Istari-Sabha (Punjabi Story) : Charan Singh Shaheed
ਇਸਤ੍ਰੀ-ਸਭਾ (ਕਹਾਣੀ) : ਚਰਨ ਸਿੰਘ ਸ਼ਹੀਦ
ਅਸੀਂ ਨਹੀਂ ਸਾਂ ਚਾਹੁੰਦੇ, ਬਿਲਕੁਲ ਨਹੀਂ ਸਾਂ ਚਾਹੁੰਦੇ, ਸਾਡਾ ਵੱਢਿਆ ਰੂਹ ਨਹੀਂ ਸੀ ਕਰਦਾ ਕਿ ਤੀਵੀਆਂ ਦੇ ਜਲਸੇ ਦੇ ਪ੍ਰਧਾਨ ਬਣੀਏਂ...ਸਾਨੂੰ ਸਾਰੀ ਉਮਰਦਾ ਤਜਰਬਾ ਸੀ ਕਿ ਤੀਵੀਂ ਇਕੋ ਦੀ ਹੀ ਜੀਭ ਰੋਕਣੀ ਔਖੀ ਹੁੰਦੀ ਹੈ, ਤੇ ਜਿੱਥੇ ਪੰਜ ਸੌ ਤੀਵੀਂ ਇਕੱਠੀ ਹੋਈ ਹੋਵੇ, ਉਸ ਜਲਸੇ ਦਾ ਪ੍ਰਬੰਧ ਕਰਨਾ ਤਾਂ ਸਾਡੇ ਵਰਗੇ ਬੁੱਢੇ ਠੇਰੇ ਲਈ ਅਸੰਭਵ ਹੈ......ਪਰ......ਹਾਇ, ਸਾਡੀ ਲਿਹਾਜ ਖੋਰੀ ਤਬੀਅਤ ਤੇ ਹਾਇ ਸਾਡੀ ਆਗਿਆ ਕਾਰਤਾ.........ਇਸਤ੍ਰੀ ਸਭਾ ਦੇ ਡੈਪੂਟੇਸ਼ਨ ਦੇ ਬਾਰ ਬਾਰ ਜ਼ੋਰ ਦੇਣ ਪੁਰ ਸਾਨੂੰ ਲਿਹਾਜ਼ ਪੈ ਗਿਆ ਤੇ ਜਦ ਉਹਨਾਂ ਨੇ ਸਾਡੀ ਆਪਣੀ ਘਰ ਵਾਲੀ ਤੋਂ ਸ਼ਫਾਰਸ਼ ਕਰਾ ਦਿਤੀ ਤੇ ਸਾਡੇ ਲਈ ਹੁਕਮ ਮੰਨਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ, ਅਲਬੱਤਾ ਅਸੀਂ ਇਹ ਉਜ਼ਰ ਜ਼ਰੂਰ ਕੀਤੀ ਕਿ ਤੀਵੀਆਂ ਦੀ ਕਾਨਫ਼ਰੰਸ ਦਾ ਪ੍ਰਧਾਨ ਮਰਦ ਹੋਣਾ ਠੀਕ ਨਹੀਂ.........੫ਰ ਡੈਪੂਟੇਸ਼ਨ ਦੀਆਂ ਮੈਂਬਰਾਂ ਨੇ ਏਹ ਕਹਿਕੇ ਸਾਡਾ ਮੂੰਹ ਬੰਦ ਕਰ ਦਿੱਤਾ ਕਿ
'ਵੇਖਾਂ......ਤੇ ਬਾਬਾ ਜੀ ਤੁਹਾਨੂੰ ਨਿਰਾ ਮਰਦ ਕੌਣ ਕਹਿੰਦਾ ਏ?…...ਤੁਸੀਂ ਤਾਂ ਤੀਵੀਆਂ ਵਿਚੋਂ ਤੀਵੀਂ ਤੇ ਮਰਦਾਂ ਵਿਚ ਮਰਦ ਓ.........ਤੁਸੀਂ ਤਾਂ ਫ਼ਰਿਸ਼ਤਾ ਓ ਫ਼ਰਿਸ਼ਤੇ…ਤੇ ਸਾਡੇ ਪੜਦਾਦਿਆਂ ਥਣੀਕ ਓ', ਅਸੀਂ ਖੁਸ਼ਾਮਦ ਦਾ ਕੋਈ ਜਵਾਬ ਨਾ ਦੇ ਸੱਕੇ......ਤੇ ਲਾਚਾਰ ਸਾਨੂੰ ਤੀਵੀਆਂ ਦੀ ਕਾਨਾਫ਼ਰੰਸ ਦਾ ਪ੍ਰੈਜ਼ੀਡੰਟ ਬਣਕੇ ਬਹਿਣਾ ਈ ਪਿਆ ।
ਜਿਸ ਸਬਰ ਤੇ ਸ਼ਾਂਤੀ ਨਾਲ ਅਸੀਂ ਓਹ ਪ੍ਰੈਜ਼ੀਡੰਟੀ ਦੇ ਚਾਰ ਪੰਜ ਘੰਟੇ ਬਿਤਾਏ, ਉਹ ਰੱਬ ਹੀ ਜਾਣਦਾ ਏ…ਪਰ ਇਕ ਮੌਕਾ ਅਜੇਹਾ ਆਇਆ ਕਿ ਸਾਡੇ ਵੀ ਸਬਰ ਤੇ ਧੀਰਜ ਦਾ ਪਿਆਲਾ ਉਛਲ ਪਿਆ...ਬੀਬੀ ਵਿੱਦਿਆ ਵੰਤੀ ਨੇ ਮਤਾ ਪੇਸ਼ ਕੀਤਾ ਕਿ :-
'ਇਸਤ੍ਰੀ ਕਾਨਫ਼ਰੰਸ ਦਾ ਇਹ ਸਮਾਗਮ ਪਾਸ ਕਰਦਾ ਹੈ ਕਿ ਵਿਆਹ ਸ਼ਾਦੀਆਂ ਸਮੇਂ ਫ਼ਜ਼ੂਲ ਖਰਚੀਆਂ ਨਾ ਕੀਤੀਆਂ ਜਾਣ ਤੇ ਜੇ ਕੋਈ ਆਦਮੀ ਆਪਣੀ ਪਹਿਲੀ ਵਹੁਟੀ ਦੇ ਮੌਜੂਦ ਹੁੰਦਿਆਂ ਦੂਜਾ ਵਿਆਹ ਕਰਨਾ ਚਾਹੇ ਤਾਂ ਉਸਨੂੰ ਲੜਕੀ ਕੋਈ ਨ ਦੇਵੇ, ਜੇ ਕੋਈ ਜ਼ਾਲਮ ਮਾਪੇ ਉਸਨੂੰ ਲੜਕੀ ਦੇ ਦੇਣ ਤੇ ਵਿਆਹ ਹੋ ਜਾਵੇ ਤਾਂ ਬਰਾਦਰੀ ਵੱਲੋਂ ਦੋਹਾਂ ਘਰਾਂ ਦਾ ਪੂਰਾ ਪੂਰਾ ਬਾਈਕਾਟ ਕੀਤਾ ਜਾਵੇ, ਅਤੇ ਉਸ ਨਾਜ਼ਾਇਜ਼ ਸ਼ਾਦੀ ਨੂੰ ਰੋਕਣ ਲਈ ਇਸਤ੍ਰੀ ਸਭਾ ਵੱਲੋਂ ਦੋਹਾਂ ਘਰਾਂ ਅੱਗੇ ਸਿਆਪਾ ਬਿਠਾਇਆ ਜਾਵੇ…,
ਸਾਡਾ ਦਿਲ ਬੜਾ ਖੁਸ਼ ਹੋ ਰਿਹਾ ਸੀ ਕਿ ਚਲੋ ਭਾਵੇਂ ਦੋ ਚਾਰ ਘੰਟੇ ਤੀਵੀਆਂ ਦੀ ਕੈਂ ਕੈਂ ਤੇ ਤੇ ਚੈਂ ਚੈਂ ਤੋਂ ਕੰਨ ਖੁਆਉਣੇ ਹੀ ਪਏ ਪਰ ਆਖ਼ਰ ਕੋਈ ਮਤਲਬ ਦੀ ਗਲ ਵੀ ਤਾਂ ਹੋਣ ਈ ਲੱਗੀ ਏ…ਬੀਬੀ ਵਿੱਦਿਆ ਵੰਤੀ ਆਪਣੇ ਇਸ ਮਤੇ ਦੀ ਪੁਸ਼ਟੀ ਵਿਚ ਤਕਰੀਰ ਕਰਨ ਹੀ ਲੱਗੀ ਸੀ ਕਿ ਚੁਧਰਾਣੀ ਟੇਕਾ ਦੇਈ ਇਕ ਦਮ ਬੋਲ ਪਈ 'ਬਹਿਜਾ ਨੀ ਕੁੜੀਏ, ਬਹਿਜਾ, ਆਈ ਏ ਭਾਰੀ ਭੜਾਕੋ……'
ਅਸੀਂ ਫ਼ੌਰਨ ਆਪਣੀ ਪ੍ਰੈਜ਼ੀਡੰਟੀ ਦੇ ਅਖ਼ਤਿਆਰਾਤ ਦੀ ਸ਼ਾਨ ਕਾਇਮ ਰੱਖਣ ਲਈ ਕਿਹਾ 'ਆਡਰ ਆਡਰ....'
ਚੁਧਰਾਣੀ ਨੇ ਤਿੱਖੀ ਹੋ ਕੇ ਕਿਹਾ 'ਕਿਉਂ ਮੈਂ ਕਿਉਂ ਡਰਾਂ ? ਮੈਂ ਕਿਸੇ ਦਾ ਕਰਜ਼ਾ ਦੇਣਾ ਏਂ ? ਮੈਂ ਕਿਸੇ ਦਾ ਕੁਝ ਚੁੱਕਿਆ ਚੁਰਾਇਆ ਏ ?......ਡਰੇ ਮੇਰੀ ਬਲਾ, ਡਰੇ ਮੇਰੀ ਜੁੱਤੀ... ਵੇਖੋ ਨਾ, ਕਹਿੰਦਾ ਏ ਆ ਡਰ ਆ ਡਰ... ਡਰ ਤੂੰ ਜੋ ਰੰਨਾਂ ਵਿਚ ਧੰਨਾਂ ਬਣੀ ਬੈਠਾ ਏਂ......'
ਅਸੀਂ ਤਾਂ ਜਨਾਬ ਚੁਧਰਾਣੀ ਦੀ ਝਾੜ ਸੁਣਕੇ ਸ਼ੁੱਰ ਹੋ ਗਏ ਲੱਗੇ ਉਹਨਾਂ ਦੇਵੀਆਂ ਦੀ ਭਾਲ ਕਰਨ ਜੋ ਸਾਡੀਆਂ ਮਿੰਨਤਾਂ ਕਰਕੇ ਸਾਨੂੰ ਪ੍ਰਧਾਨ ਬਣਾ ਲਿਆਈਆਂ ਸਨ । ਉਹਨਾਂ ਵਿਚੋਂ ਇਕ ਬੀਬੀ ਰਾਣੀ ਹੌਂਸਲਾ ਕਰਕੇ ਉੱਠੀ ਤੇ ਕਹਿਣ ਲੱਗੀ :-'ਚੁਧਰਾਣੀ ਜੀ, ਪ੍ਰੈਜ਼ੀਡੰਟ ਸਾਹਿਬ ਨੇ ਤੁਹਾਨੂੰ ਡਰਨ ਲਈ ਨਹੀਂ ਕਿਹਾ, ਸਗੋਂ ਚੁੱਪ ਰਹਿਣ ਲਈ ਕਿਹਾ ਹੈ, ਆਰਡਰ ਅੰਗ੍ਰੇਜ਼ੀ ਦਾ ਲਫਜ਼ ਹੈ । ਜਿਸਦੇ ਅਰਥ ਹਨ ਪੁੱਛਕੇ ਬੋਲੋ'…,
ਚੁਧਰਾਣੀ-ਤੇ ਲੈ ਮੈਨੂੰ ਖੁੱਥੀ ਨੂੰ ਕੀ ਪਤਾ ? ਮੈਂ ਕੋਈ ਅੰਗ੍ਰੇਜ਼ੀ ਪੜ੍ਹੀ ਹੋਈ ਆਂ ? ਏਹ ਅਕਲ ਤਾਂ ਇਹਨੂੰ ਚਾਹੀਦੀ ਏ ਨਾ ਕਿ ਏਥੇ ਅੰਗ੍ਰੇਜ਼ੀ ਨਾ ਬੋਲੇ,...ਮੈਂ ਤਾਂ ਆਪਣੀ ਭਤੀਜੀ ਵਿੱਦਿਆ ਨੂੰ ਕਹਿਣ ਲੱਗੀ ਸਾਂ ਕਿ ਬਹਿ ਜਾ, ਏਹੋ ਜੇਹੀਆਂ ਗਲਾਂ ਕੁਆਰੀਆਂ ਕੁੜੀਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ…'
ਵਿੱਦਿਆ-'ਕਿਉਂ ਭੂਆ ਜੀ ?....ਏਥੇ ਕੋਈ ਮਰਦ ਬੈਠੇ ਨੇ ?...…ਇਹ ਕਾਨਫ਼ਰੰਸ ਤਾਂ ਹੋਈ ਹੀ ਇਸ ਲਈ ਏ ਕਿ ਕੁਆਰੀਆਂ ਵਿਆਹੀਆਂ ਸਭ ਆਪਣੇ ਖ਼ਿਆਲ ਦੱਸਣ……'
ਪੰਡਤਾਣੀ-"ਏਹ ਤਾਂ ਠੀਕ ਏ... ਪਰ ਜੇ ਫ਼ਜੂਲ ਖਰਚੀ ਤੋਂ ਤੁਹਾਡਾ ਮਤਲਬ ਏਹ ਹੈ ਕਿ ਅਸਤਬਾਜੀ ਨਾ ਚਲਾਈ ਜਾਵੇ ਤੇ ਸੋਟ ਨਾ ਕੀਤੀ ਜਾਵੇ ਤੇ ਧੀਆਂ ਭੈਣਾ ਅਰ ਪ੍ਰੋਹਤਾਂ ਨੂੰ ਕੁਝ ਨਾ ਦਿਤਾ ਜਾਵੇ ਤਾਂ ਮੈਂ ਇਸ ਦੀ ਬੜੇ ਜ਼ੋਰ ਨਾਲ ਵਿਰੋਧਤਾ ਕਰਨੀ ਆਂ..."
ਸ਼ਾਹਣੀ -"ਤੇ ਲੈ ਭੈਣੇਂ … ਏਹ ਕੀ ਗੱਲ ਹੋਈ ? ਕਿ ਕੋਈ ਕਿਸੇ ਵਿਆਹੇ ਹੋਏ ਨੂੰ ਧੀ ਨਾ ਦੇਵੇ .... ਤੇ ਲੈ ਸੁੱਖ ਨਾਲ ਮੇਰੇ ਭਣੇਵੇਂ ਦੀ ਵਹੁਟੀ ਸੋਹਣੀ ਨਹੀਂ ਸੀ, ਉਨ੍ਹੇ ਹੋਰ ਵਿਆਹ ਕਰਾ ਲਿਆ, ਤਾਂ ਕੀ ਅਸੀਂ ਉਹ ਨੂੰ ਛਡ ਦੇਈਏ ?......"
'ਨਾ ਭੈਣਾ! ਅਸੀਂ ਬਾਜ਼ ਆਈਆਂ ਏਹੋ ਜੇਹੀਆਂ ਕਾਨਾਂ-ਫੂਸੀਆਂ (ਕਾਨਫ਼ਰੰਸਾਂ) ਤੋਂ....'
ਓਧਰੋਂ ਇਕ ਮੈਲੇ ਕੁਚੈਲੇ ਕਪੜਿਆਂ ਵਾਲੀ ਤੀਵੀਂ ਉਠ ਖਲੋਤੀ ਤੇ ਬੋਲੀ 'ਭੈਣੋ! ਮੈਂ ਹੀ ਇਸ ਸ਼ਾਹਣੀ ਦੇ ਭਣੇਵੇਂ ਦੀ ਪਹਿਲੀ ਵਹੁਟੀ ਆਂ ।ਏਸ ਬੀਬੀ ਰਾਣੀ ਨੇ ਆਪ ਪਗਲੀ ਬਣਕੇ ਭਣੇਵੇਂ ਦਾ ਹੋਰ ਵਿਆਹ ਕਰ ਦਿੱਤਾ ਤੇ ਮੈਨੂੰ ਘਰੋਂ ਕਢਾ ਦਿੱਤਾ ।
ਸ਼ਾਹਣੀ ਭੁੜਕ ਕੇ ਉੱਠੀ ਤੇ ਸ਼ੀਹਣੀ ਵਾਂਗ ਗੱਜੀ 'ਬੈਠ ਨੀ ਬੈਠ ਸੜ ਗਈ ਰੰਨ…ਆਪਣਾ ਮੂੰਹ ਨਹੀਂ ਵੇਖਦੀ ਤੇ ਮੈਨੂੰ ਲਜਾਮ ਲਾਉਂਦੀ ਏ … ਨੀ ਰੱਬ ਨੂੰ ਕਹਿੰਦੀਓਂ ਤੇਰਾ ਬੂਥਾ ਚੱਜ ਦਾ ਬਣਾਉਂਦਾ...'
ਬੱਸ ਫੇਰ ਕੀ ਸੀ ? ਦਸ ਵੀਹ ਜਣੀਆਂ ਓਧਰੋਂ ਤੇ ਦਸ ਵੀਹ ਜਣੀਆਂ ਏਧਰੋਂ ਉੱਠ ਖਲੋਤੀਆਂ ਤੇ ਕਾਵਾਂ ਦੀ ਕੈਂ ਕੈਂ ਵਾਂਗ ਬੇ ਤਹਾਸ਼ਾ ਚਹੁੰਆਂ ਪਾਸਿਆਂ ਵਲੋਂ ਵਾਜਾਂ ਆਉਣੀਂਆਂ ਸ਼ੁਰੂ ਹੋ ਗਈਂਆਂ ! ਉਹ ਮੱਛੀ ਵਿਕਣ ਲਗੀ ਕਿ ਰਹੇ ਰੱਬ ਦਾ ਨਾਂ । ਰੌਲੇ ਦੇ ਕਾਰਨ ਕੰਨ ਪਈ ਅਵਾਜ ਸੁਣਾਈ ਨਹੀਂ ਸੀ ਦੇਂਦੀ, ਪਰ ਏਸ ਨਗਾਰਖ਼ਾਨੇ ਵਿਚ ਵੀ ਕਿਸੇ ਤੇਜ਼ ਤੂਤੀ ਦੀ ਗੱਲ ਸਮਝ ਆ ਜਾਂਦੀ ਸੀ ।
'ਨੀ ਪਰੋ ਪਰੇ ਹੋ ਕੇ .......ਆ ਗਈ ਏ ਕਿਤੋਂ ਦੀ ਵਿਚਾਰੀ … ਘਰ ਖਾਣ ਨੂੰ ਨਹੀਂ ਮਾਂ ਚੱਕੀ ਪੀਹਣ ਗਈ ਏ...ਨੀ ਚੁਪ ਕਰੋ, ਭੈੜੀਓ ਚੁਪ ਕਰੋ...... ਆ ਤੈਨੂੰ ਸੁਆਦ ਦੱਸਾਂ ਨਸੀਹਤਾਂ ਕਰਨ ਦਾ, ਕੱਲ ਦੀ ਜੰਮੀ ਗਿੱਦੜੀਂ ਤੇ ਅਜ ਹੋਇਆ ਵਿਆਹ … ਭੈਣੋ ਸ਼ਰਮ ਕਰੋ.........ਏਸੇ ਕਰਕੇ ਤਾਂ ਸਾਡੀ ਜਾਤ ਦੀ ਗੁੱਤ ਪਿਛੇ ਮੱਤ ਕਹਿੰਦੇ ਨੇ...... ਜਾਹ ਨੀ ਜਾਹ... ਮੇਰੀ ਗੁੱਤ ਦਾ ਨਾਂ ਲਵੇਂਗੀ ਤਾਂ ਤੇਰੀ ਗੁੱਤ ਪਹਿਲਾਂ ਖੋਹ ਸੁੱਟਾਂਗੀ ਆਈ ਏ ਵੱਡੀ ਗੁਤਾਂ ਪੁਟਣ........ਲੈ ਨੀ ਅਖੇ ਫ਼ਜ਼ੂਲ ਖਰਚ ਨਾ ਕਰੋ, ਹੂੰਹ, ਤੇਰੇ ਪਿਓ ਦੇ ਘਰੋਂ ਟਕੇ ਲਿਆਉਨੇ ਆਂ ਕੋਈ ?.........ਆ੫ਣੇ ਪੈਸੇ ਆਪ ਖਰਚਨੇਂ ਆਂ ਨੀ ਜਸੋਧਾਂ ਨੀ ਜਸੋਧਾਂ ....ਨੀ ਖਸਮ ਨੂੰ ਖਾਣੀਏਂ ਆ ਚਲੀਏ.........ਲੈ ਭਈ ਜੇ ਕਿਸੇ ਦਾ ਭਣੇਵਾਂ ਦੂਜਾ ਵਿਆਹ ਕਰ ਲਵੇ ਤਾਂ ਉਹਨੂੰ ਬਾਈਕਾਟ ਕਰ ਦਿਓ … ਆ ਤੇਰੇ ਡੱਕਰੇ ਕਰਾਂ ? ਤੂੰ ਹੋਵੇਂ ਕੌਣ ਮੇਰੇ ਭਣੇਵੇਂ ਵਲ ਤੱਕਣ ਵਾਲੀ ? ਜੇ ਤੂੰ ਉਸਨੂੰ ਬਾਈ ਵਾਰੀ ਕਟੇਂ ਤਾਂ ਮੈਂ ਤੈਨੂੰ ਚਾਲੀ ਵਾਰੀ ਕਾਟ ਕਰ ਦਿਆਂ... ..…ਕੇਡੀ ਨਾਂ ਹੋਵੇ ਤਾਂ, ਸਾਡੀਆਂ ਧੀਆਂ ਜਿਥੇ ਮਰਜੀ ਵਿਆਹੀਏ, ਭਾਵੇਂ ਇਕ ਸੌਕਣ ਤੇ ਦੇਈਏ ਤੇ ਭਾਵੇਂ ਦਸਾਂ ਸੌਕਣਾਂ ਤੇ ਦੇਈਏ, ਤੂੰ ਹੋਵੇਂ ਕੌਣ ? ਸਾਡੀਆਂ ਧੀਆਂ ਦੀ ਕੁਝ ਲਗਦੀ ?… ਅਖੇ ਸਿਆਪਾ ਕਰੋ ਦੋਹਾਂ ਦੇ ਘਰ........ਤੇਰੇ ਈ ਘਰ ਸਭ ਸਿਆਪੇ ਕਰਾਂਗੇ, ਹਾਇਆ ਹਾਇਆ ਹਾਇਆ ਹਾਯੋ ਓ ਹਯੋ ਹਾਯੋ …'
ਅਸੀਂ ਮੌਕਾ ਤਾੜ ਕੇ ਓਥੋਂ ਐਉਂ ਭੱਜੇ ਜਿਉਂ ਚੋਰ ਭੱਜਦਾ ਹੈ......ਤੋਬਾ ਤੋਬਾ, ਅਜੇ ਵੀ ਕੰਨਾਂ ਵਿਚ ਉਹ ਕੈਂ ਕੈਂ ਗੂੰਜ ਰਹੀ ਹੈ ।