Pal Do Pal : K.L. Garg
ਪਲ ਦੋ ਪਲ : ਕੇ.ਐਲ. ਗਰਗ
ਮੈਂ ਆਪਣੇ ਇੱਕ ਪੁਰਾਣੇ ਮਿੱਤਰ ਦੀ ਬੇਟੀ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਰਿਹਾ ਸਾਂ। ਕੰਡਕਟਰ ਦੇ ਉੱਚੇ ਬੋਲਾਂ ਨਾਲ ਇੱਕ ਵਾਰ ਤਾਂ ਬੱਸ ਵਿੱਚ ਹਲਚਲ ਜਿਹੀ ਮਚ ਗਈ ਸੀ, ‘‘ਲਉ ਜੀ, ਬੱਸ ਇੱਥੇ ਵੀਹ-ਪੱਚੀ ਮਿੰਟ ਰੁਕਣੀ ਐਂ। ਚਾਹ-ਪਾਣੀ ਪੀਣਾ ਐਂ ਤਾਂ ਪੀ ਲਉ।’’
ਬੱਸ ਖੜ੍ਹਦਿਆਂ ਹੀ ਡਰਾਈਵਰ ਤੇ ਕੰਡਕਟਰ ਅਗਲੀਆਂ-ਪਿਛਲੀਆਂ ਬਾਰੀਆਂ ਥਾਣੀਂ ਹੇਠਾਂ ਉੱਤਰ ਕੇ ਬੱਸ ਸਟਾਪ ਦੇ ਢਾਬਿਆਂ ਵੱਲ ਨੂੰ ਹੋ ਤੁਰੇ ਸਨ।
ਸਵਾਰੀਆਂ ਵਿੱਚ ਵੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਸੀ। ਇੱਕ ਔਰਤ ਨੇ ਉਬਾਸੀ ਲੈਂਦਿਆਂ ਅੰਗੜਾਈ ਜਿਹੀ ਲੈ ਕੇ ਨਾਲ ਦੀ ਸਵਾਰੀ ਤੋਂ ਪੁੱਛਿਆ, ‘‘ਭੈਣ ਜੀ, ਆਪਾਂ ਭਲਾਂ ਕਿੱਥੇ ਕੁ ਪਹੁੰਚ ਗਏ ਆਂ? ਕਿਹੜਾ ਟੇਸ਼ਨ ਆਇਐ?’’
‘‘ਮੇਰੇ ਖਿਆਲ ’ਚ ਆਪਾਂ ਅੰਬਾਲੇ ਪਹੁੰਚ ਗਏ ਆਂ। ਹਾਲੇ ਤਾਂ ਮਸਾਂ ਅੱਧਾ ਸਫ਼ਰ ਹੀ ਨਿਬੜਿਐ। ਹਾਲੇ ਦਿੱਲੀ ਪਹੁੰਚਣ ਨੂੰ ਲੱਗਣਗੇ ਚਾਰ-ਪੰਜ ਘੰਟੇ ਹੋਰ। ਘਰੋਂ ਨਿਕਲਣਾ ਈ ਔਖਾ ਹੁੰਦੈ। ਇੱਕ ਵਾਰ ਜੀਅ ਕਰੜਾ ਕਰਕੇ ਚੱਲ ਪਈਏ ਤਾਂ ਪਹੁੰਚਾਂਗੇ ਈ ਪਹੁੰਚਾਂਗੇ।’’
‘‘ਹੂੰ… ਹੂੰ…।’’ ਆਖ, ਪਹਿਲੀ ਸਵਾਰੀ ਨੇ ਇੱਕ ਵਾਰ ਫੇਰ ਖੁੱਲ੍ਹ ਕੇ ਉਬਾਸੀ ਲਈ ਸੀ।
ਅੱਗੜ-ਪਿੱਛੜ ਕਈ ਸਵਾਰੀਆਂ ਬੱਸ ’ਚੋਂ ਉੱਤਰ ਕੇ ਅੱਡੇ ਵਿੱਚ ਬਣੀਆਂ ਦੁਕਾਨਾਂ ਵੱਲ ਨੂੰ ਹੋ ਗਈਆਂ ਸਨ। ਪੰਜ-ਦਸ ਸਵਾਰੀਆਂ ਪਰ੍ਹਾਂ ਬਣੇ ਖੁੱਲ੍ਹੇ ਪਿਸ਼ਾਬਘਰ ਵੱਲ ਵੀ ਚਲੀਆਂ ਗਈਆਂ ਸਨ। ਕੁਝ ਸਵਾਰੀਆਂ ਘਰੋਂ ਲਿਆਂਦੀਆਂ ਰੋਟੀਆਂ ਦੀਆਂ ਪੋਟਲੀਆਂ ਖੋਲ੍ਹ ਕੇ ਬੱਸ ਵਿੱਚ ਹੀ ਬੈਠੀਆਂ ਰਹਿ ਗਈਆਂ ਸਨ। ਕੁਝ ਮੰਗਤੇ ਤੇ ਸੁਰਮੇ-ਮੰਜਨ ਵੇਚਣ ਵਾਲੇ ਵੀ ਬੱਸ ਵਿੱਚ ਚੜ੍ਹ ਆਏ ਸਨ। ਇੱਕ-ਦੋ ਅਖ਼ਬਾਰ ਖੋਲ੍ਹ ਕੇ ਸੁਰਖੀਆਂ ’ਤੇ ਨਜ਼ਰ ਮਾਰਨ ਲੱਗ ਪਏ ਸਨ। ਕੁਝ ਦਿਆਲੂ ਕਿਸਮ ਦੇ ਲੋਕ ਮੰਗਤਿਆਂ ਦੇ ਖੁੱਲ੍ਹੇ ਹੱਥਾਂ ’ਤੇ ਰੁਪਈਆ ਧੇਲੀ ਧਰ ਵੀ ਰਹੇ ਸਨ ਪਰ ਆਮ ਲੋਕ ‘ਅਗਾਂਹ ਚੱਲ ਅਗਾਂਹ…’ ਆਖ-ਆਖ ਹੀ ਬੁੱਤਾ ਸਾਰ ਰਹੇ ਸਨ। ਕੋਈ-ਕੋਈ ਤਾਂ ਤਿੱਖੇ ਬੋਲ-ਬਾਣ ਮਾਰਨੋਂ ਵੀ ਬਾਜ਼ ਨਹੀਂ ਸੀ ਆ ਰਿਹਾ।
‘‘ਕੰਮ ਕਰਕੇ ਤਾਂ ਅੱਜ-ਕੱਲ੍ਹ ਕੋਈ ਰਾਜ਼ੀ ਈ ਨੀ ਹੁੰਦਾ। ਸਭ ਵਿਹਲੀਆਂ ਖਾਣ ਈ ਗਿੱਝੇ ਹੋਏ ਆ। ਕੰਮ ਕਰਦਿਆਂ ਤਾਂ ਇਨ੍ਹਾਂ ਦੇ ਹੱਥ ਟੁੱਟਦੇ ਆ। ਪਰ ਭਾਈ ਜੇ ਹੱਥ ਟੱਡਿਆਂ ਹੀ ਸਰਦਾ ਹੋਵੇ ਤਾਂ ਮਿਹਨਤ ਕਰਨ ਦੀ ਕੀ ਲੋੜ ਪਈ ਐ? ਇੱਥੇ ਲੰਗੜੇ, ਅੰਨ੍ਹੇ, ਕਾਣੇ ਬਣ ਕੇ ਮੰਗਦੇ ਐ, ਸ਼ਾਮ ਨੂੰ ਦੱਬ ਕੇ ਨਸ਼ੇ ਕਰਦੇ ਐ। ਸ਼ਰਮ ਈ ਲਾਹੀ ਪਈ ਐ ਇਨ੍ਹਾਂ ਲੋਕਾਂ ਨੇ।’’
ਇਹ ਬੋਲ ਇੱਕ ਅਧਖੜ ਜਿਹੇ ਬੰਦੇ ਦੇ ਸਨ ਜੋ ਮੰਗਤਿਆਂ ਤੋਂ ਧਿਆਨ ਹਟਾ ਕੇ ਨਾਲ ਬੈਠੀ ਸਵਾਰੀ ਨੂੰ ਕਹਿ ਰਿਹਾ ਸੀ, ‘‘ਵੀਰ ਜੀ, ਜ਼ਰਾ ਇੱਕ ਵਰਕਾ ਅਖ਼ਬਾਰ ਦਾ ਮੈਨੂੰ ਵੀ ਦੇਣਾ। ਅੱਜ ਸਵੇਰੇ-ਸਵੇਰੇ ਘਰੋਂ ਤੁਰ ਪੈਣ ਕਰਕੇ ਅਖ਼ਬਾਰ ਨਹੀਂ ਪੜ੍ਹਿਆ ਗਿਆ।’’
ਤੇ ਉਸ ਨੇ ਨਾਲ ਬੈਠੀ ਸਵਾਰੀ ਦਾ ਜਵਾਬ ਉਡੀਕੇ ਬਗ਼ੈਰ ਹੀ ਇੱਕ ਪੰਨਾ ਆਪਣੇ ਲਈ ਧੂਹ ਲਿਆ ਸੀ। ਮੰਗਤੇ ਉੱਤਰਦੇ ਹੀ ਦੰਦ-ਮੰਜਨ ਵਾਲਾ ਭਾਈ ਬੱਸ ਦਾ ਉਪਰਲਾ ਪਾਈਪ ਹੱਥ ਮਾਰ-ਮਾਰ ਖੜਕਾਉਣ ਲੱਗ ਪਿਆ ਸੀ।
‘‘ਲਉ ਵੀਰ ਜੀ, ਭੈਣ ਜੀ, ਦੋ ਮਿੰਟ ਇੱਧਰ ਵੀ ਧਿਆਨ ਦੇਣਾ ਜੀ। ਕਿਸੇ ਵੀਰ, ਭੈਣ ਦਾ ਦੰਦ ਹਿਲਦਾ ਹੋਵੇ, ਜਾੜ੍ਹ ਖੋਖਲੀ ਹੋਈ ਹੋਵੇ, ਦੰਦਾਂ ਨੂੰ ਠੰਢਾ-ਤੱਤਾ ਲੱਗਦਾ ਹੋਵੇ, ਮਸੂੜਿਆਂ ਵਿੱਚ ਪੀਕ ਪਈ ਹੋਵੇ, ਦੰਦਾਂ ਨੂੰ ਕਰੇੜਾ ਲੱਗਿਆ ਹੋਵੇ, ਮੂੰਹ ’ਚੋਂ ਬਦਬੋ ਆਉਂਦੀ ਹੋਵੇ ਤਾਂ ਸਾਡਾ ਦੰਦ-ਮੰਜਨ ਅਜਮਾ ਕੇ ਦੇਖੋ। ਸੁਬ੍ਹਾ-ਸਵੇਰੇ ਸਾਫ਼ ਪਾਣੀ ਨਾਲ ਹਰ ਰੋਜ਼ ਕੁਰਲਾ ਕਰੋ। ਸਭ ਬੀਮਾਰੀਆਂ ਛੂ-ਮੰਤਰ ਹੋ ਜਾਣਗੀਆਂ। ਅਸੀਂ ਪਿਛਲੇ ਵੀਹ ਵਰ੍ਹਿਆਂ ਤੋਂ ਇਸੇ ਏਰੀਏ ’ਚ ਸੇਵਾ ਕਰ ਰਹੇ ਹਾਂ। ਕਿਸੇ ਭਾਈ-ਭੈਣ ਨੂੰ ਫਾਇਦਾ ਨਾ ਹੋਇਆ ਹੋਵੇ ਤਾਂ ਉਹ ਉੱਠ ਕੇ ਦੱਸੇ, ਉਸ ਦੇ ਪੈਸੇ ਹੁਣੇ ਵਾਪਸ ਹੋ ਜਾਣਗੇ। ਵੱਡੀ ਸ਼ੀਸ਼ੀ ਵੀਹ ਰੁਪਏ, ਛੋਟੀ ਦਸ ਰੁਪਏ। ਬਾਅਦ ਵਿੱਚ ਸਾਡੀ ਫਾਰਮੇਸੀ ਤੋਂ ਮੰਗਵਾਉਗੇ ਤਾਂ ਇਹੀ ਸ਼ੀਸ਼ੀਆਂ ਚਾਲੀ ਤੇ ਵੀਹ ਰੁਪਏ ’ਚ ਮਿਲਣਗੀਆਂ। ਆਇਆ ਭੈਣ ਜੀ, ਆਇਆ ਵੀਰ ਜੀ… ਇਹ ਲਉ ਜੀ, ਇਹ ਲਉ ਜੀ…।’’ ਆਖਦਾ-ਆਖਦਾ ਉਹ ਪਿਛਲੀ ਬਾਰੀ ਥਾਣੀਂ ਹੇਠਾਂ ਲਹਿ ਗਿਆ ਸੀ।
ਅਸੀਂ ਵੀ ਆਪਣੇ ਨਾਲ ਰਾਹ ’ਚ ਖਾਣ ਲਈ ਦੋ ਪਰਾਉਂਠੀਆਂ ਨਿੰਬੂ ਦੇ ਅਚਾਰ ਨਾਲ ਲੈ ਕੇ ਆਏ ਸਾਂ। ਪਾਣੀ ਦੀ ਬੋਤਲ ਵੀ ਸਾਡੇ ਕੋਲ ਹੈ ਸੀ ਪਰ ਸਵੇਰੇ-ਸਵੇਰੇ ਚਾਹ ਚੰਗੀ ਤਰ੍ਹਾਂ ਨਹੀਂ ਸੀ ਪੀਤੀ ਗਈ। ਇਸ ਲਈ ਚਾਹ ਪੀਣ ਦੀ ਤਲਬ ਜਾਗ ਪਈ ਸੀ। ਅਸੀਂ ਵੀ ਆਪਣੀ ਪਰਾਉਂਠੀਆਂ ਵਾਲੀ ਪੋਟਲੀ ਲੈ ਕੇ ਬੱਸੋਂ ਉੱਤਰ, ਬੱਸ ਸਟਾਪ ਦੀਆਂ ਦੁਕਾਨਾਂ ਵੱਲ ਤੁਰ ਪਏ ਸਾਂ। ਚਾਹ ਦਾ ਆਰਡਰ ਦੇ ਕੇ ਇੱਕ ਮੈਲੀ ਜਿਹੀ ਵੱਡੀ ਮੇਜ਼ ’ਤੇ ਬਹਿ ਗਏ ਸਾਂ। ਦੁਕਾਨ ’ਤੇ ਵਾਹਵਾ ਭੀੜ ਸੀ। ਦੋ-ਤਿੰਨ ਮੁੰਡੂ ਛੇਤੀ-ਛੇਤੀ ਗਾਹਕਾਂ ਦੇ ਆਰਡਰ ਭੁਗਤਾ ਰਹੇ ਸਨ। ਅਸੀਂ ਆਪਣੀ ਚਾਹ ਦੀ ਵਾਰੀ ਦੀ ਉਡੀਕ ਕਰਦਿਆਂ ਪਰਾਉਂਠੀਆਂ ਵਾਲੀ ਪੋਟਲੀ ਖੋਲ੍ਹ ਕੇ ਪਰਾਉਂਠੀ ਖਾਣੀ ਸ਼ੁਰੂ ਕੀਤੀ ਹੀ ਸੀ ਕਿ ਦੋ ਨੌਜਵਾਨ ਜਿਹੇ ਮੁੰਡੇ ਦੁਕਾਨ ਅੰਦਰ ਦਾਖਲ ਹੋਏ। ਇੱਕ ਜਣੇ ਦੀ ਵਜ੍ਹਾ-ਕਤ੍ਹਾ ਦੇਖ ਕੇ ਤਾਂ ਸਾਨੂੰ ਇਕਦਮ ਪਤਾ ਨਹੀਂ ਕਿਉਂ ਚੀਹ ਜਿਹੀ ਚੜ੍ਹ ਗਈ ਸੀ। ਅਸੀਂ ਤਾਂ ਉਸ ਨੂੰ ਜਾਣਦੇ ਵੀ ਨਹੀਂ ਸਾਂ। ਉਸ ਦੀ ਸ਼ਕਲ-ਸੂਰਤ ਸਾਨੂੰ ਸਾਰੀਆਂ ਪੁਰਾਣੀਆਂ ਫ਼ਿਲਮਾਂ ਦੇ ਖਲਨਾਇਕ ਜਿਹੀ ਜਾਪੀ ਜੋ ਬਿਲਕੁਲ ਲੋਫ਼ਰਾਂ ਜਿਹਾ ਹੁੰਦਾ ਸੀ।
ਪਹਿਲੀ ਗੱਲ ਤਾਂ ਉਸ ਦਾ ਪਹਿਰਾਵਾ ਹੀ ਸਾਨੂੰ ਅਜੀਬ ਲੱਗ ਰਿਹਾ ਸੀ। ਉਸ ਘਸੀ ਜਿਹੀ ਜੀਨ, ਜੋ ਗੋਡਿਆਂ ਤੋਂ ਫਟੀ ਲੱਗਦੀ ਸੀ, ਤੇੜ ਪਹਿਨੀ ਹੋਈ ਸੀ। ਪੈਰਾਂ ’ਚ ਲੰਮੇ-ਲੰਮੇ ਜੁੱਤੇ ਸਨ ਤੇ ਟੀ-ਸ਼ਰਟ ਦੇ ਕਾਲਰ ਖੜ੍ਹੇ ਕੀਤੇ ਹੋਏ ਸਨ। ਗਲ ’ਚ ਫੁਕਰੇ ਗੁੰਡਿਆਂ ਵਰਗਾ ਇੱਕ ਰੁਮਾਲ ਗੰਢ ਦੇ ਕੇ ਬੰਨ੍ਹਿਆ ਹੋਇਆ ਸੀ। ਚੂਹੇ ਦੀ ਪੂਛ ਜਿਹੀਆਂ ਬਰੀਕ ਮੁੱਛਾਂ ਸਨ। ਉਸ ਦੀ ਸੱਜੀ ਖ਼ਾਖ ਵਿੱਚ ਸਿਗਰਟ ਫਸਾਈ ਹੋਈ ਸੀ। ਉਸ ਆਉਂਦਿਆਂ ਹੀ ਧੂੰਆਂ ਖਿੱਚ ਕੇ ਮੂੰਹ ਗੋਲ ਕਰਕੇ ਬਾਹਰ ਵੱਲ ਕੱਢਿਆ। ਸਾਨੂੰ ਸਿਗਰਟ ਪੀਣ ਵਾਲਿਆਂ ਤੋਂ ਸਖ਼ਤ ਨਫ਼ਰਤ ਸੀ। ਉਹ ਧੂੰਆਂ ਬਾਹਰ ਕੱਢ ਰਿਹਾ ਸੀ। ਅਸੀਂ ਉਸ ਨੂੰ ਦੇਖ-ਦੇਖ ਅੰਦਰੋਂ ਨਫ਼ਰਤ ਨਾਲ ਭਰਨ ਲੱਗ ਪਏ ਸਾਂ। ਅਸੀਂ ਹੌਲੀ ਜਿਹੀ ਆਖਿਆ ਵੀ, ‘‘ਏ ਮਿਸਟਰ, ਕੀ ਤੁਸੀਂ ਨਹੀਂ ਜਾਣਦੇ ਕਿ ਜਨਤਕ ਥਾਵਾਂ ’ਤੇ ਸਿਗਰਟ ਪੀਣਾ ਮਨ੍ਹਾ ਹੈ। ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ।’’
ਸ਼ਾਇਦ ਸਾਡੀ ਆਵਾਜ਼ ਉਸ ਤਕ ਪਹੁੰਚੀ ਨਹੀਂ ਸੀ। ਇਸ ਵਾਰ ਉਸ ਨੇ ਲੰਮਾ ਸੂਟਾ ਖਿੱਚ ਕੇ ਧੂੰਆਂ ਨਾਸਾਂ ਵਿੱਚ ਦੀ ਕੱਢਣ ਦੀ ਕੋਸ਼ਿਸ਼ ਕੀਤੀ। ਧੂੰਆਂ ਉਸ ਦੀਆਂ ਬਰੀਕ ਮੁੱਛਾਂ ਉੱਪਰ ਦੀ ਇਉਂ ਲੰਘ ਰਿਹਾ ਸੀ ਜਿਵੇਂ ਨਾਲੀ ਦਾ ਗੰਦਾ ਪਾਣੀ ਉਸ ਵਿੱਚ ਫਸੇ ਕੂੜੇ ਉੱਪਰ ਦੀ ਵਗ ਰਿਹਾ ਹੋਵੇ। ਸਾਨੂੰ ਅਚਾਨਕ ਬਹੁਤ ਗੁੱਸਾ ਮਹਿਸੂਸ ਹੋਇਆ, ਜਿਵੇਂ ਸਾਡੇ ਅੰਦਰੋਂ ਕੁਝ ਫਟ ਕੇ ਬਾਹਰ ਆਉਣ ਦੀ ਤਿਆਰੀ ਕਰ ਰਿਹਾ ਹੋਵੇ। ਸਾਡਾ ਜੀਅ ਕਰਦਾ ਸੀ ਕਿ ਉਸ ਨੂੰ ਫੜ ਕੇ ਉੱਥੇ ਹੀ ਬੱਕਰੇ ਵਾਂਗੂ ਢਾਹ ਲਈਏ ਤੇ ਦਸ ਪੌਲੇ ਮਾਰ ਕੇ ਇੱਕ ਗਿਣੀਏ।
ਇਹ ਸੋਚ ਆਉਂਦਿਆਂ ਹੀ ਅਸੀਂ ਕੁਝ ਕਰਨ ਲਈ ਤਿਆਰੀ ਜਿਹੀ ਵੀ ਕੀਤੀ। ਮੁੱਠੀਆਂ ਜ਼ੋਰ ਨਾਲ ਭੀਚੀਆਂ। ਮੂਹ ਤੇ ਚਿਹਰਾ ਅਕੜਾਇਆ ਪਰ ਝੱਟ ਹੀ ਅਸੀਂ ਉਸ ਬੰਦੇ ਦੇ ਡੀਲ-ਡੌਲ ਦਾ ਜਾਇਜ਼ਾ ਲੈਣ ਲਈ ਉਸ ਦੇ ਸਰੀਰ ’ਤੇ ਨਿਗਾਹ ਟਿਕਾ ਲਈ ਸੀ। ਪਲ ਦੀ ਪਲ ਉਹ ਸਾਨੂੰ ਸਾਡੇ ਨਾਲੋਂ ਕਾਫ਼ੀ ਤਕੜਾ ਜਾਪਿਆ।
ਕਿਸੇ ਸਿਆਣੇ ਨੇ ਆਖਿਆ ਵੀ ਹੈ ਕਿ ਗੁੱਸਾ ਬਹੁਤ ਸਿਆਣਾ ਹੁੰਦਾ ਹੈ। ਜੋ ਹਮੇਸ਼ਾਂ ਆਪਣੇ ਨਾਲੋਂ ਕਮਜ਼ੋਰ ’ਤੇ ਹੀ ਚੜ੍ਹਦਾ ਹੈ ਪਰ ਇਹ ਬੰਦਾ ਤਾਂ ਪਹਿਲਵਾਨ ਜਾਪਦਾ ਸੀ।
ਤਦ ਹੀ ਸਾਨੂੰ ਸਾਡਾ ਮਿੱਤਰ ਚੱਕਰੀ ਯਾਦ ਆਇਆ। ਉਹ ਸਾਡੇ ਵਾਲੀ ਸਥਿਤੀ ’ਚ ਹੁੰਦਾ ਤਾਂ ਉਸ ਨੇ ਝੱਟ ਹੀ ਉਸ ਬੰਦੇ ਨਾਲ ਪੰਗਾ ਲੈ ਲੈਣਾ ਸੀ। ਅੱਜ ਉਹ ਸਾਡੇ ਨਾਲ ਹੁੰਦਾ ਤਾਂ ਅਸੀਂ ਇਸ ਫੁਕਰੇ ਬੰਦੇ ਦੀ ਕੁੱਟ-ਕੁੱਟ ਕੇ ਮਿੱਝ ਕੱਢ ਦਿੰਦੇ। ਸਾਨੂੰ ਕਿਸੇ ਸਿਆਣੇ ਬੰਦੇ ਦੀ ਦਿੱਤੀ ਸਮਝੌਤੀ ਯਾਦ ਆਉਣ ਲੱਗੀ ਸੀ, ‘‘ਪ੍ਰਦੇਸ ’ਚ ਕਦੀ ਕਿਸੇ ਨਾਲ ਪੰਗਾ ਨਹੀਂ ਲਈਦਾ। ਅੜ-ਫਸ ਵੀ ਹੋ ਜਾਏ ਤਾਂ ਚੁੱਪ ਵੱਟਣੀ ਹੀ ਬਿਹਤਰ ਹੁੰਦੀ ਹੈ। ਪ੍ਰਦੇਸ ਵਿੱਚ ਆਪਣਾ ਹੱਥ ਫੜਨ ਵਾਲਾ ਕੋਈ ਨੀ ਹੁੰਦਾ। ਤੁਹਾਡੇ ਨਾਲ ਵਧੀਕੀ ਵੀ ਹੋ ਰਹੀ ਹੋਵੇ ਤਾਂ ਚੁੱਪ ਰਹਿਣਾ ਹੀ ਠੀਕ ਹੁੰਦਾ ਹੈ।’’
ਇਸ ਸਭ ਦੇ ਬਾਵਜੂਦ ਸਾਡੇ ਮਨ ਵਿੱਚ ਉਸ ਬੰਦੇ ਲਈ ਘ੍ਰਿਣਾ ਰਿੱਝਣ ਲੱਗ ਪਈ ਸੀ। ਸਾਡੀ ਘ੍ਰਿਣਾ ਖਿਝ ’ਚ ਵਟਣ ਲੱਗੀ ਸੀ। ਅਸੀਂ ਝੱਟ ਹੀ ਦੁਕਾਨਦਾਰ ਕੋਲ ਗਏ ਸਾਂ, ‘‘ਸ੍ਰੀਮਾਨ ਜੀ, ਤੁਸੀਂ ਇਸ ਫੁਕਰੇ ਬੰਦੇ ਨੂੰ ਸਿਗਰਟਨੋਸ਼ੀ ਤੋਂ ਰੋਕਦੇ ਕਿਉਂ ਨਹੀਂ? ਤੁਸੀਂ ਦੇਖ ਨਹੀਂ ਰਹੇ ਉਹ ਤੁਹਾਡੀ ਦੁਕਾਨ ’ਚ ਕਿੰਨਾ ਪ੍ਰਦੂਸ਼ਣ ਫੈਲਾ ਰਿਹਾ ਹੈ। ਤੁਸੀਂ ਉਸ ਨੂੰ ਪੁਲੀਸ ਹਵਾਲੇ ਕਰੋ ਤਾਂ। ਇਹੋ ਜਿਹੇ ਬੰਦਿਆਂ ਦੀ ਹੋਸ਼ ਜ਼ਰੂਰ ਟਿਕਾਣੇ ਲਾਉਣੀ ਚਾਹੀਦੀ ਹੈ।’’
ਦੁਕਾਨਦਾਰ ਆਪਣੇ ਗਾਹਕਾਂ ਵਿੱਚ ਬੁਰੀ ਤਰ੍ਹਾਂ ਰੁੱਝਿਆ ਹੋਇਆ ਸੀ। ਉਸ ਕੋਲ ਸਾਡੀ ਗੱਲ ਸੁਣਨ ਦਾ ਤਾਂ ਕੀ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ। ਉਹ ਪਲ ਕੁ ਲਈ ਸਾਡੇ ਵੱਲ ਝਾਕਿਆ ਤੇ ਫਿਰ ਝੱਟ ਹੀ ਮੁਸਕਰਾਉਣ ਲੱਗ ਪਿਆ ਸੀ। ਅਸੀਂ ਆਪਣੀ ਗੱਲ ਦੁਹਰਾਈ ਤਾਂ ਔਖਾ ਜਿਹਾ ਹੋ ਕੇ ਕਹਿਣ ਲੱਗਾ, ‘‘ਬਾਊ ਜੀ, ਧੰਦੇ ਦਾ ਟੈਮ ਐ। ਇਹੋ ਜਿਹੇ ਬੰਦਿਆਂ ਲਈ ਟੈਮ ਖੋਟਾ ਕਰੀ ਜਾਈਏ ਤਾਂ ਅਸੀਂ ਕਰ ਲਿਆ ਧੰਦਾ। ਬੱਸ ਅੱਡਿਆਂ ’ਤੇ ਵਣ-ਵਣ ਦੀ ਲੱਕੜੀ ਹਰ ਵੇਲੇ ’ਕੱਠੀ ਹੁੰਦੀ ਰਹਿੰਦੀ ਐ। ਕੀਹਦੇ-ਕੀਹਦੇ ਨਾਲ ਮੱਥਾ-ਮਾਰੀ ਕਰੀ ਜਾਈਏ। ਛੱਡੋ ਤੁਸੀਂ ਇਹ ਗੱਲਾਂ। ਖਾਓ-ਪੀਓ ਤੇ ਆਪਣੀ ਮੰਜ਼ਿਲ ’ਤੇ ਪਹੁੰਚਦੇ ਹੋਵੇ।’’
ਆਖ ਉਹ ਕਾਊਂਟਰ ’ਤੇ ਖਲੋਤੇ ਦੂਜੇ ਗਾਹਕਾਂ ਨਾਲ ਲੈਣ-ਦੇਣ ਕਰਨ ਲੱਗ ਪਿਆ ਸੀ।
ਏਨੀ ਦੇਰ ਨੂੰ ਉਹ ਬੰਦਾ ਤੇ ਉਸ ਦਾ ਸਾਥੀ ਵੀ ਕਾਊਂਟਰ ਕੋਲ ਆਣ ਖਲੋਤੇ ਸਨ। ਉਸ ਆਉਂਦਿਆਂ ਹੀ ਦੁਕਾਨਦਾਰ ਤੋਂ ਪੁੱਛਿਆ,‘‘ਲਿਮਕੇ ਦੀ ਬੋਤਲ ਕਿੰਨੇ ਦੀ ਐ?’’
‘‘ਤੀਹ ਦੀ।’’ ਦੁਕਾਨਦਾਰ ਨੇ ਦੱਸਿਆ।
‘‘ਚਾਹ ਦਾ ਕੱਪ ਕਿੰਨੇ ਦੈ?’’
‘‘ਦਸ ਰੁਪਏ ਦਾ।’’
‘‘ਬਰੈੱਡ ਪੀਸ ਕਿੰਨੇ ਦਾ?’’
‘‘ਵੀਹ ਦਾ।’’ ਦੁਕਾਨਦਾਰ ਦੇ ਆਖਣ ’ਤੇ ਉਹ ਝੱਟ ਬੋਲਿਆ, ‘‘ਬੜਾ ਲੁੱਟਦੇ ਐਂ ਤੁਸੀਂ ਲੋਕ ਮੁਸਾਫ਼ਿਰਾਂ ਨੂੰ। ਦਿਨੇ ਈ ਕੱਪੜੇ ਲਾਹੀ ਜਾਨੇ ਐਂ। ਦੁੱਗਣੇ-ਤਿੱਗਣੇ ਰੇਟ ਦੱਸੀ ਜਾਨੇ ਆਂ। ਲੋਕਾਂ ਦੀ ਮਜਬੂਰੀ ਦਾ ਚੰਗਾ ਫੈਦਾ ਚੁੱਕਦੇ ਓ ਤੁਸੀਂ।’’
ਸੁਣਦਿਆਂ ਹੀ ਦੁਕਾਨਦਾਰ ਵੀ ਤੈਸ਼ ’ਚ ਆ ਗਿਆ ਸੀ। ਗੁੱਸੇ ਨਾਲ ਅੱਖਾਂ ਕੱਢਦਿਆਂ ਕਹਿਣ ਲੱਗਾ, ‘‘ਲੱਖਾਂ ਰੁਪੈ ਦਾ ਠੇਕਾ ਭਰੀ ਦੈ ਭਲਵਾਨ ਜੀ। ਅਸੀਂ ਤੇ ਸਾਡੇ ਨਿਆਣੇ ਰੋਟੀ ਕਿੱਥੋਂ ਖਾਣਗੇ? ਲੈਣਾ ਕੁਸ਼ ਲਉ, ਨਹੀਂ ਤਾਂ ਡੰਡੀ ਫੜੋ। ਐਵੇਂ ਟੈਮ ਨਾ ਖਰਾਬ ਕਰੋ।’’ ਏਨਾ ਆਖ ਦੁਕਾਨਦਾਰ ਸਾਡੇ ਵੱਲ ਦੇਖ ਕੇ ਮੁਸਕਰਾਉਣ ਲੱਗਾ ਸੀ, ਜਿਵੇਂ ਕਹਿ ਰਿਹਾ ਹੋਵੇ, ‘‘ਲੈ ਬਾਊ, ਤੇਰਾ ਬਦਲਾ ਤਾਂ ਅਸੀਂ ਲੈ ਲਿਆ। ਹੁਣ ਤੂੰ ਜਾਣੇ, ਤੇਰੀ ਰਾਮ ਕਥਾ ਜਾਣੇ।’’
ਦੁਕਾਨਦਾਰ ਦੇ ਬੋਲਾਂ ਨਾਲ ਸਾਨੂੰ ਵੀ ਪਲ ਦੀ ਪਲ ਰਾਹਤ ਜਿਹੀ ਮਹਿਸੂਸ ਹੋਈ ਸੀ। ਪਰ ਫੇਰ ਵੀ ਸਾਨੂੰ ਸਾਡਾ ਮਿੱਤਰ ਚੱਕਰੀ ਬੁਰੀ ਤਰ੍ਹਾਂ ਯਾਦ ਆਉਣ ਲੱਗਾ ਸੀ। ਅਸੀਂ ਸੋਚ ਰਹੇ ਸਾਂ, ‘ਕਾਸ਼! ਚੱਕਰੀ ਇਸ ਵੇਲੇ ਸਾਡੇ ਨਾਲ ਹੁੰਦਾ। ਅਸੀਂ ਦੋਵੇਂ ਮਿਲ ਕੇ ਇਸ ਬਦਮਾਸ਼ ਦੀ ਉਹ ਚੱਕਰੀ ਭੁਆਉਂਦੇ, ਉਹ ਚੱਕਰੀ ਭੁਆਉਂਦੇ ਕਿ ਇਹ ਰਹਿੰਦੇ ਸਵਾਸਾਂ ਤਕ ਯਾਦ ਰੱਖਦਾ। ਉਹ ਹੱਡ ਗੋਡੇ ਭੰਨਦੇ ਇਸ ਦੇ, ਤਾਅ ਉਮਰ ਉੱਠਣ ਜੋਗਾ ਨਾ ਰਹਿੰਦਾ। ਚੱਕਰੀ ਨੇ ਸਾਨੂੰ ਨਾਲ ਆਉਣ ਦਾ ਵਾਅਦਾ ਵੀ ਕੀਤਾ ਸੀ ਪਰ ਐਨ ਮੌਕੇ ’ਤੇ ਆ ਕੇ ਟਾਲਾ ਵੱਟ ਗਿਆ ਸੀ। ਅੱਜ ਉਹ ਸਾਡੇ ਨਾਲ ਹੁੰਦਾ ਤਾਂ ਸੁਆਦ ਆ ਜਾਣਾ ਸੀ।’
ਅਸੀਂ ਹਾਲੇ ਇਨ੍ਹਾਂ ਸੋਚਾਂ ਵਿੱਚ ਘਿਰੇ ਹੀ ਹੋਏ ਸਾਂ ਕਿ ਉਸ ਬੰਦੇ ਨੇ ਸਾਡੇ ਵੱਲ ਦੇਖ ਕੇ ਆਪਣੇ ਗਲ ਵਿੱਚ ਬੰਨ੍ਹੇ ਰੁਮਾਲ ਦੀ ਗੰਢ ਖੋਲ੍ਹ ਕੇ ਦੁਬਾਰਾ ਬੰਨ੍ਹੀ। ਸ਼ਾਇਦ ਏਦਾਂ ਕਰਦਿਆਂ ਉਹ ਸਾਡੇ ਵੱਲ ਦੇਖ ਕੇ ਭੋਰਾ ਕੁ ਮੁਸਕਰਾਇਆ ਵੀ ਸੀ। ਸਾਨੂੰ ਜਾਪਿਆ ਜਿਵੇਂ ਉਹ ਕਹਿ ਰਿਹਾ ਹੋਵੇ, ‘ਤੁਹਾਡੇ ਜਿਹੀਆਂ ਮੱਖੀਆਂ ਭਿਣ-ਭਿਣ ਕਰਨ ਤੋਂ ਸਿਵਾਏ ਕੁਸ਼ ਨਹੀਂ ਕਰ ਸਕਦੀਆਂ ਹੁੰਦੀਆਂ। ਨੌਤੀ ਸੌ ਫਿਰਦੀਆਂ ਤੁਹਾਡੇ ਜਿਹੀਆਂ ਮੱਖੀਆਂ। ਸਾਡੇ ਨਾਲ ਪੰਗਾ ਲੈ ਕੇ ਤਾਂ ਦੇਖੋ, ਜੇ ਨਾਨੀ ਚੇਤੇ ਨਾ ਕਰਾ ਤੀ ਤਾਂ ਕਹਿਣਾ।’
ਉਹ ਹੌਲੀ-ਹੌਲੀ ਬਗ਼ੈਰ ਕੁਝ ਖਰੀਦਿਆਂ ਕਾਊਂਟਰ ਤੋਂ ਪਰ੍ਹਾਂ ਹਟ ਗਏ ਸਨ। ਉਸ ਨੇ ਆਪਣੇ ਸਾਥੀ ਨੂੰ ਆਖਿਆ, ‘‘ਚੱਲ ਯਾਰ, ਮੇਜ਼ ’ਤੇ ਪਏ ਜੱਗ ’ਚੋਂ ਠੰਢੇ ਪਾਣੀ ਦਾ ਗਲਾਸ ਪੀਏ ਤੇ ਚੱਲੀਏ। ਆਪਾਂ ਤੋਂ ਮੁਫ਼ਤ ’ਚ ਜੇਬ ਨੀ ਕਟਾ ਹੁੰਦੀ ਇੱਥੇ। ਸਹੁਰੇ ਬੱਸਾਂ ਵਾਲਿਆਂ ਨੇ ਵੀ ਇਨ੍ਹਾਂ ਨਾਲ ਹਿੱਸਾ ਪੱਤੀ ਕੀਤੀ ਹੁੰਦੀ ਐ। ਆਪ ਤਾਂ ਮੁਫ਼ਤ ’ਚ ਗੁੱਲਛੱਰੇ ਉਡਾ ਕੇ ਤੁਰਦੇ ਬਣਦੇ ਆ ਤੇ ਲੁੱਟੇ ਜਾਂਦੇ ਆ ਸਾਡੇ ਵਰਗੇ ਭਗਤ ਲੋਕ।’’
ਉਨ੍ਹਾਂ ਇੱਕ-ਇੱਕ ਗਿਲਾਸ ਠੰਢੇ ਪਾਣੀ ਦਾ ਪੀਤਾ ਤੇ ਦਬਾਸੱਟ ਦੁਕਾਨ ਤੋਂ ਬਾਹਰ ਨਿਕਲ ਗਏ ਸਨ।
ਚਾਹ ਪੀਂਦਿਆਂ ਮੈਂ ਹਾਲੇ ਵੀ ਸੋਚ ਰਿਹਾ ਸਾਂ। ਇਹ ਬੰਦਾ ਮੈਨੂੰ ਜਾਣਦਾ ਤਕ ਨਹੀਂ। ਮੈਨੂੰ ਕਦੀ ਮਿਲਿਆ ਨਹੀਂ। ਦੁਬਾਰਾ ਕਦੇ ਮਿਲਣ ਦੀ ਆਸ ਵੀ ਨਹੀਂ। ਮੇਰੀ ਉਸ ਨਾਲ ਕੋਈ ਦੁਸ਼ਮਣੀ ਵੀ ਨਹੀਂ। ਮੇਰਾ ਉਸ ਨਾਲ ਕੋਈ ਲੈਣ-ਦੇਣ ਜਾਂ ਵੱਟ ਦਾ ਰੌਲਾ ਵੀ ਨਹੀਂ। ਫੇਰ ਉਸ ਨੂੰ ਦੇਖਦਿਆਂ ਹੀ ਮੇਰੇ ਅੰਦਰਲਾ ਬਾਇਲਰ ਫਟੂੰ-ਫਟੂੰ ਕਿਉਂ ਕਰਨ ਲੱਗ ਪਿਆ ਸੀ? ਮੇਰੇ ਅੰਦਰ ਉਸ ਨੂੰ ਦੇਖਦਿਆਂ ਹੀ ਏਨੀ ਭਾਫ਼ ਕਿਉਂ ਇਕੱਠੀ ਹੋ ਗਈ ਸੀ? ਇਨ੍ਹਾਂ ਸਵਾਲਾਂ ਦਾ ਮੇਰੇ ਅੰਦਰੋਂ ਕੋਈ ਜਵਾਬ ਨਹੀਂ ਸੀ ਲੱਭ ਰਿਹਾ। ਪਰ ਤਦ ਹੀ ਝੱਟਪਟ ਮੇਰੇ ਅੰਦਰੋਂ ਇੱਕ ਆਵਾਜ਼ ਜਿਹੀ ਆਈ ਸੀ, ‘ਕਾਸ਼! ਅੱਜ ਚੱਕਰੀ ਮੇਰੇ ਨਾਲ ਹੁੰਦਾ ਤਾਂ ਇਸ ਨੂੰ ਦੱਸ ਦਿੰਦਾ ਕਿ ਮੈਂ ਕੀ ਸ਼ੈਅ ਆਂ। ਇਸ ਦੀ ਉਹ ਦੁਰਗਤ ਕਰਦਾ ਕਿ ਇਸ ਲਈ ਬੱਸ ਦੀ ਸੀਟ ’ਤੇ ਬੈਠਣਾ ਮੁਸ਼ਕਲ ਹੋ ਜਾਂਦਾ। ਦਿੱਲੀ ਉਸ ਲਈ ਦੂਰ ਹੋ ਜਾਣੀ ਸੀ।’
ਚਾਹ ਪੀ ਕੇ ਮੈਂ ਦੁਕਾਨਦਾਰ ਨੂੰ ਪੈਸੇ ਦੇਣ ਲੱਗਿਆ ਤਾਂ ਉਸ ਵੇਲੇ ਤਕ ਉਸ ਦੁਆਲੇ ਗਾਹਕਾਂ ਦੀ ਭੀੜ ਘਟ ਗਈ ਸੀ। ਦਸ ਦਾ ਨੋਟ ਫੜਦਿਆਂ ਦੁਕਾਨਦਾਰ ਕਹਿਣ ਲੱਗਾ, ‘‘ਬਾਊ ਜੀ, ਇਹ ਬੱਸ ਸਟਾਪ ਐ। ਹਜ਼ਾਰਾਂ ਲੋਕ ਇੱਥੇ ਰੋਜ਼ ਆਉਂਦੇ ਆ। ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਸਾਡਾ ਵਾਹ ਪੈਂਦੈ। ਗਾਹਕਾਂ ਨਾਲ ਪੰਗਾ ਲੈਣਾ ਸਾਨੂੰ ਪੁੱਗਦਾ ਨੀ। ਘਾਟੇ ਵਾਲਾ ਸੌਦੈ। ਪਲ ਦੋ ਪਲ ਦੀ ਤਾਂ ਇਹ ਖੇਡ ਹੁੰਦੀ ਐ ਸਾਰੀ। ਸਵਾਰੀਆਂ ਤਾਂ ਨਦੀ ਦੇ ਪਾਣੀ ਜਿਹੀਆਂ ਹੁੰਦੀਆਂ ਜੋ ਕਦੀ ਮੁੜ ਕੇ ਨੀ ਆਉਂਦੀਆਂ। ਸਫ਼ਰ ਵੇਲੇ ਠਰ੍ਹੰਮਾ ਰੱਖਣਾ ਚਾਹੀਦੈ।’’
ਵਾਪਸ ਬੱਸ ’ਚ ਬੈਠਣ ਲੱਗਿਆਂ ਅਸੀਂ ਸਾਰੀਆਂ ਸਵਾਰੀਆਂ ਦੇ ਸਿਰਾਂ ’ਤੇ ਤਰਦੀ-ਤਰਦੀ ਨਜ਼ਰ ਸੁੱਟੀ। ਸ਼ੁਕਰ ਸੀ ਕਿ ਉਹ ਬੰਦਾ ਸਾਡੇ ਵਾਲੀ ਬੱਸ ਦੀ ਸਵਾਰੀ ਨਹੀਂ ਸੀ। ਨਹੀਂ ਤਾਂ… ਯਾਦ ਕਰਕੇ ਹੀ ਸਾਡੀਆਂ ਮੁੱਠੀਆਂ ਭੀਚੀਆਂ ਗਈਆਂ ਸਨ। ਫੇਰ ਵੀ ਅਸੀਂ ਸੋਚ ਰਹੇ ਸਾਂ, ‘ਕਾਸ਼! ਅੱਜ ਚੱਕਰੀ ਸਾਡੇ ਨਾਲ ਹੁੰਦਾ ਤਾਂ ਸਫ਼ਰ ਦਾ ਸੁਆਦ ਆ ਜਾਣਾ ਸੀ।’
ਹਾਲੇ ਵੀ ਉਸ ਫ਼ੁਕਰੇ ਬੰਦੇ ਦਾ ਚਿਹਰਾ ਨਹਿਰ ਦੀ ਝਾਲ ’ਚ ਡਿੱਗੇ ਜੁਆਕ ਵਾਂਗ ਸਾਡੇ ਚੇਤਿਆਂ ਵਿੱਚ ਡੁਬਡੁਬਾ ਰਿਹਾ ਸੀ। ਦੋਸਤ ਦੀ ਬੇਟੀ ਵਾਲੀ ਗੱਲ ਸਾਨੂੰ ਭੁੱਲ-ਭੁਲਾ ਚੁੱਕੀ ਸੀ। ਚੱਕਰੀ ਸਾਡੇ ਨਾਲ ਹੋਵੇ ਤੇ ਉਹ ਬੰਦਾ ਸਾਨੂੰ ਦੁਬਾਰਾ ਮਿਲ ਪਵੇ ਤਾਂ ਫੇਰ ਦਿਖਾਵਾਂਗੇ ਉਸ ਨੂੰ ਸੁਆਦ ਦੁਬਾਰਾ ਹੋਈ ਮਿਲਣੀ ਦਾ। ਅਜੇ ਤਾਂ ਉਸ ਨੇ ਸਾਡੀ ਸ਼ਰਾਫ਼ਤ ਹੀ ਦੇਖੀ ਸੀ। ਸਾਡਾ ਅਸਲੀ ਚਿਹਰਾ ਤਾਂ…