Haas-Viang Di Teerandazi : K.L. Garg
ਹਾਸ-ਵਿਅੰਗ ਦੀ ਤੀਰਅੰਦਾਜ਼ੀ (ਵਿਅੰਗ) : ਕੇ.ਐਲ. ਗਰਗ
ਬਾਬਾ ਇਸ਼ਟੰਟਾ ਜੀ ਮਹਾਰਾਜ ਦਾ ਕਹਿਣਾ ਹੈ:
”ਜਿਹੜਾ ਬੰਦਾ ਆਪਣੇ ਆਪ ‘ਤੇ ਨਹੀਂ ਹੱਸ ਸਕਦਾ, ਉਹ ਦੂਜਿਆਂ ‘ਤੇ ਹੱਸਣ ਦਾ ਹੌਸਲਾ ਨਹੀਂ ਕਰ ਸਕਦਾ। ਦੂਜਿਆਂ ‘ਤੇ ਹੱਸਣ ਲਈ ਪਹਿਲਾਂ ਬੰਦਾ ਖ਼ੁਦ ‘ਤੇ ਹੱਸਣਾ ਸਿੱਖੇ।”
ਬਾਬਾ ਘੰਟੀਆਂ ਵਾਲੇ ਇਸ ਤੋਂ ਵੱਖਰੀ ਰਾਇ ਰੱਖਦੇ ਹਨ। ਉਨ੍ਹਾਂ ਦਾ ਮੱਤ ਹੈ: ”ਅੱਜਕੱਲ੍ਹ ਦੇ ਜ਼ਮਾਨੇ ‘ਚ ਪ੍ਰਧਾਨ ਮੰਤਰੀ ਬਣਨਾ ਸੌਖਾ ਹੈ ਪਰ ਦੂਜਿਆਂ ਨੂੰ ਹਸਾਉਣਾ ਬਹੁਤ ਔਖਾ ਕੰਮ ਹੈ। ਖਿੱਚ-ਧੂਹ ਕੇ ਵੀ ਲੋਕਾਂ ਅੰਦਰੋਂ ਹਾਸਾ ਨਹੀਂ ਨਿਕਲਦਾ।”
ਅੱਜਕੱਲ੍ਹ ਦੇ ਛੋਟੇ ਟੱਬਰਾਂ ‘ਚ ਕੋਈ ਮਾਂ ਆਪਣੀ ਧੀ ਨੂੰ ਕਹਿੰਦੀ ਸੁਣਾਈ ਨਹੀਂ ਪੈਂਦੀ, ”ਕੁੜੇ ਸਾਊ, ਕਿਉਂ ਐਵੇਂ ਹਿੜਹਿੜ ਲਾਈ ਐ? ਸਾਰਾ ਦਿਨ ਵਾਧੂ ਦੰਦ ਜਿਹੇ ਕੱਢਦੀ ਰਹਿੰਦੀ ਐਂ।”
ਅੱਜਕੱਲ੍ਹ ਦੇ ਪਰਿਵਾਰਾਂ ‘ਚ ਮਾਵਾਂ ਧੀਆਂ ਤਾਂ ਇਉਂ ਬੈਠੀਆਂ ਹੁੰਦੀਆਂ ਜਿਵੇਂ ਕਿਸੇ ਗੁਆਂਢੀ ਦੀ ਸੁਰਗਵਾਸ ਹੋਈ ਬੁੜ੍ਹੀ ਦੇ ਅਫ਼ਸੋਸ ‘ਤੇ ਆਈਆਂ ਹੋਣ; ਚੁੱਪ-ਗੜੁੱਪ; ਰੋਣਹਾਕੀਆਂ।
ਪੰਜਾਬੀ ਦਾ ਘਰ-ਘਰ ਵੱਜਣ ਵਾਲਾ ਇਹ ਗੀਤ ਵੀ ਉਨ੍ਹਾਂ ਨੇ ਸੁਣਿਆ ਨਹੀਂ ਜਾਪਦਾ:
ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗਲੌੜੀਆਂ।
ਹੁਣ ਤਾਂ ਮਾਵਾਂ-ਧੀਆਂ ਟੀਵੀ ਸੀਰੀਅਲ ਦੇਖਦੀਆਂ ਹਨ, ਆਪੋ-ਆਪਣਾ ਸੀਰੀਅਲ ਦੇਖਣ ਲਈ ਝਾਟੋ-ਝਾਟੀ ਹੁੰਦੀਆਂ ਹਨ, ਹੁਣ ਉਹ ਸੁਰਿੰਦਰ ਕੌਰ ਦੇ ਗਾਣੇ ਨਹੀਂ ਸੁਣਦੀਆਂ, ਗਲੌੜੀਆਂ ਨਹੀਂ ਮਾਰਦੀਆਂ, ਇੱਕ-ਦੂਜੀ ‘ਤੇ ਨਿਗ੍ਹਾ ਰੱਖਦੀਆਂ ਹਨ।
ਹੁਣ ਸਰਕਸ ਦੇ ਜੋਕਰਾਂ ਦਾ ਟਾਈਮ ਵੀ ਨਹੀਂ ਰਿਹਾ। ਉਨ੍ਹਾਂ ਦੀ ਥਾਂ ਰਾਜਸੀ ਜੋਕਰਾਂ ਦਾ ਟਾਈਮ ਆ ਗਿਆ ਹੈ। ਬਹੁਤ ਦੇਰ ਪਹਿਲਾਂ ‘ਮੇਰਾ ਨਾਮ ਜੋਕਰ’ ਫ਼ਿਲਮ ਆਈ ਸੀ। ਰਾਜਕਪੂਰ ਦਾ ਜੋਕਰ ਬਾਪ ਉਪਰੋਂ ਡਿੱਗ ਕੇ ਮਰ ਗਿਆ ਸੀ। ਜਨਤਾ ਉਸ ਦੀ ਮੌਤ ਨੂੰ ਵੀ ਉਸ ਦੀ ਕੋਈ ਹੈਰਾਨੀਜਨਕ ਐਕਟਿੰਗ ਸਮਝ ਕੇ ਕਿੰਨੀ ਦੇਰ ਤਾੜੀਆਂ ਮਾਰ-ਮਾਰ ਹੱਸਦੀ ਰਹੀ ਸੀ। ਉਹ ਜ਼ਮਾਨੇ ਹੋਰ ਸਨ ਜਦੋਂ ਜੋਕਰ ਦੀ ਟਰੈਜਿਡੀ ਵੀ ਦਰਸ਼ਕਾਂ ਨੂੰ ਹਸਾ-ਹਸਾ ਲੋਟਪੋਟ ਕਰ ਦਿੰਦੀ ਸੀ।
ਰਾਜਸੀ ਸਰਕਸ ‘ਚ ਕਾਫ਼ੀ ਜੋਕਰ ਭਰਤੀ ਹੋਏ ਹਨ। ਇਹ ਜੋਕਰ ਦਰਸ਼ਕਾਂ ਦੀ ਥਾਂ ਸੱਤਾ ਦੇ ਪਾਵਿਆਂ ਹੇਠ ਆ ਗਏ ਹਨ। ਬੋਲਦੇ ਹਨ, ਰੋਲਦੇ ਹਨ, ਵਿਸ ਘੋਲਦੇ ਹਨ, ਮਰਦੇ ਹਨ, ਖਪਦੇ ਹਨ ਪਰ ਆਮ ਆਦਮੀ ਦਾ ਮਨੋਰੰਜਨ ਕਰਨ ਦਾ ਯਤਨ ਕਰਦੇ ਹਨ। ਹਾਸਾ ਪਲਟ ਵਾਰ ਵੀ ਕਰਦਾ ਹੈ। ਤੁਹਾਡੀ ਸੁਣਾਈ ਗੱਲ ‘ਤੇ ਕੋਈ ਨਾ ਹੱਸੇ ਤਾਂ ਤੁਹਾਨੂੰ ਹਾਸੇ ਦੀ ਥਾਂ ਰੋਣ ਜਾਂ ਸ਼ਰਮ ਆਉਣ ਲੱਗਦੀ ਹੈ।
ਤੁਸੀਂ ਆਪਣੇ ਆਲੇ-ਦੁਆਲੇ ਬੈਠੇ ਵਿਅਕਤੀਆਂ ਨੂੰ ਕੋਈ ਵਧੀਆ ਚੁਟਕਲਾ ਸੁਣਾਉਂਦੇ ਹੋ। ਜੇ ਉਨ੍ਹਾਂ ਦਾ ਧਿਆਨ ਤੁਹਾਡੇ ਵੱਲ ਨਾ ਹੋਵੇ ਜਾਂ ਤੁਸੀਂ ਸੁਣਾਇਆ ਹੀ ਢਿਲਕੀ ਸ਼ੈਲੀ ‘ਚ ਹੋਵੇ ਤਾਂ ਤੁਹਾਡਾ ਸੁਣਾਇਆ ਚੁਟਕਲਾ ਟੈਂ-ਟੈਂ ਫਿਸ਼ ਹੋ ਜਾਂਦਾ ਹੈ। ਹਾਸ-ਵਿਅੰਗ ਦੀ ਭਾਸ਼ਾ ‘ਚ ਇਸ ਨੂੰ ਚੁਟਕਲੇ ਦਾ ਸ਼ਹੀਦ ਹੋਣਾ ਆਖਦੇ ਹਨ। ਜੇ ਤੁਹਾਡਾ ਚੁਟਕਲਾ ਸੁਣ ਕੇ ਵੀ ਦੂਜੇ ਨਾ ਹੱਸਣ ਤਾਂ ਤੁਹਾਡੇ ਸਿਰ ਸੌ ਘੜਾ ਪਾਣੀ ਦਾ ਪੈ ਜਾਵੇਗਾ। ਤੁਸੀਂ ਖਸਿਆਣੀ ਜਿਹੀ ਸ਼ਕਲ ਬਣਾ ਕੇ ਆਖ ਦਿੰਦੇ ਹੋ:
”ਸ਼ਾਇਦ ਤੁਹਾਨੂੰ ਮੇਰਾ ਚੁਟਕਲਾ ਸਮਝ ਨਹੀਂ ਆਇਆ? ਇਹਨੂੰ ਸਮਝਣ ਲਈ ਅਕਲ ਚਾਹੀਦੀ ਐ, ਭਾਈ ਅਕਲ।”
ਸਾਡੇ ਖ਼ਿਆਲ ‘ਚ ਖੁੱਲ੍ਹ ਕੇ ਹੱਸਣ ਲਈ ਅਕਲ ਦੀ ਤਾਂ ਰਤਾ ਭਰ ਵੀ ਲੋੜ ਨਹੀਂ ਪੈਂਦੀ। ਦੇਖਿਆ ਜਾਵੇ ਤਾਂ ਅਕਲਾਂ ਵਾਲੇ ਹਾਸੇ ਮਗਰ ਡੰਡਾ ਲਈ ਹੀ ਘੁੰਮਦੇ ਰਹਿੰਦੇ ਹਨ। ਤਾਜ਼ਾ ਅੰਕੜੇ ਦੱਸਦੇ ਹਨ ਕਿ ਮੂਰਖ ਲੋਕ ਦੁਨੀਆਂ ਵਿੱਚ ਸਭ ਤੋਂ ਵੱਧ ਹੱਸਦੇ ਹਨ। ਸ਼ਾਇਦ ਤਾਂ ਹੀ ਕਿਸੇ ਪੰਜਾਬੀ ਸ਼ਾਇਰ ਨੇ ਆਪਣਾ ਦੁੱਖ ਜ਼ਾਹਿਰ ਕਰਦਿਆਂ ਲਿਖਿਆ ਹੋਵੇਗਾ:
‘ਸਾਨੂੰ ਸਮਝ ਸਤਾਇਆ।’
‘ਸਮਝ’ ਅਜਿਹਾ ਬੁਰਾਦਾ ਹੈ ਜਿਸ ਨਾਲ ਸਾਡੇ ਹਾਸੇ ਨੂੰ ਕਬਜ਼ੀ ਹੋ ਜਾਂਦੀ ਹੈ।
ਚੁਟਕਲਾ ਸੁਣਾਉਣ ਵਾਲੇ ਨੂੰ ਥੋੜ੍ਹੀ ਬਹੁਤ ਐਕਟਿੰਗ ਤੇ ਚੁਸਤ ਵਾਕਾਂ ਦੀ ਚੋਣ ਕਰਨੀ ਵੀ ਆਉਣੀ ਚਾਹੀਦੀ ਹੈ। ਹਰੇਕ ਵਾਕ ਤੋਲ-ਮਿਣ ਕੇ ਬੋਲਣ ਦਾ ਅਭਿਆਸ ਹੋਣਾ ਚਾਹੀਦਾ ਹੈ। ਜੇ ਸੁਣਨ ਵਾਲੇ ਦੀ ਸੋਚ ਤੋਂ ਪਰ੍ਹੇ ਦੀ ਗੱਲ ਸੁੱਝ ਜਾਵੇ ਤਾਂ ਹਾਸਾ ਵਿਸਫੋਟ ਵਾਂਗ ਫੁੱਟ ਪੈਂਦਾ ਹੈ।
ਜੇ ਭਰੀ ਮਹਿਫ਼ਿਲ ਵਿੱਚ ਕਿਸੇ ਦਾ ਸੁਣਾਇਆ ਚੁਟਕਲਾ ਠੁੱਸ ਹੋ ਜਾਵੇ ਤਾਂ ਇਸ ਤੋਂ ਵੱਧ ਅਪਮਾਨ ਹੋਣ ਬਾਰੇ ਉਸ ਨੂੰ ਸੋਚਣਾ ਹੀ ਨਹੀਂ ਚਾਹੀਦਾ।
ਹਾਲਤ ਵਿਅੰਗ ਦੀ ਵੀ ਕੁਝ ਇਸੇ ਤਰ੍ਹਾਂ ਦੀ ਹੈ। ਹਿੰਦੀ ਕਵੀ ਬਿਹਾਰੀ ਦੇ ਵਿਅੰਗ ਦੋਹਿਆਂ ਬਾਰੇ ਕਿਸੇ ਹੋਰ ਹਿੰਦੀ ਕਵੀ ਨੇ ਪ੍ਰਸ਼ੰਸਾ ਕਰਦਿਆਂ ਆਖਿਆ ਹੈ:
ਸਤਸਈ ਕੇ ਦੋਹਿਰੇ ਜਿਉਂ ਨਾਵਕ ਦੇ ਤੀਰ,
ਦੇਖਨ ਮੇਂ ਛੋਟੇ ਲਗੇਂ ਘਾਵ ਕਰੇ ਗੰਭੀਰ।
ਪ੍ਰਸ਼ੰਸਾ ਕਰਨ ਵਾਲੇ ਕਵੀ ਦਾ ਦੋਹੜਾ ਤਾਂ ਵਧੀਆ ਹੈ ਤੇ ਬਿਹਾਰੀ ਦੇ ਨਾਲ-ਨਾਲ ਵਿਅੰਗ ਦੀ ਵੀ ਤਾਰੀਫ਼ ਕਰਦਾ ਹੈ ਪਰ ਸਾਨੂੰ ਇਸ ਦੇ ‘ਘਾਵ’ (ਜ਼ਖ਼ਮ) ਸ਼ਬਦ ‘ਤੇ ਭਾਰੀ ਇਤਰਾਜ਼ ਹੈ। ਵਿਅੰਗ ਕਿਸੇ ਦੇ ਜ਼ਖ਼ਮ ਨਹੀਂ ਕਰਦਾ। ਉਸ ਨੂੰ ਸੁਧਾਰਦਾ ਹੈ। ਉਸ ਦਾ ਮਵਾਦ ਕੱਢ ਕੇ ਉਸ ਨੂੰ ਨਿਰੋਗ ਕਰਦਾ ਹੈ। ਬੰਦੇ ਨੂੰ ਪਸ਼ੂ ਬਣਨ ਤੋਂ ਰੋਕਦਾ ਹੈ ਤੇ ਪਸ਼ੂ ਬਣ ਗਏ ਬੰਦੇ ਲਈ ਮੁੜ ਬੰਦਾ ਬਣਨ ਦੇ ਹਾਲਾਤ ਪੈਦਾ ਕਰਦਾ ਹੈ।
ਕੁਝ ਇਸ਼ਟੰਟਾਚਾਰੀਆ ਵਿਅੰਗ ਨੂੰ ਤੀਰ ਨਾਲ ਉਪਮਾ ਦਿੰਦੇ ਹਨ ਪਰ ਤੀਰ ਕਿਸੇ ਦੇ ਭਲੇ ਜਾਂ ਦੁਖਦੇ ਸਿਰ ‘ਚ ਮਾਲਿਸ਼ ਕਰਨ ਲਈ ਤਾਂ ਛੱਡਿਆ ਹੀ ਨਹੀਂ ਜਾਂਦਾ। ਤੀਰ ਦਾ ਧਰਮ ਤਾਂ ਵਿਰੋਧੀ ਨੂੰ ਮਾਰਨਾ ਜਾਂ ਬੇਵੱਸ ਤੇ ਲਾਚਾਰ ਜਾਂ ਜ਼ਖ਼ਮੀ ਕਰਨਾ ਹੁੰਦਾ ਹੈ। ਤੀਰ ਛੱਡਣ ਵੇਲੇ ‘ਯਮਰਾਜ’ ਨੂੰ ਹੀ ਧਿਆਇਆ ਜਾਂਦਾ ਹੈ। ਅਸੀਂ ਵਿਅੰਗ ਨੂੰ ਸਰਜਨ ਦੇ ਨਸ਼ਤਰ ਦੀ ਉਪਮਾ ਦੇਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਸਰਜਨ ਦਾ ਨਸ਼ਤਰ ਬੀਮਾਰ ਦੇ ਗਲੇ-ਸੜੇ ਅੰਗ ਨੂੰ ਕੱਟ-ਵੱਢ ਕੇ ਉਸ ਦਾ ਮਵਾਦ ਕੱਢ ਕੇ, ਉਸ ਨੂੰ ਨਿਰੋਗ ਤੇ ਸਿਹਤਮੰਦ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਡੇ ਖ਼ਿਆਲ ‘ਚ ਚੰਗੇ ਵਿਅੰਗ ਦਾ ਧਰਮ ਭੈੜੇ ਮਨੁੱਖ, ਸਮਾਜ ਜਾਂ ਸੰਸਥਾ ਨੂੰ ਨੌਂ-ਬਰ-ਨੌਂ ਕਰਨਾ ਹੁੰਦਾ ਹੈ। ਮਹਾਂਭਾਰਤ ਵਿੱਚ ਦਰੋਪਦੀ ਨੇ ਵੀ ਕੌਰਵਾਂ ਦੇ ਵਿਅੰਗ ਦਾ ਤੀਰ ਮਾਰਿਆ ਸੀ। ਵਿਚਾਰਿਆਂ ਦੀ ਨਸ-ਨਸ ਜ਼ਖ਼ਮੀ ਹੋ ਗਈ ਸੀ। ਉਸ ਦਾ ਸਿੱਟਾ ਸਾਰੇ ਜਾਣਦੇ ਹਨ। ਵਿਅੰਗ ਤਾਂ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਤੁਹਾਡਾ ਵਿਰੋਧੀ ਵੀ ਆਨੰਦ ਮਾਣ ਸਕੇ।
ਮਾੜਾ ਤੇ ਕਮਜ਼ੋਰ ਵਿਅੰਗ ਪਲਟਵਾਰ ਵੀ ਕਰਦਾ ਹੈ।
ਪੁਰਾਣੇ ਜ਼ਮਾਨੇ ‘ਚ ਦੋ ਯੋਧਾ ਇੱਕ-ਦੂਜੇ ‘ਤੇ ਤੀਰਾਂ ਦੀ ਵਰਖਾ ਕਰਦੇ ਸਨ। ਜਿਸ ਯੋਧਾ ਦੇ ਤੀਰ ਸ਼ਕਤੀਸ਼ਾਲੀ ਹੁੰਦੇ, ਉਹ ਆਪਣੇ ਵਿਰੋਧੀ ਦੇ ਤੀਰਾਂ ਨੂੰ ਕੱਟ ਕੇ ਵਿਰੋਧੀ ਨੂੰ ਮਾਰ ਦਿੰਦਾ, ਜ਼ਖ਼ਮੀ ਕਰ ਦਿੰਦਾ ਜਾਂ ਕੈਦੀ ਬਣਾ ਲੈਂਦਾ। ਇਸ ਦੇ ਨਾਲ ਜੁੜੀ ਇੱਕ ਗੱਲ ਹੋਰ ਵੀ ਤੁਸੀਂ ਦੇਖੀ ਹੋਣੀ ਹੈ ਕਿ ਜਿਸ ਯੋਧਾ ਦਾ ਤੀਰ ਕਾਟ ਕਰਨ ਵਾਲਾ ਨਾ ਹੁੰਦਾ, ਕਮਜ਼ੋਰ ਹੁੰਦਾ, ਉਹਦਾ ਛੱਡਿਆ ਤੀਰ ਮੁੜ ਉਸੇ ਕੋਲ ਵਾਪਸ ਆ ਜਾਂਦਾ ਸੀ। ਇਸੇ ਨੂੰ ਤੀਰ ਦਾ ਪਲਟਵਾਰ ਕਹਿੰਦੇ ਸਨ। ਵਾਪਸ ਮੁੜਿਆ ਤੀਰ ਆਪਣੇ ਮਾਲਕ ਦੇ ਵੱਜਦਾ ਨਹੀਂ ਸੀ, ਉਸ ਕੋਲ ਵਾਪਸ ਮੁੜ ਆਉਂਦਾ ਸੀ।
ਇਹ ਗੱਲ ਉਵੇਂ ਹੀ ਹੈ ਜਿਵੇਂ ਕਿਸੇ ਗਾਲ੍ਹਾਂ ਕੱਢਣ ਵਾਲੇ ਬੰਦੇ ਨੂੰ ਬੁੱਧ ਨੇ ਕਿਹਾ ਸੀ:
”ਮੈਂ ਤੁਹਾਡੀਆਂ ਗਾਲ੍ਹਾਂ ਸਵੀਕਾਰ ਨਾ ਕਰਾਂ ਤਾਂ ਇਹ ਵਾਪਸ ਤੁਹਾਡੇ ਕੋਲ ਹੀ ਪਰਤ ਜਾਣਗੀਆਂ। ਆਪਣੀਆਂ ਗਾਲ੍ਹਾਂ ਆਪਣੇ ਕੋਲ ਹੀ ਸਾਂਭ ਕੇ ਰੱਖ ਲਓ।”
ਪਰ ਵਿਅੰਗ ਕਈ ਵਾਰ ਬਹੁਤ ਹੀ ਭੈੜਾ ਪਲਟਵਾਰ ਵੀ ਕਰਦਾ ਹੈ। ਜੇ ਕਿਸੇ ਦਾ ਕੀਤਾ ਵਿਅੰਗ ਵਿਰੋਧੀ ਦੇ ਨਾਂ ਵੱਜੇ ਤਾਂ ਇਹ ਵਾਪਸ ਆ ਕੇ ਵਿਅੰਗ ਕਰਨ ਵਾਲੇ ਦੇ ਅਜਿਹਾ ਵੱਜਦਾ ਹੈ ਕਿ ਉਸ ਨੂੰ ਮੁੜ ਮੂੰਹ ਦਿਖਾਉਣ ਜੋਗਾ ਜਾਂ ਵਿਅੰਗ ਕਰਨ ਜੋਗਾ ਨਹੀਂ ਛੱਡਦਾ।
ਇੱਕ ਵਿਅੰਗਕਾਰ ਨੇ ਇੱਕ ਵਾਰ ਆਖ਼ਰੀ ਬੱਸ ਰਾਹੀਂ ਚੰਡੀਗੜ੍ਹ ਤੋਂ ਮੋਗੇ ਆਉਣਾ ਸੀ। ਠੰਢ ਕਹਿੰਦੀ ਸੀ ਕਿ ਉਸ ਨੇ ਵੀ ਉਸੇ ਦਿਨ ਪੈਣਾ ਸੀ। ਬੱਸ ਲੰਮੇ ਰੂਟ ਦੀ ਸੀ; ਚੰਡੀਗੜ੍ਹ ਤੋਂ ਅਬੋਹਰ ਵਾਲਿਆ ਮੋਗਾ। ਟਿਕਟਾਂ ਦੇ ਰਹੇ ਬੰਦੇ ਕੋਲ ਪਹੁੰਚ ਕੇ ਵਿਅੰਗਕਾਰ ਨੇ ਆਪਣੀ ਆਦਤ ਮੂਜਬ ਹਲਕੀ ਰੌਂਅ ‘ਚ ਆਖਿਆ, ”ਮੌਸਮ ਕਿੱਡਾ ਖ਼ਰਾਬ ਐ। ਇਹ ਬੱਸ ਅੱਜ ਪਹੁੰਚ ਜੂ ਅਬੋਹਰ?” ਬੱਸਾਂ ਵਾਲੇ ਸ਼ਾਇਦ ਅੰਧ-ਵਿਸ਼ਵਾਸੀ ਹੁੰਦੇ ਹਨ। ਡਰਾਈਵਰ ਨੇ ਸੁਣਦਿਆਂ ਹੀ ਟਿਕਟਾਂ ਦੇਣ ਵਾਲੇ ਭਾਈ ਨੂੰ ਕਹਿ ਦਿੱਤਾ, ”ਮੌਸਮ ਤਾਂ ਅੱਗੇ ਈ ਜਾਨਲੇਵਾ ਐ। ਇਹ ਬਾਊ ਕਿਵੇਂ ਬਦਸ਼ਗਨੀ ਕਰੀ ਜਾਂਦਾ ਪਹਿਲਾਂ ਈ! ਮਨਹੂਸ ਕਿਸੇ ਥਾਂ ਦਾ। ਮੂੰਹ ਨਾ ਚੰਗਾ ਹੋਵੇ ਤਾਂ ਬੰਦਾ ਗੱਲ ਤਾਂ ਚੰਗੀ ਕਰੇ। ਇਸ ਮਨਹੂਸ ਨੂੰ ਨ੍ਹੀਂ ਮੈਂ ਲੈ ਕੇ ਜਾਣਾ, ਇਹਨੂੰ ਟਿਕਟ ਨਾ ਦੇਈਂ।” ਵਿਅੰਗਕਾਰ ਦੇ ਵਿਅੰਗ ਦੀ ਤਾਂ ਸਮਝੋ ਜਿਵੇਂ ਫੂਕ ਹੀ ਨਿਕਲ ਗਈ ਹੋਵੇ। ਉਸ ਨੇ ਘਰ ਤਾਂ ਮੁੜਨਾ ਹੀ ਮੁੜਨਾ ਸੀ। ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ, ”ਯਾਰ, ਮੈਂ ਤਾਂ ਵਿਅੰਗਕਾਰ ਆਂ। ਮੈਨੂੰ ਇਹੋ ਜਿਹੀਆਂ ਹਲਕੀਆਂ-ਫੁਲਕੀਆਂ ਗੱਲਾਂ ਕਰਨ ਦੀ ਆਦਤ ਜਿਹੀ ਹੈ। ਊਂ ਮੇਰੇ ਮਨ ‘ਚ ਮੈਲ ਨ੍ਹੀਂ।” ਡਰਾਈਵਰ ਆਕੜ ਕੇ ਪਿਆ, ”ਲੈ ਜਾ ਪਰ੍ਹੇ ਆਪਣੇ ਵਿਅੰਗ-ਵਿਉਂਗ ਨੂੰ। ਜਿਹੋ ਜਿਹਾ ਮਨਹੂਸ ਤੂੰ ਐਂ, ਉਹੋ ਜਿਹਾ ਮਨਹੂਸ ਤੇਰਾ ਵਿਅੰਗ ਹੋਣੈ।”
ਵਿਅੰਗ ਸੋਚ ਸਮਝ ਕੇ ਸੱਭਿਆ ਤਰੀਕੇ ਅਤੇ ਕੁਸ਼ਲ ਢੰਗ ਨਾਲ ਵਰਤਿਆ ਜਾਣ ਵਾਲਾ ਸ਼ਸਤਰ ਹੈ। ਨਿਆਣਿਆਂ ਤੇ ਅੰਞਾਣਿਆਂ ਹੱਥ ਆ ਕੇ ਇਹ ਕੀ ਕਰ ਸਕਦਾ ਹੈ, ਤੁਸੀਂ ਆਪ ਹੀ ਸਮਝ ਸਕਦੇ ਹੋ। ਜਿਵੇਂ ਕੋਈ ਭੁਲੱਕੜ ਸਰਜਨ ਅਪਰੇਸ਼ਨ ਵੇਲੇ ਆਪਣੀ ਕੈਂਚੀ ਜਾਂ ਚਾਕੂ ਮਰੀਜ਼ ਦੇ ਪੇਟ ‘ਚ ਹੀ ਭੁੱਲ ਜਾਵੇ। ਇੰਨੀਂ ਕੁ ਗੱਲ ਸਮਝਣੀ ਕੋਈ ਔਖੀ ਨਹੀਂ।