Munh Mulahje Di Aar 'Ch : K.L. Garg
ਮੂੰਹ ਮੁਲਾਹਜ਼ੇ ਦੀ ਆੜ ’ਚ (ਵਿਅੰਗ) : ਕੇ.ਐਲ. ਗਰਗ
ਤੁਸੀਂ ਸੱਚੇ-ਸੁੱਚੇ ਪੰਜਾਬੀ ਹੋ ਤਾਂ ਇਹ ਲੋਕਗੀਤ ਜ਼ਰੂਰ ਸੁਣਿਆ ਹੋਵੇਗਾ:
‘‘ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਮੈਂ ਸਾਰੇ ਪਿੰਡ ਦੀ।’’ ਜੇ ਨਹੀਂ ਸੁਣਿਆ ਤਾਂ ਸਾਨੂੰ ਸ਼ੱਕ ਹੋਣ ਲੱਗਦਾ ਹੈ ਕਿ ਤੁਸੀਂ ਖ਼ਾਲਸ ਪੰਜਾਬੀ ਹੋ ਵੀ ਕਿ ਨਹੀਂ।
ਮੂੰਹ ਮੁਲਾਹਜ਼ੇ ’ਚ ਅੱਖ ਦੀ ਸ਼ਰਮ ਹੁੰਦੀ ਹੈ ਜੋ ਸੁਨੱਖੀ ਮੁਟਿਆਰ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਆਪਣੇ ਮੁਲਾਹਜ਼ੇਦਾਰ (ਪ੍ਰੇਮੀ) ਨੂੰ ਸਾਰੇ ਪਿੰਡ ਨਾਲੋਂ ਵੱਧ ਤਰਜੀਹ ਦੇਵੇ।
ਮੂੰਹ ਮੁਲਾਹਜ਼ਾ ਮਿੱਠੀ ਜ਼ਹਿਰ ਵਾਂਗ ਹੁੰਦਾ ਹੈ ਜਿਸ ਨੂੰ ਪੀ ਕੇ ਬੰਦਾ ਮਗਰੂਰ ਤਾਂ ਭਾਵੇਂ ਨਾ ਹੋਵੇ ਪਰ ਮਜਬੂਰ ਜ਼ਰੂਰ ਹੋ ਜਾਂਦਾ ਹੈ।
ਮੂੰਹ ਮੁਲਾਹਜ਼ਾ ਸ਼ਿਸ਼ਟਾਚਾਰ ਦਾ ਸਕਾ ਕਜ਼ਨ ਹੁੰਦਾ ਹੈ ਜੋ ਉਸ ਨਾਲ ਰਲ ਕੇ ਭਜਨ ਕਰਦਾ ਹੈ। ਦੋਵਾਂ ਦੀਆਂ ਅੱਖਾਂ ਵਿੱਚ ਸ਼ਰਮ ਤੇ ਹਯਾ ਦੀ ਲਾਲੀ ਭਖਦੀ ਰਹਿੰਦੀ ਹੈ। ਇਹ ਦੋਵੇਂ ਇਹ ਮੁਹਾਵਰਾ ਭੁੱਲ ਕੇ ਵੀ ਨਹੀਂ ਵਰਤਦੇ, ‘ਜਿਨ ਨੇ ਕੀਤੀ ਸ਼ਰਮ, ਉਸ ਦੇ ਫੁੱਟੇ ਕਰਮ।’
ਦਫ਼ਤਰੀ ਬਾਬੂ ਭ੍ਰਿਸ਼ਟਾਚਾਰ ਦੀ ਦਲਾਲੀ ਸ਼ਿਸ਼ਟਾਚਾਰ ਰਾਹੀਂ ਉਗਰਾਹੁੰਦਾ ਹੈ। ਗਾਂਧੀ ਜੀ ਦੀ ਤਸਵੀਰ ਵਾਲਾ ਗੁਲਾਬੀ ਪੱਤਾ ਅਸਾਮੀ ਦੇ ਹੱਥ ਵਿੱਚ ਦੇਖਦਿਆਂ ਹੀ ਬਾਬੂ ਕਨਛੇਦੀ ਲਾਲ ਮੱਖਣ ਵਾਂਗ ਮੁਲਾਇਮ ਹੋ ਜਾਂਦਾ ਹੈ। ਅਸਾਮੀ ਨੂੰ ਝਟਪਟ ਦਫ਼ਤਰੀ ਕੁਰਸੀ ਆਫਰ ਕਰਦਿਆਂ ਮੂੰਹ ’ਤੇ ਜੇਤੂ ਮੁਸਕਾਨ ਲਿਆ ਕੇ ਆਖਦਾ ਹੈ:
‘‘ਤੁਸੀਂ ਤਾਂ ਜੀ ਮੂੰਹ ਮੱਥੇ ਲੱਗਣ ਵਾਲੇ ਸਾਡੇ ਘਰ ਦੇ ਹੀ ਬੰਦੇ ਹੋ, ਹੁਣ ਤਾਂ ਘਰ ਦੇ ਜੀਅ ਵਰਗੇ ਹੀ ਲੱਗਦੇ ਹੋ। ਤੁਹਾਡਾ ਕੰਮ ਨਾ ਕਰਾਂਗੇ ਤਾਂ ਕੀਹਦਾ ਕਰਾਂਗੇ? ਗੋਲੀ ਕੀਹਦੀ ਤੇ ਗਹਿਣੇ ਕੀਹਦੇ? ਤੁਹਾਡਾ ਕੰਮ ਲੇਟ ਹੋਣ ’ਤੇ ਅਸੀਂ ਸੱਚਮੁੱਚ ਸ਼ਰਮਿੰਦਾ ਹਾਂ। ਹੁਣ ਦੇਖੋ ਅਸੀਂ ਤੁਹਾਡੀ ਫਾਈਲ ਨੂੰ ਪਹੀਏ ਲਗਾ ਕੇ ਕਿਵੇਂ ਅਗਲੀ ਦਰਗਾਹ ਪਹੁੰਚਾਉਂਦੇ ਹਾਂ।’’
‘‘ਅਸੀਂ ਹੁਣ ਜੀ ਇਸ ਕੰਮ ਲਈ ਕਦੋਂ ਆਈਏ?’’ ਅਸਾਮੀ ਸਤਮਾਹੇਂ ਜੁਆਕ ਵਾਂਗ ਮੂੰਹ ਮਾਰਦਿਆਂ ਪੁੱਛਦੀ ਹੈ ਤਾਂ ਬਾਬੂ ਕਨਛੇਦੀ ਲਾਲ, ਮੋਮ ਵਾਂਗ ਪਿਘਲਦਿਆਂ, ਦੋਵੇਂ ਕਰਕਮਲ ਜੋੜ ਕੇ, ਸਿਰ ਨਿਵਾਉਂਦੇ ਹੋਏ ਆਖਦੇ ਹਨ:
‘‘ਇਹੋ ਜਿਹੇ ਸਵਾਲਾਂ ਨਾਲ ਹੁਣ ਸਾਨੂੰ ਹੋਰ ਸ਼ਰਮਿੰਦਾ ਨਾ ਕਰੋ, ਬੰਧੂ। ਤੁਹਾਡਾ ਕਾਗਜ਼ ਤੁਹਾਡੇ ਘਰ ਸਹੀ ਸਲਾਮਤ ਪਹੁੰਚਾਉਣ ਦੀ ਜ਼ਿੰਮੇਵਾਰੀ ਹੁਣ ਸਰਕਾਰ ਦੀ ਹੈ। ਆਪਸੀ ਮਿਲਵਰਤਣ ਸਪਤਾਹ ਚੱਲ ਰਿਹਾ ਹੈ। ਤੁਸੀਂ ਸਿੱਧੇ ਘਰ ਜਾ ਕੇ ਸਿਰਹਾਣੇ ਹੇਠ ਬਾਂਹ ਦੇ ਕੇ, ਸੌਂ ਜਾਉ। ਤੁਹਾਡਾ ਕੰਮ ਹੋਣ ਦੀ ਸੂਚਨਾ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਤੁਹਾਡੇ ਬੀਵੀ ਬੱਚਿਆਂ ਕੋਲ ਪਹੁੰਚੀ ਹੋਵੇਗੀ। ਹੀਂ ਹੀਂ ਹੀਂ… ਕਿਆ ਸਮਝੇ? ਆਪਸੀ ਮਿਲਵਰਤਨ ਦਫ਼ਤਰੀ ਕੰਮਕਾਜ ਵਿੱਚ ਅੰਮ੍ਰਿਤਧਾਰਾ ਵਾਂਗ ਹੁੰਦਾ ਹੈ, ਬੰਧੂ।’’
ਅਸਾਮੀ ਬਾਬੂ ਕਨਛੇਦੀ ਲਾਲ ਦੇ ਵਿਹਾਰ ’ਤੇ ਗਦਗਦ ਹੋ ਗਈ ਹੈ। ਬਾਬੂ ਦੇ ਪਿਆਰ ਤੇ ਸ਼ਿਸ਼ਟਾਚਾਰ ਨੇ ਅਸਾਮੀ ਨੂੰ ਗਾਂਧੀ ਵਾਲੇ ਗੁਲਾਬੀ ਪੱਤੇ ਦਾ ਵਿਛੋੜਾ ਵੀ ਭੁਲਾ ਦਿੱਤਾ ਹੈ।
ਮੂੰਹ ਮੁਲਾਹਜ਼ੇ ਦੀ ਆੜ ’ਚ ਭ੍ਰਿਸ਼ਟਾਚਾਰ ਦੀ ਗਲੀ ਦਾ ਮੂੰਹ ਖੁੱਲ੍ਹ ਜਾਂਦਾ ਹੈ। ਬਾਬਾ ਫ਼ਰੀਦ ਦੇ ‘ਗਲੀਏ ਚਿੱਕੜ ਘਰਿ ਦੂਰਿ’ ਵਾਲਾ ‘ਘਰਿ’ ਨੇੜੇ ਹੋ ਗਿਆ ਹੈ।
ਮੰਤਰੀ ਪੋਪਟ ਲਾਲ ਦਾ ਸੰਸਥਾ ਦੇ ਡਾਇਰੈਕਟਰ ਨੂੰ ਹੌਟ ਲਾਈਨ ’ਤੇ ਫੋਨ ਆਉਂਦਾ ਹੈ:
‘‘ਤੁਹਾਡਾ ਕੰਟਰੈਕਟਰ ਸਾਡਾ ਸਕਾ ਸਾਲਾ ਹੈ। ਤੁਸੀਂ ਇਹ ਮੁਹਾਵਰਾ ਵੀ ਸੁਣਿਆ ਹੀ ਹੋਵੇਗਾ, ‘ਸਾਰੀ ਖ਼ੁਦਾਈ ਏਕ ਤਰਫ਼, ਜ਼ੋਰੂ ਕਾ ਭਾਈ ਏਕ ਤਰਫ਼।’ ਉਸ ਨੂੰ ਥੋੜ੍ਹਾ ਬਹੁਤ ਘਪਲਾ ਕਰ ਲੈਣ ਦਿਉ, ਪ-ਲੀ….ਅ…ਜ਼। ਤੁਸੀਂ ਸਾਡੀ ਸਾਕਾਦਾਰੀ ਨਿਭਣ ਦਿਉਗੇ ਤਾਂ ਅਸੀਂ ਵੀ ਤੁਹਾਡਾ ਹੱਕ ਨਹੀਂ ਰੱਖਣ ਲੱਗੇ। ਤੁਹਾਡੀ ਪ੍ਰਮੋਸ਼ਨ ਵਾਲੀ ਫਾਈਲ ਸਾਡੇ ਟੇਬਲ ’ਤੇ ਹੀ ਪਈ ਹੈ। ਕੰਮ ਦੀ ਪੇਮੈਂਟ ਵੀ ਉਸ ਨੂੰ ਐਡਵਾਂਸ ਹੀ ਦੇ ਦਿਓ… ਪ..ਲੀ…ਅ…ਜ। ਪਤਨੀ ਮੂਹਰੇ ਸਾਡੀ ਇੱਜ਼ਤ ਦਾ ਸਵਾਲ ਹੈ। ਥੋੜ੍ਹਾ ਵੱਧ ਰੇਤਾ ਰਲਾਉਣ ਨਾਲ ਇਮਾਰਤ ਕਿਤੇ ਨ੍ਹੀਂ ਡਿੱਗਣ ਲੱਗੀ। ਆਪਾਂ ਠੇਕੇਦਾਰੀ ਵਿੱਚ ਸਾਲਾ ਸਾਹਬ ਦੇ ਪੈਰ ਸੀਮਿੰਟ ਵਾਂਗ ਜੰਮਾਉਣੇ ਹਨ। ਤੁਹਾਡੀ ਦਲਾਲੀ… ਵਗੈਰਾ-ਵਗੈਰਾ… ਨੱਥੂ ਖੈਰਾ….।’’
ਮੂੰਹ ਮੁਲਾਹਜ਼ੇ ਦੀ ਆੜ ’ਚ ਸਾਲਾ ਸਾਹਿਬ ਦੇ ਪੈਰ ਜੰਮ ਰਹੇ ਹਨ। ਸਰਕਾਰੀ ਇਮਾਰਤਾਂ ਦੇ ਪੈਰ ਉੱਖੜ ਰਹੇ ਹਨ। ਦੇਸ਼ ਦੇ ਪੈਰ ਡਗਮਗਾ ਰਹੇ ਹਨ। ਦੇਸ਼ ਨਾਲੋਂ ਸਾਲਾ ਸਾਹਿਬ ਤਰਜੀਹ ’ਤੇ ਆ ਗਏ ਹਨ। ‘ਸਾਰੀ ਖ਼ੁਦਾਈ ਏਕ ਤਰਫ਼, ਜ਼ੋਰੂ ਕਾ ਭਾਈ ਦੂਜੀ ਤਰਫ਼’ ਖਲੋਤਾ ਰਾਗ ਭੈਰਵੀ ਗਾ ਰਿਹਾ ਹੈ:
‘‘ਚੱਲ ਚੱਲ ਮੇਰੇ ਭਾਈਆ, ਕਰੀ ਚੱਲ ਥਾ ਥਈਆ ਥਾ ਥਈਆ,
ਸਾਲਾ ਸਾਹਿਬ ਦੌੜ ਰਹੇ, ਚਾਹੇ ਰੁਕ ਜਾਏ ਦੇਸ਼ ਕਾ ਪਹੀਆ।’’
ਇੱਕ ਔਰਤ ਦਾ ਪਰਸ ਖੋਹ ਕੇ ਭੱਜ ਰਹੇ ਦੋ ਮੋਟਰਸਾਈਕਲ ਸਵਾਰ ਮੁੰਡੇ ਜਨਤਾ ਨੇ ਹਿੰਮਤ ਕਰਕੇ ਕਾਬੂ ਕਰ ਲਏ ਹਨ। ਮੌਕਾ-ਏ-ਵਾਰਦਾਤ ’ਤੇ ਪੁਲੀਸ ਨੂੰ ਬੁਲਾ ਕੇ ਉਨ੍ਹਾਂ ਮੁੰਡਿਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ। ਪੁਲੀਸ ਉਨ੍ਹਾਂ ਨੂੰ ਲੈ ਕੇ ਅਜੇ ਥਾਣੇ ਪਹੁੰਚੀ ਵੀ ਨਹੀਂ ਸੀ ਕਿ ਵਾਇਰਲੈਂਸ ’ਤੇ ਮੈਸੇਜ ਖੜਕ ਪਿਆ:
‘‘ਉਏ ਭਾਈ, ਇਹ ਤਾਂ ਆਪਣੀ ਭੂਤਰੀ ਫ਼ੌਜ ਦੇ ਜਰਨੈਲ ਨੇ। ਤੁਸੀਂ ਕਿਨ੍ਹਾਂ ਨੂੰ ਫੜ ਲਿਆਏ ਆਂ? ਤੁਹਾਨੂੰ ਫੜਨ ਲਈ ਹੋਰ ਜਨਤਾ ਨੀ ਦਿਸੀ? ਸਾਡੇ ਇਹੋ ਹੀਰੇ ਦਿਸੇ ਨੇ? ਕਿਉਂ ਸਾਡੀ ਸਾਖ ਨੂੰ ਮਿੱਟੀ ’ਚ ਮਿਲਾਉਣ ਲੱਗੇ ਓ? ਹੈਂ… ਹੈਂ…. ਕੁਛ ਤਾਂ ਅਕਲ ਕਰੋ… ਕੁਛ ਤਾਂ ਸ਼ਰਮ ਕਰੋ… ਹੈਂ… ਹੈਂ….।’’
‘‘ਸਰ, ਏਨੀ ਜਨਤਾ ਚਸ਼ਮਦੀਦ ਗਵਾਹ ਹੈ ਇਨ੍ਹਾਂ ਵੱਲੋਂ ਕੀਤੀ ਲੁੱਟ ਦੀ। ਜਨਤਾ ਕੀ ਕਹੂ। ਸਾਡਾ ਅਕਸ? ਲਾਅ ਐਂਡ ਆਰਡਰ?’’ ਪੁਲੀਸ ਅਫ਼ਸਰ ਆਖਦਾ ਹੈ।
‘‘ਉਏ ਭਾਈ, ਸਾਨੂੰ ਏਨੇ ਵਰ੍ਹੇ ਹੋ ਗਏ ਜਨਤਾ ਦੀਆਂ ਅੱਖਾਂ ’ਚ ਘੱਟਾ ਪਾਉਂਦਿਆਂ ਨੂੰ। ਤੁਸੀਂ ਇੱਕ ਕੇਸ ’ਚ ਉਨ੍ਹਾਂ ਦੀਆਂ ਅੱਖਾਂ ’ਚ ਘੱਟਾ ਨਹੀਂ ਪਾ ਸਕਦੇ? ਜਨਤਾ ਅੱਖਾਂ ਪੂੰਝਣ ਤੋਂ ਸਿਵਾਏ ਕਰ ਈ ਕੀ ਸਕਦੀ ਐ? ਜਨਤਾ ਦਾ ਕੰਮ ਹੈ ਰੌਲਾ ਪਾਉਣਾ ਫੇਰ ਚੁੱਪ ਕਰ ਜਾਣਾ। ਕੋਈ ਕਰੋ ਹੀਲਾ। ਮੈਂ ਇਨ੍ਹਾਂ ਭੂਤਰੇ ਜਰਨੈਲਾਂ ਦੇ ਮਾਪਿਆਂ ਨੂੰ ਕੀ ਮੂੰਹ ਦਿਖਾਊਂ?’’
ਮੂੰਹ ਮੁਲਾਹਜ਼ੇ ਦੀ ਆੜ ’ਚ ਭੂਤਰੇ ਜਰਨੈਲ ਕੋਈ ਹੋਰ ਕਾਰਾ ਕਰਨ ਲਈ ਆਜ਼ਾਦ ਹਨ। ਪਰਸ ਵਾਲੀਆਂ ਬਰਬਾਦ ਹਨ, ਭੂਤਰੇ ਜਰਨੈਲ ਆਬਾਦ ਹਨ।
ਸਾਡੀ ਕਾਕੀ ਜੀ ਪ੍ਰੀਖਿਆ ਹਾਲ ’ਚ ਬੈਠੀ ‘ਪਰਚੀ ਅਸਲੇ’ ਦੀ ਉਡੀਕ ਕਰ ਰਹੀ ਹੈ। ਨੇਤਾ ਜੀ ਦਾ ਮੋਬਾਈਲ ਸੁਪਰਡੈਂਟ ਨੂੰ ਖੜਕਦਾ ਹੈ:
‘‘ਓ ਮਾਰ੍ਹਾਜ ਜੀ, ਤੁਹਾਡੇ ਈ ਰੱਖਣ ਦੇ ਆਂ। ਤੁਹਾਡੀ ਕਿਰਪਾ ਹੋਗੀ ਤਾਂ ਕਾਕੀ ਐਤਕੀਂ ਜ਼ਰੂਰ ਪਰ ਜ਼ਰੂਰ ਨਿਕਲ ਜੂ। ਕਰੋ ਕਿਰਪਾ।’’
ਸੁਪਰਡੈਂਟ ਸਾਹਿਬ ਨਿਹਾਲ ਹੋ ਕੇ ਕਹਿ ਦਿੰਦੇ ਹਨ:
‘‘ਨੇਤਾ ਜੀ ਕੋਈ ਫ਼ਿਕਰ ਸ਼ਿਕਰ ਨਾ ਕਰੋ। ਪੂਰੀ ਕਿਤਾਬ ਈ ਫੜਾ ਦਿਆਂਗੇ। ਲਾਹ ਲਵੇ ਡੰਝਾਂ।’’
‘‘ਓ ਨਹੀਂ ਭਾਈ ਨਹੀਂ। ਐਡੀ ਮੋਟੀ ਕਿਤਾਬ ’ਚੋਂ ਵਿਚਾਰੀ ਕਿੱਥੇ ਲੱਭਦੀ ਫਿਰੂ ਸਵਾਲਾਂ ਦੇ ਜਵਾਬ। ਜ਼ਰੂਰੀ ਜਵਾਬ ਈ ਫੋਟੋ ਕਾਪੀ ਕਰਵਾ ਕੇ ਦੇ ਦਿਓ ਜਨਾਬ। ਫਟਾਫਟ ਲਿਖ ਮਾਰੇ।’’
ਕਾਕੀ ਜੀ ਫਟਾਫਟ ਜਵਾਬ ਲਿਖ ਰਹੇ ਹਨ। ਪ੍ਰੀਖਿਆ ਸੈਂਟਰ ਨਿਰਵਿਘਨ ਚੱਲ ਰਿਹਾ ਹੈ।
ਮੂੰਹ ਮੁਲਾਹਜ਼ੇ ਦੀ ਖਿੜਕੀ ਥਾਣੀਂ ਸਫ਼ਲਤਾ ਝਾਤੀਆਂ ਮਾਰ ਰਹੀ ਹੈ। ਡੁੱਬਦਿਆਂ ਨੂੰ ਤਾਰ ਰਹੀ ਹੈ। ਮਾਸੂਮ ਜਨਤਾ ਨੂੰ ਚਾਰ ਰਹੀ ਹੈ।
ਮੂੰਹ ਮੁਲਾਹਜ਼ੇ ਦੀ ਆੜ ’ਚ ਡੁੱਬਦੇ ਤਿਣਕੇ ਤੈਰ ਰਹੇ ਹਨ। ਇਨ੍ਹਾਂ ਦੀਆਂ ਸੱਤੇ ਖੈਰਾਂ!