Punjabi Poetry Zafar Iqbal

ਪੰਜਾਬੀ ਗ਼ਜ਼ਲਾਂ/ਕਵਿਤਾ ਜ਼ਫ਼ਰ ਇਕਬਾਲ

1. ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ

ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ ।
ਅੱਖਾਂ ਦੇ ਅੰਗਿਆਰੇ ਲੈ ਕੇ, ਫੇਰ ਨਾ ਆਇਆ ਉਹ ।

ਨਜ਼ਰਾਂ ਦੇ ਬੱਦਲਾਂ ਦੇ ਪਿੱਛੇ, ਲੁਕਿਆ ਲਹੂ ਦਾ ਚੰਨ,
ਸਾਂਵਲੀਆਂ ਰਾਤਾਂ ਨੂੰ ਰਹੀ ਸੂਹੇ ਚਾਨਣ ਦੀ ਟੋਹ ।

ਮੇਰੇ ਬਾਝੋਂ ਕੌਣ ਉਲਾਂਘੇ, ਮੇਰਾ ਪੰਧ ਪਹਾੜ,
ਅੰਦਰੇ ਅੰਦਰ ਖਿੱਲਰੇ ਹੋਏ, ਲੱਖਾਂ ਲੰਮੇਂ ਕੋਹ ।

ਕਿੱਸਰਾਂ ਮੈਂ ਅਸਮਾਨੀਂ ਉੱਡਦਾ ਜਦ ਕਿ ਸਿਰ ਦੇ ਉੱਤੇ,
ਤੰਬੂ ਵਾਂਗੂੰ ਤਣਿਆ ਹੋਇਆ, ਸੀ ਮਿੱਟੀ ਦਾ ਮੋਹ ।

'ਜ਼ਫ਼ਰਾ' ਬਹੁਤ ਪੁਰਾਣੇ ਹੋ ਗਏ ਦਿਲ-ਦਿਲਬਰ ਦੇ ਕਿੱਸੇ,
ਅੱਜ ਹਵਾਵਾਂ ਤੇ ਰਾਹਵਾਂ ਦੀ, ਨਵੀਂ ਕਹਾਣੀ ਛੋਹ ।

2. ਕਾਲਖ ਸਾਰੀ ਰਾਤ ਦੀ, ਅੱਖਾਂ ਵਿੱਚ ਪਰੋ ਕੇ

ਕਾਲਖ ਸਾਰੀ ਰਾਤ ਦੀ, ਅੱਖਾਂ ਵਿੱਚ ਪਰੋ ਕੇ ।
ਵੇਖਾਂ ਚੜ੍ਹਦੇ ਚੰਨ ਨੂੰ, ਸ਼ਹਿਰੋਂ ਬਾਹਰ ਖਲੋ ਕੇ ।

ਅੰਦਰ ਬਾਹਰ ਸ਼ੂਕਦੀ, ਗੁੱਝੀ ਭੀੜ ਇਕੱਲ ਦੀ,
ਲੱਭਾਂ ਅਪਣੇ ਆਪ ਨੂੰ, ਅੰਨ੍ਹਾ-ਕਮਲਾ ਹੋ ਕੇ ।

ਚਾਰੇ ਪਾਸੇ ਰਹਿ ਗਿਆ, ਮੈਲਾ ਪਾਣੀ ਹੜ੍ਹ ਦਾ,
ਹੱਸਾਂ ਕਿਸ ਦੇ ਸਾਹਵੇਂ, ਦੱਸਾਂ ਕਿਸ ਨੂੰ ਰੋ ਕੇ ।

ਸ਼ੋਰ ਪੁਰਾਣਾ ਸ਼ਹਿਰ ਦਾ, ਪੁੱਜਿਆ ਜੰਗਲ ਵਿੱਚ ਵੀ,
ਵਾਪਰ ਗਏ ਗੁਨਾਹ ਦਾ, ਭਾਰ ਸਿਰਾਂ 'ਤੇ ਢੋ ਕੇ ।

ਟੱਕਰਾਂ ਮਾਰਨ ਖ਼ਾਤਰ 'ਜ਼ਾਫ਼ਰ' ਨੇ ਕੰਧ ਉਸਾਰੀ,
ਸਾਵੇ-ਪੀਲੇ ਲਹੂ ਵਿੱਚ, ਕਾਲੀ-ਮਿੱਟੀ ਗੋ ਕੇ ।

3. ਏਸ ਵਣਜ ਤੋਂ ਮੈਂ ਕੀ ਖੱਟਿਆ ? ਕੀ ਦਿਲ ਨੂੰ ਸਮਝਾਵਾਂ

ਏਸ ਵਣਜ ਤੋਂ ਮੈਂ ਕੀ ਖੱਟਿਆ ? ਕੀ ਦਿਲ ਨੂੰ ਸਮਝਾਵਾਂ ?
ਧੁਖਦੀਆਂ ਧੁੱਪਾਂ ਦੇ ਕੇ ਲਈਆਂ, ਸੜੀਆਂ-ਬਲੀਆਂ ਛਾਵਾਂ ।

ਮੈਥੋਂ ਦੂਰ ਦੁਰੇਡਾ ਚੰਗਾ ਤੇਰਾ ਮੁੱਖ-ਮੁਨੱਵਰ,
ਮੈਥੋਂ ਡਰ, ਮੈਂ ਗਏ-ਗਵਾਚੇ ਸਮਿਆਂ ਦਾ ਪਰਛਾਵਾਂ ।

ਕਿਸ ਨੇ ਆਣ ਭੜੋਲੇ ਭੰਨੇ ? ਕਿਸ ਨੇ ਝੁੱਗੇ ਰੋੜ੍ਹੇ ?
ਕੁਝ ਲੁਟਿਆ ਮੈਂ ਮੀਂਹ ਦੀ ਵਾਛੜ, ਕੁਝ ਪੁੱਟਿਆ ਦਰਿਆਵਾਂ ।

ਕਦੀ ਤੇ ਸਿਰ ਦੀਆਂ ਸੱਟਾਂ ਵੀ ਮੈਂ ਸਹਿ ਜਾਂਦਾ ਹਾਂ ਹੱਸ ਕੇ,
ਕੰਡਾ ਲੱਗਣ ਤੇ ਵੀ ਕੂੰਜਾਂ ਵਾਂਗ ਕਦੇ ਕੁਰਲਾਵਾਂ ।

ਦਿਲ ਤੋਂ ਜੋ ਤਕਸੀਰ ਵੀ ਹੋਈ, ਛੱਡੋ ਮਿੱਟੀ ਪਾਉ,
ਆਖ਼ਰ ਗਲ ਨੂੰ ਆਉਂਦੀਆਂ ਯਾਰੋ ਭੱਜੀਆਂ ਹੋਈਆਂ ਬਾਹਵਾਂ ।

4. ਅਪਣੇ ਆਪੇ ਉੱਤੇ ਅੱਜ ਮੈਂ ਆਪੇ ਫਿਕਰੇ ਕੱਸਾਂਗਾ

ਅਪਣੇ ਆਪੇ ਉੱਤੇ ਅੱਜ ਮੈਂ ਆਪੇ ਫਿਕਰੇ ਕੱਸਾਂਗਾ ।
ਖੁੱਲ੍ਹੇ ਵਿਹੜੇ ਦੇ ਵਿੱਚ ਅਪਣੇ ਅੱਗੇ-ਅੱਗੇ ਨੱਸਾਂਗਾ ।

ਦੁਖ ਵੀ ਮੇਰੇ, ਸੁਖ ਵੀ ਮੇਰੇ, ਫਿਰ ਵੀ ਸ਼ਹਿਰ ਸ਼ਰੀਕਾਂ ਦਾ,
ਹੌਲੀ ਹੌਲੀ ਰੋਵਾਂਗਾ ਮੈਂ, ਉੱਚੀ-ਉੱਚੀ ਹੱਸਾਂਗਾ ।

ਬਿਜਲੀ ਬਣਕੇ ਕੜਕਾਂਗਾ, ਮੈਂ ਅੰਨ੍ਹੇ-ਬੋਲੇ ਜੰਗਲ ਵਿੱਚ,
ਰੇਤ ਦਿਆਂ ਮਹਿਲਾਂ 'ਤੇ ਕਾਲੇ ਬੱਦਲ ਵਾਂਗੂੰ ਵੱਸਾਂਗਾ ।

ਮੈਂ ਵਹਿਮਾਂ ਦਾ ਸ਼ਹਿਰ ਹਾਂ, ਮੇਰੇ ਰੂਪ ਨਿਆਰੇ ਦੇਖੋਗੇ,
ਵਸ ਵਸ ਕੇ ਮੈਂ ਉਜੜਾਂਗਾ ਤੇ, ਉਜੜ ਉਜੜ ਕੇ ਵੱਸਾਂਗਾ ।

ਕੌਣ ਹਾਂ ਮੈਂ, ਕਿੱਥੋਂ ਆਇਆ ਹਾਂ ? ਕਿਹੜੀ ਗੱਲ ਸੁਣਾਵਣ ਨੂੰ ?
ਅੱਜ ਮੈਨੂੰ ਵੀ ਪਤਾ ਨਹੀਂ ਮੈਂ ਕੱਲ੍ਹ ਤੁਹਾਨੂੰ ਦੱਸਾਂਗਾ ।

5. ਕਾਲੀ-ਬੋਲੀ ਧੁੱਪ 'ਹਾੜ੍ਹ' ਦੀ, ਦੂਰੋਂ ਬੱਦਲ ਗੱਜੇ

ਕਾਲੀ-ਬੋਲੀ ਧੁੱਪ 'ਹਾੜ੍ਹ' ਦੀ, ਦੂਰੋਂ ਬੱਦਲ ਗੱਜੇ ।
ਯਾ ਤੇ ਸੜ ਜਾਵਾਂਗਾ ਮੈਂ, ਯਾ ਰੁੜ੍ਹ ਜਾਵਾਂਗਾ ਅਜੇ ।

ਚਾਰ-ਚੁਫੇਰੇ ਰਸਤਾ ਮੱਲ ਖਲੋਵੇ ਕੰਧ ਹਵਾ ਦੀ,
ਜਿਹੜੇ ਪਾਸੇ ਜਾਵਾਂ, ਚਹੁੰ ਕਦਮਾਂ 'ਤੇ ਮੱਥਾ ਵੱਜੇ ।

ਉਸ ਦੇ ਹੋਵਣ ਦਾ ਡਰ ਸੀ, ਯਾ ਅਪਣੇ ਨਾ ਹੋਵਣ ਦਾ,
ਕੌਣ ਸੀ ਅੱਧੀ-ਰਾਤੀਂ ਜਿਸ ਦੇ, ਅੱਗੇ ਲੱਗ ਕੇ ਭੱਜੇ ?

ਮੱਖੀਆਂ ਬਣ ਕੇ ਉੱਡ ਗਈ, ਖ਼ਲਕਤ ਸ਼ਹਿਰਾਂ ਤੋਂ ਬਾਹਰ,
ਵਸਦੇ ਘਰਾਂ ਬਰੂਹਾਂ ਨੂੰ ਜਾਦੂ ਦੇ ਜੰਦਰੇ ਵੱਜੇ ।

ਤੇਰੇ ਅੰਦਰ ਤੂੰ ਵੀ ਨਹੀਂ ਸੈਂ, ਖ਼ਾਲੀ ਸੀ ਪਰਛਾਵਾਂ,
ਓਸ ਸ਼ਾਮ ਨੂੰ ਮੈਂ ਈ ਮੈਂ ਸਾਂ ਅਪਣੇ ਖੱਬੇ-ਸੱਜੇ ।

6. ਕਿਸ ਦੀ ਖ਼ਾਤਰ ਉੱਡਿਆ, ਕਿਸਨੂੰ ਆਇਆ ਰਾਸ

ਕਿਸ ਦੀ ਖ਼ਾਤਰ ਉੱਡਿਆ, ਕਿਸਨੂੰ ਆਇਆ ਰਾਸ ।
ਕੁੱਤੇ ਆਟਾ ਚੱਟਦੇ, ਵਗਦਾ ਪਿਆ ਖ਼ਰਾਸ ।

ਬਦਲ ਬਣਕੇ ਛਾ ਗਈ, ਨਾਂ ਹੋਵਣ ਦੀ ਧੂੜ,
ਹੌਲੀ ਹੌਲੀ ਖੁਰ ਗਿਆ, ਹੋਵਣ ਦਾ ਵਿਸਵਾਸ ।

ਬਦਲ ਅਜੇ ਨਾ ਵੱਸਿਆ, ਕੱਚੇ-ਕੋਰੇ ਪਿੰਡ 'ਤੇ,
ਅੰਦਰ ਬਾਹਰ ਹੁੱਲ ਗਈ, ਕਿਉਂ ਮਿੱਟੀ ਦੀ ਬਾਸ ।

ਰੁਕਦਾ ਰੁਕਦਾ ਰੁਕੇਗਾ, ਇਸ ਪਾਣੀ ਦਾ ਜ਼ੋਰ,
ਬੁਝਦੀ ਬੁਝਦੀ ਬੁਝੇਗੀ, ਇਸ ਪੱਥਰ ਦੀ ਪਿਆਸ ।

ਹੱਥਾਂ ਤੀਕਰ ਆ ਗਈ, 'ਜ਼ਫ਼ਰਾ' ਸਖ਼ਤੀ ਦਿਲੇ ਦੀ,
ਫੜਦਿਆਂ ਫੜਦਿਆਂ ਹੋ ਗਿਆ, ਚਕਨਾ ਚੂਰ ਗਲਾਸ ।

7. ਟੋਏ ਟਿੱਬੇ ਲੰਘਕੇ, ਮਰਦਾਂ ਦੇ ਮਰਦਾਨ

ਟੋਏ ਟਿੱਬੇ ਲੰਘਕੇ, ਮਰਦਾਂ ਦੇ ਮਰਦਾਨ ।
ਢੇਰੀ ਢਾਹ ਕੇ ਬਹਿ ਗਏ, ਆਇਆ ਜਦੋਂ ਮਦਾਨ ।

ਕੱਸੀ ਹੋਈ ਕਮਾਨ ਸੀ, ਸਿੱਧੀ ਮੇਰੀ ਸਾਮ੍ਹਣੇ,
ਖੁੱਸੇ ਹੋਏ ਖੰਭ ਸਨ, ਉੱਚਾ ਸੀ ਅਸਮਾਨ ।

ਬੀਆਬਾਂ ਵਲ ਟੁਰ ਪਈ, ਦੂਰੋਂ ਖ਼ਲਕਤ ਦੇਖਕੇ,
ਲਹੂ-ਲੁਹਾਨ ਕਮੀਜ਼ ਦਾ, ਨਿੱਮ੍ਹਾਂ ਜਿਹਾ ਨਿਸ਼ਾਨ ।

ਅੱਖਾਂ ਅੰਦਰ ਵੇਖ ਲਈ, ਮੂਰਤ ਚੜ੍ਹਦੀ ਰੁੱਤ ਦੀ,
ਨੰਗੀ ਅਲਫ਼ ਖਲ੍ਹਾਰ ਕੇ, ਸ਼ੀਸ਼ੇ ਵਰਗੀ ਜਾਨ ।

ਅੰਦਰ ਚੋਰੀ ਆ ਗਿਆ, 'ਜ਼ਫ਼ਰ' ਸੁਨੇਹੁੜਾ ਸੁੱਖ ਦਾ,
ਕਿਧਰੇ ਸੁੱਤਾ ਰਹਿ ਗਿਆ, ਦੁੱਖਾਂ ਦਾ ਦਰਬਾਨ ।

8. ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ

ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ ।
ਅੰਦਰ ਚਾਨਣ ਹਾਰ ਸੀ, ਸ਼ੁਅਲਾ ਕਿਸੇ ਸ਼ਰਾਬ ਦਾ ।

ਹਰਿਆ ਹੱਥਾਂ ਵਿਚ ਸੀ, ਰੌਣਕ ਸੰਘਣੇ ਸਮੇਂ ਦੀ,
ਮੱਥੇ ਉੱਤੇ ਰੰਗ ਸੀ, ਸ਼ੁਹ ਸ਼ੀਸ਼ੇ ਦੀ ਆਬ ਦਾ ।

ਲਿੱਬੜੇ ਹੋਏ ਲਫ਼ਜ਼ ਸਨ, ਘਾਹ ਦੇ ਅੰਦਰ ਘੂਕਦੇ,
'ਵਾ ਵਿਚ ਉਡਿਆ ਪਿਆ ਸੀ, ਵਰਕਾ ਕਿਸੇ ਕਿਤਾਬ ਦਾ ।

ਖ਼ਾਕੀ ਚਾਦਰ ਖ਼ੁਸ਼ੀ ਦੀ, ਜਿਸਦੇ ਅੰਦਰ ਰਾਤ ਦਿਨ,
ਨਿਘਰਨ ਨਕਸ਼ ਨਵੇਕਲੇ, ਉਘੜੇ ਅਕਸ ਅਜ਼ਾਬ ਦਾ ।

ਟੋਏ ਟਿੱਬੇ ਵਹਿਮ ਦੇ, ਉਸਰਨ ਅੰਨ੍ਹੀ ਅੱਖ ਵਿੱਚ,
ਮਿੱਟੀ ਕਿਸੇ ਗਵੇੜ ਦੀ, ਰੇਤਾ ਕਿਸੇ ਹਿਸਾਬ ਦਾ ।

ਦੋ ਰੁੱਤਾਂ ਦਾ ਰੂਪ ਸੀ, ਉਹਦੇ ਮੁੱਖ ਮੁਨੀਰ 'ਤੇ,
ਪੀਲਾ ਪੱਤਰਾ ਸੀ 'ਜ਼ਫ਼ਰ', ਨਾਲੇ ਸ਼ਹਿਰ ਗੁਲਾਬ ਦਾ ।

9. ਹੱਥ ਲੱਗਣ ਦੇ ਨਾਲ ਹੀ ਸਾਹ ਲੈਂਦੀ ਏਂ ਉੱਭੇ ਨੀ

ਹੱਥ ਲੱਗਣ ਦੇ ਨਾਲ ਹੀ ਸਾਹ ਲੈਂਦੀ ਏਂ ਉੱਭੇ ਨੀ ।
ਕੀ ਬਣਸੀ ਫਿਰ ਜਿਸਮ ਦਾ ਜਦ ਸਾਹ ਸਾਹਾਂ ਵਿਚ ਖੁੱਭੇ ਨੀ ।

ਕੇਹੀ ਬਰੂਟੀ ਫੁੱਲੀ ਆ, ਹਰੀ ਹਨੇਰੀ ਝੁੱਲੀ ਆ,
ਨੰਗ ਨਜ਼ਰ ਨੂੰ ਚੁੱਭੇ ਨੀ, ਰੰਗ ਤਲੀ ਵਿਚ ਖੁੱਭੇ ਨੇ ।

ਕੁੱਜੀ ਦੇ ਵਿਚ ਭੰਨੀਏਂ, ਰੱਫ਼ੜ ਵਾਲੇ ਗੁੜ ਨੂੰ,
ਰੌਲਾ ਪਿਆ ਤੇ ਪਹੁੰਚੀਆਂ, ਖ਼ਬਰਾਂ ਲੰਮੇ ਉੱਭੇ ਨੀ ।

ਪਿਛਲੇ ਅੰਦਰ ਚੋਰ ਪਏ ਤੇ ਲੈ ਗਏ ਹੂੰਝਾ ਫੇਰਕੇ,
ਅਪਣਾ ਖੁਰਾ ਈ ਨੱਪੀਏ, ਜੇ ਕੁਝ ਲੱਭੇ ਲੁੱਭੇ ਨੀ ।

ਅੰਦਰੋਂ ਬ੍ਹਾਰੋਂ ਕਿਸੇ ਨੂੰ, ਮਿਲੀ ਨਾ ਹਾਥ ਹਵਾ ਦੀ,
ਖੂਹ ਸ੍ਹਾਵਾਂ ਦੇ ਟੁੱਬੇ ਨੀ, ਖਾਡੇ ਦੇ ਵਿਚ ਡੁੱਬੇ ਨੀ ।

ਕਦੀ ਜੇ ਹੁਣ ਦੀਆਂ ਛੁੱਟੀਆਂ, 'ਜ਼ਫ਼ਰੇ' ਕੋਲ ਗੁਜ਼ਾਰ ਲਏਂ,
ਸੌਣ-ਬਹਿਣ ਦਾ ਤਮਾਂ ਨਈਂ ਨਾਲ ਰਹਿਣ ਈ ਹੁੱਬ ਏ ਨੀ ।

10. ਕਿੱਥੇ ਅੱਗ ਦਾ ਫੁੱਲ ਖਿੜਿਆ, ਕਿੱਥੇ ਉਹਦੀ ਖ਼ੁਸ਼ਬੋ

ਕਿੱਥੇ ਅੱਗ ਦਾ ਫੁੱਲ ਖਿੜਿਆ, ਕਿੱਥੇ ਉਹਦੀ ਖ਼ੁਸ਼ਬੋ ।
ਅੰਦਰੋ ਅੰਦਰ ਚੀਕਾਂ ਮਾਰੇ, ਸਾਵੀ ਪੀਲੀ ਲੋ ।

ਕੰਧਾਂ ਦੀਆਂ ਝੀਥਾਂ 'ਚੋਂ ਲੰਘਣ, ਟੁੱਟੇ ਭੱਜੇ ਰੂਹ,
ਫ਼ਰਸ਼ ਦੀਆਂ ਇੱਟਾਂ 'ਚੋਂ ਉਘੜੇ, ਜੀਂਦੇ ਲਹੂ ਦੀ ਬੋ ।

ਵੱਢੇ ਗਏ ਸਭ ਹਰੀਆਂ-ਭਰੀਆਂ ਛਾਵਾਂ ਵਾਲੇ ਰੁੱਖ,
ਧੁੱਪ ਦਿਆਂ ਪੱਥਰਾਂ ਤੇ ਬਹਿਕੇ, ਰਜ ਰਜਕੇ ਤੇ ਰੋ ।

ਕੀ ਹੋਇਆ ਜੇ ਕਰ ਬੈਠੇ ਹਾਂ, ਖੇਹ-ਸੁਆਹ ਦਾ ਧੰਦਾ,
ਮੈਂ ਤੇਰੀ ਕਾਲਖ਼ ਲਾਹਨਾਂ, ਤੂੰ ਮੇਰੇ ਕਪੜੇ ਧੋ ।

ਲੋਕਾਂ ਦੇ ਆਖੇ ਲਗ ਕੇ ਤੇ, ਮੈਨੂੰ ਬੋਲ ਨਾ ਮੰਦਾ,
ਅਜੇ ਵੀ ਮੇਰੀ ਲੋੜ ਏ ਤੈਨੂੰ, ਮੇਰੇ ਨਾਲ ਖਲੋ ।

11. ਓਸੇ ਦੇ ਸਭ ਸ਼ਹਿਰ ਸ਼ਰੀਕੇ, ਨਾਲੇ ਪਿੰਡ ਗਰਾਂ

ਓਸੇ ਦੇ ਸਭ ਸ਼ਹਿਰ ਸ਼ਰੀਕੇ, ਨਾਲੇ ਪਿੰਡ ਗਰਾਂ ।
ਸਾਡਾ ਕੀ ਏ, ਅਸੀਂ ਮਰਨ ਨੂੰ ਲਭਦੇ ਫਿਰਦੇ ਥਾਂ ।

ਕਿਹੜੀਆਂ ਗਲੀਆਂ ਵਿਚ ਗਵਾਚੀ, ਸੂਹੀ ਸੁਰਖ਼ ਸਬੀਲ,
ਕਿਹੜੀਆਂ ਰੇਤਾਂ ਉੱਤੇ ਰੁਲਦੀ, ਸਾਵੀ ਸੰਘਣੀ ਛਾਂ ।

ਬਾਰ੍ਹਾਂ ਪੱਥਰਾਂ ਬ੍ਹਾਰ ਦਿਲਾਂ ਦੀ, ਲੱਗੀ ਹੋਈ ਲਾਮ,
ਬੱਦਲ ਵਾਂਗੂੰ ਸਿਰ ਤੋਂ ਲੰਘਣ, ਖ਼ਬਰਾਂ ਦੂਰ ਦੀਆਂ ।

ਪੰਜਾਂ ਲਫ਼ਜ਼ਾਂ ਨਾਲੋਂ ਲਾਹਿਆ, ਪਹਿਲਾ ਪਹਿਲਾ ਹਰਫ਼,
ਤੇ ਉਹਨਾਂ ਪੰਜਾਂ ਹਰਫ਼ਾਂ ਦੀ, ਸੰਗਲੀ ਉਹਦਾ ਨਾਂ ।

ਪਹਿਲੀ ਵਾਰੀ ਧੁੱਪੇ ਸਿਰ ਸੜਿਆ ਤੇ ਆਈ ਯਾਦ,
ਅੱਜ ਸਤ੍ਹਾਰਾਂ ਵਰਿਆਂ ਪਿੱਛੋਂ, ਮੋਈ ਹੋਈ ਮਾਂ ।

ਕੁਫ਼ਰ ਕਟਹਿਰੇ ਵਿਚ 'ਜ਼ਫ਼ਰ' ਮੈਂ ਮੁਲਜ਼ਮ ਹਾਂ ਇਕਬਾਲੀ,
ਛੇਤੀ ਮੇਰੀ ਝੋਲੀ ਦੇ ਵਿਚ, ਪਾਉ ਮੇਰਾ ਨਿਆਂ ।

12. ਸੋਨੇ ਸੜੇ, ਤਰਾਮੇ ਰਹਿ ਗਏ

ਸੋਨੇ ਸੜੇ, ਤਰਾਮੇ ਰਹਿ ਗਏ
ਮੁਹਾਜੇ ਰਹਿ ਗਏ, ਕਾਮੇ ਰਹਿ ਗਏ

ਹੀਰਾਂ ਸੱਭੇ ਉੱਧਲ ਗਈਆਂ
ਬਸ ਹੀਰਾਂ ਦੇ ਮਾਮੇ ਰਹਿ ਗਏ

ਬੰਦੇ ਟੁਰ ਗਏ ਵਾਰੋ ਵਾਰੀ
ਏਥੇ ਸਿਰਫ਼ ਪਜਾਮੇ ਰਹਿ ਗਏ

ਸਾਡੇ ਉੱਤੇ ਖ਼ੁਸ਼ ਨਾ ਕੋਈ
ਝੋਲੀ ਵਿਚ ਉਲ੍ਹਾਮੇ ਰਹਿ ਗਏ

ਖ਼ਲਕਤ ਨੂੰ ਬਦਰਾਹ ਕਰਨ ਲਈ
'ਜ਼ਫ਼ਰੇ' ਜਿਹੇ ਅੱਲਾਮੇ ਰਹਿ ਗਏ

13. ਇਕ ਤਾਰੇ ਨੂੰ ਦੂਜਾ ਤਾਰਾ ਕਹਿੰਦਾ ਏ

ਇਕ ਤਾਰੇ ਨੂੰ ਦੂਜਾ ਤਾਰਾ ਕਹਿੰਦਾ ਏ
ਧਰਤੀ ਉੱਤੇ ਮਾਰੂ ਨ੍ਹੇਰਾ ਰਹਿੰਦਾ ਏ

ਜਿਗਰੇ ਵਾਲੇ ਕਿੰਨੇ ਲੋਕ ਨੇ ਧਰਤੀ 'ਤੇ
ਮਾਵਾਂ ਵਰਗੀ ਪੀੜ ਵੀ ਕੋਈ ਸਹਿੰਦਾ ਏ

ਕਾਹਨੂੰ ਆਪਣੀ ਜ਼ਾਤ ਦੇ ਰੋਣੇ ਰੋਵਾਂ ਮੈ
ਮੇਰੇ ਨਾਲ਼ ਮੁਕੱਦਰ ਮੇਰਾ ਖਹਿੰਦਾ ਏ

ਮੇਰੇ ਹੱਥ ਇਚ ਮੁੱਖ ਹੁੰਦੇ ਨੇ ਬਾਲਾਂ ਦੇ
ਇਕ ਹਮਸਾਇਆ ਮੈਨੂੰ ਵੇਂਹਦਾ ਰਹਿੰਦਾ ਏ

ਜ਼ਫ਼ਰਾ! ਮਹਿਲ ਉਸਾਰਨ ਵਾਲੇ ਕੀ ਜਾਨਣ
ਇਕ ਮਜ਼ਦੂਰ ਦਾ ਕਿੰਨਾ ਮੁੜ੍ਹਕਾ ਵਹਿੰਦਾ ਏ

14. ਇਹ ਸ਼ਾਮ ਘਰ ਗੁਜ਼ਾਰ ਲੈ, ਉਸ ਨੇ ਕਿਹਾ ਵੀ ਸੀ

ਇਹ ਸ਼ਾਮ ਘਰ ਗੁਜ਼ਾਰ ਲੈ, ਉਸ ਨੇ ਕਿਹਾ ਵੀ ਸੀ
ਅੱਗੇ ਦੁੱਖਾਂ ਦੀ ਰਾਤ ਏ, ਮੈਨੂੰ ਪਤਾ ਵੀ ਸੀ

ਅੱਖਾਂ 'ਚ ਖੁੱਭੇ ਹੋਏ ਤਮਾਸ਼ੇ ਦੇ ਤੀਰ ਸਨ
ਵਾਲਾਂ 'ਚ ਫਸੀ ਹੋਈ ਪੁਰੇ ਦੀ ਹਵਾ ਵੀ ਸੀ

ਓਸੇ ਹੀ ਵੇਲੇ ਚੁੱਪ ਦੇ ਪਹਿਰੇ ਵੀ ਲਗ ਗਏ
ਕੱਲ੍ਹ ਰਾਤ ਸ਼ਹਿਰ ਵਿਚ ਕੋਈ ਕੋਈ ਰੌਲਾ ਪਿਆ ਵੀ ਸੀ

ਉੱਠੀ ਸੀ ਲਹਿਰ ਅੱਗ ਦੇ ਬਲਦੇ ਸਮੁੰਦਰੋਂ
ਕੰਢੇ 'ਤੇ ਮੈਂ ਵੀ ਸਾਂ ਕੋਈ ਮੇਰੇ ਜਿਹਾ ਵੀ ਸੀ

15. ਮੁਨਸਫ਼, ਚੋਰ ਵੀ ਹੋ ਸਕਦਾ ਏ

ਮੁਨਸਫ਼, ਚੋਰ ਵੀ ਹੋ ਸਕਦਾ ਏ
ਉਲਟਾ ਸ਼ੋਰ ਵੀ ਹੋ ਸਕਦਾ ਏ

ਗੱਲ ਸੁੱਟੀ ਵੀ ਜਾ ਸਕਦੀ ਏ
ਗੱਲ ਤੇ ਗ਼ੌਰ ਵੀ ਹੋ ਸਕਦਾ ਏ

ਦੁੱਖ ਦੀ ਅੱਖ ਵਿਚ ਅੱਖ ਤੇ ਪਾਓ
ਦੁੱਖ ਕਮਜ਼ੋਰ ਵੀ ਹੋ ਸਕਦਾ ਏ

ਮੈਂ ਜੇ ਹਿੰਮਤ ਕਰ ਸਕਨਾ ਵਾਂ
ਫਿਰ ਕੁੱਝ ''ਹੋਰ'' ਵੀ ਹੋ ਸਕਦਾ ਏ

ਜ਼ਫ਼ਰਾ, ਜਜ਼ਬੇ ਮਰ ਜਾਵਣ ਤੇ
ਸੀਨਾ ਗੋਰ ਵੀ ਹੋ ਸਕਦਾ ਏ