Zuhair Kunjahi ਜ਼ੁਹੇਰ ਕੁੰਜਾਹੀ
ਨਾਂ-ਮੁਹੰਮਦ ਸਾਦਿਕ ਚੁਗ਼ਤਾਈ, ਕਲਮੀ ਨਾਂ-ਜ਼ੁਹੇਰ ਕੁੰਜਾਹੀ,
ਜਨਮ ਤਾਰੀਖ਼, 12 ਜੂਨ 1933, ਜਨਮ ਸਥਾਨ, ਕੁੰਜਾਹ, ਜ਼ਿਲਾ ਗੁਜਰਾਤ,
ਵਿਦਿਆ-ਐਮ.ਏ., ਐਮ. ਫ਼ਿਲ, ਫ਼ਾਜ਼ਿਲ ਉਰਦੂ, ਫ਼ਾਰਸੀ, ਕਿੱਤਾ-ਅਧਿਆਪਨ,
ਪਤਾ-ਚੁਗ਼ਤਾਈ ਬਸੇਰਾ ਢੇਰੀ ਹਸਨ ਆਬਾਦ ਰਾਵਲਪਿੰਡੀ ਕੈਂਟ,
ਛਪੀਆਂ ਕਿਤਾਬਾਂ-ਅੱਖਰਾਂ ਵਿਚ ਗੁਲਾਬ (ਪੰਜਾਬੀ
ਸ਼ਾਇਰੀ), ਯਾਦਾਂ ਦੇ ਪਿਛੋਕੜ (ਪੰਜਾਬੀ ਸ਼ਾਇਰੀ), ਤਾਂਘ ਦੀ ਸਿੱਕ (ਪੰਜਾਬੀ ਸ਼ਾਇਰੀ),
ਗੁਲਕਦਾ (ਉਰਦੂ ਸ਼ਾਇਰੀ), ਸੋਜ਼ੇ ਫ਼ੁਰਕਤ (ਉਰਦੂ ਸ਼ਾਇਰੀ), ਮੁਜ਼ਰਾਬੇ ਫ਼ਿਕਰ (ਉਰਦੂ
ਸ਼ਾਇਰੀ), ਤੇਰਾ ਆਈਨਾ ਹੂੰ ਮੈਂ (ਉਰਦੂ ਸ਼ਾਇਰੀ), ਸੂਰਤੇ ਇਜ਼ਹਾਰ (ਉਰਦੂ ਗ਼ਜ਼ਲ)
ਇਰਫ਼ਾਨੇ ਮਹਿਲ (ਉਰਦੂ ਨਾਵਲ), ਪਹਿਚਾਣ ਕਾ ਸਫ਼ਰ (ਉਰਦੂ ਨਜ਼ਮ) ।
ਪੰਜਾਬੀ ਗ਼ਜ਼ਲਾਂ (ਅੱਖ਼ਰਾਂ ਵਿਚ ਗੁਲਾਬ 2007 ਵਿੱਚੋਂ) : ਜ਼ੁਹੇਰ ਕੁੰਜਾਹੀ
Punjabi Ghazlan (Akkhran Vich Gulab 2007) : Zuhair Kunjahi
ਪਿਆਰ ਦੇ ਲੇਖੇ ਜਦ ਵੀ ਯਾਰੋ
ਪਿਆਰ ਦੇ ਲੇਖੇ ਜਦ ਵੀ ਯਾਰੋ, ਜ਼ਿੱਲਤ ਤੇ ਰੁਸ਼ਵਾਈ ਹੋਵੇ । ਬੰਦਾ ਅੰਦਰੋਂ ਟੁੱਟ ਜਾਂਦਾ ਏ, ਭਾਵੇਂ ਮੌਤ ਨਾ ਆਈ ਹੋਵੇ । ਥਲ ਬਣ ਜਾਂਦੇ ਕੋਠੇ ਕਿੱਲੇ, ਰੁੱਖ ਸਰੀਰ ਬਹਾਰਾਂ, ਅੰਦਰੋ-ਅੰਦਰ ਭਾਂਬੜ ਮੱਚਦੇ, ਅੱਗ ਨਾ ਭਾਵੇਂ ਲਾਈ ਹੋਵੇ । ਲਹੂ-ਦਰਿਆ ਜਦ ਚਿੱਟਾ ਹੋਵੇ, ਪੁੱਤਰ ਮਾਪੇ ਛੱਡ ਦਿੰਦੇ ਨੇ, ਮਾਂ ਜਾਈ ਹੀ ਕੰਮ ਆਉਂਦੀ ਏ, ਭਾਵੇਂ ਪੀੜ ਪਰਾਈ ਹੋਵੇ । ਦੁੱਖਾਂ ਵਾਲੀਆਂ ਵਾਟਾਂ ਉੱਤੇ, ਕੀ ਰੋਣਾ ਕੀ ਧੋਣਾ ਯਾਰੋ, ਟੁਰ ਪੈਂਦੇ ਤਾਂ ਮੁੜ ਨਾ ਤੱਕਦੇ, ਭਾਵੇਂ ਰਾਹ ਵਿਚ ਖਾਈ ਹੋਵੇ । ਅੱਜ ਦਾ ਵੇਲਾ ਅੱਜ ਦੀ ਗੱਲ ਏ ਘੜੀ-ਘੜੀ ਦਾ ਮੈਲਾ ਪਲ ਏ, ਪਲ ਮੈਲੇ ਵਿਚ ਕੌਣ ਕਿਸੇ ਦਾ, ਭਾਵੇਂ ਸੱਕਾ ਭਾਈ ਹੋਵੇ । ਇੱਕ ਬੰਦੇ ਦੀ ਖ਼ਾਤਰ ਮੈਨੂੰ, ਦੁਨੀਆਂ ਸਾਰੀ ਛੱਡ ਚੱਲੀ ਏ, ਹੁਸਨ ਦਾ ਪੱਲਾ ਹੁਣ ਵੀ ਭਾਰੀ, ਇਸ਼ਕ ਪਿਆ ਸੌਦਾਈ ਹੋਵੇ । ਇਸ਼ਕ ਦਾ ਤਪ ਜਦ ਚੜ੍ਹ ਜਾਂਦਾ ਏ, ਫੇਰ ਕਦੀ ਨਾ ਲਹਿੰਦਾ ਏ, ਖੁਰਦਾ-ਖੁਰਦਾ ਖੁਰ ਜਾਂਦਾ ਏ, ਭਾਵੇਂ 'ਜ਼ੁਹੇਰ ਕੁੰਜਾਹੀ' ਹੋਵੇ ।
ਵਿੱਚ ਚੁਰਾਹੇ ਆਦਮ ਡਿਗਿਆ
ਵਿੱਚ ਚੁਰਾਹੇ ਆਦਮ ਡਿਗਿਆ ਲੂੰ-ਲੂੰ ਲਹੂ ਲੁਹਾਨ, ਕੋਈ ਨਾ ਉਹਨੂੰ ਰੋਵਣ ਵਾਲਾ ਵਾਹ ਮੌਲਾ ਦੀ ਸ਼ਾਨ । ਜਹੜੇ ਦਿਲ ਦੇ ਵਿਚ ਰਹਿੰਦੇ ਸਨ ਖ਼ਾਲੀ ਕਰ ਗਏ ਘਰ, ਸੁੰਝੇ ਵਿਹੜੇ ਖ਼ਾਲੀ ਕੋਠੇ ਰਹਿ ਗਏ ਵਿਚ ਮੈਦਾਨ । ਸਾਂਝ ਸਵੇਰ ਹਨੇਰੇ ਅੰਦਰ ਰਾਹੀ ਜਾਂਦੇ ਦੇਖ, ਸ਼ਾਮ ਪਈ ਆਏ ਪਰਛਾਵੇਂ ਕਿਧਰ ਗਏ ਇਨਸਾਨ । ਮੈਂ ਰੋਗੀ ਆਂ ਮੈਂ ਬਨਵਾਸੀ ਮੈਂ ਹਾਂ ਇਕ ਫ਼ਕੀਰ, ਵੱਟੇ ਖਾ ਕੇ ਹੋਣ ਨਰੋਏ ਮੇਰੇ ਨੈਣ-ਪਰਾਣ । ਸੋਚਾਂ ਕੁੱਠੀਆਂ ਚੇਤੇ ਭੁੱਲੇ ਰੋਵਾਂ ਜ਼ਾਰੋ-ਜ਼ਾਰ, ਮੇਰੀ ਝੋਲੀ ਸੁੱਕੇ ਪੱਥਰ ਝੂਠੀ ਸ਼ਾਨ-ਗੁਮਾਨ । ਸਿਰ ਤੇ ਸੁੱਖ ਦਾ ਸੂਰਜ ਚੜ੍ਹਦਿਆਂ ਗ਼ਮ ਦੀ ਆਈ ਸ਼ਾਮ, ਵੇਖੋ ਕਦ ਹੁਣ ਪਹੁ ਫਟਦੀ ਏ ਕਦ ਲੱਭਦੇ ਅਸਮਾਨ । ਵੇਲਾ ਤੇ ਬਘਿਆੜ ਏ ਵੀਰਾ ਕਦ ਬੰਦੇ ਦਾ ਮੀਤ, ਇਹ ਦੁਨੀਆ ਏ ਜੰਗਲ ਸਾਰੀ ਉੱਚੀ ਰੱਖ ਮਚਾਨ । ਵੱਸੇ ਬੱਦਲ ਰੁੱਤਾਂ ਬਦਲੀਆਂ ਗਈ ਨਾ ਭੁੱਖ 'ਜ਼ੁਹੇਰ' ਵਰ੍ਹਿਆਂ ਪਹਿਲਾਂ ਬੁੱਢਾ ਹੋਇਆ ਦੇਸ ਦਾ ਹਰ ਜਵਾਨ ।
ਹਰ ਪਾਸੇ ਏ ਘੁੱਪ ਹਨੇਰਾ
ਹਰ ਪਾਸੇ ਏ ਘੁੱਪ ਹਨੇਰਾ ਪਤਝੜ ਜਿਹੀ ਬਹਾਰ । ਰੱਬਾ ਤੂੰ ਈ ਦੱਸ ਕਿਉਂ ਸਾਰਾ ਦੁਖੀਆ ਏ ਸੰਸਾਰ । ਅੱਜ ਮੈਂ ਸੜਕਾਂ ਉੱਤੇ ਰੁਲਦਾ ਜੀਵੇਂ ਵਾਵਰੋਲਾ, ਅੱਜ ਮੈਂ ਕੋਲੋਂ ਲੁਕਦੀ ਫਿਰਦੀ ਵੰਗਾਂ ਦੀ ਛਣਕਾਰ । ਉਹ ਅਲਬੇਲੀ ਨਾਰ ਸੀ ਖ਼ਵਰੇ ਕਿਸ ਦਰਿਆ ਦਾ ਪਾਣੀ, ਉਹਦੀ ਜ਼ੁਲਫ਼ ਝਨ੍ਹਾਂ ਦੀਆਂ ਲਹਿਰਾਂ ਅੱਖ ਉਹਦੀ ਪਤਵਾਰ । ਧੁੱਪ ਦੀਆਂ ਲਿਸ਼ਕਾਂ ਰੂਪ ਵਧਾਵਣ ਅੱਖੀਆਂ ਨੂੰ ਪਰਚਾਵਣ, ਸੱਧਰਾਂ ਦੇ ਪਰਛਾਵੇਂ ਹੇਠਾਂ ਕੌਣ ਕਿਸੇ ਦਾ ਯਾਰ । ਆਪਣੇ ਘਰ ਦਾ ਆਪ ਪਰਾਹੁਣਾ, ਦੇਸ ਦੇ ਵਿਚ ਪਰਦੇਸੀ, ਨਾ ਮੈਂ ਆਪਣਾ ਦੁਸ਼ਮਣ ਯਾਰੋ ਨਾ ਮੈਂ ਆਪਣਾ ਯਾਰ । ਇਸ਼ਕੇ ਦੀ ਅੱਗ ਲਾਟਾਂ ਮਾਰੇ, ਅਕਲ ਦਾ ਵਸ ਨਾ ਚੱਲੇ, ਦੁਨੀਆ ਸੜ ਕੇ ਦੋਜ਼ਖ਼ ਹੋਈ, ਠੰਢ ਨਾ ਪਾਈ ਪਿਆਰ । ਅੱਜ'ਜ਼ੁਹੇਰ' ਏ ਇਸ ਦੁਨੀਆ ਦੇ ਰੂਪ-ਸਰੂਪ ਦਾ ਗਹਿਣਾ, ਹੋਠਾਂ ਉੱਤੇ ਫੁੱਲ-ਫੁਲਵਾੜੀ ਸੀਨੇ ਵਿਚ ਅੰਗਿਆਰ ।
ਗਿਣ-ਗਿਣ ਤਾਰੇ ਰਾਤ ਲੰਘਾਵਾਂ
ਗਿਣ-ਗਿਣ ਤਾਰੇ ਰਾਤ ਲੰਘਾਵਾਂ ਦਿਨੇ ਵੀ ਬਹਿ ਉਡੀਕਾਂ । ਆਪੇ ਇਸ਼ਕ ਦੇ ਲਾਂਬੂ ਲਾਏ ਆਪੇ ਲਾਈਆਂ ਲੀਕਾਂ । ਅੱਤ ਨਿਮਾਣਾ ਦਰਦਾਂ ਮਾਰਾ ਰੋਂਦਾ ਰਹਿ ਗਿਆ ਕੱਲਾ, ਸੱਜਣ-ਬੇਲੀ ਛੱਡ ਗਏ ਸਾਰੇ ਕਿਸੇ ਨਾ ਸੁਣੀਆਂ ਚੀਕਾਂ । ਆਪਣੇ ਹੱਥੋਂ ਡਾਂਗਾਂ ਖਾ ਕੇ ਲੱਕ ਅੱਧਵਾਟਿਉਂ ਟੁੱਟਿਆ, ਦੱਸੋ ਯਾਰੋ ਆਪਣਾ ਜੁੱਸਾ ਕਿੱਥੋਂ ਤੀਕ ਧਰੀਕਾਂ । ਘਰ ਮੇਰੇ ਇਕ ਪੁੱਤਰ ਜੰਮਿਆ ਚੰਦ ਵਰਗਾ ਉਹ ਸੋਹਣਾ, ਮੌਲਾ ਦੀ ਇਹ ਦੇਣ ਹੈ ਸੱਜਣੋ ਲੱਗੀ ਅੱਗ ਸ਼ਰੀਕਾਂ । ਜੀਹਣੇ-ਜੀਹਣੇ ਇਸ਼ਕ ਕਮਾਇਆ ਇਕਲਾਪੇ ਨੂੰ ਪਾਇਆ, ਇਸ਼ਕ ਕਚਹਿਰੀ ਡਾਢੀ ਹੋਈ ਲੰਮੀਆਂ ਪੈਣ ਤਰੀਕਾਂ । ਸਾਰੇ ਜੱਗ ਸਮਝਾਇਆ ਮੈਨੂੰ ਅੱਜ 'ਜ਼ੁਹੇਰ' ਕੀ ਦੱਸਾਂ, ਗਲ ਮੇਰੇ ਵਿਚ ਫ਼ਾਹੀ ਪਾਈ ਸ਼ਹਿਰ ਦਿਆਂ ਵਸਨੀਕਾਂ ।
ਪੱਤਿਆਂ ਵਾਂਗੂੰ ਝੜ-ਝੜ ਪੈਣਾ
ਪੱਤਿਆਂ ਵਾਂਗੂੰ ਝੜ-ਝੜ ਪੈਣਾ, ਯਾਦ ਮੈਨੂੰ ਜਦ ਆਂਦਾ ਏ । ਸੱਪ-ਹਨੇਰਾ ਮੇਰੇ ਘਰ ਦਾ ਮੈਨੂੰ ਹੀ ਪਿਆ ਖਾਂਦਾ ਏ । 'ਵਾਰਿਸ' ਨੇ ਇਕ ਹੀਰ ਦੀ ਖ਼ਾਤਰ ਲਹੂ ਦੇ ਅੱਖਰ ਲਿਖੇ ਨੇ, ਲੱਖ ਹੀਰਾਂ ਅੱਜ ਪਈਆਂ ਰੋਵਣ ਵੇਲਾ ਕੀ ਫ਼ਰਮਾਂਦਾ ਏ । ਉਜੜ ਉਜੜ ਕੇ ਵਸਦਾ ਰਹਿੰਦਾ, ਵਸ ਵਸ ਕੇ ਪਿਆ ਉਜੜਾਂ ਮੈਂ, ਸੁੱਖ ਦਾ ਵੇਲਾ ਮੇਰੇ ਘਰ ਵਿਚ ਭੁੱਲ ਕੇ ਫੇਰਾ ਪਾਉਂਦਾ ਏ । ਦੁੱਖ ਦਾ ਰੂਪ ਏ ਯਾਰ ਵਿਛੋੜਾ, ਫੱਟ ਹਿਜਰ ਦਾ ਮਾਰੂ ਫੌੜਾ, ਲਹੂ ਵੀ ਅੰਦਰੋ-ਅੰਦਰ ਖ਼ਬਰੇ ਕੀ ਕੀ ਲਾਂਬੂ ਲਾਉਂਦਾ ਏ । ਚੋਖੀ ਜ਼ਿੰਦਗੀ ਲੰਘੀ ਔਖੀ, ਅੱਗੇ ਮੰਜ਼ਿਲ ਸਾਰੀ ਸੌਖੀ, ਖ਼ਵਰੇ ਇਸ ਤੋਂ ਕਿੰਨਾਂ ਅੱਗੇ ਯਾਰ ਦਾ ਡੇਰਾ ਆਉਂਦਾ ਏ । ਇੱਕ 'ਹੁਸੈਨ' 'ਯਜੀਦ' ਨੇ ਬਹੁਤੇ, ਬੰਦੇ ਥੋੜੇ ਆਦਮੀ ਬਹੁਤੇ, ਮਾਪਿਆਂ ਨਾਲ ਭੁਲੇਖੇ ਵਿਚ ਨਿਰਦੋਸ਼ ਵੀ ਸੂਲੀ ਚੜ੍ਹ ਜਾਂਦਾ ਏ । ਮੈਂ ਜ਼ਖ਼ਮਾਂ ਦੀ ਮਾਲਾ ਲੈ ਕੇ ਅੱਜ 'ਜ਼ੁਹੇਰ' ਫ਼ਕੀਰੀ ਮੱਲੀ, ਗੁੜ ਦੀ ਭਿਖਸ਼ਾ ਕਿਉਂ ਦਿੰਦੇ ਹੋ ਮੈਨੂੰ ਜ਼ਹਿਰ ਸੁਖਾਂਦਾ ਏ ।
ਦੱਸ ਖਾਂ ਤੈਨੂੰ ਕੀ ਮਿਲਿਆ ਏ
ਦੱਸ ਖਾਂ ਤੈਨੂੰ ਕੀ ਮਿਲਿਆ ਏ ਮੇਰੇ ਨਾਲ ਵਿਗਾੜ ਕੇ । ਤੇਰਾ ਘਰ ਵੀ ਨਹੀਂ ਵਸਿਆ ਏ ਮੇਰਾ ਘਰ ਉਜਾੜ ਕੇ । ਜ਼ਾਲਮ ਲੋਕਾਂ ਕੰਡੇ ਭਾਵੇਂ ਰਾਹ ਦੇ ਵਿਚ ਵਿਛਾਏ ਸਨ, ਲੰਘ ਜਾਂਦੇ ਨੇ ਲੰਘਣ ਵਾਲੇ ਪੈਰਾਂ ਹੇਠ ਲਿਤਾੜ ਕੇ । ਤੂੰ ਚੰਗਾ ਏਂ ਤੂੰ ਤੇ ਆਪਣੀਆਂ ਕੰਧਾਂ ਉਚੀਆਂ ਕੀਤੀਆਂ ਨੇ, ਇਹ ਦੁਨੀਆ ਤੇ ਰੱਖ ਦਿੰਦੀ ਏ ਬੂਹੇ ਤੀਕ ਉਖਾੜ ਕੇ । ਸੱਪ ਅੱਖਾਂ ਤੋਂ ਬਚਦਾ ਰਹਿੰਦਾ ਜੇ ਮੈਂ ਤੈਨੂੰ ਜਾਣਦਾ, ਬੀਨ ਵਜਾ ਕੇ ਤੈਨੂੰ ਲੱਭਦਾ ਰਖਦਾ ਤੈਨੂੰ ਤਾੜ ਕੇ । ਦੁੱਖਾਂ ਵਾਲੀ ਪੂਣੀ ਛੁਹ ਕੇ ਤੰਦ ਤਰੱਕਲੇ ਪਾਈ ਏ, ਵਿੱਚ ਤ੍ਰਿੰਝਣ ਬੈਠੀ ਸੱਸੀ ਆਪਣਾ ਝੁੱਗਾ ਸਾੜ ਕੇ । ਉਹ ਵੀ ਚੁੱਪ ਏ ਮੈਂ ਵੀ ਚੁੱਪ ਆ'ਜ਼ੁਹੇਰ ਕੁੰਜਾਹੀ'ਬੋਲੇ ਕੌਣ, ਜਿਹੜਾ ਬੋਲੇ ਵੱਟੇ ਖਾਵੇ ਬੈਠੇ ਮੱਥਾ ਪਾੜ ਕੇ ।
ਜ਼ੁਲਮ ਹਨੇਰੀ ਲਹੂ ਪਿਆ ਵਸਦਾ
ਜ਼ੁਲਮ ਹਨੇਰੀ ਲਹੂ ਪਿਆ ਵਸਦਾ ਸ਼ੋਰ-ਕੁਕਾਰ ਚੁਫ਼ੇਰੇ । ਕਿਹੜੈ ਜਿਹੜਾ ਬਲਦੀ ਅੱਗ ਵਿਚ ਮੂੰਹ ਰੀਝਾਂ ਦਾ ਫੇਰੇ । ਕਿੰਨੀ ਵਾਰੀ ਮੈਂ ਵੱਸਿਆ ਹਾਂ ਉਜੜਿਆ ਕਿੰਨੀ ਵਾਰੀ, ਲੰਘਦੇ ਵੇਲੇ ਕਿੰਨੀ ਵਾਰੀ ਝੂਠ ਦੇ ਪੋਚੇ ਫੇਰੇ । ਅੱਜ ਉਦਾਸੀ ਮੱਲ ਬੈਠੀ ਏ ਘਰ ਦੀਆਂ ਚਾਰੇ ਨੁਕਰਾਂ, ਅੱਜ ਇਕਲਾਪੇ ਆਨ ਵਸੇ ਨੇ ਸੁੰਜੇ ਦੇਖ ਕੇ ਡੇਰੇ । ਹੌਲੀ ਹੌਲੀ ਰੋਵਣ ਵਾਲੇ ਵਿੱਚ ਸਮੁੰਦਰ ਤੁਰਦੇ, ਕੰਢੇ ਉੱਤੇ ਹੱਸਣ ਵਾਲੇ ਸੱਜਣ ਅੱਜ ਬਥੇਰੇ । ਮੇਰੇ ਕੋਲੋਂ ਕੀ ਪੁੱਛਦੇ ਹੋ ਕੀਹਨੇ ਮੈਨੂੰ ਲੁੱਟਿਆ, ਕਾਂ ਵੀ ਅੱਜ ਨਾ ਕੋਈ ਬੋਲੇ ਆ ਕੇ ਓਸ ਬਨੇਰੇ । ਮੈਂ ਵਾਂ ਸਦਾ ਦਾ ਰੋਗੀ ਯਾਰੋ ਇਸ਼ਕ ਦਾ ਡੰਗਿਆ ਹੋਇਆ, ਬਲਦਾ ਦੀਵਾ ਥਰ-ਥਰ ਕੰਬਦਾ ਜੀਵੇਂ ਸਾਂਝ-ਸਵੇਰੇ । ਜਿਉਂਦੇ ਜੀਅ ਪਏ ਵੱਟੇ ਮਾਰਨ ਮਰ ਜਾਵਣ ਤੇ ਰੋਵਣ, ਝੱਲੇ 'ਜ਼ੁਹੇਰ' ਇਹ ਦੁਨੀਆਂ ਵਾਲੇ ਨਾ ਤੇਰੇ ਨਾ ਮੇਰੇ ।
ਹੱਥ ਵਿਚ ਠੂਠਾ ਮੂੰਹ ਤੇ ਰੱਬ-ਰੱਬ
ਹੱਥ ਵਿਚ ਠੂਠਾ ਮੂੰਹ ਤੇ ਰੱਬ-ਰੱਬ ਜੀ-ਜੀ ਕਰਦੇ ਫਿਰਦੇ ਨੇ । ਚੜ੍ਹਦੇ ਸੂਰਜ ਦੇ ਇਹ ਪੁਜਾਰੀ ਆਦਮ ਲੱਭਦੇ ਫਿਰਦੇ ਨੇ । ਟੇਸ਼ਨ-ਟੇਸ਼ਨ ਗੱਡੀ ਰੁਕਦੀ ਕੁਝ ਲਾਹ ਜਾਂਦੀ ਕੁਝ ਲੈ ਆਂਦੀ, ਸੱਜਣ ਕਿਧਰੇ ਨਜ਼ਰ ਨਾ ਆਵੇ ਸਾਹ ਪਏ ਵਗਦੇ ਫਿਰਦੇ ਨੇ । ਮੇਰੇ ਘਰ ਨੂੰ ਅੱਗ ਲੱਗੀ ਏ ਕਿਸ ਨੇ ਦੁਖ-ਸੁਖ ਵੰਡਿਆ ਏ, ਉਹ ਕੀ ਫੋਲਣ ਦੁਖੜੇ ਯਾਰੋ ਜਿਹੜੇ ਮਰਦੇ ਫਿਰਦੇ ਨੇ । ਅਸੀਂ ਤੇ ਦੋਵੇਂ ਮਿਲ ਬੈਠੇ ਸਾਂ ਬਖ਼ਤਾਂ ਕਹਿਰ ਕਮਾਇਆ ਸੀ, ਬਖ਼ਤਾਂ ਵਾਲੇ ਕਹਿਰ ਕਮਾ ਕੇ ਕਾਹਨੂੰ ਡਰਦੇ ਫਿਰਦੇ ਨੇ । ਪੱਥਰਾਂ ਦੇ ਨਾਲ ਕੰਧ ਉਸਾਰੀ ਇਕ ਸ਼ੀਸ਼ਾ ਵੀ ਲੱਭਿਆ ਨਾ, ਫੇਰ ਵੀ ਲੋਕ ਸਮੇਂ ਦੀ ਖ਼ਾਤਰ, ਦੁਖ ਪਏ ਜਰਦੇ ਫਿਰਦੇ ਨੇ । ਕਿੱਸਾ ਕੁੱਝ ਏ ਝਗੜਾ ਕੁੱਝ ਏ ਕੀ ਸਮਝਾਂ-ਸਮਝਾਵਾਂ ਕੀ, ਪੱਥਰ ਮਾਰ ਕੇ ਜੀਵਨ ਵਾਲੇ ਆਪੀ ਮਰਦੇ ਫਿਰਦੇ ਨੇ । ਤੂੰ ਵੀ ਚੁੱਪ ਏਂ ਮੈਂ ਵੀ ਚੁੱਪ ਆਂ, ਚੁੱਪ ਨੇ ਕੰਧ ਉਸਾਰੀ ਏ, ਬੋਲ 'ਜ਼ੁਹੇਰ' ਅੱਜ ਸਮਾਂ ਏ ਤੇਰਾ, ਲੋਕੀ ਡਰਦੇ ਫਿਰਦੇ ਨੇ ।
ਦੀਵਾ ਬੁਝਿਆ, ਸਾਰੇ ਟੁਰ ਗਏ
ਦੀਵਾ ਬੁਝਿਆ, ਸਾਰੇ ਟੁਰ ਗਏ, ਹੋਈ ਨਾ ਫੇਰ ਸਵੇਰ । ਦੁਨੀਆਂ ਨੂੰ ਰੋਲਣ ਦੀ ਖ਼ਾਤਰ ਲਾਈ ਕਿਸੇ ਨਾ ਦੇਰ । ਸਾਰੀ ਆਪੇ ਲੈ ਚੱਲਿਆ ਏਂ ਸੁੱਖਾਂ ਭਰੀ ਚੰਗੇਰ, ਸਾਰੇ ਦੁੱਖ ਨੇ ਸਾਡੇ ਪੱਲੇ ਵਾਹ ਕਿਸਮਤ ਦਾ ਫ਼ੇਰ । ਕੀ ਹੋਇਆ ਜੇ ਰੁੱਤ ਬਦਲੀ ਤੇ ਨਵੇਂ ਪੰਖੇਰੂ ਆਏ, ਸੁੱਕੇ ਫੁਲ ਤੇ ਬਾਗ਼ ਨੇ ਸੱਖਣੇ, ਨਾ ਪੀਲੂ ਨਾ ਬੇਰ । 'ਵਾਰਿਸ'ਤੇਰੇ ਇਲਮ ਦਾ ਸਦਕਾ ਇਕ ਦੋ ਅੱਖਰ ਲਿਆਵਾਂ, ਸੱਚ ਬੋਲਾਂ ਤੇ ਸੂਲੀ ਦਿੱਸੇ ਝੂਠ ਏ ਖ਼ਾਲੀ ਢੇਰ । ਜ਼ੁਲਮ ਕਚਿਹਰੀ ਡਾਢੀ ਯਾਰੋ ਮੁਨਸਫ਼ ਕਿਸ ਦਾ ਯਾਰ, ਮੂੰਹ ਖੋਲ੍ਹਾਂ ਤੇ ਕੋੜੇ ਵੱਜਣ ਚੁੱਪ ਰਹਵਾਂ ਤੇ ਸ਼ੇਰ । ਚੱਲ 'ਜ਼ੁਹੇਰ' ਉੱਠ ਚੱਲੀਏ ਏਥੋਂ ਜੰਗਲ ਵਿਚ ਜਾ ਵਸੀਏ, ਏਥੇ ਟੈਕਸ ਦੀਆਂ ਜ਼ੇਰਾਂ, ਜਬਰਾਂ, ਪੇਸ਼ਾਂ ਕੀਤਾ ਜ਼ੇਰ ।