Kaatal-Premi (Punjabi Story) : Charan Singh Shaheed
ਕਾਤਲ-ਪ੍ਰੇਮੀ (ਕਹਾਣੀ) : ਚਰਨ ਸਿੰਘ ਸ਼ਹੀਦ
ਕੁਝ ਨਾ ਪੁੱਛੋ, ਜਦੋਂ ਉਹ ਵੇਲਾ ਯਾਦ ਆਉਂਦਾ ਹੈ ਤਾਂ ਸਾਡਾ ਮਜ਼ਬੂਤ ਦਿਲ ਵੀ ਕਿਸੇ ਅੱਲ੍ਹੜ ਕੁੜੀ ਦੇ ਬਘਿਆੜਾਂ ਪਾਸੋਂ ਡਰਨ ਵਾਂਗੂੰ ਕੰਬ ਜਾਂਦਾ ਹੈ ਤੇ ਅਸੀਂ ਰੱਬ ਅੱਗੇ ਦੁਆਵਾਂ ਮੰਗਣ ਲਗ ਪੈਂਦੇ ਹਾਂ ਕਿ ਯਾ ਪਰਮਾਤਮਾ ! ਏਹੋ ਜਿਹੇ ਹਮਦਰਦਾਂ ਪਾਸੋਂ ਸਾਨੂੰ ਤੇ ਸਾਡੇ ਵਰਗੇ ਸਾਰੇ ਸ਼ਰੀਫ਼ ਆਦਮੀਆਂ ਨੂੰ ਖ਼ੁਦ ਹੱਥ ਦੇ ਕੇ ਬਚਾਈਂ । ਉੱਫ, ਸੱਚ ਕਹਿੰਦੇ ਨੇ :-
‘ਦਾਨਾ ਸੇ ਦਿਲ ਲਗਾਏਂਗੇ +ਚਾਹੇ ਗਦਾ ਮਿਲੇ'
‘ਗਦਾ` ਦੇ ਅਰਥ ਹਨ ‘ਫ਼ਕੀਰ, ਮੰਗਤਾ, ਕਿਤੇ 'ਗਧਾ' ਨਾ ਸਮਝ ਲੈਣਾ ।
'ਦਾਨਾ ਸੇ ਦਿਲ ਲਗਾਏਂਗੇ ਚਾਹੇ ਗਦਾ ਮਿਲੇ +ਨਾਦਾਂ ਕੀ ਦੋਸਤੀ ਦਾ ਨਤੀਜਾ ਖ਼ਰਾਬ ਹੈ।'
ਤੇ ਇਸ ਦਾ ਸਬੂਤ ਉਸ ਬਾਦਸ਼ਾਹ ਪਾਸੋਂ ਨਾ ਪੁੱਛੋ, ਜਿਸ ਦੇ ‘ਨਾਦਾਨ ਦੋਸਤ ਬਾਂਦਰ ਨੇ ਨੱਕ ਤੋਂ ਮੱਖੀ ਉਡਾਉਣ ਲਈ ਉਸ ਦਾ ਨੱਕ ਹੀ ਵੱਢ ਕੇ ਅੱਡਾ ਉਡਾ ਦਿੱਤਾ ਸੀ, ਸਗੋਂ ਸਾਥੋਂ ਪੁੱਛੋ। ਬੇਵਕੂਫਾਂ ਹਮਦਰਦਾਂ ਦੇ ਫੱਟੇ ਹੋਏ ਅਸੀਂ ਖ਼ੁਦ ਜੂ ਜਿਊਂਦੇ ਜਾਗਦੇ ਬੈਠੇ ਹਾਂ ! ਸਾਨੂੰ ਪੁੱਛੋ !
ਅਸੀਂ ਉਹਨਾਂ ਨੂੰ ਆਪਣੇ ‘ਕਾਤਲ ਪ੍ਰੇਮੀ’ ਕਹਿੰਦੇ ਹਾਂ, ਭਾਵੇਂ ਉਹਨਾਂ ਸਾਨੂੰ ਕਾਨੂੰਨ ਦੀ ਨਜ਼ਰ ਵਿਚ ਕਤਲ ਨਹੀਂ ਕੀਤਾ, ਤੇ ਨਾ ਹੀ ਕਿਸੇ ਹੋਰ ਨੂੰ ਕਤਲ ਕੀਤਾ ਹੈ, ਪਰ ਅਸਲ ਵਿਚ ਉਹ ਹਰ ਰੋਜ਼ ਹੀ ਕਿਸੇ ਨਾ ਕਿਸੇ ਦੋਸਤ ਨੂੰ ਥੋੜ੍ਹਾ ਥੋੜ੍ਹਾ ਕਤਲ ਕਰਦੇ ਰਹਿੰਦੇ ਹਨ । ਵਿਚਾਰੇ ਲੱਖਾਂ ਹਿੰਦੁਸਤਾਨੀ ਇਹਨਾਂ ਪ੍ਰੇਮੀਆਂ ਦੇ ਹੱਥੋਂ ਕਤਲ ਹੋ ਕੇ ਹਰ ਸਾਲ ਸੁਰਗ ਯਾ ਨਰਕ ਨੂੰ ਚਲੇ ਜਾਂਦੇ ਹਨ ਤੇ ਨਾਸਤਕਾਂ ਤੇ ਮਾਦਾ ਪ੍ਰਸਤਾਂ ਦੇ ਖ਼ਿਆਲ ਵਿਚ ਮਿੱਟੀ ਵਿਚ ਮਿਲ ਕੇ ਖ਼ਤਮ ਹੋ ਜਾਂਦੇ ਹਨ, ਪਰ ਸਰਕਾਰ ਦੀ ਕੋਈ ਸੀ. ਆਈ. ਡੀ. ਤੇ ਕੋਈ ਪੁਲਸ ਤੇ ਕਿਸੇ ਤਾਜ਼ੀਰਾਤ ਹਿੰਦ ਦੀ ਕੋਈ ਦਫ਼ਾ ਇਹਨਾਂ ਕਾਤਲਾਂ ਨੂੰ ਨਹੀਂ ਫੜਦੀ, ਨਾ ਹੀ ਕੋਈ ਵਾਈਸਰਾਇ ਇਨ੍ਹਾਂ ਲੋਕਾਂ ਦੇ ਬੇ ਮਲੂਮ ਕਤਲਾਂ ਨੂੰ ਰੋਕਣ ਲਈ ਕੋਈ ਅੜਾ ਆਰਡੀਨੈਨਸ ਈ ਜਾਰੀ ਕਰਦਾ ਹੈ।
ਬਦ ਕਿਸਮਤੀ ਨਾਲ ਸਾਨੂੰ ਇਕ ਦਿਨ ਬੈਠਿਆਂ ਬੈਠਿਆਂ ਪੜ੍ਹਦਿਆਂ ਤੇ ਸੋਚਦਿਆਂ ਸੋਚਦਿਆਂ ਰਤਾ ਕੁ ਤੜਾ ਤਾਪ ਚੜ੍ਹ ਗਿਆ। ਅਸੀਂ ਬੜੇ ਖ਼ੁਸ਼ ਹੋਏ ਕਿ ਚਲੋ ਦੋ ਚਾਰ ਦਿਨ ਕੰਮ ਤੋਂ ਬਚਾਂਗੇ, ਬੀਮਾਰੀ ਦੇ ਬਿਸਤਰੇ ਨੂੰ ਲੋਕ ‘ਬਾਦਸ਼ਾਹ ਦਾ ਤਖ਼ਤ' ਕਹਿੰਦੇ ਨੇ, ਪਰ ਹਾਇ ! ਸਾਡੇ ਇਹਨਾਂ ਕਾਤਲ ਪ੍ਰੇਮੀਆਂ ਦੀ ਕ੍ਰਿਪਾ ਨਾਲ ਸਾਡਾ ਉਹ ਤਖ਼ਤ ਵੀ ਸੂਲਾਂ ਦੀ ਸੇਜ ਈ ਬਣ ਗਿਆ ।
ਸਾਡੇ ਖ਼ਾਨਦਾਨੀ ਡਾਕਟਰ ਨੇ ਤਾਂ ਸਾਨੂੰ ਕਿਹਾ ਸੀ ਕਿ "ਐਵੇਂ ਥਕਾਵਟ ਦੇ ਕਾਰਨ ਹਰਾਰਤ ਹੋ ਗਈ ਏ, ਦੋ ਚਾਰ ਦਿਨ ਪੂਰਾ ਆਰਾਮ ਕਰੋ ਤਾਂ ਆਰਾਮ ਆ ਜਾਵੇਗਾ ! ਨਾ ਬੋਲੇ, ਨਾ ਬਹਿਸ ਕਰੋ, ਨਾ ਸਿਰ ਖਪਾਓ ਤੇ ਨਾ ਲਿਖੋ ਪੜ੍ਹੋ ਬੱਸ ਅਰੋਗਤਾ ਔਹ ਵੱਟ ਤੇ ਪਈ ਹੈ....।"
ਪਰ ਔਹ ਕੌਣ ਨੇ ? ਰਾਇ ਬਹਾਦਰ ਸ਼ਮਸ਼ੇਰ ਚੰਦ ਜੀ, ਔਹ ਕੌਣ ਨੇ ? ਸਰਦਾਰ ਸਾਹਿਬ ਗਣਪਤ ਸਿੰਘ ਜੀ ਤੇ ਖ਼ਾਨ ਬਹਾਦਰ ਸੰਸਾਰ ਖਾਂ ਜੀ............
"ਕਿਸ ਤਰ੍ਹਾਂ ਤਸ਼ਰੀਫ਼ ਲਿਆਏ ਨੇ ?''
"ਓਹ ਡੀਅਰ ਬਾਬਾ ਜੀ, ਅਸੀਂ ਤਾਂ ਹੁਣੇ ਸੁਣਿਆ ਹੈ ਕਿ ਤੁਹਾਨੂੰ ਬੁਖ਼ਾਰ ਹੋ ਗਿਆ ਹੈ-ਸਾਨੂੰ ਕੋਈ ਖ਼ਿਦਮਤ ਦੱਸੋ ? ਬੁਖ਼ਾਰ ਹੋ ਕਿਵੇਂ ਗਿਆ ? ਮਲੇਰੀਆ ਹੋਣਾ ਏ ? ਵਾਰੀ ਦਾ ਤਾਂ ਨਹੀਂ ? ਕਿਤੇ ਟਾਈ ਫ਼ਾਈਡ ਤਾਂ ਨਹੀਂ ਹੋ ਗਿਆ ? ਟੀਕਾ ਕਰਾ ਚੁੱਕੇ ਹੋ ਯਾ ਨਹੀਂ ? ਅੱਜ ਕੱਲ ਸੀਤਲਾ ਦਾ ਬੜਾ ਜ਼ੋਰ ਏ ਤੇ ਕੁਝ ਕੁਝ ਪਲੇਗ ਦੀ ਵੀ ਸ਼ਿਕਾਇਤ ਏ......... ਮੈਂ ਤੁਹਾਨੂੰ ਇਕ ਦਵਾਈ ਦਸਾਂ ......?''
“ਲਓ, ਲਾਲਾ ਨਿਹਾਲ ਚੰਦ ਜੀ ਵੀ ਆ ਗਏ।”
“ਆਈਏ, ਚਾਚਾ ਚਤਰ ਸਿੰਘ ਜੀ, ਤੇ ਮਾਮਾ ਮੇਹਰਬਾਨ ਸਿੰਘ ਜੀ ਤੇ ਭੂਆ ਭੋਲੀ ਜੀ, ਤੇ ਮਾਸੀ ਮਹਿਤਾਬ ਕੌਰ ਜੀ, ਤੇ ਸਾਲੀ ਸੁਲੱਖਣੀ ਜੀ ਤੇ ਫਫੇਸ ਫਿਰਤੋ ਜੀ, ਨੁਨੇਸ ਨਰੈਣੀ ਜੀ ਤੇ ਦਦੇਸ ਦ੍ਰੋਪਤੀ ਜੀ ਤੇ ਭਰਾ ਭਗਤੂ ਜੀ ਤੇ ਸਾਲਾ ਸੁਰੈਣ ਸਿੰਘ ਜੀ ਤੇ ਸਾਂਡੂ ਸੁੰਦਰ ਮੱਲ ਜੀ ਤੇ ਯਾਰ ਯਮ੍ਹਲਾ ਚੰਦ ਜੀ ਤੇ ਹਾਂ ਬਈ ਦਫ਼ਤਰ ਦੇ ਮੁਲਾਜ਼ਮੋ, ਮੈਨੇਜਰੋ, ਕਲਰਕੋ, ਮੀਤ ਐਡੀਟਰੋ, ਤੇ ਚਪੜਾਸੀਓ, ਤੇ ਐਰਿਓ ਗ਼ੈਰਿਓ ਨੱਥੂਓ, ਖੈਰਿਓ, ਇਹ ਏਨੀ ਫ਼ੌਜ ਆਲੇ ਦੁਆਲੇ ਕੋਈ ਵਸੀਅਤ ਲਿਖਾਉਣ ਨੂੰ ਇਕੱਠੀ ਹੋ ਗਈ ਏ ?''
“ਨਹੀਂ ਬਾਬਾ ਜੀ, ਅਸੀਂ ਤਾਂ ਸਭੇ ਈ ਤੁਹਾਡੇ ਸੱਚੇ ਦਿਲੋਂ ਹਮਦਰਦ ਹਾਂ, ਤੇ ਤੁਹਾਡੀ ਬੀਮਾਰੀ ਦੀ ਖ਼ਬਰ ਸੁਣ ਕੇ ਘਾਬਰ ਗਏ ਸਾਂ ਤੇ ਸੁਰਤ ਲੈਣ ਆਏ ਹਾਂ.......... ਅਜੇ ਦਸ ਵੀਹ ਸੱਜਣ ਸਾਕ ਹੋਰ ਬਾਹਰ ਖੜੇ ਨੇ, ਕੋਈ ਬਰੂਹਾਂ ਵਿਚ, ਕੋਈ ਬਰਾਂਡੇ ਵਿਚ, ਕਿਉਂਕਿ ਇਹ ਕਮਰਾ ਰਤਾ ਛੋਟਾ ਏ।”
"ਹਾਇ ਨੀ ਸਾਡੀਏ ਨਨ੍ਹੇਸੇ !’ ਡਾਕਟਰ ਕਹਿੰਦਾ ਏ ‘ਪੂਰਨ ਆਰਾਮ ਕਰੋ।' ਪਰ ਏਸ ਗੜ ਬੜ ਵਿਚ ਅਰਾਮ ਕਿੱਥੇ ? ਗਰਮੀ ਦੀ ਬਹਾਰ ਏ ਜੋ ਫੌਜਾਂ ਖ਼ਬਰ ਪੁੱਛਣ ਆਈਆਂ ਨੇ, ਉਹਨਾਂ ਨੂੰ ਸੋਡਾ ਬਰਫ਼ ਤਾਂ ਪਿਲਾਉਣਾ ਜ਼ਰੂਰੀ ਏ, ਸਭ ਨਾਲ ਬੋਲਣਾ ਵੀ ਜ਼ਰੂਰੀ ਏ, ਸਾਰਿਆਂ ਨੂੰ ਬੁਖ਼ਾਰ ਦਾ ਪੂਰਾ ਹਾਲ, ਡਾਕਟਰ ਦੀ ਰਾਇ, ਉਸਦਾ ਇਲਾਜ, ਟੈਂਪ੍ਰੇਚਰ ਦੀ ਰਪੋਟ, ਖ਼ੁਰਾਕ, ਨੀਂਦ, ਪਖ਼ਾਨੇ ਆਦਿ ਦਾ ਰੋਜ਼ ਨਾਂਮਚਾ ਭੀ ਦੱਸਣਾ ਪੈਣਾ ਹੋਇਆ । ਨਵੇਂ ਆਏ ਹਰ ਸੱਜਣ ਨੂੰ ਮੁੜ ਨਵੇਂ ਸਿਰਿਓਂ ਮੁਹਾਰਨੀ ਸੁਣਾਉਣੀ, ਸਭ ਦੀ ਭਾਂਤੋ ਭਾਂਤ ਗਲ ਬਾਤ ਸੁਣਨੀ, ਸਭ ਨਵੇਂ ਨਵੇਂ ਡਾਕਟਰ ਤੇ ਨਵੀਂ ਨਵੀਂ ਦਵਾਈ ਦੀ ਤਜਵੀਜ਼ ਦੱਸਣੀ ਤੇ ਅਸਾਂ ਸਭ ਨੂੰ ‘ਹਾਂ ਜੀ ਹਾਂ ਜੀ’ ਕਰਨਾ ਪਰ ਦਿਲੋਂ ਕਚੀਚੀਆਂ ਵਟਣੀਆਂ, ਜੇ ਏਸੇ ਨੂੰ ‘ਮੁਕੰਮਲ ਅਰਾਮ’ ਕਹਿੰਦੇ ਨੇ ਤਾਂ ਯਾਰੋ ਖ਼ੁਦਾ ਦੇ ਵਾਸਤੇ ਦੱਸੋ ਕਿ ਬੇ ਅਰਾਮੀ ਕਿਸ ਜਾਨਵਰ ਨੂੰ ਆਖਦੇ ਨੇ ?'' ਬੀਮਾਰ ਹੋਣਾ ਕੁਦਰਤੀ ਗੱਲ ਏ, ਤੇ ਸਾਕਾਂ ਸੱਜਣਾਂ ਵੱਲੋਂ ਹਮਦਰਦੀ ਹੋਣੀ ਵੀ ਕੁਦਰਤੀ ਏ, ਪਰ ਭਲੇ ਲੋਕੋ ਹਮਦਰਦੀ ਦਾ ਅਰਥ ਇਹ ਤਾਂ ਨਹੀਂ ਕਿ ਬੀਮਾਰ ਦੀ ਜਾਨ ਹੀ ਖਾ ਜਾਓ । ਕਹਿੰਦੇ ਨੇ ਵਲੈਤ ਵਿਚ ਇਕ ਕੌਮੀ ਸੇਵਕ ਉੱਤੇ ਖੁਸ਼ ਹੋਕੇ ਲੱਖਾਂ ਲੋਕਾਂ ਨੇ ਉਸਦਾ ਸਵਾਗਤ ਕੀਤਾ ਤੇ ਉੱਥੋਂ ਦੇ ਰਵਾਜ ਅਨੁਸਾਰ ਸਾਰੇ ਜਣੇ ਉਸਦਾ ਮੂੰਹ ਚੁੰਮਣ ਲੱਗ ਪਏ, ਸਵੇਰ ਤੋਂ ਸ਼ਾਮ ਤੱਕ ਲੱਖਾਂ ਤੀਵੀਆਂ ਮਰਦ ਉਸਦਾ ਮੂੰਹ ਚੁੰਮ ਗਏ, ਉਹ ਵਿਚਾਰਾ ਘਾਬਰ ਕੇ ਗ਼ਸ਼ ਖਾ ਕੇ ਡਿੱਗ ਪਿਆ ਤੇ ਪਾਰ ਬੋਲ ਗਿਆ ......ਏਸੇ ਤਰ੍ਹਾਂ ਇਕ ਕੌਮੀ ਪਿਆਰੇ ਨੂੰ ਇਕੋ ਵਾਰੀ ਲੱਖਾਂ ਲੋਕਾਂ ਨਾਲ ਹੱਥ ਮਿਲਾਉਣੇ ਪਏ ਤਾਂ ਉਹ ਉਸੇ ਦਿਨ ਪਾਗਲ ਹੋ ਗਿਆ । ਏਹੋ ਹਾਲ ਸਾਡੇ ਦੇਸ਼ ਦੇ ‘ਕਾਤਲ ਪ੍ਰੇਮੀ’ ਸਾਡੇ ਜੇਹੇ ਬੀਮਾਰਾਂ ਦਾ ਰੋਜ਼ ਕਰਦੇ ਨੇ ਏਹ ਕੋਈ ਹਮਦਰਦੀ ਏ ? ਇਹ ਤਾਂ ਸਾਫ਼ ਕਤਲ ਏ, ਦਫਾ ੩੦੨ ਏ।
ਅਸੀਂ ਤਾਂ ਉਸ ਦਿਨ ਤੋਂ ਕਸਮ ਖਾ ਲਈ ਹੈ ਕਿ ਕਦੀ ਬੀਮਾਰ ਹੀ ਨਹੀਂ ਹੋਣਾ, ਜਿਸ ਮੁਲਕ ਤੇ ਜਿਸ ਕੌਮ ਵਿਚ ਲੋਕਾਂ ਨੂੰ ਬੀਮਾਰ ਦੀ ਖ਼ਬਰ ਪੁੱਛਣੀ ਨਹੀਂ ਆਉਂਦੀ ਤੇ ਖ਼ਬਰ ਪੁੱਛਣ ਦੀ ਥਾਂ ਸਗੋਂ ਉਸਦੀ ਜਾਨ ਖਾ ਲੈਂਦੇ ਨੇ, ਉਸ ਮੁਲਕ ਵਿਚ ਬੀਮਾਰ ਹੋਣ ਦਾ ਕੀ ਫ਼ਾਇਦਾ ? ਨਾ ਬੀਮਾਰ ਹੋਵਾਂਗੇ ਤੇ ਨਾ ‘ਕਾਤਲ ਪ੍ਰੇਮੀਆਂ` ਦੇ ਪੰਜੇ ਵਿਚ ਫਸਾਂਗੇ। ਪਰ ਹਾਂ ‘ਕਾਤਲ ਪਰੇਮੀਆਂ’ ਨੂੰ ਜੇ ਰੱਬ ਤੁਫ਼ੀਕ ਦੇਵੇ ਤਾਂ ਉਹਨਾਂ ਨੂੰ ਆਪਣੇ ਸੱਜਣਾਂ ਉੱਤੇ ਤਰਸ ਕਰਕੇ ਆਪਣੀ ਆਦਤ ਜ਼ਰੂਰ ਬਦਲਣੀ ਚਾਹੀਦੀ ਹੈ।