Punjabi Ghazlan Zaheer Kunjahi
ਪੰਜਾਬੀ ਗ਼ਜ਼ਲਾਂ ਜ਼ਹੀਰ ਕੁੰਜਾਹੀ
੧. ਦੀਵਾ ਬੁਝਿਆ, ਤਾਰੇ ਟੁਰ ਗਏ, ਹੋਈ ਫੇਰ ਸਵੇਰ
ਦੀਵਾ ਬੁਝਿਆ, ਤਾਰੇ ਟੁਰ ਗਏ, ਹੋਈ ਫੇਰ ਸਵੇਰ ।
ਦੁਨੀਆਂ ਲਈ ਜੂਝਣ ਦੀ ਖ਼ਾਤਰ ਲਾਈ ਕਿਸੇ ਨਾ ਦੇਰ ।
ਸਾਰੀ ਆਪੇ ਲੈ ਚੱਲਿਆ ਏਂ, ਸੁੱਖਾਂ ਭਰੀ ਚੰਗੇਰ ।
ਸਾਰੇ ਦੁੱਖ ਨੇ ਸਾਡੇ ਪੱਲੇ, ਵਾਹ ਕਿਸਮਤ ਦਾ ਫੇਰ ।
ਰੁੱਤਾਂ ਬਦਲਦਿਆਂ ਹੀ ਕਿਧਰੋਂ, ਨਵੇਂ ਪੰਖੇਰੂ ਆਏ,
ਸੁੱਕੇ ਫਲ ਨੇ, ਬਾਗ਼ ਨੇ ਸੱਖਣੇ, ਨਾ ਪੀਲੂ ਨਾ ਬੇਰ ।
ਜ਼ੁਲਮ ਹੋਵੇ ਤੇ ਲਹੂ ਵਗਦਾ ਏ, ਅੱਖਾਂ ਦਰਿਆ ਰੋਵਣ,
ਮੂੰਹ ਖੋਲ੍ਹਾਂ ਤੇ ਕੋੜੇ ਵੱਜਣ ! ਚੁੱਪ ਰਹਵਾਂ ਤੇ ਸ਼ੇਰ ।
ਚੰਨ ਚੜ੍ਹਿਆ ਤੇ ਸਭ ਨੇ ਡਿੱਠਾ, ਤੱਕ-ਤੱਕ ਰੱਜੇ ਸਾਰੇ,
ਕਾਹਨੂੰ ਯਾਰੋ ਦਿੱਸਣ ਤਾਰੇ, ਰਾਵਾਂ ਘੁੰਮਣ-ਘੇਰ ।
ਜ਼ੁਲਮ ਕਚਹਿਰੀ ਡਾਢੀ ਯਾਰੋ, ਮੁਨਸਫ਼ ਕਿਸ ਦਾ ਯਾਰ ?
ਇੱਕ ਤੱਕੜੀ ਵਿੱਚ ਰੱਖ ਛਟਾਂਕੀ, 'ਪਾ' ਦਾ ਬਣਿਆਂ ਸੇਰ ।
ਚੱਲ 'ਜ਼ਹੀਰ' ਉਠ ਚੱਲੀਏ ਏਥੋਂ, ਜੰਗਲ ਵਿੱਚ ਜਾ ਵਸੀਏ,
ਏਥੇ ਟੈਕਸ ਬਜਟ ਦੀਆਂ ਜ਼ੇਰਾਂ-ਜ਼ਬਰਾਂ ਕੀਤਾ ਜ਼ੇਰ ।
੨. ਜ਼ੁਲਮ-ਹਨ੍ਹੇਰੀ ਲਹੂ ਪਿਆ ਵਗਦਾ, ਸ਼ੋਰ ਕੁਕਾਰ ਚੁਫ਼ੇਰੇ
ਜ਼ੁਲਮ-ਹਨ੍ਹੇਰੀ ਲਹੂ ਪਿਆ ਵਗਦਾ, ਸ਼ੋਰ ਕੁਕਾਰ ਚੁਫ਼ੇਰੇ ।
ਕਿਹੜਾ ਹੈ ਜੋ ਬਲਦੀ ਅੱਗ ਵੱਲ ਮੂੰਹ ਰੀਝਾਂ ਦਾ ਫੇਰੇ ?
ਕਿੰਨੀ ਵਾਰੀ ਮੈਂ ਵਸਿਆ ਤੇ ਉੱਜੜਿਆ ਕਿੰਨੀ ਵਾਰੀ,
ਲੰਘਦੇ ਵੇਲੇ ਕਿੰਨੀ ਵਾਰੀ ਝੂਠ ਦੇ ਪੋਚੇ ਫੇਰੇ ।
ਅੱਜ ਉਦਾਸੀ ਮੱਲ ਬੈਠੀ ਏ ਘਰ ਵਿੱਚ ਚਾਰੇ ਨੁੱਕਰਾਂ,
ਅੱਜ ਇਕਲਾਪੇ ਆਣ ਵਸੇ ਨੇ ਸੁੰਞੇ ਦੇਖ ਬਨੇਰੇ ।
ਮੇਰੇ ਕੋਲੋਂ ਕੀ ਪੁੱਛਦੇ ਹੋ, ਕੀਹਨੇ ਮੈਨੂੰ ਲੁੱਟਿਆ ?
ਕਾਂ ਵੀ ਅੱਜ ਨਾ ਬੈਠੇ ਕੋਈ, ਆ ਕੇ ਏਸ ਬਨੇਰੇ ।
ਮੈਂ ਵਾਂ ਬੁੱਢਾ ਰੋਗੀ ਯਾਰੋ, ਇਸ਼ਕ ਦਾ ਡੰਗਿਆ ਹੋਇਆ,
ਬਲਦਾ ਦੀਵਾ ਥਰ ਥਰ ਕੰਬਦਾ, ਜੀਕੂੰ ਸੰਝ-ਸਵੇਰੇ ।
ਜਿਉਂਦੇ-ਜੀਅ ਪਏ ਵੱਟੇ ਮਾਰਨ, ਮਰ ਜਾਵਣ ਤੇ ਰੋਵਣ,
ਯਾਰ 'ਜ਼ਹੀਰ' ਇਹ ਦੁਨੀਆਂ ਵਾਲੇ ਨਾ ਤੇਰੇ, ਨਾ ਮੇਰੇ ।
੩. ਧੁੱਪ ਦੇ ਵੱਟੇ ਖਾਂਦਾ ਜਾਵਾਂ, ਬਣ ਤੇਰਾ ਪਰਛਾਵਾਂ
ਧੁੱਪ ਦੇ ਵੱਟੇ ਖਾਂਦਾ ਜਾਵਾਂ, ਬਣ ਤੇਰਾ ਪਰਛਾਵਾਂ ।
ਫੇਰ ਵੀ ਲੋਕੀ ਮੰਨਦੇ ਨਾਹੀਂ, ਤੂੰ ਮੇਰਾ ਸਿਰਨਾਵਾਂ ।
ਗੱਲ ਵੱਡੀ ਤੇ ਛੋਟਾ ਮੂੰਹ ਏ, ਬੰਦੇ ਵੰਨ-ਸੁਵੰਨੇ,
ਅੱਖੀਆਂ ਖੋਲ੍ਹਣ ਕੰਨ ਨਾ ਖੋਲ੍ਹਣ, ਰੱਬਾ ਕਿੱਥੇ ਜਾਵਾਂ ?
ਉੱਤਰ-ਪੱਛਮ ਅਗ ਪਈ ਵਰ੍ਹਦੀ, ਪੂਰਬ ਚੜ੍ਹੀ ਹਨ੍ਹੇਰੀ,
ਸੱਜਣਾਂ ਮੇਰਾ ਹੱਥ ਨਾ ਛੱਡੀਂ, ਆਵਣ ਲੱਖ ਬਲਾਵਾਂ ।
ਮੈਂ ਤੇ ਅਪਣਾ 'ਆਈਡੀਅਲ' ਲੱਭਿਆ, ਤੂੰ ਵੀ ਸੋਚ ਕੇ ਦੱਸੀਂ,
ਚਾਹੁਣ ਵਾਲੇ ਮਰ ਮਿਟ ਜਾਂਦੇ, ਪਰ ਨਾ ਕਰਨ ਅਦਾਵਾਂ ।
ਮਾਂ ਮਿੱਟੀ ਵਿੱਚ ਫ਼ਰਕ ਨਾ ਕੋਈ, ਦੋਵੇਂ ਮੇਰੀ ਜਿੰਦੜੀ,
ਮੈਂ ਆਂ ਉਸ ਦੀ ਜ਼ਾਤ ਦਾ ਹਿੱਸਾ, ਉਹ ਏ ਮੇਰਾ ਨਾਂਵਾਂ ।
ਯਾਰ 'ਜ਼ਹੀਰ' ਇਹ ਲੰਮਾ ਪੰਧ ਏ, ਇਸ਼ਕ-ਪ੍ਰੀਤਾਂ ਵਾਲਾ,
ਉਹਦੇ ਨਾਂ ਨੂੰ ਪਲ-ਪਲ ਜਪੀਂ, ਯਾਦ ਰੱਖੀਂ ਵਿੱਚ ਨਾਂਵਾਂ ।
੪. ਕੀ ਕੀ ਜ਼ੁਲਮ ਵਿਛੋੜੇ ਵਾਲਾ, ਯਾਰੋ 'ਆਸਾਂ' ਤੱਕਿਆ ਏ
ਕੀ ਕੀ ਜ਼ੁਲਮ ਵਿਛੋੜੇ ਵਾਲਾ, ਯਾਰੋ 'ਆਸਾਂ' ਤੱਕਿਆ ਏ ।
ਜੁੱਸਾ ਅੱਗ ਵਿੱਚ ਤਾਂਬਾ ਹੋਇਆ, ਦਿਲ ਮੁੱਠੀ ਵਿੱਚ ਪੱਕਿਆ ਏ ।
ਐਡੀ ਛੇਤੀ ਵੇਲਾ ਲੰਘਿਆ, ਅਜੇ ਤਾਂ ਅੱਖ ਨਾ ਖੁਲ੍ਹੀ ਸੀ,
ਪਲਕਾਂ ਚੁੱਕੀਆਂ ਤੇ ਮੈਂ ਡਿੱਠਾ, ਵੇਲਾ ਮੈਥੋਂ ਅੱਕਿਆ ਏ ।
ਕਿਰਚੀਂ-ਕਿਰਚੀਂ ਖਿਲਰ ਗਿਆ, ਤੇ ਲੋਕੀਂ ਲੱਭਣ ਆਏ ਨੇ,
ਜਿਸ ਦੀ ਅੱਖ ਵਿੱਚ ਮੈਂ ਰਹਿੰਦਾ ਸਾਂ, ਉਹ ਵੀ ਤੱਕ ਨਾ ਸਕਿਆ ਏ ।
ਰਮਜ਼ਾਂ ਸਮਝਣ ਵਾਲੇ ਸਮਝਣ, ਲੋਕ ਇਸ਼ਾਰੇ ਜਾਣਦੇ ਨੇ,
ਮੈਂ ਪਾਗਲ ਆਂ, ਮੈਂ ਕੀ ਜਾਣਾਂ ਮੈਂ ਹੁਣ ਕੀ ਕੁਝ ਬਕਿਆ ਏ ?
ਚੜ੍ਹੀ ਹਨ੍ਹੇਰੀ ਰੇਤ ਨਾ ਤੱਕੀਂ, ਮੈਂ ਰੇਤਾਂ ਦਾ ਗਾੜੂ ਆਂ,
ਉਸ ਕੀ ਟੁਰਨਾ ਜਿਹੜਾ ਯਾਰੋ ਦੋ ਕਦਮਾਂ ਤੇ ਥੱਕਿਆ ਏ ।
ਵਗਦਾ ਵੇਲਾ ਹੱਥ ਨਾ ਆਵੇ, ਲੱਖਾਂ ਨੂੰ ਇਹ ਕੱਖ ਬਨਾਵੇ,
ਯਾਰ 'ਜ਼ਹੀਰ' ਦਲੀਲਾਂ ਛੱਡ ਦੇ, ਇਹਨੂੰ ਕੀਹਨੇ ਡੱਕਿਆ ਏ ।
੫. ਜਿੱਥੇ ਯਾਰ ਮਿਰੇ ਦਾ ਫੇਰਾ
ਜਿੱਥੇ ਯਾਰ ਮਿਰੇ ਦਾ ਫੇਰਾ ।
ਉਹ ਹੈ ਭਾਗਾਂ ਵਾਲਾ ਡੇਰਾ ।
ਉਹ ਤੇ ਕਦੀ ਨਾ ਰਾਤੀਂ ਸੌਂਦੇ,
ਅੱਖ ਜਿਨ੍ਹਾਂ ਦੀ ਵਿੱਚ ਸਵੇਰਾ ।
ਖ਼ਲਕਤ ਐਵੇਂ ਵਿੱਥਾਂ ਨਾਪੇ,
ਇੱਕ ਵਜੂਦ ਏ ਤੇਰਾ-ਮੇਰਾ ।
ਏਥੇ ਨਸਲਾਂ ਡੁੱਬ ਕੇ ਮੋਈਆਂ,
ਕੌਣ ਦੁਖੀ ਤੇ ਕੌਣ ਸੁਖੇਰਾ ।
ਜਦ ਸੁਣਿਆਂ ਉਹ ਮੁੜ ਆਵਣਗੇ,
ਆਇਆ ਚਾਨਣ, ਗਿਆ ਹਨ੍ਹੇਰਾ ।
ਫੇਰ 'ਜ਼ਹੀਰ' ਗਵਾਚ ਗਿਆ ਏਂ,
ਨਾ ਜੱਗ ਤੇਰਾ ! ਨਾ ਜੱਗ ਮੇਰਾ ।