Aalu (Punjabi Story) : Charan Singh Shaheed

ਆਲੂ (ਕਹਾਣੀ) : ਚਰਨ ਸਿੰਘ ਸ਼ਹੀਦ

ਅਸੀਂ ਪਿੰਡ ਦੀ ਵੀਹਈ ਵਿਚ ਤੁਰੇ ਜਾਂਦੇ ਸਾਂ। ਨੰਬਰਦਾਰ ਸੁੱਖਾ ਸਿੰਘ ਭੀ ਸਾਡੇ ਨਾਲ ਹੌਂਕਦਾ ਤੁਰਿਆ ਜਾ ਰਿਹਾ ਸੀ । ਕਿਉਂ ਕਿ ਅਸੀਂ ਉਨ੍ਹੇਂ ਵੀ ਤੇਜ਼ ਤੁਰਨ ਵਾਲੇ ਸਾਂ ਤੇ ਉਂਜ ਤਾਂ ਨੰਬਰਦਾਰ ਨੂੰ ਜਾਣਕੇ ਸਾਹ ਚੜ੍ਹਾਉਣ ਲਈ ਅਸੀਂ ਹੋਰ ਵੀ ਵਧੀਕ ਕੁਇਕ ਮਾਰਚ ਕਰ ਰਹੇ ਸੀ।

ਜਦੋਂ ਅਸੀਂ ਆਪਣੇ ਰਾਜ ਵੇਲੇ ਫੌਜਾਂ ਦੀ ਕਰਨੈਲੀ ਕਰਦੇ ਸਾਂ ਤਾਂ ਕਈ ਵਾਰੀ ਸਾਨੂੰ ਪੰਜਾਹ ਪੰਜਾਹ ਮੀਲ ਰੋਜ਼ ਤੁਰਨਾ ਪੈਂਦਾ ਸੀ। ਲਓ ਜੀ । ਗਲੀ ਵਿਚ ਅਸੀਂ ਕੀ ਵੇਖਿਆ ਕਿ ਨਿਹਾਲੇ ਸ਼ਾਹ ਦੀ ਹੱਟੀ ਅੱਗੇ ਸੰਤੂ ਝਿਊਰ ਲਹੂ ਲੁਹਾਨ ਪਿਆ ਸੀ । ਉਸ ਦਾ ਸਿਰ ਪਾਟਾ ਹੋਇਆ ਸੀ। ਲੋਕ ਇਕਠੇ ਹੋ ਰਹੇ ਸਨ ਤੇ ਕਈਆਂ ਦਾ ਖਿਆਲ ਸੀ ਕਿ ਠਾਨੇ ਨੂੰ ਬੁਲਾਇਆ ਜਾਵੇ ।

ਸਾਨੂੰ ਭਾਵੇਂ ਇਸ ਖ਼ੂਨ ਖਰਾਬੇ ਦਾ ਕਾਰਨ ਮਲੂਮ ਨਹੀਂ ਸੀ ਪਰ ਅਸੀਂ ਇਕ ਦਮ ਸਭ ਨੂੰ ਠਾਣਾ ਲਿਆਉਣ ਤੋਂ ਰੋਕਿਆ ਤੇ ਕਿਹਾ ‘ਭਲਿਓ ਲੋਕੋ ! ਠਾਣੈ ਨੂੰ ਭੂਤਾਂ ਨੂੰ ਬੁਲਾਉਣਾ ਇਕੋ ਗਲ ਏ । ਜਿਸ ਤਰ੍ਹਾਂ ਹੋ ਸਕਦੈ ਆਪੇ ਵਿਚ ਹੀ ਸਮਾਈ ਕਰ ਲਓ।”

ਸੋ ਸਾਡਾ ਹੁਕਮ ਕਿਸੇ ਨੇ ਵੀ ਨਾ ਮੋੜਿਆ। ਪੁਛਣ ਪੁਛਾਣ ਤੋਂ ਪਤਾ ਲਗਾ ਕਿ ਵਿਚਾਰੇ ਝਿਊਰ ਨੇ ਰਬ ਸਬਬੀ ਪੂਦਨੇ ਦੀ ਇਕ ਗੁੱਛੀ ਬਜ਼ਾਰੋਂ ਲਿਆਂਦੀ ਸੀ ਤੇ ਨਿਹਾਲੇ ਸ਼ਾਹ ਪਾਸੋਂ ਅਨਾਰ ਦਾਣਾ ਲੈਣ ਲਈ ਉਸਦੀ ਹਟੀ ਤੇ ਖਲੋ ਗਿਆ ਸੀ ਪੂਦਨੇ ਦੀ ਗੁਛੀ ਉਸਨੇ ਨਿਹਾਲ ਸ਼ਾਹ ਦੇ ਸਾਹਮਣੇ ਰਖ ਦਿਤੀ ਤੇ ਲੰਗੋਟੀ ਪਲਿਉਂ ਧੇਲਾ ਆਨਾਰ ਦਾਣੇ ਲਈ ਖੋਹਲਣ ਲਗ ਪਿਆ।

ਝਿਊਰ ਨੂੰ ਨਹੀਂ ਸੀ ਪਤਾ ਕਿ ਨਿਹਾਲੇ ਸ਼ਾਹ ਦੀ ਛੇੜ ‘ਪੂਦਨਾ' ਹੈ ਪਰ ਨਿਹਾਲੇ ਨੇ ਸਮਝਿਆ ਕਿ ਇਹ ਝਿਊਰ ਮੈਨੂੰ ਜਾਣ ਬੁਝ ਕੇ ਛੇੜਨ ਲਈ ਪੂਦਨਾ ਸਾਹਮਣੇ ਰਖੀ ਬੈਠਾ ਹੈ, ਸੋ ਉਸ ਨੇ ਆਓ ਡਿੱਠਾ ਨਾ ਤਾਓ ਡੰਗਰ ਹਟਾਉਣ ਵਾਲਾ ਸੋਟਾ ਸੰਤੂ ਝਿਊਰ ਦੇ ਸਿਰ ਵਿਚ ਮਾਰ ਕੇ ਉਸ ਦੀ ਕਪਾਲ ਕਿਰਿਆ ਖੋਲ ਦਿਤੀ।

ਜੱਦ ਅਸੀਂ ਇਹ ਵਿਥਿਆ ਸੁਣ ਕੇ ਅੱਗੇ ਗਏ ਤਾਂ ਨੰਬਰਦਾਰ ਸੁਖਾ ਸਿੰਘ ਬੇਵਕੂਫਾਂ ਵਾਂਗ ਬੋਲਿਆ। ਬਾਬਾ ਜੀ ! ਖਬਰੇ ਅਹਿਮਕ ਲੋਕਾਂ ਦੀ ਕੋਈ ਛੇੜ ਕਿਸ ਤਰ੍ਹਾਂ ਪੈ ਜਾਂਦੀ ਏ। ਕਿਸੇ ਦੀ ਛੇੜ ਏ ਹਲਵਾ ਕਦੂ, ਕਿਸੇ ਦੀ ਛੇੜ ਏ ਤੋਰੀਆਂ, ਕੋਈ ਵਤਾਊਂ ਦੇ ਨਾਮ ਤੋਂ ਚਿੜਦਾ ਏ ਤੇ ਕੋਈ ਬਾਟੀ ਦੇ ਲਫਜ ਤੇ ਤੜਫ ਉਠਦਾ ਏ। ਅਸੀਂ ਐਡੇ ਹੋ ਗਏ ਹਾਂ। ਸਾਡੀ ਛੇੜ ਅਜ ਤਕ ਕੋਈ ਨਹੀਂ ਪਾ ਸਕਿਆ । ਲੋਕ ਤਾਂ ਖੋਤੇ ਨੇ ਜੋ ਅਪਣੀ ਛੇੜ ਪੁਆ ਲੈਂਦੇ ਨੇ।”

ਅਸੀਂ ਏਹ ਗਲ ਦਿਲ ਵਿਚ ਰਖੀ ....... ਪਰ ਉਸ ਮੂਰਖ ਨੂੰ ਨਾ ਆਖਿਆ ਕਿ ਬਚੂ ਤੇਰੀ ਵੀ ਛੇੜ ਪਾ ਕੇ ਛੱਡਾਂਗੇ।

ਉਸੇ ਦਿਨ ਲੋਢੇ ਵੇਲੇ ਅਸੀਂ ਨੰਬਰਦਾਰ ਦੇ ਘਰ ਉਸ ਦੇ ਪਾਸ ਬੈਠੇ ਸਾਂ ਤਾਂ ਗੁਆਂਢੀ ਨਜ਼ਾਮ ਦੀਨ ਦਾ ਨੌਕਰ ਆ ਕੇ ਕਹਿਣ ਲੱਗਾ ਨੰਬਰਦਾਰ ਜੀ, ਮੀਏਂ ਕਹਿੰਦੇ ਨੇ ਪੰਜ ਸਤ ਆਲੂ ਦਿਓ :-

ਨੰਬਰਦਾਰ ਨੇ ਕਿਹਾ, "ਕਾਕਾ ਸਾਡੇ ਪਾਸ ਆਲੂ ਨਹੀਂ ਹਨ ।" ਨੌਕਰ ਚਲਾ ਗਿਆ । ਪੰਜ ਮਿੰਟ ਬਾਦ ਇਕ ਹੋਰ ਨੌਕਰ ਆ ਗਿਆ, "ਜੀ ਲੰਬੜਦਾਰ ਜੀ ! ਸਾਡੇ ਮੀਏਂ ਹੁਰੀ ਕਹਿੰਦੇ ਨੇ ਚਾਰ ਪੰਜ ਆਲੂ ਦਿਓ ਲੋੜੀਦੇ ਨੇ ।''

ਨੰਬਰਦਾਰ ਨੇ ਕਿਹਾ, “ਬਾਬਾ ਇਕ ਵਾਰੀ ਜੂ ਕਹਿ ਦਿਤਾ ਏ ਕਿ ਸਾਡੇ ਪਾਸ ਆਲੂ ਨਹੀਂ ਹਨ ।"

ਨੌਕਰ ਚਲਾ ਗਿਆ ਤੇ ਨੰਬਰਦਾਰ ਮੇਰੇ ਨਾਲ ਆਪਣੇ ਦੀਵਾਨੀ ਮੁਕਦਮੇ ਦੀ ਗਲ ਬਾਤ ਛੇੜ ਕੇ ਮੇਰੀ ਸਲਾਹ ਪੁਛਣ ਲਗਾ । ਪਲ ਕੁ ਮਗਰੋਂ ਇਕ ਹੋਰ ਮੁਸਲਮਾਨ ਆ ਗਿਆ ਤੇ ਬੋਲਿਆ, ‘‘ਸਰਦਾਰ ਜੀ ਮੀਆਂ ਨਜ਼ਾਮ ਦੀਨ ਨੇ ਪੰਜ ਸਤ ਆਲੂ ਮੰਗੇ ਨੇ” ਨੰਬਰਦਾਰ ਨੇ ਜ਼ਰਾ ਖਿਝ ਕੇ ਕਿਹਾ, ‘‘ਉਇ ਸੌ ਵਾਰੀ ਕਹਿ ਚੁਕਾ ਹਾਂ ਕਿ ਸਾਡੇ ਘਰ ਆਲੂ ਨਹੀਂ ਹਨ ਜੇ ਹੁੰਦੇ ਤਾਂ ਪਹਿਲੀ ਵਾਰੀ ਹੀ ਨਾ ਦੇ ਦਿੰਦਾ'' ਇਹ ਕਹਿ ਕੇ ਨੰਬਰਦਾਰ ਮੇਰੇ ਨਾਲ ਫੇਰ ਗਲਾਂ ਕਰਨ ਲਗ ਪਿਆ ‘ਬਾਬਾ ਜੀ, ਵੇਖੋ ਨਾ ਚਾਚੇ ਦਾ ਪੁਤ ਗੁਰਦਿੱਤ ਸਿਹੋਂ ਮੇਰੇ ਸੱਠ ਰੁਪਏ ਨਹੀਂ ਦਿੰਦਾ । ਸ਼ਟਾਮ ਲਿਖਿਆ ਪਿਆ ਏ। ਮੈਂ ਨੰਤੀ ਦਾ ਵਿਆਹ ਕਰਨੈ ਰੁਪਏ ਦੀ ਬੜੀ ਲੋੜ ਏ ।”

ਉਧਰੋਂ ਫੇਰ ਨਜ਼ਾਮ ਦੀਨ ਦਾ ਸਾਲਾ ਆ ਗਿਆ "ਨੰਬਰਦਾਰ ਜੀ ! ਮੀਏ ਹੁਰਾਂ ਪੰਜ ਸੱਤ ਆਲੂਆਂ ਲਈ ਭੇਜਿਆ ਏ, ਨੰਬਰਦਾਰ ਹੁਰੀਂ ਅਜੇ ਜਬਾਬ ਦੇ ਹੀ ਰਹੇ ਸਨ ਕਿ ਨਜ਼ਾਮ ਦੀਨ ਦਾ ਪੁੱਤਰ ਆ ਗਿਆ ‘ਨੰਬਰਦਾਰ ਜੀ ਥੋੜੇ ਜੇਹੇ ਆਲੂ ਝਟ ਪਟ ਦੇਣੇ ਭਾਵੇਂ ਪੈਸੇ ਹੀ ਲੈ ਲਓ ।” ਨੰਬਰਦਾਰ ਨੇ ਲਾਲੋ ਲਾਲ ਹੋ ਕੇ ਕਿਹਾ “ਉਇ ਕੀ ਮੈਂ ਕਰੂੰਜੜਾ ਆਂ ? ਕੀ ਮੈਂ ਕਮੀਨਾ ਆਂ ਜੋ ਮੈਂ ਪੰਜ ਸੱਤ ਆਲੂ ਵੀ ਨਾ ਦੇ ਸਕਾਂ ? ਜਾਓ ਸਾਡੇ ਘਰ ਕੋਈ ਆਲੂ ਨਹੀਂ ।"

ਨੰਬਰਦਾਰ ਨੇ ਅਜੇ ਪਿੱਠ ਮੋੜੀ ਹੀ ਸੀ ਕਿ ਇਕ ਨੌਕਰ ਆ ਗਿਆ ‘‘ਨੰਬਰਦਾਰ ਜੀ ਆਲੂ" ਹੁਣ ਤਾਂ ਨੰਬਰਦਾਰ ਦੇ ਸੱਤੀਂ ਕਪੜੀਂ ਅੱਗ ਲਗ ਗਈ ਸੋਟਾ ਫੜ ਕੇ ਉਹ ਦਾ ਸਿਰ ਪਾੜਨ ਲਈ ਦੌੜਿਆ ਆ ਤੈਨੂੰ ਆਲੂ ਦਿਆਂ, ਹਰਾਮਜਾਦਾ ਆਲੂ ਦਾ ਬੱਚਾ, ਆਲੂ ਦਾ ਸਾਲਾ, ਆਲੂ ਦਾ ਸਹੁਰਾ, ਆ ਤੈਨੂੰ ਚੰਗੀ ਤਰ੍ਹਾਂ ਆਲੂ ਦਾ ਸੁਆਦ ਚਖਾਵਾਂ।''

ਹੁਣ ਨੌਕਰ ਅੱਗੇ ੨ ਵਾਜਾਂ ਦੇ ਜਾ ਰਿਹਾ ਸੀ "ਆਲੂ" ਤੇ ਨੰਬਰਦਾਰ ਸੋਟਾ ਫੜੀ ਪਿੱਛੇ ਪਿੱਛੇ ਗਾਲਾਂ ਕਢਦਾ ਜਾ ਰਿਹਾ ਸੀ ।

ਨੌਕਰ ਨੇ ਤਾਂ ਆਪਣੇ ਘਰ ਦੇ ਅੰਦਰ ਵੜ ਕੇ ਬੂਹਾ ਮਾਰ ਲਿਆ ਪਰ ਸਾਰੇ ਪਿੰਡ ਨੂੰ ਪਤਾ ਲਗ ਗਿਆ ਕਿ ਨੰਬਰਦਾਰ ਦੀ ਛੇੜ ਆਲੂ ਹੈ।

ਹਰ ਕੋਈ ਮੌਜ ਨਾਲ ਪੁਛਣ ਲਗ ਪਿਆ ‘ਨੰਬਰਦਾਰ ਜੀ ਕੀ ਗਲ ਏ? ਆਲੂ ਦਾ ਕੀ ਮਾਮਲਾ ਏ ......... ਨਾ ਸਚ ਨੰਬਰਦਾਰ ਜੀ ਏਹ ਆਲੂ ਆਲੂ ਕੀ ਕਹਿ ਰਹੇ ਨੇ ? ਨੰਬਰਦਾਰ ਨੇ ਕਿਸੇ ਨੂੰ ਗਾਲ ਕਢੀ ਕਿਸੇ ਨੂੰ ਸੋਟਾ ਮਾਰਿਆ........ਨਤੀਜਾ ਇਹ ਹੋਇਆ ਕਿ ਪੰਜਾ ਮਿੰਟਾਂ ਵਿਚ ਉਸ ਦੀ ਛੇੜ ਆਲੂ ਪੈ ਗਈ ।

ਬਕਦਾ ਬਕਦਾ ਨੰਬਰਦਾਰ ਘਰ ਆਇਆ ਤਾਂ ਅਸੀਂ ਪੀਡਾ ਜਿਹਾ ਮੂੰਹ ਬਣਾ ਕੇ ਕਿਹਾ, “ਨੰਬਰਦਾਰ ਤੂੰ ਤਾਂ ਕਹਿੰਦਾ ਸੈਂ ਕਿ ਛੇੜ ਕਦੀ ਪੱਕ ਨਹੀਂ ਸਕਦੀ..........ਪਰ ਹੁਣ ਇਹ ਆਲੂ.........।”

ਉਸ ਨੇ ਸੋਟਾ ਫੜ ਕੇ ਸਾਡੇ ਵਲੇ ਵਗਾ ਮਾਰਿਆ ਤੇ ਭੌਂਕਿਆ 'ਉਏ ਹੁਣ ਪਤਾ ਲਗਾ ਕਿ ਇਹ ਸਭ ਤੇਰੀ ਸ਼ਰਾਰਤ ਏ।'

ਅਸੀਂ ਤਾਂ ਹਸਦੇ ੨ ਘਰ ਆ ਗਏ ਪਰ ਸਾਡੀ ਕ੍ਰਿਪਾ ਨਾਲ 'ਆਲੂ' ਦਾ ਖਿਤਾਬ ਨੰਬਰਦਾਰ ਦੇ ਨਾਮ ਨਾਲ ਐਸਾ ਜੁੜਿਆ ਜਿਵੇਂ ਕਿਸੇ ਨਾਮ ਨਾਲ ਰਾਇ ਬਹਾਦਰ ਦਾ ਬਾਦਸ਼ਾਹ ਦਾ ਦਿੱਤਾ ਹੋਇਆ ਖਿਤਾਬ ਵੀ ਨਹੀਂ ਜੁੜਿਆ ਹੋਣਾ। ਹਦ ਇਹ ਕਿ ਹੁਣ ਨੰਬਰਦਾਰ ਦੀ ਵਹੁਟੀ ਵੀ ਡਰਦੀ ਮਾਰੀ ਘਰ ਆਲੂ ਨਹੀ ਚਾਹੜਦੀ ਤੇ ਨੰਬਰਦਾਰ ਦੇ ਖੇਤਾਂ ਵਿਚ ਵੀ ਆਲੂ ਬੀਜਣੇ ਬਿਲਕੁਲ ਬੰਦ ਹੋ ਗਏ ਨੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ