Viang De Dushman : K.L. Garg
ਵਿਅੰਗ ਦੇ ਦੁਸ਼ਮਣ (ਵਿਅੰਗ) : ਕੇ.ਐਲ. ਗਰਗ
ਇੱਕ ਦ੍ਰਿਸ਼ ਦੇਖੋ:
ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਰਜੁਨ ਰੱਥ ਤੋਂ ਹੇਠਾਂ ਉੱਤਰ ਕੇ ਜ਼ਮੀਨ ‘ਤੇ ਬਹਿ ਗਿਆ। ਉਸ ਦੇ ਦੁਸ਼ਮਣ ਉਸ ਦੇ ਚਾਰੇ ਪਾਸੇ ਸ਼ਸਤਰਾਂ-ਅਸਤਰਾਂ ਸਮੇਤ ਖਲੋ੍ਹਤੇ ਹਨ; ਯੁੱਧ ਕਰਨ ਲਈ ਤਿਆਰ ਬਰ ਤਿਆਰ। ਉਸ ਦੇ ਸਾਰਥੀ ਸ੍ਰੀ ਕ੍ਰਿਸ਼ਨ ਵੀ ਉਸ ਕੋਲ ਆ ਖਲੋਤੇ ਹਨ। ਮਸਲਾ ਹੁਣ ਇਹ ਹੈ ਕਿ ਹਨ ਤਾਂ ਉਹ ਸਾਰੇ ਦੁਸ਼ਮਣ ਪਰ ਗ਼ਲ਼ਤੀ ਨਾਲ ਅਰਜੁਨ ਨੂੰ ਉਹ ਆਪਣੇ ਭਰਾ, ਚਾਚੇ, ਤਾਏ, ਗੁਰੂ ਤੇ ਭਤੀਜੇ ਨਜ਼ਰ ਆ ਰਹੇ ਹਨ। ਉਸ ਨੇ ਆਪਣਾ ਧਨੁਸ਼ ਬਾਣ ਵੀ ਭੂਮੀ ‘ਤੇ ਰੱਖ ਦਿੱਤਾ ਹੈ। ਸਿਰ ਨਿਵਾ ਕੇ, ਰੋਣੀ ਮੁਦਰਾ ਬਣਾ ਕੇ, ਆਪਣੇ ਸਾਰਥੀ ਕ੍ਰਿਸ਼ਨ ਨੂੰ ਕਹਿ ਰਿਹਾ ਹੈ:
”ਯੋਗੀਰਾਜ ਕ੍ਰਿਸ਼ਨ, ਇਹ ਤਾਂ ਸਭ ਮੇਰੇ ਰਿਸ਼ਤੇਦਾਰ ਤੇ ਸਕੇ-ਸਬੰਧੀ ਹਨ। ਮੈਂ ਇਨ੍ਹਾਂ ਨਾਲ ਯੁੱਧ ਕਰਕੇ ਪਾਪ ਦਾ ਭਾਗੀ ਨਹੀਂ ਬਣ ਸਕਦਾ। ਇਨ੍ਹਾਂ ਨੂੰ ਮਾਰ ਕੇ ਤਾਂ ਮੇਰੇ ਲਈ ਨਰਕ ਦੇ ਬੂਹੇ ਖੁੱਲ੍ਹਣਗੇ ਹੀ ਖੁੱਲ੍ਹਣਗੇ।”
ਸੁਣ ਕੇ ਯੋਗੀਰਾਜ ਕ੍ਰਿਸ਼ਨ ਮੁਸਕਰਾਉਂਦੇ ਹਨ ਤੇ ਸੋਗ ‘ਚ ਡੁੱਬੇ ਅਰਜੁਨ ਨੂੰ ‘ਗੀਤਾ’ ਦਾ ਉਪਦੇਸ਼ ਸੁਣਾਉਂਦੇ ਹਨ। ਕਰਮ ਦਾ ਫਲਸਫ਼ਾ ਰਿਸ਼ਤੇਦਾਰੀ ‘ਤੇ ਭਾਰੂ ਪੈਂਦਾ ਹੈ ਤੇ ਅਰਜੁਨ ਧਨੁਸ਼ ਚੁੱਕ ਕੇ ਯੁੱਧ ਲਈ ਤਿਆਰ ਹੋ ਜਾਂਦਾ ਹੈ।
ਵਿਅੰਗ ਦੀ ਹਾਲਤ ਵੀ ਅਰਜੁਨ ਵਰਗੀ ਹੀ ਹੈ। ਮੂੰਹ ਮੁਲਾਹਜ਼ੇ ਤੇ ਰਿਸ਼ਤੇਦਾਰੀ ਪ੍ਰੇਮ ਉਸ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਅੱਜ ਜ਼ਿਆਦਾਤਰ ਭ੍ਰਿਸ਼ਟਾਚਾਰ, ਬੇਈਮਾਨੀ, ਠੱਗੀ ਤੇ ਮੱਕਾਰੀ ਇਸ ਕਰਕੇ ਫੈਲੇ ਹੋਏ ਹਨ ਕਿ ਵਿਅੰਗ ਮੂੰਹ-ਮੁਲਾਹਜ਼ੇਦਾਰ ਹੋ ਗਿਆ ਹੈ। ਰਿਸ਼ਤਿਆਂ ਦੀ ਮੱਕਾਰੀ ਤੇ ਧਿੱਕਾਰੀ ਪ੍ਰਤੀ ਬੇਮੁਖ ਹੋ ਗਿਆ ਹੈ। ਧੋਖੇਬਾਜ਼ ਤੇ ਮੱਕਾਰ ਲੋਕ ਉਸ ਨੂੰ ਆਮ ਹੀ ਕਹਿੰਦੇ ਹਨ:
”ਇਹ ਸਾਡਾ ਸਾਲਾ ਹੈ ਜੀ। ਕੀ ਕਰੀਏ ਸਾਕ ਹੀ ਕੁਝ ਐਸਾ ਹੈ ਜੀ। ਮੰਨਦੇ ਹਾਂ ਜੀ ਕਿ ਸਾਲਾ ਸਾਹਿਬ ਥੋੜ੍ਹੇ ਭ੍ਰਿਸ਼ਟ ਹਨ ਪਰ ਸਰ ਜੀ ਸਭ ਚੱਲਦਾ ਹੈ ਇਸ ਜ਼ਮਾਨੇ ‘ਚ। ਇਸ ‘ਤੇ ਚੋਟ ਨਾ ਲਾਉਣੀ। ਇਸ ਦੀ ਖੋਟ ਬਖਸ਼ ਦੇਣੀ ਜੀ। ਰਿਸ਼ਤਾ ਹੀ ਕੁਝ ਐਸਾ ਹੈ ਕਿ ਚੁੱਪ ਰਿਹਾ ਵੀ ਨਾ ਜਾਏ, ਕੁਛ ਕਿਹਾ ਵੀ ਨਾ ਜਾਏ। ਤੁਸੀਂ ਸਰ ਜੀ ਇਹ ਮੁਹਾਵਰਾ ਤਾਂ ਜ਼ਰੂਰ ਸੁਣਿਆ ਹੀ ਹੋਵੇਗਾ। ਅਖੇ, ਜ਼ੋਰੂ ਕਾ ਭਾਈ ਏਕ ਤਰਫ਼, ਸਾਰੀ ਖੁਦਾਈ ਏਕ ਤਰਫ। ਆਪਣੇ ਤਿੱਖੇ ਵਿਅੰਗ ਬਾਣਾਂ ਤੋਂ ਬਚਾਈ ਰੱਖਣਾ ਸਾਡੇ ਸਾਲਾ ਸਾਹਿਬ ਨੂੰ।”
ਇਸ ਹਾਲਤ ਵਿੱਚ ਵਿਅੰਗ ਵਿਚਾਰਾ ਕੀ ਕਰੇ?
ਇੱਕ ਹੋਰ ਸਾਹਿਬ ਸਵੇਰੇ-ਸਵੇਰੇ ਹੀ ਨਿਰਣੇ ਕਾਲਜੇ ਆ ਕੇ ਬੂਹਾ ਠਕੋਰਦੇ ਹਨ।
”ਯਾਰ ਵਿਅੰਗ, ਫਲਾਣਾ ਰੀਠਾ ਸਿੰਹੁ ਆਪਣੇ ਮੂੰਹ ਮੱਥੇ ਲੱਗਣ ਵਾਲਾ ਬੰਦੈ। ਸੌ ਕੰਮ ਸਾਰਦਾ ਐ ਵੇਲੇ ਕੁਵੇਲੇ। ਇਸ ਵਾਰ 420 ਦੇ ਕੇਸ ‘ਚ ਫਸ ਗਿਐ। ਉਹਨੂੰ ਬਚਾਉਣਾ ਈ ਬਚਾਉਣਾ ਇਸ ਵਾਰ। ਸਮਾਜਕ ਪ੍ਰਾਣੀ ਆਂ ਜੀ। ਸੋ ਮੁਲਾਹਜ਼ੇਦਾਰੀਆਂ ਹੁੰਦੀਆਂ। ਧਿਆਨ ਰੱਖਣਾ ਈ ਪੈਂਦਾ। ਐਤਕੀਂ ਬਖਸ਼ ਦਿਉ, ਅੱਗੋ ਨੂੰ ਧਿਆਨ ਰੱਖੇਗਾ। ਫਿਰ ਕਦੇ ਸ਼ਿਕਾਇਤ ਨੀ ਆਉਂਦੀ ਤੁਹਾਨੂੰ।”
ਵਿਅੰਗਕਾਰ ਵੀ ਤਾਂ ਸਮਾਜਕ ਪ੍ਰਾਣੀ ਹੀ ਹੈ। ਉਹ ਸਾਹਿਬ ਪੁਰਾਣੇ ਵਾਕਫ਼ ਹਨ। ਘਰ ਬਣਾਉਣ ਵੇਲੇ ਬਲੈਕ ‘ਚ ਸੀਮਿੰਟ ਖਰੀਦ ਕੇ ਸਾਡਾ ਬੁੱਤਾ ਸਾਰਿਆ ਸੀ। ਕਿਵੇਂ ਭੁੱਲ ਜਾਈਏ ਉਨ੍ਹਾਂ ਦਾ ਅਹਿਸਾਨ? ਰੀਠਾ ਸਿੰਹੁ ਦੇ ਮਾਮਲੇ ‘ਚ ਕੁਸ਼ ਤਾਂ ਠੀਹ ਠੱਪਾ ਕਰਨਾ ਹੀ ਪਵੇਗਾ।
ਫਿਰ ਵਿਅੰਗ ਕਿੱਥੇ ਜਾਵੇਗਾ? ਕੀ ਕਰੇਗਾ? ਇਨ੍ਹਾਂ ਸਵਾਲਾਂ ਨੂੰ ਹਾਲ ਦੀ ਘੜੀ ਦਰ ਗੁਜ਼ਰ ਕਰਕੇ ਰੀਠਾ ਸਿੰਹੁ ਦੇ ਕੇਸ ਬਾਰੇ ਸੋਚੀਏ। 420 ਦੇ ਕੇਸ ਦੀ ਜ਼ੀਰੋ ਕੱਟਣੀ ਹੀ ਪਵੇਗੀ। ਫਿਰ ਵਿਅੰਗਕਾਰ ਬਣਨ ਦੀ ਕੀ ਲੋੜ ਹੈ। ਕਵੀ ਬਣ ਕੇ ਪ੍ਰੇਮ ਭਰੀਆਂ ਕਵਿਤਾਵਾਂ ਲਿਖਿਆ ਕਰੋ।
ਹਮਦਰਦੀ ਵੀ ਵਿਅੰਗ ਦੀ ਵੱਡੀ ਦੁਸ਼ਮਣ ਹੈ। ਘੋੜਾ ਘਾਹ ਨਾਲ ਹੀ ਯਾਰੀ ਪਾ ਲਵੇ ਤਾਂ ਖਾਵੇਗਾ ਕੀ? ਤੇ ਪਾਵੇਗਾ ਕੀ? ਮੰਨ ਲਉ ਇੱਕ ਮੋਟਾ ਬੰਦਾ ਤਿਲਕ ਕੇ ਡਿੱਗ਼ ਪੈਂਦਾ ਹੈ। ਮੋਟੇ ਬੰਦੇ ਦਾ ਧੈਂਅ ਦੇ ਕੇ ਡਿੱਗਣਾ ਹਾਸੇ ਦਾ ਮੌਜੂ ਹੈ ਪਰ ਜੇ ਉਸ ਦੀ ਲੱਤ-ਬਾਂਹ ਟੁੱਟ ਜਾਏ, ਸਿਰ ਪਾਟ ਜਾਵੇ, ਧੌਣ ਦਾ ਮਣਕਾ ਯਰਕ ਖਾ ਜਾਵੇ ਤੇ ਉਹ ਚੀਕਾਂ ਛੱਡਣ ਲੱਗ ਪਵੇ ਤੇ ਤੁਹਾਨੂੰ ਉਸ ਨਾਲ ਹਮਦਰਦੀ ਜਾਗ ਪਏ ਤਾਂ ਤੁਹਾਡਾ ਵਿਅੰਗ ਜਾਂ ਹਾਸਾ ਤਾਂ ਸਮਝੋ ਹੋ ਗਿਆ ਛੂ-ਮੰਤਰ। ਤੁਸੀਂ ਉਸ ‘ਤੇ ਵਿਅੰਗ ਕਸਣ ਦੀ ਥਾਂ ਉਸ ਦੀ ਮੱਲ੍ਹਮ-ਪੱਟੀ ‘ਚ ਰੁੱਝ ਜਾਉਗੇ, ਉਸ ਨੂੰ ਚੁੱਕ ਕੇ ਹਸਪਤਾਲ ਵੀ ਪਹੁੰਚਾਉਣ ਦਾ ਯਤਨ ਕਰੋਗੇ। ਕਿਸੇ ਮੱਕਾਰ ਬੰਦੇ ‘ਤੇ ਹਮਦਰਦੀ ਜਾਗਣੀ, ਵਿਅੰਗ ਲਈ ਖ਼ਤਰੇ ਦਾ ਅਲਾਰਮ ਹੁੰਦਾ ਹੈ। ਹੋਰ ਕੁਝ ਰਹੇ ਜਾਂ ਨਾ ਰਹੇ, ਵਿਅੰਗ ਜ਼ਰੂਰ ਵਿੱਚੋਂ ਨਦਾਰਦ ਹੁੰਦਾ ਹੈ। ਪਾਂਡਵਾਂ ਦਾ ਨਵਾਂ ਭਵਨ ਦੇਖਣ ਆਏ ਕੌਰਵ ਭਰਾ ਸੁੱਕੀ ਥਾਂ ਸਮਝ ਕੇ ਪਾਣੀ ‘ਚ ਡਿੱਗੇ ਤਾਂ ਦਰੋਪਦੀ ਨੇ ਵਿਅੰਗ ਕਸਦਿਆਂ ਤਾਅਨਾ ਮਾਰਿਆ ਸੀ, ”ਅੰਨਿ੍ਹਆਂ ਦੀ ਸੰਤਾਨ ਵੀ ਅੰਨ੍ਹੀ ਹੀ ਹੁੰਦੀ ਏ।” ਪਰ ਜੇ ਕੌਰਵਾਂ ‘ਚੋਂ ਕੋਈ ਭਰਾ ਪਾਣੀ ‘ਚ ਡੁੱਬ ਕੇ ਮਰ ਜਾਂਦਾ, ਸ਼ਰਮ ਨਾਲ ਡੁੱਬ ਕੇ ਮਰਨ ਵਾਲਾ ਉਨ੍ਹਾਂ ‘ਚੋਂ ਕੋਈ ਨਹੀਂ ਸੀ, ਜਾਂ ਕਿਸੇ ਦੀ ਲੱਤ-ਬਾਂਹ ਮੜਕ ਜਾਂਦੀ ਤਾਂ ਸ਼ਾਇਦ ਦਰੋਪਦੀ ਇਹੋ ਜਿਹੇ ਵਿਅੰਗ ਵਚਨ ਨਾ ਹੀ ਬੋਲਦੀ ਤੇ ਕੁਰੂਕਸ਼ੇਤਰ ਦਾ ਯੁੱਧ ਟਲ ਜਾਂਦਾ। ਦਰੋਪਦੀ ਦਾ ਵਿਅੰਗ ਇਸੇ ਕਰਕੇ ਡੰੂਘਾ ਵੱਜਿਆ ਸੀ ਕਿਉਂਕਿ ਉਸ ਦੇ ਮਨ ‘ਚ ਕੌਰਵਾਂ ਦੇ ਪਾਣੀ ‘ਚ ਡਿੱਗਣ ਕਰਕੇ ਹਮਦਰਦੀ ਪੈਦਾ ਨਹੀਂ ਹੋਈ ਸੀ।
ਡਰ, ਹਮਦਰਦੀ ਦਾ ਕਜ਼ਨ ਹੈ। ਵਿਅੰਗ ਦਾ ਓਨਾ ਹੀ ਵੱਡਾ ਦੁਸ਼ਮਣ। ਇੱਕ ਵਾਰ ਅਸੀਂ ਇੱਕ ਵਿਅੰਗਕਾਰ ਨੂੰ ਪੁੱਛਿਆ ਸੀ, ”ਗੁਰੂ ਜੀ, ਤੁਸੀਂ ਤਿੱਖਾ ਵਿਅੰਗ ਕਿਉਂ ਨਹੀਂ ਲਿਖਦੇ? ਹਾਸੇ-ਮਜ਼ਾਕ ‘ਚ ਹੀ ਗੱਲ ਟਾਲ ਦਿੰਦੇ ਹੋ?” ਤਾਂ ਉਨ੍ਹਾਂ ਹੱਸ ਕੇ ਆਖਿਆ ਸੀ, ”ਹਾਲੇ ਸਾਨੂੰ ਆਪਣੀਆਂ ਲੱਤਾਂ-ਬਾਹਾਂ ਨਾਲ ਪਿਆਰ ਹੈ। ਤਿੱਖਾ ਵਿਅੰਗ ਲਿਖ ਕੇ ਹੱਡੀਆਂ ਕੌਣ ਤੁੜਾਵੇ। ਸਾਡੇ ਲੋਕ ਹਾਲੇ ਵਿਅੰਗ ਲਈ ਸਹਿੰਦਣ ਨਹੀਂ ਹੋਏ। ਵਿਅੰਗ ਕਰਨਾ ਜਾਂ ਝੱਲਣਾ ਨਹੀਂ ਜਾਣਦੇ। ਵਿਅੰਗ ਨੂੰ ਇਨਜਾਏ ਨਹੀਂ ਕਰਦੇ, ਵਿਅੰਗ ਹੁੰਦਾ ਦੇਖ ਕੇ ਮਰਨ-ਮਾਰਨ ਲਈ ਤਿਆਰ ਹੋ ਜਾਂਦੇ ਐ। ਤਿੱਖੇ ਵਿਅੰਗ ਦਾ ਹਾਲੇ ਸਮਾਂ ਨਹੀਂ ਆਇਆ। ਹੈਂਕੜਬਾਜ਼ਾਂ, ਲੱਠਮਾਰਾਂ ਤੇ ਛੁਰੀਮਾਰਾਂ ਤੋਂ ਡਰਨ ਵਾਲਾ ਬੰਦਾ ਵਿਅੰਗਕਾਰ ਨਹੀਂ ਬਣ ਸਕਦਾ। ਪਰ ਕਬੀਰ ਸਾਹਿਬ?” ਅਸੀਂ ਆਖਿਆ ਸੀ।
”ਉਨ੍ਹਾਂ ਦੀ ਗੱਲ ਹੋਰ ਸੀ। ਜਣਾ-ਖਣਾ ਵਿਅੰਗਕਾਰ ਕਬੀਰ ਨਹੀਂ ਬਣ ਸਕਦਾ। ਤੁਸੀਂ ਸੁਣਿਆ ਹੀ ਹੋਵੇਗਾ। ‘ਕਬੀਰਾ ਹਮਰੀ ਝੌਪੜੀ ਗਲ ਕਟੀਅਨ ਕੇ ਪਾਸ, ਸਿਰ ਵਾਰੇ ਜੋ ਆਪਨਾ ਚਲੇ ਹਮਾਰੇ ਸਾਥ’।” ਜਾਬਰਾਂ ਤੇ ਨਾਬਰਾਂ ਤੋਂ ਡਰਨ ਵਾਲਾ, ਸੱਤਾ ਤੋਂ ਸਹਿ ਕੇ ਬੈਠਣ ਵਾਲਾ ਸ਼ਖ਼ਸ ਵਿਅੰਗ ਦੀ ਪਦਵੀ ਦਾ ਸੁਆਦ ਨਹੀਂ ਚਖ਼ ਸਕਦਾ। ਡਰਪੋਕ ਇਨਸਾਨ ਵਿਅੰਗ ਨਹੀਂ ਭਖ ਸਕਦਾ।
ਲਾਲਚ ਤੇ ਲਾਲਸਾ ਜਿਹੀਆਂ ਜੌੜੀਆਂ ਭੈਣਾਂ ਵਿਅੰਗ ਦੇ ਰਾਹ ‘ਚ ਹਮੇਸ਼ਾਂ ਕੰਡੇ ਵਿਛਾਈ ਰੱਖਦੀਆਂ ਹਨ। ਕੋਲ ਮਹਿੰਗੀ ਕਾਰ ਹੋਵੇ, ਸਰਕਾਰ ਨਾਲ ਜੁੜੀ ਤਾਰ ਹੋਵੇ, ਇਨਾਮਾਂ ਦੀ ਭਰਮਾਰ ਹੋਵੇ, ਏਨੀਆਂ ਲਾਲਸਾਵਾਂ ਪਾਲਣ ਵਾਲਾ ਬੰਦਾ ਕੀ ਵਿਅੰਗਕਾਰ ਹੋ ਸਕਦਾ ਹੈ? ਜਵਾਬ ਹੈ ਕਿ ਉਹ ਹੋਰ ਭਾਵੇਂ ਕੁਝ ਵੀ ਹੋਵੇ ਜਾਂ ਨਾ ਹੋਵੇ, ਵਿਅੰਗਕਾਰ ਨਹੀਂ ਬਣ ਸਕਦਾ। ਸੱਤਾ ਦਾ ਚੌਕੀਦਾਰ, ਮੁਕੁਟਾਂ ਤੇ ਤਾਜਾਂ ਦਾ ਬੇਲਦਾਰ, ਵਿਅੰਗ ਦੀ ਪੌੜੀ ਨਹੀਂ ਚੜ੍ਹ ਸਕਦਾ। ਕੁੱਤਾ ਕੜਾਹ ਦੇਖ ਕੇ ਜੀਭ ਲਪਲਪਾਉਂਦਾ ਹੋਇਆ ਨੱਸਿਆ ਆਉਂਦਾ ਹੈ। ਉਸ ਵੇਲੇ ਉਸ ਨੂੰ ਕੜਾਹ ਵਾਲੇ ਦੇ ਹੱਥ ਫੜੀ ਸਟਿੱਕ ਵੀ ਨਜ਼ਰ ਨਹੀਂ ਆਉਂਦੀ, ਨਜ਼ਰ ਆਉਂਦਾ ਹੈ ਤਾਂ ਕੜਾਹ ਵਾਲਾ ਕੌਲਾ ਹੀ ਤੇ ਉਹ ਆਪਣੀ ਸੁਧ-ਬੁਧ ਗੁਆ ਬੈਠਦਾ ਹੈ। ਲਾਲਚ ਦਾ ਟੁੱਕ ਵਿਅੰਗਕਾਰ ਨੂੰ ਵੀ ਨੰਗਾ ਕਰ ਦਿੰਦਾ ਹੈ ਤੇ ਗ਼ਾਲਿਬ ਨੂੰ ਬੇਸਾਖਤਾ ਹੋ ਕੇ ਕਹਿਣਾ ਪੈਂਦਾ ਹੈ ‘ਮਗਰ ਸ਼ਰਮ ਇਨ ਕੋ ਆਤੀ ਨਹੀਂ।’ ਸਮਾਜ ਦੇ ਦਰਿਆ ‘ਚ ਰਹਿ ਕੇ ਵੀ ਵਿਅੰਗ ਨੂੰ ਮਗਰਮੱਛ ਨਾਲ ਵੈਰ ਕਮਾਉਣਾ ਪਵੇਗਾ। ਆਪਣਾ ਬਲ ਦਿਖਾਉਣਾ ਪਵੇਗਾ। ਨਹੀਂ ਤਾਂ ਭਾਈ ਕੋਈ ਹੋਰ ਕੰਮ ਕਰ ਲਉ।