Punjabi Poetry Zahoor Hussain Zahoor

ਪੰਜਾਬੀ ਕਲਾਮ ਜ਼ਹੂਰ ਹੁਸੈਨ ਜ਼ਹੂਰ

1. ਪੰਜਾਬੀ ਮੇਰੀ ਬੋਲੀ ਏ

ਇਸ ਮਿੱਟੀ ਮੈਨੂੰ ਮੂੰਹ ਦਿੱਤਾ ਇਸ ਆਲ੍ਹਣੇ ਮੈਂ ਚੁੰਝ ਖੋਲ੍ਹੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਕੁੱਝ ਬੋਲਣ ਤੇ ਜੇ ਆ ਜਾਵਾਂ ਇਜ਼ਹਾਰਾਂ ਦੇ ਰਾਹ ਫੇਰਾਂ ਮੈਂ
ਸੁਰਕਾਵਾਂ ਸੀਨਾ ਸਿੱਪੀਆਂ ਦਾ ਸੋਚਾਂ ਦੇ ਮੋਤੀ ਕੇਰਾਂ ਮੈਂ
ਆ ਵੇਖੋ ਸੱਜਣੋ ਕੋਲ਼ ਮੇਰੇ ਹਰਫ਼ਾਂ ਦੀ ਭਰੀ ਭੜੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਇਸ ਪਿਆਰ ਪਰੁੱਪੇ ਪਿੰਡੇ ਨੇ ਪੰਜਾਂ ਦਾ ਪਾਣੀ ਪੀਤਾ ਏ
ਤਾਹੀਓਂ ਤਾਂ ਮੇਰੇ ਇਸ਼ਕੇ ਨੇਂ ਯਾਰੀ ਨੂੰ ਜ਼ਿੰਦਾ ਕੀਤਾ ਏ
ਜਿਥੇ ਵੀ ਹੁਕਮ ਹਜ਼ੂਰ ਹੋਇਆ ਪਾਣੀ ਦੀ ਥਾਂ ਰੱਤ ਡੋਲ੍ਹੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਕਿਰਦਾਰ ਕਹਾਣੀ ਕੀਹ ਦਸਾਂ ਇਕ ਮਾਤਾ ਦੇ ਮਤਵਾਲੇ ਦੀ
ਇਹ ਭਗਤ ਸਿੰਘ ਦੀ ਭੂਮੀ ਏ ਸਹੁੰ ਮੈਨੂੰ ਜਲ੍ਹਿਆਂਵਾਲੇ ਦੀ
ਮੈਂ ਅਣਖ਼ਾਂ ਇੱਜ਼ਤਾਂ ਦੀ ਤਕੜੀ ਸੂਲ਼ੀ ਦੇ ਸਾਂਵੇਂ ਤੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਰੰਗ ਭਿੰਨੇ ਇਕ ਇਕ ਫੁੱਲ ਫੁੱਲ ਦੇ ਪਈ ਧਰਤੀ ਆਖੇ ਜੀ ਓਏ ਜੀ
ਪਿੱਪਲਾਂ ਤੇ ਕੋਇਲਾਂ ਕੂ ਕੂ ਕੂ ਪਏ ਗਾਣ ਪਪੀਹੇ ਪੀ ਪੀ ਪੀ
ਇਹ ਗੁਟਕੂੰ ਗੁਟਕੂੰ ਕੁਮਰੀ ਏ ਮੁਟਿਆਰ ਮਲੂਕ ਮਮੂਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਲਾ ਡੀਕਾਂ ਇਥੇ ਅਕਲਾਂ ਨੇ ਇਲਮਾਂ ਦੇ ਸਮੰਦਰ ਪੀਤੇ ਨੇਂ
ਇਹ ਬੁਲ੍ਹੇ ਸ਼ਾਹ ਦੀ ਧਰਤੀ ਏ ਏਸ ਬਾਹੂ/ਨਾਨਕ ਪੈਦਾ ਕੀਤੇ ਨੇਂ
ਇਹ ਟਿੱਲਾ ਬਾਲਾ ਨਾਥਾਂ ਦਾ ਇਹ ਵਾਰਿਸ ਸ਼ਾਹ ਦੀ ਡੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਕਾਗ਼ਜ਼ ਤੇ ਚੰਨ ਉਭਾਰੇ ਨੇਂ ਚਾਨਣ ਦਾ ਤੰਬੂ ਤਾਂ ਤਣਿਆ
ਮੈਂ ਐਂਵੇਂ ਰਾਂਝੇ ਦੀ ਮਿਠੜੀ ਵੰਝਲੀ ਦਾ ਵਾਰਿਸ ਨਈਂ ਬਣਿਆ
ਤਾਰੀਖ਼ਾਂ ਦੇ ਕੱਦ ਨਾਪੇ ਨੇਂ ਸਦੀਆਂ ਦੀ ਕੁੱਖ ਫਰੋਲੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਇਕਬਾਲ ਦੇ ਅਕਲਾਂ ਤੋਂ ਲੈ ਕੇ ਫ਼ੈਜ਼ ਦੀ ਕਲਮ ਦੇ ਵਾਰਾਂ ਤੱਕ
ਆ ਗਏ ਅਮ੍ਰਿਤਾ ਪ੍ਰੀਤਮ ਜਏ ਇਕ ਕਵੀ ਦੇ ਸੰਘਣੇ ਪਿਆਰਾਂ ਤੱਕ
ਇਹ ਧਰਤੀ ਸਦਾ ਸੁਹਾਗਣ ਏਂ ਅੱਜ ਭਰਵੀਂ ਇਹਦੀ ਝੋਲ਼ੀ ਏ
ਮੈਂ ਦੇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

ਮੈਂ ਆਪਣੇ ਰੰਗ ਦਾ ਸ਼ਾਇਰ ਆਂ ਕੋਈ ਤਾਂਘ 'ਜ਼ਹੂਰ' ਨਈਂ ਗ਼ੈਰਾਂ ਦੀ
ਬੁੱਤ ਮੇਰੇ ਦੀ ਮਾਲਿਕ ਮਿੱਟੀ ਏ ਮੈਂ ਲੈ ਕੇ ਤੇਰੇ ਪੈਰਾਂ ਦੀ
ਸੋਚਾਂ ਦੇ ਵਰਕੇ ਵਰਕੇ ਤੇ ਅੱਖਰਾਂ ਦੀ ਸ਼ੱਕਰ ਘੋਲ਼ੀ ਏ
ਮੈਂ ਇਸ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਮੇਰੀ ਬੋਲੀ ਏ

2. ਲੇਖਾਂ ਦੀਆਂ ਧੁੱਪਾਂ, ਕਦੇ ਛਾਵਾਂ ਲੁੱਟ ਲਿਆ ਏ

ਲੇਖਾਂ ਦੀਆਂ ਧੁੱਪਾਂ, ਕਦੇ ਛਾਵਾਂ ਲੁੱਟ ਲਿਆ ਏ,
ਤਲ਼ੀਆਂ ਨੂੰ ਸੂਲ਼ਾਂ ਵਾਲੇ, ਰਾਹਵਾਂ ਲੁੱਟ ਲਿਆ ਏ।

ਬੂਟਿਆਂ ਤੇ ਖ਼ਾਲੀ, ਖ਼ਾਲੀ ਆਲ੍ਹਣੇ ਉਡੀਕਦੇ,
ਖ਼ੌਰੇ ਅੱਜ ਕੋਇਲਾਂ ਨੂੰ, ਕਾਵਾਂ ਲੁੱਟ ਲਿਆ ਏ।

ਤਾਰੂਆਂ ਨੂੰ ਡੂੰਘੇ ਤਾਰੂ, ਪਾਣੀਆਂ ਨੇ ਡੋਬਿਆ,
ਮੈਨੂੰ ਮੇਰੀ ਬੇੜੀ ਦੇ, ਮਲ੍ਹਾਵਾਂ ਲੁੱਟ ਲਿਆ ਏ।

ਗ਼ੈਰਾਂ ਉੱਤੇ ਕਾਹਦਾ ਗ਼ਿਲਾ, ਗ਼ੈਰ ਫਿਰ ਗ਼ੈਰ ਨੇ,
ਏਥੇ ਤਾਂ ਭਰਾਵਾਂ ਨੂੰ, ਭਰਾਵਾਂ ਲੁੱਟ ਲਿਆ ਏ।

ਅਰਜ਼ਾਂ ਸੁਣਾਵਾਂ ਸੁਣੀਂ, ਅਰਸ਼ਾਂ ਦੇ ਮਾਲਕਾ,
ਸਾਨੂੰ ਤਾਂ ਜ਼ਮੀਨਾਂ ਦੇ, ਖ਼ੁਦਾਵਾਂ ਲੁੱਟ ਲਿਆ ਏ।

ਉਹਨੂੰ ਮੇਰੇ ਠੰਡੇ ਠੰਡੇ ਹੌਕਿਆਂ ਨੇ ਠੱਗਿਆ,
ਮੈਨੂੰ ਉਹਦੇ ਕੋਸੇ ਕੋਸੇ ਸਾਹਵਾਂ ਲੁੱਟ ਲਿਆ ਏ।

ਜਿੱਨੀਆਂ ਨੇ ਗੱਲਾਂ ਯਾਰੋ, ਉਨੇ ਈ ਅੱਜ ਮੂੰਹ ਨੇ,
ਮੇਰੇ ਘਰ ਬਾਰ ਨੂੰ ਤਾਂ, ਸਲਾਹਵਾਂ ਲੁੱਟ ਲਿਆ ਏ।

ਪਿਆਰ ਦੀ ਅਖ਼ੀਰ, ਦੱਸਾਂ ਪਿਆਰ ਕਿਹਨੂੰ ਕਹਿੰਦੇ ਨੇ,
ਪਿਆਰ ਵਾਲਾ ਸੇਕ ਸਾਰਾ, ਮਾਵਾਂ ਲੁੱਟ ਲਿਆ ਏ।

ਪਾਕੇ 'ਜ਼ਹੂਰ' ਲਹੂ, ਆਸਾਂ ਦੇ ਬਨੇਰੇ ਤੇ,
ਜਦੋਂ ਦੀਵਾ ਬਾਲ਼ਿਆ, ਹਵਾਵਾਂ ਲੁੱਟ ਲਿਆ ਏ।

ਲੇਖਾਂ ਦੀਆਂ ਧੁੱਪਾਂ, ਕਦੇ ਛਾਵਾਂ ਲੁੱਟ ਲਿਆ ਏ,
ਤਲੀਆਂ ਨੂੰ ਸੂਲ਼ਾਂ ਵਾਲੇ, ਰਾਹਵਾਂ ਲੁੱਟ ਲਿਆ ਏ।

3. ਕੱਜਲ ਵਰਗੇ ਕਾਲੇ ਬੱਦਲ਼ੋ

ਕੱਜਲ ਵਰਗੇ ਕਾਲੇ ਬੱਦਲ਼ੋ, ਰੱਖੋ ਕੋਲ ਫੁਹਾਰਾਂ ਨੂੰ...
ਜਿੰਹਦੀ ਝੋਲੀ ਫੁੱਲ ਈ ਕੋਈ ਨਈਂ, ਉਹ ਕੀ ਕਰੇ ਬਹਾਰਾਂ ਨੂੰ.....

ਦੁੱਖਾਂ ਇੰਝ ਨਪੀੜ ਲਿਆ ਏ, ਥੱਕੀਆਂ ਸੋਚਾਂ, ਸਾਹਵਾਂ ਫੁੱਲੀਆਂ
ਵੱਜੀਆਂ ਚੀਕਾਂ, ਲੱਗੀਆਂ ਲੀਕਾਂ, ਵਿੱਚ ਸ਼ਰੀਕਾਂ ਗੱਲਾਂ ਹੁੱਲੀਆਂ
ਤੱਤੀਆਂ ਰੇਤਾਂ, ਨਾਜ਼ਕ ਕਲੀਆਂ, ਸਫਰ ਗ਼ਵਾਚੇ, ਤੋਰਾਂ ਭੁੱਲੀਆਂ
ਦਿੱਲ ਦੇ ਦੇਸੀਂ ਰੁੱਤਾਂ ਫਿਰੀਆਂ, ਚੜ੍ਹਦੇ ਸਾਵਣ, ਲੋਆਂ ਧੁੱਲੀਆਂ
ਪਿਸੀਆਂ ਆਸਾਂ, ਕੱਟਕੀ ਪਿਆਸਾਂ, ਲੱਖਾਂ ਵਾਰੀ, ਅੱਖੀਆਂ ਡੁੱਲੀਆਂ
ਸਬਰਾਂ ਸਿਰ ਤੋਂ, ਰੱਖੀਆਂ ਚੁੱਨੀਆਂ, ਗਲੀਆਂ ਗਲੀਆਂ, ਲੀਰਾਂ ਰੁਲ਼ੀਆਂ
ਜ਼ਹਰ ਉਬਾਲ਼ੀ, ਤੀਰ ਬੁਝਾਏ, ਨਵੀਆਂ ਫੇਰ ਕਮਾਨਾਂ ਖੁੱਲੀਆਂ
ਬੂਟੇ ਬੂਟੇ, ਨਾਲ ਸ਼ਿਕਾਰੀ, ਮਾਰਨ ਉੱਤੇ ਮੌਤਾਂ ਤੁਲੀਆਂ
ਤਿੱਤਰ ਬਿੱਤਰ, ਖਿੰਡੀਆਂ ਪੁੰਡੀਆਂ ਕੂੰਜਾਂ ਰੋਣ ਕਤਾਰਾਂ ਨੂੰ
ਕੱਜਲ ਵਰਗੇ ਕਾਲੇ ਬੱਦਲ਼ੋ, ਰੱਖੋ ਕੋਲ ਫੁਹਾਰਾਂ ਨੂੰ...
ਜਿੰਹਦੀ ਝੋਲੀ ਫੁੱਲ ਈ ਕੋਈ ਨਈਂ, ਉਹ ਕੀ ਕਰੇ ਬਹਾਰਾਂ ਨੂੰ.....

ਮੋਮ ਦੀਆਂ ਗੁੱਡੀਆਂ, ਅਣਭੋਲ਼ਾਂ, ਬਾਬਲ ਵਿਹੜੇ, ਖੇਡਣ ਸੱਮੀਆਂ
ਤਕਦੀਰਾਂ ਨੇ, ਸੀਖ਼ਾਂ ਤਾਅ ਕੇ, ਹੱਥਾਂ ਦੀਆਂ, ਲਕੀਰਾਂ ਡੱਮੀਆਂ
ਲੱਗਿਆ ਬੂਰ, ਅੰਬੀ ਦੇ ਬੂਟੇ, ਲਗਰੋਂ ਲੱਥੀਆਂ, ਖੱਟੀਆਂ ਅੰਬੀਆਂ
ਦਿਨ ਦੀ ਏ ਤੇ ਰਾਤ ਦੀ ਕੋਈ ਨਈਂ, ਨਿਤ ਪ੍ਰਨੀਣਾ ਕਰਮ ਨਿਕੰਮੀਆਂ
ਸਧਰਾਂ ਦਾ ਸੁਰਮਾਂ ਠੁਣਕਾਕੇ, ਰਾਤਾਂ ਹੋਈਆਂ ਕੱਟਕੀ ਲੰਮੀਆਂ
ਹਿਰਸਾਂ ਹੱਥੀਂ, ਕਾਨੇ ਫੱੜਕੇ, ਉੱਛਲ ਉੱਛਲ ਡੇਰਾਂ ਝੱਮੀਆਂ
ਓੜਕ ਛੱਪੜ ਛੱਪੜ ਹੁੰਦਾ, ਭਾਵੇਂ ਲੱਖਾਂ ਦੇਈਏ ਥੱਮੀਆਂ
ਕੁੱਲੀਆਂ ਅੰਦਰ ਭੁੱਖਾਂ ਜੰਮਣ, ਝੁੱਗੀਆਂ ਨੇ ਕਿਉਂ ਧੀਆਂ ਜੰਮੀਆਂ
ਸਬਰਾਂ ਦਾ ਕੋਈ ਜ਼ਹਿਰ ਪਿਆਕੇ, ਮਾਰ ਦਿਓ ਮੁਟਿਆਰਾਂ ਨੂੰ
ਕੱਜਲ ਵਰਗੇ ਕਾਲੇ ਬੱਦਲ਼ੋ, ਰੱਖੋ ਕੋਲ ਫੁਹਾਰਾਂ ਨੂੰ...
ਜਿੰਹਦੀ ਝੋਲੀ ਫੁੱਲ ਈ ਕੋਈ ਨਈਂ, ਉਹ ਕੀ ਕਰੇ ਬਹਾਰਾਂ ਨੂੰ.....

ਮੇਰੇ ਸੋਹਲ ਮਲੂਕ ਮੁਕੱਦਰੋ, ਬੇਪਰਵਾਹੋ, ਕੁੱਝ ਤੇ ਦੱਸੋ
ਫੁੱਲਾਂ ਦੀ ਥਾਂ ਬੇਸ਼ੱਕ ਕੰਡੇ ਈ ਝੋਲ਼ੀ ਪਾਓ, ਕੁੱਝ ਤੇ ਦੱਸੋ
ਕਿਸਮਤ ਅੱਗੇ ਜਾਣ ਨੀ ਦੇਂਦੀ, ਪਾਰ ਪੁਆਓ, ਕੁੱਝ ਤੇ ਦੱਸੋ
ਮੈਨੂੰ ਸਬਰ ਦੀ ਸੂਲ਼ੀ ਉੱਤੇ, ਨਾਚ ਨਚਾਓ, ਕੁੱਝ ਤੇ ਦੱਸੋ
ਕਿਣ ਮਿਣ, ਕਿਣ ਮਿਣ, ਝੱਲੀਓ ਅੱਖੀਓ ਨੀਰ ਵਸਾਓ, ਕੁੱਝ ਤੇ ਦੱਸੋ
ਲਵੀਓ ਲਵੀਓ, ਲੰਮੀਓ ਲਗ਼ਰੋ, ਵਧੋ ਵਧਾਓ, ਕੁੱਝ ਤੇ ਦੱਸੋ
ਓਹ ਮੇਰੀ ਸੋਹਣੀ ਧਰਤੀ ਦੇ ਵੱਗਦੇ, ਪੰਜ ਦਰਿਆਓ, ਕੁੱਝ ਤੇ ਦੱਸੋ
ਕਿੰਨੇ ਚਿਰ ਇਤਬਾਰ ਬਣਾਵਾਂ, ਝੂਠੇ ਕੌਲ ਕਰਾਰਾਂ ਨੂੰ
ਕੱਜਲ ਵਰਗੇ ਕਾਲੇ ਬੱਦਲ਼ੋ, ਰੱਖੋ ਕੋਲ ਫੁਹਾਰਾਂ ਨੂੰ...
ਜਿੰਹਦੀ ਝੋਲੀ ਫੁੱਲ ਈ ਕੋਈ ਨਈਂ, ਉਹ ਕੀ ਕਰੇ ਬਹਾਰਾਂ ਨੂੰ.....

ਵਧੀਆਂ ਹੁੰਦੇ ਤੋੜ ਹਜ਼ਾਰਾਂ, ਖੁੱਟੀਆਂ ਦਾ ਤੇ ਤੋੜ ਈ ਕੋਈ ਨਈਂ
ਅਕਲਾਂ ਦੀ ਪਰਵਾਜ਼ ਨਿਆਰੀ, ਉੱਚੀਆਂ ਅਕਲਾਂ, ਜੋੜ ਈ ਕੋਈ ਨਈਂ
ਸੱਚੀ ਹੁੰਦੀ ਸਿੱਧ ਪਰਿਧੀ, ਸੱਚੀ ਲੀਹ ਦਾ ਮੋੜ ਈ ਕੋਈ ਨਈਂ
ਜਿਹੜਾ ਅੱਖੀਂ ਅੰਦਰ ਹੋਵੇ ਤੇ, ਨਾ ਰੜਕੇ, ਉਹ ਰੋੜ ਈ ਕੋਈ ਨਈਂ
ਜੋ ਵੀ ਦਾਰੂ ਦੁੱਖਾਂ ਸੋਚਣ, ਪਿਆਰ ਦੀ ਉਹਨਾਂ ਥੋੜ੍ਹ ਈ ਕੋਈ ਨਈਂ
ਉਹਨਾਂ ਗੱਲਾ ਫਾਇਦਾ? ਜਿਨ੍ਹਾਂ ਸੋਚ, ਖਿਆਲ, ਨਿਚੋੜ ਈ ਕੋਈ ਨਈਂ
ਉਥੋਂ ਪਾਣੀ ਕੀ ਰੁੜ੍ਹਨਾਂ, ਜਿਹਦੇ ਆਸੇ ਪਾਸੇ ਰੋੜ੍ਹ ਈ ਕੋਈ ਨਈਂ
ਓਏ ਸੱਚੀ ਆਖਣ ਵਾਲੇ ਯਾਰੋ, ਬੰਦਿਆਂ ਦੀ ਅੱਜ ਲੋੜ ਈ ਕੋਈ ਨਈਂ
ਦਿਲ ਕਰਦਾ ਏ ਬੰਨ੍ਹ ਲੰਗੋਟੀ, ਫਿਰ ਵੜ ਜਾਈਏ ਗ਼ਾਰਾਂ ਨੂੰ
ਕੱਜਲ ਵਰਗੇ ਕਾਲੇ ਬੱਦਲ਼ੋ, ਰੱਖੋ ਕੋਲ ਫੁਹਾਰਾਂ ਨੂੰ...
ਜਿੰਹਦੀ ਝੋਲੀ ਫੁੱਲ ਈ ਕੋਈ ਨਈਂ, ਉਹ ਕੀ ਕਰੇ ਬਹਾਰਾਂ ਨੂੰ.....

ਇਕਨਾ ਮਿੱਟੀ ਮਿੱਟੀ, ਇਕਨਾ ਜ਼ੁਲਫਾਂ, ਛੱਲੇ ਛੱਲੇ ਦਿੱਸਦੇ
ਲੱਖਾਂ ਧਰਤੀ ਉੱਤੇ, ਲੱਖਾਂ ਧਰਤੀ ਹੇਠ ਮਹੱਲੇ ਦਿੱਸਦੇ
ਇਕਨਾ ਪੱਲੇ ਡੁੱਲਦੇ, ਇੱਕ ਨਾ ਬਿਲਕੁੱਲ, ਖਾਲੀ ਪੱਲੇ ਦਿੱਸਦੇ
ਇਥੇ ਦਾਰੂ ਮਹਿੰਗੇ, ਯਾਰੋ ਇਥੇ ਜਿਸਮ ਸਵੱਲੇ ਦਿੱਸਦੇ
ਦਿਲ ਦੇ ਦੇਸ ਉਜਾੜਾਂ ਜਹੀਆਂ, ਗਾਰ੍ਹਾਂ ਸ਼ਹਿਰ ਇੱਕ ਦਿੱਸਦੇ
ਉੱਤੋਂ ਪਾਣੀ ਸੁੱਤੇ ਦਿੱਸਦੇ, ਵਿੱਚੋ ਕੱਟਕ ਉਛੱਲੇ ਦਿੱਸਦੇ
ਕਿਹੜੇ ਪਾਸੇ ਜਾਈਏ, ਪੈਂਡੇ, ਸੋਚਾਂ, ਸਪਣੇ ਮੱਲੇ ਦਿੱਸਦੇ
ਤੱਕਦੀਰੋ ਜੇ ਕਰਮ ਨਖੁੱਟੇ, ਆ ਜਾਂਦੇ ਕੁਝ ਥੱਲੇ ਦਿੱਸਦੇ
ਆਪਣੇ ਬੇਲੀ ਚੜ੍ਹਦੇ ਪਾਸੇ, ਲੈਂਦੇ ਮੋੜ ਮੁਹਾਰਾਂ ਨੂੰ
ਕੱਜਲ ਵਰਗੇ ਕਾਲੇ ਬੱਦਲ਼ੋ, ਰੱਖੋ ਕੋਲ ਫੁਹਾਰਾਂ ਨੂੰ...
ਜਿੰਹਦੀ ਝੋਲੀ ਫੁੱਲ ਈ ਕੋਈ ਨਈਂ, ਉਹ ਕੀ ਕਰੇ ਬਹਾਰਾਂ ਨੂੰ.....

4. ਦਰਦ ਵਿਛੋੜੇ ਹਾਲ

ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਸਬਰ ਦੇ ਕੁੰਡੇ ਜਬਰ ਦਾ ਤਾਲਾ
ਮੂੰਹ ਤੇ ਰੱਬ ਰੱਬ ਹੱਥ ਵਿੱਚ ਮਾਲਾ
ਵਿੱਚੋਂ ਦਿਲ ਦਾ ਸ਼ੀਸ਼ਾ ਕਾਲਾ
ਜੱਗ ਤੇ ਮਿਹਰ ਮੁਹੱਬਤ ਵਾਲਾ
ਪੈਗਿਆ ਮਾਏ ਕਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਜਿਉਂ ਜਿਉਂ ਆਉਂਦੀ ਸਮਝ ਸਵੱਬ ਦੀ
ਬੁੱਝਦੀ ਜਾਵੇ ਲਾਲੀ ਲਬ ਦੀ
ਖ਼ਬਰੇ ਕੀ ਮਰਜ਼ੀ ਏ ਰੱਬ ਦੀ
ਸਿਰਦਾ ਸਾਂਈ ਲੱਭਦੀ ਲੱਭਦੀ
ਬੀਤੇ ਚਾਲ਼ੀ ਸਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਕਈ ਕੁਨਬੇ ਕਾਵਾਂ ਦੇ ਇਥੇ
ਕਈ ਕੰਡੇ ਰਾਵਾਂ ਦੇ ਇਥੇ
ਕਈ ਮਾਲਕ ਸਾਵਾਂ ਦੇ ਇਥੇ
ਕਈ ਤੱਤੀਆਂ ਮਾਵਾਂ ਦੇ ਇਥੇ
ਸੂਲੀ ਚੜ ਗਏ ਲਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਪਹਿਲਾਂ ਸੀ ਪੈਸੇ ਦੀ ਵਾਰੀ
ਲੱਗ ਗਈ ਮੇਰੀ ਬੋਲੀ ਭਾਰੀ
ਏਥੇ ਮੈਂ ਕੀ ਕਰਾਂ ਵਿਚਾਰੀ
ਸੱਕੇ ਬਾਬਲ ਬਣੇ ਵਪਾਰੀ
ਸੱਕੇ ਵੀਰ ਦਲਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਘਰ ਨੂੰ ਅੱਗਾਂ ਲਾਕੇ ਠਰ ਲਓ
ਸੱਚ ਦੀ ਸੰਘੀ ਤੇ ਨੰਹੁ ਧਰ ਲਓ
ਬੁੱਕ ਚੂਲ਼ੀਆਂ ਲਹੂਆਂ ਦੇ ਭਰ ਲਓ
ਭਾਵੇਂ ਜਿਤਨਾਂ ਮਰਜ਼ੀ ਕਰ ਲਓ
ਓੜਕ ਜ਼ੁਲਮ ਜ਼ਵਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਛਾਨਣੀ ਛੇਕ ਹੋਇਆ ਛੱਜ ਮੇਰਾ
ਠੂਠਾ ਗਿਆ ਕਿਵੇਂ ਭਜ ਮੇਰਾ
ਮੈਂ ਗੁਰਬਤਦਾ ਸਿਰ ਕੱਜ ਮੇਰਾ
ਸੱਚ ਦੀ ਸੂਲ਼ੀ ਤੇ ਅੱਜ ਮੇਰਾ
ਸਾਹਿਬ ਨਾਲ ਸਵਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਹਾਲੇ ਹੁਸਨ ਹਯਾ ਨਾਲ ਡੋਲੇ
ਹਾਲੇ ਪੱਬ ਰੱਖਨੀਆਂ ਪੋਲੇ
ਹਾਲੇ ਹੱਥ ਵਿੱਚ ਗੁੱਡੀਆਂ ਪਟੋਲੇ
ਹਾਲੇ ਮਾਏ ਬਚਪਨ ਬੋਲੇ
ਹਾਲੇ ਦੁੱਖ ਨਾ ਪਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

ਮੂੰਹ ਤੇ ਗੱਲ ਗੁਨਾਹ ਨਈਂ ਕੋਈ
ਜਿੰਦ 'ਜ਼ਹੂਰ' ਵਿਸਾਹ ਨਈਂ ਕੋਈ
ਅੰਨ੍ਹੀ ਮੰਜ਼ਲ ਰਾਹ ਨਈਂ ਕੋਈ
ਸੱਚ ਆਖਣ ਦੀ ਵਾਹ ਨਈਂ ਕੋਈ
ਸੱਚ ਏ ਖੂਹ ਦੀ ਛਾਲ
ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਹਾਲ

5. ਸੁਤੜੇ ਜ਼ਖ਼ਮ ਜਗ਼ਾ ਗਈਆਂ ਯਾਦਾਂ

ਸੁਤੜੇ ਜ਼ਖ਼ਮ ਜਗ਼ਾ ਗਈਆਂ ਯਾਦਾਂ
ਅੱਜ ਫ਼ਿਰ ਤੇਰੀਆਂ ਆ ਗਈਆਂ ਯਾਦਾਂ

ਦੋਵਾਂ ਵਿਚ ਕਸੂਰ ਸੀ ਕਿਸ ਦਾ
ਦਿਲ ਨੂੰ ਸੋਚੀਂ ਪਾ ਗਈਆਂ ਯਾਦਾਂ

ਬੜਾ ਸਿਆਣਾ ਸਾਂ ਪਰ ਮੈਨੂੰ
ਕਮਲਾ ਜਹਿਆ ਬਣਾ ਗਈਆਂ ਯਾਦਾਂ

ਇਕਲਾਪੇ ਦੇ ਥਲ ਵਿਚ ਖ਼ਾਣਾਂ
ਯਾਦਾਂ ਹੋਰ ਵਧਾ ਗਈਆਂ ਯਾਦਾਂ

ਦਿਲ ਧਰਤੀ ਤੇ ਸਾਵਣ ਬਣ ਕੇ
ਅੱਜ ਅੱਥਰੂ ਬਰਸਾ ਗਈਆਂ ਯਾਦਾਂ

ਚੰਗਿਆੜੀ ਤੋਂ ਭਾਂਬੜ ਬਣਿਆ
ਐਸੀ ਤੀਲੀ ਲਾ ਗਈਆਂ ਯਾਦਾਂ

ਇਥੇ ਸ਼ੀਂਹਾਂ ਜਿਹੇ ਬੰਦਿਆਂ ਨੂੰ
ਹੌਲੀ ਹੌਲੀ ਖਾ ਗਈਆਂ ਯਾਦਾਂ

ਅੱਜ ਫ਼ਿਰ ਜਿਉਂਦੇ ਹੋਏ ਖ਼ਿਆਲਾਂ ਨੂੰ
ਬੁੱਤ 'ਜ਼ਹੂਰ' ਬਣਾ ਗਈਆਂ ਯਾਦਾਂ

ਕੁਝ ਸ਼ਿਅਰ

1.
ਫੇਰ ਹੀਰਾਂ, ਹੀਰਾਂ ਨਈਂ ਹੁੰਦੀਆਂ
ਤੇ ਰਾਂਝਾ, ਰਾਂਝਾ ਨਈ ਰਹਿੰਦਾ
ਦੁੱਖ ਜਿਸਲੇ ਸਾਂਝਾ ਨਈਂ ਰਹਿੰਦਾ
ਫਿਰ ਕੁਝ ਵੀ ਸਾਂਝਾ ਨਈਂ ਰਹਿੰਦਾ।

2.
ਸੋਚਾਂ ਦੀ ਮੱਈਅਤ ਨੂੰ ਚਾ ਕੇ
ਹੁਣ ਮੈਂ ਕਿਹੜੇ ਦਰ ਜਾਵਾਂਗਾ।
ਜੇ ਬੋਲਾਂ ਤਾਂ ਮਾਰ ਦੇਣਗੇ,
ਨਾ ਬੋਲਾਂ ਤਾਂ ਮਰ ਜਾਵਾਂਗਾ।