿੱਚ ਚਾਰ ਭੈਣਾਂ ਨੂੰ ਵਿਲਕਦਾ ਛੱਡ ਪਿਤਾ ਨੂੰ ਵਿਰਲਾਪ ਵਿੱਚ ਪਾ ਤੇ ਲੱਖਾਂ ਪ੍ਰਸ਼ੰਸਕਾਂ ਨੂੰ ਸਦਮਾ ਦੇ ਕੇ ਤੂੰ ਕਿਉਂ ਚਲਾ ਗਿਆ? ਤੂੰ ਪਵਿੱਤਰ ਰਿਸ਼ਤੇ ਨਿਭਾਉਂਦਾ ਸੀ ਦੰਗਿਆਂ ਤੇ ਦਰਦ ਜਿਤਾਉਂਦਾ ਸੀ ਕਦੇ ਧੁਨੀ ਬਣਕੇ ਆਉਂਦਾ ਸੀ ਤੇ ਜੇਤੂ ਬਾਤਾਂ ਪਾਉਂਦਾ ਸੀ! ਇਹ ਕੀ ਹੋ ਗਿਆ ਤੂੰ ਪਲ ਭਰ ਵਿੱਚ ਹੀ ਕਿਧਰੇ ਖੋ ਗਿਆ! ਉਹ ਛਿਛੋਰੇ ਤੂੰ ਖੁਦ ਆਖਦਾ ਸੀ ਜ਼ਿੰਦਗੀ ਜ਼ਿੰਦਾਦਿਲੀ ਹੈ ਚੱਲਦੇ ਰਹਿਣਾ ਹੈ ਕਦੇ ਹਾਰ ਨਾ ਬਹਿਣਾ ਹੈ ਤੇ ਖੁਦਕੁਸ਼ੀ ਸਮੱਸਿਆ ਦਾ ਹੱਲ ਨਹੀਂ ਹੁੰਦੀ! ਪਰ ਤੂੰ ਆਹ ਕੀ ਕਰ ਗਿਆ ਰਾਹ ਦਸੇਰਾ ਬਣਦਾ ਬਣਦਾ ਖ਼ੁਦ ਉਸ ਰਾਹ ਤੇ ਤੁਰ ਗਿਆ ਜਿੱਥੋਂ ਕਦੇ ਕੋਈ ਮੁੜ ਨਹੀਂ ਆਉਂਦਾ! ਇਹ ਮਾਇਆ ਨਗਰੀ ਦਾ ਜਾਲ਼ ਤੈਨੂੰ ਕਿਉਂ ਉਲਝਾ ਗਿਆ ਤੂੰ ਕਿਹੜਾ ਗ਼ਮ ਲੈ ਤੁਰ ਗਿਆ ਉਹ ਕਿਹੜਾ ਝੋਰਾ ਸੀ ਜੋ ਤੈਨੂੰ ਅੰਦਰੋ-ਅੰਦਰੀ ਖਾ ਗਿਆ! ਤੈਨੂੰ ਢੋਈ ਮਿਲੇ ਦਰਗਾਹ ਵਿੱਚ ਮੇਰੇ ਦਿਲ ਦੀ ਇਹ ਅਰਦਾਸ ਬਲ ਮਿਲੇ ਪਰਿਵਾਰ ਨੂੰ ਅਸੀਂ ਦਿੰਦੇ ਇਹ ਧਰਵਾਸ ਇਹ ਜਾਪੇ ਪਿਆ ਦੋਸਤੋ ਖੁਸ਼ੀ ਨਾ ਵਿੱਚ ਹੈਗੀ ਨਾਮ ਦੇ ਤੇ ਨਾ ਹੀ ਪੈਸੇ ਅਤੇ ਅਰਾਮ ਦੇ! ਨਾ ਉਲਝੋ ਭੱਜਾ-ਦੌੜ ਵਿੱਚ ਇਹ ਕਾਹਲੀ ਵਾਲੀ ਹੋੜ ਵਿੱਚ! ਜੇ ਚਾਹੁੰਦੇ ਹੋ ਦਿਨ ਚੈਨ ਦੇ ਉਹ ਮਿਲਣ ਨਾਲ ਸਕੂਨ ਦੇ ਸਹਿਜ, ਸਬਰ, ਸੰਤੋਖ ਦੇ! ਕੁਝ ਸਿੱਖੀਏ ਸਬਕ ਸੁਸ਼ਾਂਤ ਤੋਂ ਛੱਡ ਦਈਏ ਝੂਠੀ ਦੌੜ ਨੂੰ ਤੇ ਫੋਕੀ ਸ਼ੋਹਰਤ ਸ਼ਾਨ ਨੂੰ ਨਾ ਪਹਿਲਾਂ ਹੀ ਕੋਈ ਜਿੱਤਿਆ ਨਾ ਜਿੱਤ ਸਕਦਾ ਕੋਈ ਜਹਾਨ ਨੂੰ ਨਾ ਜਿੱਤ ਸਕਦਾ ਕੋਈ ਜਹਾਨ ਨੂੰ ।

ਸ਼ਹੀਦ ਭਗਤ ਸਿੰਘ ਨੂੰ

ਤੇਰੀ ਸਮਾਧ 'ਤੇ ਮੇਲੇ ਤਾਂ ਲੋਗ ਰਹੇ ਨੇ ਤੇ ਮੇਲਿਆਂ ਵਿੱਚ ਅਸੀਂ ਚਾਂਭੜਾਂ ਵੀ ਪਾ ਰਹੇ ਹਾਂ। ਪਰ ਸਰਦਾਰ ਭਗਤ ਸਿਆਂ ਤੂੰ ਕਿਧਰੇ ਗੁਆਚ ਗਿਆ ਹੈਂ। ਮਾਰ ਦਿੱਤੇ ਨੇ ਅਸੀਂ ਤੇਰੀ ਸੋਚ ਤੇ ਸੁਪਨੇ ਤੇ ਰਹਿ ਗਈਆਂ ਨੇ ਸਾਡੇ ਪੱਲੇ ਚੀਕਾਂ, ਕੂਕਾਂ ਤੇ ਕਿਲਕਾਰੀਆਂ! ਸਾਨੂੰ ਮੁਆਫ ਕਰੀਂ ਅਸੀਂ ਮੇਲਿਆਂ ਜੋਗੇ ਹੀ ਰਹਿ ਗਏ ਹਾਂ ਤੇਰੀ ਸੋਚ ਤੇ ਸੰਜੀਦਗੀ ਦੇ ਹਾਣ ਦੇ ਨਹੀਂ! ਮੁਆਫ ਕਰੀਂ!

ਪੱਕੇ ਕੁਆਰਨਟਾਈਨੀ

ਕਈ ਤਾਂ ਪੱਕੇ ਹੀ ਕੁਆਰਨਟਾਈਨ ਵਿੱਚ ਹੁੰਦੇ ਹਨ! ਪੂਰਨ ਰੂਪ ਵਿੱਚ ਆਈਸੋਲੇਟਿਡ! ਤਨੋਂ ਵੀ ਤੇ ਮਨੋਂ ਵੀ! ਸਵਾਰਥੀ ਤੇ ਸਵੈ-ਕੇਂਦਰਿਤ! ਨਾ ਕਿਸੇ ਨੂੰ ਮਿਲਣਾ, ਨਾ ਜਾਣਾ ਤੇ ਨਾ ਬੁਲਾਉਣਾ! ਨਾ ਕੋਈ ਸਾਂਝ ਨਾ ਸੁਨੇਹਾ! ਨਾ ਦੁੱਖ ਨੂੰ ਵੰਡਾਉਣ ਵਾਲੇ ਨਾ ਖੁਸ਼ੀ ਨੂੰ ਵਧਾਉਣ ਵਾਲੇ! ਨਿਰੇ ਖੁਸ਼ਕੀ ਦੇ ਮਾਰੇ ਹੋਏ! ਜਦ ਕਿਤੇ ਫਸ ਜਾਣ ਅੜ ਜਾਣ ਤਾਂ ਭੱਜੇ ਆਉਂਦੇ ਨੇ ਫੇਰ ਚਾਹੇ ਬਾਪੂ ਅਖਵਾ ਲਓ! ਆਪਣਾ ਕੰਮ ਕੀਤਾ ਖੂਹ ਵਿੱਚ ਜਾਵੇ ਜੀਤਾ! ਫਿਰ ਉਹੀ... ਨਿਰੇ ਅਕ੍ਰਿਤਘਣ ਤੇ ਮੋਟੀ ਚਮੜੀ ਵਾਲੇ! ਨਾ ਚਾਹੁੰਦੇ ਹੋਏ ਵੀ ਵਾਹ ਪੈਂਦਾ ਹੈ ਇਹਨਾਂ ਨਾਲ! ਕਦੇ ਜੀਵਨ ਦੇ ਇਸ ਮੋੜ ਤੇ ਕਦੇ ਉਸ ਮੋੜ ਤੇ! ਨਾ ਚਾਹੁੰਦੇ ਹੋਏ ਵੀ ਬਿਨਾਂ ਮਨ ਦੀ ਸਹਿਮਤੀ ਦੇ ਗੱਲ ਕਰਨੀ ਪੈਂਦੀ ਹੈ ਹਾਮੀ ਭਰਨੀ ਪੈਂਦੀ ਹੈ! ਕੁਝ ਵੀ ਨਹੀਂ ਕਰਿਆ ਜਾ ਸਕਦਾ! ਬੱਸ ਮਿਲਦੇ ਨੇ ਅਜਿਹੇ ਅਕਸਰ ਜੀਵਨ ਦੇ ਹਰ ਮੋੜ ਤੇ ਹਰ ਇੱਕ ਨੂੰ ਨਾ ਚਾਹੁੰਦੇ ਹੋਏ ਵੀ ਟੱਕਰ ਜਾਂਦੇ ਹਨ ਸਦਾ ਹੀ ਕੁਆਰਨਟਾਈਨ ਵਿੱਚ ਰਹਿਣ ਵਾਲੇ ਇਹ ਆਈਸੋਲੇਟਿਡ ਬੰਦੇ ਜਿਹੜੇ ਕਦੇ ਕਿਸੇ ਦੇ ਨਹੀਂ ਹੁੰਦੇ ਸ਼ਾਇਦ ਆਪਣੇ ਵੀ ਨਹੀਂ!

ਕੋਰੋਨਾ ਤੋਂ ਬਚਾਅ

ਘਰ ਦੇ ਅੰਦਰ ਰਹਿਣਾ ਹੈ ਸਭ ਦਾ ਏਹੋ ਕਹਿਣਾ ਹੈ। ਸੜਕਾਂ ਤੇ ਜੇ ਜਾਵੋਂਗੇ! ਲੈ ਕੋਰੋਨਾ ਆਵੋਂਗੇ! ਬਾਹਰ ਜੇਕਰ ਜਾਣਾ ਹੈ, ਮਾਸਕ ਪੱਕਾ ਪਾਉਣਾ ਹੈ। ਨੇੜੇ ਹਰਗਿਜ਼ ਜਾਣਾ ਨਹੀਂ, ਦੂਰੋਂ ਫਤਹਿ ਬੁਲਾਉਣਾ ਹੈ। ਘਰ ਦੇ ਅੰਦਰ ਵਾਪਿਸ ਆਕੇ, ਸੈਨੇਟਾਈਜਡ ਹੱਥ ਬਣਾ ਕੇ। ਚੰਗਾ ਭੋਜਨ ਖਾਣਾ ਹੈ, ਤਾਕਤ ਨੂੰ ਵਧਾਉਣਾ ਹੈ। ਮਾਸਕ ਰੋਜ਼ ਧਵਾਉਣਾ ਹੈ, ਫਿਰ ਅਗਲੇ ਦਿਨ ਵੀ ਪਾਉਣਾ ਹੈ। ਨਿਯਮਾਂ ਨੂੰ ਅਪਣਾਉਣਾ ਹੈ ਆਪਣਾ ਫਰਜ਼ ਨਿਭਾਉਣਾ ਹੈ। ਚੜ੍ਹਦੀ ਕਲਾ 'ਚ ਰਹਿਣਾ ਹੈ ਏਹੋ ਸਾਡਾ ਕਹਿਣਾ ਹੈ ਡਰਨ ਦੀ ਬਿਲਕੁਲ ਲੋੜ ਨਹੀਂ ਸਤਰਕ ਹਮੇਸ਼ਾ ਰਹਿਣਾ ਹੈ।

ਰੁਕ ਗਿਆ ਸੰਸਾਰ!

ਜੀਵ ਨਿਮਖ ਮਾਤਰ ਤੇ ਏਡਾ ਵੱਡਾ ਸੰਸਾਰ! ਕਿਵੇਂ ਤਰਲੇ ਰਿਹਾ ਮਾਰ! ਭੰਨ ਦਿੱਤਾ ਵੱਡੇ-ਵੱਡਿਆਂ ਦਾ ਹੰਕਾਰ! ਚਾਰੇ ਪਾਸੇ ਹਾਹਾਕਾਰ! ਹੇ ਪਰਵਦਿਗਾਰ! ਏਹ ਕੇਹੀ ਕਲਾ ਓ ਕਲਾਕਾਰ! ਤੇਰੀ ਨਿੱਕੀ ਜਿਹੀ ਕਿਰਤ ਨੇ ਰੋਕ ਦਿੱਤਾ ਸਾਰਾ ਸੰਸਾਰ! ਵਾਹ! ਕਾਦਰ ਯਾਰ! ਅਸੀਂ ਗਏ ਹਾਂ ਹਾਰ! ਤੂੰ ਹੀ ਡੁੱਬਦੀ ਬੇੜੀ ਤਾਰ! ਤੂੰ ਹੀ ਡੁੱਬਦੀ ਬੇੜੀ ਤਾਰ!

ਮਾਂ

ਮਾਂ-ਠੰਢੀ ਮਿੱਠੀ ਛਾਂ! ਮਾਂ-ਮੁਹੱਬਤ ਦਾ ਅਮੁੱਕ ਚਸ਼ਮਾਂ! ਮਾਂ-ਕਾਦਰ ਦੀ ਅਪਾਰ ਕਿਰਪਾ! ਮਾਂ-ਤੇਜੱਸਵੀ ਨਿੱਘ! ਮਾਂ-ਮਖ਼ਮਲੀ ਗੋਦ ਦਾ ਸਦੀਵੀ ਧਰਵਾਸ! ਮਾਂ-ਨੂਰ ਇਲਾਹੀ! ਮਾਂ-ਹਰ ਪਲ, ਹਰ ਘੜੀ ਦਾ ਸੱਚਾ ਸਾਥ! ਮਾਂ-ਬੱਸ ਮਾਂ-ਨਹੀਂ ਇਸਦਾ ਕੋਈ ਹੋਰ ਬਦਲ! ਮਾਂ-ਮੇਰੀ ਮਾਂ!

ਆਪਣਾ-ਪਰਾਇਆ

ਆਪਣਾ ਪਰਾਇਆ। ਪਰਾਇਆ, ਆਪਣਾ। ਘਾਚਾ-ਮਾਚਾ। ਆਪਣਾ ਕੌਣ, ਕੌਣ ਪਰਾਇਆ। ਅਜੇ ਤਾਂਈਾ ਕੁਝ ਸਮਝ ਨਾ ਆਇਆ। ਸਾਰਾ ਆਪਣਾ, ਸਭ ਪਰਾਇਆ। ਛੱਡ ਮਨਾਂ, ਬੈਠਾ ਰਹਿ ਕਾਹਤੋਂ ਵਾਧੂ ਰੌਲ਼ਾ ਪਾਇਆ। ਕੁਝ ਨੀ ਆਪਣਾ ਨਾ ਕੁਝ ਪਰਾਇਆ। ਛੱਡ ਗਿਆ ਹੈ ਜੋ ਵੀ ਆਇਆ। ਕਿਸੇ ਨੇ ਪੱਕਾ ਘਰ ਨੀ ਪਾਇਆ। ਕੁਝ ਨੀ ਆਪਣਾ ਸਭ ਪਰਾਇਆ।

ਅਜਿਹਾ ਵੀ...

ਮੇਰੀ ਅੱਤ ਦਰਜੇ ਦੀ ਸ਼ਰਧਾ ਸੀ, ਉਹ ਆਖਣ ਮੇਰਾ ਸਰਦਾ ਨਹੀਂ। ਇਉਂ ਸ਼ਿੱਦਤ ਮੇਰੀ ਰੋਲ਼ ਦਿੱਤੀ, ਮੈਂ ਫਿਰ ਵੀ ਪਿੱਛੇ ਹਟਦਾ ਨਹੀਂ। ਕੋਈ ਆਖੇ ਮੈਨੂੰ ਸਮਝ ਨਹੀਂ ਕੋਈ ਕਹਿੰਦਾ ਮੈਂ ਤਾਂ ਝੱਲਾ ਹਾਂ। ਇਹ ਤਾਂ ਤੇਰੀ ਕਿਰਪਾ ਹੈ, ਜੇ ਸੱਚ-ਮੁੱਚ ਹੀ ਮੈਂ ਝੱਲਾ ਹਾਂ। ਮੈਂ ਪੱਲੇ ਕੁਝ ਵੀ ਰੱਖਿਆ ਨਹੀਂ, ਮੈਂ ਸਭ ਕੁਝ ਉਸ ਤੋਂ ਵਾਰ ਦਿੱਤਾ। ਉਸ ਕੀਤੀ ਕਿਰਪਾ ਮੇਰੇ ਤੇ, ਮੈਨੂੰ ਮਨ ਦੇ ਵਿੱਚੋਂ ਵਿਸਾਰ ਦਿੱਤਾ। ਮੈਂ ਖ਼ੁਦ ਹੀ ਜ਼ਿੰਮੇਵਾਰ ਰਿਹਾਂ, ਮੈਂ ਦੋਸ਼ ਕਿਸੇ ਤੇ ਮੜ੍ਹਨਾ ਨਹੀਂ। ਮੈਂ ਤਕੜਾ ਹੋ ਕੇ ਝੱਲਾਂਗਾ ਮੈਂ ਨਾਲ ਕਿਸੇ ਦੇ ਲੜਨਾ ਨਹੀਂ।

ਚੁੱਪ

ਜਾਹ ਮੌਜ ਮਨਾਅ! ਜੋ ਮਰਜ਼ੀ ਕਰ ਤੈਨੂੰ ਹੁਣ ਕੁਝ ਨਹੀਂ ਕਹਿਣਾ! ਬੱਸ ਹੁਣ ਚੁੱਪ ਹੀ ਰਹਿਣਾ! ਸਿਰਫ ਚੁੱਪ! ਇੱਕ ਚੁੱਪ ਤੇ ਸੌ ਸੁੱਖ!

ਉਹ...

ਤੁਰਿਆ ਜਾਹ ਮਿਲੂ ਪੱਕਾ ਉਸਦਾ ਰਾਹ | ਸ਼ਰਧਾ ਰੱਖ ਜੁੜਿਆ ਰਹਿ ਪੈ ਜਾਣੀ ਥਾਹ। ਤੇਰਾ ਹੈ ਉਹ ਰੱਖਕੇ ਦੇਖ ਸੱਚੀ ਚਾਹ। ਹੋਰ ਕੀ ਲੈਣਾ ਉਸ ਨੂੰ ਪਾ ਹਰ ਇੱਕ ਸਾਹ। ਉਸਦਾ ਮਿਲਣਾ ਸਭ ਕੁਝ ਮਿਲਣਾ ਉਸਦੇ ਨਾਲ ਹੀ ਵਾਹ! ਵਾਹ! ਵਾਹ!

ਉਲਝਣ!

ਇਹ ਖੁਦ ਦੇ ਨਾਲ ਹੀ ਲੜਦਾ ਹੈ। ਗੱਲ-ਗੱਲ ਤੇ ਝਗੜਾ ਕਰਦਾ ਹੈ। ਮੈਂ ਬੜਾ ਇਹਨੂੰ ਸਮਝਾਇਆ ਹੈ, ਪਰ ਇਹ ਕਾਬੂ ਨਾ ਆਇਆ ਹੈ। ਇਹ ਜਿੱਦੀ-ਅੜੀਅਲ ਹੋ ਜਾਂਦਾ, ਗੱਲ-ਗੱਲ ਤੇ ਐਵੇਂ ਰੋ ਜਾਂਦਾ। ਇਹਦੇ ਦੁੱਖ ਸ਼ਿਕਵੇ ਕੀ ਦੱਸਾਂ ਮੈਂ? ਇਹ ਨਾਲ ਮੇਰੇ, ਕਿਵੇਂ ਨੱਸਾਂ ਮੈਂ? ਮੈਂ ਸਭ ਕੁਝ ਇਸ ਤੇ ਛੱਡ ਦਿੱਤਾ, ਮੈਂ ਇਸ ਵਿੱਚੋਂ ਸਭ ਕੁਝ ਕੱਢ ਦਿੱਤਾ। ਕਦੇ ਜਾਪੇ ਜਿੱਤ ਕੇ ਹਾਰ ਗਿਆ ਹਾਂ, ਨਾ ਇਸ, ਤੇ ਨਾ ਉਸ ਪਾਰ ਗਿਆਂ ਹਾਂ। ਕੋਈ ਕੱਢੇ ਆ ਕੇ ਕੀ ਕੱਢੇ, ਫਸ ਐਸਾ ਮੰਝਧਾਰ ਗਿਆ ਹਾਂ। ਤੁਸੀਂ ਇਸ ਨੂੰ ਜਾਣੋ ਜਿੱਤ ਮੇਰੀ, ਮੈਨੂੰ ਜਾਪੇ ਸਭ ਕੁਝ ਹਾਰ ਗਿਆ ਹਾਂ!

ਮਨ ਦੀ ਉਦਾਸੀ

ਬਹੁਤ ਉਦਾਸ ਹੋ ਜਾਂਦੈ ਮਨ ਕਈ ਵੇਰਾਂ ਤੇ ਲੱਗਦਾ ਇਉਂ ਹੈ ਜਿਵੇਂ ਠੱਗੇ ਗਏ ਹੋਈਏ ਆਪਣਿਆਂ ਦੇ ਹੱਥੋਂ ਬਹੁਤ ਹੀ ਪਿਆਰ ਨਾਲ! ਪਰ ਪਿਆਰ ਤੇ ਠੱਗੀ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਲੱਗਦੈ ਜਿਵੇਂ ਹਾਰ ਗਏ ਹੋਈਏ ਸਭ ਕੁਝ ਆਪਣਿਆਂ ਦੇ ਪਾਸੋਂ ਆਪਣਾ ਮੁਕੱਦਰ ਸਮਝ ਕੇ! ਉਲਝ ਜਾਂਦੈ ਮਨ ਵਿਸ਼ਵਾਸ ਤੇ ਬੇਵਿਸ਼ਵਾਸੀ ਵਿੱਚ ਪਿਆਰਨ ਤੇ ਨਕਾਰਨ ਵਿੱਚ ਜਿੱਤ ਤੇ ਹਾਰ ਵਿੱਚ ਤੇ ਬੱਸ ਉਦਾਸ ਹੋ ਜਾਂਦੈ! ਚੱਲ ਛੱਡ ਮਨਾ ਸਮਝਾਂਗੇ ਇਨ੍ਹਾਂ ਦੇ ਅਰਥ ਜੇ ਕਦੇ ਵਕਤ ਮਿਲਿਆ ਫੇਰ ਮਿਲ ਬੈਠਾਂਗੇ ਆਪਾਂ ਦੋਨੋ ਤੇ ਕਰਾਂਗੇ ਵਿਚਾਰ ਪਿਆਰ ਨਾਲ!

ਜੱਟ ਦਾ ਜਵਾਬ ਕੋਈ ਨਾ

ਜੱਟ ਦਾ ਜਵਾਬ ਕੋਈ ਨਾ... ਜੱਟ ਦਾ ਹਿਸਾਬ ਕੋਈ ਨਾ... ਮੇਰੇ ਪਿੰਡ ਦਾ ਜੱਟ ਉਰਫ ਕਿਰਸਾਣ ਬਹੁਤ ਮਿਹਨਤਕਸ਼ ਹੁੰਦਾ ਸੀ ਤੇ ਹੁਣ ਵੀ ਹੈ! ਸੱਚਾ ਤੇ ਸੁੱਚਾ ਸੱਚ ਤੋਂ ਉੱਚਾ | ਉਹ ਹੱਡ ਭੰਨਵੀਂ ਮਿਹਨਤ ਕਰਦਾ ਜੇਠ ਹਾੜ ਦੀਆਂ ਧੁੱਪਾਂ ਤੇ ਪੋਹ ਮਾਘ ਦੀਆਂ ਰਾਤਾਂ ਹੈ ਪਿੰਡੇ ਤੇ ਜਰਦਾ ਨਾ ਡਰਾਉਂਦਾ ਤੇ ਨਾ ਡਰਦਾ ਦੁੱਖਾਂ ਦੇ ਵਿੱਚ ਕਦੇ ਨਾ ਹਰਦਾ ਬਾਬੇ ਨਾਨਕ ਦੀ ਕਿਰਤ ਦਾ ਵਾਰਿਸ ਉੱਤਮ ਖੇਤੀ ਕਰਕੇ ਸਾਡੇ ਸਭ ਦਾ ਢਿੱਡ ਭਰਦਾ। ਓ ਕਲਮਾਂ ਵਾਲਿਓ! ਓ ਗੀਤਾਂ ਵਾਲਿਓ! ਤੁਸੀਂ ਆਹ ਕੀ ਬਣਾ ਦਿੱਤਾ ਕਦੇ ਵੈਲੀ, ਕਦੇ ਵੈਰੀ ਕਦੇ ਫੜਾ ਰਫਲ ਹੱਥ ਵਿੱਚ ਕਦੇ ਠੇਕੇ, ਕਦੇ ਠਾਣੇ ਪਹੁੰਚਾ ਦਿੱਤਾ ਉਸ ਨੂੰ ਕੁਰਾਹੇ ਪਾ ਦਿੱਤਾ! ਕੀ ਦਾ ਕੀ ਦਿਖਾ ਦਿੱਤਾ। ਹਾੜਾ! ਕੁਝ ਤਾਂ ਤਰਸ ਕਰੋ ਓ ਕੁਝ ਤਾਂ ਰਹਿਮ ਕਰੋ ਕਦੇ ਇਹ ਵੀ ਆਖ ਸੁਣਾਓ ਮਿਹਨਤ ਕਰਦਾ ਸਾਡਾ ਜੱਟ ਹਲ਼ ਤੋਂ ਟਰੈਕਟਰ ਤੇ ਆ ਗਿਆ ਸਾਰੇ ਦੇਸ਼ ਦਾ ਬਣਕੇ ਅੰਨਦਾਤਾ ਸਾਰੇ ਦੇਸ਼ ਵਿੱਚ ਛਾ ਗਿਆ। ਬੰਦ ਕਰੋ ਇਹ ਕਹਿਣਾ ਧੱਕੜ ਜੱਟ ਜਿਸਦਾ ਕੰਮ ਹੈ ਕਬਜ਼ੇ ਲੈਣਾ! ਇਹ ਆਖ ਸੁਣਾਓ ਦੇਸ਼ ਦੀਆਂ ਸਰਹੱਦਾਂ ਤੇ ਕਿਵੇਂ ਉਸ ਨੇ ਜਾਨਾਂ ਵਾਰੀਆਂ ਨੇ ਕਿਵੇਂ ਰੱਖੀਆਂ ਕਾਇਮ ਸਰਦਾਰੀਆਂ ਨੇ। ਥੋਡੇ ਗੀਤਾਂ ਵਿੱਚ ਤਾਂ ਉਹ ਕੁਝ ਹੋਰ ਹੀ ਹੋ ਗਿਆ ਕਦੇ ਤਬਾਹੀ ਜੱਟ ਦੀ, ਦੇਸੀ ਜੱਟ, ਜੁਗਾੜੀ ਜੱਟ, ਲਲਕਾਰ ਜੱਟ ਦੀ ਫੁਕਰਾ ਜੱਟ, ਜ਼ਿੱਦੀ ਜੱਟ ਸ਼ਰਾਬੀ ਹੋ ਗਏ ਜੱਟ ਤੇ ਪਤਾ ਨਹੀਂ ਅਜਿਹੇ ਹੋਰ ਕਿੰਨੇ ਕੁਝ ਦਾ ਸਾਰੇ ਪਾਸੇ ਸ਼ੋਰ ਹੋ ਗਿਆ। ਜੇ ਲਿਖਣਾ ਤਾਂ ਇਹ ਗੀਤ ਲਿਖੋ ਜ਼ੁਬਾਨ ਜੱਟ ਦੀ, ਮਿਹਨਤੀ ਜੱਟ, ਜੱਟ ਸਮੇਂ ਦਾ ਹਾਣੀ, ਜੱਟਾਂ ਨੇ ਸ਼ਰਾਬ ਛੱਡਤੀ, ਜੱਟ ਸਭਨਾ ਦਾ ਰਖਵਾਲਾ ਜੱਟ-ਦੇਸ਼ ਦਾ ਅੰਨਦਾਤਾ! ਮੇਰੇ ਦੇਸ਼ ਦਾ ਜੱਟ ਥੋਡੇ ਗੀਤਾਂ ਵਰਗਾ ਨਹੀਂ ਉਸ ਦਾ ਕੋਈ ਵੈਰੀ ਨਹੀਂ ਤੇ ਨਾ ਹੀ ਉਹ ਕਿਸੇ ਨੂੰ ਬੈਗਾਨਾ ਸਮਝਦਾ ਹੈ ਉਹ ਦਿਲਦਾਰ ਹੈ ਵੱਡੇ ਜਿਗਰੇ ਦਾ ਮਾਲਕ ਜੋ ਹੱਸ ਹੱਸ ਮਿਹਨਤ ਕਰਦਾ ਹੈ ਤੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਸਾਡੇ ਜੱਟ ਦਾ ਜਵਾਬ ਕੋਈ ਨਾ ਉਸਦੀ ਮਿਹਨਤ ਦਾ ਹਿਸਾਬ ਕੋਈ ਨਾ!

ਭੂਤ

ਬਚਪਨ ਵਿੱਚ ਸੁਣਦੇ ਸੀ ਮਾਨਸਾ ਦੇ ਖਾਲਸਾ ਸਕੂਲ ਵਾਲੇ ਪਿੱਪਲ ਤੇ ਇੱਕ ਭੂਤ ਰਹਿੰਦੈ ਜੋ ਲੰਘਣ ਵਾਲਿਆਂ ਨੂੰ ਇੱਕੋ ਸਾਹ ਛਕ ਜਾਂਦੈ! ਵੇਲੇ ਕੁਵੇਲੇ ਜਦ ਉੱਥੋਂ ਦੀ ਲੰਘਣਾ ਸਾਈਕਲ ਬਹੁਤ ਤੇਜ਼ ਕਰ ਲੈਣਾ ਤਾਂ ਜੋ ਭੂਤ ਫੜ ਨਾ ਸਕੈ! ਇਹ ਭੂਤ ਕੀ ਹੁੰਦੇ ਹਨ? ਹੁਣ ਸਮਝ ਆ ਰਿਹੈ ਦੇਸ਼ ਦਾ ਸਾਰਾ ਤਾਣਾ ਬਾਣਾ ਦੇਖ ਕੇ! ਪਿੱਪਲ ਦੀ ਟੀਸੀ ਤੇ ਬੈਠੇ ਭੂਤ! ਹਾਂ ਯਕੀਨ ਆ ਰਿਹਾ ਹੁਣ ਖਾਲਸਾ ਸਕੂਲ ਵਾਲੇ ਪਿੱਪਲ ਤੇ ਵੀ ਜਰੂਰ ਰਹਿੰਦਾ ਹੋਵੇਗਾ ਭੂਤ ਜੋ ਇੱਕੋ ਸਾਹੇ ਛਕ ਜਾਂਦਾ ਸੀ ਹਰ ਲੰਘਣ ਵਾਲੇ ਨੂੰ ! ਬੰਦਾ ਕੀ ਚੀਜ਼ ਹੈ ਏਡੇ ਭੂਤ ਦੇ ਅੱਗੇ!

ਜੀਵਨ ਜਾਚ

ਦੋਸਤ ਬਣਾਓ, ਰਾਜ਼ਦਾਰ ਬਣਾਓ। ਦਿਲ ਉਹਨਾਂ ਨਾਲ ਖੋਲ੍ਹਕੇ ਆਓ। ਖੁਸ਼ੀ ਵੀ ਦੱਸੋ ਤੇ ਦੁੱਖ ਵੀ ਦੱਸੋ ਦਿਲ ਦੇ ਨਾ ਕੋਈ ਭੇਦ ਛੁਪਾਓ। ਨਾ ਪੈਸਾ, ਨਾ ਰੁਤਬੇ ਅਹੁਦੇ ਵਿੱਚ ਦੋਸਤੀ ਲੈ ਕੇ ਆਓ। ਅੰਦਰੋਂ-ਅੰਦਰੀ ਕਦੇ ਨਾ ਉਲਝੋ ਖੁੱਲ੍ਹ ਕੇ ਦਿਲ ਦਾ ਹਾਲ ਸੁਣਾਓ। ਚੁੱਪ ਕਦੇ ਨਹੀਂ ਹੋ ਕੇ ਬਹਿਣਾ, ਮਨ ਵਿੱਚ ਆਇਆ ਬੋਲ ਕੇ ਆਓ। ਨਾਲ ਦੋਸਤਾਂ ਪੱਕੇ ਜੁੜ ਜੋ, ਉਮਰਾਂ ਤੱਕ ਦਾ ਸਾਥ ਨਿਭਾਓ। ਘਰ ਦੇ ਅੰਦਰ ਨਾ ਬਣੋ ਅਜਨਬੀ, ਸਭ ਨੂੰ ਆਪਣਾ ਹਾਲ ਸੁਣਾਓ। ਇੱਕ ਦੂਜੇ ਸੰਗ ਰਲ-ਮਿਲ ਬੈਠੋ ਹਲਕੀ-ਫੁਲਕੀ ਮਹਿਫਲ ਲਾਓ। ਜੇ ਮੈਂਬਰ ਕੋਈ ਦਿਸੇ ਉਦਾਸ, ਉਸ ਨੂੰ ਵਾਰ-ਮ-ਵਾਰ ਬੁਲਾਓ। ਸ਼ਾਮ ਤੁਹਾਡੀ ਰਲਕੇ ਵਿਚਰੇ, ਰਾਤ ਦਾ ਖਾਣਾ ਕੱਠੇ ਖਾਓ। ਇੱਕ ਦੂਜੇ ਨੂੰ ਪਿਆਰ ਕਰੋ ਸਭ ਇੱਕ ਦੂਜੇ ਨਾਲ ਸੰਵਾਦ ਰਚਾਓ। ਚੰਗੇ ਸ਼ੌਕ ਤੇ ਪਾਓ ਆਦਤਾਂ, ਵਿੱਚ ਤਣਾਵ ਦੇ ਕਦੇ ਨਾ ਆਓ।

ਮੈਂ ਕੋਈ ਪ੍ਰਮਾਣ ਨਹੀਂ ਦੇਣਾ

ਮੈਂ ਕੋਈ ਬੇਬਸ, ਲਾਚਾਰ ਤੇ ਅਬਲਾ ਨਾਰੀ ਨਹੀਂ ਜੋ ਪ੍ਰਮੇਸ਼ਵਰ ਭਗਤੀ ਦੀ ਅੰਨ੍ਹੀ ਸ਼ਰਧਾ ਵਿੱਚ ਤੇਰੇ ਹਰ ਨਾਦਰਸ਼ਾਹੀ ਫੁਰਮਾਨ ਨੂੰ ਆਪਣੇ ਭਾਗ ਦੀ ਰੇਖਾ ਸਮਝ ਖਿੜੇ ਮੱਥੇ ਸਵੀਕਾਰ ਕਰ ਲਵਾਂ। ਤੇਰੀ ਜ਼ੁਬਾਨ ਵਿੱਚੋਂ ਨਿੱਕਲਿਆ ਹਰ ਬੋਲ ਮੇਰੇ ਲਈ ਕੋਈ ਇਲਾਹੀ ਹੁਕਮ ਨਹੀਂ ਜੋ ਮੈਂ ਆਪਣੀ ਹੋਂਦ ਹੀ ਦਾਅ ਤੇ ਲਾ ਦੇਵਾਂ। ਤੇਰੀ ਪਰਜਾ ਦੇ ਹਰ ਐਰਾ ਗੈਰਾ ਨੱਥੂ ਖੈਰਾ ਦੇ ਕਹਿਣ ਤੇ ਮੈਂ ਕੋਈ ਪ੍ਰਮਾਣ ਨਹੀਂ ਦੇਣਾ ਤੇ ਨਾ ਹੀ ਕਦਮ ਕਦਮ ਤੇ ਆਪਣੀ ਪਾਕੀਜ਼ਗੀ ਸਾਬਤ ਕਰਨਾਂ ਮੈਂ ਕੋਈ ਪਤੀ ਧਰਮ ਸਮਝਦੀ ਹਾਂ। ਤੂੰ ਮੈਨੂੰ ਅੱਗ ਵਿੱਚੋਂ ਲੰਘਾ ਕੇ ਵੀ ਜੇ ਸਮਝ ਨਹੀਂ ਸਕਿਆਂ ਜੇ ਮੇਰੀ ਸ਼ੁੱਧਤਾ ਤੇ ਸ਼ਕਤੀ ਦਾ ਤੈਨੂੰ ਅਜੇ ਵੀ ਭੋਰਾ ਇਲਮ ਨਹੀਂ ਹੋਇਆ ਤਾਂ ਮੈਂ ਤੇਰੇ ਹਰ ਸਾਥ ਨੂੰ ਠੋਹਕਰ ਮਾਰਦੀ ਹਾਂ। ਮੈਂ ਹੁਣ ਕਿਸੇ ਬਣਵਾਸ ਵਿੱਚ ਨਹੀਂ ਜਾਵਾਂਗੀ ਬਲਕਿ ਤੇਰੇ ਸਾਹਵੇਂ ਬੈਠ ਹਰ ਪਲ ਤੈਨੂੰ ਮੇਰੀ ਹੋਂਦ ਦਾ ਅਹਿਸਾਸ ਕਰਵਾਂਗੀ ਤੇ ਤੈਨੂੰ ਲਾਹਨਤਾਂ ਪਾਵਾਂਗੀ। ਤੂੰ ਦੱਸ ਆਪਣੀ ਪਾਕੀਜ਼ਗੀ ਤੇ ਪਵਿੱਤਰਤਾ ਕਿਵੇਂ ਸਿੱਧ ਕਰ ਸਕਦੈਂ ਕਿਵੇਂ ਅਗਨੀ ਵਿੱਚ ਸੜ ਸਕਦੈਂ! ਮੈਂ ਤੇਰੇ ਤੋਂ ਹੁਣ ਅੱਕ ਗਈ ਹਾਂ ਥੱਕ ਗਈ ਹਾਂ ਤੇ ਮੈਂ ਫੈਸਲਾ ਲੈ ਲਿਆ ਹੈ ਇਹ ਦਰਸਾਉਣ ਦਾ ਕਿ ਮੈਂ ਵੀ ਇੱਕ ਹੋਂਦ ਹਾਂ ਉਹ ਹੋਂਦ ਜੋ ਤੇਰੀ ਵੀ ਜਣਨਹਾਰ ਹਾਂ ਤੇ ਮੈਂ ਤੈਨੂੰ ਕੋਈ ਪ੍ਰਮਾਣ ਨਹੀਂ ਦੇਣਾ ਕਿਉਂਕਿ ਮੈਂ ਪਰਮਾਤਮਾ ਦੀ ਉਹ ਦਾਤ ਹਾਂ ਜੋ ਸਿਰਜਣਾਂ ਦੀ ਅਨਮੋਲ ਸ਼ਕਤੀ ਰੱਖਦੀ ਹਾਂ ਤੇ ਮੈਨੂੰ ਲੋੜ ਨਹੀਂ ਤੇਰੇ ਰਾਜ-ਧਰਮ ਦੀ ਹਾਉਮੇ ਪੂਰਤੀ ਲਈ ਕੋਈ ਵੀ ਪ੍ਰਮਾਣ ਦੇਣ ਦੀ ਤੇ ਕੁਝ ਵੀ ਸਿੱਧ ਕਰਨ ਦੀ| ਹਾਂ! ਮੈਂ ਸਿਰਫ ਮੈਂ ਹਾਂ! ਇੱਕ ਵੱਖਰੀ ਹੋਂਦ ਮੈਂ ਤੇਰੀ ਅਰਧਾਂਗਣੀ ਨਹੀਂ ਪੂਰੀ ਹਾਂ! ਹਾਂ ਪੂਰੀ!

ਰਾਜ-ਆਤਮਾ

ਰਾਜ ਜਾਂਦਾ ਜਾਵੇ ਤਾਜ ਜਾਂਦਾ ਜਾਵੇ ਆਤਮਾ ਨਹੀਂ ਜਾਣੀ ਚਾਹੀਦੀ! ਆਤਮਾ ਦਾ ਮਰ ਜਾਣਾ ਸਭ ਕੁਝ ਮਰ ਜਾਣਾ ਹੈ ਤੇ ਮੈਨੂੰ ਅਜਿਹਾ ਰਾਜ ਨਹੀਂ ਲੋੜੀਂਦਾ ਅਜਿਹਾ ਤਾਜ ਨਹੀਂ ਚਾਹੀਦਾ ਜੋ ਆਤਮਾ ਦੀ ਅਰਥੀ ਤੇ ਸਿਰਜਿਆ ਹੋਵੇ। ਮੈਂ ਰਾਜਾ ਹਾਂ ਜਦ ਮੇਰੀ ਆਤਮਾ ਰਾਜਾ ਹੈ ਤੇ ਉਹ ਸੱਚ ਦੇ ਮੰਦਰ ਵਿੱਚ ਸੱਚ ਦੀ ਜੋਤ ਲਾ ਕੇ ਸੱਚ ਦੀ ਆਰਤੀ ਉਤਾਰਦੀ ਹੋਈ ਸੱਚ ਦੀ ਪਰਕਰਮਾਂ ਕਰ ਰਹੀ ਹੈ! ਰਾਜ ਜਾਂਦਾ ਚਲਾ ਜਾਵੇ ਤਾਜ ਜਾਂਦਾ ਚਲਾ ਜਾਵੇ ਪਰ ਆਤਮਾ ਜਿਉਂਦੀ ਰਹਿਣੀ ਵੱਧ ਲੋੜੀਂਦੀ ਹੈ ਰਾਜ ਤੇ ਤਾਜ ਤੋਂ ਕੀ ਲੈਣਾ।

ਡਿਸਕੁਨੈਕਟ ਬੰਦੇ

ਨੈੱਟਵਰਕ ਏਨਾ ਉਲਝ ਗਿਆ ਗੱਲ ਹੀ ਨਹੀਂ ਹੋ ਰਹੀ ਤੇ ਨਾ ਕੋਈ ਸੁਣ ਰਿਹੈ ਡਿਸਕੁਨੈਕਟ ਜੋ ਹੋਏ ਪਏ ਹਾਂ! ਤੇ ਉਹ ਬੱਸ ਮੁਸਕੜਾ ਜਿਹਾ ਹਾਸਾ ਹੱਸ ਛੱਡਦੇ ਨੇ! ਵਿਅੰਗ ਕਸਦੇ ਨੇ ਟਾਂਚਾਂ ਮਾਰਦੇ ਨੇ ਸਾਨੂੰ ਹਰ ਪੱਖ ਤੋਂ ਕੋਰੇ ਦੱਸਦੇ ਨੇ! ਨੈੱਟਵਰਕ ਤੋਂ ਬਾਹਰ ਜੋ ਹੋ ਗਏ ਹਾਂ! ਅਸੀਂ ਕੁਝ ਪੁੱਛਦੇ ਹਾਂ ਤਾਂ ਦੂਰ ਨੱਸਦੇ ਨੇ ਵੈਸੇ ਸਾਡੇ ਦਿਲ ਵਿੱਚ ਵੱਸਦੇ ਨੇ! ਗੱਲ ਕਰਨ ਤੋਂ ਪਹਿਲਾਂ ਹੀ ਡਿਸਕੁਨੈਕਟ ਕਰ ਛੱਡਦੇ ਨੇ ਤੇ ਸਾਰਾ ਕਸੂਰ ਨੈੱਟਵਰਕ ਦਾ ਕੱਢਦੇ ਨੇ! ਸਾਡਾ ਨੈੱਟਵਰਕ ਉਲਝ ਕੇ ਰਹਿ ਗਿਆ ਹੈ ਸਾਰਾ ਸੁਪਨ ਸੰਸਾਰ ਢਹਿ ਗਿਆ ਹੈ! ਅਸੀਂ ਤਾਂ ਹੁਣ ਡਿਸਕੁਨੈਕਟ ਹੋਏ ਬੰਦੇ ਹਾਂ ਨੈੱਟਵਰਕ ਤੋਂ ਸੱਖਣੇ ਨਾ ਸਾਡੇ ਤੋਂ ਗੱਲ ਹੁੰਦੀ ਹੈ ਨਾ ਸਾਡੀ ਗੱਲ ਹੁੰਦੀ ਹੈ ਤੇ ਨਾ ਅਸੀਂ ਗੱਲ ਕਰ ਸਕਦੇ ਹਾਂ ਨੈੱਟਵਰਕ ਤੋਂ ਬਾਹਰ ਬੱਸ ਹੁਣ ਡਿਸਕੁਨੈਕਟ ਹੋਏ ਬੰਦੇ ਹਾਂ!

ਕਰਤਾ

ਕੀ ਕਿਉਂ ਕਿਵੇਂ ਕਿੱਥੇ ਕਦੋਂ ਕਿਉਂ ਕਰਦਾਂ ਇਹ ਪ੍ਰਸ਼ਨ ਮੈਂ? ਸਭ ਕਰਤਾ ਭਾਵ! ਕੀ ਮੈਂ ਕਰਤਾ ਹਾਂ? ਨਹੀਂ। ਤਾਂ ਫਿਰ ਪ੍ਰਸ਼ਨ ਕਿਉਂ? ਨਹੀਂ ਕੋਈ ਜਵਾਬ। ਬੱਸ ਤਾ ਉਮਰ ਲੰਘ ਜਾਂਦੀ ਹੈ ਕੀ, ਕਿਉਂ, ਕਿਵੇਂ, ਕਿੱਥੇ ਤੇ ਕਦੋਂ ਵਿੱਚ ਇਹ ਜਾਣਦੇ ਹੋਏ ਵੀ ਕਿ ਮੈਂ ਕਰਤਾ ਨਹੀਂ ਮਹਿਜ਼ ਕਰਤਾ ਦੀ ਖੇਡ ਹਾਂ!

ਸਵਾਲ-ਜਵਾਬ

ਬੜਾ ਔਖਾ ਹੁੰਦੈ ਸਵਾਲ ਦੀ ਅਣਹੋਂਦ ਵਿੱਚ ਉਸਦਾ ਜਵਾਬ ਦੇਣਾ! ਤੇ ਹੋਰ ਵੀ ਔਖਾ ਹੁੰਦੈ ਸਹੀ ਸਵਾਲ ਦੀ ਤਲਾਸ਼ ਕਰਨਾਂ! ਬੱਸ! ਸਵਾਲ-ਜਵਾਬ ਦੀ ਭਾਲ ਵਿੱਚ ਬੰਦਾ ਕਰ ਜਾਂਦੈ ਆਪਣੇ ਹਿੱਸੇ ਦਾ ਵਕਤ ਪੂਰਾ! ਕਸ਼ਮਕਸ਼ ਵਿੱਚ! ਸਵਾਲ-ਜਵਾਬ ਦੀ ਤਲਾਸ਼ ਵਿੱਚ!

ਸੈਂਡਵਿਚ

ਨਿਰਾ ਆਪਣਾ ਸੁਆਦ ਹੀ ਨਾ ਦੇਖ ਉਸ ਵਾਰੇ ਵੀ ਸੱਚ ਜੋ ਦੋਨਾ ਵਿਚਾਲੇ ਪਿਸ ਰਿਹਾ!

ਬੱਸ ਕਰ ਮੇਘਲਿਆ!

ਬੱਸ ਕਰ ਮੇਘਲਿਆ ਹੁਣ ਹੋਰ ਨਾ ਆਵੀਂ ਉਹ ਸੱਚ ਦੀ ਘਾਲਿ ਕਮਾਂਵਦੇ ਕੁਝ ਤਰਸ ਤੂੰ ਖਾਵੀਂ। ਪੁੱਤਾਂ ਵਾਂਗੂੰ ਪਾਲ਼ਦੇ, ਦਿਨ ਰਾਤਾਂ ਲਾ ਕੇ ਹਾੜਾ ਮੇਰੇ ਮਾਲਕਾ, ਇਹ ਕਹਿਰ ਨਾ ਢਾਵੀਂ। ਤੂੰ ਦਾਤਾ ਦਾਤਾਰ ਹੈਂ, ਅੰਨਦਾਤਾ ਉਹ ਵੀ ਹੱਥ ਜੋੜ ਅਰਜੋਈ ਹੈ, ਰਹਿਮਤ ਬਰਸਾਵੀਂ।

ਹੰਕਾਰ?

ਗਜ਼-ਗਜ਼ ਲੰਮਾ ਹੰਕਾਰ ਪਲ ਭਰ ਵਿੱਚ ਦਿੱਤੈ ਮਾਰ! ਬੰਦਾ ਬਣਜਾ ਹੁਣ ਵੀ, ਜੇ ਬਚਣੈ ਯਾਰ! ਸੁਧਰ ਜਾ ਤੇ ਸੁਧਾਰ ਲੈ ਆਪਣੀ ਕਾਰ! ਬਹੁਤ ਅਕਰੋਸ਼ ਵਿੱਚ ਜਾਪਦੈ ਕਾਦਰ ਯਾਰ ਸਿਰਜਣਹਾਰ ਸੱਤ ਕਰਤਾਰ! ਬਖਸ਼ ਲੈ ਬਖਸ਼ਣਹਾਰ ਕਰ ਕਿਰਪਾ ਓ ਕਿਰਪਾਧਾਰ! ਸਾਡੇ ਪਾਸ ਨਹੀਂ ਕੋਈ ਉਪਚਾਰ ਬੱਸ ਕਰ ਤੂੰਹੀ ਕੋਈ ਕਰ ਪਰਉਪਕਾਰ ਤੇ ਲਾ ਸਾਡਾ ਬੇੜਾ ਪਾਰ! ਓ ਸਾਡੇ ਪਾਲਣਹਾਰ ਕਰ ਉਪਕਾਰ!

ਕਰਮਬੀਰ

ਕਰਮਬੀਰ ਬਦਲ ਲੈਂਦਾ ਆਪਣੀ ਤਕਦੀਰ! ਹੱਥ ਅੱਡ ਨਹੀਂ ਬਹਿੰਦਾ ਕਰਦਾ ਹੈ ਕਿਰਤ ਭਰੀ ਤਦਬੀਰ ਹੋ ਕੇ ਕਰਮਸ਼ੀਲ! ਨਾ ਥੱਕਦਾ ਨਾ ਅੱਕਦਾ ਲੱਗਿਆ ਰਹਿੰਦੈ ਸੱਚੀ ਕਿਰਤ ਨਾਲ ਤਾਂ ਹੀ ਕਹਉਂਦੈ ਕਰਮਬੀਰ ਜੋ ਘੜਦਾ ਆਪਣੀ ਤਕਦੀਰ ਕਰ ਸੁੱਚੀ ਤੇ ਸੱਚੀ ਤਦਬੀਰ! ਤੇ ਹੋ ਜਾਂਦੈ ਉਸਦਾ ਨੀਰ ਵੀ ਸ਼ੀਰ! ਇਹ ਉਸਦੀ ਤਾਕਤ ਜੋ ਬਣਦਾ ਕਰਮਬੀਰ ਤੇ ਕਰਦੈ ਤਦਬੀਰ!

ਸ਼ਾਹ ਜੀ

ਕੀ ਹੋਇਆ, ਸ਼ਾਹ ਜੀ। ਆਉਂਦਾ ਕਿਉਂ ਨੀ, ਸਾਹ ਜੀ। ਮਿੱਠੀਆਂ ਤੇ ਚੋਪੜੀਆਂ, ਵਾਹ ਥੋਡੇ ਭਾਅ ਜੀ। ਬੰਬੀ ਵਾਂਗੂੰ ਡੂੰਘੇ ਹੋ, ਕਿਵੇਂ ਪਾਈਏ ਥਾਹ ਜੀ। ਛੱਡੋ ਖਹਿੜਾ, ਬੱਸ ਕਰੋ, ਨਹੀਂ ਸਾਨੂੰ ਚਾਹ ਜੀ। ਦਾਲ ਨਹੀਂ ਜੇ ਗਲਣੀ, ਪੈ ਜਾਓ ਆਪਣੇ ਰਾਹ ਜੀ।

ਮੰਜ਼ਿਲ ਦੂਰ ਨਹੀਂ...

ਤੁਰਿਆ ਚੱਲ ਮੰਜ਼ਿਲ ਵੱਲ। ਮਿਲਣੀ ਹੈ ਅੱਜ ਨਹੀਂ ਤਾਂ ਪੱਕੀ ਕੱਲ੍ਹ। ਕੀ ਹੋਇਆ ਜੇ ਆਈ ਮੁਸੀਬਤ, ਇਹਦਾ ਵੀ ਕੋਈ ਨਿੱਕਲੂ ਹੱਲ। ਤੇਰਾ ਹਾਂ ਮੈਂ ਰੱਖ ਭਰੋਸਾ, ਕਰ ਲੈ ਸਾਂਝੀ ਦਿਲ ਦੀ ਗੱਲ। ਨਹੀਂ ਦਿਖਾਉਣਾ ਕਿਸੇ ਨੂੰ ਰੋ ਕੇ, ਐਵੇਂ ਨਾ ਤੂੰ ਮਾਰੀਂ ਝੱਲ। ਬਣ ਕੇ ਰਹਿ ਦਲੇਰ ਓ ਸੱਜਣਾਂ ਬਣੀ ਤੇਰੀ ਹੈ, ਚੰਗੀ ਭੱਲ। ਝਾਕ ਸਾਹਮਣੇ ਬਿਲਕੁਲ ਨੇੜੇ, ਭੱਜ ਕੇ ਜਾਹ ਤੂੰ ਮੰਜ਼ਿਲ ਮੱਲ।

ਚੱਲ ਉੱਠ...

ਚੱਲ ਉੱਠ ਸ਼ੇਰ ਬਣ ਐਵੇਂ ਢੇਰੀ ਨਾ ਢਾਹ! ਕੀ ਹੋਇਆ ਜੇ ਇੱਕ ਬੰਦ ਹੋਇਆ ਹੋਰ ਬਥੇਰੇ ਨੇ ਰਾਹ! ਚੰਗਾ ਸੋਚ ਚੰਗਾ ਕਰ ਚੱਲਦਾ ਰਹਿ ਚੰਗੇ ਰਾਹਾਂ ਤੇ ਪਾ ਕੇ ਰੱਖ ਚੰਗਿਆਂ ਨਾਲ ਵਾਹ! ਲੱਗਿਆ ਰਹਿ ਡਟਿਆ ਰਹਿ ਧੰਨੇ ਵਾਲੀ ਧੁਨ ਵਿੱਚ ਇੱਕ ਦਿਨ ਪੈ ਜਾਣੀ ਆ ਉਸਦੀ ਥਾਹ! ਕਹਿਣ ਨੂੰ ਹੀ ਲੱਗਦੈ ਤੂੰ ਉਸ ਦੇ ਸੰਗ ਰਿਹੈਂ ਚੜਿ੍ਹਆ ਨੀ ਦਿਖਦੈ ਤੇਰੇ ਤੇ ਉਸਦਾ ਭੋਰਾ ਵੀ ਪਾਹ! ਉਸਦੀ ਰਹਿਮਤ ਕਿਰਪਾ ਬਣੀ ਰਹਿੰਦੀ ਐ ਉਹਨਾਂ ਤੇ ਸਦਾ ਯਾਦ ਰੱਖਦੇ ਨੇ ਜੋ ਉਸਨੂੰ ਆਪਣੇ ਹਰ ਸਾਹ!

ਕਠਪੁਤਲੀਆਂ

ਬਚਪਨ ਵਿੱਚ ਦੇਖਦੇ ਹੁੰਦੇ ਸੀ ਕਠਪੁਤਲੀ ਨਾਚ! ਬੜਾ ਚੰਗਾ ਲੱਗਦਾ ਸੀ ਜਦ ਆਪਣੀ ਮਰਜੀ ਅਨੁਸਾਰ ਬੰਨ੍ਹੇ ਹੋਏ ਧਾਗੇ ਨਾਲ ਨਚਾਉਂਦਾ ਸੀ ਕਠਪੁਤਲੀਆਂ ਦਾ ਮਾਲਕ! ਵੱਡੇ ਹੋਏ ਹੁਣ ਅਹਿਸਾਸ ਹੁੰਦਾ ਹੈ ਕਠਪੁਤਲੀਆਂ ਦੀ ਹੋਣੀ ਦਾ ਆਪ ਜੋ ਉਹਨਾਂ ਦੀ ਥਾਂ ਲੈ ਲਈ ਹੈ! ਮਰਜੀ ਹੈ ਤੇਰੀ ਮਾਲਕਾ! ਕਠਪੁਤਲੀਆਂ ਕਰ ਵੀ ਕੀ ਸਕਦੀਆਂ ਨੇ ਸਿਵਾਏ ਨੱਚਣ ਤੋਂ? ਨਚਾਈ ਚੱਲ ਜਿਵੇਂ ਤੇਰਾ ਚਿੱਤ ਕਰਦੈ! ਨੱਚਾਂਗੇ ਅੰਤ ਤੱਕ! ਥੱਕਦੇ, ਹੰਭਦੇ ਤੇ ਹਾਰਦੇ ਨਹੀਂ ਇਹ ਪੱਕਾ ਹੈ!

ਮਿੱਠੂ ਤੋਤਾ

ਪਿੰਜਰੇ ਵਿੱਚ ਬੰਦ ਮਿੱਠੂ ਤੋਤਾ ਪੁੱਛ ਰਿਹੈ ਹੁਣ ਦੱਸ? ਹੋਰ ਹੱਸ! ਸ਼ਾਇਦ ਸਮਝ ਆ ਜਾਵੇ ਪਿੰਜਰੇ ਦਾ ਰਹੱਸ! ਸਮਝ ਲੈ ਅੰਦਰ ਹੋਣਾ ਨਿਰਾ ਦਰਦ ਹੈ ਸਿਰਫ ਰੋਣਾ ਤੇਰੀ ਹੁਣੇ ਹੋਗੀ ਬੱਸ ਸ਼ਾਇਦ ਸਮਝ ਆ ਜਾਵੇ ਪਿੰਜਰੇ ਦਾ ਰਹੱਸ! ਅੰਦਰ ਬੈਠੇ ਭਾਵੇਂ ਮਿਲੇ ਖਾਣ ਨੂੰ ਚੂਰੀ ਸੁੱਖ ਵੀ ਹੋਣ ਸਾਰੇ ਤਾਂ ਵੀ ਜ਼ਿੰਦਗੀ ਅਧੂਰੀ ਦੁੱਖ ਜਾਂਦੇ ਨਹੀਂਓ ਦੱਸ ਸ਼ਾਇਦ ਸਮਝ ਆ ਜਾਵੇ ਪਿੰਜਰੇ ਦਾ ਰਹੱਸ!

ਮਨ ਸੱਚਾ

(ਸਲਿੱਮ ਕਵਿਤਾ) ਮਨ ਪ੍ਰੀਤ ਸੱਚ! ਅੰਦਰ ਮੰਦਰ! ਚਾਬੀ ਤੇਰੇ ਕੋਲ਼! ਖੋਲ੍ਹ ਬੋਲ ਕੁਝ ਤਾਂ ਬੋਲ! ਪਾ ਪ੍ਰੀਤ ਲੜ ਲਾ! ਰਾਹ ਦਿਖਾ! ਅਪਣਾ ਬੱਸ ਨਾਲ ਲਾ!

ਅਰਜੋਈ

ਹਉਮੇ ਤੇ ਹੰਕਾਰ ਪਲ ਵਿੱਚ ਦਿੱਤਾ ਮਾਰ! ਕੇਹੀ ਤੇਰੀ ਖੇਡ ਓ ਦਾਤਾ-ਦਾਤਾਰ! ਜਿੰਦ ਨਿਮਾਣੀ ਢੋਈ ਸੀ ਫਿਰਦੀ ਅਰਸ਼ੋਂ ਉੱਚਾ ਇਹ ਹਾਉਮੇ ਤੇ ਹੰਕਾਰ! ਤੇਰਾ ਇੱਕੋ ਝਟਕਾ ਦੇਵੇ ਅਕਲ ਤਾ- ਉਮਰ ਦੀ ਤੂੰ ਹੀ ਸੱਚ ਧੰਨ ਮੇਰੇ ਨਿਰੰਕਾਰ! ਨਿਜਾਤ ਦਿਵਾ ਰਹਿਮਤ ਬਰਸਾ ਓ ਮੇਰੇ ਕਰਤਾਰ ਕਿਰਪਾਧਾਰ ਕਰ ਉਪਕਾਰ! ਭੁੱਲ ਬਖ਼ਸ਼ ਦੇ ਬਖਸ਼ਣਹਾਰ! ਸਿਰਜਣਹਾਰ! ਹੱਥ ਜੋੜ ਕੇ ਕਰਾਂ ਪੁਕਾਰ!

ਮੈਂ ਤੇ ਤੂੰ

ਚੰਨ ਵੱਲ ਮਾਰੀ ਝਾਤੀ! ਸਹੁੰ ਤੇਰੀ ਮੈਂ ਤੇ ਤੂੰ ਪਾ ਕੇ ਬਾਂਹ ਵਿੱਚ ਬਾਂਹ ਮੁਹੱਬਤ ਦੇ ਗੀਤ ਗਾਉਂਦੇ ਫਿਰਦੇ ਹਾਂ! ਤੇ ਹਾਂ ਚੰਨ ਸਾਨੂੰ ਦੋਂਹਾਂ ਨੂੰ ਤੱਕ ਕੇ ਈਰਖਾ ਕਰ ਰਿਹੈ ਆਪ ਕੱਲਾ ਜੋ ਹੈ!

ਤੇਰਾ ਮਿਲਣਾ

ਤੇਰਾ ਮਿਲਣਾ ਮੇਰਾ ਮੁਕੱਦਰ ਸੀ ਤੇ ਮੇਰਾ ਮਿਲਣਾ? ਇਹ ਮੈਂ ਥੋੜ੍ਹਾ ਦੱਸ ਸਕਦੈਂ! ਹਾਂ ਤੇਰੀ ਚੁੱਪ ਨੂੰ ਅਨੁਵਾਦ ਕਰਕੇ ਸਕੂਨ ਤੇ ਤਸੱਲੀ ਜਰੂਰ ਮਿਲ ਜਾਂਦੀ ਐ! ਭੁਲੇਖੇ ਵੀ ਜੇਕਰ ਖੁਸ਼ੀ ਦਿੰਦੇ ਹੋਣ ਤਾਂ ਭੁਲੇਖੇ ਵਿੱਚ ਰਹਿਣ ਦਾ ਹਰਜ ਕੀ ਹੈ? ਮੈਂ ਖੁਸ਼ ਹਾਂ ਤੇਰੀਆਂ ਤੂੰ ਜਾਣੇਂ!

ਸਵੈ-ਪੜਚੋਲ

ਮੈਂ ਜੋ ਤੇਰਾ ਅਕਸ ਹਾਂ, ਮੈਂ ਧੁੰਦਲਾ ਤੇ ਮੈਲ਼ਾ ਹੋ ਗਿਆ! ਮੈਂ ਲੱਭ ਰਿਹਾ ਹਾਂ ਖ਼ੁਦ ਨੂੰ ਪਤਾ ਨੀ ਕਿੱਥੇ ਖੋ ਗਿਆ! ਕਦੇ ਏਧਰ ਨੂੰ ਦੌੜਦਾਂ, ਕਦੇ ਉਡਾਰੀ ਉਸ ਤਰਫ਼! ਤੂੰ ਮਿਲਦੈਂ ਵਾਂਗ ਪਰਛਾਵਿਆਂ ਬੱਸ ਉਹ ਗਿਆ-ਉਹ ਗਿਆ! ਮੈਂ ਤੇਰੇ ਨਾਲ਼ੋਂ ਹਾਂ ਟੁੱਟਿਆ, ਹਾਂ ਪਿਆ ਸਹਾਰੇ ਟੋਲ਼ਦਾ! ਪਰ ਕੋਈ ਨਾ ਮੈਨੂੰ ਓਟਦਾ, ਮੈਂ ਅੱਥਰੂ ਸਾਰੇ ਰੋ ਗਿਆ! ਮੈਂ ਦਰ-ਦਰ ਤੇ ਹਾਂ ਭਟਕਦਾ, ਮੈਂ ਪਿਆ ਹਾਂ ਠੇਡੇ ਖਾਂਵਦਾ! ਮੈਨੂੰ ਢੋਈ ਨਾ ਕੋਈ ਜਾਪਦੀ, ਕੋਈ ਸਾਰੇ ਹੀ ਬੂਹੇ ਢੋਅ ਗਿਆ! ਤੂੰ ਸੁਣ ਲੈ ਮੇਰੀ ਬੇਨਤੀ, ਤੂੰ ਲਾ ਲੈ ਲੜ ਹੁਣ ਆਪਣੇ! ਬਖ਼ਸ਼ ਦੇ ਸਭ ਪਾਪ ਤੂੰ, ਆਖ ਮੈਂ ਤੇਰਾ ਹੋ ਗਿਆ!

ਮਾਂ

ਮਾਂ ਮਮਤਾ ਲਾਡ-ਪਿਆਰ ਬੁੱਕਲ ਦਾ ਨਿੱਘ! ਤੂੰ ਸੱਚ-ਮੁੱਚ ਅਜਿਹਾ ਹੀ ਹੈਂ ਯਾਰ? ਕਿੱਧਰ ਫਿਰਦੇ ਰਹੇ ਫਿਰ ਤੈਨੂੰ ਭਾਲ਼? ਘਰ ਹੀ ਭਰਿਆ ਪਿਆ ਲੱਡੂਆਂ ਦਾ ਥਾਲ਼! ਤੇਰੇ ਚਰਨਾਂ 'ਚ ਨਮਸਕਾਰ! ਉਹ ਮਾਂ ਵੰਡਦੀ ਰਹਿ ਪ੍ਰਸਾਦਿ ਤਾ-ਉਮਰ! ਤੇ ਤੇਰੇ ਨਾਲ ਇਹ ਕੋਠੜੀ ਹੋ ਗਈ ਧਰਮ ਦੁਆਰ ਵੰਡਿਆ ਜਾਂਦਾ ਜਿੱਥੇ ਸਿਰਫ ਪਿਆਰ! ਪਿਆਰ! ਉਸ ਪਿਆਰ ਨੂੰ ਮੇਰਾ ਲੱਖ-ਲੱਖ ਨਮਸਕਾਰ!

ਪਿਆਰ, ਸ਼ਰਧਾ ਤੇ ਸ਼ਿੱਦਤ

ਭੀਲਣੀ ਭਗਤੀ ਤੇ ਪਾਗਲਪਣ ਸ਼ਰਧਾ ਤੇ ਸ਼ਿੱਦਤ! ਦਰਸ਼ਨ ਹੋ ਗਏ ਰਾਮ ਦੇ ਅੱਥਰੂ ਨੇ ਗਵਾਹ ਲੰਮੀ ਉਡੀਕ ਭਰੇ ਸੱਚੇ-ਸੁੱਚੇ ਪਿਆਰ ਦੇ ਤੇ ਰਾਮ ਨੇ ਸੁੱਚਾ ਕਰ ਦਿੱਤਾ ਉਸਦੇ ਪਿਆਰ ਨੂੰ ਖਾ ਕੇ ਜੂਠੇ ਬੇਰ ਜਿਵੇਂ ਪੁੱਤ ਖਾ ਰਿਹਾ ਹੋਵੇ ਮਾਂ ਕੋਲੋਂ ਨਾਲ ਲਾਡ ਦੇ! ਤੇ ਭੀਲਣੀ ਦੀ ਕੁਟੀਆ ਹੋ ਗਈ ਧਰਮਸਾਲ!

ਨੈਨੋ ਕਵਿਤਾ

ਸਭ ਕੁਝ ਤੇਰਾ ਤੇ ਫਿਰ ਹੋਰ ਕਹਿਣ ਨੂੰ ਕੀ ਰਹਿ ਗਿਆ?

ਖ਼ੁਦ ਨਾਲ ਜੁੜ!

ਟੁੱਟੇ ਹਾਂ ਖ਼ੁਦ ਤੋਂ ਤੇ ਜੁੜਣ ਦੇ ਰਾਹ ਬਾਹਰ ਲੱਭ ਰਹੇ ਹਾਂ? ਜਾਹ ਕਮਲਿਆ ਅੰਦਰ ਜਾਹ! ਬਾਹਰ ਐਵੇਂ ਨਾ ਧੱਕੇ ਖਾਹ। ਉਸ ਨੂੰ ਮਿਲ, ਉਸ ਨਾਲ ਦਿਲ ਫੋਲ ਉਸ ਨਾਲ ਦਿਲ ਖੋਲ੍ਹ ਤੇ ਉਸ ਦੀ ਸ਼ਰਨ 'ਚ ਜਾਹ ਉਹਦੇ ਲੜ ਲੱਗ ਜਾਹ। ਤੇ ਬੱਸ ਉਹ ਹੈ ਇੱਕੋ ਰਾਹ! ਜਾਹ ਖ਼ੁਦ ਨਾਲ ਜੁੜ ਜਾਹ!

ਔਖ-ਸੌਖ

ਔਖਾ ਸਮਾਂ ਬਿਨਾਂ ਸ਼ੱਕ ਬਹੁਤ ਔਖਾ ਲੰਘਦੈ। ਸੌਖੇ ਰਹੀਏ ਤਾਂ ਇਹ ਬਹੁਤ ਸੌਖਾ ਲੰਘ ਜਾਂਦੈ। ਬੱਸ ਮਨ ਦੀ ਖੇਡ ਆ।

ਅੰਦਰ ਜਾਓ

ਬਾਹਰ ਬਿਮਾਰੀ, ਅੰਦਰ ਜਾਓ। ਅੰਦਰੋਂ ਖੋਜੋ, ਅੰਦਰੋਂ ਪਾਓ। ਬਾਹਰ ਛੱਡੋ, ਅੰਦਰ ਜਾਓ। ਅੰਦਰਲੇ ਨਾਲ, ਸਾਂਝਾਂ ਪਾਓ। ਬਾਹਰ ਨਾਂਹੀਂ, ਅੰਦਰ ਜਾਓ। ਅੰਦਰਲੇ ਨਾਲ, ਹੱਥ ਮਿਲਾਓ। ਬਾਹਰ ਕੁਝ ਨਹੀਂ, ਅੰਦਰ ਜਾਓ। ਅੰਦਰ ਜਾਓ, ਖ਼ਜ਼ਾਨੇ ਪਾਓ।

ਹੁਣ ਮੈਂ ਨਹੀਂ ਹਾਂ!

ਇੱਕ ਬੂੰਦ ਰਲ਼ ਗਈ ਸਮੁੰਦਰ ਵਿੱਚ! ਵਾਹ! ਹੁਣ ਉਹ ਸਮੁੰਦਰ ਹੋ ਗਈ! ਇੱਕ-ਮਿੱਕ ਇੱਕ-ਸੁਰ! ਨਾ ਹੋਂਦ ਦਾ ਮਸਲਾ ਨਾ ਹਾਉਮੇ ਦਾ ਝੰਜਟ! ਤੇਰਾ ਤੈਨੂੰ ਸੌਂਪ ਹੁਣ ਕੁਝ ਵੀ ਨਹੀਂ ਹੈ ਮੇਰਾ! ਮਿਟ ਗਿਆ ਜੋ ਉੱਠਿਆ ਸੀ ਬੁਲਬੁਲਾ! ਅਸੀਮ ਆਨੰਦ ਤੇ ਸ਼ਾਂਤੀ ਦਾ ਸਿਖ਼ਰ! ਵਾਹ! ਹੁਣ ਮੈਂ ਨਹੀਂ ਹਾਂ!

ਉਸਦੇ ਸੋਹਲੇ ਗਾ

ਕਿਉਂ ਸੁੰਗੜਿਆ ਸੁੰਗੜਿਆ ਫਿਰਦੈਂ? ਹੈਂ? ਕੀ ਹੋਇਆ? ਕੀ ਖੋਇਆ ? ਦੱਸ ਤਾਂ ਸਹੀ ਕਿਉਂ ਰੋਇਆ? ਰੱਜਿਆ ਪੁੱਜਿਆ ਰਹਿਮਤਾਂ ਅਥਾਹ। ਉੱਠ, ਓ, ਬੇਭਾਗਿਆ ਉੱਠ ਸ਼ੁਕਰ ਮਨਾਅ ਉਸਦੇ ਸੋਹਲੇ ਗਾ ਤੇ ਖੁਸ਼ ਹੋ ਜਾਹ। ਖ਼ਜ਼ਾਨੇ ਵੱਲ ਨਜ਼ਰ ਦੁੜਾਅ ਬਰਕਤਾਂ ਹੀ ਬਰਕਤਾਂ ਆਨੰਦ ਵਿੱਚ ਆ ਤੇ ਸ਼ੁਕਰ ਮਨਾਅ ਬੱਸ ਉਸਦੇ ਸੋਹਲੇ ਗਾ।

ਕੁਝ ਨੀ ਮੇਰੇ ਪੱਲੇ

ਨਾ ਕੋਸ਼ਿਸ਼ ਨਾ ਉਪਰਾਲਾ ਤੇ ਨਾ ਹੀ ਕੁਝ ਹੈ ਵੱਸ ਮੇਰੇ। ਨਾ ਕੁਝ ਕਰਦਾਂ ਤੇ ਨਾ ਕੁਝ ਪਾਉਣ ਲਈ ਹਾਂ ਬਹੁਤਾ ਮਰਦਾਂ। ਕੁਝ ਨੀ ਮੇਰੇ ਪੱਲੇ ਤੇ ਨਾ ਇਸਦਾ ਕੋਈ ਪਰਦਾ। ਰਹਿਮਤ ਤੇਰੀ ਬਖ਼ਸ਼ਿਸ਼ ਤੇਰੀ ਤੇਰੀਆਂ ਨੇ ਸਭ ਦਾਤਾਂ। ਤੇਰੀ ਗੋਦ 'ਚ ਰਹਿਣਾ ਲੋਚਾਂ ਕੁਝ ਵੀ ਹੋਰ ਨਾ ਸੋਚਾਂ। ਇਸ਼ਕ ਆਪਣੇ 'ਚ ਲਾ ਕੇ ਰੱਖੀਂ ਪਿਆਰ ਦਾ ਨਿੱਘ ਬਣਾ ਕੇ ਰੱਖੀਂ।

ਆਨੰਦ ਇਲਾਹੀ

ਆਰਜ਼ੀ ਦੁਨੀਆ ਵਿੱਚ ਇੱਕ ਤੇਰਾ ਇਸ਼ਕ ਸਦੀਵੀ! ਲੈ ਆਪਣੇ ਕਲਾਵੇ ਵਿੱਚ ਤੇ ਬਖ਼ਸ਼ ਆਨੰਦ ਇਲਾਹੀ!

ਮੇਰੀ ਕਵਿਤਾ...

ਕਿੱਧਰ ਗੁਆਚ ਗਈ ਹੈਂ ਹੁਣ ਫੇਰ ਤੂੰ? ਐ ਮੇਰੀ ਕਵਿਤਾ! ਬਹੁਤ ਮੁਸ਼ਕਲ ਨਾਲ ਤਲਾਸ਼ਿਆ ਸੀ ਜਦ ਪਹਿਲੀ ਵਾਰ ਗੁਆਚੀ ਸੀ ਤੂੰ ਤੇ ਉਹ ਵੀ ਇੱਕ ਲੰਮੇ ਅਰਸੇ ਤੋਂ ਬਾਅਦ! ਹੁਣ ਸਹਿ ਨੀ ਹੋਣਾ ਤੇਰਾ ਖੋ ਜਾਣਾ ਤੇ ਸ਼ਾਇਦ ਮੁੜ ਤਲਾਸ਼ਣ ਦੀ ਹੁਣ ਹਿੰਮਤ ਵੀ ਨਹੀਂ ਰਹਿਣੀ! ਬੰਦ ਕਰ ਇਹ ਲੁਕਣ-ਮੀਟੀ ਮੇਰੇ ਨਾਲ ਤੇ ਆ! ਮੇਰੇ ਕਲਾਵੇ ਵਿੱਚ ਆ! ਮੈਂ ਤੇਰੇ ਨਾਲ ਹੀ ਹਾਂ ਨਹੀਂ ਤਾਂ ਮੈਂ ਕੁਝ ਵੀ ਨਹੀਂ ਹਾਂ!

ਕਾਮਲ ਦਰਵੇਸ਼

ਜਿਉਂਦੇ ਜੀਅ ਬਿਨਾਂ ਜਾਨ ਤੋਂ ਜਿਉਣਾ! ਮਦਮਸਤ ਤੇ ਖ਼ੁਦੀ ਨੂੰ ਮਿਟਾਅ ਮਿਲਾਅ ਲੈਣ ਵਾਲਾ ਖ਼ੁਦਾ ਵਿੱਚ! ਤੇ ਬੱਸ ਦੇਖਦਾ ਹਰ ਥਾਂ ਉਸਦਾ ਹੀ ਰੂਪ! ਤੇ ਬੋਲਦਾ ਇੱਕ ਹੀ ਬੋਲ ਤੇਰਾ-ਤੇਰਾ! ਮੁਕਤ ਆਦਿ ਤੇ ਅੰਤ ਤੋਂ ਤੇ ਰਹਿੰਦਾ ਸਦਾ ਜੀਵੰਤ ਹੋ ਕੇ ਉਸਦਾ ਰੂਪ!

ਕਿੱਧਰ ਨੂੰ ...

ਮਨ ਨੀਵਾਂ ਮੱਤ ਉੱਚੀ ਸੰਕਲਪ ਉੱਚਾ ਤੇ ਸੁੱਚਾ! ਤੇ ਅਸੀਂ ਮੱਤ ਮਾਰ ਉਸਦੇ ਲੱਤ ਮਾਰ ਮੀਲਾਂ ਲੰਬੀ ਹਉਮੇ ਲੈ ਭਰੇ ਨਾਲ ਹੰਕਾਰ! ਕੋਰੇ ਫਰੇਬੀ ਝੂਠੇ ਤੇ ਮਕਾਰ! ਸਿਰਜ ਰਹੇ ਹਾਂ ਕੂੜ ਸੰਸਾਰ! ਤੇ ਹੋ ਰਹੇ ਹਾਂ ਸ਼ਿਕਾਰ ਜਿੱਤ ਦੇ ਭੁਲੇਖੇ ਦਾ ਯਥਾਰਥ ਵਿੱਚ ਰਹੇ ਹਾਂ ਸਭ ਕੁਝ ਹਾਰ! ਭਟਕ ਗਏ ਹਾਂ ਲਟਕ ਗਏ ਹਾਂ ਤੇ ਅਟਕ ਗਏ ਹਾਂ ਕੁਝ ਹੋਰ ਵਿੱਚ ਹੀ ਛੱਡ ਕੇ ਉਹ ਉੱਚਾ ਤੇ ਸੁੱਚਾ ਸੰਕਲਪ।

ਇਹ ਕੀ ਭਾਈ? ਸੰਗ ਕਰੋ!

ਇਹ ਰਾਮ ਰੌਲ਼ਾ ਕਾਹਦਾ ਭਾਈ? ਘਾਲ਼ਾ-ਮਾਲ਼ਾ ਘੁਚਾਲ਼ਾ ਕੀ ਹੈ ਭਾਈ? ਦੱਸੋ ਤਾਂ ਸਹੀ! ਨਾ ਤੰਗ ਕਰੋ ਭਾਈ ਕੁਝ ਤਾਂ ਸੰਗ ਕਰੋ ਭਾਈ! ਹੈਂ? ਸਾਰੀ ਹੀ ਸ਼ਰਮ ਲਾਹ ਛੱਡੀ! ਕਿੱਲੀ ਤੇ ਲਟਕਾ ਛੱਡੀ! ਸੁੱਕਣੀ ਪਾ ਛੱਡੀ! ਸਾਡੀ ਸ਼ਰਮ ਪੁੱਛਣ ਵਾਲਾ ਤੂੰ ਹੈਂ ਕੌਣ? ਜਾਣਦਾ ਨਹੀਂ ਸਾਨੂੰ? ਅਕੜਾਈ ਫਿਰਦਾਂ ਸਾਡੇ ਅੱਗੇ ਧੌਣ? ਟੰਗ ਦਿਆਂਗੇ ਮਸਲ਼ ਦਿਆਂਗੇ ਮਾਲਕ ਹਾਂ ਅਸੀਂ ਏਸ ਰਾਜ ਦੇ! ਜੋ ਕਹਾਂਗੇ, ਉਹ ਕਰ ਜੋ ਬੋਲਦੇ ਹਾਂ ਉਹ ਸੱਚ ਮੰਨ ਕੇ ਜਰ ਨਹੀਂ ਤਾਂ ਉਖਾੜ ਸੁੱਟਾਂਗੇ ਜਿਸ ਨੂੰ ਸਮਝਦਾਂ ਆਪਣਾ ਘਰ! ਚੱਲ ਜਾਹ, ਚੁੱਪ ਹੋ ਜਾਹ ਤੇ ਆਪਣੀ ਭੁੱਲ ਬਖਸ਼ਾ! ਯਾਦ ਰੱਖ ਤੂੰ ਇੱਕ ਅਦਨਾ ਜਾ ਵਾਸੀ ਹੈਂ ਏਸ ਰਾਜ ਦਾ ਅਰਾਮ ਨਾਲ ਆਪਣੇ ਦਿਨ ਲੰਘਾ, ਰੋਟੀ ਮਿਲਦੀ ਹੈ ਤਾਂ ਖਾਹ ਨਹੀਂ ਚੁੱਪ ਚਾਪ ਸੌਂ ਜਾਹ! ਮਰ ਨਹੀਂ ਚੱਲਿਆ ਜੇ ਭੁੱਖਾ ਵੀ ਸੌਣਾ ਪੈ ਗਿਆ! ਨਾਹਰੇ ਲਗਾ ਜੋ ਬੋਲਦੇ ਹਾਂ ਬੱਸ ਮਗਰ ਹੀ ਬੋਲੀ ਜਾਹ! ਐਵੇਂ ਨਾ ਆਪਣਾ ਰਾਗ ਵਜਾ ਜੋ ਆਖਦੇ ਹਾਂ ਕਰੀ ਜਾਹ ਜਾਂ ਚੁੱਪ ਹੋ ਕੇ ਬੈਠ ਜਾਹ! ਸਮਝ ਗਿਐਂ ਜਾਂ ਫਿਰ ਦੇਈਏ ਸਮਝਾਅ! ...ਬਾਂਹ ਦੇਵਾਂਗੇ ਲਾਹ ਤੂੰ ਸਾਨੂੰ ਨਹੀਂ ਜਾਣਦਾ? ਬੱਸ! ਹੁਣ ਚੁੱਪ ਹੋ ਜਾਹ! ਚੁੱਪ ਹੋ ਜਾਹ!

ਮੁਬਾਰਕ !

ਮੁਬਾਰਕ! ਦੀਵੇ ਜਗਣ ਅੰਦਰ-ਬਾਹਰ ਪਿਆਰ-ਮੁਹੱਬਤ, ਧਰਮ-ਕਰਮ ਸਬਰ-ਸੰਤੋਖ, ਸਹਿਜ-ਸੰਜਮ ਤੇ ਦੀਨ-ਈਮਾਨ ਦੇ! ਖੁਸ਼ੀਆਂ-ਖੇੜਿਆਂ ਦਾ ਹਰ ਘਰ ਵਾਸ ਹੋਵੇ। ਚਾਨਣ-ਚਾਨਣ ਹੋ ਜਾਵੇ ਧਰਤ ਸਾਰੀ ਸੁੱਚ ਤੇ ਸੱਚ ਦਾ ਐਸਾ ਪ੍ਰਕਾਸ਼ ਹੋਵੇ!

ਪਿਆਰ ਦਾ ਬਾਟਾ

ਪਿਆਰ ਦਾ ਬਾਟਾ ਭਰਿਆ ਕਰ, ਤੜਕੇ ਤੜਕੇ। ਸਭ ਨਾਲ ਸਾਂਝਾ ਕਰਿਆ ਕਰ, ਤੜਕੇ ਤੜਕੇ। ਮਾਰ ਟਪੂਸੀ ਉੱਠ ਮੰਜੇ ਤੋਂ, ਕਰਕੇ ਦਾਤਣ ਕੁਰਲੀ, ਭੱਜ ਭੱਜ ਬਾਹਰ ਤੁਰਿਆ ਕਰ, ਤੜਕੇ ਤੜਕੇ। ਕੈਸੀ ਸ਼ਕਲ ਬਣਾਈ ਸੱਜਣਾਂ, ਉੱਠਦੇ ਸਾਰ ਤੂੰ ਉਇ, ਭੈੜਾ ਮੂੰਹ ਨਾ ਕਰਿਆ ਕਰ, ਤੜਕੇ ਤੜਕੇ। ਜੋ ਵੀ ਜੀਅ ਵਿੱਚ ਆਉਂਦਾ ਬੋਲੀ ਜਾਂਦਾ ਸਭ ਨੂੰ ਤੂੰ, ਹੋਰਾਂ ਦਾ ਕੁਝ ਕਿਹਾ ਵੀ ਜਰਿਆ ਕਰ, ਤੜਕੇ ਤੜਕੇ। ਸਾਰੀ ਰਾਤੀਂ ਗੜ ਗੜ ਕਰਕੇ, ਪਾਇਆ ਰੌਲ਼ਾ ਤੂੰ, ਬੱਦਲ ਹੈਂ ਜੇ, ਤਾਂ ਵਰਿ੍ਹਆ ਕਰ, ਤੜਕੇ ਤੜਕੇ।

ਸੱਚ ਦੇ ਪਹਿਰੇਦਾਰ

ਤੋੜਣ ਵਾਲੇ ਤੋੜ ਨਹੀਂ ਸਕਦੇ, ਸੱਚ ਦੇ ਪਹਿਰੇਦਾਰਾਂ ਨੂੰ । ਝੂਠ ਕੁਫ਼ਰ ਨਾ ਸਕਦੇ ਮਾਰ, ਰੱਬ ਵਰਗੇ ਕਿਰਦਾਰਾਂ ਨੂੰ । ਮਿਹਨਤ ਸਾਡਾ ਜੀਵਨ ਗਹਿਣਾ, ਅੱਗੇ ਹੀ ਹੈ ਵਧਦੇ ਰਹਿਣਾ, ਕਦੇ ਨਹੀਂ ਅਸੀਂ ਮਨ ਨੂੰ ਲਾਉਂਦੇ, ਮਿਲੀਆਂ ਜਿੱਤਾਂ ਹਾਰਾਂ ਨੂੰ । ਭਰਮ ਭੁਲੇਖੇ ਅੰਦਰ ਵੱਡੀ ਸੂਚੀ, ਰੱਖੀ ਸੀ ਮੈਂ ਯਾਰਾਂ ਦੀ, ਵਿੱਚ ਮੁਸੀਬਤ ਛੱਡ ਜਾਵਣ ਜੋ, ਕੀ ਕਰਨਾ ਐਸੇ ਯਾਰਾਂ ਨੂੰ । ਕੱਲਾ ਬਹੁਤ ਤੜਫਣਾਂ ਹੈ, ਬਿਨ ਤੇਰੇ ਤੋਂ ਸੱਜਣਾਂ ਉਇ, ਕਿਵੇਂ ਭੁਲਾਵਾਂ ਸੰਗ ਤੇਰੇ ਜੋ ਮਾਣੀਆਂ ਮਸਤ ਬਹਾਰਾਂ ਨੂੰ । ਬੰਦਾਂ ਤਾਂ ਉਹ ਚੰਗਾ ਸੀ, ਏਦਾਂ ਨਹੀਂ ਸੀ ਕਰ ਸਕਦਾ, ਵਿੱਚ ਮਜ਼ਬੂਰੀ ਤੋੜ ਗਿਆ ਹੈ, ਕੀਤੇ ਕੌਲ ਕਰਾਰਾਂ ਨੂੰ ।

ਬੰਦੇ

ਬੰਦੇ ਏਥੇ ਰੁਲ਼ਦੇ ਫਿਰਦੇ, ਬੁੱਤ ਮਾਣਦੇ ਸੇਵਾ। ਬੁੱਤ-ਘਾੜੇ ਨੇ ਭੁੱਖੇ ਮਰਦੇ, ਪੰਡਿਤ ਛਕਦੇ ਮੇਵਾ। ਮਿਹਨਤ ਵਾਲੇ ਪਾ ਲੈਂਦੇ ਨੇ, ਮਨ ਚਾਹੀ ਜੋ ਮੰਜ਼ਿਲ, ਵਿਹਲੜ ਹੱਥ 'ਚ ਚੁੱਕੀ ਫਿਰਦੇ, ਪੰਡਿਤ ਵਾਲਾ ਟੇਵਾ। ਮਿੱਠਾ ਬੋਲੋ, ਮਿਸ਼ਰੀ ਘੋਲ਼ੋ, ਬੋਲੋ ਉਹ ਜੋ ਚੰਗਾ ਲੱਗੇ, ਮਾੜਾ ਨਾ ਕਦੇ ਬੋਲੇ ਮਿੱਤਰੋ, ਢਾਈ ਇੰਚ ਦੀ ਜ਼ਿਹਬਾ। ਵੱਡੇ ਘਪਲੇ, ਵੱਡੇ ਝੂਠ, ਬੋਲਣ ਪਏ ਮਦਾਰੀ, ਥੋਡੇ ਨਾਲ਼ੋਂ ਕਿਤੇ ਚੰਗੀ ਹੈ, ਇੱਕ ਅਸੂਲੀ ਬੇਵਾ। ਅਤਾਉੱਲਾ ਸੀ ਛਾਇਆ ਪੂਰਾ, ਵਿੱਚ ਜਵਾਨੀ ਸਾਡੇ, ਸਾਰਾ ਦਿਨ ਸੀ ਸੁਣਦੇ ਰਹਿੰਦੇ, ਮੁੰਦਰੀ ਵਾਲਾ ਥੇਵਾ।

ਕੁਝ ਕਹਿਣ ਦਾ ਯਤਨ...!

ਬੇਲਗਾਮ ਤੇ ਬੇਪ੍ਰਵਾਹ । ਪਾ ਰਹੇ ਨੇ ਕਿੱਦਾਂ ਗਾਹ। ਸਾਡਾ ਨਾ ਕੁਝ ਸਕੇਂ ਵਿਗਾੜ, ਜਿੱਥੇ ਮਰਜ਼ੀ ਧੱਕੇ ਖਾਹ। ਦਹਿਸ਼ਤ ਛਾਈ ਹਰ ਇੱਕ ਥਾਂ, ਗੁੰਡਿਆਂ ਮੱਲੇ ਸਾਰੇ ਰਾਹ। ਘਰ ਦੇ ਅੰਦਰ ਬਣੇ ਗੁਲਾਮ, ਔਖਾ ਲੈਣਾ ਹੋ ਗਿਆ ਸਾਹ। ਇੱਕੋ ਰੂਪ ਮਦਾਰੀ ਸਾਰੇ, ਏਧਰ ਜਾਹ ਜਾਂ ਓਧਰ ਜਾਹ। ਰਸਤਾ ਨਾ ਕੋਈ ਬਚਦਾ ਹੈ, ਮਾੜੇ ਨਾਲ ਜਦ ਪੈ ਜਾਏ ਵਾਹ।

ਮਾਂ-ਪਿਓ

ਮਾਂ-ਪਿਓ ਦਾ ਸਤਿਕਾਰ ਕਰੋ। ਰੂਹ ਦੇ ਨਾਲ ਪਿਆਰ ਕਰੋ। ਬੋਲਣ ਤੋਂ ਨਾ ਚੁੱਪ ਕਰਾਓ, ਮੰਦਾ ਨਾ ਵਿਵਹਾਰ ਕਰੋ। ਇੱਜ਼ਤ ਦੇਵੋ, ਮਿੱਠਾ ਬੋਲੋ, ਐਵੇਂ ਨਾ ਤਕਰਾਰ ਕਰੋ। ਹਰ ਪਲ ਸੇਵਾ ਕਰਨੀ ਹੈ, ਪੱਕਾ ਇਹ ਇਕਰਾਰ ਕਰੋ। ਇਸ ਤੋਂ ਵੱਡਾ ਨਾ ਕੋਈ ਤੀਰਥ, ਘਰ ਵਿੱਚ ਰੱਬ ਦੀਦਾਰ ਕਰੋ।

ਮੁਹੱਬਤਾਂ ਦਾ ਪਾਠ

ਪੜ੍ਹ ਲੈ ਪਾਠ ਮੁਹੱਬਤਾਂ ਦਾ, ਕਰ ਪਿਆਰਾਂ ਦੀ ਗੱਲ। ਉੱਚੀਆਂ ਸੋਚਾਂ ਦੀ ਗੱਲ, ਚੰਗੇ ਵਿਚਾਰਾਂ ਦੀ ਗੱਲ। ਜਿੱਤ ਬਰੂਹਾਂ ਤੇ ਖੜ੍ਹੀ, ਜਾਹ! ਖੋਲ੍ਹ ਕੇ ਬੂਹਾ ਤੱਕ, ਸ਼ੇਰਾਂ ਨੂੰ ਨਹੀਂ ਸੋਭਦੀ, ਕਰਨੀ ਹਾਰਾਂ ਦੀ ਗੱਲ। ਇੱਕ ਦੇ ਲੇਖੇ ਲੱਗ ਜਾ, ਰੱਖ ਨੀਅਤ ਨੂੰ ਸਾਫ, ਚਿੰਤਾ, ਦੁਚਿੱਤੀ ਤਜ ਕੇ, ਹੋ! ਯਾਰਾਂ ਦੇ ਵੱਲ। ਕੀ ਜਿੱਤ, ਕੀ ਹਾਰ ਹੈ, ਸਭ ਖਿਆਲੀ ਹੈ ਗੱਲ, ਚੱਲਣਾ ਨਾਮ ਹੈ ਜੀਵਨ ਦਾ, ਨਾਲ ਸਹਿਜ ਦੇ ਚੱਲ। ਮਨ ਦੇ ਹਾਰੇ ਹਾਰ ਹੈ, ਮਨ ਦੀ ਜਿੱਤ ਹੈ ਜਿੱਤ, ਬਹੁ ਉਦੇਸ਼ੀ ਹੁਕਮ ਹੈ ਓਹਦਾ, ਤੱਕ ਗੁਰੂ ਦੇ ਵੱਲ। ਉੱਠ, ਤੁਰ ਤੇ ਵਧਦਾ ਜਾਹ, ਤੁਰਨਾ ਤੇਰਾ ਕਰਮ, ਉਹ ਹੈ ਤੇਰੀ ਉਡੀਕ ਵਿੱਚ, ਤੂੰ ਜਾ ਕੇ ਮੰਜ਼ਿਲ ਮੱਲ।

ਆਓ ਪਰਤੀਏ ਘਰਾਂ ਨੂੰ

ਆਓ ਪਰਤੀਏ ਘਰਾਂ ਨੂੰ । ਛੱਡ ਕੇ ਬੈਗਾਨੇ ਦਰਾਂ ਨੂੰ । ਉੱਚਾ ਜੇਕਰ ਉੱਡਣਾ ਹੈ, ਤਕੜੇ ਕਰੀਏ ਪਰਾਂ ਨੂੰ । ਸੱਚੇ ਮਾਰਗ ਚੱਲਦੇ ਰਹੀਏ, ਕੱਢਕੇ ਮਨ ਦੇ ਡਰਾਂ ਨੂੰ । ਲਟੋ-ਪੀਂਘ ਤੇ ਝਗੜੇ ਝੇੜੇ, ਕੀ ਬਣਾ ਲਿਆ ਘਰਾਂ ਨੂੰ । ਆ ਮੇਰੀ ਆਗੋਸ਼ 'ਚ ਆ, ਕਿਉਂ ਬੈਠਾਂ ਹੈਂ ਪਰ੍ਹਾਂ ਨੂੰ ।

ਤੂੰ ਆ ਜਾ ਮੇਘਿਆ ਵੇ

ਤੂੰ ਆ ਜਾ ਮੇਘਿਆ ਵੇ, ਤੂੰ ਆ ਕਣੀਆਂ ਬਰਸਾ। ਇਹ ਧਰਤੀ ਪਈ ਉਡੀਕਦੀ, ਤੂੰ ਆ ਕੇ ਛਹਿਬਰ ਲਾ। ਆ ਗਿਆ ਮਹੀਨਾ ਸੌਣ ਦਾ ਚਿੱਤ ਤੇਰੇ ਨਾਲ ਪਰਚਾਉਣ ਦਾ ਬਾਗਾਂ ਦੇ ਵਿੱਚ ਗਾਉਣ ਦਾ ਸੰਗ ਮੋਰਾਂ ਪੈਲਾਂ ਪਾਉਣ ਦਾ ਮੈਂ ਰਹੀ ਵਾਸਤੇ ਪਾਂਵਦੀ ਤੂੰ ਹਾੜਾ ਨਾ ਤਰਸਾਅ ਇਹ ਧਰਤੀ ਪਈ ਉਡੀਕਦੀ, ਤੂੰ ਆ ਕੇ ਛਹਿਬਰ ਲਾ। ਏਥੇ ਸੋਕਾ ਹੋਇਆ ਪਿਆਰ ਦਾ ਤੂੰ ਗੇੜਾ ਕਿਉਂ ਨਹੀਂ ਮਾਰਦਾ ਮੇਰੀ ਜਿੰਦ ਨਿਮਾਣੀ ਤਰਸਦੀ ਕਦ ਆਊ ਸਮਾਂ ਬਹਾਰ ਦਾ ਤੂੰ ਕਾਹਤੋਂ ਰੁੱਸ ਕੇ ਬਹਿ ਗਿਆ | ਮੈਨੂੰ ਏਨਾ ਨਾ ਤੜਫਾਅ ਇਹ ਧਰਤੀ ਪਈ ਉਡੀਕਦੀ, ਤੂੰ ਆ ਕੇ ਛਹਿਬਰ ਲਾ। ਸਭ ਸਖੀਆਂ ਮੇਰੇ ਹਾਣ ਦੀਆਂ ਨੇ ਵਸਲਾਂ ਦੇ ਸੁੱਖ ਮਾਣਦੀਆਂ ਉਹ ਰਹਿਣ ਰੁੱਤ ਮਿਲਾਪ ਵਿੱਚ ਨਾ ਮੈਂ ਤੱਤੜੀ ਦਾ ਦੁੱਖ ਜਾਣਦੀਆਂ ਮੈਂ ਬਿਰਹਾ ਨੂੰ ਹਾਂ ਭੋਗਦੀ ਵੇ ਮਿਲ ਕੇ ਵਸਲ ਬਣਾਅ ਇਹ ਧਰਤੀ ਪਈ ਉਡੀਕਦੀ, ਤੂੰ ਆ ਕੇ ਛਹਿਬਰ ਲਾ।

ਮੈਂ ਧੀ ਹਾਂ ਦੇਸ ਪੰਜਾਬ ਦੀ

ਮੈਂ ਧੀ ਹਾਂ ਦੇਸ ਪੰਜਾਬ ਦੀ ਮੇਰੇ ਉੱਚੇ ਨੇ ਅਰਮਾਨ। ਮੈਂ ਜੇਤੂ ਰਹਿਣਾ ਸਿੱਖਿਆ ਮੇਰੀ ਅੰਬਰ ਵੱਲ ਉਡਾਣ। ਮੇਰੇ ਜੁੱਸੇ ਭਰੀ ਬਹਾਦਰੀ ਮੈਨੂੰ ਗੁੜਤੀ ਮਿਲੀ ਦਲੇਰ ਮੈਨੂੰ ਮਾਂ ਭਾਗੋ ਨੇ ਸਿੰਜਿਆ ਜਿਸ ਦੁਸ਼ਮਣ ਕੀਤੇ ਢੇਰ ਮੈਂ ਡਰਨਾ ਮੂਲ ਨਾ ਜਾਣਦੀ ਮੇਰਾ ਵਿਰਸਾ ਬੜਾ ਮਹਾਨ ਮੈਂ ਨਵੇਂ ਸਮੇਂ ਦੇ ਹਾਣਦੀ ਮੈਂ ਸਭ ਕੁਝ ਕਰਨਾ ਜਾਣਦੀ ਸਰ ਕੀਤਾ ਹਰ ਮੁਕਾਮ ਮੈਂ ਨਹੀਂ ਬਹਿਣਾ ਨਾਲ ਅਰਾਮ ਮੈਂ ਮੈਂ ਵੱਡੇ ਸੁਪਨੇ ਸਿਰਜਦੀ ਮੈਨੂੰ ਔਰਤ ਹੋਣ ਤੇ ਮਾਣ ਮੈਂ ਨਾਲ ਮੁਹੱਬਤਾਂ ਭਰੀ ਹੋਈ ਮੇਰਾ ਹਿਰਦਾ ਬੜਾ ਵਿਸ਼ਾਲ ਘਰ ਮੇਰੇ ਨਾਲ ਹੀ ਸੋਭਦੇ ਹਰ ਦੁੱਖ-ਸੁੱਖ ਵਿੱਚ ਮੈਂ ਢਾਲ ਹੈ ਰਹਿਮਤ ਮੇਰੇ ਰੱਬ ਦੀ ਮੈਂ ਹਾਂ ਗੁਣਾਂ ਦੀ ਖਾਣ

ਅੰਬੀਆਂ ਨੂੰ ਰਸ ਪੈ ਗਿਆ

ਅੰਬੀਆਂ ਨੂੰ ਰਸ ਪੈ ਗਿਆ ਸੁੰਨਾ ਛੱਡ ਗਿਆ ਬਾਗ ਦਾ ਮਾਲੀ। ਤਿੱਪ-ਤਿੱਪ ਪਈ ਸਿੰਮਦੀ, ਮੇਰੇ ਸੁਰਖ ਬੁੱਲ੍ਹਾਂ ਦੀ ਲਾਲੀ। ਰੋਮ-ਰੋਮ ਪਿਆ ਤੜਫੇ, ਤੇ ਸਾਥ ਉਹਦਾ ਪਈ ਲੋਚਦੀ ਆਉਣਾ ਕਦੋਂ ਹੈ ਰੂਹਾਂ ਦਾ ਹਾਣੀ, ਹਰ ਪਲ ਰਹਾਂ ਸੋਚਦੀ। ਚੀਜਾਂ ਨਾਲ ਘਰ ਭਰਿਆ ਉਹਦੇ ਸਾਥ ਬਿਨਾਂ ਸਭ ਖਾਲੀ। ਤਿੱਪ-ਤਿੱਪ ਪਈ ਸਿੰਮਦੀ, ਮੇਰੇ ਸੁਰਖ ਬੁੱਲ੍ਹਾਂ ਦੀ ਲਾਲੀ। ਕੁਝ ਦਿਨ ਮੌਜਾਂ ਮਾਣ ਕੇ ਸੋਕਾ ਪਾ ਗਿਆ ਸਿਖਰ ਦਾ ਹਾਣੀ ਕਹਿੰਦੇ ਉਹ ਗਿਆ ਲਾਮ ਨੂੰ ਬਣਨੀ ਕੀ ਪਤਾ ਨੀ ਕਹਾਣੀ ਕੱਲੀ ਦਾ ਨਾ ਸਮਾਂ ਕੱਟਦਾ ਜਿੰਦ ਸਾਰੀ ਗਮਾਂ ਨੇ ਖਾ ਲੀ ਤਿੱਪ-ਤਿੱਪ ਪਈ ਸਿੰਮਦੀ, ਮੇਰੇ ਸੁਰਖ ਬੁੱਲ੍ਹਾਂ ਦੀ ਲਾਲੀ। ਤੈਨੂੰ ਯਾਰਾ ਯਾਦ ਕਰਕੇ ਰੋ ਰੋ ਕੇ ਅੱਥਰੂ ਮੁਕਾ ਲਏ ਸਿਰਜੇ ਸੀ ਹਸੀਨ ਸੁਪਨੇ ਉਹ ਚੰਦਰੇ ਵਕਤ ਨੇ ਖਾ ਲਏ ਚਿਹਰੇ ਉੱਤੋਂ ਨੂਰ ਖੁੱਸਿਆ ਲੱਭੇ ਰੌਣਕ ਨਾ ਹੁਣ ਭਾਲ਼ੀ ਤਿੱਪ-ਤਿੱਪ ਪਈ ਸਿੰਮਦੀ, ਮੇਰੇ ਸੁਰਖ ਬੁੱਲ੍ਹਾਂ ਦੀ ਲਾਲੀ।

ਮਾਂ ਤੇਰੇ ਜਾਣ ਦੇ ਪਿੱਛੋਂ

ਮਾਂ ਤੇਰੇ ਜਾਣ ਦੇ ਪਿੱਛੋਂ, ਪੂਰਾ ਭਾਬੀਆਂ ਨੇ ਪਿਆਰ ਜਿਤਾਇਆ | ਵੀਰੇ ਏਨਾ ਲਾਡ ਕਰਦੇ, ਜਿਹੜਾ ਸ਼ਬਦਾਂ 'ਚ ਜਾਏ ਨਾ ਸਮਾਇਆ ਜਦ ਵੀ ਪੇਕੇ ਜਾਣਾ ਹੋਵੇ, ਮੇਰਾ ਚਾਅ ਚੱਕਿਆ ਨਾ ਜਾਵੇ ਅੱਗੇ ਪਿੱਛੇ ਭੱਜੇ ਫਿਰਦੇ, ਹਰ ਕੋਈ ਦਿਲ ਤੋਂ ਚਾਹਵੇ ਬੱਚੇ ਭੂਆ-ਭੂਆ ਕਰਦੇ, ਮੋਹ ਦਾ ਰਿਸ਼ਤਾ ਪਾਇਆ। ਮਾਂ ਤੇਰੇ ਜਾਣ ਦੇ ਪਿੱਛੋਂ, ਪੂਰਾ ਭਾਬੀਆਂ ਨੇ ਪਿਆਰ ਜਿਤਾਇਆ | ਵੀਰੇ ਏਨਾ ਲਾਡ ਕਰਦੇ, ਜਿਹੜਾ ਸ਼ਬਦਾਂ 'ਚ ਜਾਏ ਨਾ ਸਮਾਇਆ ਭੈਣਾ ਵਰਗਾ ਸਾਕ ਨਾ ਕੋਈ, ਵੀਰੇ ਇਹ ਗੱਲ ਕਹਿੰਦੇ ਭੈਣਾਂ ਦੀ ਉਹ ਕਦਰ ਨੇ ਕਰਦੇ, ਹਰ ਪਲ ਉੱਠਦੇ ਬਹਿੰਦੇ ਭੈਣ ਨੂੰ ਮਿਲਣ ਦੀ ਖਾਤਿਰ, ਕੋਈ ਵੀ ਖਾਲੀ ਹੱਥ ਨਾ ਆਇਆ ਮਾਂ ਤੇਰੇ ਜਾਣ ਦੇ ਪਿੱਛੋਂ, ਪੂਰਾ ਭਾਬੀਆਂ ਨੇ ਪਿਆਰ ਜਤਾਇਆ | ਵੀਰੇ ਏਨਾ ਲਾਡ ਕਰਦੇ, ਜਿਹੜਾ ਸ਼ਬਦਾਂ 'ਚ ਜਾਏ ਨਾ ਸਮਾਇਆ ਮਾਂ ਦਾ ਵਿਰਸਾ ਪਿਆਰਾਂ ਵਾਲਾਂ, ਬੰਨ੍ਹ ਪੱਲੇ ਨਾਲ ਰੱਖਿਆ ਹਰ ਸਕੀਰੀ ਜੋੜ ਕੇ ਰੱਖੀ, ਸਭ ਨੂੰ ਸਾਂਭ ਕੇ ਰੱਖਿਆ ਰੱਬਾ ਮੇਹਰ ਬਣਾ ਕੇ ਰੱਖੀਂ, ਰੱਖੀਂ ਸਭ ਤੇ ਆਪਣਾ ਸਾਇਆ। ਮਾਂ ਤੇਰੇ ਜਾਣ ਦੇ ਪਿੱਛੋਂ, ਪੂਰਾ ਭਾਬੀਆਂ ਨੇ ਪਿਆਰ ਜਿਤਾਇਆ | ਵੀਰੇ ਏਨਾ ਲਾਡ ਕਰਦੇ, ਜਿਹੜਾ ਸ਼ਬਦਾਂ 'ਚ ਜਾਏ ਨਾ ਸਮਾਇਆ

ਜਿਹੜੇ ਰੋਲਦੇ ਕਿਸਾਨੀ

ਜਿਹੜੇ ਰੋਲਦੇ ਕਿਸਾਨੀ, ਆਪ ਰੁਲ਼ ਜਾਣਗੇ। ਲੋਕ ਹੋ ਗੇ ਸਾਰੇ ਕੱਠੇ, ਝੰਡੇ ਝੁਲ ਜਾਣਗੇ। ਜਿਹੜਾ ਢਿੱਡ ਸਾਡੇ ਭਰੇ, ਉਹ ਭੁੱਖਾ ਮਰਦਾ ਉਹ ਦੁੱਖਾਂ ਦੇ ਪਹਾੜ, ਪਿੰਡੇ ਉੱਤੇ ਜਰਦਾ ਹੋਰ ਚੱਲਣੇ ਨੀ ਧੱਕੇ, ਸਾਰੇ ਮਿਲ ਜਾਣਗੇ। ਜਿਹੜੇ ਰੋਲਦੇ ਕਿਸਾਨੀ, ਆਪ ਰੁਲ਼ ਜਾਣਗੇ। ਲੋਕ ਹੋ ਗੇ ਸਾਰੇ ਕੱਠੇ, ਝੰਡੇ ਝੁਲ ਜਾਣਗੇ। ਭੁੱਖਾ ਮਰਜੂ ਵਪਾਰੀ, ਜੇ ਕਿਸਾਨ ਰੋਲ਼ਿਆ ਯੁੱਧ ਛਿੜ ਜਾਣਾ ਭਾਰਾ, ਜੇ ਨਾ ਗੌਲ਼ਿਆ ਫਿਰ ਨਿਯਮ-ਕਾਨੂੰਨ ਸਾਰੇ ਭੁੱਲ ਜਾਣਗੇ ਜਿਹੜੇ ਰੋਲਦੇ ਕਿਸਾਨੀ, ਆਪ ਰੁਲ਼ ਜਾਣਗੇ। ਲੋਕ ਹੋ ਗੇ ਸਾਰੇ ਕੱਠੇ, ਝੰਡੇ ਝੁਲ ਜਾਣਗੇ। ਉੱਭਾ ਗੱਲ ਸੱਚੀ, ਹੈਗਾ ਦਿਲ ਤੋਂ ਬਿਆਨਦਾ, ਦੇਣਾ ਦਿੱਤਾ ਨਹੀਂ ਜਾਵੇ, ਮਿਹਨਤੀ ਕਿਸਾਨ ਦਾ ਭੇਤ ਝੂਠਿਆਂ ਦੇ ਹੁਣ, ਸਾਰੇ ਖੁੱਲ੍ਹ ਜਾਣਗੇ ਜਿਹੜੇ ਰੋਲ਼ਦੇ ਕਿਸਾਨੀ, ਆਪ ਰੁਲ਼ ਜਾਣਗੇ। ਲੋਕ ਹੋ ਗੇ ਸਾਰੇ ਕੱਠੇ, ਝੰਡੇ ਝੁਲ ਜਾਣਗੇ।

ਮਾਂ ਨੂੰ ਸਜਦਾ

ਮਾਂ ਮੁਹੱਬਤ ਦਾ ਸਿਖਰ ਉੱਚਾ-ਸੁੱਚਾ ਜਿਸਦਾ ਨਾਂ! ਮਾਂ ਤੇਜੱਸਵੀ ਗੋਦ ਨਿੱਘ ਭਰੀ ਹੈ ਠੰਢੀ ਮਿੱਠੀ ਛਾਂ! ਮਾਂ ਅਸੀਸ ਦੇਵੇ ਹਰ ਸਾਹ ਓਟ ਆਸਰਾ ਹਰ ਥਾਂ! ਮਾਂ ਦਿਲ ਦੀ ਹਰ ਪਲ ਧੜਕਣ ਆਨੰਦ ਇਲਾਹੀ ਮੈਂ ਤੇਰੇ ਵਾਰੇ ਵਾਰੇ ਜਾਂ ਧੰਨ ਮੇਰੀ ਮਾਂ ਧੰਨ ਮੇਰੀ ਮਾਂ ਮਾਂ ਬੱਸ ਮਾਂ! ਹਰ ਮਾਂ ਨੂੰ ਸਜਦਾ।

ਤੇਰੀ ਰਹਿਮਤ

ਤੇਰੀ ਕ੍ਰਿਪਾ ਤੇਰੀ ਰਹਿਮਤ ਬੇਅੰਤ ਅਨੰਤ! ਤੇਰੇ ਨਾਲ ਜਾਹੋ ਜਲਾਲ! ਬੱਸ! ਸ਼ੁਕਰਾਨਾ ਤੇਰੀਆਂ ਦਾਤਾਂ ਦਾ! ਮੁਹੱਬਤ ਬਣਾ ਕੇ ਰੱਖੀਂ ਮੈਂਡਿਆ ਸੱਜਣਾਂ!

ਤੇਰਾ ਕੋਈ ਮੇਚ ਨਹੀਂ

ਮੈਂ ਤੇਰੇ ਦਰਦ ਨੂੰ ਜਾਣਦਾਂ! ਮੈਨੂੰ ਇਹ ਵੀ ਇਲਮ ਹੈ ਕਿ ਤੂੰ ਹਰ ਰੂਪ ਵਿਚ ਦਰਦ ਹੰਢਾਇਆ ਹੈ! ਪਰ ਫਿਰ ਵੀ ਤੇਰੀ ਸ਼ਰਧਾ ਤੇ ਸ਼ਿੱਦਤ ਨੂੰ ਮੈਂ ਸਲਾਮ ਕਰਦਾ ਹਾਂ! ਤੂੰ ਮਹਾਨ ਹੈਂ ਤੇ ਤੇਰਾ ਕੋਈ ਮੇਚ ਨਹੀਂ ਸਲਾਮ ਕਬੂਲ ਕਰ! ਤੇਰਾ ਉੱਭਾ

ਆਸ

ਕੋਈ ਗੱਲ ਨਹੀਂ ਆਸ ਦਾ ਪੱਲਾ ਨਹੀਂ ਛੱਡਣਾ ਹਨੇਰੇ ਨੇ ਸਵੇਰੇ ਵਿਚ ਬਦਲਣਾ ਹੈ ਤੂੰ ਯਕੀਨ ਤਾਂ ਰੱਖ! ਅੱਤ ਦਾ ਸਮਾਂ ਲੰਬਾ ਨਹੀਂ ਹੁੰਦਾ ਤੇ ਅੱਤ ਦਾ ਅੰਤ ਹੋਣਾ ਹੀ ਹੈ ਦਲੇਰੀ ਰੱਖ, ਹੌਂਸਲਾ ਰੱਖ ਫੁੱਲਾਂ ਦੀ ਰੁੱਤ ਜਰੂਰੀ ਆਵੇਗੀ ਆਗਾਜ਼ ਹੋ ਗਿਆ ਹੈ!

ਅਸੀਂ ਘੈਂਟ ਪੰਜਾਬੀ ਹਾਂ!

ਅਸੀਂ ਘੈਂਟ ਪੰਜਾਬੀ ਹਾਂ! ਸਾਰੇ ਮਾਣ ਨਾਲ ਲੈਂਦੇ ਸਾਡਾ ਨਾਂ ਉੱਚੀ-ਸੁੱਚੀ ਸੋਚ ਸਾਡੀ ਚੰਗੇ ਕੰਮ ਕਰਦੇ ਹਾਂ ਮਿਹਨਤ ਸੁਭਾਅ ਸਾਡਾ ਸੱਚੀ ਕਾਰ ਕਰਦੇ ਹਾਂ ਦਿੰਦੇ ਬੰਜਰ ਜਮੀਨਾਂ ਨੂੰ ਵਾਹ ਅੰਨ ਸਭ ਲਈ ਦਿੰਦੇ ਹਾਂ ਉਗ੍ਹਾਹ ਤਾਂਹੀਓਾ ਅਸੀਂ ਘੈਂਟ ਪੰਜਾਬੀ ਹਾਂ! ਘੈਂਟ ਪੰਜਾਬੀ ਜੰਗ ਜਦੋਂ ਲੱਗੀ ਹੋਵੇ ਮੂਹਰੇ ਹੋ ਕੇ ਲੜਦੇ ਹਾਂ ਤੋਪਾਂ, ਟੈਂਕਾਂ, ਗੋਲੀਆਂ 'ਚ ਤਾਣ ਸੀਨਾ ਖੜ੍ਹਦੇ ਹਾਂ ਦਿੰਦੇ ਦੁਸ਼ਮਣ ਦੇ ਅਸੀਂ ਛੱਕੇ ਹਾਂ ਛੁਡਾਅ ਦੇਸ਼ ਦੀ ਹਾਂ ਖੜਗ ਭੁਜਾ ਤਾਂਹੀਓਾ ਅਸੀਂ ਘੈਂਟ ਪੰਜਾਬੀ ਹਾਂ! ਘੈਂਟ ਪੰਜਾਬੀ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਅੰਬਰਾਂ ਤੇ ਛਾਏ ਹਾਂ ਉੱਚੇ ਨੇ ਮੁਕਾਮ ਪਾਏ ਸਾਰਿਆਂ ਨੂੰ ਭਾਏ ਹਾਂ ਸਿੱਕਾ ਸਾਡਾ ਚੱਲਦਾ ਹੈ ਹਰ ਥਾਂ ਸਾਰੇ ਮਾਣ ਨਾਲ ਲੈਂਦੇ ਸਾਡਾ ਨਾਂ ਉੱਭਿਆ ਅਸੀਂ ਘੈਂਟ ਪੰਜਾਬੀ ਹਾਂ! ਘੈਂਟ ਪੰਜਾਬੀ

ਰੱਬਾ ਤੇਰੀ ਰਹਿਮਤ ਦਾ

ਰੱਬਾ ਤੇਰੀ ਰਹਿਮਤ ਦਾ, ਜਸ ਗਾਈਏ ਜਿੰਨਾ ਥੋੜ੍ਹਾ ਹੈ ਝੋਲੀਆਂ ਭਰ ਭਰ ਦਿੱਤਾ ਤੂੰ, ਨਾ ਕਿਸੇ ਗੱਲ ਦਾ ਤੋੜਾ ਹੈ ਰੱਜਵੀਂ ਦਾਤਾ ਰੋਟੀ ਮਿਲਦੀ, ਰਹਿਣ ਦੇ ਲਈ ਮਕਾਨ ਮੋਹ ਮੁਹੱਬਤ ਬੱਚੇ ਕਰਦੇ, ਘਰ ਦੀ ਨਾਰੀ ਹੈ ਗੁਣਵਾਨ ਮਾਂ-ਬਾਪ ਦਾ ਸਿਰ ਦੇ ਉੱਪਰ, ਸਜਿਆ ਮੇਰੇ ਜੋੜਾ ਹੈ ਝੋਲੀਆਂ ਭਰ ਭਰ ਦਿੱਤਾ ਤੂੰ, ਨਾ ਕਿਸੇ ਗੱਲ ਦਾ ਤੋੜਾ ਹੈ ਦੋਸਤ ਮਿੱਤਰ ਦਿਲ ਦੇ ਰਾਜੇ, ਰੱਜਵਾਂ ਪਿਆਰ ਨੇ ਕਰਦੇ ਭੈਣ-ਭਾਈ ਸਭ ਦੁੱਖ-ਸੁੱਖ ਅੰਦਰ, ਨਾਲ ਹਮੇਸ਼ਾ ਖੜਦੇ ਏਨਾ ਸਾਰੇ ਮਾਣ ਨੇ ਕਰਦੇ, ਸੀਨਾ ਹੁੰਦਾ ਚੌੜਾ ਹੈ। ਝੋਲੀਆਂ ਭਰ ਭਰ ਦਿੱਤਾ ਤੂੰ, ਨਾ ਕਿਸੇ ਗੱਲ ਦਾ ਤੋੜਾ ਹੈ ਹਰ ਪਲ ਤੇਰਾ ਸ਼ੁਕਰ ਦਾਤਿਆ, ਤੇਰੀ ਹੈ ਵਡਿਆਈ ਮੇਹਰ ਬਣਾ ਕੇ ਰੱਖ ਹਮੇਸ਼ਾ, ਹੈ ਉੱਭੇ ਦੀ ਅਰਜੋਈ ਏਸ ਨਾਲ ਕੋਈ ਫਰਕ ਨੀ ਪੈਂਦਾ, ਬਹੁਤਾ ਹੈ ਜਾਂ ਥੋੜ੍ਹਾ ਹੈ ਝੋਲੀਆਂ ਭਰ ਭਰ ਦਿੱਤਾ ਤੂੰ, ਨਾ ਕਿਸੇ ਗੱਲ ਦਾ ਤੋੜਾ ਹੈ

ਸੋਹਣੇ ਸਰਦਾਰ

ਅਸੀਂ ਸੋਹਣੇ ਸਰਦਾਰ, ਜਾਈਏ ਦੇਸ਼ ਉੱਤੋਂ ਵਾਰ! ਨਾ ਝੂਠ, ਨਾ ਫਰੇਬ, ਸਾਡੀ ਸੱਚੀ-ਸੁੱਚੀ ਕਾਰ ! ਸਾਡਾ ਰੂਪ ਹੈ ਨਿਆਰਾ, ਸਾਡੀ ਸੋਚ ਬੜੀ ਉੱਚੀ, ਸਾਨੂੰ ਗੁੜ੍ਹਤੀ ਗੁਰਾਂ ਦੀ, ਜਿਹੜੀ ਸੱਚ ਨਾਲੋਂ ਸੁੱਚੀ, ਮਾਨਵੀ ਭਲਾਈ ਸਾਡਾ, ਪਹਿਲਾ ਹੈ ਪਿਆਰ। ਅਸੀਂ ਮੰਗਦੇ ਭਲਾਈ, ਸੰਸਾਰ ਸਾਰੇ ਦੀ ਅਸੀਂ ਬਣਦੇ ਹਾਂ ਢਾਲ, ਸਦਾ ਹੰਭੇ ਹਾਰੇ ਦੀ ਹੱਕ-ਸੱਚ ਦੇ ਸਦਾ ਹੀ ਅਸੀਂ ਰਹੇ ਪਹਿਰੇਦਾਰ। ਸਾਡੀ ਬੜੀ ਹੈ ਲੰਮੇਰੀ, ਇਹ ਸ਼ਹੀਦੀ ਦੀ ਕਹਾਣੀ, ਸਾਡਾ ਜੀਵਨ ਸਰੋਤ, ਸਾਡੇ ਗੁਰੂਆਂ ਦੀ ਬਾਣੀ, ਸਾਡੀ ਕਿਰਤ ਕਮਾਈ, ਸਾਡਾ ਉੱਚਾ ਕਿਰਦਾਰ।

ਤੂੰ…...ਬਸ...…ਤੂੰ

ਹਾੳਮੇ ਹੈਂਕੜ ਤੇ ਹੰਕਾਰ! ਇੱਕ ਪਲ ਵਿੱਚ ਦਿੰਦੈ ਮਾਰ! ਮੈਂ-ਮੈਂ ਦੀ ਰਟ ਕਰਤਾ ਭਾਵ ਨਾ! ਬਿਲਕੁਲ ਨਾ! ਨਾ ਮੇਰੇ ਯਾਰ! ਕੁਝ ਵੀ ਨਹੀਂ ਮੈਂ ਸਭ ਉਸ ਦੀ ਹੀ ਹੈ ਕਾਰ! ਜੇ ਨਜ਼ਰ ਸਵੱਲੀ ਰੱਖੇ ਤਾਂ ਸੱਤ ਜਨਮਾਂ ਤੱਕ ਦਿੰਦੈ ਤਾਰ! ਕਾਹਦੀ ਜਿੱਤ ਤੇ ਕਾਹਦੀ ਹਾਰ! ਉਸਦਾ ਹੈ ਸੰਸਾਰ ਤੇ ਉਸਦੀ ਹੀ ਸਰਕਾਰ! ਮਿਹਰ ਬਣਾ ਕੇ ਰੱਖੀਂ ਤੇਰੇ ਹੱਥ ਹੈ ਡੋਰ ਤੂੰ ਲੰਘਾਵੀਂ ਪਾਰ ਓ ਪਰਵਦਿਗਾਰ! ਸੱਚੀ ਸਰਕਾਰ! ਤਾਰਨਹਾਰ! ਪਾਰ ਉਤਾਰਨਹਾਰ! ਹਾੳਮੇ ਹੈਂਕੜ ਤੇ ਹੰਕਾਰ! ਇੱਕ ਪਲ ਵਿੱਚ ਦਿੰਦੈ ਮਾਰ! ਮੈਂ-ਮੈਂ ਦੀ ਰਟ ਕਰਤਾ ਭਾਵ ਨਾ! ਬਿਲਕੁਲ ਨਾ! ਨਾ ਮੇਰੇ ਯਾਰ! ਕੁਝ ਵੀ ਨਹੀਂ ਮੈਂ ਸਭ ਉਸ ਦੀ ਹੀ ਹੈ ਕਾਰ! ਜੇ ਨਜ਼ਰ ਸਵੱਲੀ ਰੱਖੇ ਤਾਂ ਸੱਤ ਜਨਮਾਂ ਤੱਕ ਦਿੰਦੈ ਤਾਰ! ਕਾਹਦੀ ਜਿੱਤ ਤੇ ਕਾਹਦੀ ਹਾਰ! ਉਸਦਾ ਹੈ ਸੰਸਾਰ ਤੇ ਉਸਦੀ ਹੀ ਸਰਕਾਰ! ਮਿਹਰ ਬਣਾ ਕੇ ਰੱਖੀਂ ਤੇਰੇ ਹੱਥ ਹੈ ਡੋਰ ਤੂੰ ਲੰਘਾਵੀਂ ਪਾਰ ਓ ਪਰਵਦਿਗਾਰ! ਸੱਚੀ ਸਰਕਾਰ! ਤਾਰਨਹਾਰ! ਪਾਰ ਉਤਾਰਨਹਾਰ!

  • ਮੁੱਖ ਪੰਨਾ : ਡਾ. ਧਰਮਿੰਦਰ ਸਿੰਘ ਉੱਭਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ