Katar Vich Lagge Bande Di Desh Bhagti : K.L. Garg
ਕਤਾਰ ਵਿਚ ਲੱਗੇ ਬੰਦੇ ਦੀ ਦੇਸ਼ ਭਗਤੀ (ਵਿਅੰਗ) : ਕੇ.ਐਲ. ਗਰਗ
ਆਪਣੇ ਪੈਸੇ ਹੀ ਬੈਂਕ 'ਚੋਂ ਕਢਵਾਉਣ ਲਈ ਕਤਾਰ 'ਚ ਲੱਗੇ ਤੇ ਤਰਲੋਮੱਛੀ ਹੋ ਰਹੇ ਬੰਦੇ ਨੂੰ ਨੇਤਾ ਜੀ ਦੇਸ਼ ਭਗਤੀ ਦਾ ਚਰਨਾਮਤ ਪਿਲਾਉਣ ਲਈ ਲੱਛੇਦਾਰ ਤੇ ਵਿਸ਼ੇਸ਼ਣਯੁਕਤ ਭਾਸਣ ਪਰੋਸ ਰਹੇ ਹਨ ।
ਮਿੱਤਰੋ, ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਕਾਲਾ ਧਨ ਕਢਵਾਉਣ, ਅੱਤਵਾਦ ਨੂੰ ਰੋਕਣ ਤੇ ਚੋਰਾਂ ਨੂੰ ਫੜਨ ਵਾਸਤੇ ਨੋਟਬੰਦੀ ਦਾ ਫ਼ੈਸਲਾ ਕੀਤਾ ਹੈ । ਅਸੀਂ ਇਹ ਫ਼ੈਸਲਾ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਦੀ ਭਲਾਈ ਲਈ ਲਿਆ ਹੈ । ਦੇਸ਼ ਦੀ ਤਰੱਕੀ ਵਿਚ ਵਧ-ਚੜ੍ਹ ਕੇ ਹਿੱਸਾ ਪਾਓ । ਤੁਹਾਡੇ ਅੱਛੇ ਦਿਨ ਆਉਣ ਵਾਲੇ ਹਨ । ਦੇਸ਼ ਦੇ ਨਿਰਮਾਣ ਵਿਚ ਆਪਣੀ ਦੇਸ਼ ਭਗਤੀ ਦਾ ਸਬੂਤ ਦਿਓ । ਰਾਸ਼ਟਰ ਧ੍ਰੋਹੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ।'
ਲੱਛੇਦਾਰ ਭਾਸ਼ਣ ਸੁਣ ਕੇ ਕਤਾਰ ਵਿਚ ਭੁੱਖ ਪਿਆਸ ਨਾਲ ਸਤਾਇਆ ਬੰਦਾ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ । ਨੇਤਾ ਜੀ ਹਰ ਰੋਜ਼ ਫੁਰਮਾਨ ਜਾਰੀ ਕਰਦੇ ਹਨ । ਕਦੇ ਆਖਦੇ ਹਨ, ਤੁਸੀਂ ਹਰ ਰੋਜ਼ ਚਾਰ ਹਜ਼ਾਰ ਦੀ ਪੁਰਾਣੀ ਕਰੰਸੀ ਬਦਲਾ ਸਕਦੇ ਹੋ, ਕਦੀ ਇਹ ਰਕਮ ਪੰਝਤਾਲੀ ਸੌ ਹੋ ਜਾਂਦੀ ਹੈ । ਕਦੀ ਕੁਛ, ਕਦੀ ਕੁਛ । ਮਿੰਟ-ਮਿੰਟ 'ਤੇ ਐਲਾਨ ਬਦਲ ਰਹੇ ਹਨ । ਨੇਤਾ ਜੀ ਦੇ ਫਰਮਾਨਾਂ ਦੀ ਕੜੀ ਨੂੰ ਦੇਖਦਿਆਂ ਕਤਾਰ ਵਿਚ ਲੱਗਿਆ ਬੰਦਾ ਆਖਦਾ ਹੈ, 'ਹੇ ਭਾਰਤ ਮਾਂ, ਆਪਣੇ ਇਨ੍ਹਾਂ 'ਹੋਣਹਾਰ' ਸਪੂਤਾਂ ਨੂੰ ਖਿਮਾਂ ਕਰੀਂ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ ।'
ਅਲਾਦੀਨ ਦੇ ਜਾਦੂਈ ਲੈਂਪ ਵਿਚੋਂ ਇਨ੍ਹਾਂ ਨੇ ਨੋਟਬੰਦੀ ਦਾ ਜਿੰਨ ਬਾਹਰ ਕੱਢ ਤਾਂ ਲਿਆ ਪਰ ਇਹ ਨਹੀਂ ਜਾਣਦੇ ਕਿ ਇਸ ਜਿੰਨ ਨੂੰ ਵਾਪਸ ਲੈਂਪ ਵਿਚ ਕਿਵੇਂ ਤਾੜਿਆ ਜਾਵੇ । ਕੋਈ ਕੰਮ ਨਾ ਹੋਣ ਕਰਕੇ ਹੁਣ ਇਹ ਵਿਹਲਾ ਜਿੰਨ ਜਨਤਾ ਨੂੰ ਵੱਢ-ਵੱਢ ਖਾ ਰਿਹਾ ਹੈ । ਨੇਤਾ ਜੀ ਦਾ ਕਥਨ ਹੈ ਕਿ ਬਲੈਕਮਾਰਾਂ ਕੋਲ ਅਰਬਾਂ-ਖਰਬਾਂ ਦਾ ਕਾਲਾ ਧਨ ਹੈ ਜੋ ਬਾਹਰ ਆਉਣ 'ਤੇ ਆਪ ਲੋਕਾਂ ਨੂੰ ਲਾਭ ਹੋਵੇਗਾ । ਨੇਤਾ ਜੀ ਦੀ ਹਾਲਤ ਉਸ ਸ਼ਖ਼ਸ ਵਰਗੀ ਹੈ, ਜੋ ਦਸ ਚੂਹੇ ਫੜਨ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਦਿੰਦਾ ਹੈ । ਚੂਹੇ ਤਾਂ ਆਪਣੇ ਟਰਿੱਕ ਨਾਲ ਫਿਰ ਵੀ ਨੱਸ ਗਏ ਪਰ ਘਰ ਸੜ ਕੇ ਸੁਆਹ ਹੋ ਗਿਆ ।
ਕਤਾਰ ਵਿਚ ਲੱਗਿਆ ਬੰਦਾ ਸੋਚਦਾ ਹੈ ਕਿ ਇਹ ਕਿਹੋ ਜਿਹੀ ਦੇਸ਼ ਭਗਤੀ ਹੈ? ਉਹ ਕਿਸ ਲਈ ਕੁਰਬਾਨੀ ਦੇ ਰਿਹਾ ਹੈ? ਉਹ ਦੋ ਹਜ਼ਾਰ ਦੀ ਨਿਗੂਣੀ ਜਿਹੀ ਰਕਮ ਪ੍ਰਾਪਤ ਕਰਨ ਲਈ ਤਿੰਨ-ਤਿੰਨ ਦਿਨ ਭੁੱਖਾ-ਪਿਆਸਾ ਕਤਾਰ ਵਿਚ ਲੱਗਿਆ ਹੋਇਆ ਹੈ । ਉਸ ਦੇ ਘਰ ਆਟਾ ਮੁੱਕਿਆ ਹੋਇਆ ਹੈ । ਉਸ ਦੀ ਪਤਨੀ ਬਿਮਾਰ ਹੈ, ਉਸ ਨੇ ਪੜ੍ਹਦੇ ਬੱਚਿਆਂ ਦੀ ਫੀਸ ਦੇਣੀ ਹੈ । ਇਹ ਸਾਰਾ ਕੁਝ ਦੋ ਹਜ਼ਾਰ ਵਿਚ ਕਿਵੇਂ ਪੂਰਾ ਪਾਏਗਾ? ਕਤਾਰ ਵਿਚ ਲੱਗੇ 120 ਬੰਦੇ ਨਵੀਂ ਕਰੰਸੀ ਦੀ ਤਾਕ ਵਿਚ ਸ਼ਹੀਦ ਹੋ ਗਏ । ਉਨ੍ਹਾਂ ਨੂੰ ਕਿਹੜੇ ਸ਼ਹੀਦ ਆਖਿਆ ਜਾਏਗਾ? 'ਬੈਂਕ ਸ਼ਹੀਦ', 'ਨੋਟਬੰਦੀ ਸ਼ਹੀਦ' ਜਾਂ 'ਸਰਕਾਰੀ ਸ਼ਹੀਦ' । ਕਦੀ ਇਕ ਅੰਗਰੇਜ਼ੀ ਕਵਿਤਾ ਪੜ੍ਹੀ ਸੀ, 'ਦੇ ਵੈਂਟ ਅਨਵੈਪਟ, ਅਨਸੰਗ' ਭਾਵ ਉਹ ਸ਼ਹੀਦ ਹੋ ਗਏ, ਕੋਈ ਉਨ੍ਹਾਂ ਲਈ ਰੋਇਆ ਨ੍ਹੀਂ । ਕਿਸੇ ਨੇ ਉਨ੍ਹਾਂ ਦੀ ਯਾਦ ਵਿਚ ਕਸੀਦੇ ਨਹੀਂ ਪੜ੍ਹੇ ।
ਬੰਦੇ ਦੋ-ਦੋ ਹਜ਼ਾਰ ਲਈ ਤਰਸ ਰਹੇ ਹਨ । ਬੈਂਕਾਂ ਮੂਹਰੇ ਕਤਾਰਾਂ ਹਨ, ਏ.ਟੀ.ਐਮਾਂ ਮੂਹਰੇ ਕਤਾਰਾਂ ਹਨ । ਕੋਈ ਕਿਸੇ ਦਾ ਵਾਲੀਵਾਰਸ ਨਹੀਂ । ਭਾਜੜ ਪਈ ਹੋਈ ਹੈ । ਔਰਤਾਂ, ਬਜ਼ੁਰਗਾਂ ਦਾ ਸਤਿਕਾਰ ਨਹੀਂ ਰਿਹਾ । ਇਕ-ਦੂਸਰੇ ਨੂੰ ਮਿਧਦੇ ਹੋਏ ਲੋਕ ਆਪਣੀ ਵਾਰੀ ਦੀ ਉਡੀਕ ਵਿਚ ਬੈਂਕ ਵੱਲ ਵਧ ਰਹੇ ਹਨ । ਜਦੋਂ ਕਿਸੇ ਦੀ ਵਾਰੀ ਆ ਵੀ ਜਾਂਦੀ ਹੈ ਤਾਂ ਬੈਂਕ ਵਾਲਿਆਂ ਦਾ ਫੱਟਾ ਚਮਕਣ ਤੇ ਗੇਟ 'ਤੇ ਲਟਕਣ ਲੱਗਦਾ ਹੈ 'ਨੋ ਕੈਸ਼ ਪਲੀਜ਼', ਨੇਤਾ ਜੀ ਕੈਸ਼ਲੈੱਸ ਲੈਣ-ਦੇਣ ਲਈ ਕਿੱਲ੍ਹ-ਕਿੱਲ੍ਹ ਭਾਸ਼ਣ ਦੇ ਰਹੇ ਹਨ । 80 ਫ਼ੀਸਦੀ ਸਮਾਨ ਰੇਹੜੀਆਂ 'ਤੇ ਵਿਕਦਾ ਹੈ । ਦੋ ਮੂਲੀਆਂ, ਕਿਲੋ ਗਾਜਰਾਂ, ਪਾਈਆ ਭਿੰਡੀਆਂ ਖਰੀਦਣ ਲਈ ਲੋਕ ਕਿਹੜਾ ਕ੍ਰੈਡਿਟ ਕਾਰਡ ਵਰਤਣ? ਜਨਤਾ ਨਾਦਾਨ ਹੈ ।
ਦੇਸ਼ ਦੀ ਪ੍ਰਸਿੱਧੀ ਚਾਰੋਂ ਪਾਸੇ ਖੂਬ ਫਲ-ਫੁਲ ਰਹੀ ਹੈ । ਭਾਰਤ ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਹੋ ਗਿਆ ਹੈ, ਜਿਥੇ ਆਪਣੇ ਹੀ ਪੈਸੇ ਕਢਵਾਉਣ ਲਈ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਵੇ । ਦੁਨੀਆ ਦੇ ਕਿਸੇ ਮੁਲਕ 'ਚ ਇਹੋ ਜਿਹਾ ਵਰਤਾਰਾ ਨਹੀਂ ਵਰਤਿਆ । ਇਮਾਨਦਾਰ ਆਦਮੀ ਕਤਾਰ ਵਿਚ ਖੜ੍ਹਾ ਹੈ । ਕਈ ਦੇਸ਼-ਭਗਤ ਤਾਂ ਵਿਚਾਰੇ ਇਹੋ ਜਿਹੇ ਵੀ ਹਨ ਜੋ ਗੁੱਦੜ ਲਿਆ ਕੇ, ਧੂਣੀਆਂ ਰਮਾ ਕੇ, ਬੈਂਕਾਂ ਮੂਹਰੇ ਹੀ ਡੱਟ ਗਏ ਹਨ । ਜਦੋਂ ਵੀ ਕਿਸੇ ਨੂੰ ਦੋ ਹਜ਼ਾਰ ਦਾ ਗੁਲਾਬੀ ਨੋਟ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਖੁਸ਼ੀ-ਖੁਸ਼ੀ ਇਉਂ ਹਵਾ ਵਿਚ ਲਹਿਰਾਉਂਦਾ ਹੈ ਜਿਵੇਂ ਕਦੀ ਤੇਨ ਜਿੰਗ ਨੇ ਹਿਮਾਲਾ ਦੀ ਟੀਸੀ 'ਤੇ ਤਿਰੰਗਾ ਝੰਡਾ ਲਹਿਰਾਇਆ ਸੀ ।
ਸਰਕਾਰ ਦਾ ਫੁਰਮਾਨ ਸੀ ਕਿ ਨੋਟਬੰਦੀ ਨਾਲ ਉਹ ਬੇਈਮਾਨ ਤੇ ਕਾਲੇ ਮੂੰਹ ਵਾਲੇ ਚੂਹਿਆਂ ਨੂੰ ਸਹਿਜੇ ਹੀ ਫੜ ਲਵੇਗੀ । ਜਨਤਾ ਸੌਖੀ ਹੋ ਜਾਵੇਗੀ, ਚੀਜ਼ਾਂ ਸਸਤੀਆਂ ਹੋ ਜਾਣਗੀਆਂ । ਪਰ ਚੂਹੇ ਤਾਂ ਉਸ ਨਾਲੋਂ ਵੀ ਵਧ ਆਜ਼ਾਦ ਹੋ ਗਏ ਹਨ । ਕਦੀ ਕੋਈ ਨੇਤਾ, ਕੋਈ ਬੇਈਮਾਨ ਵਪਾਰੀ, ਕੋਈ ਕਾਰਖਾਨੇਦਾਰ ਜਾਂ ਕੋਈ ਐਰਾ-ਗੈਰਾ ਨੱਥੂ ਖੈਰਾ ਕਿਸੇ ਕਤਾਰ ਵਿਚ ਲੱਗਿਆ । ਕਰੋੜਾਂ-ਅਰਬਾਂ ਦੀ ਨਵੀਂ ਕਰੰਸੀ ਫੜੀ ਜਾ ਰਹੀ ਹੈ । ਕਤਾਰ ਵਿਚ ਲੱਗੇ ਬੰਦੇ ਨੂੰ ਸਮਝ ਨਹੀਂ ਆ ਰਹੀ ਕਿ ਇਹ ਕਰੰਸੀ ਇਨ੍ਹਾਂ ਲੋਕਾਂ ਕੋਲ ਕਿਵੇਂ ਪਹੁੰਚੀ, ਜਦਕਿ ਕਿ ਆਮ ਬੰਦਾ ਤਾਂ ਦੋ-ਦੋ ਹਜ਼ਾਰ ਲਈ ਪਾਣੀਓ-ਪਾਣੀ ਹੋ ਰਿਹਾ ਹੈ ।
ਉਤੋਂ ਨੇਤਾ ਜੀ ਮਾਈਕ ਤੋਂ ਗਰਜ-ਗਰਜ ਆਖ ਰਹੇ ਹਨ, 'ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਨੂੰ ਤਕਲੀਫ਼ ਤਾਂ ਹੋਵੇਗੀ, ਕਸ਼ਟ ਸਹਿ ਕੇ ਹੀ ਅੱਛੇ ਦਿਨ ਆਉਂਦੇ ਹਨ । ਆਪਣੇ ਦੇਸ਼ ਲਈ ਕੁਰਬਾਨੀ ਦਿਓ । ਦੇਸ਼ ਭਗਤੀ ਦਾ ਸਬੂਤ ਦਿਓ ।'
ਇਨ੍ਹਾਂ ਨੇ ਦੇਸ਼ ਭਗਤੀ ਅਜਿਹੀ ਬਾਂਦੀ ਬਣਾ ਘੱਤੀ ਹੈ, ਜੋ ਕੇਵਲ ਨੇਤਾ ਤੇ ਉਨ੍ਹਾਂ ਦੇ ਗੁਰਗਿਆਂ ਦੇ ਦਰਬਾਰ 'ਚ ਹੀ ਨਾਚ ਕਰਦੀ ਹੈ । ਦੇਸ਼ ਦੇ ਆਮ ਬੰਦੇ ਦੀ ਦੇਸ਼ ਭਗਤੀ ਕੇਵਲ ਤੇ ਕੇਵਲ ਇਨ੍ਹਾਂ ਨੇਤਾਵਾਂ ਤੇ ਬੈਂਕਰਾਂ ਦੇ ਤਰਸ 'ਤੇ ਹੀ ਸਾਹ ਲੈ ਰਹੀ ਹੈ ।
ਕੈਸ਼ਲੈੱਸ ਯੋਜਨਾ ਦਾ ਤਜਰਬਾ ਕਿੰਨਾ ਕੁ ਸਫ਼ਲ ਹੋਵੇਗਾ, ਹਾਲੇ ਕਹਿ ਨਹੀਂ ਸਕਦੇ । ਹਾਲ ਦੀ ਘੜੀ ਤਾਂ 'ਬੈਂਕ ਕੈਸ਼ਲੈੱਸ' ਤੇ 'ਜਨਤਾ ਕੈਸ਼ਲੈੱਸ' ਹੋ ਗਈ ਹੈ । ਨਵੀਆਂ ਗੁੱਡੀਆਂ, ਨਵੇਂ ਪਟੋਲੇ । ਕਤਾਰ ਵਿਚ ਆਮ ਬੰਦਾ ਤਾਂ ਲੱਗਿਆ ਹੀ ਹੋਇਆ ਹੈ, ਕੁਝ ਚਮਚੇ ਵੀ ਲੱਗ ਜਾਂਦੇ ਹਨ ਜੋ ਮੀਡੀਆ ਦੇ ਮਾਈਕ ਦੇ ਧੁਤੂ ਬਣਨ ਲਈ ਖੜੋਤੇ ਹੁੰਦੇ ਹਨ । ਉਹ ਆਪਣੇ ਮੰਗਲਾਚਰਨ 'ਚ ਆਖਦੇ ਹਨ, 'ਸਕੀਮ ਬਹੁਤ ਵਧੀਆ ਹੈ । ਮਜ਼ਦੂਰਾਂ, ਕਿਸਾਨਾਂ ਦੇ ਹਿਤ ਵਿਚ ਹੋਵੇਗੀ । ਦੇਸ਼ ਤਰੱਕੀ ਕਰੇਗਾ ।' ਹੁਣ ਉਹ ਪੰਦਰਾਂ ਲੱਖ ਹਰੇਕ ਦੇ ਖਾਤੇ ਵਿਚ ਆਉਣ ਦੀ ਗੱਲ ਨਹੀਂ ਕਰਦੇ, ਕਿਉਂਕਿ ਉਹ ਇਕ ਚੋਣ ਜੁਮਲਾ ਸੀ । 'ਏਦਾਂ ਦੇ ਜੁਮਲੇ ਪੈਦਾ ਕਰਨੇ ਨੇਤਾਵਾਂ ਦੀ ਪੁਰਾਣੀ ਆਦਤ ਹੈ । ਦੇਸ਼ ਭਗਤੀ ਆਮ ਬੰਦੇ ਦਾ ਆਖਰੀ ਸਹਾਰਾ ਹੈ ।'