ਪੰਜਾਬੀ ਕਵਿਤਾਵਾਂ : ਅਮਿਤੋਜ - Punjabi Poetry : Amitoj
1. ਲਾਹੌਰ ਦੇ ਨਾਂਅ ਇੱਕ ਖਤ
ਮੇਰੇ ਪਿਆਰੇ ਚਚਾ ਜਾਨ ! ਬਸੀਰ ਮੁਹੰਮਦ ਉਰਫ ਸੀਰੂ ਨੂੰ - ਸਲਾਮ ਪਹੁੰਚੇ ! ਆਦਾਬ ਪਹੁੰਚੇ। ਚਾਚਾ! ਤੇਰੇ ਜਾਣ ਤੋਂ ਝੱਟ ਹੀ ਮਗਰੋਂ ਤੇਰੇ ਪਾਲੇ ਹੋਏ ਬੀਬੇ ਕਬੂਤਰ ਤਾਂ ਮਰ ਗਏ, ਪਰ ਖੁੱਡਿਆਂ ਵਿਚ ਆਪਣੀ ਮਰੀ ਹੋਈ ਬੋਅ ਛੱਡ ਗਏ । ਬਸੀਰ ਚਾਚਾ | ਉਹ ਪੱਗ ਜਿਹੜੀ ਤੂੰ ਆਪਣੇ ਯਾਰ ਨਾਲ ਵਟਾਈ ਸੀ ਹੁਣ ਕਿਸੇ ਦਿਨ ਵੀ ਮੇਰੇ ਸਿਰ ਬੱਝ ਸਕਦੀ ਹੈ ਬਾਪੂ ਦੀ ਹਾਲਤ ਬਹੁਤ ਖਸਤਾ ਹੋ ਗਦੀ ਹੈ ਤੇ ਮੈਂ ਨਹੀਂ ਚਾਹੁੰਦਾ, ਉਹ ਖੂਨ ਦੇ ਦਾਗ ਮੇਰੇ ਸਿਰ ਸਜਣ ਇਸ ਲਈ ਇਸ ਚਿੱਠੀ ਨੂੰ ਚਿੱਠੀ ਨਾ - ਤਾਰ ਸਮਝਣਾ, ਤੇ ਪੜ੍ਹਦੇ ਸਾਰ ਵਾਪਸੀ ਡਾਕੇ ਪਿੰਡ ਪਰਤਣਾ । ਬੱਚਿਆ! ਬਿਰਛ ਨੇ ਟੁੱਟਣਾ ਈ ਏ ਇਕ ਦਿਨ ਆਖਰ ਕਹਿ ਕੇ ਟਾਲਣ ਦੀ ਕੋਸ਼ਿਸ਼ ਨਾ ਕਰੀ-ਚਾਚਾ ! ਤੇਰੇ ਭਰਾ ਦੇ ਬੀਮਾਰ ਬੁੱਲ੍ਹਾਂ ਤੇ, ਇਹ ਸ਼ਿਅਰ ਹਰ ਵੇਲੇ ਤੜਫਦਾ ਰਹਿੰਦਾ ਏ : “ਮਿਟ ਗਯਾ ਜਬ ਲਿਖਨੇ ਵਾਲਾ, ਫਿਰ ਪੈਗਾਮ ਆਇਆ ਤੋਂ ਕਯਾ” ਉਸ ਦੀ ਖੱਬੀ ਜੇਬ 'ਚ ਪਈ ਤੇਰੀ ਘੜੀ ਉਸ ਦੇ ਦਿਲ ਵਾਂਗ ਹੀ ਰੁਕ ਰੁਕ ਜਾਂਦੀ ਏ । ਪਰ ਚਾਚੀ ਦੀ ਅਮਾਨਤ ਸਿਲਾਈ ਦੀ ਮਸ਼ੀਨ ਮਾਂ ਨੇ ਬੜੀ ਸੰਭਾਲ ਕੇ ਰੱਖੀ ਹੋਈ ਏ ਉਸ ਦਾ ਵਿਸ਼ਵਾਸ ਹੈ ਕਿ, ਲੰਗਾਰ ਹਾਲੇ ਵੀ ਸੀਤੇ ਜਾ ਸਕਦੇ ਹਨ ਚਾਚੀ ਦੀ ਸਿਹਤ ਕੈਸੀ ਹੈ ? ਮਾਂ ਕਹਿੰਦੀ ਹੈ ਉਹ ਬੜੀ ਨਿੱਗਰ ਤੀਵੀਂ ਸੀ ਮੈਨੂੰ ਤੇ ਅਰਸ਼ਦ ਨੂੰ - ਇਕੱਠਿਆਂ ਚੁੰਘਾ ਦੇਂਦੀ ਸੀ'' ਅਰਸ਼ਦ ਤਾਂ ਹੁਣ ਬਹੁਤ ਵੱਡਾ ਹੋ ਗਿਆ ਹੋਵੇਗਾ- ਮੇਰੇ ਜਿੱਡਾ। ਅੱਜ ਕੱਲ੍ਹ ਕਿਹੜੀ ਜਮਾਤ 'ਚ ਹੈ ? ਆਰਟਸ ਪੜ੍ਹਦਾ ਹੈ ਕਿ ਸਾਇੰਸ ? ਕਿਤੇ ਫੌਜ 'ਚ ਭਰਤੀ ਤਾਂ ਨਹੀਂ ਹੋ ਗਿਆ ? ਮਾਂ ਕਹਿੰਦੀ ਹੈ : ਉਹ ਬੜਾ ਗੁੱਸੇਖੋਰ ਤੇ ਜਿੱਦਲ ਸੀ ਜੇ ਉਹ ਉਹਨੂੰ ਚੁੱਕਣ 'ਚ ਰਤਾ ਦੇਰ ਕਰ ਦੇਂਦੀ ਤਾਂ ਉਹ ਮੋਢੀਆਂ ਖਿੱਚਣ ਲੱਗ ਪੈਂਦਾ ਸੀ' ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ, ਕੀ ਉਸ ਨੂੰ ਵੀ ਕਦੇ ਮੇਰੀ ਯਾਦ...? ਕੀ ਤੁਸੀਂ ਉਸ ਨੂੰ ਕਦੇ ਮੇਰੇ ਬਾਰੇ - ਕੁਝ ਨਹੀਂ ਦੱਸਿਆ ਇਹ ਵੀ ਨਹੀਂ - ਕਿ ਅਸੀਂ ਦੋਵੇਂ ਇਕੋ ਗੱਡੀ ਨਾਲ ਖੇਡਦੇ ਹੁੰਦੇ ਸਾਂ। ਇਕ ਗੁੱਡੀ ਤੋਂ ਲੜਦੇ ਹੁੰਦੇ ਸਾਂ । ਉਹਨੂੰ ਕਹੀਂ ਅੱਜ ਏਥੇ ਲੜਾਈ ਸ਼ੁਰੂ ਹੈ, ਬਹੁਤ ਲੰਮੀ ਲੜਾਈ ਚਾਚਾ ਤੇਰੀ ਤੇ ਬਾਪੂ ਦੀ ਕੁੱਟ ਤੋਂ ਡਰਦਾ, ਭੂਸਲਾ ਖਰਗੋਸ਼ ਤਾਂ ਭੱਜ ਗਿਆ ਪਰ ਆਪਣੀ ਥਾਵੇਂ ਕੁਰਸੀ 'ਤੇ, ਕਾਲਾ ਨਾਗ ਧਰ ਗਿਆ । ਮਾਂ ਕਹਿੰਦੀ ਹੈ — ਜੇ ਅੱਜ ਅਰਸ਼ਦ ਤੇਰੇ ਨਾਲ ਹੁੰਦਾ ਤਾਂ ਨਾਗ ਦਾ ਸਿਰ ਸਾਡੇ ਪੈਰਾਂ 'ਚ ਹੁੰਦਾ । ਹਾਂ ਸੱਚ ਚਾਚਾ ! ਸੁਣਿਆ ਤੂੰ ਹਾਂਡੀ ਦਾ ਮੀਟ ਬਹੁਤ ਸੁਹਣਾ ਭੁੰਨਿਆ ਕਰਦਾ ਸੀ ਜਦ ਤੁਸੀਂ ਪਿੰਡ ਆਓਗੇ -- ਮੈਂ ਤੁਹਾਨੂੰ ਹਾਂਡੀ ਦੇ ਮੀਟ ਵਰਗੀਆਂ ਆਪਣੀਆਂ ਕਵਿਤਾਵਾਂ ਸੁਣਾਵਾਂਗਾ।' ਤੁਹਾਡੀ ਇੰਤਜਾਰ 'ਚ -- ਅਮਿਤੋਜ ਪੜਨੇ ਸੁਨਣੇ ਵਾਲੇ ਕੇ, ਮਿਸ਼ਰੀ ਮਿੱਠੀ, ਸਲਾਮਾਲੇਕਮ
2. ਪਰਭਾਤ
ਮੇਰੇ ਪਿੰਡ ਪਰਭਾਤ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ । ਤੁਹਾਡੇ ਵਾਂਗ ਨਹੀਂ ਕਿ ਮਿਲਕ ਬੂਥ ਤੋਂ ਤੁਰੇ ਤੇ ਡਾਇਨਿੰਗ ਟੇਬਲ ਤੱਕ ਪਹੁੰਚਦੇ ਪਹੁੰਚਦੇ ਸੜੇ ਹੋਏ ਟੋਸਟਾਂ ਨਾਲ ਨਿਗਲੀ ਜਾਏ ਮੇਰੇ ਪਿੰਡ ਪਰਭਾਤ ਕੁਝ ਹੋਰ ਤਰ੍ਹਾਂ ਹੁੰਦੀ ਹੈ । ਚਾਟੀਆਂ ਵਿਚ ਦਹੀਂ ਦੀ ਫੁੱਟੀ ਹਾਲੇ ਗੋ ਰਹੀ ਹੁੰਦੀ ਹੈ ਨਿਆਈਆਂ 'ਚ ਹੰਡਾਲੀਆਂ ਦੀ ਛਿਛਕ ਹਾਲੇ ਰੋ ਰਹੀ ਹੁੰਦੀ ਹੈ ਅਲਾਣੀਆਂ ਮੰਜੀਆਂ 'ਤੇ ਤੰਦੂਰੀ ਅੱਗ ਹਾਲੇ ਸੌਂ ਰਹੀ ਹੁੰਦੀ ਹੈ ਫਿਰਨੀ ਵਿਚ ਖੁਰੇ ਨੱਪਦੀ ਪੰਚੈਤ ਹਾਲੇ ਭੌਂ ਰਹੀ ਹੁੰਦੀ ਹੈ ਉਸ ਘੜੀ ਮੇਰੇ ਪਿੰਡ ਪਰਭਾਤ ਹੁੰਦੀ ਹੈ । ਚੱਪਾ ਕੁ ਪਹਿਰ ਰਾਤ "ਸਰਵਣ ਦੀ ਵਹਿੰਗੀ" 'ਚ ਹਾਲੇ ਤੁਲ ਰਹੀ ਹੁੰਦੀ ਹੈ ਪਹਿਲੀ ਵਰੇਸ-ਉਮਰਾਂ ਦੀ ਹਨ੍ਹੇਰੀ ਹਾਲੇ ਝੁੱਲ ਰਹੀ ਹੁੰਦੀ ਹੈ ਤਕਾਲਾਂ ਦੀ ਤੋਬਾ ਤੜਕੇ ਦੀ ਤੋਟ ਕਰਕੇ ਭੁੱਲ ਰਹੀ ਹੁੰਦੀ ਹੈ ਢਾਬ ਦੇ ਪਾਣੀਆਂ ਵਿਚ ਸੰਖ ਦੀ ਵਾਜ ਹਾਲੇ ਘੁਲ ਰਹੀ ਹੁੰਦੀ ਹੈ ਅਲਾਣੀਆਂ ਮੰਜੀਆਂ 'ਤੇ ਤੰਦੂਰੀ ਅੱਗ ਹਾਲੇ ਸੌਂ ਰਹੀ ਹੁੰਦੀ ਹੈ ਫਿਰਨੀ ਵਿਚ ਖਰੇ ਨੱਪਦੀ ਪੰਚੈਤ ਹਾਲੇ ਭੌਂ ਰਹੀ ਹੁੰਦੀ ਹੈ ਉਸ ਘੜੀ ਮੇਰੇ ਪਿੰਡ ਪਰਭਾਤ ਹੁੰਦੀ ਹੈ । ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਮਿਲਕ ਬੂਥ ਤੋਂ ਤੁਰੇ ਤੇ ਡਾਇਨਿੰਗ ਟੇਬਲ ਤੱਕ ਪਹੁੰਚਦੇ ਪਹੁੰਚਦੇ ਸੜੇ ਹੋਏ ਟੋਸਟਾਂ ਨਾਲ ਨਿਗਲੀ ਜਾਏ ।
3. ਸੰਧਿਆ
ਮੇਰੇ ਪਿੰਡ ਵਿਚ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ । ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ਤੇ ਡਿੱਗੇ ਤੇ ਇੱਕ ਦਮ, ਦਮ ਤੋੜ ਜਾਏ ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ । ਹਾਲਾਂ ਕਿ ਉਹ ਜਾਣਦਾ ਹੈ ਕਿ ਭਲਕੇ ਉਸ ਫੇਰ ਪਰਤ ਆਉਣਾ ਹੈ ਪਰ ਜਾਣ ਲੱਗਿਆ ਉਹ ਡੈਂਬਰੇ ਹੋਏ ਬਾਲ ਵਾਂਗ ਬੜੀ ਅੜੀ ਕਰਦਾ ਹੈ ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ ਹੈ ਕਦੇ ਉਹ ਸੁਨਹਿਰੀ ਭੂੰਡੀ ਵਾਂਗ ਸਣ ਦੇ ਫੁੱਲਾਂ ਤੇ ਖੇਡਦਾ ਹੈ ਕਦੇ ਉਹ ਜੰਗਲੀ ਬਿੱਲੇ ਵਾਂਗ ਮੋਢੇ ਕਮਾਦ ਵਿਚ ਲੁਕਦਾ ਹੈ ਕਦੇ ਉਹ ਟੁੱਟੀ ਪਤੰਗ ਵਾਂਗ ਕਬਰਾਂ ਦੀਆਂ ਕਿੱਕਰਾਂ ਵਿਚ ਫਸਦਾ ਹੈ ਕਦੇ ਉਹ ਔਂਤਰੀ ਕਰਤਾਰੀ ਦੇ ਦੀਵੇ ਵਾਂਗ ਖ਼ਾਨਗਾਹ ਤੇ ਬਲਦਾ ਹੈ ਦੱਸਿਆ ਨਾ ਜਾਣ ਲੱਗਿਆ ਬੜੀ ਅੜੀ ਕਰਦਾ ਹੈ ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ ਲੋਟਨ ਕਬੂਤਰ ਵਾਂਗ ਇੱਕ ਬਾਜ਼ੀ ਪਾਉਂਦਾ ਹੈ ਫਿਰ ਪਹਿਲਣਾਂ ਲਵੇਰੀਆਂ ਨਾਲ ਢਾਬ ਵਿਚ ਇਕ ਤਾਰੀ ਲਾਉਂਦਾ ਹੈ ਟਿੱਬੇ ਤੇ ਕੌਡੀ ਖੇਡਦੇ ਨਿਆਣਿਆਂ ਨੂੰ ਘਰੋ ਘਰੀ ਪਹੁੰਚਾਉਂਦਾ ਹੈ ਰਹਿਰਾਸ ਸੁਣਦਾ ਤੇ ਡੰਡਾਉਤ ਕਰਦਾ ਹੈ ਪੀਰ-ਫ਼ਕੀਰ ਧਿਆਉਂਦਾ ਹੈ ਦਸਿਆ ਨਾ ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ ਹੈ ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ਤੇ ਡਿੱਗੇ ਤੇ ਇਕ ਦਮ - ਦਮ ਤੋੜ ਜਾਏ ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ ।
4. ਕਦੋਂ ਤਕ ?
(ਵਿਦਿਆਰਥੀਆਂ ਦੇ ਨਾਂ –) ਕਦੋਂ ਤਕ ਸੰਗੀਨਾਂ ਸੰਗ ਜ਼ਖਮ ਸਿਲਣਗੇ ? ਜ਼ਖਮ ਜੋ ਹਰ ਥਾਂ ਰਿਸਦੇ --- ਲੁਧਿਆਣਾ, ਅੰਮ੍ਰਿਤਸਰ, ਬਨਾਰਸ ਵਿਚ; ਸ਼ਿਕਾਗੋ, ਸਾਇਗਾਨ, ਟੋਕੀਓ, ਪੈਰਿਸ ਵਿਚ ! ਪੁਲੀਸ- ਇਕ ਕਠਪੁਤਲੀ - ਜੋ ਨੰਗਾ ਨਾਚ ਨੱਚਦੀ ਹੈ ਲਿੰਕਨ ਦੇ ਪੈਰਾਂ ਵਿਚ, ਫਲਾਬੇਅਰ ਦੀਆਂ ਅੱਖਾਂ ਸਾਹਵੇਂ ਟੈਗੋਰ ਦੇ ਵਤਨ ਦੀਆਂ ਗਲੀਆਂ ਵਿਚ ! ਜਿਥੇ ਹਰ ਇਕ ਜਿਸਮ ਸੰਗ ਕਈ ਪਰਛਾਵੇਂ ਨਾਲ ਚਲਦੇ ਨੇ - ਹਥਕੜੀਆਂ, ਸੰਗੀਨਾਂ, ਲਾਠੀਆਂ ਅਤੇ ਮੌਤ ਦੇ ਪਰਛਾਵੇਂ ! ਕਦੋਂ ਤਕ ਗੋਲਿਆਂ ਦੀ ਗੈਸ ’ਚ ਕਰਦੇ ਰਹੋਗੇ ਉਲਟੀਆਂ ? ਕਦੋਂ ਤਕ ਨਾਪਾਕ ਗੋਰੇਸ਼ਾਹੀ ਬੂਟ ਲਿਤਾੜਦੇ ਰਹਿਣਗੇ ਤੁਹਾਡੀਆਂ ਪੁਸਤਕਾਂ ? ਉੱਠੋ ਤੇ ਉੱਠ ਕੇ ਵਫ਼ਾਦਾਰ ਲਾਠੀਆਂ ਨੂੰ ਦੱਸ ਦਿਓ : "ਵਫ਼ਾ - ਕਾਰ ਵਿਚ ਸੁੱਤੇ ਜੱਤਲ ਕੁੱਤੇ ਦੀ ਬੋ ਹੁੰਦੀ ਹੈ, ਜਦੋਂ ਤਕ ਲਹੂ ਦੇ ਹਰਫ਼ ਸੱਚੇ ਹਨ ਹੱਕ ਦੀ ਸਿਆਹੀ ਸੁੱਚੀ ਹੈ ਓਦੋਂ ਤਕ ਕਲਮ ਤੇ ਬੈਨਿਟ 'ਚ ਅੰਤਰ ਕੁਝ ਨਹੀਂ ਤੇ ਫ਼ਾਂਸੀ ਕਦੇ ਵਿਧਵਾ ਨਹੀਂ ਹੁੰਦੀ !'' ਨਵੰਬਰ 15, 1968 ਅਮਰਜੀਤ ਚੰਦਨ - ਅਮਿਤੋਜ
5. ਕੱਚ ਦੇ ਗਿਲਾਸ
ਅਸੀਂ ਕੋਈ ਕੱਚ ਦੇ ਗਿਲਾਸ ਤਾਂ ਨਹੀਂ ਕਿ ਹੱਥੋਂ ਡਿੱਗੀਏ, ਤੇ ਕੜੱਚ ਦੇਣੀ ਟੁੱਟ ਜਾਈਏ । ਆਖਰ ਅਸੀਂ ਦੋਸਤ ਹਾਂ --- ਮੇਰੇ ਯਾਰ | ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ 'ਚੋਂ ਗਿਰਾਂਗੇ ਤੇ ਫੇਰ --- ਹੌਲੀ ਹੌਲੀ ਟੁੱਟ ਜਾਵਾਂਗੇ । ਮੈਨੂੰ ਪਤੈ - ਇਸ ਤਰ੍ਹਾਂ ਟੁੱਟਣ ਨਾਲ ਤਕਲੀਫ਼ ਤਾਂ ਹੋਊ ਪਰ ਅਸੀਂ ਕੱਚ ਦੇ ਗਿਲਾਸ ਤਾਂ ਨਹੀਂ ਨਾ ਕਿ ਹੱਥੋਂ ਡਿੱਗੀਏ ਤੇ ਕੜੱਚ ਦੇਣੀ ਟੁੱਟ ਜਾਈਏ । ਤੂੰ ਵੀ ਜਾਣਦੈਂ ਤੇ, ਮੈਂ ਵੀ ਕਿ- ਕਿੰਨਾ ਮੁਸ਼ਕਿਲ ਹੁੰਦਾ ਹੈ ਬੰਦ ਦਰਵਾਜ਼ੇ ਵੱਲ ਘੜੀ ਮੁੜੀ ਪਰਤਣਾ । ਆਉਂਦੇ ਜਾਂਦੇ ਸਾਹਾਂ ਦੇ ਰਾਹ ਵਿੱਚ ਦੀਵਾਰ ਖੜ੍ਹੀ ਕਰਨੀ । ਤੇ ਚੌਂਕ 'ਤੇ ਖੜ੍ਹੇ ਰਹਿਣਾ, ਕਿਸੇ ਇੱਕ ਦੀ ਇੰਤਜ਼ਾਰ ਵਿੱਚ । ਅਸੀਂ ਏਦਾਂ ਨਹੀਂ ਕਰਾਂਗੇ । ਅਸੀਂ ਏਦਾਂ ਕਰਾਂਗੇ, ਤੂੰ ਕਿਤੇ ਹੋਰ ਚਲਾ ਜਾਏਂਗਾ ਤੇ ਮੈਂ ਕਿਤੇ ਹੋਰ –ਕਦੇ ਕਦਾਈਂ ਮੈਂ ਤੈਨੂੰ ਇੱਕ ਖ਼ਤ ਲਿਖਾਂਗਾ "ਇੱਥੇ ਸਭ ਸੁੱਖ ਸਾਂਦ ਹੈ ਅਤੇ ਆਪ ਜੀ ਦੀ ਰਾਸ਼ੀ ਖੁਸ਼ੀ ਪਰਮਾਤਮਾ ਪਾਸੋਂ ਨੇਕ ਮੰਗਦਾ ਹਾਂ ।" ਪੱਤਰ ਦੇ ਉੱਤਰ 'ਚ ਮਾਮੂਲੀ ਦੇਰੀ ਲਈ ਤੂੰ ਮੁਆਫੀ ਮੰਗੇਗਾ ...ਮੈਂ ਤੈਨੂੰ ਸ਼ਾਦੀ ਦੀ ਸਾਲ ਗਿਰਾਹ 'ਤੇ ਛੋਟਾ ਮੋਟਾ ਗਿਫਟ ਭੇਜਾਂਗਾ ਤੇ ਤੂੰ ਪਿਤਾ ਜੀ ਦੇ ਅਚਾਨਕ ਗੁਜ਼ਰ ਜਾਣ 'ਤੇ ਮੇਰੇ ਨਾਲ ਹਮਦਰਦੀ ਜਤਾਏਂਗਾ --ਮੈਂ ਤੈਨੂੰ 'ਈਦ ਮੁਬਾਰਕ' ਕਹਾਂਗਾ ਤੂੰ ਮੈਨੂੰ 'ਦੀਵਾਲੀ ਦੀਆਂ ਸ਼ੁਭ ਕਾਮਨਾਵਾਂ' ਭੇਜੇਂਗਾ -- ਇੰਝ ਹੌਲੀ ਹੌਲੀ ਇਕੱਤੀ ਦਿਸੰਬਰ ਉਹ ਠੰਢੀ ਸ਼ਾਮ ਆਏਗੀ ਜਦੋਂ ਸਾਡੇ 'ਗ੍ਰੀਟਿੰਗ ਕਾਰਡ' ਕਿਸੇ ਡਾਕਖਾਨੇ ਵਿੱਚ ਟਕਰਾ ਜਾਣਗੇ ਤੇ ਟੁੱਟ ਜਾਣਗੇ; ਮੈਂ ਜਾਣਦਾ ਹਾਂ ਤੇ ਤੂੰ ਵੀ - ਇੰਝ ਟੁੱਟਣ ਨਾਲ ਥੋੜ੍ਹੀ ਤਕਲੀਫ਼ ਤਾਂ ਹੋਊ ਪਰ ਅਸੀਂ ਕੋਈ ਕੱਚ ਦੇ ਗਿਲਾਸ ਤਾਂ ਨਹੀਂ ਕਿ ਹੱਥੋਂ ਕਿਰੀਏ ਤੇ ਕੜੱਚ ਦੇਣੀ ਟੁੱਟ ਜਾਈਏ ਆਖਰ ਅਸੀਂ ਦੋਸਤ ਹਾਂ -- ਮੇਰੇ ਯਾਰ ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ 'ਚੋਂ ਗਿਰਾਂਗੇ ਤੇ ਫਿਰ ਹੌਲੀ ਹੌਲੀ ਟੁੱਟ ਜਾਵਾਂਗੇ । 'ਖਾਲੀ ਤਰਕਸ਼' ਵਿੱਚੋਂ
6. ਮੇਰੇ ਅੰਗ ਸੰਗ ਰਹੋ
ਅੱਜ ਕੱਲ੍ਹ ਮੇਰੇ ਅੰਗ ਸੰਗ ਰਹੋ ਅੱਜ ਕੱਲ੍ਹ ਮੈਂ ਬਹੁਤ ਖ਼ਤਰਨਾਕ ਪਲਾਂ 'ਚੋਂ ਗੁਜ਼ਰ ਰਿਹਾ ਹਾਂ - ਅਜਿਹੇ ਪਲਾਂ 'ਚੋਂ ਜਿਨ੍ਹਾਂ ਵਿਚ ਆਦਮੀ ਕਦੇ ਵੀ ਆਪਣਾ ਆਪ ਨੂੰ ਛਾਂਗ ਸਕਦਾ ਹੈ। ਜਿਨ੍ਹਾਂ ਵਿਚ ਆਦਮੀ ਕਦੇ ਵੀ ਆਪਣੇ ਆਪ 'ਤੇ ਹੱਸ ਸਕਦਾ ਹੈ। ਅੱਜ ਕੱਲ ਮੈਂ ਮੇਮਨੇ ਦੀ ਅੱਖ 'ਚ ਝਾਕਦਾ ਹਾਂ ਤਾਂ ਉਹ ਬਾਜ਼ ਬਣ ਮੇਰੀਆਂ ਅੱਖਾਂ ਨੂੰ ਝਪਟਦਾ ਹੈ। ਮੈਂ ਮਮਤਾਵਾਨ ਹੁੰਦਾ ਹਾਂ ਤਾਂ ਮੇਰਾ ਗੱਚ ਭਰਿਆ ਜਾਂਦਾ ਹੈ। ਸੌਣ ਲਗਦਾ ਹਾਂ ਤਾਂ ਸੁਪਨੇ 'ਚ - ਮੇਰੀ ਬੱਚੀ ਮਿਲਦੀ ਹੈ, ਚਿੱਟੀ ਫ਼ਰਾਕ ਪਾ ਕੇ ਉਂਗਲ ਫੜ ਕਹਿੰਦੀ ਹੈ : ''ਪਾਪਾ ! ਉੱਠ ਚੱਲ।'' ਉੱਠਦਾ ਹਾਂ ਤਾਂ ਸਰ੍ਹਾਣੇ ਮਾਂ ਖੜ੍ਹੀ ਹੁੰਦੀ ਹੈ - ਕਾਲਾ ਸ਼ਾਲ ਲੈ ਕੇ, ਕਹਿੰਦੀ ਹੈ : ''ਤੂੰ ਹਰ ਵਾਰ ਹੀ ਕੁਝ ਨਾ ਕੁਝ ਕਿਉਂ ਗੁਆ ਆਉਂਦਾ ਏਂ ਪਿਛਲੀ ਵੇਰ ਗਿਆ ਸੀ - ਤਾਂ ਆਪਣਾ ਹੱਥ ਵਢਾ ਆਇਆ ਐਤਕੀਂ ਨਜ਼ਰ ਗੁਆ ਆਇਆ। ਤੇ ਯਾਦ ਰੱਖ - ਜੇ ਤੂੰ ਹੁਣ ਕਿਸੇ ਸਫ਼ਰ 'ਤੇ ਗਿਆ ਤਾਂ ਤੇਰੇ ਪੈਰ ਵੀ ਸਲਾਮਤ ਨਹੀਂ ਰਹਿਣੇ।'' ਮੈਂ ਆਪਣੀ ਸਲਾਮਤੀ ਦੇ ਪਲਾਂ ਨੂੰ ਫੜਨਾ ਚਾਹੁੰਦਾ ਹਾਂ ਪਰ ਵੇਖਦਾ ਹਾਂ ਮੇਰੀ ਮਾਂ ਮੇਰੇ ਮੋਢਿਆਂ 'ਤੇ ਸਵਾਰ ਪਰਲੋਕ ਜਾ ਰਹੀ ਹੈ। ਤੇ ਮੇਰੀ ਬੱਚੀ ਮੇਰੀ ਉਂਗਲ ਛੱਡ ਪਰਦੇਸ। ਮੈਂ ਉਸ ਬਾਜ਼ ਦੀਆਂ ਅੱਖਾਂ 'ਤੇ ਝਪਟਣਾ ਚਾਹੁੰਦਾ ਹਾਂ ਤਾਂ ਉਹ ਮੇਮਨਾ ਬਣ ਮੇਰੀਆਂ ਅੱਖਾਂ 'ਚ ਝਾਕਦਾ ਹੈ। ਮੈਂ ਕਹਿਰਵਾਨ ਹੁੰਦਾ ਹਾਂ ਤਾਂ ਵੀ ਮੇਰਾ ਗੱਚ ਭਰਿਆ ਜਾਂਦਾ ਹੈ। ਏਸੇ ਲਈ ਕਹਿੰਦਾ ਹਾਂ - ਕਿ ਅੱਜ ਕੱਲ੍ਹ ਮੇਰੇ ਅੰਗ ਸੰਗ ਰਹੋ ਅੱਜ ਕੱਲ੍ਹ ਮੈਂ ਬਹੁਤ ਖ਼ਤਰਨਾਕ ਪਲਾਂ 'ਚੋਂ ਗੁਜ਼ਰ ਰਿਹਾ ਹਾਂ। ਅਜਿਹੇ ਪਲਾਂ 'ਚੋਂ, ਜਿਨ੍ਹਾਂ ਵਿਚ ਆਦਮੀ... (ਨਾਗਮਣੀ, ਫਰਵਰੀ 1976, ਅੰਕ - 118)
7. ਲਾਲਟੈਨਾਂ ਦੀ ਕਤਾਰ
ਜਸ਼ਨ ਕੋਈ ਵੀ ਹੋਵੇ, ਜਸ਼ਨ ਲਹੂ ਨਾਲ ਲਿਖੇ ਲਤੀਫ਼ੇ ਤੋਂ ਵੱਧ ਕੁਝ ਵੀ ਨਹੀਂ ਹੁੰਦਾ. (ਜਿਸ ਤੇ ਰੋਇਆ ਵੀ ਜਾ ਸਕਦਾ ਹੈ ਤੇ ਹੱਸਾ ਵੀ) ਇਕ ਬੁਰਜ ਟੁੱਟਦਾ ਹੈ - ਕਾਅੜ ਕਰਕੇ ਇਕ ਤੋਤਲੀ ਆਵਾਜ਼ ਮਿਣਦੀ ਹੈ- ਕਾਗਜ਼ ਦੀਆਂ ਝੰਡੀਆਂ ਨਾਲ ਆਜ਼ਾਦੀ ਦੀ ਲੰਬਾਈ। ਇਕ ਬੁੱਢਾ ਫੌਜੀ ਆਪਣੇ ਜ਼ਖ਼ਮਾਂ ’ਤੇ ਲਾਉਂਦਾ ਹੈ- ਪਦਮ ਸ਼ਿਰੀ ਮਾਰਕਾ ਮੱਲ੍ਹਮ। ਤੇ ਇਕ ਮਜ਼ਾਰ ਬਣਦਾ ਹੈ ‘ਜਸ਼ਨ’ ਲਈ ਸਟੇਜ। ਹੋਰ ਕੁਝ ਨਹੀਂ ਬਦਲਦਾ, ਲਤੀਫ਼ੇ ਤੋਂ ਉੱਠੇ ਦਰਦ ਵਾਂਗ ਜ਼ਖਮ ਖ਼ੈਰ ਕੋਈ ਵੀ ਹੋਵੇ। ਉਹ ਲੋਕ ਜੋ ਆਦਮੀ ਅਤੇ ਕੁੱਤੇ ਦੇ ਅਰਥ ਵਿਚਲੇ- ਪਾੜੇ ਨੂੰ ਨਹੀਂ ਜਾਣਦੇ, ਨਵੇਂ ਬਸਤਰਾਂ ਹੇਠ ਕੱਜ ਆਉਂਦੇ ਹਨ ਪੁਰਾਣਾ ਦੰਭ। ਤੇ ਸੰਵਿਧਾਨ ਦੀ ਵਹੀ ਵਿਚ ਹੋਰ ਗੂੜ੍ਹੇ ਹੋ ਜਾਂਦੇ ਹਨ ਕੁਝ ਸੁਰੱਖਿਅਤ ਖਾਤੇ। ਚੌਂਕ ਤੇ ਖੜ੍ਹਾ ਇਤਿਹਾਸ ਦਾ ਦੈਂਤ ਜਦ ਨਿਗਲ ਜਾਂਦਾ ਹੈ, ਹਰ ਕੋਰੀ ਸੜਕ, ਤਾਂ ਸ਼ਹਿਰਾਂ ਤੋਂ ਬਹੁਤ ਦੂਰ, ਪਿੰਡਾਂ ਦੇ ਉਸ ਪਾਰ, ਜੰਗਲਾਂ ’ਚ ਤੁਰਨ ਲਗਦੀ ਹੈ- ਲਾਲਟੈਨਾਂ ਦੀ ਕਤਾਰ।
8. ਬਿਰਖ
ਉਮੀਦ ਨਹੀਂ, ਸਾਰੀ ਜ਼ਿੰਦਗੀ, ਮੈਨੂੰ ਪ੍ਰਾਸਚਿਤ ਕਰਨ ਲਈ- ਇਕ ਪਲ ਵੀ ਨਸੀਬ ਹੋਵੇ। ਮੈਂ ਅਜੇ ਤਕ ਉਸ ਅਪਰਾਧ ਦੀ ਸਜ਼ਾ ਭੁਗਤ ਰਿਹਾ ਹਾਂ ਜਿਹੜਾ ਮੈਂ ਕਿਤੇ ਕਰਨਾ ਹੈ। ਮੇਰੇ ਹੱਥ ਉਨ੍ਹਾਂ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਮਿਲਿਆ। ਮੇਰੀਆਂ ਜੜ੍ਹਾਂ ਤੇ ਡਰ ਦੀ ਖਾਕੀ ਲੂੰਈਂ ਉੱਗ ਆਈ ਹੈ। ਤੇ ਟਾਹਣੀਆਂ ਤੇ ਲਟਕਦੀਆਂ ਸੂਈਆਂ, ਲਗਾਤਾਰ ਵਕਤ ਨੂੰ ਦੋਫਾੜ ਕਰੀ ਜਾ ਰਹੀਆਂ ਹਨ। ਮੇਰੇ ਪੱਤਿਆਂ ਤੇ ਨਿਕਲ ਆਈਆਂ ਹਨ ਉੱਲੂ ਦੀਆਂ ਅੱਖਾਂ, ਜਿਹੜੀਆਂ ਜਦ ਜਾਗਦੀਆਂ ਹਨ ਚੌਂਹੀਂ ਕੂਟੀਂ ਹਨ੍ਹੇਰਾ ਫੈਲ ਜਾਂਦਾ ਹੈ ਲੋਕ ਮਿਲਦੇ ਹਨ ਬਗੈਰ ਰਿਸ਼ਤੇ ਦਾ ਨਾਂ ਰੱਖਿਆਂ ਬਰਛੇ ਵਾਂਗ ਆਰ ਪਾਰ ਲੰਘ ਜਾਂਦੇ ਹਨ। ਕੋਲ ਕੁਝ ਨਹੀਂ ਠਹਿਰਦਾ- ਨਾ ਸੂਰਜ ਨਾ ਪਾਣੀ ਨਾ ਹਵਾ ਬਸ ਇਕ ਲੰਮਾ ਸਫ਼ਰ ਮੇਰੇ ਪੈਰਾਂ ਦੁਆਲੇ ਵਲਿਆ ਰਹਿੰਦਾ ਹੈ - ਕੈਦ ਵਾਂਗ।
9. ਡਿਕੱਲੀ ਗਰਾਮਾ
ਜੇ ਤੈਨੂੰ ਬਹੁਤ ਹੀ ਬੁਰਾ ਲਗਦਾ ਏ ਨਾ ਤਾਂ ਤੂੰ ਬਈ ਜਾ । ਮੈਨੂੰ ਤਾਂ ਚੰਗਾ ਲਗਦਾ ਏ ਪਵਿੱਤਰ ਲੋਕਾਂ ਨੂੰ ਹੁੱਜਤਾਂ ਕਰਨੀਆਂ ਤੇ ਉਹਨਾਂ ਦੀਆਂ ਬੋਦੀਆਂ ਦੇ ਪਰਛਾਵਿਆਂ ' ਚੋਂ ਟੈਮ ਲੱਭਣੇ ਜੇ ਤੂੰ ਪੰਚਮ ਤੋਂ ਪਟਾਕ ਦੇਣੀ ਭੁੰਜੇ ਨਹੀਂ ਕਿਰ ਸਕਦੀ ਤਾਂ ਤੂੰ ਬਈ ਜਾ । ਮੈਨੂੰ ਤਾਂ ਚੰਗਾ ਲਗਦਾ ਏ ਚੀਜ਼ਾਂ ਦੇ ਹੋਰ ਹੋਰ ਨਾ ਰੱਖਣੇ ਤੇ ਫਿਰ ਨਾਵਾਂ ਦੇ ਕੁਨਾਂ ਪਾਉਣੇ ਜੇ ਤੂੰ ਗੁਲਦਸਤੇ ਨੂੰ ਗੁਲਦਸਤਾ ਈ ਕਹਿਣਾ ਏ ਤਾਂ ਤੂੰ ਬਈ ਜਾ । ਮੈਨੂੰ ਤਾਂ ਚੰਗਾ ਲਗਦਾ ਏ ਦੋਸਤਾਂ ਦੀਆਂ ਜੇਬਾਂ ' ਚੋਂ ਵਿਜ਼ਿਟਿੰਗ ਕਾਰਡ ਚੁਰਾਉਣੇ ਤੇ ਉਹਨਾਂ ਦੇ ਪਿਛਾੜੀ ਲਿਖਣਾ - ਮੈਂ ਘਰ ਨਹੀਂ ਹਾਂ । ਜੇ ਤੂੰ ਦਹਿਲੀਜ਼ ਤੇ ਦੀਵਾ ਬਣੀ ਬੈਠੀ ਰਹਿਣਾ ਤਾਂ ਤੂੰ ਬਈ ਜਾ । ਜੇ ਤੈਨੂੰ ਬਹੁਤ ਹੀ ਬੁਰਾ ਲਗਦਾ ਏ ਨਾ ਤਾਂ ਤੂੰ ਬਈ ਜਾ ।
10. ਲੋਕ ਮਰ ਵੀ ਤਾਂ ਜਾਂਦੇ ਨੇ
ਇੰਜ ਕਿੰਨੀ ਦੇਰ ਪੁਕਾਰਦਾ ਰਹੇਂਗਾ ਜਾ ਪਰਤ ਜਾ- ਆਪਣੇ ਆਪ ਕੋਲ । ਝੱਲਿਆ ! ਹਿਰਖ ਕਾਹਦਾ ? ਲੋਕ ਮਰ ਵੀ ਤਾਂ ਜਾਂਦੇ ਨੇ ... ਰੂਹਾਂ ਨੂੰ ਪਰਤਿਆਉਣਾ ਕੋਈ ਚੰਗੀ ਗੱਲ ਨਹੀਂ ਨਾ ਸੁਪਨੇ ਦੀ ਉਂਗਲੀ ਫੜ ਕੇ ਸੜਕ ਪਾਰ ਕਰਨੀ ਜੇ ਆਪਣੇ ਆਪ ਨੂੰ ਕਿਸੇ ਫੈਸਲੇ ਦੀ ਵਾੜ ਵਿਚ ਡੱਕ ਹੀ ਬੈਠਾਂ ਤਾਂ ਕਿਸੇ ਨੂੰ ਮਦਦ ਲਈ ਨਾ ਪੁਕਾਰ ਭੋਲਿਆ ! ਤਰਲਾ ਕਾਹਦਾ ? ਲੋਕ ਮਰ ਵੀ ਤਾਂ ਜਾਂਦੇ ਨੇ । ਦਰਅਸਲ ਤੂੰ ਖੁਦ ਮੌਤ ਤੋਂ ਡਰ ਰਿਹਾ ਏਂ ਸਾਇਦ ਏਸੇ ਲਈ ਹੌਲੀ ਹੌਲੀ ਖੁਦਕੁਸ਼ੀ ਕਰ ਰਿਹਾ ਏਂ ਤੇ ਚਾਹੁੰਦਾ ਏਂ ਤੈਨੂੰ ਸ਼ਹਾਦਤ ਦਾ ਦਰਜਾ ਦਿੱਤਾ ਜਾਵੇ ਮੌਤ ਨੂੰ ਮੌਤ ਸਮਝ ਕੇ ਮਿਲ । ਬੰਦਿਆ ! ਮੌਤ ਤੋਂ ਕੀ ਡਰਨਾ, ਲੋਕ ਮਰ ਵੀ ਤਾਂ ਜਾਂਦੇ ਨੇ ।
11. ਜਦੋਂ ਵੀ ਹੜ੍ਹ ਆਉਂਦਾ ਹੈ
ਜਦੋਂ ਵੀ ਹੜ੍ਹ ਆਉਂਦਾ ਹੈ ਤਾਂ ਪਲਕਾਂ ਦੇ ਬੰਨ੍ਹ ਬਹੁਤ ਦੇਰ ਰੋਕ ਨਹੀਂ ਸਕਦੇ ਉੱਛਲੀ ਹੋਈ ਲਹਿਰ ਨੂੰ ਤੇ ਢਹਿ ਜਾਂਦੇ ਹਨ - ਰੇਤੇ ਦੀ ਚਿਣਾਈ ਵਾਂਗ। ਜਦੋਂ ਵੀ ਹੜ੍ਹ ਆਉਂਦਾ ਹੈ ਤਾਂ ਬਹੁਤ ਕੁਝ ਹੜ੍ਹ ਜਾਂਦਾ ਹੈ ਤਿੜਕ ਜਾਂਦੀਆਂ ਹਨ - ਸੜਕਾਂ 'ਤੇ ਖਿਲਰੀਆਂ ਪੈੜਾਂ ਪਥਰਾ ਜਾਂਦੇ ਹਨ - ਪੁਲਾਂ 'ਤੇ ਹਿੱਲਦੇ ਹੱਥ ਤੇ ਰੁੜ੍ਹਨ ਲਗਦੀਆਂ ਹਨ - ਰਿਸ਼ਤਿਆਂ ਦੀਆਂ ਲਾਸਾਂ। ਜਦੋਂ ਵੀ ਹੜ੍ਹ ਆਉਂਦਾ ਹੈ ਤਾਂ ਆਦਮੀ ਦੀ ਛਾਤੀ 'ਚ ਤੈਰਨ ਲਗਦੀਆਂ ਹਨ - ਸੋਚ ਦੀਆਂ ਕਿਸ਼ਤੀਆਂ ਤੇ ਉਮੀਦ - ਖ਼ੈਰਾਇਤੀ ਰਾਸ਼ਨ ਦੇ ਪੈਕਟ ਵਾਂਗ ਕਦੇ ਹਥੇਲੀਆਂ 'ਤੇ ਵਿਲਕਦੀ ਹੈ ਤੇ ਕਦੇ ਦਿਸਹੱਦੇ ਤੋਂ ਪਾਰ। ਹੜ੍ਹ ਵਿਚ ਘਿਰਿਆ ਆਦਮੀ - ਕਦੇ ਮਮਤਾ ਦੇ ਮਹੱਲਾਂ ਵੱਲ ਝਾਕਦਾ ਹੈ ਕਦੇ ਦੋਸਤੀ ਦੀਆਂ ਹਵੇਲੀਆਂ ਵੱਲ ਪਰ ਉਸਦੇ ਨਸੀਬ 'ਚ ਲਿਖਿਆ ਹੁੰਦਾ ਹੈ ਉਸ ਦੀ ਆਪਣੀ ਇਕੱਲਤਾ ਦਾ ਤੰਬੂ ਜਿਸ ਵਿਚ ਇਕ ਮਾਤਮੀ ਚੁੱਪ ਰਹਿੰਦੀ ਹੈ ਫ਼ੌਜੀ ਸਹਾਇਤਾ ਵਾਂਗ... ਜਦੋਂ ਵੀ ਹੜ੍ਹ ਆਉਂਦਾ ਹੈ !! (ਨਾਗਮਣੀ, ਅਕਤੂਬਰ 1978, ਅੰਕ - 150)
12. ਬਨਵਾਸ ਵਾਪਸੀ 'ਤੇ
ਚੌਦਾਂ ਸਾਲ ਦੇ ਬਨਵਾਸ ਮਗਰੋਂ ਕੱਲ੍ਹ ਮੈਂ ਵਾਪਸ ਪਰਤ ਆਇਆ ਹਾਂ ਆਪਣੇ ਆਪ ਪਾਸ ਬਨਵਾਸ ਤੇ ਤੁਰਨ ਵੇਲੇ ਸੀਤਾ ਮੇਰੀ ਖੱਬੀ ਵੱਖੀ ਵਿਚ ਕਮਾਣ ਵਾਂਗ ਝੁਕੀ ਹੋਈ ਸੀ ਤੇ ਲਛਮਣ ਸੱਜੇ ਹੱਥ ਖ਼ਲਾਅ ਵਿਚ ਤੀਰ ਵਾਂਗ ਲਹਿਰਾ ਰਿਹਾ ਸੀ ਜੰਗਲ ਵਿਚ ਨਾ ਕੋਈ ਰਿਸ਼ੀ ਸੀ ਨਾ ਰਾਕਸ਼ ਨਾ ਮਿਰਗ ਪਵਿੱਤਰ ਵੇਦੀ ਦੇ ਗਰਭ ਵਿਚੋਂ ਲਿਸ਼ਕ ਰਹੀਆਂ ਸਨ ਅਗਨ ਲਪਟਾਂ ਲਪਟਾਂ 'ਚੋਂ ਝਾਕਦਾ ਸੀ - ਘੜੀ ਮੁੜੀ ਸਰੂਪ ਨਖਾ ਦਾ ਖੂਬਸੂਰਤ ਚਿਹਰਾ ਜਿਸ ਦੇ ਬੁੱਲਾਂ ਤੇ ਲਹੂ ਰੰਗ ਦੰਦਾਸਾ ਸੀ ਤੇ ਛਾਤੀ ਤੇ ਝੂਲਦੀਆਂ ਸਨ ਦੁੱਧ ਦੀਆਂ ਪਹਾੜੀਆਂ ਮੰਤਰਾਂ ਵੱਲੋਂ ਘੜੀ ਮੁੜੀ ਧਿਆਨ ਉਖੜ ਉਖੜ ਜਾਂਦਾ ਸੀ ।
13. ਬੁੱਢਾ ਬੌਲਦ
ਤੈਨੂੰ ਤਾਂ ਸ਼ਾਇਦ ਹੁਣ ਉੱਕਾ ਹੀ ਯਾਦ ਨਾ ਹੋਵੇ ਪਰ ਮੈਨੂੰ ਤਾਂ ਹੁਣ ਵੀ ਯਾਦ ਹੈ ਜਦੋਂ ਪਹਿਲਾਂ ਪਹਿਲਾਂ ਤੇਰੀ ਲੂੰਈਂ ਫੁੱਟੀ ਸੀ ਤੇ ਤੂੰ ਮੂੰਹੋਂ ਪੈਰੋਂ ਖੜ੍ਹ ਗਿਆ ਸੀ ਓਦਣ ਨੌਂ ਸਾਉਣ ਸੀ ਖ਼ਾਨਗਾਹ ਤੇ ਚਿਰਾਗ਼ਾਂ ਦਾ ਮੇਲਾ ਲਗਿਆ ਸੀ- ਤੇ ਰਾਤ ਨਕਲਾਂ 'ਚ ਮੈਂ, ਤੇਰੇ ਨਾਂ ਦੀ ਵੇਲ ਕਰਾਈ ਸੀ ਕੋਲ ਖੜ੍ਹੀ ਮਾਂ ਨੇ ਤਾੜ ਲਿਆ ਸੀ- ਕਹਿਣ ਲੱਗੀ, 'ਘਾਬਰ ਨਾਂ !' ਅਜੇ ਤੇਰੇ 'ਬੁੱਧੂ' ਨੇ ਬੌਲਦ ਬਣਨੈ" । ਉਹਨੇ ਪੀਰਾਂ ਲਈ ਕੱਚੇ ਮਿੱਠੇ ਦੀ ਦੇਗ ਕੀਤੀ, ਤੇ ਤੇਰੇ ਲਈ ਕਾਠੇ ਮਸਰਾਂ ਦਾ ਕਾੜ੍ਹਾ । ਤੈਨੂੰ ਤਾਂ ਸ਼ਾਇਦ ਹੁਣ ਉੱਕਾ ਹੀ ਯਾਦ ਨਾ ਹੋਵੇ ਪਰ ਮੈਨੂੰ ਤਾਂ ਅਜੇ ਵੀ ਐਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਪਹਿਲਾਂ ਪਹਿਲ ਤੈਨੂੰ ਨਿੰਬੂ ਵਾਲੇ ਖੂਹ ਤੇ ਖੋਪੇ ਦਿੱਤੇ ਤੇ ਤੂੰ ਨਵੀਂ ਅਾਈ ਵਹੁਟੀ ਵਾਂਗ ਸੰਗ ਸੰਗ ਕੇ ਤੁਰਿਆ । ਮੈਂ ਗਾੜ੍ਹੀ ਤੇ ਬੈਠੇ ਨੇ ਲਲਕਾਰਾ ਮਾਰਿਆ ਸੀ "ਮਰ ਜੇਂ ਅੰਨਿਆ ਦ੍ਹੀਦਾ ਨਹੀਂ ਤੈਨੂੰ" ਕੋਲ ਖੜੀ ਮਾਂ ਹੱਸ ਪਈ ਸੀ - ਕਹਿਣ ਲੱਗੀ: "ਤੁਸੀਂ ਦੋਵੇਂ ਇਕੋ ਜੇਹੇ ਹੋ - ਕਾਲੇ ਗਭਰੋਟੀਏ ਤੇ ਸ਼ੈਤਾਨ ਦੀ ਟੂਟੀ" ਉਹ ਕਦੇ ਕਦੇ ਮੇਰੀ ਸੌਂਹ ਤਾਂ ਚੁੱਕ ਲੈਂਦੀ ਪਰ ਤੇਰੀ ਕਦੇ ਨਾ ਕਹਿੰਦੀ ਇਹ ਤਾਂ ਮੇਰਾ ਕਮਾਊ ਪੁੱਤ ਹੈ । ਤੇ ਫੇਰ ਤੂੰ ਕਮਾਊ ਪੁੱਤ ਬਣਿਆ ਖੇਤਾਂ ਤੇ ਸਿਆੜਾਂ ਵਿਚ ਕੈਦ ਹੋ ਗਿਆ ਮੈਂ ਜਾ ਚੜ੍ਹਿਆ ਹਿਰਨਾਂ ਦੇ ਸਿੰਙੀਂ ਤੇ ਰਫ਼ਤਾ ਰਫ਼ਤਾ ਜਾ ਪਹੁੰਚਿਆ ਵਿਸ਼ਵ ਵਿਦਿਆਲੇ 'ਚ ਯੂਨੀਵਰਸਿਟੀ ਵਿਚ ਵੀ ਕਿੰਨੀ ਰੌਣਕ ਸੀ- ਪੰਜ ਕਲਿਆਣੀਆਂ ਕੱਟੀਆਂ ਦੀ - ਬਗਲੋਲ ਢੱਗਿਆਂ ਦੀ ਲੰਡੇ ਕੱਟਿਆਂ ਦੀ ਤੇ ਵਲੈਤਣ ਵੱਛੀਆਂ ਦੀ ਪਰ ਉਸ ਸਾਰੀ ਭੀੜ 'ਚੋਂ ਮੈਨੂੰ ਜਦ ਵੀ ਤੇਰੀਆਂ ਨੀਲੀਆਂ ਬਲੋਰਾਂ ਵਰਗੀਆਂ- ਅੱਖਾਂ ਚੇਤੇ ਆਉਂਦੀਆਂ ਤਾਂ ਲਾਇਬ੍ਰੇਰੀ ਦੇ ਸੈਲਫ਼ ਮੈਨੂੰ ਖੁਰਲੀਆਂ ਵਰਗੇ ਲਗਦੇ ਕਲਾਸ ਰੂਮ 'ਚ ਮੈਨੂੰ ਮੱਖ ਲਗਦੀ ਤੇ ਮੇਰਾ ਚਿਤ ਕਰਦਾ - ਹੁਣੇ ਉੱਡ ਕੇ ਤੇਰੇ ਕੋਲ ਪਹੁੰਚ ਜਾਵਾਂ ਤੇਰੇ ਮੱਥੇ ਤੋਂ ਮਖੇਰਨਾ ਪਰ੍ਹਾਂ ਕਰਾਂ ਤੇ ਤੈਨੂੰ ਖੜ੍ਹੇ ਖਲੋਤੇ ਨੂੰ ਟੱਪ ਜਾਵਾਂ ਪਰ ਮੈਥੋਂ ਤਾਂ ਇਕ ਲਾਂਘ ਵੀ ਨਾ ਪੁੱਟੀ ਗਈ ਹੁਣ ਤੈਨੂੰ ਕੀ ਦੱਸਾਂ ? ਤੂੰ ਕੀ ਸਮਝੇਂਗਾ ? ਕਿ ਉਸ ਸ਼ਹਿਰ ਦੇ ਪੱਥਰਾਂ ਵਿਚ ਜਾਦੂ ਹੀ ਕੋਈ ਅਜੇਹਾ ਹੈ - ਕਿ ਜੋ ਵੀ ਕੋਈ ਉਥੇ ਪਹੁੰਚਦਾ ਹੈ ਪਹਿਲਾਂ ਆਪਣੇ ਦੁਆਲੇ ਇਕ ਕੈਦ ਸਿਰਜਦਾ ਹੈ ਤੇ ਫਿਰ ਸਾਰੀ ਉਮਰ ਨੀਲੀਆਂ ਬਲੌਰਾਂ ਵਰਗੀਆਂ ਅੱਖਾਂ ਲਈ ਤਰਸਦਾ ਹੈ । ਅੱਜ ਤੂੰ ਮੇਰੇ ਵਲ ਕਿੰਜ ਖਾਲੀ ਅੱਖਾਂ ਨਾਲ - ਘੂਰ ਰਿਹਾ ਏਂ ? ਜਿਵੇਂ ਪੁਛ ਰਿਹਾ ਹੋਵੇਂ ਕਿ ਕਿਥੇ ਰੋੜ੍ਹ ਆਇਆ ਹਾਂ ਤੇਰੇ ਵਰ੍ਹਿਆਂ ਦੀ ਕਮਾਈ - ਤੇਰੀ ਚੜ੍ਹਦੀ ਜਵਾਨੀ ਦੀ ਰਾਂਗਲੀ ਉਮਰ ਤੇ ਤੇਰੀਆਂ ਨੀਲੀਆਂ ਬਲੌਰਾਂ ਵਰਗੀਆਂ ਅੱਖਾਂ ਦੀ ਲਿਸ਼ਕ ਤੇ ਮੈਂ ਨਿਰ-ਉਤਰ ਸ਼ਰਮਸਾਰ ਜੇਹਾ ਤੇਰੇ ਅੱਗੇ ਪੱਠਿਆਂ ਦੀ ਇਕ ਟੋਕਰੀ ਸੁੱਟ ਦੇਂਦਾ ਹਾਂ ਜਿਵੇਂ ਕੋਈ ਆਪਣੇ ਮਰੇ ਹੋਏ ਬਾਪ ਦਾ ਸਰਾਧ ਕਰ ਰਿਹਾ ਹੋਵੇ । ਤੈਨੂੰ ਤਾਂ ਸਾਇਦ ਹੁਣ ਉੱਕਾ ਹੀ ਯਾਦ ਨਾ ਹੋਵੇ ।
14. ਫ਼ਰਕ
ਇਹ ਸਭ ਤੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ । ਤੇਰੇ ਅਉਣ ਤੋਂ ਪਹਿਲਾਂ ਮੈਂ ਲਫ਼ਜ਼ਾਂ, ਦੋਸਤਾਂ ਤੇ ਸੜਕਾਂ ਵਿਚਾਲੇ ਘਿਰਿਆ ਰਹਿੰਦਾ ਸੀ - ਲਫ਼ਜ਼ ਮੂੰਹ ਲਟਕਾਈ ਮੇਰੇ ਕੋਲ ਆਉਂਦੇ, ਤੇ ਮੈਂ ਉਹਨਾਂ ਨੂੰ ਕਬੂਤਰ ਬਣਾ ਦੇਂਦਾ । ਦੋਸਤ ਕਹਿੰਦੇ, "ਇਸ ਤੋਂ ਅੱਗੇ ਤਾਂ ਬਸ ਨੰਗੀਆਂ ਝੀਲਾਂ ਹਨ ਮੇਰੇ ਦੋਸਤ ! ਮੈਂ ਉਹਨਾਂ ਨੂੰ ਡਰਪੋਕ ਕਹਿ ਕੇ ਛੇੜਦਾ । ਸੜਕਾਂ ਸੂਤ ਹੋਈਆਂ ਵਿਛੀਆਂ ਰਹਿੰਦੀਆਂ, ਤੇ ਮੈਂ ਸੁਰ ਹੋਇਆ ਤੁਰਦਾ ਰਹਿੰਦਾ । ਕਿੰਨੀ ਵਿਸ਼ਾਲ ਹੁੰਦੀ ਸੀ ਮੇਰੀ ਦੁਨੀਆ ਮੋਢੇ ਤੇ ਹੁੰਦਾ ਸੀ - ਲੰਮੀ ਤਣੀ ਵਾਲਾ ਮੇਰਾ ਘਰ - ਤੇ ਪਿਠ ਤੇ ਠੰਡੀ ਠਾਰ ਰੇਲਿੰਗ । ਇਹ ਸਭ ਤੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ । ਫਿਰ ਇਕ ਦਿਨ ਅਚਾਨਕ, ਤੂੰ ਭਿੱਜੀ ਹੋਈ ਬੱਤਖ਼ ਵਾਂਗ - ਕੁਕ ਕੁਕ ਕਰਦੀ ਮੇਰੇ ਕੋਲ ਆਈ ਮੇਰਿਆਂ ਹੱਥਾਂ ਵਿਚ ਆਈਸ ਕਿਊਬ ਫੜਾ ਕੇ ਬੋਲੀ - "ਜੰਮੀ ਹੋਈ ਨਦੀ ਵਿਚ ਡੁੱਬਣਾ ਬਹੁਤ ਮੁਸ਼ਕਲ ਹੈ - ਅਮੁਿ ! ਤੂੰ ਅਜੇ ਤੀਕ ਬਸ ਸਿਗਰੇਟ ਸੁਲਗਾਉਣੀ ਹੀ ਜਾਣਦਾ ਏਂ ਜ਼ਾਲਮ, ਕਿਸੇ ਦਿਨ ਪੀਵੇਂ ਤਾਂ ਜਾਣਾ" ਕਹਿਣ ਨੂੰ ਤਾਂ ਤੂੰ ਇਹ ਵੀ ਕਿਹਾ : "ਨਾਂਵਾਂ ਵਿਚ ਕੀ ਪਿਆ ਹੈ - ਤੂੰ ਕਿਤੋਂ ਸ਼ੁਰੂ ਤਾਂ ਕਰ ।" ਪਰ ਮੈਂ ਜਾਣਦਾ ਸਾਂ ਕਿ ਤੂੰ ਹਿਰਨ ਵਾਂਗ - ਆਪਣੀ ਕਸਤੂਰੀ ਦੇ ਨਾਲ ਨਾਲ ਤੁਰਨਾ ਚਾਹੁੰਦੀ ਏਂ ਤੇ ਮੈਂ ਤੀਰ ਵਾਂਗ ਆਪਣੀ ਕਮਾਨ 'ਚੋਂ ਨਿਕਲ ਜਾਣਾ ਚਾਹੁੰਦਾ ਸੀ - ਇਸ ਲਈ ਅਸੀਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਪੀਟ ਹੋਣ ਲੱਗ ਪਏ । ਫਿਰ ਇਕ ਦਿਨ ਅਚਾਨਕ ਤੂੰ ਸ਼ਾਰਕ ਵਾਂਗ - ਫਫ ਫਫ ਕਰਕੇ ਉੱਡ ਗਈ ਮੈਂ ਮੁੜ ਲਫਜ਼ਾਂ, ਦੋਸਤਾਂ ਤੇ ਸੜਕਾਂ ਵਿਚਾਲੇ ਘਿਰ ਗਿਆ - ਲਫ਼ਜ਼ ਹੁਣ ਉੱਡਦੇ ਉੱਡਦੇ ਮੇਰੇ ਕੋਲ ਆਉਂਦੇ, ਤੇ ਮੈਂ ਉਹਨਾਂ ਦੀਆਂ ਧੌਣਾਂ ਮਰੋੜ ਦੇਂਦਾ । ਦੋਸਤ ਕਹਿੰਦੇ : "ਮੈਂ ਦੂਰ ਦੇਸ਼ ਤੋਂ ਜਲਾਵਤਨ ਪਰਛਾਵਾਂ ਬੋਲ ਰਿਹਾਂ ।" ਮੈਂ ਬਹੁਤ ਡਰ ਜਾਂਦਾ । ਸੜਕਾਂ ਮੇਰੇ ਪੈਰਾਂ ਹੇਠੋਂ ਤਿਲਕ ਕਿਤੇ ਦੀਆਂ ਕਿਤੇ ਪਹੁੰਚ ਜਾਂਦੀਆਂ ਤੇ ਮੈਂ ਖੜਾ ਇਹ ਸੋਚਦਾ ਹੀ ਰਹਿ ਜਾਂਦਾ, ਕਿ ਆਖਰ ਮੈਂ ਜਾਣਾ ਕਿੱਥੇ ਹੈ ? ਕਿੰਨੀ ਸਿਮਟ ਗਈ ਹੈ ਮੇਰੀ ਦੁਨੀਆਂ ਮੋਢੇ ਤੇ ਹੁੰਦਾ ਹੈ ਲੰਮੀ ਤਣੀ ਵਾਲਾ ਮੇਰਾ ਘਰ ਤੇ ਪਿੱਠ ਤੇ ਠੰਡੀ ਠਾਰ ਰੇਲਿੰਗ । ਇਹ ਸਭ ਤੇਰੇ ਜਾਣ ਤੋਂ ਪਿੱਛੋਂ ਦੀ ਗੱਲ ਹੈ ।
15. ਆਖਰੀ ਮੁਲਾਕਾਤ
(ਪਾਸ਼ ਨਾਲ ਆਖਰੀ ਮੁਲਾਕਾਤ) ਬੜੇ ਚਿਰਾਂ ਪਿੱਛੋਂ- ਕੱਲ੍ਹ ਅਚਨਚੇਤੀ ਪਾਸ਼ ਪਿੰਡ ਮਿਲਣ ਆਇਆ। ਪਰਦੇਸੀ ਰੂਪ ਸਵਾਇਆ। ਦੇਸੀ ਦਿਲ ਕੁਮਲਾਇਆ। ਪੈਰਾਂ ‘ਚ ਉਹੀ ਕਿਤੇ ਉਡ ਜਾਣ ਦੀ ਜੰਗਲੀ ਤਾਂਘ ਸਾਹਾਂ ‘ਚ ਉਹੀ ਜਾਣੀ ਪਛਾਣੀ ਨਜ਼ਮਈ ਹਵਾੜ ਨਾ ਉਹਨੇ ਬੀਬੀ ਨੂੰ ਪੈਰੀਂ ਪੈਣਾ ਕੀਤਾ ਨਾ ਅਸੀਸ ਦੀ ਉਡੀਕ ਕੀਤੀ ਫੁੱਟਦੇ ਸਾਰ ਉਹ ਖ਼ਬਰਾਂ ਦੇ ਬੁਲਿਟਨ ਵਾਂਗ ਸ਼ੁਰੂ ਹੋਇਆ- ‘ਉਠ ਲੀੜੇ ਪਾ ਆਪਾਂ ਅਮਰੀਕਾ ਚਲਣੈ ਸਵੇਰੇ ਐਥੋਂ ਤੁਰਾਂਗੇ ਮੂੰਹ ਹਨ੍ਹੇਰੇ।’ ਉਹਦੇ ਬੁੱਲ੍ਹਾਂ ਦੇ ਦੋਹਾਂ ਸਿਰਿਆਂ ਤੇ ਝੱਗ ਜੇਹੀ ਉਭਰੀ ਗ਼ੁੱਸੇ ਤੇ ਕੁੜੱਤਣ ਦੀ ਨੀਲੀ ਭਾ ਫੈਲ ਗਈ ਉਹਦੇ ਗੋਰੇ ਮੁੱਖ ਦੇ ਚੁਫੇਰੇ। ਫਿਰ ਉਹ ਆਪਣੇ ਆਪ ਨਾਲ ਲੜਨ ਲੱਗ ਪਿਆ। ਕਚੀਚੀ ਵੱਟ ਕੇ ਬੁੜ-ਬੁੜ ਕਰਨ ਲੱਗ ਪਿਆ। “ਤੈਨੂੰ ਲਿਖ ਭੇਜਣ ਵਾਲ਼ੇ ਦੇ ਮੈਂ ਹੱਥ ਪੈਰ ਵੱਢ ਦਊਂ ਸੀਰਮੇਂ ਪੀ ਜਾਊਂ ਆਪਣੇ ਸਾਲ਼ੇ ਦੇ ਜਿਹੜਾ ਤੇਰੀ ਵਾ ਵਲ ਵੀ ਵੇਖੇ। ਚੂਲ਼ਾਂ ਠੋਕ ਦਊਂ ਇਹਨਾਂ ਮੰਜੀਆਂ ਦੀਆਂ!” ਉਹਨੇ ਡੱਬ ਵਿਚ ਦਿੱਤੇ ਕਬੂਤਰ ਨੂੰ ਸੰਘੀਓਂ ਫੜਿਆ- “ਧੂੰਆਂ ਕੱਢ ਦਊਂ – ਇਹਨਾਂ ਗੁਰਗਿਆਂ ਦਾ। ਇਹਨਾਂ ਨੂੰ ਭੁੱਲ ਕਿਵੇਂ ਗਿਆ ਕਿ ਅਵਤਾਰ ਸਿੰਘ ਸੰਧੂ ਅਜੇ ਜਿਉਂਦਾ ਹੈ। ਜਿਹੜਾ ਆਪਣੇ ਸਮਿਆਂ ਪਿਛੇ ਭੱਜਦਾ ਹੋਇਆ, ਲੋਹ-ਕਥਾ ਸੁਣਾਉਂਦਾ ਹੈ।” ਖ਼ਬਰ ਇਹਦੇ ਤਕ ਪਹੁੰਚ ਗਈ – ਏਨੀ ਦੂਰ ਪਰ ਏਨੀ ਛੇਤੀ- ਆਫ਼ਰੀਨ ਮਾਣ ਨਾਲ਼ ਮੇਰੀਆਂ ਅੱਖਾਂ ਚਮਕੀਆਂ ਮੇਰੀ ਛਾਤੀ ਵਿਚ ਸਾਹ ਰਤਾ ਕਾਹਲ਼ਾ ਤੁਰਿਆ। ਪਰ ਉਸ ਦੇ ਗ਼ੁੱਸੇ ਨੂੰ ਤੱਕਦਿਆਂ ਮੈਂ ਗੱਲ ਬਦਲਣ ਦੀ ਕੀਤੀ । “ਹੋਰ ਸੁਣਾ ਬਈ ਗਰੇਜਾ…! ਕੀ ਹਾਲ ਏ ਤੇਰੀਆਂ ਵਲੈਤਣ ਨਜ਼ਮਾਂ ਦਾ?” ਮੈਂ ਸੁੱਖਸਾਂਦ ਪੁੱਛਣ ਦੇ ਅੰਦਾਜ਼ ਵਿਚ ਪੁੱਛਿਆ- ਉਹਨੇ ਮੇਰੀ ਫ਼ਜ਼ੂਲ ਬਕਵਾਸ ਵੱਲ ਕੋਈ ਧਿਆਨ ਨਾ ਦਿੱਤਾ। “ਪਰਚਾ ਕੱਢਣਾ ਏਂ – ‘ਇੰਟਰਨੈਸ਼ਨਲ’ ਚੰਦਨ ਦੀ ਚਿੱਠੀ ਆਈ ਏ। ਹੋਰ ਵੀ ਕੰਮ ਅਧੂਰੇ ਪਏ ਨੇ ਉਥੇ ਤੇਰੇ ਕਰਨ ਜੋਗੇ। ਤੂੰ ਪਹਿਲਾਂ ਨਿਕਲ਼ ਜਾ – ਤੇ ਕੰਮ ਸਾਂਭ। ਤੈਨੂੰ ਪਤਾ : ਕਿੱਥੋਂ ਤੁਰਨਾ ਏ ਕਿਹੜੇ ਰਾਹ ਲੰਘਣਾ ਏ ਤੇ ਕਿੱਥੇ ਪਹੁੰਚਣਾ ਏ? ਮੈਂ ਬੱਸ ਤੇਰੇ ਮਗਰ ਹੀ ਆਇਆ 'ਹੰਸ' ਨੂੰ ਲੈ ਕੇ ਇਹਨਾਂ ਪਤਿਅਉਰਿਆਂ ਦੀ ਸਾਹੇ ਚਿੱਠੀ ਦਾ ਜੁਆਬ ਦੇ ਕੇ।” ਉਸ ਤੋਂ ਪਿੱਛੋਂ ਮੈਨੂੰ ਪਤਾ ਨਹੀਂ ਕੀ ਹੋਇਆ ਨਾ ਮੈਂ ਮਰੀਕਾ ਪਹੁੰਚਿਆ ਨਾ ਉਹ ਮੇਰੇ ਮਗਰ ਆਇਆ ਬੱਸ ਕੰਨਾਂ ‘ਚ ਖੂਹ ਦੀ ਬੰਬੀ ਦੀ ਆਵਾਜ਼ ਕਣੀ ਕਣੀ ਰੋਂਦੀ ਰਹੀ। ਸਟੇਨਗੰਨ ਦੀ ਵਾਛੜ ਜੇਹੀ ਆਉਂਦੀ ਰਹੀ। ਮੇਰੀ ਬੇਹੋਸ਼ੀ ਦੇ ਸਿਰ੍ਹਾਣੇ ਬੈਠੀ ਮੇਰੀ ਬਦਹਵਾਸ ਨਜ਼ਮ ਆਪਣੀ ਭੈਣ ਦੇ ਅਚਾਨਕ ਵਿਛੜ ਜਾਣ 'ਤੇ ਵਿਦਾਇਗੀ ਦੇ ਗੀਤ ਗਾਉਂਦੀ ਰਹੀ।