ਕਿਸਾਨੀ ਘੋਲ ਦੀ ਕਾਵਿਕ ਤਸਵੀਰਕਾਰੀ : ਧਰਤ ਵੰਗਾਰੇ ਤਖ਼ਤ ਨੂੰ -ਪ੍ਰੋ. ਨਰੇਸ਼ ਕੁਮਾਰ - ਅਮ੍ਰਿਤਪਾਲ ਸਿੰਘ

ਪੰਜਾਬ ਦੀ ਧਰਤੀ ਹਮੇਸ਼ਾ ਹੀ ਸੰਘਰਸ਼ ਦੀ ਧਰਤੀ ਰਹੀ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਪੰਜਾਬੀ ਹਮੇਸਾਂ ਆਪਣੀ ਹੋਂਦ ਦੇ ਸ਼ੰਘਰਸ਼ ਲੜਨ ਵਿੱਚ ਮੋਹਰੀ ਰਹੇ ਹਨ। 2020 ਦਾ ਕਿਸਾਨੀ ਘੋਲ ਇਸੇ ਲਗਾਤਾਰਤਾ ਵਿੱਚੋਂ ਉਪਜਿਆ ਇਕ ਹੋਰ ਇਤਿਹਾਸਕ ਸੰਘਰਸ਼ ਹੈ। ਕਿਸਾਨੀ ਮਸਲਿਆਂ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਪੰਜਾਬ ਦੇ ਹੀ ਨਹੀਂ ਸਮੁੱਚੇ ਭਾਰਤ ਦੀ ਰਾਜਨਿਤਕ, ਸਮਾਜਿਕ ਅਤੇ ਸਭਿਆਚਾਰਕ ਚੇਤਨਾ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਰਿਹਾ। ਜੋ 5 ਜੂਨ 2020 ਨੂੰ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਸ਼ੁਰੂ ਹੋਇਆ। ਇਹ ਤਿੰਨ ਕਾਨੂੰਨ ਕ੍ਰਮਵਾਰ ਕਿਸਾਨ ਉਪਜ ਵਪਾਰ ਅਤੇ ਵਣਜ ਕਾਨੂੰਨ, ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਕਾਨੂੰਨ, ਜ਼ਰੂਰੀ ਵਸਤੂਆਂ (ਸੋਧ) ਕਾਨੂੰਨ ਸਨ। ਇਹਨਾਂ ਕਾਨੂੰਨਾਂ ਦੀ ਸਾਰਥਕਤਾ ਉੱਪਰ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਕਿ ਇਹ ਕਾਨੂੰਨ ਖੇਤੀ ਸੈਕਟਰ ਵਿੱਚ ਪੂੰਜੀਪਤੀਆਂ ਦਾ ਏਕਾਧਿਕਾਰ ਸਥਾਪਿਤ ਕਰਨਗੇ। ਇਹਨਾਂ ਦੇ ਆਉਣ ਨਾਲ ਵਣਜ ਦੀ ਬਲੈਕ ਸ਼ੁਰੂ ਹੋਵੇਗੀ, ਖਾਦ ਪਦਾਰਥਾਂ ਦੇ ਮੁੱਲ ਤੇਜ਼ੀ ਨਾਲ ਵਧਣਗੇ, ਸਿੱਟੇ ਵਜੋਂ ਸਮੁੱਚੀ ਆਰਥਿਕਤਾ ਵਿਗੜ ਸਕਦੀ ਹੈ। ਇਹ ਕਾਨੂੰਨ ਮਨੁੱਖ ਪੱਖੀ ਅਤੇ ਕੁਦਰਤ ਪੱਖੀ ਵਿਕਾਸ ਮਾਡਲ ਦਾ ਹਿੱਸਾ ਨਹੀਂ ਹਨ। ਇਹਨਾਂ ਇਤਰਾਜ਼ਾਂ ਦੇ ਫ਼ਲਸਰੂਪ ਸਰਕਾਰ, ਕਾਰਪੋਰੇਟ ਅਤੇ ਕਿਰਤੀ ਵਰਗ ਆਹਮੋ ਸਾਹਮਣੇ ਖੜ੍ਹ ਗਏ। ਇਸ ਸੰਬੰਧ ਵਿੱਚ ਇਹ ਮਤ ਵੇਖਿਆ ਜਾ ਸਕਦਾ ਹੈ :

ਪੰਜਾਬ ਦੀ ਵਿਰਾਸਤ ਵਿੱਚ ਆਤਮਘਾਤੀ ਰੁਝਾਨ ਲਈ ਕੋਈ ਥਾਂ ਨਹੀਂ। ਪਸਰੇ ਆਤਮਘਾਤੀ ਰੁਝਾਨ, ਸਰਕਾਰਾਂ ਦੀ ਅਣਦੇਖੀ, ਖੇਤੀ ਨੂੰ ਸੰਕਟ ਵਿੱਚੋਂ ਕੱਢਣ ਲਈ ਘੜੀ ਨਵੀਂ ਖੇਤੀ ਨੀਤੀ ਤਹਿਤ ਕਾਰਪੋਰੇਟ ਸੈਕਟਰ ਦੀ ਆਮਦ, ਬਦਲੇ ਹਾਲਾਤ ਤੇ ਸਮੀਕਰਨਾਂ ਨੇ ਕਿਸਾਨੀ ਖੇਤਰ ਨਾਲ ਸਬੰਧਿਤ ਵੱਖ-ਵੱਖ ਪਰਤਾਂ ਅਤੇ ਖੇਤਰਾਂ ਵਿੱਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੈਟਫਾਰਮ ’ਤੇ ਲਿਆ ਖੜ੍ਹਾ ਕਰ ਦਿੱਤਾ ਜਿਸ ਦਾ ਸਿੱਟਾ ਜ਼ਬਰਦਸਤ ਕਿਸਾਨ ਅੰਦੋਲਨ ਦੇ ਰੂਪ ਵਿੱਚ ਨਿਕਲਿਆ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਫੈਲੀ ਬੇਚੈਨੀ ਨੇ ਇਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਜਿਸ ਦਾ ਸਿੱਟਾ 2020 ਵਾਲੇ ਦਿੱਲੀ ਦੇ ਘਿਰਾਓ ਵਿੱਚ ਨਿਕਲਿਆ। ਇਹ ਧਰਨਾ ਤਕਰੀਬਨ ਇੱਕ ਸਾਲ ਚੱਲਿਆ ਅਤੇ ਆਖ਼ਿਰਕਾਰ ਕੇਂਦਰ ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣੇ ਪਏ ਅਤੇ ਹੋਰ ਮੰਗਾਂ ਵੀ ਅਸੂਲੀ ਤੌਰ ’ਤੇ ਪ੍ਰਵਾਨ ਕੀਤੀਆਂ।¹

ਇਹਨਾਂ ਕਾਨੂੰਨਾਂ ਬਾਰੇ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਰਹੀਆਂ ਹਨ। ਜਿੰਨ੍ਹਾਂ ਵਿੱਚ ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਇੱਕ ਹਨ। ਉਹਨਾਂ ਨੇ ਇਹਨਾਂ ਕਾਨੂੰਨਾਂ ਬਾਰੇ ਅਪਣੀ ਰਾਇ ਦਿੱਤੀ ਸਪੱਸ਼ਟ ਤੌਰ ਤੇ ਕਿਹਾ ਕਿ ਇਹ ਕਾਨੂੰਨ ਸਹੀ ਜਾਂ ਗ਼ਲਤ ਦਾ ਸੁਆਲ ਨਹੀਂ ਹੈ ਬਲਕਿ ਸੁਆਲ ਇਸ ਅੰਦੋਲਨ ਦੀ ਸਥਿਤੀ ਨਾਲ ਨਿਪਟਣ ਦਾ ਹੈ। ਜਿਸ ਦਾ ਸਭ ਤੋਂ ਯੋਗ ਹੱਲ ਆਪਸੀ ਗੱਲਬਾਤ ਹੈ, ਕਿਸਾਨ ਅਤੇ ਸਰਕਾਰ ਦੋਵਾਂ ਨੂੰ ਮੁੜ ਬੈਠਣਾ ਚਾਹੀਦਾ ਹੈ। ਪਰ ਇਕ ਗੱਲ ਉਹਨਾਂ ਸਪੱਸ਼ਟ ਤੌਰ ਤੇ ਕਹੀ ਹੈ, ਕਿ ਕੁਝ ਗੱਲਾਂ ਕਾਰਨ ਸਰਕਾਰ ਕਿਸਾਨਾਂ ਦਾ ਭਰੋਸਾ ਜਿੱਤਣ ਵਿੱਚ ਅਸਫ਼ਲ ਰਹੀ ਹੈ। ਇਸ ਬੇਭਰੋਸਗੀ ਦੇ ਉਹ ਚਾਰ ਸੂਤਰ ਵੀ ਦਸਦੇ ਹੋਏ ਸਰਦਾਰਾ ਜੌਹਲ ਕਹਿੰਦੇ ਹਨ :

ਕਿਸਾਨਾਂ ਨੂੰ ਸਰਕਾਰ ਦੀ ਨੀਤ ਉੱਪਰ ਯਕੀਨ ਨਹੀਂ ਨੀਤੀ ਚਾਹੇ ਕੁਝ ਵੀ ਹੋਵੇ। ਇਸਦੇ ਚਾਰ ਕਾਰਨ ਹਨ। ਪਹਿਲਾ ਆਰਡੀਨੈੱਸ ਤੋਂ ਲੈ ਕੇ ਬਿੱਲ ਪਾਸ ਕਰਨ ਤੱਕ ਛੇ ਮਹੀਨੇ ਦਾ ਸਮਾਂ ਸੀ, ਇਸ ਸਮੇਂ ਕੋਈ ਵੀ ਡਿਸ਼ਕਸ਼ਨ ਨਹੀਂ ਕੀਤੀ ਗਈ, ਨਾ ਹੀ ਕਿਸੇ ਕਿਸਾਨ ਜਥੇਬੰਦੀ ਨਾਲ ਰਾਬਤਾ ਨਹੀਂ ਕੀਤਾ। ਦੂਜਾ ਬਿੱਲ ਪੇਸ਼ ਹੋਣ ਸਮੇਂ Question hours ਨੂੰ ਬੰਦ ਕਰ ਦਿੱਤਾ ਗਿਆ। ਤੀਜਾ ਵਿਰੋਧੀ ਧਿਰ ਨੇ ਇਕ ਕਮੇਟੀ ਦੀ ਮੰਗ ਕੀਤੀ ਜਿਹੜੀ ਕਿ ਸਰਕਾਰ ਨੇ ਨਹੀਂ ਬਣਾਈ। ਚੌਥਾ ਰਾਜ ਸਭਾ ਵਿੱਚ ਬਿੱਲ ਪਾਸ ਕਰਨ ਸਮੇਂ ਰਾਜ ਸਭਾ ਦੇ ਸਪੀਕਰ ਨੂੰ ਬਦਲ ਦਿੱਤਾ ਗਿਆ। ਮੇਰੀ ਰਾਇ ਹੈ ਕਿ ਜੇਕਰ ਕਿਸਾਨ ਇਹਨਾਂ ਬਿੱਲਾਂ ਨੂੰ ਮਨਜ਼ੂਰ ਨਹੀਂ ਕਰਦੇ ਤਾਂ ਸਰਕਾਰ ਨੂੰ ਇਹਨਾਂ ਉੱਪਰ ਦੁਆਰਾ ਵਿਚਾਰ ਕਰ ਲੈਣਾ ਚਾਹੀਦਾ ਹੈ। ਇਸ ਵਿਚਾਰ ਦਾ ਫ਼ੈਸਲਾ 2/3 ਬਹੁਮਤ ਨਾਲ ਹੋਣਾ ਚਾਹੀਦਾ ਹੈ। ਪਹਿਲਾਂ ਵਾਂਗ ਸਧਾਰਨ ਬਹੁਮਤ ਨਾਲ ਨਹੀਂ।²

ਸਰਦਾਰਾ ਸਿੰਘ ਜੌਹਲ ਇਸ ਸੰਘਰਸ਼ ਬਾਰੇ ਇਹ ਵੀ ਕਹਿੰਦੇ ਹਨ ਕਿ ਬਿੱਲ ਨੂੰ ਖਾਰਜ ਕਰਾ ਦੇਣਾ ਇਸ ਸੰਘਰਸ਼ ਦਾ ਅੰਤ ਨਹੀਂ ਹੈ। ਬਲਕਿ ਕਿਸਾਨ ਜਥੇਬੰਦੀਆਂ ਇਸ ਦਾ ਬਦਲ ਵੀ ਸਰਕਾਰ ਨੂੰ ਦੇਣ। ਏਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਯਕੀਨ ਜਿੱਤ ਲੈਣਾ ਇਸ ਸੰਘਰਸ਼ ਦੀ ਜਿੱਤ ਹੈ, ਪਰ ਇਹ ਲੜਾਈ ਦਾ ਅੰਤ ਨਹੀਂ ਹੈ। ਜੇਕਰ ਕਿਸਾਨ ਜਥੇਬੰਦੀਆਂ ਇਹਨਾਂ ਕਿਸਾਨਾਂ ਨੂੰ ਯੋਗ ਬਦਲ ਨਹੀਂ ਦੇ ਸਕੀਆਂ ਤਾਂ ਇਹ ਇਹਨਾਂ ਦੀ ਅਸਫ਼ਲਤਾ ਹੋਵੇਗੀ। ਕਿਸਾਨ ਜਥੇਬੰਦੀਆਂ ਦੀ ਹਾਂ ਅਤੇ ਨਾਂਹ ਦੀ ਨੀਤੀ ਇੱਕ ਜਿੱਦ ਦਾ ਰੂਪ ਧਾਰਨ ਕਰ ਗਈ ਹੈ। ਜਿਸ ਕਾਰਨ ਇਸ ਸੰਘਰਸ਼ ਦਾ ਸਾਰਥਕ ਨਤੀਜਾ ਮੁਸ਼ਕਿਲ ਹੋ ਰਿਹਾ ਹੈ।

ਸਰਦਾਰਾ ਸਿੰਘ ਜੌਹਲ MSP ਨੂੰ ਖ਼ਤਮ ਕਰਨ ਦੀ ਵਕਾਲਤ ਵੀ ਕਰਦੇ ਹਨ, ਕਿਉਂਕਿ ਦੁਨੀਆਂ ਦੇ 60 ਖੇਤੀ ਪ੍ਰਧਾਨ ਦੇਸ਼ਾਂ ਵਿੱਚ ਕਿਤੇ ਵੀ MSP ਲਾਗੂ ਨਹੀਂ ਹੈ। ਉਹ ਮੰਨਦੇ ਹਨ ਕਿ ਮੁਫ਼ਤ ਪਾਣੀ ਅਤੇ ਬਿਜਲੀ ਵੀ ਖੇਤੀ ਦਾ ਨੁਕਸਾਨ ਕਰ ਰਹੀ ਹੈ। ਉਹ ਇਹ ਤਾਕੀਦ ਵੀ ਕਰਦੇ ਹਨ ਕਿ ਇਹ ਸਭ ਖ਼ਤਮ ਕਰਨ ਤੋਂ ਪਹਿਲਾਂ ਖੇਤੀ ਸੈਕਟਰ ਵਿੱਚ ਉਹਨਾਂ ਹੀ ਦੇਸ਼ਾਂ ਵਾਂਗ ਸਬਸਿਡੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ, ਇਸ ਤੋਂ ਬਿਨਾਂ ਖੇਤੀ ਸੈਕਟਰ ਨੂੰ ਬਚਾਉਣਾ ਮੁਸ਼ਕਿਲ ਹੈ। ਇਹਨਾਂ ਦੇਸ਼ਾਂ ਵਿੱਚ 700 ਮਿਲੀਅਨ ਡਾਲਰ ਦੀ ਸਬਸਿਡੀ ਖੇਤੀ ਸੈਕਟਰ ਲਈ ਦਿੱਤੀ ਜਾਂਦੀ ਹੈ।

ਇਹ ਇੱਕ ਇਤਿਹਾਸਿਕ ਸੱਚ ਹੈ ਕਿ ਪੰਜਾਬ ਦੇ ਲੋਕ ਅਪਣੀ ਹੋਂਦ ਪ੍ਰਤੀ ਸੁਚੇਤ ਰਹੇ ਹਨ। ਪੰਜਾਬ ਦੇ ਲੋਕ ਹਮੇਸ਼ਾ ਆਪਣੀ ਮਿੱਟੀ, ਆਪਣੀ ਸਭਿਅਤਾ, ਆਪਣੀ ਅਣਖ ਲਈ ਲੜਦੇ ਰਹੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਜੰਮਿਆਂ ਨੂੰ ਨਿੱਤ ਮੁਹਿੰਮਾਂ ਇਹਨਾਂ ਮੁਹਿੰਮਾਂ ਦੀ ਗਾਥਾ ਪੰਜਾਬ ਦੇ ਇਤਿਹਾਸ ਵਿੱਚ ਲਗਾਤਾਰ ਚਲਦੀ ਰਹੀ ਹੈ। ਇਸੇ ਲਗਾਤਾਰਤਾ ਵਿੱਚੋਂ ਪੰਜਾਬ ਆਪਣੇ ਮੁਹਾਂਦਰੇ ਨੂੰ ਤਰਾਸ਼ਦਾ ਨਿਖਾਰਦਾ ਤੁਰਿਆ ਆਉਂਦਾ ਹੈ। ਪੰਜਾਬੀਆਂ ਦੀ ਸੱਚ ਲਈ ਆਪਾ ਵਾਰਨ ਦੀ ਪਰੰਪਰਾ ਉਹਨਾਂ ਦੀ ਜੀਵਨ ਜਾਂਚ ਦਾ ਪ੍ਰਮੁੱਖ ਲੱਛਣ ਹੈ। ਜਿੱਥੇ ਪੰਜਾਬ ਬਾਹਰੀ ਹਮਲਾਵਰਾਂ ਨਾਲ ਲੜਦਾ ਹੈ। ਉੱਥੇ ਹੀ ਓਹੋ ਆਪਣੀ ਸੱਤਾਧਾਰੀ ਧਿਰ ਤੋਂ ਵੀ ਸਵਾਲ ਪੁੱਛਦਾ ਹੋਇਆ ਆਨਾਕਾਨੀ ਨਹੀਂ ਕਰਦਾ ਹੈ। ਗੁਰੂ ਨਾਨਕ ਦਾ ਫ਼ਲਸਫ਼ਾ (ਨੀਚੀ ਹੂ ਅਤਿ ਨੀਚ)⁴ ਇਹਨਾਂ ਦੀ ਸੁਰਤਿ ਦੀ ਸਥਾਈ ਚਿਨ੍ਹ ਹੈ। ਉਹ ਸੱਤਾ ਵਿੱਚ ਚਾਹੇ ਮੁਗ਼ਲ ਹੋਣ, ਬ੍ਰਿਟਿਸ਼ ਹਕੂਮਤ ਹੋਵੇ ਚਾਹੇ ਆਜ਼ਾਦ ਭਾਰਤ ਦੀ ਸੱਤਾਧਾਰੀ ਕੋਈ ਰਾਜਨੀਤਿਕ ਧਿਰ ਹੋਵੇ। ਪੰਜਾਬ ਵਿੱਚ ਪੈਦਾ ਹੋਇਆ, ਕਿਸਾਨ ਅੰਦੋਲਨ (2020-21) ਇੱਕ ਅਜਿਹਾ ਅੰਦੋਲਨ ਸੀ। ਜਿਸ ਨੇ ਆਪਣੀ ਸੱਤਾਧਾਰੀ ਧਿਰ ਦੁਵਾਰਾ ਬਣਾਏ ਤਿੰਨ ਖੇਤੀ ਕਾਨੂੰਨਾਂ ਬਾਰੇ ਸਵਾਲ ਪੁੱਛੇ। ਹੌਲੀ-ਹੌਲੀ ਇਹ ਸੰਘਰਸ਼ ਲੰਮੇਰਾ ਤੇ ਵਿਸ਼ਾਲ ਹੁੰਦਾ ਗਿਆ। ਇਹਨਾਂ ਵਿਸ਼ੇਸ਼ਤਾਵਾਂ ਕਰਕੇ ਇਹ ਸੰਘਰਸ਼ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸ਼ਾਂਤਮਈ ਸੰਘਰਸ਼ ਬਣ ਗਿਆ। ਭਾਰਤ ਦੇ ਹੋਰਨਾਂ ਰਾਜਾਂ ਦੇ ਕਿਸਾਨ ਵੀ ਇਸ ਅੰਦੋਲਨ ਦੇ ਸਮਰਥਨ ਵਿੱਚ ਉੱਤਰ ਆਏ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਤਮਿਲਨਾਡੂ, ਕਰਨਾਟਕਾ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਤੋਂ ਵੀ ਕਿਸਾਨਾਂ ਨੇ ਇਸ ਦਾ ਭਰਵਾਂ ਸਮਰਥਨ ਕੀਤਾ। ਇਸ ਕਿਸਾਨੀ ਅੰਦੋਲਨ ਦਾ ਸਰੋਕਾਰ ਸਿਰਫ਼ ਕਿਸਾਨੀ ਮੁੱਦਿਆਂ ਨਾਲ ਸੰਬੰਧਤ ਨਾ ਰਹਿ ਕੇ ਭਾਰਤ ਦੇ ਲੋਕਤਾਂਤਰਿਕ ਢਾਂਚੇ, ਨਿਆਂ ਵਿਵਸਥਾ, ਆਦਿਵਾਸੀ ਲੋਕਾਂ ਦੇ ਹੱਕ, ਵਾਤਾਵਰਨ ਵਰਗੇ ਮੁੱਦਿਆਂ ਨਾਲ ਵੀ ਜਾ ਕੇ ਜੁੜ ਗਿਆ। ਇਸ ਸੰਘਰਸ਼ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ, ਕਿ ਇਸ ਨੇ ਭਾਰਤ ਦੇ ਹਰ ਤਬਕੇ ਦੇ ਲੋਕਾਂ ਨੂੰ ਆਪਣੇ ਧਰਮ, ਜਾਤ, ਸੱਭਿਆਚਾਰ ਅਤੇ ਖਿੱਤੇ ਤੋਂ ਉਪਰ ਇੱਕਜੁੱਟ ਹੋਣ ਦਾ ਰਸਤਾ ਦਿੱਤਾ। ਏਨਾ ਹੀ ਨਹੀਂ ਇਸ ਸੰਘਰਸ਼ ਦੇ ਸਮਰਥਨ ਵਿੱਚ ਭਾਰਤ ਤੋਂ ਬਾਹਰ ਬੈਠੇ ਭਾਰਤੀਆਂ ਅਤੇ ਪੰਜਾਬੀਆਂ ਨੇ ਵੀ ਹਰ ਤਰ੍ਹਾਂ ਦਾ ਸਮਰਥਨ ਦਿੱਤਾ। ਕਿਸਾਨੀ ਅੰਦੋਲਨ ਜਿੱਥੇ ਕਿਸਾਨਾਂ ਤੋਂ ਸ਼ੁਰੂ ਹੋਇਆ। ਪਰ ਅੰਤ ਤੱਕ ਇਹ ਅੰਦੋਲਨ ਭਾਰਤ ਦੇ ਸਮੁੱਚੇ ਕਲਾਕਾਰ, ਅਦਾਕਾਰ, ਰੰਗ ਕਰਮੀ, ਸਾਹਿਤਕਾਰ, ਬੁੱਧੀਜੀਵੀ ਲੋਕਾਂ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਸਫ਼ਲ ਰਿਹਾ।

ਇਸ ਸੰਘਰਸ਼ ਦੇ ਪੱਖ ਵਿੱਚ ਦੁਨੀਆਂ ਦੇ ਜਾਣੇ ਪਛਾਣੇ ਲੋਕਾਂ ਨੇ ਆਪਣੇ ਸਮਰਥਨ ਦਿੱਤਾ। ਜਿਸ ਉੱਘੇ ਕਲਾਕਾਰ, ਸਮਾਜ ਸੇਵੀ, ਖਿਡਾਰੀ ਆਦਿ ਨੇ ਸ਼ੋਸ਼ਲ ਮੀਡੀਆ ਦੇ ਜ਼ਰੀਏ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸੇ ਸਮਰਥਨ ਵਿੱਚ ਡੈਨਮਾਰਕ ਦੀ ਉੱਘੀ ਸਮਾਜ ਸੇਵੀ ਗਰੇਟਾ ਥਨਵਰਗ⁵ ਅਤੇ ਰਿਹਾਨਾ⁶ ਵਰਗੀਆਂ ਵਿਸ਼ਵ ਪੱਧਰ ਦੀਆਂ ਹਸਤੀਆਂ ਨੇ ਆਪਣਾ ਸਮਰਥਨ ਦਿੰਦੇ ਹੋਏ ਲਿਖਿਆ ਹੈ। “Why aren't we talking about this?! #FarmersProtest, ” We stand in solidarity with the #FarmersProtest in India. ਕਿਸਾਨੀ ਸੰਘਰਸ਼ ਦਾ ਪ੍ਰਭਾਵ ਲੋਕ ਮਨ ਉੱਪਰ ਏਨਾ ਗੂੜਾ ਪਿਆ ਕਿ ਇਸ ਸੰਘਰਸ਼ ਦੇ ਪ੍ਰਭਾਵ ਹੇਠ ਨਵੇਂ ਭਾਸ਼ਾਈ ਮੁਹਾਵਰੇ ਨੇ ਜਨਮ ਲਿਆ। ਜਿਸਦੇ ਫ਼ਲਸਰੂਪ ਲੋਕ ਕਾਵਿ ਰੂਪ, ਅਖੌਤਾਂ ਅਤੇ ਮੁਹਾਵਰੇ ਵੀ ਸਿਰਜੇ ਜਾਣ ਲੱਗੇ। ਜਿਸ ਦੇ ਕੁੱਝ ਨਮੂਨੇ ਇਸ ਪ੍ਰਕਾਰ ਹਨ :

- ਖੇਤੀ ਸਾਡਾ ਕਿੱਤਾ ਨਹੀਂ, ਸਾਡੀ ਵਿਰਾਸਤ ਹੈ।
- ਧਰਤੀ ਕੋਲ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਕੁਝ ਹੈ। ਪਰ ਸਾਡੀ ਹਵਸ ਲਈ ਕੁਝ ਵੀ ਨਹੀਂ।
- ਧਰਤੀ ਉੱਤੇ ਉੱਗਿਆ ਅੰਨ ਲੋਕਾਂ ਦੇ ਢਿੱਡ ਭਰਨ ਲਈ ਹੈ, ਅਡਾਨੀਆਂ ਅੰਬਾਨੀਆਂ ਦੇ ਗੱਲੇ ਭਰਨ ਲਈ ਨਹੀਂ।
- ਮੇਰੇ ਕੋਲ ਜ਼ਮੀਨ ਨਹੀਂ ਜ਼ਮੀਰ ਹੈ।

ਇਸ ਅੰਦੋਲਨ ਦਾ ਪ੍ਰਭਾਵ ਜਿੱਥੇ ਲੋਕ ਚੇਤਨਾ ਉੱਪਰ ਪਿਆ ਉੱਥੇ ਹੀ ਪੰਜਾਬੀ ਸਾਹਿਤ ਸਿਰਜਣ ਉੱਪਰ ਵੀ ਵੇਖਿਆ ਜਾ ਸਕਦਾ ਹੈ। ਜਿਸ ਕਾਰਨ ਇਸ ਸੰਦਰਭ ਵਿੱਚ ਵੱਡੇ ਪੱਧਰ ਉੱਤੇ ਕਾਵਿ ਸਿਰਜਣ ਹੋਇਆ। ਜਿਸ ਦੇ ਸਦਕਾ ਕਿਸਾਨੀ ਸੰਘਰਸ਼ ਦੀਆਂ ਗਾਥਾਵਾਂ ਕਵਿਤਾ, ਨਾਟਕ, ਗੀਤ, ਖੋਜ ਪੱਤਰ, ਸੈਮੀਨਾਰ ਦਾ ਵਿਸ਼ਾ ਬਣ ਗਈਆਂ। ਇਸ ਸੰਘਰਸ਼ ਦੇ ਪਰਿਪੇਖ ਵਿੱਚ ਪੰਜਾਬੀ ਵਿੱਚ ਕਾਵਿ ਰਚਨਾ ਸ਼ੁਰੂ ਹੋਈ। ਜਿਸ ਵਿੱਚ ਇਹ ਬਾਤ ਨਿਰੀ ਇਨੀ ਹੀ ਨਹੀਂ (ਸੁਰਜੀਤ ਪਾਤਰ), ਮਿੱਟੀ ਦੇ ਵਣਜਾਰੇ (ਸੰਪਾ. ਡਾ. ਮੋਹਨ ਤਿਆਗੀ ਅਤੇ ਅਤਿੰਦਰ ਸੰਧੂ) ਅਤੇ ਕਿਸਾਨ ਯੁੱਧ (ਡਾ. ਮੋਹਨ ਤਿਆਗੀ, ਲਖਵਿੰਦਰ ਜੌਹਲ, ਸੁਖਿੰਦਰ ਕੈਨੇਡਾ) ਪੰਜਾਬੀ ਵਿੱਚ ਪ੍ਰਕਾਸ਼ਿਤ ਹੋਈਆਂ। ਅੰਗਰੇਜ਼ੀ ਵਿੱਚ ਵਰਿੰਦਰ ਸਿੰਘ ਦੀ ਕਿਤਾਬ Hope for everyone, ਸੁਧੀਰ ਕੁਮਾਰ ਸੁਥਰ ਦੀ Farmar Power, ਰਾਜਵਿੰਦਰ ਕੌਰ ਦੀ Farmer’s protest and Callousness ਤੋਂ ਇਲਾਵਾ ਹੋਰ ਕਈ ਕਿਤਾਬਾਂ ਵੀ ਇਸੇ ਲੜੀ ਵਿੱਚ ਸ਼ੁਮਾਰ ਹਨ। ਇਸੇ ਹੀ ਲੜੀ ਦੇ ਵਿੱਚ ਗੁਰਭਜਨ ਗਿੱਲ ਜੋ ਕਿ ਪੰਜਾਬੀ ਦੇ ਉੱਗੇ ਕਵੀ, ਗੀਤਕਾਰ, ਸਾਹਿਤਕਾਰ ਹਨ। ਜਿਨਾਂ ਦਾ ਦਿਲ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਧੜਕਦਾ ਰਹਿੰਦਾ ਹੈ। ਜਿਨਾਂ ਦੀਆਂ ਰਚਨਾਵਾਂ ਵਿੱਚ ਸਮੁੱਚਾ ਪੰਜਾਬ ਅੱਜ ਵੀ ਮੁੱਖ ਮਰਕਜ਼ ਹੈ। ਕਿਸਾਨੀ ਅੰਦੋਲਨ 2020 ਪੰਜਾਬੀਅਤ ਦਾ ਅਭਿਆਸੀ ਰੂਪ (Living Reflection) ਸੀ। ਜਿਸ ਕਾਰਨ ਗੁਰਭਜਨ ਗਿੱਲ ਨੇ ਕਿਸਾਨੀ ਸੰਘਰਸ਼ ਦੀ ਗਾਥਾ ਨੂੰ ਇੱਕ ਦਸਤਾਵੇਜ ਦਾ ਰੂਪ ਵਿੱਚ ਸੰਭਾਲਣ ਦਾ ਅਹਿਮ ਕਾਰਜ ਕੀਤਾ। ਜਿਸ ਦੇ ਸਿੱਟੇ ਵਜੋਂ ਧਰਤ ਵੰਗਾਰੇ ਤਖ਼ਤ ਨੂੰ ਕਿਤਾਬ ਸਾਡੇ ਸਾਹਮਣੇ ਆਈ ਹੈ। ਧਰਤ ਵੰਗਾਰੇ ਤਖ਼ਤ ਨੂੰ ਕਿਤਾਬ ਗੁਰਭਜਨ ਗਿੱਲ ਦੁਆਰਾ ਸੰਪਾਦਤ ਕਿਤਾਬ ਹੈ। ਇਹ ਪੁਸਤਕ ਕਿਸਾਨੀ ਸੰਘਰਸ਼ ਦੀ ਆਰਸੀ ਹੈ। ਜਿਸ ਵਿੱਚੋਂ ਇਸ ਸੰਘਰਸ਼ ਦੇ ਪ੍ਰਤੀਬਿੰਬ ਨੂੰ ਤੱਕਿਆ ਜਾ ਸਕਦਾ ਹੈ। ਕਿਤਾਬ ਵਿੱਚ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਲਿਖੀਆਂ ਗਈਆਂ ਕਵਿਤਾਵਾਂ, ਗੀਤ, ਗ਼ਜ਼ਲ, ਬੋਲੀਆਂ, ਟੱਪੇ, ਦੋਹੇ ਅਤੇ ਛੰਦ ਮੁਕਤ ਕਵਿਤਾ ਸ਼ਾਮਿਲ ਹੈ। ਇਹ ਕਿਤਾਬ ਵੱਡ-ਅੱਕਾਰੀ ਕਿਤਾਬ ਹੈ। ਜਿਸ ਵਿੱਚ ਲਗਭਗ 300 ਕਵੀਆਂ ਦੀਆਂ ਰਚਨਾਵਾਂ ਦਰਜ ਹਨ। ਇਸ ਕਿਤਾਬ ਬਾਰੇ ਗੁਰਭਜਨ ਗਿੱਲ ਕਹਿੰਦੇ ਹਨ ਕਿ ਸਿਰਫ਼ ਇਹ ਪੁਸਤਕ ਨਹੀਂ ਵਕਤ ਦਾ ਦਸਤਾਵੇਜ ਹੈ। ਇਹ ਕਿਤਾਬ ਉੱਪਰ ਪੰਜਾਬ ਦੇ ਅਤੀਤ ਉੱਤੇ ਝਾਤ ਪਾਉਂਦੀ ਹੋਈ, ਪੰਜਾਬੀਆਂ ਦੇ ਜੀਣ ਥੀਣ ਦੇ ਸਦੀਵੀ ਢੰਗ ਨੂੰ, ਪੰਜਾਬੀ ਲੋਕ ਮਨ ਦੀ ਵਿਲੱਖਣਤਾ ਨੂੰ, ਅਣਖ ਆਬਰੂ ਪਿੱਛੇ ਲੜ ਮਰਨ ਵਾਲੀ ਪ੍ਰਵਿਰਤੀ ਨੂੰ ਕਿਸਾਨ ਅੰਦੋਲਨ ਦੇ ਪ੍ਰਸੰਗ ਵਿੱਚ ਚਿਤਰਦੀ ਹੈ। ਇਹ ਕਿਸਾਨੀ ਅੰਦੋਲਨ ਪੰਜਾਬ ਦੇ ਇਤਿਹਾਸ ਅਤੇ ਵਰਤਮਾਨ ਨੂੰ ਜੋੜਨ ਵਾਲਾ ਵਰਤਾਰਾ ਸੀ। ਕਿਸਾਨੀ ਸੰਘਰਸ਼ ਦੀ ਤੀਬਰਤਾ ਲੋਕ ਮਨਾਂ ਉੱਪਰ ਇਸ ਪ੍ਰਕਾਰ ਉੱਕਰੀ ਗਈ, ਕਿ ਪੰਜਾਬੀ ਲੋਕ ਮਨ ਵਿੱਚ ਇੱਕ ਵਾਰੀ ਫੇਰ ਆਪਣੇ ਮਾਣ ਮੱਤੇ ਇਤਿਹਾਸ ਦੀ ਸਿਮਰਤੀ ਨੂੰ ਜਗਾਉਣ ਦਾ ਵਸੀਲਾ ਬਣਿਆ। ਹਰਮੀਤ ਵਿਦਿਆਰਥੀ ਦੀ ਕਵਿਤਾ ਇਸ ਪ੍ਰਸੰਗ ਵਿੱਚ ਵੇਖੀ ਜਾ ਸਕਦੀ ਹੈ :

ਪੋਹ ਦੀਆਂ ਠੰਡੀਆਂ ਰਾਤਾਂ ਵਿੱਚ
ਦਿੱਲੀ ਦੇ ਬਾਡਰਾਂ ਤੇ ਸਾਂਝੀਵਾਲਤਾ ਦਾ ਸੂਰਜ ਮਘਦਾ ਹੈ।
ਮੁਲਕ ਦੀ ਰਾਜਧਾਨੀ ਵਿੱਚ ਫੇਰ ਪੰਜਾਬ ਜਾਗਦਾ ਹੈ।
ਗਾਉਂਦਾ ਹੈ ਢੋਲੇ ਦੀਆਂ ਲਾਉਂਦਾ ਹੈ
ਜੰਗ ਵਿੱਚ ਨੱਚਦਾ ਹੈ ਹੱਸਦਾ ਹੈ
ਚੀਕ ਬੁਲਬੁਲੀ ਮਾਰਦਾ ਹੈ ²

ਕਿਸਾਨੀ ਸੰਘਰਸ਼ ਦੀ ਇਹ ਗਾਥਾ ਸਿਰਫ ਪੰਜਾਬ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਨਹੀਂ ਕਰਦੀ। ਇਸ ਦਾ ਪ੍ਰਭਾਵ ਵਿਸ਼ਵ ਵਪਾਰ ਸੰਗਠਨ (WTO) ਤੱਕ ਦੀ ਸੱਤਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸੰਘਰਸ਼ ਦੀ ਕਹਾਣੀ ਦੁਨੀਆਂ ਦੇ ਨਕਸ਼ੇ ਉੱਪਰ ਅਪਣੇ ਨਿਸ਼ਾਨ ਛੱਡਣ ਵਿੱਚ ਸਫਲ ਰਹੀ। ਇਸ ਨੇ ਸਮੱਚੀ ਦੁਨੀਆਂ ਦੇ ਕਿਰਤੀ ਵਰਗ ਨੂੰ ਸੰਘਰਸ਼ ਕਰਨ ਦਾ ਨਵਾਂ ਤਰੀਕਾ ਅਤੇ ਊਰਜਾ ਦਿੱਤੀ। ਇਹ ਸੰਘਰਸ਼ ਸਾਡੇ ਅਜੋਕੇ ਵਿਕਾਸ ਮਾਡਲ ਉੱਪਰ ਵੀ ਸਵਾਲੀਆ ਨਿਸ਼ਾਨ ਲਾਉਂਦਾ ਹੈ। ਇਸ ਸੰਬੰਧੀ ਪ੍ਰੋ. ਪ੍ਰੀਤਮ ਸਿੰਘ ਲਿਖਦੇ ਹਨ :

ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਸਭ ਤੋਂ ਵੱਡੀ ਇਤਿਹਾਸਕ ਦੇਣ ਹੈ ਕਿ ਇਹ ਸਭ ਨੂੰ ਇਹ ਸੋਚਣ ਅਤੇ ਇਸ ਸਬੰਧੀ ਨੀਤੀਆਂ ਬਣਾਉਣ ਲਈ ਮਜਬੂਰ ਕਰ ਰਹੇ ਹਨ ਕਿ ਕੁਦਰਤ ਤੇ ਸਮਾਜ ਨੂੰ ਤਬਾਹੀ ਤੋਂ ਬਚਾਉਣ ਲਈ ਖੇਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜੋ ਧਰਤੀ ਨਾਲ ਜੁੜੀ ਹੋਈ ਹੈ। ਯੂਰਪ ਤੇ ਭਾਰਤ ਦੇ ਕਿਸਾਨੀ ਸੰਘਰਸ਼ਾਂ ਦੀ ਡੂੰਘੀ ਸਾਂਝ ਦੀਆਂ ਜੜ੍ਹਾਂ ਖੇਤੀ ਬਾਰੇ ਇਸ ਨਵੀਂ ਸੋਚ ਨਾਲ ਜੁੜੀਆਂ ਹਨ। ਖੇਤੀ ਤੇ ਕਿਸਾਨੀ ਨੂੰ ਬਚਾਉਣਾ ਕੁਦਰਤ ਤੇ ਸਮਾਜ ਨੂੰ ਬਚਾਉਣਾ ਹੈ। ਖੇਤੀ ਤੇ ਕਿਸਾਨੀ ਦੀ ਬਰਬਾਦੀ ਦਾ ਰਸਤਾ ਕੁਦਰਤ ਤੇ ਸਮਾਜ ਦੀ ਬਰਬਾਦੀ ਦਾ ਰਸਤਾ ਹੈ। ਇਸ ਦੂਹਰੀ ਤੇ ਇੱਕ ਦੂਜੇ ਨਾਲ ਜੁੜੀ ਬਰਬਾਦੀ ਨੂੰ ਰੋਕਣ ਲਈ ਇਹ ਕਿਸਾਨੀ ਲਹਿਰਾਂ ਇੱਕ ਨਵੀਂ ਉਮੀਦ ਪੈਦਾ ਕਰ ਰਹੀਆਂ ਹਨ। ³

ਦੁਨੀਆਂ ਦੇ ਸਾਹਿਤਕ ਹਲਕਿਆਂ ਵਿੱਚ ਇਸ ਅੰਦੋਲਨ ਦਾ ਪ੍ਰਭਾਵ ਕੁਝ ਇਸ਼ ਕਦਰ ਪਿਆ ਕਿ ਦੁਨੀਆ ਦੇ ਪ੍ਰਮੁੱਖ ਮੈਗ਼ਜੀਨ ਵਿੱਚੋਂ Time, Frontline, Aljazeera ਆਪਣੇ ਫਰੰਟ ਪੇਜ ‘ਤੇ ਇਸ ਸੰਘਰਸ਼ ਦੀਆਂ ਕਥਾਵਾਂ ਨੂੰ ਦਰਸਾਉਂਦੇ ਪੋਸਟਰ ਬਣਾਉਂਦੇ ਹਨ। ਇਹ ਇਸ ਗੱਲ ਦਾ ਇਕ ਪ੍ਰਮੁੱਖ ਕਾਰਨ ਹੈ ਕਿ ਇਸ ਸੰਘਕਸ਼ ਦੇ ਝਰੋਖੇ ਵਿੱਚੋਂ ਉਸ ਫ਼ਲਸਫ਼ੇ ਨੂੰ ਜੀਵੰਤ ਰੂਪ ਵਿੱਚ ਸਾਕਾਰ ਹੋਇਆ ਵੇਖਿਆ ਜਾ ਸਕਦਾ ਹੈ, ਜੋ ਵਿਰਾਸਤ ਗੁਰੂ ਨਾਨਕ ਨੇ ਪੰਜਾਬ ਦੀ ਧਰਤੀ ਨੂੰ ਦਿੱਤੀ। ਗੁਰੂ ਗੋਬਿੰਦ ਸਿੰਘ ਦਾ ਮੈਟਾਫ਼ਰ ਇਸ ਕਿਤਾਬ ਵਿੱਚ ਅਲੱਗ-ਅਲੱਗ ਪ੍ਰਸੰਗਾਂ ਵਿੱਚ ਚਿਤਵਿਆ ਗਿਆ ਨਜ਼ਰ ਆਉਂਦਾ ਹੈ। ਹਰਭਜਨ ਸਿੰਘ ਹੁੰਦਲ ਦੀ ਕਵਿਤਾ ਇਸ ਗੱਲ ਦੀ ਪੈਰਵੀ ਕਰਦੀ ਹੋਈ ਲਿਖਦੀ ਹੈ :

ਖੇਤਾਂ ‘ਚੋਂ
ਸਿਰਾਂ ਦੀ ਫ਼ਸਲ ਉੱਗਣ ਲੱਗੀ ਹੈ
ਘਰਾਂ ਦੇ ਬਨੇਰਿਆਂ ਤੇ
ਨਾਬਰੀ ਦੇ ਸ਼ਮਾਦਾਨ ਰੌਸ਼ਨ ਹੋ ਗਏ
ਇਹ ਕਰਾਮਾਤ ਸ਼ਬਦਾਂ ਦੀ ਸੀ
ਸਤਲੁਜ ਦੇ ਪਾਣੀ ਦੀ
ਕਿ ਅਨੰਦਪੁਰ ਦੀ ਨਾਬਰ ਮਿੱਟੀ ਦੀ ⁴

ਕਿਸਾਨੀ ਸੰਘਰਸ਼ ਦੀ ਗਾਥਾ ਇੰਨੀ ਭਾਵਪੂਰਤ ਰਹੀ, ਕਿ ਇਸ ਅੰਦੋਲਨ ਨੇ ਪੰਜਾਬੀਆਂ ਨੂੰ ਹੀ ਇੱਕ ਮੁੱਠ ਨਹੀਂ ਕੀਤਾ, ਸਗੋਂ ਪੰਜਾਬ ਦੀ ਉਸ ਜੀਵਨ ਜਾਂਚ ਨੂੰ ਜਿਹੜੀ ਵੰਡ ਖਾਣ, ਨਾਮ ਜਪਣ, ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ, ਨੂੰ ਵੀ ਲੋਕ ਚੇਤਨਾ ਵਿੱਚ ਸੁਰਜੀਤ ਕੀਤਾ। ਲੋਕਾਂ ਸਾਹਮਣੇ ਇਸ ਦੀ ਮਿਸਾਲ ਸੰਘਰਸ਼ ਕਰ ਰਹੇ ਲੋਕਾਂ ਨੇ ਇਕ ਸਾਲ ਤੋਂ ਵੀ ਵੱਧ ਸਮਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਦਿੱਤੀ। ਇਸ ਸਬਰ, ਸੰਤੋਖ ਅਤੇ ਸਿਰੜ ਨੇ ਹੀ ਸੱਤਾ ਨੂੰ ਅਪਣੇ ਅੱਗੇ ਝੁਕਾ ਲਿਆ। ਇੱਥੇ ਬੈਠੇ ਲੋਕਾਂ ਵਿੱਚ ਪੰਜਾਬ ਦੀ ਅਪਣੱਤ ਪ੍ਰਤੱਖ ਰੂਪ ਵਿੱਚ ਪ੍ਰਤਿਬਿੰਬਤ ਹੋ ਰਹੀ ਸੀ। ਪੰਜਾਬ ਦੀ ਧਰਤੀ ਤੇ ਇਹਨਾਂ ਕਦਰਾਂ ਕੀਮਤਾਂ ਦਾ ਅਭਿਆਸੀ ਰੂਪ (Living Reflection) ਵੇਖਣ ਨੂੰ ਮਿਲਿਆ। ਇਸ ਕਿਸਾਨੀ ਸੰਘਰਸ਼ ਸਰਬੱਤ ਦੇ ਭਲੇ ਵਾਲੀਆਂ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੀ। ਲੋਕ ਮਨ ਇਸ਼ ਸੰਘਰਸ਼ ਨਾਲ ਇਸ ਕਦਰ ਅੰਦੋਲਿਤ ਹੋਇਆ ਕਿ ਹਰ ਵਿਅਕਤੀ ਚਾਹੇ ਉਹ ਵਿਦੇਸ਼ ਹੀ ਕਿਉਂ ਨਾ ਬੈਠਾ ਹੋਵੇ, ਉਹ ਇਕ ਵਾਰ ਇਸ ਸੰਘਰਸ਼ ਦਾ ਹਿੱਸਾ ਬਣਨਾ ਲੋਚਦਾ ਸੀ। ਹਰਿੰਦਰ ਜੌਹਲ ਦੀ ਕਵਿਤਾ ਇਸ ਪ੍ਰਸੰਗ ਵਿੱਚ ਵਿਚਾਰੀ ਜਾ ਸਕਦੀ ਹੈ :

ਘਰ ਚ ਜਿਵੇਂ ਤੰਬੂ ਦਿਖਦਾ
ਰਸੋਈ ਚ ਲੰਗਰ ਯਾਦ ਆਉਂਦਾ
ਖਾਣਾ ਬਣਾਉਂਦਿਆਂ ਕਈ ਵਾਰ
ਕੋਈ ਬੀਬੀ ਕੋਲੋਂ ਬੋਲਦੀ ਵੇ ਪੁੱਤ
ਉਹ ਫੁਲਕਾ ਥੱਲ ਦੇ ਸੜ ਚੱਲਿਐ
ਬੈਡ ਤੇ ਪਏ ਦੇ ਸਿਰ ਤੇ ਟਰਾਲੀ ਆ ਖੜਦੀ
ਕੰਮ ਤੇ ਵੀ ਕੁਝ ਨਹੀਂ ਸੁੱਝਦਾ
ਨਾਰਿਆਂ ਜੈਕਾਰਿਆਂ ਦੀ ਧੁਨੀ ਤੋਂ ਬਿਨਾ ⁵

ਕਿਸਾਨੀ ਸੰਘਰਸ਼ ਦੇ ਦਰਮਿਆਨ ਪੰਜਾਬ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੀ ਕਿਤਾਬ ਇਹ ਬਾਤ ਮੇਰੀ ਇਨੀ ਹੀ ਨਹੀਂ ਪ੍ਰਕਾਸ਼ਿਤ ਹੁੰਦੀ ਹੈ। ਉਸ ਕਿਤਾਬ ਦਾ ਸਿਰਲੇਖ ਕਿਸਾਨੀ ਸੰਘਰਸ਼ ਦੇ ਵਿਸ਼ਾਲ ਅਰਥਾਂ ਦੀ ਤਕਤੀਹ ਕਰਦਾ ਹੈ। ਦਰਅਸਲ ਇਹ ਬਾਤ ਨਿਰੀ ਏਨੀ ਹੀ ਨਹੀਂ ਇਕ ਮੈਟਾਫ਼ਰ ਹੈ, ਜੋ ਇਸ ਸੰਘਰਸ਼ ਦੇ ਸਰੋਕਾਰਾਂ ਦੀ ਵਿਸ਼ਾਲਤਾ ਵੱਲ ਇਸ਼ਾਰਾ ਕਰਦਾ ਹੈ। ਕਿਉਂਕਿ ਇਸ ਸੰਘਰਸ਼ ਦੇ ਮੁੱਦੇ ਚਾਹੇ ਸਿਕਫ਼ ਕਿਸਾਨੀ ਕੇਂਦਰਿਤ ਲੱਗਦੇ ਹੋਣ, ਪਰ ਇਸ ਸੰਘਰਸ਼ ਦਾ ਪ੍ਰਭਾਵ ਪੇਂਡੂ ਅਰਥਚਾਰੇ, ਸਮਾਜਿਕ ਸੰਰਚਨਾ, ਸਭਿਆਚਾਰਕ ਕਦਰਾਂ ਕੀਮਤਾਂ ਅਤੇ ਪ੍ਰਚਲਿਤ ਵਿਕਾਸ ਮਾਡਲ ਤੱਕ ਜੁੜਿਆ ਹੋਇਆ ਹੈ। ਕਵਿੰਦਰ ਚਾਂਦ ਆਪਣੀ ਜੰਗ ਕਵਿਤਾ ਵਿੱਚ ਲਿਖਦਾ ਹੈ :

ਜੰਗ ਹੁਣ ਸਿਰਫ ਫਸਲਾਂ ਦੇ ਭਾਅ ਦੀ ਨਹੀਂ
ਜੰਗ ਹੁਣ ਸਿਰਫ਼ ਦਿੱਲੀ ਦੇ ਰਾਹ ਦੀ ਨਹੀਂ
ਜੰਗ ਹੁਣ ਹੋਂਦ ਅਣਹੋਂਦ ਦੀ ਹੈ
ਜਿਉਂਦੇ ਦਿਸਣ ਦੀ, ਜਿਉਂਦੇ ਰਹਿਣ ਦੀ ਹੈ।
ਜੰਗ ਖੇਤਾਂ ਵਿੱਚਲੇ ਪਹਿਆਂ ਤੇ ਬਹੁ ਮਾਰਗੀ ਰਾਹਾਂ ਦੀ ਹੈ।
ਹੱਟੀਆਂ ਤੇ ਮੈਗਾ ਮਾਰਟਾਂ ਦੀ ਹੈ
ਭੋਲੇ ਰੱਬਾ ਤੇ ਸ਼ੈਤਾਨਾਂ ਦੀ ਹੈਂ ⁶

ਇਸ ਸੰਘਰਸ਼ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਆਪਣੀ ਇੱਕਜੁੱਟਤਾ ਦਾ ਸਬੂਤ ਦਿੱਤਾ। ਦਿੱਲੀ ਦੀਆਂ ਬਰੂਹਾਂ ਤੇ ਕਰੀਬ ਇਕ ਸਾਲ ਤੱਕ ਸ਼ਾਤੀ ਨਾਲ ਬੈਠ ਕੇ ਆਪਣੇ ਵਿਰੋਧ ਨੂੰ ਦੁਨੀਆ ਦੇ ਇਤਿਹਾਸ ਵਿੱਚ ਦਰਜ ਕੀਤਾ। ਇਸ ਸੰਘਰਸ਼ ਨੇ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ, ਬੰਦਾ ਬਹਾਦਰ, ਗੁਰੂ ਗੋਬਿੰਦ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਆਦਿ ਨੂੰ ਲੋਕਾਂ ਦੀਆਂ ਸਿਮਰਤੀਆਂ ਵਿੱਚ ਫਿਰ ਤੋਂ ਜਗਾਇਆ। ਇਹ ਕਿਸਾਨੀ ਸੰਘਰਸ਼ ਮਾਈ ਭਾਗੋਆਂ ਦੀ ਲਾਲੋਆਂ ਨਾਲ ਲੜਾਈ ਦਾ ਪ੍ਰਤੀਕ ਬਣ ਗਿਆ। ਜਿਸ ਵਿੱਚ ਆਖਰਕਾਰ ਸਿੱਧੜ ਲੋਕ ਜੋ ਭਾਗੋਆਂ ਦੇ ਵਾਰਿਸ ਸਨ, ਜਿੱਤ ਗਏ। ਲਾਲੋਆਂ ਦੀ ਚੁਸਤ ਚਲਾਕੀ ਉਹਨਾਂ ਦੇ ਸਿੱਧੇਪਣ ਅੱਗੇ ਟਿਕ ਨਾ ਸਕੀ ਤੇ ਉਹਨਾਂ ਨੂੰ ਆਪਣੀ ਹਾਰ ਆਪਣੇ ਮੂੰਹੋਂ ਸਵੀਕਾਰਨੀ ਪਈ। ਹਥਲੀ ਕਿਤਾਬ ਵਿੱਚ ਕਰਮਜੀਤ ਸਿੰਘ ਨੂਰ ਇਸ ਗੱਲ ਨੂੰ ਇਸ ਪ੍ਰਕਾਰ ਕਹਿੰਦਾ ਹੈ :

ਪੋਹ ਦੀ ਠੰਡ ਵੀ ਪੋਅ ਨਹੀਂ ਸਕਦੀ ਜੇ ਭਖਦੇ ਹੋਣ ਇਰਾਦੇ
ਨਾਲ ਪਰਬਤਾਂ ਭਿੜ ਜਾਂਦੇ ਨੇ ਬੰਦੇ ਸਿੱਧੇ ਸਾਧੇ
ਉਸ ਦੇਸ਼ ਨੂੰ ਵੇਚਣ ਤੁਰ ਪਏ ਪਿਓ ਦਾ ਮਾਲ ਸਮਝ ਕੇ
ਹੋਏ ਸ਼ਹੀਦ ਜਿਸ ਲਈ ਸਾਡੇ ਦਾਦੇ ਤੇ ਪੜਦਾਦੇ ⁷

ਇਸ ਸੰਘਰਸ਼ ਵਿੱਚ ਔਰਤਾਂ ਦੇ ਯੋਗਦਾਨ ਨੂੰ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਇੱਕ ਸਾਲ ਲੰਬੇ ਚੱਲੇ ਸੰਘਰਸ਼ ਵਿੱਚ ਔਰਤਾਂ ਨੇ ਦੱਸ ਦਿੱਤਾ ਕਿ ਉਹ ਵੀ ਸੰਘਰਸ਼ ਕਰ ਸਕਦੀਆਂ ਹਨ। ਸੰਘਰਸ਼ ਉਹਨਾਂ ਦੇ ਖੂਨ ਵਿੱਚ ਵੀ ਹੈ। ਇਹ ਔਰਤਾਂ ਦੇ ਸੰਘਰਸ਼ ਵਿੱਚ ਮਾਈ ਭਾਗੋ, ਮਾਤਾ ਗੁਜਰੀ, ਬੀਬੀ ਗੁਲਾਬ ਕੌਰ ਵਰਗੀਆਂ ਔਰਤਾਂ ਦੀ ਪ੍ਰਤੀਕਆਤਮਕ ਛੋਹ ਮਹਿਸੂਸ ਕੀਤੀ ਜਾ ਸਕਦੀ ਹੈ। ਘਰਾਂ ਤੋਂ ਦੂਰ ਦਿੱਲੀ ਦੀਆਂ ਬਰੂਹਾਂ ਤੇ ਬੈਠੀਆਂ ਔਰਤਾਂ ਕਿਵੇਂ ਦਿੱਲੀ ਦੀਆਂ ਸੜਕਾਂ ਨੂੰ ਅਪਣੇ ਚੁੱਲੇ-ਚੌਂਕੇ ਵਿੱਚ ਤਬਦੀਲ ਕਰ ਦਿੰਦੀਆਂ ਹਨ। ਇਹ ਇਸ ਸੰਘਰਸ਼ ਦਾ ਸੁਹਜਮਈ ਸਿਖ਼ਰ ਹੈ। ਸੰਘਰਸ਼ ਕਰਦੀਆਂ ਔਰਤਾਂ ਨੂੰ ਵੇਖ ਕੇ ਸਾਨੂੰ ਆਪਣੇ ਇਤਿਹਾਸ ਦੀਆਂ ਸੰਘਰਸ਼ਸ਼ੀਲ ਔਰਤਾਂ ਦੀਆਂ ਕਥਾਵਾਂ ਯਾਦ ਆਉਂਦੀਆਂ ਹਨ। ਕੇਹਰ ਸ਼ਰੀਫ ਅਪਣੀ ਕਵਿਤਾ ਵਿੱਚ ਕੁਝ ਇਸ ਪ੍ਰਕਾਰ ਲਿਖਦਾ ਹੈ :

ਇਹ ਕੋਈ ਸਧਾਰਨ ਜੰਗ ਨਹੀਂ
ਇਤਿਹਾਸ ਦਾ ਲੜ ਫੜ ਕੇ ਬੈਠੇ ਹਨ
ਸਾਰੇ ਮਾਈ ਭਾਗੋ ਤੇ ਮਾਤਾ ਗੁਲਾਬ ਕੌਰ ਦੀਆਂ ਵਾਰਸ ਬੀਬੀਆਂ
ਅੱਜ ਫੇਰ ਜੰਗ ਦੇ ਮੈਦਾਨ ਚ ਉਤਰੀਆਂ ਨੇ ⁸

ਔਰਤਾਂ ਅਪਣੇ ਸੰਘਰਸ਼ ਦੀ ਊਰਜਾ ਸਾਡੀਆਂ ਔਰਤ ਨਾਇਕਾਂ ਦੀ ਸਿਮਰਤੀ ਤੋਂ ਪ੍ਰਾਪਤ ਕਰਦੀਆਂ ਹਨ। ਔਰਤਾਂ ਦਾ ਇਸ ਸੰਘਰਸ ਵਿੱਚ ਸ਼ਾਮਿਲ ਹੋਣਾ ਲਿੰਗਰ ਬਰਾਬਰੀ ਦੀ ਮਹੱਤਵਪੂਰਨ ਮਿਸਾਲ ਹੈ। ਭਾਵੇਂ ਨਾਰੀ ਸ਼ਕਤੀ ਦੀ ਸਰਕਾਰੀ ਨਾਹਰਿਆਂ ਵਿੱਚ ਜ਼ੋਰ ਸ਼ੋਰ ਨਾਲ ਚਰਚਾ ਕੀਤਾ ਜਾਂਦੀ ਹੈ ਪਰ ਅਮਲੀ ਰੂਪ ਵਿੱਚ ਨਾ ਦੇ ਬਰਾਬਰ ਸਿੱਟੇ ਨਿਕਲਦੇ ਹਨ। ਕਿਸਾਨੀ ਸੰਘਰਸ਼ ਦੌਰਾਨ ਮਰਦਾਂ ਦੇ ਬਰਾਬਰ ਖੜੀਆਂ ਔਰਤਾਂ ਵਿੱਚ ਔਰਤ ਸ਼ਕਤੀ ਦੀ ਜੀਵੰਤ ਮਿਸਾਲ ਹੈ। ਜਿੰਨਾਂ ਔਰਤਾਂ ਨੂੰ ਚੌਕਿਆਂ ਚੁੱਲ੍ਹਿਆਂ ਤੋਂ ਵਿਹਲ ਨਹੀਂ ਸੀ। ਔਰਤਾਂ ਇਸ ਅੰਦੋਲਨ ਵਿੱਚ ਤਰਕ ਵਿਤਰਕ, ਭਾਸ਼ਣ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਸ਼ਮਸ਼ੇਰ ਸਿੰਘ ਆਪਣੇ ਖੋਜ ਪੱਤਰ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਨੋਟਿਸ ਲੈਂਦਾ ਹੈ। ਇਸ ਪ੍ਰਸੰਗ ਵਿੱਚ ਇਹ ਮਤ ਵੇਖਿਆ ਜਾ ਸਕਦਾ ਹੈ :

The movement also influenced in a positive way socio-cultural aspects of the regions that were the epicentres of this struggle. Take gender relations, for example. A relatively high participation of women in the public and social sphere, in many cases in leading roles, had a positive impact on gender equality, at least during the period of the protests. As Subhashini Ali of the All-India Democratic Women's' Association (AIDWA) noted, The roots of the movement are very deep and the way local toll plazas are organising themselves with the active participation and leadership of women is going to impact the social status of women in a positive way in the long term. ⁹

ਔਰਤਾਂ ਦੇ ਨਾਲ ਨਾਲ ਨੌਜਵਾਨ ਵਰਗ ਵੀ ਇਸ ਸੰਘਰਸ਼ ਵਿੱਚ ਪਿੱਛੇ ਨਹੀਂ ਰਿਹਾ। ਨੌਜਵਾਨਾਂ ਦਾ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣਾ ਉਡਤਾ ਪੰਜਾਬ ਮਾਰਕਾ ਬਿਰਤਾਂਤ ਨੂੰ ਮੂੰਹ ਤੋੜਵਾਂ ਜਵਾਬ ਸੀ। ਨੌਜਵਾਨਾਂ ਦੇ ਸੰਘਰਸ਼ ਵਿੱਚੋ ਦੁੱਲਾ ਭੱਟੀ, ਹਰੀ ਸਿੰਘ ਨਲੂਆ ਬੰਦਾ ਬਹਾਦਰ ਵਰਗੇ ਸੂਰਮਿਆਂ ਤੇ ਪ੍ਰਤੀਬਿੰਬ ਨੂੰ ਵੇਖਿਆ ਜਾ ਸਕਦਾ ਹੈ। ਇਹ ਸੰਘਰਸ਼ ਵਿੱਚ ਜਿੱਥੇ ਹਰ ਵਰਗ ਦੇ ਲੋਕ ਸ਼ਾਮਿਲ ਸਨ, ਉੱਥੇ ਹੀ ਹਰ ਉਮਰ ਦੇ ਲੋਕ ਆਪਣਾ ਯੋਗਦਾਨ ਪਾ ਰਹੇ ਸਨ। ਨੌਜਵਾਨ ਵਰਗ ਨੇ ਆਪਣੀ ਸੂਝ ਸਿਆਣਪ ਅਤੇ ਅਨੁਸ਼ਾਸਨ ਦਾ ਸਬੂਤ ਇਹ ਸੰਘਰਸ਼ ਵਿੱਚ ਬਾਖੂਬ ਦਿੱਤਾ। ਇਹ ਸਬਰ ਇੱਕ ਕਿਸਾਨ ਨੂੰ ਗੁੜਤੀ ਵਿੱਚ ਹੀ ਮਿਲ ਜਾਂਦਾ ਹੈ। ਸਬਰ, ਸੰਤੋਖ ਉਸਦੀ ਜੀਨਵ ਜਾਂਚ ਦਾ ਪ੍ਰਮੁੱਖ ਪਹਿਲੂ ਹੈ। ਇਸ ਨੂੰ ਨਵਤੇਜ ਭਾਰਤੀ ਦੀ ਕਵਿਤਾ ਵਿੱਚ ਪ੍ਰਸਤੁਤ ਹੋਇ ਵੇਖਿਆ ਜਾ ਸਕਦਾ ਹੈ :

ਕਣਕ ਜਿਹੜੀ ਅਸੀਂ
ਅੱਜ ਬੀਜੀ ਹੈ
ਅੱਧੇ ਵਰ੍ਹੇ ਨੂੰ ਖਾਵਾਂਗੇ, ਇਹਦੀ ਰੋਟੀ
ਖੇਤਾਂ ਦੀ ਮਿੱਟੀ ਜਾਣਦੀ ਹੈ
ਸਾਡਾ ਸਬਰ ਕਿੰਨਾ ਲੰਬਾ ਹੈ ¹⁰

ਲੋਕ ਕਾਵਿ ਰੂਪ ਹਮੇਸ਼ਾ ਹੀ ਕਿਸੇ ਸਮਾਜ ਦੀ ਸਮੂਹਿਕ ਅਭਿਵਿਅਕਤੀ ਦਾ ਸਟੀਕ ਅਤੇ ਮਨਮੋਹਕ ਸਾਧਨ ਰਹੇ ਹਨ। ਪੰਜਾਬੀ ਲੋਕ ਮਨ ਹਮੇਸ਼ਾਂ ਇਹਨੇ ਦੇ ਮਾਧਿਅਮ ਰਾਹੀਂ ਆਪਣੇ ਆਪੇ ਨੂੰ ਵਿਅਕਤ ਕਰਦਾ ਹੈ। ਇਹ ਸੰਘਰਸ਼ ਦਾ ਪੰਜਾਬੀ ਲੋਕ ਮਨ ਉੱਪਰ ਜੋ ਪ੍ਰਭਾਵ ਪਿਆ ਉਸੇ ਦੇ ਨਤੀਜੇ ਵਜੋਂ ਬਹੁਤ ਸਾਰਾ ਫੋਕ ਸਿਰਜਿਆ ਗਿਆ। ਪ੍ਰਚਲਿਤ ਲੋਕ ਕਾਵਿ ਰੂਪਾਂ ਵਿੱਚ ਇਸ ਸੰਘਰਸ਼ ਦੀ ਗਾਥਾ ਨੂੰ ਸਿਰਜਿਆ ਅਤੇ ਗਾਇਆ ਗਿਆ। ਇਹ ਕਾਵਿ ਰੂਪ ਬੋਲੀਆਂ, ਟੱਪੇ, ਦੋਹਿਆਂ ਦੇ ਰੂਪ ਵਿੱਚ ਬਾਡਰਾਂ ਉੱਪਰ ਬੈਠੇ ਲੋਕਾਂ ਦੇ ਮੂੰਹੋਂ ਆਮ ਸੁਣਾਈ ਦੇ ਰਹੇ ਸਨ। ਚਰਚਾ ਅਧੀਨ ਪੁਸਤਕ ਵਿੱਚ ਇਹ ਲੋਕ ਕਾਵਿ ਰੂਪਾਂ ਦੀ ਵੰਨਗੀਆਂ ਵੀ ਵੇਖੀਆਂ ਜਾ ਸਕਦੀਆਂ ਹਨ। ਇਸ ਕਿਤਾਬ ਵਿੱਚ ਗੁਰਭਜਨ ਗਿੱਲ ਦੇ ਟੱਪੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ :
- ਤੈਨੂੰ ਲੱਗਦੇ ਅਮੀਰ ਪਿਆਰੇ,
ਸੁਣੇ ਨਾ ਕਿਸਾਨੀ ਦੁੱਖੜੇ
- ਤੇਰੇ ਦਾਨ ਦੀ ਲੋੜ ਨਾ ਕੋਈ,
ਤੂੰ ਮਿਹਨਤਾਂ ਦਾ ਮੁੱਲ ਮੋੜ ਦੇ
- ਤੂੰ ਤੇ ਹੱਸਦਾ ਰਾਵਣੀ ਹਾਸਾ,
ਤੇ ਗੱਲ ਕਰੇ ਰਾਮ ਰਾਜ ਦੀ ¹¹

ਇਹਨਾਂ ਟੱਪਿਆਂ ਦੀ ਲਗਾਤਾਰਤਾ ਵਿੱਚ ਗੁਰਦਿਆਲ ਰੋਸ਼ਨ ਦੀ ਕਵਿਤਾ ਅਸੀਂ ਮੋਰਚੇ ਸੰਭਾਲਾਂਗੀਆਂ ਪਿੰਡ ਦੇ ਸ਼ਾਮਿਲ ਹੈ। ਜਿਸ ਕਵਿਤਾ ਵਿੱਚ ਕਿੱਸਿਆਂ ਵਾਲੀ ਰਵਾਨਗੀ, ਲੈਅ, ਤਾਲ ਵੇਖੀ ਜਾ ਸਕਦੀ ਹੈ। ਇਸ ਕਵਿਤਾ ਦੀਆਂ ਕੁਝ ਸਤਰਾਂ ਨੂੰ ਵੇਖਿਆ ਜਾ ਸਕਦਾ ਹੈ :

ਸਾਡੇ ਉੱਤੇ ਵਿਸ਼ਵਾਸ ਪੂਰਾ ਰੱਖਣਾ,
ਖੇਤ ਪੁੱਤਾਂ ਵਾਂਗੂੰ ਪਾਲਾਂਗੀਆਂ ਪਿੰਡ ਦੇ
ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ,
ਅਸੀਂ ਮੋਰਚੇ ਸੰਭਾਲਾਂਗੀਆਂ ਪਿੰਡ ਦੇ ¹²

ਪੰਜਾਬੀ ਵਿੱਚ ਇੱਕ ਅਖਾਣ ਕਿ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਣੇ ਹੋਏ ਪੰਜਾਬੀ ਜਦੋਂ ਵੀ ਲੜੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੜੇ। ਸਵਾ ਲੱਖ ਨਾਲ ਇੱਕ ਲੜਨਾ ਸਾਡੀ ਸੂਰਮਤਾਈ ਦੀ ਵਿਰਾਸਤ ਹੈ। ਲੜਨ ਵੇਲੇ ਸਾਡੀ ਗਿਣਤੀ ਸਾਡੀ ਜਿੱਤ ਤੈਅ ਨਹੀਂ ਕਰਦੀ, ਸਾਡੇ ਇਰਾਦੇ ਤੈਅ ਕਰਦੇ ਹਨ। ਇਸ ਗੱਲ ਦੀਆਂ ਅਨੇਕਾਂ ਮਿਸਾਲਾਂ ਪੰਜਾਬ ਦੀ ਤਾਰੀਖ਼ ਵਿੱਚ ਦਰਜ ਹਨ। ਪੰਜਾਬੀਆਂ ਨੇ ਅਨੇਕਾਂ ਲੜਾਈਆਂ ਇਸੇ ਹੀ ਵਿਚਾਰ ਬਲਬੂਤੇ ਲੜੀਆਂ ਹਨ। ਕਿਸਾਨੀ ਸੰਘਰਸ਼ ਵੀ ਇਹਨਾਂ ਲੜਾਈਆਂ ਵਿੱਚੋਂ ਇਕ ਹੈ। ਜਿਸ ਵਿੱਚ ਲੋਕ ਇੱਕੋ ਵੇਲੇ ਆਪਣੇ ਇਤਿਹਾਸ ਨੂੰ ਚੇਤੇ ਧਰਦੇ ਹੋਏ ਵਰਤਮਾਨ ਦੀ ਲੜਾਈ ਲਈ ਸੇਧ ਪ੍ਰਾਪਤ ਕਰਦੇ ਵਿਖਾਈ ਦਿੰਦੇ ਹਨ। ਜ਼ੋਰਾਵਰ ਸਿੰਘ ਨੂਰ ਦੀ ਕਵਿਤਾ ਇਸ ਗੱਲ ਦੀ ਪ੍ਰੋੜਤਾ ਕਰਦੀ ਵਿਖਾਈ ਦਿੰਦੀ ਹੈ :

ਜ਼ੁਲਮ ਵਾਲੇ ਦੌਰ ਵਿੱਚ
ਕਦੇ ਚਮਕੌਰ ਵਿੱਚ
ਕਦੇ ਸਰਹੰਦ ਵਿੱਚ
ਚਿਣੇ ਖੂਨੀ ਕੰਧ ਵਿੱਚ
ਮਾਰਨ ਵਾਲੇ ਮੁੱਕ ਗਏ
ਆਪਾਂ ਹਲੇ ਖੜੇ ਆਂ ¹³

ਧਰਤ ਵੰਗਾਰੇ ਤਖ਼ਤ ਨੂੰ 2020-21 ਦੇ ਕਿਸਾਨ ਅੰਦੋਲਨ ਦਾ ਸਿਰਫ਼ ਸਾਹਿਤਕ ਦਸਤਾਵੇਜ਼ ਨਹੀਂ, ਸਗੋਂ ਪੰਜਾਬੀ ਲੋਕ-ਚੇਤਨਾ ਦਾ ਇਤਿਹਾਸਕ ਦਰਪਣ ਹੈ। ਇਸ ਕਿਤਾਬ ਵਿੱਚ ਸ਼ਾਮਿਲ ਕਵਿਤਾਵਾਂ ਵਿੱਚੋਂ ਕਾਫ਼ੀ ਕਵਿਤਾਵਾਂ ਵਾਰਤਕ ਦੇ ਪ੍ਰਭਾਵ ਵਾਲੀਆਂ ਜ਼ਰੂਰ ਜਾਪਦੀਆਂ ਹਨ। ਜਿਸ ਕਾਰਨ ਇਹਨਾਂ ਦੇ ਕਾਵਿਕ ਪ੍ਰਭਾਵ ਦੀ ਤੀਬਰਤਾ ਘੱਟ ਹੋ ਜਾਂਦੀ ਹੈ। ਇਸ ਗੱਲ ਬਾਰੇ ਕਿਤਾਬ ਦਾ ਸੰਪਾਦਕ ਇਕਬਾਲ ਕਰਦਾ ਹੈ :

ਦਿੱਲੀ ਬਾਰਡਰ ‘ਤੇ ਲੱਗੇ 2020-21 ਕਿਸਾਨ ਮੋਰਚੇ ਦੌਰਾਨ ਵੱਖ-ਵੱਖ ਪੰਜਾਬੀ ਕਵੀਆਂ ਦਾ ਤੱਟ-ਫੱਟ ਪ੍ਰਤੀਕਰਮ ਹੈ ਇਹ ਕਾਵਿ ਸੰਗ੍ਰਿਹ। ਇਸ ਵਿੱਚ ਮਹਿੰਗੇ ਮਾਣਕ ਮੋਤੀ ਵੀ ਹਨ ਤੇ ਮੇਰੇ ਵਰਗਿਆਂ ਦੇ ਤੱਤ-ਭੜੱਤੇ ਉੱਘੜ-ਦੁੱਘੜੇ ਮੁੰਜ ਦੀ ਰੱਸੀ ਵਿੱਚ ਪਰੁੱਚੇ ਮਣਕਿਆਂ ਵਰਗੇ ਬੋਲ ਵੀ। ¹⁴

ਗੁਰਭਜਨ ਗਿੱਲ ਕਿਤਾਬ ਦੀ ਭੂਮਿਕਾ ਵਿੱਚ ਇਸ ਗੱਲ ਨੂੰ ਵੀ ਸਵੀਕਾਰਦੇ ਹਨ ਕਿ ਸਾਰੀ ਕਵਿਤਾ ਛਪਣਯੋਗ ਨਹੀਂ ਆਉਂਦੀ ਕੁਝ ਕਵਿਤਾ ਸਾਂਭਣ ਯੋਗ ਵੀ ਹੁੰਦੀ ਹੈ। ਜਿਸ ਕਰਕੇ ਇਹ ਕਵਿਤਾ 1100 ਪੰਨਿਆਂ ਤੋਂ 400 ਪੰਨਿਆਂ ਤੱਕ ਆ ਗਈ। ਕਿਤਾਬ ਵਿੱਚ ਪ੍ਰਕਾਸ਼ਿਤ ਕਵਿਤਾ ਵਿੱਚ ਕਾਂਟ-ਛਾਂਟ ਦੇ ਬਾਵਜੂਦ ਵੀ ਕੁਝ ਬਚੀ ਰਹਿ ਗਈ ਹੈ। ਇਸਦੇ ਬਾਵਜੂਦ ਇਹ ਕਵਿਤਾ ਅਪਣੇ ਆਸ਼ੇ ਦੀ ਪੂਰਤੀ ਵਿੱਚ ਬਿਲਕੁਲ ਸਫ਼ਲ ਹੈ, ਇਸ ਉਦੇਸ਼ ਤਤਕਾਲੀ ਇਤਿਹਾਸਕ ਸੰਘਰਸ਼ ਨੂੰ ਕਾਵਿਕ ਕੈਨਵਸ ਤੇ ਚਿੱਤਰਨਾ ਸੀ।

ਇਸ ਵਿੱਚ ਸ਼ਾਮਲ ਤਿੰਨ ਸੌ ਦੇ ਨੇੜੇ ਕਵੀਆਂ ਦੀਆਂ ਰਚਨਾਵਾਂ ਇੱਕ ਸੁਰ ਵਿੱਚ ਗਵਾਹੀ ਭਰਦੀਆਂ ਹਨ ਕਿ ਇਹ ਸੰਘਰਸ਼ ਸਿਰਫ਼ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਤੱਕ ਸੀਮਤ ਨਹੀਂ ਸੀ। ਇਹ ਉਪਜ ਦੀ ਲੁੱਟ, ਕਿਰਤ ਦੀ ਤੌਹੀਨ, ਕਾਰਪੋਰੇਟ ਹਵਸ ਅਤੇ ਲੋਕਤੰਤਰ ਦੀ ਰਾਖੀ ਦਾ ਪ੍ਰਸ਼ਨ ਸੀ। ਉਹ ਸੰਘਰਸ਼ ਲੋਕਾਂ ਦੀਆਂ ਜਾਤੀ, ਵਰਗੀ, ਖੇਤਰੀ, ਧਾਰਮਿਕ, ਸਭਿਆਚਾਰਕ ਪਛਾਣਾਂ ਦੇ ਬਾਵਜੂਦ ਵੀ ਇਕ ਮੰਚ ਤੇ ਇੱਕਠੇ ਕਰਨ ਵਿੱਚ ਸਫ਼ਲ ਰਿਹਾ। ਸਾਹਿਤ ਸਿਰਜਣ ਨੇ ਕਵਿਤਾ, ਟੱਪੇ, ਬੋਲੀਆਂ ਤੇ ਗੀਤਾਂ ਨੇ ਇਸ ਨੂੰ ਰਾਜਨੀਤੀ ਦੀ ਥਾਂ ਲੋਕ-ਸਭਿਆਚਾਰ ਦਾ ਮੁੱਦਾ ਤੱਕ ਵਿਸ਼ਾਲ ਕਰ ਦਿੱਤਾ। ਇਹ ਅੰਦੋਲਨ ਸਾਡੇ ਵਿਕਾਸ ਦੇ ਮਾਡਲ ਦੀਆਂ ਊਣਤਾਈਆਂ ਬਾਰੇ ਲੋਕਾਂ ਨੂੰ ਚੇਤਨ ਕਰਨ ਵਾਲੀ ਸਭ ਤੋਂ ਵੱਡੀ ਲਹਿਰ ਦਾ ਰੂਪ ਲੈ ਗਿਆ ਸੀ। ਜਿਸ ਦਾ ਪ੍ਰਮਾਣ ਉਕਤ ਕਿਤਾਬ ਵਿੱਚ ਦਰਜ ਰਚਨਾਵਾਂ ਵਿੱਚੋਂ ਵੇਖਿਆ ਜਾ ਸਕਦਾ ਹੈ। ਧਰਤ ਵੰਗਾਰੇ ਤਖ਼ਤ ਨੂੰ ਕਿਤਾਬ ਪੰਜਾਬੀਆਂ ਦੁਆਰਾ ਲੜੇ ਮਾਣਮੱਤੇ, ਵਿਸ਼ਾਲ ਅਤੇ ਸ਼ਾਂਤਮਈ ਸੰਘਰਸ਼ ਦੀ ਗਾਥਾ ਨੂੰ ਸੰਭਾਲਣ ਵਾਲਾ ਅਹਿਮ ਦਸਤਾਵੇਜ਼ ਹੈ।

ਲੇਖਕਾਂ ਦਾ ਵੇਰਵਾ

ਪ੍ਰੋ. ਨਰੇਸ਼ ਕੁਮਾਰ
ਪ੍ਰੋਫ਼ੈਸਰ ਅਤੇ ਮੁਖੀ
ਪੰਜਾਬੀ ਅਤੇ ਡੋਗਰੀ ਵਿਭਾਗ
ਈਮੇਲ – nareshaman2002@hpcu.ac.in

ਅਮ੍ਰਿਤਪਾਲ ਸਿੰਘ
ਖੋਜਾਰਥੀ
ਪੰਜਾਬੀ ਅਤੇ ਡੋਗਰੀ ਵਿਭਾਗ
ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼
ਧਰਮਸ਼ਾਲਾ।
ਈਮੇਲ – amritmander92@gmail.com

ਹਵਾਲੇ ਅਤੇ ਟਿੱਪਣੀਆਂ

1. ਮੇਹਰ ਮਾਣਕ, ਸੱਤਾ ਸਮਾਜ ਤੇ ਕਿਸਾਨ ਅੰਦੋਲਨ, ਪੰਜਾਬੀ ਟ੍ਰਿਬਿਊਨ, 11 ਜਨਵਰੀ 2025।
2. ਸਰਦਾਰਾ ਸਿੰਘ ਜੌਹਲ, Public Time Punjab,
https://youtu.be/TfQgF9oM3jE?si=2WJMv5F_5Ha1pnpg
2. ਗੁਰਭਜਨ ਗਿੱਲ, ਧਰਤਿ ਵੰਗਾਰੇ ਤਖ਼ਤ ਨੂੰ, ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ, 2025, ਪੰਨਾ 131।
3. ਪ੍ਰੋ. ਪ੍ਰੀਤਮ ਸਿੰਘ, ਯੂਰਪੀ ਅਤੇ ਭਾਰਤੀ ਕਿਸਾਨੀ ਅੰਦੋਲਨਾਂ ਦੀ ਡੂੰਘੀ ਸਾਂਝ, ਪੰਜਾਬੀ ਟ੍ਰਿਬਿਊਨ, 03 ਮਾਰਚ 2024।
4. ਧਰਤਿ ਵੰਗਾਰੇ ਤਖ਼ਤ ਨੂੰ, ਪੰਨਾ 136।
5. ਉਹੀ, ਪੰਨਾ 155।
6. ਉਹੀ, ਪੰਨਾ 160।
7. ਉਹੀ, ਪੰਨਾ 178।
8. ਉਹੀ, ਪੰਨਾ 171।
9. Review of Agrarian Studies, vol 12, No.1,
https://doi.org/10.25003/RAS.12.01.0012
10. ਧਰਤਿ ਵੰਗਾਰੇ ਤਖ਼ਤ ਨੂੰ, ਪੰਨਾ 257।
11. ਉਹੀ, ਪੰਨਾ 187।
12. ਉਹੀ, ਪੰਨਾ 212।
13. ਉਹੀ, ਪੰਨਾ 226।
14. ਉਹੀ, ਪੰਨਾ 11।