Thanedari (Punjabi Story) : Charan Singh Shaheed
ਠਾਣੇਦਾਰੀ (ਕਹਾਣੀ) : ਚਰਨ ਸਿੰਘ ਸ਼ਹੀਦ
ਇਕ ਸਿਪਾਹੀ ਸਾਡੇ ਅੱਗੇ ਸੀ ਤੇ ਇਕ ਪਿੱਛੇ, ਹੱਥ ਵਿਚ ਸੀ ਹੰਟਰ, ਪੱਗ ਦਾ ਤੁੱਰ੍ਰਾ
ਅਸਮਾਨ ਨੂੰ ਸੈਨਤਾਂ ਮਾਰਦਾ ਸੀ, ਹੱਟੀਆਂ ਵਾਲੇ ਲੋਕ ਤੇ ਬਜ਼ਾਰਾਂ ਵਿਚ ਤੁਰੇ ਜਾਂਦੇ ਰਾਹੀ ਝੁਕ
ਝੁਕ ਕੇ ਤੇ ਉੱਠ ਉੱਠ ਕੇ ਸਾਡਾ ਅਦਬ ਕਰਦੇ ਸਨ, ਕਿਉਂਕਿ ਅਸੀਂ ਠਾਣੇਦਾਰ ਸਾਂ।
ਓਵੇਂ ਹੀ ਇਕ ਪਾਸਿਓਂ ਚੀਕ ਚਿਹਾੜੇ ਜੇਹੇ ਦੀ ਵਾਜ਼ ਆਈ । ਅਸਾਂ ਨਜ਼ਰ ਚੁੱਕ ਕੇ
ਦੇਖਿਆ ਤਾਂ ਇਕ ਗਲੀ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ। ਅਸੀਂ ਸਿਪਾਹੀ ਨੂੰ ਸੈਨਤ
ਕੀਤੀ। ਉਸ ਨੇ ਦੋ ਹੰਟਰ ਐਧਰ, ਦੋ ਧੱਕੇ ਐਧਰ ਮਾਰੇ ਤੇ ਸਾਡੇ ਲਈ ਰਸਤਾ ਸਫਨ ਸਵਾ ਕਰ
ਦਿੱਤਾ । ਲੋਕ ਕਹਿਣ ਲੱਗ ਪਏ, ਲਓ ਠਾਣੇਦਾਰ ਸਾਹਿਬ ਆ ਗਏ, ਹਟ ਜਾਓ, ਠਾਣੇਦਾਰ
ਜੀ ਆ ਗਏ ...
ਇਕ ਆਦਮੀ ਨੇ ਸਾਨੂੰ ਵੇਂਹਦਿਆਂ ਹੀ ਡਾਡਾਂ ਮਾਰ ਕੇ ਕਿਹਾ “ਠਾਣੇਦਾਰ ਜੀ, ਵੇਖੋ ਕਿਸੇ ਨੇ
ਆਪਣਾ ਕੁੱਤਾ ਖੁੱਲ੍ਹਾ ਛੱਡਿਆ ਹੋਇਆ ਹੈ, ਮੈਨੂੰ ਏਹਨੇ ਚੱਕ ਮਾਰ ਕੇ ਲਹੂ ਕੱਢ ਦਿੱਤਾ, ਕੋਟ
ਪਾੜ ਦਿੱਤਾ ਤੇ ਪਜਾਮਾ ਲੀਰਾਂ ਲੀਰਾਂ ਕਰ ਦਿੱਤਾ ਹੈ, ਮੈਂ ਗਰੀਬ ਆਦਮੀ ਹਾਂ, ਰੱਬ ਵਾਸਤੇ
ਮੇਰਾ ਨਿਆਂ ਕਰੋ.....
ਸਾਡੀ ਭੀ ਉਸ ਵੇਲੇ ਇਨਸਾਫ ਦੀ ਰਗ ਭੜਕ ਉੱਠੀ ਤੇ ਸਿਪਾਹੀ ਨੂੰ ਸੈਨਤ ਕਰ ਕੇ ਕਿਹਾ
“ਫਜ਼ਲ ਦੀਨਾ, ਏਸ ਕੁੱਤੇ ਨੂੰ ਫੜ ਕੇ ਜਕੜ ਲੈ ਤੇ ਠਾਣੇ ਲੈ ਚੱਲ, ਬੇਵਕੂਫ ਲੋਕ ਜ਼ਰਾ ਅਕਲ
ਨਹੀਂ ਕਰਦੇ, ਪਿਓ ਵਾਲੇ ਕੁੱਤੇ ਤਾਂ ਰੱਖ ਲੈਂਦੇ ਨੇ ਪਰ ਉਹਨਾਂ ਨੂੰ ਸੰਭਾਲ ਕੇ ਨਹੀਂ ਬੱਧਾ ਜਾਂਦਾ...
ਜਿਸ ਦਾ ਇਹ ਕੁੱਤਾ ਹੈ ਮੈਂ ਉਸ ਨੂੰ ਹਰਗਿਜ਼ ਹਰਗਿਜ਼ ਨਹੀਂ ਛੱਡਣਾ, ਉਸ ਦਾ ਚਲਾਨ ਕੀਤਾ
ਜਾਵੇਗਾ, ਮੈਂ ਉਸ ਨੂੰ ਅਦਾਲਤ ਤੋਂ ਸਜ਼ਾ ਨਾ ਦੁਆਵਾਂ ਤਾਂ ਮੈਨੂੰ ਠਾਣੇਦਾਰ ਨਾ ਕਹਿਣਾ.... ਤੇ
ਹਾਂ ਭਾਈ, ਤੇਰਾ ਜੋ ਨੁਕਸਾਨ ਇਸ ਨੇ ਕੀਤਾ ਹੈ ਉਸ ਦਾ ਹਰਜਾ ਭੀ ਪੂਰਾ ਦੁਆਵਾਂਗੇ ਤੇ ਏਸ
ਕੁੱਤੇ ਨੂੰ ਗੋਲੀ ਮਾਰ ਦਿਆਂਗੇ .... ਕਿਉਂ ਬਈ ਲੋਕੋ । ਕਿਸੇ ਨੂੰ ਕੁਝ ਪਤਾ ਹੈ ਕਿ ਇਹ ਕੁੱਤਾ
ਕੀਹਦਾ ਏ ?
ਸਾਡਾ ਦਿਲ ਬੜਾ ਖੁਸ਼ ਸੀ ਕਿ ਸ਼ੁਕਰ ਹੈ ਕੋਈ ਬਹਾਨਾ ਦੋਂਹ ਚੌਂਹ ਭਲੇ ਮਾਣਸਾਂ ਨੂੰ ਠਾਣੇ ਬੁਲਾ
ਕੇ ਝਾੜ ਪਾੜ ਕਰਨ ਦਾ ਹੱਥ ਲੱਗਾ.... ਉਸੇ ਵੇਲੇ ਕਿਸੇ ਨੇ ਭੀੜ ਵਿਚੋਂ ਕਿਹਾ ਕਿ ਜੀ, ਮੇਰਾ
ਖਿਆਲ ਹੈ ਕਿ ਏਹ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ...”
ਅਸੀਂ ਇਕ ਦਮ ਤ੍ਰਬਕ ਉੱਠੇ, “ਓਇ ਫਜ਼ਲ ਦੀਨਾ, ਦੇਖੀਂ ਓਇ ਕਿਤੇ ਏਦ੍ਹਾ ਗਲਾ ਨਾ ਘੁੱਟ
ਦਈਂ, ਹੈਂ ? ਏਹ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ ? ... ਲੋਕ ਭੀ ਕਿਡੇ ਪਾਗਲ ਨੇ,
ਹਾਕਮਾਂ ਦੇ ਕੁੱਤਿਆਂ ਨਾਲ ਛੇੜ ਛਾੜ ਕਰਦੇ ਰਹਿੰਦੇ ਨੇ .... (ਦੂਜੇ ਸਿਪਾਹੀ ਨੂੰ) ਓਏ ਜੈ ਚੰਦਾ,
ਏਸ ਆਦਮੀ ਨੂੰ ਗਰਿਫ਼ਤਾਰ ਕਰ ਲੈ ਜੋ ਕਹਿੰਦਾ ਏ ਕਿ ਮੈਨੂੰ ਕੁੱਤੇ ਨੇ ਵੱਢਿਆ ਏ .... ਏਸ
ਬੇਈਮਾਨ ਨੇ ਜ਼ਰੂਰ ਕੁੱਤੇ ਨੂੰ ਸੋਟੀ ਮਾਰੀ ਹੋਣੀ ਏ ....ਇਸ ਨੂੰ ਲੈ ਕੇ ਹਵਾਲਾਟ ਦੇ ਦੇਹ ।
ਇਸ ਦਾ ਚਲਾਨ ਮੁਰੱਤਬ ਕਰਕੇ ਅਦਾਲਤ ਵਿਚ ਪੇਸ਼ ਕਰਾਂਗੇ ਤੇ ਮਜ਼ਾ ਚਖਾਵਾਂਗੇ ਕਿ ਬੇਜ਼ਬਾਨ
ਜਾਨਵਰਾਂ ਨੂੰ ਕਿੱਦਾਂ ਮਾਰੀਦਾ ਹੈ...”
ਉਹ ਆਦਮੀ ਵਿਚਾਰਾ ਕੰਬਣ ਤੇ ਬਿਲ ਬਿਲਾਉਣ ਲੱਗ ਪਿਆ ।
ਪਾਸੇ ਇਕ ਆਦਮੀ ਬਲ ਉੱਠਿਆ-‘ਹਜ਼ੂਰ, ਮੈਂ ਤਾਂ ਸਮਝਦਾ ਹਾਂ ਕਿ ਏਹ ਕੁੱਤਾ । ਡਿਪਟੀ
ਕਮਿਸ਼ਨਰ ਸਾਹਿਬ ਦਾ ਨਹੀਂ.....ਉਹਨਾਂ ਦੇ ਕੁੱਤੇ ਤਾਂ ਪਨੀਅਰ ਨੇ, ਏਹ ਕੁੱਤਾ ਤਾਂ ਕਿਸੇ
ਸ਼ਹਿਰੀ ਵਪਾਰੀ ਦਾ ਹੈ...’
ਅਸੀਂ ਫੌਰਨ ਸੁਚੇਤ ਹੋ ਗਏ ਤੇ ਕਿਹਾ ‘ਬੇਸ਼ੱਕ, ਏਹ ਕੁੱਤਾ ਡੀ. ਸੀ. ਸਾਹਿਬ ਦਾ ਨਹੀਂ ਹੋ
ਸਕਦਾ, ਹਰਗਿਜ਼ ਨਹੀਂ, ਫਜ਼ਲ ਦੀਨਾਂ, ਵੇਖੀਂ, ਕੁੱਤੇ ਨੂੰ ਨਾ ਛੱਡੀ, ਇਸ ਦੇ ਮਾਲਕ ਨੂੰ
ਹੱਥਕੜੀ ਨਾ ਲਾਈ ਤਾਂ ਕਹਿਣਾ.....ਤੇ ਓ ਭਾਊ ਕੁੱਤੇ ਵੱਢਿਆ, ਤੂੰ ਫਿਕਰ ਨਾ ਕਰ ਤੇਰਾ
ਹਰਜਾ ਪੂਰਾ ਮਿਲੂ ।’
“ਓਸੇ ਵੇਲੇ ਜੈ ਚੰਦ ਉੱਠਿਆ, ‘ਹਜ਼ੂਰ ਜੀ, ਮੈਂ ਤਾਂ ਇਹ ਕੁੱਤਾ ਇਕ ਵਾਰੀ ਕਪਤਾਨ ਸਾਹਿਬ
ਦੇ ਨਾਲ ਜਾਂਦਾ ਵੇਖਿਆ ਸੀ ....’
ਅਸੀਂ ਇਕ ਦਮ ਘਾਬਰ ਗਏ, “ਹੈਂ? ਕਪਤਾਨ ਸਾਹਿਬ ਦੇ ਨਾਲ ? ...ਓਏ ਫ਼ਜ਼ਲ ਦੀਨਾ,
ਲਿਆਈਂ ਔਹ ਸਾਮ੍ਹਣੀ ਹੱਟੀਓਂ ਇਕ ਵਧੀਆ ਜਿਹਾ ਪਟਾ ਲਿਆ ਕੇ ਏਹਨੂੰ ਪਾ, ਤੇ ਜੈ ਚੰਦਾ,
ਤੂੰ ਏਹਦੇ ਵਾਸਤੇ ਨੱਥੂ ਹਲਵਾਈ ਪਾਸੋਂ ਬਾਟੀ ਦੁੱਧ ਦੀ ਭਰਾ ਲਿਆ..., ਉਹ ਕਪਤਾਨ ਸਾਹਿਬ
ਦੇ ਕੁੱਤੇ ਨੂੰ ਛੇੜਦੇ ਫਿਰਦੇ ਨੇ ......ਮਜ਼ਾ ਨਾ ਚਖਾ ਦਿਆਂ ਤਾਂ ਠਾਣੇਦਾਰ ਕਾਹਦਾ ਹੋਇਆ ?
ਓਇ ਮੈਂ ਇਸ ਨੂੰ ਹੁਣੇ ਕਪਤਾਨ ਸਾਹਿਬ ਪਾਸ ਲੈ ਜਾਵਾਂਗਾ ਤੇ ਨਾਲੇ ਉਸ ਬੇਈਮਾਨ ਨੂੰ ਲਾ ਦੇ
ਹੱਥਕੜੀ, ਲੁੱਚਾ ਕਿਤੋਂ ਦਾ ਕਹਿੰਦਾ ਏ ਮੈਨੂੰ ਕੁੱਤੇ ਨੇ ਵੱਢਿਆ ਏ....ਚੋਰ ਨਾ ਹੋਵੇ ਤਾਂ .... ਆਪ
ਕਪਤਾਨ ਸਾਹਿਬ ਦਾ ਕੁੱਤਾ ਚੁਰਾ ਲਿਆਯਾ ਏ .... ਬੱਚੂ ਦੋ ਸਾਲ ਕੈਦ ਨਾ ਕਰਾਵਾਂ ਤਾਂ ....?”
ਦਿਲੋਂ ਅਸੀਂ ਬੜੇ ਹੀ ਖੁਸ਼ ਸਾਂ ਕਿ ਹੁਣ ਕਪਤਾਨ ਸਾਹਿਬ ਸਾਡਾ ਸ਼ੁਕਰੀਆ ਅਦਾ ਕਰਨਗੇ ।
ਮੁਮਕਿਨ ਹੈ ਉਨ੍ਹਾਂ ਦੀ ਮੇਮ ਦਾ ਇਹ ਬਹੁਤ ਪਿਆਰਾ ਹੀ ਕੁੱਤਾ ਹੋਵੇ।
ਉਸੇ ਵੇਲੇ ਕਪਤਾਨ ਸਾਹਿਬ ਦਾ ਖਾਨਸਾਮਾ ਓਧਰੋਂ ਦੀ ਲੰਘਿਆ । ਅਸੀਂ ਝੱਟ ਵਾਜ ਮਾਰੀ ਤੇ
ਕੁਸ਼ਾਮਤ ਨਾਲ ਕਿਹਾ “ਖਾਂ ਸਾਹਿਬ ! ਜ਼ਰਾ ਦੇਖੋ ਤਾਂ ਸਹੀ, ਅਸੀਂ ਕਪਤਾਨ ਸਾਹਿਬ ਦੇ ਕੁੱਤੇ
ਦੀ ਰਾਖੀ ਕਰਦੇ ਕਰਦੇ ਮਰ ਗਏ ਆਂ, ਤੇ ਤੁਹਾਨੂੰ ਖਬਰ ਈ ਨਹੀਂ ।”
ਖਾਨਸਾਮੇ ਨੇ ਕੋਲ ਆ ਕੇ ਕੁੱਤੇ ਨੂੰ ਵੇਖ ਕੇ ਕਿਹਾ ‘ਕੌਣ ਕਹਿੰਦਾ ਏ ਕਿ ਇਹ ਕੁੱਤਾ ਕਪਤਾਨ
ਸਾਹਿਬ ਦਾ ਹੈ ?.....ਕਪਤਾਨ ਸਾਹਿਬ ਦੇ ਕੁੱਤੇ ਏਦਾਂ ਅਵਾਰਾ ਨਹੀਂ ਫਿਰਦੇ ....।’
ਸਾਡੀਆਂ ਆਸਾਂ ਉਤੇ ਮਾਨੋਂ ਪਾਣੀ ਫਿਰ ਗਿਆ ਤੇ ਦੰਦੀਆਂ ਕਰੀਚ ਕੇ ਕਿਹਾ, “ਓ ਫਜ਼ਲ
ਦੀਨਾ । ਲੈ ਚੱਲ ਇਸ ਨੂੰ ਠਾਣੇ । ਮੈਂ ਪੂਰਾ ਇਨਸਾਫ ਕਰਾਵਾਂਗਾ ....ਏਸ ਕੁੱਤੇ ਦੇ ਮਾਲਕ ਨੂੰ
ਮਜ਼ਾ ਨਾ ਚਖਾਇਆ ਤਾਂ ਠਾਣੇਦਾਰੀ ਕਰਨੀ ਛੱਡ ਦਿਆਂਗਾ ....ਲੈ ਭਾਈ. ਸਾਡਾ ਇਲਾਕਾ ਨਾ
ਹੋਇਆ, ਮਖੌਲ ਹੋ ਗਿਆ .... ਜਿਦ੍ਹਾ ਜੀ ਕਰਦਾ ਏ ਕੁੱਤੇ ਛੱਡ ਦਿੰਦਾ ਏ....ਇਸ ਵਿਚਾਰੇ
ਗਰੀਬ ਦਾ ਕੋਟ ਪਾੜ ਸੁਟਿਆ ਸੂ ।”
ਫਜ਼ਲ ਦੀਨ ਨੇ ਕੁੱਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ, ਤੇ ਅਸੀਂ ਵੀ ਉਸ ਮਜ਼ਲੂਮ ਆਦਮੀ ਦੀ
ਪਿੱਠ ਤੇ ਥਾਪੀ ਮਾਰ ਕੇ ਆਪਣੇ ਇਨਸਾਫ ਦੇ ਗੁਣ ਗਾਉਂਦੇ ਹੋਏ ਨਾਲ ਤੁਰ ਪਏ। ਲੋਕਾਂ ਦੀ
ਚੋਖੀ ਭੀੜ ਸਾਡੇ ਮਗਰ ਸੀ...ਪਲ ਮਗਰੋਂ ਸਾਹਮਣੇ ਪਾਸਿਓਂ ਇਕ ਮੋਟਰ ਹੌਲੀ ਹੌਲੀ ਆਈ ।
ਅਸੀਂ ਰਾਇ ਬਹਾਦਰ ਲਾਲਾ ਮੁਰਲੀ ਮਨੋਹਰ ਜੀ ਨੂੰ ਪਛਾਣ ਕੇ ਕਿਹਾ ‘ਰਾਇ ਸਾਹਿਬ
ਬੰਦਗੀ ।’ ਉਹਨਾਂ ਨੇ ਪੁਛਿਆ “ਕਿਉਂ ਜੀ ਕੋਈ ਵਾਰਦਾਤ ਹੋਈ ਏ ?” ਅਸੀਂ ਕਿਹਾ
‘ਰਾਇ ਸਾਹਿਬ ! ਕੀ ਦੱਸੀਏ ਅਹਿਮਕ ਲੋਕ ਆਪਣੇ ਕੁੱਤੇ ਅਵਾਰਾ ਛੱਡ ਦੇਂਦੇ ਨੇ ਤੇ ਉਹ
ਲੋਕਾਂ ਨੂੰ ਵੱਢਦੇ ਫਿਰਦੇ ਨੇ...’
ਉਸੇ ਵੇਲੇ ਰਾਇ ਸਾਹਿਬ ਦੇ ਪੁੱਤਰ ਦੀ ਨਜ਼ਰ ਕੁੱਤੇ ਤੇ ਪਈ ਤੇ ਉਹ ਚੀਕ ਉੱਠਿਆ, “ਓ ਓ,
ਏਹ ਤਾਂ ਸਾਡਾ ਡੱਬੂ ਏ...ਡੱਬੂ ਡੱਬੂ ਪੁੱਚ ਪੁੱਚ ਪੁੱਚ ।’
ਅਸੀਂ ਹੈਰਾਨ ਪਰੇਸ਼ਾਨ ਰਹਿ ਗਏ ਤੇ ਝੱਟ ਪੱਟ ਹੋਸ਼ ਸੰਭਾਲ ਕੇ ਕਿਹਾ, “ਹਲਾ ! ਏਹ ਕੁੱਤਾ
ਤੁਹਾਡਾ ਏ ?...ਓਏ ਫ਼ਜ਼ਲ ਦੀਨਾ, ਕੁੱਤੇ ਨੂੰ ਮੋਟਰ ਵਿਚ ਬਿਠਾ ਦੇ... ਦੇਖੋ ਨਾ ਰਾਏ ਸਾਹਿਬ,
ਅਸੀਂ ਹੋਏ ਤੁਹਾਡੇ ਦਾਸ, ਕਿਸੇ ਹੋਰ ਦੇ ਹੱਥ ਕੁੱਤਾ ਆ ਜਾਂਦਾ ਤਾਂ ਹੁਣ ਤੱਕ ਜ਼ਰੂਰ... ਹੁਣ ਤੱਕ
ਜ਼ਰੂਰ...ਖ਼ੈਰ ਏਦਾਂ ਖੁਲ੍ਹਾ ਨਾ ਛੱਡਿਆ ਕਰੋ...ਤੇ ਭੱਜ ਜਾ ਓਇ ਭਾਰਿਆ ਨਾਜ਼ਕਾ, ਅਖੇ ਕੁਤੇ ਨੇ
ਵੱਢਿਆ ਏ...ਏਹ ਸ਼ਰੀਫਾਂ ਦਾ ਸ਼ਰੀਫ ਕੁੱਤਾ ਵਿਚਾਰਾ ਕਿਸੇ ਨੂੰ ਵੱਢਣ ਜੋਗਾ ਏ ? ਦੌੜ ਜਾ,
ਨਹੀਂ ਤਾਂ...।’ ਰਾਇ ਬਹਾਦਰ ਹੁਰਾਂ ਨੇ ਸਾਡਾ ਧੰਨਵਾਦ ਕੀਤਾ ਤੇ ਅਸੀਂ ਹੰਟਰ ਹਿਲਾਉਂਦੇ
ਹੋਏ ‘ਲੈਫਟ ਰਾਈਟ’, ‘ਲੈਫਟ ਰਾਈਟ’, ਕੁਇੱਕ ਮਾਰਚ ਹੋ ਗਏ...।
(ਇਹ ਕਹਾਣੀ ਮਸ਼ਹੂਰ ਰੂਸੀ ਕਹਾਣੀਕਾਰ ਐਂਤਨ ਚੈਖਵ ਦੀ ਕਹਾਣੀ ‘ਗਿਰਗਿਟ’ ਤੇ ਆਧਾਰਿਤ ਹੈ ।)